“ਇੱਕ ਹੀ ਚੀਜ਼ ਨੂੰ ਹਰ ਕੋਈ ਆਪਣੇ ਦ੍ਰਿਸ਼ਟੀਕੋਣ ਤੋਂ ਦੇਖੇਗਾ ...”
(ਨਵੰਬਰ 24, 2015)
ਇਕਬਾਲ ਖਾਨ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਜਾਣਿਆ-ਪਛਾਣਿਆ ਨਾਂ ਹੈ ਪਰ ਮੁੱਢਲੇ ਰੂਪ ਵਿੱਚ ਉਹ ਇੱਕ ਰਾਜਨੀਤਕ ਘੁਲਾਟੀਆ ਹੈ। ਨਕਸਲਵਾੜੀ ਲਹਿਰ ਵਿੱਚ ਉਹਨੇ ਤਹਿ-ਦਿਲੋਂ ਹਿੱਸਾ ਲਿਆ ਅਤੇ ਜਲੰਧਰ ਜ਼ਿਲ੍ਹੇ ਦੇ ਕਾਰਕੁਨਾਂ ਨਾਲ਼ ਮਿਲ਼ਕੇ ਇਸ ਲਹਿਰ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ। ਇਸ ਦੌਰਾਨ ਉਸਨੇ ਇੰਟੈਰੋਗੇਸ਼ਨ ਦੇ ਤਸੀਹਿਆਂ ਨੂੰ ਅਤੇ ਜੇਲ੍ਹ ਜੀਵਨ ਨੂੰ ਆਪਣੇ ਤਨ-ਮਨ ’ਤੇ ਹੰਢਾਇਆ। ਇਸੇ ਸੰਘਰਸ਼ ਵਿੱਚੋਂ ਹੀ ਉਸਦਾ ਸਾਹਿਤਕ ਸਫ਼ਰ ਸ਼ੁਰੂ ਹੁੰਦਾ ਹੈ। ਉਹ ਭਾਵੇਂ ਕਵੀ ਤੋਂ ਪਹਿਲਾਂ ਇਕ ਰਾਜਨਿਤਕ ਹੈ, ਇਸ ਲਈ ਉਹ ਹਰ ਸਮੱਸਿਆ ਨੂੰ ਰਾਜਸੀ ਵਿਚਾਰਕ ਵਜੋਂ ਦੇਖਦਾ ਹੈ। ਪਰ ਉਹ ਸੁਹਜ ਸੰਵੇਦਨਾ ਪੱਖੋਂ ਕੋਰਾ ਨਹੀਂ ਹੈ। ਕੁਦਰਤੀ ਦ੍ਰਿਸ਼ ਦੇ ਸੁਹਪਣ ਨੂੰ ਦੇਖ ਉਹਦਾ ਕਵੀ ਮਨ ਮਚਲ ਉੱਠਦਾ ਹੈ ਅਤੇ ਉਹਦੇ ਮਨ ਵਿੱਚੋ ਛੱਲਾਂ ਵਾਂਗ ਕਵਿਤਾਵਾਂ ਉੱਛਲ ਕੇ ਬਾਹਰ ਆ ਜਾਂਦੀਆਂ ਹਨ। ‘ਮੈਂ ਤੇ ਚੰਦ’, ‘ਸਫ਼ਰ ਦਾ ਸਾਹਸ ਤੇ ਚੰਦ’, ‘ਭਰਪੂਰ ਜ਼ਿੰਦਗੀ’, ‘ਜੂਝਦੇ ਬੂਟੇ ਦੀ ਟਾਹਣੀ’ ਆਦਿ ਨਜ਼ਮਾਂ ਅਜਿਹੇ ਪਲਾਂ ਦੀ ਹੀ ਉਪਜ ਹਨ।
ਇਕਬਾਲ ਖਾਨ ਕਿਸੇ ਮਹਾਮਾਨਵ/ਮਹਾਮਾਨਵਾਂ ਦਾ ਜੱਸ ਗਾਣ ਨਹੀਂ ਕਰਦਾ ਸਗੋਂ ਉਹ ਆਮ ਲੋਕਾਂ ਦੇ ਚਾਵਾਂ, ਉਮੰਗਾਂ, ਮੋਹ-ਮੁਹੱਬਤ, ਰੋਸਿਆਂ/ਨਿਹੋਰਿਆਂ ਅਤੇ ਇੱਥੋਂ ਤੱਕ ਕਿ ਇਸ਼ਕ ਦੀਆਂ ਅਮੋੜ ਤਰੰਗਾਂ ਨੂੰ ਵੀ ਭਾਵ ਪੂਰਤ ਅਤੇ ਸੁਰੀਲੇ ਗੀਤਾਂ ਵਿੱਚ ਉਤਾਰਦਾ ਹੈ। ਉਹ ਆਮ ਮਨੁੱਖ ਦੇ ਮਨੁੱਖੀ ਗੌਰਵ ਨੂੰ ਸੁਚੇਤ ਤੌਰ ’ਤੇ ਪੇਸ਼ ਕਰਨ ਵਾਲਾ ਕਵੀ ਹੈ। 'ਬਸ ਵਿੱਚ ਸਫ਼ਰ ਕਰਦਿਆਂ’, ‘ਮੰਗ ਇੱਕ ਪ੍ਰਦੇਸੀ ਦੀ’ ਅਤੇ ‘ਕੋਲੰਬਸ ਦੇ ਪਦ-ਚਿੰਨ੍ਹ’ ਆਦਿ ਕਵਿਤਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ‘ਹਿੰਦ-ਪਾਕਿ ਦੇ ਲੋਕਾਂ ਨਾਂ’, ‘ਜਨਤਾ ਨੂੰ’ ਅਤੇ ‘ਜਾਗੋ ਲੋਕੋ ਜਾਗੋ’ ਆਦਿ ਕਵਿਤਾਵਾਂ ਵਿੱਚ ਇਕਬਾਲ ਖਾਨ ਆਪਣੇ ਲੋਕਾਂ ਨੂੰ ਜਾਗਦੇ ਰਹਿਣ ਦਾ ਹੋਕਾ ਦਿੰਦਾ ਹੈ। ਇਹ ਉਸਦੇ ਲੋਕ ਕਵੀ ਹੋਣ ਦਾ ਇੱਕ ਪੁਖ਼ਤਾ ਸਬੂਤ ਹੈ। ਇਸ ਤੋਂ ਵੀ ਅੱਗੇ ਵਧ ਕੇ ਉਹ ਸਮੁੱਚੀ ਲੋਕਾਈ ਨੂੰ ਕਲ਼ਾਵੇ ਵਿੱਚ ਲੈਂਦਾ ਹੈ। ਖ਼ਾਲਿਸਤਾਨੀਆਂ ’ਤੇ ਹੋ ਰਹੇ ਤਸ਼ੱਦਦ ਅਤੇ ਉਹਨਾਂ ਦੇ ਬਣਾਏ ਜਾ ਰਹੇ ਝੂਠੇ ਪੁਲਿਸ ਮੁਕਾਬਲਿਆਂ ਦਾ ਦਰਦ ਉਸਦੇ ਕਵੀ ਮਨ ਨੂੰ ਬੁਰੀ ਤਰ੍ਹਾਂ ਝੰਜੋੜਦਾ ਹੈ। ਉਸ ਦਾ ਮਨ ਕੁਰਲਾ ਉੱਠਦਾ ਹੈ। ਇਸ ਕੁਰਲਾਹਟ ਵਿੱਚੋਂ ਹੀ ‘ਸਾਂਝ’ ਕਵਿਤਾ ਪੈਦਾ ਹੋਈ ਹੈ। ਉਹ ਤਾਂ ਪੁਲਿਸ ਮੁਲਾਜ਼ਮਾਂ ਦੀਆਂ ਹੋ ਰਹੀਆਂ ਅਨਹੋਣੀਆਂ ਮੌਤਾਂ ਦਾ ਦਰਦ ਵੀ ਮਹਿਸੂਸ ਕਰਦਾ ਹੈ।
ਇਕਬਾਲ ਖਾਨ ਦੇ ਤਿੰਨ ਕਾਵਿ-ਸੰਗ੍ਰਹਿ ਛਪ ਚੱਕੇ ਹਨ: ‘ਰੱਤੜੇ ਫੁੱਲ’ ਸੰਪਾਦਤ, ‘ਕਾਫ਼ਲੇ’ ਅਤੇ ‘ਨਾਗ ਦੀ ਮੌਤ ਤੱਕ’। ਪਿੱਛੇ ਜਿਹੇ ਉਸ ਦੀ ਇਕ ਹੋਰ ਕਿਤਾਬ ‘ਗੁੰਮੀਆਂ ਪੌਣਾਂ ਦਾ ਅਹਿਦ’ ਛਪੀ ਹੈ ਅਤੇ ‘ਚਾਨਣ ਕਦ ਮਰਦਾ ਹੈ’ ਅਣਛਪੀ ਹੈ। ਇਕਬਾਲ ਆਪਣੀ ਕਵਿਤਾ ਵਿੱਚ ਸਮਾਜਿਕ ਸਰੋਕਾਰਾਂ ਦੀ ਗੱਲ ਦੇ ਨਾਲ ਨਾਲ ਆਮ ਵਿਅਕਤੀ ਦੀ ਹੋ ਰਹੀ ਆਰਥਿਕ ਲੁੱਟ ਘਸੁੱਟ ਅਤੇ ਜਮਾਤੀ ਸੰਘਰਸ਼ ਨੂੰ ਪੇਸ਼ ਕਰਦਾ ਹੈ। ਉਹ ਲੁਟੇਰਾ ਜਮਾਤ ਦੀ ਕੋਝੀ ਸੋਚ, ਜੋ ਲੋਕਾਂ ਨੂੰ ਦੇਸ਼, ਧਰਮ, ਬੋਲੀ ਅਤੇ ਇਲਾਕੇ ਦੇ ਨਾਂਅ ’ਤੇ ਵੰਡਣ ਦੇ ਯਤਨ ਕਰ ਰਹੀ ਹੈ, ਬਿਨਾਂ ਕਿਸੇ ਝਿਜਕ ਤੋਂ ਪਾਠਕਾਂ ਦੀ ਨਜ਼ਰ ਕਰਦਾ ਹੈ।
ਨਕਸਲਬਾੜੀ ਲਹਿਰ, 1967 ਪੰਜਾਬ ਵਿੱਚ ਹਥਿਆਬੰਦ ਇਨਕਲਾਬ ਲਿਆਉਣ ਲਈ ਸ਼ੁਰੂ ਹੋਈ ਪਰ ਛੇਤੀ ਹੀ ਬਹੁਤ ਸਾਰੇ ਗਰੁੱਪਾਂ ਵਿੱਚ ਵੰਡ ਹੋ ਜਾਣ ਨਾਲ, ਇਹ ਲਹਿਰ ਡਾਵਾਂਡੋਲ ਹੋ ਗਈ ਅਤੇ ਕਮਜ਼ੋਰ ਹੋਣ ਨਾਲ ਖਿੰਡਰ ਪੁੰਡਰ ਗਈ। ਬਹੁਤ ਸਾਰੇ ਨੌਜਆਨ ਸਰਕਾਰ ਨੇ ਝੂਠੇ ਸੱਚੇ ਮੁਕਾਬਲੇ ਬਣਾ ਕੇ ਮਾਰ ਦਿੱਤੇ। ਕੁਝ ਪੱਛਮੀ ਦੇਸ਼ਾਂ ਨੂੰ ਨਿਕਲ ਆਏ। 1976 ਵਿੱਚ ਇਕਬਾਲ ਵੀ ਪੰਜਾਬ ਛੱਡ ਕੇ ਹਿੰਦੁਸਤਾਨ ਦੇ ਦੂਜਿਆਂ ਸੂਬਿਆਂ ਅਤੇ ਪ੍ਰਵਾਸੀ ਜੀਵਨ ਦੀਆਂ ਯਾਤਰਾਵਾਂ ’ਤੇ ਨਿਕਲ ਪਿਆ। ਧਰਤੀ ਦੇ ਗੋਲ਼ੇ ’ਤੇ ਇੱਧਰ-ਉੱਧਰ ਘੰਮਦਾ 1981 ਵਿੱਚ ਕੈਨੇਡਾ ਆਣ ਟਿਕਿਆ। ਅੱਜ-ਕੱਲ੍ਹ ਉਹ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਵਿੱਚ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਨਾਲ਼ ਰਹਿ ਰਿਹਾ ਹੈ ਅਤੇ ਟੈਕਸੀ ਦਾ ਪਹੀਆ ਖ਼ੂਬ ਘੁੰਮਾ ਰਿਹਾ ਹੈ। ਪਰ ਰਾਜਨੀਤਕ ਅਤੇ ਸਾਹਿਤਕ ਸਰਗਰਮੀ ਦਾ ਪੱਲਾ ਉਹਨੇ ਘੁੱਟ ਕੇ ਫੜਿਆ ਹੋਇਆ ਹੈ।
ਇਸ ਗੱਲਬਾਤ ਰਾਹੀਂ ਅਸੀਂ ਇੱਕ ਕਵੀ ਹੀ ਨਹੀਂ ਸਗੋਂ ਇੱਕ ਅਗਾਂਹ-ਵਧੂ ਸੋਚ ਵਾਲ਼ੇ ਲਿਖਾਰੀ, ਇੱਕ ਸੂਝਵਾਨ ਰਾਜਨੀਤਕ ਅਤੇ ਸਮਾਜਿਕ ਚਿੰਤਕ ਅਤੇ ਹਰ-ਇੱਕ ਵਿਸ਼ੇ ’ਤੇ ਤਰਕ ਨਾਲ ਗੱਲ ਕਰਨ ਦੀ ਸੂਝ ਰੱਖਣ ਵਾਲੇ ਇਨਸਾਨ ਨੂੰ ਪਾਠਕਾਂ ਦੇ ਸਾਹਮਣੇ ਲਿਆਉਣ ਦਾ ਇੱਕ ਯਤਨ ਕੀਤਾ ਹੈ। ਪੇਸ਼ ਹਨ, ਇਕਬਾਲ ਖਾਨ ਨਾਲ਼ ਹੋਈਆਂ ਖੁੱਲ੍ਹੀਆਂ ਗੱਲਾਂ ਦੇ ਕੁੱਝ ਅੰਸ਼:
? ਪਹਿਲਾਂ ਤਾਂ ਇਹ ਦੱਸੋ, ਕਿ ਤੁਸੀਂ ਬਲਬੀਰ ਸਿੰਘ ਕਾਲੀਰਾਏ ਤੋਂ ਇਕਬਾਲ ਖਾਨ ਕਿਵੇਂ ਬਣ ਗਏ, ਜਦੋਂ ਕਿ ਤੁਹਾਡੇ ਪਿਤਾ ਜੀ ਦਾ ਨਾਂ ਕਾਮਰੇਡ ਅਜੀਤ ਸਿੰਘ ਕਾਲੀਰਾਏ ਹੈ? ਇਹ ਖਾਨ ਸ਼ਬਦ ਤੁਹਾਡੇ ਨਾਂ ਨਾਲ ਕਿਵੇਂ ਜੁੜ ਗਿਆ?
:ਸਤਨਾਮ ਜੀ, ਇਹ ਵੀ ਇੱਕ ਦਿਲਚਸਪ ਕਹਾਣੀ ਹੈ। ਜੇਕਰ ਤੁਹਾਡੀ ਦਿਲਚਸਪੀ ਹੈ ਤਾਂ ਸੁਣੋ। ਮੇਰੇ ਪਰਿਵਾਰ ਨੇ ਮੇਰਾ ਨਾਂ ਬਲਬੀਰ ਸਿੰਘ ਰੱਖਿਆ ਸੀ ਪਰ ਮੈਨੂੰ ਇਹ ਪਸੰਦ ਨਹੀਂ ਆਇਆ। ਮਾਪਿਆਂ ਨੇ ਤਾਂ ਬਹੁਤ ਵਧੀਆ ਨਾਂ ਰੱਖਿਆ ਸੀ, ਬਲਬੀਰ, ਭਾਵ ਤਾਕਤਵਰ, ਬਹਾਦਰ। ਪਰ ਬਲਬੀਰ ਕੋਈ ਨਹੀਂ ਸੀ ਕਹਿੰਦਾ ਸਾਰੇ ਵੀਰੀ ਕਹਿੰਦੇ ਸਨ। ਜਦ ਮੈਂ ਕੱਚੀ ਪਹਿਲੀ ਵਿੱਚ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਬਚਪਨ ਦੀਆਂ ਸ਼ਰਾਰਤਾਂ ਸ਼ੁਰੂ ਹੋ ਗਈਆਂ। ਬੱਚੇ ਇੱਕ ਦੂਜੇ ਨੂੰ ਛੇੜਦੇ ਅਤੇ ਲੜਦੇ। ਮੇਰੇ ਦੋਸਤ ਜਦ ਮੇਰੇ ਨਾਲ ਲੜ ਪੈਂਦੇ ਤਾਂ ਮੈਨੂੰ ‘ਵੀਰੀ ਲਾਲ ਭੰਬੀਰੀ ਟਕੇ ਦੀ ਇੱਕ ਵਿਕਦੀ’ ਕਹਿ ਕੇ ਛੇੜਦੇ, ਫੇਰ ਹੋਰ ਲੜਾਈ ਹੋ ਜਾਂਦੀ। ਕਿਸੇ ਨੂੰ ਮੈਂ ਕੁੱਟਦਾ, ਕੋਈ ਮੈਨੂੰ ਕੁੱਟਦਾ। ਇੱਥੇ ਤੱਕ ਤਾਂ ਠੀਕ ਸੀ ਪਰ ਇਸ ਤੋਂ ਅੱਗੇ ਗੱਲ ਠੀਕ ਨਾ ਰਹਿੰਦੀ। ਕਿਉਂਕਿ ਜੇਕਰ ਮੈਨੂੰ ਕੋਈ ਨਿਆਣਾ ਕੁੱਟ ਦਿੰਦਾ ਤਾਂ ਸਾਡੇ ਘਰ ਦੇ ਉਹਨਾਂ ਦੇ ਘਰ ਉਲਾਭਾ ਦੇਣ ਨਾ ਜਾਂਦੇ। ਜੇਕਰ ਮੈਂ ਕਿਸੇ ਨੂੰ ਕੁੱਟ ਦਿੰਦਾ ਤਾਂ ਅਗਲੇ ਸਾਡੇ ਘਰ ਉਲਾਂਭਾ ਝੱਟ ਲੈ ਕੇ ਆ ਜਾਂਦੇ। ਫੇਰ ਮੇਰੇ ਘਰ ਮੈਨੂੰ ਕੁੱਟ ਪੈ ਜਾਂਦੀ। ਮੈਂ ਇਸ ਨੂੰ ਠੀਕ ਨਹੀਂ ਸੀ ਸਮਝਦਾ ਕਿਉਂਕਿ ਇਹ ਬੇਇਨਸਾਫ਼ੀ ਸੀ। ਇੱਕ ਦਿਨ ਸਵੇਰੇ, ਮੈਂ ਇਸ ਬੇਇਨਸਾਫ਼ੀ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ। ਗੱਲ ਇਸ ਤਰ੍ਹਾਂ ਹੋਈ ਕਿ ਇੱਕ ਦਿਨ ਜਦੋਂ ਸਕੂਲ ਜਾਣ ਦੀ ਤਿਆਰੀ ਸੀ, ਮੈਂ ਬਾਹਰ ਵੇਹੜੇ ਵਿੱਚ ਆਪਣਾ ਫੱਟੀ ਬਸਤਾ ਵਗਾਹ ਕੇ ਮਾਰਿਆ ਤੇ ਕਿਹਾ, “ਮੈਂ ਸਕੂਲ ਨਹੀਂ ਜਾਣਾ।”
ਮੇਰੇ ਪਿਤਾ ਜੀ ਨੇ ਪਿਆਰ ਨਾਲ ਸਕੂਲ ਨਾ ਜਾਣ ਦਾ ਕਰਨ ਪੁੱਛਿਆ ਤਾਂ ਮੈਂ ਦੱਸਿਆ ਕਿ ਤੁਸੀਂ ਮੇਰਾ ਨਾਂ ਚੰਗਾ ਨਹੀਂ ਰੱਖਿਆ। ਇਸ ਨਾਂ ਕਰਕੇ ਮੈਨੂੰ ਰੋਜ਼ ਹੀ ਕੁੱਟ ਪੈਂਦੀ ਹੈ। ਪਿਤਾ ਜੀ ਨੇ ਪਿਆਰ ਨਾਲ ਸਮਝਾਇਆ ਕਿ ਸਕੂਲ ਨਾ ਜਾਣ ਨਾਲ ਮੇਰਾ ਆਪਣਾ ਨੁਕਸਾਨ ਹੋਵੇਗਾ, ਦੂਜੇ ਮੁੰਡੇ ਅੱਗੇ ਲੰਘ ਜਾਣਗੇ। ਉਹਨਾਂ ਮੈਨੂੰ ਸਮਝਾਇਆ ਕਿ ਹੁਣ ਜਦੋਂ ਤੂੰ ਪਹਿਲੀ ਕਲਾਸ ਵਿੱਚ ਜਾਵੇਂਗਾ, ਉਦੋਂ ਜੋ ਮਰਜ਼ੀ ਨਾਂ ਲਿਖਾ ਦੇਵੀਂ। ਹੁਣ ਨਵਾਂ ਨਾਂ ਰੱਖਣ ਦਾ ਚੈਲਿੰਜ ਮੇਰੇ ਸਾਹਮਣੇ ਸੀ। ਇੱਕ ਦਿਨ ਅਸੀਂ ਬਾਵਾ ਸਭਾ ਚੰਦ ਦੇ ਮੰਦਰ ਮੱਥਾ ਟੇਕਣ ਗਏ। ਉਸ ਦੇ ਨਾਲ ਹੀ ਇੱਕ ਕਰਖ਼ਾਨਾ ਸੀ। ਉਹਦੇ ਦਰਵਾਜੇ ਅਤੇ ਤਾਕੀਆਂ ਉੱਤੇ ਕੁਝ ਨਾਂ ਲਿਖੇ ਹੋਏ ਸਨ, ਮੈਂ ਕਿਸੇ ਸਿਆਣੇ ਨੂੰ ਪੁੱਛਿਆ ਕਿ ਇਹ ਕੀ ਲਿਖਿਆ ਹੈ, ਉਹਨੇ ਦੱਸਿਆ ਕਿ ਇਹ ਨਾਂ ਲਿਖੇ ਹੋਏ ਹਨ, ਮੈਂ ਉਸਨੂੰ ਪੜ੍ਹਨ ਲਈ ਕਿਹਾ। ਉਸ ਨੇ ਪੜ੍ਹ ਦਿੱਤੇ ਉਹਨਾਂ ਨਾਂਵਾਂ ਵਿੱਚ ਇੱਕ ਨਾਂ ਮੈਨੂੰ ਪਸੰਦ ਆ ਗਿਆ। ਇਹ ਨਾਂ ਸੀ ਅਕਬਾਲ ਸਿੰਘ। ਮੈਂ ਆਪਣਾ ਨਾਂ ਅਕਬਾਲ ਸਿੰਘ ਰੱਖ ਲਿਆ।
ਹੁਣ ਜਦੋਂ ਪਹਿਲੀ ਜਮਾਤ ਵਿੱਚ ਮਾਸਟਰ ਜੀ ਨੇ ਨਾਂ ਲਿਖੇ, ਉਨ੍ਹਾਂ ਨੇ ਅਰਬੀ ਫ਼ਾਰਸੀ ਦੇ ਉਚਾਰਣ ਮੁਤਾਬਿਕ, ਸਕੂਲ ਵਿੱਚ ਦਾਖ਼ਲੇ ਸਮੇਂ ਮੇਰਾ ਨਾਂ ਇਕਬਾਲ ਸਿੰਘ ਲਿਖ ਦਿੱਤਾ। ਹਾਈ ਸਕੂਲ ਵਿੱਚ ਅਸੀਂ ਨੌਵੀਂ ਜਮਾਤ ਵਿੱਚ ਚਾਰ ਇਕਬਾਲ (ਸ਼ਹੀਦ ਇਕਬਾਲ ਸਿੰਘ ਕੋਮਲ ਮੰਗੂਵਾਲ਼ੀਆ ਵੀ ਮੇਰਾ ਜਮਾਤੀ ਸੀ) ਸਾਂ, ਦੂਸਰਿਆਂ ਨਾਲ਼ੋਂ ਵਖਰਿਆਉਣ ਲਈ ਮੇਰੇ ਨਾਂ ਨਾਲ਼ ਖਾਨ ਲੱਗ ਗਿਆ ਕਿਉਂਕਿ ਮੇਰੇ ਪਿੰਡ ਦਾ ਨਾਂ ਖਾਨਖਾਨਾ (ਖ਼ਾਨਾ ਦਾ ਘਰ ਜਾਂ ਜਿੱਥੇ ਖਾਨ ਰਹਿੰਦੇ ਹਨ) ਹੈ। ਬੱਸ ਇਸ ਤਰ੍ਹਾਂ ਮੈਂ ਸਕੂਲ ਦੇ ਦਿਨਾਂ ਤੋਂ ਹੀ ਇਕਬਾਲ ਖਾਨ ਬਣ ਗਿਆ।
? ਆਪਣੇ ਜਨਮ, ਜੰਮਣ ਭੋਂ ਅਤੇ ਪਰਿਵਾਰਕ ਪਿਛੋਕੜ ਬਾਰੇ ਵੀ ਚਾਨਣਾ ਪਾਓ?
: ਮੇਰੇ ਪਿਤਾ ਜੀ ਦਾ ਨਾਂ ਕਾਮਰੇਡ ਅਜੀਤ ਸਿੰਘ ਕਾਲੀਰਾਏ ਅਤੇ ਮਾਤਾ ਜੀ ਦਾ ਨਾਂ ਸ਼੍ਰੀਮਤੀ ਪ੍ਰੀਤਮ ਕੌਰ ਕਾਲੀਰਾਏ ਹੈ। ਪਿੰਡ ਖਾਨਖਾਨਾ (ਨੇੜੇ ਬੰਗਾ) ਜ਼ਿਲ੍ਹਾ ਨਵਾਂ ਸ਼ਹਿਰ ਹੈ। ਮੇਰਾ ਜਨਮ 23 ਅਪ੍ਰੈਲ, 1949 ਵਿੱਚ ਪਿੰਡ ਮੁਬਾਰਕ ਪੁਰ ਜ਼ਿਲ੍ਹਾ ਨਵਾਂ ਸ਼ਹਿਰ ਦਾ ਹੈ। ਅਸੀਂ ਤਿੰਨ ਭਾਈ ਅਤੇ ਦੋ ਭੈਣਾਂ ਸੀ, ਪਰ ਹੁਣ ਇੱਕ ਭਾਈ ਗੁਜ਼ਰ ਚੁੱਕਾ ਹੈ।
? ਆਪਣੀ ਵਿੱਦਿਆ ਵਾਰੇ ਕੁੱਝ ਦੱਸੋ?
: ਮੁੱਢਲੀ ਵਿੱਦਿਆ ਮੈਂ ਆਪਣੇ ਪਿੰਡ ਖਾਨਖਾਨਾ ਤੋਂ ਹੀ ਲਈ, ਫਿਰ ਮੈਂ ਸਰਕਾਰੀ ਹਾਈ ਸਕੂਲ, ਬੰਗਾ ਤੋਂ ਦਸਵੀਂ ਕੀਤੀ ਅਤੇ ਸਿੱਖ ਨੈਸ਼ਨਲ ਕਾਲਜ, ਬੰਗਾ ਵਿੱਚ ਦਾਖ਼ਲ ਹੋ ਗਿਆ। ਤਦੋਂ ਤੱਕ ਨਕਸਲਵਾੜੀ ਲਹਿਰ ਬੰਗਾਲ ਤੋਂ ਚੱਲ ਕੇ ਪੰਜਾਬ ਪਹੁੰਚ ਚੁੱਕੀ ਸੀ। ਬੰਗੇ ਕਾਲਜ ਵਿੱਚ ਵੀ ਇਸ ਦਾ ਕਾਫੀ ਅਸਰ ਸੀ। ਮੈਂ ਵੀ ਇਸ ਲਹਿਰ ਨਾਲ਼ ਗੰਭੀਰ ਤੌਰ ਤੇ ਜੁੜ ਗਿਆ। ਫੇਰ ਤਾਂ ਥਾਣਿਆਂ, ਪੁੱਛ-ਗਿੱਛ ਕੇਂਦਰਾਂ ਅਤੇ ਜੇਲ੍ਹਾਂ ਦੀਆਂ ਡਿਗਰੀਆਂ ਹੀ ਕੀਤੀਆਂ।
? ਆਉ ਹੁਣ ਤੁਹਾਡੇ ਲਿਖਣ ਖ਼ੇਤਰ ਵੱਲ ਆਉਣ ਬਾਰੇ ਵੀ ਗੱਲ ਕਰੀਏ। ਭਾਵੇਂ ਤੁਸੀਂ ਕੁਝ ਕੁ ਕਹਾਣੀਆਂ ਅਤੇ ਲੇਖ ਵੀ ਲਿਖੇ ਹਨ, ਪਰ ਬਹੁਤੇ ਲੋਕ ਤੁਹਾਨੂੰ ਕਵੀ ਕਰਕੇ ਹੀ ਜਾਣਦੇ ਹਨ, ਤੁਹਾਨੂੰ ਲਿਖਣ ਦੀ ਪ੍ਰੇਰਨਾ ਕਿੱਥੋਂ ਮਿਲ਼ੀ ਅਤੇ ਪਹਿਲਾਂ ਕੀ ਲਿਖਿਆ, ਕਵਿਤਾ ਜਾਂ ਕਹਾਣੀ?
: ਬਾਬਾ ਨਾਨਕ ਦੇਵ ਜੀ ਨੇ ਲਿਖਿਆ ਹੈ:
ਜਬ ਲਗ ਦੁਨੀਆ ਰਹੀਏ ਨਾਨਕ, ਕਿੱਛ ਸੁਣੀਏ, ਕਿੱਛ ਕਹੀਏ।
ਕੁਝ ਕਹਿਣ ਤੋਂ ਪਹਿਲਾਂ ਸੁਣਨਾ ਆਉਣਾ ਚਾਹੀਦਾ ਹੈ। ਸੋ ਲਿਖਣ ਤੋਂ ਪਹਿਲਾਂ ਪੜ੍ਹਨ ਦੀ ਆਦਤ ਹੋਣੀ ਜ਼ਰੂਰੀ ਹੈ। ਪੜ੍ਹਨ ਦੀ ਪ੍ਰੇਰਨਾ ਪਹਿਲਾਂ ਤਾਂ ਘਰ ਵਿੱਚੋਂ ਹੀ ਮਿਲੀ। ਮੇਰੇ ਪਿਤਾ ਜੀ ਨੂੰ ਪੜ੍ਹਨ ਦਾ ਸ਼ੌਂਕ ਸੀ। ਸਾਡੇ ਘਰ ‘ਨਵਾਂ ਜ਼ਮਾਨਾ’, ‘ਲੋਕ ਲਹਿਰ’ ਅਤੇ ‘ਪ੍ਰੀਤ ਲੜੀ’ ਆਉਂਦੇ ਸਨ। ਕਦੇ-ਕਦੇ ਪਿਤਾ ਜੀ ਮੈਨੂੰ ਬਾਲ ਸੰਦੇਸ਼ ਵੀ ਲਿਆ ਕੇ ਦਿੰਦੇ ਸਨ। ਇਸ ਤਰ੍ਹਾਂ ਮੈਂ ਪ੍ਰਾਇਮਰੀ ਸਕੂਲ ਵਿੱਚ ਹੀ ਸਾਹਿਤ ਨਾਲ਼ ਜੁੜ ਗਿਆ ਸਾਂ। ਕੁਝ ਯੋਗਦਾਨ ਮਿਡਲ ਸਕੂਲ ਦੇ ਪੰਜਾਬੀ ਮਾਸਟਰ ਸ. ਭਾਨ ਸਿੰਘ ਦਾ ਵੀ ਹੈ। ਸਟੇਜ ’ਤੇ ਪਹਿਲੀ ਵਾਰ ਮੈਨੂੰ ਇਨ੍ਹਾਂ ਹੀ ਪੇਸ਼ ਕੀਤਾ। ਉਦੋਂ ਮੈਂ ਦੂਸਰਿਆਂ ਦੇ ਲਿਖੇ ਗੀਤ/ਕਵਿਤਾਵਾਂ ਸੁਣਾਉਂਦਾ ਸਾਂ। ਪਰ ਮੁੱਖ-ਪ੍ਰੇਰਕ ਸਰਕਾਰੀ ਹਾਈ ਸਕੂਲ ਦੇ ਪੰਜਾਬੀ ਮਾਸਟਰ ਗਿਆਨੀ ਪਿਆਰਾ ਸਿੰਘ ਐੱਮ. ਏ. ਹਨ। ਉਨ੍ਹਾਂ ਦੀ ਪ੍ਰੇਰਨਾ ਨਾਲ਼ ਮੈਂ ਸਾਹਿਤ ਪੜ੍ਹਨ ਨਾਲ਼ ਪੂਰੀ ਤਰ੍ਹਾਂ ਜੁੜ ਗਿਆ। ਲਿਖਣ ਦੀ ਪ੍ਰੇਰਨਾ ਮਿਲੀ ਪਾਸ਼ ਤੋਂ, ਇੱਥੇ ਮੈਂ ਵਿਸਥਾਰ ਵਿੱਚ ਨਹੀਂ ਜਾਵਾਂਗਾ। ਮੇਰੀ ਕਿਤਾਬ ‘ਕਾਫ਼ਲੇ’ ਦੀ ਅੰਤਿਕਾ ਵਿੱਚ ਦਰਜ ਹੈ ਕਿ ਅਗਰ ਮੈਨੂੰ ਪਾਸ਼ ਨਾ ਮਿਲ਼ਦਾ, ਤਾਂ ਸ਼ਾਇਦ ਮੈਂ ਚਿੱਠੀ-ਪੱਤਰ ਤੋਂ ਵੱਧ ਕੁੱਝ ਨਾ ਲਿਖਦਾ। ਮੁੱਖ ਤੌਰ ਤੇ ਮੈਂ ਕਵੀ ਹੀ ਹਾਂ, ਸਭ ਤੋਂ ਪਹਿਲਾਂ ਮੈਂ ਕਵਿਤਾ ਹੀ ਲਿਖੀ ਸੀ। ਇਹ ਕਵਿਤਾ ਮੈਂ ਦਾੜ੍ਹੀ ਬੰਨਣ ਵਾਲ਼ੇ ਸੂਏ ਨਾਲ਼ ਕਪੂਰਥਲ਼ੇ ਜੇਲ੍ਹ ਦੀ ਇੱਕ ਕੋਠੜੀ ਦੀ ਕੰਧ ਉੱਤੇ ਲ਼ਿਖੀ ਸੀ, ‘ਸਾਥ’ ਇਹ ਮੇਰੀ ਕਿਤਾਬ ‘ਕਾਫ਼ਲੇ’ ਵਿੱਚ ਛਪੀ ਹੈ। ਕੁੱਝ ਇਸ ਤਰ੍ਹਾਂ ਹੈ:
ਜਦੋਂ ਸਾਥੀਆਂ ਤੋਂ ਮੈਂ ਦੂਰ ਹੋਇਆ, ਤੇ ਹੋਇਆ ਕੋਠੜੀ ਵਿੱਚ ਮੈਂ ਬੰਦ ਯਾਰੋ।
ਜਿਨ੍ਹਾਂ ਆਣ ਕੇ ਮੇਰਾ ਸੀ ਸਾਥ ਦਿੱਤਾ, ਉਹ ਹੈ ਗੀਤ, ਕਵਿਤਾ, ਸ਼ਿਅਰ, ਛੰਦ ਯਾਰੋ।
? ਕਵਿਤਾ ਤੁਸੀਂ ਪਾਠਕ ਵਰਗ ਨੂੰ ਮੁੱਖ ਰੱਖ ਕੇ ਲਿਖਦੇ ਹੋ ਜਾਂ ਹਾਲਾਤ ਨੂੰ, ਜਾਂ ਫੇਰ ਸਮਾਜ ਸੁਧਾਰ ਲਈ ਕਵਿਤਾ ਲਿਖਦੇ ਹੋ? ਤੁਹਾਡਾ ਕਵਿਤਾ ਲਿਖਣ ਦਾ ਮਨੋਰਥ ਕੀ ਹੈ?
: ਮੇਰੇ ਲਈ ਕਲਮ ਵੀ ਇੱਕ ਹਥਿਆਰ ਹੀ ਹੈ। ਮੈਂ ਕਵਿਤਾ ਸਮਾਜ ਸੁਧਾਰ ਅਤੇ ਇਨਕਲਾਬੀਆਂ ਦੇ ਹੌਸਲੇ ਬੁਲੰਦ ਕਰਨ ਲਈ ਅਤੇ ਵਿਰੋਧੀਆਂ ਦੇ ਹੌਸਲੇ ਪਸਤ ਕਰਨ ਲਈ ਲਿਖਦਾ ਹਾਂ। ਮੈਂ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਹੀ ‘ਲਿਖਾਰੀ ਸਭਾ, ਜਗਤ ਪੁਰ’ ਨਾਲ਼ ਜੁੜ ਗਿਆ ਸਾਂ। ਪਿੰਡ ਨੌਰਾ ਵਿੱਚ ਇਸ ਸਭਾ ਦੇ ਸਾਲਾਨਾ ਸਮਾਗਮ ਦੇ ਕਵੀ ਦਰਬਾਰ ਵਿੱਚ ਮੈਂ ਸੰਤੋਖ ਸਿੰਘ ਧੀਰ ਦੀ ਕਵਿਤਾ ਸੁਣੀ, ‘ਕਲਮ ਤੇ ਕਟਾਰ’ ਇਹ ਕਵਿਤਾ ਹਮੇਸ਼ਾ ਲਈ ਮੇਰੇ ਦਿਮਾਗ ’ਤੇ ਛਾ ਗਈ ਹੈ। ਬਾਕੀ ਗੱਲ ਹੈ ਸਤਨਾਮ ਜੀ, ਪਾਠਕ ਜਾਂ ਹਾਲਾਤ, ਕਿਸੇ ਤੋਂ ਵੀ ਮੁੱਖ ਮੋੜ ਕੇ ਨਹੀਂ ਲਿਖਿਆ ਜਾ ਸਕਦਾ। ਹਾਲਾਤ ਤੋਂ ਬਾਹਰ ਜਾ ਕੇ ਅਸੀਂ ਕੁਝ ਨਹੀਂ ਲਿਖ ਸਕਦੇ, ਲਿਖਣਾ ਪਾਠਕ ਲਈ ਹੈ, ਇਸ ਲਈ ਉਹਨਾਂ ਤੋਂ ਵੀ ਬੇਮੁੱਖ ਨਹੀਂ ਹੋਇਆ ਜਾ ਸਕਦਾ।
? ਕਈ ਲੇਖਕ ਕਵਿਤਾ ਕਿਸੇ ਇੱਕ ਖ਼ਾਸ ਵਰਗ ਲਈ ਲਿਖਦੇ ਹਨ, ਜਿਹੜੀ ਕਿ ਆਮ ਪਾਠਕਾਂ ਦੇ ਸਿਰ ਉੱਤੋਂ ਦੀ ਲੰਘ ਜਾਂਦੀ ਹੈ। ਤੁਸੀਂ ਇਸ ਗੱਲ ਨਾਲ਼ ਕਿੱਥੋਂ ਤੱਕ ਸਹਿਮਤ ਹੋ? ਕੀ ਲੇਖਕ ਨੂੰ ਕਵਿਤਾ ਅਤੇ ਪਾਠਕ ਦੇ ਰਿਸ਼ਤੇ ਦਾ ਖ਼ਿਆਲ ਰੱਖਣਾ ਜ਼ਰੂਰੀ ਹੈ?
: ਮੈਂ ਇਸ ਗੱਲ ਨਾਲ਼ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਲੇਖਕ ਨੂੰ ਪਾਠਕ ਅਤੇ ਲਿਖਤ ਦੇ ਰਿਸ਼ਤੇ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਪਰ ਪਾਠਕ ਦਾ ਸੰਵੇਦਨਸ਼ੀਲ ਹੋਣਾ ਵੀ ਜ਼ਰੂਰੀ ਹੈ। ਮੈਂ ਕੁੱਝ ਪੰਜਾਬੀ ਐੱਮ. ਏ. ਪੜ੍ਹੇ ਲੋਕਾਂ ਨੂੰ ਜਾਣਦਾ ਹਾਂ, ਜਿਨ੍ਹਾਂ ਦੀ ਸਾਹਿਤ ਵਿੱਚ ਕੋਈ ਦਿਲਚਸਪੀ ਨਹੀਂ ਹੈ ਅਤੇ ਮੈਂ ਕੁੱਝ ਅਜਿਹੇ ਲੋਕਾਂ ਨੂੰ ਵੀ ਜਾਣਦਾ ਹਾਂ, ਜਿਨ੍ਹਾਂ ਕੋਲ਼ ਕੋਈ ਵੱਡਾ ਸਰਟੀਫੀਕੇਟ ਨਹੀਂ ਹੈ, ਪਰ ਉਹ ਸਾਹਿਤ ਨੂੰ ਪੜ੍ਹਦੇ ਵੀ ਹਨ ਅਤੇ ਮਾਣਦੇ ਵੀ ਹਨ। ਗੁਰਦਾਸ ਰਾਮ ਆਲਮ, ਜਿਹੜਾ ਕਦੇ ਵੀ ਸਕੂਲ ਨਹੀਂ ਸੀ ਗਿਆ, ਪਰ ਬਹੁਤ ਵਧੀਆ ਕਵੀ ਸੀ। ਜੇ ਤੁਸੀਂ ਕਹੋਂ ਕਿ ਮੈਂ ਇੱਕ ਖ਼ਾਸ ਵਰਗ ਲਈ ਲਿਖਦਾ ਹਾਂ, ਤਾਂ ਇਹ ਬਿਲਕੁਲ ਠੀਕ ਹੈ। ਅਸਲ ਵਿੱਚ ਹਰ ਲਿਖਤ ਇੱਕ ਜਾਂ ਦੂਜੇ ਵਰਗ ਦੇ ਹੱਕ ਵਿੱਚ ਭੁਗਤਦੀ ਹੈ। ਲੋਕ-ਪੱਖੀ ਲੇਖਕ ਹਿੱਕ ਠੋਕ ਕੇ ਇਹ ਮੰਨਦੇ ਹਨ, ਪਰ ਲੋਟੂ-ਪੱਖੀ ਲਿਖਾਰੀ ਨਿਰਪੱਖਤਾ ਦਾ ਘੁੰਢ ਕੱਢ ਲੈਂਦੇ ਹਨ। ਕੁਝ ਨਵੇਂ ਲੇਖਕ ਤਾਂ ਇਸ ਗੱਲੋਂ ਅਣਜਾਣ ਵੀ ਹੋ ਸਕਦੇ ਹਨ, ਪਰ ਬਹੁਤੇ ਆਪਣੇ ਸਵਾਰਥ ਵੱਸ ਮਕਰੇ ਹੀ ਹੁੰਦੇ ਹਨ।
? ਉਂਝ ਤਾਂ ਤੁਹਾਡੀਆਂ ਸਾਰੀਆਂ ਹੀ ਕਵਿਤਾਵਾਂ ਬਹੁਤ ਪ੍ਰਭਾਵਸ਼ਾਲੀ ਹਨ। ਪਰ ਮੈਂ ਇੱਕ ਕਵਿਤਾ ਪੜ੍ਹੀ ਸੀ, ‘ਮਜ਼ਦੂਰ’, ਇਸਦੀਆਂ ਸਤਰਾਂ ਹਨ:
ਉੱਥੇ ਚਲਦਾ ਸੀ, ਟੋਕਾ ਜਾਤਾਂ-ਪਾਤਾਂ ਦਾ
ਇੱਥੇ ਨਸਲ-ਪ੍ਰਸਤ ਦੁਨਾਲ਼ੀ ਹੈ। ...
ਇਸ ਕਵਿਤਾ ਨੇ ਮੈਨੂੰ ਬਹੁਤ ਟੁੰਬਿਆ। ਇਹ ਕਵਿਤਾ ਲਿਖਣ ਦਾ ਸਬੱਬ ਕਿਵੇਂ ਬਣਿਆ?
: ਕਵਿਤਾ ਪਸੰਦ ਕਰਨ ਲਈ ਸ਼ੁਕਰੀਆ। ਇਹ ਕਵਿਤਾ ਮੈਂ ਇੱਥੇ ਕੈਨੇਡਾ ਵਿੱਚ ਅਤੇ ਉੱਥੇ ਹਿੰਦੋਸਤਾਨ ਵਿੱਚ ਮਜ਼ਦੂਰਾਂ ਨਾਲ਼ ਵਾਪਰਦੇ ਵਰਤਾਰਿਆਂ ਬਾਰੇ ਲਿਖੀ ਹੈ। ਉੱਥੋਂ ਆਏ ਮਜ਼ਦੂਰ ਅਤੇ ਦਰਮਿਆਨੇ ਵਰਗ ’ਤੇ ਇੱਥੇ ਆ ਕੇ ਵੱਖਰਾ-ਵੱਖਰਾ ਪ੍ਰਭਾਵ ਦੇਖਣ ਨੂੰ ਮਿਲਿਆ। ਮਜ਼ਦੂਰ ਤਾਂ ਇੱਥੇ ਆਕੇ ਵੀ ਮਜ਼ਦੂਰ ਹੀ ਰਹਿੰਦੇ ਹਨ ਪਰ ਇੱਥੇ ਉਹਨਾਂ ਨੂੰ ਕੁਝ ਮਾਣ ਵੀ ਮਿਲ ਜਾਂਦਾ ਹੈ ਅਤੇ ਬਹੁਤ ਸਾਰੀਆਂ ਸਹੂਲਤਾਂ ਵੀ। ਦਰਮਿਆਨੇ-ਵਰਗ ਦੇ ਲੋਕ ਇੱਥੇ ਆਕੇ ਮਜ਼ਦੂਰ ਬਣ ਜਾਂਦੇ ਹਨ, ਮਾਣ-ਸਨਮਾਨ ਨੂੰ ਕੁੱਝ ਸੱਟ ਲਗਦੀ ਹੈ, ਭਾਵੇਂ ਸਹੂਲਤਾਂ ਵੀ ਮਿਲਦੀਆਂ ਹਨ ਪਰ ਫਿਰ ਵੀ ਉਹਨਾਂ ਨੂੰ ਬਹੁਤ ਔਖਾ ਲੱਗਦਾ ਹੈ। ਫਿਰ ਜਦੋਂ ਮੈਂ ਇੱਥੇ ਕਾਰਖ਼ਾਨੇ ਦੀ ਯੂਨੀਅਨ ਵਿੱਚ ਸਰਗਰਮ ਹੋ ਗਿਆ ਤਾਂ ਦੇਖਿਆ ਕਿ ਇੱਥੇ ਮਜ਼ਦੂਰਾਂ ਵਿੱਚ ਆਪਸੀ ਪਿਆਰ ਬਹੁਤ ਸੀ। ਭਾਵੇਂ ਉਹ ਕਿਸੇ ਵੀ ਰੰਗ, ਧਰਮ ਜਾਂ ਕੌਮ ਨਾਲ਼ ਸਬੰਧਤ ਹੋਣ, ਉਹਨਾਂ ਵਿੱਚ ਅਪਣੱਤ ਦਾ ਇੱਕ ਅਜੀਬ ਰਿਸ਼ਤਾ ਸੀ। ਬੱਸ ਇਸਨੂੰ ਲੈ ਕੇ ਮੈਂ ਇਹ ਕਵਿਤਾ ਲਿਖੀ ਸੀ।
? ਤੁਸੀਂ ਆਪਣੀਆਂ ਪਹਿਲਾਂ ਪਹਿਲ ਲਿਖੀਆਂ ਕਵਿਤਾਵਾਂ ਅਤੇ ਹੁਣ ਲਿਖੀਆਂ ਕਵਿਤਾਵਾਂ ਵਿੱਚ ਕੀ ਅੰਤਰ ਦੇਖਦੇ ਹੋ? ਕੀ ਪਹਿਲਾਂ ਲਿਖੀਆਂ ਕਵਿਤਾਵਾਂ ਵੀ ਸੰਭਾਲ਼ੀਆਂ ਹਨ ਜਾਂ ਐਵੇਂ ਸਮਝ ਕੇ ਗੁਆ ਛੱਡੀਆਂ ਹਨ?
: ਪਹਿਲੀਆਂ ਲਿਖੀਆਂ ਸਾਰੀਆਂ ਕਵਿਤਾਵਾਂ ਤਾਂ ਮੈਂ ਨਹੀਂ ਸਾਂਭੀਆਂ, ਪਰ ਫਿਰ ਵੀ ਕਾਫ਼ੀ ਮੇਰੇ ਕੋਲ ਹਨ। ਕਈ ਵੇਰ ਮੈਂ ਉਹਨਾਂ ਨੂੰ ਛਪਵਾਉਣ ਬਾਰੇ ਸੋਚਿਆ ਹੈ ਪਰ ਫਿਰ ਥਿੜਕ ਜਾਂਦਾ ਹਾਂ। ਉਹਨਾਂ ਦਾ ਪੱਧਰ ਭਾਵੇਂ, ਜਿਹੜੀਆਂ ਮੇਰੀਆਂ ਕਿਤਾਬਾਂ ਛਪੀਆਂ ਹਨ, ਉਹੋ ਜਿਹਾ ਤਾਂ ਨਹੀਂ, ਪਰ ਫਿਰ ਵੀ ਉਹਨਾਂ ਵਿੱਚ ਇੱਕ ਗੱਲ ਦਾ ਝਲਕਾਰਾ ਜ਼ਰੂਰ ਹੈ ਕਿ ਉਹ ਕਿਹੋ-ਜਿਹਾ ਸਮਾਂ ਸੀ ਅਤੇ ਅਸੀਂ ਨਕਸਲਬਾੜੀਏ ਉਸ ਸਮੇਂ ਕਿਸ ਤਰ੍ਹਾਂ ਸੋਚਦੇ ਸਾਂ। ਕੁਝ ਦੋਸਤ ਕਹਿੰਦੇ ਹਨ, ਇਸ ਨਾਲ ਤੇਰਾ ਅੱਜ ਜੋ ਪ੍ਰਭਾਵ ਬਣਿਆ ਹੋਇਆ ਹੈ, ਉਸ ’ਤੇ ਬੁਰਾ ਅਸਰ ਪਵੇਗਾ ਅਤੇ ਕੁਝ ਕਹਿੰਦੇ ਹਨ ਕਿ ਇਸ ਨਾਲ਼ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਬੱਸ ਇਸੇ ਚੱਕਰ ਵਿੱਚ ਹੀ ਮੈਂ ਤ੍ਰਿਸ਼ੰਕੂ ਬਣਿਆ ਹੋਇਆ ਹਾਂ।
? ਇਕਬਾਲ ਜੀ, ਨਕਸਲਬਾੜੀ ਲਹਿਰ ਵੇਲੇ ਬਹੁਤ ਸਾਰੇ ਕਵੀ ਪੈਦਾ ਹੋਏ ਹਨ। ਪਰ ਮੈਨੂੰ ਲੱਗਦੈ ਜ਼ਿਆਦਾ ਬੋਲ-ਬਾਲਾ ਪਾਸ਼ ਦਾ ਹੋਇਆ। ਤੁਸੀਂ ਕੀ ਸਮਝਦੇ ਹੋ? ਬਾਕੀ ਕਵੀਆਂ ਬਾਰੇ ਓਨੀ ਗੱਲ ਕਿਉਂ ਨਹੀਂ ਹੋਈ?
: ਦੇਖੋ, ਜ਼ਿਕਰ ਤਾਂ ਬਹੁਤ ਸਾਰੇ ਕਵੀਆਂ ਦਾ ਹੋਇਆ ਹੈ, ਜਿਵੇਂ ਕਿ ਅਮਰਜੀਤ ਚੰਦਨ, ਦਰਸ਼ਨ ਖਟਕੜ, ਹਰਭਜਨ ਹਲਵਾਰਵੀ, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਗੁਰਦੀਪ ਗਰੇਵਾਲ਼, ਲੋਕ ਨਾਥ, ਫਤਿਹਜੀਤ, ਮੋਹਣਜੀਤ, ਇਕਬਾਲ ਰਾਮੂਵਾਲ਼ੀਆ, ਸੁਰਿੰਦਰ ਧੰਜਲ ਅਤੇ ਬਹੁਤ ਸਾਰੇ ਹੋਰ। ਹਾਂ, ਸੁਰਜੀਤ ਪਾਤਰ ਵੀ ਉਸੇ ਸਮੇਂ ਦੀ ਹੀ ਦੇਣ ਹੈ। ਇਹ ਸਭ ਨਾਮੀ ਸ਼ਾਇਰ ਹਨ, ਇਨ੍ਹਾਂ ਦਾ ਚਰਚਾ ਵੀ ਹੋਇਆ ਹੈ ਪਰ ‘ਪਾਸ਼’ ਕੁਝ ਜ਼ਿਆਦਾ ਚਮਕਿਆ। ਮੈਂ ਸਮਝਦਾ ਹਾਂ ਕਿ ਇਸ ਦੇ ਕਈ ਕਾਰਨ ਹਨ। ਇੱਕ ਤਾਂ ਸੰਗ੍ਰਹਿ ਰੂਪ ਵਿੱਚ ਛਪਕੇ ਉਹ ਸਾਰਿਆਂ ਤੋਂ ਪਹਿਲਾਂ ਲੋਕਾਂ ਸਾਹਮਣੇ ਆਇਆ। ਦੂਜਾ, ਉੱਨੀ ਸੌ ਸੱਤਰ ਵਿੱਚ ਜਦੋਂ ਉਸ ਦਾ ਕਵਿ ਸੰਗ੍ਰਹਿ ‘ਲੋਹ-ਕਥਾ’ ਛਪਿਆ, ਉਸ ਦੀ ਗ੍ਰਿਫ਼ਤਾਰੀ ਹੋ ਚੁੱਕੀ ਸੀ, ਇਸ ਲਈ ਉਸ ਦਾ ਨਾਂ ਪਹਿਲਾਂ ਹੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਸੀ। ਤੀਜਾ, ਜੋ ਖ਼ਾਸ ਕਾਰਨ ਹੈ, ਉਹ ਇਹ ਕਿ ਜਿਹੜੇ ਬਿੰਬ ‘ਪਾਸ਼’ ਨੇ ਵਰਤੇ, ਉਹ ਬਹੁਤ ਹੀ ਨਵੇਂ-ਨਵੇਕਲੇ ਅਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਬਹੁਤ ਨੇੜੇ ਦੇ ਹਨ। ਇਸ ਲਈ ਉਸਦੀਆਂ ਖੁੱਲ੍ਹੀਆਂ ਕਵਿਤਾਵਾਂ ਨੂੰ ਵੀ ਆਮ ਲੋਕਾਂ ਨੇ ਮਾਣਿਆ ਅਤੇ ਮਾਣਤਾ ਦਿੱਤੀ। ਪਾਸ਼ ਦੀਆਂ ਕਵਿਤਾਵਾਂ ਆਮ ਲੋਕਾਂ ਅਤੇ ਬੁੱਧੀਜੀਵੀਆਂ ਨੂੰ ਇਕਸਾਰ ਪ੍ਰਭਾਵਿਤ ਕਰਦੀਆਂ ਹਨ, ਇਸ ਨੂੰ ਮੈਂ ਖ਼ਾਸ ਕਾਰਨ ਸਮਝਦਾ ਹਾਂ।
? ਤੁਸੀਂ ਕੀ ਸਮਝਦੇ ਹੋ ਕਿ ਇੱਕ ਲੇਖਕ ਨੂੰ ਕਿਸੇ ਵਿਚਾਰਧਾਰਾ ਨਾਲ਼ ਜੁੜਨਾ ਜ਼ਰੂਰੀ ਹੈ? ਕੱਝ ਲੋਕਾਂ ਦਾ ਵਿਚਾਰ ਹੈ ਕਿ ਇਸ ਤਰ੍ਹਾਂ, ਲੇਖਕ ਦੇ ਵਿਚਾਰਾਂ ਦਾ ਘੇਰਾ ਸੀਮਤ ਹੋ ਜਾਂਦਾ ਹੈ?
: ਗੱਲ ਇਸ ਤਰ੍ਹਾਂ ਹੈ, ਇੱਕ ਲੇਖਕ ਦਾ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਇੱਕ ਥੜ੍ਹੇ ਉੱਤੇ ਖੜ੍ਹਨਾ ਬੜਾ ਜ਼ਰੂਰੀ ਹੈ। ਜੋ ਆਪ ਮੰਝਧਾਰ ਵਿੱਚ ਗੋਤੇ ਖਾਂਦਾ ਫਿਰਦਾ ਹੈ, ਉਹ ਲੋਕਾਂ ਨੂੰ ਕੀ ਸੇਧ ਦੇਵੇਗਾ? ਕੁਦਰਤ ਦਾ ਅਸੂਲ ਹੈ ਕਿ ਇੱਕ ਪਾਸੇ ਜਮ੍ਹਾਂ ਹੁੰਦਾ ਹੈ, ਦੂਸਰੇ ਪਾਸੇ ਘਟਾਓ ਅਤੇ ਵਿਚਕਾਰ ਜ਼ੀਰੋ ਹੁੰਦਾ ਹੈ, ਮਤਲਬ ਜਿਹਦੀ ਕੋਈ ਹੋਂਦ ਨਹੀਂ। ਦੂਸਰੇ ਸ਼ਬਦਾਂ ਵਿੱਚ ਜਿਹਦੀ ਕੋਈ ਹੋਂਦ ਹੈ, ਉਹ ਜਮ੍ਹਾਂ ਵੱਲ ਹੈ ਜਾਂ ਘਟਾਓ ਵੱਲ; ਦੋਵੇਂ ਪਾਸੀਂ ਨਹੀਂ ਹੋ ਸਕਦਾ। ਇਸੇ ਤਰ੍ਹਾਂ ਉਸ ਦੀ ਰਚਨਾ ਵੀ ਇੱਕ ਪਾਸੇ ਹੋਵੇਗੀ।
? ਥੋੜ੍ਹੀ ਜਿਹੀ ਗੱਲ ਕੈਨੇਡਾ ਵਿੱਚ ਪੰਜਾਬੀ ਮੀਡੀਏ ਬਾਰੇ ਵੀ ਕਰੀਏ। ਕੀ ਕੈਨੇਡੀਅਨ ਪੰਜਾਬੀ ਅਖ਼ਬਾਰਾਂ, ਮੈਗਜ਼ੀਨ, ਰੇਡੀਓ ਅਤੇ ਟੀ. ਵੀ. ਸਮਾਜ ਵਿੱਚ ਕੋਈ ਉਸਾਰੂ ਹਿੱਸਾ ਪਾ ਰਿਹੇ ਹਨ?
: ਪੰਜਾਬੀ ਮੀਡੀਏ ਬਾਰੇ ਗੱਲ ਇਸ ਤਰ੍ਹਾਂ ਹੈ ਕਿ ਉਹ ਆਪਣਾ ਬਣਦਾ ਸਰਦਾ ਨਾ ਵੀ ਸਹੀ ਪਰ ਕੁੱਝ ਹਿੱਸਾ ਤਾਂ ਪਾ ਹੀ ਰਿਹਾ ਹੈ। ਇਸ ਦੇ ਦੋਵੇਂ ਪੱਖ ਹਨ, ਚੰਗਾ ਵੀ ਤੇ ਬੁਰਾ ਵੀ। ਮੈਂ ਸਮਝਦਾ ਹਾਂ ਕਿ ਬੁਰੇ ਪੱਖ ਚੰਗੇ ਨਾਲੋਂ ਕੁਝ ਭਾਰੂ ਹੈ। ਇਸ ਦੇ ਵੀ ਕਈ ਕਾਰਨ ਹਨ। ਪਹਿਲਾ ਤਾਂ ਇਹ ਕਿ ਪੰਜਾਬੀ ਮੀਡੀਆ ਅਜੇ ਮੁੱਢਲੀ ਅਵਸਥਾ ਵਿੱਚ ਹੀ ਹੈ। ਦੂਜਾ, ਮੀਡੀਏ ਦੇ ਲਗਭਗ ਸਾਰੇ ਕਾਮੇਂ ਅਣ-ਸਿੱਖਿਅਤ ਹੀ ਹਨ। ਤੀਜਾ, ਬਹੁਤਿਆਂ ਦਾ ਉਦੇਸ਼ ਤੋਰੀ ਫੁਲਕਾ ਤੋਰਨਾ ਹੀ ਹੈ। ਇਸ ਲਈ ਉਹ ਜੋਤਿਸ਼ੀਆਂ ਤੇ ਬਾਬਿਆਂ ਦੀ ਮਸ਼ਹੂਰੀ ਕਰਕੇ ਸਮਾਜ ਨੂੰ ਗੁੰਮਰਾਹ ਕਰ ਰਹੇ ਹਨ। ਪਰ ਹਾਂ, ਕੁਝ ਅਜਿਹੇ ਪਰਚੇ, ਰੇਡੀਓ ਅਤੇ ਟੀ. ਵੀ. ਪ੍ਰੋਗਰਾਮ ਵੀ ਹਨ, ਜੋ ਆਪਣੇ ਮਿਆਰ ਦਾ ਖ਼ਿਆਲ ਰੱਖਦੇ ਹਨ ਤੇ ਲੋਕ-ਹਿਤੂ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਦੇ ਹਨ। ਸਾਹਿਤਕ ਰਚਨਾਵਾਂ ਛਾਪਕੇ ਜਾਂ ਪ੍ਰਸਾਰਨ ਕਰਕੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਹਨ।
? ਇਸੇ ਸਵਾਲ ਨਾਲ ਜੁੜਵਾਂ ਸਵਾਲ ਕਿ ਕੀ ਕੈਨੇਡਾ ਵਿੱਚਲੀਆਂ ਸਾਹਿਤ ਸਭਾਵਾਂ ਵੀ ਪੰਜਾਬੀ ਬੋਲੀ ਦੇ ਵਿਕਾਸ ਵਿੱਚ ਹਿੱਸਾ ਪਾ ਰਹੀਆਂ ਹਨ? ਜਿਹੜੇ ਸਾਹਿਤਕ ਇਕੱਠ ਜਾਂ ਪੰਜਾਬੀ ਕਾਨਫ਼ਰੰਸਾਂ ਹੁੰਦੀਆਂ ਹਨ, ਉਹਨਾਂ ਦਾ ਕੋਈ ਫਾਇਦਾ ਵੀ ਹੈ ਜਾਂ ਨਹੀਂ?
: ਬਹੁਤੀਆਂ ਸਾਹਿਤ ਸਭਾਵਾਂ ਕੁਝ ਨਾ ਕੁਝ ਜ਼ਰੂਰ ਕਰ ਰਹੀਆਂ ਹਨ, ਕੁਝ ਕੁ ਤਾਂ ਬਹੁਤ ਵਧੀਆ ਉੱਦਮ ਕਰ ਰਹੀਆਂ ਹਨ। ਇਸੇ ਤਰ੍ਹਾਂ ਕਈ ਸਾਹਿਤਕ ਇਕੱਠ ਵੀ ਬੜੇ ਸਾਰਥਕ ਹੁੰਦੇ ਹਨ, ਪਰ ਕਈ ਮੇਲਾ-ਗੇਲਾ ਬਣਕੇ ਵੀ ਰਹਿ ਜਾਂਦੇ ਹਨ। ਬੀ. ਸੀ. ਵਿੱਚ ਦੋ ਇਕੱਠਾਂ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ।ਇੱਕ ਵਿਸ਼ਵ ਪੰਜਾਬੀ ਕਾਨਫ਼ਰੰਸ ਸੀ ਅਤੇ ਦੂਸਰੀ ਸੀ ਪੰਜਾਬੀ ਲੇਖਕ ਮੰਚ ਦੀ ਪੈਂਤੀਵੀਂ ਵਰ੍ਹੇ-ਗੰਢ। ਦੋਵੇਂ ਹੀ ਬਹੁਤ ਅੱਛੀਆਂ ਰਹੀਆਂ।ਬੜੇ ਗੰਭੀਰ ਮਸਲਿਆਂ ’ਤੇ ਵਿਚਾਰ-ਵਟਾਂਦਰਾ ਹੋਇਆ।ਬਹੁਤ ਕੁਝ ਸਿੱਖਣ ਲਈ ਮਿਲਿਆ।
? ‘ਪੰਜਾਬੀ ਲਿਖਾਰੀ ਸਭਾ ਕੈਲਗਰੀ’ ਨਾਲ਼ ਤੁਸੀਂ ਸ਼ੁਰੂ ਤੋਂ ਹੀ ਜੁੜੇ ਹੋਏ ਹੋ ਅਤੇ ਅੱਜ-ਕੱਲ੍ਹ ਇਸ ਦੇ ਪ੍ਰਧਾਨ ਵੀ ਹੋ। ਤੁਹਾਡੀ ਸਭਾ ਕਿਹੋ ਜਿਹੇ ਕੰਮ ਕਰਦੀ ਹੈ?
: ਢਾਅ ਜੀ, ਪ੍ਰਧਾਨ ਹੋਣਾ ਤਾਂ ਮੈਂ ਕੋਈ ਬਹੁਤੀ ਅਹਿਮੀਅਤ ਵਾਲ਼ੀ ਗੱਲ ਨਹੀਂ ਸਮਝਦਾ, ਪਰ ਹਾਂ, ਇਸ ਸਭਾ ਦਾ ਮੈਂਬਰ ਹੋਣ ਵਿੱਚ ਮੈਂ ਮਾਣ ਮਹਿਸੂਸ ਕਰਦਾ ਹਾਂ। ‘ਪੰਜਾਬੀ ਲਿਖਾਰੀ ਸਭਾ, ਕੈਲਗਰੀ’ ਇਕਬਾਲ ਅਰਪਨ ਦੇ ਉੱਦਮ ਨਾਲ਼ ਕੋਈ ਬਾਰਾਂ ਕੁ ਸਾਲ ਪਹਿਲਾਂ ਹੋਂਦ ਵਿੱਚ ਆਈ ਸੀ। ਸੰਨ ਦੋ ਹਜ਼ਾਰ ਵਿੱਚ ਬਕਾਇਦਾ ਕਮੇਟੀ ਗਠਨ ਕਰਕੇ ਕੰਮ ਸ਼ੁਰੂ ਕੀਤਾ। ਉਸ ਸਾਲ ਤੋਂ ਹੀ ਸਾਲਾਨਾ ਸਮਾਗਮ ਸ਼ੁਰੂ ਕੀਤਾ ਗਿਆ, ਜਿਸ ਵਿੱਚ ਹਰ ਸਾਲ ਕੈਨੇਡਾ ਦੇ ਕਿਸੇ ਪੰਜਾਬੀ ਲੇਖਕ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਸਨਮਾਨ ਵਿੱਚ ਪੰਜ ਸੌ ਡਾਲਰ ਨਗਦ ਰਾਸ਼ੀ, ਇੱਕ ਪਲੈਕ ਅਤੇ ਸਭਾ ਦੇ ਮੈਂਬਰਾਂ ਦੀਆਂ ਕਿਤਾਬਾਂ ਦਾ ਸੈੱਟ ਦਿੱਤਾ ਜਾਂਦਾ ਹੈ। ਇਸ ਸਨਮਾਨ ਨੂੰ ਪਹਿਲਾਂ ‘ਪੰਜਾਬੀ ਲਿਖਾਰੀ ਸਭਾ ਪੁਰਸਕਾਰ’ ਕਿਹਾ ਜਾਂਦਾ ਸੀ, ਪਰ ਜਦ 15 ਜੂਨ, 2006 ਨੂੰ ਇਕਬਾਲ ਅਰਪਨ ਸਾਨੂੰ ਸਦੀਵੀ ਵਿੱਛੋੜਾ ਦੇ ਗਏ, ਉਦੋਂ ਤੋਂ ਇਸ ਸਨਮਾਨ ਦਾ ਨਾਂ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਰੱਖ ਦਿੱਤਾ ਗਿਆ ਹੈ।
ਇਸ ਲਿਖਾਰੀ ਸਭਾ ਦੀ ਪ੍ਰੇਰਨਾ ਨਾਲ਼ ਕਈ ਨਵੇਂ ਲੇਖਕਾਂ ਨੇ ਲਿਖਣਾ ਸ਼ੁਰੂ ਕੀਤਾ। ਜਿਸ ਤਰ੍ਹਾਂ ਪ੍ਰੋ. ਮਨਜੀਤ ਸਿੰਘ ਸਿੱਧੂ ਅਤੇ ਡਾ. ਮਹਿੰਦਰ ਸਿੰਘ ਹਲਨ ਵਰਗੇ ਪ੍ਰੌੜ੍ਹ ਉਮਰ ਦੇ ਵੀ ਲਿਖਣ ਲੱਗੇ। ਉਹਨਾਂ ਕੋਲ਼ ਤਜਰਬੇ ਦੇ ਤੌਰ ’ਤੇ ਬੜਾ ਕੁਝ ਲਿਖਣ ਲਈ ਹੈ। ਇਸ ਸਭਾ ਨੇ ਭਾਈਚਾਰੇ ਦੇ ਭਖਦਿਆਂ ਮਸਲਿਆਂ ’ਤੇ ਸੈਮੀਨਾਰ ਵੀ ਕਰਾਏ ਹਨ। ਉੱਤਰੀ ਅਮਰੀਕਾ ਵਿੱਚ ਇਹ ਇੱਕੋ-ਇੱਕ ਸਭਾ ਹੈ, ਜੋ ਆਪਣੀ ਹੋਂਦ ਤੋਂ ਹੀ ਇਹੋ ਜਿਹੇ ਕੰਮ ਲਗਾਤਾਰ ਕਰ ਰਹੀ ਹੈ। ਅੱਜ ਤੱਕ ਸਵ. ਸ਼੍ਰੋਮਣੀ ਸਹਿਤਕਾਰ ਗਿਆਨੀ ਕੇਸਰ ਸਿੰਘ ਨਾਵਲਿਸਟ, ਸਵ. ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ, ਸਵ. ਸ਼੍ਰੋਮਣੀ ਸਹਿਤਕਾਰ ਗੁਰਦੇਵ ਸਿੰਘ ਮਾਨ, ਸ਼੍ਰੋਮਣੀ ਸਾਹਿਤਕਾਰ ਗੁਰਚਰਨ ਰਾਮਪੁਰੀ, ਜੋਗਿੰਦਰ ਸ਼ਮਸ਼ੇਰ, ਡਾ. ਦਰਸ਼ਨ ਗਿੱਲ, ਨਵਤੇਜ ਭਾਰਤੀ, ਬਲਬੀਰ ਕੌਰ ਸੰਘੇੜਾ, ਨਦੀਮ ਪਰਮਾਰ ਅਤੇ ਇਸ ਸਾਲ ਇਕਬਾਲ ਰਾਮੂੰਵਾਲੀਆ ਦਾ ਸਨਮਾਨ ਕਰ ਚੁੱਕੇ ਹਾਂ। ਮੈਂ ਪੂਰੇ ਭਰੋਸੇ ਨਾਲ਼ ਕਹਿ ਸਕਦਾ ਹਾਂ ਕਿ ‘ਪੰਜਾਬੀ ਲਿਖਾਰੀ ਸਭਾ’ ਪੰਜਾਬੀ ਬੋਲੀ ਨੂੰ ਜ਼ਿੰਦਾ ਰੱਖਣ ਅਤੇ ਪਰਫੁੱਲਤ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ। ਸੋ ਇਸ ਸਭਾ ਦਾ ਮੈਂਬਰ ਹੋਣ ’ਤੇ ਮੈਂ ਮਾਣ ਮਹਿਸੂਸ ਕਰਦਾ ਹਾਂ।
(ਨੋਟ: ਬਾਅਦ ਵਿੱਚ ਇੱਧਰੋਂ ਉੱਧਰੋਂ ਕੈਲਗਰੀ ਆਏ ਕੁਝ ਮੌਕਾ ਪ੍ਰਸਤ ਅਤੇ ਗੈਰ-ਸਾਹਿਤਕ ਲੋਕਾਂ ਨੇ ਹੋਸ਼ੇ ਹੱਥ ਕੰਡਿਆਂ ਨਾਲ ਪੰਜਾਬੀ ਲਿਖਾਰੀ ਸਭਾ ਉੱਤੇ ਕਬਜ਼ਾ ਕਰ ਲਿਆ ਅਤੇ ਪੰਜਾਬੀ ਲਿਖਾਰੀ ਸਭਾ ਦੇ ਕੁਝ ਮੋਢੀ ਮੈਂਬਰਾਂ ਨੂੰ ਧੱਕ ਕੇ ਹਾਸ਼ੀਏ ’ਤੇ ਕਰ ਦਿੱਤਾ। ਜਦੋਂ ਸਾਡੇ ਵੱਲੋਂ ਕੀਤੀਆਂ ਸੁਹਿਰਦ ਕੋਸ਼ਿਸ਼ਾਂ ਦਾ ਵੀ ਕੋਈ ਸਿੱਟਾ ਨਾ ਨਿੱਕਲਿਆ ਤਾਂ ਇਸ ਕਸ਼ਮਕਸ਼ ਵਿੱਚੋਂ 2010 ਵਿੱਚ ‘ਅਰਪਨ ਲਿਖਾਰੀ ਸਭਾ ਕੈਲਗਰੀ’ ਹੋਂਦ ਵਿੱਚ ਆਈ। ਅੱਜ ਕੱਲ੍ਹ ਇਕਬਾਲ ਖਾਨ ਅਰਪਨ ਲਿਖਾਰੀ ਸਭਾ ਦੇ ਜਰਰਲ ਸਕੱਤਰ ਦੀ ਸੇਵਾ ਨਿਭਾ ਰਿਹਾ ਹੈ। ਇਹ ਸਭਾ ਵੀ ਉਸੇ ਜੋਸ਼ੋ-ਖ਼ਰੋਸ਼ ਨਾਲ ਤੇ ਪੂਰੀ ਸਰਗਰਮੀ ਨਾਲ ਕੰਮ ਕਰ ਰਹੀ ਹੈ। ਸਮੇਂ ਸਮੇਂ ਵੱਖ ਵੱਖ ਸੈਮੀਨਾਰ ਅਤੇ ‘ਅਰਪਨ ਮੈਮੋਰੀਅਲ ਐਵਾਰਡ’ ਦੇ ਕੇ ਸਾਹਿਤਕ ਸ਼ਖ਼ਸੀਅਤਾਂ ਦਾ ਮਾਣ ਸਨਮਾਨ ਲਗਾਤਾਰ ਪਿਛਲੇ ਚਾਰ ਸਾਲਾਂ ਤੋਂ ਕਰ ਰਹੀ ਹੈ। ਹੁਣ ਤੱਕ ਇਸ ਸਭਾ ਵੱਲੋਂ ਬਾਬਾ ਬਚਿੱਤਰ ਸਿੰਘ ਝਿੰਗੜ ਕਲਾਂ, ਪ੍ਰਸਿੱਧ ਇਤਿਹਾਸਕਾਰ ਅਤੇ ਸਾਹਿਤਕਾਰ ਪ੍ਰੋ. ਸੋਹਣ ਸਿੰਘ ਪੂੰਨੀ, ਡਾ. ਸੁਰਿੰਦਰ ਧੰਜਲ, ਰਵਿੰਦਰ ਰਵੀ ਅਤੇ ਸੁਖਿੰਦਰ ਅਤੇ ਹਰਜੀਤ ਦੌਧਦਰੀਆ ਦਾ ਮਾਣ ਸਨਮਾਨ ਕਰ ਚੁੱਕੀ ਹੈ। ਇਹ ਸਭਾ ਇਕਬਾਲ ਅਰਪਨ ਦੇ ਨਕਸ਼ੇ ਕਦਮਾਂ ’ਤੇ ਚੱਲਣ ਦਾ ਪੂਰਾ ਯਤਨ ਕਰ ਰਹੀ ਹੈ। ਇਸ ਟੀਮ ਵਿੱਚ ਬਹੁਤ ਹੀ ਸੁਲਝੇ ਅਤੇ ਪੰਜਾਬੀ ਸਾਹਿਤ ਨੂੰ ਸਮਰਪਿਤ ਲੋਕ ਕੰਮ ਕਰ ਰਹੇ ਹਨ।)
? ਇੱਕ ਸਵਾਲ ਪੰਜਾਬੀ ਬੋਲੀ ਬਾਰੇ, ਯੂਨੈਸਕੋ ਦਾ ਅਨੁਮਾਨ ਹੈ ਕਿ ਵੀਹ-ਸੌ ਪੰਜਾਹ ਤੱਕ ਕੁੱਝ ਹੋਰ ਘੱਟ ਗਿਣਤੀ ਕੌਮਾਂ ਦੀਆਂ ਬੋਲੀਆਂ ਨਾਲ਼ ਪੰਜਾਬੀ ਬੋਲੀ ਵੀ ਅਲੋਪ ਹੋ ਜਾਵੇਗੀ। ਤੁਸੀਂ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਕੀ ਕਹਿਣਾ ਚਾਹੋਗੇ?
: ਭਾਵੇਂ ਪੰਜਾਬ ਵਿੱਚ ਸੂਬਾ ਅਤੇ ਕੇਂਦਰੀ ਸਰਕਾਰਾਂ ਇਸ ਵੱਲ ਕੋਈ ਧਿਆਨ ਨਹੀਂ ਦਿੰਦੀਆਂ, ਲੋਕ ਵੀ ਕੋਈ ਬਹੁਤੇ ਚਿੰਤਾਤੁਰ ਨਹੀਂ ਹਨ, ਫਿਰ ਵੀ ਥੋੜ੍ਹੇ ਕੀਤਿਆਂ ਖ਼ਤਮ ਹੋਣ ਵਾਲ਼ੀ ਨਹੀਂ ਪੰਜਾਬੀ ਬੋਲੀ। ਹਾਂ, ਇਸ ਵੱਲ ਲੇਖਕਾਂ ਅਤੇ ਲਿਖਾਰੀ ਸਭਾਵਾਂ ਨੂੰ ਉਚੇਚਾ ਧਿਆਨ ਦੇਣ ਦੀ ਲੋੜ ਹੈ। ਦੇਸ਼ੋਂ ਬਾਹਰ ਆ ਚੁੱਕੇ ਲੋਕ ਇਸ ਬਾਰੇ ਬੜੇ ਚਿੰਤਾਤੁਰ ਹਨ। ਉਹ ਆਪਣੀ ਬੋਲੀ ਅਤੇ ਸੱਭਿਆਚਾਰ ਨਾਲ਼ ਜਜ਼ਬਾਤੀ ਤੌਰ ’ਤੇ ਜੁੜੇ ਹੋਏ ਹਨ ਅਤੇ ਇਹਨੂੰ ਜਿਊਂਦਾ ਰੱਖਣਾ ਚਾਹੁੰਦੇ ਹਨ। ਇਹਨਾਂ ਲੋਕਾਂ ਦੇ ਸੁਚੇਤ ਯਤਨਾਂ ਸਦਕਾ ਅੱਜ ਪੰਜਾਬੀ ਬੋਲੀ ਕੈਨੇਡਾ, ਅਮਰੀਕਾ, ਸਿੰਘਾਪੁਰ ਅਤੇ ਜਪਾਨ ਵਿੱਚ ਪੜ੍ਹਾਈ ਜਾਂਦੀ ਹੈ। ਇੱਥੇ ਮੈਂ ਇੱਕ ਹੋਰ ਗੱਲ ਤੁਹਾਡੇ ਧਿਆਨ ਵਿੱਚ ਲਿਆਉਣੀ ਚਾਹਾਂਗਾ ਕਿ ਗੁਰੁ ਗ੍ਰੰਥ ਸਾਹਿਬ ਪੰਜਾਬੀ ਲਿੱਪੀ ਵਿੱਚ ਲਿਖਣ ਨਾਲ਼ ਪੰਜਾਬੀ ਬੋਲੀ ਦੀ ਸਿੱਖ ਧਰਮ ਨਾਲ਼ ਬੜੀ ਪੀਡੀ ਗੰਢ ਪੈ ਗਈ ਹੈ। ਧਰਮ ਨਾਲ਼ ਜੁੜੀ ਹੋਈ ਬੋਲੀ ਮਰ ਕੇ ਵੀ ਫਿਰ ਪੁੰਗਰ ਆਉਂਦੀ ਹੈ। ਹੀਬਰੋ ਦੀ ਉਦਾਹਰਣ ਸਾਡੇ ਸਾਹਮਣੇ ਹੈ। ਇੱਥੇ ਮੈਨੂੰ ਭਾਸ਼ਾ ਵਿਗਿਆਨੀ ਸਵ. ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਦੀ ਕਹੀ ਗੱਲ ਯਾਦ ਆਉਂਦੀ ਹੈ। ਉਹ ਕਹਿੰਦੇ ਹੁੰਦੇ ਸਨ, “ਵੇਦ ਵੀ ਪੰਜਾਬ ਦੀ ਧਰਤੀ ’ਤੇ ਲਿਖੇ ਗਏ, ਇਹ ਵੀ ਪੰਜਾਬੀ ਵਿੱਚ ਹਨ, ਇਹ ਉਸ ਵੇਲੇ ਦੀ ਪੰਜਾਬੀ ਹੈ।” ਸੋ ਮੈਂ ਦਾਹਵੇ ਨਾਲ ਕਹਿ ਸਕਦਾ ਹਾਂ ਕਿ ਪੰਜਾਬੀ ਬੋਲੀ ਨਹੀਂ ਮਰੇਗੀ। ਹਾਂ, ਇਹ ਬਦਲਦੇ ਸਮੇਂ ਨਾਲ ਕਿਸੇ ਬਦਲਵੇਂ ਰੂਪ ਵਿੱਚ ਹੋ ਸਕਦੀ ਹੈ।
? ਤੁਹਾਡੇ ਇਸ ਜਵਾਬ ਨੇ ਇੱਕ ਹੋਰ ਸਵਾਲ ਪੈਦਾ ਕਰ ਦਿੱਤਾ। ਬੋਲੀ ਤਾਂ ਕਿਸੇ ਇੱਕ ਖਿੱਤੇ ਵਿੱਚ ਰਹਿਣ ਵਾਲੇ ਤੇ ਬੋਲਣ ਵਾਲੇ ਲੋਕਾਂ ਦੀ ਹੁੰਦੀ ਹੈ ਨਾ ਕਿ ਕਿਸੇ ਧਰਮ ਦੀ। ਤੁਸੀਂ ਇਹ ਕਿਵੇਂ ਕਹੋਗੇ ਕਿ ਧਰਮ ਬੋਲੀ ਨੂੰ ਜਿਉਂਦਾ ਰੱਖਦਾ ਹੈ?
: ਤੁਸੀਂ ਠੀਕ ਫ਼ਰਮਾਇਆ ਹੈ। ਬੋਲੀ ਕਿਸੇ ਧਰਮ ਦੀ ਨਹੀਂ, ਸਗੋਂ ਕੌਮ ਦੀ ਹੁੰਦੀ ਹੈ, ਜਿਵੇਂ ਕਿ ਪੰਜਾਬੀਆਂ ਦੀ ਪੰਜਾਬੀ, ਬੰਗਾਲੀਆਂ ਦੀ ਬੰਗਾਲੀ। ਇੱਕ ਬੋਲੀ ਨੂੰ ਬੋਲਣ ਵਾਲ਼ੇ ਲੋਕਾਂ ਦਾ ਧਰਮ ਅੱਡ-ਅੱਡ ਹੋ ਸਕਦਾ ਹੈ, ਇਸੇ ਤਰ੍ਹਾਂ ਵੱਖ-ਵੱਖ ਕੌਮਾਂ, ਜਿਹਨਾਂ ਦੀ ਬੋਲੀ ਵੀ ਵੱਖ-ਵੱਖ ਹੈ, ਦਾ ਧਰਮ ਇੱਕੋ ਹੋ ਸਕਦਾ ਹੈ। ਪਰ ਜਦ ਬੋਲੀ ਕਿਸੇ ਧਰਮ ਨਾਲ਼ ਜੁੜ ਜਾਂਦੀ ਹੈ ਤਾਂ ਇਹਦਾ ਹਾਲਾਤ ਮੁਤਾਬਿਕ ਬੋਲੀ ਨੂੰ ਨੁਕਸਾਨ ਵੀ ਹੋ ਸਕਦਾ ਹੈ, ਜਿਵੇਂ ਕਿ ਪੰਜਾਬ ਵਿੱਚ ਪੰਜਾਬੀ ਨੂੰ ਹੋਇਆ ਹੈ ਅਤੇ ਫ਼ਾਇਦਾ ਵੀ ਹੋ ਸਕਦਾ ਹੈ, ਜਿਵੇਂ ਕਿ ਹੀਬਰੋ ਨੂੰ ਹੋਇਆ ਹੈ।
? ਪਿਛਲੇ ਸਮੇਂ ਤੋਂ ਜਿੰਨੇ ਵੀ ਨੇਤਾ-ਲੋਕ ਬਾਹਰ ਇੱਧਰ ਆਪਣੀਆਂ ਫੇਰੀਆਂ ’ਤੇ ਆਉਂਦੇ ਹਨ, ਉਹ ਹਮੇਸ਼ਾ ਬਾਹਰ ਬੈਠੇ ਪੰਜਾਬੀਆਂ ਨੂੰ ਪੰਜਾਬ ਵਿੱਚ ਪੂੰਜੀ ਲਾ ਕੇ ਪੰਜਾਬ ਨੂੰ ਬਚਾਉਣ ਲਈ ਕਹਿੰਦੇ ਹਨ। ਤੁਸੀਂ ਇਸ ਨਾਲ਼ ਕਿੱਥੋਂ ਤੱਕ ਸਹਿਮਤ ਹੋ?
: ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਜੇ ਪੰਜਾਬ ਗਰਕ ਰਿਹਾ ਹੈ ਤਾਂ ਬਾਹਰ ਬੈਠੇ ਪੰਜਾਬੀ ਨਹੀਂ ਬਚਾ ਸਕਦੇ। ਹਾਂ, ਇੱਕ ਹੱਦ ਤੱਕ ਕੁਝ ਉਸਾਰੂ ਹਿੱਸਾ ਜ਼ਰੂਰ ਪਾ ਸਕਦੇ ਹਨ। ਅਸਲ ਵਿੱਚ ਨੇਤਾ-ਲੋਕ ਤਾਂ ਮੌਜ-ਮੇਲਾ ਕਰਨ ਆਉਂਦੇ ਹਨ। ਪੇਪਰਾਂ ਵਿੱਚ ਬਿਆਨ ਦਾਗਦੇ ਹਨ, ਕੁਝ ਦਿਨ ਖਾ-ਪੀ, ਐਸ਼ ਕਰਕੇ ਵਾਪਸ ਤੁਰ ਜਾਂਦੇ ਹਨ। ਅਗਰ ਕੋਈ ਪਰਵਾਸੀ ਜਜ਼ਬਾਤੀ ਹੋ ਕੇ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਜੋ ਹਾਲ ਹੁੰਦਾ ਹੈ, ਉਹ ਸਭ ਨੂੰ ਪਤਾ ਹੈ। ਪੰਜਾਬ ਨੂੰ ਉਜਾੜਨ ਲਈ ਉੱਥੇ ਲਾਗੂ ਰਾਜ-ਪ੍ਰਬੰਧ ਅਤੇ ਇਹ ਸਿਆਸੀ ਲੋਕ ਹੀ ਜ਼ਿੰਮੇਵਾਰ ਹਨ।
? ਇਹ ਵੀ ਦੇਖਣ ਸੁਣਨ ਵਿੱਚ ਆਇਆ ਹੈ ਕਿ ਦੇਸ਼ੋਂ ਆਏ ਲੇਖਕ ਇੱਧਰਲਿਆਂ ਲੇਖਕਾਂ ਨੂੰ ਕਹਿੰਦੇ ਹਨ, ਅਸੀਂ ਦੇਸ਼ ਦੀਆਂ ਸਮੱਸਿਆਵਾਂ ਬਾਰੇ ਬਹੁਤ ਕੁੱਝ ਲਿਖ ਰਹੇ ਹਾਂ। ਤੁਸੀਂ ਇੱਧਰਲੀਆਂ ਸਮੱਸਿਆਵਾਂ ਬਾਰੇ ਹੀ ਲਿਖੋ। ਕੀ ਤੁਸੀਂ ਇਸ ਗੱਲ ਨਾਲ਼ ਸਹਿਮਤ ਹੋ?
: ਮੈਂ ਇਸ ਧਾਰਨਾ ਨੂੰ ਵੀ ਠੀਕ ਨਹੀਂ ਮੰਨਦਾ। ਸੂਚਨਾ ਤਕਨੀਕ ਇੰਨੀ ਤਰੱਕੀ ਕਰ ਗਈ ਹੈ ਕਿ ਤੁਸੀਂ ਕਿਤੇ ਵੀ ਬੈਠੇ ਹੋਵੋਂ, ਸਿਰਫ ਇਸ ਧਰਤੀ ਬਾਰੇ ਹੀ ਨਹੀਂ ਸਗੋਂ ਬ੍ਰਹਿਮੰਡ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਦੂਸਰਾ, ਕਿਸੇ ਸਮੱਸਿਆ ਜਾਂ ਘਟਨਾ ਬਾਰੇ ਉਹਨਾਂ ਦੀ ਅਤੇ ਸਾਡੀ ਰਾਏ ਇੱਕ ਕਿਵੇਂ ਹੋ ਸਕਦੀ ਹੈ। ਇੱਕ ਹੀ ਚੀਜ਼ ਨੂੰ ਹਰ ਕੋਈ ਆਪਣੇ ਦ੍ਰਿਸ਼ਟੀਕੋਣ ਤੋਂ ਦੇਖੇਗਾ ਅਤੇ ਹਰ ਕਿਸੇ ਦੀ ਵੱਖਰੀ ਰਾਏ ਹੋਵੇਗੀ। ਇਸ ਲਈ ਜੋ ਵੀ ਜਿਸ ਕਾਸੇ ਲਈ ਲਿਖ ਸਕਦਾ ਹੈ, ਉਸ ਨੂੰ ਲਿਖਣਾ ਚਾਹੀਦਾ ਹੈ ਭਾਵੇਂ ਉਹ ਦੇਸ਼ ਵਿੱਚ ਹੋਵੇ ਭਾਵੇਂ ਬਦੇਸ਼ ਵਿੱਚ।
? ਇੱਕ ਹੋਰ ਇਸ ਨਾਲ ਜੁੜਵਾਂ ਸਵਾਲ, ਸਾਹਿਤ ਨੂੰ ਵੰਡ ਕੇ ਦੇਖਣਾ, ਦੇਸੀ-ਸਾਹਿਤ ਅਤੇ ਪ੍ਰਵਾਸੀ-ਸਾਹਿਤ, ਕੀ ਇਹ ਠੀਕ ਹੈ? ਪੰਜਾਬੀ ਭਾਸ਼ਾ ਵਿੱਚ ਦੁਨੀਆਂ ਦੇ ਕਿਸੇ ਕੋਨੇ ਵਿੱਚ ਕੁਝ ਵੀ ਲਿਖਿਆ ਗਿਆ ਹੋਵੇ ਕੀ ਸਮੁੱਚੇ ਪੰਜਾਬੀ ਸਾਹਿਤ ਨੂੰ ਪਰਖਣ ਲਈ ਇੱਕ ਕਸਵੱਟੀ ਨਹੀਂ ਚਾਹੀਦੀ?
: ਬਿਲਕੁਲ ਜੀ, ਮੈਂ ਇਸ ਗੱਲ ਨਾਲ਼ ਪੂਰੀ ਤਰ੍ਹਾਂ ਸਹਿਮਤ ਹਾਂ। ਪੂਰੇ ਪੰਜਾਬੀ ਸਾਹਿਤ ਨੂੰ ਇੱਕੋ ਕਸਵੱਟੀ ’ਤੇ ਪਰਖਣਾ ਚਾਹੀਦਾ ਹੈ। ਪ੍ਰਵਾਸੀ ਲੇਖਕਾਂ ਵੱਲੋਂ ਰਚਿਆ ਜਾ ਰਿਹਾ ਪੰਜਾਬੀ ਸਾਹਿਤ ਕਿਸੇ ਗੱਲੋਂ ਵੀ ਘੱਟ ਨਹੀਂ। ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਅਗਰ ਕੋਈ ਲੇਖਕ, ਚਾਹੇ ਉਹ ਕਿਤੇ ਵੀ ਬੈਠਾ, ਕਿਸੇ ਘਟਨਾ ਜਾਂ ਸਮੱਸਿਆ ਨੂੰ ਆਪਣੀ ਪਕੜ ਵਿੱਚ ਲੈ ਕੇ, ਸੋਹਣੇ ਢੰਗ ਨਾਲ਼ ਪੇਸ਼ ਕਰਦਾ ਹੈ, ਉਸ ਵੱਲ ਲੋਕਾਂ ਦਾ ਧਿਆਨ ਖਿੱਚਦਾ ਹੈ, ਮੇਰੇ ਖ਼ਿਆਲ ਵਿੱਚ ਉਹ ਪੰਜਾਬੀ ਸਾਹਿਤ ਵਿੱਚ ਮੁੱਲਵਾਨ ਵਾਧਾ ਕਰਦਾ ਹੈ।
? ਤੁਸੀਂ ਕਵਿਤਾ ਲਿਖਣ ਲਈ ਬਹੁਤ ਸਾਰੇ ਪਹਿਲੇ ਸ਼ਾਇਰਾਂ, ਕਵੀਆਂ ਅਤੇ ਲੇਖਕਾਂ ਨੂੰ ਪੜ੍ਹਿਆ ਵੀ ਹੋਵੇਗਾ ਤੁਹਾਡੀ ਕਲਮ ਨੂੰ ਕਿਹੜੇ-ਕਿਹੜੇ ਦੇਸੀ ਵਿਦੇਸ਼ੀ ਲੇਖਕਾਂ ਨੇ ਪ੍ਰਭਾਵਿਤ ਕੀਤਾ?
: ਮੈਂ ਪੰਜਾਬੀ, ਹਿੰਦੀ ਦੇ ਬਹੁਤ ਸਾਰੇ ਲੇਖਕਾਂ ਨੂੰ ਪੜ੍ਹਿਆ ਹੈ, ਢੇਰ ਸਾਰਾ ਰਸ਼ੀਅਨ ਸਾਹਿਤ ਦਾ ਅਨੁਵਾਦ, ਕੁਝ ਉਰਦੂ, ਇੰਗਲਿਸ਼, ਸਪੈਨਿਸ਼, ਤੁਰਕਸ਼ ਵੀ। ਮੈਨੂੰ ਹਮੇਸ਼ਾ ਲੱਗਦਾ ਸੀ ਕਿ ਰਸ਼ੀਅਨ ਸਾਹਿਤ ਸਾਥੋਂ ਬਹੁਤ ਅੱਗੇ ਹੈ। ਸੁਖਬੀਰ ਦਾ ਨਾਵਲ ‘ਸੜਕਾਂ ਤੇ ਕਮਰੇ’ ਪੜ੍ਹ ਕੇ ਮੈਨੂੰ ਮਹਿਸੂਸ ਹੋਇਆ ਕਿ ਪੰਜਾਬੀ ਵਿੱਚ ਵੀ ਰਸ਼ੀਅਨ ਸਾਹਿਤ ਦੇ ਹਾਣ ਦੀਆਂ ਰਚਨਾਵਾਂ ਹਨ। ਮੈਂ ਸੁਖਬੀਰ ਨੂੰ ਨਹੀਂ ਜਾਣਦਾ, ਉਹ ਇੱਕ ਮਹਾਂ-ਨਗਰ ਦਾ ਵਾਸੀ ਹੈ ਅਤੇ ਮੈਂ ਇੱਕ ਪੇਂਡੂ, ਮੈਂ ਕਦੇ ਉਸ ਨਾਲ਼ ਬੋਲ ਵੀ ਸਾਂਝੇ ਨਹੀਂ ਕੀਤੇ ਨਾ ਹੀ ਕਦੇ ਚਿੱਠੀ ਪੱਤਰ ਲਿਖਿਆ ਹੈ। ਪਰ ਮੈਂ ਉਸ ਰਾਹੀਂ ਮਹਾਂ-ਨਗਰ ਨੂੰ ਜਾਣਿਆ ਸੀ। ਬਾਕੀ ਰਹੀ ਮੇਰੀ ਕਲਮ ਨੂੰ ਪ੍ਰਭਾਵਤ ਕਰਨ ਦੀ ਗੱਲ, ਪ੍ਰਭਾਵਤ ਤਾਂ ਜਾਣੇ-ਅਣਜਾਣੇ ਬਹੁਤ ਸਾਰੇ ਲੇਖਕਾਂ ਨੇ ਕੀਤਾ ਹੋਵੇਗਾ। ਮੈਂ ਇੱਥੇ ਆਪਣੇ ਹਮਜੋਲੀਆਂ ਦੀ ਗੱਲ ਕਰਾਂਗਾ। ਇਹ ਹਨ: ਪਾਸ਼, ਦਰਸ਼ਨ ਖਟਕੜ, ਹਰਭਜਨ ਹਲਵਾਰਵੀ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ, ਦਰਸ਼ਨ ਦੁਸਾਂਝ, ਅਮਰਜੀਤ ਚੰਦਨ, ਇਕਬਾਲ ਰਾਮੂਵਾਲੀਆ, ਸੁਖਿੰਦਰ, ਸੁਰਿੰਦਰ ਧੰਜਲ ਅਤੇ ਇਕਬਾਲ ਅਰਪਨ ਆਦਿ ਨੇ ਸਿੱਧੇ ਤੌਰ ’ਤੇ ਪ੍ਰਭਾਵਤ ਕੀਤਾ ਹੈ।
? ਤੁਸੀਂ ਦੱਸ ਰਹੇ ਸੀ ਕਿ ਤੁਹਾਨੂੰ ਪਾਸ਼ ਨੂੰ ਨੇੜਿਓ ਦੇਖਣ, ਸੁਣਨ ਦਾ ਮੌਕਾ ਮਿਲਿਆ। ਤੁਸੀਂ ਪਾਸ਼ ਬਾਰੇ ਕੋਈ ਗੱਲ ਸਾਂਝੀ ਕਰਨੀ ਚਾਹੋਗੇ?
: ਪਾਸ਼ ਦਾ ਨਾਂ ਅਵਤਾਰ ਸਿੰਘ ਸੰਧੂ ਸੀ, ਪਾਸ਼ ਉਸਦਾ ਕਲਮੀ ਨਾਮ ਸੀ। ਉਹਨੇ ਆਪਣੀ ਇੱਕ ਮੈਡਮ ਦੀ ਪ੍ਰੇਰਨਾ ਨਾਲ ਅੱਠਵੀਂ ਵਿੱਚ ਪੜ੍ਹਦਿਆਂ, ਗੁਰੂ ਨਾਨਕ ਦੇਵ ਜੀ ਦੇ ਗੁਰ-ਪੁਰਬ ’ਤੇ ਪਹਿਲੀ ਕਵਿਤਾ ਲਿਖੀ। ਜਦੋਂ ਉਹਨੇ ਇਹ ਕਵਿਤਾ ਲਿਖੀ ਤਾਂ ਉਹਨੇ ਸੋਚਿਆ ਕਿ ਕੋਈ ਤਖ਼ੱਲਸ ਰੱਖਿਆ ਜਾਵੇ। ਪ੍ਰੇਰਨਾ ਸਰੋਤ ਮੈਡਮ ਦਾ ਨਾਂ ਸੀ, ‘ਪ੍ਰਵੇਸ਼’ ਉਸਦੇ ਨਾਂ ਦਾ ਪਹਿਲਾ ਅੱਖਰ (ਪ) ਤੇ ਆਖ਼ਰੀ ਅੱਖਰ (ਸ਼) ਲੈ ਕੇ ਦੋਵਾਂ ਨੂੰ ਕੰਨਾ (ਾ) ਲਗਾ ਦਿੱਤਾ। ਇਸ ਤਰ੍ਹਾਂ ਇਹ ਪਾਸ਼ਾ ਬਣ ਗਿਆ। ਫਿਰ ਉਹਨੇ ਸੋਚਿਆ ਇਹ ਤਾਂ ਰਸ਼ੀਅਨ ਨਾਂ ਲਗਦਾ ਹੈ ਅਤੇ ਅਖੀਰਲਾ ਕੰਨਾ ਲਾਹ ਦਿੱਤਾ। ਇਸ ਤਰ੍ਹਾਂ ਉਹ ‘ਪਾਸ਼’ ਬਣ ਗਿਆ। ਅਵਤਾਰ ਸਿੰਘ ਸੰਧੂ ਨੂੰ ਭਾਵੇਂ ਕੋਈ ਜਾਣੇ - ਨਾ ਜਾਣੇ, ਪਰ ‘ਪਾਸ਼’ ਨੂੰ ਅੱਜ ਸਾਰੀ ਦੁਨੀਆਂ ਦੇ ਪੰਜਾਬੀ ਸਾਹਤਿਕ ਰਸੀਏ ਜਾਣਦੇ ਹਨ। 'ਪਾਸ਼’ ਦੀ ਸ਼ਖਸ਼ੀਅਤ ਦੇ ਦੋ ਪੱਖ ਹਨ, ਇੱਕ ਹੈ ਬੌਧਿਕ ਅਤੇ ਦੂਸਰਾ ਹੈ ਜਜ਼ਬਾਤੀ। ਬੌਧਿਕ ਪੱਖ ਤਾਂ ਉਸ ਦੀਆਂ ਲਿਖਤਾਂ ਤੋਂ ਖੂਬ ਉਜਾਗਰ ਹੁੰਦਾ ਹੈ ਅਤੇ ਇਸ ਪੱਖ ਬਾਰੇ ਲਿਖਿਆ ਵੀ ਬਹੁਤ ਗਿਆ ਹੈ। ਪਰ ਜ਼ਜਬਾਤੀ ਪੱਖ ਬਾਰੇ ਘੱਟ ਹੀ ਲਿਖਿਆ ਗਿਆ ਹੈ। ਮੈਂ ‘ਸੰਵਾਦ’ ਦੇ ਇੱਕ ਵਿਸ਼ੇਸ਼ ਅੰਕ ਲਈ ਉਸ ਦੇ ਇਸ ਪੱਖ ਬਾਰੇ ਲੇਖ ਲਿਖਿਆ ਸੀ। ਜੋ ਕਿ ਮੇਰੀ ਕਿਤਾਬ ‘ਕਾਫ਼ਲੇ’ ਦੀ ਅੰਤਕਾ ਵਿੱਚ ‘ਯਾਦਾਂ ਦੇ ਪ੍ਰਛਾਵੇਂ’ ਨਾਂ ਹੇਠ ਛਪਿਆ ਹੈ।
? ਜੇਕਰ ਤੁਹਾਨੂੰ ਤੁਹਾਡੀ ਉੱਤਮ ਕਵਿਤਾ ਦੀ ਚੋਣ ਕਰਨੀ ਪਵੇ ਤਾਂ ਕਿਹੜੀ ਚੁਣੋਗੇ?
: ਇਹ ਕੰਮ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਹੈ, ਕਿਉਂਕਿ ਹਰ ਕਵਿਤਾ ਦਾ ਵੱਖਰਾ ਵਿਸ਼ਾ ਅਤੇ ਵੱਖਰਾ ਰੂਪ ਹੁੰਦਾ ਹੈ। ਜਿਵੇਂ ਹਰ ਨਿਆਣੇ ਦੀ ਆਪਣੀ ਸ਼ਕਲ ਅਤੇ ਆਪਣੀ ਅਕਲ ਹੁੰਦੀ ਹੈ, ਪਰ ਉਹ ਆਪਣੇ ਮਾਪਿਆਂ ਨੂੰ ਸਾਰੇ ਹੀ ਪਿਆਰੇ ਹੁੰਦੇ ਹਨ। ਬਸ, ਇਸੇ ਤਰ੍ਹਾਂ ਕਵਿਤਾਵਾਂ ਹੁੰਦੀਆਂ ਹਨ। ਮੇਰੀ ਸਭ ਤੋਂ ਪਹਿਲੀ ਛਪਣ ਵਾਲੀ ਕਵਿਤਾ ਸੀ, ‘ਜੂਝਦੇ ਬੂਟੇ ਦੀ ਟਾਹਣੀ’ ਇਹ ਸਤੰਬਰ, 1971 ਦੇ ‘ਸਰਦਲ’ ਵਿੱਚ ਛਪੀ ਸੀ। ਜਦ ਮੈਂ 1976 ਵਿੱਚ ਬਾਹਰ ਆ ਗਿਆ ਤਾਂ ਜਿਹੜੀ ਸਭ ਤੋਂ ਪਹਿਲੀ ਕਵਿਤਾ ਲਿਖੀ, ਉਹ ਸੀ, ‘ਲਾਸ਼ ਦਾ ਸਫ਼ਰ’। ਆਸਟ੍ਰੇਲੀਆ ਦੇ ਇੱਕ ਰੇਲਵੇ ਸਟੇਸ਼ਨ ਦੇ ਬੈਂਚ ’ਤੇ ਬੈਠ ਕੇ ਲਿਖੀ ਸੀ। ਇਹ ਦੋਨੋਂ ਕਵਿਤਾਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਐੱਮ. ਏ. ਦੀ ਕਲਾਸ ਵਿੱਚ ਪੜ੍ਹਾਈਆਂ ਗਈਆਂ ਹਨ। 'ਮੈਂ ਤੇ ਚੰਦ’, ‘ਸਫ਼ਰ ਦਾ ਸਾਹਿਸ ਤੇ ਚੰਦ’, ‘ਮੁਕਤੀ’, ‘ਨਾਨਕ ਤੇ ਲੈਨਿਨ’,‘ਸੋਚਣ ਢੰਗ’,‘ਨਾਗ ਦੀ ਮੌਤ ਤੱਕ’, ‘ਔਰਤ’, ‘ਕਬਰ, ਮਕਾਨ ਤੇ ਘਰ’, ‘ਸਾਥ’, ‘ਪ੍ਰੀਤ ਨਗਰ’, ‘ਕਾਫ਼ਲੇ’, ‘ਤ੍ਰੇਲ ਤੁਪਕੇ’, ‘ਕਿੱਸਾ ਕਾਮੇ ਦੀ ਮੁਹਬਤ ਦਾ’, ‘ਤੂੰ ਨਿਰਾਸ਼ ਨਾ ਹੋ’, ‘ਡਾਕਟਰ ਦੀ ਬੇਟੀ’, ‘ਇਹ ਕੇਹਾ ਪੱਥਰ ਹੈ’ ਅਤੇ ਹੋਰ ਵੀ ਬਹੁਤ ਸਾਰੀਆਂ ਹਨ।
? ਮੈਂ ਤੁਹਾਡੀ ਇੱਕ ਕਵਿਤਾ ਪੜ੍ਹੀ ਸੀ, ‘ਸਾਂਝ’। ਤੁਸੀਂ ਇਸ ਵਿੱਚ ਕੀ ਕਹਿਣਾ ਚਾਹਿਆ ਹੈ, ਇਹਦੇ ਬਾਰੇ ਕੁਝ ਦੱਸੋ?
:ਇਹ ਕਵਿਤਾ ਮੈਂ ਖ਼ਾਲਿਸਤਾਨੀ ਲਹਿਰ ਵੇਲੇ ਲਿਖੀ ਸੀ। ਦੇਖੋ, ਮੈਂ ਸਿਧਾਂਤਕ ਤੌਰ ’ਤੇ ਉਹਨਾਂ ਨਾਲ਼ ਬਿਲਕੁਲ ਸਹਿਮਤ ਨਹੀਂ ਸਾਂ/ਹਾਂ। ਮੈਂ ਕਿਸੇ ਵੀ ਇੱਕ ਧਰਮ ਦੇ ਰਾਜ ਦੇ ਹੱਕ ਵਿੱਚ ਨਹੀਂ ਹਾਂ, ਸਗੋਂ ਸਾਰੇ ਧਰਮਾਂ ਦੇ ਕਿਰਤੀਆਂ ਦੇ ਸਾਂਝੇ ਰਾਜ ਦੇ ਹੱਕ ਵਿੱਚ ਹਾਂ। ਪਰ ਫਿਰ ਵੀ ਜਦੋਂ ਮੈਂ ਖ਼ਾਲਿਸਤਾਨੀਆਂ ’ਤੇ ਤਸ਼ੱਦਦ ਦੀਆਂ ਖ਼ਬਰਾਂ ਪੜ੍ਹਦਾ/ਸੁਣਦਾ ਸਾਂ, ਤਾਂ ਮੇਰੇ ਲੂੰ-ਕੰਢੇ ਖੜ੍ਹੇ ਹੋ ਜਾਂਦੇ ਸਨ। ਸ਼ਾਇਦ ਇਸ ਕਰਕੇ, ਕਿਉਂਕਿ ਨਕਸਲਾਈਟ ਲਹਿਰ ਦੌਰਾਨ ਮੈਂ ਖ਼ੁਦ ਇਹਨਾਂ ਹਾਲਾਤ ਵਿੱਚੋਂ ਗੁਜ਼ਰਿਆ ਸਾਂ। ਬੱਸ, ਇਸ ਕਸ਼ਮਕਸ਼ ਵਿੱਚੋਂ ਹੀ ਇਸ ਕਵਿਤਾ ਨੇ ਜਨਮ ਲਿਆ।
? ਆਲੋਚਕਾਂ ਅਤੇ ਪਾਠਕਾਂ ਨੇ ਤੁਹਾਡੀ ਕਵਿਤਾ ਨੂੰ ਕਿਸ ਦ੍ਰਿਸ਼ਟੀ ਤੋਂ ਦੇਖਿਆ?
: ਜਿਸ ਨੇ ਵੀ ਦੇਖਿਆ, ਵਧੀਆ ਦ੍ਰਿਸ਼ਟੀ ਤੋਂ ਹੀ ਦੇਖਿਆ ਹੈ, ਜਿਵੇਂ ਕਿ ਡਾ. ਸੁਰਿੰਦਰ ਧੰਜਲ, ਡਾ. ਅਮਰਜੀਤ ਕੌਂਕੇ, ਡਾ. ਹਰਵਿੰਦਰ ਭੰਡਾਲ਼, ਪ੍ਰਮਿੰਦਰਜੀਤ, ਡਾ. ਸੁਰਜੀਤ ਬਰਾੜ, ਡਾ. ਸੁਖਦੇਵ ਸਿੰਘ ਸਿਰਸਾ, ਸੁਖਿੰਦਰ, ਡਾ. ਸੁਰਜੀਤ ਭੱਟੀ, ਡਾ. ਰਘਬੀਰ ਸਿੰਘ ਸਿਰਜਣਾ ਅਤੇ ਗੁਰਦਿਆਲ ਰੋਸ਼ਨ ਆਦਿਕ। ਕੁੱਝ ਨੇ ਅੱਖਾਂ ਵੀ ਮੀਟ ਰੱਖੀਆਂ। ਮੈਂ ਵੀ ਕੋਈ ਖ਼ਾਸ ਕੋਸ਼ਿਸ਼ਾਂ ਨਹੀਂ ਕੀਤੀਆਂ। ਅਸੀਂ ਬਾਹਰ ਬੈਠੇ ਹਾਂ, ਆਲੋਚਕਾਂ ਤੱਕ ਕਿਤਾਬਾਂ ਵੀ ਨਹੀਂ ਪਹੁੰਚਾਈਆਂ ਜਾਂਦੀਆਂ। ਇਹ ਵੀ ਸਾਡੀ ਕਮਜ਼ੋਰੀ ਹੈ। ਜਿਹੜੇ ਪ੍ਰਕਾਸ਼ਕ ਹਨ, ਉਹ ਗੱਲਾਂ ਤਾਂ ਬਹੁਤ ਕਰਦੇ ਹਨ, ਪਰ ਕਿਤਾਬ ਕਿਸੇ ਨੂੰ ਨਹੀਂ ਭੇਜਦੇ। ਫਿਰ ਵੀ ਪੰਜਾਬੀ ਪਾਠਕਾਂ, ਪੰਜਾਬੀ ਸਾਹਿਤਕ ਹਲਕਿਆਂ, ਹਿੰਦੋਸਤਾਨ ਵਿੱਚ ਅਤੇ ਬਾਹਰ ਵੀ ਮੇਰਾ ਨਾਂ ਇੱਕ ਹੱਦ ਤਕ ਜਾਣਿਆ-ਪਛਾਣਿਆ ਹੈ।
? ਖਾਨ ਜੀ, ਖੱਬੇ ਪੱਖੀ ਵਿਚਾਰਧਾਰਾ ਨਾਲ਼ ਜੁੜਨ ਅਤੇ ਨਕਸਲਬਾੜੀ ਵਿੱਚ ਅੱਗੇ ਹੋ ਕੇ ਕੰਮ ਕਰਨ ਦੀ ਪ੍ਰੇਰਨਾ ਕਿੱਥੋਂ ਮਿਲ਼ੀ?
: ਇੱਕ ਤਾਂ ਮੇਰੇ ਪਿਤਾ ਜੀ ਖੱਬੇ-ਪੱਖੀ ਵਿਚਾਰਧਾਰਾ ਨਾਲ਼ ਜੁੜੇ ਹੋਏ ਸਨ, ਕਮਿਊਨਿਸਟ ਵਿਚਾਰਾਂ ਦੇ ਲੋਕਾਂ ਦਾ ਸਾਡੇ ਘਰ ਆਉਣ-ਜਾਣ ਸੀ। ਕੁਦਰਤੀ ਗੱਲ ਹੈ, ਮੇਰੇ ’ਤੇ ਵੀ ਇਸ ਵਿਚਾਰਧਾਰਾ ਦਾ ਅਸਰ ਹੋਇਆ। ਫਿਰ ਕੁੱਝ ਘਟਨਾਵਾਂ ਇਸ ਤਰ੍ਹਾਂ ਦੀਆਂ ਹੋਈਆਂ, ਜਿਨ੍ਹਾਂ ਮੈਨੂੰ ਇਸ ਰਾਹ ਉੱਤੇ ਅੱਗੇ ਤੋਰ ਦਿੱਤਾ।
ਪਹਿਲੀ ਘਟਨਾ ਹੈ, ਦਰਸ਼ਨ ਬਾਗ਼ੀ ਦਾ ਮਿਲਣਾ। ਰਾਜਨੀਤੀ ਦਾ ਪਹਿਲਾ ਸਬਕ ਮੈਂ ਬਾਗ਼ੀ ਤੋਂ ਲਿਆ। ਇਸ ਲਈ ਮੈਂ ਉਸਨੂੰ ਆਪਣਾ ਰਾਜਨੀਤਕ ਉਸਤਾਦ ਮੰਨਦਾ ਹਾਂ। ਉਸਦੀ ਪ੍ਰੇਰਨਾ ਨਾਲ਼ ਹੀ ਮੈਂ ਕਾਲਜ ਵਿੱਚ ਦਾਖ਼ਲਾ ਲਿਆ ਸੀ। ਬਾਗੀ ਦੀ ਅਗਵਾਈ ਵਿੱਚ ਹੀ ਅਸੀਂ ਪੂਰੇ ਪੰਜਾਬ ਵਿੱਚ ਵਿਦਿਆਰਥੀ ਲਹਿਰ ਜਥੇਬੰਦ ਕੀਤੀ ਸੀ। ਦੂਜੀ ਘਟਨਾ, ਕਾਲਜ ਵਿੱਚ ਵਾਪਰੀ। ਵਿਦਿਆਰਥੀਆਂ ਨੇ ਇੱਕ ਦਿਨ ਹੜਤਾਲ਼ ਕਰ ਦਿੱਤੀ, ਉਨ੍ਹਾਂ ਨੇ ਸ਼ਹਿਰ ਵਿੱਚ ਜਲੂਸ ਕੱਢਿਆ ਅਤੇ ਇੱਕ ਬੱਸ ਸਾੜ ਦਿੱਤੀ। ਕੁਦਰਤੀ ਮੈਂ ਉਸ ਦਿਨ ਕਾਲਜ ਨਹੀਂ ਗਿਆ ਸੀ, ਇਸ ਲਈ ਮੈਨੂੰ ਕੁੱਝ ਵੀ ਪਤਾ ਨਹੀਂ ਸੀ। ਪਰ ਅਚਾਨਕ ਦੂਜੇ ਦਿਨ ਸਵੇਰੇ ਤੜਕੇ ਚਾਰ ਵਜੇ ਪੁਲਿਸ ਮੈਨੂੰ ਮੇਰੇ ਘਰੋਂ ਫੜਕੇ ਲੈ ਗਈ।
ਬੱਸ ਇਨ੍ਹਾਂ ਘਟਨਾਵਾਂ ਨੇ ਮੇਰੀ ਜਿੰਦਗੀ ਦਾ ਕਾਂਟਾ ਹੀ ਬਦਲ ਦਿੱਤਾ। ਇਸ ਗ੍ਰਿਫ਼ਤਾਰੀ ਨਾਲ਼ ਮੇਰੀ ਵਾਕਫੀਅਤ ਖੱਬੇ-ਪੱਖੀ ਵਿਦਿਆਰਥੀਆਂ ਨਾਲ਼ ਹੋ ਗਈ। ਜਿਵੇਂ ਕਿ ਦਰਸ਼ਨ ਖਟਕੜ, ਸ਼ਹੀਦ ਇਕਬਾਲ ਸਿੰਘ ਕੋਮਲ ਮੰਗੂਵਾਲ਼ੀਆ, ਜਰਨੈਲ, ਨਰੰਜਣ, ਬਲਰਾਮ, ਗੁਰਨਾਮ ਆਦਿ। ਉਸ ਤੋਂ ਬਾਅਦ ਲੁਧਿਆਣੇ ਤੋਂ ਹਰਭਜਨ ਹਲਵਾਰਵੀ, ਪਟਿਆਲ਼ੇ ਤੋਂ ਇੰਦਰਜੀਤ ਬਿਟੂ, ਪ੍ਰੋ. ਪ੍ਰੇਮਪਾਲੀ ਅਤੇ ਹੋਰ। ਫਿਰ ਚਾਰੂ ਮਾਜ਼ੂਮਦਾਰ ਦਾ ਨਾਹਰਾ ਆਇਆ, “ਬੁਰਜੂਆ ਸੰਸਥਾਵਾਂ ਦਾ ਬਾਈਕਾਟ ਕਰੋ।” ਅਸੀਂ ਕਾਲਜ ਛੱਡ ਕੁੱਲ-ਵਕਤੀ ਕਮਿਊਨਿਸਟ ਬਣ ਗਏ ਅਤੇ ਘਰ ਛੱਡ ਭੂਮੀਗਤ ਚਲੇ ਗਏ। ਸਿੱਖ ਨੈਸ਼ਨਲ ਕਾਲਜ, ਬੰਗਾ ਤੋਂ ਮੇਰੇ ਨਾਲ ਦਰਸ਼ਣ ਖਟਕੜ ਅਤੇ ਸ਼ਹੀਦ ਇਕਬਾਲ ਸਿੰਘ ਕੋਮਲ ਮੰਗੂਵਾਲ਼ੀਆ ਵੀ ਸਨ। ਡੀ. ਏ. ਬੀ. ਕਾਲਜ ਜਲੰਧਰ ਤੋਂ ਸ਼ਹੀਦ ਰਵਿੰਦਰ ਸਿੰਘ ਗੋਰਾ ਅਤੇ ਪ੍ਰਮਜੀਤ ਚਾਹਿਲ ਸਨ। ਦਰਸ਼ਨ ਦੁਸਾਂਝ ਆਪਣਾ ਬਿਜਲੀ ਦਾ ਕੰਮ ਅਤੇ ਸਰਬਜੀਤ ਦੁਸਾਂਝ ਆਪਣਾ ਬੱਸ ਕੰਡਕਟਰ ਦਾ ਕੰਮ ਛੱਡ ਕੇ ਆ ਗਏ। ਜਸਵੰਤ ਖਟਕੜ ਸਕੂਲ ਛੱਡ ਕੇ ਆਣ ਰਲ਼ਿਆ। ਇਸ ਤਰ੍ਹਾਂ ਅਸੀਂ ਬਾਬਾ ਬੂਝਾ ਸਿੰਘ ਦੀ ਅਗਵਾਈ ਵਿੱਚ ਇੱਕ ਕਾਫ਼ਲਾ ਬਣਾ, ਪੜ੍ਹਨ ਪੜ੍ਹਾਉਣ ਵਿੱਚੇ ਛੱਡ ਕੇ ਇਨਕਲਾਬ ਦੇ ਰਾਹ ਉੱਤੇ ਤੁਰ ਪਏ।
? ਇਕਬਾਲ ਜੀ, ਇਸ ਲਹਿਰ ਵਿੱਚ ਕੰਮ ਕਰਦਿਆਂ, ਤੁਹਾਡਾ ਪੁਲਿਸ ਦੀ ਕੁੱਟ ਅਤੇ ਜੇਲ੍ਹਾਂ ਨਾਲ਼ ਵਾਹ ਪਿਆ। ਉਸ ਸਮੇਂ ਤਾਂ ਪਲੀਸ ਨੇ ਬਹੁਤ ਸਾਰੇ ਮੁੰਡੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਹੀ ਦਿੱਤੇ, ਮੈਨੂੰ ਇਹ ਹੈਰਾਨੀ ਹੈ ਕਿ ਤੁਹਾਡਾ ਕਿਵੇਂ ਬਚਾ ਹੋ ਗਿਆ?
: ਸਤਨਾਮ ਜੀ, ਜੇਲ੍ਹ ਯਾਤਰਾ ਤਾਂ ਕਈ ਵਾਰ ਕੀਤੀ। ਸਬ-ਜੇਲ੍ਹ ਫ਼ਗਵਾੜਾ, ਜ਼ਿਲ੍ਹਾ ਜੇਲ੍ਹ ਕਪੂਰਥਲ਼ਾ, ਜ਼ਿਲ੍ਹਾ ਜੇਲ੍ਹ ਜਲੰਧਰ ਅਤੇ ਕੇਂਦਰੀ ਜੇਲ੍ਹ ਪਟਿਆਲ਼ਾ ਦੀ ‘ਯਾਤਰਾ’ ਕਰਨ ਦਾ ਮੌਕਾ ਮਿਲਿਆ। ਇੱਕ ਵਾਰ ਪੌਣੇ ਤਿੰਨ ਸਾਲ ਲਗਾਤਾਰ ‘ਸਰਕਾਰੀ ਰੋਟੀਆਂ’ ਖਾਣ ਦਾ ਮੌਕਾ ਮਿਲਿਆ। ਪੁਲਿਸ ਸਟਾਫ਼ ਅਤੇ ਥਾਣਾ ਬੰਗਾ, ਪੁਲਿਸ ਸਟਾਫ਼ ਅਤੇ ਥਾਣਾ ਫ਼ਗਵਾੜਾ, ਪੁਲਿਸ ਲਾਈਨ ਕਪੂਰਥਲਾ, ਥਾਣਾ ਭੁਲੱਥ ਅਤੇ ਥਾਣਾ ਰਵੀਦਾਸ ਚੌਕੀ ਵਿੱਚ ‘ਸੇਵਾ’ ਵੀ ਕਰਵਾਈ। ਇਸ ਤੋਂ ਬਿਨਾਂ ਪੁੱਛ-ਗਿੱਛ ਕੇਂਦਰ, ਅੰਮ੍ਰਿਤਸਰ ਵਿੱਚ ਵੀ ਰਿਹਾ। ਬਚਾ ਦੀ ਗੱਲ ਇਸ ਤਰ੍ਹਾਂ ਹੈ, ਇੱਕ ਤਾਂ ਮੇਰੇ ਪਿਤਾ ਜੀ ਰਾਜਨੀਤਕ ਤੌਰ ਤੇ ਕਾਫ਼ੀ ਚੇਤੰਨ ਹਨ। ਜਦੋਂ ਕਦੇ ਵੀ ਮੇਰੀ ਗ੍ਰਿਫ਼ਤਾਰੀ ਹੋਈ, ਉਨ੍ਹਾਂ ਬਹੁਤ ਪਿੱਛਾ ਕੀਤਾ। ਇੱਕ ਵੇਰ ਉਨ੍ਹਾਂ ਪੰਜਾਬ ਦੇ ਕੇਂਦਰੀ ਪੁੱਛ-ਗਿੱਛ ਕੇਂਦਰ, ਅੰਮ੍ਰਿਤਸਰ ਵਿੱਚ ਹਾਈ ਕੋਰਟ ਤੋਂ ਹੁਕਮ ਕਰਵਾ ਕੇ, ਹਾਈ ਕੋਰਟ ਦੇ ਵਕੀਲ ਹਰਭਜਨ ਸਿੰਘ ਸੰਘਾ ਨੂੰ ਨਾਲ਼ ਲੈ ਕੇ ਮੁਲਾਕਾਤ ਜਾ ਕੀਤੀ ਸੀ। ਜਿਸ ਨਾਲ਼ ਉੱਥੇ ਤਾਇਨਾਤ ਮੁਲਾਜ਼ਮ ਹਿੱਲਕੇ ਰਹਿ ਗਏ, ਕਿਉਂਕਿ ਇਸ ਕੇਂਦਰ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਸੀ। ਉਂਝ ਜਦੋਂ ਵੀ ਕਦੇ ਮੈਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ, ਮੇਰੇ ਪਿਤਾ ਜੀ ਉਸੇ ਵੇਲੇ ਹਾਈ ਕੋਰਟ ਦੇ ਮੁੱਖ ਜੱਜ, ਸੁਪਰੀਮ ਕੋਰਟ ਦੇ ਮੁੱਖ ਜੱਜ, ਗਵਰਨਰ ਪੰਜਾਬ ਅਤੇ ਰਾਸ਼ਟਰਪਤੀ ਨੂੰ ਤਾਰਾਂ ਭੇਜ ਦਿੰਦੇ ਸਨ।
ਦੂਜੀ ਗੱਲ ਇਹ ਹੈ, ਲਹਿਰ ਦੇ ਮੁੱਢਲੇ ਅਤੇ ਪਹਿਲੇ ਪੜਾ ਵਿੱਚ ਗ੍ਰਿਫ਼ਤਾਰ ਹੋਣ ਵਾਲਿਆਂ ’ਤੇ ਤਸ਼ੱਦਦ ਤਾਂ ਬਹੁਤ ਹੋਇਆ ਪਰ ਮਾਰੇ ਨਹੀਂ ਗਏ। ਦੂਸਰੇ ਪੜਾ ਵਿੱਚ ਗ੍ਰਿਫ਼ਤਾਰ ਹੋਣ ਵਾਲਿਆਂ ’ਤੇ ਤਸ਼ੱਦਦ ਵੀ ਬਹੁਤ ਹੋਇਆ ਅਤੇ ਮਾਰੇ ਵੀ ਗਏ। ਤੀਸਰੇ ਪੜਾ ਵਿੱਚ ਗ੍ਰਿਫ਼ਤਾਰ ਹੋਣ ਵਾਲਿਆਂ ’ਤੇ ਤਸ਼ੱਦਦ ਵੀ ਨਾ ਮਾਤਰ ਹੋਇਆ ਅਤੇ ਮਾਰੇ ਵੀ ਨਹੀਂ ਗਏ। ਮੇਰੀ ਗ੍ਰਿਫ਼ਤਾਰੀ ਪਹਿਲੇ ਪੜਾ ਵਿੱਚ ਹੀ ਹੋ ਗਈ ਸੀ, ਇਹ ਵੀ ਬਚਾ ਦਾ ਇੱਕ ਕਾਰਨ ਹੈ।
ਮੇਰੇ ਬਚਾ ਦਾ ਤੀਜਾ ਕਾਰਨ, ਇੱਕ ਈਮਾਨਦਾਰ ਪੁਲਿਸ ਅਫ਼ਸਰ ਦਾ ਰੋਲ ਵੀ ਹੈ। ਇਹ ਪੁਲਿਸ ਅਫ਼ਸਰ ਐੱਸ. ਐੱਸ. ਪੀ. ਤਿਵਾੜੀ ਸੀ। ਐੱਸ. ਐੱਸ. ਪੀ. ਤਿਵਾੜੀ ਨੂੰ ਸਾਡੇ ਨਾਲ਼ ਜਾਂ ਸਾਡੀ ਲਹਿਰ ਨਾਲ਼ ਕੋਈ ਹਮਦਰਦੀ ਨਹੀਂ ਸੀ, ਪਰ ਉਹ ਕਰਮਯੋਗੀ ਅਤੇ ਬਹੁਤ ਈਮਾਨਦਾਰ ਇਨਸਾਨ ਸੀ। ਉਸਦਾ ਇਹ ਗੁਣ ਸਾਨੂੰ (ਮੈਨੂੰ ਅਤੇ ਦਰਸ਼ਨ ਦੁਸਾਂਝ ਨੂੰ) ਬਹੁਤ ਰਾਸ ਆਇਆ ਅਤੇ ਅਸੀਂ ਮੌਤ ਦੇ ਮੂੰਹ ਵਿੱਚੋਂ ਬਚ ਨਿਕਲੇ। ਮੇਰੀ ਕਿਤਾਬ ‘ਗੁੰਮੀਆਂ ਪੌਣਾਂ ਦਾ ਅਹਿਦ’ ਦੇ ਅੰਤਿਕਾ ਵਿੱਚ ‘ਯਾਦਾਂ ਦੇ ਪ੍ਰਛਾਵੇ’ ਮੇਰੀਆਂ ਦਰਸ਼ਣ ਨਾਲ ਯਾਦਾਂ ਵਿੱਚ ਐੱਸ. ਪੀ. ਤਿਵਾੜੀ ਦੇ ਰੋਲ ਦਾ ਵਿਸਥਾਰ ਨਾਲ ਜ਼ਿਕਰ ਹੈ। ਜੇਕਰ ਤੁਹਾਡੀ ਦਿਲਚਸਪੀ ਹੈ ਤਾਂ ਉਹ ਪੜ੍ਹਨ ਨਾਲ ਤੁਹਾਨੂੰ ਹੋਰ ਜਾਣਕਾਰੀ ਮਿਲ ਜਾਵੇਗੀ।
? ਕੁਝ ਰਾਜਨੀਤਿਕ ਆਲੋਚਕਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਡੀ ਪਾਰਟੀ ਨੇ ਚਾਰੂ ਮਜ਼ੂਮਦਾਰ ਦੀ ਜਮਾਤੀ-ਦੁਸ਼ਮਣ ਦੇ ਸਫ਼ਾਏ ਦੀ ਲਾਈਨ ਲਾਗੂ ਕਰਨੀ ਹੀ ਸੀ, ਤਾਂ ਪਹਿਲਾਂ ਇਸ ਗੱਲ ਨੂੰ ਸਮਝਣ ਦੀ ਲੋੜ ਸੀ ਕਿ ਜਮਾਤੀ-ਦੁਸ਼ਮਣ ਹੈ ਕੌਣ? ਉਸ ਨੂੰ ਮਾਰਨਾ ਕਿਉਂ ਜ਼ਰੂਰੀ ਹੈ? ਨਾ ਕਿ ਨਿਰਦੋਸ਼ ਲੋਕਾਂ ਵਿਰੁੱਧ ਹਿੰਸਾ ਵਰਤ ਕੇ ਦਹਿਸ਼ਤ ਫ਼ੈਲਾਉਣਾ। ਕੀ ਤੁਸੀਂ ਇਸ ਨਾਲ਼ ਸਹਿਮਤ ਹੋ?
: ਜੀ ਬਿਲਕੁਲ ਨਹੀਂ, ਕਿਉਂਕਿ ਮੈਂ ਜਾਣਦਾ ਹਾਂ ਕਿ ਸਾਡੀ ਪਾਰਟੀ ਨੇ ਕਦੇ ਵੀ ਆਮ ਲੋਕਾਂ ਵਿਰੁੱਧ ਹਿੰਸਾ ਨਹੀਂ ਵਰਤੀ, ਇਹ ਬਿਲਕੁਲ ਗ਼ਲਤ ਬਿਆਨੀ ਹੈ। ਮੇਰਾ ਖ਼ਿਆਲ ਹੈ ਇਹ ‘ਆਲੋਚਕ ਲੋਕ’ ਸਰਮਾਏਦਾਰਾਂ, ਜਗੀਰਦਾਰਾਂ, ਉਨ੍ਹਾਂ ਦੇ ਗੁੰਡਿਆਂ ਅਤੇ ਪੁਲਿਸ ਦੇ ਟਾਊਟਾਂ ਨੂੰ ਆਮ-ਲੋਕ ਸਮਝਦੇ ਹਨ।
ਇੱਕ ਗੱਲ ਹੋਰ ਇਹ ਕਿ ਤੁਸੀਂ ਕਿਸ ਜਮਾਤ ਨਾਲ਼ ਹੋ, ਇਸਦਾ ਫ਼ੈਸਲਾ ਤੁਹਾਡੀ ਜਾਇਦਾਦ ਨਹੀਂ, ਸਗੋਂ ਤੁਹਾਡੀ ਸੋਚ ਕਰਦੀ ਹੈ। ਇੱਕ ਅਮੀਰ ਘਰਾਣੇ ਵਿੱਚ ਪੈਦਾ ਹੋਣ ਵਾਲ਼ਾ, ਮਜ਼ਦੂਰ ਜਮਾਤ ਨਾਲ਼ ਹੋ ਸਕਦਾ ਹੈ, ਇਤਿਹਾਸ ਵਿੱਚ ਐਂਗਲਜ਼, ਲਾਲ ਲਾਟ ਅਤੇ ਪੈਰਿਸ ਦੇ ਸ਼ਹਿਜਾਦੇ ਦੀਆਂ ਉਦਹਾਰਣਾਂ ਤੁਹਾਡੇ ਸਾਹਮਣੇ ਹਨ। ਇਸੇ ਤਰ੍ਹਾਂ ਇੱਕ ਮਜ਼ਦੂਰ ਘਰਾਣੇ ਵਿੱਚ ਪੈਦਾ ਹੋਣ ਵਾਲ਼ਾ ਮਜ਼ਦੂਰ ਜਮਾਤ ਦਾ ਵਿਰੋਧੀ ਵੀ ਹੋ ਸਕਦਾ ਹੈ।
? ਕੁਝ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪੁਲੀਸ ਨੇ ਇਸ ਲਹਿਰ ਨੂੰ ਬਹੁਤ ਬੁਰੀ ਤਰ੍ਹਾਂ ਦਬਾਇਆ। ਸੈਕੜੇ ਜਵਾਨੀਆਂ ਭੰਗ ਦੇ ਭਾੜੇ ਗਈਆਂ, ਜਿਸ ਨਾਲ ਅਸੀਂ ਖੱਟਿਆ ਕੁਝ ਨਹੀਂ, ਗਵਾਇਆ ਹੀ ਹੈ। ਕੀ ਤੁਸੀਂ ਇਸ ਨਾਲ ਸਹਿਮਤ ਹੋ?
: ਇਸ ਗੱਲ ਨਾਲ਼ ਵੀ ਮੈਂ ਸਹਿਮਤ ਨਹੀਂ ਹਾਂ। ਜਗਰੂਪ ਝਨੀਰ ਦਾ ਇੱਕ ਗੀਤ ਹੈ:
ਬਣਨ ਸ਼ਹੀਦ ਨੀਹਾਂ ਦੇ ਰੋੜੇ, ਜਿਨ੍ਹਾਂ ’ਤੇ ਉੱਸਰੇ ਸੰਗਰਾਮ।
ਮਾਂ ਭਾਰਤ ਦੇ ਵੀਰ ਸਪੂਤੋ, ਅਮਰ ਸ਼ਹੀਦੋ, ਲਾਲ ਸਲਾਮ।
ਲਾਲ ਸਲਾਮ! ਲਾਲ ਸਲਾਮ!
ਮੈਂ ਸਮਝਦਾ ਹਾਂ, ਸਾਡੇ ਸ਼ਹੀਦ ਅਤੇ ਬਹਾਦਰ ਯੋਧੇ ਨੀਹਾਂ ਦੇ ਰੋੜਿਆਂ ਵਾਂਗ ਹਨ। ਜਿਹੜੇ ਦਿਸਦੇ ਨਹੀਂ, ਪਰ ਉਨ੍ਹਾਂ ਦਾ ਕੀਤਾ ਕੰਮ ਬੜਾ ਮਹਾਨ ਹੁੰਦਾ ਹੈ। ਕੋਈ ਰਾਜਨੀਤਿਕ ਜਾਂ ਸਮਾਜਿਕ ਲਹਿਰ, ਹਿਸਾਬ ਦਾ ਸਵਾਲ ਨਹੀਂ ਹੁੰਦਾ, ਜਿਸਦਾ ਝਟਪਟ ਜਵਾਬ 2+2= 4 ਸਾਹਮਣੇ ਆ ਜਾਵੇਗਾ। ਪਰ ਅਜਿਹੀ ਲਹਿਰ ਆਪਣੀ ਪੈੜ ਜ਼ਰੂਰ ਛੱਡ ਜਾਂਦੀ ਹੈ। ਵਕਤ ਆਉਣ ’ਤੇ ਇਸ ਪੈੜ ਉੱਤੇ ਤੁਰਨ ਵਾਲ਼ੇ ਫਿਰ ਪੈਦਾ ਹੋ ਜਾਂਦੇ ਹਨ ਅਤੇ ਇਹ ਲਹਿਰ ਫਿਰ ਅੱਗੇ ਤੁਰ ਪੈਂਦੀ ਹੈ, ਨੀਹਾਂ ਉੱਤੇ ਕੰਧਾਂ ਦੀ ਉਸਾਰੀ ਵਾਂਗ।
? ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੋ ਵੱਡੀਆਂ ਜ਼ਬਰਦਸਤ ਲਹਿਰਾਂ ਪੰਜਾਬ ਵਿੱਚ ਚੱਲੀਆਂ। ਪਹਿਲਾਂ ਨਕਸਲਬਾੜੀ ਲਹਿਰ ਅਤੇ ਫਿਰ ਖ਼ਾਲਿਸਤਾਨੀ ਲਹਿਰ, ਤੁਹਾਡੇ ਖ਼ਿਆਲ ਵਿੱਚ ਇਨ੍ਹਾਂ ਲ਼ਹਿਰਾਂ ਵਿੱਚ ਕੀ ਸਮਾਨਤਾ ਅਤੇ ਕੀ ਅੰਤਰ ਸੀ?
: ਢਾਅ ਜੀ, ਇਨ੍ਹਾਂ ਲਹਿਰਾਂ ਵਿੱਚ ਇੱਕੋ-ਇੱਕ ਸਮਾਨਤਾ ਇਹ ਸੀਕਿ ਇਹ ਦੋਵੇਂ ਲਹਿਰਾਂ ਸਥਾਪਤੀ ਵਿਰੋਧੀ ਲਹਿਰਾਂ ਸਨ। ਬਾਕੀ ਤਾਂ ਇਹ ਚੁੰਬਕ ਦੇ ਵਿਰੋਧੀ ਸਿਰੇ ਸਨ/ਹਨ। ਖ਼ਾਲਿਸਤਾਨੀ ਭਾਰਤ ਦੀ ਇੱਕ ਫਾੜੀ ਚਾਹੁੰਦੇ ਸਨ/ਹਨ ਅਤੇ ਨਕਸਲਾਈਟ ਸਮੁੱਚਾ ਭਾਰਤ, ਬਲਕਿ ਸਮੁੱਚਾ ਸੰਸਾਰ। ਖ਼ਾਲਿਸਤਾਨੀ ਇੱਕ ਧਰਮ ਦਾ ਰਾਜ ਚਾਹੁੰਦੇ ਸਨ/ਹਨ ਅਤੇ ਨਕਸਲਾਈਟ ਸਮੁੱਚੀ ਲੋਕਾਈ ਦਾ। ਦੱਸੋ ਫਿਰ ਸਾਂਝ ਕਾਹਦੀ ਰਹਿ ਗਈ?
? ਆਪਣੇ ਪਰਿਵਾਰ ਬਾਰੇ ਵੀ ਕੁੱਝ ਦਸੋ? ਤੁਹਾਡੇ ਪਰਿਵਾਰ ਵੱਲੋਂ ਤੁਹਾਨੂੰ ਸਿਰਜਣਾ ਲਈ ਕਿੰਨਾ ਕੁ ਸਹਿਯੋਗ ਮਿਲਦਾ ਹੈ? ਕੀ ਕੋਈ ਬੱਚਾ ਵੀ ਸਾਹਿਤਕ ਦਿਲਚਸਪੀ ਲੈ ਰਿਹਾ ਹੈ?
: ਮੇਰੇ ਪਰਿਵਾਰ ਵਿੱਚ ਮੇਰੀ ਪਤਨੀ ਮਹਿੰਦਰ ਕੌਰ ਕਾਲੀਰਾਏ, ਤਿੰਨ ਬੇਟੇ ਨਵਬਿੰਦਰ ਸਿੰਘ ਕਾਲੀਰਾਏ, ਨਵਪੌਲ ਸਿੰਘ ਕਾਲੀਰਾਏ, ਸੰਗਤਾਰ ਸਿੰਘ ਕਾਲੀਰਾਏ ਅਤੇ ਇੱਕ ਬੜੀ ਪਿਆਰੀ ਬੇਟੀ ਸੰਦਲ ਕੌਰ ਕਾਲੀਰਾਏ ਹੈ। ਮੇਰੇ ਮਾਤਾ ਜੀ ਅਤੇ ਪਿਤਾ ਜੀ ਵੀ ਮੇਰੇ ਨਾਲ਼ ਰਹਿੰਦੇ ਹਨ। ਮੈਨੂੰ ਸਾਰੇ ਪਰਿਵਾਰ ਵੱਲੋਂ ਬਹੁਤ ਉਤਸ਼ਾਹ ਤੇ ਸਹਿਯੋਗ ਮਿਲ ਰਿਹਾ ਹੈ। ਖ਼ਾਸ ਕਰਕੇ ਮੇਰੇ ਪਿਤਾ ਜੀ ਤਾਂ ਮੇਰੇ ਪ੍ਰੇਰਨਾ ਸ੍ਰੋਤ ਹਨ ਹੀ, ਮੇਰੇ ਵੱਡੇ ਲੜਕੇ ਨਵੀਨ ਵੱਲੋਂ ਵੀ ਬਹੁਤ ਉਤਸ਼ਾਹ ਮਿਲਦਾ ਹੈ। ਭਾਵੇਂ ਉਸ ਦੀ ਆਪਣੀ ਰੁਚੀ ਪੰਜਾਬੀ ਸਾਹਿਤ ਵਿੱਚ ਨਹੀਂ ਪਰ ਉਹ ਕਲਾਤਮਿਕ ਰੁਚੀਆਂ ਦਾ ਮਾਲਕ ਹੈ। ਪੇਂਟਿੰਗ ਵਿੱਚ ਉਸ ਦੀ ਕਾਫ਼ੀ ਦਿਲਚਸਪੀ ਹੈ। ਉਹ ਮੈਨੂੰ ਵੀ ਲਿਖਣ ਲਈ ਪ੍ਰੇਰਨਾ ਦਿੰਦਾ ਹੈ।
? ਇਕਬਾਲ ਜੀ, ਭਾਵੇਂ ਇਹ ਸਚਾਈ ਹੈ ਕਿ ਸਾਰੀਆਂ ਇਛਾਵਾਂ ਕਦੇ ਪੂਰੀਆਂ ਨਹੀਂ ਹੁੰਦੀਆਂ। ਤੁਸੀਂ ਕੋਈ ਅਧੂਰੀ ਰਹੀ ਇੱਛਾ ਜੋ ਪੂਰੀ ਕਰਨਾ ਲੋਚਦੇ ਹੋਵੋਂ ...?
: ਹਾਂ, ਹੈ ਇੱਕ ਇਨਕਲਾਬ ਦੀ। ਵੈਸੇ ਇੱਛਾਵਾਂ ਤਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ। ਮੇਰੀ ਇੱਕ ਕਵਿਤਾ ਹੈ, ‘ਜ਼ਿੰਦਗੀ'। ਉਹਦੇ ਵਿੱਚ ਮੈਂ ਲਿਖਿਆ ਹੈ, ਕਿ ਹਰ ਇਨਸਾਨ ਦੇ ਮਨ ਵਿੱਚ ਏਨੀਆਂ ਜ਼ਿਆਦਾ ਇੱਛਾਵਾਂ ਹੁੰਦੀਆਂ ਹਨ, ਜੋ ਸਭ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ। ਪਰ ਨਿਰਾਸ਼ ਹੋਣਾ ਵੀ ਬੰਦੇ ਦਾ ਕੰਮ ਨਹੀਂ ਹੈ। ਜਿਹੜਾ ਇਨਸਾਨ ਹੌਸਲਾ ਹਾਰ ਜਾਂਦਾ ਹੈ, ਉਹ ਜਿਉਂਦੇ-ਜੀ ਮਾਰਿਆ ਜਾਂਦਾ ਹੈ। ਇਸਦੀਆਂ ਆਖ਼ਰੀ ਸਤਰਾਂ ਹਨ,ਜੂਝਦੇ ਰਹਿਣਾ ਹੀ ਹੈ ਜ਼ਿੰਦਾ-ਦਿਲੀ, ਜ਼ਿੰਦਾ-ਦਿਲੀ ਹੀ ਹੈ ਪਿਆਰੇ ਜ਼ਿੰਦਗੀ। ਸੋ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ। ਮੈਂ ਸੰਘਰਸ਼ ਕਰ ਰਿਹਾ ਹਾਂ ਅਤੇ ਕਰਦਾ ਰਹਾਂਗਾ।
? ਇਕਬਾਲ ਜੀ, ਇੱਕ ਹੋਰ ਸਵਾਲ। ਜੇਕਰ ਮੈਂ ਇਹ ਸਵਾਲ ਨਾ ਪੁੱਛਿਆ ਤਾਂ ਮੈਨੂੰ ਲਗਦਾਹੈ ਕਿ ਮੁਲਾਕਾਤ ਅਧੂਰੀ ਰਹੇਗੀ। ਤੁਸੀਂ ਇਨਕਲਾਬ ਲਈ ਘਰੋਂ ਤੁਰੇ ਤੇ ਕੈਨੇਡਾ ਆਉਣ ਦਾ ਸਬੱਬ ਕਦੋਂ ਤੇ ਕਿਵੇਂ ਬਣਿਆ?
: ਢਾਅ ਜੀ, ਸਬੱਬ ਨਹੀਂ ਬਣਿਆ, ਸਗੋਂ ਇੱਥੇ ਆਉਣ ਲਈ ਵੀ ਸੰਘਰਸ਼ ਕੀਤਾ ਹੈ। 29 ਮਰਚ, 1976 ਨੂੰ ਤੁਰ ਕੇ 12 ਜੂਨ, 1981 ਨੂੰ ਮੈਂ ਕੈਨੇਡਾ ਪਹੁੰਚਿਆ। 1983 ਵਿੱਚ ਪੱਕਾ ਹੋਇਆ ਅਤੇ 1985 ਵਿੱਚ ਕੈਨੇਡੀਅਨ ਨਾਗਰਿਕਤਾ ਲਈ। ਤਕਰੀਬਨ ਪੰਜ ਸਾਲ ਮੈਂ ਬਹੁਤ ਸਾਰੇ ਦੇਸ਼ਾਂ ਵਿੱਚ ਘੁੰਮਿਆ ਅਤੇ ਬਹੁਤ ਸਾਰੇ ਪਾਪੜ ਵੇਲੇ। ਆਸਟਰੇਲੀਆ ਵਿੱਚ ਮੈਂ ਕੇਲੇ ਦੇ ਅਤੇ ਗੰਨੇ ਦੇ ਫਾਰਮਾਂ ਵਿੱਚ ਕੰਮ ਕੀਤਾ।ਸਿੰਘਾਪੁਰ ਵਿੱਚ ਭਵਨ ਉਸਾਰੀ ਵਿੱਚ ਹਿੱਸਾ ਪਾਇਆ ਅਤੇ ਗਰੀਸ ਵਿੱਚ ਪਿਆਰੇ ਲੋਕਾਂ ਲਈ ਖ਼ੂਬਸੂਰਤ ਫੁੱਲ ਉਗਾਏ। ਕੋਈ ਪੌਣੇ ਦੋ ਸਾਲ ਸਮੁੰਦਰੀ ਜਹਾਜ਼ ’ਤੇ ਕੰਮ ਕੀਤਾ। ਅਖ਼ੀਰ ਕੈਨੇਡਾ ਪਹੁੰਚ ਕੇ ਮੈਨੂੰ ਲੱਗਦਾ ਕਿ ਹੁਣ ਇਹ ਇੱਕ ਪੱਕਾ ਪੜਾ ਹੈ।
? ਇਕਬਾਲ ਜੀ, ਅੱਜ ਕੱਲ ਕੀ ਲਿਖ ਰਹੇ ਹੋ? ਅੱਗੇ ਕੀ ਪ੍ਰੋਗਰਾਮ ਹੈ, ਕੋਈ ਕਵਿਤਾ ਜਾਂ ਕੋਈ ਯਾਦਾਂ ਦੀ ਪਟਾਰੀ ਵਿੱਚੋਂ ਵਾਰਤਕ ...?
: ਢਾਅ ਜੀ, ਕੰਮ ਤਾਂ ਅਜੇ ਬਹੁਤ ਕਰਨੇ ਵਾਲੇ ਹਨ। ਕਵਿਤਾ ਦੀ ਇੱਕ ਕਿਤਾਬ ਦਾ ਖਰੜਾ ਛਪਣ ਲਈ ਤਾਂਘ ਰਿਹਾ ਹੈ। ਸ਼ਾਇਦ ਕਦੇ ਯਾਦਾਂ ਵੀ ਲਿਖਾਂ ...।
? ਇਕਬਾਲ ਜੀ, ਕੋਈ ਮਾਣ ਸਨਮਾਨ ...?
: ਸਤਨਾਮ ਜੀ ਮਾਣ-ਸਨਮਾਨ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਸਰਕਾਰ ਵੱਲੋਂ ਦੂਜਾ ਲੋਕਾਂ ਵੱਲੋਂ। ਸਰਕਾਰਾਂ ਇਨਕਲਾਬੀਆਂ ਦਾ ਸਨਮਾਨ ਕਿਹੋ ਜਿਹਾ ਕਰਦੀਆਂ ਹਨ, ਇਹ ਤਾਂ ਤੁਸੀਂ ਜਾਣਦੇ ਹੀ ਹੋ। ਇਹ ਸਨਮਾਨ ਵੀ ਮੈਨੂੰ ਕਾਫੀ ਮਿਲ਼ਿਆ। ਪੰਜਾਬ ਦੀਆਂ ਕਈ ਜੇਲ੍ਹਾਂ ਤੇ ਪੁੱਛ-ਗਿੱਛ ਕੇਂਦਰਾਂ ਦੀ ਯਾਤਰਾ ਖੂਬ ਮਾਣੀ। ਲੋਕਾਂ ਵੱਲੋਂ ਵੀ ਬੜਾ ਮਾਣ-ਸਨਮਾਨ ਮਿਲ਼ਿਆ। ਮੈਂ ਜਿਸ ਦੇਸ਼ ਵਿੱਚ ਵੀ ਗਿਆ, ਕੁਝ ਲੋਕ ਮੈਨੂੰ ਆਪ ਆ ਕੇ ਮਿਲਦੇ ਰਹੇ ਅਤੇ ਮੇਰੀ ਮਦਦ ਕਰਦੇ ਰਹੇ। ਉਹਨਾਂ ਵਿੱਚ ਕੁਝ ਅਜਿਹੀਆਂ ਸ਼ਖ਼ਸੀਅਤਾਂ ਵੀ ਸਨ, ਜੋ ਮੈਨੂੰ ਪਹਿਲਾਂ ਕਦੇ ਨਹੀਂ ਮਿਲ਼ੀਆਂ ਸਨ ਪਰ ਉਹਨਾਂ ਮੇਰੀਆਂ ਕਵਿਤਾਵਾਂ ਅਤੇ ਮੇਰੇ ਬਾਰੇ ਅਖ਼ਬਾਰਾਂ ਤੇ ਰਿਸਾਲਿਆਂ ਵਿੱਚ ਪੜ੍ਹਿਆ ਸੀ।
ਮੈਨੂੰ ਕੁਝ ਸੰਸਥਾਵਾਂ ਨੇ ਮਾਣ-ਪੱਤਰ ਅਤੇ ਪਲੈਕਸ ਵੀ ਦਿੱਤੇ ਹਨ ਪਰ ਮੈਂ ਇੱਥੇ ਉਹਨਾਂ ਦਾ ਜ਼ਿਕਰ ਨਹੀਂ ਕਰਾਂਗਾ ਪਰ ਕੁਝ ਹੋਰ ਗੱਲਾਂ ਕਰਾਂਗਾ ਜਿਵੇਂ ਕਿ ਪਾਸ਼ ਦੇ ਸ਼ਹੀਦ ਹੋਣ ਤੋਂ ਬਾਅਦ ‘ਇੰਡੀਅਨ ਵਰਕਰ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ’ ਨੇ ਪਾਸ਼ ਦਾ ਇੱਕ ਪੋਸਟਰ ਛਾਪਿਆ ਸੀ, ਇਸ ਨੂੰ ਦੇਸ਼-ਵਿਦੇਸ਼ ਵਿੱਚ ਰੀਲੀਜ਼ ਕੀਤਾ ਗਿਆ। ਇਹ ਪੋਸਟਰ ‘ਇੰਡੀਅਨ ਵਰਕਰ ਐਸੋਸੀਏਸ਼ਨ, ਗ੍ਰੇਟ ਬ੍ਰਿਟੇਨ’ ਦੇ ਕੌਮੀ ਸਕੱਤਰ ਅਵਤਾਰ ਸਿੰਘ ਜੌਹਲ ਨੇ ਕੈਨੇਡਾ ਆ ਕੇ ਅਗਸਤ 1988 ਵਿੱਚ ਮਾਲਟਨ ਕਮਿਉਨਟੀ ਸੈਂਟਰ, ਔਨਟੈਰੀਓ ਵਿੱਚ ਇੱਕ ਸਮਾਗਮ ਕਰਕੇ ਮੈਨੂੰ ਭੇਟ ਕੀਤਾ। ਇਸ ਮੌਕੇ ’ਤੇ ਪਾਸ਼ ਇੰਟਰਨੈਸ਼ਨਲ ਟਰਸਟ ਦੇ ਸਕੱਤਰ ਡਾ. ਸੁਰਿੰਦਰ ਧੰਜਲ ਕੈਮਲੂਪਸ ਤੋਂ ਖ਼ਾਸ ਤੌਰ ’ਤੇ ਸ਼ਾਮਲ ਹੋਏ। ਫੇਰ ਇਹੀ ਪੋਸਟਰ ਸਤੰਬਰ 1989 ਵਿੱਚ ‘ਲੋਕ ਸੱਭਿਆਚਾਰ ਮੰਚ ਕੈਲਗਰੀ’ ਵੱਲੋਂ ਵੀ ਇੱਕ ਸਮਾਗਮ ਵਿੱਚ ਮੈਨੂੰ ਭੇਟ ਕੀਤਾ ਗਿਆ।ਇਹ ਮੇਰੇ ਲਈ ਬਹੁਤ ਮਾਣ ਵਾਲ਼ੀ ਗੱਲ ਸੀ।
ਵੀਹਵੀ ਸਦੀ ਦੇ ਅੰਤ ਵਿੱਚ ਕਵਿਤਾ ਦਾ ਲੇਖਾ ਜੋਖ਼ਾ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡਾ. ਤਰਲੋਕ ਸਿੰਘ ਅਨੰਦ ਨੇ ਇੱਕ ਕਿਤਾਬ ‘ਕਵਿਤਾ 2000’ ਸੰਪਾਦਤ ਕੀਤੀ ਸੀ ਇਸ ਵਿੱਚ ਮੇਰੀ ਵੀ ਇੱਕ ਕਵਿਤਾ ਛਪੀ ਹੈ। ਇੱਕ ਕਵਿਤਾ ‘ਰੱਤੀ ਫ਼ੁਲਕਾਰੀ’ ਵਿੱਚ ਛਪੀ। ਮੇਰੀਆਂ ਦੋ ਹੋਰ ਕਵਿਤਾਵਾਂ ‘ਅਮਰੀਕੀ ਪੰਜਾਬੀ ਕਵਿਤਾ’ ਵਿੱਚ ਵੀ ਛਪੀਆਂ, ਇਹ ਕਿਤਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਐੱਮ. ਏ. ਪੰਜਾਬੀ ਦੇ ਸਲੇਬਸ ਵਿੱਚ ਵੀ ਲੱਗੀ ਰਹੀ ਹੈ। ਮੈਨੂੰ ਇਹ ਵੀ ਪਤਾ ਲੱਗਾ ਕਿ ਪੰਜਾਬ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਮੇਰੀਆਂ ਕਵਿਤਾਵਾਂ ’ਤੇ ਐੱਮ ਫਿਲ ਕਰ ਰਿਹਾ ਹੈ। ਢਾਅ ਜੀ, ਇੱਕ ਮੇਰੇ ਵਰਗੇ ਇਨਸਾਨ, ਜਿਸ ਨੂੰ ਉਚੇਰੀ ਵਿੱਦਿਆ ਲੈਣ ਦਾ ਮੌਕਾ ਹੀ ਨਾ ਮਿਲਿਆ ਹੋਵੇ, ਉਸਦੀਆਂ ਕਵਿਤਾਵਾਂ ਦਾ ਐੱਮ. ਏ. ਵਿੱਚ ਪੜ੍ਹਾਇਆ ਜਾਣਾ ਅਤੇ ਐੱਮ ਫਿਲ ਦੀ ਪਧਰ ਤੱਕ ਖੋਜ ਹੋਣੀ,ਇਹ ਕੋਈ ਘੱਟ ਮਾਣ ਸਨਮਾਨ ਨਹੀਂ ਹੈ।
? ਆਪਣੇ ਤਜਰਬੇ ਤੋਂ ਨਵੇਂ ਲੇਖਕਾਂ ਜਾਂ ਪਾਠਕਾਂ ਲਈ ਕੋਈ ਸਨੇਹਾ?
: ਪਾਠਕ ਜੋ ਪੜ੍ਹਦੇ ਹਨ, ਉਸ ਤੋਂ ਕੁਝ ਸਿੱਖਣਾ ਵੀ ਚਾਹੀਦਾ ਹੈ। ਉਸ ਬਾਰੇ ਆਪਣੀ ਰਾਏ ਵੀ ਦੇਣੀ ਚਾਹੀਦੀ ਹੈ। ਬੱਸ ਪੜ੍ਹ ਲਿਆ ਅਤੇ ਭੁਲਾ ਦਿੱਤਾ, ਪੜ੍ਹਨਾ ਨਹੀਂ ਹੁੰਦਾ। ਨਵੇਂ ਲੇਖਕਾਂ ਨੂੰ ਪੜ੍ਹਨ, ਸੁਣਨ ਅਤੇ ਸਿੱਖਣ ਨੂੰ ਸ਼ੌਕ ਵਾਂਗ ਅਪਨਾਉਣਾ ਚਾਹੀਦਾ ਹੈ, ਮਿਹਨਤ ਕਰਨੀ ਚਾਹੀਦੀ ਹੈ ਅਤੇ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ, ਬੱਸ।
ਸਤਨਾਮ ਢਾਅ: ਇਕਬਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਜੋ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੀ ਜ਼ਿੰਦਗੀ ਦੀ ਕਿਤਾਬ ਦੇ ਸਫਿਆਂ ’ਤੇ ਉੱਕਰੇ ਦੁਖ-ਸੁਖ ਸਾਡੇ ਪਾਠਕਾਂ ਨਾਲ ਸਾਂਝੇ ਕੀਤੇ ਹਨ।
ਇਕਬਾਲ ਖਾਨ: ਸਤਨਾਮ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਇਸ ਮੁਲਾਕਾਤ ਰਾਹੀਂ ਪੰਜਾਬੀ ਪਾਠਕਾਂ ਦੇ ਸਨਮੁਖ ਹੋਣ ਦਾ ਮੌਕਾ ਦਿੱਤਾ।
*****
(116)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)