SatnamDhah7ਡਾ. ਪ੍ਰੀਤਮ ਸਿੰਘ ਕੈਂਬੋ ਇੱਕ ਸਫ਼ਲ ਖੋਜਕਾਰ ਅਤੇ ਆਲੋਚਕ ਹੀ ਨਹੀਂਉਹ ਨਿੱਠ ਕੇ ਕੰਮ ਕਰਨ ਵਾਲਾ ਸੰਪਾਦਕ ਵੀ ਹੈ ...
(25 ਸਤੰਬਰ 2017)

 

ਜੀਵਨ ਬਿਉਰਾ:

ਡਾ. ਪ੍ਰੀਤਮ ਸਿੰਘ ਕੈਂਬੋ

ਜਨਮ: 15 ਸਤੰਬਰ, 1939

ਜਨਮ ਸਥਾਨ: ਪਿੰਡ ਭੁੱਲਾਰਾਈ, ਤਹਿਸੀਲ ਫ਼ਗਵਾੜਾ, ਜ਼ਿਲ੍ਹਾ ਕਪੂਰਥਲਾ, ਪੰਜਾਬ, ਇੰਡੀਆ

ਮਾਤਾ/ਪਿਤਾ: ਸ੍ਰਦਾਰਨੀ ਰਤਨ ਕੌਰ (ਮਾਤਾ), ਸ੍ਰਦਾਰ ਕਿਸ਼ਨ ਸਿੰਘ (ਪਿਤਾ)

ਪਰਿਵਾਰ: ਚਰਨਜੀਤ ਕੌਰ (ਸੁਪਤਨੀ), ਇੰਦਰਜੀਤ ਕੌਰ (ਧੀ), ਪਰਵਿੰਦਰ ਕੌਰ (ਧੀ), ਬਰਿੰਦਰਜੀਤ ਸਿੰਘ (ਪੁੱਤਰ), ਗੁਰਜੀਤ ਸਿੰਘ (ਪੁੱਤਰ)

ਵਿੱਦਿਆ: ਐੱਮ. ਏ. ਪੀ. ਐੱਚ. ਡੀ. ਅਤੇ ਡਿਪਲੋਮਾ ਇਨ ਕਮਿਊਨਿਟੀ ਲੈਂਗੂਏਜਿਜ਼ (ਲੰਡਨ)

ਕਿੱਤਾ: ਭਾਰਤ ਵਿੱਚ ਸਰਕਾਰੀ ਨੌਕਰੀ ਅਤੇ ਅਧਿਆਪਨ

ਇੰਗਲੈਂਡ ਵਿੱਚ ਫੈਕਟਰੀ ਵਿੱਚ ਕੁਝ ਸਾਲ ਅਤੇ ਅਧਿਆਪਨ (ਸੇਵਾ ਮੁਕਤੀ ਤਕ)

ਪੁਸਤਕਾਂ: ਕਹਾਣੀ ਸੰਗ੍ਰਹਿ: ਧੁੱਖਦਾ ਗੋਹਟਾ, ਦਿਸ਼ਾਵਾਂ

ਆਲੋਚਨਾ: ਬਰਤਾਨਵੀ ਪੰਜਾਬੀ ਸਾਹਿਤ ਅਤੇ ਬਰਤਾਨਵੀ ਪੰਜਾਬੀ ਕਵਿਤਾ

ਮੁਲਾਕਾਤਾਂ: ਸਿਰਜਣਾ ਤੇ ਸੰਵਾਦ

ਖੋਜ: ਜ਼ਬਤ ਸ਼ੁਦਾ ਪੰਜਾਬੀ ਕਵਿਤਾ ਦਾ ਆਲੋਚਨਾਤਮਕ ਅਧਿਐਨ

(ਅੰਗਰੇਜ਼ੀ ਰਾਜ ਸਮੇਂ)

ਸੰਪਾਦਨਾ: ਇੰਟਰਨੈਸ਼ਨਲ ਪੰਜਾਬੀ ਸਾਹਿਤ (ਸਹਿ-ਸੰਪਾਦਨਾ)

ਗਿ. ਮੱਖਣ ਸਿੰਘ ਮ੍ਰਿਗਿੰਦ ਅਭਿਨੰਦਨ ਗ੍ਰੰਥ

ਹਰਦੇਵ ਸਿੰਘ ਢੇਸੀ ਰਚਨਾਵਲੀ

ਪ੍ਰੋ. ਪ੍ਰੀਤਮ ਸਿੰਘ, ਜੀਵਨ, ਸ਼ਖ਼ਸੀਅਤ ਤੇ ਰਚਨਾ

ਅਨੁਵਾਦ ਰੂਪ ਵਿੱਚ: 1. Banned Punjabi poetry (Under British Rule) A critical study     

2. Two are not Many (Short Story)

ਛਪਾਈ ਅਧੀਨ: ਸਿਰਜਣਾ ਤੇ ਚਿੰਤਨ, ਬਰਤਾਨਵੀ ਪੰਜਾਬੀ ਕਵਿਤਾ (ਦੂਜਾ ਭਾਗ )

ਬਰਤਾਨਵੀ ਪੰਜਾਬੀ ਵਾਰਤਕ, ਬਰਤਾਨਵੀ ਪੰਜਾਬੀ ਗਲਪ,

ਨਿਬੰਧ: ਪੰਜਾਬੀ ਭਾਸ਼ਾ ਤੇ ਸਭਿਆਚਾਰਕ ਲੇਖ

ਮਾਣ ਸਨਮਾਨ: ਭਾਸ਼ਾ ਵਿਭਾਗ ਪੰਜਾਬ ਵੱਲੋਂ ਪਰਵਾਸੀ ਸਾਹਿਤ ਐਵਾਰਡ (2004)

ਯੂਰਪੀਅਨ ਪੰਜਾਬੀ ਸੱਥ ਇੰਗਲੈਂਡ ਵੱਲੋਂ ਐਵਾਰਡ (2005)

ਇੰਟਰਨੈਸ਼ਨਲ ਪੰਜਾਬੀ ਸਾਹਿਤ ਯੂ. ਕੇ. ਵੱਲੋਂ ਸਨਮਾਨਿਤ (1990-91)

ਸਿਰਨਾਵਾਂ: 108 Lansdown Road, Seven Kings, Ilford (Essex) IG3 8NG (UK)

Ph.0208-597-3764 Email: This email address is being protected from spambots. You need JavaScript enabled to view it.

kamboAC1

ਡਾ. ਪ੍ਰੀਤਮ ਸਿੰਘ ਕੈਂਬੋ ਬਰਤਾਨਵੀ ਪੰਜਾਬੀ ਸਾਹਿਤ ਵਿੱਚ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ, ਉਹ ਉਂਗਲਾਂ ’ਤੇ ਗਿਣੇ ਜਾਣ ਵਾਲੇ ਪੰਜਾਬੀ ਸਾਹਿਤ ਦੇ ਖੋਜੀ ਵਿਦਵਾਨਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਵਿਦੇਸ਼ ਵਿੱਚ ਰਹਿੰਦਿਆਂ ਰੋਟੀ ਰੋਜ਼ੀ ਦੇ ਨਾਲ ਉੱਚ ਵਿੱਦਿਆ ਪ੍ਰਾਪਤ ਵੀ ਕੀਤੀ ਅਤੇ ਮਾਂ ਬੋਲੀ ਨੂੰ ਜਿਉਂਦਾ ਰੱਖਣ ਲਈ ਅਣਥੱਕ ਯੋਗਦਾਨ ਵੀ ਪਾਇਆ ਹੈਉਹ ਇੱਕ ਬਹੁਪੱਖੀ ਲੇਖਕ ਹੈ, ਜਿਸ ਨੇ ਸਿਰਜਣਾਤਮਕ ਕਾਰਜ ਦੇ ਨਾਲ ਨਾਲ ਬਹੁਵਿਧਾਵਾਂ ਵਿੱਚ ਕੰਮ ਕਰਕੇ ਇੱਕ ਸਫ਼ਲ ਸਾਹਿਤਕਾਰ ਦੇ ਤੌਰ ’ਤੇ ਆਪਣਾ ਨਾਂ ਕਮਾਇਆ ਹੈਉਸ ਨੇ ਆਪਣਾ ਲਿਖਣ ਦਾ ਸਫ਼ਰ ਇੱਕ ਕਹਾਣੀਕਾਰ ਦੇ ਤੌਰ ’ਤੇ ਸ਼ੁਰੂ ਕੀਤਾ ਅਤੇ ਨਾਲ ਨਾਲ ਆਲੋਚਨਾ, ਖੋਜ, ਸੰਪਾਦਨਾ, ਮੁਲਾਕਾਤਾਂ ਅਤੇ ਰੀਵੀਊ ਆਦਿ ਕਾਰਜ ਵੀ ਨਿਰੰਤਰਤਾ ਸਹਿਤ ਕੀਤੇ ਹਨਉਹ ਪੰਜਾਬੀ ਬੋਲੀ ਦੀ ਸਾਂਭ-ਸੰਭਾਲ ਅਤੇ ਇਸ ਦੇ ਵਿਕਾਸ ਬਾਰੇ ਲੇਖ ਵੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਸਮੇਂ ਸਮੇਂ ਲਿਖਦਾ ਆ ਰਿਹਾ ਹੈਉਸ ਨੇ ਜਿੰਨਾ ਵੀ ਕਾਰਜ ਕੀਤਾ ਹੈ, ਉਹ ਮਿਆਰੀ ਅਤੇ ਸਾਂਭਣਯੋਗ ਹੈਉਹ ਉਨ੍ਹਾਂ ਮੁੱਢਲੇ ਪੰਜਾਬੀ ਲੇਖਕਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਬਰਤਾਨੀਆਂ ਵਿੱਚ ਰਹਿੰਦਿਆਂ ਪੰਜਾਬੀ ਸਭਾਵਾਂ ਦੀ ਪ੍ਰਫੁਲਤਾ ਲਈ ਦੂਜੇ ਲੇਖਕਾਂ ਦੇ ਸਹਿਯੋਗ ਨਾਲ ਮੋਢੀਆਂ ਦੇ ਰੂਪ ਵਿੱਚ ਲਾਸਾਨੀ ਕਾਰਜ ਕੀਤਾਉਹ ਵਿਸ਼ਵ ਕਾਨਫਰੰਸ ਸਮੇਂ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਨਾਲ ਖੁਦ ਸ਼ਿਰਕਤ ਕਰਦਾ ਰਿਹਾ ਹੈ ਅਤੇ ਕਾਨਫ਼ਰੰਸ ਦੀਆਂ ਸੁੰਦਰ ਝਲਕੀਆਂ ਨੂੰ ਬੇਹੱਦ ਮਾਣਦਾ ਰਿਹਾ ਹੈਉਹ ਆਪਣੀ ਮਾਂ ਬੋਲੀ ਪ੍ਰਤੀ ਨਿਰੰਤਰ ਯੋਗਦਾਨ ਪਾ ਰਿਹਾ ਹੈ ਅਤੇ ਸਮੇਂ ਸਮੇਂ ਲੇਖਾਂ ਦੇ ਰੂਪ ਵਿੱਚ ਲਿਖਣਾ ਆਪਣਾ ਮਾਨਵੀ ਫ਼ਰਜ਼ ਸਮਝਦਾ ਹੈ

ਜੇਕਰ ਉਹਨੇ ਕਹਾਣੀ ਲਿਖੀ ਤਾਂ ਉਹ ਨੇ ਆਪਣੀ ਕਲਮ ਕਹਾਣੀ ਕਲਾ ਵੱਲ ਚਲਾ ਕੇ ਭਾਰਤ ਤੇ ਬਰਤਾਨਵੀ ਸਮਾਜ ਦੀ ਤਸਵੀਰ ਬੜੇ ਹੀ ਕਲਾਤਮਕ ਢੰਗ ਨਾਲ ਪੇਸ਼ ਕੀਤੀ ਹੈਉਸ ਨੇ ਪਰਵਾਸੀ ਲੋਕਾਂ ਦੇ ਦੁੱਖਾਂ, ਦਰਦਾਂ ਦੀ ਗਾਥਾ ਨੂੰ ਬਿਆਨਦਿਆਂ ਦੌਲਤ ਸਿੰਘ, ਕੈਲੀ, ਸੈਂਡੀ ਅਤੇ ਸੁਖਪ੍ਰੀਤ ਵਰਗੇ ਪਾਤਰਾਂ ਨੂੰ ਪਾਠਕਾਂ ਸਾਹਮਣੇ ਰੱਖ ਕੇ ਸਮਾਜਿਕ ਯਥਾਰਥ ਨੂੰ ਪੇਸ਼ ਕੀਤਾ ਹੈਪਰਵਾਸੀ ਲੋਕਾਂ ਦੇ ਦੋਹਰੇ ਦੁਖਾਂਤ ਨੂੰ ਪੇਸ਼ ਕਰਨ ਦਾ ਉਸ ਦੀ ਕਹਾਣੀ ਕਲਾ ਦਾ ਵਿਸ਼ੇਸ਼ ਗੁਣ ਹੈਉਸ ਦੀ ਪਾਤਰ ਉਸਾਰੀ ਵਿੱਚ ਮਾਨਵੀ-ਸੰਵੇਦਨਾ ਦੀ ਪਕੜ ਹੈ ਅਤੇ ਉਸ ਨੂੰ ਮਨੁੱਖੀ ਮਨ ਨੂੰ ਪੜ੍ਹਨ ਦੀ ਡੂੰਘੀ ਜਾਚ ਹੈਇਸੇ ਕਰਕੇ ਉਸ ਦੀਆਂ ਕਹਾਣੀਆਂ ਮਾਨਵਵਾਦੀ ਕਦਰਾਂ-ਕੀਮਤਾਂ ਦੀ ਸ਼ਾਅਦੀ ਭਰਦੀਆਂ ਹਨਨਵੰਬਰ ਉੱਨੀ ਸੌ ਚਰਾਸੀ ਦੇ ਦਿੱਲੀ ਵਿਚਲੇ ਕਤਲੇਆਮ ਨੂੰ ਲੈ ਕੇ ਇੰਤਕਾਮ ਅਤੇ ਭਾਗਵੰਤੀ ਕਹਾਣੀਆਂ ਵਿਚਲੇ ਪਾਤਰ ਇੱਕ ਸੰਵੇਦਨਸ਼ੀਲ ਹਿਰਦਾ ਹੀ ਉਸਾਰ ਸਕਦਾ ਹੈਉਹ ਮਨੁੱਖ ਅਤੇ ਉਸ ਦੀ ਮਾਨਵਤਾ ਨੂੰ ਧੁਰ-ਅੰਦਰੋਂ ਪਛਾਣਦਾ ਹੈਉਸ ਦਾ ਵਿਸ਼ਵਾਸ ਹੈ ਕਿ ਭਾਵੇਂ ਦੁਨੀਆਂ ’ਤੇ ਜਬਰ ਜ਼ੁਲਮ ਦੀ ਅੱਤ ਹੋ ਚੁੱਕੀ ਹੈ ਪਰ ਅਜੇ ਮਨੁੱਖਤਾ ਲੋਕਾਂ ਵਿੱਚ ਜਿਉਂਦੀ ਹੈ ਤੇ ਜਿਉਂਦੀ ਰਹੇਗੀ

ਉਹ ਕਿਸੇ ਵਾਦ ਅਧੀਨ ਆਲੋਚਨਾ ਨਹੀਂ ਕਰਦਾ, ਸਗੋਂ ਟੈੱਕਸਟ ਨੂੰ ਮੁੱਖ ਰੱਖ ਕੇ ਸਮੇਂ ਸਮੇਂ ਜਾਣੇ ਪਹਿਚਾਣੇ ਅਤੇ ਅਗਿਆਤ ਬਰਤਾਨਵੀ ਲੇਖਕਾਂ ਦੀਆਂ ਪੁਸਤਕਾਂ ਦਾ ਨਿਰੀਖਣ ਕਰਕੇ ਆਪਣੇ ਵਿਚਾਰ ਬਿਨਾਂ ਪੱਖ ਪਾਤ ਦੇ ਲੇਖਾਂ/ਰੀਵੀਊਆਂ ਦੀ ਸ਼ਕਲ ਵਿੱਚ ਦਿੰਦਾ ਰਹਿੰਦਾ ਹੈਉਸ ਦਾ ਇਹ ਕਾਰਜ ਬਰਤਾਨੀਆ ਤੱਕ ਸੀਮਤ ਨਹੀਂ ਹੈਭਾਰਤੀ ਪੰਜਾਬੀ ਲੇਖਕਾਂ ਬਾਰੇ ਵੀ ਉਸ ਨੇ ਲਿਖਿਆ ਹੈ ਜੋ ਜਲਦੀ ਪ੍ਰਕਾਸ਼ਤ ਹੋ ਰਿਹਾ ਹੈਉਸ ਨੇ ਉਨ੍ਹਾਂ ਲੇਖਕਾਂ ਨੂੰ ਵੀ ਪਾਠਕਾਂ ਦੇ ਸਨਮੁੱਖ ਕੀਤਾ ਜਿਨ੍ਹਾਂ ਨੂੰ ਆਲੋਚਕਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਅਣਗੌਲਿਆ ਕਰ ਛੱਡਿਆ ਸੀਪ੍ਰੀਤਮ ਸਿੰਘ ਨੇ ਆਲੋਚਨਾ ਕਰਦਿਆਂ ਆਪਣੇ ਆਪ ਨੂੰ ਵਿਦਵਾਨ ਸਾਬਤ ਕਰਨ ਲਈ ਔਖੇ ਤੇ ਪੰਡਤਾਊ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਸਗੋਂ ਸਰਲ ਸਾਹਿਤਕ ਭਾਸ਼ਾ ਵਿੱਚ ਆਪਣੀ ਗੱਲ ਪਾਠਕਾਂ ਤਕ ਪਹੁੰਚਾਈ ਹੈਜੇਕਰ ਕਿਸੇ ਲੇਖਕ ਦੀ ਰਚਨਾ ਵਿੱਚ ਕੋਈ ਘਾਟ ਨਜ਼ਰ ਆਵੇ, ਤਾਂ ਉਹ ਕਲਾਤਮਕ ਤੇ ਸਾਹਿਤਕ ਭਾਸ਼ਾ ਵਿੱਚ ਉਸ ਦੀ ਰਚਨਾ ਨੂੰ ਪੁਖਤਾ ਕਰਨ ਲਈ ਨਿਮਰ-ਭਾਵਾਂ ਨਾਲ ਸੁਝਾਅ ਪ੍ਰਦਾਨ ਕਰਦਾ ਹੈਉਸ ਨੇ ਯਾਦਗਾਰੀ ਦਸਤਾਵੇਜ਼ ਕਿਤਾਬਾਂ ਪੰਜਾਬੀ ਸਾਹਿਤਕ ਜਗਤ ਨੂੰ ਦਿੱਤੀਆਂ ਹਨਉਹ ਇੱਕ ਖੋਜੀ ਵਿਦਵਾਨ ਹੈ, ਜਿਸ ਨੇ ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ-ਇੱਕ ਆਲੋਚਨਾਤਮਕ ਅਧਿਐਨ’ ਦੇ ਵਿਸ਼ੇ ’ਤੇ ਇੰਗਲੈਂਡ ਵਿਖੇ ਰਹਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕੀਤੀਉਸ ਦੇ ਨਿਗਰਾਨ ਪ੍ਰਸਿੱਧ ਲੋਕਯਾਨਕ ਵਿਦਵਾਨ ਡਾ. ਕਰਨੈਲ ਸਿੰਘ ਥਿੰਦ ਜੀ ਸਨਇਹ ਇੱਕ ਵਡਮੁੱਲਾ ਕਾਰਜ ਹੈਭਾਰਤ ਦੀ ਸੁਤੰਤਰਤਾ ਲਈ ਚੱਲੀਆਂ ਲਹਿਰਾਂ (ਗ਼ਦਰ ਲਹਿਰ, ਅਕਾਲੀ ਲਹਿਰ, ਕਿਰਤੀ ਲਹਿਰ, ਨਾ ਮਿਲਵਰਤਨ ਲਹਿਰ ਅਤੇ ਕੂਕਾ ਲਹਿਰ ਇਤਿ ਆਦਿ) ਬਾਰੇ ਜਿੱਥੇ ਇਤਿਹਾਸਕ ਵਾਕਫੀਅਤ ਕਰਵਾਈ ਹੈ, ਉੱਥੇ ਉਸ ਨੇ ਅੰਗਰੇਜ਼ਾਂ ਵੱਲੋਂ ਜ਼ਬਤ ਕੀਤੀ ਗਈ ਕਵਿਤਾ ਨੂੰ ਵੀ ਪਾਠਕਾਂ ਦੇ ਸਨਮੁੱਖ ਕੀਤਾ ਹੈ, ਜਿਸ ਨਾਲ ਬਹੁਤ ਸਾਰੇ ਆਜ਼ਾਦੀ ਦੇ ਪ੍ਰਵਾਨਿਆਂ ਦੇ ਦਿਲਾਂ ਵਿੱਚ ਕੁਰਬਾਨੀਆਂ ਦੇਣ ਦੀ ਚਿੰਗਿਆੜੀ ਮੱਘ ਉੱਠੀਨਾਲ ਦੀ ਨਾਲ ਉਸ ਨੇ ਬ੍ਰਿਟਿਸ਼ ਸਰਕਾਰ ਦੀ ਪ੍ਰੈੱਸ ਪਾਲਿਸੀ ਜੋ ਇਨਕਲਾਬੀ ਸਾਹਿਤ ਨੂੰ ਲੋਕਾਂ ਵਿੱਚ ਜਾਣ ਤੋਂ ਰੋਕ ਲਾਉਂਦੀ ਸੀ, ਨੂੰ ਵੀ ਨੰਗਿਆਂ ਕੀਤਾ ਹੈਬ੍ਰਿਟਿਸ਼ ਸਰਕਾਰ ਦੀ ਪ੍ਰੈੱਸ ਪਾਲਿਸੀ ਤੇ ਪ੍ਰੈੱਸ ਦੇ ਸਮੁੱਚੇ ਇਤਿਹਾਸ ਨੂੰ ਪੇਸ਼ ਕਰਨ ਦਾ ਇੱਕ ਵੱਖਰਾ ਵਿਸ਼ਾ ਹੈਪ੍ਰੰਤੂ ਉਸ ਨੇ ਇਸ ਦੀ ਵਿਸ਼ਾਲਤਾ ਨੂੰ ਕਲਾਤਮਕ ਢੰਗ ਨਾਲ ਸੰਖੇਪ ਤੇ ਭਾਵਪੂਰਤ ਸ਼ਬਦਾਂ ਵਿੱਚ ਪੇਸ਼ ਕਰ ਦਿੱਤਾ ਹੈਮੇਰੇ ਖ਼ਿਆਲ ਅਨੁਸਾਰ ਜੇਕਰ ਮੈਂ ਗ਼ਲਤ ਨਾ ਹੋਵਾਂ ਤਾਂ ਪੰਜਾਬੋਂ ਬਾਹਰ ਬੈਠੇ ਲੇਖਕਾਂ ਵਿੱਚ ਗਿ. ਕੇਸਰ ਸਿੰਘ ਦਾ ਗ਼ਦਰ ਲਹਿਰ ਤੇ ਗ਼ਦਰੀਆਂ ਦੀਆਂ ਕੁਰਬਾਨੀਆਂ ਬਾਰੇ ਕਾਰਜ ਲਾਸਾਨੀ ਹੈਜੋਗਿੰਦਰ ਸ਼ਮਸ਼ੇਰ ਨੇ ‘1919 ਦਾ ਪੰਜਾਬਪੁਸਤਕ ਲਿਖ ਕੇ ਉਸ ਸਮੇਂ ਦੀਆਂ ਸਮਕਾਲੀ ਰਾਜਨੀਤਕ ਪਰਸਥਿਤੀਆਂ ਨੂੰ ਸਾਹਮਣੇ ਲਿਆ ਕੇ ਵਧੀਆ ਕਾਰਜ ਕੀਤਾ ਹੈਪ੍ਰੀਤਮ ਸਿੰਘ ਕੈਂਬੋ ਦਾ ਆਪਣੇ ਥੀਸਜ਼ ਰਾਹੀਂ ਕੀਤਾ ਗਿਆ ਕੰਮ ਵੀ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈਇਸ ਲਈ ਪ੍ਰੀਤਮ ਸਿੰਘ ਵਧਾਈ ਦਾ ਪਾਤਰ ਹੈ

ਡਾ. ਪ੍ਰੀਤਮ ਸਿੰਘ ਕੈਂਬੋ ਇੱਕ ਸਫ਼ਲ ਖੋਜਕਾਰ ਅਤੇ ਆਲੋਚਕ ਹੀ ਨਹੀਂ, ਉਹ ਨਿੱਠ ਕੇ ਕੰਮ ਕਰਨ ਵਾਲਾ ਸੰਪਾਦਕ ਵੀ ਹੈਆਮ ਤੌਰ ’ਤੇ ਸੰਪਾਦਨਾ ਦਾ ਕੰਮ ਬਹੁਤ ਸਰਲ ਤੇ ਸੌਖਾ ਲੱਗਦਾ ਹੈ, ਪਰ ਇਹ ਬਹੁਤ ਔਖਾ ਤੇ ਸਿਰੜਤਾ ਨਾਲ ਸਿਰੇ ਚੜ੍ਹਦਾ ਹੈਪ੍ਰੀਤਮ ਸਿੰਘ ਨੇ ਸਹਿ-ਸੰਪਾਦਨਾ ਵੀ ਕੀਤੀ ਹੈ, ਜਿਸ ਦੇ ਸਿੱਟੇ ਵਜੋਂ ‘ਇੰਟਰਨੈਸ਼ਨਲ ਪੰਜਾਬੀ ਸਾਹਿਤ’ ਨਾਮੀ ਪੁਸਤਕ ਸਾਹਮਣੇ ਆਈਉਨ੍ਹਾਂ ਦੇ ਨਾਲ ਗਿ. ਮੱਖਣ ਸਿੰਘ ਮ੍ਰਿਗਿੰਦ ਅਤੇ ਬਲਬੀਰ ਸਿੰਘ ਕੰਵਲ ਹੋਰੀਂ ਇਸ ਕਾਰਜ ਵਿੱਚ ਭਾਗੀਦਾਰ ਸਨਨਿੱਜੀ ਤੌਰ ’ਤੇ ਉਸ ਨੇ ਗਿ. ਮੱਖਣ ਸਿੰਘ ਮ੍ਰਿਗਿੰਦ ਅਭਿਨੰਦਨ ਗ੍ਰੰਥ, ਹਰਦੇਵ ਸਿੰਘ ਢੇਸੀ ਰਚਨਾਵਲੀ ਅਤੇ ‘ਪ੍ਰੋ. ਪ੍ਰੀਤਮ ਸਿੰਘ ਜੀਵਨ ਤੇ ਰਚਨਾ’ ਵਰਗੇ ਵੱਡ ਅਕਾਰੀ ਗ੍ਰੰਥ ਨੂੰ ਸੰਪੰਨ ਕੀਤਾ ਹੈਇਸ ਗ੍ਰੰਥ ਦੀ ਮਹਾਨਤਾ ਇਹ ਹੈ ਕਿ ਇਸ ਵਿੱਚ ਲੱਗ ਪੱਗ ਪੰਜਾਬੀ ਸਾਹਿਤ ਦੇ 75 ਪ੍ਰਸਿੱਧ ਤੇ ਸਿਰਮੌਰ ਲੇਖਕਾਂ ਨੇ ਮਹੱਤਵਪੂਰਨ ਵਿਸ਼ਿਆਂ ਬਾਰੇ ਲਿਖ ਕੇ ਵਿਸ਼ਾਲ ਤੇ ਬਹੁਮੁੱਲੇ ਸਾਹਿਤ ਨੂੰ ਸੰਚਿਤ ਕਰ ਦਿੱਤਾ ਹੈ ਅਤੇ ਪ੍ਰੋ. ਪ੍ਰੀਤਮ ਸਿੰਘ ਜੀ ਦੇ ਜੀਵਨ ਦੇ ਅਨੇਕਾਂ ਪੱਖਾਂ ਨੂੰ ਖੋਲ੍ਹਦਿਆਂ ਉਨ੍ਹਾਂ ਦੀ ਸਾਹਿਤਕ ਸ਼ਖ਼ਸੀਅਤ ਨੂੰ ਵੀ ਰੋਸ਼ਨ ਕਰ ਦਿੱਤਾ ਹੈਇੱਥੇ ਹੀ ਬੱਸ ਨਹੀਂ, ਪ੍ਰੀਤਮ ਸਿੰਘ ਕੈਂਬੋ ਨੇ ਗਿਆਰਾਂ ਵਿਦਵਾਨਾਂ ਅਤੇ ਸਮਰੱਥ ਲੇਖਕਾਂ ਨਾਲ ਮੁਲਾਕਾਤਾਂ ਕਰਕੇ `ਸਿਰਜਣਾ ਤੇ ਸੰਵਾਦ` ਨਾਮ ਦੀ ਕਿਤਾਬ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਈ ਹੈ, ਜੋ ਇੱਕ ਬਹੁਤ ਹੀ ਮਹਾਨ ਕਾਰਜ ਹੈਇਸ ਤੋਂ ਕੈਂਬੋ ਹੋਰਾਂ ਦੇ ਵਿਸ਼ਾਲ ਅਧਿਐਨ ਦਾ ਪਤਾ ਲੱਗਦਾ ਹੈਇਸ ਕਿਤਾਬ ਦੇ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਪੰਜਾਬ, ਪੰਜਾਬੀ ਸਭਿਆਚਾਰ, ਪੰਜਾਬੀ ਭਾਸ਼ਾ, ਸਿੱਖ ਧਾਰਮਿਕ ਸਾਹਿਤ ਅਤੇ ਪੱਤਰਕਾਰੀ ਆਦਿ ਵਿਸ਼ਿਆਂ ’ਤੇ ਚਰਚਾ ਕਰਕੇ ਲੇਖਕ ਨੇ ਪੁਸਤਕ ਵਿੱਚ ਅੰਕਿਤ ਸ਼ਖ਼ਸੀਅਤਾਂ ਨੂੰ ਕਿਸ ਤਰ੍ਹਾਂ ਕੁਰੇਦ ਕੇ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਅਨੇਕਾਂ ਬਹੁਭਿੰਨੇ ਤੱਥਾਂ ਤੇ ਤੰਦਾਂ ਨੂੰ ਉਜਾਗਰ ਕੀਤਾ ਹੈਡਾ. ਪ੍ਰੀਤਮ ਸਿੰਘ ਕੈਂਬੋ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ‘ਭਾਸ਼ਾ ਵਿਭਾਗ ਪੰਜਾਬ’ ਨੇ 2004 ਵਿੱਚ ਵਿਦੇਸ਼ੀ ਪੁਰਸਕਾਰ ਨਾਲ ਸਨਮਾਨਿਆ ਹੈ2005 ਵਿੱਚ ਪੰਜਾਬੀ ਸੱਥ ਦੀ ਯੂਰਪੀਅਨ ਇਕਾਈ ਨੇ ਵੀ ਐਵਾਰਡ ਨਾਲ ਸਨਮਾਨਤ ਕੀਤਾ ਹੈਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਯੂ. ਕੇ. ਨੇ ਤਾਂ ਪਹਿਲੋਂ ਹੀ ਕੈਂਬੋ ਜੀ ਨੂੰ ਮਾਣ ਸਨਮਾਨ ਬਖਸ਼ ਦਿੱਤਾ ਸੀ

ਪ੍ਰੀਤਮ ਸਿੰਘ ਕੈਂਬੋ ਇੱਕ ਮਿੱਠ ਬੋਲੜਾ, ਨੇਕਦਿਲ, ਮਿਹਨਤੀ, ਸਿਰੜੀ, ਸੁਹਿਰਦ ਅਤੇ ਬਹੁਤ ਹੀ ਮਿਲਣਸਾਰ ਇਨਸਾਨ ਹੈਉਸ ਦੀਆਂ ਜੀਵਨ ਪਰਤਾਂ ਨੂੰ ਫਰੋਲਦਿਆਂ ਪਤਾ ਲੱਗਦਾ ਹੈ ਕਿ ਕਿਵੇਂ ਉਸ ਨੇ ਇੱਕ ਸਾਧਾਰਨ ਪਰਿਵਾਰ ਵਿੱਚੋਂ ਉੱਠ ਕੇ ਜ਼ਿੰਦਗੀ ਦੀਆਂ ਮੰਜ਼ਲਾਂ ਨੂੰ ਛੋਹਿਆ, ਜੋ ਦੂਜੇ ਲੋਕਾਂ ਲਈ ਇੱਕ ਮਾਰਗ ਦਰਸ਼ਨ ਹੈਉਹ ਇੱਕ ਸੈੱਲਫ ਮੇਡ ਸ਼ਖ਼ਸੀਅਤ ਹੈ, ਜਿਸ ਨੂੰ ਅਧਿਐਨ ਕਰਨ ਦੀ ਬੇਹੱਦ ਭੁੱਖ ਹੈਉਸ ਕੋਲ ਬੇਅੰਤ ਪੁਸਤਕਾਂ ਦਾ ਭੰਡਾਰ ਹੈਭਾਵੇਂ ਉਹ ਅਤੇ ਉਸ ਦਾ ਪਰਿਵਾਰ ਇੰਗਲੈਂਡ ਵਿੱਚ ਪੂਰੀ ਤਰ੍ਹਾਂ ਸੈਟਲ ਹੈ, ਪਰ ਉਹ ਆਪਣੀ ਜੰਮਣ-ਭੋਂ ਨਾਲ ਜੁੜਿਆ ਹੋਇਆ ਇੱਕ ਸੰਵੇਦਨਸ਼ੀਲ ਇਨਸਾਨ ਹੈਤਕਰੀਬਨ ਹਰ ਸਾਲ ਆਪਣੇ ਪਿੰਡ ਜਾ ਕੇ ਸਾਹਿਤਕ ਮਹਿਫਲਾਂ ਸਜਾਉਂਦਾ ਹੈ, ਅਤੇ ਹੋਰ ਨਿਕਟਵਰਤੀ ਲੇਖਕਾਂ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਕਰਦਾ ਰਿਹਾ ਹੈਉਸ ਦਾ ਸਾਹਿਤਕਾਰਾਂ ਨੂੰ ਮਿਲਣਾ ਸਾਬਤ ਕਰਦਾ ਹੈ ਕਿ ਉਸ ਦੇ ਮਨ ਵਿੱਚ ਦੂਜੇ ਲੇਖਕਾਂ ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਹੈਉਹ ਹਰ ਸਾਲ ਆਪਣੇ ਪਿੰਡ ਤਿੰਨ ਕੁ ਮਹੀਨੇ ਬਿਤਾ ਆਉਂਦਾ ਹੈਉਸ ਨੇ ਦੋਹੀਂ ਥਾਈਂ ਪੁਸਤਕਾਂ ਦਾ ਬੜਾ ਵੱਡਾ ਭੰਡਾਰ ਕਾਇਮ ਕਰ ਰੱਖਿਆ ਹੈ, ਜਿਸ ਵਿੱਚ ਲੱਗ ਪੱਗ ਹਰ ਸਾਹਿਤਕ ਵਿਸ਼ੇ ’ਤੇ ਕਿਤਾਬਾਂ ਉਪਲਭਦ ਹਨਕਿਤਾਬਾਂ ਨਾਲ ਪਿਆਰ ਦੀ ਗੱਲ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਸੂਮ ਬੰਦਾ ਪੈਸੇ ਨੂੰ ਇਕੱਠੇ ਕਰਦਾ ਨਹੀਂ ਰੱਜਦਾ, ਇਸੇ ਤਰ੍ਹਾਂ ਪ੍ਰੀਤਮ ਸਿੰਘ ਕਿਤਾਬਾਂ ਇਕੱਠੀਆਂ ਕਰਦਾ ਨਹੀਂ ਰੱਜਦਾਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਲਈ ਉਸ ਦੇ ਮਨ ਵਿੱਚ ਅਥਾਹ ਸ਼ਰਧਾ ਤੇ ਪਿਆਰ ਹੈਇੱਥੇ ਹੀ ਬੱਸ ਨਹੀਂ, ਉਸ ਨੂੰ ਉਰਦੂ ਸਾਹਿਤ ਨਾਲ ਵੀ ਬੇਹੱਦ ਲਗਾਉ ਹੈਡਾ. ਇਕਬਾਲ, ਮਿਰਜ਼ਾ ਗਾਲਿਬ, ਸਾਹਿਰ ਲੁਧਿਆਣਵੀ, ਉਸਤਾਦ ਜ਼ੌਕ ਆਦਿ ਤੋਂ ਇਲਾਵਾ ਹੋਰ ਉਰਦੂ ਲੇਖਕਾਂ ਦੇ ਸ਼ਿਅਰ ਸ਼ੌਕ ਨਾਲ ਪੜ੍ਹਦਾ ਰਹਿੰਦਾ ਹੈ ਅਤੇ ਉਰਦੂ ਸਾਹਿਤ ਦੀਆਂ ਬੇਅੰਤ ਪੁਸਤਕਾਂ ਵੀ ਉਸ ਦੀ ਲਾਇਬਰੇਰੀ ਦਾ ਸ਼ਿੰਗਾਰ ਹਨ

ਉਹ ਇਸ ਗੱਲ ਦਾ ਦੁੱਖ ਪ੍ਰਗਟ ਕਰਦਾ ਹੈ ਕਿ ਬਰਤਾਨੀਆਂ ਵਿੱਚ ਵਸੀਆਂ ਪਹਿਲੀਆਂ ਪੀੜ੍ਹੀਆਂ ਅਗਲੀਆਂ ਪੀੜ੍ਹੀਆਂ ਵਿੱਚ ਪੰਜਾਬੀ ਪ੍ਰਤੀ ਲੋੜੀਂਦਾ ਉਤਸ਼ਾਹ ਪੈਦਾ ਨਹੀਂ ਕਰ ਸਕੀਆਂ, ਜਿਸ ਕਰਕੇ ਨਵੇਂ ਬੱਚੇ ਪੰਜਾਬੀ ਨਾਲੋਂ ਹੌਲ਼ੀ ਹੌਲ਼ੀ ਟੁੱਟ ਰਹੇ ਹਨਉਸ ਦਾ ਕਹਿਣਾ ਹੈ ਕਿ ਮੈਂ ਫੇਰ ਵੀ ਨਿਰਾਸ਼ਾਵਾਦੀ ਨਹੀਂ, ਕਿਉਂਕਿ ਪੰਜਾਬੀ ਲੋਕ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹਨ ਕਿ ਜਿਸ ਕੌਮ ਦੀ ਭਾਸ਼ਾ ਮਰ ਜਾਵੇ, ਉਹ ਕੌਮ ਬਹੁਤ ਚਿਰ ਜਿਉਂਦੀ ਅਤੇ ਆਜ਼ਾਦ ਨਹੀਂ ਰਹਿ ਸਕਦੀਪੰਜਾਬੀ ਕੌਮ ਜਿਉਂਦੀ ਜਾਗਦੀ ਕੌਮ ਹੈ, ਇਸ ਲਈ ਇਹ ਆਪਣੇ ਫ਼ਰਜ਼ ਤੋਂ ਅਵੇਸਲੀ ਨਹੀਂ ਹੋਵੇਗੀਉਸ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਘਰਾਂ ਵਿੱਚ ਪੰਜਾਬੀ ਬੋਲਦੇ ਰਹਿਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਤਾਂ ਕਿ ਸਾਡੀ ਅਮੀਰ ਭਾਸ਼ਾ ਆਪਣਾ ਰੁਤਬਾ ਕਾਇਮ ਰੱਖ ਸਕੇਲੇਖਕ ਵੱਲੋਂ ਡਾ. ਪ੍ਰੀਤਮ ਸਿੰਘ ਕੈਂਬੋ ਨਾਲ ਕੀਤੀ ਮੁਲਾਕਾਤ ਦੇ ਅੰਸ਼ ਪਾਠਕਾਂ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ

? ਕੈਂਬੋ ਜੀ ਅਪਣੇ ਜਨਮ, ਤੇ ਪਰਿਵਾਰਕ ਪਿਛੋਕੜ ਬਾਰੇ ਦੱਸੋ? ਤੁਹਾਡਾ ਬਚਪਨ ਕਿਹੋ ਜਿਹਾ ਸੀਨਾਲ ਹੀ ਆਪਣੇ ਮਾਤਾ ਪਿਤਾ, ਭੈਣਾਂ, ਭਰਾਵਾਂ ਬਾਰੇ ਵੀ ਕੁਝ ਦੱਸੋ? ਆਪਣੇ ਬਚਪਨ ਦੀ ਕੋਈ ਯਾਦ ਵਿਸਥਾਰ ਨਾਲ ਸਾਂਝੀ ਕਰਨਾ ਚਾਹੋਗੇ?

: ਸਤਨਾਮ ਸਿੰਘ ਜੀ, ਮੇਰਾ ਜਨਮ 15 ਸਤੰਬਰ, 1939 ਨੂੰ ਪਿੰਡ ਭੁੱਲਾਰਾਈ (ਫ਼ਗਵਾੜਾ) ਵਿਖੇ ਹੋਇਆਮਾਤਾ ਜੀ ਦਾ ਨਾਮ ਸ੍ਰਦਾਰਨੀ ਰਤਨ ਕੋਰ ਅਤੇ ਪਿਤਾ ਦਾ ਨਾਮ ਸ੍ਰ. ਕਿਸ਼ਨ ਸਿੰਘ ਹੈਦੋਵੇਂ ਹੀ ਇਸ ਸੰਸਾਰ ਤੋਂ ਵਿਦਾ ਹੋ ਗਏ ਹਨਤੁਸੀਂ ਬਚਪਨ ਨੂੰ ਵਿਸਤਾਰ ਸਹਿਤ ਜਾਨਣ ਦੀ ਅਭਿਲਾਸ਼ਾ ਪ੍ਰਗਟ ਕੀਤੀ ਹੈਬਚਪਨ ਜ਼ਿੰਦਗੀ ਦਾ ਉਹ ਹਿੱਸਾ ਹੈ ਜਿਸ ਵਿੱਚ ਜੀਵਨ ਦੀਆਂ ਹੋਣ ਵਾਲੀਆਂ ਘਟਨਾਵਾਂ ਵਿੱਚ ਇਸ ਦਾ ਅਸਰ ਪੈਂਦਾ ਹੈਬਚਪਨ ਵਿੱਚ ਬੱਚੇ ਦਾ ਮਨ ਕੋਮਲ ਹੁੰਦਾ ਹੈਕੋਮਲ ਹਿਰਦੇ ’ਤੇ ਪਏ ਪ੍ਰਭਾਵ ਜ਼ਿੰਦਗੀ ’ਤੇ ਗਹਿਰਾ ਪ੍ਰਭਾਵ ਛੱਡਦੇ ਹਨਬਚਪਨ ਦਾ ਸਮਾਂ ਮੇਰਾ ਜਰਜਰੀ ਹਾਲਤ ਵਾਲਾ ਸੀਪਹਿਲਾਂ ਥੋੜ੍ਹਾ ਜਿਹਾ ਹਿੱਸਾ ਚੰਗੇਰਾ ਰਿਹਾ, ਜਦੋਂ ਮੇਰੇ ਬਾਬਾ ਜੀ ਜਿਉਂਦੇ ਸਨਬਾਅਦ ਵਿੱਚ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਘੋਰ ਨਿਰਾਸ਼ਤਾ ਵਾਲੀ ਬਣ ਗਈਕਮਜ਼ੋਰ ਆਰਥਿਕਤਾ ਦੇ ਕਈ ਕਾਰਣ ਹੁੰਦੇ ਹਨਪਰ ਮੇਰਾ ਕੇਸ ਅਜੀਬ ਜਿਹਾ ਸੀਮੇਰੇ ਪਿਤਾ ਜੀ ਬੇਪਰਵਾਹ ਕਿਸਮ ਦੇ ਮਨੁੱਖ ਸਨਕੰਮ-ਕਾਰ ਵੱਲੋਂ ਅਵੇਸਲੇ ਰਹਿਣਾ ਹੀ ਉਨ੍ਹਾਂ ਦਾ ਸੁਭਾ ਸੀਮੇਰਾ ਭਾਵ ਉਨ੍ਹਾਂ ਦੇ ਅਕਸ ਨੂੰ ਵਿਗਾੜਣ ਦਾ ਹਰਗਿਜ਼ ਨਹੀਂਉਹ ਬਹੁਤ ਹੀ ਨੇਕ ਤੇ ਸ਼ਰੀਫ ਇਨਸਾਨ ਸਨਪਰ ਇਹ ਪੱਖ ਉਨ੍ਹਾਂ ਦਾ ਨਿਵੇਕਲਾ ਹੀ ਸੀਮਾਤਾ ਜੀ ਉੱਪਰ ਹੀ ਸਭ ਕੁਝ ਨਿਰਭਰ ਕਰਦਾ ਸੀਉਹ ਬੜੇ ਹੀ ਮਿਹਨਤੀ ਸੁਭਾਅ ਵਾਲੇ, ਅਣਥਕ ਕਾਮੇ ਤੇ ਘਰ ਦੀ ਹਰ ਪ੍ਰਕਾਰ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਸਨਉਹ ਕਹਿੰਦੇ ਸਨ ਕਿ ਮੈਂ ਪੜ੍ਹੀ ਲਿਖੀ ਨਹੀਂਘਰਦਿਆਂ ਨੇ ਪਤਾ ਨਹੀਂ ਕਿਉਂ ਨਹੀਂ ਪੜ੍ਹਾਇਆ! ਨਹੀਂ ਤਾਂ ਮੈਂ ਤੈਨੂੰ ਇਸ ਤਰ੍ਹਾਂ ਦੀ ਤੰਗੀ ਦੇਖਣ ਹੀ ਨਹੀਂ ਸੀ ਦੇਣੀ

ਮੈਂ ਯਾਦ ਕਰਦਾ ਹਾਂ ਉਸ ਸਮੇਂ ਦੇ ਹਾਲਾਤ ਮੂਜਬ ਉਹ ਘਰ ਦੇ ਹਰ ਕੰਮ ਵਿੱਚ ਪ੍ਰਬੀਨ ਸਨਭੋਜਨ ਆਦਿਕ ਬਣਾਉਣ ਵਿੱਚ ਪੂਰਨ ਮਾਹਿਰ, ਆਏ ਗਏ ਦੀ ਸੇਵਾ ਕਰਨ ਵਾਲੇਪ੍ਰਾਹੁਣਿਆਂ ਦੇ ਆਉਣ ’ਤੇ ਉਨ੍ਹਾਂ ਵੱਲੋਂ ਨਿਭਾਏ ਫ਼ਰਜ਼ਾਂ ਤੋਂ ਪਤਾ ਲੱਗਦਾ ਸੀ ਕਿ ਉਹ ਘਰ ਪ੍ਰਤੀ ਕਿੰਨੇ ਸੁਹਿਰਦ ਸਨ ਤੇ ਅਣਥੱਕਤਾ ਦੇ ਮੁਜੱਸਮਾ ਸਨਕਿਹੜਾ ਕੰਮ ਸੀ ਜੋ ਉਹ ਨਹੀਂ ਸੀ ਜਾਣਦੇ! ਚਰਖਾ ਬਗੈਰਾ ਕੱਤਣਾ, ਸੂਤ ਆਦਿ ਕੱਤ ਕੇ ਖੇਸੀਆਂ ਆਦਿ ਬਣਾਉਣੀਆਂ, ਦਰੀਆਂ ਬੁਣਨਾ, ਸਵੈਟਰ ਬੁਣਨੇ, ਕਰੋਸ਼ੀਏ ਆਦਿ ਦੇ ਕੰਮ ਕਰਨੇ ਅਤੇ ਰਜਾਈਆਂ ਆਦਿ ਨਗੰਦਣੀਆਂ, ਭਾਵ ਹਰ ਤਰ੍ਹਾਂ ਦੇ ਹੁਨਰੀ ਤੇ ਗੈਰ-ਹੁਨਰੀ ਕੰਮ ਕਰਦੇ ਸਨਪਰ ਉਨ੍ਹਾਂ ਦੇ ਮੁਤਾਬਿਕ ਇਹ ਕੰਮ ਨਹੀਂ ਸਨ, ਭਾਵ ਇਹ ਸੀ ਕਿ ਸਿਲਾਈ ਬਗੈਰਾ ਨਹੀਂ ਸਿੱਖ ਸਕੇ ਜਿਸ ਦੇ ਵਜੋਂ ਉਹ ਚਾਰ ਪੈਸੇ ਕਮਾ ਸਕਦੇਅਨਪੜ੍ਹਤਾ ਤੇ ਸਕਿੱਲਡ ਕੰਮ ਨਾ ਸਿੱਖਣ ਦਾ ਉਨ੍ਹਾਂ ਨੂੰ ਝੋਰਾ ਸੀਖ਼ੈਰ ਜਿਸ ਤਰ੍ਹਾਂ ਵੀ ਸੀ, ਘਰ ਦਾ ਨਿਰਬਾਹ ਚਲਦਾ ਰਿਹਾਮੇਰੀਆਂ ਤਿੰਨ ਭੈਣਾਂ ਤੇ ਇੱਕ ਭਰਾ ਬਚਪਨ ਵਿੱਚ ਹੀ ਜਲਦੀ ਜਲਦੀ ਗੁਜ਼ਰਦੇ ਗਏ(ਮੇਰੇ ਤੋਂ 22 ਸਾਲ ਛੋਟਾ ਮੇਰਾ ਅਖ਼ੀਰਲਾ ਭਰਾ ਵਿਆਹਿਆ ਵਰ੍ਹਿਆ ਜਵਾਨੀ ਦੀ ਉਮਰ ਵਿੱਚ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਕੇ ਚਲ ਵੱਸਿਆ)ਘਰ ਵਿੱਚ ਗ਼ਰੀਬੀ, ਦੂਜੇ ਘਰ ਵਿੱਚ ਸੁੰਨਾ ਜਿਹਾ ਮਾਹੌਲ, ਭੈਣਾਂ-ਭਰਾਵਾਂ ਦੇ ਵਿਛੋੜੇ ਨਾਲ ਇਕੱਲਤਾ ਦੀਆਂ ਸੂਈਆਂ ਚੁੱਭਦੀਆਂ ਰਹੀਆਂ, ਜਿਸ ਨਾਲ ਮਨ ਵਿੱਚ ਸੋਚਾਂ ਦਾ ਜਮਘਟਾ ਹੀ ਬਣਿਆ ਰਹਿੰਦਾਮਾਂ ਬਾਪ ਪਿਆਰ ਤਾਂ ਬਹੁਤ ਕਰਦੇ ਸਨ, ਪਰ ਉਹ ਗ਼ਰੀਬੀ ਤੇ ਘੋਰ ਨਿਰਾਸ਼ਤਾ ਵਾਲੀ ਹਾਲਤ ਦਾ ਕੀ ਕਰਦੇ! ਜਦੋਂ ਇਹੋ ਜਿਹੀ ਹਾਲਤ ਹੋਵੇ ਤਾਂ ਰਿਸ਼ਤੇਦਾਰ ਤੇ ਹੋਰ ਨੇੜਲੇ ਸੰਗੀ ਸਾਥੀ ਵੀ ਸਾਥ ਨਹੀਂ ਦਿੰਦੇਪਰ ਇਸ ਸਭ ਕੁਝ ਦੇ ਬਾਵਜੂਦ ਮੇਰੇ ਹਿਰਦੇ ਵਿੱਚ ਆਪਣੇ ਮਾਪਿਆਂ ਪ੍ਰਤੀ ਸਦਭਾਵਨਾ ਤੇ ਸ਼ੁਕਰਗੁਜ਼ਾਰੀ ਦੇ ਭਾਵ ਡੂੰਘੀ ਤਰ੍ਹਾਂ ਰਮੇ ਹੋਏ ਹਨ

? ਹਰ ਇੱਕ ਵਿਅਕਤੀ ਦਾ ਬਚਪਨ ਜ਼ਿੰਦਗੀ ਦੀ ਅਮੀਰੀ ਦਾ ਖ਼ਜ਼ਾਨਾ ਹੁੰਦਾ ਹੈਉਹ ਇਸ ਖ਼ਜ਼ਾਨੇ ਦੀ ਪਟਾਰੀ ਹਮੇਸ਼ਾ ਆਪਣੇ ਨਾਲ ਰੱਖਦਾ ਹੈਉਸ ਪਟਾਰੀ ਵਿੱਚੋਂ ਬਚਪਨ ਦੇ ਆਪਣੇ ਕਿਸੇ ਗੂੜ੍ਹੇ ਮਿੱਤਰ/ਦੋਸਤ ਦੀ ਕੋਈ ਯਾਦ ਸਾਂਝੀ ਕਰਨੀ ਚਾਹੋਗੇ?

: ਢਾਅ ਜੀ, ਆਪ ਜੀ ਦਾ ਪ੍ਰਸ਼ਨ ਬੜਾ ਸੁਆਦਲਾ ਹੈ ਕਿਉਂਕਿ ਕਿਸੇ ਵੀ ਮਨੁੱਖ ਦਾ ਬਚਪਨ ਅਮੀਰ ਵਿਰਸੇ ਨਾਲ ਭਰਪੂਰ ਹੁੰਦਾ ਹੈਇਸ ਸਮੇਂ ਵਾਪਰੀਆਂ ਘਟਨਾਵਾਂ ਵਿੱਚੋਂ ਜ਼ਿੰਦਗੀ ਦਾ ਭਵਿੱਖ ਉੱਸਰਦਾ ਹੈਇਸ ਦੌਰ ਵਿੱਚ ਭਾਵ ਬਚਪਨ ਵਿੱਚ ਆਪਣੇ ਸਾਥੀਆਂ ਨਾਲ ਪ੍ਰੇਮ ਵਿਕਸਦਾ ਹੈ ਅਤੇ ਕੁਝ ਰੂਹ ਨਾਲ ਭਰਪੂਰ ਗੂੜ੍ਹੇ ਰਿਸ਼ਤੇ ਬਣ ਜਾਂਦੇ ਹਨ ਜਿਨ੍ਹਾਂ ਦਾ ਜ਼ਿੰਦਗੀ ਵਿੱਚ ਬੜਾ ਅਹਿਮ ਰੋਲ ਹੋ ਨਿੱਬੜਦਾ ਹੈਨਾਲ ਨਾਲ ਦੂਜੇ ਸਾਥੀਆਂ ਨਾਲ ਵੀ ਨਿਭੀ ਤੁਰੀ ਜਾਂਦੀ ਹੈਫਿਰ ਕੁਝ ਸਮਾਂ ਟੱਪ ਕੇ ਹੋਰਾਂ ਨਾਲ ਵੀ ਮੋਹ ਬਣ ਜਾਂਦਾ ਹੈ, ਜੋ ਜਵਾਨੀ ਦੀ ਦਹਿਲੀਜ਼ ਤੱਕ ਪੁੱਜਦਿਆਂ ਭਵਿੱਖਤ ਜ਼ਿੰਦਗੀ ਦਾ ਹਿੱਸਾ ਵੀ ਬਣ ਜਾਂਦੇ ਹਨਕੁਝ ਬਿਖ਼ਰ ਜਾਂਦੇ ਹਨ, ਕੁਝ ਉਮਰ ਦਾ ਸਾਥ ਛੱਡ ਜਾਂਦੇ ਹਨਕੁਝ ਹੀ ਅਖ਼ੀਰਲੇ ਸਫ਼ਰ ਤੱਕ ਰਹਿ ਜਾਂਦੇ ਹਨਬਿਖਰੇ ਹੋਏ ਦੋਸਤ ਜਦ ਕਦੇ ਜੀਵਨ ਦੇ ਕਿਸੇ ਪੜਾਅ ’ਤੇ ਮਿਲਦੇ ਹਨ, ਉਹ ਅਤਿਅੰਤ ਖੁਸ਼ੀ ਤੇ ਖੇੜਾ ਪ੍ਰਦਾਨ ਕਰਦੇ ਹਨਤੁਸੀਂ ਇਹ ਪੁੱਛਿਆ ਹੈ ਕਿ ਬਚਪਨ ਦੀ ਐਸੀ ਘਟਨਾ ਜਿਸ ਨੇ ਅੱਗੇ ਜੀਵਨ ਵਿੱਚ ਪ੍ਰਭਾਵ ਪਾਇਆ ਹੋਵੇਬਚਪਨ ਵਿੱਚ ਮੇਰਾ ਇੱਕ ਦੋਸਤ ਸੀ, ਸੋਹਣ ਸਿੰਘ, ਜਿਸ ਨੇ ਮੇਰੇ ਵਿਚਲੀ ਸਾਹਿਤਕ ਚਿਣਗ ਨੂੰ ਮਘਾਉਣ ਵਿੱਚ ਉੇਤੇਜਨਾ ਪੈਦਾ ਕੀਤੀਉਸ ਦੇ ਪ੍ਰਭਾਵ ਵਜੋਂ ਮੈਂ ਵੀ ਕੁਝ ਕਵਿਤਾਵਾਂ ਲਿਖੀਆਂ, ਪਰ ਇਹ ਗੀਤ-ਨੁਮਾ ਕਵਿਤਾਵਾਂ ਸਨਪਰ ਬਹੁਤਾ ਚਿਰ ਇਹ ਸਥਿਤੀ ਕਾਇਮ ਨਾ ਰਹੀਪ੍ਰੰਤੂ ਸਾਹਿਤ ਦੀ ਚੇਤਨਾ ਲਈ ਇਹ ਉਤੇਜਨਾ ਮਹੱਤਵਪੂਰਨ ਹੋ ਨਿੱਬੜੀਇਹ ਨਿੱਕੀਆਂ ਨਿੱਕੀਆਂ ਘਟਨਾਵਾਂ ਹੀ ਹੁੰਦੀਆਂ ਹਨ ਜੋ ਅੱਗੇ ਵਿਕਸ ਕੇ ਪੂਰੀ ਕਹਾਣੀ ਦਾ ਰੂਪ ਧਾਰ ਲੈਂਦੀਆਂ ਹਨ

? ਆਪ ਜੀ ਨੇ ਮੁੱਢਲੀ ਵਿੱਦਿਆ, ਉਚੇਰੀ ਵਿੱਦਿਆ ਕਿੱਥੋਂ ਪ੍ਰਾਪਤ ਕਤੀ? ਉਸ ਤੋਂ ਬਾਅਦ ਕੀ ਕੀ ਕੰਮ ਕੀਤੇ?

: ਪ੍ਰਾਇਮਰੀ ਵਿੱਦਿਆ ਆਪਣੇ ਪਿੰਡ ਭੁੱਲਾਰਾਈ ਤੋਂ ਪ੍ਰਾਪਤ ਕੀਤੀਫਿਰ ਮੈਟਰਿਕ ਦੀ ਪੜ੍ਹਾਈ ਰਾਮਗੜ੍ਹੀਆ ਸਕੂਲ ਫ਼ਗਵਾੜਾ ਤੋਂ ਹਾਸਲ ਕੀਤੀਬਾਅਦ ਪ੍ਰਾਈਵੇਟਲੀ ਵਿਦਵਾਨੀ ਤੇ ਗਿਆਨੀ ਗਿ. ਤੇਰਾ ਸਿੰਘ ਚੰਨ ਦੇ ਕਾਲਜ ‘ਫੁਲਵਾੜੀ ਗਿਆਨੀ ਕਾਲਜ’ ਤੋਂ ਪ੍ਰਾਪਤ ਕੀਤੀਇਹ ਤੇਰਾ ਸਿੰਘ ਚੰਨ ਹੋਰੀਂ ਉਹੀ ਹਨ ਜੋ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਦੇ ਤੌਰ ’ਤੇ ਸੇਵਾ ਨਿਭਾਉਂਦੇ ਰਹੇ ਹਨ ਅਤੇ ਉਹ ਸੰਸਾਰ ਨੂੰ ਅਲਵਿਦਾ ਕਹਿ ਗਏ ਹਨਚੰਨ ਹੋਰਾਂ ਬਾਰੇ ਮੇਰੇ ਮਨ ਵਿੱਚ ਬਹੁਤ ਹੀ ਆਦਰਾਨਾ ਭਾਵ ਸਮਾਏ ਹੋਏ ਹਨਉਹ ਚੰਗੇ ਸਾਹਿਤਕਾਰ ਤੇ ਕੁਸ਼ਲ ਪ੍ਰਬੰਧਕ ਦੇ ਨਾਲ ਨਾਲ ਰਾਜਨੀਤਕ ਚੇਤਨਾ ਵਾਲੇ ਪੁਰਸ਼ ਸਨਪਰ ਉਹ ਅਧਿਆਪਕ ਦੇ ਤੌਰ ’ਤੇ ਵੀ ਬਹੁਤ ਪ੍ਰਬੀਨ ਸਨਉਹ ਬੜੀ ਰੂਹ ਨਾਲ ਤੇ ਭਾਵਪੂਰਤ ਸ਼ਿੱਦਤ ਨਾਲ ਪੜ੍ਹਾਉਂਦੇ ਸਨਉਨ੍ਹਾਂ ਦੇ ਪੜ੍ਹਾਉਣ ਦੇ ਅੰਦਾਜ਼ ਵਿੱਚ ਇੱਕ ਵਿਸ਼ੇਸ਼ ਆਕਰਸ਼ਣ ਸੀਉਹ ਆਪਣੇ ਵਿਦਿਆਰਥੀਆਂ ਨਾਲ ਪਿਆਰ ਵੀ ਬਹੁਤ ਕਰਦੇ ਸਨਵਿਦਵਾਨੀ ਦੇ ਰੀਜ਼ਲਟ ਆ ਗਏਮੈਨੂੰ ਉਨ੍ਹਾਂ ਸੁਨੇਹਾ ਭੇਜਿਆ ਕਿ ਮੈਨੂੰ ਆਪਣੀਆਂ 2/3 ਫੋਟੋ ਦਿਉਮੈਂ ਹੈਰਾਨ ਸਾਂ, ਤੇ ਕਿਹਾ, “ਕਾਹਦੇ ਲਈ?” ਉਹ ਕਹਿੰਦੇ, “ਤੂੰ, ਪੰਜਾਬ ’ਚੋਂ ਸੈਕਿੰਡ ਆਇਆ ਹੈਂ” ਉਨ੍ਹਾਂ ਨੇ ਅਜੀਤ ਵਿੱਚ ਖ਼ਬਰ ਦੇ ਨਾਲ ਫੋਟੋ ਵੀ ਛਪਵਾਈ)ਇੰਨਾ ਮਾਣ ਸੀ ਉਨ੍ਹਾਂ ਦਾ ਆਪਣੇ ਵਿਦਿਆਰਥੀ ’ਤੇਐੱਫ. ਏ. ਕਰਨ ਤੋਂ ਬਾਅਦ ਬੀ. ਏ. ਤੱਕ ਪੁੱਜਣ ਲਈ ਘਰ ਮਿਹਨਤ ਕਰਨ ਦੇ ਨਾਲ ਨਾਲ ਪ੍ਰਾਈਵੇਟ ਤੌਰ ’ਤੇ ਫ਼ਗਵਾੜੇ ਦੇ ਪ੍ਰੋਫੈਸਰਾਂ ਤੇ ਈਵਨਿੰਗ ਕਾਲਜ ਜਲੰਧਰ ਤੋਂ ਜਿੱਥੇ ਉਨ੍ਹਾਂ ਦਿਨਾਂ ਵਿੱਚ ਪ੍ਰੋ. ਹਰਭਜਨ ਸਿੰਘ ਪ੍ਰਿੰਸ ਪੜ੍ਹਾਇਆ ਕਰਦੇ ਸਨ, ਤੋਂ ਤਾਲੀਮ ਹਾਸਲ ਕੀਤੀਐੱਮ. ਏ. ਪੰਜਾਬੀ ਫਿਰ ਪ੍ਰਾਈਵੇਟ ਤੌਰ ’ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀਇਸ ਸੰਬੰਧੀ ਮੈਂ ਪ੍ਰੋ. ਜਗਜੀਤ ਸਿੰਘ ਛਾਬੜਾ ਜੋ ਰਾਮਗੜ੍ਹੀਆ ਕਾਲਜ ਫ਼ਗਵਾੜਾ ਵਿੱਚ ਪੜ੍ਹਾਉਂਦੇ ਸਨ, ਤੋਂ ਟਿਊਸ਼ਨ ਦੇ ਤੌਰ ’ਤੇ ਪੜ੍ਹਾਈ ਹਾਸਲ ਕਰਦਾ ਰਿਹਾ ਹਾਂਉਹ ਬੜੇ ਮਿਹਨਤੀ ਤੇ ਲਾਇਕ ਪ੍ਰੋਫੈਸਰ ਸਨਉਨ੍ਹਾਂ ਦੀ ਬੌਧਿਕ ਪ੍ਰਤਿਭਾ ਤੋਂ ਵਿਦਿਆਰਥੀ ਕੀਲੇ ਜਾਂਦੇ ਸਨਮੈਂ ਉਨ੍ਹਾਂ ਪਾਸੋਂ ਉਨ੍ਹਾਂ ਦੇ ਨਿਵਾਸ ਸਥਾਨ ਜਲੰਧਰ ਵਿਖੇ ਲੈਸਨ ਲੈਣ ਜਾਂਦਾ ਰਿਹਾ ਸਾਂਕੁਝ ਚਿਰ ਮੈਂ ਉਨ੍ਹਾਂ ਤੋਂ ਟਿਊਸ਼ਨ ਸ਼ਿਮਲੇ ਜਾ ਕੇ ਵੀ ਪ੍ਰਾਪਤ ਕੀਤੀ ਕਿਉਂਕਿ ਉਹ ਉੱਥੇ ਪ੍ਰੋਫੈਸਰ ਜਾ ਲੱਗੇ ਸਨਉਨ੍ਹਾਂ ਦੇ ਦੋਸਤ ਜਸਵੰਤ ਸਿੰਘ ਵਿਰਦੀ ਜੀ ਸਨ, ਜੋ ਮੇਰੇ ਦੋਸਤ ਹਰਦੇਵ ਸਿੰਘ ਚਾਨਾ ਦੇ ਫੁੱਫੜ ਜੀ ਸਨ, ਜਦੋਂ ਵੀ ਉਹ ਸਾਡੇ ਪਿੰਡ ਆਉਂਦੇ ਉਨ੍ਹਾਂ ਨਾਲ ਪੜ੍ਹਾਈ ਬਾਰੇ ਤੇ ਸਹਿਤਕ ਗੱਲਾਂ ਨੇ ਮੇਰੀ ਸਾਹਿਤਕ ਰੁਚੀ ਨੂੰ ਪ੍ਰਫੁਲਤ ਕੀਤਾ

? ਪ੍ਰੀਤਮ ਜੀ, ਫੇਰ ਤੁਹਾਡੇ ਅੰਦਰ ਬੈਠੇ ਲੇਖਕ ਨੇ ਤੁਹਾਨੂੰ ਕਦੋਂ ਕੁ ਕਾਗਜ਼ ਤੇ ਕਲਮ ਚੁੱਕਣ ਦਾ ਇਸ਼ਾਰਾ ਕੀਤਾ ਜਾਂ ਕਲਮ ਫੜਨ ਲਈ ਕਿਸੇ ਸ਼ਖ਼ਸੀਅਤ ਨੇ ਪ੍ਰਭਾਵਤ ਕੀਤਾਬਹੁਤੇ ਲੇਖਕਾਂ ਵਾਂਗ ਕਵਿਤਾ ਤੋਂ ਸ਼ੁਰੂਆਤ ਕੀਤੀ ਜਾਂ ਵਾਰਤਕ ਤੋਂ?

: ਸਾਹਿਤਕ ਰੁਚੀਆਂ ਵਾਲਿਆਂ ਦੇ ਹਿਰਦੇ ਵਿੱਚ ਸਾਹਿਤਕ ਕਣਾਂ ਦੀ ਪ੍ਰਵਿਰਤੀ ਕੁਦਰਤੀ ਹੁੰਦੀ ਹੈਉਸ ਦਾ ਪ੍ਰਕਿਰਤੀ ਨਾਲ ਪਿਆਰ, ਸਮਾਜਕ ਅਤੇ ਆਲੇ ਦੁਆਲੇ ਦੀ ਘੋਖਣਾ, ਹਾਸਿਆਂ, ਖੁਸ਼ੀਆਂ ਤੇ ਗ਼ਮੀਆਂ ਵਿੱਚ ਰੁੱਝਣ ਨਾਲ ਇੱਕ ਉਮਾਹ ਜਿਹਾ ਉੱਠਦਾ ਹੈਮੇਰੀ ਰੁਚੀ ਅੰਤਰਮੁਖਤਾ ਵਾਲੀ ਸੀਕੁਝ ਨਾ ਕੁਝ ਸੋਚਦੇ ਰਹਿਣਾ ਤੇ ਮਨ ਵਿੱਚ ਚਿਤਵਦੇ ਰਹਿਣਾਇਹ ਰੁਚੀ ਸਾਹਿਤਕ ਕਣਾਂ ਵਾਲੀ ਹੁੰਦੀ ਹੈਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸਾਡਾ ਪਿਆਰਾ ਦੋਸਤ ਸੋਹਣ ਸਿੰਘ ਜੋ ਕਿ ਵਧੀਆ ਕਵਿਤਾ ਹੀ ਨਹੀਂ ਲਿਖਦਾ ਸੀ, ਉਹ ਗਾਉਂਦਾ ਵੀ ਬਹੁਤ ਮਿੱਠਾ ਤੇ ਸੁਰੀਲਾ ਸੀਕੁਦਰਤ ਉਸ ’ਤੇ ਮਿਹਰਬਾਨ ਸੀਸਕੂਲ ਦੇ ਪ੍ਰੋਗਰਾਮਾਂ ਵਿੱਚ ਅਕਸਰ ਉਹ ਹਿੱਸਾ ਲੈਂਦਾ ਰਹਿੰਦਾ ਸੀਦਿਲਕਸ਼ ਅਵਾਜ਼ ਦੇ ਨਾਲ ਉਹਦੇ ਕਾਵਿ-ਬੋਲ ਵੀ ਤੋਲੇ ਨੱਪੇ ਤੇ ਇਕਸੁਰਤਾ ਵਿੱਚ ਬੱਝੇ ਹੁੰਦੇ ਸਨਮੈਂ ਵੀ ਨਿੱਕੀਆਂ ਨਿੱਕੀਆਂ ਕਵਿਤਾਵਾਂ ਲਿਖਣ ਲੱਗ ਪਿਆਜ਼ਿਆਦਾਤਰ ਛੋਟੇ ਛੋਟੇ ਗੀਤ ਤਰਜ਼ਾਂ ’ਤੇ ਅਧਾਰਤ ਲਿਖਣ ਦਾ ਇੱਕ ਝੱਲ ਜਿਹਾ ਉੱਠਦਾ ਸੀਇਹ ਕਾਵਿ-ਗੀਤ ਮੈਂ ਆਪਣੇ ਦੋਸਤ ਸਰਵਣ ਦਾਸ ਵਿਰਦੀ (ਮੇਰੇ ਪਿੰਡ ਉਸ ਦੇ ਨਾਨਕੇ ਸਨ) ਨੂੰ ਸੈਰ ਕਰਨ ਜਾਣ ਸਮੇਂ ਸੁਣਾਇਆ ਕਰਦਾ ਸਾਂਕਦੇ ਕਦੇ ਚਰਨ ਦਾਸ ਵੀ ਨਾਲ ਹੁੰਦਾ ਸੀਮੈਨੂੰ ਉਹ ਬੜੀ ਹੱਲਾਸ਼ੇਰੀ ਦਿੰਦਾ ਸੀ(ਵਿਰਦੀ ਹੋਰੀਂ ਸਰਕਾਰੀ ਨੌਕਰੀ ਵਿੱਚ ਉੱਚ ਪੱਧਰੀ ਪੁਜ਼ੀਸ਼ਨ ’ਤੇ ਪੁੱਜ ਗਏ ਸਨ)ਪ੍ਰੰਤੂ ਇਹ ਕਾਵਿਕ ਮਾਹੌਲ ਅੱਗੇ ਤੁਰ ਨਾ ਸਕਿਆਇਨ੍ਹਾਂ ਕਵਿਤਾਵਾਂ ਦੀ ਪ੍ਰਕਿਰਤੀ ਸਮਾਜਿਕਤਾ ਤੇ ਦੇਸ਼ ਪਿਆਰ ਨਾਲ ਸੰਬੰਧਿਤ ਸੀਇੱਕ ਨਿੱਕੀ ਜਿਹੀ ਟੁਕੜੀ ਪੇਸ਼ ਕਰਦਾ ਹਾਂ ਜੋ ਅਜੇ ਤੱਕ ਯਾਦ ਹੈ, ਜਇਹ ਅੱਠਵੀਂ ਵਿੱਚ ਪੜ੍ਹਦਿਆਂ ਲਿਖੀ ਸੀ:

ਤਕੜੇ ਹੋ ਕੇ ਭਾਰਤ ਵਾਸੀ, ਇਨ੍ਹਾਂ ਬਿੱਲਿਆਂ ਨੂੰ ਸਮਝਉਣਾ ਏ
ਖੱਟ ਲਉ ਨਾਂ ਦੁਨੀਆਂ ਦੇ ਵਿੱਚੋਂ, ਨਾਂ ਪ੍ਰੀਤਮ ਚਮਕਾਉਣਾ ਏ

ਕਾਵਿਕ ਪ੍ਰਵਿਰਤੀ ਭਾਵੇਂ ਨਿਰੰਤਰ ਨਾ ਤੁਰ ਸਕੀ ਪਰ ਜਦੋਂ ਵੀ ਮੇਰੇ ਹਿਰਦੇ ਵਿੱਚ ਕੋਈ ਉਬਾਲ ਉੱਠਿਆ, ਮੈਂ ਉਹਨੂੰ ਕਾਵਿਕਤਾ ਵਿੱਚ ਪਰੋਂਦਾ ਆ ਰਿਹਾ ਹਾਂਪਹਿਲਾਂ ਤਾਂ ਸਰਕਾਰੀ ਨੌਕਰੀ ਕਰਕੇ ਤੇ ਕੰਮ ਦੇ ਬੋਝ ਕਰਕੇ ਮੈਂ ਸਾਹਿਤਕਤਾ ਤੋਂ ਟੁੱਟ ਜਿਹਾ ਗਿਆ ਸਾਂ, ਪ੍ਰੰਤੂ ਗਿਆਨੀ ਕਰਦਿਆਂ ਤੇ ਫਿਰ ਐੱਮ. ਏ. ਪੰਜਾਬੀ ਕਰਦਿਆਂ ਸਾਹਿਤਕ ਵਲਵਲਿਆਂ ਨੇ ਮੇਰੀ ਦੱਬ ਚੁੱਕੀ ਉਮੰਗ ਨੂੰ ਫਿਰ ਜਗਾ ਦਿੱਤਾਮੈਂ ਕੁਝ ਕਹਾਣੀਆਂ ਲਿਖੀਆਂ ਜੋ ਮਾਸਟਰ ਤਾਰਾ ਸਿੰਘ ਜੀ ਦੀ ਅਖ਼ਬਾਰ ‘ਜਥੇਦਾਰ’ ਵਿੱਚ ਛਪ ਗਈਆਂਇਹ ਪ੍ਰੋ. ਬਲਵੰਤ ਸਿੰਘ ਮਦਾਨ ਦੀ ਮਿਹਰਬਾਨੀ ਦਾ ਸਦਕਾ ਸੀ ਜੋ ਗੁਰੂ ਨਾਨਕ ਨਵ ਭਾਰਤ ਕਾਲਜ ਨਰੂੜ-ਪਾਂਛਟ ਵਿੱਚ ਵਾਈਸ ਪ੍ਰਿੰਸੀਪਲ ਸਨ ਤੇ ਮੈਂ ਲੈਕਚਰਾਰ ਦੇ ਤੌਰ ’ਤੇ ਪੜ੍ਹਾ ਰਿਹਾ ਸਾਂਜਦੋਂ ਮੈਂ ਸਰਕਾਰੀ ਨੌਕਰੀ ਵਿੱਚ ਸਾਂ ਤਾਂ ਐੱਸ. ਡੀ. ਐੱਮ ਫ਼ਗਵਾੜਾ ਦੇ ਦਫ਼ਤਰ ਵਿੱਚ ਸਰਵਣ ਅਲਬੇਲਾ ਬੜਾ ਪਿਆਰਾ ਤੇ ਨਿੱਘਾ ਸ਼ਖਸ ਆਪਣੀਆਂ ਕਹਾਣੀਆਂ ਤੇ ਕਵਿਤਾਵਾਂ ਅਜੀਤ ਅਖ਼ਬਾਰ ਵਿੱਚ ਭੇਜਦਾ ਹੁੰਦਾ ਸੀਮੈਂ ਵੀ ਆਪਣੀ ਲਿਖੀ ਕਹਾਣੀ ਸੁਣਾਈਉਹ ਬੜਾ ਹੀ ਖੁਸ਼ ਹੋਇਆਸਿਖਾਂਦਰੂ ਲਈ ਇਹ ਨਿੱਕੀਆਂ ਨਿੱਕੀਆਂ ਸ਼ਾਬਾਸ਼ੀਆਂ ਬਹੁਤ ਅਰਥ ਰੱਖਦੀਆਂ ਹਨਮੈਂ ਉਦੋਂ ਇੱਕ ਰੁਬਾਈ ਲਿਖੀ ਜੋ ਮੈਂ ਅਲਬੇਲਾ ਜੀ ਨੂੰ ਸੁਣਾਈ ਤਾਂ ਉਸ ਨੇ ਮੈਨੂੰ ਅਜੀਤ ਨੂੰ ਭੇਜਣ ਲਈ ਪ੍ਰੇਰਿਤ ਕੀਤਾਮੈਂ ਝਕ ਰਿਹਾ ਸਾਂ ਪਰ ਉਹ ਛਪ ਗਈਲਉ ਰੁਬਾਈ ਦੇ ਦੋ ਲਫਜ਼ ਵੀ ਸੁਣ ਲਉ ਤਾਂ ਕਿ ਫਿਰ ਭੁੱਲ ਨਾ ਜਾਵਾਂ

ਯਾਦ ਸੱਜਨ ਜਦ ਤੇਰੀ ਆਈ
ਹੌਕਿਆਂ ਆਪਣਾ ਦਿਲ ਪਰਚਾਇਆ

ਹੰਝੂ ਰਲ ਕੇ ’ਕੱਠੇ ਬਹਿ ਗਏ
ਵਖਰਾ ਸ਼ੁਗਲ ਉਨ੍ਹਾਂ ਮਨਇਆ

ਪਰ ਕੀ ਬਣਿਆ ਪ੍ਰੀਤਮ ਦਿਲ ਨੂੰ
ਦਿਲ ਹੀ ਬੁੱਝੇ ਦਿਲ ਪ੍ਰੀਤਮ ਦਾ

ਗਮ ਦੇ ਹਉਕੇ ਰੱਜ ਕੇ ਪੀਤੇ
ਗੀਤ ਬ੍ਰਿਹੋਂ ਦਾ ਬਹਿ ਕੇ ਗਾਇਆ”

ਨਿੱਕੀਆਂ ਨਿੱਕੀਆਂ ਗੀਤ-ਨੁਮਾ ਕਵਿਤਾਵਾਂ ਦਾ ਜ਼ਿਕਰ ਮੈਂ ਪਹਿਲਾਂ ਕੀਤਾ ਹੈਪਰ ਇਹ ਰੁਬਾਈ ਸੀ ਜੋ ਪਹਿਲਾਂ ਕਿਸੇ ਪਰਚੇ ਵਿੱਚ ਛਪੀਸਭ ਤੋਂ ਪਹਿਲਾਂ ਜਿਹੜੀ ਕਹਾਣੀ ਮੈਂ ਲਿਖੀ ਉਹ ਸੀ ‘ਸੱਧਰਾਂ ਦਾ ਖੂਨ’ਇਹ ਕਹਾਣੀ ਵੀ ਮੈਂ ਅਲਬੇਲਾ ਨੂੰ ਹੀ ਸਭ ਤੋਂ ਪਹਿਲਾਂ ਸੁਣਾਈ ਸੀ ਜਿਸ ਨੇ ਇਸ ਨੂੰ ਚੰਗੀ ਕਹਾਣੀ ਕਹਿ ਕੇ ਆਪਣੀ ਹਾਮੀ ਭਰੀਖ਼ਾਸ ਕਰਕੇ ਜਦੋਂ ਮੈਂ ਦੱਸਿਆ ਕਿ ਇਹ ਮੇਰੀ ਪਹਿਲੀ ਕਹਾਣੀ ਹੈਇਹ ਕਹਾਣੀ ਮੈਂ ਇੰਗਲੈਂਡ ਆ ਕੇ ਵੀ ਛਪਵਾਈ ਸੀ ਤੇ ਇਹ ਛਪੀ ਸੀ ‘ਪੰਜਾਬ ਟਾਈਮਜ਼ ਇੰਟਰਨੈਸ਼ਨਲ’ ਵਿੱਚ ਤੇ ਸਾਲ ਅੰਦਾਜ਼ਨ 1971 ਹੋ ਸਕਦਾ ਹੈਸੰਪਾਦਕ ਨੇ ਇਹ ਵੀ ਲਿਖਿਆ ਸੀ ਕਿ ਤੁਸੀਂ ਆਪਣੀ ਰਚਨਾ ਭੇਜਿਆ ਕਰੋਭਾਵੇਂ ਇਹ ਨਿੱਕੀਆਂ ਨਿੱਕੀਆਂ ਪ੍ਰਾਪਤੀਆਂ ਹਨ ਪ੍ਰੰਤੂ ਉਦੋਂ ਅਜਿਹੀਆਂ ਘਟਨਾਵਾਂ ਨਾਲ ਤੁਹਾਨੂੰ ਹੁਲਾਰਾ ਮਿਲਦਾ ਸੀ ਤੇ ਤਸਕੀਨ ਵੀਤੁਸੀਂ ਇਸੇ ਪ੍ਰਸ਼ਨ ਵਿੱਚ ਜ਼ਿਕਰ ਕੀਤਾ ਹੈ ਕਿ ਉਚੇਰੀ ਪੜ੍ਹਾਈ ਤੋਂ ਬਾਅਦ ਕੀ ਕੀ ਕੰਮ ਕੀਤੇਇਹ ਮੈਂ ਦੱਸ ਦਿਆਂ ਕਿ ਪੀ.ਐੱਚ.ਡੀ. ਕਰਨ ਦਾ ਜ਼ਿਕਰ ਅੱਗੇ ਜਾ ਕੇ ਕਰਾਂਗਾਮੈਟ੍ਰਿਕ ਦੀ ਪੜ੍ਹਾਈ ਤੋਂ ਅੱਗੇ ਪੜ੍ਹਨ ਦਾ ਸੁਪਨਾ ਸੀ, ਪ੍ਰੰਤੂ ਘਰੇਲੂ ਹਾਲਤ ਜਰਜਰੀ ਹੋਣ ਕਰਕੇ ਸੁਪਨਾ ਅਧੂਰਾ ਰਹਿ ਗਿਆਜਦੋਂ ਮਨ ਵਿੱਚ ਅੱਗੇ ਨਾ ਪੜ੍ਹਨ ਦਾ ਝੋਰਾ ਜਿਹਾ ਉੱਠਦਾ ਸੀ ਤੇ ਦਿਲ ਨੂੰ ਹਲੂਣਾ ਜਿਹਾ ਵੱਜਦਾ ਸੀਦਿਲ ਵਹਿੰਦਾ ਜਾਂਦਾ ਸੀਸਕੂਲੀ ਪੜ੍ਹਾਈ ਦੇ ਦਿਨਾਂ ਦੀ ਯਾਦ ਬਹੁਤ ਤੜਫਾਉਂਦੀ ਸੀ ਪਰ ਹਾਲਤ ਨਾਲ ਸਮਝੌਤਾ ਕਰਨ ਦਾ ਮਨ ਬਣਾ ਲਿਆ

ਕੰਮ ਮਿਲਣ ਦਾ ਸਮਝੋ ਸਬੱਬ ਹੀ ਬਣ ਗਿਆ‘ਜਿੱਥੇ ਚਾਹ, ਉੱਥੇ ਰਾਹ’ ਵਾਲੀ ਗੱਲ ਜ਼ਿੰਦਗੀ ਵਿੱਚ ਇਤਫਾਕਨ ਹੀ ਸਾਰਥਕ ਸਿੱਧ ਹੋ ਜਾਂਦੀ ਹੈਫ਼ਗਵਾੜੇ ਮੇਰੇ ਇੱਕ ਕਲਾਸ-ਫੈਲੋ ਸੋਹਣ ਸਿੰਘ ਹੋਰਾਂ ਦੀ ਫ਼ੈਕਟਰੀ ਸੀ (ਉਹ ਅੱਜ ਕੱਲ੍ਹ ਦੁਨੀਆਂ ਵਿੱਚ ਨਹੀਂ ਹੈ) ਪਰ ਉਸ ਨੇ ਸਕੂਲ ਵਿੱਚ ਪੜ੍ਹਦਿਆਂ ਮੇਰੇ ਨਾਲ ਇਹ ਗੱਲ ਸਾਂਝੀ ਨਹੀਂ ਸੀ ਕੀਤੀਉਸ ਦੀ ਫ਼ੈਕਟਰੀ ਵਿੱਚ ਬਤੌਰ ਸਟੋਰ ਕੀਪਰ-ਕੰਮ ਕਲਰਕ ਦੀ ਨੌਕਰੀ ਪ੍ਰਾਪਤ ਹੋ ਗਈਉਸ ਵੇਲੇ ਭਾਵ 1957 ਵਿੱਚ ਸਿਰਫ਼ 50 ਰੁਪਏ ਮਹੀਨਾ ਨੌਕਰੀ ਸ਼ੁਰੂ ਕੀਤੀ ਸੀਪ੍ਰੰਤੂ ਮੇਰੇ ਲਈ ਇਹ ਰਕਮ ਬੜੀ ਵੱਡੀ ਗੱਲ ਸੀਇਹ ਵੱਡੀ ਉਪਲਬਦੀ ਸੀਮੇਰੀ ਖੁਸ਼ੀ ਨਾਲੋਂ ਮੇਰੇ ਮਾਤਾ ਪਿਤਾ ਕਿਤੇ ਵੱਧ ਖੁਸ਼ ਹੋਏ ਸਨਉਨ੍ਹਾਂ ਦੇ ਸੁਪਨਿਆਂ ਨੂੰ ਤਾਂ ਜਿਵੇਂ ਖੰਭ ਲੱਗ ਗਏ ਸਨਇਹ ਨੌਕਰੀ ਮੈਂ ਲੱਗਪੱਗ ਦੋ ਕੁ ਸਾਲ ਕੀਤੀ ਸੀ ਕਿ ਮੈਨੂੰ ਸਰਕਾਰੀ ਨੌਕਰੀ ਪ੍ਰਾਪਤ ਹੋ ਗਈ, ਡਿਪਟੀ ਕਮਿਸ਼ਨਰ ਕਪੂਰਥਲਾ ਦੀ ਅਸਟੈਬਲਿਸ਼ਮੈਂਟ ਵਿੱਚਇਹ ਵੀ ਇੱਕ ਕ੍ਰਿਸ਼ਮਾ ਵਾਪਰਿਆ ਸੀ ਮੇਰੇ ਨਾਲਨੌਕਰੀਆਂ ਨਿੱਕਲੀਆਂ ਤੇ ਅਪਲਾਈ ਕੀਤਾ ਤੇ ਲਿਖਤੀ ਤੇ ਇੰਟਰਵੀਊ ਪਾਸ ਕਰਕੇ ਸਫ਼ਲਤਾ ਮਿਲ ਗਈਨਾ ਕੋਈ ਪੈਸਾ ਅਤੇ ਨਾ ਕੋਈ ਸਿਫਾਰਸ਼ਕਿੰਨੇ ਅੱਛੇ ਦਿਨ ਸਨ! ਹਾਂ, ਡਾ. ਤਾਰਾ ਚੰਦ ਤੋਖੀ ਜੋ ਉਨ੍ਹਾਂ ਦਿਨਾਂ ਵਿੱਚ ਚੰਡੀਗੜ੍ਹ ਵਿੱਚ ਸਰਕਾਰੀ ਨੌਕਰੀ ਕਰਦੇ ਸਨ, ਉਨ੍ਹਾਂ ਨੇ ਮੈਨੂੰ ਪੰਜਾਬ ਸਰਵਿਸ ਸਲੈਕਸ਼ਨ ਬੋਰਡ ਦੇ ਇਮਤਿਹਾਨਾਂ ਬਾਰੇ ਇੱਕ ਕਿਤਾਬ ਖ਼ਰੀਦਣ ਲਈ ਕਿਹਾ ਸੀ, ਜੋ ਮੈਂ ਖ਼ਰੀਦ ਲਈ ਅਤੇ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਤੇ ਇਸ ਨੂੰ ਹਿਰਦੇ ਵਿੱਚ ਰਚਾ ਲਿਆਮੈਂ ਸਾਰੀ ਉਮਰ ਉਨ੍ਹਾਂ ਦਾ ਰਿਣੀ ਰਿਹਾ ਹਾਂਅੱਜ ਉਹ ਇਸ ਦੁਨੀਆਂ ਵਿੱਚ ਨਹੀਂ ਹਨ ਤਾਂ ਮੈਂ ਉਨ੍ਹਾਂ ਨੂੰ ਯਾਦ ਕਰਕੇ ਸ਼ੁਕਰਗੁਜ਼ਾਰੀ ਦੇ ਸ਼ਬਦ ਹਿਰਦੇ ਵਿੱਚ ਉਚਾਰਦਾ ਹਾਂਉੱਘੇ ਕਹਾਣੀਕਾਰ ਜਸਵੰਤ ਸਿੰਘ ਹੋਰਾਂ ਦੀ ਪ੍ਰੇਰਨਾ ਦਾ ਕਾਫੀ ਹੱਥ ਹੈ

? ਆਪਣੇ ਪਰਿਵਾਰ ਬਾਰੇ ਵੀ ਕੁਝ ਦੱਸੋਤੁਹਾਡਾ ਵਿਆਹ ਮਾਪਿਆਂ ਦੀ ਮਰਜ਼ੀ ਅਨੁਸਾਰ ਹੀ ਹੋਇਆ ਸੀਤੁਹਾਡੇ ਬੱਚੇ ਕੀ ਕਰ ਰਹੇ ਹਨ?

: ਮੇਰਾ ਵਿਆਹ ਮਾਪਿਆਂ ਦੀ ਰਜ਼ਾਮੰਦੀ ਅਨੁਸਾਰ ਹੀ ਹੋਇਆ ਸੀ, 1964 ਵਿੱਚਤਿੰਨ ਬੱਚਿਆਂ ਦਾ ਜਨਮ ਭਾਰਤ ਵਿੱਚ ਹੋਇਆ ਤੇ ਇੱਕ ਦਾ ਇੰਗਲੈਂਡ ਵਿੱਚਬੱਚੇ ਸਾਰੇ ਵਿਆਹੇ ਵਰ੍ਹੇ ਗਏ ਹਨਸਾਰੇ ਚੰਗੀਆਂ ਨੌਕਰੀਆਂ ’ਤੇ ਹਨਦੋਨੋਂ ਲੜਕਿਆਂ ਨੇ ਤਾਂ ਸੀ. ਏ. ਕਰਕੇ ਸ਼ਾਨਦਾਰ ਨੌਕਰੀਆਂ ਹਾਸਲ ਕੀਤੀਆਂ ਹੋਈਆਂ ਹਨਲੜਕੀਆਂ ਵੀ ਆਪਣੇ ਘਰੀਂ ਅੱਛੀਆਂ ਥਾਵਾਂ ’ਤੇ ਸੈਟਲ ਹਨਬੱਚਿਆਂ ਦੇ ਬੱਚੇ ਵੀ ਵੱਡੇ ਹੋ ਗਏ ਹਨ ਤੇ ਕੁਝ ਵੱਡੇ ਹੋ ਰਹੇ ਹਨਬੱਚੇ ਤਾਬਿਆਦਾਰ ਵੀ ਹਨਵਿੱਦਿਆ ਵਿੱਚ ਪ੍ਰਬੀਨ ਤੇ ਚੰਗੀਆਂ ਨੌਕਰੀਆਂ ’ਤੇ ਸੁਸ਼ੋਭਿਤ ਹਨਬੱਚਿਆਂ ਤੇ ਪਤਨੀ ਵੱਲੋਂ ਸੰਤੁਸ਼ਟ ਹਾਂ ਤੇ ਲੋੜੀਂਦਾ ਸਹਿਯੋਗ ਵੀ ਮਿਲਦਾ ਹੈਬੱਚਿਆਂ ਦੇ ਵੱਡੇ ਬੱਚਿਆਂ ਨੇ ਵਿੱਦਿਆ ਪ੍ਰਾਪਤ ਕਰਕੇ ਚੰਗੀਆਂ ਨੌਕਰੀਆਂ ਵੀ ਹਾਸਲ ਕਰ ਲਈਆਂ ਹਨਛੋਟੇ ਬੱਚੇ ਪੜ੍ਹ ਰਹੇ ਹਨ

? ਹਾਂ ਕੈਂਬੋ ਜੀ, ਤੁਸੀਂ ਦੱਸ ਰਹੇ ਸੀ ਕਿ ਵਿੱਦਿਆ ਤੋਂ ਬਾਅਦ ਨਰੂੜ-ਪਾਂਛਟ ਕਾਲਜ (ਫ਼ਗਵਾੜਾ) ਵਿੱਚ ਲੈਕਚਰਾਰ ਦੇ ਤੌਰ ’ਤੇ ਕੰਮ ਮਿਲ ਗਿਆ ਸੀਪਰ ਤੁਸੀਂ ਇੰਗਲੈਂਡ ਆਉਣ ਦਾ ਫ਼ੈਸਲਾ ਕਿਵੇਂ ਕੀਤਾ?

: ਭਾਰਤ ਤੋਂ ਇੰਗਲੈਂਡ ਆ ਕੇ ਸਥਾਪਿਤ ਹੋਣਾ ਨਿਰਸੰਦੇਹ ਬੜਾ ਹੀ ਕਠਨਾਈ ਭਰਪੂਰ ਸੀਤੁਹਾਡੀ ਮਾਨਸਿਕਤਾ ਦੁਬਿਧਾ ਵਾਲੀ ਸਥਿਤੀ ਵਿੱਚ ਫਸ ਜਾਂਦੀ ਹੈਸਭ ਤੋਂ ਪਹਿਲੀ ਗੱਲ ਇੰਗਲੈਂਡ ਵਿੱਚ ਪੜ੍ਹੇ ਲਿਖੇ ਹੁੰਦਿਆਂ ਵੀ ਅਨਪੜ੍ਹ ਸਮਾਨ ਹੀ ਹੋ ਜਾਂਦੇ ਹੋ ਕਿਉਂਕਿ ਇੱਥੇ ਦੀ ਅੰਗਰੇਜ਼ੀ ਭਾਸ਼ਾ ਨੂੰ ਆਪਣੇ ਅੰਦਰ ਰਚਾਉਣ ਲਈ ਕਾਫੀ ਸਮਾਂ ਦਰਕਾਰ ਹੈਇਸੇ ਕਰਕੇ ਪੜ੍ਹੇ ਲਿਖੇ ਵਰਗ ਨੂੰ ਇੱਥੇ ਆ ਕੇ ਮਜ਼ਦੂਰੀ ਹੀ ਕਰਨੀ ਪਈਮੈਂ ਵੀ ਪਹਿਲੋਂ ਇੱਥੇ ਆ ਕੇ ਫ਼ੈਕਟਰੀ ਵਿੱਚ ਹੀ ਕੰਮ ਕੀਤਾ ਹੈਇਹ ਬੜੀ ਔਖੀ ਕਿਰਿਆ ਹੈਇਹ ਇੱਕ ਐਸਾ ਦਰਦ ਹੈ ਜਿਸ ਨੂੰ ਤੁਸੀਂ ਭਾਰਤ ਵਿੱਚ ਕਿਸੇ ਨਾਲ ਚਿੱਠੀਆਂ ਵਿੱਚ ਸਾਂਝਾ ਨਹੀਂ ਸੀ ਕਰ ਸਕਦੇ ਕਿਉਂਕਿ ਭਾਰਤ ਵਿੱਚ ਤਾਂ ਵਲੈਤੀਏ ਦਾ ਸੰਕਲਪ ਰੰਗੀਨੀ ਵਾਲਾ ਹੈਇਸ ਤਰ੍ਹਾਂ ਦੀ ਬੱਝੀ ਹਵਾ ਨੂੰ ਕੌਣ ਠੱਲ੍ਹ ਸਕਦਾ ਸੀਰੁਚੀਆਂ ਦੇ ਬਿਪਰੀਤ ਕੰਮ ਕਰਨ ਲਈ ਮਜ਼ਬੂਰ ਹੋਣਾ ਤੇ ਮਾਨਸਿਕ ਪੱਧਰ ਦੇ ਸਮਾਨ-ਅੰਤਰ ਨਾ ਹੋਣਾ ਬੜਾ ਵੱਡਾ ਧੱਕਾ ਸੀਬਾਹਰਲੀ ਦੁਨੀਆ ਵੀ ਨਸਲੀ ਭਿੰਨ ਭੇਦ ਵਾਲੀ ਸੀ, ਦੂਜੇ, ਹਾਲਾਤ ਵੀ ਅਸਹਿਣਯੋਗ ਸਨਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਸਨਗੋਰੇ ਛੋਕਰੇ ਰਾਹ ਜਾਂਦਿਆਂ ਨੂੰ ਹੂਟਾਂ ਮਾਰਦੇ ਹੁੰਦੇ ਸਨਬਚ ਬਚਾ ਕੇ ਲੰਘ ਜਾਈਦਾ ਸੀਮਾਹੌਲ ਸੁਖਾਵਾਂ ਨਹੀਂ ਸੀਵਾਪਰਦੀਆਂ ਘਟਨਾਵਾਂ ਵਿੱਚੋਂ ਇੱਕ ਰਲਦੀ ਮਿਲਦੀ ਘਟਨਾ ਦਾ ਜ਼ਿਕਰ ਮੇਰੀ ਕਹਾਣੀ ‘ਇੱਕ ਛਿਨ ਵੀ ਅਜ਼ਾਦ ਨਹੀਂ’ ਵਿੱਚੋਂ ਪਾਠਕ ਪੜ੍ਹ ਸਕਦੇ ਹਨਪਰ ਅੱਜ ਦੀ ਸਥਿਤੀ ਪਹਲਾਂ ਵਾਲੀ ਨਹੀਂ ਰਹੀਇਸ ਪਿੱਛੇ ਸਾਡੇ ਲੋਕਾਂ ਦੇ ਸੰਘਰਸ਼ ਦਾ ਹਿੱਸਾ ਵੀ ਹੈ ਤੇ ਗੋਰੇ ਲੋਕਾਂ ਵਿੱਚ ਆਏ ਮਾਨਸਿਕ ਪਰਿਵਰਤਨ ਦਾ ਵੀਉਸ ਵੇਲੇ ਦੀਆਂ ਸਥਿਤੀਆਂ ਨੂੰ ਸਾਹਮਣੇ ਰੱਖ ਕੇ ਕਿਹਾ ਜਾ ਸਕਦਾ ਹੈ ਕਿ ਵਾਪਸ ਜਾਣ ਦਾ ਇਰਾਦਾ ਤਾਂ ਹਰ ਵੇਲੇ ਸਿਰ ’ਤੇ ਸਵਾਰ ਰਹਿੰਦਾ ਸੀ ਪਰ ਹਾਲਤਾਂ ਦੀ ਕੁੜਿੱਕੀ ਵਿੱਚ ਫਸਣ ਕਰਕੇ ਜਾਣਾ ਅਸੁਭਾਵਿਕ ਸੀਮੇਰੇ ਕੇਸ ਵਿੱਚ ਗੱਲ ਕੁਝ ਹੋਰ ਵੀ ਸੀਆਮ ਲੋਕ ਇੱਥੇ ਆ ਕੇ ਖੁਸ਼ੀ ਦੇ ਜੋਸ਼ ਵਿੱਚ ਭਰ ਜਾਂਦੇ ਸਨ ਪਰ ਮੈਂ ਆ ਕੇ ਰਾਜ਼ੀ ਹੀ ਨਹੀਂ ਸਾਂਅਧਿਆਪਨ ਦੇ ਪੇਸ਼ੇ ਨਾਲ ਮੈਂ ਮਾਨਸਿਕ ਤੌਰ ’ਤੇ ਪ੍ਰਸੰਨਤਾ ਅਨੁਭਵ ਕਰ ਰਿਹਾ ਸਾਂ ਤੇ ਅੱਗੇ ਵਧਣ ਲਈ ਉਤਾਵਲਾ ਸਾਂਮੈਂ ਕਾਲਜ ਦੀ ਅਧਿਆਪਨ ਦੀ ਜ਼ਿੰਦਗੀ ਨੂੰ ਮਾਨਸਿਕ ਸਰਸ਼ਾਰ ਵਾਲੀ ਸਮਝਦਾ ਸੀ ਪਤਨੀ ਦੇ ਮਾਤਾ ਪਿਤਾ ਯੂ. ਕੇ. ਵਿੱਚ ਸੈਟਲ ਸਨ, ਉਨ੍ਹਾਂ ਵੱਲੋਂ ਵਾਊਚਰ ਪ੍ਰਾਪਤੀ ਨਾਲ ਖੁਸ਼ੀ ਤੇ ਦੁਬਿਧਾ ਨਾਲੋਂ ਨਾਲ ਖੜੋ ਗਈਆਂਇਸ ਲਈ ਨਾ ਚਾਹੁੰਦਿਆਂ ਵੀ ਇੰਗਲੈਂਡ ਦੀ ਧਰਤੀ ’ਤੇ ਪੁੱਜ ਗਿਆ ਤੇ ਵਲੈਤੀਆਂ ਦੀ ਲਿਸਟ ਵਿੱਚ ਸ਼ਾਮਲ ਹੋ ਗਿਆ, ਪਰ ਵਲੈਤੀਆ ਕਹਾਇਆ ਬਿਲਕੁਲ ਨਹੀਂਇੱਕ ਗੱਲ ਮੈਂ ਹੁਣ ਸੋਚਦਾ ਹਾਂ ਕਿ ਔਖਿਆਂ ਸਮਿਆਂ ਵਿੱਚ ਜੇ ਮੈਂ ਥਿੜਕਿਆ ਸਾਂ ਤਾਂ ਇਹ ਨਾਕਾਰਾਤਮਕ ਸੋਚ ਸੀਹਾਲਾਤ ਨਾਲ ਮੁਕਾਬਲਾ ਕਰਨਾ ਹੀ ਮਾਨਵੀ ਫ਼ਰਜ਼ ਹੈ

? ਤੁਸੀਂ ਅਧਿਆਪਨ ਕਰਦੇ ਆਏ ਸੀਕੀ ਇੱਥੇ ਆ ਕੇ ਉਹੀ ਕੰਮ ਸੌਖਾ ਮਿਲ ਗਿਆ ਸੀ ਜਾਂ ਫਿਰ ਹੋਰ ਪੰਜਾਬੀਆਂ ਵਾਂਗ ਜੱਦੋਜਹਿਦ ਕਰਨੀ ਪਈ?

: ਢਾਅ ਜੀ, ਉਹੀ ਕੰਮ ਕਿਵੇਂ ਸੌਖਾ ਮਿਲ ਸਕਦਾ ਸੀਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਇੱਥੇ ਆ ਕੇ ਪ੍ਰਸਥਿਤੀਆਂ ਦੇ ਅਨੁਕੂਲ ਹੀ ਢਲ਼ ਕੇ ਤੁਸੀਂ ਆਪਣੇ ਮਿਸ਼ਨ ਵੱਲ ਵਧ ਸਕਦੇ ਹੋਹਾਂ, ਮੈਨੂੰ ਕੰਮ ਤਾਂ ਮਿਲ ਗਿਆ ਸੀ ਕਿਉਂਕਿ ਮੈਨੂੰ ਜਿਸ ਫ਼ੈਕਟਰੀ ਵਿੱਚੋਂ ਵਾਊਚਰ ਪ੍ਰਾਪਤ ਹੋਇਆ ਸੀ, ਉੱਥੇ ਜਾ ਲੱਗਾਪਰ ਮੈਨੂੰ ਤਾਂ ਮਸ਼ੀਨ ਦਾ ਸਕਿੱਲਡ ਕੰਮ ਆਉਂਦਾ ਹੀ ਨਹੀਂ ਸੀਕਾਫੀ ਸੰਘਰਸ਼ ਤੋਂ ਬਾਅਦ ਗੁਜ਼ਾਰੇ ਮੁਤਾਬਕ ਕੰਮ ਸਿੱਖ ਲਿਆ ਤੇ ਦੂਜੇ ਪਰਵਾਸੀਆਂ ਵਾਂਗ ਮੈਂ ਵੀ ਰੇੜ੍ਹੇ ਪੈ ਗਿਆਕੁਝ ਸਾਲਾਂ ਦੀ ਫ਼ੈਕਟਰੀ ਦੀ ਨੌਕਰੀ ਤੋਂ ਬਾਅਦ ਭਾਰਤ ਮੁੜ ਲੈਕਚਰਾਰੀ ਕਰਨ ਦਾ ਝੱਲ ਉੱਠਿਆਮੈਂ ਮਾਨਸਿਕ ਤੌਰ ’ਤੇ ਅਸਥਿਰ ਹੋ ਗਿਆ ਸਾਂਸੋਚਿਆ, ਸ਼ਾਇਦ ਗੱਲ ਬਣ ਜਾਵੇਪ੍ਰੰਤੂ ਭਾਰਤ ਵਿੱਚ ਕੁਝ ਸਾਲਾਂ ਬਾਅਦ ਸਥਿਤੀਆਂ ਬਿਲਕੁਲ ਬਦਲ ਗਈਆਂ ਸਨ14 ਮਹੀਨੇ ਭਾਰਤ ਰਹਿ ਕੇ ਫਿਰ ਇੰਗਲੈਂਡ ਆ ਵਸਿਆਇਹ ਮੇਰੀ ਖੁਸ਼ਫਹਿਮੀ ਸੀ, ਜੋ ਸਫ਼ਲ ਨਹੀਂ ਸੀ ਹੋ ਸਕਦੀਬਜਾਏ ਇਸ ਦੇ ਮੈਨੂੰ ਯੂ. ਕੇ. ਵਿੱਚ ਹੀ ਨਿਰੰਤਰ ਸੰਘਰਸ਼ੀਲ ਹੋਣ ਦੀ ਲੋੜ ਸੀਪ੍ਰੰਤੂ ਜਦੋਂ ਤੁਸੀਂ ਢਹੀ ਮਾਨਸਿਕਤਾ ਦੇ ਮਗਰ ਲੱਗ ਜਾਂਦੇ ਹੋ ਤਾਂ ਉੱਧਰ ਨੂੰ ਹੀ ਤੁਰੀ ਜਾਂਦੇ ਹੋਦੁਬਾਰਾ ਫਿਰ ਫੈਕਟਰੀ ਦੀ ਨੌਕਰੀ ਪੱਲੇ ਪੈ ਗਈਪ੍ਰੰਤੂ ਜਦੋਂ ਤੁਸੀਂ ਘੋਰ ਨਿਰਾਸ਼ਤਾ ਦੇ ਬੱਦਲਾਂ ਵਿੱਚ ਘਿਰ ਜਾਂਦੇ ਹੋ ਤਾਂ ਕੋਈ ਨਾ ਕੋਈ ਕਿਰਨ ਵੀ ਦਿਸ ਪੈਂਦੀ ਹੈਅਸੀਂ ਤਿੰਨ ਦੋਸਤ ਇਕੱਠੇ ਰਹਿੰਦੇ ਸਾਂਮੇਰੇ ਦੋਸਤ ਬਿਸ਼ਨ ਦਾਸ ਵਰਮਾ ਦਾ ਭਰਾ ਆਇਆ ਤਾਂ ਉਸ ਨੇ ਸਰਸਰੀ ਹੀ ਮੇਰੀ ਪੜ੍ਹਾਈ ਆਦਿ ਦਾ ਜ਼ਿਕਰ ਛੇੜਿਆ ਤਾਂ ਮੈਂ ਆਪਣਾ ਹਿਰਦਾ ਸਪਾਟ ਖੋਲ੍ਹ ਦਿੱਤਾਉਹ ਅਧਿਆਪਕ ਸੀ ਤੇ ਉਸ ਨੇ ਮੇਰੀ ਢੱਠੀ ਆਤਮਾ ਨੂੰ ਬੱਲ ਦਿੱਤਾਦੋ ਹੋਰ ਦੋਸਤ ਵੀ ਮੇਰੇ ਹਮਦਰਦ ਬਣ ਗਏਬਾਵਾ ਜੀ (ਪੂਰਾ ਨਾਮ ਯਾਦ ਨਹੀਂ) ਮੇਰੇ ਬੱਚਿਆਂ ਦੀ ਪੜ੍ਹਾਈ ਸੰਬੰਧੀ ਆਪਣੀ ਡਿਊਟੀ ਦੇ ਤੌਰ ’ਤੇ ਮੇਰੇ ਘਰ ਪੁੱਜੇਉਨ੍ਹਾਂ ਨੇ ਮੇਰੀ ਸਥਿਤੀ ਨੂੰ ਭਾਂਪਦਿਆਂ ਮੈਨੂੰ ਪੰਜਾਬੀ ਟੀਚਰ ਲਈ ਅਪਲਾਈ ਕਰਨ ਲਈ ਸੁਝਾਅ ਦਿੱਤਾਤੀਜੀ ਸ਼ਖਸੀਅਤ ਸੁਹਿਰਦ ਦੋਸਤ ਡਾ. ਗੁਰਦਿਆਲ ਸਿੰਘ ਰਾਏ ਹੋਰੀਂ ਹਨ ਜਿਨ੍ਹਾਂ ਨਾਲ ਮੇਰੀ ਮਿੱਤਰਤਾ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਦੇ ਗਠਨ ਸਮੇਂ ਬਣੀ ਸੀਉਹ ਵੀ ਮੋਹਰੀਆਂ ਵਿੱਚੋਂ ਸਨਉਨ੍ਹਾਂ ਨੇ ਅਧਿਆਪਨ ਦੀ ਨੌਕਰੀ ਪ੍ਰਾਪਤ ਕਰਨ ਲਈ ਕਈ ਨਿੱਗਰ ਸੁਝਾਅ ਦਿੱਤੇਰਾਏ ਹੋਰਾਂ ਨਾਲ ਮੇਰੀ ਮਿੱਤਰਤਾ ਨਿਰੰਤਰ ਕਾਇਮ ਤੁਰੀ ਆ ਰਹੀ ਹੈਇਸ ਸਿਲਸਲੇ ਵਿਚ ਸਵਰਗਵਾਸੀ ਨਿਰੰਜਨ ਸਿੰਘ ਨੂਰ ਹੋਰਾਂ ਦਾ ਯੋਗਦਾਨ ਵੀ ਘੱਟ ਨਹੀਂ ਸੀਉਪਰੋਕਤ ਸ਼ਖ਼ਸੀਅਤਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੀ ਸੇਧੇ ਤੁਰ ਪਿਆ ਤੇ ਕਮਿਊਨਿਟੀ ਲੈਂਗੂਏਜਿਜ਼ ਡਿਪਲੋਮਾ ਹਾਸਲ ਕਰਕੇ ਮੈਂ ਅਧਿਆਪਨ ਵਾਲੇ ਪਾਸੇ ਆ ਗਿਆਮੁਸ਼ਕਲਾਂ ਤਾਂ ਇਸ ਸਮੇਂ ਵੀ ਬੜੀਆਂ ਆਈਆਂਪ੍ਰੰਤੂ ਜ਼ਿੰਦਗੀ ਪਹਿਲਾਂ ਨਾਲੋਂ ਸੌਖੀ ਹੋ ਗਈ

? ਕੈਂਬੋ ਜੀ, ਇੰਗਲੈਂਡ ਵਿੱਚ ਪੰਜਾਬੀ ਅੱਧੀ ਸਦੀ ਤੋਂ ਪਰਿਵਾਸ ਕਰਦੇ ਆ ਰਹੇ ਹਨਬਰਤਾਨੀਆਂ ਵਿੱਚ ਕੁਝ ਪੰਜਾਬੀ 1962-63 ਤੋਂ ਪਹਿਲਾਂ ਵੀ ਆਏ ਹੋਣਗੇਪਰ ਬਹੁਤੇ ਪੰਜਾਬੀ 1962-63 ਵਿੱਚ ਵਾਊਚਰ ਸਿਸਟਮ ਨਾਲ ਹੀ ਆਏਬਰਤਾਨੀਆ ਵਿੱਚ ਪੰਜਾਬੀ ਸਾਹਿਤ ਦੀ ਸ਼ੁਰੂਆਤ ਉਦੋਂ ਹੀ ਮੰਨੀ ਜਾਂਦੀ ਹੈਆਪ ਇਸ ਸਾਹਿਤ ਦੀ ਸਥਿਤੀ ਬਾਰੇ ਚਾਨਣਾ ਪਾਉਣ ਦਾ ਯਤਨ ਕਰੋਗੇ? ਇਸ ਸਾਹਿਤ ਦੇ ਮੁਲਾਂਕਣ ਬਾਰੇ ਤੁਹਾਡਾ ਕੀ ਯੋਗਦਾਨ ਹੈ?

: ਇਹ ਦਰੁਸਤ ਹੈ ਕਿ ਪੰਜਾਬੀ 1962-63 ਤੋਂ ਪਹਿਲੋਂ ਵੀ ਪੁੱਜ ਚੁੱਕੇ ਸਨਪ੍ਰੰਤੂ ਵਧੇਰੇ ਗਿਣਤੀ ਵਿੱਚ ਵਿਸ਼ੇਸ਼ ਕਰਕੇ ਪੜ੍ਹਿਆ ਲਿਖਿਆ ਵਰਗ ਵਾਊਚਰ ਸਿਸਟਮ ਨਾਲ 1962-63 ਵਿੱਚ ਹੀ ਪੁੱਜਿਆਜਿਨ੍ਹਾਂ ਵਿੱਚ ਉਹ ਲੇਖਕ ਵੀ ਸਨ ਜਿਹੜੇ ਪਹਿਲਾਂ ਹੀ ਭਾਰਤ ਵਿੱਚ ਲਿਖਦੇ ਰਹੇ ਸਨਇੱਥੇ ਆ ਕੇ ਲਿਖਣ ਵਾਲਿਆਂ ਦੀ ਲਿਸਟ ਲੰਮੇਰੀ ਹੈਉਨ੍ਹਾਂ ਨੇ ਲੱਗਪੱਗ ਹਰ ਵਿਧਾ ਵਿੱਚ ਚੋਖਾ ਸਾਹਿਤ ਰਚਿਆ ਹੈਕੋਈ ਸਮਾਂ ਸੀ, ਬਰਤਾਨਵੀ ਪੰਜਾਬੀ ਸਾਹਿਤ ਪੂਰੀ ਚੜ੍ਹਤ ਵਿੱਚ ਸੀਰਚਿਆ ਹੁਣ ਵੀ ਜਾ ਰਿਹਾ ਹੈ, ਪਰ ਉਹ ਚੜ੍ਹਤ ਨਹੀਂ ਰਹੀਮੈਂ ਹਰ ਲੇਖਕ ਦਾ ਦਿਲੋਂ ਸਤਿਕਾਰ ਕਰਦਾ ਹਾਂ ਜਿਨ੍ਹਾਂ ਨੇ ਸੰਘਰਸ਼ੀਲਤਾ ਵਾਲਾ ਜੀਵਨ ਜੀ ਕੇ ਅਤੇ ਆਪਣੇ ਪਿਛੋਕੜ ਦਾ ਹੇਰਵਾ ਪਾਲਦਿਆਂ ਸਾਹਿਤ ਰਚਨਾ ਜਾਰੀ ਰੱਖੀਪਹਿਲੇ ਭਾਵਿਕਤਾ ਦੇ ਦੌਰ ਵਿੱਚ ਕਵਿਤਾ ਨੇ ਜਨਮ ਲਿਆਸਵਰਗਵਾਸੀ ਨਿਰੰਜਨ ਸਿੰਘ ਨੂਰ ਦਾ ਯੋਗਦਾਨ ਵੱਡ-ਆਕਾਰੀ ਰਚਨਾ ਵਾਲਾ ਸੀਰਘਬੀਰ ਢੰਡ ਨੇ ਕਹਾਣੀ ਵਿੱਚ ਸੁਹਜ ਭਰਪੂਰ ਅਤੇ ਪ੍ਰਗਤੀਸ਼ੀਲਤਾ ਦਾ ਰੰਗ ਭਰਿਆਤਰਸੇਮ ਨੀਲਗਿਰੀ ਨੇ ਸੰਜੀਦਗੀ ਨਾਲ ਕਹਾਣੀ ਦੀ ਸਿਰਜਣਾ ਕੀਤੀਸਵਰਨ ਚੰਦਨ ਇੱਕ ਐਸਾ ਸਾਹਿਤਕਾਰ ਸੀ, ਜਿਸ ਨੇ ਨਿਰੰਤਰਤਾ ਸਹਿਤ ਗਲਪ ਸਾਹਿਤ ਦੇ ਨਾਲ ਆਲੋਚਨਾ ਵਿੱਚ ਨਿੱਗਰ ਯੋਗਦਾਨ ਪਾਇਆ ਹੈਉਪਰੋਕਤ ਵਰਣਿਤ ਲੇਖਕਾਂ ਦੇ ਪੂਰਨਿਆਂ ’ਤੇ ਚਲਦਿਆਂ ਸਾਹਿਤਕਾਰਾਂ ਨੇ ਹਰ ਵਿਧਾ ਵਿੱਚ ਮੁੱਲਵਾਨ ਸਾਹਿਤ ਰਚਿਆ ਹੈਮੈਂ ਆਪਣੀ ਪਹਿਲੀ ਆਲੋਚਨਾ ਪੁਸਤਕ ( ਬਰਤਾਨਵੀ ਪੰਜਾਬੀ ਸਾਹਿਤ ) ਵਿੱਚ ਬਰਤਾਨਵੀ ਪੰਜਾਬੀ ਵਾਰਤਕ ਅਤੇ ਗਲਪ ਸਾਹਿਤ ਦੇ ਨਿਸਚਤ ਜ਼ਿਕਰ ਦੇ ਇਲਾਵਾ ਕੁਝ ਪ੍ਰਮੁੱਖ ਕਾਵਿ ਰਚਨਾਵਾਂ ਬਾਰੇ ਸਮੀਖਿਆਤਮਕ ਵਿਚਾਰ ਪੇਸ਼ ਕੀਤੇ ਹਨਦੂਜੀ ਪੁਸਤਕ (ਬਰਤਾਨਵੀ ਪੰਜਾਬੀ ਕਵਿਤਾ) ਵਿੱਚ ਬਰਤਾਨਵੀ ਪੰਜਾਬੀ ਕਵਿਤਾ ਉੱਪਰ ਸਮੁੱਚੀ ਦ੍ਰਿਸ਼ਟੀ ਪਾਉਂਦਿਆਂ ਕੁਝ ਲੇਖਾਂ ਤੋਂ ਇਲਾਵਾ 17 ਕਵੀਆਂ ਦੀ ਸਿਰਜਣਾਤਮਕ ਦੇਣ ਬਾਰੇ ਆਲੋਚਨਾਤਮਕ ਜ਼ਿਕਰ ਕੀਤਾ ਹੈਤਿੰਨ ਨਵੀਆਂ ਪੁਸਤਕਾਂ ਤਿਆਰੀ ਅਧੀਨ ਹਨ ਜਿਨ੍ਹਾਂ ਵਿੱਚ ਗਲਪ, ਕਾਵਿ ਤੇ ਵਾਰਤਕ ਬਾਰੇ ਲੇਖ ਸ਼ਾਮਲ ਕੀਤੇ ਜਾ ਰਹੇ ਹਨ

? ਕੈਂਬੋ ਸਾਹਿਬ, ਤੁਸੀਂ ਬਰਤਾਨਵੀ ਪੰਜਾਬੀ ਸਾਹਿਤ ਦੇ ਸੰਬੰਧ ਵਿੱਚ ਜਿਨ੍ਹਾਂ ਲੇਖਕਾਂ ਦਾ ਜ਼ਿਕਰ ਕੀਤਾ ਹੈ, ਉਹ ਤਾਂ ਸ਼ਾਇਦ ਸਾਰੇ ਇਸ ਸੰਸਾਰ ਤੋਂ ਵਿਦਾ ਹੋ ਗਏ ਹਨਤੁਸੀਂ ਉਨ੍ਹਾਂ ਲੇਖਕਾਂ ਦਾ ਵੀ ਜ਼ਿਕਰ ਕਰੋਗੇ ਜਿਹੜੇ ਨਿਰੰਤਰ ਵੱਖੋ ਵੱਖਰੀਆਂ ਵਿਧਾਵਾਂ ਵਿੱਚ ਰਚਨਾ ਕਰ ਰਹੇ ਹਨ?

-ਹਾਂ ਠੀਕ ਹੈਦੇਖੋ, ਕਵਿਤਾ ਵਿੱਚ ਜਗਤਾਰ ਢਾਅ, ਬਲਦੇਵ ਬਾਵਾ (ਹੁਣ ਕਨੇਡਾ ਵਿੱਚ), ਮੁਸ਼ਤਾਕ ਸਿੰਘ (ਕਵਿਤਾ ਤੇ ਗਜ਼ਲ), ਅਵਤਾਰ ਜੰਡਿਆਲਵੀ (ਸਵਰਗਵਾਸੀ), ਦਰਸ਼ਨ ਬੁਲੰਦਵੀ, ਜਸਵਿੰਦਰ ਮਾਨ, ਭੁਪਿੰਦਰ ਸੱਗੂ, ਸੁਰਿੰਦਰ ਸੀਹਰਾ ਅਤੇ ਗੁਰਚਰਨ ਸੱਗੂ (ਕਵਿਤਾ ਤੇ ਗਜ਼ਲ), ਬਲਿਹਾਰ ਸਿੰਘ ਰੰਧਾਵਾ, ਡਾ. ਮਹਿੰਦਰ ਗਿੱਲ ਅਤੇ ਗੁਰਨਾਮ ਢਿੱਲੋਂ ਹਨ (ਗੁਰਨਾਮ ਢਿੱਲੋਂ ਹੁਰਾਂ ਨੇ ਕਾਵਿ ਰਚਨਾ ਦੇ ਨਾਲ ਆਲੋਚਨਾ ਵਿੱਚ ਵੀ ਹਿੱਸਾ ਪਾਇਆ ਹੈ)ਪ੍ਰੰਪਰਾਗਤ ਕਾਵਿ ਵਿੱਚ ਸਰਵਣ ਸਿੰਘ ਅਮੋਲਕ (ਸਵਰਗਵਾਸੀ), ਰਣਜੀਤ ਸਿੰਘ ਰਾਣਾ, ਰਣਜੀਤ ਸਿੰਘ ਰਾਏ, ਦਲਜੀਤ ਸਿੰਘ ਉੱਪਲ ਅਤੇ ਗੁਰਦੇਵ ਸਿੰਘ ਮਠਾਰੂ ਨੇ ਨਿੱਗਰ ਹਿੱਸਾ ਪਾਇਆ ਹੈਵਰਿੰਦਰ ਪਰਿਹਾਰ ਅਤੇ ਬਲਵਿੰਦਰ ਮਥਾਰੂ ਨੇ ਖੁੱਲ੍ਹੀ ਕਵਿਤਾ ਵਿੱਚ ਜ਼ਿਕਰਯੋਗ ਰਚਨਾ ਕੀਤੀ ਹੈਵਾਰਤਕ ਵਿੱਚ ਪਹਿਲੋਂ ਪਹਿਲ ਸਾਥੀ ਲੁਧਿਆਣਵੀ ਤੇ ਰਣਜੀਤ ਧੀਰ ਹੋਰਾਂ ਨੇ ਮੁੱਲਵਾਨ ਕਾਰਜ ਕੀਤਾ ਹੈ ਅਤੇ ਉਹ ਨਿਰੰਤਰਤਾ ਨੂੰ ਕਾਇਮ ਰੱਖ ਰਹੇ ਹਨਸਾਥੀ ਜੀ ਨੇ ਆਮ ਜਾਣਕਾਰੀ ਵਾਲੇ ਲੇਖਾਂ ਨੂੰ ਸਾਹਿਤਕ ਸ਼ੈਲੀ ਵਿੱਚ ਰਚ ਕੇ ਨਾਮਣਾ ਖੱਟਿਆ ਅਤੇ ਉਨ੍ਹਾਂ ਦਾ ਨਾਮ ਪ੍ਰੀਤ ਲੜੀ ਦੇ ਪਰਚੇ ਵਿੱਚ ਗੂੰਜਦਾ ਰਿਹਾਰਣਜੀਤ ਧੀਰ ਜੀ ਬਹੁਪੱਖੀ ਗਿਆਨ ਨੂੰ ਤੇ ਪਰਵਾਸੀ ਜੀਵਨ ਦੀ ਵਰਤਮਾਨ ਸਥਿਤੀ ਨੂੰ ਸੰਜੀਦਗੀ ਨਾਲ ਤੇ ਸਰਲ ਸ਼ੈਲੀ ਵਿੱਚ ਚਾਨਣਾ ਪਾਉਂਦੇ ਹਨਪ੍ਰੀਤਮ ਸਿੱਧੂ ਜੀ ਨੇ ਵਾਰਤਕ ਤੇ ਕਹਾਣੀ ਵਿੱਚ ਨਿਰੰਤਰਤਾ ਸਹਿਤ ਯੋਗਦਾਨ ਪਾਇਆ ਹੈਬਲਬੀਰ ਸਿੰਘ ਕੰਵਲ ਨੇ ਸਭਿਆਚਾਰਕ ਤੇ ਸੰਗੀਤ ਦੀ ਦੁਨੀਆਂ ਬਾਰੇ ਪਾਠਕਾਂ ਨੂੰ ਰੌਚਿਕ ਸ਼ੈਲੀ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਹੈਨਿਬੰਧਾਂ ਵਿੱਚ ਸ਼ਿਵਚਰਨ ਗਿੱਲ ਤੇ ਡਾ. ਗੁਰਦਿਆਲ ਸਿੰਘ ਰਾਏ ਹੋਰਾਂ ਨੇ ਖੂਬਸੂਰਤ ਰਚਨਾ ਕੀਤੀ ਹੈਪੂਰਨ ਸਿੰਘ (ਲੰਡਨ) ਹੋਰਾਂ ਨੇ ਵਾਰਤਕ ਵਿੱਚ ਨਿਰੰਤਰ ਲਿਖਿਆ ਹੈ ਤੇ ਥੋੜ੍ਹੇ ਸਾਲਾਂ ਵਿੱਚ ਦਾਰਸ਼ਨਿਕ ਮਸਲਿਆਂ ਬਾਰੇ ਸ਼ਕਤੀਸ਼ਾਲੀ ਤੇ ਸੁਹਜ ਭਰਪੂਰ ਸ਼ੈਲੀ ਵਿੱਚ ਆਪਣੇ ਵਿਚਾਰਾਂ ਨੂੰ ਨਿਰੂਪਤ ਕੀਤਾ ਹੈਕਹਾਣੀ ਵਿੱਚ ਹਰਜੀਤ ਅਟਵਾਲ, ਜਿਸ ਨੇ ਥੋੜ੍ਹੇ ਸਾਲਾਂ ਵਿੱਚ ਲੱਗ ਪੱਗ ਦੱਸ ਨਾਵਲ ਰਚ ਦਿੱਤੇ ਹਨ, ਗੁਰਨਾਮ ਗਿੱਲ, ਸ਼ਿਵਚਰਨ ਗਿੱਲ, ਡਾ. ਗੁਰਦਿਆਲ ਸਿੰਘ ਰਾਏ, ਸੰਤੋਖ ਧਾਲੀਵਾਲ, ਦਵਿੰਦਰ ਨੌਰਾ, ਅਵਤਾਰ ਸਾਦਿਕ, ਕੇ. ਸੀ. ਮੋਹਨ, ਡਾ. ਰਤਨ ਰੀਹਲ ਹੋਰਾਂ ਨੇ ਮਹੱਤਵਪੂਰਣ ਰੋਲ ਅਦਾ ਕੀਤਾ ਹੈ

ਅਮੀਨ ਮਲਿਕ ਦਾ ਕਹਾਣੀ ਦੇ ਨਾਲ ਵਾਰਤਕ ਰਚਨਾ ਦਾ ਰੋਲ ਵੀ ਵਡਮੁੱਲਾ ਹੈਸੁਰਜੀਤ ਸਿੰਘ ਕਾਲੜਾ (ਸਵਰਗੀ) ਨੇ ਕਹਾਣੀ ਤੇ ਵਾਰਤਕ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈਖੋਜ ਤੇ ਸਭਿਆਚਾਰ ਦੇ ਖੇਤਰ ਵਿੱਚ ਡਾ. ਚੰਨਣ ਸਿੰਘ (ਸਵਰਗਵਾਸੀ) ਨੇ ਮੁੱਲਵਾਨ ਕੰਮ ਕੀਤਾ ਹੈਨਾਵਲ ਖੇਤਰ ਵਿੱਚ ਦਰਸ਼ਨ ਧੀਰ, ਸ਼ਿਵਚਰਨ ਗਿੱਲ, ਗੁਰਨਾਮ ਗਿੱਲ, ਮਹਿੰਦਰ ਪਾਲ ਧਾਲੀਵਾਲ, ਹਰਿੰਦਰ ਸਿੰਘ ਬਜਾਜ (ਸਵਰਗਵਾਸੀ) ਤੇ ਪ੍ਰਕਾਸ਼ ਸੋਹਲ ਇਸ ਵਿਧਾ ਵਿੱਚ ਨਿਰੰਤਰ ਸਿਰਜਣਾ ਕਰ ਰਹੇ ਹਨਬਹੁਪੱਖੀ ਲੇਖਿਕਾ ਕੈਲਾਸ਼ਪੁਰੀ ਨੇ ਨਾਵਲ, ਕਹਾਣੀ ਅਤੇ ਵਾਰਤਕ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈਡਾ. ਹਰੀਸ਼ ਮਲਹੋਤਰਾ ਨੇ ਵਾਰਤਕ ਵਿੱਚ ਸਮਾਜਿਕ ਮਸਲਿਆਂ ਨੂੰ ਬਾਖੂਬੀ ਪੇਸ਼ ਕੀਤਾ ਹੈਵੀਨਾ ਵਰਮਾ ਇੱਕ ਸੁਸ਼ਕਤ ਤੇ ਪ੍ਰਬੀਨ ਕਹਾਣੀ ਲੇਖਿਕਾ ਹਨਸੁਰਜੀਤ ਕਲਪਨਾ ਨੇ ਸੁਹਜ ਭਰਪੂਰ ਸ਼ੈਲੀ ਵਿੱਚ ਕਹਾਣੀਆਂ ਦੀ ਰਚਨਾ ਕੀਤੀ ਹੈਪਿਛਲੇ ਸਾਲਾਂ ਵਿੱਚ ਕਾਵਿ-ਵਿਧਾ ਦੀ ਪ੍ਰਸਿੱਧ ਵੰਨਗੀ ਗਜ਼ਲ ਵਿੱਚ ਕੁਝ ਲੇਖਕਾਂ ਨੇ ਨਿੱਠ ਕੇ ਸਿਰਜਣਾ ਕੀਤੀ ਹੈਜਿਨ੍ਹਾਂ ਵਿੱਚ ਗੁਰਦਾਸ ਸਿੰਘ ਪਰਮਾਰ ਤੇ ਗੁਰਸ਼ਰਨ ਸਿੰਘ ਅਜੀਬ ਦੇ ਨਾਂ ਸ਼ਾਮਲ ਹਨਉਪਰੋਕਤ ਕਵੀਆਂ ਵਿੱਚ ਲੱਗਪੱਗ ਹਰ ਕਵੀ ਨੇ ਗ਼ਜ਼ਲਾਂ ਵੀ ਲਿਖੀਆਂ ਹਨ

ਆਲੋਚਨਾ ਵਿੱਚ ਰਘਬੀਰ ਢੰਡ, ਡਾ. ਚੰਦਨ ਦੇ ਨਾਲ ਹਰਬਖਸ਼ ਮਕਸੂਦਪੁਰੀ ਅਤੇ ਡਾ. ਦਵਿੰਦਰ ਕੌਰ ਤੇ ਡਾ. ਗੁਰਦਿਆਲ ਸਿੰਘ ਰਾਏ ਨੇ ਬਣਦਾ ਹਿੱਸਾ ਪਾਇਆ ਹੈਢਾਅ ਜੀ, ਇਹ ਵੀ ਮੈਂ ਦੱਸ ਰਿਹਾ ਹਾਂ ਕਿ ਮੈਂ 10/15 ਸਾਲਾਂ ਤੋਂ ਸਾਹਿਤਕ ਸਰਗਰਮੀਆਂ ਵਿੱਚ ਲੋੜੀਂਦਾ ਹਿੱਸਾ ਨਹੀਂ ਲੈ ਸਕਿਆਇਸ ਕਰਕੇ ਬਹੁਤ ਸਾਰੇ ਜ਼ਿਕਰਯੋਗ ਨਾਮ ਰਹਿ ਵੀ ਗਏ ਹੋਣਗੇਨਵੇਂ ਉੱਭਰ ਰਹੇ ਚਿਹਰਿਆਂ ਵਿੱਚ ਰਾਜਿੰਦਰਜੀਤ ਦਾ ਬਤੌਰ ਕਵੀ ਦਾ ਨਾਮ ਹੈਪਰਮਜੀਤ ਸਿੰਘ ਰਤਨਪਾਲ ਅੱਛੇ ਲੇਖ ਲਿਖ ਰਿਹਾ ਹੈਹੋਰ ਵੀ ਜ਼ਰੂਰ ਨਾਮ ਹੋਣਗੇ, ਜਿਹੜੇ ਮੇਰੇ ਗਿਆਨ ਵਿੱਚ ਨਹੀਂ ਹਨਬਾਕੀ ਮੈਂ ਆਪਣੀਆਂ ਪੁਸਤਕਾਂ ਵਿੱਚ ਪੂਰਨ ਕੋਸ਼ਿਸ਼ ਕਰਦਾ ਹਾਂ ਕਿ ਹਰ ਲੇਖਕ ਨੂੰ ਲੋੜੀਂਦਾ ਤੇ ਢੁੱਕਵਾਂ ਸਥਾਨ ਦਿੱਤਾ ਜਾਵੇਬਰਤਾਨੀਆ ਵਿੱਚ ਕਾਫੀ ਕਾਰਜ ਹੋਇਆ ਹੈ ਤੇ ਉਪਰੋਕਤ ਦੱਸੇ ਨਾਮ ਪ੍ਰਸਿੱਧੀ ਪ੍ਰਾਪਤ ਲੇਖਕਾਂ ਬਾਰੇ ਹਨਪੰਜਾਬੀ ਸਾਹਿਤ ਦੀ ਵੱਡੀ ਤਰਾਸਦੀ ਹੈ ਕਿ ਇਸ ਦੀ ਪੁਸ਼ਤਪਨਾਹੀ ਨਹੀਂ ਕੀਤੀ ਜਾ ਰਹੀਸਰਕਾਰੀ ਅਦਾਰੇ ਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਨਿੱਠ ਕੇ ਕਾਰਜ ਨਹੀਂ ਹੋ ਰਿਹਾਜਦੋਂ ਅਸੀਂ ਆਪਣੀ ਭਾਸ਼ਾ ਤੇ ਸਾਹਿਤ ਨੂੰ ਖੁਦ ਹੀ ਬੜ੍ਹਾਵਾ ਨਹੀਂ ਦੇ ਰਹੇ ਤਾਂ ਹੋਰ ਕੌਣ ਦੇਵੇਗਾਅੱਜ ਕੱਲ੍ਹ ਸਾਹਿਤ ਵਿੱਚ ਵੀ ਗਲੈਮਰ ਵਧ ਰਿਹਾ ਹੈਇੰਟਰਨੈੱਟ ਵਿੱਚ ਕੁਝ ਵਧੀਆ ਗੱਲਾਂ ਦਾ ਜ਼ਿਕਰ ਤਾਂ ਹੋ ਰਿਹਾ ਹੈ ਪਰ ਬਹੁਤਾ ਕੁਝ ਨਹੀਂਸਾਹਿਤਕਾਰਾਂ ਦਾ ਸਵੈ-ਸਵਾਰਥ ਤੇ ਗੁੱਟਬਾਜ਼ੀ ਦਾ ਵੀ ਬੋਲ ਬਾਲਾ ਹੈਚੰਗੀ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਪੰਜਾਬੀ ਸਾਹਿਤ ਦੀ ਭਰਪੂਰ ਸਿਰਜਣਾ ਹੋਈ ਹੈਵੀਹਵੀਂ ਸਦੀ ਚੜ੍ਹਤ ਵਾਲੀ ਸਦੀ ਰਹੀ ਹੈ ਤੇ ਇੱਕੀਵੀਂ ਸਦੀ ਵੀ ਅਵੱਸ਼ ਪੰਜਾਬੀ ਸਾਹਿਤ ਦੇ ਵਿਕਾਸ-ਰਾਹੇ ਤੁਰੇਗੀਸਿਰਫ ਸਾਡੀ ਸਰਕਾਰ ਤੇ ਸੰਸਥਾਵਾਂ ਨੂੰ ਆਪਣੇ ਫ਼ਰਜ਼ ਨੂੰ ਪਹਿਚਾਨਣ ਦੀ ਲੋੜ ਹੈ

? ਕੈਂਬੋ ਜੀ, ਜਿਹੜੇ ਲੇਖਕਾਂ ਨੂੰ ਤੁਸੀਂ `ਬਰਤਾਨਵੀ ਪੰਜਾਬੀ ਸਾਹਿਤ` ਰਾਹੀਂ ਪਾਠਕਾਂ ਦੇ ਸਨਮੁਖ ਕੀਤਾ, ਇਸ ਬਾਰੇ ਤੁਹਾਡੀ ਚੋਣ ਦਾ ਪੈਮਾਨਾ ਕੀ ਸੀ?

: ਢਾਅ ਜੀ, ਸਾਰੇ ਲੇਖਕ ਇੱਕੋ ਪੱਧਰ ਦੇ ਨਹੀਂ ਹੋ ਸਕਦੇਉੱਚ ਪੱਧਰੀ ਸਿਰਜਣਾ ਦੇ ਲੇਖਕ, ਮੱਧਮ ਸਿਰਜਣਾ ਦੇ ਲੇਖਕ ਅਤੇ ਆਮ ਲੇਖਕਇਹ ਤਾਂ ਉਨ੍ਹਾਂ ਦੀਆਂ ਰਚਨਾਵਾਂ ਤੋਂ ਹੀ ਤੁਸੀਂ ਪ੍ਰਭਾਵਤ ਹੋ ਕੇ ਲਿਖਦੇ ਹੋਬਾਕੀ ਤੁਸੀਂ ਹਰ ਲੇਖਕ ਦੀ ਹਰ ਰਚਨਾ ਬਾਰੇ ਨਹੀਂ ਲਿਖ ਸਕਦੇਕਿਉਂਕਿ ਲੇਖਕਾਂ ਅਤੇ ਉਨਾਂ ਦੀ ਰਚਨਾਵਾਂ ਬਾਰੇ ਖੁੱਭ ਕੇ ਨਿਯਮਤ ਰੂਪ ਵਿੱਚ ਯੂਨੀਵਰਸਿਟੀਆਂ ਅਤੇ ਸਾਹਿਤ ਦੀਆਂ ਸੰਸਥਾਵਾਂ ਹੀ ਕੰਮ ਕਰਾ ਸਕਦੀਆਂ ਹਨਜਿਹੜੇ ਲੇਖਕ ਲਿਖਦੇ ਹਨ, ਉਹ ਉਨ੍ਹਾਂ ਦੀਆਂ ਰਚਨਾਵਾਂ ਤੋਂ ਪ੍ਰਭਾਵਿਤ ਹੋ ਕੇ ਲਿਖਦੇ ਹਨਇਹ ਗੱਲ ਸਹੀ ਹੈ ਕਿ ਹਰ ਰਚਨਾ ਇੱਕੋ ਜਿਹਾ ਪ੍ਰਭਾਵ ਨਹੀਂ ਦਿੰਦੀਪ੍ਰੰਤੂ ਫਿਰ ਵੀ ਤੁਸੀਂ ਪ੍ਰਭਾਵਿਤ ਰਚਨਾ ਵਿੱਚੋਂ ਚੋਣ ਕਰਕੇ ਲਿਖਦੇ ਹੋਆਲੋਚਨਾ ਦਾ ਕਾਰਜ ਪਰਚਿਆਂ ਦੇ ਲਿਖਣ-ਕਾਰਜ ਦੇ ਰੂਪ ਵਿੱਚ ਹੁੰਦਾ ਹੈਤੁਸੀਂ ਰਚਣਕਾਰਾਂ ਦੀ ਗੁਣਵੱਤਾ ਨੂੰ ਜਾਂਚ ਲੈਂਦੇ ਹੋ ਤੇ ਪ੍ਰਾਪਤ ਕੀਤੇ ਪ੍ਰਭਾਵ ਨੂੰ ਆਪਣੇ ਕਾਰਜ ਵਿੱਚ ਸਮੇਟ ਲੈਂਦੇ ਹੋ

? ਸਾਹਿਤਕ ਦੁਨੀਆਂ ਵਿੱਚ ਤੁਹਾਡੀ ਪਛਾਣ ਤੁਹਾਡੇ ਕਹਾਣੀ ਸੰਗ੍ਰਹਿ ‘ਧੁਖਦਾ ਗੋਹਟਾ’ ਕਰਕੇ ਹੋਈਤੁਸੀਂ ਕੀ ਸਮਝਦੇ ਹੋ ਕਿ ਇਨ੍ਹਾਂ ਕਹਾਣੀਆਂ ਦੇ ਵਿਸ਼ੇ ਆਕਰਸ਼ਿਕ ਸਨ ਜਾਂ ਇਨ੍ਹਾਂ ਦੀ ਪਾਠਕਾਂ ਵੱਲੋਂ ਦਿੱਤੀ ਪਰਵਾਨਗੀ ਕਲਾ ਪ੍ਰਬੀਨਤਾ ਕਰਕੇ ਸੀ?

: ਮੇਰੀ ਸਾਹਿਤਕ ਪਛਾਣ ‘ਧੁੱਖਦਾ ਗੋਹਟਾ’ ਕਹਾਣੀ ਸੰਗ੍ਰਹਿ ਨਾਲ ਵੀ ਹੋਈ ਅਤੇ ਨਾਲ ਮੇਰੀ ਦੂਜੀ ਪੁਸਤਕ ‘ਬਰਤਾਨਵੀ ਪੰਜਾਬੀ ਸਾਹਿਤ’ ਨਾਲ ਵੀ ਹੋਈਕਿਉਂਕਿ ਇਸ ਪੁਸਤਕ ਨਾਲ ਮੇਰਾ ਆਲੋਚਨਾਤਮਕ ਕਾਰਜ ਵੀ ਸਾਹਮਣੇ ਆਇਆਮੇਰੀਆਂ ਇਹ ਪੁਸਤਕਾਂ ਇੱਕੋ ਸਮੇਂ ਛਪੀਆਂਹੁਣ ਪਹਿਲੋਂ ਤੁਹਾਡੇ ਸਵਾਲ ਦੇ ਅਨੁਸਾਰ ‘ਧੁਖਦਾ ਗੋਹਟਾ’ ਦੀ ਚਰਚਾ ਬਾਰੇ ਇਹ ਗੱਲ ਹੈ ਕਿ ਸਮਕਾਲੀ ਪਰਸਥਿਤੀਆਂ ਤੇ ਪਰਵਾਸੀ ਹਾਲਾਤਾਂ ਦੀ ਪੇਸ਼ਕਾਰੀ ਨੇ ਇਸ ਨੂੰ ਯੋਗ ਥਾਂ ਦਿਵਾਈਇਸ ਪੁਸਤਕ ਵਿਚਲੇ ਵਿਸ਼ੇ ਪਰਵਾਸੀ ਮਸਲਿਆਂ ਦੇ ਨਾਲ ਭਾਰਤੀ ਪੰਜਾਬ ਦੇ ਪਿਛੋਕੜ ਦੇ ਮਸਲਿਆਂ ਨੂੰ ਵੀ ਇਸ ਪੁਸਤਕ ਵਿਚਲੀਆਂ ਕਹਾਣੀਆਂ ਰਾਹੀਂ ਨਿਰੂਪਤ ਕੀਤਾ ਕੀਤਾ ਗਿਆ ਹੈਪਾਠਕਾਂ ਦਾ ਹੁੰਗਾਰਾ ਇਸ ਕਰਕੇ ਮਿਲਿਆ ਕਿਉਂਕਿ ਇਹ ਭਾਰਤੀ ਤੇ ਪਰਵਾਸੀ ਮਸਲਿਆਂ ਪ੍ਰਤੀ ਦੁਵੱਲੀ ਦ੍ਰਿਸ਼ਟੀ ਪਾਉਂਦੀਆਂ ਸਨ ਤੇ ਉਨ੍ਹਾਂ ਨੂੰ ਮੇਰਾ ਪੇਸ਼ਕਾਰੀ ਪੱਖ (ਭਾਵ) ਕਲਾਤਮਕ ਪੱਖ ਵੀ ਪਸੰਦ ਆਇਆ ਹੋਵੇਗਾ

? ਇਸੇ ਸੰਗ੍ਰਹਿ ਦੀ ਕਹਾਣੀ ‘ਧੁਖਦਾ ਗੋਹਟਾ’ ਵਿੱਚ ਰਿਸ਼ਤਿਆਂ ਦੀ ਬਦਲਦੀ ਤਸਵੀਰ ਦਾ ਯਥਾਰਥਕ ਬਿਆਨ ਬਹੁਤ ਬਾਰੀਕਬੀਨੀ ਨਾਲ ਕੀਤਾ ਹੈਕਹਾਣੀ ਦੀ ਸਿਰਜਣਾ ਇਹ ਦੱਸਦੀ ਹੈ ਕਿ ਅੱਜ ਦੇ ਸਮਾਜ ਦੇ ਸਾਰੇ ਰਿਸ਼ਤੇ ਸੁਆਰਥ ਵਿੱਚ ਰੰਗੇ ਨਜ਼ਰ ਆਉਂਦੇ ਹਨਇੱਕ ਮਾਂ ਪਿਉ ਆਪਣੇ ਪੁੱਤਰ ਨਾਲ ਇਸ ਤਰ੍ਹਾਂ ਦਾ ਪੱਖਪਾਤੀ ਵਰਤਾਉ ਕਰਦੇ ਹਨ, ਜਿਸ ਕਰਕੇ ਕਿ `ਇਹ ਨਾ ਘਰ ਦੇ ਰਹਿੰਦੇ ਹਨ ਨਾ ਘਾਟ ਦੇ`ਇਹ ਕਹਾਣੀ ਦੀ ਸਿਰਜਣਾ ਤੁਹਾਡੇ ਜ਼ਿਹਨ ਵਿੱਚ ਕਿਵੇਂ ਆਈ?

: ਦਰਅਸਲ ਤੁਸੀਂ ਆਪਣੇ ਪ੍ਰਸ਼ਨ ਵਿੱਚ ਕਹਾਣੀ ਉੱਪਰ ਘੋਖਵੀਂ ਨਜ਼ਰ ਪਾ ਕੇ ਸਾਰਥਕ ਸਿੱਟੇ ਕੱਢੇ ਹਨਪਰ ਇਹ ਸੱਚ ਹੈ ਕਿ ਆਰਥਿਕਤਾ ਦੀ ਖਿੱਚ ਨੇ ਸਾਰੇ ਰਿਸ਼ਤਿਆਂ ਵਿੱਚ ਡੂੰਘੀਆਂ ਤਰੇੜਾਂ ਪਾ ਦਿੱਤੀਆਂ ਹਨਕਹਿਣਾ ਇਹ ਚਾਹੀਦਾ ਹੈ ਕਿ ਸਾਡੇ ਲਹੂ ਵਿੱਚ ਪਾਣੀ ਪੈ ਗਿਆ ਹੈਜਿੱਥੇ ਮਾਪੇ ਆਪਣੀ ਆਰਥਿਕ ਹਾਲਤ ਸੁਧਾਰਨ ਹਿਤ ਬੱਚਿਆਂ ਨੂੰ ਬਾਹਰ ਭੇਜ ਰਹੇ ਸਨ ਅਤੇ ਉਨ੍ਹਾਂ ਦੇ ਵਿਛੋੜੇ ਨਾਲ ਦੁਖਿਤ ਵੀ ਮਹਿਸੂਸ ਕਰਦੇ ਸਨਪ੍ਰੰਤੂ ਉਨ੍ਹਾਂ ਦੀ ਆਰਥਿਕ ਮਜ਼ਬੂਤੀ ਨੇ ਅਤੇ ਭਾਰਤ ਵਿੱਚ ਬਦਲਦੀਆਂ ਹਾਲਤਾਂ ਨੇ ਉਨ੍ਹਾਂ ਨੂੰ ਪਦਾਰਥਿਕਤਾ ਦੀ ਜਿੱਲ੍ਹਣ ਵਿੱਚ ਖੁਭੋ ਦਿੱਤਾ ਹੈ ਅਤੇ ਉਨ੍ਹਾਂ ਵਿੱਚ ਸਵਾਰਥੀ ਰੁਚੀਆਂ ਦੀ ਪ੍ਰਧਾਨਤਾ ਭਰ ਦਿੱਤੀ ਹੈਆਰਥਿਕ ਖੁੱਲ੍ਹ-ਡੁੱਲ੍ਹਤਾ ਕਾਰਣ ਉਹ ਆਪਣੇ ਪਰਵਾਸੀ ਹੋਏ ਬੱਚਿਆਂ ਦੀ ਭਾਰਤ ਵਿੱਚ ਹੋਂਦ ਨੂੰ ਖਤਮ ਕਰਨ ਦੇ ਰਾਹ ਪੈ ਗਏ ਹਨਉਹ ਸਮਝਣ ਲੱਗ ਪਏ ਹਨ ਕਿ ਇਨ੍ਹਾਂ ਦੇ ਬਾਹਰ ਰਹਿਣ ਨਾਲ ਹੀ ਸਾਡਾ ਜੀਵਨ ਸੁਖੀ ਰਹਿਣਾ ਹੈਭਰਾਵਾਂ/ਭੈਣਾਂ ਦੀ ਮਾਨਸਿਕਤਾ ਵਿੱਚ ਵੀ ਤਰੇੜਾਂ ਪੈ ਗਈਆਂ ਹਨਭਾਵੇਂ ਇਹ ਸਥਿਤੀ ਸਾਰਿਆਂ ’ਤੇ ਲਾਗੂ ਨਹੀਂ ਕੀਤੀ ਜਾ ਸਕਦੀ, ਪ੍ਰੰਤੂ ਬਹੁਤਾਤ ਇਨ੍ਹਾਂ ਵਿਚਾਰਾਂ ਤੇ ਭਾਵਨਾ ਨਾਲ ਜਕੜੇ ਜ਼ਰੂਰ ਗਏ ਹਨ

? ਇਸ ਸੰਗ੍ਰਹਿ ਦੀਆਂ ਕਹਾਣੀਆਂ ਦੀ ਪਾਤਰ ਉਸਾਰੀ ਬਹੁਤ ਵਧੀਆ ਕੀਤੀ ਹੈਜਿਸ ਤਰ੍ਹਾਂ: ਜ਼ਰਦ ਪੱਤਾ, ਬੰਦ ਖਲਾਸੀ, ਭਾਗਵੰਤੀ, ਲਕੀਰਾਂ, ਪਛਤਾਵਾ ਅਤੇ ਗ਼ਰੀਬ ਦੀ ਲੱਜ ਵਰਗੀਆਂ ਕਹਾਣੀਆਂ ਦੀ ਸਿਰਜਣਾ ਬਾਰੇ ਵੀ ਕੁਝ ਦੱਸੋ, ਤਾਂ ਕਿ ਜਿਨ੍ਹਾਂ ਪਾਠਕਾਂ ਨੇ ਅਜੇ ਇਹ ਕਹਾਣੀਆਂ ਨਾ ਪੜ੍ਹੀਆਂ ਹੋਣ, ਉਨ੍ਹਾਂ ਨੂੰ ਵੀ ਪਤਾ ਲੱਗ ਸਕੇ?

: ਹਰ ਕਹਾਣੀ ਦੀ ਪਾਤਰ ਉਸਾਰੀ ਵਿਸ਼ੇ ਅਨੁਕੂਲ ਹੀ ਹੁੰਦੀ ਹੈਕਹਾਣੀ ਦਾ ਢਾਂਚਾ ਹੀ ਇਹ ਸਭ ਕੁਝ ਕਰਵਾਉਂਦਾ ਹੈਬਾਕੀ ਹਰ ਲੇਖਕ ਦਾ ਅਨੁਭਵ ਤੇ ਸਮਾਜਕ ਸਭਿਆਚਾਰ ਦੀ ਗਹਿਰੀ ਜਾਣਕਾਰੀ ਦਾ ਵੀ ਵੱਡਾ ਹੱਥ ਹੁੰਦਾ ਹੈਆਪ ਵੱਲੋਂ ਅੰਕਿਤ ਕੀਤੀਆਂ ਕਹਾਣੀਆਂ ਵਿਚਲੀ ਪਾਤਰ ਉਸਾਰੀ ਤੁਹਾਨੂੰ ਚੰਗੀ ਲੱਗੀ ਹੈ, ਬਹੁਤ ਖੁਸ਼ੀ ਹੈਪਰ ਦੂਜੀ ਗੱਲ ਇਹ ਵੀ ਹੈ ਕਿ ਹਰ ਕਹਾਣੀ ਨੂੰ ਮੈਂ ਕਲਪਨਾ ਨਾਲ ਹੀ ਨਹੀਂ ਘੜਿਆ, ਸਗੋਂ ਮੇਰੇ ਜੀਵਨ ਵਿੱਚ ਇਹ ਘਟਨਾਵਾਂ ਵਾਪਰੀਆਂ ਹਨਕੁਝ ਨੂੰ ਮੈਂ ਅੱਖੀਂ ਦੇਖਿਆ ਤੇ ਅਨੁਭਵ ਕੀਤਾ ਹੈਕੁਝ ਬਾਰੇ ਅਹਿਸਾਸਾਂ ਦੀ ਪਕੜ ਨੇ ਸਾਥ ਦਿੱਤਾ ਹੈਬਾਕੀ ਢਾਂਚਾ ਤਾਂ ਕਲਪਨਾ ਦੇ ਆਸਰੇ ਹੀ ਉੱਸਰਦਾ ਹੈਇਕੱਲੀ ਇਕੱਲੀ ਕਹਾਣੀ ਬਾਰੇ ਤਾਂ ਦੱਸਣਾ ਮੁਸ਼ਕਲ ਹੈ ਕਿਉਂਕਿ ਕਹਾਣੀ ਪੜ੍ਹ ਲੈਣ ਨਾਲ ਹੀ ਸੰਬੰਧ ਰੱਖਦੀ ਹੈਮੇਰੀਆਂ ਦੋ ਪੁਸਤਕਾਂ ਹੀ ਛਪੀਆਂ ਹਨ ਜੋ ਅੰਗਰੇਜ਼ੀ ਵਿੱਚ ਅਨੁਵਾਦਿਤ ਰੂਪ ਵਿੱਚ ਵੀ ਪ੍ਰਕਾਸ਼ਤ ਹੋ ਚੁੱਕੀਆਂ ਹਨ‘ਜ਼ਰਦ ਪੱਤਾ’ ਕਹਾਣੀ ਦਾ ਪਿਛੋਕੜ ਇਹ ਹੈ ਕਿ ਮੈਂ ਪੰਜਾਬੀ ਦਾ ਸਕੂਲ ਅਧਿਆਪਕ ਹੋਣ ਕਰਕੇ ਬੱਚਿਆਂ ਦੀ ਜ਼ਿੰਦਗੀ ਬਾਰੇ ਜਾਣਦਾ ਰਿਹਾ ਹਾਂਸਕੂਲ ਵਿੱਚ ਪੇਰੈਂਟਸ ਈਵਨਿੰਗ ਸਮੇਂ ਜਾ ਕਦੀ ਕਦੀ ਕਿਸੇ ਸਿਲਸਲੇ ਵਿੱਚ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਸੰਬੰਧੀ ਸਕੂਲ ਵਿਖੇ ਬੁਲਾਈਦਾ ਸੀ ਤਾਂ ਪੜ੍ਹਾਈ ਤੋਂ ਇਲਾਵਾ ਕਈ ਦਫਾ ਘਰੇਲੂ ਗੱਲਾਂ ਵੀ ਹੋ ਜਾਂਦੀਆਂ ਸਨਇਸ ਵਿੱਚ ਪਾਤਰ ਲੜਕੀ ਕਿਵੇਂ ਘਰ ਲੇਟ ਪੁੱਜਦੀ ਹੈ ਤੇ ਮਾਪੇ ਅਧਿਆਪਕ ਦੇ ਕਹਿਣ ਤੇ ਸਕੂਲ ਪੁੱਜਦੇ ਹਨ ਤਾਂ ਕਈ ਗੱਲਾਂ ਦੇ ਭੇਦ ਵੀ ਨਿਕਲਦੇ ਹਨਸਾਰਾ ਕੁਝ ਯਥਾਰਥ ਤਾਂ ਨਹੀਂ ਹੁੰਦਾਅਸਲ ਗੱਲ ਯਥਾਰਥ ਦੀ ਪਕੜ ਦੀ ਹੁੰਦੀ ਹੈਬਾਕੀ ਕਲਪਨਾ ਨਾਲ ਕਹਾਣੀ ਉਸਾਰੀ ਜਾਂਦੀ ਹੈਜਿੰਨਾ ਨੇੜਿਉਂ ਤੁਸੀਂ ਸੰਬੰਧਿਤ ਗੱਲ ਨੂੰ ਪਕੜਦੇ ਹੋ, ਸਮਝਦੇ ਹੋ, ਮਨ ਵਿੱਚ ਉਸ ਸਮੱਸਿਆ ਨੂੰ ਖਰੋਚਦੇ ਹੋ ਤਾਂ ਤੁਹਾਨੂੰ ਇਨ੍ਹਾਂ ਪਾਤਰਾਂ ਦੀਆਂ ਮਾਨਸਿਕ ਗੁੰਝਲਾਂ ਦਾ ਪਤਾ ਲੱਗਦਾ ਹੈ

ਬੰਦ ਖਲਾਸੀ’ ਦੀ ਕਹਾਣੀ ਦੀ ਥੀਮ ਵੀ ਸਮਾਜ ਵਿੱਚੋਂ ਹੀ ਪਕੜੀ ਹੈਸਮਾਜਿਕ ਸੰਬੰਧਾਂ ਦੀ ਪੀਡੀ ਸਾਂਝ ਵਿੱਚੋਂ ਅਜਿਹੇ ਪਾਤਰ ਆਪਣੀ ਕਹਾਣੀ ਸੁਣਾ ਜਾਂਦੇ ਹਨਉਹ ਕਹਾਣੀ ਰੂਪ ਵਿੱਚ ਨਹੀਂ ਸਮਝਾਉਂਦੇ, ਉਹ ਗੱਲਾਂ ਗੱਲਾਂ ਵਿੱਚ ਆਪਣਾ ਦੁੱਖ ਫਰੋਲਦੇ ਹਨਬੱਸ ਕਹਾਣੀਕਾਰ ਨੂੰ ਹੋਰ ਕੀ ਚਾਹੀਦਾ ਹੈਇਨ੍ਹਾਂ ਵਿਚਲਾ ਪਾਤਰ ਵੀ ਆਪਣੇ ਜੀਵਨ ਦੀਆਂ ਹੋਣੀਆਂ, ਕਰਨੀਆਂ ਦਾ ਦੁਖਾਂਤਕ ਵੇਰਵਾ ਦੱਸਦਾ ਹੈ ਕਿ ਕਿਵੇਂ ਉਹ ਇਕੱਲਾ ਹੀ ਘਰੇਲੂ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੈਭੈਣਾਂ ਤੇ ਭਰਾਵਾਂ ਦੀ ਜ਼ਿੰਦਗੀ ਨੂੰ ਸੁਰ ਸਿਰ ਕਰਦਾ ਹੋਇਆ ਵੀ ਉਹ ਸੁਖੀ ਮਹਿਸੂਸ ਨਹੀਂ ਕਰਦਾਸਭ ਕੁਝ ਕਰਨ ਦੇ ਬਾਵਜੂਦ ਉਨ੍ਹਾਂ ਵੱਲੋਂ ਸ਼ੁਕਰਗੁਜ਼ਾਰੀ ਦੇ ਸ਼ਬਦ ਤਾਂ ਕੀ ਮਿਲਣੇ ਸਨ, ਸਗੋਂ ਉਹ ਉਸ ਦੀ ਜ਼ਿੰਮੇਵਾਰੀ ਦੱਸ ਕੇ ਪੱਲਾ ਝਾੜ ਦਿੰਦੇ ਹਨ, ਜਿਸ ਨਾਲ ਪਾਤਰ ਦਾ ਹਿਰਦਾ ਵਲੂੰਧਰਿਆ ਜਾਂਦਾ ਹੈਕਹਾਣੀ ਦਾ ਅੰਤ ਇਸ ਗੱਲ ’ਤੇ ਹੁੰਦਾ ਹੈ, ਜਦੋਂ ਪਾਤਰ ਦੁੱਖੀ ਹੋਇਆ ਕਹਿੰਦਾ ਹੈ ਕਿ ਮੇਰੀ ਬੰਦ ਖ਼ਲਾਸੀ ਕਦੋਂ ਹੋਵੇਗੀ? ਅਜਿਹੇ ਪਾਤਰਾਂ ਦੀ ਸਾਡੇ ਸਮਾਜ ਵਿੱਚ ਭਰਮਾਰ ਹੈ ਜੋ ਮਿਹਨਤ ਮੁਸ਼ੱਕਤ ਕਰਦੇ ਹਨ, ਜੀਵਨ ਦੇ ਦੁੱਖੜਿਆਂ ਦੀ ਪੰਡ ਚੁੱਕਦੇ ਹਨ ਅਤੇ ਫ਼ਰਜ਼ਾਂ ਦੀ ਪਾਲਣਾ ਕਰਦੇ ਹਨ ਪਰ ਉਨ੍ਹਾਂ ਨੂੰ ਫ਼ਰਜ਼ ਨਿਭਾਉਣ ਬਦਲੇ ਨਿਰਾਦਰ ਭਰਪੂਰ ਸ਼ਬਦਾਂ ਦੀ ਖੁਰਾਕ ਹੀ ਮਿਲਦੀ ਹੈ‘ਭਾਗਵੰਤੀ’ ਕਹਾਣੀ 1984 ਦੇ ਕਤਲੇਆਮ ਨਾਲ ਸੰਬੰਧਿਤ ਕਹਾਣੀ ਹੈਅਜਿਹੇ ਪਾਤਰ ਮਿਲਦੇ ਤਾਂ ਘੱਟ ਹਨ, ਪ੍ਰੰਤੂ ਜ਼ਿੰਦਗੀ ਵਿੱਚ ਐਸੇ ਇਨਸਾਨ ਵੀ ਹਨ ਜਿਨ੍ਹਾਂ ਨੇ ਮਨੁੱਖਤਾ ਵਾਲਾ ਧਰਮ ਪਾਲਣਾ ਹੁੰਦਾ ਹੈਅਜਿਹੀ ਹੀ ‘ਭਾਗਵੰਤੀ’ ਪਾਤਰਾ ਹੈ ਜੋ ਦ੍ਰਿੜ੍ਹ ਵਿਸ਼ਵਾਸੀ, ਸਾਹਸੀ ਪਰ ਬਿਨਾਂ ਵਿਤਰੇਕ ਤੋਂ ਇਨਸਾਨੀਅਤ ਨਾਲ ਪ੍ਰਣਾਈ ਹੋਈ ਦੇਵੀ ਸਮਾਨ ਹਿੰਦੂ ਇਸਤਰੀ ਹੈ ਜਿਸ ਨੇ ਉਪਰੋਕਤ ਦੰਗਿਆਂ ਵਿੱਚ ਇੱਕ ਸਿੱਖ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਦੀ ਆਹੂਤੀ ਦਿੱਤੀ

ਭਾਵੇਂ 84 ਵਿੱਚ ਅਨੇਕਾਂ ਹੀ ਹਿੰਦੂਆਂ ਨੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਸਿੱਖਾਂ ਦੀ ਮਦਦ ਕੀਤੀ ਹੈ ਪ੍ਰੰਤੂ ਕਿਤੇ ਕਿਤੇ ਹਿੰਦੂ ਇਸਤਰੀਆਂ ਨੇ ਵੀ ਸਿੱਖਾਂ ਦੀ ਔਖੇ ਵੇਲਿਆਂ ਵਿੱਚ ਮਦਦ ਕਰਕੇ ਆਪਣਾ ਮਾਨਵੀ ਰੋਲ ਨਿਭਾਇਆ ਹੈਇਸ ਕਹਾਣੀ ਵਿਚਲੇ ਯਥਾਰਥਕ ਅੰਸ਼ਾਂ ਦੇ ਅਧਾਰ ’ਤੇ ਕਹਾਣੀ ਦੀ ਉਸਾਰੀ ਕੀਤੀ ਗਈ ਹੈ‘ਲਕੀਰਾਂ’ ਕਹਾਣੀ ਦਾ ਬਿਰਤਾਂਤ ਵੀ ਜੀਵਨ ਵਿੱਚ ਵਾਪਰੇ ਇੱਕ ਐਸੇ ਨੌਜਵਾਨ ਦੀ ਕਹਾਣੀ ਹੈ ਜਿਸ ਦੇ ਪਿਤਾ ਨੇ ਉਸ ਦੇ ਮਾਨਸਿਕ ਉਲਾਰ ਦੇ ਹੁੰਦਿਆਂ ਹੋਇਆਂ ਵੀ ਉਸ ਦਾ ਵਿਆਹ ਕਰ ਦਿੱਤਾ, ਜਿਸ ਦੇ ਉਹ ਯੋਗ ਨਹੀਂ ਸੀਜਿਸ ਦੇ ਪਰਿਣਾਮ ਵਜੋਂ ਉਸ ਨਾਲ ਵਿਆਹੀ ਗਈ ਨੌਜਵਾਨ ਕੁੜੀ ਵੀ ਸੰਤਾਪ ਝੱਲਦੀ ਹੈਇਸ ਕਹਾਣੀ ਦੀ ਘਟਨਾ ਵੀ ਪਰਵਾਸੀ ਜ਼ਿੰਦਗੀ ਵਿਚਲੇ ਵਰਤਾਰਿਆਂ ਨਾਲ ਸੰਬੰਧ ਰੱਖਦੀ ਹੈ‘ਗ਼ਰੀਬ ਦੀ ਲੱਜ’ ਵੀ ਇੱਕ ਗ਼ਰੀਬ ਮਜ਼ਦੂਰ ਨਾਲ ਦੁਕਾਨ ਵਿੱਚ ਹੁੰਦੇ ਦੁਰ-ਵਿਵਹਾਰ ਤੋਂ ਉਸਾਰੀ ਗਈ ਹੈਇਸ ਵਿੱਚ ਅੰਕਿਤ ਕੀਤੀਆਂ ਘਟਨਾਵਾਂ ਜੀਵਨ ਵਿੱਚ ਵਾਪਰਦੀਆਂ ਹਨ‘ਪਛਤਾਵਾ’ ਕਹਾਣੀ ਵੀ ਨੌਜਵਾਨਾਂ ਦੇ ਰਿਸ਼ਤੇ ਵਿੱਚੋਂ ਉਸਾਰੀ ਗਈ ਹੈ ਜੋ ਹਕੀਕਤ ਦੀ ਦੁਨੀਆਂ ਵਿੱਚ ਵਾਪਰਦੇ ਹਨਸਤਨਾਮ ਜੀ, ਆਪ ਜੀ ਦੇ ਕਹੇ ਅਨੁਸਾਰ ਤੁਹਾਡੇ ਵੱਲੋਂ ਕਹਾਣੀਆਂ ਬਾਰੇ ਟਿੱਪਣੀਆਂ ਪੇਸ਼ ਕੀਤੀਆਂ ਹਨਨਿਰਸੰਦੇਹ ਇਨ੍ਹਾਂ ਕਹਾਣੀਆਂ ਦੇ ਵਿਸ਼ੇ ਸਮਾਜ ਵਿੱਚ ਵਾਪਰਦੇ ਅੰਸ਼ਾਂ ਵਿੱਚੋਂ ਹੀ ਲਏ ਗਏ ਹਨਬਾਕੀ ਦਾ ਕੰਮ ਕਲਪਨਾ ਦਾ ਹੁੰਦਾ ਹੈਕਹਾਣੀ ਦੀ ਰੂਹ ਨੂੰ ਪੂਰਨਤਾ ਹਿਤ ਸਮਝਣ ਲਈ ਕਹਾਣੀ ਦਾ ਪਾਠ ਹੀ ਪਾਠਕ ਨੂੰ ਮਾਨਸਿਕ ਤਸੱਲੀ ਦੇ ਸਕਦਾ ਹੈ

? ਕੈਂਬੋ ਜੀ, ਲੱਗਦੇ ਹੱਥ ਦੂਸਰੇ ਕਹਾਣੀ ਸੰਗ੍ਰਹਿ (ਦਿਸ਼ਾਵਾਂ) ਬਾਰੇ ਵੀ ਗੱਲ ਕਰ ਲਈਏ ਇਸ ਸੰਗ੍ਰਹਿ ਦੀਆਂ ਕਹਾਣੀਆਂ ਵੀ ਪਾਠਕਾਂ ਨੂੰ ਕੀਲ ਕੇ ਬਿਠਾਈ ਰੱਖਦੀਆਂ ਹਨ‘ਦਿਸ਼ਾਵਾਂ’ ਕਹਾਣੀ ਦੀ ਸਿਰਜਣਾ ਬਾਰੇ ਕੀ ਕਹਿਣਾ ਚਾਹੋਗੇ? ਬਾਕੀ ਕਹਾਣੀਆਂ (ਭਟਕਣਾ, ਆਪਣਾ ਲਹੂ, ਮਮਤਾ, ਜ਼ਹਿਰੀਲੀ ਹਵਾ, ਸੁਪਨਿਆਂ ਦੀ ਸਿਰਜਣਾ) ਵੀ ਪਾਠਕ ਦੀ ਅੰਤਰ-ਆਤਮਾ ਨੂੰ ਟੁੰਬਣ ਦੀ ਸ਼ਕਤੀ ਰੱਖਦੀਆਂ ਹਨਇਨ੍ਹਾਂ ਦੀ ਸਿਰਜਣਾ ਬਾਰੇ ਵੀ ਕੁਝ ਦੱਸੋਪਰ ਆਲੋਚਕਾਂ ਦਾ ਕਹਿਣਾ ਹੈ ਕਿ ਕਿਤੇ ਕਿਤੇ ਨਿੱਜੀ ਵੇਰਵੇ ਵੀ ਮਿਲਦੇ ਹਨਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

: ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸਾਰੀਆਂ ਕਹਾਣੀਆਂ ਦੀ ਉਸਾਰੀ ਦੀ ਜਿੰਦ ਜਾਨ ਸਾਡਾ ਸਮਾਜ ਹੀ ਹੈਸਮਾਜ ਵਿੱਚੋਂ ਹੀ ਲੇਖਕ ਸਭ ਕੁਝ ਪਕੜਦਾ ਹੈਕਹਾਣੀ ਤਾਂ ਮਿੰਟ ਮਿੰਟ ’ਤੇ ਵਾਪਰਦੀ ਹੈ, ਤੁਹਾਡੇ ਮਾਨਸਿਕ ਝੁਕਾਅ ’ਤੇ ਨਿਰਭਰ ਕਰਦਾ ਹੈਹਰ ਲੇਖਕ ਆਪਣੀ ਆਪਣੀ ਵਿਧਾ ਅਨੁਸਾਰ ਕੰਮ ਕਰਦਾ ਹੈਜਿਸ ਵਿਧਾ ਵੱਲ ਉਹ ਕੰਮ ਕਰ ਰਿਹਾ ਹੋਵੇ, ਉਹੀ ਪ੍ਰਭਾਵ ਉਸ ਦੀ ਬੌਧਿਕਤਾ ਵਿੱਚ ਪਸਰਿਆ ਰਹਿੰਦਾ ਹੈਪ੍ਰੰਤੂ ਜੇ ਲੇਖਕ ਕਹਾਣੀਕਾਰ ਵੀ ਹੋਵੇ ਤਾਂ ਉਹ ਸਮੇਂ ਅਨੁਕੂਲ ਵਾਪਰਦੀਆਂ ਘਟਨਾਵਾਂ ਤੋਂ ਅਭਿੱਜ ਨਹੀਂ ਰਹਿ ਸਕਦਾਜਦੋਂ ਵੀ ਉਸ ਨੇ ਕਿਸੇ ਘਟਨਾ ਦਾ ਪ੍ਰਭਾਵ ਕਬੂਲ ਲਿਆ ਤਾਂ ਉਸ ਸੰਬੰਧੀ ਕਹਾਣੀ ਦੀ ਉਸਾਰੀ ਹੋ ਜਾਂਦੀ ਹੈਇਸ ਪ੍ਰਸ਼ਨ ਵਿਚਲੀਆਂ ਕਹਾਣੀਆਂ ਵੀ ਪਰਵਾਸੀ ਤੇ ਭਾਰਤੀ ਸਭਿਆਚਾਰ ਨਾਲ ਸੰਬੰਧ ਰੱਖਦੀਆਂ ਹਨ‘ਭਟਕਣਾ’ ਜਾਹਲੀ ਪਰਵਾਸੀ ਦੀ ਮਨੋ-ਸੰਵੇਦਨਾ ਨੂੰ ਪ੍ਰਗਟ ਕਰਦੀ ਹੈ‘ਆਪਣਾ ਲਹੂ’, ‘ਜ਼ਹਿਰੀਲੀ ਹਵਾ’ ਤੇ ‘ਸੁਪਨਿਆਂ ਦੀ ਸਿਰਜਣਾ’ ਆਦਿ ਇਹ ਕਹਾਣੀਆਂ ਭਾਰਤੀ ਪੰਜਾਬ ਦੇ ਪਿਛੋਕੜ ਨਾਲ ਸੰਬੰਧ ਰੱਖਦੀਆਂ ਹਨ‘ਆਪਣਾ ਲਹੂ’ ਕਹਾਣੀ ਵਿਚਲੇ ਪਾਤਰ ਆਪਣੇ ਬੱਚਿਆਂ ਲਈ ਖੂਨ ਡੋਹਲਦੇ ਹਨ ਪਰ ਇਸ ਦੇ ਇਵਜ਼ ਵਿੱਚ ਉਹ ਮਾਪਿਆਂ ਨੂੰ ਦੁੱਖ ਦਿੰਦੇ ਹਨਪ੍ਰੰਤੂ ਫਿਰ ਵੀ ਲਹੂ ਦੀ ਲੱਜ ਪਾਲਦਿਆਂ ਉਨ੍ਹਾਂ ਲਈ ਦੁੱਖ ਵੇਲੇ ਬਹੁੜਦੇ ਹਨ‘ਸੁਪਨਿਆਂ ਦੀ ਸਿਰਜਣਾ’ ਇੱਕ ਐਸੀ ਪਾਤਰਾ ਦੀ ਕਹਾਣੀ ਹੈ ਜੋ ਉੱਚੀ ਜਾਤ ਵਾਲੇ ਪਾਤਰ ਨਾਲ ਵਫਾਈ ਨਿਭਾਉਂਦੀ ਹੈ, ਪ੍ਰੰਤੂ ਉਸ ਨੂੰ ਇਸ ਦੇ ਬਦਲੇ ਨਿਰਾਸਤਾ ਹੀ ਪੱਲੇ ਪੈਂਦੀ ਹੈਉਸ ਦਾ ਪ੍ਰੇਮੀ ਧਰਮ ਪਾਲਣਾ ਤੋਂ ਪਿੱਠ ਮੋੜ ਜਾਂਦਾ ਹੈ ਅਤੇ ਪਾਤਰਾਂ ਦੀ ਸੁਪਨਿਆਂ ਦੀ ਦੁਨੀਆਂ ਵਿਛੁੰਨੀ ਜਾਂਦੀ ਹੈਇਸ ਕਹਾਣੀ ਦਾ ਆਸ਼ਾ ਇਹ ਦਿਰਸਾਉਣਾ ਹੈ ਕਿ ਸਾਡਾ ਸਮਾਜ ਅਜੇ ਉਸ ਲੈਵਲ ’ਤੇ ਨਹੀਂ ਪੁੱਜਿਆ ਜਿੱਥੇ ਪ੍ਰੇਮੀ ਆਪਣਾ ਪ੍ਰੇਮ ਨਿਭਾਉਣ ਦੇ ਸਮਰੱਥ ਹੋ ਸਕਦੇ ਹਨਜਾਤ ਪਾਤ ਦੀ ਦੀਵਾਰ ਏਡੀ ਛੇਤੀ ਢਾਹੀ ਨਹੀਂ ਜਾ ਸਕਦੀਸਮਾਜ ਨੂੰ ਕਈ ਮਰਹਲਿਆਂ ਵਿੱਚੋਂ ਲੰਘਣਾ ਪੈਣਾ ਹੈ

? ਤੁਹਾਡਾ ਕਹਾਣੀ ਲਿਖਣ ਦਾ ਮੰਤਵ ਕਿਸੇ ਸਮੱਸਿਆ ਨੂੰ ਪਾਠਕਾਂ ਦੇ ਸਨਮੁਖ ਕਰਨਾ ਹੈ ਜਾਂ ਕਿਸੇ ਹੋਰ ਮੰਤਵ ਨਾਲ ਕਹਾਣੀ ਲਿਖਦੇ ਹੋਬਹੁਤੀਆਂ ਕਹਾਣੀਆਂ ਮੈਨੂੰ ਪਾਤਰ ਪ੍ਰਧਾਨ ਲੱਗਦੀਆਂ ਹਨਇਨ੍ਹਾਂ ਦੀ ਸਿਰਜਣਾ ਬਾਰੇ ਕੁਝ ਦੱਸੋ?

: ਢਾਅ ਜੀ, ਕਹਾਣੀ ਲੇਖਕ ਕਿਸੇ ਸਮੱਸਿਆ ਨੂੰ ਸਾਹਮਣੇ ਰੱਖ ਕੇ ਕਹਾਣੀ ਨਹੀਂ ਲਿਖ ਸਕਦਾਕਹਾਣੀ ਤਾਂ ਕਿਸੇ ਨਾ ਕਿਸੇ ਘਟਨਾ ਨਾਲ ਸੰਬੰਧ ਰੱਖਦੀ ਹੈ, ਜੋ ਕਹਾਣੀ ਲੇਖਕ ਨੂੰ ਉਕਸਾਉਂਦੀ ਤੇ ਪ੍ਰੇਰਦੀ ਹੈਜਦੋਂ ਇਹ ਘਟਨਾ ਮਾਨਸਿਕਤਾ ਵਿੱਚ ਪੱਕ ਕੇ ਇੰਨੀ ਹਾਵੀ ਹੋ ਜਾਂਦੀ ਹੈ ਤਾਂ ਕਲਪਨਾ ਵਿਚ ਆਪਣਾ ਜਾਮਾ ਪਹਿਨ ਲੈਂਦੀ ਹੈਹਾਂ, ਕਹਾਣੀ ਲਿਖਣ ਲਈ ਸਿਰਫ਼ ਘਟਨਾ ਦਾ ਹੋਣਾ ਹੀ ਕਾਫੀ ਨਹੀਂ, ਕਹਾਣੀ ਲੇਖਕ ਨੂੰ ਸਿਰਜਣਾਤਮਕ ਰਚਨਾਵਾਂ ਤੇ ਹੋਰ ਗਿਆਨ ਵਰਧਕ ਵਿਸ਼ਿਆਂ ਨੂੰ ਪੜ੍ਹਦੇ ਰਹਿਣਾ ਵੀ ਲਾਜ਼ਮੀ ਹੈ, ਜੋ ਕਹਾਣੀ ਦੀ ਸਿਰਜਣਾ ਵਿੱਚ ਸਹਾਈ ਹੁੰਦੇ ਹਨਕਹਾਣੀ ਘਟਨਾ ਪ੍ਰਧਾਨ ਹੋਵੇ, ਮਨੋਵਿਗਿਆਨਕ ਪ੍ਰਧਾਨ ਹੋਵੇ ਜਾਂ ਪਾਤਰ ਪ੍ਰਧਾਨ ਹੋਵੇ, ਇਹ ਸਾਰਾ ਕੁਝ ਕਹਾਣੀ ਸਥਿਤੀਆਂ ਨਾਲ ਹੀ ਸੰਬੰਧਿਤ ਹੁੰਦਾ ਹੈ ਜਿੱਥੋਂ ਇਹ ਪੁੰਗਰ ਕੇ ਆਪਣਾ ਰੂਪ ਸਿਰਜ ਲੈਂਦੀ ਹੈ

? ਪ੍ਰੀਤਮ ਜੀ, ਹਾਲਾਤ ਦੇ ਬਦਲਣ ਨਾਲ ਕਹਾਣੀ, ਜਿਸ ਵਿੱਚ ਪਹਿਲਾਂ ਪਹਿਲ ਭੂ-ਹੇਰਵਾ, ਨਸਲਵਾਦ, ਤਿੜਕਦੇ ਰਿਸ਼ਤੇ, ਅਨਜੋੜ ਵਿਆਹਾਂ ਦੀ ਦਾਸਤਾਂ ਜਾਂ ਕਾਮ ਸੰਬੰਧੀ ਖੁੱਲ੍ਹ ਦੇ ਵਿਰੋਧ ਵਰਗੇ ਵਿਸ਼ਿਆਂ ਨੂੰ ਲੈ ਕੇ ਲਿਖੀ ਜਾਂਦੀ ਸੀ, ਅੱਜ ਦੀ ਬਰਤਾਨਵੀ ਪੰਜਾਬੀ ਕਹਾਣੀ ਕਿਹੋ ਜਿਹੇ ਵਿਸ਼ਿਆਂ ਨੂੰ ਆਪਣੇ ਕਲੇਵਰ ਵਿੱਚ ਲੈ ਰਹੀ ਹੈ?

: ਜਿਉਂ ਜਿਉਂ ਬਰਤਾਨਵੀ ਸਮਾਜ ਵਿੱਚ ਪਰਿਵਰਤਨ ਵਾਪਰਦੇ ਹਨ ਤਿਵੇਂ ਤਿਵੇਂ ਉਪਜਦੇ ਵਿਸ਼ਿਆਂ ਨੂੰ ਕਹਾਣੀ ਰੂਪ ਵਿੱਚ ਸਿਰਜਿਆ ਗਿਆ ਹੈਭੂ-ਹੇਰਵਾ, ਤਿੜਕਦੇ ਰਿਸ਼ਤੇ ਅਤੇ ਕਾਮਕਤਾ ਪ੍ਰਧਾਨ ਜਾਂ ਇਸ ਦੇ ਵਿਰੋਧ ਵਿਚ ਉਪਜੀਆਂ ਕਹਾਣੀਆਂ ਰਚੀਆਂ ਜਾਂਦੀਆਂ ਰਹੀਆਂ ਹਨਅੱਜ ਦਾ ਬਰਤਾਨਵੀ ਸਮਾਜ ਬਹੁਤ ਬਦਲ ਗਿਆ ਹੈਭੂ-ਹੇਰਵਾ ਪਹਿਲੀ ਸ਼ਿੱਦਤ ਵਾਲਾ ਨਹੀਂ ਰਿਹਾਜਿਨ੍ਹਾਂ ਲੋਕਾਂ ਨੇ ਭੂ-ਹੇਰਵੇ ਨੂੰ ਹੱਡੀਂ ਸਹਿਆ ਹੈ ਉਹ ਅੱਜ ਦੇ ਸਮੇਂ ਵਿੱਚ ਉਮਰਾਂ ਭੋਗ ਗਏ ਹਨ ਅਤੇ ਜਾਂ ਆਪਣੀਆਂ ਉਲਾਦਾਂ ਵੱਲੋਂ ਨਵੀਆਂ ਸਭਿਆਚਾਰਕ ਸਮੱਸਿਆਵਾਂ ਨੂੰ ਹੰਢਾ ਰਹੇ ਹਨ, ਉਨ੍ਹਾਂ ਨਾਲ ਉਹ ਦੁਖੀ ਹਨਇਨ੍ਹਾਂ ਦੇ ਪੋਤੇ ਪੋਤੀਆਂ ਪੰਜਾਬੀ ਰਹਿਤਲ ਤੋਂ ਮੁੱਖ ਮੋੜ ਕੇ ਗੈਰ ਪੰਜਾਬੀ ਸੰਬੰਧਾਂ ਨਾਲ ਆਪਣਾ ਨਾਤਾ ਜੋੜ ਰਹੇ ਹਨਬੱਚਿਆਂ ਦਾ ਮਾਂ ਬਾਪ ਲਈ ਪਹਿਲਾਂ ਵਾਲਾ ਸਤਿਕਾਰ ਨਹੀਂ ਰਿਹਾ, ਉਨ੍ਹਾਂ ਆਪਣੀਆਂ ਵਾਗਾਂ ਖੁੱਲ੍ਹੀਆਂ ਛੱਡ ਦਿੱਤੀਆਂ ਹਨਇਸ ਦੇ ਇਲਾਵਾ ਪੰਜਾਬ ਤੋਂ ਆਏ ਨਵੇਂ ਬੱਚਿਆਂ ਨੂੰ ਸੈਟਲ ਹੋਣ ਲਈ ਵੀ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਪੜ੍ਹਾਈ ਆਦਿ ਲਈ ਪਹਿਲੋਂ ਵਾਂਗ ਗਰਾਂਟਾਂ ਨਹੀਂ ਮਿਲ ਰਹੀਆਂ ਤੇ ਕਰਜੇ ਚੁੱਕ ਕੇ ਪੜ੍ਹਨਾ ਤੇ ਜ਼ਿੰਦਗੀ ਗੁਜ਼ਾਰਨ ਲਈ ਪੱਕੇ ਪੈਰੀਂ ਹੋਣਾ ਤੇ ਮਕਾਨਾਂ ਆਦਿ ਦੀ ਪ੍ਰਾਪਤੀ ਲਈ ਬਿੱਖੜੇ ਰਾਹਾਂ ਵਿੱਚੋਂ ਗੁਜ਼ਰਨਾ ਪੈਂਦਾ ਹੈਸਾਡਾ ਸਮਾਜ ਪਹਿਲੋਂ ਵਾਲਾ ਪੰਜਾਬੀ ਸਮਾਜ ਨਹੀਂ ਰਿਹਾ ਹੈਬੱਚੇ ਅਨੇਕਾਂ ਖੁੱਲ੍ਹਾਂ ਲੈ ਰਹੇ ਹਨਪਹਿਲਾਂ ਮਾਂ ਬਾਪ ਤੇ ਬੱਚਿਆਂ ਦੀ ਮਿਲਵੀਂ ਸਹਿਮਤੀ ਨਾਲ ਰਿਸ਼ਤੇ ਤੈਅ ਹੁੰਦੇ ਸਨਹੁਣ ਉਹ ਖੁਦ ਹੀ ਤੈਅ ਕਰ ਰਹੇ ਹਨ ਤੇ ਮਾਪਿਆਂ ਕੋਲ਼ੋਂ ਮੋਹਰ ਲਵਾਉਂਦੇ ਹਨ ਅਤੇ ਮਾਪਿਆਂ ਦੀਆਂ ਸ਼ੁਭ ਇਛਾਵਾਂ ਤੇ ਰਾਵਾਂ ਨੂੰ ਵਿਸਾਰ ਕੇ ਆਪ ਹੀ ਮਾਪਿਆਂ ਵਾਲੀ ਪ੍ਰਵਾਨਗੀ ਦੇ ਪਾਤਰ ਬਣ ਕੇ ਰਿਸ਼ਤੇ ਨੂੰ ਅੰਤਿਮ ਰੂਪ ਦੇ ਲੈਂਦੇ ਹਨਇਹ ਸਮਾਜਿਕ ਰੁਖ ਹੈਭਾਵੇਂ ਸਾਰੇ ਬੱਚੇ ਇਸ ਦੇ ਭਾਗੀਦਾਰ ਨਹੀਂ ਹਨ ਪਰ ਭਵਿੱਖ ਦੀ ਹੋਣੀ ਵਿੱਚ ਕੀ ਕੁਝ ਲੁਕਿਆ ਪਿਆ ਹੈ, ਇਹ ਤਾਂ ਸਮਾਂ ਹੀ ਦੱਸੇਗਾਹਾਂ, ਕੁਝ ਪ੍ਰੋਫੈਸ਼ਨਲ ਬੱਚੇ ਆਰਥਿਕ ਤੰਗੀਆਂ ਨੂੰ ਝੱਲ ਕੇ ਆਪਣੀ ਮਿਹਨਤ ਤੇ ਲਿਆਕਤ ਨਾਲ ਆਪਣੀ ਬਿਹਤਰ ਜ਼ਿੰਦਗੀ ਸਿਰਜ ਲੈਂਦੇ ਹਨਕਈ ਆਪਣੇ ਭਾਈਚਾਰੇ ਦਾ ਨਾਮ ਵੀ ਉੱਚਿਆਂ ਕਰ ਜਾਂਦੇ ਹਨ ਤੇ ਕਈ ਦੂਜੇ ਕਲਚਰ ਨਾਲ ਨਾਤਾ ਜੋੜ ਕੇ ਵੀ ਆਪਣੀ ਹਸਤੀ ਤੇ ਸਭਿਆਚਾਰਕ ਰਵਾਇਤਾਂ ਨੂੰ ਨਹੀਂ ਵਿਸਾਰਦੇਅਜਿਹੀਆਂ ਪਰਸਥਿਤੀਆਂ ਨੂੰ ਧਿਆਨ ਵਿੱਚ ਰੱਖ ਕੇ ਕਹਾਣੀਆਂ ਲਿਖੀਆਂ ਜਾ ਰਹੀਆਂ ਹਨਇਸਦੇ ਇਲਾਵਾ ਹੋਰ ਸਾਮਿਅਕ ਵਿਸ਼ਿਆਂ ਨੂੰ ਵੀ ਲੇਖਕ ਸਾਹਮਣੇ ਰੱਖ ਕੇ ਕਹਾਣੀਕਾਰ ਕਹਾਣੀ ਸਿਰਜਣਗੇ

? ਤੁਸੀਂ ਜਦੋਂ ਕੋਈ ਸਿਰਜਣਾ ਕਰਦੇ ਹੋ ਤਾਂ ਉਹ ਪਾਠਕਾਂ ਦੇ ਹੱਥਾਂ ਤੱਕ ਪਹੁੰਚਣ ਲਈ ਕਿੰਨੀਆਂ ਕੁ ਪੜ੍ਹਤਾਂ ਵਿੱਚੋਂ ਲੰਘਦੀ ਹੈ? ਜਦੋਂ ਕੋਈ ਕਹਾਣੀ ਤੁਹਾਡੇ ਅੰਦਰ ਆਪਣਾ ਘਰ ਬਣਾਉਂਦੀ ਹੈ, ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਿਹੋ ਜਿਹਾ ਸਮਾਂ, ਸਥਾਨ ਜਾਂ ਵਾਤਾਵਰਣ ਦੀ ਲੋੜ ਮਹਿਸੂਸ ਕਰਦੇ ਹੋ?

: ਸਿਰਜਣਾਤਮਕ ਰਚਨਾ ਨੂੰ ਸਿਰਜਦਿਆਂ ਸਮੇਂ ਦੀ ਕੋਈ ਸੀਮਾ ਨਹੀਂ ਹੈਕਦੀ ਕਦੀ ਕਹਾਣੀ ਇੱਕ ਅੱਧ ਦਿਨ ਵਿੱਚ ਵੀ ਲਿਖੀ ਜਾਂਦੀ ਹੈਕਦੀ ਕਦੀ ਮਹੀਨੇ ਤੇ ਸਾਲਾਂ ਬੱਧੀ ਵੀ ਲੰਘ ਜਾਂਦੇ ਹਨਇਹ ਤੁਹਾਡੇ ਮਾਨਸਿਕ ਝੁਕਾਅ ਤੇ ਮੁਨੱਸਰ ਕਰਦਾ ਹੈਕੋਈ ਘਟਨਾ ਘਟੀ - ਦੇਖੀ, ਪ੍ਰਭਾਵ ਲਿਆ, ਪ੍ਰੰਤੂ ਪਾਸਾਰ ਨਾ ਬਣਿਆਇਸ ਦਾ ਇਹ ਵੀ ਕਾਰਣ ਹੈ ਕਿ ਤੁਸੀਂ ਹੋਰ ਕਾਰਜ ਵੀ ਕਰਦੇ ਹੋਉਹਦੇ ਵਿੱਚ ਜ਼ਿਆਦਾ ਰੁਚਿਤ ਹੋ ਗਏ ਤਾਂ ਸਿਰਜਣਾਤਮਕਤਾ ’ਤੇ ਸੱਟ ਵੱਜਦੀ ਹੈਇਸ ਤਰ੍ਹਾਂ ਸਮੇਂ ਦੀ ਸੀਮਾ ਫੈਲ ਜਾਂਦੀ ਹੈਬਹੁਤੀਆਂ ਕਹਾਣੀਆਂ ਦੀਆਂ ਘਟਨਾਵਾਂ/ਅਨਭਵਾਂ ਨੂੰ ਗ੍ਰਹਿਣ ਕੀਤਾ ਹੈਪ੍ਰੰਤੂ ਦੂਜਿਆਂ ਸਾਹਿਤਕ ਕਾਰਜਾਂ ਨੇ ਤੁਹਾਡੀ ਮਾਨਸਿਕਤਾ ਨੂੰ ਵਲ਼ ਲਿਆਅਨੇਕਾਂ ਸਾਲਾਂ ਤੋਂ ਚਿਤਵੀਆਂ ਕਹਾਣੀਆਂ ਅਜੇ ਤੱਕ ਲਿਖਤੀ ਜਾਮਾ ਨਹੀਂ ਪਹਿਨ ਸਕੀਆਂਇਹ ਮੇਰਾ ਹੋਰਨਾਂ ਵਿਸ਼ਿਆਂ ਤੇ ਵਿਧਾਵਾਂ ਵੱਲ ਰੁਚਿਤ ਹੋਣ ਕਰਕੇ ਹੈਜਿਹੜੇ ਲੇਖਕ ਨਿਰੋਲ ਸਿਰਜਣਾਤਮਕ ਰਹਿੰਦੇ ਹਨ, ਉਨ੍ਹਾਂ ਦੀ ਰਚਨਾਤਮਿਕਤਾ ਹਰ ਸਮੇਂ ਭਾਵਕਤਾ ਦੇ ਜੋਸ਼ ਦਾ ਝੁਕਾਅ ਰੱਖਦੀ ਹੈਸਮਾਂ, ਸਥਾਨ ਤੇ ਵਾਤਾਵਰਣ ਤੁਹਾਡੀ ਮਾਨਸਿਕ ਸਥਿਤੀ ’ਤੇ ਨਿਰਭਰ ਕਰਦਾ ਹੈਨੋਟ ਤਾਂ ਕਿਤੇ ਅਤੇ ਕਿਸੇ ਸਮੇਂ ਵੀ ਲੈ ਹੋ ਜਾਂਦੇ ਹਨ, ਪਰ ਲਿਖਣ-ਕਾਰਜ ਤਾਂ ਕੁਰਸੀ ’ਤੇ ਟਿਕ ਕੇ, ਬਹਿ ਕੇ ਟੇਬਲ ਦੇ ਆਸਰੇ ਨਾਲ ਹੀ ਕੀਤਾ ਜਾਂਦਾ ਹੈ

? ਪ੍ਰੀਤਮ ਜੀ, ਕਹਾਣੀ ਲਿਖਦਿਆਂ ਕਦੇ ਇਸ ਤਰ੍ਹਾਂ ਵੀ ਹੋਇਆ ਕਿ ਤੁਹਾਡੇ ਪਾਤਰ ਤੁਹਾਡੇ ਵੱਸੋਂ ਬਾਹਰ ਹੋ ਕੇ ਕਹਾਣੀ ਨੂੰ ਕਿਸੇ ਹੋਰ ਪਾਸੇ ਮੋੜਾ ਦੇ ਗਏ ਹੋਣ?

-ਜਿਹੜਾ ਵੀ ਪਾਤਰ ਕਹਾਣੀ ਰੂਪ ਸੰਬੰਧੀ ਸਿਰਜਿਆ ਜਾਂਦਾ ਹੈ, ਉਹ ਆਪਣੀ ਸਥਿਤੀ ਅਨੁਸਾਰ ਹੀ ਤੁਰਦਾ ਹੈਉਸ ਨੂੰ ਉਸ ਸਥਿਤੀ ਅਨੁਸਾਰ ਹੀ ਕਹਾਣੀ ਲੇਖਕ ਤੋਰਦਾ ਹੈਕਈ ਦਫਾ ਉਸ ਦੀ ਮਾਨਸਿਕ ਸਥਿਤੀ ਘਟਨਾ ਅਨੁਕੂਲ ਨਾ ਹੋ ਕੇ ਥੋੜ੍ਹੀ ਜਿਹੀ ਇੱਧਰ ਉੱਧਰ ਵੀ ਹੋ ਜਾਂਦੀ ਹੈਕਹਾਣੀ ਲੇਖਕ ਦਾ ਫ਼ਰਜ਼ ਹੈ ਕਿ ਸਥਿਤੀ ਤੇ ਮਾਨਸਿਕਤਾ ਦੀ ਮਿਲਵੀਂ ਸੁਰ ਅਨੁਸਾਰ ਕਹਾਣੀ ਨੂੰ ਅੱਗੇ ਤੋਰੇ ਤੇ ਪਾਤਰ ਨੂੰ ਵੀ ਤੋਰੇਆਪਣੇ ਵੱਲੋਂ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਕਿ ਇਹ ਸੰਤੁਲਨ ਬਣਿਆ ਰਹੇਕਈ ਵਾਰ ਪਾਠਕ ਇਨ੍ਹਾਂ ਗੱਲਾਂ ਨੂੰ ਪਕੜ ਲੈਂਦੇ ਹਨ

? ਕਹਾਣੀ ਸੰਗ੍ਰਹਿਆਂ ਦੇ ਨਾਲ ਹੀ ਇੱਕ ਤੁਹਾਡੀ ਕਿਤਾਬ `ਬਰਤਾਨਵੀ ਪੰਜਾਬੀ ਸਾਹਿਤ` ਦੀ ਬਹੁਤ ਚਰਚਾ ਹੋਈਇਸ ਕਿਤਾਬ ਦੀ ਸਿਰਜਣਾ ਬਾਰੇ ਕੁਝ ਦੱਸੋਤੁਸੀਂ ਸਾਹਿਤਕ ਕਿਰਤਾਂ ਲਈ ਸਮਾਂ ਕਿਸ ਤਰ੍ਹਾਂ ਕੱਢਿਆ ਤੇ ਰਚਨਾਵਾਂ ਦੇ ਸਾਹਿਤਕ ਅਧਿਐਨ ਤੋਂ ਬਾਅਦ ਇਹ ਬਹੁਮੁੱਲੀਆਂ ਕਿਰਤਾਂ ਪੰਜਾਬੀ ਸਾਹਿਤ ਦੇ ਪਾਠਕਾਂ ਨੂੰ ਦਿੱਤੀਆਂ?

: ਨਿਰਸੰਦੇਹ ਬਰਤਾਨਵੀ ਪੰਜਾਬੀ ਸਾਹਿਤਕ ਪੁਸਤਕ ਵੀ ਚਰਚਾ ਵਿਚ ਰਹੀਇਹ ਮੇਰੀ ਆਲੋਚਨਾ ਦੀ ਪਹਿਲੀ ਪੁਸਤਕ ਸੀਤੁਸੀਂ ਵੇਖਿਆ ਹੈ ਕਿ ਇਸ ਪੁਸਤਕ ਦੇ ਲੇਖ ਵੱਖ ਵੱਖ ਵਿਸ਼ਿਆਂ ਨਾਲ ਸੰਬੰਧ ਰੱਖਦੇ ਹਨਇਸ ਪੁਸਤਕ ਵਿਚਲੇ ਲੇਖ ਵੀ ਸਮੇਂ ਦੀ ਮੰਗ ਅਨੁਸਾਰ ਹੀ ਲਿਖੇ ਗਏ ਹਨਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਮੈਂ ਕਹਾਣੀ-ਸਿਰਜਣਾ ਦੇ ਨਾਲ ਹੋਰ ਵਿਧਾਵਾਂ ਵਿੱਚ ਵੀ ਕੰਮ ਕੀਤਾ ਹੈਪ੍ਰੰਤੂ ਆਲੋਚਨਾ ਦੇ ਕਾਰਜ ਨੂੰ ਮੈਂ ਆਪਣੇ ਜ਼ਿੰਮੇ ਲਿਆ ਹੈਪਰਵਾਸੀ ਸਾਹਿਤ ਨੂੰ ਵੀ ਆਪਣੇ ਅਧਿਐਨ ਦਾ ਅੰਗ ਬਣਾ ਲਿਆਇਸ ਸੰਬੰਧ ਵਿੱਚ ਮੇਰੇ ਲੇਖ ‘ਬਰਤਾਨਵੀ ਪੰਜਾਬੀ ਵਾਰਤਕ’, ‘ਬਰਤਾਨਵੀ ਪੰਜਾਬੀ ਕਹਾਣੀ ਰੂਪ ਤੇ ਸ਼ਿਲਪ’, ‘ਘਰ ਸੁੱਖ ਵਸਿਆ’, ‘ਨਾਨਕਤਾ-ਇੱਕ ਅਧਿਐਨ’, ‘ਮੇਰੇ ਪਰਤ ਆਉਣ ਤਕ’ ਆਦਿ ਪਰਵਾਸੀ ਸਾਹਿਤ ਤੇ ਸਾਹਿਤਕਾਰਾਂ ਦੀਆਂ ਰਚਨਾਵਾਂ ਨਾਲ ਸੰਬੰਧਿਤ ਹਨਬਹੁਤੇ ਲੇਖ ਸਮੇਂ ਦੀ ਲੋੜ ਅਨੁਸਾਰ ਪਰਚਿਆਂ ਦੇ ਰੂਪ ਵਿੱਚ ਲਿਖੇ ਗਏ ਹਨਦੂਜੀ ਭਾਂਤ ਦੇ ਲੇਖ ਆਪਣੇ ਪੀ. ਐੱਚ. ਡੀ. ਦੇ ਖੋਜ ਕਾਰਜ ਨਾਲ ਸੰਬੰਧਿਤ ਹਨ ਜਿਵੇਂ ਪੰਜਾਬੀ ਦਾ ਪ੍ਰਤੀਬੰਧਿਤ ਸਾਹਿਤ ਅਤੇ ਹੋਰ ਚਾਰ ਪੰਜ ਲੇਖ ਰਾਸ਼ਟਰੀ ਲਹਿਰਾਂ ਨਾਲ ਸੰਬੰਧਿਤ ਹਨਇੱਕ ਲੇਖ ‘ਦੀਵਾਨ ਸਿੰਘ ਕਾਲੇ ਪਾਣੀ ਦੀ ਵਾਰਤਕ’ ਬਾਰੇ ਲਿਖਿਆਇਨ੍ਹਾਂ ਲੇਖਾਂ ਦੀ ਸਿਰਜਣਾ ਖੋਜ-ਕਾਰਜ ਕਰਦਿਆਂ ਹੋਈਪਰਵਾਸੀ ਸਾਹਿਤ ਨਾਲ ਜੁੜਨ ਕਰਕੇ ਇਸ ਸਾਹਿਤ ਨਾਲ ਸੰਬੰਧਿਤ ਆਲੋਚਨਾਤਮਕ ਲੇਖਾਂ ਦਾ ਕਾਰਜ ਨੇਪਰੇ ਚੜ੍ਹਿਆਭਾਵੇਂ ਇਸ ਪੁਸਤਕ ਦੇ ਲੇਖ ਰਲੇ ਮਿਲੇ ਹਨ, ਪ੍ਰੰਤੂ ਇਹ ਲੇਖ ਨਿੱਠ ਕੇ ਲਿਖੇ ਗਏ ਹੋਣ ਕਰਕੇ ਇਨ੍ਹਾਂ ਦਾ ਯੋਗ ਮੁੱਲ ਪਿਆਇਸ ਪੁਸਤਕ ਬਾਰੇ ਹੋਏ ਰੀਵੀਊਆਂ ਵਿੱਚੋਂ ਸਾਰਥਕ ਮੁਲਾਂਕਣ ਦਾ ਪਤਾ ਲੱਗਦਾ ਹੈ

? ਪੰਜਾਬੋਂ ਬਾਹਰਲੇ ਪੰਜਾਬੀ ਸਾਹਿਤ ਨੂੰ, ਪੰਜਾਬ ਵਿੱਚ ਬਹੁਤੀ ਮਾਨਤਾ ਨਹੀਂ ਦਿੰਦੀ ਜਾਂਦੀ ਰਹੀ, ਸਗੋਂ ਇਹ ਕਹਿ ਕੇ ਨਿਕਾਰ ਦਿੱਤਾ ਜਾਂਦਾ ਰਿਹਾ ਹੈ ਕਿ ਇਹ ਤਾਂ ਡਾਲਰਾਂ ਪੌਂਡਾਂ ਦਾ ਸਾਹਿਤ ਹੈਤੁਹਾਨੂੰ ਲੱਗਦਾ ਹੈ ਕਿ ਅੱਜ ਪੰਜਾਬ ਦੇ ਵਿਦਵਾਨ ਬਾਹਰਲੇ ਪੰਜਾਬੀ ਸਾਹਿਤ ਨੂੰ ਸਮੁੱਚੇ ਪੰਜਾਬੀ ਸਾਹਿਤ ਦਾ ਅੰਗ ਮੰਨਣ ਲਈ ਤਿਆਰ ਹਨ?

: ਪਰਵਾਸੀ ਪੰਜਾਬੀ ਸਾਹਿਤ ਨੂੰ ਡਾਲਰਾਂ ਪੌਂਡਾਂ ਦਾ ਸਾਹਿਤ ਕਹਿ ਕੇ ਨਿਕਾਰਨ ਦੀ ਚਰਚਾ ਵੀ ਭਾਰਤੀ ਪੰਜਾਬੀ ਸਾਹਿਤ ਦੇ ਕੁਝ ਦਾਨਿਸ਼ਵਰਾਂ ਵੱਲੋਂ ਕੀਤੀ ਜਾ ਰਹੀ ਹੈਪ੍ਰੰਤੂ ਸਾਰੇ ਪੰਜਾਬੀ ਹਿਤੂ ਸਾਹਿਤਕਾਰਾਂ ਦੀ ਇਹ ਰਾਏ ਨਹੀਂ ਹੈਮੇਰੇ ਖ਼ਿਆਲ ਅਨੁਸਾਰ ਪੰਜਾਬੀ ਸਾਹਿਤ ਜਿੱਥੇ ਵੀ ਲਿਖਿਆ ਜਾਂਦਾ ਹੈ, ਉਹ ਪੰਜਾਬੀ ਸਾਹਿਤ ਹੀ ਹੈਹਾਂ, ਸਮੇਂ ਸਥਾਨ ਦੀਆਂ ਪਰਸਥਿਤੀਆਂ ਦਾ ਰੰਗ ਜ਼ਰੂਰ ਵੱਖਰਾ ਹੁੰਦਾ ਹੈਕੱਚਾ ਸਾਹਿਤ ਪੰਜਾਬ ਵਿੱਚ ਵੀ ਲਿਖਿਆ ਜਾਂਦਾ ਹੈ ਤੇ ਪਰਵਾਸ ਵਿੱਚ ਵੀਪ੍ਰੰਤੂ ਸਮੁੱਚੇ ਸਾਹਿਤ ਤੇ ਅਸੀਂ ਇਹ ਲੇਬਲ ਨਹੀਂ ਲੱਗਾ ਸਕਦੇਪਰਵਾਸੀ ਸਾਹਿਤਕਾਰਾਂ ਵਿੱਚ ਭਾਰਤੀ ਪੰਜਾਬੀ ਸਾਹਿਤਕਾਰਾਂ ਨਾਲੋਂ ਘੱਟ ਪ੍ਰੇਮ ਨਹੀਂ ਹੈਹਾਂ, ਵਾਤਾਵਰਣ ਦਾ ਪ੍ਰਭਾਵ ਜ਼ਰੂਰ ਹੋ ਸਕਦਾ ਹੈ ਕਿਉਂਕਿ ਭਾਰਤ ਵਿਚਲੇ ਮਾਹੌਲ ਦਾ ਬਾਹਰ ਬੈਠੇ ਪਰਵਾਸੀ ਲੇਖਕਾਂ ਵਿੱਚ ਉਸ ਸ਼ਿੱਦਤ ਨਾਲ ਨਹੀਂ ਹੋ ਸਕਦਾਪਰ ਅੱਜ ਕੱਲ੍ਹ ਸੰਚਾਰ-ਸਹੂਲਤਾਂ ਵਧ ਗਈਆਂ ਹਨਇਸ ਲਈ ਪਰਵਾਸੀ ਲੇਖਕ ਵੀ ਬਹੁ-ਵਿਧਾਵਾਂ ਵਿੱਚ ਲਿਖ ਰਹੇ ਹਨਸਤਨਾਮ ਜੀ, ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਪਰਵਾਸੀ ਲੇਖਕਾਂ ਦੀਆਂ ਪੁਸਤਕਾਂ ਨੂੰ ਸਿਲੇਬਸ ਦਾ ਹਿੱਸਾ ਬਣਾ ਕੇ ਪੜ੍ਹਾਇਆ ਜਾਣ ਨਾਲ, ਪਰਵਾਸੀ ਸਾਹਿਤਕਾਰਾ ਦੇ ਕੰਮਾਂ ‘ਤੇ ਐੱਮ ਫਿਲ ਅਤੇ ਪੀ. ਐੱਚ. ਡੀਜ਼ ਵੀ ਹੋ ਰਹੀਆ ਹਨ ਇਸ ਤੋਂ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਵਿਦਵਾਨ ਪੰਜਾਬ ਤੋਂ ਬਾਹਰਲੇ ਪੰਜਾਬੀ ਸਹਿਤ ਨੂੰ ਸਮੁੱਚੇ ਪੰਜਾਬੀ ਸਾਹਿਤ ਦਾ ਅੰਗ ਮੰਨ ਰਹੇ ਹਨ ਅਤੇ ਮਾਨਤਾ ਵੀ ਦੇ ਰਹੇ ਹਨ

? ਪ੍ਰੀਤਮ ਜੀ, ਅਧਿਆਪਨ ਦਾ ਕਿੱਤਾ ਤੁਹਾਡੀ ਲੇਖਣੀ ਵਿੱਚ ਕਿੰਨਾ ਕੁ ਅਤੇ ਕਿਸ ਰੂਪ ਵਿੱਚ ਸਹਾਈ ਹੋਇਆ ਸਮਝਦੇ ਹੋ?

: ਢਾਅ ਜੀ, ਅਧਿਆਪਨ ਦਾ ਕਿੱਤਾ ਮੇਰੀ ਸਿਰਜਣਾ ਵਿੱਚ ਬਹੁਤਾ ਸਹਾਈ ਨਹੀਂ ਹੋਇਆ ਕਿਉਂਕਿ ਮੈਂ ਸੈਕੰਡਰੀ ਸਕੂਲ ਵਿੱਚ ਪੜ੍ਹਾਉਂਦਾ ਸੀ ਤੇ ਇਹ ਕੰਮ ਅਕਾਦਮਿਕ ਪੱਧਰ ਦਾ ਸੀਇਸ ਵਿੱਚ ਸਾਹਿਤ ਦਾ ਕੋਈ ਸਿੱਧਾ ਦਖ਼ਲ ਨਹੀਂ ਸੀਹਾਂ, ਮੈਂ ਤਿੰਨ/ਚਾਰ ਸਾਲ ਏ ਲੈਵਲ ਦੇ ਵਿਦਿਆਰਥੀਆਂ ਨੂੰ ਵੀ ਪੜ੍ਹਾਇਆ ਹੈਉਸ ਵਿੱਚ ਸਾਹਿਤ ਦਾ ਕੁਝ ਅੰਸ਼ ਸੀਪ੍ਰੰਤੂ ਇੱਥੇ ਵੀ ਉੱਚੇ ਪੱਧਰ ਦੇ ਸਾਹਿਤ ਨਾਲ ਰਾਬਤਾ ਨਹੀਂ ਸੀ ਬਣਿਆਇਹ ਸਕੂਲੀ ਕਿਸਮ ਦਾ ਕਾਰਜ ਸੀਪ੍ਰੰਤੂ ਅਧਿਆਪਨ ਦਾ ਮਾਹੌਲ ਹੋਣ ਕਰਕੇ ਪ੍ਰੋਖ ਰੂਪ ਵਿੱਚ ਸਾਹਿਤ ਨਾਲ ਜੁੜਨ ਵਿੱਚ ਸਹਾਈ ਜ਼ਰੂਰ ਹੋਇਆਸਕੂਲ ਦੇ ਵਿਹਲੇ ਪੀਰੀਅਡਾਂ ਵਿੱਚ ਵੀ ਸਾਹਿਤ-ਅਧਿਐਨ ਵਿੱਚ ਰੁਝਿਆ ਰਹਿੰਦਾ ਸਾਂਸਕੂਲ ਵਿੱਚ ਛੁੱਟੀਆਂ ਵੀ ਕਾਫੀ ਹੁੰਦੀਆਂ ਸਨਇਹ ਵੀ ਸਾਹਿਤਕ-ਕਾਰਜਕਾਰੀ ਤੇ ਅਧਿਐਨ ਵਿੱਚ ਸਹਾਈ ਹੁੰਦੀਆਂ ਸਨ

? ਤੁਹਾਡੇ ਕਿਤਾਬਾਂ ਦੇ ਭੰਡਾਰ ਤੋਂ ਤਾਂ ਇਹ ਗੱਲ ਦਾ ਤਾਂ ਮੈਨੂੰ ਭਲੀ ਭਾਂਤ ਪਤਾ ਲੱਗਦਾ ਕਿ ਤੁਸੀਂ ਅਧਿਅਨ ਬਹੁਤ ਕਰਦੇ ਹੋਤੁਸੀਂ ਪੰਜਾਬੀ ਸਾਹਿਤ ਦੇ ਸਿਰਮੌਰ ਲੇਖਕਾਂ ਤੋਂ ਬਿਨਾਂ ਦੂਜੀਆਂ ਭਾਸ਼ਾਵਾਂ ਦੇ ਕਿਹੜੇ ਲੇਖਕਾਂ ਨੂੰ ਪੜ੍ਹਨਾ ਪਸੰਦ ਕਰਦੇ ਹੋ?

-ਮੇਰੀ ਪੜ੍ਹਨ ਰੁਚੀ ਨਿਰੰਤਰ ਵੀ ਹੈ ਤੇ ਕਈ ਪੱਖਾਂ ਤੋਂ ਪੜ੍ਹਨ ਲਈ ਪ੍ਰੇਰਦੀ ਵੀ ਹੈਤੁਹਾਡਾ ਸਵਾਲ ਜਿੰਨਾ ਛੋਟਾ ਹੈ, ਉੱਨਾ ਹੀ ਇਹ ਵਿਸ਼ਾਲ ਪਰਤਾਂ ਵਾਲਾ ਹੈਤੁਸੀਂ ਪੁੱਛਿਆ ਹੈ ਕਿ ਤੁਸੀਂ ਪੰਜਾਬੀ ਦੇ ਸਿਰਮੌਰ ਲੇਖਕਾਂ ਤੋਂ ਇਲਾਵਾ ਹੋਰ ਕਿਹੜੇ ਲੇਖਕਾਂ ਨੂੰ ਪੜ੍ਹਨਾ ਪਸੰਦ ਕਰਦੇ ਹੋਪਹਿਲਾਂ ਸੰਖੇਪ ਤੌਰ ’ਤੇ ਪੰਜਾਬੀ ਸਾਹਿਤ ਦੀ ਗੱਲ ਕਰ ਲਈਏਪੰਜਾਬੀ ਸਾਹਿਤ ਨੂੰ ਪੂਰੀ ਤਰ੍ਹਾਂ ਸਮਝਣ ਲਈ ਇਸ ਦੇ ਵਿਭਿੰਨ ਪੜਾਵਾਂ ਦੇ ਚੋਣਵੇਂ ਸਾਹਿਤ ਨਾਲ ਵਾਕਫੀ ਪੈਦਾ ਕੀਤੀ ਹੈ ਤੇ ਅੱਗੇ ਹੋਰ ਪੜ੍ਹਨ ਲਈ ਲਗਨ ਵੀ ਜਾਰੀ ਹੈਸਾਹਿਤ ਦੀਆਂ ਇਹ ਧਾਰਾਵਾਂ ਹਨ: ਕਿੱਸਾ ਸਾਹਿਤ, ਵਾਰ ਸਾਹਿਤ, ਭਗਤੀ ਸਾਹਿਤ, ਸੂਫੀ ਸਾਹਿਤ, ਗੁਰਮਤਿ ਸਾਹਿਤ, ਲੋਕ ਸਾਹਿਤ ਅਤੇ ਆਧੁਨਿਕ ਸਾਹਿਤਮੁੱਢਲੇ ਸਾਹਿਤਕਾਰਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਸਾਹਿਤ ਦਾ ਇਕੱਤਰੀਕਰਨ ਕੀਤਾ ਤੇ ਸੰਪਾਦਨ ਕਰਕੇ ਪੰਜਾਬੀ ਸਾਹਿਤ ਦਾ ਭੰਡਾਰ ਕਾਇਮ ਕੀਤਾਆਧੁਨਿਕ ਸਾਹਿਤ ਦੇ ਹਰ ਵਿਧਾ ਦੇ ਮੁੱਢਲੇ ਸਾਹਿਤਕਾਰਾਂ ਤੋਂ ਲੈ ਕੇ ਅਗਲੇ ਪੜਾਵਾਂ ਵਿੱਚੋਂ ਲੰਘਦਿਆਂ ਵਰਤਮਾਨ ਸਾਹਿਤ ਨੂੰ ਜਾਚਣ ਦੀ ਰੁਚੀ ਜਾਰੀ ਰਹਿੰਦੀ ਹੈਸਾਹਿਤਕਾਰਾਂ ਦੀ ਲਿਸਟ ਬਹੁਤ ਲੰਮੇਰੀ ਹੈ, ਇਸ ਲਈ ਸੀਮਤ ਰਹਿਣਾ ਹੀ ਯੋਗ ਹੈਭਾਰਤੀ ਸਾਹਿਤ ਬਾਰੇ ਮੁਨਸ਼ੀ ਪ੍ਰੇਮ ਚੰਦ, ਰਾਬਿੰਦਰ ਨਾਥ ਟੈਗੋਰ, ਸਵਾਮੀ ਵਿਵੇਕਾ ਨੰਦ, ਡਾ. ਰਾਧਾ ਕ੍ਰਿਸ਼ਨਨ, ਮਹਾਸ਼ਾਵੇਤਾ ਦੇਵੀ ਤੇ ਖੁਸ਼ਵੰਤ ਸਿੰਘ ਆਦਿ ਬਾਰੇ ਕੁਝ ਪੜ੍ਹਿਆ ਹੈ ਅਤੇ ਹੋਰ ਜਾਨਣ ਦੀ ਲੋਚਾ ਜਾਰੀ ਹੈਇਸ ਦੇ ਇਲਾਵਾ ਪਰਚਿਆਂ ਵਿੱਚੋਂ ਵੀ ਬਹੁਤ ਕੁਝ ਪ੍ਰਾਪਤ ਹੁੰਦਾ ਹੈਸਮਕਾਲੀ ਸਾਹਿਤ, ਹੁਣ, ਫਿਲਹਾਲ, ਕਹਾਣੀ ਪੰਜਾਬ, ਸਿਰਜਣਾ, ਧਰਤੀ ਦਾ ਸੂਰਜ, ਐਤਵਾਰਤਾ, ਪੰਜਾਬੀ ਟ੍ਰਿਬਿਊਨ ਤੋਂ ਇਲਾਵਾ ਇੰਡੀਅਨ ਲਿਟਰੇਚਰ ਅਤੇ ਸਿੱਖ ਰੀਵੀਊੂ ਆਦਿ ਸ਼ਾਮਲ ਹਨ ਜਿਨਾਂ ਨੂੰ ਨਿਰੰਤਰ ਪੜ੍ਹਦਾ ਹਾਂ ਅਤੇ ਇੰਟਰਨੈਟ ’ਤੇ ਡਾ. ਗੁਰਦਿਆਲ ਸਿੰਘ ਰਾਏ ਦੇ ‘ਲਿਖਾਰੀ’ ਨੂੰ ਵੀ

ਅੰਗਰੇਜ਼ੀ ਸਾਹਿਤ ਨੂੰ ਵੀ ਅਨੁਵਾਦਿਤ ਰੂਪ ਵਿੱਚ ਕੁਝ ਨਾ ਕੁਝ ਪੜ੍ਹਿਆ ਹੈਪਰ ਵਿਸਤ੍ਰਿਤ ਰੂਪ ਵਿੱਚ ਨਹੀਂਪ੍ਰੰਤੂ ਥਾਮਸ ਹਾਰਡੀ, ਸ਼ੈਕਸਪੀਅਰ, ਟਾਲਸਟਾਇ, ਗੋਰਕੀ, ਦੋਸਤੋਵਸਕੀ, ਵਿਕਟਰ ਹਿਊਗੋ, ਡੀ-ਐੱਚ-ਲਾਰੈਂਸ, ਚਾਰਲਸ ਡਿਕਨਜ਼, ਜੇਨ ਆਸਟਨ ਆਦਿ ਸਾਹਿਤਕਾਰ ਸਾਹਿਤਕਤਾ ਲਈ ਗਿਆਨ ਤੇ ਕਲਾ ਦੀ ਪ੍ਰਾਪਤੀ ਵਜੋਂ ਬਹੁਤ ਉਪਯੋਗੀ ਹਨਜ਼ਿਹਨ ਵਿੱਚ ਤਾਂ ਬਹੁਤ ਕੁਝ ਹੈ, ਪਰ ਇਹ ਸਮੇਂ ਦੀ ਸੀਮਾ ਅਨੁਸਾਰ ਹੀ ਸੰਭਵ ਹੈਇਹ ਰੁਚੀ ਐਸੀ ਹੈ ਜਿਸ ਦਾ ਕੋਈ ਅੰਤ ਨਹੀਂਸਾਹਿਤ ਦਾ ਅਧਿਐਨ ਦੋ ਤਰ੍ਹਾਂ ਨਾਲ ਚਲਦਾ ਹੈ, ਇੱਕ ਤਾਂ ਹੱਥਲੇ ਕਾਰਜ ਸੰਬੰਧੀ ਪੜ੍ਹਨ ਪ੍ਰਕਿਰਿਆ ਹੈ ਜਿਸ ਬਾਰੇ ਲਿਖਣਾ ਹੋਵੇਇਸ ਦੇ ਨਾਲ ਚੋਣਵੇਂ ਸਾਹਿਤ ਦੀ ਪ੍ਰਕਿਰਿਆ ਵੀ ਜਾਰੀ ਰੱਖਦਾ ਹਾਂਢਾਅ ਜੀ, ਮੇਰੀ ਉਰਦੂ ਸਾਹਿਤ ਵਿੱਚ ਵੀ ਗਹਿਰੀ ਦਿਲਚਸਪੀ ਹੈਮਿਰਜ਼ਾ ਗਾਲਿਬ, ਡਾ. ਇਕਬਾਲ, ਸਾਹਿਰ ਲੁਧਿਆਣਵੀ ਤੇ ਫ਼ੈਜ਼ ਅਹਿਮਦ ਫ਼ੈਜ਼ ਆਦਿ ਵੀ ਬੌਧਿਕਤਾ ਵਿੱਚ ਸ਼ਾਮਲ ਰਹਿੰਦੇ ਹਨਪੜ੍ਹਨ ਪ੍ਰਕਿਰਿਆ ਤੇ ਲਿਖਣ ਪ੍ਰਕਿਰਿਆ ਦੀ ਕੋਈ ਸੀਮਾ ਨਹੀਂ ਹੈਪ੍ਰੰਤੂ ਜਿੰਨਾ ਕੁਝ ਤੁਸੀਂ ਸਵੈ-ਸੰਤੁਸ਼ਟਤਾ ਲਈ ਤੇ ਕੁਝ ਸੰਚਾਰਤ ਹਿਤ ਕਰ ਸਕਦੇ ਹੋ, ਕਰਦੇ ਰਹਿਣਾ ਚਾਹੀਦਾ ਹੈਮੇਰੀ ਪੜ੍ਹਨ ਰੁਚੀ ਅਸੀਮ ਹੈਇਸ ਲਈ ਮੈਂ ਹੌਲ਼ੀ ਹੌਲ਼ੀ ਚੋਖਾ ਪੁਸਤਕ ਭੰਡਾਰ ਕਾਇਮ ਕਰ ਲਿਆ ਹੈ ਅਤੇ ਨਵੀਆਂ ਛਪ ਰਹੀਆਂ ਪੁਸਤਕਾਂ ’ਤੇ ਵੀ ਨਿਗ੍ਹਾ ਰੱਖਦਾ ਹਾਂ ਤੇ ਜਿਹੜੀਆਂ ਪੁਸਤਕਾਂ ਪ੍ਰਾਪਤ ਹੋ ਸਕਣ, ਉਹ ਹਾਸਲ ਕਰ ਲੈਂਦਾ ਹਾਂ

? ਤੁਸੀਂ ਬਹੁ-ਪੱਖੀ ਲੇਖਕ ਹੋ ਅਤੇ ਕਹਾਣੀ, ਆਲੋਚਨਾ, ਨਿਬੰਧ, ਮੁਲਾਕਾਤਾਂ ਅਤੇ ਸੰਪਾਦਨਾ ਵਿੱਚ ਕੰਮ ਕੀਤਾ ਹੈਮੁੱਖ ਤੌਰ ’ਤੇ ਸਾਹਿਤਕ ਹਲਕਿਆਂ ਵਿੱਚ ਆਪ ਨੂੰ ਬਤੌਰ ਆਲੋਚਕ ਅਤੇ ਖੋਜਕਾਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਤੁਸੀਂ ਇਹ ਸਾਰੇ ਕਾਰਜ ਕਿਵੇਂ ਨਿਭਾਉਂਦੇ ਹੋ?

: ਤੁਸੀਂ ਠੀਕ ਕਹਿੰਦੇ ਹੋ ਕਿ ਮੈਂ ਕਈ ਵਿਧਾਵਾਂ ਵਿੱਚ ਲਿਖਿਆ ਹੈਜਦੋਂ ਗਿਆਨ ਦੀ ਲਿਲ੍ਹਕ ਲੱਗ ਜਾਵੇ ਤੇ ਸਾਹਿਤਕ ਰੁਚੀ ਦੀ ਪ੍ਰਬਲ ਭਾਵਨਾ ਮੱਚਦੀ ਰਵ੍ਹੇ ਤਾਂ ਸਮੇਂ ਅਨੁਕੂਲ ਭਿੰਨ ਭਿੰਨ ਵਿਧਾਵਾਂ ਵਿੱਚ ਲਿਖਿਆ ਜਾਂਦਾ ਹੈਹਰ ਇੱਕ ਵਿਧਾ ਆਪਣਾ ਰਸਤਾ ਅਖ਼ਤਿਆਰ ਕਰ ਲੈਂਦੀ ਹੈਜਿਵੇਂ ਜਿਵੇਂ ਦਿਲਚਸਪੀ ਦੇ ਭਿੰਨ ਭਿੰਨ ਪੱਖਾਂ ਦੀ ਰੁਚੀ ਵਿਕਾਸ ਕਰਦੀ ਜਾਂਦੀ ਹੈਇਸ ਰਚਨਾ ਦਾ ਕੰਮ ਨਿਰੰਤਰ ਚਲਦਾ ਰਹਿੰਦਾ ਹੈਬਹੁਤੀਆਂ ਵਿਧਾਵਾਂ ਵਿੱਚ ਲਿਖਣਾ ਸਮੇਂ ਦੀ ਮੰਗ ਅਨੁਸਾਰ ਹੁੰਦਾ ਹੈ, ਇਸ ਲਈ ਮਨ ਦੀ ਇਕਾਗਰਤਾ ਵੀ ਅਤਿ ਲੋੜੀਂਦੀ ਹੈਬੇਅੰਤ ਪੁਸਤਕਾਂ ਦੇ ਨਾਲ ਪਰਚਿਆਂ ਦਾ ਆਉਣਾ ਜਾਣਾ ਸਮੇਟਿਆ ਨਹੀਂ ਜਾਂਦਾਪਰ ਜਦੋਂ ਕਿਸੇ ਪੱਖ ਲਈ ਉਤੇਜਿਤ ਹੋ ਜਾਈਦਾ ਹੈ ਤਾਂ ਕੰਮ ਚੱਲ ਹੀ ਪੈਂਦਾ ਹੈਜਦੋਂ ਤੁਸੀਂ ਟਾਰਗੈਟ ਬਣਾ ਲੈਂਦੇ ਹੋ, ਤਾਂ ਲਿਖਿਆ ਹੀ ਜਾਂਦਾ ਹੈਇਹ ਸਾਧਨਾ ਹੈ, ਜਿੰਨੀ ਸਮਰੱਥਾ ਅਨੁਸਾਰ ਕਰ ਸਕਦਾ ਹਾਂ, ਕਰਦਾ ਹਾਂਇਹ ਜਿੰਨੀ ਸਾਧਨਾ ਕਰ ਲਵੋ ਥੋੜ੍ਹੀ ਹੈਸਾਹਿਤਕ ਕਾਰਜ ਮੁੱਕਦੇ ਨਹੀਂ ਤੇ ਨਾ ਹੀ ਸੰਪੂਰਨ ਹੁੰਦੇ ਹਨਹਾਂ, ਬਹੁਤਾ ਪਸਾਰਾ ਤੁਹਾਡੇ ਸਮੇਂ ਨੂੰ ਸੰਕੁਚਿਤ ਕਰਦਾ ਹੈ ਤੇ ਨਿਰੋਲ ਸਿਰਜਣਾਤਮਕ ਰਚਨਾਕਾਰੀ ਨੂੰ ਸੱਟ ਵੀ ਜ਼ਰੂਰ ਵੱਜਦੀ ਹੈ

? ਚੱਲੋ ਪਹਿਲਾਂ ਗੱਲ ਆਲੋਚਨਾ ਦੀ ਕਰ ਲੈਂਦੇ ਹਾਂ, ਤੁਹਾਡੀ ਆਲੋਚਨਾ ਵਾਦ-ਰਹਿਤ ਆਲੋਚਨਾ ਹੈਜਦੋਂ ਕਿ ਅੱਜ ਕੱਲ੍ਹ ਤਾਂ ਅਨੇਕਾਂ ਹੀ ਵਾਦਾਂ ਅਧੀਨ ਆਲੋਚਨਾ ਕੀਤੀ ਜਾਂਦੀ ਹੈਤੁਹਾਡਾ ਕਿਸੇ ਵਾਦ ਅਧੀਨ ਆਲੋਚਨਾ ਨਾ ਕਰਨ ਦਾ ਕੀ ਕਾਰਨ ਹੈ?

: ਢਾਅ ਜੀ, ਜਿਹੜੇ ਵਾਦ ਹਨ, ਉਨ੍ਹਾਂ ਦੀ ਸਮਝ ਜ਼ਰੂਰੀ ਹੈਪ੍ਰੰਤੂ ਆਲੋਚਨਾ ਕਰਨ ਲੱਗਿਆਂ ਤੁਹਾਨੂੰ ਆਪਣੇ ਮਨ ਵਿੱਚ ਇਹ ਨਹੀਂ ਰੱਖਣਾ ਚਾਹੀਦਾ ਕਿ ਮੈਂ ਇਸ ਨੂੰ ਫਲਾਣੇ ਵਾਦ ਦੇ ਅਨੁਸਾਰ ਢਾਲਣਾ ਹੈਜਿਹੜੀ ਟੈਕਸਟ ਹੈ, ਉਸ ਨੂੰ ਸਮਝ ਕੇ, ਆਪਣੇ ਅਨੁਭਵ ਤੇ ਗਿਆਨ ਦੇ ਆਸਰੇ ਢੁੱਕਵੀਂ ਆਲੋਚਨਾ ਕਰਨੀ ਅਨਿਵਾਰੀ ਹੈਸਿਧਾਂਤ ਤੁਹਾਡੇ ਗਿਆਨ ਦੀ ਸਮਝ ਨੂੰ ਵਿਕਸਾਉਣ ਲਈ ਜ਼ਰੂਰੀ ਹਨ, ਨਾ ਕਿ ਇਹ ਜੀਵਨ ਲਈ ਜ਼ਰੂਰੀ ਹਨ

? ਬਰਤਾਨੀਆ ਵਿੱਚ ਮੇਰੇ ਖ਼ਿਆਲ ਨਾਲ ਤੁਸੀਂ ਅਤੇ ਡਾ. ਗੁਰਦਿਆਲ ਸਿੰਘ ਰਾਏ ਹੀ ਅਜਿਹੇ ਲੇਖਕ ਨਜ਼ਰ ਆਏ ਹੋ ਜਿਨ੍ਹਾਂ ਨੇ ਆਪਣੀਆਂ ਮੌਲਿਕ ਰਚਨਾਵਾਂ ਦੇ ਨਾਲ ਨਾਲ ਬਰਤਾਨੀਆ ਵਿਚਲੇ ਲੇਖਕਾਂ ਦੇ ਕੰਮ ਦੀ ਪਰਖ-ਪੜਚੋਲ ਕਰਦਿਆਂ ਉਹਨਾਂ ਨੂੰ ਉਤਸ਼ਾਹਿਤ ਵੀ ਕੀਤਾ ਹੈਅਣਗੌਲੇ ਲੇਖਕਾਂ ਨੂੰ ਪਾਠਕਾਂ ਦੇ ਸਨਮੁੱਖ ਕਰਨ ਦਾ ਇਸ ਇਤਿਹਾਸਕ ਕੰਮ ਦਾ ਸਬੱਬ ਕਿਸ ਤਰ੍ਹਾਂ ਬਣਿਆ?

-ਪਹਿਲਾਂ ਇਹ ਗੱਲ ਸਾਫ਼ ਕਰਦਿਆਂ ਕਿ ਸਾਥੋਂ ਇਲਾਵਾ ਹੋਰ ਲੇਖਕਾਂ ਨੇ ਵੀ ਕਾਰਜ ਕੀਤਾ ਹੈ, ਜਿਨ੍ਹਾਂ ਦਾ ਅਲੇਖ ਮੈਂ ਪਹਿਲਾਂ ਕਰ ਆਇਆ ਹਾਂਢਾਅ ਜੀ, ਇਹ ਝੁਕਾਉ ਦੀ ਗੱਲ ਹੈ ਅਤੇ ਇਹ ਤੁਹਾਡੀਆਂ ਰੁਚੀਆਂ ਅਨੁਸਾਰ ਬਣ ਜਾਂਦਾ ਹੈਕਈ ਦਫਾ ਹਾਲਾਤ ਹੀ ਐਸੇ ਬਣ ਜਾਂਦੇ ਹਨਪਰਵਾਸੀ ਸਾਹਿਤ ਬਾਰੇ ਮੇਰੀ ਰੁਚੀ ਇਸ ਤਰ੍ਹਾਂ ਪੁੰਗਰੀ ਤੇ ਸੇਧਿਤ ਹੋਈਮੈਂ ਪੀ. ਐੱਚ. ਡੀ. ਦਾ ਖੋਜ-ਕਾਰਜ ਅੰਗਰੇਜ਼ੀ ਰਾਜ ਸਮੇਂ ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਦੇ ਵਿਸ਼ੇ ’ਤੇ ਕੀਤਾ ਸੀਪ੍ਰੰਤੂ ਜਦੋਂ ਮੈਂ ਇਸ ਟੀਚੇ ਦੀ ਪ੍ਰਾਪਤੀ ਕੀਤੀ, ਤਾਂ ਬਰਤਾਨਵੀ ਪੰਜਾਬੀ ਲੇਖਕਾਂ ਨੇ ਮੇਰੇ ਪਾਸੋਂ ਬਰਤਾਨਵੀ ਪੰਜਾਬੀ ਸਾਹਿਤ ਦੇ ਸੰਦਰਭ ਵਿੱਚ ਆਲੋਚਨਾਤਮਕ ਕਾਰਜ ਦੀ ਆਸ ਰੱਖੀਇਹਦੇ ਅਨੁਸਾਰ ਮੈਂ ਪਰਵਾਸੀ ਲੇਖਕਾਂ ਬਾਰੇ ਲਿਖਣਾ ਸ਼ੁਰੂ ਕੀਤਾਭਾਵੇਂ ਮੈਂ ਪਰਚੇ ਆਦਿ ਦੇ ਰੂਪ ਵਿੱਚ ਨਿੱਕਾ ਮੋਟਾ ਕੰਮ ਕੀਤਾ ਸੀ ਪਰ ਪਰਵਾਸੀ ਸੰਦਰਭ ਵਿੱਚ ਨਿੱਠ ਕੇ ਨਹੀਂ ਸੀ ਹੋਇਆਮੈਂ ਬਰਤਾਨਵੀ ਪੰਜਾਬੀ ਕਵਿਤਾ ਦੇ ਪ੍ਰਸਿੱਧ ਹਸਤਾਖਰ ਬਲਿਹਾਰ ਸਿੰਘ ਰੰਧਾਵਾ ਦੀ ਕਿਰਤ ‘ਨਾਨਕਤਾ’ ਬਾਰੇ ਆਪਣੇ ਵਿਚਾਰ ਪਰਚੇ ਦੇ ਰੂਪ ਵਿੱਚ ਪੇਸ਼ ਕੀਤੇਇਸ ਤੋਂ ਅੱਗੇ ਇਹ ਝੁਕਾਉ ਤੁਰਦਾ ਹੀ ਗਿਆਇਹ ਠੀਕ ਹੈ ਆਮ ਕਰਕੇ ਸਿਰਜਣਾਤਮਕ ਲੇਖਕ ਆਪਣੇ ਰਚਨਾਤਮਿਕ ਕਾਰਜ ਵਿੱਚ ਹੀ ਲੀਨ ਰਹਿੰਦੇ ਹਨ, ਪ੍ਰੰਤੂ ਕੁਝ ਐਸੇ ਵੀ ਹੁੰਦੇ ਹਨ ਜਿਨ੍ਹਾ ਦਾ ਅਨੁਭਵ ਕੁਦਰਤਨ ਹੀ ਇਸ ਪਾਸੇ ਢਲ ਜਾਂਦਾ ਹੈਇਸ ਤਰ੍ਹਾਂ ਰੁਚੀ ਵਿਕਸਦੀ ਰਹਿੰਦੀ ਹੈ, ਫਿਰ ਹੌਲ਼ੀ ਹੌਲ਼ੀ ਇਹ ਲਖਸ਼ ਹੀ ਬਣ ਜਾਂਦਾ ਹੈ

? ਤੁਸੀਂ ਬਰਤਾਨੀਆਂ ਰਹਿੰਦਿਆਂ ਪੀ. ਐੱਚ. ਡੀ. ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀਇਸ ਉੱਚ ਪ੍ਰਾਪਤੀ ਦਾ ਸਬੱਬ ਕਿਵੇਂ ਬਣਿਆ, ਜਦੋਂ ਕਿ ਪ੍ਰਦੇਸਾਂ ਵਿੱਚ ਰਹਿੰਦਿਆਂ ਤਾਂ ਸਭ ਤੋਂ ਵੱਡਾ ਫਿਕਰ ਰੋਟੀ ਰੋਜ਼ੀ ਦਾ ਹੀ ਹੁੰਦਾ?

: ਇਹ ਵੀ ਇੱਕ ਗਾਥਾ ਹੀ ਹੈਬਰਤਾਨੀਆਂ ਵਿੱਚ ਪ੍ਰਵੇਸ਼ ਪਾਉਣ ਤੋਂ ਪਹਿਲਾਂ ਮੈਂ ਕੁਝ ਫੁਟਕਲ ਕਵਿਤਾਵਾਂ ਤੇ ਕਹਾਣੀਆਂ ਹੀ ਲਿਖੀਆਂ ਸਨਨਿੱਠ ਕੇ ਸਾਹਿਤ ਦੇ ਪਾਸੇ ਨਹੀਂ ਸੀ ਆਇਆਹਾਂ, ਪ੍ਰੀਤ ਲੜੀ ਤੇ ਆਰਸੀ ਪਰਚਿਆਂ ਨਾਲ ਜੁੜਿਆ ਹੋਇਆ ਜ਼ਰੂਰ ਸਾਂਇੱਥੇ ਆ ਕੇ ਕੁਝ ਸਮਾਂ ਤਾਂ ਅਨਿਸਚਤਤਾ ਦੀ ਹਾਲਤ ਵਿੱਚ ਵਿਚਰਿਆਪ੍ਰੰਤੂ ਜਿਉਂ ਹੀ ਸੰਭਲਿਆ ਤਾਂ ਸਾਹਿਤ ਦੀ ਭੁੱੱਖ ਚਮਕ ਪਈ ਤੇ ਮੇਰਾ ਨਾਤਾ ਸਰਵਣ ਸਿੰਘ ਅਮੋਲਕ, ਰਣਜੀਤ ਰਾਏ ਅਤੇ ਬਲਬੀਰ ਸਿੰਘ ਕੰਵਲ ਨਾਲ ਹੋਇਆਅਸੀਂ ਵੀਕ-ਐਂਡ ’ਤੇ ਮਿਲਦੇ ਤੇ ਸਾਹਿਤ ਬਾਰੇ ਵਿਚਾਰ ਵਟਾਂਦਰਾ ਵੀ ਕਰਦੇਮੁੱਖ ਗੱਲਾਂ ਸਾਹਿਤ ’ਤੇ ਹੀ ਕੇਂਦਰਤ ਹੁੰਦੀਆਂਨਵੀਆਂ ਆਈਆਂ ਪੁਸਤਕਾਂ ਨੂੰ ਖ਼ਰੀਦਦੇਇੱਕ ਦਿਨ ਅਮੋਲਕ ਸਾਹਿਬ ਨੇ ਕਿਹਾ ਕਿ ਤੇਰੀ ਦਿਲਚਸਪੀ ਸਾਹਿਤ ਬਾਰੇ ਕਾਫੀ ਹੈਕਿਉਂ ਨਹੀਂ ਕੋਈ ਖੋਜ ਕਰਦਾਉਸ ਨੇ ਜਿਵੇਂ ਮੇਰੀ ਬਿਰਤੀ ਤੇ ਚੇਤਨਾ ਦੀ ਚਿੰਗਿਆੜੀ ਸੁੱਟੀ ਹੋਵੇਚਿੰਗਿਆੜੀ ਮੱਘ ਗਈ ਤੇ ਮੈਂ ਜੀਵਨ-ਵਿਚਾਰਧਾਰਾ ਤੇ ਸੋਚ ਅਨੁਕੂਲ ਅਵੱਸਥਾਵਾਂ ਨੂੰ ਸਾਹਮਣੇ ਰੱਖਦਿਆਂ ਸੁਤੰਤਰਤਾ ਸੰਗਰਾਮ ਦੀ ਪੰਜਾਬੀ ਕਵਿਤਾ ਦੀ ਢੂੰਡ ਭਾਲ ਸ਼ਰੂ ਕੀਤੀਇਹ ਮੈਂ ਆਪਣੀ ਸੋਚ-ਬਿਰਤੀ ਤੇ ਸਮਾਜਿਕ ਵਿਸ਼ਲੇਸ਼ਣ ਕਰਦਿਆਂ ਅਤੇ ਮਨੁੱਖਤਾ ਪ੍ਰਤੀ ਨਾਬਰਾਬਰੀ ਦੇਖਦਿਆਂ ਕਾਰਜ ਨੂੰ ਹੱਥ ਪਾਇਆਇਸ ਕਾਰਜ ਦੇ ਨਾਲ ਨਾਲ ਮੈਂ ਸੁਤੰਤਰਤਾ ਸੰਗਰਾਮ ਦੀਆਂ ਲਹਿਰਾਂ ਬਾਰੇ ਵੀ ਪੜ੍ਹਨਾ ਸ਼ੁਰੂ ਕੀਤਾ

ਸੁਤੰਤਰਤਾ ਸੰਗਰਾਮ ਦੀ ਕਵਿਤਾ ਸੰਬੰਧੀ ਮੈਂ ਤਕਰੀਬਨ 500 ਪੁਸਤਕਾਂ ਦੀ ਲਿਸਟ ਤਿਆਰ ਕਰ ਲਈ ਅਤੇ ਕੁਝ ਸਮੱਗਰੀ ਇਸ ਕਵਿਤਾ ਬਾਰੇ ਇਕੱਤਰ ਵੀ ਕਰ ਲਈਇਸ ਇਕੱਤਰਤਾ ਦੀ ਰੁਚੀ ਵਿੱਚੋਂ ਹੀ ‘ਜ਼ਬਤ ਸ਼ੁਦਾ ਪੰਜਾਬੀ ਸਾਹਿਤ’ ਦੀ ਟੋਹ ਮਿਲ ਗਈ ਤੇ ਕਾਫੀ ਰਚਨਾਵਾਂ ਮੈਂ ਜ਼ਬਤੀ ਕਵਿਤਾ ਸੰਬੰਧੀ ਨੋਟ ਵੀ ਕੀਤੀਆਂ ਤੇ ਕੁਝ ਦੀਆਂ ਫੋਟੋ ਕਾਪੀਆਂ ਵੀ ਪ੍ਰਾਪਤ ਕੀਤੀਆਂਇਹ ਜ਼ਿਆਦਾ ਸਮੱਗਰੀ ‘ਬ੍ਰਿਟਿਸ਼ ਮਿਊਜ਼ਮ’ ਤੇ ‘ਇੰਡੀਆ ਆਫ਼ਿਸ ਲਾਇਬਰੇਰੀ’ ਵਿੱਚ ਉਪਲਭਦ ਸੀਮਿਊਜ਼ਮ ਵਿੱਚ ਤੁਸੀਂ ਉੱਥੇ ਬੈਠ ਕੇ ਲਿਖ ਸਕਦੇ ਸੀ ਤੇ ਇੰਡੀਆ ਆਫ਼ਿਸ ਵਿੱਚ ਪੈਨਸਿਲ ਨਾਲ ਨੋਟ ਲੈ ਸਕਦੇ ਸੀਸੋ ਜ਼ਿਆਦਾ ਰਚਨਾਵਾਂ ਬ੍ਰਿਟਿਸ਼ ਮਿਊਜ਼ਮ ਵਿੱਚੋਂ ਹੱਥ ਨਾਲ ਲਿਖੀਆਂ ਤੇ ਨੋਟ-ਨੁਮਾ ਕੰਮ ਇੰਡੀਆ ਆਫ਼ਿਸ ਲਾਇਬਰੇਰੀ ਤੋਂ ਕੀਤਾਇਹ ਸਮੱਗਰੀ ਹੋਰ ਸੋਮਿਆਂ ਤੋਂ ਵੀ ਪ੍ਰਾਪਤ ਕੀਤੀ ਹੈਇਹ ਕਠਨ ਕਾਰਜ ਸੀ ਕਿਉਂਕਿ ਪਰਵਾਸੀ ਜ਼ਿੰਦਗੀ ਦੇ ਕਾਰੋਬਾਰੀ ਮਾਹੌਲ ਤੇ ਰੁਝੇਵਿਆਂ ਵਿੱਚੋਂ ਐਨਾ ਸਮਾਂ ਕੱਢ ਕੇ ਕਾਰਜ ਦੀ ਪੂਰਤੀ ਕਰਨੀ ਨਿਰਸੰਦੇਹ ਮੁਸ਼ਕਲ ਕੰਮ ਸੀਇਸ ਇਕੱਤਰਤਾ ਦੇ ਕੰਮ ਬਾਰੇ ਮੈਨੂੰ ਬਲਬੀਰ ਸਿੰਘ ਕੰਵਲ ਨੇ ਪੀ. ਐੱਚ. ਡੀ. ਕਰਨ ਲਈ ਸੁਝਾਅ ਦਿੱਤਾ ਅਤੇ ਅਗਵਾਈ ਵੀ ਦਿੱਤੀਜਿਹੜੀ ਗੱਲ ਤੁਸੀਂ ਇੱਥੇ ਰਹਿੰਦਿਆਂ ਰੋਟੀ ਰੋਜ਼ੀ ਦੇ ਫਿਕਰ ਦਾ ਜ਼ਿਕਰ ਕੀਤਾ ਹੈਨਿਰਸੰਦੇਹ ਇਹ ਬੇਹੱਦ ਲੋੜੀਂਦਾ ਹੈਪ੍ਰੰਤੂ ਮਾਨਸਿਕ ਭੁੱਖ ਵੀ ਤੁਹਾਨੂੰ ਚੈਨ ਨਾਲ ਬੈਠਣ ਨਹੀਂ ਦਿੰਦੀਇਸ ਮਾਨਸਿਕ ਭੁੱਖ ਦੀ ਵੀ ਆਪਣੀ ਮਹੱਤਤਾ ਹੈ

?ਡਾ. ਕੈਬੋ ਜੀ, ਫਿਰ ਪੀ. ਐੱਚ. ਡੀ. ਦੀ ਗੱਲ ਵੀ ਦੱਸਦੇ ਜਾਉ ਕਿ ਤੁਸੀਂ ਪੀ. ਐੱਚ. ਡੀ ਵਾਸਤੇ ਕਾਰਜ ਕਿਵੇਂ ਆਰੰਭਿਆ? ਕਿਵੇਂ ਸਮਾਪਤ ਕੀਤਾ?

: ਢਾਅ ਜੀ, ਮੌਕੇ ਸਿਰ ਗੱਲ ਦੀ ਲੜੀ ਫੜੀ ਹੈ1980 ਵਿੱਚ ਜਦੋਂ ਵਿਸ਼ਵ ਪੰਜਾਬੀ ਕਾਨਫਰੰਸ ਬਰਤਾਨੀਆਂ ਵਿਖੇ ਹੋਈ ਸੀਡਾ. ਕਰਨੈਲ ਸਿੰਘ ਥਿੰਦ ਹੋਰੀਂ ਵੀ ਪੁੱਜੇ ਹੋਏ ਸਨਉਨ੍ਹਾਂ ਨਾਲ ਮੈਂ ਆਪਣੇ ਝੁਕਾਅ ਦਾ ਜ਼ਿਕਰ ਕੀਤਾ ਹੋਇਆ ਸੀ ਤੇ ਆਪਣੇ ਰੁਝਾਨ ਬਾਰੇ ਕੁਝ ਵਾਕਫੀਅਤ ਵੀ ਦਿੱਤੀ ਹੋਈ ਸੀਇਸ ਕਰਕੇ ਉਨ੍ਹਾਂ ਦੇ ਇੱਥੇ ਪੁੱਜਣ ’ਤੇ ਮੈਂ ਇਕੱਤਰ ਕੀਤੇ ਸਾਹਿਤ ਬਾਰੇ ਜਾਣਕਾਰੀ ਦਿੱਤੀ ਤੇ ਵੇਰਵੇ ਸਾਹਿਤ ਦਰਸਾਇਆ ਵੀਉਹ ਬਹੁਤ ਹੀ ਖੁਸ਼ ਹੋਏ ਤੇ ਨਾਲ ਹੀ ਸੁਝਾਅ ਦਿੱਤਾ ਕਿ ਤੁਸੀਂ ਬਾਕੀ ਕਵਿਤਾ ਨੂੰ ਛੱਡ ਦਿਉਜ਼ਬਤ ਕਵਿਤਾ ਹੀ ਕਾਫੀ ਹੈਇਸ ਸੰਬੰਧੀ ਹੋਰ ਵੇਰਵੇ ਵੀ ਸਾਕਾਰ ਹੋ ਜਾਣਗੇਬੱਸ ਤੁਸੀਂ ਸਾਈਨਾਪਸਿਜ਼ ਤਿਆਰ ਕਰੋ ਅਤੇ ਉਨ੍ਹਾਂ ਨੇ ਯਕੀਨ ਦੁਆਇਆ ਕਿ ਤੁਹਾਡੇ ਸਾਈਨਾਪਸਿਜ਼ ਪੁੱਜਣ ’ਤੇ ਤੁਹਾਡੀ ਅਰਜ਼ੀ ’ਤੇ ਗੌਰ ਕਰਕੇ ਯੂਨੀਵਰਸਿਟੀ ਤੁਹਾਨੂੰ ਰਜਿਸਟਰੇਸ਼ਨ ਪ੍ਰਦਾਨ ਕਰ ਦੇਵੇਗੀਡਾ. ਥਿੰਦ ਹੋਰੀਂ ਉਨ੍ਹਾਂ ਦਿਨਾਂ ਵਿੱਚ ਪੰਜਾਬੀ ਅਧਿਐਨ ਸਕੂਲ ਦੇ ਹੈੱਡ ਸਨ ਤੇ ਮੇਰਾ ਨਿਗਰਾਨ ਬਣਨਾ ਵੀ ਉਨ੍ਹਾਂ ਸਵੀਕਾਰ ਕਰ ਲਿਆ ਸੀਮੇਰੀ ਮਿਹਨਤ ਨੂੰ ਫਲ਼ ਲੱਗਣ ਲਈ ਫੁੱਲ ਪੱਤੇ ਪੁੰਗਰਨੇ ਸ਼ੁਰੂ ਹੋ ਗਏਮੇਰੀ ਰਜਿਸਟਰੇਸ਼ਨ ਹੋਣ ਨਾਲ ਮੈਂ ਖੋਜ-ਕਾਰਜ ਦੇ ਆਹਰੇ ਲੱਗ ਗਿਆ ਜਿਸ ਦੀ ਆਪਣੀ ਇੱਕ ਵੱਖਰੀ ਕਹਾਣੀ ਹੈਹਰ ਸਾਹਿਤਕ ਕਾਰਜ ਦੀ ਪੂਰਤੀ ਲਈ ਨਿਰੰਤਰ ਸਾਧਨਾ ਤੇ ਹਿਰਦੇ ਪੂਰਬਕ ਲਗਨ ਅਨਿਵਾਰੀ ਹੈਜੋ ਸਮੇਂ ਦੀਆਂ ਪਰਸਥਿਤੀਆਂ ਵਿੱਚੋਂ ਗੁਜ਼ਰ ਕੇ ਫਲ਼ ਰੂਪੀ ਸਫ਼ਲਤਾ ਤੱਕ ਪੁੱਜ ਜਾਂਦੀ ਹੈ

? ਤੁਹਾਡੀ ਪੁਸਤਕ ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਜਿਸ ਦੀ ਦੇਸ਼ਾਂ ਬਦੇਸ਼ਾਂ ਵਿੱਚ ਬਹੁਤ ਚਰਚਾ ਹੋਈਵਿਸ਼ੇਸ਼ ਕਰਕੇ ਇਨ੍ਹਾਂ ਦਿਨਾਂ ਵਿੱਚ ਹੋਰ ਵੀ ਜ਼ਿਕਰ ਹੋਇਆ ਹੈ ਕਿਉਂਕਿ ਬਹੁਤ ਸਾਰੀਆਂ ਸ਼ਤਾਬਦੀਆਂ ਦੇ ਸਾਲ ਜੋ ਭਾਰਤ ਦੀ ਆਜ਼ਾਦੀ ਨਾਲ ਸੰਬੰਧਤ ਹਨ ਤੇ ਸੰਗਰਾਮਾਂ ਬਾਰੇ ਗੱਲ ਚਲਦੀ ਹੈ ਤਾਂ ਇਸ ਕਿਤਾਬ ਦਾ ਜ਼ਿਕਰ ਵੀ ਹੁੰਦਾ ਹੈਇਸ ਵਿਚਲੀ ਅੰਕਿਤ ਕਵਿਤਾ ਨੇ ਭਾਰਤੀਆਂ ਤੇ ਪਰਵਾਸੀ ਭਾਰਤੀਆਂ ਨੂੰ ਹਲੂਣਾ ਦੇ ਕੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਨਿਛਾਵਰ ਕਰਨ ਲਈ ਪ੍ਰੇਰਿਆਇਸ ਕਿਤਾਬ ਦੀ ਸਿਰਜਣਾ ਬਾਰੇ ਵਿਸਥਾਰ ਨਾਲ ਚਾਨਣਾ ਪਾਉ ਕਿ ਕਿਸ ਤਰ੍ਹਾਂ ਇਹ ਹੋਂਦ ਵਿੱਚ ਆਈ ਅਤੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ?

: ਨਿਰਸੰਦੇਹ ਇਸ ਕਿਤਾਬ ਦੀ ਚਰਚਾ ਹੋਈ, ਵਿਸ਼ੇਸ਼ ਕਰਕੇ ਸੁਤੰਤਰਤਾ ਸੰਗਰਾਮ ਸੰਬੰਧੀ ਪੰਜਾਬੀ ਜ਼ਬਤ ਕਾਵਿ ਬਾਰੇ ਮੇਰੀ ਇਹ ਪਹਿਲੀ ਪ੍ਰਕਾਸ਼ਤ ਰਚਨਾ ਸੀਜਿਸ ਸੰਬੰਧੀ ਬੇਅੰਤ ਪਰਚਿਆਂ ਵਿੱਚ ਚੰਗੇ ਰੀਵੀਊ ਹੋਏਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਯੂ. ਕੇ. ਵੱਲੋਂ ਇੱਕ ਵਿਸ਼ੇਸ਼ ਸਮਾਗਮ ਹੋਇਆਕੁਝ ਲੇਖਕਾਂ ਨੇ ਮੇਰੀ ਪੁਸਤਕ ਬਾਰੇ ਪਰਚੇ ਲਿਖੇਇਹ ਮੇਰੇ ਲਈ ਕਾਫੀ ਸੁਖਦ ਸਮਾਂ ਸੀਭਾਰਤ ਵਿੱਚ ਵੀ ਕਈ ਸਮਾਗਮਾਂ ਵਿੱਚ ਮੇਰੀ ਇਸ ਪ੍ਰਾਪਤੀ ਦਾ ਜ਼ਿਕਰ ਹੁੰਦਾ ਰਹਿੰਦਾ ਹੈਇਨ੍ਹਾਂ ਸਾਲਾਂ ਵਿੱਚ ਸੁਤੰਤਰਤਾ ਸੰਗਰਾਮ ਦੀਆਂ ਲਹਿਰਾਂ ਬਾਰੇ ਬੜਾ ਕੰਮ ਸਾਹਮਣੇ ਆਇਆ ਹੈ‘ਦੇਸ਼ ਭਗਤ ਯਾਦਗਾਰ ਜਾਲੰਧਰ’ ਵੱਲੋਂ ਗ਼ਦਰ ਲਹਿਰ ਬਾਰੇ ਵਿਸ਼ੇਸ਼ ਕਰਕੇ ਬਹੁਤ ਕਾਰਜ ਕੀਤਾ ਗਿਆ ਹੈਇਸ ਕਿਤਾਬ ਦੀ ਸਿਰਜਣਾ ਬਾਰੇ ਬੜੀਆਂ ਔਕੜਾਂ ਆਈਆਂ ਤੇ ਇੱਥੇ ਵਿਸਥਾਰ ਦੇਣ ਨਾਲ ਗੱਲ ਲੰਮੀ ਹੋ ਜਾਵੇਗੀਵਿਸ਼ੇਸ਼ ਗੱਲ ਇਹ ਸੀ ਕਿ ਮੈਂ ਯੂ. ਕੇ. ਵਿੱਚ ਸਾਂ ਤੇ ਮੇਰੇ ਨਿਗਰਾਨ ਡਾ. ਥਿੰਦ ਭਾਰਤ ਵਿੱਚ ਸਨਇਹ ਬਿਖੜਾ ਕਾਰਜ ਸੀਅਜਿਹੇ ਕਾਰਜ ਲਈ ਸਮੱਸਿਆਵਾਂ ਦਾ ਪੈਦਾ ਹੋਣਾ ਕੁਦਰਤੀ ਸੀ ਤੇ ਨਿਰੰਤਰ ਸਾਧਨਾ ਤੇ ਸਮੇਂ ਅਨੁਕੂਲ ਨਿਬੇੜਾ ਕਰਨ ਨਾਲ ਇਨ੍ਹਾਂ ਦਾ ਸਮਾਧਾਨ ਹੋ ਜਾਂਦਾ ਰਿਹਾ ਹੈਪਾਠਕਾਂ ਦਾ ਹੁੰਗਾਰਾ ਵੀ ਬਹੁਤ ਵਧੀਆ ਰਿਹਾ ਹੈਇਸ ਬਾਰੇ ਮੈਂ ਕਈ ਸੰਸਥਾਵਾਂ ਵਿੱਚ ਪਰਚੇ ਵੀ ਪੜ੍ਹੇ ਹਨਇਹ ਵੀ ਜ਼ਿਕਰਯੋਗ ਹੈ ਕਿ ਇਹ ਪੁਸਤਕ ਪਿਛਲੇ ਦਿਨੀਂ ਅੰਗਰੇਜ਼ੀ ਵਿੱਚ ਅਨੁਵਾਦ ਦੇ ਰੂਪ ਵਿੱਚ ਵੀ ਛਪ ਚੁੱਕੀ ਹੈ

? ਪ੍ਰੀਤਮ ਸਿੰਘ ਜੀ, ਇਹ ਕਿਤਾਬ ਪੰਜਾਬੀ ਇਤਿਹਾਸਕ ਸਾਹਿਤ ਲਈ ਵੀ ਇੱਕ ਅਮੁੱਲ ਵਾਧਾ ਹੈਜਿੱਥੇ ਤੁਸੀਂ ਭਾਰਤ ਦੀ ਆਜ਼ਾਦੀ ਲਈ ਵੱਖ ਵੱਖ ਸਮੇਂ ਲਈ ਚੱਲੀਆਂ ਲਹਿਰਾਂ ਦਾ ਜ਼ਿਕਰ ਕੀਤਾ ਹੈਉੱਥੇ ਇਸ ਕਿਤਾਬ ਦੇ ਸ਼ੁਰੂ ਵਿੱਚ ਤੁਸੀਂ ਦੋ ਚੈਪਟਰ ਬ੍ਰਿਟਿਸ਼ ਸਰਕਾਰ ਦੀ ਭਾਰਤ ਵਿੱਚ ਪੱਤਰਕਾਰੀ ਅਤੇ ਪ੍ਰੈੱਸ ਪ੍ਰਤੀ ਮਾਰੂ ਨੀਤੀਆਂ ਦੇ ਪੜਦੇ ਵੀ ਫਾਸ਼ ਕੀਤੇ ਹਨਭਾਰਤ ਦੀ ਆਜ਼ਾਦੀ ਨਾਲ ਜੁੜੀ ਭਾਰਤੀ ਪ੍ਰੈੱਸ ਦੇ ਰੋਲ ਦਾ ਇਤਿਹਾਸ ਇੱਕ ਵਡਮੁੱਲੀ ਦਸਤਾਵੇਜ਼ ਹੈਇਹਦੇ ਬਾਰੇ ਕੁਝ ਦੱਸੋ

-ਢਾਅ ਜੀ, ਤੁਸੀਂ ਮੇਰੀ ਪੁਸਤਕ ‘ਜ਼ਬਤ ਸ਼ੁਦਾ ਪੰਜਾਬੀ ਕਵਿਤਾ’ ਬਾਰੇ ਗੱਲ ਛੇੜੀ ਹੈਜਿਵੇਂ ਮੈਂ ਪਹਿਲਾਂ ਵੀ ਇਹ ਜ਼ਿਕਰ ਕੀਤਾ ਹੈ ਕਿ ਮੈਂ ਪਹਿਲੋਂ ਪਹਿਲ ਸੁਤੰਤਰਤਾ ਸੰਗਰਾਮ ਦੀ ਪੰਜਾਬੀ ਕਵਿਤਾ ਦੇ ਵਿਸ਼ੇ ਨਾਲ ਜੁੜਿਆ ਤੇ ਬੇਅੰਤ ਸਮੱਗਰੀ ਇਕੱਤਰ ਵੀ ਕਰ ਲਈਸੁਤੰਤਰਤਾ ਸੰਗਰਾਮ ਦੀ ਕਵਿਤਾ ਨੂੰ ਵਿਸਤਾਰ ਸਹਿਤ ਜਾਨਣ ਲਈ ਮੈਂ ਸੁਤੰਤਰਤਾ ਸੰਗਰਾਮ ਦੀਆਂ ਲਹਿਰਾਂ ਨੂੰ ਪੜ੍ਹਿਆ ਅਤੇ ਉਪਰੋਕਤ ਕਵਿਤਾਵਾਂ ਨੂੰ ਮੈਂ ਭਿੰਨ ਭਿੰਨ ਲਹਿਰਾਂ ਨਾਲ ਜੋੜਿਆਖੋਜ ਦੌਰਾਨ ਜਦੋਂ ਮੈਨੂੰ ਜ਼ਬਤ ਸਾਹਿਤ ਦਾ ਪਤਾ ਲੱਗਿਆ ਤਾਂ ਮੈਂ ਇਸ ਸੰਬੰਧੀ ਲੋੜੀਂਦਾ ਮੈਟੀਰੀਅਲ ਇਕੱਤਰ ਕੀਤਾਜ਼ਬਤ ਸਾਹਿਤ ਪ੍ਰਤੀ ਜਿਸ ਪੁਸਤਕ ਨੂੰ ਮੈਂ ਅਧਾਰ ਬਣਾਇਆ, ਉਸ ਦਾ ਨਾਂ ਸੀ `ਬੈਂਡ` ਅਤੇ ਜਿਸ ਦਾ ਲੇਖਕ ਸੀ, ਐਨ-ਜੀ-ਬੈਰੀਅਰਇਸ ਪੁਸਤਕ ਦੇ ਅਧਿਐਨ ਨੇ ਮੈਨੂੰ ਜ਼ਬਤੀ ਸਾਹਿਤ ਦੇ ਕਾਰਨਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਲਹਿਰਾਂ ਬਾਰੇ ਵੀ ਜਿਨ੍ਹਾਂ ਅਧੀਨ ਇਹ ਸਾਹਿਤ ਜ਼ਬਤ ਕੀਤਾ ਗਿਆਇਸ ਪੁਸਤਕ ਦੇ ਅਧਾਰ ’ਤੇ ਮੈਂ ਸਰੋਤ ਸਮੱਗਰੀ ਤਿਆਰ ਕੀਤੀਇਹ ਸਮੱਗਰੀ ਹੋਰ ਸਾਧਨਾਂ ਤੋਂ ਵੀ ਪ੍ਰਾਪਤ ਕੀਤੀਜ਼ਬਤ ਸਾਹਿਤ ਸੰਬੰਧੀ ਇੰਡੀਆ ਆਫ਼ਿਸ ਵਿੱਚ ਰੀਕਾਰਡ ਨੂੰ ਵੀ ਵਾਚਿਆਜਦੋਂ ਮੈਂ ਖੋਜ-ਕਾਰਜ ਦੀ ਤਰਕਪੂਰਨ ਦਲੀਲ (ਜਸਟੀਫੀਕੇਸ਼ਨ) ਦਿੱਤੀ ਅਤੇ ਮੈਂ ਸਾਈਨਾਪਸਿਜ਼ ਪੇਸ਼ ਕੀਤੇ, ਜਿਸ ਦੇ ਅਧਾਰ ’ਤੇ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਮੇਰੀ ਬਤੌਰ ਐਕਸਟਰਨਲ ਕੈਂਡੀਡੇਟ ਰਜਿਸਟਰੇਸ਼ਨ ਕਰ ਦਿੱਤੀ ਗਈਮੈਂ ਸਾਈਨਾਪਸਿਜ਼ ਵਿੱਚ ਉਪਰੋਕਤ ਪੁਸਤਕ ਦੇ ਅਧਿਅਨ ਤੇ ਲਹਿਰਾਂ ਦੇ ਕਾਰਜੀਕਰਣ ਤੋਂ ਨਿਰਣਾ ਕਰਨਾ ਚਾਹਿਆ ਤਾਂ ਕਿ ਇਹ ਪਤਾ ਲੱਗੇ ਕਿ ਇਹ ਸਾਹਿਤ ਕਿਸ ਤਰ੍ਹਾਂ ਜ਼ਬਤ ਹੋਇਆ ਭਾਵ ਜ਼ਬਤ ਕਰਨ ਦੀ ਮੈਥੇਡੌਲੋਜੀ ਕੀ ਸੀ ਅਤੇ ਪ੍ਰੈੱਸ ਰਾਹੀਂ ਇਹ ਜ਼ਬਤੀ ਸਿਸਟਮ ਕਿਵੇਂ ਨੇਪਰੇ ਚੜ੍ਹਿਆਆਜ਼ਾਦੀ ਲਹਿਰ ਦੇ ਸਾਹਿਤਕਾਰ/ਕਵੀ ਆਦਿਕ ਆਪਣੀਆਂ ਰਚਨਾਵਾਂ ਪ੍ਰੈੱਸ ਵਿੱਚ ਪ੍ਰਕਾਸ਼ਤ ਕਰਵਾਉਂਦੇ ਸਨ ਤਾਂ ਕਿ ਲੋਕ ਇਸ ਸਾਹਿਤ ਤੋਂ ਪ੍ਰੇਰਿਤ ਹੋ ਕੇ ਆਜ਼ਾਦੀ ਲਹਿਰ ਵਿੱਚ ਕੁੱਦ ਪੈਣ

ਸੋ ਪ੍ਰੈੱਸ ਆਜ਼ਾਦੀ ਲਹਿਰ ਦੇ ਸੰਚਾਰ ਲਈ ਇੱਕ ਅਹਿਮ ਮਾਧਿਅਮ ਸੀਸਰਕਾਰ ਆਜ਼ਾਦੀ ਲਹਿਰ ਦੇ ਸਾਹਿਤ ’ਤੇ ਬੰਦਸ਼ ਲਾਉਂਦੀ ਸੀਮੇਰੇ ਲਈ ਇਹ ਜਾਨਣਾ ਜ਼ਰੂਰੀ ਸੀ ਕਿ ਬਿਉਰੋਕਰੇਸੀ ਕਿਵੇਂ ਪਾਬੰਦੀਆਂ ਆਇਦ ਕਰਦੀ ਰਹੀ ਹੈ ਜਦੋਂ ਕਿ ਰਾਸ਼ਟਰੀ ਲਹਿਰਾਂ ਅਤੇ ਇਸ ਦੇ ਸਾਹਿਤ ਨੇ ਆਪਣਾ ਕਾਰਜ ਵੀ ਕਰਨਾ ਸੀਇਸ ਲਈ ਸਰਕਾਰ, ਰਾਸ਼ਟਰੀ ਲਹਿਰਾਂ ਤੇ ਸਾਹਿਤ ਨੂੰ ਪ੍ਰੈੱਸ ਰਾਹੀਂ ਨਿਰੰਤਰ ਦਬਾਉਦੀ ਰਹੀਸੋ ਪ੍ਰੈੱਸ ਦੀ ਬਿਉਰੋਕਰੇਸੀ ਨੂੰ ਸਮਝਣ ਲਈ, ਰਾਸ਼ਟਰੀ ਲਹਿਰਾਂ ਤੇ ਸਾਹਿਤ ਦੀ ਸਿਰਜਣਾ ਨੂੰ ਜਾਚਣ ਲਈ ਇਹ ਜ਼ਰੂਰੀ ਸੀ ਕਿ ਇਸ ਸਾਰੇ ਇਤਿਹਾਸ ਨੂੰ ਸਮਝਿਆ ਜਾਵੇਇਸ ਲਈ ਭਾਰਤ ਵਿੱਚ ਪ੍ਰੈੱਸ ਦੇ ਨਿਰਮਾਣ ਤੋਂ ਲੈ ਕੇ ਵੀਹਵੀਂ ਸਦੀ ਤੱਕ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਪੂਰਨ ਵਿਸਥਾਰ ਦੇ ਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਇੱਕ ਪਾਸੇ ਸਰਕਾਰੀ ਪਾਲਿਸੀਆਂ ਤੇ ਬਿਉਰੋਕਰੇਸੀ ਵੱਲੋਂ ਪ੍ਰੈੱਸ ’ਤੇ ਲਾਈਆਂ ਪਾਬੰਦੀਆਂ, ਰਾਸ਼ਟਰੀ ਲਹਿਰਾਂ ਦੇ ਸੰਘਰਸ਼ਪੂਰਨ ਇਤਿਹਾਸ ਤੇ ਸਾਹਿਤ ਅਤੇ ਪ੍ਰੈੱਸ ਦਾ ਨਿਕਾਸ ਤੇ ਵਿਕਾਸ ਵੀ ਸਾਹਮਣੇ ਆ ਗਿਆ ਹੈਇਹ ਪ੍ਰੈੱਸ ਦਾ ਵਿਕਾਸ ਦੋ ਤਰ੍ਹਾਂ ਦਾ ਸੀਇੱਕ ਪਾਸੇ ਸਰਕਾਰੀ ਪ੍ਰੈੱਸ ਤੇ ਦੂਜੇ ਪਾਸੇ ਰਾਸ਼ਟਰੀ ਪ੍ਰੈੱਸ, ਜਿਨ੍ਹਾਂ ਦਾ ਰੋਲ ਆਪਣਾ ਆਪਣਾ ਸੀਮੁੱਢਲੇ ਸਰਕਾਰੀ ਪ੍ਰੈੱਸ ’ਤੇ ਵੀ ਪਾਬੰਦੀਆਂ ਲਾਈਆਂ ਜਾਂਦੀਆਂ ਸਨ ਤਾਂ ਕਿ ਇਸ ਨੂੰ ਮਿਲੀ ਸੁਤੰਤਰਤਾ ਦਾ ਰਾਸ਼ਟਰੀ ਪ੍ਰੈੱਸ ’ਤੇ ਵੀ ਅਜਿਹਾ ਪ੍ਰਭਾਵ ਨਾ ਪਵੇਢਾਅ ਜੀ, ਗੱਲ ਲੰਮੇਰੀ ਹੋ ਗਈ ਹੈਦਰਅਸਲ ਪੂਰਨ ਤੱਥਾਂ ਤੇ ਸਚਾਈ ਨੂੰ ਜਾਨਣ ਲਈ ਪ੍ਰੈੱਸ ਸੰਬੰਧੀ ਮੇਰੀ ਪੁਸਤਕ ਦੇ ਪਹਿਲੇ ਦੋ ਚੈਪਟਰਾਂ ਦਾ ਅਧਿਐਨ ਲੋੜੀਂਦਾ ਹੈ

*****

(841)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸਤਨਾਮ ਸਿੰਘ ਢਾਅ

ਸਤਨਾਮ ਸਿੰਘ ਢਾਅ

Calgary, Alberta, Canada.
Email: (satnam.dhah@gmail.com)

More articles from this author