“ਨਛੱਤਰ ਸਿੰਘ ਗਿੱਲ ਨੂੰ ਅਰਪਨ ਯਾਦਗਾਰੀ ਪਲੈਕ ਦੇ ਰੂਪ ਵਿੱਚ ਸਨਮਾਨ ਚਿੰਨ੍ਹ, ਇੱਕ ਹਜ਼ਾਰ ਡਾਲਰ ਅਤੇ ਇੱਕ ਸ਼ਾਲ ...”
(17 ਜੂਨ 2018)
ਅਰਪਨ ਲਿਖਾਰੀ ਸਭਾ ਦਾ ਸਲਾਨਾ ਸਮਾਗਮ ਜੂਨ 9, 2018 ਨੂੰ ਟੈਂਪਲ ਕਮਿਉਨਟੀ ਹਾਲ ਵਿੱਚ ਬਹੁਤ ਹੀ ਉਤਸ਼ਾਹ ਅਤੇ ਹੁਲਾਸ ਨਾਲ ਮਨਾਇਆ ਗਿਆ। ਜਨਰਲ ਸਕੱਤਰ ਇਕਬਾਲ ਖਾਨ ਨੇ ਸਟੇਜ ਦਾ ਸੰਚਾਲਨ ਸੰਭਾਲਦਿਆਂ ਸਭਾ ਦੀ ਪ੍ਰਧਾਨ ਸਤਪਾਲ ਕੌਰ ਬੱਲ, ਮੁੱਖ ਮਹਿਮਾਨ ਨਛੱਤਰ ਸਿੰਘ ਗਿੱਲ, ਇੰਡੀਆ ਤੋਂ ਆਏ ਡਾ. ਰਵੇਲ ਸਿੰਘ, ਨਾਵਲਕਾਰ ਨਛੱਤਰ ਸਿੰਘ, ਐਡਮਿੰਟਨ ਤੋਂ ਪੀ. ਆਰ. ਕਾਲੀਆ, ਕੈਲਗਰੀ ਤੋਂ ਡਾ. ਮਹਿੰਦਰ ਸਿੰਘ ਹੱਲਣ ਨੂੰ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਤ ਹੋਣ ਲਈ ਬੇਨਤੀ ਕੀਤੀ।

ਡਾ. ਮਨਜੀਤ ਸਿੰਘ ਸੋਹਲ ਨੇ ਆਏ ਹੋਏ ਮਹਿਮਾਨਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਿਹਾ। ਪ੍ਰੋਗਰਾਮ ਦਾ ਆਗਾਜ਼ ਕੈਨੇਡਾ ਦੇ ਜੰਮਪਲ ਸੱਤ ਸਾਲ ਦੇ ਗਰੁੱਪ ਦੇ ਬੱਚਿਆਂ, ਬਾਣੀ ਕੌਰ ਘਟੌੜਾ, ਅਰਮਾਨ ਸਿੰਘ ਘਟੌੜਾ ਨੇ ਕਵਿਤਾ ਗਾਇਨ ਅਤੇ ਅਠਾਰਾਂ ਸਾਲ ਤੋਂ ਘੱਟ ਬੱਚਿਆਂ (ਗੁਰਜੀਤ ਸਿੰਘ ਗਿੱਲ, ਜੁਝਾਰ ਸਿੰਘ ਗਿੱਲ) ਨੇ ਕਵੀਸ਼ਰੀ ਸੁਣਾ ਕੇ ਕੀਤਾ। ਕੈਨੇਡਾ ਦੇ ਜੰਮਪਲ਼ ਬੱਚਿਆਂ ਦੇ ਸ਼ੁੱਧ ਪੰਜਾਬੀ ਉਚਾਰਣ ਨੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ। ਇਨ੍ਹਾਂ ਬੱਚਿਆਂ ਨੂੰ ਸਭਾ ਵੱਲੋਂ ਪ੍ਰਸ਼ੰਸਾ-ਪੱਤਰ ਦੇ ਕੇ ਉਤਸ਼ਾਹਿਤ ਕੀਤਾ ਗਿਆ।
ਲੇਖਕਾ ਅਮਰਜੀਤ ਕੌਰ ‘ਅਮਰ’ ਨੇ ਸਬੱਬ ਨਾਲ ਇੰਡੀਆ ਤੋਂ ਕੈਲਗਰੀ ਆਏ ਹੋਣ ਕਰਕੇ ਸਮਾਗਮ ਵਿੱਚ ਸ਼ਾਮਲ ਹੋ ਕੇ ਆਪਣੀ ਕਵਿਤਾ ਸਾਂਝੀ ਕੀਤੀ। ਗੁਰਮੀਤ ਕੌਰ ਸਰਪਾਲ ਨੇ ਇੱਕ ਕਵਿਤਾ ਪੇਸ਼ ਕੀਤੀ। ਕੈਲਗਰੀ ਦੇ ਪ੍ਰਸਿੱਧ ਸ਼ਾਇਰ ਕੇਸਰ ਸਿੰਘ ਨੀਰ ਨੇ ਇਕ ਗ਼ਜ਼ਲ ਪੇਸ਼ ਕੀਤੀ। ਮੱਖਣ ਕੋਹਾੜ ਐਡਮਿੰਟਨ ਤੋਂ ਆਏ ਹੋਏ ਸਾਹਿਤਕ ਦੋਸਤਾਂ ਨਾਲ ਸ਼ਾਮਲ ਹੋਏ, ਉਨ੍ਹਾਂ ਨੇ ਗ਼ਜ਼ਲ ਦੀ ਪੇਸ਼ਕਾਰੀ ਕੀਤੀ। ਐਡਮਿੰਟਨ ਤੋਂ ਆਏ ਬਖਸ਼ ਸੰਘਾ ਅਤੇ ਜੋਗਿੰਦਰ ਰੰਧਾਵਾ ਨੇ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨ੍ਹਿਆ।
ਦਿੱਲੀ ਯੂਨੀਵਰਸਿਟੀ ਤੋਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਡਾ. ਰਵੇਲ ਸਿੰਘ ਨੇ ‘ਅਜੋਕਾ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਮੌਜੂਦਾ ਸੰਕਟ’ ਬਾਰੇ ਬਹੁਤ ਹੀ ਭਾਵਪੂਰਤ ਤੇ ਸੰਖੇਪ ਸ਼ਬਦਾਂ ਵਿੱਚ ਵਿਚਾਰ ਪ੍ਰਗਟ ਕਰਦਿਆਂ ਬਾਹਰ ਬੈਠੇ ਲੇਖਕਾਂ ਨੂੰ ਇੱਥੋਂ ਦੀਆਂ ਸਮੱਸਿਆਵਾਂ ਬਾਰੇ ਚੇਤੰਨ ਹੋ ਕੇ ਲਿਖਣ ਲਈ ਅਪੀਲ ਕੀਤੀ। ਨਾਲ ਹੀ ਉਨ੍ਹਾਂ ਭਰਵਾਂ ਇਕੱਠ ਦੇਖਦਿਆਂ ਕੈਲਗਰੀ ਨਿਵਾਸੀਆਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ, “ਮੈਂ ਅਕਸਰ ਦਿੱਲੀ ਅਤੇ ਪੰਜਾਬ ਵਿੱਚ ਵੀ ਸਾਹਿਤਕ ਇਕੱਠਾਂ ਵਿੱਚ ਜਾਂਦਾ ਰਹਿੰਦਾ ਹਾਂ, ਇੰਨਾ ਇਕੱਠ ਤਾਂ ਉੱਥੇ ਵੀ ਨਹੀਂ ਹੁੰਦਾ। ਤੁਸੀਂ ਵਧਾਈ ਦੇ ਪਾਤਰ ਹੋ ਜੋ ਪੰਜਾਬ ਤੋਂ ਬਾਹਰ ਬੈਠੇ ਵੀ ਮਾਂ ਬੋਲੀ ਨੂੰ ਇੰਨਾ ਪਿਆਰ ਕਰਦੇ ਹੋ।”
ਦਿੱਲੀ ਤੋਂ ਹੀ ਇਸ ਸਮਾਗਮ ਵਿੱਚ ਸ਼ਾਮਲ ਹੋਏ ਪ੍ਰਸਿੱਧ ਨਾਵਲਕਾਰ ਨਛੱਤਰ ਸਿੰਘ ਨੇ, ਜਿਸ ਦੇ ਨਾਵਲ ‘ਸਲੋਅ ਡਾਊਨ’ ਨੂੰ ‘ਰਾਸ਼ਟਰੀ ਸਾਹਿਤ ਅਕੈਡਮੀ ਦਿੱਲੀ’ ਨੇ ਸਨਮਾਨਿਤ ਕੀਤਾ, ਨਾਵਲ ਵਿਧਾ ਬਾਰੇ ਵਿਚਾਰ ਪ੍ਰਗਟ ਕੀਤੇ। ਡਾ. ਕਾਲੀਆ ਜੋ ਐਡਮਿੰਟਨ ਤੋਂ ਨਿਕਲਦੇ ਮਾਸਿਕ ਪੱਤਰ ਏਸ਼ੀਅਨ ਟਾਇਮਜ਼ ਦੇ ਐਡੀਟਰ ਹਨ, ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਾਰਲ ਮਾਰਕਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਇੱਕ ਹਿੰਦੀ ਕਵਿਤਾ ਸੁਣਾਈ। ਕੈਲਗਰੀ ਨਿਵਾਸੀ ਹਰਨੇਕ ਬੱਧਨੀ, ਗੁਰਚਰਨ ਕੌਰ ਥਿੰਦ, ਸੁਖਵਿੰਦਰ ਸਿੰਘ ਤੂਰ, ਅਮਰੀਕ ਸਿੰਘ ਚੀਮਾ, ਜਸਵੀਰ ਸਿੰਘ ਸਿਹੋਤਾ, ਜਸਵੰਤ ਸਿੰਘ ਸੇਖੋਂ, ਸਰੂਪ ਸਿੰਘ ਮੰਡੇਰ ਅਤੇ ਜੋਗਾ ਸਿੰਘ ਸਿਹੋਤਾ ਨੇ ਆਪੋ ਆਪਣੇ ਰਚਨਾਵਾਂ ਨਾਲ ਸਿਰੋਤਿਆਂ ਨੂੰ ਨਿਹਾਲ ਕੀਤਾ।
ਸਭਾ ਦੀ ਪ੍ਰਧਾਨ ਸਤਪਾਲ ਕੌਰ ਬੱਲ ਨੇ ਸਭਾ ਦੀ ਕਾਰਗੁਜ਼ਾਰੀ, ਅਤੇ ਹੁਣ ਤੱਕ ਸਭਾ ਵੱਲੋਂ ਸਨਮਨਿਤ ਕੀਤੇ ਜਾ ਚੁੱਕੇ ਸਾਹਿਤਕਾਰਾਂ ਬਾਰੇ ਦੱਸਿਆ। ਉਨ੍ਹਾਂ ਨੇ ਇਕਬਾਲ ਅਰਪਨ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਇਸ ਵਾਰ ਸਨਮਾਨਿਤ ਕੀਤੇ ਜਾ ਰਹੇ ਸਾਹਿਤਕਾਰ ਨਛੱਤਰ ਸਿੰਘ ਗਿੱਲ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਉਪਰੰਤ ਸਨਮਾਨ ਸਮਾਰੋਹ ਦੀ ਰਸਮ, ਸਭਾ ਦੀ ਕਾਰਜਕਾਰਨੀ ਦੇ ਮੈਂਬਰਾਂ ਵੱਲੋਂ ਨਛੱਤਰ ਸਿੰਘ ਗਿੱਲ ਨੂੰ ਅਰਪਨ ਯਾਦਗਾਰੀ ਪਲੈਕ ਦੇ ਰੂਪ ਵਿੱਚ ਸਨਮਾਨ ਚਿੰਨ੍ਹ, ਇੱਕ ਹਜ਼ਾਰ ਡਾਲਰ ਅਤੇ ਇੱਕ ਸ਼ਾਲ ਦੇ ਕੇ ਸਨਮਾਨਿਤ ਕਰਕੇ ਨਿਭਾਈ ਗਈ। ਇਸ ਤੋਂ ਇਲਾਵਾ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵੇਲ ਸਿੰਘ, ਨਾਵਲਕਾਰ ਨਛੱਤਰ ਸਿੰਘ, ਮੱਖਣ ਕੋਹਾੜ ਅਤੇ ਅਮਰਜੀਤ ਕੌਰ ‘ਅਮਰ’ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਵੈਨਕੂਵਰ ਤੋਂ ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਨਛੱਤਰ ਸਿੰਘ ਗਿੱਲ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਨਛੱਤਰ ਸਿੰਘ ਗਿੱਲ ਨੇ ਕੈਨੇਡੀਅਨ ਸੁਸਾਇਟੀ ਵਿਚਲੀਆਂ ਗੰਭੀਰ ਸਮੱਸਿਆਵਾਂ ਨੂੰ ਆਪਣੇ ਕਲੇਵਰ ਵਿੱਚ ਲੈਂਦਿਆਂ ਨਾਵਲ ਨੂੰ ਸਮੇਂ ਦਾ ਹਾਣੀ ਦਾ ਬਣਇਆ ਹੈ। ਨਛੱਤਰ ਸਿੰਘ ਕੋਲ ਪੰਜਾਬ ਅਤੇ ਕੈਨੇਡਾ ਵਿੱਚ ਰਹਿਣ ਦਾ ਦੋਹਰਾ ਅਨੁਭਵ ਹੈ। ਸਾਨੂੰ ਨਛੱਤਰ ਸਿੰਘ ਕੋਲੋਂ ਅਜੇ ਬਹੁਤ ਸਾਰੀਆਂ ਆਸਾਂ ਹਨ। ਗੁਰਚਰਨ ਸਿੰਘ ਟੱਲੇਵਾਲੀਆ ਨੇ ਨਛੱਤਰ ਸਿੰਘ ਗਿੱਲ ਬਾਰੇ, ਡਾ. ਸੁਰਜੀਤ ਬਰਾੜ ਘੋਲੀਆਂ ਦਾ ਲਿਖਿਆ ਹੋਇਆ ਪੇਪਰ ਪੜ੍ਹਿਆ, ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਸਲਾਹਿਆ ਗਿਆ।
ਨਛੱਤਰ ਸਿੰਘ ਗਿੱਲ ਹੋਰਾਂ ਨੇ ਅਰਪਨ ਲਿਖਾਰੀ ਸਭਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਕਬਾਲ ਆਰਪਨ ਯਾਦਗਰੀ ਐਵਾਰਡ ਲੈਂਦਿਆਂ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿਉਂਕਿ ਇਕਬਾਲ ਅਰਪਨ ਜੀ ਆਪ ਵੀ ਇੱਕ ਬਹੁਤ ਵਧੀਆ ਅਤੇ ਹਰਮਨ ਪਿਆਰੇ ਇਨਸਾਨ ਦੇ ਨਾਲ ਨਾਲ ਲੇਖਕ ਅਤੇ ਸਮਾਜ ਸੇਵਕ ਸਨ। ਇਸ ਸਨਮਾਨ ਨਾਲ ਮੇਰੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਗਈਆਂ ਹਨ। ਮੈਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਿਆਰੀ ਰਚਨਾ ਕਰਨ ਦੀ ਕੋਸ਼ਿਸ਼ ਕਰਾਂਗਾ।
ਇਸ ਸਮਾਗਮ ਦੌਰਾਨ ਮਿਆਰੀ ਪੁਸਤਕਾਂ ਦੀ ਸਫ਼ਲ ਪ੍ਰਦਰਸ਼ਨੀ ਲਗਾਈ ਗਈ। ਖ਼ਾਸ ਕਰਕੇ ਛੋਟੇ ਬੱਚਿਆਂ ਲਈ ਗੁਰਮੁਖੀ ਵਿੱਚ ਲਿਖੀਆਂ ਸਿੱਖ ਇਤਿਹਾਸ ਦੀਆਂ, ਅਤੇ ਗੁਰਮੁਖੀ ਲਿਖਣ-ਪੜ੍ਹਨ ਅਭਿਆਸ ਪੁਸਤਕਾਂ ਚਾਹਵਾਨਾਂ ਨੂੰ ਮੁਫ਼ਤ ਵੰਡੀਆਂ ਗਈਆਂ। ਸਤਪਾਲ ਕੌਰ ਬੱਲ ਨੇ ਵੱਲੋਂ ਆਏ ਹੋਏ ਸਾਰੇ ਹੀ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਬਹੁਤ ਸਾਰੀਆਂ ਪੰਜਾਬੀ ਭਾਈਚਾਰੇ ਦੀਆਂ ਸੰਸਥਾਵਾਂ ਦੇ ਮੈਂਬਰਾਂ, ਐਡਮਿੰਟਨ ਅਤੇ ਵੈਨਕੂਵਰ ਦੇ ਸਾਹਿਤਕ ਦੋਸਤਾਂ, ਪੰਜਾਬੀ ਮੀਡੀਆ, ਆਪਣੇ ਭਾਈਚਾਰੇ ਦੇ, ਖ਼ਾਸ ਕਰਕੇ ਸਪੌਂਸਰ ਕਰਨ ਵਾਲੇ ਵੀਰਾਂ ਭੈਣਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੀ ਸਫ਼ਲਤਾ ਲਈ ਨਿਰਸੁਆਰਥ ਵਲੰਟੀਅਰਜ਼ ਅਤੇ ਸਭਾ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਐਡਮਿੰਟਨ ਤੋਂ ਨਵੀਂ ਦੁਨੀਆਂ ਦੇ ਕਿਰਤਮੀਤ, ਨਵਤੇਜ ਬੈਂਸ, ਏਸ਼ੀਅਨ ਅਖ਼ਬਾਰ ਦੇ ਪੀ. ਆਰ. ਕਾਲੀਆ, ਕੈਲਗਰੀ ਤੋਂ ਸਿੱਖ ਵਿਰਸਾ ਮੈਗਜ਼ੀਨ ਦੇ ਐਡੀਟਰ ਹਰਚਰਨ ਸਿੰਘ ਪਰਹਾਰ ਨੇ ਸਮਾਗਮ ਨੂੰ ਕਵਰ ਕੀਤਾ। ਫੋਟੋਗ੍ਰਾਫ਼ੀ ਲਈ ਦਿਲਜੀਤ ਹੁੰਝਣ ਅਤੇ ਬਲਦੇਵ ਸਿੰਘ ਢਾਹ ਦਾ ਵਿਸ਼ੇਸ਼ ਯੋਗਦਾਨ ਰਿਹਾ। ਆਉਂਦੇ ਸਾਲ ਫਿਰ ਇਸੇ ਤਰ੍ਹਾਂ ਮਿਲਣ ਦੀ ਆਸ ’ਤੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।
ਸ਼ਾਮ ਨੂੰ ਬਾਹਰੋਂ ਆਏ ਹੋਏ ਮਹਿਮਾਨਾਂ ਲਈ ਆਯੋਜਤ ਕੀਤੇ ਡਿਨਰ ਸਮੇਂ ਸਭਾ ਦੇ ਮੌਜੂਦ ਮੈਂਬਰਾਂ ਵੱਲੋਂ ਪੰਜਾਬੀ ਸਾਹਿਤ ਬਾਰੇ ਖੁੱਲ੍ਹਾ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਾਹਿਤਕ ਮਿਲਣੀ ਦੌਰਾਨ ਜਿੱਥੇ ਸਾਹਿਤਕਾਰਾਂ ਨਾਲ ਲਿਖਣ ਵਿਧਾ ’ਤੇ ਡੂੰਘੀ ਚਰਚਾ ਹੋਈ, ਉੱਥੇ ਸਤਨਾਮ ਸਿੰਘ ਢਾਹ ਵੱਲੋਂ ਦਿੱਲੀ ਵਿੱਚ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਅਤੇ ਸਾਹਿਤ ਅਕਦਮੀ ਦਿੱਲੀ ਦੇ ਕੀਤੇ ਕੰਮਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਡਾ. ਰਵੇਲ ਸਿੰਘ ਨੇ ਬਹੁਤ ਹੀ ਵਿਸਥਾਰ ਨਾਲ ਅਤੇ ਤਸੱਲੀਬਖ਼ਸ਼ ਜਵਾਬ ਦਿੰਦਿਆਂ ਆਖਿਆ ਕਿ ਕੈਨੇਡਾ ਅਤੇ ਦਿੱਲੀ ਵਿੱਚ ਪੰਜਾਬੀ ਬੋਲੀ ਦਾ ਭਵਿੱਖ ਪੰਜਾਬ ਨਾਲੋਂ ਕਿਤੇ ਬਿਹਤਰ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਬੋਲੀ ਨੂੰ ਜਿਉਂਦਾ ਰੱਖਣ ਲਈ ਬੋਲੀ ਨੂੰ ਬੋਲਣ ਵਾਲੇ ਲੋਕ ਅਤੇ ਉਸ ਦੇ ਵਧੀਆ ਭਵਿੱਖ ਲਈ ਯਤਨਸ਼ੀਲ ਲੋਕ ਹੀ ਜਿਉਂਦਾ ਰੱਖਦੇ ਹਨ। ਉਨ੍ਹਾਂ ਨੇ ਅਰਪਨ ਲਿਖਾਰੀ ਸਭਾ ਵੱਲੋਂ ਕਿਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਹੋਰ ਜਾਣਕਾਰੀ ਲਈ ਸਤਪਾਲ ਕੌਰ ਬੱਲ ਨੂੰ 403-590-1403 ਅਤੇ ਇਕਬਾਲ ਖ਼ਾਨ ਨਾਲ 403-921-8736 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
*****
				
				
				
				
				
						




 






















 










 















 



















 



























