ਸ੍ਰੀ ਰੂਪ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ।
(31 ਅਕਤੂਬਰ 2017)
ਵੱਖ-ਵੱਖ ਸਾਹਿਤਕ ਸਮਾਗਮਾਂ ਵਿਚ ਕੀਤੀ ਸ਼ਿਰਕਤ
ਨਾਮਵਰ ਪੰਜਾਬੀ ਲੇਖਕ ਅਤੇ ਉੱਘੇ ਵਕੀਲ ਰਿਪੁਦਮਨ ਸਿੰਘ ਰੂਪ ਦਾ ਉਨ੍ਹਾਂ ਦੀ ਕੈਨੇਡਾ ਫੇਰੀ ਦੌਰਾਨ ਕੈਲਗਰੀ ਪਹੁੰਚਣ ਉੱਤੇ ਅਰਪਨ ਲਿਖਾਰੀ ਸਭਾ, ਕੈਲਗਰੀ ਵੱਲੋਂ ਸਾਹਿਤਕਾਰਾਂ ਅਤੇ ਕਲਾਕਾਰਾਂ ਦੀ ਭਰਵੀਂ ਹਾਜ਼ਰੀ ਵਿਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਸਤਪਾਲ ਕੌਰ ਅਤੇ ਰੰਗਕਰਮੀ ਪੁੱਤਰ ਐਡਵੋਕੇਟ ਰੰਜੀਵਨ ਸਿੰਘ ਵੀ ਨਾਲ ਸਨ। ਕੈਲਗਰੀ ਰਹਿੰਦੇ ਸ਼੍ਰੋਮਣੀ ਸਾਹਿਤਕਾਰ ਕੇਸਰ ਸਿੰਘ ਨੀਰ ਨੇ ਰਿਪੁਦਮਨ ਸਿੰਘ ਰੂਪ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪ ਪੰਜਾਬੀ ਜਗਤ ਦੇ ਪ੍ਰਸਿੱਧ ਸਾਹਿਤਕਾਰ ਸੰਤੋਖ ਸਿੰਘ ਧੀਰ ਦੇ ਛੋਟੇ ਵੀਰ ਹਨ। ਰੂਪ ਕਿੱਤੇ ਤੋਂ ਭਾਵੇ ਹਾਈ ਕੋਰਟ ਦੇ ਵਕੀਲ ਹਨ ਪਰ ਨਾਲ ਦੀ ਨਾਲ ਸਹਿਤਕ ਜਗਤ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ। ਸ੍ਰੀ ਰੂਪ ਨੇ ਕਾਵਿ ਸੰਗ੍ਰਹਿ ਰਾਣੀ ਰੁੱਤ, ਕਹਾਣੀ ਸੰਗ੍ਰਹਿ ਦਿਲ ਦੀ ਅੱਗ, ਬਹਾਨੇ ਬਹਾਨੇ, ਓਪਰੀ ਹਵਾ, ਬਦਮਾਸ਼, ਲੇਖ ਸੰਗ੍ਰਹਿ ਬੰਨੇ ਚੰਨੇ ਅਤੇ ਨਾਵਲ ਝੱਖੜਾਂ ਵਿਚ ਝੂਲਦਾ ਰੁੱਖ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਸ਼੍ਰੀ ਨੀਰ ਨੇ ਅੱਗੇ ਦੱਸਿਆ ਕਿ ਕਿਸ ਤਰ੍ਹਾਂ ਰੂਪ ਨੇ ਇੱਕ ਸਕੂਲ ਟੀਚਰ ਤੋਂ ਜੀਵਨ ਸ਼ੁਰੂ ਕਰਕੇ ਹਾਈਕੋਰਟ ਦੇ ਵਕੀਲ ਤਕ ਦਾ ਸਫ਼ਰ ਤੈਅ ਕੀਤਾ ਅਤੇ ਨਾਲ ਹੀ ਆਪਣੀ ਬਹੁ-ਵਿਧਾਵੀ ਸਾਹਿਤਕ ਯਾਤਰਾ ਜਾਰੀ ਰੱਖੀ ਅਤੇ ਲੋਕ ਹੱਕਾਂ ਲਈ ਲੜਦਿਆਂ ਅਨੇਕਾਂ ਵਾਰ ਜੇਲਾਂ ਕੱਟੀਆਂ। ਉਹਨਾਂ ਦੱਸਿਆ ਕਿ ਇਨ੍ਹਾਂ ਦਾ ਵੱਡਾ ਲੜਕਾ ਸੰਜੀਵਨ ਸਿੰਘ ਸਥਾਪਿਤ ਨਾਟਕਕਾਰ ਹੈ ਅਤੇ ਨਾਲ ਆਇਆ ਛੋਟਾ ਲੜਕਾ ਰੰਜੀਵਨ ਸਿੰਘ ਵੀ ਵਕਾਲਤ ਦੇ ਨਾਲ ਨਾਲ ਸਾਹਿਤਕ ਮੱਸ ਹੀ ਨਹੀਂ ਰੱਖਦਾ ਸਗੋਂ ਰੰਗ-ਮੰਚ ਅਤੇ ਫਿਲਮਾਂ ਦਾ ਅਦਾਕਾਰ ਵੀ ਹੈ।
ਸ੍ਰੀ ਰੂਪ ਨੇ ਆਪਣੀ ਮਹੀਨੇ ਦੀ ਕੈਨੇਡਾ ਫੇਰੀ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨਾਲ ਪਾਰਲੀਮੈਂਟ ਹਿੱਲਜ਼ ਓਟਵਾ ਵਿਖੇ ਫੈਡਰਲ ਮੰਤਰੀ ਸ੍ਰੀ ਅਮਰਜੀਤ ਸੋਹੀ ਦੇ ਯਤਨਾਂ ਸਦਕਾ ਮੁਲਾਕਾਤ ਕੀਤੀ ਅਤੇ ਆਪਣੇ ਨਾਵਲ “ਝੱਖੜਾਂ ਵਿਚ ਝੂਲਦਾ ਰੁੱਖ” ਅਤੇ ਨਿਬੰਧ ਸੰਗ੍ਰਹਿ “ਬੰਨੇ-ਚੰਨੇ” ਦੇ ਸੈੱਟ ਭੇਂਟ ਕੀਤੇ ਗਏ। ਇਸ ਦੌਰਾਨ ਸ੍ਰੀ ਰੂਪ ਅਤੇ ਰੰਜੀਵਨ ਸਿੰਘ ਵੱਲੋਂ ਟਰਾਂਟੋ ਵਿਖੇ ਹੋਈ 19 ਵੀਂ ਗੁਰੂ ਨਾਨਕ ਕਾਰ ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।
‘ਕਲਮਾਂ ਦਾ ਕਾਫਲਾ’ ਵੱਲੋਂ ਬਰੈਂਪਟਨ ਵਿਖੇ ਉੱਘੇ ਕਹਾਣੀਕਾਰ ਸ੍ਰੀ ਵਰਿਆਮ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਸਾਹਿਤਕ ਮਿਲਣੀ ਦੌਰਾਨ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸ੍ਰੀ ਰੂਪ ਨੇ ਆਪਣੇ ਵੱਡੇ ਵੀਰ ਸ੍ਰੀ ਸੰਤੋਖ ਸਿੰਘ ਧੀਰ ਦੀ ਸੋਚ ਨੂੰ ਬਿਆਨਦੀ ਕਵਿਤਾ ‘ਫਿਕਰ ਨਾ ਕਰੀਂ ਵੀਰ’ ਸਾਂਝੀ ਕੀਤੀ।
ਰੂਪ ਪਰਿਵਾਰ ਨਾਮਵਰ ਕਵੀ ਸ੍ਰੀ ਗੁਰਚਰਨ ਰਾਮਪੁਰੀ ਨੂੰ ਉਨ੍ਹਾਂ ਦੇ ਕੌਕੁਇਟਲਮ (ਵੈਨਕੂਵਰ) ਵਿਚਲੇ ਘਰ ਵਿਚ ਮਿਲਿਆ ਜਿਸ ਮੌਕੇ ਸ੍ਰੀ ਰਾਮਪੁਰੀ ਨੇ ਆਪਣੇ ਸਾਹਿਤਕਾਰ ਸਾਥੀਆਂ ਸੰਤੋਖ ਸਿੰਘ ਧੀਰ ਅਤੇ ਬਲਵੰਤ ਗਾਰਗੀ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਰੂਪ ਪਰਿਵਾਰ ਸਰੀ ਵਿਖੇ ਗੁਰਦੀਪ ਆਰਟ ਅਕੈਡਮੀ ਦੇ ਵਿਹੜੇ ਪਹੁੰਚੇ ਜਿੱਥੇ ਉਨ੍ਹਾਂ ਨੇ ਸਰੀ ਵਿਖੇ ਚੱਲ ਰਹੀਆਂ ਰੰਗਮੰਚੀ ਗਤੀਵਿਧੀਆਂ ਬਾਬਤ ਸਾਂਝਾਂ ਪਾਈਆਂ। ਸਰੀ ਵਿਖੇ ਹੀ ਪਦਮ ਸ੍ਰੀ ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸੰਮੇਲਨ (ਉੱਤਰੀ ਅਮਰੀਕਾ) ਵਿਚ ਹੋਏ ਵਿਸ਼ਾਲ ਕਵੀ ਦਰਬਾਰ ਵਿਚ ਸ੍ਰੀ ਰੂਪ ਵੱਲੋਂ ਆਪਣੀ ਚਰਚਿਤ ਕਵਿਤਾ ‘ਇੱਟਾਂ’ ਅਤੇ ਰੰਜੀਵਨ ਵੱਲੋਂ ਆਪਣੀ ਨਜ਼ਮ ‘ਸੱਚ ਏਨਾ ਤੂੰ ਬੋਲ’ ਨਾਲ ਹਾਜ਼ਰੀ ਲਵਾਈ ਗਈ।
ਸ੍ਰੀ ਰੂਪ ਆਪਣੀ ਕੈਨੇਡਾ ਫੇਰੀ ਦੌਰਾਨ ਮਿੱਲਵੁੱਡਜ਼ ਕਲਚਰਲ ਸੁਸਾਇਟੀ ਆਫ ਰਿਟਾਇਰਡ ਅਤੇ ਸੈਮੀ ਰਿਟਾਇਰਡ ਐਡਮਿੰਟਨ ਵਿਖੇ ਪਹੁੰਚੇ। ਸ੍ਰੀ ਰੂਪ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਹੈ ਕਿ ਸੁਸਾਇਟੀ ਸੀਨੀਅਰ ਨਾਗਰਿਕਾਂ ਦੇ ਸਾਹਿਤਕ, ਸਮਾਜਿਕ ਅਤੇ ਸਭਿਆਚਾਰਕ ਸੁਹਜ-ਸੁਆਦ ਦੀ ਤ੍ਰਿਪਤੀ ਕਰਵਾ ਰਹੀ ਹੈ।
ਐਡਮੰਟਨ ਵਿਖੇ ਹੀ ਪ੍ਰੌਗ੍ਰੈਸਿਵ ਪੀਪਲਜ਼ ਫਾਊਂਡੇਸ਼ਨ ਆਫ ਐਡਮਿੰਟਨ ਵੱਲੋਂ ਕਰਵਾਏ ਗਏ ਰੂਸੀ ਇਨਲਕਾਬ ਦੇ ਸੌ ਸਾਲਾ ਸਮਾਗਮ ਦੌਰਾਨ ਬੋਲਦਿਆਂ ਸ੍ਰੀ ਰੂਪ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਦੁਨਿਆਂ ਭਰ ਦੇ ਮਿਹਨਤਕਸ਼ਾਂ ਨੂੰ ਇੱਕ ਹੋਣ ਦੀ ਲੋੜ ਹੈ। ਇਸ ਮੌਕੇ ਸ੍ਰੀ ਰੂਪ ਵੱਲੋਂ ਆਪਣੀਆਂ ਚਰਚਿੱਤ ਕਵਿਤਾਵਾਂ ਇੱਟਾਂ, ਦਿੱਲੀ ਆਓ ਅਤੇ ਰੰਜੀਵਨ ਸਿੰਘ ਵੱਲੋਂ ਆਪਣੀਆਂ ਕਵਿਤਾਵਾਂ ‘ਮਲਾਲਾ’ ਅਤੇ ‘ਉਡੀਕ ਰਹੇ ਹਾਂ ਕਿਸ ਨੂੰ’ ਸਾਂਝੀਆਂ ਕੀਤੀਆਂ।
ਆਪਣੀ ਪੂਰੀ ਕੈਨੇਡਾ ਫੇਰੀ ਦੌਰਾਨ ਸ੍ਰੀ ਰਿਪੂਦਮਨ ਸਿੰਘ ਰੂਪ ਅਤੇ ਰੰਜੀਵਨ ਸਿੰਘ ਗਾਉਂਦਾ ਪੰਜਾਬ ਟੀ.ਵੀ, ਟੱਰਕ-ਇੰਨ ਟੀ.ਵੀ. ਓਮਨੀ ਟੀ.ਵੀ. ਤੇ ਵਾਈ ਟੀ.ਵੀ. ਅਤੇ ਰੇਡਿਓ ਸਪਾਇਸ, ਰੇਡਿਓ ਸਾਊਥ ਏਸ਼ੀਆ, ਰੇਡਿਓ 50 50 ਐੱਫ.ਐੱਮ., ਰੇਡਿਓ ਸੁਰ ਸੰਗਮ ਅਤੇ ਰੇਡਿਓ ਰੈੱਡ ਐੱਫ.ਐੱਮ. ਰਾਹੀਂ ਕੈਨੇਡਾ ਵਾਸੀਆਂ ਨਾਲ ਰੂ-ਬ-ਰੂ ਹੋਏ।
ਸ੍ਰੀ ਰੂਪ ਅਤੇ ਰੰਜੀਵਨ ਸਿਘ ਨੇ ਆਪਣੀ ਕੈਨੇਡਾ ਫੇਰੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਕੈਨੇਡਾ ਫੇਰੀ ਦੌਰਾਨ ਹੋਏ ਸਭਿਆਚਾਰਕ/ਸਾਹਿਤਕ, ਰਾਜਸੀ,ਆਰਿਥਕ, ਸਮਾਜਿਕ ਅਨੁਭਵਾਂ ਨੂੰ ਭਵਿੱਖ ਵਿੱਚ ਆਪਣੀਆਂ ਲਿਖਤਾਂ ਰਾਹੀਂ ਸਾਂਝਾ ਕਰਨਗੇ।
**
ਤਸਵੀਰਾਂ ਦਾ ਵੇਰਵਾ:
1. ਪਾਰਲੀਮੈਂਟ ਹਿੱਲਜ਼ ਓਟਵਾ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਮੌਕੇ।
2. ਸ੍ਰੀ ਰਿਪੂਦਮਨ ਸਿੰਘ ਰੂਪ ਦਾ ਸਨਮਾਨ ਕਰਦਿਆਂ ਅਰਪਨ ਲਿਖਾਰੀ ਸਭਾ ਕੈਲਗਰੀ ਦੇ ਅਹੁਦੇਦਾਰ। ਨਾਲ ਨਜ਼ਰ ਆ ਰਹੇ ਹਨ ਸ੍ਰੀ ਰੂਪ ਦੀ ਪਤਨੀ ਸਤਪਾਲ ਕੌਰ ਅਤੇ ਪੁੱਤਰ ਰੰਜੀਵਨ ਸਿੰਘ।
3. ਕਲਮਾਂ ਦਾ ਕਾਫਲਾ ਦੀ ਮਾਸਿਕ ਇੱਕਤਰਤਾ ਮੌਕੇ ਬੋਲਦਿਆਂ ।
4. ਨਾਮਵਰ ਕਵੀ ਗੁਰਚਰਨ ਰਾਮਪੁਰੀ ਨੂੰ ਮਿਲਣ ਮੌਕੇ। ਰਿਪੁਦਮਨ ਸਿੰਘ ਰੂਪ।
*****