SatnamDhah7ਤੁਹਾਡੀ ਲੜਕੀ ਇੱਕ ਬਹੁਤ ਵੱਡੇ ਫਰਾਡ ਵਿੱਚ ਅਰੈੱਸਟ ਕੀਤੀ ਗਈ ਹੈ ਤੁਸੀਂ 4470 ਡਾਲਰ ਲੈ ਕੇ ...
(14 ਅਕਤੂਬਰ 2017)

 

ਉਂਝ ਤਾਂ ਸ਼ਾਇਦ ਇਹ ਕਾਲ ਕਿਸੇ ਹੋਰ ਭਾਈਚਾਰੇ ਨੂੰ ਵੀ ਆਉਂਦੀ ਹੋਵੇਗੀ, ਮੈਨੂੰ ਇਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਪਰ ਪੰਜਾਬੀ ਭਾਈਚਾਰੇ ਵਿੱਚ ਤਕਰੀਬਨ ਹਰ ਰੋਜ਼ ਹੀ ਅਜਿਹੀ ਗੱਲ ਸੁਣੀ ਜਾਂਦੀ ਸੀ ਕਿ ਅਸੀਂ ਇਮੀਗਰੇਸ਼ਨ ਡਿਪਾਰਟਮੈਂਟ ਤੋਂ ਹਾਂ, ਕੈਨੇਡਾ ਰੈਵੀਨੀਊ ਤੋਂ ਹਾਂ, ਤੁਹਾਡੀ ਲੈਟਰੀ ਨਿੱਕਲੀ ਹੈ, ਵਗੈਰਾ ਵਗੈਰਾ ਸੁਣ ਕੇ ਬਹੁਤ ਸਾਰੇ ਲੋਕ ਇਸ ਗੱਲ ਨੂੰ ਸਮਝਣ ਲੱਗ ਪਏ ਸਨ ਕਿ ਇਹ ਸਭ ਕੁਝ ਫਰਾਡ ਹੈ। ਲੋਕ ਸੁਚੇਤ ਹੋ ਗਏ ਸਨ ਕਿ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ।

ਪਰ ਪਿਛਲੇ ਦਿਨੀਂ ਇਸ ਤਰ੍ਹਾਂ ਦੇ ਫ਼ੋਨ ਕਰਨ ਵਾਲਿਆਂ ਨੇ ਇਕ ਨਵਾਂ ਪੈਂਤਰਾ ਵਰਤਿਆ। ਇਹ ਹਨ ਕੌਣ? ਇੱਕ ਸਵਾਲ ਹੈ। ਪਹਿਲਾਂ ਤਾਂ ਇਹ ਚਰਚਾ ਸੀ ਕਿ ਇਹ ਲੋਕ ਪੰਜਾਬੀ ਨਹੀਂ, ਕਿਸੇ ਹੋਰ ਕਮਿਊਨਿਟੀ ਦੇ ਲੋਕ ਹਨ ਪਰ ਇਸ ਇੱਕ ਕਾਲ, ਜਿਹੜੀ ਸਤੰਬਰ 27 ਨੂੰ ਦੁਪਹਿਰੇ 1:00 ਵਜੇ ਮੇਰੇ ਇੱਕ ਦੋਸਤ ਜਿੰਮੀ (ਕਲਪਿਤ ਨਾਮ) ਨੂੰ ਆਈ, ਨੇ ਤਾਂ ਹਰ ਸੁਣਨ ਵਾਲੇ ਦੇ ਲੂੰ ਕੰਡੇ ਖੜ੍ਹੇ ਕਰ ਦਿੱਤੇ। ਹੋਈ ਇਸ ਤਰ੍ਹਾਂ ਕਿ ਮੇਰਾ ਦੋਸਤ ਜਿੰਮੀ ਦੁਪਹਿਰ ਦਾ ਖਣਾ ਖਾ ਕੇ ਸੁਸਤਾ ਰਿਹਾ ਸੀ ਕਿ ਅਚਾਨਕ ਉਹਦੇ ਸੈੱਲ ਫ਼ੋਨ ਦੀ ਰਿੰਗ ਵੱਜੀ। ਕਾਲ ਕਰਨ ਵਾਲੇ ਨੇ ਪੱਛਿਆ, “ਆਰ ਯੂ ਮਿਸਟਰ ....?”

ਯੈੱਸ ਮੇਰੇ ਦੋਸਤ ਨੇ ਜਵਾਬ ਦਿੱਤਾ। ਜੂ ਨੋ ਬਬਲੀ (ਫਰਜ਼ੀ) ਨਾਂ? ਜਵਾਬ ਮਿਲਦਾ ਹੈ - ਯੈੱਸ। ਤੇਰੀ ਕੀ ਲੱਗਦੀ ਹੈ? ਜਵਾਬ ਮਿਲਦਾ ਹੈ - ਸ਼ੀ ਇਜ਼ ਮਾਈ ਡੌਟਰ। ਫ਼ੋਨ ਕਰਨੇ ਵਾਲਾ ਦੱਸਦਾ ਹੈ - ਦੇਅਰ ਇਜ਼ ਬੈਡ ਨਿਊਜ਼ ਫਾਰ ਜੂ। ਫ਼ੋਨ ਸੁਨਣ ਵਾਲਾ ਘਬਰਾ ਜਾਂਦਾ ਹੈ ਤੇ ਸਵਾਲ ਪੁੱਛਦਾ ਹੈ - ਵੱਟ ਹੈਪੰਡ? ਫ਼ੋਨ ਕਰਨੇ ਵਾਲਾ ਫੇਰ ਦੱਸਦਾ ਹੈ - ਵੀ ਆਰ ਕਾਲਿੰਗ ਫਰੌਮ ਪੁਲੀਸ ਸਟੇਸ਼ਨਸ਼ੀ ਇਜ਼ ਅੰਡਰ ਇਨਵੈਸਟੀਗੇਸ਼ਨ ਬਾਈ ਆਰ. ਸੀ. ਐੱਮ. ਪੀ. ਫੌਰ ਹੰਡਰਡ ਥਾਊਜੈਂਡ ਡਾਲਰ ਫਰਾਡ ਐਂਡ ਆਈਡੀਜ਼ ਸਟੀਲਿੰਗ।

ਇਹ ਫ਼ੋਨ ਕਾਲ ਆਈ ਵੀ ਮੇਰੇ ਦੋਸਤ ਦੀ ਲੜਕੀ ਦੇ ਫ਼ੋਨ ਨੰਬਰ ਤੋਂ। ਇਸ ਕਰਕੇ ਇਹ ਸੁਣਦਿਆਂ ਹੀ ਮੇਰੇ ਦੋਸਤ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ। ਉਸ ਨੂੰ ਪੈਨਿਕ ਦੌਰਾ ਪੈ (ਬੇਹੱਦ ਘਬਰਾ) ਗਿਆ ਤੇ ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਕਰੇ ਕੀ?

ਹੁਣ ਡਰਾਮੇ ਦਾ ਦੂਜਾ ਸ਼ੋਅ ਸ਼ੁਰੂ ਹੋਇਆ। ਮੇਰੇ ਦੋਸਤ ਦੀ ਲੜਕੀ ਕੈਲਗਰੀ ਵਿੱਚ ਹੀ ਇੱਕ ਸਕੂਲ ਵਿੱਚ ਸਾਇੰਸ ਟੀਚਰ ਹੈ, ਬਹੁਤ ਹੀ ਨੇਕ ਤੇ ਲਾਇਕ ਧੀ ਹੈ। ਉਸ ਫ਼ੋਨ ਨੇ ਇਹ ਸਾਬਤ ਕਰ ਦਿੱਤਾ ਕਿ ਵਾਕਿਆ ਹੀ ਉਹ ਲੜਕੀ ਪੁਲੀਸ ਕਸਟਡੀ ਵਿੱਚ ਹੈ। ਮੇਰੇ ਦੋਸਤ ਨੇ ਇਹ ਸੋਚਿਆ ਕਿ ਇਹ ਕੈਨੇਡੀਅਨ ਸੋਸਾਇਟੀ ਵਿੱਚ ਕਈ ਵਾਰ ਬੱਚਿਆਂ ਦੇ ਮਾੜੇ ਕੰਮਾਂ ਵਿੱਚ ਪਿਆਂ ਦਾ ਮਪਿਆਂ ਨੂੰ ਬਿਲਕੁਲ ਪਤਾ ਨਹੀਂ ਲੱਗਦਾ, ਸ਼ਾਇਦ ਇਹ ਸਭ ਕੁਝ ਸੱਚ ਹੋਵੇ। ਹੁਣ ਤੱਕ ਇਹ ਸਾਰੀ ਗੱਲਬਾਤ ਇੰਗਲਿਸ਼ ਵਿੱਚ ਹੋ ਰਹੀ ਸੀ।

ਹੁਣ ਫ਼ੋਨ ਕਰਨ ਵਾਲੇ ਨੇ ਫੇਰ ਸਵਾਲ ਕੀਤਾ ਕਿ ਤੈਨੂੰ ਇੰਗਲਿਸ਼ ਸਮਝਣ ਵਿੱਚ ਕੋਈ ਮੁਸ਼ਕਲ ਤਾਂ ਨਹੀਂ? ਅੱਗੋਂ ਜਵਾਬ ਮਿਲਦਾ ਹੈ - ਬਿਲਕੁਲ ਨਹੀਂ, ਮੈਂ ਇੰਗਲਿਸ਼ ਬਹੁਤ ਚੰਗੀ ਤਰਾਂ ਸਮਝ ਸਕਦਾ ਹਾਂ ਤੇ ਬੋਲ ਸਕਦਾ ਹਾਂ

ਪਰ ਉਸ ਨੇ ਕਿਹਾ - ਤੇਰੇ ਨਾਲ ਤੁਹਾਡੀ ਕਮਿਊਨਿਟੀ ਦਾ ਹੀ ਮਿਸਟਰ ਸਿੰਘ ਪੁਲੀਸ ਔਫੀਸਰ ਗੱਲ ਕਰੇਗਾ। - ਫ਼ੋਨ ਮਿਸਟਰ ਸਿੰਘ ਨੂੰ ਦੇ ਦਿੱਤਾ ਗਿਆ। - ‘ਮਿਸਟਰ ਸਿੰਘ ਸਪੀਕਿੰਗ’ ਕਹਿ ਕੇ ਇਸੇ ਗੱਲਬਾਤ ਨੂੰ ਦੂਜਾ ਬੰਦਾ ਪੰਜਾਬੀ ਵਿੱਚ ਸ਼ੁਰੂ ਕਰਦਾ ਹੈ - ਤੁਹਾਡੀ ਲੜਕੀ ਇੱਕ ਬਹੁਤ ਵੱਡੇ ਫਰਾਡ ਵਿੱਚ ਅਰੈੱਸਟ ਕੀਤੀ ਗਈ ਹੈ ਤੁਸੀਂ 4470 ਡਾਲਰ ਲੈ ਕੇ ਆਓ ਤੇ ਉਸਦੀ ਜ਼ਮਾਨਤ ਹੋ ਸਕਦੀ ਹੈ। ਪਰ ਤੁਸੀਂ ਫ਼ੋਨ ਬੰਦ ਨਹੀਂ ਕਰਨਾ!

ਮਿਸਟਰ ਸਿੰਘ ਵੱਲੋਂ ਵਾਰ ਵਾਰ ਵਾਰਨਿੰਗ ਦਿੱਤੀ ਜਾ ਰਹੀ ਕਿ ਇਹ ਗੱਲਬਾਤ ਰਿਕਾਡਿੰਗ ਹੋ ਰਹੀ ਹੈ, ਫ਼ੋਨ ਬੰਦ ਨਹੀਂ ਕਰਨਾ। ਨਾਲ ਦੀ ਨਾਲ ਗੱਲਬਾਤ ਵੀ ਚਾਲ਼ੂ ਹੈ। ਇਹ ਬਨਾਉਟੀ ਮਿਸਟਰ ਸਿੰਘ ਮੇਰੇ ਦੋਸਤ ਨੂੰ ਪੁੱਛ ਰਿਹਾ ਹੈ, “ਤੁਹਾਨੂੰ ਕਿਹੜੀ ਬੈਂਕ ਨੇੜੇ ਹੈ?

ਜਵਾਬ ਮਿਲਦਾ ਹੈ - ਬੈਂਕ ਆਫ਼ ਮਾਂਟਰੀਅਲ।

ਇਸ ਦੌਰਾਨ ਮੇਰੇ ਦੋਸਤ ਦਾ ਮੂੰਹ ਸੁੱਕ ਰਿਹਾ ਹੈ। ਵਾਰ ਵਾਰ ਪਾਣੀ ਪੀ ਕੇ ਆਪਣੇ ਆਪ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਾਲ ਹੀ ਚਾਬੀ ਚੁੱਕੀ, ਕਾਰ ਸਟਾਰਟ ਕਰਕੇ ਬੈਂਕ ਨੂੰ ਤੁਰ ਪਿਆ।

ਹੁਣ ਘਰੋਂ ਬਾਹਰ ਨਿੱਕਲ ਕੇ ਉਹ ਜਰਾ ਨਾਰਮਲ ਸਥਿਤੀ ਵਿੱਚ ਆ ਜਾਂਦਾ ਹੈ। ਉਹ ਪੁਲੀਸ ਆਫ਼ੀਸਰ ਨੂੰ ਕਹਿੰਦਾ ਕਿ ਮੇਰੀ, ਮੇਰੀ ਲੜਕੀ ਨਾਲ ਗੱਲ ਕਰਾਉ।

“ਤੁਸੀਂ ਗੱਲ ਨਹੀਂ ਕਰ ਸਕਦੇ” ਬੜੇ ਰੋਹਬ ਤੇ ਗੁੱਸੇ ਨਾਲ ਪੁਲੀਸਮੈਨ ਦਾ ਜਵਾਬ ਹੈ।

ਹੁਣ ਮੇਰੇ ਦੋਸਤ ਦਾ ਦਿਮਾਗ ਕੁਝ ਸੋਚਣ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਉਹਨੇ ਫ਼ੋਨ ਬੰਦ ਕਰ ਦਿੱਤਾ। ਜਿਉਂ ਹੀ ਫ਼ੋਨ ਬੰਦ ਹੋਇਆ ਦੁਬਾਰਾ ਫੇਰ ਫ਼ੋਨ ਆ ਗਿਆ, “ਫੋਨ ਬੰਦ ਕਿਉਂ ਕੀਤਾ? ਬਨਾਉਟੀ ਪੁਲੀਸਮੈਨ ਬੋਲਦਾ ਹੈ

ਹੁਣ ਮੇਰਾ ਦੋਸਤ (ਜਿੰਮੀ) ਨਾਰਮਲ ਹਾਲਤ ਵਿੱਚ ਸੀ ਤੇ ਇਹ ਵੀ ਥੋੜ੍ਹਾ ਗੁੱਸੇ ਨਾਲ ਉਸ ਨੂੰ ਜਵਾਬ ਦਿੰਦਾ ਹੈ। ਮੈਂ ਗੱਲ ਨਹੀਂ ਕਰਨੀ, ਕਹਿ ਕੇ ਫੇਰ ਫ਼ੋਨ ਬੰਦ ਕਰ ਦਿੰਦਾ ਹੈ। ਬੈਂਕ ਨੂੰ ਜਾਣ ਦੀ ਥਾਂ ਉਹ ਹੌਸਲਾ ਕਰਕੇ ਉਹ ਆਪਣੇ ਨੇੜੇ ਦੇ ਪੁਲੀਸ ਸਟੇਸ਼ਨ ’ਤੇ ਪਹੁੰਚ ਜਾਂਦਾ ਹੈ।

ਲੁਟੇਰਿਆਂ ਨੇ ਇਸ ਗੱਲ ਤੋਂ ਖਿਝ ਕੇ ਕਿ ਇਹ ਸ਼ਿਕਾਰ ਤਾਂ ਸਾਡੇ ਹੱਥੋਂ ਨਿੱਕਲ ਗਿਆ ਹੈ, ਹੁਣ ਉਸੇ ਨਕਲੀ ਮਿਸਟਰ ਸਿੰਘ ਪੁਲੀਸਮੈਨ ਨੇ ਫ਼ੋਨ ਜਿੰਮੀ ਦੀ ਉਸੇ ਲੜਕੀ ਨੂੰ ਕੀਤਾ, ਜਿਸ ਨੂੰ ਉਹ ਕਹਿ ਰਹੇ ਸੀ ਕਿ ਇਹ ਲੜਕੀ ਅੰਡਰ ਇਨਵੈਸਟੀਗੇਸ਼ਨ ਹੈ। ਲੜਕੀ ਨੂੰ ਉਸਨੇ ਕਿਹਾ ਕਿ ਤੇਰੇ ਡੈਡੀ ਦਾ ਐਕਸੀਡੈਂਟ ਹੋ ਗਿਆ ਹੈ! ਤੇ ਉਸ ਸਮੇਂ ਹੀ ਉਨ੍ਹਾਂ ਮੇਰੇ ਦੋਸਤ ਦੀ ਪਤਨੀ ਨੂੰ ਵੀ ਫ਼ੋਨ ਕਰ ਦਿੱਤਾ ਕਿ ਜਿੰਮੀ ਦਾ ਐਕਸੀਡੈਂਟ ਹੋ ਗਿਆ ਹੈ।

ਉਸ ਸਮੇਂ ਜਿੰਮੀ ਦੀ ਪਤਨੀ ਕੈਨੇਡਾ ਤੋਂ ਬਾਹਰ ਕਿਸੇ ਦੂਜੇ ਦੇਸ਼ ਵਿੱਚ ਗਈ ਹੋਈ ਸੀ।

ਮੇਰਾ ਦੋਸਤ ਪੁਲੀਸ ਸਟੇਸ਼ਨ ’ਤੇ ਜਾ ਕੇ ਪੁੱਛਦਾ ਹੈ ਕਿ ਇਸ ਨਾਂ ਦੀ ਕਿਸੇ ਲੜਕੀ ਨੂੰ ਤੁਸੀਂ ਅਰੈੱਸਟ ਕੀਤਾ ਹੈ? ਜਵਾਬ ਮਿਲਦਾ ਹੈ - ਨਹੀਂ। ਪੁਲੀਸ ਸਟੇਸ਼ਨ ਦੇ ਸਰਵਿਸ ਕਾਊਂਟਰ ’ਤੇ ਬੈਠੀ ਲੇਡੀ ਨੇ ਬਹੁਤ ਹੀ ਪਿਆਰ ਸਤਿਕਾਰ ਨਾਲ ਮੇਰੇ ਮਿੱਤਰ ਦੀ ਘਬਰਾਹਟ ਨੂੰ ਦੇਖਦਿਆਂ ਹੌਸਲਾ ਦਿੱਤਾ। ਗੱਲਬਾਤ ਦੌਰਾਨ ਪੁੱਛਿਆ ਕਿ ਤੁਸੀਂ ਕੋਈ ਪੈਸਾ ਤਾਂ ਨਹੀਂ ਦਿੱਤਾ? ਮੇਰੇ ਦੋਸਤ ਦਾ ਜਵਾਬ ਸੀ - ਨਹੀਂ। - ਉਸ ਲੇਡੀ ਨੇ ਉਸੇ ਵੇਲੇ ਸਕੂਲ ਵਿੱਚ ਪੜ੍ਹਾਉਂਦੀ ਮੇਰੇ ਦੋਸਤ ਦੀ ਲੜਕੀ ਨਾਲ ਫੋਨ ਰਾਹੀਂ ਗੱਲ ਕਰਾ ਕੇ ਹਾਲਤ ਨੂੰ ਸੁਖਾਵਾਂ ਬਣਾਇਆ। ਲੜਕੀ ਨੂੰ ਫ਼ੋਨ ਕਰਕੇ ਦੱਸਿਆ - ਸਭ ਸੁੱਖ-ਸਾਂਦ ਹੈ, ਘਬਰਾਉਣ ਦੀ ਲੋੜ ਨਹੀਂ।

ਉਸੇ ਵੇਲੇ ਉਸ ਲੜਕੀ ਨੇ ਆਪਣੀ ਮਾਤਾ ਜੀ ਨੂੰ ਵੀ ਫ਼ੋਨ ਕਰਕੇ ਸ਼ਾਂਤ ਕੀਤਾ ਕਿ ਘਬਰਾਓ ਨਾ, ਸਭ ਠੀਕ ਠਾਕ ਹੈ।

**

ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਤੁਹਾਡੇ ਪਰਿਵਾਰ ਦੇ ਸਾਰੇ ਮੈਂਬਰਾਂ ਸੈੱਲ ਫ਼ੋਨ ਨੰਬਰ ਟਰੇਸ ਕਰਕੇ, ਤੁਹਾਨੂੰ ਪੈਨਿਕ ਕਰਕੇ ਪੈਸੇ ਬਟੋਰਨ ਦੀ ਨਵੀਂ ਸਕੀਮ ਸ਼ੁਰੂ ਹੋ ਚੁੱਕੀ ਹੈ। ਦੁਖਾਂਤ ਇਹ ਹੈ ਕਿ ਇਸ ਗੈਂਗ ਵਿੱਚ ਬਹੁਤ ਚੰਗੀ ਤਰ੍ਹਾਂ ਠੇਠ ਪੰਜਾਬੀ ਅਤੇ ਬੜੀ ਮੁਹਾਰਤ ਨਾਲ ਅੰਗਰੇਜ਼ੀ ਬੋਲਣ ਵਾਲੇ ਲੋਕ ਵੀ ਸ਼ਾਮਲ ਹੋ ਚੁੱਕੇ ਹਨ। ਹੈਰਾਨੀ ਇਹ ਕਿ ਉਨ੍ਹਾਂ ਨਾਲ ਰਲਾਊ ਲੋਕ ਕੈਲਗਰੀ ਵਿੱਚ ਵੀ ਮੌਜੂਦ ਹਨ, ਜਿਨ੍ਹਾਂ ਨੇ ਤੁਹਾਡੇ ਕੋਲੋਂ ਬਟੋਰੇ ਜਾਣ ਵਾਲੇ ਡਾਲਰਾਂ ਵਿੱਚੋਂ ਹਿੱਸਾ ਵੰਡਾਉਣਾ ਹੈ। ਇਹ ਗੱਲਬਾਤ ਟੁੱਟਣ ਕਰਕੇ ਪਤਾ ਨਹੀਂ ਲੱਗ ਸਕਿਆ ਕਿ ਪੈਸੇ ਜਮ੍ਹਾਂ ਕਿੱਥੇ ਤੇ ਕਿਹਦੇ ਕੋਲ ਕਰਾਉਣੇ ਸੀ। ਜਾਂ ਫੇਰ ਕੋਈ ਹੋਰ ਸਕੀਮ ਸੀ। ਇਸ ਗੱਲ ਦਾ ਵੀ ਪਤਾ ਨਹੀਂ ਕਿ ਕੈਨੇਡਾ ਵਿੱਚ ਜਾਂ ਕਿਸੇ ਹੋਰ ਮੁਲਕ ਵਿੱਚ ਉਸ ਦਿਨ ਤੋਂ ਬਾਅਦ ਉਨ੍ਹਾਂ ਨੇ ਕਿੰਨੇ ਕੁ ਲੋਕਾਂ ਨੂੰ ਇਸ ਤਰ੍ਹਾਂ ਦੀ ਲੁੱਪਰੀ ਲਾਈ ਹੋਵੇਗੀ।

ਆਮ ਕਰਕੇ ਇਹੋ ਜਿਹੀਆਂ ਫ਼ੋਨ ਕਾਲਾਂ ਵੀਕ-ਡੇਜ਼ (ਸੋਮਵਾਰ ਤੋਂ ਸ਼ੁੱਕਰਵਾਰ) ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤਕ ਆਉਂਦੀਆਂ ਹਨ ਕਿਉਂਕਿ ਵੀਕ-ਐਂਡ ’ਤੇ ਤਕਰੀਬਨ ਸਾਰੇ ਪਰਿਵਾਰਕ ਮੈਂਬਰ ਘਰ ਹੀ ਹੁੰਦੇ ਹਨ। ਵੀਕ-ਡੇਜ਼ ਵਿੱਚ ਸਿਆਣੇ ਬਜ਼ੁਰਗ (ਬੀਬੀਆਂ, ਬਾਬੇ) ਜੋ ਇੰਗਲਿਸ਼ ਘੱਟ ਬੋਲ ਤੇ ਸਮਝ ਸਕਦੇ ਹਨ, ਉਨ੍ਹਾਂ ਦੇ ਝਾਂਸੇ ਵਿੱਚ ਸੌਖਿਆਂ ਹੀ ਆ ਕੇ ਲੁੱਟ ਦਾ ਸ਼ਿਕਾਰ ਹੋ ਸਕਦੇ ਹਨ, ਹੋਏ ਵੀ ਹਨ। ਪਰ ਇਸ ਵਾਰ ਇਨ੍ਹਾਂ ਤੱਤਾਂ ਨੂੰ ਵੀ ਝੁਠਲਾ ਦਿੱਤਾ ਗਿਆ ਹੈ। ਇੱਕ ਸਜੱਗ ਤੇ ਕੈਨੇਡੀਅਨ ਸੋਸਾਇਟੀ ਵਿੱਚ ਹੰਢੇ ਵਿਚਰੇ ਤੇ ਪੜ੍ਹੇ ਲਿਖੇ ਵਿਅਕਤੀ ਨੂੰ ਵੀ ਸ਼ਿਕਾਰ ਬਣਇਆ ਗਿਆ ਹੈ, ਜੋ ਇੰਗਲਿਸ਼ ਤੇ ਪੰਜਾਬੀ ਸਮਝਦਾ ਹੈ ਪਰ ਇਨ੍ਹਾਂ ਲੋਕਾਂ ਦੀਆਂ ਬੇਈਮਾਨੀਆਂ ਨਹੀਂ ਸਮਝ ਸਕਿਆ। ਭਾਵੇਂ ਉਹ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਆਪਣੀ ਹੁਸ਼ਿਆਰੀ ਤੇ ਤੇਜ਼ੀ ਨਾਲ ਸੋਚਣ ਅਤੇ ਫ਼ੈਸਲਾ ਕਰਨ ਦੀ ਆਦਤ ਕਰਕੇ ਬਚ ਗਿਆ ਹੈ।

ਇਸ ਅਨੋਖੀ ਸਕੀਮ ਬਾਰੇ ਭਾਈਚਾਰੇ ਨੂੰ ਸੁਚੇਤ ਕੀਤਾ ਜਾਣਾ ਅਤੀ ਜ਼ਰੂਰੀ ਹੈ ਤਾਂ ਕਿ ਇਸ ਤਰ੍ਹਾਂ ਦੀ ਖ਼ਬਰ ਸੁਣ ਕੇ ਕੋਈ ਅਨਹੋਣੀ ਨਾ ਵਾਪਰੇ। ਇਹ ਵੀ ਹੋ ਸਕਦਾ ਕਿ ਠੱਗ ਕਿਸੇ ਹੋਰ ਨਵੀਂ ਸਕੀਮ ਨਾਲ ਆਪਣਾ ਕੰਮ ਕਰਨ ਦੀ ਵਿਉਂਤਬੰਦੀ ਕਰ ਰਹੇ ਹੋਣ। ਆਪ ਜਾਗੋ ਅਤੇ ਹੋਰਨਾਂ ਨੂੰ ਜਗਾਓਆਪ ਖ਼ਬਰਦਾਰ ਰਹੋ ਅਤੇ ਹੋਨਾਂ ਨੂੰ ਖ਼ਬਰਦਾਰ ਕਰੋ।

*****

(863)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸਤਨਾਮ ਸਿੰਘ ਢਾਅ

ਸਤਨਾਮ ਸਿੰਘ ਢਾਅ

Calgary, Alberta, Canada.
Email: (satnam.dhah@gmail.com)

More articles from this author