“ਇਸ ਮਹਾਂਮਾਰੀ ਦੀ ਗੰਭੀਰਤਾ ਅਤੇ ਮਾਰੂ ਸਿੱਟਿਆਂ ਨੂੰ ਹਲਕੇ ਵਿੱਚ ਨਾ ਲਈਏ, ਬਣਦੇ ...”
(3 ਅਕਤੂਬਰ 2020)
ਪਿਛਲੇ ਵਰ੍ਹੇ ਨਵੰਬਰ ਤੋਂ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕਰੋਨਾ ਦੇ ਪ੍ਰਕੋਪ ਨੇ ਹੌਲੀ-ਹੌਲੀ ਸਾਰੀ ਦੁਨੀਆਂ ਨੂੰ ਹੀ ਆਪਣੀ ਜਕੜ ਵਿੱਚ ਲੈ ਲਿਆ ਹੈ। ਇਸ ਪਿੱਛੇ ਕੌਮਾਂਤਰੀ ਕਾਰਪੋਰੇਟ ਦੀਆਂ ਸਾਜਿਸ਼ਾਂ/ਪ੍ਰਵਾਹੀਆਂ/ਲਾ-ਪ੍ਰਵਾਹੀਆਂ/ਅਫਵਾਹਾਂ/ਸੱਚਾਈਆਂ ਭਾਵੇਂ ਇਸ ਲਿਖਤ ਦਾ ਵਿਸ਼ਾ ਨਹੀਂ ਪਰ ਕੋਰੋਨਾ ਦੇ ਮਾਰੂ ਪ੍ਰਭਾਵਾਂ ਨੇ ਵੱਖ-ਵੱਖ ਮੁਲਕਾਂ ਨੂੰ ਉੱਥੋਂ ਦੀਆਂ ਸਰਕਾਰ ਦੇ ਵਾਜਿਬ/ਨਾ-ਵਾਜਿਬ ਫੈਸਲਿਆਂ, ਅਰਥਚਾਰੇ ਅਤੇ ਸਾਮਜਿਕ ਤਾਣੇ-ਬਾਣੇ ਅਨੁਸਾਰ ਆਪਣਾ ਰੰਗ ਦਿਖਾਇਆ ਹੈ। ਮਾਰਚ ਵਿੱਚ ਲੱਗੇ ਲਾਕ ਡਾਊਨ ਮੌਕੇ ਭਾਰਤ ਵਿੱਚ ਜੋ ਅੰਕੜੇ ਹਜ਼ਾਰਾਂ ਵਿੱਚ ਸਨ, ਹੁਣ ਅੱਧ ਕਰੋੜ ਨੂੰ ਪਾਰ ਕਰ ਗਏ ਹਨ।
ਦੂਰ ਲੱਗੀ ਅੱਗ ਬਸੰਤਰ ਹੀ ਭਾਸਦੀ ਹੈ ਜਦੋਂ ਤਕ ਉਸ ਦਾ ਸੇਕ ਤੁਹਾਡੀਆਂ ਬਰੂਹਾਂ ਤਕ ਨਾ ਆਣ ਪੁੱਜੇ। ਇਸ ਕਰੋਪੀ ਦਾ ਸੰਤਾਪ ਮੈਂ ਆਪਣੇ ਪਿੰਡੇ ’ ਤੇ ਹੰਢਾਇਆ ਹੈ। 5 ਸਤੰਬਰ ਨੂੰ ਤੜਕਸਾਰ ਹਲਕੀ ਕੰਬਣੀ ਛਿੜੀ ਅਤੇ ਸਰੀਰ ਨੂੰ ਤਪਸ਼ ਮਹਿਸੂਸ ਹੋਈ ਪਰ ਮੈਂ ਪਿਆ ਰਿਹਾ। ਸੁਬਹ ਉੱਠਕੇ ਸਰੀਰ ਦਾ ਤਾਪਮਾਨ ਦੇਖਿਆ, 99 ਡਿਗਰੀ ਤੋਂ ਉੱਪਰ ਸੀ। ਅਮੂਮਨ ਅਜਿਹੇ ਮੌਕੇ ਪੈਰਾਸਿਟਾਮੋਲ ਲਈ ਜਾਂਦੀ ਹੈ। ਸੋ ਮੈਂ ਵੀ ਕੁਝ ਖਾਣ ਮਗਰੋਂ, ਪੈਰਾਸਿਟਾਮੋਲ ਲਈ ਅਤੇ ਨੇੜਲੇ ਕੈਮਿਸਟ ਦੇ ਕਹਿਣ ਉੱਤੇ ਇੱਕ ਐਂਟੀ ਬਾਓਟਿੱਕ ਵੀ। ਸਾਰਾ ਦਿਨ ਬੁਖ਼ਾਰ 99 ਤੋਂ 100 ਡਿਗਰੀ ਦੇ ਵਿਚਕਾਰ ਰਿਹਾ। ਆਪਣੇ ਮਾਤਾ-ਪਿਤਾ (ਸ੍ਰੀਮਤੀ ਸਤਿਪਾਲ ਕੌਰ ਤੇ ਸ੍ਰੀ ਰਿਪੁਦਮਨ ਸਿੰਘ ਰੂਪ) ਅਤੇ ਆਪਣੇ ਵੱਡੇ ਭਰਾ (ਸ੍ਰੀ ਸੰਜੀਵਨ ਸਿੰਘ) ਦੇ ਪਰਿਵਾਰ ਸਮੇਤ ਮੈਂ ਆਪਣੀ ਪਤਨੀ ਅਤੇ ਬੇਟੇ ਨਾਲ ਸਾਂਝੇ ਪਰਿਵਾਰ ਵਿੱਚ ਮੁਹਾਲੀ ਦੇ ਫੇਜ਼ 10 ਵਿੱਚ 1984 ਤੋਂ ਰਹਿ ਰਿਹਾ ਹਾਂ। ਕੁਦਰਤੀ ਹੀ ਸਾਰੇ ਪਰਿਵਾਰ ਦਾ ਮੇਰੀ ਸਿਹਤ ਪ੍ਰਤੀ ਫ਼ਿਕਰ ਹੋਇਆ। ਕਰੋਨਾ ਦੀ ਮਹਾਂਮਾਰੀ ਦਾ ਭੈਅ ਇਸਦਾ ਮੁੱਖ ਕਾਰਣ ਸੀ। ਪਰਿਵਾਰ ਅਤੇ ਕੁਝ ਡਾਕਟਰ ਦੋਸਤਾਂ ਦੀ ਸਲਾਹ ਅਨੁਸਾਰ ਮੈਂ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਅਗਲੇ ਦਿਨ ਕੋਵਿਡ-19 ਦਾ ਟੈਸਟ ਕਰਵਾਉਣ ਲਈ ਆਪਣੇ ਭਰਾ ਤੇ ਬੇਟੇ ਨਾਲ ਚਲਾ ਗਿਆ। ਸੱਤਰ-ਅੱਸੀ ਦੇ ਕਰੀਬ ਲੋਕ ਪਹਿਲੋਂ ਹੀ ਟੈਸਟ ਕਰਵਾਉਣ ਲਈ ਉੱਥੇ ਮੌਜੂਦ ਸਨ। ਸਾਢੇ ਬਾਰਾਂ ਵਜੇ ਦੇ ਕਰੀਬ ਮੇਰਾ ਨੱਕ ਰਾਹੀਂ ਆਰ.ਸੀ.ਟੀ ਟੈਸਟ ਹੋਇਆ। ਕਿਹਾ ਗਿਆ ਕਿ ਰਿਪੋਰਟ ਅਗਲੇ ਦਿਨ ਮਿਲੇਗੀ। ਗੁਰਸ਼ਰਨ ਭਾਜੀ ਦੀ ਬੇਟੀ ਡਾ. ਅਰੀਤ ਮੁਹਾਲੀ ਦੇ ਐੱਸ.ਐੱਮ.ਓ. ਹਨ ਅਤੇ ਅਸੀਂ ਉਨ੍ਹਾਂ ਨਾਲ ਰਾਬਤੇ ਵਿੱਚ ਸਾਂ। ਉਨ੍ਹਾਂ ਘੰਟੇ ਬਾਅਦ ਹੀ ਫੋਨ ਉੱਤੇ ਕਿਹਾ, “ਰੰਜੀਵਨ ਯੂ ਆਰ ਪੋਜ਼ਿਟਿਵ, ਹੋਮ ਕੁਆਰਨਟਾਇਨ ਹੋ ਜਾਵੋ।” ਅਤੇ ਨਾਲ ਹੀ ਉਸਨੇ ਵਟਸਐਪ ਉੱਪਰ ਇਕਾਂਤਵਾਸ ਦੌਰਾਨ ਲੈਣ ਵਾਲੀਆਂ ਦਵਾਈਆਂ ਦੀ ਲਿਸਟ ਅਤੇ ਹੋਰ ਹਦਾਇਤਾਂ ਭੇਜ ਦਿੱਤੀਆਂ।
ਸਾਡੇ ਦਰ ’ਤੇ ਕਰੋਨਾ ਨੇ ਦਸਤਕ ਦੇ ਦਿੱਤੀ ਸੀ। ਪੂਰੇ ਪਰਿਵਾਰ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਮੈਂ ਦਸ ਜੀਆਂ ਵਾਲੇ ਸਾਂਝੇ ਪਰਿਵਾਰ ਵਿੱਚ ਸਾਂ ਅਤੇ ਘਰ 10 ਮਰਲੇ ਦੇ ਘਰ ਦੀਆਂ ਤਿੰਨ ਮੰਜ਼ਿਲਾਂ, ਕਾਰਨਰ ਦਾ ਘਰ, ਨਾਲ ਪਾਰਕ। ਪਹਿਲੀ ਮੰਜ਼ਿਲ ਦਾ ਅੱਧਾ ਪੋਰਸ਼ਨ ਜਿਸ ਵਿੱਚ ਮੇਰੀ ਵਕਾਲਤ ਦੇ ਦੋ ਪੋਰਸ਼ਨਾਂ ਵਾਲਾ ਦਫਤਰ, ਪਿੱਛੇ ਰਿਟਾਇਰਿੰਗ ਰੂਮ, ਪੈਂਟਰੀ/ਕੰਪਿਊਟਰ ਰੂਮ ਅਤੇ ਦਫਤਰ ਨਾਲ ਪਾਰਕ ਵੱਲ ਖੁੱਲਦੀ ਬਾਲਕੋਨੀ ਅਤੇ ਵੱਖਰਾ ਬਾਥਰੂਮ ਸ਼ਾਮਿਲ ਸੀ, ਮੇਰੇ ਲਈ ਰਾਖਵਾਂ ਕਰ ਦਿੱਤਾ ਗਿਆ। ਪਿੱਛੇ ਰਿਟਾਇਰਿੰਗ ਰੂਮ ਵਿੱਚ ਮੇਰਾ ਮੰਜਾ ਲੱਗ ਗਿਆ। ਬੇਟੇ ਨੇ ਦਫਤਰ ਦੇ ਦੂਜੇ ਪੋਰਸ਼ਨ ਵਿੱਚ ਮੇਰੇ ਜਿੰਮ ਦਾ ਸਾਜ਼ੋ-ਸਮਾਨ ਟਿਕਾ ਦਿੱਤਾ। ਮੇਰੀ ਪਤਨੀ ਪੂਨਮ ਨੇ ਮੇਰੀ ਤੀਮਾਰਦਾਰੀ ਦਾ ਜ਼ਿੰਮਾ ਸੰਭਾਲਿਆ। ਤੇ ਪੂਰਾ ਪਰਿਵਾਰ ਫ਼ਿਕਰਾਂ ਵਿੱਚ ਜਕੜਿਆ ਬਾਕੀ ਬਾਹਰੀ ਜ਼ਿਮੇਵਾਰੀਆਂ ਨਿਭਾਉਣ ਲਈ ਤਿਆਰ ਬਰ ਤਿਆਰ ਸੀ। ਫ਼ਿਕਰ ਅਤੇ ਭੈਅ ਦਾ ਮਾਹੌਲ ਪੂਰੇ ਘਰ ਵਿੱਚ ਛਾ ਗਿਆ ਪਰ ਸਾਰੇ ਹੀ ਇਸ ਬਿਪਤਾ ਵਿੱਚੋਂ ਨਿਕਲਣ ਲਈ ਪੂਰੇ ਤਾਲਮੇਲ ਅਤੇ ਹੋਸ਼ਮੰਦੀ ਨਾਲ ਇੱਕ ਜੁੱਟ ਸਨ। ਕੁਝ ਪਰਿਵਾਰਕ ਮੈਂਬਰਾਂ ਨੇ ਵੀ ਟੈਸਟ ਕਰਵਾਏ ਜੋ ਕਿ ਨੈਗੇਟਿਵ ਸਨ, ਤਸੱਲੀ ਹੋਈ। ਹਾਲਾਂਕਿ ਡਾਕਟਰਾਂ ਨੇ ਸਲਾਹ ਦਿੱਤੀ ਸੀ ਕਿ ਪਰਿਵਾਰ ਦੇ ਕਿਸੇ ਇੱਕ ਮੈਂਬਰ ਦੀ ਕਰੋਨਾ ਰਿਪੋਰਟ ਪੌਜ਼ੇਟਿਵ ਆਉਣ ਦਾ ਮਤਲਬ ਬਾਕੀ ਮੈਂਬਰਾਂ ਲਈ ਘਬਰਾਉਣ ਦਾ ਕੋਈ ਸਬੱਬ ਜਾਂ ਕਾਰਣ ਨਹੀਂ, ਜਦ ਤਕ ਉਹਨਾਂ ਨੂੰ ਬੁਖ਼ਾਰ, ਖੰਘ ਜਾਂ ਜ਼ੁਕਾਮ ਆਦਿ ਦੇ ਲੱਛਣ ਨਾ ਹੋਣ। ਹਾਂ, ਲੱਛਣ ਦਿਸਣ ’ਤੇ ਅਣਗਹਿਲੀ ਨਹੀਂ ਕਰਨੀ।
ਹੁਣ ਮੇਰੇ ਅੱਗੇ 17 ਦਿਨ ਦੇ ਇਕਾਂਤਵਾਸ ਦਾ ਟੀਚਾ ਸੀ। ਮੈਂਨੂੰ ਸਿਰਫ ਪਹਿਲੇ ਹੀ ਦਿਨ ਬੁਖ਼ਾਰ ਹੋਇਆ। ਮੁੜਕੇ ਬੁਖ਼ਾਰ ਨਹੀਂ ਹੋਇਆ। ਤੇ ਮੈਂ ਆਮ ਵਾਂਗ ਮਹਿਸੂਸ ਕੀਤਾ। ਡਾਕਟਰੀ ਹਦਾਇਤਾਂ ਅਨੁਸਾਰ ਮੈਂ ਪਹਿਲੇ ਪੰਜ ਦਿਨ ਇਹਤਿਆਤੀ ਦਵਾਈ ਦੇ ਨਾਲ-ਨਾਲ ਹਲਦੀ ਵਾਲਾ ਦੁੱਧ, ਕਾਹੜਾ, ਸਟੀਮ (ਭਾਫ਼) ਲੈਂਦਾ ਰਿਹਾ ਅਤੇ ਕੋਸੇ ਪਾਣੀ ਦੇ ਗਰਾਰੇ ਆਦਿ ਕਰਦਾ ਰਿਹਾ। ਪਰ ਵਿਸ਼ੇਸ਼ ਗੱਲ ਜੋ ਮੈਂ ਕਰਨੀ ਚਾਹਾਂਗਾ ਉਹ ਇਹ ਕਿ ਮੈਂ ਪਹਿਲੇ ਦਿਨ ਹੀ ਫੈਸਲਾ ਕਰ ਲਿਆ ਕਿ ਨਾ ਤਾਂ ਟੀ. ਵੀ. ਵੇਖਾਂਗਾ ਤੇ ਨਾ ਹੀ ਕੋਰੋਨਾ ਨਾਲ ਸਬੰਧਤ ਖਬਰਾਂ ਹੀ ਨੈੱਟ ਜਾਂ ਮੋਬਾਇਲ ’ਤੇ ਫਰੋਲਾਂਗਾ।
ਸੰਤੋਖ ਸਿੰਘ ਧੀਰ ਦੇ ਨਾਵਲ ਨਹੀਂ ਜੀ, ਖ਼ਿਮਾ, ਹਿੰਦੋਸਤਾਨ ਹਮਾਰਾ, ਉਹ ਦਿਨ, ਯਾਦਗਾਰ, ਦੋ ਫੁੱਲ, ਬਲਜਿੰਦਰ ਸਿੰਘ (ਮਿੰਟੂ ਗੁਰੂਸਰੀਆ) ਦੀ ਜੀਵਨੀ ਡਾਕੂਆਂ ਦਾ ਮੁੰਡਾ ਅਤੇ ਬਰਾਜ਼ੀਲੀ ਲੇਖਕ ਪਾਲੋ ਕੋਐਲੇ ਦੇ ਨਾਵਲ ਐਲਕਮਿਸਟ ਪੜ੍ਹੇ। ਇਸਦੇ ਨਾਲ ਹੀ ਇੱਕ ਕਵਿਤਾ ਸ਼ਬਦਾਂ ਦੀ ਜੰਮਣ ਪੀੜਾ ਅਤੇ ਕਹਾਣੀ ਖ਼ੂਬਸੂਰਤ ਸ਼ਾਇਰਾ ਵੀ ਆਪਣੇ ਇਕਾਂਤਵਾਸ ਦੌਰਾਨ ਲਿਖੀਆਂ। ਲਾਕ ਡਾਊਨ ਦੌਰਾਨ ਪਹਿਲੋਂ ਵੀ ਮੈਂ ਧੰਨਵਾਦ ਕਰੋਨਾ, ਦਾਨਵੀਰ, ਕੌਣ ਦਿਲਾਂ ਦੀਆਂ ਜਾਣੇ ਆਦਿ ਕਵਿਤਾਵਾਂ ਅਤੇ ਇੱਕ ਕਹਾਣੀ ਜਿਉਂਦਾ ਰਹਿ ਕਰੋਨਿਆਂ ਲਿਖੀਆਂ ਸਨ। ਕਹਾਣੀ ਜਿਉਂਦਾ ਰਹਿ ਕਰੋਨਿਆਂ 17 ਸਤੰਬਰ ਨੂੰ ਮੇਰੇ ਇਕਾਂਤਵਾਸ ਦੌਰਾਨ ਹੀ ਪੰਜਾਬੀ ਟ੍ਰਿਬਊਨ ਦੇ ਅਦਬੀ ਰੰਗ ਵਿੱਚ ਛਪੀ, ਜਿਸ ਦੀ ਮੈਂਨੂੰ ਬਹੁਤ ਖੁਸ਼ੀ ਹੋਈ। ਪਾਠਕਾਂ ਦੇ ਫੋਨ ਵੀ ਆਏ, ਜਿਸ ਨਾਲ ਹੌਸਲਾ ਮਿਲਿਆ।
ਪੇਸ਼ੇ ਵਜੋਂ ਮੈਂ ਹਾਈ ਕੋਰਟ ਦਾ ਵਕੀਲ ਹਾਂ। ਪਰ ਮਾਰਚ ਤੋਂ ਅਦਾਲਤਾਂ ਬੰਦ ਹਨ। ਕੇਸ ਕੇਵਲ ਵੀਡੀਓ ਕਾਨਫਰੰਸ (ਵੀ.ਸੀ.) ਰਾਹੀਂ ਹੀ ਹੋ ਰਹੇ ਹਨ। ਕੁਝ ਕੇਸ ਵੀ ਮੈਂ ਵੀਡੀਓ ਕਾਨਫਰੰਸ ਰਾਹੀਂ ਲੈਪਟਾਪ ਉੱਤੇ ਆਪ ਹੀ ਕੀਤੇ। ਪਹਿਲਾਂ ਇਸ ਕਾਰਜ ਵਿੱਚ ਪੂਰੇ ਦਫਤਰ ਦਾ ਅਮਲਾ-ਫੈਲਾ ਮਦਦਗਾਰ ਹੁੰਦਾ। ਕੁਝ ਪੈਂਡਿੰਗ ਪਏ ਕੇਸ ਤਿਆਰ ਕੀਤੇ। ਦੋਸਤਾਂ, ਮਿੱਤਰਾਂ, ਸਨੇਹੀਆਂ ਤੇ ਰਿਸ਼ਤੇਦਾਰਾਂ ਦੇ ਫੋਨ ਆਦਿ ਵੀ ਅਟੈਂਡ ਕੀਤੇ। ਪਰ ਜ਼ਿਆਦਾਤਰ ਟੈਕਸਟ ਰਾਹੀਂ ਹੀ ਗੱਲਬਾਤ ਕੀਤੀ ਤਾਂ ਜੋ ਗਲੇ ਨੂੰ ਮੁਕੰਮਲ ਅਰਾਮ ਮਿਲ ਸਕੇ। ਮੇਰੇ ਵੱਲੋਂ ਪਿਛਲੇ ਸਮਿਆਂ ਵਿੱਚ ਲਿਖੀਆਂ ਕਵਿਤਾਵਾਂ, ਕਹਾਣੀਆਂ ਨੂੰ ਖਰੜੇ ਦੇ ਰੂਪ ਵਿੱਚ ਤਰਤੀਬਿਆ ਅਤੇ ਉਹਨਾਂ ਨੂੰ ਪੁਸਤਕ ਰੂਪ ਦੇਣ ਲਈ ਵਿਉਂਤਿਆ। ਇਉਂ ਮੈਂ 17 ਦਿਨਾਂ ਦੇ ਇਕਾਂਤਵਾਸ ਵਿੱਚ ਆਪਣੇ ਆਪ ਨੂੰ ਸਾਰਥਿਕ ਅਤੇ ਉਸਾਰੂ ਰੁਝੇਵਿਆਂ ਵਿੱਚ ਮਸਰੂਫ ਰੱਖਿਆ। ਗਾਹੇ-ਬਗਾਹੇ ਮੇਰਾ ਧਿਆਨ ਉਨ੍ਹਾਂ ਪਰਿਵਾਰਾਂ ਵੱਲ ਵੀ ਜਾਂਦਾ ਜਿੱਥੇ ਇੱਕ ਤੋਂ ਵੱਧ ਮੈਂਬਰ ਜਾਂ ਕਮਾਉਣ ਵਾਲੇ ਇੱਕੋ-ਇੱਕ ਮੈਂਬਰ ਕੋਰੋਨਾ ਨਾਲ ਪੀੜਤ ਹੋਏ ਅਤੇ ਘਰ ਵਿੱਚ ਇਕਾਂਤਵਾਸ ਲਈ ਮੁੱਢਲੀਆਂ ਲੋੜੀਂਦੀਆਂ ਸਹੂਲਤਾ ਦੀ ਘਾਟ ਸੀ।
ਇਹ ਨਹੀਂ ਕਿ ਮੈਂਨੂੰ ਇਕਾਂਤਵਾਸ ਦੌਰਾਨ ਨਿਰਾਸ਼ਾ ਨੇ ਉੱਕਾ ਹੀ ਨਹੀਂ ਘੇਰਿਆ। ਮੈਂ ਸੰਸਾਰ ਨੂੰ ਆਪਣੇ ਤੋਂ ਬਿਨਾਂ ਵੀ ਕਲਪਿਤ ਕੀਤਾ। ਪਰ ਇਹਨਾਂ 17 ਦਿਨਾਂ ਵਿੱਚ ਮੈਂ ਜੇ ਹੌਸਲੇ ਵਿੱਚ ਰਹਿ ਸਕਿਆ ਤਾਂ ਉਹ ਸੰਭਵ ਹੋਇਆ ਸਾਹਿਤ, ਵਰਜ਼ਿਸ, ਸਕਾਰਆਤਮਿਕ ਸੋਚ ਅਤੇ ਪੂਰੇ ਪਰਿਵਾਰ ਦੇ ਸਹਿਯੋਗ ਸਦਕਾ। ਇਸ ਮਹਾਂਮਾਰੀ ਦੀ ਗੰਭੀਰਤਾ ਅਤੇ ਮਾਰੂ ਸਿੱਟਿਆਂ ਨੂੰ ਹਲਕੇ ਵਿੱਚ ਨਾ ਲਈਏ, ਬਣਦੇ ਇਹਤਿਆਤਾਂ ਦੀ ਪਾਲਣਾ ਕਰਦਿਆਂ ਹੌਸਲੇ ਤੇ ਸਕਾਰਆਤਿਮਕ ਸੋਚ ਨਾਲ ਕਰੋਨਾ ਦਾ ਮੁਕਾਬਲਾ ਕਰੀਏ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2361)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)