GurnamDhillon7ਦਲਿਤ ਭਰਾਓ! ... ਬੰਦ ਘੇਰੇ ਵਿੱਚੋਂ ਬਾਹਰ ਆਓ ...  ਸੂਰਜ ਦੇ ਨਾਲ ਨਜ਼ਰ ਮਿਲਾਓ ....
(28 ਅਕਤੂਬਰ 2020)

 

1.    ਨਿੱਤ ਨਵੀਆਂ ਚਾਲਾਂ

ਸੰਨ ਸੰਤਾਲੀ ਦੇ ਜ਼ਖਮ ਅੱਜ ਤਕ ਅੱਲ੍ਹੇ ਹਨ
ਅਜ ਤਕ ਖੂਨ ਪਿਆ ਰਿਸਦਾ ਹੈ
ਚਾਰੇ ਪਾਸੇ
ਲਹੂ-ਲੁਹਾਣ, ਕਬਰਿਸਤਾਨ ਤੇ ਸ਼ਮਸ਼ਾਨ

ਜਦੋਂ ਅਸੀਂ ਬੇਗਾਨਿਆਂ ਦੇ ਹੱਥਾਂ ਵਿੱਚ ਖੇਡੇ
ਪੜ੍ਹੇ ਜਨੂੰਨੀ ਕਿੱਸੇ
ਅੰਨ੍ਹੇ ਹੋ ਕੇ
ਕੀ ਰੱਖਿਆ ਅਸੀਂ ਪਿੱਛੇ!
ਇਕ ਦੂਜੇ ਦੇ ਗੱਲ ਨੂੰ ਵੱਢਿਆ

ਛੁਰੇ ਚਲਾਏ ਸਿੱਧੇ, ਵਿੰਗੇ, ਟੇਢੇ
ਇਕ ਦੂਜੇ ਦੀਆਂ ਇੱਜ਼ਤਾਂ ਦੇ ਸੰਗ
ਦਿਲ ਦਹਿਲਾਊ, ਪਾਪੀ ਖੇਡਾਂ ਖੇਡੇ
ਖੁਸ਼ੀਆਂ, ਖੇੜੇ ਸਭ ਲੁਟਾਏ
ਮੂਰਖ ਬਣੇ, ਕਲੰਕ ਲਵਾਏ

ਅੱਜ ਵੀ ਮਿੱਤਰੋ
ਸੋਚ ਨੂੰ ਵਲਗਣਾਂ ਵਿੱਚੋਂ ਕੱਢ ਕੇ

ਨੀਝ ਲਗਾ ਕੇ ਵੇਖੋ, ਘੋਖੋ!
ਦੋਹੀਂ ਪਾਸੀਂ ਚਾਤਰ
, ਸ਼ਾਤਰ ਹਾਕਮ ਸਾਡੇ
ਸਾਡੀ ਸਾਂਝੀ ਮਾਂ ਬੋਲੀ ਨੂੰ
ਸਾਡੇ ਸਾਂਝੇ ਭਗਤ ਸਿੰਘ ਤੇ ਦੁੱਲਾ ਭੱਟੀ ਦੇ ਅਣਖੀਲੇ,
ਸ਼ਾਨਾਂਮੱਤੇ ਵਿਰਸੇ ਤਾਈਂ

ਸਾਡੀਆਂ ਇਤਿਹਾਸਕ ਸਾਂਝਾਂ ਨੂੰ
ਸਾਡੀ ਸਾਂਝੀ ਰਹਿਣੀ-ਬਹਿਣੀ,
ਰਹਿਤਲ ਦੇ ਅੰਬਰੀ ਖੰਭਾਂ ਨੂੰ
ਕੁਤਰਨ ਉੱਤੇ ਲੱਗੇ

ਸਾਡੀ ਸਾਂਝੀ ਪਹਿਚਾਣ ਤੇ
ਸਾਡੇ ਪਿਆਰ-ਮੋਹ ਦੀਆਂ ਤੰਦਾਂ
ਪੈਰ ਪੈਰ ’ਤੇ

ਨਿੱਤ ਨਵੀਆਂ ਚਾਲਾਂ ਚੱਲ ਚੱਲ ਕੇ
ਸਭ ਕੁਝ ਖ਼ਤਮ ਕਰਨ ’ਤੇ ਤੁਲੇ ਹੋਏ
ਅਸੀਂ ਅਜੇ ਵੀ ਡਾਢੇ ਭਟਕੇ,
ਅਸੀਂ ਅਜੇ ਵੀ ਭੁੱਲੇ ਹੋਏ!
ਅਸੀਂ ਅਜੇ ਵੀ ਭੁੱਲੇ ਹੋਏ!!
ਅਸੀਂ ਅਜੇ ਵੀ ਭੁੱਲੇ ਹੋਏ!!!

           **

2. ਸ਼ਹੀਦ ਭਗਤ ਸਿੰਘ

ਮੈਂ, ਤੇਰੇ ਪਿੰਜਰੇ ਵਿੱਚ ਬੰਦ ਹਾਂ
ਐ ਜ਼ਾਲਮ!
ਤੂੰ
, ਮੇਰੇ ’ਤੇ ਰਹਿਮ ਨਾ ਕਰ
ਤੂੰ, ਮੇਰੇ ’ਤੇ ਜ਼ੁਲਮ ਢਾਅ
ਬੇਤਹਾਸ਼ਾ ਢਾਹ, ਹੋਰ ਢਾਅ
ਕਿ ਤੇਰੇ ਦਿਲ ਵਿੱਚ ਕੋਈ ਤਮੰਨਾ
ਬਾਕੀ ਨਾ ਰਹਿ ਜਾਵੇ

ਤੂੰ! ਜੋ ਸੋਚੇਂ
ਮੈਂ ਫਾਂਸੀ ਦਾ ਫੰਧਾ ਤਕ ਕੇ ਡਰ ਜਾਵਾਂਗਾ
ਵੇਖੇਂਗਾ ਤੂੰ!
ਮੈਂ ਇਹ ਸਭ ਕੁਝ ਹੱਸਦਾ ਹੱਸਦਾ ਜਰ ਜਾਵਾਂਗਾ

ਲਾੜੀ ਮੌਤ ਨਾ’ ਲਾਵਾਂ ਲੈ ਕੇ
ਜੀਵਨ ਸਫਲਾ ਕਰ ਜਾਵਾਂਗਾ

ਤੇ ਮੇਰਾ ਵਿਸ਼ਵਾਸ ਹੈ ਪੱਕਾ ਲੋਹੇ ਵਰਗਾ
ਜਿਸਮੀ ਮੌਤ, ਮੌਤ ਨਹੀਂ ਹੁੰਦੀ
ਧੜਕਣ ਰੁਕਣੀ ਮੌਤ ਨਹੀਂ ਹੁੰਦੀ
ਮਰੇ ਜ਼ਮੀਰ ਤਾਂ ਬੰਦਾ ਮਰਦੈ
ਮਰੇ ‘ਆਤਮਾ’ ਬੰਦਾ ਮਰਦੈ
ਮਰੇ ਅਣਖ ਤਾਂ ਬੰਦਾ ਮਰਦੈ
ਮਰੇ ਮਟਕ ਤਾਂ ਬੰਦਾ ਮਰਦੈ
ਮਰੇ ਮੱਚ ਤਾਂ ਬੰਦਾ ਮਰਦੈ
ਮਰੇ ਸੱਚ ਤਾਂ ਬੰਦਾ ਮਰਦੈ
ਵੱਟ ਲਏ ਦਾਮ ਤਾਂ ਬੰਦਾ ਮਰਦੈ
ਖਾਏ ਹਰਾਮ ਤਾਂ ਬੰਦਾ ਮਰਦੈ
ਬਣੇ ਗ਼ੁਲਾਮ ਤਾਂ ਬੰਦਾ ਮਰਦੈ

ਰਹੇ ਨਾਕਾਮ ਤਾਂ ਬੰਦਾ ਮਰਦੈ

ਮੇਰਾ ਲੂੰ ਲੂੰ ਦੱਸ ਰਿਹਾ ਹੈ
ਚਾਅ ਜੀਵਨ ਦਾ ਦੱਸ ਰਿਹਾ ਹੈ
ਸਿਦਕ ਸਬੂਤਾ ਦੱਸ ਰਿਹਾ ਹੈ
ਇਹ ਮੇਰਾ ਹਠ ਦੱਸ ਰਿਹਾ ਹੈ
ਜਿੰਦਗੀ, ਮੌਤ ਦੀ ਇਸ ਖੇਡ ’ਚੋਂ
ਜੇਤੂ ਹੋ ਕੇ ਮੈਂ ਪੁੱਗਣਾ ਹੈ

ਮੌਤ ਦੇ ਡੂੰਘੇ ਸਾਗਰ ਅੰਦਰ
ਆਪਣੇ ਸਾਰੇ ਰਾਜ-ਭਾਗ ਸੰਗ
ਆਖਰ ਨੂੰ ਤੂੰ ਹੀ ਡੁੱਬਣਾ ਹੈ
ਆਖਰ ਨੂੰ ਤੂੰ ਹੀ ਡੁੱਬਣਾ ਹੈ

ਆਖਰ ਨੂੰ ਤੂੰ ਹੀ ਡੁੱਬਣਾ ਹੈ

            **

3.     ਕਿਸਾਨ ਅੰਦੋਲਨ

 ਨੰਗਿਆਂ ਜਿਸਮਾਂ ਦੇ ਪਰਦਰਸ਼ਨ ਕਰ ਕੇ
ਹੱਕ-ਹਕੂਕ ਕਦੀ ਨਹੀਂ ਮਿਲਦੇ
ਕਦੀ ਜਿੱਤ ਦੀ ਕਲਗੀ ਨਹੀਂ ਸਿਰ ਉੱਤੇ ਸਜਦੀ
ਰੁਖ਼ ਦਰਿਆਵਾਂ ਦੇ ਹਰਗਿਜ਼ ਨਹੀਂ ਮੁੜਦੇ
ਮਿੱਠੀ ਪੌਣ ਕਦੀ ਨਹੀਂ ਵਗਦੀ
ਖੁਸ਼ਹਾਲੀ ਦੇ ਫੁੱਲ ਨਹੀਂ ਖਿੜਦੇ
ਚੁੱਲ੍ਹਿਆਂ ਦੇ ਵਿੱਚ ਅੱਗ ਨਹੀਂ ਮਘਦੀ
ਬਾਲਾਂ ਹੱਥ ਬਸਤੇ ਨਹੀਂ ਸੁਹੰਦੇ
ਘਰ-ਗ੍ਰਹਿਸਤੀ ਦੇ ਧੰਦੇ ਕਿਸੇ ਸਿਰੇ ਨਹੀਂ ਲਗਦੇ
ਖੁਸ਼ੀਆਂ ਦੇ ਦੀਵੇ ਨਹੀਂ ਜਗਦੇ
ਨੰਗੇ ਜਿਸਮ ਤਾਂ ਇਹ ਦਰਸਾਉਂਦੇ
ਬਾਕੀ ਕੁਝ ਰਿਹਾ ਨਹੀਂ ਪੱਲੇ!

ਧਰਨਿਆਂ ਉੱਤੇ ਬੈਠੇ ਵੀਰੋ!
ਤੁਹਾਡੇ ਸਿਦਕ ਸਮੁੰਦਰੋਂ ਡੂੰਘੇ
ਹੌਸਲੇ ਹਨ ਹਿਮਾਲਾ ਵਰਗੇ
ਪੁਰਖਿਆਂ ਦੇ ਇਤਿਹਾਸ ਦੀਆਂ ਸਿਰ ’ਤੇ ਛਾਵਾਂ

ਤੁਹਾਡੀ ਅਣਖ ਦਾ ਕੋਈ ਨਾ ਸਾਨੀ
ਤੁਹਾਡੀ ਮਿਹਨਤ ਨੂੰ ਕੁਲ ਦੁਨੀਆਂ ਸੀਸ ਝੁਕਾਵੇ
ਤੁਹਾਡੀ ਸ਼ਕਤੀ ਅਪਰੰਪਾਰ
ਸਦਾ ਤੁਹਾਡੀ ਜੈ ਜੈ ਕਾਰ

ਯੋਧੇ, ਵੀਰ ਕਿਸਾਨ ਭਰਾਓ!
ਪ੍ਰਿਥਮ ਭਗੌਤੀ ਸਿਮਰਿ ਕੈ’
ਤਰਕ
, ਦਲੀਲ, ਸੰਜਮ, ਰੋਹ, ਬੁੱਧ ਜਿਹੇ
ਹਥਿਆਰਾਂ ਦੇ ਪਹਿਨ ਕੇ ਵਸਤਰ
ਸਿਰ ਧਰ ਤਲੀ ਗਲ਼ੀ ਮੇਰੀ ਆਓ’
ਦਿਲ ਦੀ ਖੋਟੀ
, ਛਲਨੀ, ਕਪਟੀ‘
ਦਿੱਲੀ ਦੇ ਨਾਲ ਮੱਥਾ ਲਾਓ

ਹੱਕ ਲਓ ’ਤੇ ਮਾਣੋ
,
ਰਲ ਕੇ ਫਤਹਿ ਗੱਜਾਓ

ਨੰਗਿਆਂ ਜਿਸਮਾਂ ਦੇ ਪਰਦਰਸ਼ਨ ਕਰ ਕੇ
ਹੱਕ-ਹਕੂਕ ਕਦੀ ਨਹੀਂ ਮਿਲਦੇ

ਹੱਕ-ਹਕੂਕ ਕਦੀ ਨਹੀਂ ਮਿਲਦੇ
ਹੱਕ-ਹਕੂਕ ਕਦੀ ਨਹੀਂ ਮਿਲਦੇ

             **

4.   ਦਲਿਤ ਭਰਾਓ!

(ਉੱਤਰ ਪ੍ਰਦੇਸ਼ ਵਿੱਚ ਗੈਂਗ ਰੇਪ ਪਿੱਛੋਂ ਮਨੀਸ਼ਾ ਦੇ ਹੋਏ ਕਤਲ ਦੇ ਨਾਂ)
ਦਲਿਤ ਭਰਾਓ!
ਬੰਦ ਘੇਰੇ ਵਿੱਚੋਂ ਬਾਹਰ ਆਓ

ਸੂਰਜ ਦੇ ਨਾਲ ਨਜ਼ਰ ਮਿਲਾਓ
ਸਾਗਰ ਦੇ ਵਿੱਚ ਠਿੱਲੋ
ਸਾਰਾ ਅੰਬਰ ਗਾਹੋ
ਇਹ ਤੁਹਾਡੇ ਨੇਤਾ ਜਿਹੜੇ
ਖ੍ਹੁੱਲੀ ਮੰਡੀ ਦੇ ਵਿੱਚ ਜਾ ਕੇ ਵਿਕ ਜਾਂਦੇ ਹਨ

ਤੁਹਾਡੇ ਸਿਰਾਂ ’ਤੇ ਪੌੜੀਆਂ ਲਾ ਕੇ
ਚੌਧਰੀ ਸਾਹਿਬ/ਚੌਧਰੀ ਸਾਹਿਬਾ’
‘ਰਾਜ-ਕੁਮਾਰ/ਰਾਜ-ਕੁਮਾਰੀ ਬਣ ਜਾਂਦੇ ਹਨ

ਸੱਤਾ ਦੀ ਸੇਜ ਦੇ ਸੁਖ ਮਾਣਨ ਦੇ ਭਾਗੀ ਬਣ ਕੇ
ਤੁਹਾਡੇ ਕਦਮ ਨਾ’ ਕਦਮ ਮਿਲਾਉਣਾ ਭੁੱਲ ਜਾਂਦੇ ਹਨ

ਪਾਣੀ ਦੇ ਇਹ ਬੁਲਬੁਲੇ
ਗੁਬਾਰੇ ਵਾਂਗ ਫੁੱਲ ਜਾਂਦੇ ਹਨ

ਇਨ੍ਹਾਂ ਦੇ ਝਾਸੇ ਵਿੱਚ ਨਾ ਆਓ
ਹੁਣ ਇਨ੍ਹਾਂ ਨੂੰ ਮੂੰਹ ਨਾ ਲਾਓ

ਤੁਹਾਡੀਆਂ ਮਾਵਾਂ ਕੁਲ ਦੁਨੀਆਂ ਦੇ ਕਿਰਤੀਆਂ ਦੀਆਂ ਮਾਵਾਂ
ਤੁਹਾਡੀਆਂ ਭੈਣਾਂ ਕੁਲ ਦੁਨੀਆਂ ਦੇ ਦਰਦਮੰਦਾਂ ਦੀਆਂ ਭੈਣਾਂ
ਤੁਹਾਡੀਆਂ ਬੱਚੀਆਂ ਕੁਲ ਦੁਨੀਆਂ ਦੇ ਹੱਕ ਮੰਗਦੇ ਯੋਧਿਆਂ ਦੀਆਂ ਬੱਚੀਆਂ
ਤੁਹਾਡੇ ਜਜ਼ਬੇ ਕੁਲ ਦੁਨੀਆਂ ਦੇ ਪੀੜਤ ਲੋਕਾਂ ਦੇ ਹਨ ਜਜ਼ਬੇ
ਤੁਹਾਡੀਆਂ ਧੁੱਪਾਂ-ਛਾਵਾਂ ਕੁਲ ਦੁਨੀਆਂ ਦੇ ਦਮਿਤਾਂ ਦੀਆਂ ਧੁੱਪਾਂ-ਛਾਵਾਂ

ਤੁਹਾਡੇ ਰਿਜ਼ਕ ਦੇ ਸੁੱਕੇ ਰੁੱਖਾਂ ਦੀ ਕਹਾਣੀ ਕੁਲ ਦੁਨੀਆਂ ਦੇ ਵੰਚਿਤਾਂ ਦੇ ਸੁੱਕੇ ਰੁੱਖਾਂ ਦੀ ਕਹਾਣੀ
ਤੁਹਾਡੇ ਵਿਹੜਿਆਂ ਦੇ ਵਿੱਚ ਉੱਗੀਆਂ ਤਿੱਖੀਆਂ, ਮਾਰੂ ਸੂਲ਼ਾਂ,
ਕੁਲ ਦੁਨਿਆਂ ਦੇ ਬੇਕਸਾਂ ਦੇ ਵਿਹੜਿਆਂ ਦੇ ਵਿੱਚ ਉੱਗੀਆਂ ਤਿੱਖੀਆਂ ਮਾਰੂ ਸੂਲ਼ਾਂ,

ਤੁਹਾਡੇ ਅੰਬਰ ਉੱਤੇ ਛਾਏ ਜ਼ਬਰ, ਜ਼ੁਲਮ ਦੇ ਬੱਦਲ
ਕੁਲ ਦੁਨੀਆਂ ਦੇ ਮਿਹਨਤਕਸ਼ਾਂ ਦੇ ਅੰਬਰ ਉੱਤੇ ਛਾਏ ਜ਼ਬਰ
, ਜ਼ੁਲਮ ਦੇ ਬੱਦਲ

ਐਪਰ ਮਿੱਤਰੋ! ਰੇਪ ਤੁਹਾਡੀਆਂ ਬਾਲੜੀਆਂ ਦੇ ਇੰਝ ਨਹੀਂ ਰੁਕਣੇ
ਦੁੱਖ ਇਨ੍ਹਾਂ ਬੱਚੀਆਂ ਦੇ ਇੰਝ ਨਹੀਂ ਮੁੱਕਣੇ
ਕੋਮਲ ਪਲਕਾਂ ਉੱਤੇ ਇਹ ਹੰਝੂਆਂ ਦੇ ਸਾਗਰ ਇੰਝ ਨਹੀਂ ਸੁੱਕਣੇ
ਇਹ ਦਰਿੰਦੇ ਇੰਝ ਕਦੀ ਕਾਬੂ ਨਹੀਂ ਆਉਣੇ
ਇਨ੍ਹਾਂ ਪਸ਼ੂਆਂ ਇੰਝ ਕਦੀ ਬੰਦੇ ਨਹੀਂ ਬਣਨਾ
ਇਨ੍ਹਾਂ ਦੀ ਹੈਂਕੜ ਅਕਹਿ ਹੈ
ਇਨ੍ਹਾਂ ਨੂੰ ਹਾਕਮ ਦੀ ਸ਼ਹਿ ਹੈ
ਵਰਦੀ, ਅੱਜ ਇਨ੍ਹਾਂ ਦੀ ਰਾਖੀ ਕਰਦੀ
ਅੱਜ ਅਦਾਲਤ ਦਮ ਇਨ੍ਹਾਂ ਦਾ ਭਰਦੀ

ਮੇਰੇ ਵੀਰੋ!
ਪਾਪੀ ਦੀ ਮਾਂ ਮਾਰੇ ਬਿਨ ਪਾਪੀ ਨਹੀਂ ਮਰਦੇ

ਇਹ ਸਦੀਆਂ ਤੋਂ ਜ਼ਬਰ ਕਰਨ ਦੇ ਆਦੀ
ਗਰੰਥ ਇਨ੍ਹਾਂ ਦੇ ਵਿਤਕਰਾ ਕਰਨ ਦੀ ਭਰਦੇ ਸ਼ਾਹਦੀ
ਨੀਤੀ ਮੁੱਢ ਤੋਂ ਹੀ ਅਪਰਾਧੀ
ਇਹ ਜ਼ਾਲਮ ਹਰਿਆਵਲ ਤੋਤੇ
ਸਵਰਨ ਜ਼ਾਤ ਦੀਆਂ ਚੁੰਝਾਂ ਦੇ ਸੰਗ
ਸਾਡੇ ਬਾਗਾਂ ਦੀਆਂ ਕੱਚੀਆਂ, ਕੋਮਲ ਅੰਬੀਆਂ
ਬੇਕਿਰਕੀ ਨਾਲ ਟੁੱਕਦੇ ਆਏ
ਹਾਇ! ਹਾਇ!! ਹਾਇ!!!

ਸੂਰਬੀਰ ਐ! ਦਲਿਤ ਭਰਾਓ!
ਸੋਚ, ਸਮਝ ਨੂੰ ਸਾਣ ’ਤੇ ਲਾਓ
ਦੋਸਤ, ਦੁਸ਼ਮਣ ਨੂੰ ਪਹਿਚਾਣੋ
ਮੁੜ ਮੁੜ ਕੇ ਨਾ ਧੋਖਾ ਖਾਓ
ਲੋਕਾਂ ਦਾ ਲੈ ਓਟ ਆਸਰਾ
ਸਾਂਝਾ ਇੱਕ ਮੁਹਾਜ਼ ਬਣਾਓ
ਰਣਤੱਤੇ ਵਿੱਚ ਨਿੱਤਰੋ, ਜੂਝੋ
ਬੇਗ਼ਮਪੁਰਾ ਵਸਾਓ

      **

5.     ਅੰਨ੍ਹਾ

ਕੁਦਰਤ ਦੀ ਇਹ ਨਿਹਮਤ
ਬਖਸ਼ੀਆਂ ਜਗਦੀਆਂ ਜੋਤਾਂ, ਸੁੰਦਰ ਅੱਖੀਆਂ
ਇਸ ਧਰਤੀ ਦਾ ਪੱਤ ਪੱਤ
, ਕਣ ਕਣ
ਅੰਦਰੋਂ ਬਾਹਰੋਂ ਵੇਖਣ ਦੇ ਲਈ
, ਘੋਖਣ ਦੇ ਲਈ
ਧੜਕਣ ਦੇ ਵਿੱਚ ਢਾਲਣ ਦੇ ਲਈ

ਜਿਹੜਾ ਮਾਨਵ
ਬਿਲਕੁਲ ਸਾਹਵੇਂ ਖੜ੍ਹਾ-ਖੜ੍ਹੋਤਾ
ਸਿਖਰ ਦੁਪਿਹਰੇ
ਬਿਨ ਤੱਕਿਆਂ ਹੀ ਰਹਿ ਜਾਂਦਾ ਹੈ
ਜਾਂ ਲਾਗੋਂ ਦੀ ਡਰ ਦਾ ਮਾਰਾ
ਅੱਖਾਂ ਮੀਚ ਕੇ ਲੰਘ ਜਾਂਦਾ ਹੈ
ਉਸ ਤੋਂ ਵੱਡਾ ਅੰਨ੍ਹਾ ਕਿਹੜਾ ਹੋ ਸਕਦਾ ਹੈ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2397)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੁਰਨਾਮ ਢਿੱਲੋਂ

ਗੁਰਨਾਮ ਢਿੱਲੋਂ

Phone: (UK: 44 - 77870 - 59333)
Email: (gdhillon4@hotmail.com)

More articles from this author