RanjivanSingh7ਤੂੰ ਫੁੱਲਾਂ ਦਾ ਦੇਖ ਜੇਰਾ,   ਕੰਡਿਆਂ ਸੰਗ ਰਹਿਕੇ ਵੀ,   ਮੁਸਕਰਾਉਂਦੇ ਨੇ ...”

(ਅਪਰੈਲ 22, 2016)


 
       1.

ਪਿੰਡ ਮੇਰੇ ਦੀਆਂ ਗਲੀਆਂ

ਪਿੰਡ ਮੇਰੇ ਦੀਆਂ ਗਲੀਆਂ
ਬਣਾਇਆ ਮੈਨੂੰ
ਇਸ ਮੁਕਾਮ ਉੱਤੇ
ਪੁਚਾਇਆ ਮੈਨੂੰ

ਨਾ ਹੁੰਦੀਆਂ ਇਹ ਜੇ
ਰਹਿ ਜਾਂਦਾ ਇੱਥੇ ਹੀ
ਖਪ ਜਾਂਦਾ ਇੱਥੇ ਹੀ।

ਵਿੱਚੋਂ ਇਹਨਾਂ ਗਲੀਆਂ ਦੇ
ਉੱਠਿਆ ਸ਼ੋਰ
ਸਾਧਨਾ ਮੇਰੀ ਖੋਲ੍ਹਣ ਲਈ

ਤਾਅਨੇ ਮਿਹਣਿਆਂ
ਮਜਬੂਰਿਆ ਮੈਨੂੰ
ਗਲੀਆਂ ਇਹ ਛੱਡ ਜਾਣ ਲਈ
ਦੂਰ ਕਿਤੇ ਨੱਸ ਜਾਣ ਲਈ।

ਹੌਲੀ ਹੌਲੀ
ਮੱਧਮ ਹੋਏ
ਆਵਾਜ਼ੇ
ਟਾਹਰਾਂ ਤੇ ਚੋਭਾਂ
ਪਿੰਡ ਮੇਰੇ ਦੀਆਂ ਗਲੀਆਂ ਦੇ।        

ਨਿਕਲ ਪਿੰਡ ਦੀਆਂ ਗਲੀਆਂ ਚੋਂ ਫਿਰ
ਮੈਂ ਪੁੰਗਰਿਆ
ਵਿਗਸਿਆ
ਖੁੱਲ੍ਹੀਆਂ ਹਵਾਵਾਂ ਵਿਚ
ਪਹੁੰਚਿਆ ਪਤਾਲੀਂ
ਛੁਹਿਆ ਅਸਮਾਨਾਂ ਨੂੰ।

ਨਤਮਸਤਕ ਹਾਂ
ਪਿੰਡ ਆਪਣੇ ਦੀਆਂ ਗਲੀਆਂ ਅੱਗੇ

ਰਿਣੀ ਹਾਂ
ਪਿੰਡ ਆਪਣੇ ਦੀਆਂ ਗਲੀਆਂ ਦਾ
ਜਿਨ੍ਹਾਂ ਬਣਾਇਆ ਮੈਨੂੰ
ਇਸ ਮੁਕਾਮ ਉੱਤੇ
ਪੁਚਾਇਆ ਮੈਨੂੰ

ਨਾ ਹੁੰਦੀਆਂ ਇਹ ਜੇ
ਰਹਿ ਜਾਂਦਾ ਇੱਥੇ ਹੀ
ਖਪ ਜਾਂਦਾ ਇੱਥੇ ਹੀ।

         **

        2.

ਫੁੱਲਾਂ ਦਾ ਦੇਖ ਜੇਰਾ

ਤੂੰ ਫੁੱਲਾਂ ਦਾ ਦੇਖ ਜੇਰਾ
ਕੰਡਿਆਂ ਸੰਗ ਰਹਿਕੇ ਵੀ
ਮੁਸਕਰਾਉਂਦੇ ਨੇ,
ਖਿੜ ਖਿੜਾਉਂਦੇ ਨੇ
ਮਹਿਕਾਂ ਵੰਡਾਉਂਦੇ ਨੇ।

ਤੂੰ ਫੁੱਲਾਂ ਦਾ ਦੇਖ ਜੇਰਾ
ਨਾਜ਼ੁਕ ਨੇ, ਕੋਮਲ ਨੇ
ਉਮਰਾਂ ਤੱਕ ਪਰ ਫੇਰ ਵੀ

ਕੰਡਿਆਂ ਨਾਲ ਨਿਭਾਉਂਦੇ ਨੇ।

            **

            3.

ਉਡੀਕ ਰਹੇ ਹਾਂ ਕਿਸ ਨੂੰ?

ਉਡੀਕ ਰਹੇ ਹਾਂ!
ਨਾਨਕ
ਬੁੱਧ
ਈਸਾ
ਗੋਬਿੰਦ ਸਿੰਘ ਨੂੰ।

ਰਾਮ
ਮੁਹੰਮਦ
ਗਾਂਧੀ ਮਹਾਤਮਾ
ਭਗਤ ਸਿੰਘ ਨੂੰ।
ਉਡੀਕ ਰਹੇ ਹਾਂ!

ਕਿ ਆਉਣ ਉਹ
ਕਰਨ ਕਲਿਆਣ ਅਸਾਡਾ
ਅਤੇ ਭਲਾ ਸਰਬੱਤ ਦਾ।

ਪਰ ...
ਉਹਨਾਂ ਤਾਂ ਨਹੀਂ ਸੀ ਉਡੀਕਿਆ ਕਿਸੇ ਨੂੰ

ਤਾਂ ਫਿਰ
ਅਸੀਂ
ਉਡੀਕ ਰਹੇ ਹਾਂ ਕਿਸ ਨੂੰ?

            **

         4.

     ਆਖ਼ਰ

ਕਿਹਾ ਜਾਂਦਾ ਹੈ ਅਕਸਰ
ਸ਼ਮਸ਼ਾਨ ਵਿਚ ਹੈ
ਚੁੰਬਕੀ ਸ਼ਕਤੀ
ਖਿੱਚ ਲੈਂਦੀ ਹੈ
ਆਖ਼ਰ
ਆਪਣੇ ਵੱਲ
ਸਭ ਨੂੰ।

ਆਖ਼ਰ ਨਹੀਂ ਪਰ ਇਹ।

ਆਖ਼ਰ ਨੇ ਉਹ ਲੋਕ
ਜੋ ਕਰ ਦਾਹ-ਸੰਸਕਾਰ
ਪਰਤ ਜਾਂਦੇ ਨੇ ਮੁੜ
ਸੰਸਾਰ ਵਿਚ
ਜੀਵਨ ਅੱਗੇ ਤੋਰਨ ਲਈ। 

        *****

(264)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਰੰਜੀਵਨ ਸਿੰਘ

ਰੰਜੀਵਨ ਸਿੰਘ

Mohali, Punjab, India.
Phone: (91 - 98150 - 68816)

Email: (ranjivansingh@gmail.com)