RanjivanSingh8ਜਾਤਾਂ ਦੇ ਚਿਹਰੇਧਰਮਾਂ ਦੇ ਚਿਹਰੇ  ... ਥੱਕ ਗਏ ਹਾਂ ਸਿਜਦਾ ਕਰ ਕਰ ... ਭਾਲਦਿਆਂ ਕਿਰਦਾਰਾਂ ਨੂੰ ...
(15 ਜਨਵਰੀ 2022)

1.    ਕਵਿਤਾ ਚਿਹਰੇ

ਸੂਰਜ ਦੀਆਂ ਕਿਰਨਾਂ ਪਈਆਂ ਅੱਜ
ਸਾਡੀਆਂ ਕੋਮਲ ਪੱਤੀਆਂ ਉੱਤੇ
ਖਿੜ ਗਏ, ਭਰ ਗਏ ਨਾਲ ਖ਼ੁਸ਼ਬੋਈਆਂ
ਮਾਲੀ ਤੋੜਿਆ ਸਮੇਤ ਟਾਹਣੀਆਂ ਸਾਨੂੰ
ਸਜਾਇਆ ਗਿਆ ਫਿਰ ਵਿਚ ਬੁੱਕਿਆਂ
ਪੇਸ਼ ਕਰਨ ਲਈ ਦਿਲੀ ਮੁਬਾਰਕ
ਮੂਹਰੇ, ਇਕ ਹਿੰਦੂ ਚਿਹਰੇ
ਚੁਣਿਆ ਗਿਆ ਸੀ ਜੋ ਮਹਿਰਮ ਸਾਡਾ
ਹੋਣੀ ਸਾਡੀ ਬਦਲਣ ਦੇ ਲਈ
ਉੱਚਾ ਸਾਨੂੰ ਚੁੱਕਣ ਦੇ ਲਈ

ਖ਼ੁਸਰ-ਫੁਸਰ ਫਿਰ ਹੋਵਣ ਲੱਗੀ
ਫਰਮਾਨ ਨਵਾਂ ਸੀ ਆਇਆ ਕੋਈ
ਹਿੰਦੂ ਨਹੀਂ
, ਕੋਈ ਜੱਟ ਸਿੱਖ ਚਿਹਰਾ
ਬਦਲੇਗਾ ਹੋਣੀ ਸਾਡੀ
ਕੱਢੇਗਾ ਵਿੱਚੋਂ ਦਲਦਲ ਸਾਨੂੰ

ਜੱਟ ਸਿੱਖ ਚਿਹਰੇ ਦੀਆਂ ਬਰੂਹਾਂ ਉੱਤੇ
ਪਹੁੰਚੇ ਹੀ ਸਾਂ ਕਰਨ ਸਿਜਦਾ
ਖ਼ੁਸਰ-ਫੁਸਰ ਫਿਰ ਉੱਚੀ ਹੋਈ
ਫਿਰ ਬਦਲ ਗਿਆ ਸੀ ਫਰਮਾਨ ਸ਼ਾਹੀ
ਨਾ ਹਿੰਦੂ, ਨਾ ਜੱਟ ਸਿੱਖ ਚਿਹਰਾ
ਮਸੀਹਾ ਹੁਣ ਹੋਵੇਗਾ ਸਾਡਾ
ਇਕ ਦਲਿਤ ਸਿੱਖ ਚਿਹਰਾ

ਪਹੁੰਚਦਿਆਂ ਉਸ ਮਸੀਹੇ ਦੇ ਦਰ ’ਤੇ
ਢਲਣ ਲੱਗਾ ਸੀ ਸਿਖ਼ਰ ਦੁਪਹਿਰਾ
ਪੱਤੀਆਂ ਸਾਡੀਆਂ ਮੁਰਝਾਵਣ ਲੱਗੀਆਂ
ਬੁੱਸਣ ਲੱਗੀ ਖ਼ੁਸ਼ਬੋਈ ਸਾਡੀ
ਅੱਕ ਗਏ ਹਾਂ ਤੱਕਦਿਆਂ
ਜਾਤਾਂ ਦੇ ਚਿਹਰੇ, ਧਰਮਾਂ ਦੇ ਚਿਹਰੇ
ਥੱਕ ਗਏ ਹਾਂ ਸਿਜਦਾ ਕਰ ਕਰ
ਭਾਲਦਿਆਂ ਕਿਰਦਾਰਾਂ ਨੂੰ
ਭਾਲਦਿਆਂ ਕਿਰਦਾਰਾਂ ਨੂੰ

          ***

2.   ਦਿੱਲੀ ਦਾ ਹਾਸਿਲ

ਹਾਸਿਲ ਦਿੱਲੀ ਦੀਆਂ ਬਰੂਹਾਂ ਦਾ
ਸੰਜੋਅ ਦਿਲਾਂ ਅਤੇ ਮਸਤਕਾਂ ਵਿੱਚ
ਬਿਖੇਰਿਓ
, ਕੁਲ ਕਾਇਨਾਤ ਅੰਦਰ
ਕੁਲ ਸੰਸਾਰ ਅੰਦਰ।

ਦਿੱਲੀ ਦਾ ਹਾਸਿਲ
ਰਾਮ-ਰਾਮ, ਜੈਕਾਰਿਆਂ ਅਤੇ ਅਜ਼ਾਨ ਦਾ
ਹੋਣਾ ਇੱਕ-ਮਿੱਕ, ਹੋਣਾ ਇੱਕ-ਜੁੱਟ
ਵੈਰੀ ਨੂੰ ਪਛਾਣਿਆ
ਵੈਰੀ ਨੂੰ ਪਛਾੜਿਆ
ਜਾਤਾਂ ਧਰਮਾਂ ਤੋਂ ਉੱਠ ਉੱਤੇ
ਕਿਰਤੀ ਜਮਾਤ ਨੂੰ ਪਛਾਣਿਆ

ਦਿੱਲੀ ਦਾ ਹਾਸਿਲ
ਜੋਸ਼ ਅਤੇ ਹੋਸ਼ ਨਾਲ
ਲੜਨਾ ਹੈ ਸਿੱਖਿਆ
ਸੰਗਤ-ਪੰਗਤ ਦੇ ਭਾਵਾਂ ਨਾਲ
ਇੱਕੋ ਮਾਲਾ ’ਚ ਪਰੋਇਆ ਸਭ
ਇਹ ਸਾਰੇ ਜੱਗ ਤੱਕਿਆ

ਦਿੱਲੀ ਦਾ ਹਾਸਿਲ
ਅਹਿੰਸਾ ਦਾ ਪਾਠ ਪੜ੍ਹ
ਜਬਾੜ੍ਹਾ ਹਿੰਸਾ ਦਾ ਭੰਨਿਆ
ਹੁੰਦਾ ਕੀ ਹੈ ਲੋਕ-ਏਕਾ
ਜ਼ਾਬਰ ਹਾਕਮ ਵੀ ਹੈ ਮੰਨਿਆ

ਦਿੱਲੀ ਦਾ ਹਾਸਿਲ
ਬਿਖੇਰਿਓ, ਕੁਲ ਕਾਇਨਾਤ ਅੰਦਰ
ਬਿਖੇਰਿਓ, ਕੁਲ ਸੰਸਾਰ ਅੰਦਰ।
            ***

3.       ਹੰਝੂ ਤੇਰੇ

(ਰਾਕੇਸ਼ ਟਿਕੇਤ ਦੇ ਹੰਝੂਆਂ ਨੂੰ)
ਹੰਝੂ ਤੇਰੇ
ਸੈਲਾਬ ਬਨਣਗੇ

ਮਾਈ ਭਾਗੋ ਦੀ ਵੰਗਾਰ ਬਨਣਗੇ
ਕਿਸਾਨ, ਇਨਸਾਨ
ਸਭ ਫੌਲਾਦ ਬਨਣਗੇ।

ਤਾਕਤ ਤੇਰੇ ਹੰਝੂਆਂ ਦੀ
ਚਿੜੀਆਂ ਤੋਂ ਬਾਜ਼ ਤੁੜਾਵੇਗੀ।

ਹਾਕਮ ਦੀਆਂ ਕੋਝੀਆਂ ਚਾਲਾਂ ਨੂੰ
ਜਾਣ ਗਿਆ ਹੈ ਕੁਲ ਜਹਾਨ

ਜਿਸਦਾ ਨਾ ਕੋਈ ਦੀਨ ਈਮਾਨ।

ਨਾ ਸਮਝੇ ਹਾਕਮ
ਕਮਜ਼ੋਰੀ ਤੇਰੇ ਹੰਝੂਆਂ ਨੂੰ
ਵਹਿ ਜਾਣਗੇ ਵਿਚ ਹੰਝੂਆਂ ਦੇ
ਹਾਕਮ ਦੇ ਨਾਪਾਕ ਇਰਾਦੇ
ਕੰਬ ਜਾਣਗੇ ਦਿੱਲੀ ਦੇ ਤਖ਼ਤ
ਹਿਲ ਜਾਣਗੇ ਸੱਤਾ ਦੇ ਪਾਵੇ।

ਹੰਝੂ ਤੇਰੇ
ਸੈਲਾਬ ਬਨਣਗੇ

ਮਾਈ ਭਾਗੋ ਦੀ ਵੰਗਾਰ ਬਨਣਗੇ
ਕਿਸਾਨ, ਇਨਸਾਨ
ਸਭ ਫੌਲਾਦ ਬਨਣਗੇ।
ਕਿਸਾਨ, ਇਨਸਾਨ
ਸਭ ਫੌਲਾਦ ਬਨਣਗੇ।
        ***

4.        ਘੱਟ ਹੀ ਸੁਣੀਦਾ

ਗੁਣਵਾਨ ਹੋਣਾਨਾਲੇ ਚੰਗੇ ਇਨਸਾਨ ਹੋਣਾ
ਘੱਟ ਹੀ ਸੁਣੀਦਾ।

ਪਰਬਤ ਹੋਣਾਨਾਲੇ ਨਿਵਾਣ, ਮੈਦਾਨ ਹੋਣਾ
ਘੱਟ ਹੀ ਸੁਣੀਦਾ।

ਉਮਰ-ਕਰਜ਼ ਹੋਣਾਨਾਲੇ ਜਵਾਨ ਹੋਣਾ
ਘੱਟ ਹੀ ਸੁਣੀਦਾ।

ਗੰਭੀਰ ਹੋਣਾਨਾਲੇ ਨਾਦਾਨ ਹੋਣਾ
ਘੱਟ ਹੀ ਸੁਣੀਦਾ।

ਧੁੱਪ ਹੋਣਾਨਾਲੇ ਸੰਘਣੀ ਛਾਂ ਹੋਣਾ
ਘੱਟ ਹੀ ਸੁਣੀਦਾ।

ਜੀਵਨ ਹੋਣਾਨਾਲੇ ਸਮਸ਼ਾਨ ਹੋਣਾ
ਘੱਟ ਹੀ ਸੁਣੀਦਾ।

ਦਿਵਾਲੀ ਹੋਣਾਨਾਲੇ ਰਮਜ਼ਾਨ ਹੋਣਾ
ਘੱਟ ਹੀ ਸੁਣੀਦਾ।

ਇਕਾਗਰ ਹੋਣਾਨਾਲੇ ਪਰੇਸ਼ਾਨ ਹੋਣਾ
ਘੱਟ ਹੀ ਸੁਣੀਦਾ।

ਜਜ਼ਬਾਤੀ ਹੋਣਾਨਾਲੇ ਹੋਸ਼ਵਾਨ ਹੋਣਾ
ਘੱਟ ਹੀ ਸੁਣੀਦਾ।

ਧਰਤ ਹੋਣਾਨਾਲੇ ਅਸਮਾਨ ਹੋਣਾ
ਘੱਟ ਹੀ ਸੁਣੀਦਾ।

       ***

5.  ਪ੍ਰਭਾਤ ਬਾਕੀ ਹੈ

ਲੰਘੀ ਹੈ ਪੂਛ ਹੀ
ਹਾਲੇ ਹਾਥੀ ਬਾਕੀ ਹੈ
ਟਿਮ-ਟਿਮਾਇਆ ਹੈ ਜੁਗਨੂੰ ਹੀ

ਹਾਲੇ ਰਾਤ ਬਾਕੀ ਹੈ।

ਕੂੜ ਹੈ ਛਾਇਆ ਅਸਮਾਨੀਂ
ਹਾਲੇ ਜੱਗ-ਚਾਨਣੀ ਬਾਕੀ ਹੈ
ਜੁਮਲਾ ਹੀ ਸਮਝੋ ਇਸ ਨੂੰ

ਹਾਲੇ ਸੁਗਾਤ ਬਾਕੀ ਹੈ।

ਤਕਸੀਮਾਂ-ਜਰਬਾਂ ਨੇ ਰਾਜਨੀਤਕ
ਲੋਕ-ਜਜ਼ਬਾਤ ਬਾਕੀ ਹੈ?
ਲੋਕ-ਏਕਤਾ ਹੈ ਪਛਾੜਿਆ

ਹੱਲਾ ਹਾਕਮਾਂ ਦਾ ਹੋਰ ਬਾਕੀ ਹੈ।

ਰਹਿਓ ਚੌਕਸ ਲੂੰਬੜ-ਚਾਲਾਂ ਤੋਂ
ਘਾਟ ਇੱਕੋ ਤੋਂ ਪੀਣਾ, ਪਾਣੀ ਬਾਕੀ ਹੈ
ਜਸ਼ਨਾਂ ਦੀ ਰਾਤ ਹੈ
, ਠੀਕ
ਪਰ ਹਾਲੇ ਪ੍ਰਭਾਤ ਬਾਕੀ ਹੈ।

ਹਾਲੇ ਪ੍ਰਭਾਤ ਬਾਕੀ ਹੈ।

         ***

6.  ਸ਼ਬਦਾਂ ਦੀ ਜੰਮਣ ਪੀੜਾ

ਕੋਠੀ ਹੈ
ਕਾਰ ਹੈ
ਏ.ਸੀ. ਹੈ
ਖੂਬਸੂਰਤ ਮੇਜ਼ ਉੱਪਰ
ਸੁਨਹਿਰੀ ਕਲਮ
ਸੁੰਦਰ ਕੋਰੇ ਕਾਗਜ਼ ਨੇ।

ਮਨ ਪਰ ਇਕਾਗਰ ਨਹੀਂ
ਸੋਚ ਖੇਰੂੰ ਖੇਰੂੰ ਹੈ
ਨਹੀਂ ਉੱਕਰ ਰਿਹਾ
ਅੱਖਰ ਇਕ ਵੀ
ਸੁੰਦਰ ਕਾਗਜ਼
ਸੁਨਿਹਰੀ ਕਲਮ
ਝਾਕ ਰਹੀ ਹੈ
ਅਰਥਹੀਣ
ਸ਼ਬਦਹੀਣ।

ਝੁੱਗੀ ਹੈ
ਭੁੱਖ ਹੈ
ਤੰਗੀ ਹੈ, ਤੁਰਸ਼ੀ ਹੈ
ਘੋਰ ਕੰਗਾਲੀ ਹੈ
ਮਸਤਕ ਪਰ ਰੋਸ਼ਨ ਹੈ
ਵਿਚਾਰਾਂ ’ਚ ਸਵੇਰ ਹੈ
ਬੱਚੇ ਦੀ ਕਾਪੀ ਹੈ
ਕੋਲ ਬਾਲ ਪੈੱਨ ਹੈ
ਔੜ੍ਹਦੇ ਨੇ ਅੱਖਰ
ਸਰਪਟ ਦੌੜਦੇ ਨੇ ਅੱਖਰ।

ਉੱਕਰ ਆਉਂਦੀ ਹੈ
ਕਾਗਜਾਂ ਮੈਲਿਆਂ ’ਤੇ
ਕੋਈ ਕਵਿਤਾ
ਮਹਾਂ-ਕਵਿਤਾ
ਕੋਈ ਗੀਤ
ਮਹਾਂ-ਗੀਤ
ਗ੍ਰੰਥ, ਮਹਾਂ-ਗ੍ਰੰਥ।

     ***

7.        ਜਵਾਨ

(ਕਿਸਾਨੀ ਸੰਘਰਸ਼ ਨੂੰ ਸਮਰਪਿਤ)

ਜਵਾਨ ਵੀ ਕਹਿੰਦੇ ਹੁਣ
ਹੋ ਗਏ ਨੇ ਸ਼ਾਮਿਲ
ਕਿਸਾਨੀ ਸੰਘਰਸ਼ਾਂ ਵਿਚ
ਕਲਾਕਾਰਾਂ ਅਤੇ ਗਾਇਕਾਂ
ਦੇ ਪ੍ਰੇਰਿਆਂ।

ਜਵਾਨ ਤਾਂ ਪਹਿਲੋਂ ਵੀ ਸਨ
ਕਿਸਾਨੀ ਸੰਘਰਸ਼ਾਂ ਵਿਚ
ਅੱਸੀ ਸਾਲਾ ਦਸੌਂਧਾ ਸਿੰਘ
ਨੱਬੇ ਸਾਲਾ ਰਾਜ ਕੌਰ
ਇਕਹੱਤਰ ਸਾਲਾ ਰੌਣਕੀ ਰਾਮ
ਪਚਾਸੀ ਸਾਲਾ ਵਿਦਿਆਵਤੀ
ਅੱਠ ਸਾਲਾ ਨਿੱਕੂ
ਤੇਰਾਂ ਸਾਲਾ ਪਰਨੀਤ।

ਇਤਿਹਾਸਕ ਸੰਘਰਸ਼ਾਂ ਵਿਚ
ਗੁਰੂ ਤੇਗ ਬਹਾਦਰ
ਗੁਰੂ ਅਰਜਨ ਦੇਵ
ਮਾਤਾ ਗੁਜਰੀ
ਚਾਰੇ ਸਾਹਿਬਜ਼ਾਦੇ
ਮਾਈ ਭਾਗੋ
ਸਤੀ ਦਾਸ
ਮਤੀ ਦਾਸ
ਸਰਾਭਾ
ਭਗਤ ਸਿੰਘ
ਆਜ਼ਾਦ,
ਕੂਕੇ
ਗ਼ਦਰੀ ਬਾਬੇ
ਜਵਾਨ ਤਾਂ ਪਹਿਲੋਂ ਵੀ ਸਨ

ਲੋਕਾਈ ਦੇ ਸੰਘਰਸ਼ਾਂ ਵਿਚ
ਬਿਨਾਂ ਉਮਰਾਂ ਦੀ
ਤੇਰ-ਮੇਰ ਦੇ
ਜੋਸ਼ ਅਤੇ ਹੋਸ਼
ਦੇ ਜਜ਼ਬਿਆਂ ਨਾਲ ਲਬਰੇਜ਼।

ਜਵਾਨੀ
ਉਮਰਾਂ ਦੀ ਨਹੀਂ
ਜਜ਼ਬਿਆਂ ਦੀ ਪਰਿਭਾਸ਼ਾ ਹੈ
ਜਜ਼ਬਿਆਂ ਦੀ।

   *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3282)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰੰਜੀਵਨ ਸਿੰਘ

ਰੰਜੀਵਨ ਸਿੰਘ

Mohali, Punjab, India.
Phone: (91 - 98150 - 68816)

Email: (ranjivansingh@gmail.com)