“ਪਾਟਿਆ ਹੋਇਆ ਜੀ ਵਿੱਚੋਂ। ਲਿਆਓ, ਛੇਤੀ ਕਰੋ। ਨਾਲੇ ਸਾਈਡ ’ਤੇ ਆ ਜਾਓ ਹੋਰ ਗਾਹਕ ਵੀ ...”
(14 ਜੁਲਾਈ 2022)
ਮਹਿਮਾਨ: 518.
ਕੁਲਵੰਤ ਕੋਲ ਪਤਾ ਨੀ ਕਿੱਥੋਂ ਇੱਕ ਵੀਹਾਂ ਦਾ ਨੋਟ ਆ ਗਿਆ ਜੋ ਅੱਧ ਵਿਚਕਾਰੋਂ ਫਟਿਆ ਹੋਇਆ ਸੀ। ਇਹ ਨੋਟ ਬੜੀ ਹੀ ਬਾਰੀਕੀ ਅਤੇ ਸਫ਼ਾਈ ਨਾਲ ਸੈਲੋ ਟੇਪ ਨਾਲ ਇਉਂ ਜੋੜ ਦਿੱਤਾ ਗਿਆ ਸੀ ਕਿ ਪਤਾ ਹੀ ਨਹੀਂ ਸੀ ਲਗਦਾ ਕਿ ਇਹ ਵੀਹਾਂ ਦਾ ਨੋਟ ਅਸਲੋਂ ਦੋਫ਼ਾੜ ਹੈ। ਹੁਣ ਇਹ ਵੀਹਾਂ ਦਾ ਨੋਟ ਕਿਵੇਂ ਅਤੇ ਕਿੱਥੇ ਚੱਲੇ? ਕੁਲਵੰਤ ਵਰਗੇ ਕਾਰੋਬਾਰੀ ਲਈ ਹਾਲਾਂਕਿ ਵੀਹ ਰੁਪਏ ਕੋਈ ਮਾਅਨੇ ਨਹੀਂ ਸੀ ਰੱਖਦੇ ਪਰ ਉਸ ਵਰਗੇ ਕੰਟਰ ਵਪਾਰੀ ਨੂੰ ਕੋਈ ਚੂਨਾ ਲੱਗਾ ਜਾਵੇ, ਇਹ ਉਸ ਨੂੰ ਗਵਾਰਾ ਨਹੀਂ ਸੀ ਹੋ ਰਿਹਾ। ਉਂਝ ਵੀ ਰੁਪਏ ਦਾ ਹਮੇਸ਼ਾ ਹੀ ਮੁੱਲ ਹੁੰਦਾ ਹੈ। ਵੀਹ ਰੁਪਏ ਦਾ ਨੋਟ ਵੀ ਬੜੇ ਕੰਮ ਸਾਰਦਾ ਹੈ। ਵੀਹ ਰੁਪਏ ਦਾ ਸੋਡਾ, ਵੀਹ ਦੀ ਨਮਕੀਨ, ਵੀਹ ਦੀ ਛੋਟੀ ਕੋਲਡ ਡਰਿੰਕ, ਵੀਹ ਦੀ ਪਾਲਕ ਦੀ ਗੁੱਛੀ, ਵੀਹ ਦਾ ਗੰਨੇ ਦਾ ਰਸ, ਵੀਹ ਦੀ ਸ਼ਿਕੰਜਵੀ, ਵੇਟਰ ਨੂੰ ਵੀਹ ਦੀ ਟਿੱਪ ਜਾਂ ਚੌਂਕ ਉੱਪਰ ਖੜ੍ਹੇ ਸ਼ਨੀਦੇਵ ਦੇ ਭਗਤਾਂ ਨੂੰ ਦਕਸ਼ਣਾ। ਭਾਵ, ਵੀਹ ਰੁਪਏ ਵੀ ਅਰਥ ਰੱਖਦੇ ਹਨ। ਉਸਨੇ ਵੀਹਾਂ ਦੇ ਇਸ ਦੋਫ਼ਾੜ ਹੋਏ ਨੋਟ ਨੂੰ ਆਪਣੇ ਪਰਸ ਵਿੱਚ ਰੱਖ ਲਿਆ ਅਤੇ ਅਜਿਹੇ ਮੌਕੇ ਨੂੰ ਤਲਾਸ਼ਣ ਲੱਗਾ ਜਿੱਥੇ ਉਹ ਇਸ ਨੋਟ ਨੂੰ ਚਲਾ ਸਕੇ।
ਅੱਜ ਮਹੱਲੇ ਵਿੱਚ ਰੇਹੜੀ ਵਾਲੇ ਤੋਂ ਕੁਲਵੰਤ ਨੇ ਸਬਜ਼ੀ ਲਈ ਜੋ ਕੁੱਲ ਚਾਰ ਸੌ ਵੀਹ ਰੁਪਏ ਦੀ ਬਣੀ। ਕੁਲਵੰਤ ਨੇ ਗੱਲ ਬਣਦੀ ਦੇਖ, ਬਿਨਾਂ ਕੋਈ ਭਾਅ ਕੀਤਿਆਂ, ਦੋ-ਦੋ ਸੌ ਦੇ ਦੋ ਨੋਟ ਅਤੇ ਇੱਕ ਉਹੀ ਵੀਹਾਂ ਦਾ ਨੋਟ ਪਰਸ ਵਿੱਚੋਂ ਕੱਢ ਸਬਜ਼ੀ ਵਾਲੇ ਨੂੰ ਫੜਾ ਦਿੱਤੇ। ਅੱਗੋਂ ਸਬਜ਼ੀ ਵਾਲਾ ਵੀ ਪਾਰਖੂ ਸੀ। ਉਸ ਝੱਟ ਹੀ ਵੀਹਾਂ ਦੇ ਨੋਟ ਦਾ ਕਾਣ ਫੜ ਲਿਆ। ਬੋਲਿਆ, “ਬਾਊ ਜੀ, ਯੇਹ ਬੀਸ ਕਾ ਨੋਟ ਨਹੀਂ ਚਲੇਗਾ, ਦੂਸਰਾ ਦੀਜੀਏ।”
“ਕਿਉਂ? ਕਿਆ ਹੁਆ ਇਸਕੋ … .?” ਕੁਲਵੰਤ ਅਣਜਾਣ ਜਿਹਾ ਹੋ ਕੇ ਬੋਲਿਆ।
“ਯੇਹ ਤੋਂ ਬਾਬੂ ਜੀ ਟੂ ਪੀਸ ਹੈ।” ਸਬਜ਼ੀ ਵਾਲੇ ਨੇ ਵੀਹ ਦਾ ਨੋਟ ਵਾਪਸ ਕਰਦਿਆਂ ਕਿਹਾ।
“ਅੱਛਾ ... ਦਿਖਾਓ ... ਪਤਾ ਨਹੀਂ ਕਿਸ ਨੇ ਦੇ ਦੀਆਂ … … ਚਲੋ। ਭਈ ਫਿਰ ਮੇਰੇ ਪਾਸ ਤੋਂ ਅਬ ਪਾਂਚ ਸੋ ਕਾ ਹੀ ਹੈ।” ਕੁਲਵੰਤ ਆਪਣੀ ਚਲਾਕੀ ਉੱਤੇ ਪਰਦਾ ਜਿਹਾ ਪਾਉਂਦਾ ਬੋਲਿਆ।
“ਕੋਈ ਬਾਤ ਨਹੀਂ ਸਰਦਾਰ ਜੀ, ਆਪ ਪਾਂਚ ਸੌ ਕਾ ਦੇ ਦੀਜੀਏ। ਮੈਂ ਅੱਸੀ ਦੇਤਾ ਹੂੰ।” ਸਬਜ਼ੀ ਵਾਲੇ ਕਿਹਾ।
ਕੁਲਵੰਤ ਹੁਣ ਭਾਅ ਕਰਨ ਜੋਗਾ ਵੀ ਨਾ ਰਿਹਾ ਕਿ ਚੱਲ ਚਾਰ ਸੌ ਲੈ ਲਾ। ਵੀਹ ਦਾ ਇਹ ਨੋਟ ਮੁੜ ਕੁਲਵੰਤ ਦੇ ਪਰਸ ਵਿੱਚ ਜਾ ਟਿਕਿਆ। ਕੁਲਵੰਤ ਹੁਣ ਅਗਲੇ ਮੌਕੇ ਦੀ ਤਲਾਸ਼ ਕਰਨ ਲੱਗਾ।
ਬੜੀ ਹੀ ਭਿਅਨਕ ਗਰਮੀ ਸੀ ਅੱਜ। ਦੁਪਹਿਰ ਤਕ ਪਾਰਾ ਛਿਆਲੀ ਡਿਗਰੀ ਤੋਂ ਉੱਪਰ ਸੀ। ਸ਼ਾਮ ਤਕ ਵੀ ਗਰਮ ਹਵਾਵਾਂ ਚੱਲ ਰਹੀਆਂ ਸਨ। ਗਰਮੀ ਕਰਕੇ ਕੋਈ ਗਾਹਕ ਵੀ ਕੁਲਵੰਤ ਦੀ ਦੁਕਾਨ ਉੱਤੇ ਨਹੀਂ ਸੀ ਆ ਰਿਹਾ, ਐਵੇਂ ਇੱਕਾ-ਦੁੱਕਾ ਨੂੰ ਛੱਡਕੇ। ਦੁਕਾਨ ਦਾ ਏ.ਸੀ. ਵੀ ਸਮਝੋ ਬੇਵੱਸ ਸੀ। ਕੁਲਵੰਤ ਨੇ ਘੜੀ ਵਲ ਵੇਖਿਆ, ਹਾਲੇ ਸ਼ਾਮ ਦੇ ਸੱਤ ਹੀ ਵੱਜੇ ਸਨ। ਆਮ ਤੌਰ ਉੱਤੇ ਕੁਲਵੰਤ ਦੁਕਾਨ ਅੱਠ ਵਜੇ ਦੇ ਕਰੀਬ ਬੰਦ ਕਰਦਾ ਸੀ ਪਰ ਅੱਜ ਇੱਕ ਤਾਂ ਗਾਹਕ ਦੀ ਕੋਈ ਉਮੀਦ ਨਹੀਂ ਸੀ ਤੇ ਦੂਜੇ ਅੱਜ ਸਨਿੱਚਰਵਾਰ ਸੀ, ਉਸ ਸੋਚਿਆ ਕਿਉਂ ਨਾ ਚਲੋ ਅੱਜ ਜਲਦੀ ਦੁਕਾਨ ਬੰਦ ਕਰਕੇ ਘਰ ਜਾਇਆ ਜਾਵੇ ਅਤੇ ਫਰੈੱਸ਼ ਹੋ ਕੇ ਘਰੇ ਭਾਪਾ ਜੀ ਨਾਲ ਠੰਢੀ ਬੀਅਰ ਪੀਤੀ ਜਾਵੇ। ਕੁਲਵੰਤ ਦੇ ਭਾਪਾ ਜੀ ਭਾਵੇਂ ਰੋਜ਼ ਨਹੀਂ ਸਨ ਪੀਂਦੇ ਪਰ ਸ਼ੁਗਲ ਮੇਲੇ ਵਜੋਂ ਹਫ਼ਤੇ ਮਗਰੋਂ ਕੁਲਵੰਤ ਨਾਲ ਸੁਲ੍ਹਾ ਮਾਰ ਲੈਂਦੇ ਸਨ। ਨਾਲ ਹੀ ਘਰੇਲੂ ਮਸਲਿਆਂ ਅਤੇ ਕਾਰੋਬਾਰ ਸਬੰਧੀ ਵੀ ਗੱਲਬਾਤ ਹੋ ਜਾਂਦੀ। ਕੁਲਵੰਤ ਨੇ ਮੁੰਡੇ ਨੂੰ ਦੁਕਾਨ ਬੰਦ ਕਰਨ ਲਈ ਕਹਿ, ਦੁਕਾਨ ਵਧਾ ਦਿੱਤੀ।
ਰਾਹ ਵਿੱਚ ਹੀ ਠੇਕਾ ਸੀ। ਕੁਲਵੰਤ ਨੇ ਸੋਚਿਆ ਛੇ ਬੀਅਰਾਂ ਲੈ ਚਲਦਾ ਹਾਂ, ਅਗਲੇ ਦਿਨ ਐਤਵਾਰ ਤਕ ਚੱਲ ਜਾਵੇਗੀ। ਠੇਕੇ ਜਾ ਕੇ ਬੀਅਰ ਦਾ ਰੇਟ ਪੁੱਛਿਆ ਤਾਂ ਇੱਕ ਸੌ ਵੀਹ ਰੁਪਏ ਦੇ ਹਿਸਾਬ ਨਾਲ ਛੇ ਬੋਤਲਾਂ ਦੇ ਸੱਤ ਸੌ ਵੀਹ ਰੁਪਏ ਬਣੇ। ਕੁਲਵੰਤ ਨੂੰ ਉਸ ਵੀਹ ਦੇ ਨੋਟ ਦੀ ਖਲਾਸੀ ਲਈ ਇਹ ਵਧੀਆ ਮੌਕਾ ਜਾਪਿਆ। ਉਸ ਨੇ ਪਰਸ ਵਿੱਚੋਂ ਇੱਕ ਪੰਜ ਸੌ ਦਾ ਨੋਟ, ਇੱਕ ਦੋ ਸੌ ਦਾ ਨੋਟ ਅਤੇ ਵੀਹਾਂ ਦਾ ਉਹੀ ਨੋਟ ਕੱਢਿਆ ਅਤੇ ਪੂਰੇ ਵਿਸ਼ਵਾਸ ਨਾਲ ਕਾਊਂਟਰ ਉੱਤੇ ਰੱਖਦਿਆਂ ਕਿਹਾ, “ਦਿਓ ਜੀ, ਛੇ ਬੀਅਰਾਂ, ਇੱਕਦਮ ਚਿੱਲਡ।”
ਬੀਅਰਾਂ ਫਰਿੱਜ ਵਿੱਚੋਂ ਕੱਢੀਆਂ ਜਾਣ ਲੱਗੀਆਂ। ਪਰ ਕੈਸ਼ ਕਾਊਂਟਰ ਉੱਪਰ ਬੈਠੇ ਕਾਰਿੰਦੇ ਨੇ ਵੀਹਾਂ ਦਾ ਨੋਟ ਮੋੜਦਿਆਂ ਕਿਹਾ, “ਦੂਜਾ ਦਿਓ ਵੀਰ ਜੀ ਵੀਹ ਦਾ ਨੋਟ।”
“ਕੀ ਹੋ ਗਿਆ ਇਹਨੂੰ ਭਾ ਜੀ?” ਕੁਲਵੰਤ ਬੋਲਿਆ।
“ਪਾਟਿਆ ਹੋਇਆ ਜੀ ਵਿੱਚੋਂ। ਲਿਆਓ, ਛੇਤੀ ਕਰੋ। ਨਾਲੇ ਸਾਈਡ ’ਤੇ ਆ ਜਾਓ ਹੋਰ ਗਾਹਕ ਵੀ ਭੁਗਤਾਉਣੇ ਨੇ।” ਕਾਰਿੰਦਾ ਬੇਰੁਖ਼ੀ ਨਾਲ ਬੋਲਿਆ।
ਦਾਲ ਨਾ ਗਲਦੀ ਵੇਖ ਕੁਲਵੰਤ ਨੇ ਜੇਬ ਵਿੱਚੋਂ ਦਸਾਂ-ਦਸਾਂ ਦੇ ਦੋ ਨੋਟ ਕੱਢ ਕੇ ਕਾਰਿੰਦੇ ਨੂੰ ਫੜਾਏ ਅਤੇ ਬੀਅਰਾਂ ਕਾਊਂਟਰ ਤੋਂ ਚੁੱਕ ਗੱਡੀ ਵਿੱਚ ਰੱਖ ਲਈਆਂ। ਉਹ ਵੀਹਾਂ ਦਾ ਨੋਟ ਹੁਣ ਉਸਨੇ ਪਰਸ ਵਿੱਚ ਨਹੀਂ, ਆਪਣੀ ਟੀ-ਸ਼ਰਟ ਦੀ ਜੇਬ ਵਿੱਚ ਹੀ ਰੱਖ ਲਿਆ ਤੇ ਗੱਡੀ ਘਰ ਵੱਲ ਨੂੰ ਤੋਰ ਲਈ।
ਦਰਅਸਲ ਗੱਲ ਵੀਹ ਰੁਪਏ ਦੀ ਨਹੀਂ ਸੀ। ਵੀਹਾਂ ਦੇ ਇਹ ਪਾਟੇ ਨੋਟ ਨਾਲ ਸਮਝੋ ਉਹ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਸੀ। ਆਪਣੇ ਨਾਲ ਹੋਈ ਠੱਗੀ ਦਾ ਇੱਕ ਤਰ੍ਹਾਂ ਉਹ ਬਦਲਾ ਲੈਣਾ ਚਾਹੁੰਦਾ ਸੀ, ਪਰ ਲਵੇ ਕਿਸ ਤੋਂ? ਖਿਆਲਾਂ ਦੀ ਇਸੇ ਲੜੀ ਵਿੱਚ ਅੱਗੋਂ ਲਾਲ ਬਤੀ ਹੋਈ। ਉਸ ਨੇ ਗੱਡੀ ਨੂੰ ਬਰੇਕ ਲੱਗਾ ਲਈ ਤੇ ਨਾਲੇ ਆਪਣੇ ਖਿਆਲਾਂ ਨੂੰ। ਇੰਨੇ ਵਿੱਚ ਇੱਕ ਮੰਗਤੇ ਨੇ ਆ ਕੇ ਕਾਰ ਦਾ ਸ਼ੀਸ਼ਾ ਖੜਕਾਇਆ। ਕੁਲਵੰਤ ਲਾਈਟਾਂ ਉੱਪਰ ਖੜ੍ਹੇ ਮੰਗਤਿਆਂ ਨੂੰ ਪੈਸੇ ਦੇਣ ਦੇ ਕਦੇ ਵੀ ਹੱਕ ਵਿੱਚ ਨਹੀਂ ਸੀ। ਅਚਾਨਕ ਉਸ ਨੂੰ ਆਪਣੀ ਟੀ-ਸ਼ਰਟ ਦੀ ਜੇਬ ਵਿੱਚ ਰੱਖੇ ਵੀਹਾਂ ਦੇ ਨੋਟ ਦਾ ਖਿਆਲ ਆਇਆ। ਉਸ ਨੇ ਸੋਚਿਆ ਕਿਉਂ ਨਾ ਵੀਹਾਂ ਦਾ ਉਹ ਨੋਟ ਇਸ ਮੰਗਤੇ ਨੂੰ ਦਿੱਤਾ ਜਾਵੇ। ਨਾਲੇ ਪੰਨ੍ਹ, ਨਾਲੇ ਫ਼ਲੀਆਂ। ਉਸ ਨੇ ਗੱਡੀ ਦਾ ਸ਼ੀਸ਼ਾ ਹੇਠਾਂ ਕੀਤਾ ਤੇ ਉਹ ਵੀਹਾਂ ਦਾ ਨੋਟ ਉਸ ਮੰਗਤੇ ਵਲ ਵਧਾਇਆ। ਮੰਗਤੇ ਨੇ ਉਸ ਨੂੰ ਹਾਲੇ ਅਸੀਸ ਦੇਣੀ ਸ਼ੁਰੂ ਹੀ ਕੀਤੀ ਸੀ ਕਿ ਅਚਾਨਕ ਪਤਾ ਨਹੀਂ ਕੀ ਹੋਇਆ? ਉਸ ਮੰਗਤੇ ਨੇ ਝੱਟ ਹੀ ਨੋਟ ਮੋੜਦਿਆਂ ਕਿਹਾ, “ਇਹ ਨੀ ਚੱਲਣਾ ਸਰਦਾਰ ਜੀ … … ਜੇ ਖੁੱਲ੍ਹੇ ਨੀ ਤਾਂ ਭਾਵੇਂ ਕਾਰਡ ਸਵਾਈਪ ਕਰਦੋ।” ਮੰਗਤੇ ਨੇ ਝੋਲੇ ਵਿੱਚੋਂ ਕਾਰਡ ਸਵਾਈਪ ਮਸ਼ੀਨ ਕੱਢਦਿਆਂ ਕਿਹਾ।
“ਫੜਾ ਇੱਧਰ ਨੋਟ, ਹੋਇਆ ਸਵਾਈਪ ਦਾ, ਥੋਡੇ ਨਖ਼ਰੇ ਨੀ ਮਾਣ।” ਕੁਲਵੰਤ ਨੇ ਗੁੱਸੇ ਵਿੱਚ ਸ਼ੀਸ਼ਾ ਉੱਪਰ ਚੜ੍ਹਾ ਲਿਆ। ਲਾਈਟ ਹਰੀ ਹੋ ਚੁੱਕੀ ਸੀ। ਉਸ ਨੇ ਗੱਡੀ ਤੋਰ ਲਈ। ਉਹ ਮੰਗਤੇ ਦੀ ਪਾਰਖੂ ਨਜ਼ਰ ਤੋਂ ਹੈਰਾਨ ਹੀ ਨਹੀਂ ਸਗੋਂ ਪਰੇਸ਼ਾਨ ਵੀ ਹੋ ਰਿਹਾ ਸੀ। ਕੁਲਵੰਤ ਨੂੰ ਜਾਪਿਆ ਕਿ ਉਸ ਤੋਂ ਇਲਾਵਾ ਸੰਸਾਰ ਵਿੱਚ ਸਾਰੇ ਹੀ ਚੇਤੰਨ ਤੇ ਸਿਆਣੇ ਨੇ। ਬੱਸ ਇੱਕ ਓਹੀ ਹੀ ਹੈ ਜੋ … …।
ਘਰ ਪਹੁੰਚ ਕੇ ਕੁਲਵੰਤ ਘਰਵਾਲੀ ਨੂੰ ਚਾਰ ਆਂਡਿਆਂ ਦੀ ਭੁਰਜੀ ਦੀ ਫਰਮਾਇਸ਼ ਕਰਦਿਆਂ ਭਾਪਾ ਜੀ ਨੂੰ ਕਹਿਣ ਲੱਗਾ, “ਭਾਪਾ ਜੀ ਰੋਟੀ ਜ਼ਰਾ ਲੇਟ ਖਾਵਾਂਗੇ। ਮੈਂ ਬੀਅਰ ਲਿਆਂਦੀ ਹੈ। ਮੈਂ ਨ੍ਹਾ ਕੇ ਆਇਆ। ਬੈਠਦੇ ਹਾਂ।”
ਇੱਕ-ਇੱਕ ਬੀਅਰ ਦੋਹਾਂ ਨੇ ਪੀ ਲਈ। ਭਾਪਾ ਜੀ ਕੁਝ ਲੋਰ ਵਿੱਚ ਆਉਂਦਿਆਂ ਕੁਲਵੰਤ ਨੂੰ ਕਹਿਣ ਲੱਗੇ, “ਦੇਖ ਬਈ ਪੁੱਤਰਾ, ਆਪਣੇ ਕਾਰੋਬਾਰ ਦਾ ਬੂਟਾ ਤੇਰੇ ਦਾਦਾ ਜੀ ਨੇ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਸਿੰਜਿਆ ਸੀ। ਫੇਰ ਮੈਂ ਇਸ ਵਧੇ-ਫੁੱਲੇ ਕਾਰੋਬਾਰ ਦੀ ਛਾਂ ਮਾਣੀ ਤੇ ਮੈਨੂੰ ਖੁ਼ਸ਼ੀ ਹੈ ਕਿ ਹੁਣ ਤੂੰ ਇਸ ਨੂੰ ਅੱਗੇ ਵਧਾ ਰਿਹਾ ਹੈਂ। ਮੈਂ ਤਾਂ ਕੁਲਵੰਤ ਹੁਣ ਨਦੀ ਕਿਨਾਰੇ ਖਲੋਤਾ ਰੁੱਖੜਾ ਹਾਂ , ਪਤਾ ਨੀ ਕਦੋਂ ਪਾਣੀ ਦੀ ਛੱਲ ਰੋੜ੍ਹ ਕੇ ਲੇ ਜਾਏ। ਤੂੰ ਬੱਸ ਇੱਕ ਖਿਆਲ ਰੱਖੀਂ … …। ਕਾਰੋਬਾਰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰੀਂ। ਨਾ ਕਿਸੇ ਨਾਲ ਬੇਈਮਾਨੀ ਕਰਨੀ ਹੈ ਤੇ ਨਾ ਹੀ ਕਿਸੇ ਨੂੰ ਆਪਣੇ ਨਾਲ ਕਰਨ ਦੇਣੀ ਹੈ। ਅੱਖਾਂ ’ਤੇ ਕੰਨ ਖੋਲ੍ਹ ਕੇ ਕਾਰੋਬਾਰ ਕਰੀਂ ਪੁੱਤਰਾ … …।”
ਭਾਪਾ ਜੀ ਦੇ ਆਖ਼ਰੀ ਵਾਕ ਨਾਲ ਕੁਲਵੰਤ ਅੰਦਰੋਂ-ਅੰਦਰੀ ਝੰਜੋੜਿਆ ਗਿਆ। ਇੱਕ ਵਾਰ ਫੇਰ ਉਸਦਾ ਧਿਆਨ ਵੀਹਾਂ ਦੇ ਉਸ ਨੋਟ ਵੱਲ ਚਲਾ ਗਿਆ। ਉਹਨੇ ਚਾਹੁੰਦਿਆਂ ਹੋਇਆਂ ਵੀ ਇਸ ਬਾਰੇ ਭਾਪਾ ਜੀ ਨਾਲ ਕੋਈ ਗੱਲ ਨਾ ਕੀਤੀ। ਉਸ ਨੂੰ ਜਾਪਿਆ ਕਿ ਪੀਤੀ ਬੀਅਰ ਜਿਵੇਂ ਲੱਥ ਗਈ ਹੋਵੇ। ਉਸ ਦੇ ਮਨ ਨੂੰ ਇੱਕ ਅਜੀਬ ਜਿਹੀ ਅੱਚਵੀਂ ਲੱਗੀ ਹੋਈ ਸੀ। ਉਸ ਨੇ ਬੇਮਨ ਨਾਲ ਰੋਟੀ ਖਾਧੀ। ਉੱਸਲਵੱਟੇ ਲੈਂਦੇ ਨੂੰ ਕਦੋਂ ਨੀਂਦ ਆ ਗਈ, ਕੁਲਵੰਤ ਨੂੰ ਪਤਾ ਹੀ ਨਾ ਲੱਗਾ।
ਸਵੇਰੇ ਨਾਸ਼ਤੇ ਵੇਲੇ ਕੁਲਵੰਤ ਦੀ ਘਰਵਾਲੀ ਨੇ ਕਿਹਾ, “ਗਵਾਂਢੀਆਂ ਦੇ ਦਾਰ ਜੀ ਦਾ ਅੱਜ ਭੋਗ ਹੈ। ਭਾਪਾ ਜੀ ਤੋਂ ਨੀ ਜਾ ਹੋਣਾ, ਗੋਡਾ ਦੁਖਦੈ। ਮੇਰੇ ਕੱਪੜੇ ਧੋਣ ਵਾਲੇ ਪਏ ਨੇ ਹਫ਼ਤੇ ਤੋਂ, ਤੁਸੀਂ ਹੀ ਜਾ ਆਉਣਾ ਭੋਗ ਉੱਤੇ। ਬਾਰਾਂ ਤੋਂ ਇੱਕ ਐ, ਵੱਡੇ ਗੁਰਦੁਆਰੇ।”
“ਚੰਗਾ, ਜਾ ਆਊਂਗਾ” ਕੁਲਵੰਤ ਬੋਲਿਆ।
ਕੁਲਵੰਤ ਗੁਰਦੁਆਰੇ ਪੁਜਾ ਤਾਂ ਅੱਗੇ ਦਾਰ ਜੀ ਦਾ ਵੱਡਾ ਪੁੱਤਰ ਮਿੰਟੂ ਹੱਥ ਬੰਨ੍ਹੀ ਸਭ ਨੂੰ ਪਹਿਲੋਂ ਲੰਗਰ ਛਕਣ ਲਈ ਕਹਿ ਰਿਹਾ ਸੀ।
“ਪਹਿਲਾਂ ਹਾਜ਼ਰੀ ਲਵਾ ਲਈਏ ਮਿੰਟੂ, ਫੇਰ ਲੰਗਰ ਛਕ ਲਵਾਂਗੇ।” ਕੁਲਵੰਤ ਨੇ ਮਿੰਟੂ ਨੂੰ ਜੱਫ਼ੀ ਵਿੱਚ ਲੈਂਦਿਆਂ ਦਾਰ ਜੀ ਦੇ ਜਾਣ ਦਾ ਅਫ਼ਸੋਸ ਜ਼ਾਹਿਰ ਕੀਤਾ।
ਅੰਦਰ ਦਰਬਾਰ ਹਾਲ ਵਿੱਚ ਰਾਗੀ ਵੈਰਾਗਮਈ ਸ਼ਬਦ ਗਾ ਰਹੇ ਸਨ। ਕੁਲਵੰਤ ਮੱਥਾ ਟੇਕਣ ਲਈ ਕਤਾਰ ਵਿੱਚ ਜਾ ਲੱਗਾ। ਕਣੱਖੀਆਂ ਤੱਕਦਿਆਂ, ਬੜੀ ਸ਼ਰਧਾ ਨਾਲ ਕੁਲਵੰਤ ਨੇ ਓਹੀ ਵੀਹ ਰੁਪਇਆਂ ਦਾ ਮੱਥਾ ਟੇਕਿਆ। ਦਾਰ ਜੀ ਦੇ ਪਰਿਵਾਰਕ ਮੈਂਬਰਾਂ ਨੂੰ ਫ਼ਤਹਿ ਬੁਲਾ ਉਹ ਸੰਗਤ ਵਿੱਚ ਬਹਿ ਗਿਆ ਅਤੇ ਹੋ ਰਹੇ ਕੀਰਤਨ ਵਿੱਚ ਲੀਨ ਹੋ ਗਿਆ।
ਮਣਾਂ-ਮੂੰਹੀਂ ਬੋਝ ਤੋਂ ਜਿਵੇਂ ਕੁਲਵੰਤ ਹੁਣ ਹਲਕਾ ਹੋ ਗਿਆ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3686)
(ਸਰੋਕਾਰ ਨਾਲ ਸੰਪਰਕ ਲਈ: