SatnamDhah7ਲਿਖਣ ਕਾਰਜ ਵਿੱਚ ਸਿਖ਼ਰਤਾ ਦੀ ਪੱਧਰ ਲਿਆਉਣ ਲਈ, ਸਿਰਜਣਾ ਦੇ ਕਾਰਜ ਨੂੰ ਸਾਧਾਰਨ ਤੌਰ ’ਤੇ ਨਹੀਂ, ਸਗੋਂ ਗੰਭੀਰਤਾ ਨਾਲ ਲੈਣਾ ਪਵੇਗਾ ...”
(9 ਅਕ
ਤੂਬਰ, 2015)


GurdialSRai3ਡਾ. ਗੁਰਦਿਆਲ ਸਿੰਘ ਰਾਏ

ਜੀਵਨ ਵੇਰਵਾ:

ਜਨਮ             : 1 ਮਈ 1937
ਜਨਮ ਸਥਾਨ     : ਤਿੰਨਸੁਖੀਆ, (ਆਸਾਮ)
ਪਿਤਾ ਦਾ ਨਾਮ    : ਸ. ਬਿਸ਼ਨ ਸਿੰਘ
ਵਿੱਦਿਆ : ਐਮ.ਏ. (ਪੰਜਾਬੀ), ਐਮ.ਐੱਸਸੀ (ਨੀਊਟਰੀਸ਼ਨ), ਪੀ.ਐੱਚ-ਡੀ

ਕਿੱਤਾ:

: ਅਧਿਆਪਨ, ਸੰਪਾਦਨਾ (ਅਤੇ ਕਈ ਛੋਟੇ-ਮੋਟੇ ਹੋਰ ਕੰਮ)
: ਫੈਲੋ, ਦੀ ਬਰਿਟਿਸ਼ ਇੰਸਟੀਚੂਟ ਆਫ ਹੌਮੀਉਪੈਥੀ ਅਤੇ ਲਿਖਾਰੀ ਵੈੱਬਸਾਈਟ

ਪ੍ਰਮੁੱਖ ਰਚਨਾਵਾਂ:

1. ਅੱਗ (ਕਾਵਿ ਸੰਗ੍ਰਹਿ)
2. ਮੋਏ ਪੱਤਰ (ਕਹਾਣੀ ਸੰਗ੍ਰਹਿ)
3. ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਿਹ)
4. ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ)
5. ਗੁਆਚੇ ਪਲਾਂ ਦੀ ਤਲਾਸ਼ (ਨਿਬੰਧ)
6. ਅੱਖੀਆਂ ਕੂੜ ਮਾਰਦੀਆਂ (ਅਨੁਵਾਦ: ਉਰਦੂ ਕਹਾਣੀਆਂ)
7. ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ)
8. ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ)

ਮਾਣ/ਸਨਮਾਨ:

1. ਆਲ ਇੰਡੀਆ ਲਿਟਰੇਰੀ ਕੌਂਸਲ ਵਲੋਂ 'ਕਹਾਣੀ' ਲਈ ਸਨਮਾਨ

2. ਈਸਟ ਮਿਡਲੈਂਡਜ਼ ਆਰਟਸ ਕੌਂਸਲ ਵਲੋਂ 'ਕਹਾਣੀ' ਲਈ ਇਨਾਮ/ਸਨਮਾਨ
3. ਪੰਜਾਬੀ ਰਾਈਟਰਜ਼ ਫੋਰਮ, ਸਾਊਥੈਂਪਟਨ ਵਲੋਂ ਸਾਹਿਤਕ ਐਵਾਰਡ ਆਫ ਆਨਰ
4. ਪੰਜਾਬੀ ਕਵੀ ਦਰਬਾਰ ਵਾਲਥਮਸਟੋ ਵਲੋਂ 'ਲਿਖਾਰੀ' ਅਤੇ ਸਾਹਿਤਕ ਘਾਲਣਾ ਲਈ
5. ਆਲਮੀ ਪੰਜਾਬੀ ਕਾਨਫਰੰਸ ਲੰਡਨ ਵਲੋਂ 'ਵਾਰਸ ਸ਼ਾਹ ਐਵਾਰਡ'
6. ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਵਲੋਂ ਸਰਵੋਤਮ ਸਾਹਿਤਕਾਰ ਸਨਮਾਨ ਚਿੰਨ੍ਹ

                                          ***

 ਡਾ. ਗੁਰਦਿਆਲ ਸਿੰਘ ਰਾਏ ਨੂੰ ਸ਼ਾਇਦ ਪੱਛਮ ਵਿੱਚ ਬਹੁਤ ਸਾਰੇ ਲੋਕ ‘ਲਿਖਾਰੀ’ ਵੈੱਬਸਾਈਟ ਦੇ ਸੰਚਾਲਕ/ਨਿਰਮਾਤਾ ਜਾਂ ਸੰਪਾਦਕ ਦੇ ਤੌਰ ਤੇ ਹੀ ਜਾਣਦੇ ਹਨ ਕਿਉਂਕਿ ਉਹਨਾਂ ਨੇ ਨਿਰੋਲ ਪੰਜਾਬੀ ਸਾਹਿਤਕ ਪਰਚਾ, ਪੰਜਾਬੀ ਪਿਆਰਿਆਂ ਲਈ ਇੰਟਰਨੈੱਟ ਰਾਹੀਂ ਉਪਲਬਦ ਕਰਾਇਆ ਹੈ। ਪਰ ਸਾਹਿਤਕ ਜਗਤ ਨਾਲ ਜੁੜੇ ਹੋਏ ਪਾਠਕ/ਲੇਖਕ ਜਾਂ ਹੋਰ ਸਬੰਧਤ ਲੋਕ ਜਿਹੜੇ ਪੰਜਾਹ ਕੁ ਸਾਲ ਪਹਿਲਾਂ ਤੋਂ ਕੋਈ ਸਾਹਿਤਕ ਦਿਲਚਸਪੀ ਰੱਖਦੇ ਹੋਣ, ਉਹ ਸਥਾਪਤ ਲੇਖਕ ਗੁਰਦਿਆਲ ਸਿੰਘ ਰਾਏ ਨੂੰ ਇੱਕ ‘ਲੇਖਕ’ ਦੇ ਤੌਰ ਤੇ ਵੀ ਜ਼ਰੂਰ ਜਾਣਦੇ ਹੋਣਗੇ।

Likhari1‘ਲਿਖਾਰੀ’ ਵੈੱਬਸਾਈਟ ਸ਼ੁਰੂ ਕਰਨ ਦਾ ਮਕਸਦ ਪੌਂਡ ਜਾਂ ਡਾਲਰ ਕਮਾਉਣਾ ਨਹੀਂ, ਸਗੋਂ ਪੰਜਾਬੀ ਮਾਂ ਬੋਲੀ ਦੇ ਸਾਹਿਤਕ ਵਿਕਾਸ ਨੂੰ ਮੁੱਖ ਰੱਖਦਿਆਂ, ਆਪਣੇ ਕੋਲ਼ੋਂ ਪੈਸਾ ਤੇ ਸਮਾਂ ਖ਼ਰਚ ਕਰਕੇ, ਨਵੇਂ ਅਤੇ ਪੁਰਾਣੇ ਲੇਖਕਾਂ ਦੀਆਂ ਵੱਡਮੁਲੀਆਂ ਲਿਖਤਾਂ ਨੂੰ ਪੰਜਾਬੀ ਪਾਠਕਾਂ ਦੇ ਘਰ ਘਰ ਪਹੁੰਚਾਉਣਾ ਹੈ। ਨਿਰਸੰਦੇਹ ਇਹ ਇੱਕ ਬਹੁਤ ਹੀ ਵੱਡੀ ਕੁਰਬਾਨੀ ਹੈ, ਜਿਹੜੀ ਕਿ ਸ਼ਾਇਦ ਹੋਰ ਕਿਸੇ ਦੇ ਹਿੱਸੇ ਨਹੀਂ ਆਈ। ਅਸੀਂ ਬਹੁਤ ਸਾਰੇ ਵੀਰ ਭੈਣਾਂ ਇੱਧਰ ਆ ਕੇ ਵੱਡੇ ਵੱਡੇ ਘਰ, ਬਿਜਨਿਸ ਖ਼ਰੀਦਦੇ ਹਾਂ ਜਾਂ ਕਮਾਇਆ ਹੋਇਆ ਪੈਸਾ ਆਪਣੇ ਸੁੱਖਾਂ ਲਈ ਵਰਤਦੇ ਹਾਂ, ਇਸ ਤਰ੍ਹਾਂ ਦੇ ਕੰਮਾਂ ਲਈ ਬਹੁਤ ਹੀ ਘੱਟ ਸੋਚ ਸਾਡੇ ਮਨ ਦੀਆਂ ਲਹਿਰਾਂ ਤੇ ਆਉਂਦੀ ਹੈ। ਇਸੇ ਲਈ ਮੈਂ ਗੁਰਦਿਆਲ ਸਿੰਘ ਨੂੰ ਕੁਝ ਹੋਰ ਨੇੜੇ ਹੋ ਕੇ ਵੇਖਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤੋਂ ਮੈਨੂੰ ਇਹ ਪਤਾ ਲੱਗਾ ਕਿ ਗੁਰਦਿਆਲ ਸਿੰਘ ਇੱਕ ਬੁਹ-ਪੱਖੀ ਸ਼ਖ਼ਸੀਅਤ ਹੈ। ਉਹ ਇੱਕ ਪੱਤਰਕਾਰ, ਇੱਕ ਲੇਖਕ, ਇੱਕ ਨਿਬੰਧਕਾਰ, ਇੱਕ ਆਲੋਚਕ, ਇੱਕ ਅਧਿਆਪਕ, ‘ਹੋਮੀਉਪੈਥੀ ਅਤੇ ਨੀਊਟਰੀਸ਼ਨ’ ਦਾ ਡਾਕਟਰ, ਇੱਕ ਕਿਰਤੀ ਅਤੇ ਸਭ ਤੋਂ ਪਹਿਲਾਂ ਇੱਕ ਸੱਚਾ ਸੁੱਚਾ ਇਨਸਾਨ ਹੈ। ਜਦੋਂ ਮੈਂ ਉਸ ਦੇ ਕੀਤੇ ਕੰਮਾਂ ਵੱਲ ਝਾਤੀ ਮਾਰੀ ਤਾਂ ਸੱਚਮੁੱਚ ਹੀ ਉਹ ਮੈਨੂੰ ਕੰਡਿਆਲ਼ੇ ਰਾਹਾਂ ਦਾ ਪਾਂਧੀ ਦਿਸਿਆ।

ਹੋਰ ਪੰਜਾਬੀਆਂ ਵਾਂਗ ਇੱਕ ਦਿਨ ਗੁਰਦਿਆਲ ਸਿੰਘ ਨੇ ਇਸ ਤੋਂ ਵੀ ਚੰਗੇ ਭਵਿੱਖ ਦਾ ਸੁਪਨਾ ਲੈਂਦਿਆਂ ਵਲਾਇਤ ਆਉਣ ਲਈ ਵਾਊਚਰ ਲਈ ਅਪਲਾਈ ਕਰ ਦਿੱਤਾ। ਪਰ ਜਦੋਂ ਅਸਲੀਅਤ ਨਾਲ ਉਸਦਾ ਵਾਹ ਬਰਤਾਨੀਆ ਆ ਕੇ ਪਿਆ, ਉਹ ਸਚੁਮੱਚ ਹੀ ਦੁੱਖਦਾਈ ਤੇ ਹੈਰਾਨੀ ਭਰਿਆ ਹੈ। ਉਸ ਸਮੇਂ ਆਇਆਂ ਪੰਜਾਬੀਆਂ ਦੀ ਇਹ ਬਹਾਦਰੀ ਹੈ ਕਿ ਇੰਗਲੈਂਡ ਵਿਚਲੇ ਨਸਲੀ ਵਿਤਕਰੇ, ਓਪਰੇਪਨ ਜਾਂ ਬਿਗਾਨਗੀ ਦਾ ਅਹਿਸਾਸ, ਉਹਨਾਂ ਦੀਆਂ ਨਵੀਆਂ ਲੱਗ ਰਹੀਆਂ ਜੜ੍ਹਾਂ ਨੂੰ ਉਖੇੜ ਨਹੀਂ ਸਕਿਆ। ਸਗੋਂ ਉਹ ਹੋਰ ਜ਼ੋਰ ਨਾਲ ਫੈਲਰੇ ਅਤੇ ਵਧੇ-ਫੁੱਲੇ। ਇਸੇ ਕਰਕੇ ਅੱਜ ਬਰਤਾਨੀਆਂ ਦੇ ਇਤਿਹਾਸ ਵਿੱਚ ਇਹ ਆਵਾਸੀ-ਪਰਵਾਸੀ, ਅਬਾਦਕਾਰ ਅਖਵਾਉਣ ਦੇ ਹੱਕਦਾਰ ਬਣੇ ਹਨ। ਪੰਜਾਬੀਆਂ ਦੀ ਦੂਜੀ, ਤੀਜੀ ਪੀੜ੍ਹੀ ਪੂਰੀ ਤਰ੍ਹਾਂ ਸੈਟਲ ਹੈ। ਉਹ ਹੁਣ ਫਾਉਂਡਰੀਆਂ ਵਿੱਚ ਨਹੀਂ ਸਗੋਂ ਗੋਰਿਆਂ ਦੇ ਬਰਾਬਰ ਦੀਆਂ ਚੰਗੀਆਂ ਪ੍ਰੋਫ਼ੈਸ਼ਨਲ ਜੌਬਾਂ ਕਰ ਰਹੇ ਹਨ। ਗੋਰਿਆਂ ਦੀ ਨਵੀਂ ਪੀੜ੍ਹੀ ਦੀ ਸੋਚ ਵਿੱਚ ਵੀ ਬਦਲਾਓ ਦੇਖਿਆ ਜਾ ਸਕਦਾ ਹੈ।

ਗੁਰਦਿਆਲ ਸਿੰਘ ਨੇ ਆਪਣੀ ਜ਼ਿੰਦਗੀ ਦੀਆਂ ਹਕੀਕਤਾਂ ਬਿਆਨ ਕਰਦਿਆਂ ਆਪਣੇ ਬਚਪਨ, ਜਵਾਨੀ ਅਤੇ ਸਮੁੱਚੇ ਜੀਵਨ ਸਬੰਧੀ ਦੱਸਦਿਆਂ ਕਿਸੇ ਤਰ੍ਹਾਂ ਦਾ ਵੀ ਕੋਈ ਓਹਲਾ ਜਾਂ ਲੁਕ-ਲੁਕਾ ਨਹੀਂ ਰੱਖਿਆ। ਉਸ ਤੋਂ ਇੰਗਲੈਂਡ ਵਿੱਚ ਸਥਾਪਤੀ ਦੇ ਦਿਨਾਂ ਦੀਆਂ ਗੱਲਾਂ ਸੁਣ ਕੇ ਮਨ ਵਿੱਚ ਵਿਚਾਰ ਆਉਣਾ ਸੁਭਾਵਕ ਹੈ ਕਿ ਇਹ ਲੋਕ ਕਿਸ ਮਿੱਟੀ ਦੇ ਬਣੇ ਹੋਏ ਸਨ, ਜਿਨ੍ਹਾਂ ਨੇ ਅੱਗੇ ਵਧਦਿਆਂ ਮੁੜ ਪਿਛਾਂਹ ਵੱਲ ਨਹੀਂ ਦੇਖਿਆ।

ਇੰਗਲੈਂਡ ਆਉਣ ਤੋਂ ਪਹਿਲਾਂ ਗੁਰਦਿਆਲ ਸਿੰਘ, ਅਕਾਲੀ ਪੱਤ੍ਰਕਾ ਵਿੱਚ ਪੰਜ ਕੁ ਵਰ੍ਹੇ ਸਬ-ਐਡੀਟਰ ਦੇ ਤੌਰ ’ਤੇ ਕੰਮ ਕਰਦਾ ਰਿਹਾ। ਇਸ ਤੋਂ ਪਹਿਲਾਂ ਅਧਿਆਪਨ ਦਾ ਕਾਰਜ ਵੀ ਕੀਤਾ। ਸਾਹਿਤ ਨਾਲ ਮੱਸ ਸੀ, ਇਸ ਲਈ ਉਸਨੇ ਨਿਬੰਧ ਲਿਖੇ, ਕਹਾਣੀਆਂ ਲਿਖੀਆਂ, ਅਨੁਵਾਦ ਕੀਤੇ, ਪਰੂਫ-ਰੀਡਿੰਗ ਕੀਤੀ। ਉਸਨੇ ਆਪਣੀ ਕਲਮ ਨੂੰ ਆਹਰੇ ਲਾਈ ਰੱਖਿਆ। ਉਸਦੀਆਂ ਰਚਨਾਵਾਂ ਪੰਜਾਬੀ/ਉਰਦੂ ਦੇ ਵੱਖ-ਵੱਖ ਪਰਚਿਆਂ ਵਿੱਚ ਛਪਦੀਆਂ ਰਹੀਆਂ। ਪੰਜਾਬ ਰਹਿੰਦਿਆਂ ਹੀ ਇੱਕ ਕਵਿਤਾ ਦੀ ਛੋਟੀ ਕਿਤਾਬ ‘ਅੱਗ’ ਵੀ ਛਪੀ। ਉਸ ਨੇ ਆਦਮਪੁਰ ਤੋਂ ਇੱਕ ਮਾਸਕ ਮੈਗਜ਼ੀਨ ‘ਪੱਤਣ’ ਵੀ ਕੱਢਿਆ ਪਰ ਆਰਥਿਕ ਕਾਰਨਾਂ ਕਰਕੇ ਕੁਝ ਸਮਾਂ ਚੱਲ ਕੇ ਬੰਦ ਹੋ ਗਿਆ।

ਗੁਰਦਿਆਲ ਸਿੰਘ ਬਹੁ-ਪੱਖੀ ਲੇਖਕ ਹੈ। ਉਸ ਨੂੰ ਕਹਾਣੀ ਅਤੇ ਨਿਬੰਧ ਲਿਖਣ ’ਤੇ ਖ਼ਾਸ ਪਕੜ ਹੈ। ਪਰ ਮੈਨੂੰ ਲੱਗਦਾ ਹੈ ਕਿ ਗੁਰਦਿਆਲ ਸਿੰਘ ਨੇ ਆਪਣੇ ਬਾਰੇ ਸ਼ਾਇਦ ਉੰਨਾ ਨਾ ਲਿਖਿਆ ਹੋਵੇ ਜਿੰਨਾ ਦੂਜਿਆਂ ਲੇਖਕਾਂ ਨੂੰ ਉਭਾਰਨ ਜਾਂ ਉਹਨਾਂ ਦੀਆਂ ਲਿਖਤਾਂ ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਲਾਇਆ। ਅਸੀਂ ਅੱਜ ਇੰਗਲੈਂਡ ਵਿਚਲੇ ਉਂਗਲਾਂ ’ਤੇ ਗਿਣਨ ਯੋਗੇ ਲੇਖਕਾਂ ਨੂੰ ਛੱਡ ਕੇ ਬਹੁਤ ਸਾਰੇ ਲੇਖਕਾਂ ਬਾਰੇ ਜਾਣਦੇ ਹੀ ਨਹੀਂ ਪਰ ਇਹ ਕੰਮ ਇੰਗਲੈਂਡ ਵਿੱਚ ਬੈਠੇ ਦੋ ਲੇਖਕਾਂ ਨੇ ਬਹੁਤ ਇਮਾਨਦਾਰੀ ਅਤੇ ਮਿਹਨਤ ਨਾਲ ਕੀਤਾ ਹੈ ਜੋ ਇੱਕ ਇਤਿਹਾਸਕ ਕੰਮ ਹੈ। ਉਹ ਹਨ, ਇੱਕ ਡਾ. ਪ੍ਰੀਤਮ ਸਿੰਘ ਕੈਂਬੋ ਅਤੇ ਦੂਸਰੇ ਡਾ. ਗੁਰਦਿਆਲ ਸਿੰਘ ਰਾਏ। ਗੁਰਦਿਆਲ ਸਿੰਘ ਨੇ ਆਪਣਾ ਲਿਖਣ ਸਫ਼ਰ ਕਵਿਤਾ ਤੋਂ ਸ਼ੁਰੂ ਕੀਤਾ। ਉਸਨੇ ਦੋ ਕਹਾਣੀ ਸੰਗ੍ਰਹਿ, ਨਿਬੰਧ, ਆਲੋਚਨਾ, ਮਕਸੂਦ ਇਲਾਹੀ ਸ਼ੇਖ ਦੀਆਂ ਉਰਦੂ ਕਹਾਣੀਆਂ ਦਾ ਪੰਜਾਬੀ ਰੂਪਾਂਤਰ, ਲਹਿੰਦੇ ਪੰਜਾਬ ਦੀਆਂ ਬਰਤਾਨੀਆਂ ਵਿੱਚ ਰਹਿੰਦੀਆਂ ਉਰਦੂ ਲੇਖਕਾਵਾਂ ਦੀਆਂ ਕਹਾਣੀਆਂ ਦਾ ਪੰਜਾਬੀ ਰੂਪਾਂਤਰ ਅਤੇ ਇੱਕ ਹੋਰ ਬਹੁਮੁੱਲੀ ਆਲੋਚਨਾ ਦੀ ਕਿਤਾਬ ‘ਬਰਤਾਨਵੀ ਪੰਜਾਬੀ ਕਲਮਾਂ’ ਲਿਖ ਕੇ ਪੰਜਾਬੀ ਸਾਹਿਤ ਵਿੱਚ ਨਿੱਗਰ ਵਾਧਾ ਕੀਤਾ। ਇੱਥੇ ਹੀ ਬੱਸ ਨਹੀਂ, ਇੰਗਲੈਂਡ ਵਿੱਚ ਸਕੂਲ ਟੀਚਰ ਹੁੰਦਿਆਂ ਸਕੂਲ ਦੇ ਹੈੱਡ-ਮਾਸਟਰ, ਬਰਨਾਰਡ ਐਸ਼ਲੇ ਜੋ ਇੰਗਲੈਂਡ ਦਾ ਪ੍ਰਸਿੱਧ ਨਾਵਲਿਸਟ ਹੈ, ਨਾਲ ਕੰਮ ਕਰ ਕੇ ਇੱਕ ਵਧੀਆ ਅਧਿਆਪਕ ਹੋਣ ਦਾ ਮਾਣ ਪ੍ਰਾਪਤ ਕੀਤਾ। ਐਸ਼ਲੇ ਨੇ ਆਪਣੀ ਕਿਤਾਬ ਦੇ ਮੁੱਖਬੰਦ ਵਿੱਚ ਗੁਰਦਿਆਲ ਸਿੰਘ ਦਾ ਖ਼ਾਸ ਜ਼ਿਕਰ ਕੀਤਾ ਹੈ। ਡਾ. ਰਾਏ ਵੱਲੋਂ ਲਿਖਣਾ ਹਾਲਾਂ ਵੀ ਜਾਰੀ ਹੈ ਭਾਵੇਂ ਕਿ ਸਿਹਤ ਦੀ ਖ਼ਰਾਬੀ ਅਤੇ ‘ਲਿਖਾਰੀ’ ਦੇ ਰੁਝੇਵੇਂ ਕਾਰਨ ਤੋਰ ਕੁਝ ਹੌਲੀ ਹੈ। ਗੁਰਦਿਆਲ ਸਿੰਘ ਦੇ ਸਮੁੱਚੇ ਯੋਗਦਾਨ ਨੂੰ ਮੈਂ ਇੱਕ ਬਹੁਤ ਵੱਡਾ ਕੰਮ ਕਹਾਂਗਾ ਕਿਉਂਕਿ ਇਸ ਵਿੱਚ ਨਵੇਂ ਅਤੇ ਸਥਾਪਤ ਹੋ ਚੁੱਕੇ ਉਹਨਾਂ ਬਹੁਤ ਸਾਰੇ ਲੇਖਕਾਂ ਦੇ ਕੰਮ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ, ਜਿਨ੍ਹਾਂ ਬਾਰੇ ਬਾਹਰਲੀ ਦੁਨੀਆ ਨੂੰ ਕੋਈ ਪਤਾ ਹੀ ਨਹੀਂ ਸੀ ਕਿ ਇਹਨਾਂ ਲੇਖਕਾਂ ਨੇ ਵੀ ਕੋਈ ਸਾਹਿਤਕ ਰਚਨਾ ਕੀਤੀ ਹੈ। ਸੋ ਪਿਛਲੇ ਦਿਨੀਂ ਗੁਰਦਿਆਲ ਸਿੰਘ ਰਾਏ ਨਾਲ ਖੁੱਲ੍ਹੀਆਂ ਗੱਲਾਂ ਹੋਈਆਂ ਅਤੇ ਬਹੁਤ ਸਾਰੀਆਂ ਨਵੀਆਂ ਗੱਲਾਂ ਦਾ ਪਤਾ ਲੱਗਿਆ, ਜੋ ਮੈਂ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ।

? ਰਾਏ ਜੀ, ਆਪਣੇ ਬਾਰੇ ਮੁੱਢਲੀ ਜਾਣਕਾਰੀ ਦਿਉ। ਆਪਣੇ ਮਾਤਾ ਪਿਤਾ ਅਤੇ ਬਚਪਨ ਬਾਰੇ ਕੁਝ ਦੱਸੋ?

: ਮੇਰਾ ਜਨਮ 1 ਮਈ 1937 ਦਾ ਜਨਮ ਸਥਾਨ ਤਿੰਨਸੁਖੀਆ, ਆਸਾਮ ਦਾ ਹੈ। ਮੇਰੀ ਮਾਤਾ ਜੀ ਦਾ ਨਾਮ ਸਰਦਾਰਨੀ ਗੁਰਬਚਨ ਕੌਰ (ਪੇਕਿਆਂ ਦਾ ਨਾਂ ਚੰਨਣ ਕੌਰ) ਅਤੇ ਪਿਤਾ ਜੀ ਦਾ ਨਾਮ ਸ੍ਰ. ਬਿਸ਼ਨ ਸਿੰਘ ਸੀ। ਉਹ ਦੋਵੇਂ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਮੇਰੇ ਪਿਤਾ ਜੀ ਆਸਾਮ ਵਿੱਚ ਮਿਲਟਰੀ, ਪੀ. ਡਬਲਯੂ. ਡੀ. ਅਤੇ ‘ਚਾਹ ਬਾਗਾਂ’ ਦੇ ਮਾਲਕਾਂ ਰਾਹੀਂ ਮਿਲਦੇ ਇਮਾਰਤੀ ਕੰਮਾਂ ਦੇ ਠੇਕੇਦਾਰ ਸਨ। ਦੂਜੀ ਵੱਡੀ ਜੰਗ ਦੀ ਫੈਸਲਾਕੁਨ ਅੰਤਿਮ ਘੜੀ ਦੀ ਲੜਾਈ ਸਮੇਂ ਮੈਂ ਆਪਣੀ ਛੋਟੀ ਭੈਣ ਅਵਤਾਰ ਨਾਲ ‘ਦਿਨਜਾਨ ਫੌਜੀ ਫੀਲਡ’ ਦੇ ਬਿਲਕੁਲ ਲਾਗੇ ਦੇ ਪਿੰਡ ਕਾਂਜੀਖੋਆ ਵਿੱਚ ਹੀ ਰਹਿੰਦਾ ਸਾਂ। ਉਂਝ ਪੰਜਾਬ ਵਿੱਚ ਸਾਡਾ ਜੱਦੀ ਪਿੰਡ ਹੂਕੜਾਂ, ਜ਼ਿਲ੍ਹਾ ਹੁਸ਼ਿਆਰਪੁਰ ਹੈ। 1930 ਤੋਂ ਬਾਅਦ ਪਿਤਾ ਜੀ ਨੇ ਆਦਮਪੁਰ ਦੁਆਬਾ ਜ਼ਿਲ੍ਹਾ ਜਲੰਧਰ ਆ ਕੇ ਮਕਾਨ ਪਾ ਲਿਆ। ਫਿਰ ਉਹ ਕਾਰੋਬਾਰ ਲਈ ਆਸਾਮ ਜਾ ਵਸੇ। ਇੰਝ ਮਾਤਾ-ਪਿਤਾ ਦੇ ਬਹੁਤਾ ਸਮਾਂ ਆਸਾਮ ਰਹਿਣ ਕਾਰਨ, ਜਨਮ ਤੋਂ ਲੈ ਕੇ ਮੇਰਾ ਲਗਪਗ ਸਾਰਾ ਬਚਪਨ ਆਸਾਮ ਵਿੱਚ ਹੀ ਗੁਜ਼ਰਿਆ। ਦਿੱਲੀ ਵਾਲੇ ਤਾਰਾ ਸਿੰਘ ਮੇਰੇ ਚਾਚਾ ਜੀ ਸਨ। ਉਹ ਬਹੁਤਾ ਸਮਾਂ ਦਿੱਲੀ ਹੀ ਰਹੇ। ਹੂਕੜਾਂ ਵਿੱਚ ਸਾਡੇ ਚਾਰ ਕੁ ਘਰ ਸਨ, ਰੋਜ਼ਗਾਰ ਲਈ ਸਭ ਇੱਧਰ ਉੱਧਰ ਖਿੰਡਰ ਪੁੰਡਰ ਗਏ। ਮੈਂ ਆਸਾਮ ਵਿੱਚ ਹੀ ਪਹਿਲਾਂ ਪਿੰਡ ‘ਕਾਂਜੀਖੋਆ ਦੇ ਆਸਾਮੀ ਪ੍ਰਾਇਮਰੀ ਸਕੂਲ’ ਤੋਂ ਮੁੱਢਲੀ ਆਸਾਮੀ ਵਰਣਮਾਲਾ ਆਦਿ ਸਿੱਖੀ। ਫਿਰ ਡਿਬਰੂਗੜ੍ਹ ਦੇ ‘ਸਿੱਖ ਨੈਸ਼ਨਲ ਸਕੂਲ’ ਅਤੇ ਫਿਰ ‘ਮਾਰਵਾੜੀ ਹਿੰਦੀ ਇੰਗਲਿਸ਼ ਹਾਈ ਸਕੂਲ’ ਤੋਂ ਪੜ੍ਹਨ ਉਪਰੰਤ ਦਸਵੀਂ (ਭਾਵ ਮੈਟਰੀਕੁਲੇਸ਼ਨ) ਦੀ ਪ੍ਰੀਖਿਆ ‘ਗੁਹਾਟੀ ਯੂਨੀਵਰਸਿਟੀ’ ਤੋਂ ਪਾਸ ਕੀਤੀ।

? ਗੁਰਦਿਆਲ ਸਿੰਘ ਜੀ! ਕੀ ਦਸਵੀਂ ਦੀ ਪ੍ਰੀਖਿਆ ਦੇਣ ਤੋਂ ਪਹਿਲਾਂ ਤੁਸੀਂ ਕਦੇ ਪੰਜਾਬ ਨਹੀਂ ਗਏ ਸੀ?

: ਪੰਜਾਬ ਗਏ ਸਾਂ। ਕਾਂਜੀਖੋਆ ਦੇ ਪ੍ਰਾਇਮਰੀ ਆਸਾਮੀ ਸਕੂਲ ਵਿੱਚ ਕੇਵਲ ਆਸਾਮੀ ਹੀ ਪੜ੍ਹਾਈ ਜਾਂਦੀ ਸੀ। ਵੱਡੇ ਸਕੂਲ 50-50 ਮੀਲ ਦੂਰ ਡਿਬਰੂਗੜ੍ਹ ਜਾਂ ਤਿਨਸੂਖੀਏ ਸਨ। ਹਾਲਾਂ, ਉਹਨਾਂ ਸਕੂਲਾਂ ਵਿੱਚ ਇਕੱਲੇ ਰਹਿ ਕੇ ਪੜ੍ਹਨ ਦੀ ਨਾ ਤਾਂ ਮੇਰੀ ਉਮਰ ਹੀ ਸੀ ਅਤੇ ਨਾ ਹੀ ਲੋੜੀਂਦੀ ਸ਼੍ਰੇਣੀਗਤ ਸਕੂਲੀ ਸਿੱਖਿਆ ਹੀ। ਪਿਤਾ ਜੀ ਠੇਕੇਦਾਰ ਸਨ। ਉਹਨਾਂ ਪਾਸ ਕਾਰਖਾਨੇ ਵਿੱਚ ਅਤੇ ਬਾਹਰ ਹੋ ਰਹੇ ਕੰਮਾਂ ਉੱਤੇ ਕਾਰੀਗਰ ਕੰਮ ਕਰਦੇ ਸਨ। ਦਫ਼ਤਰ ਦਾ ਕੰਮ, ਸਰੀਂਹ-ਸ਼ੰਕਰ ਦੇ ਸ. ਅਜੀਤ ਸਿੰਘ ,ਜਿਹਨਾਂ ਨੂੰ ਸਾਰੇ ਬਾਬੂ ਜੀ ਕਹਿਕੇ ਬੁਲਾਉਂਦੇ ਸਨ, ਸੰਭਾਲਦੇ ਸਨ। ਉਹ ਕਾਫੀ ਪੜ੍ਹੇ-ਲਿਖੇ ਸਨ। ਉਹਨਾਂ ਦੀ ਹੀ ਪ੍ਰੇਰਨਾ ਸਦਕਾ ਫ਼ੈਸਲਾ ਹੋਇਆ ਕਿ ਮੈਂਨੂੰ ਆਸਾਮੀ ਦੇ ਨਾਲ ਨਾਲ ਬਾਕੀ ਸਾਰੇ ਵਿਸ਼ਿਆਂ ਵਿੱਚ ਵੀ ਮੁਹਾਰਤ ਹਾਸਲ ਕਰਵਾਈ ਜਾਵੇ ਅਤੇ ਫਿਰ ਪੰਜਾਬ ਜਾ ਕੇ ਚੌਥੀ ਦੀ ਪ੍ਰੀਖਿਆ ਪ੍ਰਾਈਵੇਟ ਦਿਲਵਾਈ ਜਾਵੇ। ਇੰਝ 1946 ਵਿੱਚ ਜਦੋਂ ਮੈਂ ਲਗਪਗ ਦੱਸ ਕੁ ਵਰ੍ਹਿਆਂ ਦਾ ਸਾਂ, ਤਾਂ ਪਰਿਵਾਰ ਸਮੇਤ ਕੁਝ ਮਹੀਨਿਆਂ ਲਈ ਪੰਜਾਬ ਆਇਆ। ਬਾਬੂ ਅਜੀਤ ਸਿੰਘ ਜੀ ਨੇ ‘ਲਾਇਲਪੁਰ ਖ਼ਾਲਸਾ ਸਕੂਲ’ (ਹੁਣ ਕਾਲਜ), ਜਲੰਧਰ ਵਿੱਚ ਚੌਥੀ ਦੀ ਪ੍ਰੀਖਿਆ ਦਾ ਪ੍ਰਬੰਧ ਕਰਵਾਇਆ ਅਤੇ ਇਸੇ ਸਕੂਲ ਵਿੱਚ ਪਹਿਲਾਂ ਦਾਖ਼ਲਾ ਮਿਲਿਆ। ਫਿਰ ਆਦਮਪੁਰ ਦੇ ‘ਗਵਰਨਮੈਂਟ ਮਿਡਲ ਸਕੂਲ’ ਵਿੱਚ ਤਬਾਦਲਾ ਹੋਇਆ। ਹਾਲਾਂ ਕੁਝ ਮਹੀਨੇ ਹੀ ਗੁਜ਼ਰੇ ਸਨ ਕਿ ਪੰਜਾਬ ਦਾ ਮਾਹੌਲ ਵਿਗੜਣ ਲੱਗਾ। ਹਿੰਦੂਆਂ-ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਕੁੜੱਤਣ ਵਧਣ ਲੱਗੀ। ਵੱਢ-ਵਢਾਂਗੇ ਸ਼ੁਰੂ ਹੋ ਗਏ। ਕੁਝ ਮਹੀਨਿਆਂ ਦੇ ਬਾਅਦ ਹੀ ਮਾਤਾ ਜੀ ਅਤੇ ਛੋਟੀ ਭੈਣ ਸਮੇਤ ਮੁੜ ਆਸਾਮ ਆ ਪੁੱਜੇ।

? ਸਿਰਜਣ ਪ੍ਰਕਿਰਿਆ, ਕਵਿਤਾ ਕਿ ਕਹਾਣੀ ਤੋਂ ਸ਼ੁਰੂ ਹੋਈ? ਕਿਸੇ ਸ਼ਖਸੀਅਤ ਦੇ ਪ੍ਰਭਾਵ ਨਾਲ ਲਿਖਣਾ ਸ਼ੁਰੂ ਕੀਤਾ ਜਾਂ ਤੁਹਾਡੇ ਅੰਦਰਲੇ ਲੇਖਕ ਨੇ ਹੀ ਅੱਖ ਉਘਾੜੀ ਅਤੇ ਤੁਹਾਡੇ ਹੱਥ ਕਲਮ ਫੜਾਈ?

: ਸਹੀ ਅਰਥਾਂ ਵਿੱਚ ਮੇਰੀ ਸਿਰਜਣ ਕਿਰਿਆ ਦਾ ਆਰੰਭ ਕਵਿਤਾ ਤੋਂ ਹੋਇਆ ਕਹਿਣਾ ਹੀ ਠੀਕ ਹੋਵੇਗਾ। ਉਂਝ ‘ਲਿਖਣਾ’ ਮੈਂ ਸਾਧਾਰਨ ਡਾਇਰੀ ਲਿਖਣ ਦੀ ਆਦਤ ਨਾਲ ਹੀ ਕੀਤਾ। ਸਾਰੇ ਦਿਨ ਭਰ ਦੀਆਂ ਗੱਲਾਂ ਮੈਂ ਸ਼ਾਮੀਂ ਜਾਂ ਰਾਤ ਨੂੰ, ਇਕਾਂਤ ਵਿੱਚ ਬੈਠ ਕੇ, ਕੱਚੀ-ਪੱਕੀ ਸੁਪਾਰੀ ਚੱਬਦਿਆਂ ਲਿਖਦਾ ਅਤੇ ਫਿਰ ਜਦੋਂ ਵੀ ਸਮਾਂ ਮਿਲਦਾ ਆਪੂੰ ਲਿਖਿਆ ਆਪੂੰ ਹੀ ਪੜ੍ਹਦਾ। ਇੰਝ ਮੈਂ ਆਪਣੀ ਡਾਇਰੀ ਦਾ ਖੁਦ ਹੀ ਲੇਖਕ ਹੁੰਦਾ ਅਤੇ ਖੁਦ ਹੀ ਪਾਠਕ ਵੀ। ਦਰਅਸਲ ਜਿਸ ਸਿਰਜਣ ਪ੍ਰਕਿਰਿਆ ਦੀ ਗੱਲ ਤੁਸੀਂ ਕਰ ਰਹੇ ਹੋ ਉਸਦਾ ਸ੍ਰੀ ਗਣੇਸ਼ ਤਾਂ ਅਠਾਰਾਂ ਕੁ ਵਰ੍ਹਿਆਂ ਦੀ ਉਮਰ ਵਿੱਚ ਪੰਜਾਬ ਆ ਕੇ ਕਵਿਤਾ ਰਾਹੀਂ ਹੀ ਹੋਇਆ। ਇਹ ਉਹ ਸਮਾਂ ਸੀ ਜਦੋਂ ਕੁਝ ਪਰਚਿਆਂ ਵਲੋਂ ਕੋਈ ਸਮੱਸਿਆ ਜਾਂ ‘ਮਿਸਰਾ’ ਦੇ ਕੇ ਛੋਟੀਆਂ ਕਵਿਤਾਵਾਂ ਮੰਗੀਆਂ ਜਾਂਦੀਆਂ ਸਨ ਅਤੇ ਲਿਖਣ ਲਈ ਪ੍ਰੇਰਿਆ ਜਾਂਦਾ ਸੀ। ਮੈਂ ਵੀ ਤੁਕ-ਬੰਦੀ ਕਰਕੇ ਕਿਸੇ ਦਿੱਤੇ ਗਏ ‘ਮਿਸਰੇ’ ਤੇ ਚਾਰ ਕੁ ਸਤਰਾਂ ਲਿਖੀਆਂ, ਜਿਹੜੀਆਂ ਛਪ ਵੀ ਗਈਆਂ। ਇੰਝ ਤੁਕ-ਬੰਦੀ ਆਰੰਭੀ ਤਾਂ ਉਸ ਸਮੇਂ ਦੇ ਗੀਤਕਾਰ ਸ. ਬਿਕ੍ਰਮ ਸਿੰਘ ਕੋਮਲ, ਗ਼ਜ਼ਲ-ਗੋ ਸ. ਹਰਬੰਸ ਸਿੰਘ ਦਿਲ, ਬਹੁ-ਪਖੀ ਲੇਖਕ/ਚਿੰਤਕ ਸ. ਰਣਜੀਤ ਸਿੰਘ ਖ਼ੜਗ ਅਤੇ ਗਿਆਨੀ ਰਾਜਿੰਦਰ ਸਿੰਘ ਬੱਲ ਦੀ ਸੰਗਤ ਤੋਂ ਸਿੱਖਣ ਦਾ ਸੁਭਾਗ ਪਰਾਪਤ ਹੋਇਆ।

'ਕਿਸੇ ਸ਼ਖਸੀਅਤ ਦੇ ਪ੍ਰਭਾਵ ਨਾਲ ਲਿਖਣਾ ਸ਼ੁਰੂ ਕੀਤਾ ਜਾਂ ਮੇਰੇ ਅੰਦਰਲੇ ਲੇਖਕ ਨੇ ਹੀ ਅੱਖ ਉਘਾੜੀ ਅਤੇ ਮੇਰੇ ਹੱਥ ਕਲਮ ਫੜਾਈ?’ ਇਸ ਸੰਬੰਧੀ ਜਦੋਂ ਮੈਂ ਬਹੁਤ ਵਿਚਾਰਦਾ ਹਾਂ ਤਾਂ ਮੇਰੀ ਜਾਚੇ ਛੋਟੀ ਉਮਰ ਵਿੱਚ ਹੀ ਬਹਤ ਸਾਰੇ ਦਵੰਦਾਂ ਅਤੇ ਵਰਤਾਰਿਆਂ ਦੇ ਪ੍ਰਭਾਵਾਂ ਨੇ ਹੀ ਮੈਂਨੂੰ ਲਿਖਣ ਦੀ ਚੇਟਕ ਲਾਈ। ਦੂਜੀ ਵੱਡੀ ਜੰਗ ਖ਼ਤਮ ਹੋ ਚੁੱਕੀ ਸੀ, ਭਾਰਤ ਆਜ਼ਾਦ ਹੋ ਗਿਆ। ਮਹਾਤਮਾ ਗਾਂਧੀ ਨੇ ਤਿੰਨਸੁਖੀਏ ਦੇ ਗੁਰਦੁਆਰੇ ਆਉਣ ਦਾ ਪਰੋਗਰਾਮ ਬਣਾਇਆ ਹੋਇਆ ਸੀ। ਨਹਿਰੂ ਨੇ ਡਿਬਰੂਗੜ੍ਹ ਦੇ ਵੱਡੇ ਪਾਰਕ ਵਿੱਚ ਤਕਰੀਰ ਕਰ ਲਈ ਸੀ। ਉਸ ਸਮੇਂ ਮੈਂ 11-12 ਵਰ੍ਹਿਆਂ ਦਾ ਹੋ ਗਿਆ ਸੀ। ਮੈਂ ਡਿਬਰੂਗੜ੍ਹ ਪੜ੍ਹਨ ਕਾਰਨ ਹੋਸਟਲ ਵਿੱਚ ਹੀ ਰਹਿੰਦਾ ਸੀ। ਹਫਤੇ-ਦੋ ਹਫਤੇ ਬਾਅਦ ਹੀ ਕਾਂਜੀਖੋਆ ਜਾਂਦਾ ਸਾਂ। ਮੇਰੀ ਛੋਟੀ ਭੈਣ ਅਵਤਾਰ ਦੇ ਨਾਲ ਨਾਲ ਹੁਣ ਮੇਰੇ ਦੋਵੇਂ ਛੋਟੇ ਭਰਾ ਕੁਲਵੰਤ ਅਤੇ ਜਰਨੈਲ ਵੀ ਸਨ। ਸਾਰੇ ਪਿਤਾ ਜੀ ਦੇ ਨਾਲ ਕਾਂਜੀਖੋਏ ਹੀ ਰਹਿੰਦੇ ਸਨ। ਡਿਬਰੂਗੜ੍ਹ ਤੋਂ ਕਾਂਜੀਖੋਆ ਜਾਣ ਤੇ ਮੈਨੂੰ ਸਮਝ ਪੈਣੀ ਆਰੰਭ ਹੋਈ ਕਿ ਮੇਰੇ ਪਿਤਾ ਜੀ ਦਾ ਮੇਰੀ ਮਾਤਾ ਪ੍ਰਤੀ ਰਵੱਈਆ ਕੋਈ ਬਹੁਤਾ ਸੁਖਾਵਾਂ ਨਹੀਂ ਸੀ। ਅਮੀਰੀ ਦੀ ਸਿਖ਼ਰ ਤੇ ਪੁੱਜੇ ਹੋਏ ਮੇਰੇ ਪਿਤਾ ਜੀ ਪਤਾ ਨਹੀਂ ਕਿਵੇਂ ਅਤੇ ਕਿਉਂ ਮੇਰੀ ਮਾਤਾ ਨੂੰ ਅਣਗੌਲਿਆ ਕਰ ਰਹੇ ਸਨ। ਮੇਰੀ ਮਾਤਾ ਨੇ ਮੈਨੂੰ ਦੱਸਿਆ ਸੀ ਕਿ ਪਿਤਾ ਜੀ ਦੇ ਆਸਾਮ ਵਿੱਚ ਸਥਾਪਤੀ ਦੇ ਮੁੱਢਲੇ ਸਮੇਂ ਵਿੱਚ ਉਹਨਾਂ ਨੇ ਇਸਤਰੀ ਹੁੰਦਿਆਂ ਹੋਇਆਂ ਵੀ ਪੂਰੀ ਤਨਦੇਹੀ ਨਾਲ ਪਿਤਾ ਜੀ ਦਾ ਸਾਥ ਦਿੰਦਿਆਂ, ਬਹੁਤ ਸਾਰੇ ਮਜ਼ਦੂਰਾਂ ਵਾਲੇ ਕੰਮ ਕੀਤੇ। ਫਿਰ ਕੁਝ ਚਿਰ ਬਾਅਦ ਪਿਤਾ ਜੀ ਨੇ ਆਪਣੀ ਅਮੀਰੀ ਦੀ ਸਿਖਰ ’ਤੇ ਮੇਰੀ ਮਾਤਾ, ਛੋਟੀ ਭੈਣ, ਦੋਵੇਂ ਨਿੱਕੇ ਭਰਾਵਾਂ ਨੂੰ ਪੰਜਾਬ ਭੇਜ ਕੇ ਇੱਕ ਤਰ੍ਹਾਂ ਨਾਲ ਆਪਣਾ ਨਾਤਾ ਤੋੜ ਲਿਆ।

ਮੈਨੂੰ ਅਗਲੇ ਲਗਪਗ ਚਾਰ ਵਰ੍ਹੇ ਇਕੱਲਿਆਂ ਡਿਬਰੂਗੜ੍ਹ ਬੋਰਡਿੰਗ ਵਿੱਚ ਰਹਿ ਕੇ ‘ਹਿੰਦੀ ਇੰਗਲਿਸ਼ ਮਾਰਵਾੜੀ ਸਕੂਲ’ ਵਿੱਚ ਪੜ੍ਹਨਾ ਪਿਆ। ਕਦੇ ਕਦੇ ਵਿੱਚ ਕਾਂਜੀਖੋਆ ਆਉਂਦਾ। ਫਿਰ ਪਤਾ ਲੱਗਿਆ ਕਿ ਪਿਤਾ ਨੇ ਹੋਰ ਵਿਆਹ ਕਰਵਾ ਲਿਆ। ਪੰਦਰਾਂ ਸਾਲ ਦਸ ਮਹੀਨੇ ਦੀ ਉਮਰ ਵਿੱਚ ਮੈਂ ਦਸਵੀਂ ਦੀ ਪ੍ਰੀਖਿਆ ਵਿੱਚ ਬੈਠਾ। ਪ੍ਰੀਖਿਆ ਦੇਣ ਉਪਰੰਤ ਮੈਂ ਪੰਜਾਬ ਜਾਣ ਲਈ ਜ਼ਿੱਦ ਕੀਤੀ ਤਾਂ ਇੰਝ ਮੈਂ ਆਪਣੀ ਮਾਤਾ ਅਤੇ ਭੈਣ ਭਰਾਵਾਂ ਪਾਸ ਆਦਮਪੁਰ ਪੁੱਜਿਆ। ਦੋ ਕੁ ਮਹੀਨੇ ਬਾਅਦ ਇੱਥੇ ਹੀ ਮੈਂਨੂੰ ਪਿਤਾ ਜੀ ਦਾ ਟੈਲੀਗ੍ਰਾਮ ਮਿਲਿਆ ਕਿ ਮੈਂ ਦਸਵੀਂ ਦੀ ਪ੍ਰੀਖਿਆ ਸੈਕੰਡ ਡਵੀਜ਼ਨ ਵਿਚ ਪਾਸ ਕਰ ਲਈ ਹੈ। ਆਦਮਪੁਰ ਆ ਕੇ ਹੀ ਪਤਾ ਲੱਗਿਆ ਕਿ ਸਾਡੇ ਪਿਤਾ ਨੇ ਪਰਿਵਾਰ ਦੇ ਖ਼ਰਚ ਲਈ ਵੀ ਨਿਯਮ ਪੂਰਵਕ ਪਿਛਲੇ ਵਰ੍ਹਿਆਂ ਵਿੱਚ ਕੋਈ ਪੈਸੇ ਨਹੀਂ ਸਨ ਭੇਜੇ। ਪਿਤਾ ਜੀ ਚਾਹੁੰਦੇ ਸਨ ਕਿ ਮੈਂ ਮੁੜ ਆਸਾਮ ਉਹਨਾਂ ਪਾਸ ਚਲਿਆ ਜਾਵਾਂ। ਪਰ ਮੇਰੀ ਰੂਹ ਨਾ ਮੰਨੀ। ਕਿਉਂਕਿ ਹੁਣ ਤੱਕ ਬਹੁਤ ਕੁਝ ਬਦਲ ਚੁੱਕਿਆ ਸੀ, ਕੱਚੇ-ਪੱਕੇ ਸਭ ਭਾਂਡੇ ਤਿੜਕ ਗਏ ਸਨ। ਇਹ ਸੀ ਪਹਿਲੀ ਘਟਨਾ ਜਿਸ ਨੇ ਮੇਰੇ ਸਾਰੇ ਸਮੇਂ ਨੂੰ ਸ਼ੋਕ, ਗੁੱਸੇ ਅਤੇ ਆਤਮਿਕ ਗਲਾਨੀ ਨਾਲ ਭਰੀ ਰੱਖਿਆ।

ਇਸ ਸਮੇਂ ਹੀ ਇਸ ਗੱਲ ਦੀ ਵੀ ਸੋਝੀ ਹੋਈ ਕਿ ‘ਲਿਖਤਾਂ ਦੇ ਸੰਸਾਰ’ ਅਤੇ ‘ਯਥਾਰਥਕ ਸੰਸਾਰ’ ਵਿੱਚ ਕਿੰਨੀ ਕੁ ਸਮਾਨਤਾ ਜਾਂ ਅਸਮਾਨਤਾ ਹੁੰਦੀ ਹੈ। ਹੁਣ ਤੱਕ ਹਿੰਦੀ, ਪੰਜਾਬੀ, ਬੰਗਾਲੀ ਅਤੇ ਅਸਾਮੀ ਦੀਆਂ ਪੜ੍ਹੀਆਂ ਪੁਸਤਕਾਂ ਥੋਥੀਆਂ ਲੱਗਣ ਲੱਗ ਪਈਆਂ। ਐਵੇਂ ਵਾਧੂ ਜਿਹੇ ਵਿਹਲੜਾਂ ਦੇ ਚੋਂਚਲੇ। ਡਾਕਟਰ ਬਣਨਾ ਚਾਹੁੰਦਾ ਸਾਂ, ਦੁਆਬਾ ਕਾਲਜ ਜਲੰਧਰ ਵਿੱਚ ਮੈਡੀਕਲ ਲਈ ਲੋੜੀਂਦੇ ਵਿਸ਼ੇ ਲੈ ਕੇ ਪੜ੍ਹਨਾ ਆਰੰਭ ਕੀਤਾ ਤਾਂ ਸਾਡੇ ਜੱਦੀ ਪਿੰਡ ਹੂਕੜਾਂ ਵਿਖੇ ਦੂਜਾ ਭਾਣਾ ਵਰਤ ਗਿਆ। ਮੇਰੇ ਤਾਏ ਦੇ ਸਾਂਢੂ ਨੇ ਇੱਕ ਸਵੇਰ ਪਰਵਾਰ ਦੇ ਜੀਆਂ ’ਤੇ ਕਾਤਲਾਨਾ ਹਮਲਾ ਕਰ ਦਿੱਤਾ। ਚਾਚੇ ਦਾ ਪੁੱਤਰ ਥਾਂ ਹੀ ਮਰ ਗਿਆ। ਪਰਵਾਰ ਦੇ ਬਹੁਤੇ ਜੀਅ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਵਰਤਾਰੇ ਨੇ ਪੜ੍ਹਾਈ ਛੁਡਵਾ ਦਿੱਤੀ। ਆਸਾਮ ਵਿੱਚ ਪਿਤਾ ਦਾ ਕੰਮ ਠੰਢਾ ਪੈਣਾ ਆਰੰਭ ਹੋ ਗਿਆ। ਮੇਰੀ ਮਾਨਸਿਕ ਅਵਸਥਾ ਹੋਰ ਵੀ ਡਾਵਾਂਡੋਲ ਹੋ ਗਈ। ਇੰਝ ਦੀ ਅਵਸਥਾ ਵਿੱਚ ਮੇਰੀ ਕਲਮ ਨੇ ਲਿਖਣਾ ਆਰੰਭਿਆ।

? ਤੁਸੀਂ ਆਸਾਮ ਵਿੱਚ ਜਨਮੇ ਅਤੇ ਵੱਡੇ ਹੋਏ। ਮੁੱਢਲੀ ਵਿੱਦਿਆ ਵੀ ਆਸਾਮੀ, ਉਰਦੂ, ਇੰਗਲਿਸ਼ ਅਤੇ ਹਿੰਦੀ ਵਿੱਚ ਲਈ। ਤੁਸੀਂ ਬੰਗਾਲੀ ਵੀ ਪੜ੍ਹੀ ਪਰ ਸਾਹਿਤਕ ਸਿਰਜਣਾ ਪੰਜਾਬੀ ਵਿੱਚ ਕਰਨ ਦਾ ਸਬੱਬ ਕਿਸ ਤਰ੍ਹਾਂ ਬਣਿਆ?

: ਕਿਸੇ ਵੀ ਬੋਲੀ ਵਿੱਚ ਲਿਖਣ ਲਈ, ਲਿਖਣ ਤੋਂ ਵੀ ਪਹਿਲਾਂ ਇਹ ਜ਼ਰੂਰੀ ਹੈ ਕਿ ਲਿਖਣ ਵਾਲੀ ਬੋਲੀ ਵਿੱਚ ਲੇਖਕ ਪ੍ਰਬੀਨ ਹੋਵੇ। ਭਾਵ ਲੇਖਕ ਨੂੰ ਬੋਲੀ ਉੱਤੇ ਅਬੂਰ ਹਾਸਲ ਹੋਵੇ। ਉਸ ਪਾਸ ਯੋਗ ਸ਼ਬਦਾਂ ਦਾ ਭੰਡਾਰ ਹੋਵੇ। ਉਸਨੂੰ ਸ਼ਬਦ-ਜੋੜਾਂ ਦਾ ਗਿਆਨ ਹੋਵੇ। ਉਹ ਵਾਕ ਬਣਤਰ ਅਤੇ ਵਿਆਕਰਣ ਦਾ ਪੂਰਾ ਗਿਆਤਾ ਹੋਵੇ। ਲੌਕਿਕ ਬੋਲੀ ਦੀ ਪ੍ਰਵਾਣਿਤ ਸ਼ੈਲੀ ਤੋਂ ਜਾਣੂ ਹੋਵੇ। ਇਸ ਪਿੱਠ ਭੂਮੀ ਵਿੱਚ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਆਸਾਮ ਵਿੱਚ ਪੈਦਾ ਹੋਣ ਦੇ ਬਾਵਜੂਦ ਆਸਾਮੀ, ਬੰਗਾਲੀ, ਉਰਦੂ, ਹਿੰਦੀ ਜਾਂ ਅੰਗਰੇਜ਼ੀ ਮੇਰੀ ਮਾਤ-ਭਾਸ਼ਾ ਨਹੀਂ ਸੀ। ਹੋਸ਼ ਸੰਭਾਲਦਿਆਂ ਹੀ ਪਤਾ ਲੱਗਿਆ ਕਿ ਘਰ ਵਿੱਚ ਮਾਤਾ-ਪਿਤਾ ਨਾਲ ਪੰਜਾਬੀ ਬੋਲੀ ਦੀ ਸਾਂਝ ਪੈ ਰਹੀ ਹੈ, ਜਦ ਕਿ ਘਰੋਂ ਬਾਹਰ ਸਾਰਾ ਦਿਨ ਹਿੰਦੀ ਮਿਸ਼ਰਤ ਆਸਾਮੀ-ਬੰਗਾਲੀ ਚੱਲਦੀ ਸੀ। ਇੰਝ ਬੋਲ-ਚਾਲ ਦੇ ਰੂਪ ਵਿੱਚ ਬੋਲੀ ਇੱਕ ਤਰ੍ਹਾਂ ਨਾਲ ਖਿਚੜੀ ਰੂਪ ਵਿੱਚ ਹੀ ਮਿਲੀ।

ਮੁੱਢਲੀ ਪ੍ਰਾਇਮਰੀ ਵਿੱਦਿਆ ਪਿੰਡ ਦੇ ਆਸਾਮੀ ਸਕੂਲ ਤੋਂ ਲੈਣ ਉਪਰੰਤ ਚੌਥੀ ਦੀ ਪ੍ਰੀਖਿਆ ਜਲੰਧਰ ਦੇ ਖ਼ਾਲਸਾ ਸਕੂਲ ਵਿੱਚ ਦਿੱਤੀ। ਇੱਥੇ ਵੀ ਉਸ ਵੇਲੇ ਪੰਜਾਬੀ ਤੇ ਉਰਦੂ ਨਾਲ ਵਾਹ ਪਿਆ। ਫਿਰ ਡਿਬਰੂਗੜ੍ਹ ਦੇ ਸਿੱਖ ਗੁਰਦੁਆਰੇ ਵਲੋਂ ਚਲਾਏ ਜਾ ਰਹੇ ਮਿਡਲ ਸਕੂਲ ਵਿੱਚ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਪੜ੍ਹਨ-ਸਿੱਖਣ ਨੂੰ ਮਿਲੀ। ਮਾਰਵਾੜੀ ਹਿੰਦੀ ਇੰਗਲਿਸ਼ ਸਕੂਲ ਵਿੱਚ ਹਿੰਦੀ ਅਤੇ ਇੰਗਲਿਸ਼ ਦੇ ਨਾਲ ਨਾਲ ਉਰਦੂ ਅਤੇ ਆਪਸ਼ਨਲ ਸੰਸਕ੍ਰਿਤ ਨਾਲ ਵੀ ਮੱਥਾ ਮਾਰਨਾ ਪਿਆ। ਬੋਲਣ ਵਿੱਚ ਆਸਾਮੀ ਤੇ ਬੰਗਾਲੀ ਵੱਖਰੀ ਵੱਖਰੀ ਹੋਣ ਦੇ ਬਾਵਜ਼ੂਦ, ਦੋਹਾਂ ਭਾਸ਼ਾਵਾਂ ਦੀ ਵਰਣਮਾਲਾ ਵਿੱਚ ਦੋ ਕੁ ਅੱਖਰਾਂ ਦਾ ਹੀ ਹਲਕਾ ਜਿਹਾ ਅੰਤਰ ਹੈ। ਇੰਝ ਬੋਲੀ ਜਾਂ ਬੋਲੀਆਂ ਵਜੋਂ ਮੈਂ ਹਰਫ਼ਨ ਮੌਲਾ ਤਾਂ ਸਾਂ ਪਰ ਇਹਨਾਂ ਸਾਰੀਆਂ ਭਾਸ਼ਾਵਾਂ ਵਿੱਚ ਮੈਂ ਸਿਰਜਣ-ਕਿਰਿਆ ਲਈ ਲੋੜੀਂਦਾ ਪ੍ਰਬੀਨ ਨਹੀਂ ਸਾਂ। ਹਾਂ, ਪੜ੍ਹਨ ਲਈ, ਬਹੁਤ ਵਾਰ ਹਿੰਦੀ ਦੀਆਂ ਪੁਸਤਕਾਂ ਸਕੂਲ ਦੀ ਲਾਇਬਰੇਰੀ ਤੋਂ ਮਿਲ ਜਾਂਦੀਆਂ ਸਨ। ਜਾਂ ਫਿਰ ਹਿੰਦੀ ਪੁਸਤਕਾਂ ਕਲਕਤਾ ਦੇ ਇੱਕ ਦੁਕਾਨਦਾਰ ਤੋਂ ਵੀ. ਪੀ. ਰਾਹੀਂ ਮੰਗਵਾਉਂਦਾ ਅਤੇ ਪੰਜਾਬੀ ਦੀਆਂ ਪੁਸਤਕਾਂ ‘ਨਾਨਕ ਸਿੰਘ ਪੁਸਤਕ ਮਾਲਾ’ ਤੋਂ ਮੰਗਵਾ ਕੇ ਪੜ੍ਹਦਾ।

ਲਿਖਣ ਸਬੰਧੀ ਇੱਕ ਬਹੁਤ ਹੀ ਬਚਗਾਨਾ ਹਰਕਤ ਦਾ ਜ਼ਿਕਰ ਕਰਨਾ ਚਾਹਾਂਗਾ। ਕਾਂਜੀਖੂਆ ਪਿੰਡ ਦੇ ਆਸਾਮੀ ਸਕੂਲ ਦੇ ਇੱਕੋ-ਇੱਕ ਮਾਸਟਰ/ਹੈਡਮਾਸਟਰ ਦਾ ਪੁੱਤਰ ਰਜਨੀਕਾਂਤ ਮੇਰਾ ਮਿੱਤਰ ਬਣ ਗਿਆ। ਉਹ ਮੈਥੋਂ ਉਮਰ ਵਿੱਚ ਵੱਡਾ ਸੀ। ਬਾਅਦ ਵਿੱਚ ਮੈਂਨੂੰ ਪਤਾ ਲੱਗਾ ਕਿ ਉਹ ਕਮਿਊਨਿਸਟ ਪਾਰਟੀ ਦਾ ਕਾਰਕੁੰਨ ਸੀ। ਜਦੋਂ ਵੀ ਮੈਂ ਡਿਬਰੂਗੜ੍ਹ ਤੋਂ ਕਾਂਜੀਖੋਆ ਆਉਂਦਾ ਸੀ ਤਾਂ ਮੈਂ ਉਸਨੂੰ ਮਿਲਿਆ ਕਰਦਾ ਸਾਂ। ਉਸਨੇ ਮੈਨੂੰ ਪੜ੍ਹਨ ਲਈ ਆਸਾਮੀ ਦਾ ਇੱਕ ਛੋਟਾ ਜਿਹਾ ਨਾਵਲ ‘ਕਾਦੰਬਰੀ’ ਦਿੱਤਾ। ਮੇਰੇ ਹੱਥ-ਪੱਲੇ ਕੁਝ ਨਾ ਪਵੇ ਫਿਰ ਉਸਨੇ ਹਿੰਦੀ/ਹਿੰਦੁਸਤਾਨੀ ਵਿੱਚ ਮੈਨੂੰ ਦੱਸਣਾ ਆਰੰਭਿਆ। ਉਸਦੀ ਚਾਹ ਸੀ ਕਿ ਮੈਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਾਂ। ਜਿਵੇਂ ਤਿਵੇਂ ਕਰਕੇ ਬਥੇਰੀਆਂ ਟੱਕਰਾਂ ਮਾਰੀਆਂ ਪਰ ਗੱਲ ਨਾ ਬਣੀ। ਇਸ ਲਈ ਮੈਂ ਸਮਝਦਾ ਹਾਂ ਕਿ ਇੰਨੀਆਂ ਹੋਰ ਬੋਲੀਆਂ ਨਾਲ ਸਾਂਝ ਪੈਣ ਦੇ ਬਾਵਜੂਦ ਮੈਂ ਪੰਜਾਬੀ ਦੇ ਬਹੁਤ ਨੇੜੇ ਸੀ ਅਤੇ ਇੰਝ ਜਦੋਂ ਮੈਂ ਲਿਖਣਾ ਆਰੰਭਿਆ ਤਾਂ ਪੰਜਾਬੀ ਵਿੱਚ ਹੀ ਲਿਖਣਾ ਆਰੰਭਿਆ। ਹਾਂ, ਮੈਂ ਆਪਣੀਆਂ ਕੁਝ ਪੰਜਾਬੀ ਲਿਖਤਾਂ ਦਾ ਹਿੰਦੀ ਰੂਪਾਂਤਰ ਵੀ ਕੀਤਾ ਅਤੇ ਉਹ ਵੱਖ ਵੱਖ ਹਿੰਦੀ ਮੈਗਜ਼ੀਨਾਂ ਵਿੱਚ ਛਪਿਆ ਵੀ।

? ਤੁਸੀਂ ਉੱਚ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਵੱਖ ਵੱਖ ਸਕੂਲਾਂ ਵਿੱਚ ਅਧਿਆਪਨ ਕੀਤਾ? ਅਕਾਲੀ ਪਤ੍ਰਿਕਾ ਵਿੱਚ ਸਬ-ਐਡੀਟਰੀ ਦੀ ਜੌਬ ਵੀ ਕਰ ਰਹੇ ਸੀ। ਤੁਸੀਂ ਇੰਗਲੈਂਡ ਕਿਸ ਮੰਤਵ ਨਾਲ ਅਤੇ ਕਦੋਂ ਆਏ?

: ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ, ਦੁਆਬਾ ਕਾਲਜ ਵਿੱਚ ਪੜ੍ਹਦਾ ਸੀ। ਜੱਦੀ ਪਿੰਡ ਹੂਕੜਾਂ ਵਿੱਚ ਕਤਲ ਦਾ ਭਾਣਾ ਵਰਤ ਜਾਣ ਪਿੱਛੋਂ, ਦੁਆਬਾ ਕਾਲਜ ਪੜ੍ਹਨਾ ਬੰਦ ਹੋ ਗਿਆ। ਪਿਤਾ ਜੀ ਵਲੋਂ ਖ਼ਰਚ ਲਈ ਨਿਯਮਤ ਰੂਪ ਨਾਲ ਪੈਸੇ ਨਹੀਂ ਮਿਲ ਰਹੇ ਸਨ। ਆਰਥਿਕ ਤੌਰ ਤੇ ਬਹੁਤ ਤੰਗੀ ਸੀ। ਬਹੁਤ ਪਾਪੜ ਵੇਲਣੇ ਪਏ। ਚੰਗੇ ਪੜ੍ਹੇ-ਲਿਖੇ ਵਿਹਲੇ ਫਿਰਦੇ ਸਨ। ਮੈਟਰਿਕ ਪੜ੍ਹੇ ਨੂੰ ਨੌਕਰੀ ਲਈ ਕੌਣ ਪੁੱਛਦਾ? ਫਿਰ ‘ਵਾਇਆ ਬਠਿੰਡਾ’ ਜਿਵੇਂ ਕਿ ਗਾਲ਼ ਵਾਂਗ ਮਸ਼ਹੂਰ ਸੀ, ਪਹਿਲਾਂ ਪ੍ਰਾਈਵੇਟ ਗਿਆਨੀ ਦੀ ਪ੍ਰੀਖਿਆ ਦਿੱਤੀ ਅਤੇ ਫਿਰ ਐੱਫ਼. ਏ. (ਇੰਗਲਿਸ਼) ਅਤੇ ਬੀ. ਏ. (ਇੰਗਲਿਸ਼ ਅਤੇ ਪੁਲੀਟੀਕਲ ਸਾਇੰਸ) ਦੀ ਡਿਗਰੀ, ਪੰਜਾਬ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਟੀਚਰ ਟਰੇਨਿੰਗ ਦੇ ਕੋਰਸ ਪੂਰੇ ਸਮੇਂ ਦੀ ਪੜ੍ਹਾਈ ਦੇ ਸਨ। ਆਰਥਿਕ ਮੰਦਹਾਲੀ ਕਾਰਨ ਕਰ ਨਾ ਸਕਿਆ। ਅਨਟਰੇਂਡ ਟੀਚਰ ਵਜੋਂ ਜਲੰਧਰ ਦੇ ਇੱਕ ਪਰਾਈਵੇਟ ਸਕੂਲ ਵਿੱਚ ਕੱਚੀ ਨੌਕਰੀ ਮਿਲੀ। ਪਰ ਚਾਰ ਮਹੀਨੇ ਤਨਖ਼ਾਹ ਹੀ ਨਾ ਮਿਲੀ। ਮਜਬੂਰਨ ਨੌਕਰੀ ਛੱਡਣੀ ਪਈ। ਫਿਰ ਕੌਲ (ਕਰਨਾਲ) ਦੇ ਜਨਤਾ ਸਕੂਲ ਵਿੱਚ ਨੌਕਰੀ ਕੀਤੀ। ਇੱਥੇ ਸਾਹਿਤਕ ਮਾਹੌਲ ਬਿਲਕੁਲ ਹੀ ਨਹੀਂ ਸੀ। ਚੰਗੀ ਭਲੀ ਨੌਕਰੀ ਛੱਡ ਕੇ ਗੁਰੂ ਨਾਨਕ ਸਕੂਲ, ਸਹਾਰਨਪੁਰ ਜਾ ਪੁੱਜਿਆ। ਇੱਥੇ ਰਹਿੰਦਿਆਂ ਹੀ ਪ੍ਰਾਈਵੇਟ ਐਮ. ਏ. (ਹਿਸਟਰੀ) ਦੀ ਤਿਆਰੀ ਕੀਤੀ ਪਰ ਪ੍ਰੀਖਿਆ ਨਾ ਦੇ ਸਕਿਆ। ਪੜ੍ਹਾਈ ਵਿੱਚੇ ਛੱਡ ਕੇ ਪੰਜਾਬ ਆਉਣਾ ਪਿਆ। ਕੁਝ ਸਮਾਂ ਅਕੈਡਮੀ ਖੋਲ੍ਹਕੇ ਪ੍ਰਾਈਵੇਟ ਪੜ੍ਹਾਇਆ। ਫਿਰ ਲਗਪਗ ਪੰਜ ਵਰ੍ਹੇ ਜਲੰਧਰੋਂ ਨਿਕਲਦੇ ਰੋਜ਼ਾਨਾ ਅਖ਼ਬਾਰ, ਅਕਾਲੀ ਪਤ੍ਰਿਕਾ ਵਿੱਚ ਸਹਿ-ਸੰਪਾਦਕ ਵਜੋਂ ਕਾਰਜ ਕੀਤਾ। ਮੁੱਖ ਸੰਪਾਦਕ ਗਿਆਨੀ ਸ਼ਾਦੀ ਸਿੰਘ ਅਤੇ ਸ: ਅਮਰ ਸਿੰਘ ਦੁਸਾਂਝ ਹੁਰਾਂ ਤੋਂ ਬਿਨਾਂ ਇਸ ਅਖ਼ਬਾਰ ਵਿੱਚ ਸ: ਜਗਜੀਤ ਸਿੰਘ ਬੀਰ (ਇੰਚਾਰਜ ਸੰਪਾਦਕ) ਅਤੇ ਤਿੰਨ ਸਹਿ-ਸੰਪਾਦਕ ਸਨ। ਆਰਥਕ ਪੱਖੋਂ ਤਨਖ਼ਾਹ ਵਿੱਚ ਗੁਜ਼ਾਰਾ ਲਗਪਗ ਅਸੰਭਵ ਜਿਹਾ ਸੀ। ਮਾਤਾ ਤੇ ਸਾਰਾ ਪਰਿਵਾਰ ਆਦਮਪੁਰ ਰਹਿੰਦਾ ਸੀ। ਮੈਂ ਜਲੰਧਰ ਕਿਰਾਏ ਤੇ ਰਹਿੰਦਾ ਸਾਂ। ਵੰਡਵੇਂ ਖ਼ਰਚੇ ਲਈ ਤਨਖ਼ਾਹ ਪੂਰੀ ਨਹੀਂ ਸੀ ਪੈਂਦੀ। ਇਸ ਲਈ ਪਰੂਫ਼ ਰੀਡਿੰਗ ਅਤੇ ਅਨੁਵਾਦ ਦਾ ਵਾਧੂ ਕੰਮ ਵੀ ਕਰਨਾ ਪੈ ਰਿਹਾ ਸੀ। ਸੋ ਇੰਗਲੈਂਡ ਆਉਣ ਦਾ ਮੁੱਖ ਮੰਤਵ ਰੋਟੀ ਰੋਜ਼ੀ ਅਤੇ ਚੰਗਾ ਭਵਿੱਖ ਸੀ।

ਰੋਜ਼ਾਨਾ ਅਕਾਲੀ ਪਤ੍ਰਿਕਾ ਵਿੱਚ ਹੀ ਮੇਰਾ ਇੱਕ ਸਾਥੀ ਸਹਿ-ਸੰਪਾਦਕ ਸ੍ਰ. ਜਸਵੰਤ ਸਿੰਘ ਸੀ। ਉਹ ਸਹਿ-ਸੰਪਾਦਨਾ ਦੇ ਨਾਲ ਨਾਲ ਆਲ ਇੰਡੀਆ ਰੇਡੀਓ ਜਲੰਧਰ ਤੋਂ ਸ਼ਾਮ ਨੂੰ ਪੰਜਾਬੀ ਵਿੱਚ ਖਬਰਾਂ ਨਸ਼ਰ ਕਰਦਾ ਸੀ। ਦਿਹਾਤੀ ਪਰੋਗਰਾਮ ਅਤੇ ਚਾਚਾ ਠੁਣੀਆ ਰਾਮ ਦੇ ਪ੍ਰੋਗਰਾਮ ਵਿੱਚ ਵੀ ਭਾਗ ਲਿਆ ਕਰਦਾ ਸੀ। ਮਾਸਕੋ (ਰੂਸ) ਦੀ ਐਂਬੈਸੀ ਰਾਹੀਂ ਉਸ ਨੂੰ ਮਾਸਕੋ ਰੇਡੀਓ ਤੇ ਕੰਮ ਦੀ ਆਫ਼ਰ ਆ ਗਈ ਅਤੇ ਮੈਂਨੂੰ ਅਨੁਵਾਦਿਕ ਦੇ ਤੌਰ ਤੇ ਮਿਸਟਰ ਕੌਲ ਰਾਹੀਂ ਅਮਰੀਕਨ ਐਂਬੇਸੀ ਤੋਂ। ਸ੍ਰ. ਜਸਵੰਤ ਸਿੰਘ ਮਾਸਕੋ ਲਈ ਤੁਰ ਗਏ। ਮੇਰਾ ਮਨ ਅਮਰੀਕਾ ਲਈ ਨਹੀਂ ਸੀ ਮੰਨ ਰਿਹਾ ਕਿਉਂਕਿ ਇੱਕ ਤਾਂ ਮੇਰੇ ਉੱਤੇ ਵੀ ਮੇਰੇ ਆਸਾਮੀ ਮਿੱਤਰ ਰਜਨੀਕਾਂਤ ਵੱਲੋਂ ‘ਲਾਲ ਰੰਗ’ ਦੇ ਪ੍ਰਭਾਵ ਪਏ ਹੋਏ ਸਨ ਅਤੇ ਦੂਜਾ ਮੈਂ ਇੰਗਲੈਂਡ ਆਉਣ ਲਈ ‘ਇੰਪਲਾਇਮੈਂਟ ਵਾਊਚਰ’ ਲਈ ਵੀ ਬੇਨਤੀ ਪੱਤਰ ਦਿੱਤਾ ਹੋਇਆ ਸੀ। ਵਾਊਚਰ ਮਿਲਣ ਵਿੱਚ ਦੇਰੀ ਹੁੰਦੀ ਵੇਖ ਮੈਂ ‘ਬਰਤਾਨੀਆਂ ਦੀ ਲੇਬਰ ਮਨਿਸਟਰੀ’ ਤੋਂ ਸਿੱਧੀ ਪੁੱਛ-ਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਮੇਰਾ ਵਾਊਚਰ ਇਸ਼ੂ ਹੋਏ ਨੂੰ ਤਿੰਨ ਮਹੀਨੇ ਹੋ ਚੁੱਕੇ ਸਨ। ਇਹ ਵੀ ਪਤਾ ਲੱਗਿਆ ਕਿ ਦਿੱਲੀ ਵਿਖੇ ਬਰਤਾਨਵੀ ਅੰਬੈਸੀ ਤੋਂ ਚਾਰ ਕੁ ਸੌ ਤੋਂ ਵੀ ਵੱਧ ਈਸ਼ੂ ਹੋਏ ਵਾਊਚਰ ਚੋਰੀ ਹੋ ਗਏ। ਕੁਝ ਹੋਰ ਪੁਛ-ਪੜਤਾਲ ਕਰਨ ਬਾਅਦ ਫਿਰ ਦਿੱਲੀ ਸਥਿਤ ਐਂਬੈਸੀ ਵੱਲੋਂ ਵਿਸ਼ੇਸ਼ ਵਾਊਚਰ ਦਿੱਤਾ ਗਿਆ। ਸ੍ਰ. ਜਸਵੰਤ ਸਿੰਘ ਦੇ ਮਾਸਕੋ ਜਾਣ ਦੇ ਕੁਝ ਦਿਨਾਂ ਦੇ ਮਗਰੋਂ ਮੈਂ ਵੀ 4 ਅਕਤੂਬਰ 1963 ਨੂੰ ਦਿੱਲੀ ਤੋਂ ਇੰਗਲੈਂਡ ਲਈ ਜਹਾਜ਼ੇ ਚੜ੍ਹ ਗਿਆ।

? ਜਿਨ੍ਹਾਂ ਸਮਿਆਂ ਵਿੱਚ ਤੁਸੀਂ ਇੰਗਲੈਂਡ ਆਏ ਉਨ੍ਹਾਂ ਸਮਿਆਂ ਵਿੱਚ ਇੱਥੇ ਆਏ ਬਹੁਤ ਸਾਰੇ ਲੋਕਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ। ਤੁਹਾਡੇ ਵਰਗੇ ਪੜ੍ਹੇ ਲਿਖੇ ਬੰਦਿਆਂ ਨੂੰ ਵੀ ਤੁਹਾਡੇ ਕਿੱਤੇ ਵਿੱਚ ਜੌਬਾਂ ਨਾ ਮਿਲਣ ਨਾਲ ਕੋਈ ਨਿਰਾਸ਼ਾ ਨਹੀਂ ਹੋਈ? ਇਹਦੇ ਬਾਰੇ ਕੁਝ ਦੱਸੋ?

: ਨਿਸਚੈ ਹੀ ਬਹੁਤ ਨਿਰਾਸ਼ਾ ਹੋਈ। ‘ਇੰਪਲੌਇਮੈਂਟ ਵਾਊਚਰ ਮਿਲ ਗਿਆ ਹੈ’ ਦੀ ਸੂਚਨਾ ਮਿਲਣ ਸਮੇਂ ਹੋਈ ਸਾਰੀ ਖੁਸ਼ੀ ਬਰਤਾਨੀਆਂ ਪੁੱਜ ਕੇ ਉੱਡ ਗਈ। ਸੋਚਦਾ ਸਾਂ, ‘ਵਾਊਚਰ ਬਟੇਰਾ’ ਹੱਥ ਲੱਗ ਗਿਆ ਹੈ ‘ਹੁਣ ਸਭ ਰਾਮ ਭਲੀ ਕਰੇਗਾ।’ ਸੋਚਿਆ ਸਮਝਿਆ ਸਭ ਕੁਝ ਬੇਕਾਰ ਹੀ ਰਿਹਾ। ਵਾਊਚਰ ਹੋਣ ਦੇ ਬਾਵਜ਼ੂਦ ਕੰਮ ਲੱਭਣੇ ਬਹੁਤ ਔਖੇ ਸਨ। ਵਾਊਚਰ ਤੇ ਆਏ ਬਹੁਤੇ ਆਵਾਸੀ ਸੋਚਦੇ ਸਨ ਕਿ ਇੰਗਲੈਂਡ ਪੁੱਜ ਕੇ ਉਹਨਾਂ ਨੂੰ ਚੰਗੀਆਂ ਭਾਵ ‘ਵਾਈਟ ਕੌਲਰ ਜੌਬਸ’ (ਪ੍ਰਬੰਧਕੀ, ਪ੍ਰਸ਼ਾਸ਼ਨੀ, ਦਫ਼ਤਰੀ ਜਾਂ ਕਲਰਕੀ) ਮਿਲ ਜਾਣਗੀਆਂ। ਟੱਕਰਾਂ ਮਾਰਨ ਉਪਰੰਤ ਸੋਝੀ ਪਈ ਕਿ ਪੜ੍ਹੇ ਲਿਖਿਆਂ ਨੂੰ ‘ਵਾਊਚਰਾਂ’ ਰਾਹੀਂ ‘ਬਲੂ ਕੌਲਰ ਜੌਬਸ’ ਭਾਵ ਆਮ ਮਜ਼ਦੂਰੀ ਦੇ ਕੰਮਾਂ ਲਈ ਹੀ ਸੱਦਾ ਦਿੱਤਾ ਗਿਆ ਸੀ ਅਤੇ ਇਹੋ ਜਿਹੇ ਕੰਮ ਹੀ ਉਹਨਾਂ ਨੂੰ ਮਿਲ ਸਕਦੇ ਹਨ। ਵਾਊਚਰਾਂ ’ਤੇ ਇੰਡੀਆ ਤੋਂ ਆਏ ਬਹੁਤੇ ਪੜ੍ਹੇ-ਲਿਖੇ ਅਤੇ ਅਧਿਆਪਕ ਤਬਕੇ ਦੇ ਲੋਕਾਂ ਨੂੰ ਮੁੱਢਲੇ ਸਮੇਂ ਵਿੱਚ ਕਿਰਤੀ-ਮਜ਼ਦੂਰਾਂ ਵਾਲਾ ਕੰਮ ਹੀ ਕਰਨਾ ਪਿਆ ਜਾਂ ਫਿਰ ਪੋਸਟ ਆਫਿਸ ਵਿੱਚ ‘ਚਿੱਠੀ-ਰਸੈਣ’ ਜਾਂ ਬੱਸਾਂ ਦੀ ਡਰਾਇਵਰੀ ਦਾ। ਅਧਿਆਪਨ ਦੇ ਕਾਰਜ ਵਿੱਚ ਜਾਣ ਲਈ ਬਹੁਤਿਆਂ ਨੂੰ ਮੁੜਕੇ ‘ਥੋੜ੍ਹੀ ਜਾਂ ਬਹੁ-ਚਿਰੀ’ ਹੋਰ ਯੋਗਤਾ ਪ੍ਰਾਪਤ ਕਰਨ ਲਈ ਬਰਤਾਨੀਆ ਵਿੱਚ ਪੜ੍ਹਨਾ ਪਿਆ।

ਖ਼ੈਰ! ਮੈਂ ਇੰਗਲੈਂਡ ਆਪਣੇ ਮਾਮੇ ਦੇ ਲੜਕੇ ਪਾਸ ‘ਹੀਥਰੋ ਏਅਰਪੋਰਟ’ ਦੇ ਲਾਗੇ ‘ਵੈੱਸਟ ਡਰੇਟਨ’ ਸ਼ਹਿਰ ਆਇਆ ਸਾਂ। ਹੇਅਜ਼, ਸਾਊਥਾਲ, ਵੈੱਸਟ ਡਰੇਟਨ, ਆਕਸਬਰਿੱਜ ਆਦਿ ਸ਼ਹਿਰ ਲਾਗੋ-ਲਾਗੇ ਹੀ ਹਨ। ਮਾਮੇ ਦੇ ਲੜਕੇ ਦੇ ਘਰ ਵਿੱਚ 9 ਬੰਦੇ ਪਹਿਲਾਂ ਰਹਿੰਦੇ ਸਨ, ਦਸਵਾਂ ਮੈਂ ਜਾ ਰਲਿਆ। ਮੇਰੇ ਮਮੇਰੇ ਭਰਾ ਨੇ ਜਦ ਮੈਂਨੂੰ ਸਿਰ ਤੋਂ ਲੈ ਪੈਰਾਂ ਤੱਕ ਤੱਕਿਆ ਤਾਂ ਮੈਂ ਉਸ ਦੇ ਚਿਹਰੇ ਤੋਂ ਨਿਰਾਸ਼ਾ ਝਲਕਦੀ ਵੇਖੀ। ਇਸਦਾ ਕਾਰਣ ਮੈਂਨੂੰ ਬਹੁਤ ਬਾਅਦ ਪਤਾ ਲੱਗਿਆ।

ਸਭ ਤੋਂ ਪਹਿਲਾਂ ਦੋ ਮਸਲੇ ਸਨ: ਇੱਕ ਮੇਰਾ ਮੂੰਹ-ਮੱਥਾ ਸੰਵਾਰਨਾ ਅਤੇ ਦੂਜਾ ਕਿਤੇ ਕੰਮ ਲੱਭਣਾ ਅਤੇ ਕਿਸੇ ਕੰਮ ਤੇ ਲੱਗਣਾ। ਇਸ ਘਰੇ ਰਹਿੰਦੇ ਸਾਰੇ ਲੋਕੀਂ - ਇੱਕ ਨੂੰ ਛੱਡਕੇ - ਸਾਹਿਬ ਹੀ ਸਨ। ਸਾਰੇ ਗੱਲੀਂ ਗੱਲੀਂ ਮੇਰੀ ਪੱਗ ਅਤੇ ਜਾਲੀਦਾਰ ਦਾੜ੍ਹੀ ਵਲ ਵੇਖਦੇ ਘੁਸਰ-ਮੁਸਰ ਕਰੀ ਜਾਂਦੇ। ਮਨ ਤਾਂ ਨਹੀਂ ਮੰਨਦਾ ਸੀ, ਪਰ ਕੀ ਕਰਦਾ? ਬੱਸ, ਉਹਨਾਂ ਦਾ ਕੰਮ ਸੁਖ਼ਾਲਾ ਕਰਦਿਆਂ ਖ਼ੁਦ ਹੀ ‘ਰਾਜੇ’ ਦੀ ਦੁਕਾਨੇ ਪਹੁੰਚ ਗਿਆ। ਹੁਣ ਮੂੰਹ-ਮੱਥਾ ਸੰਵਰ ਚੁੱਕਿਆ ਸੀ, ਪੱਗ-ਜਾਲੀ ਲਹਿ ਗਈ ਸੀ ਅਤੇ ਹੁਣ ਵਾਰੀ ਸੀ ਕੰਮ ਦੀ। ਮੇਰਾ ਮਮੇਰਾ ਭਾਈ ਹੇਜ਼ ਦੀ ਸੀਮੈਂਟ ਫੈਕਟਰੀ ਵਿੱਚ ਚਾਰਜਹੈਂਡ ਲੱਗਿਆ ਹੋਇਆ ਸੀ। ਉਸ ਅਧੀਨ 15-20 ਏਸ਼ੀਆਈ ਕਾਮੇ ਬਣੀਆਂ ਬਣਾਈਆਂ ਇਮਾਰਤਾਂ ਖੜ੍ਹੀਆਂ ਕਰਨ ਲਈ ਕੰਕਰੀਟ-ਸੀਮੈਂਟ ਦੀਆਂ ਵੱਖ ਵੱਖ, ਪੂਰੀਆਂ ਕੰਧਾਂ ਅਤੇ ਹੋਰ ਸਾਮਾਨ ਬਣਾਉਂਦੇ ਸਨ। ਕੰਮ ਬਹੁਤ ਭਾਰਾ ਸੀ। ਮੈਂ ਸੋਚਦਾ ਸਾਂ ਸ਼ਾਇਦ ਉਹ ਮੈਂਨੂੰ ਇਸ ਫੈਕਟਰੀ ਵਿੱਚ ਕੋਈ ਕਲਰਕ ਆਦਿ ਦਾ ਕੰਮ ਦਿਲਵਾ ਦੇਵੇਗਾ। ਪਰ ਨਹੀਂ, ਉਸ ਮੈਨੂੰ ਸਲਾਹ ਦਿੱਤੀ ਕਿ ਮੈਂ ਆਪੂੰ ਹੀ ਦਫਤਰਾਂ/ਫੈਕਟਰੀਆਂ ਵਿਚ ਜਾਵਾਂ ਤੇ ਕੰਮ ਲੱਭਾਂ।

ਮੈਂ ਆਪਣੀਆਂ ‘ਅਕਾਦਮਿਕ ਡਿਗਰੀਆਂ’ ਅਤੇ ਕੀਤੇ ਕੰਮਾਂ ਦੇ ਸਰਟੀਫੀਕੇਟ ਲੈ ਕੇ ਬਹੁਤ ਦਫਤਰ ਗਾਹੇ। ਫੈਕਟਰੀਆਂ ਦੇ ਗੇਟ ਪਾਰ ਕੀਤੇ। ਪਰ ਕਿਤੇ ਵੀ ਗੱਲ ਬਣਦੀ ਨਜ਼ਰ ਨਹੀਂ ਸੀ ਆ ਰਹੀ। ਕੰਮ ਲੱਭਦਿਆਂ ਲੱਭਦਿਆਂ ਇੱਕ ‘ਪਲਾਈਵੁੱਡ’ ਦੀ ਫੈਕਟਰੀ ਦੇ ਗੇਟ ਤੇ ਨਜ਼ਰ ਪਈ ਤਾਂ ਨੋਟਿਸ ਲਿਖਿਆ ਵੇਖਿਆ: ‘ਲੋਡਿੰਗ/ਅਨਲੋਡਿੰਗ ਵਰਕਰ ਨੀਡਡ, ਅਪਲਾਈ ਵਿਦਇਨ।’ ਗੇਟ ਪਾਰ ਕਰਕੇ ਦਫ਼ਤਰ ਜਾ ਵੜਿਆ। ਆਮ ਮਜ਼ਦੂਰੀ ਦਾ ਕੰਮ ਮਿਲ ਗਿਆ।

ਪਹਿਲਾ ਕੰਮ ਜੋ ਮੈਂਨੂੰ ਦਿੱਤਾ ਗਿਆ ਉਹ ਮੇਰੀ ਵਿੱਤ ਅਨੁਸਾਰ ਮੇਰੇ ਲਈ ਬਹੁਤ ਭਾਰਾ ਸੀ। ਮੇਰਾ ਕੰਮ ਪਲਾਈਵੁੱਡ ਦੀਆਂ ਸ਼ੀਟਾਂ ਚੁੱਕ ਚੁੱਕ ਕੇ ਟਰੱਕ ਭਰਨਾ ਸੀ। ਮੇਰੇ ਪਾਸੋਂ ਤਾਂ ਪਲਾਈਵੁੱਡ ਦੀ ਇੱਕ ਸ਼ੀਟ ਹੀ ਚੁੱਕਣੀ ਭਾਰੀ ਸੀ ਪਰ ਨਾਲ ਦੇ ਹੋਰ ਏਸ਼ੀਅਨ ਸਾਥੀ, ਖਬਰੇ ਚਾਂਭਲ ਚਾਂਭਲ ਕੇ, ਜਾਂ ਸ਼ਾਇਦ ਸਚਮੁੱਚ ਹੀ ਤਕੜੇ ਹੋਣ ਕਾਰਨ ਜਾਂ ਮੈਂਨੂੰ ਕਮਜ਼ੋਰ ’ਤੇ ਨੀਵਾਂ ਦਿਖਾਉਣ ਲਈ ਦੋ ਦੋ, ਤਿੰਨ ਤਿੰਨ ਸ਼ੀਟਾਂ ਚੁੱਕੀ ਫਿਰਦੇ ਸਨ। ਮੇਰੇ ਦੋਹਾਂ ਹੱਥਾਂ ਵਿੱਚ ਪਲਾਈਵੁੱਡ ਦੀਆਂ ਛਿਲਤਾਂ ਲੱਗ ਗਈਆਂ, ਹੱਥ ਜ਼ਖ਼ਮੀ ਹੋ ਗਏ। ਦੂਜੇ ਸਾਥੀਆਂ ਵਾਂਗ ਕੰਮ ਵਿੱਚ ਛੋਹਲਾ ਨਾ ਹੋਣ ਕਾਰਨ ਪਹਿਲੇ ਦਿਨ ਹੀ ਨੌਕਰੀ ਤੋਂ ਜਵਾਬ ਹੋ ਗਿਆ। ਭਾਵੇਂ ਕਿ ਇਸ ਜੌਬ ਦੇ ਜਾਣ ਦਾ ਸਿੱਧਾ-ਅਸਿੱਧਾ ਸਬੰਧ ਨਸਲਵਾਦ ਨਾਲ ਨਹੀਂ ਸੀ ਪਰ ਇੱਥੋਂ ਦੇ ਇੱਕ ਪੰਜਾਬੀ ਚਾਰਜਹੈਂਡ ਦਾ ਜ਼ਰੂਰ ਸੀ ਜਿਸਨੇ ਕੁਝ ਘੰਟਿਆਂ ਵਿੱਚ ਹੀ ਮੇਰੀ ਛੁੱਟੀ ਕਰਵਾ ਦਿੱਤੀ। ਬਾਅਦ ਵਿੱਚ ਪਤਾ ਲੱਗਾ ਕਿ ਇਹੋ ਜਿਹੇ ਚਾਰਜਹੈਂਡ ਕੰਮ ਉੱਤੇ ਆਪਣੇ ਬੰਦੇ ਰੱਖਵਾਉਣ ਲਈ ਭਾਂਤ ਭਾਂਤ ਦੇ ਹੱਥਕੰਡੇ ਵਰਤਦੇ ਹਨ। ਉਸਨੇ ਹੀ ਇਸ ਕੰਮ ਤੇ ਆਪਣੇ ਕਿਸੇ ਹੋਰ ਬੰਦੇ ਨੂੰ ਰਖਵਾਉਣ ਲਈ ਮੇਰੀ ਛੁੱਟੀ ਕਰਵਾ ਦਿੱਤੀ। ਨਿਰਾਸ਼ਾ ਬਹੁਤ ਹੋਈ।

? ਤੁਹਾਡੇ ਮਾਮੇ ਦੇ ਪੁੱਤਰ ਨੇ ਤੁਹਾਨੂੰ ਆਪਣੇ ਪਾਸ ਹੀ ਆਪਣੀ ਫੈਕਟਰੀ ਵਿੱਚ ਲਗਵਾਉਣ ਦੀ ਕੋਸ਼ਿਸ਼ ਨਹੀਂ ਕੀਤੀ?

: ਮੈਂ ਖ਼ੁਦ ਵੀ ਬਹੁਤ ਨਿਰਾਸ਼ ਸਾਂ ਕਿ ਉਸ ਨੇ ਮੈਨੂੰ ਆਪਣੇ ਕੰਮ ਉੱਤੇ ਕੋਈ ਨੌਕਰੀ ਦਿਲਵਾਉਣ ਦੀ ਕੋਸ਼ਿਸ਼ ਕਿਉਂ ਨਾ ਕੀਤੀ। ਪਿਛਲਝਾਤ ਪਾਉਂਦਿਆਂ ਇੱਕ ਕਾਰਣ ਤਾਂ ਇਹ ਸੁੱਝਿਆ ਕਿ ਸ਼ਾਇਦ ਉਸਨੂੰ ਪਤਾ ਸੀ ਕਿ ਬਰਤਾਨੀਆਂ ਵਿੱਚ ਆਮ ‘ਕਲੈਰੀਕਲ ਜੌਬਸ’ ਉੱਤੇ ਬੰਦੇ ਨਹੀਂ ਰੱਖੇ ਜਾਂਦੇ। ਭਾਰਤ ਦੇ ਮੁਕਾਬਲੇ ਦਫਤਰੀ ਕੰਮ ਇੱਥੇ ਬਰਤਾਨੀਆ ਵਿੱਚ ਬਹੁਤਾ ਕਰਕੇ ਇਸਤਰੀਆਂ ਹੀ ਕਰਦੀਆਂ ਹਨ। ਦੂਜੇ ਵੱਡੇ ਕਾਰਣ ਦਾ ਮੈਂਨੂੰ ਕੁਝ ਸਮਾਂ ਬਾਅਦ ਪਤਾ ਲੱਗਿਆ ਕਿ ਹਾਲਾਂ ਮੇਰੇ ਇੰਗਲੈਂਡ ਪੁੱਜਣ ਤੋਂ ਛੇ ਕੁ ਹਫ਼ਤੇ ਪਹਿਲਾਂ ਹੀ ਉਸ ਹੀ ਫੈਕਟਰੀ ਵਿੱਚ ਇੱਕ ਮੇਰੇ ਵਰਗੇ ਹੀ ਇਕਹਿਰੇ ਸਰੀਰ ਵਾਲੇ ਏਸ਼ੀਅਨ ਕਾਮੇ ਉੱਤੇ ਸੀਮਿੰਟ-ਕੰਕਰੀਟ ਦੀ ਕੰਧ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਸ਼ਾਇਦ ਮੇਰਾ ਭਰਾ ਮੇਰੇ ਸੰਬੰਧੀ ਕੋਈ ਰਿਸਕ ਨਹੀਂ ਸੀ ਲੈਣਾ ਚਾਹੁੰਦਾ।

? ਚਲੋ ਪਹਿਲਾਂ ਆਪਾਂ ਇੰਗਲੈਂਡ ਵਿੱਚ ਤੁਹਾਡੀ ਸਥਾਪਤੀ ਦੇ ਪਹਿਲੇ ਵਰ੍ਹੇ ਕਿਸ ਤਰ੍ਹਾਂ ਦੇ ਸਨ, ਬਾਰੇ ਹੀ ਗੱਲ ਕਰ ਲਈਏ?

: ‘ਸਥਾਪਤੀ’ ਦੇ ਪਹਿਲੇ ਕੁਝ ਵਰ੍ਹੇ ਸਹੀ ਕੰਮ ਲੱਭਣ ਜਾਂ ਕਿੱਤੇ ਦੀ ਸਥਾਪਤੀ, ਪਰਿਵਾਰ ਮੰਗਵਾਉਣ ਅਤੇ ਸਥਾਈ ਘਰ/ਰਿਹਾਇਸ਼ ਲਈ ਲੱਗ ਗਏ। ਇੱਥੇ ਆ ਕੇ ਸਭ ਤੋਂ ਵੱਡੀ ਤੇ ਪਹਿਲੀ ਦਿੱਕਤ ਇਹ ਆਈ ਕਿ ਭਾਰਤ ਤੋਂ ਪ੍ਰਾਪਤ ਕੀਤੀ ਅਕਾਦਮਿਕ ਯੋਗਤਾ ਕਿਸੇ ਵਿਸ਼ੇਸ਼ ਕੰਮ ਨਾ ਆ ਸਕੀ। ਅਧਿਆਪਨ ਲਈ ਵਾਊਚਰ ’ਤੇ ਆਇਆ ਸਾਂ ਪਰ ਇੱਥੇ ਕਿਸੇ ਨੇ ਟਕੇ ਦੇ ਭਾਅ ਵੀ ਨਾ ਪੁੱਛਿਆ। ਅਸਲ ਵਿੱਚ, ਕਿਸੇ ਹੋਰ ਸੰਬੰਧੀ ਤਾਂ ਮੈਂ ਕਹਿ ਨਹੀਂ ਸਕਦਾ, ਪਰ ਇੱਥੇ ਪੁੱਜ ਕੇ ਮੈਂ ਮਹਿਸੂਸ ਕੀਤਾ ਕਿ ਅੰਗਰੇਜ਼ੀ ਬੋਲੀ ਉੱਤੇ ਮੇਰਾ, ‘ਕਿਤਾਬੀ’ ਤੋਂ ਵੱਧ, ਅਬੂਰ ਹਾਸਲ ਨਹੀਂ ਸੀ। ਮੇਰਾ ਅੰਗਰੇਜ਼ੀ ਉਚਾਰਣ ਵੀ ਦਰੁਸਤ ਨਹੀਂ ਸੀ ਅਤੇ ਗੋਰਿਆਂ ਵਲੋਂ ਬੋਲੀ ਜਾਂਦੀ ਤੇਜ਼ ਅੰਗਰੇਜ਼ੀ ਪੂਰੀ ਤਰ੍ਹਾਂ ਛੇਤੀ ਸਮਝ ਨਹੀਂ ਸੀ ਪੈਂਦੀ। ਜਦ ਸੁਣੀ ਜਾ ਰਹੀ ਅੰਗਰੇਜ਼ੀ ਪੂਰੀ ਤਰ੍ਹਾਂ ਸਮਝ ਹੀ ਨਾ ਪਵੇ ਅਤੇ ਨਾ ਹੀ ਤੁਹਾਡੀ ‘ਬੋਲੀ ਹੋਈ ਅੰਗਰੇਜ਼ੀ’ ਕੋਈ ਸਾਹਮਣਿਉਂ ਅੰਗਰੇਜ਼ੀ ਬੋਲਣ ਵਾਲਾ ਸਮਝ ਸਕੇ, ਤਾਂ ਕਿਸੇ ਸਕੂਲ ਵਿੱਚ ਅਧਿਆਪਨ ਦਾ ਕਿੱਤਾ ਕਿਵੇਂ ਮਿਲੇ? ਦਰਅਸਲ ਮੇਰੇ ਲਈ ਗੱਲਬਾਤ ਦਾ ਕਿਤਾਬੀ ਢੰਗ ਛੱਡਕੇ ਆਮ ਯੋਗ ‘ਗੱਲਬਾਤੀ ਪੱਧਰ’ (Colloquial) ਦੀ ਜਾਚ ਸਿੱਖਣੀ ਤੇ ਸਮਝ ਪੈਦਾ ਕਰਨੀ ਲੋੜੀਂਦੀ ਸੀ।

ਦੂਜੀ ਗੱਲ, ਬਰਤਾਨਵੀ ਵਿੱਦਿਅਕ ਸਿਸਟਮ ਵਿੱਚ ਅਧਿਆਪਨ ਦਾ ਕਾਰਜ ਕਰਨ ਲਈ ਅਕਾਦਮਿਕ ਯੋਗਤਾ ਅਤੇ ਅਧਿਆਪਨ ਦੀ ਪ੍ਰਾਪਤ ਟਰੇਨਿੰਗ ਨੂੰ ‘ਡੀਪਾਰਟਮੈਂਟ ਆਫ ਸਾਇੰਸ ਐਂਡ ਐਜੂਕੇਸ਼ਨ’ ਵਲੋਂ ਪ੍ਰਵਾਨਗੀ ਦਾ ਸਰਟੀਫੀਕੇਟ/ਨੰਬਰ ਮਿਲਣਾ ਲੋੜੀਂਦਾ ਹੁੰਦਾ ਹੈ, ਜਿਸਦਾ ਮੈਂਨੂੰ ਪਹਿਲਾਂ ਪਤਾ ਹੀ ਨਹੀਂ ਸੀ ਅਤੇ ਨਾ ਹੀ ਇਸ ਸੰਬੰਧੀ ਕਿਤਿਉਂ ਕੋਈ ਅਗਵਾਈ ਹੀ ਮਿਲ ਸਕੀ। ਇਸ ਪਿੱਠ ਭੂਮੀ ਅਧੀਨ ਅਧਿਆਪਨ ਦਾ ਕਿੱਤਾ ਨਾ ਮਿਲਣਾ ਕੋਈ ਅਚੰਭੇ ਦੀ ਗੱਲ ਨਹੀਂ ਸੀ। ਸੋ ਤੁਰੰਤ ਲੋੜ ਇਹ ਸੀ ਕਿ ਜਿਸ ਤਰ੍ਹਾਂ ਦਾ ਵੀ ਕੋਈ, ਆਪਣੀ ਵਿੱਤ ਅਨੁਸਾਰ, ਕਰਨ ਨੂੰ ਕੰਮ ਮਿਲੇ, ਕੀਤਾ ਜਾਵੇ। ਸੋ ਪਹਿਲਾ ਟਿਕਾਊ ਕੰਮ ‘ਹੌਲਬੋਰਨ’ ਦੇ ਮੁੱਖ ਪੋਸਟ ਆਫਿਸ ਵਿੱਚ ‘ਪੋਸਟਮੈਨ’ (ਚਿੱਠੀ-ਰਸੈਣ) ਦਾ ਮਿਲਿਆ। ਲਗਪਗ ਪੰਜ ਵਰ੍ਹੇ ਮੈਂ ਸੈਂਟਰਲ ਲੰਡਨ ਵਿੱਚ ਡਾਕ ਵੰਡੀ, ਸੌਰਟਿੰਗ ਬੇਅ ਤੇ ਚਿੱਠੀਆਂ ਚੁਣੀਆਂ, ਅਤੇ ਵੈਨਾਂ ਉੱਤੇ ਪਾਰਸਲ ਲੱਦੇ। ਇਸਦੇ ਨਾਲ ਹੀ ਮੈਨੂੰ ਕੁਝ ਕੋਸ਼ਿਸ਼ ਕਰਨ ਤੇ ਸ਼ਾਮ ਦੇ ਸਮੇਂ ਲਈ ‘ਨੀਊਹੈਮ ਦੇ ਫਰਦਰ ਐਜੂਕੇਸ਼ਨ ਕਾਲਜ’ ਵਲੋਂ ਓ ਲੈਵਲ ਹਿਸਾਬ (ਗਣਿਤ) ਪੜ੍ਹਾਉਣ ਲਈ ਕੰਮ ਮਿਲ ਗਿਆ। ਰਿਹਾਇਸ਼ ਲਈ ਕਰਾਏ ਦਾ ਕਮਰਾ ਸੀ।

ਹੁਣ ਜਦੋਂ ਬਰਤਾਨੀਆਂ ਪੁੱਜਣ ਲਈ ਉਧਾਰ ਲਿਆ ਕਰਾਇਆ ਮੋੜਿਆ ਗਿਆ ਤਾਂ ਪਤਨੀ ਅਤੇ ਦੋਵੇਂ ਛੋਟੇ ਬੱਚਿਆਂ ਨੂੰ ਵੀ ਮੰਗਵਾ ਲਿਆ। ਸ਼ਾਇਦ ਪਰਿਵਾਰ ਮੰਗਵਾਉਣ ਲਈ ਕੁਝ ਜਲਦੀ ਵਰਤੀ ਗਈ ਕਿਉਂਕਿ ਹਾਲਾਂ ਤੱਕ ਰਹਿਣ ਲਈ ਮੇਰੇ ਪਾਸ ਆਪਣਾ ਇੱਕ ਪੱਕਾ ਘਰ ਨਹੀਂ ਸੀ। ਪਰ ਸ਼ਾਇਦ ਇੱਕ ਗੱਲੋਂ ਚੰਗਾ ਹੀ ਹੋਇਆ। ਪਰਿਵਾਰ ਦੇ ਆਉਣ ਦੇ ਕੁਝ ਸਮੇਂ ਬਾਅਦ ਹੀ ਮੈਂ ਬਿਮਾਰ ਪੈ ਗਿਆ। ਜਦੋਂ ਲੰਮੇ ਸਮੇਂ ਬਾਅਦ ਮੁੜ ਕੰਮ ਤੇ ਗਿਆ ਤਾਂ ਪਤਾ ਲੱਗਿਆ ਕਿ ਨਾਲ ਕੰਮ ਕਰਦੇ ਮਿ. ਪਾਠਕ ਨੇ ਆਪਣਾ ਘਰ ਵੇਚਣਾ ਲਗਾਇਆ ਹੋਇਆ ਹੈ। ਮੈਂ ਇਹ ਘਰ ਥੋੜ੍ਹਾ ਜਿਹਾ ‘ਡਿਪਾਜ਼ਟ’ ਦੇ ਕੇ ‘ਮਾਰਗੇਜ’ ਤੇ ਖ਼ਰੀਦ ਲਿਆ। ਘਰ ਦੀ ਸਮੱਸਿਆ ਤਾਂ ਹੱਲ ਹੋ ਗਈ ਪਰ ਹੁਣ ਖ਼ਰਚ ਹੋਰ ਵਧ ਗਿਆ। ਇਸ ਲਈ, ਇੱਕ ਛੋਟੀ ਜਿਹੀ ਪ੍ਰਿਟਿੰਗ ਪ੍ਰੈੱਸ ਖ਼ਰੀਦ ਕੇ ਘਰ ਦੇ ਹੀ ਇੱਕ ਕਮਰੇ ਵਿੱਚ ‘ਪੰਜਾਬੀ ਦੀ ਪ੍ਰਿਟਿੰਗ’ ਦਾ ਕਾਰਜ ਆਰੰਭ ਦਿੱਤਾ। ਪਰ ਕਿੱਤੇ ਵਜੋਂ ਮਨ ਸੰਤੁਸ਼ਟ ਨਹੀਂ ਸੀ। ਅੰਤ, ਨੀਊਹੈਮ ਦੇ ‘ਫਰਦਰ ਐਜੂਕੇਸ਼ਨ ਕਾਲਜ’ ਦੇ ਹੀ ਇੱਕ ਅੰਗਰੇਜ਼ ਅਧਿਆਪਕ ਦੇ ਜ਼ੋਰ ਦੇਣ ਤੇ ਮੈਂ ‘ਲੰਡਨ ਯੂਨੀਵਰਸਿਟੀ’ ਦੇ ‘ਐਵਰੀ ਹਿੱਲ’ ਕਾਲਜ ਵਿੱਚ ਪੂਰੇ ਸਮੇਂ ਲਈ ‘ਤਿੰਨ ਸਾਲਾਂ ਦਾ ਅਧਿਆਪਨ ਦਾ ਕੋਰਸ’ ਕਰਨ ਲੱਗ ਪਿਆ।

ਯੋਗਤਾ ਪ੍ਰਾਪਤ ਕਰਨ ਮਗਰੋਂ ਨੀਊਹੈਮ ਲੰਡਨ, ਸੈਂਡਵਿੱਲ, ਵੁਲਵਰਹੈਂਪਟਨ ਅਤੇ ਫਿਰ ਬਰਮਿੰਘਮ ਐਜੂਕੇਸ਼ਨ ਅਥਾਰਟੀਜ਼ ਦੇ ਵੱਖ ਵੱਖ ਸਕੂਲਾਂ ਵਿੱਚ ਪੜ੍ਹਾਇਆ। ਅਧਿਆਪਨ ਦੇ ਨਾਲ ਨਾਲ, ਲੋੜੀਂਦੀ ਉੱਨਤੀ ਲਈ ਇੱਥੇ ਰਹਿੰਦਿਆਂ ਹੀ ਪੰਜਾਬੀ ਯੂਨੀਵਰਸਿਟੀ ਤੋਂ ਐਮ.ਏ. (ਪੰਜਾਬੀ), ਡਿਪਲੋਮਾ ਇੰਨ ਲੈਂਗੂਏਜ਼ ਟੀਚਿੰਗ (ਆਰ. ਐੱਸ ਏ), ਅਤੇ ਦੋ ਸਾਲ ਦਾ ‘ਡਿਪਲੋਮਾ ਇੰਨ ਟੀਚਿੰਗ ਇਨ ਏ ਮਲਟੀ ਐਥਨਿਕ ਸਕੂਲਜ਼ (ਸੀ. ਐਨ. ਏ. ਏ.)’ ਕੀਤਾ।

? ਅਧਿਆਪਨ ਦਾ ਕੋਰਸ ਕਰਨ ਉਪਰੰਤ ਤੁਹਾਨੂੰ ਅਧਿਆਪਕ ਵਜੋਂ ਪਹਿਲੀ ਨੌਕਰੀ ਕਿੱਥੇ ਮਿਲੀ ਅਤੇ ਤੁਸੀਂ ਕਿਵੇਂ ਮਹਿਸੂਸ ਕੀਤਾ?

: 1973 ਵਿੱਚ ਲੰਡਨ ਯੂਨੀਵਰਸਿਟੀ ਤੋਂ ਤਿੰਨ ਸਾਲ ਦੀ ‘ਟੀਚਿੰਗ’ ਦਾ ਕੋਰਸ ਕਰਨ ਉਪਰੰਤ ਜਦੋਂ ਨੀਊਹੈਮ ਬਰੋ ਦੇ ਇੱਕ ਸਕੂਲ ਵਲੋਂ ਇੰਟਰਵੀਊ ਲਈ ਸੱਦਾ-ਪੱਤਰ ਮਿਲਿਆ ਤਾਂ ਮੈਂ ਪਰਵਾਨ ਕਰ ਲਿਆ। ਇੰਟਰਵੀਊ ਵਿੱਚ ਸਫਲ ਰਹਿਣ ਸਦਕਾ ਮੈਂਨੂੰ ‘ਹਾਰਟਲੇ ਜੂਨੀਅਰ ਸਕੂਲ’ ਵਿੱਚ ਇੱਕ ਵਰ੍ਹੇ ਦੇ ‘ਪਰੋਬੇਸ਼ਨਰੀ’ ਸਮੇਂ ਦੇ ਅਧਾਰ ’ਤੇ ਅਧਿਆਪਕ ਵਜੋਂ ਪੱਕੀ ਨੌਕਰੀ ਮਿਲ ਗਈ। ਮੈਂ ਖੁਸ਼ ਸਾਂ ਕਿ ਇਹ ਸਕੂਲ ਮੇਰੀ ਰਿਹਾਇਸ਼ ਤੋਂ ਕੇਵਲ ਦੋ ਕੁ ਮੀਲ ਹੀ ਦੂਰ ਸੀ।

ਇਸ ਸਕੂਲ ਦਾ ਹੈੱਡਮਾਸਟਰ ‘ਮਿ. ਬਰਨਰਡ ਐਸ਼ਲੇ’ ਸੀ ਅਤੇ ਡਿਪਟੀ ਹੈੱਡ ਮਿਸੇਜ਼ ਕੈਂਬਰਿਜ। ਮਿਸੇਜ਼ ਕੈਂਬਰਿਜ ‘ਥਰਡ ਈਅਰ ਕਲਾਸ’ ਦੀ ਅਧਿਆਪਕਾ ਸੀ ਪਰ ਟਾਈਮ ਟੇਬਲ ਅਤੇ ਸਕੂਲ ਦੀਆਂ ਬਾਕੀ ਕਲਾਸਾਂ ਦੀ ਵੰਡ-ਵੰਡਾਈ ਆਦਿ ਦਾ ਸਾਰਾ ਕਾਰਜ ਵੀ ਉਸਦੀ ਹੀ ਜ਼ਿੰਮੇਵਾਰੀ ਸੀ। ਮੈਂਨੂੰ ਦਿੱਤੀ ਜਾਣ ਵਾਲੀ ਕਲਾਸ ਦੀ ਚੋਣ ਵੀ ਉਸ ਨੇ ਹੀ ਕੀਤੀ। ਥਰਡ ਈਅਰ ਦੀ ਫੌਰਮ ਵਿੱਚ ਕੁੱਲ 96 ਬੱਚੇ ਸਨ ਜਿਹਨਾਂ ਨੂੰ ਤਿੰਨ ਕਲਾਸਾਂ ਵਿੱਚ ਵੰਡਿਆ ਗਿਆ ਸੀ। ਮੈਂਨੂੰ ਥਰਡ ਈਅਰ ਦੀ ਤੀਜੀ ਕਲਾਸ ਦਿੱਤੀ ਗਈ। ਪਤਾ ਨਹੀਂ ਜਾਣ-ਬੁਝ ਕੇ ਜਾਂ ਸੁਭਾਇਕੇ ਹੀ। ਪਰ ਇਸ ਕਲਾਸ ਨੇ ਮੈਂਨੂੰ ਨੌਕਰੀ ਦੇ ਪਹਿਲੇ ਹਫਤੇ ਹੀ ਨਾਨੀ ਯਾਦ ਕਰਵਾ ਦਿੱਤੀ।

ਥਰਡ ਈਅਰ ਦੀ ਦਿੱਤੀ ਗਈ ਜਮਾਤ ਵਿੱਚ ਰਲੇ-ਮਿਲੇ, ਸੋਲਾਂ ਗੋਰੇ, ਸੱਤ ਐਫਰੋ-ਕੈਰੇਬੀਅਨ ਅਤੇ ਨੌਂ ਭਾਰਤੀ ਮੂਲ ਦੇ, ਕੁੱਲ 32 ਬੱਚੇ ਸਨ। ਬੱਚਿਆਂ ਨੂੰ ਇੱਕੋ ਉਮਰ ਦੇ ਹੋਣ ਦੇ ਬਾਵਜੂਦ ਉਹਨਾਂ ਦੀ ਕਾਬਲੀਅਤ ਅਨੁਸਾਰ ਛੇ ਗਰੁੱਪਾਂ ਵਿੱਚ ਵੰਡ ਕੇ ਪੜ੍ਹਾਇਆ ਜਾਣਾ ਸੀ। ਸਾਰੀ ਕਲਾਸ ਲਈ ਭਾਰਤ ਵਾਂਗ ਰੋਜ਼ ਦਾ ਇੱਕ ਇੱਕ ਪਾਠ (ਲੈਸਨ) ਨਹੀਂ ਸਗੋਂ ਛੇ ਗਰੁੱਪਾਂ ਲਈ ਛੇ ਛੇ ਪਾਠ। ਪਹਿਲੇ ਹਫਤੇ ਹੀ ਕਲਾਸ ਦੇ ਸੱਤਾਂ ਹੀ ਐਫਰੋ-ਕੈਰੇਬੀਅਨ ਬੱਚਿਆਂ ਨੇ ਮੈਂਨੂੰ ‘ਨੱਕ-ਚਣੇ ਚਬਵਾ ਦਿੱਤੇ।’ ਇਹ ਕਾਲੇ ਬੱਚੇ ਇੰਨੇ ਖਰੂਦੀ ਨਿੱਕਲੇ ਕਿ ਮੈਂ ਪਹਿਲੇ ਹਫਤੇ ਦੇ ਪੰਜਵੇਂ ਦਿਨ ਹੀ ਕਲਾਸ ਛੱਡ ਕੇ ਸਿੱਧਾ ਹੈੱਡ-ਟੀਚਰ ਦੇ ਕਮਰੇ ਜਾ ਦਸਤਕ ਦਿੱਤੀ ਕਿ ਮੈਂ ਪੜ੍ਹਾ ਨਹੀਂ ਸਕਦਾ। ਮਿ. ਐਸ਼ਲੇ ਨੇ ਗਹੁ ਨਾਲ ਮੇਰੇ ਮੂੰਹ ਵਲ ਤੱਕਿਆ ਅਤੇ ਕੁਝ ਸੋਚਦਿਆਂ ਕਿਹਾ ਕਿ ਬਾਹਰ ਸ਼ੈਲਫ ਤੇ ਪਈਆਂ 30-35 ਛੋਟੀਆਂ ਡਿਕਸ਼ਨਰੀਆਂ ਚੁੱਕ ਕੇ ਮੁੜ ਆਪਣੀ ਕਲਾਸ ਵਿੱਚ ਇੰਝ ਦਾਖਲ ਹੋਵਾਂ ਤਾਂ ਜੋ ਬੱਚੇ ਇਹ ਸਮਝਣ ਕਿ ਮੈਂ ਇਹ ਡਿਕਸ਼ਨਰੀਆਂ ਲੈਣ ਹੀ ਬਾਹਰ ਗਿਆ ਸਾਂ। ਕਲਾਸ ਅੰਦਰ ਦਾਖਲ ਹੁੰਦਿਆਂ ਵੇਖਿਆ ਕਿ ਹੁਣ ਬੱਚੇ ਸ਼ਾਂਤ ਸਨ ਅਤੇ ਸ਼ਾਇਦ ਕਿਸੇ ਹੋਣੀ ਦੇ ਡਰੋਂ ਉਹ ਹੁਣ ਹੌਲੀ ਹੌਲੀ ਗੱਲਾਂ ਕਰ ਰਹੇ ਸਨ।

'ਹੈੱਡਮਾਸਟਰ ਐਸ਼ਲੇ’ ਨੇ ਸਾਰੀ ਸਥਿਤੀ ਨੂੰ ਸਮਝਦਿਆਂ, ਮੇਰੇ ਵਲੋਂ ਕਲਾਸ ਛੱਡਕੇ ਜਾਣ ਦੇ ਨਤੀਜੇ ਵਜੋਂ, ਦੋ ਫੈਸਲੇ ਤੁਰੰਤ ਹੀ ਲਏ। ਇੱਕ ਇਹ ਕਿ ਮੇਰੀ ਕਲਾਸ ਦੇ ਖਰੂਦੀ ਸੱਤਾਂ ਬੱਚਿਆਂ ਦੇ ਗਰੁੱਪ ਨੂੰ ਡਿਪਟੀ ਹੈੱਡ ਨੂੰ ਦਿੱਤਾ ਜਾਵੇ ਅਤੇ ਉਸਦੇ ਬਦਲ ਵਿੱਚ ਮੈਂਨੂੰ ਉਸਦਾ ਗਰੁੱਪ ਦਿੱਤਾ ਜਾਵੇ। ਦੂਜਾ, ਮੇਰੇ ਇੰਝ ਕਲਾਸ ਛੱਡ ਕੇ ਜਾਣ ਦੀ ਸਜ਼ਾ ਵਜੋਂ ਮੇਰੀ ਨੌਕਰੀ ਲਈ ਇੱਕ ਵਰ੍ਹੇ ਦੇ ਲਾਜ਼ਮੀ ਪਰੋਬੇਸ਼ਨਰੀ ਪੀਰੀਅਡ ਦਾ ਸਮਾਂ ਇੱਕ ਸਾਲ ਦੀ ਥਾਂ ਤਿੰਨ ਮਹੀਨੇ ਹੋਰ ਵਧਾ ਕੇ ਪੰਦਰਾਂ ਮਹੀਨੇ ਕਰ ਦਿੱਤਾ ਜਾਵੇ। ਨਤੀਜੇ ਵਜੋਂ ਮੇਰੇ ਅਧਿਆਪਨ ਦਾ ਕਾਰਜ ਤਾਂ ਕੁਝ ਸੁਖਾਲਾ ਜ਼ਰੂਰ ਹੋਇਆ ਪਰ ਡਿਪਟੀ ਹੈੱਡ ਨੂੰ ਉਹਨਾਂ ਸੱਤਾਂ ਐਫਰੋ ਕੈਰੇਬੀਅਨ ਬੱਚਿਆਂ ਨੇ ਕਲਾਸ-ਰੂਮ ਵਿੱਚ ਤਾਂ ਹੱਦ ਨਾਲੋਂ ਵੱਧ ਸਤਾਇਆ ਹੀ ਪਰ ਇੱਕ ਦਫਾ ਤਾਂ ਸਭ ਹੱਦਾਂ-ਬੰਨੇ ਟੱਪਕੇ ਉਸਦੀ ਕਾਰ ਦੇ ਟਾਇਰ ਤੱਕ ਕੱਟ-ਵੱਢ ਦਿੱਤੇ। ਮਾਪਿਆਂ ਨੂੰ ਸੱਦਿਆ ਗਿਆ ਅਤੇ ਇਹਨਾਂ ਬੱਚਿਆਂ ਦੇ ਸਕੂਲ ਆਉਣ ਤੇ ਕੁਝ ਸਮੇਂ ਲਈ ਰੋਕ ਵੀ ਲਗਾਈ ਗਈ। ਮਨੋਵਿਗਿਆਨੀਆਂ ਦੀ ਸਹਾਇਤਾ ਵੀ ਲਈ ਗਈ। ਸਕੂਲ ਦੇ ਪਰਬੰਧਕਾਂ ਨੂੰ ਸਮਝ ਪੈ ਗਈ ਕਿ ਇਹ ਸੱਤੇ ਬੱਚੇ ਨਾ ਕੇਵਲ ਮੇਰੇ ਵਰਗੇ ਨਵੇਂ ਅਧਿਆਪਕ ਦੇ ਵੱਸ ਦੇ ਹੀ ਨਹੀਂ ਸਨ ਸਗੋਂ 35 ਵਰ੍ਹਿਆਂ ਦੀ ਤਜ਼ਰਬੇਕਾਰ ਡਿਪਟੀ ਹੈੱਡ ਲਈ ਵੀ ਚੁਣੌਤੀ ਭਰੇ ਸਨ।

? ਇੰਨੇ ਲੰਬੇ ਸਮੇਂ ਤੋਂ ਬਰਤਾਨੀਆਂ ਵਿੱਚ ਰਹਿੰਦਿਆਂ ਪੜ੍ਹਦਿਆਂ ਪੜ੍ਹਾਉਂਦਿਆਂ ਅੰਗਰੇਜ਼ੀ ਉੱਤੇ ਅਬੂਰ ਤਾਂ ਹੋ ਗਿਆ ਹੋਵੇਗਾ?

: ਹਾਂ, ਬਰਤਾਨੀਆਂ ਵਿੱਚ ਰਹਿੰਦਿਆਂ ਹੁਣ ਤਾਂ ਉਮਰ ਦਾ ਇੱਕ ਬਹੁਤ ਲੰਬਾ ਸਮਾਂ ਗੁਜ਼ਰ ਗਿਆ ਹੈ। ਨਿਸਚੈ ਹੀ, ਪੜ੍ਹਦਿਆਂ ਪੜ੍ਹਾਉਂਦਿਆਂ ਅਤੇ ਵੱਖ ਵੱਖ ਹੋਰ ਲੋੜੀਂਦੇ ‘ਕੋਰਸਜ਼’ ਕਰਦਿਆਂ ਜਿੰਨਾ ਵੀ ਸੰਭਵ ਹੋ ਸਕਿਆ, ਅੰਗਰੇਜ਼ੀ ਭਾਸ਼ਾ ਦਾ ਗਿਆਨ ਪਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੱਥੋਂ ਤੱਕ ਕਿਸੇ ਵੀ ਭਾਸ਼ਾ - ਮਾਤ ਭਾਸ਼ਾ ਹੋਵੇ ਜਾਂ ਕੋਈ ਹੋਰ ਦੂਜੀ ਭਾਸ਼ਾ - ਉੱਤੇ ਆਬੂਰ ਹਾਸਲ ਕਰਨ ਦੀ ਗੱਲ ਹੈ ਇਹ ਤਾਂ ਸ਼ਾਇਦ ਸੰਪੂਰਨ ਰੂਪ ਵਿੱਚ ਕਦੇ ਵੀ ਸੰਭਵ ਨਹੀਂ ਹੁੰਦਾ ਅਤੇ ਕੁਝ ਨਾ ਕੁਝ ਘਾਟ ਰਹਿ ਜਾਣ ਜਾਂ ਹੋਰ ਸਿੱਖਣ ਦੀ ਗੁੰਜਾਇਸ਼ ਸਦਾ ਹੀ ਬਣੀ ਰਹਿੰਦੀ ਹੈ।

? ਤੁਸੀਂ ਬਹੁ-ਪੱਖੀ ਲੇਖਕ ਹੋ। ਕਵਿਤਾ, ਕਹਾਣੀ, ਨਿਬੰਧ ਅਤੇ ਆਲੋਚਨਾ ਵੀ ਲਿਖੀ ਇਹ ਸਭ ਕੁਝ ਕਿਵੇਂ ਸੰਭਵ ਹੋਇਆ ਜਦੋਂ ਕਿ ਪ੍ਰਦੇਸ ਵਿੱਚ ਤਾਂ ਬੰਦਾ ਰੋਟੀ ਰੋਜ਼ੀ ਲਈ ਦਿਨ ਰਾਤ ਭੱਜਾ ਫਿਰਦਾ ਹੈ। ਇਹੋ ਜਿਹੀ ਕੋਮਲ ਕਲਾ ਤਾਂ ਇਸ ਨੱਸ-ਭੱਜ ਵਿੱਚ ਹੀ ਕਰੰਡੀ ਜਾਂਦੀ ਹੈ?

: ਢਾਅ ਸਾਹਿਬ! ਤੁਸੀਂ ਠੀਕ ਕਹਿੰਦੇ ਹੋ। ਦੇਸ ਹੋਵੇ ਜਾਂ ਪ੍ਰਦੇਸ, ਸਭ ਥਾਂ ਮਨੁੱਖ ਦਾ ਮੁੱਢਲਾ ਮਸਲਾ ਹੈ ‘ਰੋਟੀ-ਰੋਜ਼ੀ’ ਅਤੇ ਇਸਦੀ ਪ੍ਰਾਪਤੀ ਲਈ ਜੱਦੋਜਹਿਦ। ‘ਰੋਟੀ-ਰੋਜ਼ੀ’ ਲਈ ਜੱਦੋਜਹਿਦ ਤਾਂ ਦੇਸ ਹੋਵੇ ਜਾਂ ਪ੍ਰਦੇਸ, ਸਭ ਨੂੰ ਕਰਨੀ ਹੀ ਪੈਂਦੀ ਹੈ ਪਰ ਬਰਤਾਨੀਆਂ ਵਿੱਚ ਲੋੜ ਨਾਲੋਂ ਕੁਝ ਵੱਧ ਹੀ ਕਰਨੀ ਪੈਂਦੀ ਹੈ। ਇਸ ਜੱਦੋਜਹਿਦ ਕਰਨ ਅਤੇ ਨੱਸ-ਭੱਜ ਦਾ ਅਸਰ ਵੀ ਹਰ ਮਨ ਤੇ ਪੈਂਦਾ ਹੈ। ਉਂਝ ਕੋਮਲ ਕਲਾ ਲਈ ਵੀ ਸਮਾਂ ਅਤੇ ਜੱਦੋਜਹਿਦ ਲੋੜੀਂਦੀ ਹੈ। ਪਰ ਇਸ ਸਭ ਦੀ ਪੂਰਤੀ ਲਈ ‘ਤੁਸੀਂ ਕਿੱਥੇ ਹੋ?’ ਇਹ ਬਹੁਤ ਮਾਅਨੇ ਰੱਖਦਾ ਹੈ। ਗੱਲ ਸਪੱਸ਼ਟ ਕਰਨ ਲਈ ਕੁਝ ਹੋਰ ਕਹਿਣਾ ਚਾਹੁੰਦਾ ਹਾਂ।

ਆਪਣੇ ਆਲ਼ੇ ਦੁਆਲ਼ੇ ਜਾਂ ਮਾਹੌਲ ਨਾਲ ਜੁੜੇ ਰਹਿਣ ਕਾਰਨ ਕੋਈ ਵੀ ਲੇਖਕ, ਬਹੁ-ਪੱਖੀ ਜਾਂ ਇਕਲੌਤੀ ਵਿਧਾ ਦਾ ਲੇਖਕ ਅਸਾਨੀ ਨਾਲ ਲਿਖ ਸਕਦਾ ਹੈ। ਪਰ ਮੈਂ ਤਾਂ ਪਹਿਲਾਂ 1953 ਵਿੱਚ ਆਸਾਮ ਤੋਂ ਟੁੱਟਿਆ ਅਤੇ ਫਿਰ 1963 ਵਿੱਚ ਪੰਜਾਬ ਤੋਂ ਟੁੱਟ ਕੇ ਵਲਾਇਤ ਆ ਗਿਆ। ਮੇਰੇ ਮਨੋਬਲ ਉੱਤੇ ਇਸਦਾ ਪ੍ਰਭਾਵ ਜ਼ਰੂਰ ਪਿਆ। ਇੱਥੇ ਸ਼ਾਇਦ ਰੂਸੀ ਨਾਵਲਸਿਟ, ਡਾ. ਜਿਵਾਗੋ ਦੇ ਲੇਖਕ ‘ਪਾਸਟਰਨਕ’ ਦਾ ਹਵਾਲਾ ਦੇਣਾ ਕੁਥਾਂਹ ਨਾ ਹੋਵੇ। ‘ਡਾ. ਜਿਵਾਗੋ’ ਲਿਖਣ ਦੇ ਅਪਰਾਧ ਵਿੱਚ ਪਾਸਟਰਨਕ ਨੂੰ ਰੂਸ ਤੋਂ ਨਿਕਲਣ ਲਈ ਮਜਬੂਰ ਹੋਣਾ ਪਿਆ। ਹਿੰਦੀ ਦੇ ਸੁ-ਪ੍ਰਸਿੱਧ ਲੇਖਕ ਸ੍ਰੀ ਪਦਮ ਕਾਂਤ ਤ੍ਰਿਪਾਠੀ ਨੇ ਪਾਸਟਰਨਕ ਨਾਲ ਕੀਤੀ ਆਪਣੀ ਇੱਕ ਇੰਟਰਵੀਊ ਵਿਚ ਕੁਝ ਅਜਿਹਾ ਕਿਹਾ ਸੀ ਕਿ ਜਦੋਂ ਕਿਸੇ ਲੇਖਕ ਦੀ ਸਾਹਿਤਕ ਹੱਤਿਆ ਕਰਨੀ ਹੋਵੇ ਤਾਂ ਉਸ ਨੂੰ ਉਸ ਦੇ ਕੁਦਰਤੀ ਅਤੇ ਜਨਮ-ਜਾਤਿ ਪਰਿਵੇਸ਼ ਭਾਵ ਮਾਹੌਲ ਤੋਂ ਉਖਾੜ ਸੁੱਟਣਾ ਚਾਹੀਦਾ ਹੈ। ਅਜਿਹਾ ਕਰਨ ਤੇ ਲੇਖਕ, ਸਰੀਰਕ ਮੌਤ ਆਉਣ ਤੋਂ ਪਹਿਲਾਂ ਹੀ ਮਰ ਜਾਵੇਗਾ। ਉਹ ਕਦੇ ਮੁੜ ਕੇ ਪਹਿਲਾਂ ਵਾਲੀ ਸਰਲਤਾ ਅਤੇ ਆਸਾਨੀ ਨਾਲ ਲਿਖ ਨਹੀਂ ਸਕੇਗਾ।

ਪਾਸਟਰਨਕ ਨਾਲ ਇਹੀ ਹੋਇਆ। ਉਹ ਮੁੜ ਲਿਖ ਹੀ ਨਾ ਸਕਿਆ। ਨਿਸਚੈ ਹੀ ਅਪਵਾਦ ਹੋ ਸਕਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਆਪਣੇ ਆਲੇ ਦੁਆਲੇ ਨਾਲੋਂ ਵਾਰ ਵਾਰ ਉੱਖੜਨ ਮਗਰੋਂ ਗਵਾਚੀ ਪਹੁੰਚ ਨੂੰ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਰੋਟੀ-ਰੋਜ਼ੀ ਲਈ ਜੱਦੋਜਹਿਦ ਕਰਦਿਆਂ, ਬਸ ਕਿਸੇ ਨਾ ਕਿਸੇ ਤਰ੍ਹਾਂ ਪ੍ਰਾਪਤ ਹੁੰਦੇ ਸਮੇਂ ਅਨੁਸਾਰ ਕੋਸ਼ਿਸ਼ ਕਰਦਾ ਰਿਹਾ ਹਾਂ ਅਤੇ ਵਿੱਤ ਅਨੁਸਾਰ ਸਾਹਿਤ ਦੀ ਹਰ ਵਿਧਾ ਤੇ ਸਫ਼ਲ-ਅਸਫਲ ਹੱਥ ਅਜ਼ਮਾਉਂਦਾ ਰਿਹਾ ਹਾਂ।

? ਤੁਸੀਂ ਹੁਣ ਤੱਕ ਕੀ ਕੁਝ ਲਿਖਿਆ? ਤੁਸੀਂ ਅੰਗਰੇਜ਼ੀ ਦੇ ਵੀ ਮਾਹਰ ਹੋ। ਕੀ ਤੁਸੀਂ ਇਹ ਨਹੀਂ ਸੋਚਿਆ ਕਿ ਜੇਕਰ ਅੰਗਰੇਜ਼ੀ ਵਿੱਚ ਲਿਖਦੇ ਤਾਂ ਸ਼ਾਇਦ ਨਾਂ ਵੀ ਛੇਤੀ ਪਾਠਕਾਂ ਤੱਕ ਪਹੁੰਚਦਾ ਅਤੇ ਤੁਹਾਡੀਆਂ ਲਿਖਤਾਂ ਦਾ ਮੁੱਲ ਵੀ ਵੱਧ ਪੈਂਦਾ?

: ਮੇਰੀ ਪਹਿਲੀ ਰਚਨਾ, ਕਵਿਤਾ ਦੀ ਛੋਟੀ ਜਿਹੀ ਪੁਸਤਕ ਸੀ ‘ਅੱਗ’ ਜੋ 1961 ਵਿੱਚ ਛਪੀ। ਫਿਰ 1984 ਵਿੱਚ ਕਹਾਣੀ ਸੰਗ੍ਰਹਿ ਮੋਏ ਪੱਤਰ; ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਿਹ 1990); ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ-1990); ਗੁਆਚੇ ਪਲਾਂ ਦੀ ਤਲਾਸ਼ (ਨਿਬੰਧ 1992); ਅੱਖੀਆਂ ਕੂੜ ਮਾਰਦੀਆਂ (ਜਨਾਬ ਮਕਸੂਦ ਇਲਾਹੀ ਸ਼ੇਖ ਦੀਆਂ ਉਰਦੂ ਕਹਾਣੀਆਂ ਦਾ ਅਨੁਵਾਦ - 1995); ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ -1996) ਅਤੇ ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ -1999)। ਪੁਸਤਕਾਂ ਤੋਂ ਬਿਨਾਂ ਹੁਣ ਤੱਕ 200 ਦੇ ਲਗਪਗ ਪੱਤਰਕਾਰੀ ਪੱਧਰ ਦੇ ਲੇਖ ਅਤੇ ਹੋਰ ਬੋਲੀਆਂ ਦੀਆਂ ਲਿਖਤਾਂ/ਕਹਾਣੀਆਂ ਦੇ ਅਨੁਵਾਦ ਵੀ ਛਪ ਚੁੱਕੇ ਹਨ।

ਇਹ ਦਰੁਸਤ ਹੈ ਕਿ ਪੰਜਾਬੀ ਤੋਂ ਬਿਨਾਂ ਅੰਗਰੇਜ਼ੀ ਆਦਿ ਦੂਜੀਆਂ ਬੋਲੀਆਂ ਵਿੱਚ ਲਿਖਣ ਨਾਲ ਨਾਂ ਵੀ ਛੇਤੀ ਬਣਦਾ ਹੈ ਅਤੇ ਮੁੱਲ ਵੀ ਪੈਂਦਾ ਹੈ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ‘ਲਿਖਣ’ ਲਈ ਜ਼ਰੂਰੀ ਹੈ ਕਿ ਲੇਖਕ ਆਪਣੀ ਲਿਖਤ ਲਈ ਚੁਣੀ ਬੋਲੀ ਵਿੱਚ ਸੰਪੂਰਨਤਾ ਨਾਲ ਮਾਹਰ ਹੋਵੇ। ਕੇਵਲ ਜਾਣਕਾਰ ਹੋਣ ਨਾਲ ਕੰਮ ਨਹੀਂ ਚੱਲਦਾ। ਦੂਜੀ ਗੱਲ, ਜੇਕਰ ਤੁਸੀਂ ਅੰਗਰੇਜ਼ੀ ਵਿੱਚ ਲਿਖਣਾ ਲੋਚਦੇ ਹੋ ਤਾਂ ਤੁਹਾਨੂੰ ਆਪਣੇ ਪਾਤਰਾਂ ਦੀ ਪਿੱਠ-ਭੂਮੀ ਬਾਰੇ ਅਤੇ ਉਸ ਸਮਾਜ ਦੀਆਂ ਸਭਿਆਚਾਰਕ ਅਤੇ ਰਹਿਣ-ਸਹਿਣ ਦੀਆਂ ਸਾਰੀਆਂ ਹੀ ਬਾਰੀਕੀਆਂ ਅਤੇ ਰੀਤੀ ਰਿਵਾਜਾਂ ਨੂੰ ਸਮਝ ਕੇ ਹੀ ਲਿਖਣਾ ਪਵੇਗਾ। ਤੀਜੀ ਗੱਲ, ਬਰਤਾਨੀਆਂ ਰਹਿੰਦਿਆਂ ਇਹ ਵੀ ਸੋਚਣਾ ਪਵੇਗਾ ਕਿ ਤੁਹਾਡੀਆਂ ਲਿਖਤਾਂ ਨੂੰ ਕਿਸ ਨੇ ਪੜ੍ਹਨਾ ਹੈ: ਅੰਗਰੇਜ਼ਾਂ ਨੇ ਜਾਂ ਤੁਹਾਡੇ ਆਪਣੇ ਭਾਈਚਾਰੇ ਨੇ। ਜੇਕਰ ਅੰਗਰੇਜ਼ਾਂ ਨੇ ਤਾਂ ਅੰਗਰੇਜ਼ਾਂ ਦੇ ਸਭਿਆਚਾਰ, ਰੀਤੀਆਂ, ਰਵਾਇਤਾਂ ਆਦਿ ਨੂੰ ਵੀ ਪੂਰੀ ਤਰ੍ਹਾਂ ਸਮਝਣ ਲਈ ਉਹਨਾਂ ਨਾਲ ਇਕਮਿਕ ਹੋਣਾ ਪਵੇਗਾ। ਉਹਨਾਂ ਦੇ ਮਾਹੌਲ ਵਿੱਚ ਪੂਰੀ ਤਰ੍ਹਾਂ ਖੁੱਭਣਾ ਪਵੇਗਾ। ਪਹਿਲੇ ਜਾਂ ਦੂਜੇ ਪੂਰ ਦੇ ਆਵਾਸੀ/ਪਰਵਾਸੀ ਹਾਲਾਂ ਤੱਕ ਇੱਥੋਂ ਦੇ ਜੱਦੀ ਜਨ-ਸੰਮੂਹ ਨਾਲ ਸਾਧਾਰਨ ਕੰਮ-ਕਾਜੀ ਮੇਲ-ਜੋਲ ਜਾਂ ਗਵਾਂਢੀ ਹੋਣ ਕਾਰਨ ਦੁਆ-ਸਲਾਮ ਤੋਂ ਵੱਧ ਇਕਮਿਕ ਨਹੀਂ ਹੋ ਸਕੇ। ਪਹਿਲੇ ਪੂਰ ਦਾ ਹੋਣ ਕਾਰਨ ਮੈਂ ਵੀ ਨਹੀਂ ਹੋ ਸਕਿਆ। ਇਸ ਕਾਰਣ ਹਾਲਾਂ ਤੱਕ ਸਿੱਧਾ ਅੰਗਰੇਜ਼ੀ ਨੂੰ ਮੈਂ ਆਪਣੀ ਲਿਖਤ ਲਈ ਨਹੀਂ ਚੁਣ ਸਕਿਆ।

ਪਰ ਹਾਂ, ਮੇਰੀਆਂ ਰਚਨਾਵਾਂ ਦੇ ਅਨੁਵਾਦ ਦੂਜੀਆਂ ਭਾਸ਼ਾਵਾਂ ਵਿੱਚ ਹੋਏ ਹਨ। ਮੇਰੀ ਇੱਕ ਕਹਾਣੀ ਨੂੰ ‘ਈਸਟ ਮਿਡਲੈਂਡਜ਼ ਆਰਟ ਕੌਂਸਲ’ ਵਲੋਂ 100 ਪੌਂਡ ਦਾ ਇਨਾਮ ਵੀ ਮਿਲਿਆ। ਨੌਟਿੰਘਮ ਰੇਡੀਓ ਤੋਂ ਨਸ਼ਰ ਵੀ ਕੀਤੀ ਗਈ। ਮੇਰੀਆਂ ਰਚਨਾਵਾਂ ‘ਹਿੰਦੀ ਪ੍ਰਕਾਸ਼ਨ’ ਮੁਕਤਾ, ਸਰਿਤਾ ਆਦਿ ਕਈ ਹੋਰ ਪਰਚਿਆਂ ਵਿੱਚ ਛਪੀਆਂ ਤੇ ਛਪਦੀਆਂ ਰਹਿੰਦੀਆਂ ਹਨ।

? ਆਓ ਕੁਝ ਗੱਲਾਂ ਤੁਹਾਡੀ ਲਿਖਣ ਕਲਾ ਬਾਰੇ ਵੀ ਕਰੀਏ। ਤੁਹਾਡਾ ਇੱਕ ਕਹਾਣੀ ਸੰਗ੍ਰਹਿ ‘ਮੋਏ ਪੱਤਰ’ ਬਹੁਤ ਹੀ ਮਕਬੂਲ ਹੋਇਆ। ਇਸ ਵਿਚਲੀਆਂ ਕਹਾਣੀਆਂ ਵੀ ਯਥਾਰਥਕ ਨੂੰ ਬਿਆਨ ਕਰਦੀਆਂ ਹਨ। ਬਹੁਤੀਆਂ ਨਸਲਵਾਦੀ ਸਮਾਜ ਵਿੱਚ ਪ੍ਰਵਾਸੀ ਜੀਵਨ ਦੇ ਦੁਖਾਂਤ ਦੀ ਦਾਸਤਾਨ ਹਨ। ਇਹ ਕਹਾਣੀ ਸੰਗ੍ਰਹਿ ਕਦੋਂ ਤੇ ਕਿਵੇਂ ਹੋਂਦ ਵਿੱਚ ਆਇਆ, ਇਹਦੇ ਬਾਰੇ ਕੁਝ ਦੱਸੋ?

: ਭਾਰਤ ਰਹਿੰਦਿਆਂ 1961 ਵਿੱਚ ਇੱਕ ਕਾਵਿ ਪੁਸਤਕ ‘ਅੱਗ’ ਛਪਣ ਉਪਰੰਤ ਲਗਪਗ 23 ਵਰ੍ਹੇ ਬਾਅਦ ਬਰਤਾਨੀਆਂ ਆਉਣ ਮਗਰੋਂ ਮਈ 1984 ਵਿੱਚ ‘ਮੋਏ ਪੱਤਰ’ ਕਹਾਣੀ ਸੰਗ੍ਰਹਿ ਛਪਿਆ। ਇਸ ਵਿੱਚ ਕੁੱਲ 17 ਕਹਾਣੀਆਂ ਹਨ। ਇਸ ਵਿੱਚ ਸ਼ਾਮਲ ਨੌਂ ਕਹਾਣੀਆਂ ਭਾਰਤ ਰਹਿੰਦਿਆਂ ਲਿਖੀਆਂ ਹੋਈਆਂ ਹਨ ਅਤੇ ਬਾਕੀ ਅੱਠ ਇੱਥੇ ਬਰਤਾਨੀਆਂ ਰਹਿੰਦਿਆਂ। ‘ਤੁਸੀਂ ਨਾਰਾਜ਼ ਨਾ ਹੋਣਾ’ ਕਹਾਣੀ ਅਤੇ ਦੋ-ਤਿੰਨ ਹੋਰ ਕਹਾਣੀਆਂ ਤੋਂ ਬਿਨਾਂ ਇਸ ਸੰਗ੍ਰਹਿ ਵਿੱਚ ਸ਼ਾਮਲ ਸਾਰੀਆਂ ਕਹਾਣੀਆਂ ਦਾ ਆਧਾਰ ਯਥਾਰਥਕ ਹੈ। ਬਹੁਤ ਹੀ ਸੰਖੇਪ ਵਿੱਚ ਕਹਿ ਸਕਦਾ ਹਾਂ ਕਿ ਭਾਰਤ ਰਹਿੰਦਿਆਂ ਲਿਖੀਆਂ ਕਹਾਣੀਆਂ ਭਾਰਤ ਅੰਦਰ ਵਾਪਰ ਰਹੇ ਸਮਾਜਕ ਦੁਖਾਂਤ ਨੂੰ ਪ੍ਰਗਟਾਉਂਦੀਆਂ ਹਨ ਜਦ ਕਿ ਬਰਤਾਨੀਆਂ ਰਹਿੰਦਿਆਂ ਲਿਖੀਆਂ ਕਹਾਣੀਆਂ ਪਰਵਾਸੀ ਜ਼ਿੰਦਗੀ ਦੀ ਅਕਾਸੀ ਕਰਦੀਆਂ, ਜੀਵਨ ਦੇ ਦੁਖਾਂਤ, ਪੀੜ੍ਹੀ ਪਾੜੇ ਅਤੇ ਨਸਲਵਾਦ ਨੂੰ ਛੋਹੰਦੀਆਂ ਹਨ। ਦੇਸ, ਕਾਲ ਜਾਂ ਵਾਦਾਂ ਦੇ ਚੱਕਰ ਵਿਚ ਨਾ ਪੈਂਦਿਆਂ ਮੇਰੀਆਂ ਲਿਖਤਾਂ ਦਾ ਮਕਸਦ ਆਵਾਸੀਆਂ ਦੇ ਜੀਵਨ ਨੂੰ ਚੰਗਾ ਬਣਾਉਣ ਲਈ ਉਹਨਾਂ ਦੇ ਦਿਲ-ਦਿਮਾਗ ਨੂੰ ਠਕੋਰਨਾ ਹੈ। ਸਮਾਜ ਨੂੰ ਚੰਗਾ ਬਣਾਉਣ ਦੀ ਲਾਲਸਾ ਕਰਦਿਆਂ, ਬਿਨਾਂ ਕਿਸੇ ਪ੍ਰਾਪੇਗੰਡੇ ਦੇ, ਉੱਚੀਆਂ ਕਦਰਾਂ ਕੀਮਤਾਂ ਵਲ ਸੁਭਾਇਕੇ ਝਾਤ ਪੁਆਉਣਾ ਹੈ। ਇਸ ਕਹਾਣੀ ਸੰਗ੍ਰਹਿ ਦੀ ਟਾਈਪ ਸੈਟਿੰਗ ਤੇ ਪ੍ਰਕਾਸ਼ਨਾ ਇੱਥੇ ਬਰਮਿੰਘਮ (ਬਰਤਾਨੀਆਂ) ਵਿੱਚ ਹੀ ਹੋਈ।

? ਇਸੇ ਕਹਾਣੀ ਸੰਗ੍ਰਹਿ ‘ਮੋਏ ਪੱਤਰ’ ਦੀ ਇੱਕ ਕਹਾਣੀ ‘ਮਸਲਾ’ ਪੜ੍ਹੀ ਸੀ। ਇਹਦੀ ਪਾਤਰ ਲੜਕੀ ਜੋ ਕੁਰਬਾਨੀ ਕਰਦੀ ਹੈ, ਇਹ ਅੱਜ ਦੇ ਮਨੁੱਖੀ ਸਮਾਜ ਵਿੱਚ ਸੰਭਵ ਨਹੀਂ ਜਾਪਦੀ। ਇਹ ਇੱਕ ਨਵੇਕਲੀ ਕਿਸਮ ਦੀ ਕਹਾਣੀ ਹੈ। ਕੀ ਇਹ ਕਿਸੇ ਸੱਚੀ ਘਟਨਾ ਦਾ ਅਨੁਭਵ ਚਿਤਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕਲਪਨਾ?

: ਢਾਅ ਜੀ! ‘ਮਸਲਾ’ ਕਹਾਣੀ ਸਬੰਧੀ ਤੁਸੀਂ ਬਹੁਤ ਹੀ ਯੋਗ ਸਵਾਲ ਉਠਾਇਆ ਹੈ। ਲੇਖਕ ਨੂੰ ਲਿਖਣ ਸਬੰਧੀ ਬਹੁਤਾ ਮਸਾਲਾ ਤਾਂ ਆਪਣੇ ਨਿੱਜੀ ਜਾਂ ਮਨੁੱਖੀ ਸਮਾਜ ਵਿੱਚੋਂ ਹੀ ਮਿਲਦਾ ਹੈ ਤੇ ਲੈਣਾ ਪੈਂਦਾ ਹੈ। ਸਮਾਜ ਤੋਂ ਬਾਹਰ ਰਹਿ ਕੇ ਜਾਂ ਸਮਾਜ ਨੂੰ ਅਣਗੌਲਿਆ ਕਰਕੇ ਲੇਖਕ ਕੀ ਲਿਖੇਗਾ? ਇਸ ਕਹਾਣੀ ਦਾ ਆਧਾਰ ਸੱਚਾ ਹੈ ਪਰ ਤੁਹਾਨੂੰ ਪਤਾ ਹੈ, ਸਾਹਿਤ ਵਿੱਚ ਪੂਰੇ ਸੱਚ ਨੂੰ ਹੂ-ਬ-ਹੂ ਨਹੀਂ ਬਿਆਨਿਆ ਜਾਂਦਾ। ਸਾਹਿਤ ਅਸਲੀਅਤ ਦੀ ਫੋਟੋਗਰਾਫੀ ਜਾਂ ਰੀਪੋਰਟਿੰਗ ਨਹੀਂ ਹੁੰਦੀ, ਸਿਰਫ਼ ਅਸਲੀਅਤ ਦਾ, ਸਿਰਜਣਾ ਦੀ ਲੋੜ ਅਨੁਸਾਰ ਵਧਾਇਆ, ਸੋਧਿਆ, ਤਰਾਸ਼ਿਆ, ਸ਼ਿੰਗਾਰਿਆ ਅਤੇ ਸੰਵਾਰਿਆ ਹੋਇਆ ਪ੍ਰਤੀਕਾਤਮਕ ਪਸਾਰ ਹੁੰਦਾ ਹੈ। ਇਸ ਕਾਰਣ, ਸੱਚੀ ਘਟਨਾ ਦੇ ਅਨੁਭਵ ਨੂੰ ‘ਮਸਲਾ’ ਕਹਾਣੀ ਦਾ ਰੂਪ ਬਣਾਉਣ ਲਈ, ਪਾਠਕ ਦੇ ਸੁਹਜ-ਸਵਾਦ ਦੀ ਤ੍ਰਿਪਤੀ ਕਰਨ ਹਿੱਤ ਅਤੇ ਪਾਠਕਾਂ ਤੱਕ ਇੱਕ ਗੁੱਝਾ ਸੁਨੇਹਾ ਪਹੁੰਚਾਉਣ ਲਈ, ਇਸ ਕਹਾਣੀ ਵਿੱਚ ਲੋੜੀਂਦੀ ‘ਕਲਪਨਾ’ ਦੀ ਪੁੱਠ ਵੀ ਹੈ।

? ਇਸੇ ਤਰ੍ਹਾਂ ਦੋ ਹੋਰ ਕਹਾਣੀਆਂ ਹਨ, ‘ਛਿੰਦੋ ਆਜ਼ਾਦ ਹੋ ਗਈ’ ਅਤੇ ‘ਵਿਸਕੀ ਉੱਤਰ ਗਈ’ ਅਤੇ ਇੱਕ ਕਹਾਣੀ ਹੈ ‘ਇੰਤਜ਼ਾਰ'। ਇਨ੍ਹਾਂ ਅਤੇ ਇਨ੍ਹਾਂ ਵਰਗੀਆਂ ਕਹਾਣੀਆਂ ਦੀ ਸਿਰਜਣਾ ਬਾਰੇ ਕੁਝ ਦੱਸੋ?

: ਇਹਨਾਂ ਤਿੰਨਾਂ ਹੀ ਕਹਾਣੀਆਂ ਜਾਂ ਅਜਿਹੀਆਂ ਹੋਰ ਕਹਾਣੀਆਂ ਦੀ ਸਿਰਜਣਾ ਬਾਰੇ ਤੁਸੀਂ ਪੁੱਛਿਆ ਹੈ। ਇਸ ਸੰਬੰਧੀ ਜਵਾਬ ਦੇਣ ਲਈ ਮੈਂ ਪਹਿਲਾਂ ਦਿੱਤੇ ਜਵਾਬ ਨੂੰ ਹੀ ਕੁਝ ਹੋਰ ਵਿਸਥਾਰ ਵਿੱਚ ਕਹਿਣਾ ਤੇ ਵਿਚਾਰਨਾ ਚਾਹਾਂਗਾ। ਸੁਆਲ ਇਹ ਵੀ ਹੈ ਕਿ ਕੋਈ ਵੀ ਲੇਖਕ ‘ਲਿਖਦਾ ਕਿਉਂ ਹੈ?’ ਉਸਦੀ ਸਿਰਜਣਾ ਖੁਣੋਂ ਕੀ ਥੁੜਿਆ ਹੋਇਆ ਹੈ? ਸੰਖੇਪ ਵਿਚ ਜਵਾਬ ਵਿੱਚ ਆਖਾਂਗਾ ਕਿ ਲੇਖਕ/ਕਹਾਣੀਕਾਰ ਇਸ ਲਈ ਸਿਰਜਣਾ ਕਰਨ ਲਈ ਤਤਪਰ ਹੁੰਦਾ ਹੈ ਕਿ ਉਹ ਕੁਝ ਕਹਿਣਾ ਚਾਹੁੰਦਾ ਹੈ। ਉਹ ਕੀ ਕਹਿੰਦਾ ਹੈ ਅਤੇ ਕਿਵੇਂ ਕਹਿੰਦਾ ਹੈ ਅਤੇ ਕੀ ਅਤੇ ਕਿਸ ਤਰ੍ਹਾਂ ਦਾ ਪ੍ਰਭਾਵ ਆਪਣੇ ਪਾਠਕਾਂ ’ਤੇ ਛੱਡਦਾ ਹੈ, ਇਸਦਾ ਨਿਰਭਰ ਉਸਦੀ ਪਹੁੰਚ ਅਤੇ ਪ੍ਰਗਟਾਅ ਢੰਗ ਉੱਤੇ ਹੈ। ਪਹੁੰਚ ਅਤੇ ਪ੍ਰਗਟਾਅ ਢੰਗ ਹਰ ਲੇਖਕ ਦਾ ਵੱਖਰਾ ਹੁੰਦਾ ਹੈ। ਇਸ ਵਿੱਚ ਪੂਰੀ ਜਾਂ ਅਧੂਰੀ ਸਫ਼ਲਤਾ ਵੀ ਮਿਲ ਸਕਦੀ ਹੈ ਅਤੇ ਅਸਫ਼ਲਤਾ ਵੀ। ਪਰ ਮੁੱਖ ਰੂਪ ਵਿੱਚ ਇਹ ਜ਼ਰੂਰੀ ਹੈ ਕਿ ਇੱਕ ਲੇਖਕ, ਸਮੂਹ ਦੇ ਹਿਤਾਂ ਨੂੰ ਮੁੱਖ ਰੱਖਕੇ, ਆਪਣੇ, ਤੁਹਾਡੇ ਜਾਂ ਮਨੁੱਖੀ ਸਮਾਜ ਦੇ ਤਜ਼ਰਬਿਆਂ ਨੂੰ, ਆਪ-ਬੀਤੀਆਂ, ਜੱਗ-ਬੀਤੀਆਂ ਨੂੰ ਜਾਂ ਅੱਖੀਂ ਡਿੱਠੇ ਹਾਲ ਨੂੰ ਆਪਣੀ ਅਨੁਭੂਤੀ ਦੀ ਪਿੱਠ ਭੂਮੀ ਵਿੱਚੋਂ ਦੀ ਗੁਜ਼ਾਰਦਾ, ਸੱਚ ਦੇ ਰੂ-ਬ-ਰੂ ਕਰਦਿਆਂ ਆਪਣੇ ਪਾਠਕਾਂ ਨੂੰ ਸਰਦ ਕੰਬਣੀ ਜਾਂ ਹਲੂਣਾ ਦੇਂਦਿਆਂ ਕੁਝ ਗੁੱਝਾ ਜਿਹਾ ਸੁਨੇਹਾ ਦੇ ਜਾਵੇ। ਸ਼ਰਤ ਇਹ ਹੈ ਕਿ ਇਹ ਸੁਨੇਹਾ ਕਲਾਮਈ ਹੋਵੇ, ਪਰਚਾਰ ਨਾ ਹੋਵੇ।

ਹੁਣ ਆਵਾਂ ਤੁਹਾਡੀਆਂ ਪੁੱਛੀਆਂ ਕਹਾਣੀਆਂ ਸਬੰਧੀ। ਇਹ ਤਿੰਨੇ ਹੀ ਕਹਾਣੀਆਂ ਮੈਂ ਪਲਾਸਟੋ ਅਤੇ ਈਸਟਹੈੱਮ ਰਹਿੰਦਿਆਂ ਲਿਖੀਆਂ। ‘ਛਿੰਦੋ ਆਜ਼ਾਦ ਹੋ ਗਈ’ ਕਹਾਣੀ ਭਾਰਤ ਤੋਂ ਵਿਆਹ ਲਈ ਆਏ ਜਤਿੰਦਰ ਅਤੇ ਉਸਦੀ ਵਲਾਇਤ ਜੰਮੀ-ਪਲੀ ਪਤਨੀ ਸੁਰਿੰਦਰ (ਛਿੰਦੋ) ਦੀ ਹੈ। ਪਤੀ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਉਸਦੀ ਪਤਨੀ, ਉਸਦੀ ਗ਼ੈਰ-ਹਾਜ਼ਰੀ ਵਿੱਚ, ਸ਼ਰਾਬਾਂ ਪੀਂਦੀ ਹੈ, ਪਾਰਟੀਆਂ ਕਰਦੀ ਹੈ ਤਾਂ ਉਹ ਦੁਖੀ ਹੋ ਜਾਂਦਾ ਹੈ, ਪਾਣੀ ਪਾਣੀ ਹੋ ਜਾਂਦਾ ਹੈ। ਉਸਨੂੰ ਲੱਗਦਾ ਹੈ ਕਿ ਉਹ ਜਾਂ ਉਸ ਵਰਗੇ ਵਿਆਹ ਲਈ ਆਏ ਹੋਰ ਭਾਰਤੀ ਵੀ ਬਰਤਾਨੀਆਂ ਵਿੱਚ ਠੱਗੇ ਜਾ ਰਹੇ ਹਨ। ਅੰਤ ਉਹ ਅਜਿਹਾ ਦਿਨ ਵੇਖਣ ਨਾਲੋਂ ਜਲ਼ ਮਰਨ ਨੂੰ ਤਰਜੀਹ ਦਿੰਦਾ ਹੋਇਆ ਛਿੰਦੋ ਨੂੰ ਆਜ਼ਾਦ ਕਰ ਦਿੰਦਾ ਹੈ। ਇਹ ਘਟਨਾ ਅੱਧੀ ਸੱਚ ਤੇ ਅੱਧੀ ਕਲਪਿਤ ਹੈ। ਮੈਂ ਸਮਝਦਾ ਹਾਂ ਕਿ ਜਤਿੰਦਰ ਦਾ ਆਤਮ-ਦਾਹ ਕਰਵਾਉਣਾ ਨੈਤਿਕ ਨਹੀਂ ਪਰ ਜੋ ਹੋਇਆ, ਉਹ ਦਰਸਾਕੇ ਵਿਆਹ ਲਈ, ਭਾਰਤ ਤੋਂ ਆਉਣ ਵਾਲਿਆਂ ਨੂੰ ਗੁੱਝਾ ਸੰਕੇਤਕ ਸੁਨੇਹਾ ਦੇਣਾ ਇਸ ਕਹਾਣੀ ਦਾ ਮੰਤਵ ਹੈ। ਇਸ ਕਹਾਣੀ ਰਾਹੀਂ ਮੈਂ ਆਵਾਸ ਕਾਰਨ ਸਮਾਜਕ ਦੁਫੇੜ ਦੀ ਘਿਨਾਉਣੀ ਤਸਵੀਰ ਪੇਸ਼ ਕਰਨ ਵਿੱਚ ਪਤਾ ਨਹੀਂ ਸਫ਼ਲ ਹਾਂ ਜਾਂ ਨਹੀਂ।

ਇਸਦੇ ਉਲਟ ‘ਇੰਤਜ਼ਾਰ’ ਕਹਾਣੀ ਮਨੁੱਖੀ ਸਮਾਜ ਦੀ ‘ਤ੍ਰੈ-ਪਾਸੜ’ ਤਸਵੀਰ ਹੈ। ਉੱਤਮ ਪੁਰਖ ਵਿਚ ਲਿਖੀ ਇਸ ਕਹਾਣੀ ਨੇ ਮੈਂਨੂੰ ਬਹੁਤ ਸਮਾਂ ਵਿਚਲਿਤ ਕਰੀ ਰੱਖਿਆ। ਇਸ ਕਹਾਣੀ ਦੀ ਸਿਰਜਣਾ ਸਮੇਂ ਮੈਂ ਪਲਾਸਟੋ ਰਹਿੰਦਾ ਸਾਂ। ਇਸ ਕਹਾਣੀ ਦੇ ਮੁੱਖ ਪਾਤਰ ‘ਲੂਸੀ’ (ਕਲਪਿਤ ਅਤੇ ਛੋਟਾ ਨਾਂ) ਨੂੰ ਮੈਂ ਇੱਕ ਗੁਰਦੁਆਰੇ ਵਿੱਚ ਮਿਲ ਚੁੱਕਿਆ ਹਾਂ ਜਿਸ ਨੇ ਰੋ ਰੋ ਕੇ ਆਪਣੀ ਵਿਥਿਆ ਸੁਣਾਈ ਸੀ ਕਿ ਕਿਵੇਂ ਉਸਦੇ ਪਤੀ ਦੀ ਮੌਤ ਉਪਰੰਤ ਉਸ ਨੂੰ ਆਪਣੇ ਦੋ ਬੱਚਿਆਂ ਨਾਲ ਰਹਿਣ ਲਈ ਥਾਂ ਲੋੜੀਂਦੀ ਸੀ। ਫਿਰ ਪਤਾ ਲੱਗਿਆ ਕਿ ਕਿਸੇ ਚਰਚ ਦੀ ਦਖ਼ਲ-ਅੰਦਾਜ਼ੀ ਰਾਹੀਂ ਉਸਦੀ ਰਿਹਾਇਸ਼ ਦੀ ਸਮੱਸਿਆ ਦਾ ਹੱਲ ਹੋ ਗਿਆ। ‘ਲੂਸੀ’ ਦੀ ਦੂਜੀ ਸਮੱਸਿਆ ਸੀ, ਕੋਈ ਵਿਆਹ ਲਈ ਲੋੜਵੰਦ ਸਾਥੀ ਲੱਭਣਾ ਕਿਉਂਕਿ ਦੋ ਬੱਚਿਆਂ ਦੀ ਵਿਧਵਾ ਮਾਂ ਨਾਲ ਕੋਈ ਆਵਾਸੀ ਏਸ਼ੀਆਈ ਵਿਆਹ ਲਈ ਤਿਆਰ ਨਹੀਂ ਸੀ ਹੋ ਰਿਹਾ। ਇਸ ਲਈ ਲੂਸੀ ‘ਡੇਟਿੰਗ ਏਜੰਸੀ ਰਾਹੀਂ’ ਇਹ ਅੰਤਮ ਹੱਲ ਲੱਭਣ ਵਿੱਚ ਸਫ਼ਲ ਹੋਈ। ਪਰ ਇਸ ਸਫ਼ਲਤਾ ਪ੍ਰਾਪਤੀ ਲਈ ਉਸਨੂੰ ਆਪਣੇ ਸਮਾਜ ਦੇ ਖੋਖਲੇ ਦਮਗਜਿਆਂ ਦੇ ਨਾਲ ਨਾਲ ਬਰਤਾਨਵੀ ਸਮਾਜ ਵਿੱਚ ਸਿਰ ਫੈਲਾ ਰਹੇ ਨਸਲਵਾਦ ਨਾਲ ਵੀ ਜੂਝਣਾ ਪਿਆ। ਇਸ ਪਿੱਛੋਂ ਹੀ ਮਾਨਵ-ਵਾਦੀ ਗੋਰੇ ਦਾ ਸਾਥ ਮਿਲਿਆ।

ਤੀਜੀ ਕਹਾਣੀ ਸਿੱਧੀ ਸਪਾਟ ਨਿੱਕੀ ਤੋਂ ਨਿੱਕੀ ਕਹਾਣੀ ਹੈ: ‘ਵਿਸਕੀ ਉੱਤਰ ਗਈ।’ ਇਹ ਕਹਾਣੀ ਮੁੱਖ ਰੂਪ ਵਿੱਚ ‘ਨਸਲਵਾਦ ਦੇ ਕਾਲੇ (ਏਸ਼ੀਆਈ) ਲੋਕਾਂ ਉੱਪਰ ਪਏ ਡੂੰਘੇ ਪ੍ਰਭਾਵ, ਦੁੱਖ-ਦਰਦ ਅਤੇ ਪ੍ਰਤੀਕਰਮ ਨੂੰ ਪੇਸ਼ ਕਰਦੀ ਹੈ। ਇਹ ਕਹਾਣੀ ਇਹ ਵੀ ਦਰਸਾਉਂਦੀ ਹੈ ਕਿ ਕਾਲਾ, ਬਰਤਾਨਵੀ ਸ਼ਹਿਰੀ ਹੋਣ ਦੇ ਬਾਵਜੂਦ ਵੀ ਹਰ ਸਮੇਂ ਕਾਲੇ ਦਾ ਕਾਲਾ ਹੀ ਹੈ। ਇਹ ਨਸਲਵਾਦੀ ਪੀੜਾ, ਮਨੋ-ਵਿਗਿਆਨਕ ਰੋਗ ਵਾਂਗ, ਸਦਾ ਉਸਦੇ ਅੰਗ-ਸੰਗ ਹੀ ਰਹਿੰਦੀ ਹੈ। ਇਸਦੇ ਨਾਲ ਹੀ ਇਹ ਕਹਾਣੀ ਆਜ਼ਾਦ ਭਾਰਤ ਵਿੱਚ ਵਿਚਰਨ ਦੇ ਸੁਖਮਈ ਅੰਦਾਜ਼ ਦਾ ਬਰਤਾਨੀਆਂ ਨਾਲ ਮੁਕਾਬਲਾ ਕਰਦੀ ਹੋਈ ਤਨਜ਼ ਭਰੇ ਸੰਕੇਤ ਵੀ ਦਿੰਦੀ ਹੈ।

? ਤੁਹਾਡੇ ਇੱਕ ਹੋਰ ਕਹਾਣੀ ਸੰਗ੍ਰਹਿ ‘ਗੋਰਾ ਰੰਗ ਕਾਲੀ ਸੋਚ’ ਦੀਆਂ ਕਹਾਣੀਆਂ ਵੀ ਕਮਾਲ ਦੀਆਂ ਰਚਨਾਵਾਂ ਹਨ। ਇਸ ਵਿਚਲੀਆਂ ਦੋ ਕਹਾਣੀਆਂ ਬਾਰੇ ਵੀ ਮੈਂ ਗੱਲ ਕਰਨੀ ਚਾਹਾਂਗਾ। ਪਹਿਲੀ ਤਾਂ ਹੈ ‘ਰੰਗਦਾਰ', ਦੂਸਰੀ ਹੈ ‘ਧੀਆਂ ਕਿਉਂ ਜੰਮੀਆਂ'। ਇਨ੍ਹਾਂ ਬਾਰੇ ਉਹਨਾਂ ਪਾਠਕਾਂ ਨੂੰ ਵੀ ਸੰਖੇਪ ਜਾਣਕਾਰੀ ਦਿਉ ਜਿਨ੍ਹਾਂ ਨੇ ਇਹ ਰਚਨਾਵਾਂ ਨਹੀਂ ਪੜ੍ਹੀਆਂ?

: ਢਾਅ ਸਾਹਿਬ ਜੀ! ‘ਰੰਗਦਾਰ’ ਕਹਾਣੀ ‘ਗੋਰਾ ਰੰਗ ਕਾਲੀ ਸੋਚ’ ਸੰਗ੍ਰਹਿ ਦੀ ਪਹਿਲੀ ਕਹਾਣੀ ਹੈ। ਇਹ ਕਹਾਣੀ ਇੱਕ ਬਰਤਾਨਵੀ ਸਕੂਲ ਦੇ ਸਟਾਫ ਰੂਮ ਵਿੱਚ ਹੀ ਟੁਰਦੀ-ਵਧਦੀ ਹੈ ਪਰ ਇਸ ਦਾ ਫੈਲਾਅ ਸਮੁੱਚੇ ਬਰਤਾਨਵੀ ਸਮਾਜ ਦੀ ਇੱਕ ਕੋਝੀ ਸੋਚ ਨਾਲ ਮੇਲ ਖਾਂਦਾ ਹੈ। ਇਸ ਕਹਾਣੀ ਦਾ ਮੁੱਖ ਪਾਤਰ ਪੰਜਾਬੀ ਪ੍ਰਵਾਸੀ ਅਧਿਆਪਕ ਹੈ। ਇਹ ਅਧਿਆਪਕ ਦਰਅਸਲ ਮੈਂ ਖੁਦ ਹੀ ਹਾਂ। ਇਸ ਕਹਾਣੀ ਰਾਹੀਂ ਮੈਂ ਨਸਲਵਾਦ ਦਾ ਅਸਲੀ ਚਿਹਰਾ ਉਘਾੜਨ ਦਾ ਯਤਨ ਕੀਤਾ ਹੈ। ਯਥਾਰਥਕ ਹੁੰਦੀ ਹੋਈ ਵੀ ਇਹ ਕਹਾਣੀ ਕੇਵਲ ਇੱਕ ਕਹਾਣੀ ਹੈ। ਬਸ ਇੱਕ ਫਿਕਸ਼ਨ। ਸਕੂਲ ਦੇ ਸਟਾਫ-ਰੂਮ ਵਿੱਚ ਅਧਿਆਪਕ ਆਪਸ ਵਿੱਚ ਬਹਿਸ ਕਰ ਰਹੇ ਹਨ। ਠੀਕ ਇਸ ਸਮੇਂ ਮੁੱਖ-ਅਧਿਆਪਕ ਇੱਕ ਨਵੀਂ ਆਈ ਅਧਿਆਪਿਕਾ ‘ਮਿਸ ਲੱਵ’ ਨੂੰ ਸਟਾਫ ਰੂਮ ਵਿੱਚ ਲਿਆ ਕੇ ਬਾਕੀ ਸਾਰੇ ਅਧਿਆਪਕਾਂ ਨਾਲ ਜਾਣ-ਪਹਿਚਾਣ ਕਰਾਕੇ ਛੱਡ ਜਾਂਦਾ ਹੈ। ਅਧਿਆਪਕ ਸਟੀਵ ਰੌਬਰਟ, ਕਾਲਿਆਂ ਅਤੇ ਹੋਰ ਰੰਗਦਾਰ ਆਵਾਸੀਆਂ ਅਤੇ ਉਹਨਾਂ ਦੇ ਬੱਚਿਆਂ ਪ੍ਰਤੀ ਆਪਣੇ ਦਿਲ ਵਿੱਚ ਨਫ਼ਰਤ ਪਾਲ਼ਦਿਆਂ ਸਮੁੱਚੇ ਨਸਲਵਾਦੀ ਬਰਤਾਨਵੀ ਸਮਾਜ ਦਾ ਘਿਨਾਉਣਾ ਚਿਹਰਾ ਪਾਠਕਾਂ ਸਾਹਮਣੇ ਪੇਸ਼ ਕਰਦਿਆਂ ਕਹਿੰਦਾ ਹੈ ਕਿ ਇਹ ਸਿੱਧ ਹੋ ਚੁੱਕਿਆ ਹੈ ਕਿ ਨਾ ਕੇਵਲ ਸਰੀਰੋਂ ਹੀ, ਸਗੋਂ ਦਿਮਾਗ਼ੀ ਤੌਰ ’ਤੇ ਵੀ ਰੰਗਦਾਰ ਬੱਚੇ ਗੋਰੇ ਬੱਚਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ। ਉਹ ਇਹ ਵੀ ਕਹਿੰਦਾ ਹੈ ਕਿ ਨਸਲੀ ਕਾਰਨਾਂ ਕਰਕੇ ਕਾਲੇ ਬੱਚੇ ਮਾਨਸਿਕ ਤੌਰ ਤੇ ਗੋਰੇ ਬੱਚਿਆਂ ਨਾਲੋਂ ਹੀਣੇ ਹਨ। ਉਨ੍ਹਾਂ ਵਿੱਚ ਕਲਾਤਮਿਕਤਾ ਦੀ ਘਾਟ ਹੈ। ਸਟੀਵ ਇਹ ਗੱਲ ਮੰਨ ਕੇ ਤੁਰਦਾ ਹੈ ਕਿ ਕਾਲੇ ਬੱਚੇ ਹੀਣੇ ਹਨ। ਦਰਅਸਲ ਸਟੀਵ ਕੋਈ ਵਿਚਾਰ ਵਟਾਂਦਰਾ ਨਹੀਂ ਕਰ ਰਿਹਾ ਸਗੋਂ ਰੰਗਦਾਰ ਬੱਚਿਆਂ ਪ੍ਰਤੀ ਪਹਿਲੋਂ ਮਿੱਥਿਆ ਆਪਣਾ ਫ਼ੈਸਲਾ ਸੁਣਾ ਰਿਹਾ ਹੈ। ਸਟਾਫ ਵਿੱਚ ਮੌਜੂਦ ਹੋਰ ਅਧਿਆਪਕਾਂ ਦੀ ਚੁੱਪ ਵੈੱਸਟ ਇੰਡੀਜ਼ ਤੋਂ ਆਈ ਕਾਲੀ ਅਧਿਆਪਿਕਾ ਮਿਸ ਐਲਿਸ ਅਤੇ ਮੈਨੂੰ ਚੁੱਭਦੀ ਹੈ। ਮਿਸ ਐਲਿਸ, ਸਟੀਵ ਦੇ ਬੇਤੁਕੇ ਨਸਲਵਾਦੀ ਵਿਚਾਰਾਂ ਦਾ ਖੰਡਨ ਕਰਦੀ ਹੋਈ ਸਪਸ਼ਟ ਕਰਦੀ ਹੈ ਕਿ ਰੰਗਦਾਰ ਆਵਾਸੀ ਅਤੇ ਉਹਨਾਂ ਦੇ ਬੱਚੇ ਜਿਸ ਮਨੋਵਿਗਿਆਨਕ ਅਤੇ ਭੂਗੋਲਿਕ ਪਿਛੋਕੜ ਤੋਂ ਖੁੱਲ੍ਹਾਂ ਮਾਣਦੇ ਆਏ ਹਨ ਉਹਨਾਂ ਦੇਸ਼ਾਂ ਦੇ ਖੁੱਲ੍ਹੇ ਮੈਦਾਨਾਂ ਅਤੇ ਸਾਫ਼-ਸੁਥਰੀ ਜਲਵਾਯੂ ਲਈ ਕਲਾਤਮਕ ਜਾਂ ਸਵਿੱਮਿੰਗ ਵਰਗੀਆਂ ਖੇਡਾਂ ਦੀ ਜ਼ਰੂਰਤ ਨਹੀਂ। ਇਹਨਾਂ ਵਿੱਚ ਕੁਦਰਤੀ ਖੁੱਲ੍ਹਾਂ ਮਾਨਣ ਦੀ ਭੁੱਖ ਹੈ।

ਮਿਸ ਐਲਿਸ ਦੀ ਦਲੀਲ ਨੂੰ ਸਟੀਵ ਰੱਦ ਕਰਦਿਆਂ ਰੰਗਦਾਰਾਂ ਸਬੰਧੀ ਹੋਰ ਵੀ ਬੇਤੁਕੀਆਂ ਨਸਲਵਾਦੀ ਦਲੀਲਾਂ ਪੇਸ਼ ਕਰੀ ਜਾਂਦਾ ਹੈ ਤਾਂ ਮਿਸ ਐਲਿਸ ਕਹਿੰਦੀ ਹੈ ਕਿ ਉਸਨੂੰ ਸਟੀਵ ਵਿਰੁੱਧ ਉਸਦੇ ਨਸਲਵਾਦੀ ਵਿਚਾਰਾਂ ਲਈ ਡਿਪਾਰਟਮੈਂਟ ਪਾਸ ਸ਼ਿਕਾਇਤ ਕਰਨੀ ਪਵੇਗੀ। ਸਟੀਵ ਹੰਕਾਰ ਭਰੇ ਗੁੱਸੇ ਨਾਲ ਕਹਿੰਦਾ ਹੈ ਕਿ ਉਸਨੂੰ ਉਸਦੇ ਆਜ਼ਾਦ ਵਿਚਾਰ ਰੱਖਣ ਜਾਂ ਪ੍ਰਗਟਾਉਣ ਲਈ ਕੋਈ ਵੀ ਰੋਕ ਨਹੀਂ ਸਕਦਾ।

ਫਿਰ ਦੁਪਹਿਰ ਦੇ ਖਾਣੇ ਉਪਰੰਤ ਇਸ ਬਹਿਸ ਨੇ ਹੋਰ ਪਲਟਾ ਖਾਧਾ। ਗੱਲ ਵਧਦੀ ਵਧਦੀ ਬਰਤਾਨਵੀ ਸਭਿਆਚਾਰ ਵੱਲ ਮੁੜ ਗਈ। ਕਿਸੇ ‘ਪਾਲ ਜੌਹਨਸਨ’ ਦਾ ਰੰਗਦਾਰ ਲੋਕਾਂ ਸਬੰਧੀ ਨਸਲਵਾਦੀ ਭਾਵਨਾਵਾਂ ਨਾਲ ਭਰਪੂਰ ਲੇਖ ਅੰਗਰੇਜ਼ੀ ਅਖਬਾਰ ਵਿੱਚ ਛਪਿਆ ਸੀ। ਸਟੀਵ, ਪਾਲ ਜੌਹਨਸਨ ਦੇ ਹਵਾਲੇ ਨਾਲ ਜ਼ੋਰ ਦੇ ਕੇ ਕਹਿਣ ਲੱਗਾ ਕਿ ਜੇਕਰ ਆਵਾਸੀ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੇ ਬਰਤਾਨੀਆਂ ਵਿੱਚ ਰਹਿਣਾ ਪ੍ਰਵਾਨ ਕੀਤਾ ਹੈ ਤਾਂ ਅੰਗਰੇਜ਼ੀ ਬੋਲੀ ਅਤੇ ਬਰਤਾਨਵੀ ਸਭਿਆਚਾਰ ਨੂੰ ਅਪਨਾਉਣਾ ਹੀ ਪਵੇਗਾ। ਉਹ ਬਰਤਾਨਵੀ ਸਭਿਆਚਾਰ ਨੂੰ ਸੰਸਾਰ ਦੇ ਬਾਕੀ ਸਾਰੇ ਸਭਿਆਚਾਰਾਂ ਤੋਂ ਉੱਚਾ ਤੇ ਸੁੱਚਾ ਮੰਨਦਾ ਹੈ। ਪਰ ਉਸਦਾ ਇਹ ਭਰਮ ਉਦੋਂ ਟੁੱਟਦਾ ਹੈ ਜਦੋਂ ਮਿਸੇਜ਼ ਐਲਿਜ਼ਵਰਥ ਨੇ ਅੱਜ ਦੀ ਨਵੀਂ ਆਈ ਅਧਿਆਪਿਕਾ ਮਿਸ ਲੱਵ ਦਾ ਭੇਤ ਖੋਲ੍ਹਿਆ। ਭੇਤ ਸੀ: ਮਿਸ ਲੱਵ ਦਰਅਸਲ ਮਿਸ ਲੱਵ ਨਹੀਂ ਸਗੋਂ ਮਿਸੇਜ਼ ਕੂਪਰ ਹੈ। ਸਤਾਰਾਂ ਵਰ੍ਹਿਆਂ ਦੀ ਉਮਰ ਵਿੱਚ ਇਹ ਆਪਣੇ ਬੁਆਏ ਫਰੈਂਡ ਨਾਲ ਉਧਲ਼ ਗਈ ਸੀ ਅਤੇ ਫਿਰ ਇੱਕ ਬੱਚੀ ਨੂੰ ਜਨਮ ਦੇਣ ਉਪਰੰਤ ਉਸਨੇ ਵਿਆਹ ਕਰਵਾ ਲਿਆ। ਹੁਣ ਉਹ ਪਹਿਲੇ ਖ਼ਸਮ ਤੋਂ ਅਲੱਗ ਹੋ ਅਤੇ ਬੱਚੀ ਨੂੰ ਯਤੀਮਖ਼ਾਨੇ ਛੱਡਕੇ, ਆਪਣੇ ਪਹਿਲੇ ਪਤੀ ਤੋਂ ਤਲਾਕ ਦੀ ਉਡੀਕ ਵਿੱਚ, ਆਪਣੇ ਇੱਕ ਹੋਰ ਪ੍ਰੇਮੀ ਨਾਲ ਰਹਿੰਦੀ ਹੈ। ਦੂਜੇ ਪ੍ਰੇਮੀ ਨਾਲ ਰਹਿੰਦਿਆਂ ਵੀ ਇਸ ਦੀ ਇੱਕ ਹੋਰ ਲੜਕੀ ਹੈ। ਹੁਣ ਉਸ ਨੇ ਆਪਣਾ ਪਰਿਵਾਰਕ ਨਾਂ ਮਿੱਸ ਲੱਵ ਰੱਖਿਆ ਹੋਇਆ ਹੈ ਤਾਂ ਜੋ ਇਹ ਭੇਦ ਲੁਕਿਆ ਰਹੇ। ਮਿਸੇਜ਼ ਐਲਿਜ਼ਵਰਥ ਨੇ ਜਦੋਂ ਹੋਰ ਦੱਸਿਆ ਕਿ ਮਿਸ ਲੱਵ ਬੜਾ ਹੀ ਖੁੱਲ੍ਹਾ-ਡੁੱਲ੍ਹਾ ਸੁਭਾਅ ਰੱਖਦੀ ਹੈ ਤਾਂ ਅਧਿਆਪਕ ਸਟੀਵ ਰੌਬਰਟ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ।

ਮੈਥੋਂ ਰਿਹਾ ਨਹੀਂ ਜਾਂਦਾ। ਸਟੀਵ ਨੂੰ ਚੋਟ ਲਾਉਂਦਿਆਂ ਮੈਂ ਪੁੱਛਦਾ ਹਾਂ ਕਿ ਕੀ ਇਹੋ ਬਰਤਾਨਵੀ ਸਭਿਆਚਾਰ ਦੀ ਉੱਚਤਾ ਹੈ ਜਿਸ ਨੂੰ ਅਪਣਾਏ ਜਾਣ ਦੀ ਉਹ ਦੁਹਾਈ ਦੇ ਰਿਹਾ ਹੈ। ਪਰ ਸਟੀਵ ਮੇਰੇ ਸੁਆਲ ਦਾ ਉੱਤਰ ਨਹੀਂ ਦਿੰਦਾ। ਉਹ ਤਾਂ ਮਿਸ ਲੱਵ ਦੇ ਖ਼ਿਆਲੀ ਨਸ਼ੇ ਵਿੱਚ ਧੁੱਤ ਹੈ।

ਦੂਜੀ ਕਹਾਣੀ ‘ਧੀਆਂ ਕਿਉਂ ਜੰਮੀਆਂ’ ਵਿੱਚ ਬਰਤਾਨੀਆਂ ਰਹਿੰਦੀ ਦੂਜੀ ਪੀੜ੍ਹੀ ਨਾਲ ਸੰਬੰਧਤ ਪਾਤਰ ‘ਕੈਲੀ’ ਨੂੰ ਚੁਣਿਆ ਗਿਆ ਹੈ ਜੋ ਪਹਿਲੀ ਪੀੜ੍ਹੀ ਦੇ ਮਾਪਿਆਂ ਦੀ ਜ਼ਾਤ-ਪਾਤ ਦੀ ਨੀਤੀ ਦੀ ਸ਼ਿਕਾਰ ਬਣਦੀ ਹੈ।

ਕੈਲੀ, ਕੁਲਤਾਰ ਦਾ ਛੋਟਾ ਨਾਂ ਹੈ। ਉਹ ਦੋ ਵਾਰ ਆਪਣੀ ਸਮੱਸਿਆ ਲਈ ਆਪਣੇ ਇੱਕ ਅਧਿਆਪਕ ਨੂੰ ਮਿਲਦੀ ਹੈ। ਉਹ ਜੋਤਿਸ਼ ਵਿੱਚ ਭਰੋਸਾ ਰੱਖਦਿਆਂ ਹੱਥ ਦਿਖਾ ਕੇ ਆਪਣੀ ਸਮੱਸਿਆ ਦਾ ਸਮਾਧਾਨ ਮੰਗਦੀ ਹੈ। ਅਧਿਆਪਕ ਭਾਵੇਂ ਕੋਈ ਜੋਤਿਸ਼ੀ ਨਹੀਂ ਪਰ ਉਹ ਕੈਲੀ ਦੇ ਭਰੋਸੇ ਨੂੰ ਤੋੜਨ ਦਾ ਹੀਆ ਨਹੀਂ ਕਰਦਾ। ਕਿਉਂਕਿ ਜਿਹਨਾਂ ਸਮੱਸਿਆਵਾਂ ਲਈ ਕੈਲੀ ਉਸ ਪਾਸ ਆਉਂਦੀ ਹੈ, ਉਸਦਾ ਸਹੀ ਬਣਦਾ ਜਵਾਬ ਦੇਣ ਦੀ ਹਿਮੰਤ ਅਧਿਆਪਕ ਨਹੀਂ ਜੁਟਾ ਪਾਉਂਦਾ।

ਕੈਲੀ ਦੀ ਸਮੱਸਿਆ ਬਹੁਤ ਵੱਡੀ ਹੈ। ਅਜਿਹੀਆਂ ਸਮੱਸਿਆਵਾਂ ਦੇ ਸਮਾਧਨ ਲਈ ਬਰਤਾਨੀਆ ਵਿੱਚ ਇੱਜ਼ਤ ਦਾ ਸਵਾਲ ਖੜ੍ਹਾ ਕਰਦਿਆਂ ਕਈ ਵਾਰ ਕੁਝ ਬੱਚੀਆਂ ਨੂੰ ਜਾਨਾਂ ਤੋਂ ਵੀ ਹੱਥ ਧੋਣੇ ਪਏ। ਅਧਿਆਪਕ ਨਹੀਂ ਚਾਹੁੰਦਾ ਕਿ ਕੈਲੀ ਨੂੰ ਆਪਣੇ ਫ਼ੈਸਲੇ ਕਾਰਨ ਆਪਣੀ ਜਾਨ ਗੁਆਉਣੀ ਪਵੇ।

ਸੰਖੇਪ ਵਿੱਚ ਗੱਲ ਇੰਨੀ ਹੀ ਹੈ ਕਿ ਕੈਲੀ ਜੱਟ ਜ਼ਿਮੀਦਾਰ ਖ਼ਾਨਦਾਨ ਵਿੱਚੋਂ ਹੈ ਅਤੇ ਉਹ ਇੱਕ ਗ਼ੈਰ-ਜੱਟ ਭਾਵ ਛੀਂਬਿਆਂ ਦੇ ਲੜਕੇ ਨਾਲ ਵਿਆਹ ਕਰਾਉਣਾ ਲੋੜਦੀ ਹੈ। ਇਸ ਸਬੰਧੀ ਉਹ ਆਪਣਾ ਹੱਥ ਦਿਖਾਕੇ ਅਧਿਆਪਕ ਪਾਸੋਂ ਉੱਤਰ ਮੰਗਦੀ ਹੈ। ਅਧਿਆਪਕ ਨੂੰ ਜੋਤਿਸ਼ ਦਾ ਕੋਈ ਇਲਮ ਨਹੀਂ ਪਰ ਉਹ ਏਸ਼ੀਆਈ ਸੁਭਾਅ ਤੋਂ ਵਾਕਿਫ ਹੈ ਅਤੇ ਉਸ ਨੂੰ ਲੰਡਨ ਦੀਆਂ ਕੁਝ ਘਟਨਾਵਾਂ ਚੇਤੇ ਆ ਜਾਂਦੀਆਂ ਹਨ ਜਿਹਨਾਂ ਦੇ ਨਤੀਜੇ ਬੜੇ ਅਣਸੁਖਾਵੇਂ ਨਿਕਲੇ। ਇਸ ਲਈ ਉਹ ਕੈਲੀ ਦੇ ਹੱਥਾਂ ਤੇ ਬਣੀਆਂ ਲਕੀਰਾਂ ਨੂੰ ਧਿਆਨ ਨਾਲ ਵਿਹੰਦਿਆਂ ਐਵੇਂ ਹੀ ਆਖਦਾ ਹੈ ਕਿ ਉਸਦੀ ਕਿਸਮਤ ਵਿੱਚ ਦੋ ਸੰਜੋਗ ਹਨ। ਉਸਦੀਆਂ ਹੱਥ-ਲਕੀਰਾਂ ਦੱਸਦੀਆਂ ਹਨ ਕਿ ਪਹਿਲੇ ਥਾਂ ਚੱਲ ਰਹੀ ਗੱਲ ਭਾਵ ਜਿਸ ਲੜਕੇ ਨਾਲ ਕੈਲੀ ਹੁਣ ਵਿਆਹ ਕਰਵਾਉਣਾ ਚਾਹੁੰਦੀ ਹੈ ਉਹ ਠੀਕ ਨਹੀਂ ਬਣੇਗੀ ਪਰ ਦੂਜੇ ਥਾਂ ਜਿੱਥੇ ਵੀ ਗੱਲ ਬਣੇਗੀ ਉਹ ਠੀਕ ਰਹੇਗੀ।

ਕੋਈ ਸਾਲ ਕੁ ਦੇ ਵਕਫ਼ੇ ਨਾਲ ਦੂਜੀ ਵਾਰ ਫਿਰ ਕੈਲੀ ਅਧਿਆਪਕ ਨੂੰ ਮਿਲਦੀ ਹੈ। ਦਰਅਸਲ ਇਸ ਵਾਰ ਦਾ ਮਿਲਣਾ ਇੱਕ ਤਰ੍ਹਾਂ ਨਾਲ ਕਟਾਖਸ਼ ਹੈ। ਆਪਣਾ ਸੱਜਾ ਹੱਥ ਅਧਿਆਪਕ ਅੱਗੇ ਧਰਦਿਆਂ ਕੈਲੀ ਕੁਝ ਇਸ ਤਰ੍ਹਾਂ ਕਹਿੰਦੀ ਹੈ ਕਿ ਪਿਛਲੀ ਵਾਰ ਜਦੋਂ ਅਧਿਆਪਕ ਨੇ ਉਸਦਾ ਹੱਥ ਵੇਖ ਕੇ ਦੱਸਿਆ ਸੀ ਕਿ ਉਸਦੀ ਕਿਸਮਤ ਵਿਚ ਦੋ ਸੰਜੋਗ ਹਨ ਤਾਂ ਇਹ ਵੀ ਕਿਹਾ ਸੀ ਕਿ ਪਹਿਲਾ ਸੰਜੋਗ ਠੀਕ ਨਹੀਂ ਰਹੇਗਾ। ਹੁਣ ਉਹ ਪੁੱਛਣਾ ਚਾਹੁੰਦੀ ਹੈ ਕਿ ਇਹ ਦੂਜਾ ਸੰਜੋਗ ਕਿਵੇਂ ਰਹੇਗਾ? ਅਧਿਆਪਕ ਐਵੇਂ ਅਣਮੰਨੇ ਮਨ ਨਾਲ ਹੱਥ ਵੇਖਦਿਆਂ, ਹੁਣ ਵੀ ਪਹਿਲਾਂ ਵਰਗੀ ਹੀ ਦੁਚਿੱਤੀ ਵਿੱਚ ਹੋਣ ਕਾਰਨ, ਕਹਿੰਦਾ ਹੈ ਕਿ ਜੇਕਰ ਇਹ ਰਿਸ਼ਤਾ ਉਸਦੇ ਮਾਤਾ-ਪਿਤਾ ਦੀ ਪ੍ਰਵਾਨਗੀ ਨਾਲ ਹੋ ਰਿਹਾ ਹੈ ਤਾਂ ‘ਕੈਲੀ’ ਦਾ ਵਿਆਹੁਤਾ ਜੀਵਨ ਸੁੱਖਾਂ ਲੱਦਿਆ ਹੋਵੇਗਾ। ਪਰ ਬਿੱਲੀ ਥੈਲਿਉਂ ਬਾਹਰ ਉਸ ਵੇਲੇ ਆਉਂਦੀ ਹੈ ਜਦੋਂ ਕੈਲੀ ਇੱਕ ਤਸਵੀਰ ਵਿਖਾਲਦਿਆਂ ਦੱਸਦੀ ਹੈ ਕਿ ਉਸਦੇ ਮਾਤਾ-ਪਿਤਾ ਨੇ ਇਹ ਬੰਦਾ ਭਾਰਤ ਤੋਂ ਵਿਆਹ ਲਈ ਚੁਣਿਆ ਹੈ। ਨਾਲ ਹੀ ਅਧਿਆਪਕ ਨੂੰ ਪੁੱਛਦੀ ਹੈ ਕਿ ਜੇਕਰ ਕੈਲੀ ਉਸਦੀ ਆਪਣੀ ਧੀ ਹੁੰਦੀ ਤਾਂ ਕੀ ਉਹ ਇਸ ਵਿਆਹ ਨਾਲ ਸਾਰਾ ਜੀਵਨ ਖੁਸ਼ ਰਹਿੰਦੀ? ਹੁਣ ਦੱਸੋ ਉਸਦੇ ਹੱਥ ਦੀਆਂ ਲਕੀਰਾਂ ਕੀ ਕਹਿੰਦੀਆਂ ਹਨ? ਅੱਧਖੜ ਉਮਰ ਦੇ ਬੰਦੇ ਦੀ ਤਸਵੀਰ ਵੇਖਕੇ ਅਧਿਆਪਕ ਅਵਾਕ ਰਹਿ ਜਾਂਦਾ ਹੈ। ਇਸ ਕਹਾਣੀ ਵਿੱਚ ਦੋ ਸਭਿਆਚਾਰਾਂ ਦੀ ਦੁਬਿਧਾ ਵਿੱਚ ਜੀਅ ਰਹੇ ਪਰਵਾਸੀ ਪੰਜਾਬੀ ਜਗਤ ਦਾ ਚਿੱਤਰ ਹੈ। ਜਿੱਥੇ ਕੁਲਤਾਰ ਵਰਗੀਆਂ ਕੁੜੀਆਂ ਦੇ ਮਾਪੇ ਅਣਜੋੜ ਵਿਆਹ, ਰਿਸ਼ਤੇ ਤਾਂ ਪ੍ਰਵਾਨ ਕਰ ਲੈਂਦੇ ਹਨ ਪਰ ਜ਼ਾਤ-ਪਾਤ ਦੇ ਬੰਧਨਾਂ ਨੂੰ ਤਿਆਗਣ ਲਈ ਤਿਆਰ ਨਹੀਂ ਹੁੰਦੇ।

? ਤੁਹਾਡੀਆਂ ਕਹਾਣੀਆਂ ਦਾ ਵਿਸ਼ਾ-ਵਸਤੂ ਯਥਾਰਥ ਅਤੇ ਨਿੱਜੀ ਅਨੁਭਵ ਨੂੰ ਬਿਆਨ ਕਰਦਾ ਹੈ। ਤੁਹਾਡੀਆਂ ਕਹਾਣੀਆਂ ਦੇ ਪਾਤਰਾਂ ਵਿੱਚ ਤੁਸੀਂ ਆਪ ਕਿੰਨਾ ਕੁ ਹੋ?

: ਲੇਖਕ, ਆਪਣੇ ਆਲ਼ੇ-ਦੁਆਲੇ ਨਾਲ ਜੁੜਿਆ ਹੁੰਦਾ ਹੈ। ਆਲ਼ੇ-ਦੁਆਲ਼ੇ ਨਾਲ ਜੁੜੇ ਰਹਿਣ ਦਾ ਅਰਥ ਹੈ ਆਪਣੇ ਮਨੁੱਖੀ ਸਮਾਜ ਵਿੱਚ ਰਹਿੰਦਿਆਂ ਆਪਣੇ ਸਮਾਜ ਦੀਆਂ ਸਾਰੀਆਂ ਹੀ ਮੁਸ਼ਕਲਾਂ, ਸਮੱਸਿਆਵਾਂ ਅਤੇ ਸੰਭਾਵਨਾਵਾਂ ਪ੍ਰਤੀ ਸੁਚੇਤ ਹੋ ਕੇ ਸਾਹਿਤਕ ਰਚਨਾ ਕੀਤੀ ਜਾਵੇ। ਐਵੇਂ ਹੀ, ਨੀਊਜ਼ ਏਜੰਸੀਆਂ ਦੇ ਟੇਬਲਾਂ ਦੁਆਲੇ ਬੈਠਕੇ ਜਾਂ ਕੌਫੀ ਹਾਊਸ ਵਿੱਚ ਚਾਹ ਕੌਫੀ ਦੀਆਂ ਚੁਸਕੀਆਂ ਲੈਂਦਿਆਂ ਰੀਪੋਰਟਿੰਗ ਵਾਂਗ ਸਰਸਰੀ ਜਿਹੀ ਓਪਰੀ ਗੱਲ ਨਾ ਕਹੀ ਜਾਵੇ। ਸੱਚ ਨੇੜੇ ਰਿਹਾ ਜਾਵੇ। ਯਥਾਰਥ ਦਾ ਪੱਲਾ ਹਰ ਮੌਕੇ ਫੜੀ ਰੱਖਿਆ ਜਾਵੇ। ਦਰਅਸਲ ਯਥਾਰਥ ਦੇ ਨਾਲ ਨਾਲ, ਲੇਖਕ ਦਾ ਅਨੁਭਵ ਉਸਦੀ ਸਿਰਜਣਾ ਦਾ ਕੇਂਦਰ ਬਿੰਦੂ ਹੁੰਦਾ ਹੈ। ਇਹਨਾਂ ਦੋ ਤੋਂ ਬਿਨਾਂ ਤੀਜੀ ਗੱਲ ਕਲਪਨਾ ਦੀ ਵੀ ਹੈ। ਪਰ ਨਿਰੀ ਕਲਪਨਾ ਨਾਲ ਕਿਸੇ ਵੀ ਵਿਸ਼ੇ ਨੂੰ ਸਾਰੰਗਤ ਨਹੀਂ ਕੀਤਾ ਜਾ ਸਕਦਾ, ਦੂਜੇ ਸ਼ਬਦਾਂ ਵਿੱਚ ਇਕੱਲੀ ਕਲਪਨਾ ਰਾਹੀਂ ਸਾਹਿਤ ਰਚਨਾ ਨਹੀਂ ਕੀਤੀ ਜਾ ਸਕਦੀ।

ਹਾਂ, ਮੇਰੀਆਂ ਕੁਝ - ਤਿੰਨ ਜਾਂ ਚਾਰ - ਆਰੰਭਕ ਕਹਾਣੀਆਂ ਤੋਂ ਬਿਨਾਂ, ਹੋਰ ਕਹਾਣੀਆਂ ਦਾ ਵਿਸ਼ਾ-ਵਸਤੂ ਯਥਾਰਥਕ ਹੀ ਰਿਹਾ। ਜਦੋਂ ਸਮਾਜ ਵਿੱਚ ਰਹਿੰਦਿਆਂ ਅਤੇ ਅਨੁਭਵ ਦੀ ਪੁੱਠ ਦੇਂਦਿਆਂ ‘ਉੱਤਮ ਪੁਰਖ’ ਦੀ ਸੁਰ ਵਿੱਚ ਸਿਰਜਣਾ ਕੀਤੀ ਜਾਂਦੀ ਹੈ ਤਾਂ ਨਿਸਚੈ ਹੀ ਕਹਾਣੀਆਂ ਦੇ ਪਾਤਰਾਂ ਵਿੱਚ ਕਿਤੇ ਨਾ ਕਿਤੇ ‘ਲੇਖਕ’ ਜ਼ਰੂਰ ਮਿਲੇਗਾ। ਉਂਝ ਮੇਰੀ ਜਾਚੇ ਹਰ ਲੇਖਕ ਆਪਣੀ ਸਿਰਜਣਾ, ਵਿਸ਼ੇਸ਼ ਕਰਕੇ ਕਹਾਣੀ/ਨਾਵਲ, ਵਿੱਚ ਕਿਸੇ ਨਾ ਕਿਸੇ ਢੰਗ ਨਾਲ ਸਦਾ ਹੀ ਹਾਜ਼ਰ-ਨਾਜ਼ਰ ਹੁੰਦਾ ਹੈ।

? ਰਾਏ ਸਾਹਿਬ! ਇੱਕ ਹੋਰ ਕਹਾਣੀ ਹੈ ‘ਮੈਂ ਪਿਉ ਬਣਾਂਗਾ’ ਬਾਰੇ ਕਾਫੀ ਚਰਚਾ ਹੋਈ ਸੀ ਅਤੇ ਤੁਹਾਨੂੰ ‘ਲਿਟਰੇਰੀ ਕੌਂਸਲ’ ਵਲੋਂ ਸਰਬ ਭਾਰਤੀ ਮੁਕਾਬਲੇ ਵਿੱਚ ਇਨਾਮ ਵੀ ਮਿਲਿਆ। ਇਹਦੇ ਬਾਰੇ ਵਿਸਥਾਰ ਨਾਲ ਕੁਝ ਦੱਸੋ।

: ਢਾਅ ਜੀ! ਜਿਹਨਾਂ ਆਰੰਭਕ ਤਿੰਨ-ਚਾਰ ਕਹਾਣੀਆਂ ਦਾ ਮੈਂ ਹੁਣੇ ਪਹਿਲੇ ਸੁਆਲ ਦੇ ਜਵਾਬ ਵਿੱਚ ਕਿਹਾ ਸੀ, ‘ਮੈਂ ਪਿਉ ਬਣਾਂਗਾ’ ਕਹਾਣੀ ਉਹਨਾਂ ਵਿੱਚੋਂ ਹੀ ਇੱਕ ਹੈ। ਪੜ੍ਹਨ-ਵੇਖਣ ’ਤੇ ਇਸ ਕਹਾਣੀ ਬਾਰੇ ਆਖਿਆ ਜਾ ਸਕਦਾ ਹੈ ਕਿ ਇਹ ਕਹਾਣੀ ਯਥਾਰਥ ਦੇ ਨੇੜੇ ਨਹੀਂ। ਰੂਪਕ ਪੱਖੋਂ ਕਹਾਣੀ ਦਾ ਵਹਾਅ/ਫੈਲਾਅ ਚਿੱਠੀਆਂ ਰਾਹੀਂ ਹੈ ਅਤੇ ਕਹਾਣੀ ਦੀ ਸੁਰ ਪਿਆਰ ਵਾਲੀ, ਰੁਮਾਂਚਿਕ, ਆਦਰਸ਼ਵਾਦੀ ਅਤੇ ਸੁਧਾਰਵਾਦੀ। ਇਹ ਕਹਾਣੀ ਲਿਖਣ ਸਮੇਂ ਮੈਂ ਲਿਖਣ ਦੇ ਬਹੁਤ ਹੀ ਆਰੰਭਕ ਪੜਾਅ ਤੇ ਸਾਂ। ਪਤਾ ਨਹੀਂ ਭੇਜਣ ’ਤੇ ਕਿਵੇਂ, ਬੜੀ ਸਰਲ-ਸਪਾਟ ਜਿਹੀ ਇਹ ਕਹਾਣੀ ‘ਆਲ ਇੰਡੀਆ ਲਿਟਰੇਰੀ ਕੌਂਸਲ’ ਵਲੋਂ ਮੁਕਾਬਲੇ ਵਿੱਚ ਚੁਣੀ ਗਈ। ‘ਆਲ ਇੰਡੀਆ ਲਿਟਰੇਰੀ ਕੌਂਸਲ’ ਦੀ ਚਾਰ ਰੋਜ਼ਾ ਕਾਨਫ਼ਰੰਸ ਸ਼ਿਮਲਾ ਦੇ ਕਾਲਾਬਾਰੀ ਹਾਲ ਵਿੱਚ ਹੋਈ ਸੀ। ਇਸਦੀ ਪ੍ਰਧਾਨਗੀ ਉਸ ਸਮੇਂ ਦੇ, ਪੰਜਾਬ ਦੇ ਗਵਰਨਰ, ਮਰਾਠੀ/ਹਿੰਦੀ ਦੇ ਵਿਦਵਾਨ ਲੇਖਕ ਸ੍ਰੀ ਗਾਡਗਿਲ ਨੇ ਕੀਤੀ ਅਤੇ ਇਨਾਮ ਦਿੱਤੇ। ਫਿਰ ਇਹ ਕਹਾਣੀ ਕਈ ਹੋਰ ਪਰਚਿਆਂ ਵਿੱਚ ਵੀ ਛਪੀ ਅਤੇ ‘ਸਾਹਿਤ ਸਭਾ ਬਰਨਾਲਾ’ ਵਲੋਂ ਜੋਗਿੰਦਰ ਸਿੰਘ ਨਿਰਾਲਾ (ਹੁਣ ਡਾ.) ਦੀ ਸੰਪਾਦਨਾ ਹੇਠ ‘ਕਾਕੜੇ ਬੇਰ’ ਨਾਂ ਦੀ ਪੁਸਤਕ ਵਿੱਚ ਵੀ ਛਪੀ ਸੀ।

? ਜਦੋਂ ਤੁਸੀਂ ਕੋਈ ਸਿਰਜਣਾ ਕਰਦੇ ਹੋ ਤਾਂ ਤੁਸੀਂ ਕਿਸ ਰਿਸ਼ਤੇ ਨੂੰ ਮੁੱਖ ਰੱਖਦੇ ਹੋ ਪਾਠਕ ਨੂੰ, ਸਮੱਸਿਆ ਨੂੰ ਜਾਂ ਕਿਸੇ ਸੁਝਾ ਲਈ ਯਤਨ ਹੁੰਦਾ ਹੈ?

: ਲੇਖਕ ਨੂੰ ਆਪਣੀ ਲਿਖਤ ਪੜ੍ਹਨ ਲਈ ਪਾਠਕ ਦਰਕਾਰ ਹਨ। ਇਸ ਲਈ ਲੇਖਕ ਲਈ ਪਾਠਕਾਂ ਦਾ ਬਹੁਤ ਮਹੱਤਵ ਹੈ। ਜੇ ਗੱਲ ਸਾਹਿਤਕ ਲਿਖਤਾਂ ਦੀ ਕਰੀਏ ਤਾਂ ਮੇਰੀ ਜਾਚੇ ਕੋਈ ਵੀ ਲੇਖਕ, ਕਿਸੇ ਮਿੱਥੇ ਹੋਏ ਪਾਠਕਾਂ ਲਈ ਨਹੀਂ ਲਿਖਦਾ। ਹਾਂ, ਅਖਬਾਰਾਂ ਵਿੱਚ ਛਪਦੀਆਂ ਲਿਖਤਾਂ, ਰੀਪੋਰਟਾਂ ਅਤੇ ‘ਟੈਕਸਟ ਬੁੱਕਸ’ ਵੱਖ ਵੱਖ ‘ਪਾਠਕ ਤਬਕੇ’ ਲਈ ਹੋ ਸਕਦੀਆਂ ਹਨ। ਰਹੀ ਗੱਲ ਸਮੱਸਿਆ ਨੂੰ ਮੁੱਖ ਰੱਖਣ ਦੀ ਜਾਂ ਕਿਸੇ ਸੁਝਾ ਨੂੰ, ਇਸ ਸੰਬੰਧੀ ਇਹ ਕਹਿਣਾ ਬਣਦਾ ਹੈ ਕਿ ਜਦੋਂ ਵੀ ਕੋਈ ਸਿਰਜਕ, ਸਿਰਜਣਾ ਕਰਦਾ ਹੈ ਤਾਂ ਯਕੀਨਨ ਉਹ ਕਿਸੇ ਸਮੱਸਿਆ ਜਾਂ ਕਾਰਣ ਨੂੰ ਆਪਣੇ ਕਲਾਵੇ ਵਿਚ ਲੈ ਕੇ ਤੁਰਦਾ ਹੈ। ‘ਮਨੁੱਖ’ ਸਮਾਜ ਦੀ ਪੈਦਾਵਾਰ ਹੈ। ਮਨੁੱਖਾਂ ਨਾਲ ਹੀ ਮਨੁੱਖੀ ਸਮਾਜ ਹੈ। ਮਨੁੱਖ ਤੇ ਸਮਾਜ ਇੱਕ ਦੂਜੇ ਦੇ ਪੂਰਕ ਹੀ ਤਾਂ ਹਨ। ਲੇਖਕ ਵੀ ਬੰਦਾ ਹੋਣ ਕਾਰਨ ਸਮਾਜ ਵਿੱਚ ਵਿਚਰਦਿਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਰੂ-ਬ-ਰੂ ਖੁਦ ਆਪੂੰ ਹੁੰਦਾ ਹੈ, ਦੂਜਿਆਂ ਨੂੰ ਹੁੰਦਾ ਵੇਖਦਾ ਹੈ, ਦੁੱਖ-ਸੁੱਖ ਝੱਲਦਾ ਹੈ। ਇਹਨਾਂ ਸਭ ਸੁਆਲਾਂ ਦੇ ਜਵਾਬ ਅਤੇ ਹੱਲ ਲੱਭਣ ਲਈ ਮਜ਼ਬੂਰ ਹੁੰਦਿਆਂ ਖੱਟੇ-ਮਿੱਠੇ ਤਜ਼ਰਬੇ ਹੰਢਾਉਂਦਾ ਹੈ। ਇਸ ਸਭ ਵਰਤਾਰੇ ਸਦਕਾ ਉਹ ਜੋ ਅਹਿਸਾਸ ਕਰੇਗਾ ਉਹ ਕਿਸੇ ਨਾ ਕਿਸੇ ਢੰਗ ਨਾਲ ਲਿਖਤ ਵਿੱਚ ਆਵੇਗਾ। ਇੰਝ ਕੁਦਰਤੀ ਹੀ ਸਹਿਜ ਨਾਲ ਬਿਨਾਂ ਕਿਸੇ ਉਚੇਚ ਦੇ ਆਪਣੇ ਆਪ ਹੀ ਸਮੱਸਿਆ ਅਤੇ ਸੰਕੇਤਕ ਰੂਪ ਵਿੱਚ ਸੁਝਾ ਵੀ ਪ੍ਰਗਟ ਹੋਣਗੇ।

? ਗੁਰਦਿਆਲ ਸਿੰਘ ਜੀ, ਪੰਜਾਬੀ ਕਹਾਣੀ ਇੱਕ ਲੰਬਾ ਪੈਂਡਾ ਮਾਰ ਕੇ ਆਪਣਾ ਰੂਪ ਬਦਲਦੀ, ਨਵੀਨ ਕਹਾਣੀ ਦੇ ਬਸਤਰ ਪਹਿਨੀ ਖੜ੍ਹੀ ਹੈ। ਤੁਹਾਡੀ ਕਹਾਣੀ ਸਮੇਤ ਤੁਹਾਨੂੰ ਲੱਗਦਾ ਹੈ ਕਿ ਬਰਤਾਨੀਆਂ ਵਿੱਚ ਵੀ ਅੱਜ ਦੇ ਹਾਣ ਦੀ ਕਹਾਣੀ ਰਚੀ ਜਾ ਰਹੀ ਹੈ? ਕਿਉਂਕਿ ਪਹਿਲੇ ਵਿਸ਼ੇ ਤਾਂ ਸ਼ਾਇਦ ਅੱਜ ਦੇ ਪਾਠਕ ਲਈ ਉਹ ਖਿੱਚ ਨਾ ਪਾਉਂਦੇ ਹੋਣ?

: ਢਾਅ ਜੀ! ਪੰਜਾਬੀ ਕਹਾਣੀ ਸਚਮੁੱਚ ਹੀ ਇੱਕ ਬਹੁਤ ਲੰਬਾ ਪੈਂਡਾ ਮਾਰ ਕੇ ਆਪਣਾ ਰੂਪ ਬਦਲਦੀ, ਨਵੀਨ ਕਹਾਣੀ ਦੇ ਬਸਤਰ ਪਹਿਨੀ ਖੜ੍ਹੀ ਹੈ। ਬਰਤਾਨਵੀ ਕਹਾਣੀ ਰੂਪ, ਵਿਸ਼ੇ ਜਾਂ ਸ਼ਿਲਪ ਵਜੋਂ ਅੱਜ ਦੀ ਨਵੀਨ ਕਹਾਣੀ ਦੇ ਹਾਣ ਦੀ ਹੈ ਜਾਂ ਨਹੀਂ ਵਿਚਾਰਨ ਲਈ ਬਹੁਤ ਵਿਸਥਾਰ ਦੀ ਲੋੜ ਹੈ। ਪਰ ਮੇਰੀ ਜਾਚੇ ਬਰਤਾਨੀਆਂ ਵਸਦੇ ਦਰਜਨ ਦੇ ਕਰੀਬ ਕਹਾਣੀਕਾਰਾਂ ਵਿੱਚੋਂ ਬਹੁਤਿਆਂ ਨੇ ਐਨਾ ਕੁ ਹੰਭਲਾ ਤਾਂ ਜ਼ਰੂਰ ਹੀ ਮਾਰ ਲਿਆ ਹੈ ਕਿ ਉਹਨਾਂ ਦੀ ਗਿਣਤੀ ਪੰਜਾਬੀ ਦੀ ਮੁੱਖਧਾਰਾ ਵਿੱਚ ਵੱਧ ਜਾਂ ਘੱਟ ਅਤੇ ਦੱਬਵੀਂ ਜਾਂ ਉੱਚੀ ਸੁਰ ਵਿੱਚ ਹੋਣ ਲੱਗ ਪਈ ਹੈ। ਨਿਰ-ਸੰਦੇਹ ਇੱਥੇ ਲਿਖੀਆਂ ਜਾ ਰਹੀਆਂ ਕਹਾਣੀਆਂ, ਨਵੀਨ ਕਹਾਣੀ ਦੇ ਮੇਚ ਦੀਆਂ ਵੀ ਹਨ ਅਤੇ ਰੂਪ, ਵਿਸ਼ੇ ਜਾਂ ਸ਼ਿਲਪ ਵਜੋਂ ਉੱਤਮ ਵੀ। ਇਸ ਤੋਂ ਵੱਧ, ਮੇਰਾ ਨਾਵਾਂ ਦੇ ਚੱਕਰ ਵਿੱਚ ਪੈਣਾ ਜਾਂ ਕਿਸੇ ਹੋਰ ਕਹਾਣੀਕਾਰ ਸਬੰਧੀ ਟਿੱਪਣੀ ਦੇਣਾ ਜਾਂ ਆਪਣੀ ਕਹਾਣੀ ਸਬੰਧੀ ਕੋਈ ਸਵੈ-ਟਿੱਪਣੀ ਦੇਣਾ ਦਰੁਸਤ ਨਹੀਂ ਹੋਵੇਗਾ। ਇਹ ਕੰਮ ਕੋਈ ਹੋਰ ਪ੍ਰੌੜ੍ਹ ਅਤੇ ਨਿਰਪੱਖ ਆਲੋਚਕ ਹੀ ਕਰੇ ਤਾਂ ਬਿਹਤਰ ਹੋਵੇਗਾ।

? ਤੁਸੀਂ ਆਪਣੇ ਬਾਰੇ ਕਿਧਰੇ ਲਿਖਿਆ ਹੈ ਕਿ ਮੇਰੇ ਵਿਚਲਾ ਕਹਾਣੀਕਾਰ ਤਾਂ ਉਦੋਂ ਹੀ ਮਰ ਗਿਆ ਸੀ, ਜਦੋਂ ਮੈਂ ਪੰਜਾਬ ਛੱਡ ਕੇ ਲੰਡਨ ਆ ਪੁੱਜਿਆ। ਇਸ ਗੱਲ ਨੂੰ ਥੋੜ੍ਹਾ ਵਿਸਥਾਰ ਨਾਲ ਸਾਂਝੀ ਕਰੋ? ਕਿਉਂ ਤੇ ਕਿਵੇਂ? ਦੂਸਰੇ ਪਾਸੇ ਮੈਨੂੰ ਲਗਦੈ ਤੁਸੀਂ 1955 ਤੋਂ ਨਿਰੰਤਰ ਲਿਖਣ ਵਾਲੇ ਲੇਖਕ ਹੋ, ਤੁਹਾਡੇ ਤੇ ਇਹ ਗੱਲ ਕਿਵੇਂ ਢੁੱਕਦੀ ਹੈ?

: ਇਹ ਠੀਕ ਹੈ ਕਿ ਪੰਜਾਬ ਰਹਿੰਦਿਆਂ ਮੈਂ ਲਗਾਤਾਰ ਬਹੁਤ ਲਿਖਿਆ ਪਰ ਇਹ ਵੀ ਸੱਚ ਹੈ ਕਿ ਬਰਤਾਨੀਆਂ ਆਉਣ ਪਿੱਛੋਂ ਕੁਝ ਖੜੋਤ ਵੀ ਆਈ ਅਤੇ ਲਗਾਤਾਰ ਲਿਖਣ ਪ੍ਰਕਿਰਿਆ ਦੀ ਚਾਲ ਵਿੱਚ ਕੁਝ ਮੱਠਾਪਨ ਵੀ। ਸਮਰਾਲੇ ਤੋਂ ਮੇਰੇ ਇੱਕ ਬਹੁਤ ਹੀ ਪਿਆਰੇ ਅਤੇ ਜਿਗਰੀ ਦੋਸਤ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਹਨ। ਉਹ ਮੈਂਨੂੰ ਦਿੱਲੀ ਲਈ ਆਦਮਪੁਰ ਤੋਂ ਗੱਡੀ ਚੜ੍ਹਾਉਣ ਵੀ ਆਏ ਸਨ ਜਦੋਂ ਮੈਂ ਬਰਤਾਨੀਆਂ ਲਈ ਦਿੱਲੀ ਤੋਂ ਉਡਾਨ ਭਰਨੀ ਸੀ। ਉਹਨਾਂ ਮੈਨੂੰ ਤਾਕੀਦ ਕੀਤੀ ਸੀ ਕਿ ਹਰ ਹਾਲ ਵਿੱਚ ਲਿਖਣਾ ਨਹੀਂ ਛੱਡਣਾ। ਪਰ ਬਰਤਾਨੀਆਂ ਆ ਕੇ ਮੁੱਢਲੇ ਕੁਝ ਵਰ੍ਹਿਆਂ ਵਿੱਚ ਮੈਂ ਪੂਰੀ ਵਚਨਬੱਧਤਾ ਨਾਲ ਇਸ ਤਾਕੀਦ ਤੇ ਚੱਲ ਨਾ ਸਕਿਆ। ਨਿਰੰਤਰਤਾ ਨਾ ਰਹੀ, ਰੋਟੀ-ਰੋਜ਼ੀ ਦੇ ਚੱਕਰਾਂ ਵਿੱਚ ਚਾਲ ਮੱਠੀ ਹੋ ਗਈ। 1963 ਤੋਂ ਮਗਰੋਂ ਪ੍ਰੋ. ਹਮਦਰਦਵੀਰ ਨਾਲ ਚਿੱਠੀਆਂ ਰਾਹੀਂ ਹੀ ਗੱਲਬਾਤ ਚਲਦੀ ਰਹਿੰਦੀ ਸੀ। ਬਹੁਤ ਚਿਰਾਂ ਦੀ ਸਾਹਿਤਕ ਚੁੱਪ ਦੇ ਜਵਾਬ ਵਿੱਚ ਇੱਕ ਜ਼ਰਾ ਨਿਹੋਰੇ ਭਰਿਆ ਸਖ਼ਤ ਟਿੱਪਣੀ ਵਾਲਾ ਪੱਤਰ ਆਇਆ। ਇਸ ਚਿੱਠੀ ਦਾ ਗੁੱਝਾ ਜ਼ਿਕਰ ਮੈਂ ਕਹਾਣੀ ਸੰਗ੍ਰਹਿ ‘ਮੋਏ ਪੱਤਰ’ ਦੀ ਪਹਿਲੀ ਕਹਾਣੀ ‘ਜੀਣ ਦਾ ਤਰਲਾ’ ਵਿੱਚ ਕੀਤਾ ਸੀ ਜੋ ਇੰਝ ਹੈ: ‘ਮੇਰੇ ਵਿਚਲਾ ਕਹਾਣੀਕਾਰ ਤਾਂ ਉਦੋਂ ਹੀ ਮਰ ਗਿਆ ਸੀ, ਜਦੋਂ ਮੈਂ ਪੰਜਾਬ ਛੱਡ ਕੇ ਲੰਡਨ ਆ ਪੁੱਜਿਆ।’ ਇਹ ਟਿੱਪਣੀ ਇੱਕ ਸੰਕੇਤਕ ਚੂਲ ਹੈ ਜਿਸ ਦੁਆਲੇ ਕਹਾਣੀ ਦਾ ਤਾਣਾ-ਬਾਣਾ ਬੁਣਿਆ ਗਿਆ ਹੈ।

? ਤੁਸੀਂ ਇੱਕ ਨਿਬੰਧ-ਸੰਗ੍ਰਹਿ ‘ਗੁਆਚੇ ਪਲਾਂ ਦੀ ਤਲਾਸ਼’ ਲਿਖ ਕੇ ਵੀ ਪੰਜਾਬੀ ਸਾਹਿਤ ਵਿੱਚ ਮੁੱਲਵਾਨ ਵਾਧਾ ਕੀਤਾ ਹੈ। ਇਹ ਸੰਗ੍ਰਹਿ ਲਿਖਣ ਦਾ ਸਬੱਬ ਕਦੋਂ ਅਤੇ ਕਿਵੇਂ ਬਣਿਆ। ਉਂਝ ਵੀ ਨਿਬੰਧ ਪੰਜਾਬੀ ਸਾਹਿਤ ਵਿੱਚ ਬਹੁਤ ਘੱਟ ਲਿਖੇ ਗਏ ਹਨ। ਤੁਸੀਂ ਇਸ ਨਿਬੰਧ ਸੰਗ੍ਰਹਿ ਨੂੰ ਦੂਜੇ ਨਿਬੰਧਕਾਰਾਂ ਦੇ ਲਿਖੇ ਨਿਬੰਧਾਂ ਨਾਲੋਂ ਕਿਵੇਂ ਵਖਰਿਆਉਂਦੇ ਹੋ?

: ਢਾਅ ਜੀ, ‘ਗੁਆਚੇ ਪਲਾਂ ਦੀ ਤਲਾਸ਼’ 20 ਨਿਬੰਧਾਂ ’ਤੇ ਅਧਾਰਿਤ 100 ਪੰਨਿਆਂ ਦੀ ਪੁਸਤਕ ਹੈ। ਇਹ ਪੁਸਤਕ 1992 ਵਿੱਚ ‘ਲਿਟ੍ਰੇਚਰ ਹਾਊਸ, ਅੰਮ੍ਰਿਤਸਰ ਵਾਲਿਆਂ ਪਰਕਾਸ਼ਿਤ ਕੀਤੀ। ਇਸ ਸੰਗ੍ਰਹਿ ਵਿੱਚ ਸ਼ਾਮਲ ਸਾਰੇ ਨਿਬੰਧ 1980 ਤੋਂ ਲੈ ਕੇ 1992 ਦੇ ਲਿਖੇ ਹੋਏ ਹਨ। ‘ਪੰਜਾਬੀ ਵਿੱਚ ਮੁੱਲਵਾਨ ਵਾਧੇ’ ਸੰਬੰਧੀ ਤਾਂ ਮੈਂ ਕੁਝ ਵੀ ਕਹਿਣ ਦੇ ਸਮਰੱਥ ਨਹੀਂ ਪਰ ਇਹਨਾਂ ਵਿੱਚੋਂ ਕਈ ਨਿਬੰਧ ਤਾਂ ਇੱਕ ਤੋਂ ਵੱਧ ਵਾਰੀ ਵੱਖ ਵੱਖ ਪਰਚਿਆਂ ਵਿੱਚ ਛਪਦੇ ਰਹੇ ਅਤੇ ਕਈਆਂ ਦੇ ਅਨੁਵਾਦ ਵੀ ਛਪੇ। ਬਹੁਤੇ ਪਾਠਕਾਂ, ਲੇਖਕਾਂ ਅਤੇ ਮਿੱਤਰਾਂ ਨੇ ਪਿੱਠ ਠੋਕੀ ਪਰ ਕੁਝ ਸੱਜਣਾਂ ਦਾ ਕਹਿਣਾ ਸੀ ਕਿ ਇਸ ਵਿੱਚ ਦਰਜ ਲਿਖਤਾਂ ਉਹਨਾਂ ਦੇ ਸਿਰਾਂ ਉੱਪਰੋਂ ਲੰਘ ਗਈਆਂ। ਭਾਵ ਉਹਨਾਂ ਨੂੰ ਇਸ ਸੰਗ੍ਰਹਿ ਵਿੱਚ ਦਰਜ ਨਿਬੰਧ ਸਮਝ ਨਹੀਂ ਪਏ ਜਾਂ ਉਹਨਾਂ ਨੂੰ ਚੰਗੇ ਨਹੀਂ ਲੱਗੇ। ਕਿਉਂ? ਮੈਂ ਨਹੀਂ ਕਹਿ ਸਕਦਾ। ਉਹਨਾਂ ਮੇਰੇ ਪੁੱਛਣ ਤੇ ਵੀ ਵਿਸ਼ੇਸ਼ ਕਾਰਣ ਨਹੀਂ ਦੱਸਿਆ। ਪਰ ...

ਨਿਬੰਧ ਲਿਖਣਾ ਆਸਾਨ ਕਾਰਜ ਨਹੀਂ। ਨਿਬੰਧ ਵਰਤਮਾਨ ਸਮੇਂ ਦੀ ਸਦਾ-ਬਹਾਰ, ਪਿਆਰੀ ਤੇ ਸੁਤੰਤਰ ਵਾਰਤਕ ਵਿਧਾ ਹੈ ਜਿਸ ਵਿੱਚ ਸਮੂਹ ਸੰਸਾਰ ਦੇ ਕਿਸੇ ਵੀ ਪ੍ਰਸੰਗ ਨੂੰ ਵਿਸ਼ੇ ਦੇ ਅਨੁਰੂਪ ਜਾਂ ਅਨਕੂਲ ਬਣਾ ਕੇ ਲਘੂ-ਆਕਾਰੀ ਰੂਪ ਵਿੱਚ ਪ੍ਰਸਤੁਤ ਕੀਤਾ ਜਾਂਦਾ ਹੈ। ਕੋਸ਼ਿਸ਼ ਹੁੰਦੀ ਹੈ ਕਿ ਗਾਗਰ ਵਿਚ ਸਾਗਰ ਆ ਜਾਵੇ ਅਤੇ ਸਿਰਜਣਾ ਸੰਪੂਰਨਤਾ ਦਾ ਆਭਾਸ ਦੇਵੇ। ਤ੍ਰਿਪਤੀ ਦੇਵੇ, ਸੰਤੁਸ਼ਟ ਕਰੇ। ਮੈਂ ਇਹਨਾਂ ਨਿਬੰਧਾਂ ਵਿੱਚ ਪਾਠਕਾਂ ਨੂੰ ਲੇਖਕ ਦੀ ਲਿਖਤ ਨਾਲ ਜੋੜਨ ਵਾਲੀਆਂ ਕੁਝ ਸੰਚਾਰ ਜੁਗਤਾਂ ਦੀ ਵਰਤੋਂ ਕੀਤੀ ਹੈ। ਮੈਂ ਆਪਣੇ ਆਪ ਨੂੰ ਦੂਜੇ ਨਿਬੰਧਕਾਰਾਂ ਨਾਲੋਂ ਵੱਖਰਾ, ਥੋੜ੍ਹਾ ਜਿਹਾ ਹਟਵਾਂ ਤੇ ਨਿਵੇਕਲਾ ਰੱਖਣ ਲਈ ਵਾਦ ਪ੍ਰਤੀਵਾਦ, ਪੂਰਵ-ਪੱਖ, ਉੱਤਰ-ਪੱਖ ਅਤੇ ਤਰਕ-ਵਿਤਰਕ ਦਾ ਸਹਾਰਾ ਲਿਆ ਹੈ। ਸ਼ਾਇਦ ਵਿਸ਼ੇ ਨਾਲ ਸਬੰਧ ਰੱਖਦੇ ਤਰਕਾਂ, ਉਕਤੀਆਂ ਜਾਂ ਪ੍ਰਮਾਣਾਂ ਦਾ ਲਿਆ ਗਿਆ ਇਹ ਸੰਕੇਤਕ ਸਹਾਰਾ ਕੁਝ ਪਾਠਕਾਂ ਨੂੰ ਨਹੀਂ ਜਚਿਆ।

? ਪੰਜਾਬੀ ਸਾਹਿਤ ਇੰਗਲੈਂਡ ਵਿੱਚ ਪਿਛਲੇ ਪੰਜ ਚਾਰ ਦਹਾਕਿਆਂ ਤੋਂ ਰਚਿਆ ਗਿਆ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਸਾਹਿਤ ਦਾ ਅੰਗਰੇਜ਼ੀ ਸਾਹਿਤ ਉੱਤੇ ਜਾਂ ਅੰਗਰੇਜ਼ੀ ਸਾਹਿਤ ਦਾ ਪੰਜਾਬੀ ਸਾਹਿਤ ਉੱਤੇ ਕੋਈ ਅਸਰ ਪਿਆ? ਜਾਂ ਇਉਂ ਕਹਿ ਲਓ ਕਿ ਮੇਨ ਸਟਰੀਮ ਨੇ ਪੰਜਾਬੀ ਸਾਹਿਤ ਦਾ ਕੋਈ ਨੋਟਿਸ ਲਿਆ?

: ਜ਼ਾਹਰਾ ਤੌਰ ’ਤੇ ਮੈਂਨੂੰ ਅਜਿਹਾ ਕੁਝ ਨਹੀਂ ਲੱਗਦਾ ਕਿ ਬਰਤਾਨੀਆਂ ਵਿੱਚ, ਪੰਜਾਬੀ ਸਾਹਿਤ ਦਾ ਅੰਗਰੇਜ਼ੀ ਸਾਹਿਤ ’ਤੇ ਜਾਂ ਅੰਗਰੇਜ਼ੀ ਸਾਹਿਤ ਦਾ ਪੰਜਾਬੀ ਸਾਹਿਤ ’ਤੇ ਕੋਈ ਅਸਰ ਪਿਆ ਹੋਵੇ। ਹਾਂ, ਇੱਕਾ-ਦੁੱਕਾ ਸੰਪਰਕ ਤਾਂ ਭਾਵੇਂ ਕੁਝ ਪੰਜਾਬੀ ਲੇਖਕਾਂ ਨੇ ਅੰਗਰੇਜ਼ ਲੇਖਕਾਂ ਨਾਲ ਬਣਾਏ ਅਤੇ ਨਿਸਚੈ ਹੀ ਪਰਸਪਰ ਵਿਚਾਰ ਵਟਾਂਦਰੇ ਵੀ ਹੋਏ। ਪਰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਸਮੂਹਕ ਤੌਰ ’ਤੇ ਇੱਕ ਦੂਜੇ ਦੀਆਂ ਲਿਖਾਰੀ ਸਭਾਵਾਂ ਵਿੱਚ ਜਾ ਕੇ ਆਪਸੀ ਮਿਲਵਰਤੋਂ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਸਾਹਿਤਕ ਸੰਵਾਦ ਹੀ ਰਚਾਏ ਗਏ। ਭਾਵੇਂ ਕਿ ਸੰਵਾਦ-ਸਾਂਝ ਲਈ ਦੋਹਾਂ ਬੋਲੀਆਂ ਦੇ ਲਿਖਾਰੀਆਂ ਪਾਸ ਇੱਕ ਸਾਂਝੀ ਬੋਲੀ ਅੰਗਰੇਜ਼ੀ ਸਦਾ ਮੌਜੂਦ ਰਹੀ ਹੈ।

ਹਾਂ, ਇਹ ਕਿਹਾ ਜਾ ਸਕਦਾ ਹੈ ਕਿ ‘ਮੇਨ ਸਟਰੀਮ’ ਨੇ ਪੰਜਾਬੀ ਸਾਹਿਤ ਦਾ ਬਸ ਇੰਨਾ ਕੁ ਹੀ ਨੋਟਿਸ ਲਿਆ ਹੈ ਕਿ ਬਰਤਾਨੀਆਂ ਵਿੱਚ ਜਿਹਨਾਂ ਇਲਾਕਿਆਂ ਵਿਚ ਪੰਜਾਬੀ ਹਨ, ਉੱਥੋਂ ਦੀਆਂ ਲਾਇਬਰੇਰੀਆਂ ਵਿੱਚ ਥੋੜ੍ਹੀਆਂ ਬਹੁਤ ਪੰਜਾਬੀ ਦੀਆਂ ਪੁਸਤਕਾਂ ਮੁਹਈਆ ਕਰਵਾ ਦਿੱਤੀਆਂ। ਦੂਜੀ ਗੱਲ ਬਹੁਤੇ ਪੰਜਾਬੀ ਸਾਹਿਤਕਾਰ ਬਰਤਾਨਵੀ ਲੇਖਕਾਂ ਦੀਆਂ ਜਾਂ ਅੰਗਰੇਜ਼ੀ ਦੀਆਂ ਪੁਸਤਕਾਂ ਜ਼ਰੂਰ ਪੜ੍ਹਦੇ ਹਨ। ਇੰਝ ਸੰਭਵ ਹੈ ਕਿ ‘ਗੁੱਝੇ ਤੌਰ ’ਤੇ’ ਅੰਗਰੇਜ਼ੀ ਸਾਹਿਤ ਦਾ ਪੰਜਾਬੀ ਸਾਹਿਤ ’ਤੇ ਕੋਈ ਅਸਰ ਪੈ ਰਿਹਾ ਹੋਵੇ।

? ਪਿਛਲੇ ਪੰਜਾਂ ਛੇਆਂ ਦਹਾਕਿਆਂ ਵਿੱਚ ਪੰਜਾਬ ਵਿੱਚ ਕਈ ਲਹਿਰਾਂ ਉੱਠੀਆਂ ਤੇ ਸਮਾਪਤ ਹੋਈਆਂ। ਆਜ਼ਾਦੀ ਦੀ ਲਹਿਰ ਤੋਂ ਲੈ ਕੇ ਅੱਜ ਤੱਕ ਦੀਆਂ ਲਹਿਰਾਂ ਬਾਰੇ ਤੁਹਾਨੂੰ ਲੱਗਦਾ ਕਿ ਪੰਜਾਬੀ ਬਰਤਾਨਵੀ ਲੇਖਕਾਂ ਨੇ ਪੰਜਾਬ ਵਿੱਚਲੀ ਅੱਗ ਦਾ ਸੇਕ ਮਹਿਸੂਸ ਕੀਤਾ?

: ਪਹਿਲੀ ਪੀੜ੍ਹੀ ਦੇ ਆਵਾਸੀ ਹਾਲਾਂ ਤੱਕ ਵੀ ਆਪਣੇ ਜੱਦੀ ਪਿਛੋਕੜ ਨਾਲ ਤਨੋ-ਮਨੋ ਜੁੜੇ ਹੋਏ ਹਨ। ਦੂਜੀ ਜਾਂ ਤੀਜੀ ਪੀੜ੍ਹੀ ਦੇ ਪੰਜਾਬੀ ਬੱਚੇ ਜਾਂ ਜਵਾਨ, ਆਪਣੇ ਜੱਦੀ ਪਿਛੋਕੜ ਨਾਲ ਮਨੋ ਕੋਈ ਬਹੁਤਾ ਲਗਾਵ ਨਹੀਂ ਰੱਖਦੇ। ਹਾਂ, ਛੁੱਟੀਆਂ ਕੱਟਣ ਲਈ ਜਾਕੇ ਵੀ ਜਦ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ ਤਾਂ ਉਹ ਮੁੜ ਪੰਜਾਬ/ਭਾਰਤ ਜਾਣ ਦਾ ਨਾਂ ਵੀ ਨਹੀਂ ਲੈਂਦੇ। ਪਰ ਪਹਿਲੇ ਪੂਰ ਦੇ ਆਵਾਸੀ ਵਾਰ ਵਾਰ ਨਿਰਾਸ਼ਾ ਹੱਥ ਲੱਗਣ ਦੇ ਬਾਵਜੂਦ ਵੀ ਆਪਣੇ ਜੱਦੀ ਪਿਛੋਕੜ ਨਾਲ ਮਨੋ ਜੁੜੇ ਹੋਣ ਕਾਰਨ ਪੰਜਾਬ ਨੂੰ ਜਾਂਦੇ ਰਹਿੰਦੇ ਹਨ। ਹਵਾਈ ਆਵਾਜਾਈ ਦੇ ਅੰਕੜੇ ਵੀ ਇਹੀ ਸੰਕੇਤ ਦਿੰਦੇ ਹਨ ਪੰਜਾਬ ਨੂੰ ਜਾਣ ਵਾਲਿਆਂ ਦੀ ਬਹੁ-ਗਿਣਤੀ ਪਰਵਾਸੀਆਂ ਦੀ ਹੀ ਹੁੰਦੀ ਹੈ। ਇਸ ਸਭ ਦੀ ਰੌਸ਼ਨੀ ਵਿੱਚ ਇਹ ਵੇਖਣ ਵਿੱਚ ਆਉਂਦਾ ਹੈ ਕਿ ਪਹਿਲੇ ਪੂਰ ਦੇ ਪੰਜਾਬੀ, ਪੰਜਾਬ ਦੀ ਰਾਜਨੀਤਕ, ਸਮਾਜਕ ਅਤੇ ਆਰਥਕ ਹਾਲਾਤ ਨੂੰ ਬਹੁਤ ਨੀਝ ਨਾਲ ਘੋਖਦੇ-ਪਰਖਦੇ ਹਨ ਅਤੇ ਉਹਨਾਂ ਦੀ ਸਾਇਕੀ ਵਿੱਚ ਪੰਜਾਬ ਵਿੱਚ ਹੁੰਦੀ ਹਰ ਤਰ੍ਹਾਂ ਦੀ ਉਥਲ-ਪੁਥਲ ਨੂੰ ਥਾਂ ਪ੍ਰਾਪਤ ਹੈ। ਇਸੇ ਕਾਰਣ ਹੀ ਪੰਜਾਬੀ ਲੇਖਕਾਂ ਨੇ ਵੀ ਸਮੇਂ ਸਮੇਂ ਉੱਠੀਆਂ ਲਹਿਰਾਂ ਦਾ ਅਸਰ ਕਬੂਲਦਿਆਂ ਸਾਹਿਤਕ ਰਚਨਾ ਕੀਤੀ। ਆਜ਼ਾਦੀ ਪਿੱਛੋਂ ਪੰਜਾਬ ਵਿੱਚ ਪੰਜਾਬੀ ਸੂਬੇ, ਨਕਸਲਬਾੜੀ ਲਹਿਰ ਜਾਂ ਫਿਰ ਖਾਲਿਸਤਾਨ ਦੀ ਲਹਿਰ, ਚੌਰਾਸੀ ਦੀ ਅੱਗ ਦੇ ਸੇਕ ਤੋਂ ਕੋਈ ਵੀ ਪੰਜਾਬੀ ਲੇਖਕ ਜਾਂ ਜਨ-ਸਾਧਾਰਨ ਪੰਜਾਬੀ, ਬਚ ਨਹੀਂ ਸਕਿਆ। ਪੰਜਾਬ ਜਾਂ ਸਮੁੱਚੇ ਭਾਰਤ ਵਿੱਚ ਜੋ ਕੁਝ ਵੀ ਕੋਝਾ ਅਤੇ ਦੁਖਾਵਾਂ ਵਾਪਰਦਾ ਹੈ ਉਸ ਸੰਬੰਧੀ, ਮੀਡੀਆ ਦੀ ਸਹੂਲਤ ਸਦਕਾ, ਪੰਜਾਬੀ ਲੇਖਕ ਦੀ ਸੋਚ ਸਦਾ ਹੀ ਚੁਕੰਨੀ ਰਹੀ ਹੈ। ਲੋੜ ਅਤੇ ਵਿੱਤ ਅਨੁਸਾਰ ਹਰ ਪੰਜਾਬੀ ਲੇਖਕ ਕਿਸੇ ਨਾ ਕਿਸੇ ਰੂਪ ਵਿੱਚ ਨਾ ਕੇਵਲ ਇਸ ‘ਸੇਕ’ ਨੂੰ ਮਹਿਸੂਸ ਹੀ ਕਰਦੇ ਹਨ ਸਗੋਂ ਇਸਦਾ ਥੋੜ੍ਹਾ ਜਾਂ ਬਹੁਤਾ ਪ੍ਰਗਟਾਅ ਆਪਣੀਆਂ ਲਿਖਤਾਂ ਵਿੱਚ ਵੀ ਕਰਦੇ ਰਹਿੰਦੇ ਹਨ।

? ਕਈ ਵਾਰ ਇਹ ਸੁਝਾ ਵੀ ਸੁਣਨ ਵਿੱਚ ਆਇਆ ਕਿ ਬਾਹਰਲੇ ਲੇਖਕਾਂ ਨੂੰ ਸਿਰਫ ਬਾਹਰ ਬਾਰੇ ਹੀ ਲਿਖਣਾ ਚਾਹੀਦਾ ਹੈ ਪੰਜਾਬ ਬਾਰੇ ਤਾਂ ਪੰਜਾਬ ਵਿਚਲੇ ਲੇਖਕ ਲਿਖੀ ਜਾਂਦੇ ਹਨ ਅਤੇ ਲਿਖ ਵੀ ਵਧੀਆ ਸਕਦੇ ਹਨ। ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ?

: ਸਰਸਰੀ ਤੌਰ ’ਤੇ ਇਹ ਆਖਣਾ ਦਰੁਸਤ ਰਹੇਗਾ ਕਿ ਆਪਣੇ ਪਰਿਵੇਸ਼ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਲੇਖਕ, ਆਪਣੇ ਮਾਹੌਲ ਦਾ ਸਹੀ ਜਾਇਜ਼ਾ ਲੈ ਕੇ, ਉਸ ਸਮੇਂ ਦੇ ਸਮੁੱਚ ਨੂੰ ਪਕੜਦਾ, ਸਹੀ ਤੇ ਠੀਕ ਲਿਖ ਸਕਦਾ ਹੈ। ਪਰ ਅੱਜ ਦੁਨੀਆਂ ਬਹੁਤ ਸੁੰਗੜ ਚੁੱਕੀ ਹੈ। ਆਵਾਜਾਈ ਅਤੇ ਸੰਚਾਰ ਸਾਧਨਾਂ ਵਿੱਚ ਗੁਣਾਤਮਕ ਵਾਧਾ ਹੋਇਆ ਹੈ। ਪੂਰਬੀ ਦੇਸ਼ਾਂ ਵਿੱਚ ਹੋਣ ਵਾਲੇ ਵਰਤਾਰੇ ਦੀ ਪੂਰੀ ਸੂਚਨਾ ਅਤੇ ਖ਼ਬਰ ਪੂਰਬੀ ਦੇਸ਼ਾਂ ਦੇ ਲੋਕਾਂ ਤੋਂ ਵੀ ਕਈ ਘੰਟੇ ਪਹਿਲਾਂ ਪੱਛਮੀ ਦੇਸ਼ਾਂ ਦੇ ਲੋਕਾਂ ਤੱਕ ਪੁੱਜ ਜਾਂਦੀ ਹੈ। ਹਾਂ, ਇਹ ਸੂਚਨਾ ਕਿੰਨੀ ਕੁ ਸਹੀ ਜਾਂ ਸੱਚ ਹੈ ਉਸਦਾ ਪਤਾ ਲਾਉਣਾ ਪੂਰਬ ਅਤੇ ਪੱਛਮ ਦੋਹਾਂ ਲਈ ਹੀ ਔਖਾ ਹੈ। ਦਲੀਲ ਹੈ ਕਿ ‘ਪੰਜਾਬ ਬਾਰੇ ਤਾਂ ਪੰਜਾਬ ਵਿੱਚਲੇ ਲੇਖਕ ਹੀ ਵਧੀਆ ਲਿਖ ਸਕਦੇ ਹਨ।’ ਕਿਉਂ? ਸਿਰਫ਼ ਇਸ ਕਾਰਣ ਕਿਉਂਕਿ ਪੰਜਾਬ ਵਿਚਲੇ ਸਿਰਜਕ-ਲੇਖਕ, ਵਰਤਾਰੇ ਦੇ ਪਲਾਂ ਵਿੱਚ ਪੰਜਾਬ ਵਿਚ ਹੀ ਹਨ ਅਤੇ ਪੰਜਾਬ ਵਿੱਚ ਹੋਣ ਕਾਰਨ ਸ਼ਾਇਦ ਉਹ ਪੰਜਾਬ ਜਾਂ ਪੰਜਾਬ ਦੀਆਂ ਸਮੱਸਿਆਵਾਂ ਨੂੰ ਬਾਹਰਲੇ ਪੰਜਾਬੀ ਲੇਖਕਾਂ ਤੋਂ ਵੱਧ ਜਾਣਦੇ ਹਨ। ਮੈਂ ਇਸ ਕਥਨ ਨਾਲ ਕੁਝ ਹੱਦ ਤਕ ਸਹਿਮਤ ਹਾਂ। ਵਧੀਆ ਤਾਂ ਕੋਈ ਵੀ ਲਿਖ ਸਕਦਾ ਹੈ, ਪਹੁੰਚ ਵਿੱਚ ਫ਼ਰਕ ਹੋ ਸਕਦਾ ਹੈ। ਦੂਜੀ ਗੱਲ ਅਹਿਸਾਸ ਦੀ ਹੈ। ਸਮੱਸਿਆ, ਸਮੱਸਿਆ ਹੁੰਦੀ ਹੈ। ਸਮੱਸਿਆ ਕਿਸੇ ਵੀ ਦੇਸ਼, ਕੌਮ ਜਾਂ ਕਾਲ ਦੀ ਸੀਮਾ ਵਿੱਚ ਨਹੀਂ ਬੱਝ ਸਕਦੀ। ਜੇਕਰ ਲੇਖਕ ਸੰਵੇਦਨਸ਼ੀਲ ਹੈ ਅਤੇ ਉਸਦਾ ਅਹਿਸਾਸ ਗਹਿਰਾ ਹੈ ਤਾਂ ਉਹ ਭਾਵੇਂ ਸੰਸਾਰ ਦੇ ਕਿਸੇ ਵੀ ਕੋਣੇ ਵਿੱਚ ਹੋਵੇ, ਜ਼ਰੂਰ ਲਿਖੇ। ਲਿਖ ਸਕਦਾ ਹੈ, ਰੋਕ ਕੇਹੀ?

? ਇਸ ਜਵਾਬ ਨਾਲ ਹੀ ਇੱਕ ਹੋਰ ਸਵਾਲ ਮੇਰੇ ਜ਼ਿਹਨ ਵਿੱਚ ਆ ਰਿਹਾ ਹੈ ਕਿ ਪੰਜਾਬ ਵਿੱਚ ਪੰਜਾਬੀ ਸਾਹਿਤ ਦੇ ਆਲੋਚਕ ਜਦੋਂ ਸਾਹਿਤਕ ਵੰਡ ਕਰਦੇ ਹਨ ਤੇ ਪਰਵਾਸੀ ਸਾਹਿਤ ਨੂੰ ਅਵਾਸੀ ਸਾਹਿਤ ਨਾਲੋਂ ਹਲਕਾ ਤੇ ਪੌਂਡਾਂ ਨਾਲ ਛਪਿਆ ਸਾਹਿਤ ਕਹਿ ਕੇ ਬਹੁਤੀ ਅਹਿਮੀਅਤ ਨਹੀਂ ਸੀ ਦਿੰਦੇ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਾਹਿਤਕ ਆਲੋਚਨਾ ਇੱਕ ਪਾਸੜ ਨਹੀਂ? ਜਦੋਂ ਕਿ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੇ ਲੇਖਕਾਂ ਨੇ ਬਹੁਤ ਸਾਰਥਕ ਵੀ ਲਿਖਿਆ ਹੈ? ਹੁਣ ਕੀ ਸਥਿਤੀ ਹੈ?

: ਪੰਜਾਬੀ ਆਲੋਚਕਾਂ ਵਲੋਂ ਅਜਿਹਾ ਸੋਚਣਾ ਨਿਰਸੰਦੇਹ ਇੱਕ-ਪਾਸੜ ਅਤੇ ਬੇ-ਬੁਨਿਆਦ ਹੈ। ਬੜੀ ਹੀ ਹਲੀਮੀ ਨਾਲ ਮੈਂ ਇਸ ਸਵਾਲ ਦੇ ਉੱਤਰ ਵਿੱਚ ਕੁਝ ਕਹਿਣ ਤੋਂ ਪਹਿਲਾਂ ਅਜਿਹੀ ਸੋਚ ਬਾਰੇ ਪੁੱਛਣ ਦਾ ਹੀਆ ਕਰਦਾ ਹਾਂ ਕਿ ਕੀ ਪੰਜਾਬੀ ਦੇ ਤਥਾ-ਕਥਿਤ ਇਹ ਆਲੋਚਕ ਹਿੱਕ ਠੋਕ ਕੇ ਕਹਿ ਸਕਦੇ ਹਨ ਕਿ ਸਾਰਾ ਹੀ ‘ਪੰਜਾਬ/ਭਾਰਤ ਦਾ ਪੰਜਾਬੀ ਸਾਹਿਤ’ ਜਿਹੜਾ ਪੰਜਾਬ ਭਾਵ ਜਿਹੜਾ ਪੰਜਾਬ ਵਿੱਚ ਰਹਿੰਦੇ ਸਾਰੇ ਲੇਖਕ ਸਿਰਜ ਰਹੇ ਹਨ ‘ਸੁਧਾ ਸੋਨਾ ਹੀ ਹੈ?’ ਬਹੁ-ਗਿਣਤੀ ਪੰਜਾਬ ਰਹਿੰਦੇ ਲੇਖਕ ਬਹੁਤ ਚੰਗੀਆਂ, ਸਦ-ਰਹਿਣੀਆਂ ਅਤੇ ਉੱਚ ਕੋਟੀ ਦੀਆਂ ਲਿਖਤਾਂ ਦੇ ਰਹੇ ਹਨ ਪਰ ਇਸ ਦਾ ਕਦਾਚਿਤ ਇਹ ਅਰਥ ਨਹੀਂ ਹੈ ਕਿ ਪੰਜਾਬ ਵਿੱਚ ਲਿਖਿਆ ਗਿਆ ਸਭ ਕੁਝ ਠੀਕ-ਠਾਕ ਅਤੇ ਉੱਚ ਪਾਏ ਦਾ ਹੀ ਹੈ। ਇੰਝ ਹੀ ਪ੍ਰਦੇਸਾਂ ਵਿਚ ਵਸਦੇ ਬਹੁਤੇ ਪਰਵਾਸੀ ਲੇਖਕਾਂ ਨੇ ਵੀ ਕੇਵਲ ਗਿਣਨਾਤਮਿਕ ਪੱਖੋਂ ਹੀ ਨਹੀਂ ਸਗੋਂ ਗੁਣਾਤਮਿਕ ਪੱਖੋਂ ਵੀ ਜੱਦੀ ਪੰਜਾਬੀ ਲੇਖਕਾਂ ਦੇ ਮੇਚ ਦੀਆਂ ਹੀ ਲਿਖਤਾਂ ਦਿੱਤੀਆਂ ਹਨ। ਹਾਂ, ਬਿਲਕੁਲ ਸੰਭਵ ਹੈ ਕਿ ਕੁਝ ਇੱਕ ਪਰਵਾਸੀ ਲੇਖਕਾਂ ਦੀ ਸਿਰਜਣਾ ਹਾਲਾਂ ਹੋਰ ਮਿਹਨਤ ਮੰਗਦੀ ਹੋਵੇ ਅਤੇ ਉਹਨਾਂ ਦੀ ‘ਰਚਨਾ’ ਹਾਲਾਂ ਤੱਕ ਮੂਲ ਪੰਜਾਬੀ ਧਾਰਾ ਦੇ ਪ੍ਰਵਾਣਿਤ ਘੇਰੇ ਦੀ ਨਾ ਹੋਵੇ।

ਬਾਕੀ ਰਹੀ ਪੌਂਡਾਂ ਨਾਲ ਛਪਦੇ ਪਰਵਾਸੀ ਸਾਹਿਤ ਦੀ ਗੱਲ। ਇਸ ਲਈ ਦੋਸ਼ੀ ਕੌਣ ਹੈ, ਲੱਭਣ ਦੀ ਲੋੜ ਨਹੀਂ ਹੈ। ਸਭ ਕੁਝ ਬੜਾ ਸਪਸ਼ਟ ਅਤੇ ਗਿਣਿਆ ਮਿੱਥਿਆ ਹੀ ਲੱਗਦਾ ਹੈ। ਪੰਜਾਬੀ ਦਾ ਪਬਲਿਸ਼ਰ ਪਿੱਟੀ ਜਾ ਰਿਹਾ ਹੈ ਕਿ ਪੁਸਤਕਾਂ ਵਿਕਦੀਆਂ ਨਹੀਂ, ਉਹ ਕੀ ਕਰਨ, ਇਸ ਲਈ ਛਾਪਣ ਲਈ ਉਹਨਾਂ ਨੂੰ ਪੈਸੇ ਲੋੜੀਂਦੇ ਹਨ। ਇਸ ਕਾਰਣ ਲੇਖਕ ਨੂੰ ਪੁਸਤਕਾਂ ਛਪਵਾਉਣ ਲਈ ਪੈਸੇ ਦੇਣੇ ਪੈਂਦੇ ਹਨ। ਸੁਣਨ ਵਿੱਚ ਆਇਆ ਹੈ ਕਿ ਕੁਝ ਇੱਕ ਨੂੰ ਛੱਡਕੇ ਪੰਜਾਬ ਦੇ ਪੰਜਾਬੀ ਲੇਖਕ ਵੀ ਪੁਸਤਕਾਂ ਦੀ ਛਪਵਾਈ ਲਈ ਕੋਲੋਂ ਪੈਸੇ ਦਿੰਦੇ ਹਨ। ਕੋਲੋਂ ਪੈਸੇ ਦੇ ਕੇ ਛਪਵਾਈਆਂ ਪੁਸਤਕਾਂ ਲਈ ਪੱਛਮ ਵਿੱਚ ਇੱਕ ਵਿਸ਼ੇਸ਼ ‘ਟਰਮ’ ਵਰਤੀ ਜਾਂਦੀ ਹੈ ‘ਵੈਨੇਟੀ ਪਬਲਿਸ਼ਿੰਗ।’ ਪੈਸੇ ਦੇ ਕੇ ਛਪੇ ‘ਲਿਖਾਰੀ’ ਨੂੰ ਇੱਧਰ ਲਿਖਾਰੀ ਹੀ ਨਹੀਂ ਮੰਨਿਆ ਜਾਂਦਾ। ਹਾਂ, ਸਵੈ-ਪਬਲਿਸ਼ਿੰਗ ਦੀ ਗੱਲ ਹੋਰ ਹੈ।

? ਕਿਸੇ ਲੇਖਕ ਨੂੰ ਕਿਸੇ ਵਾਦ ਦੇ ਪ੍ਰਭਾਵ ਹੇਠ ਲਿਖਦਿਆਂ ਦੇਖ ਕੇ ਕਈ ਆਲੋਚਕਾਂ ਦਾ ਵਿਚਾਰ ਹੈ ਕਿ ਲੇਖਕ, ਲੇਖਣੀ ਨਾਲ ਨਿਆਂ ਨਹੀਂ ਕਰ ਸਕਦਾ, ਸਗੋਂ ਇੱਕ ਸੀਮਤ ਦਾਇਰੇ ਵਿੱਚ ਬੱਝ ਜਾਂਦਾ ਹੈ। ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ?

: ਮੇਰਾ ਨਿੱਜੀ ਵਿਚਾਰ ਹੈ ਕਿ ਲੇਖਕ ਨੂੰ ਕਿਸੇ ‘ਵਾਦ’ ਦੇ ਚੱਕਰ ਵਿਚ ਨਹੀਂ ਪੈਣਾ ਚਾਹੀਦਾ। ਕਿਉਂਕਿ ‘ਵਾਦ’ ਦੇ ਚੱਕਰ ਵਿੱਚ ਪਿਆਂ ਸਿਰਜਕ ਪਲਾਂ ਉੱਤੇ ਵਾਧੂ ਭਾਰ ਰਹੇਗਾ। ਪਰ ਇਸਦਾ ਇਹ ਅਰਥ ਨਹੀਂ ਕਿ ਲੇਖਕ ਹੁਣ ਤੱਕ ਦੇ ਲਿਖੇ ਸਾਹਿਤ ਤੋਂ ਜਾਣੂ ਹੀ ਨਾ ਹੋਵੇ ਅਤੇ ਨਾ ਹੀ ਉਸ ਨੂੰ ਇਹ ਪਤਾ ਹੋਵੇ ਕਿ ਅੱਜ ਕੱਲ ਕੀ, ਕਿਵੇਂ, ਅਤੇ ਕਿਉਂ ਲਿਖਿਆ ਜਾ ਰਿਹਾ ਹੈ। ਵੱਖ ਵੱਖ ਸਮੇਂ ਵੱਖ ਵੱਖ ‘ਵਾਦ’ ਨੇ ਸਿਰ ਉਠਾਇਆ ਅਤੇ ਹੌਲੀ ਹੌਲੀ ਦੂਜੇ ਵਾਦ ਲਈ ਥਾਂ ਖਾਲੀ ਕਰਦੇ ਗਏ। ਪਰ ਇਸਦਾ ਇਹ ਅਰਥ ਨਹੀਂ ਕਿ ਸੰਪੂਰਨ ਰੂਪ ਵਿੱਚ ਪਹਿਲਾ ਵਾਦ ਸਮਾਪਤ ਹੋ ਗਿਆ। ਪੰਜਾਬੀ ਸਾਹਿਤਕ ਕਿਰਤਾਂ ਨੇ ਸਮਾਜਵਾਦੀ, ਸੁਧਾਰਵਾਦੀ, ਆਦਰਸ਼ਵਾਦੀ, ਅਗਰਵਾਦੀ/ਪ੍ਰਗਤੀਵਾਦੀ, ਅਨਭੂਤੀਵਾਦੀ ਅਤੇ ਯਥਾਰਥਵਾਦੀ ਆਦਿ ਬਹੁਤ ਤਰ੍ਹਾਂ ਦੇ ਵਾਦਾਂ ਦਾ ਪਿੰਡਾ ਹੰਢਾਇਆ ਹੈ ਪਰ ਸਭ ਦੀ ਇੱਕ ਸਾਂਝ ਵੀ ਬਣੀ ਰਹੀ। ਹਰ ਲੇਖਕ ਲਈ ਜ਼ਰੂਰੀ ਹੈ ਕਿ ਉਹ ਇਹਨਾਂ ਸਾਰੇ ‘ਵਾਦਾਂ’ ਸੰਬੰਧੀ ਨਾ ਕੇਵਲ ਪੂਰੀ ਜਾਣਕਾਰੀ ਹੀ ਰੱਖਦਾ ਹੋਵੇ ਸਗੋਂ ਪਿਛਲੀਆਂ ਤੇ ਵਰਤਮਾਨ ਰਚਨਾਵਾਂ ਵਿਚ ਇਹਨਾਂ ‘ਵਾਦਾਂ’ ਦੇ ਪ੍ਰਭਾਵ ਦੀ ਵਰਤੋਂ ਕਿਸ ਢੰਗ ਨਾਲ ਹੋਈ ਹੈ, ਉਸ ਤੋਂ ਵੀ ਜਾਣੂ ਹੋਵੇ। ਇਹ ਸਭ ਕੁਝ ਸਹਿਜ ਸੁਭਾਇ ਹੀ ਲੇਖਕ ਦੀ ਸਿਰਜਣਾ ਵਿੱਚੋਂ ਪ੍ਰਗਟ ਹੋਣਾ ਲੋੜੀਦਾ ਹੈ।

'ਵਾਦ’ ਸੰਬੰਧੀ ਇੱਕ ਹੋਰ ਸਰਲ ਢੰਗ ਨਾਲ ਵੀ ਸੋਚਿਆ ਜਾ ਸਕਦਾ ਹੈ। ਸਮਾਂ ਤਬਦੀਲ ਹੁੰਦਾ ਰਹਿੰਦਾ ਹੈ। ਅੱਜ ਦੀ ਸਮੱਸਿਆ ਕੱਲ੍ਹ ਕਿਸੇ ਹੋਰ ਰੂਪ ਦੀ ਹੋ ਜਾਂਦੀ ਹੈ ਅਤੇ ਉਸਦਾ ਉਪਚਾਰ (ਹੱਲ) ਵੀ ਮੌਕੇ ਅਨੁਸਾਰ ਢੁੱਕਵਾਂ ਹੀ ਲੱਭਣਾ ਜ਼ਰੂਰੀ ਹੁੰਦਾ ਹੈ। ਇਸ ਲਈ ਹਰ ‘ਸਿਰਜਕ’ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਆਪਣੀ ‘ਕਾਨੀ’ ਨੂੰ ਆਪਣੇ ਸਮੇਂ ਦੀਆਂ ਲੋਕ ਸਮੱਸਿਆਵਾਂ ਦੇ ਹਾਣ ਦਾ ਬਣਾਵੇ। ਜੇਕਰ ਸਾਹਿਤਕਾਰ ਆਮ ਲੋਕਾਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਾਣਦਾ ਹੀ ਨਹੀਂ ਤਾਂ ਉਹ ਸੱਚ ਦੇ ਨੇੜੇ ਢੁੱਕਦਿਆਂ, ਸਦ-ਰਹਿਣਾ ਅਤੇ ਉੱਤਮ ਕਿਵੇਂ ਲਿਖੇਗਾ? ਲੇਖਕ, ਲੋਕਾਂ ਅਤੇ ਉਹਨਾਂ ਦੀਆਂ ਦਿੱਕਤਾਂ-ਔਕੜਾਂ ਤੋਂ ਅਣਭਿੱਜ ਨਹੀਂ ਰਹਿ ਸਕਦਾ। ਇਸ ਲਈ, ਇਸ ਸੱਚ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ‘ਆਮ ਲੋਕਾਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਸਮੇਂ ਸਮੇਂ ਸਿਰ ਉੱਠੀਆਂ ਵੱਖ ਵੱਖ ਲਹਿਰਾਂ ਅਤੇ ਵਾਦਾਂ ਨੇ ਆਪਣੀ ਭੂਮਿਕਾ ਬੜੀ ਵਾਖੂਬੀ ਨਿਭਾਈ ਹੈ ਪਰ ਇਹਨਾਂ ਸਭ ਵਾਦਾਂ ਵਿਚਕਾਰ ਇੱਕ ਤੰਦ ਦੀ ਸਾਂਝ ਅਤੇ ਗੁੱਝਾ ‘ਵਾਦ’ ਹੈ: ਪ੍ਰਗਤੀਵਾਦ/ਮਾਰਕਸਵਾਦ। ਪ੍ਰਗਤੀਵਾਦੀ/ਯਥਾਰਥਵਾਦ ਦੇ ਦੌਰ ਵਿੱਚ ਦਸ਼ਾ ਤੇ ਦਿਸ਼ਾ ਉੱਤੇ ਜ਼ੋਰ ਦਿੰਦਿਆਂ ਜੇਕਰ ਲੇਖਕ ਕਿਸੇ ਇਕੱਲੇ ਵਾਦ ਨਾਲ ਬੱਝ ਜਾਂਦਾ ਹੈ ਤਾਂ ਉਸ ਦੀ ਪਹੁੰਚ ਵਿੱਚ ਰੁਕਾਵਟ ਆ ਸਕਦੀ ਹੈ। ਇਸਦੇ ਉਲਟ ‘ਦਸ਼ਾ ਤੇ ਦਿਸ਼ਾ’ ਸਬੰਧੀ ਇੱਕ ਸੁਚੇਤ ਲੇਖਕ ਦੀ ਸਿਰਜਣਾ ਵਿੱਚੋਂ ਨਾ ਕੇਵਲ ‘ਕਲਾਮਈ ਸਮੁੱਚ’ ਹੀ ਉੱਘੜਦਾ ਹੈ ਸਗੋਂ ਸਾਰੇ ਹੀ ਲੋੜੀਂਦੇ ‘ਵਾਦਾਂ’ ਦੀ ਮੂੰਹ-ਵਿਖਾਈ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ।

? ਤੁਹਾਡੇ ਵਿਚਾਰ ਵਿੱਚ ਤੁਹਾਡੀਆਂ ਰਚਨਾਵਾਂ ਨੂੰ ਪਾਠਕਾਂ ਵਲੋਂ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ। ਕੀ ਤੁਹਾਡੇ ਬੱਚੇ ਤੁਹਾਡੀਆਂ ਰਚਨਾਵਾਂ ਨੂੰ ਪੜ੍ਹਦੇ, ਸੁਣਦੇ ਜਾਂ ਪੰਜਾਬੀ ਬੋਲੀ ਲਈ ਕੋਈ ਖਿੱਚ ਰੱਖਦੇ ਹਨ?

: ਪਾਠਕਾਂ ਵਲੋਂ ਮੇਰੀਆਂ ਰਚਨਾਵਾਂ ਪ੍ਰਤੀ ਜਿੰਨਾ ਵੀ ਹੁੰਗਾਰਾ ਮਿਲਿਆ ਉਹ ਠੀਕ ਹੀ ਹੈ। ਸਾਡੇ ਤਿੰਨ ਬੱਚੇ ਹਨ ਦੋ ਵੱਡੇ ਲੜਕੇ ਅਤੇ ਛੋਟੀ ਬੇਟੀ। ਵੱਡਾ ਲੜਕਾ ਮੁੱਖ-ਅਧਿਆਪਕ ਅਤੇ ਲੜਕੀ ਅਧਿਆਪਕਾ ਹੈ। ਦੋਵੇਂ ਪੰਜਾਬੀ ਪੜ੍ਹਨਾ ਲਿਖਣਾ ਜਾਣਦੇ ਹਨ ਪਰ ਉਹਨਾਂ ਦਾ ਵਾਹ ਪੰਜਾਬੀ ਨਾਲ ਬਿਲਕਲ ਨਹੀਂ। ਤੀਜਾ, ਬੇਟਾ ਪੰਜਾਬੀ ਬੋਲਦਾ ਹੈ ਪਰ ਪੜ੍ਹਨਾ-ਲਿਖਣਾ ਨਹੀਂ ਜਾਣਦਾ। ਇਹ ਅਸੁਖਾਵੀਂ ਗੱਲ ਹੈ ਕਿ ਉਹ ਮੇਰੀਆਂ ਜਾਂ ਮੇਰੀ ਪਤਨੀ ਸੁਰਜੀਤ ਕਲਪਨਾ ਦੀਆਂ ਪੰਜਾਬੀ ਵਿੱਚ ਲਿਖੀਆਂ-ਛਪੀਆਂ ਰਚਨਾਵਾਂ ਪੜ੍ਹਨ ਵਿੱਚ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਰੱਖਦੇ। ਹਾਂ, ਉਂਝ ਜਦੋਂ ਵੀ ਸਮਾਂ ਮਿਲੇ, ਉਹ ਸਾਡੀਆਂ ਲਿਖਤਾਂ ਸਬੰਧੀ ਸਾਧਾਰਨ ਗੱਲਬਾਤ ਕਰਦੇ ਹਨ। ਕਦੇ ਕਦੇ ਸੁਣਦੇ-ਮਾਣਦੇ ਵੀ ਹਨ, ਨਾ ਸਮਝ ਪੈਣ ਵਾਲੇ ਸ਼ਬਦਾਂ ਬਾਰੇ ਪੁੱਛਦੇ ਹਨ ਅਤੇ ਕਈ ਵਾਰੀ ਸੁਝਾ ਵੀ ਦਿੰਦੇ ਹਨ।

? ਤੁਸੀਂ ਉਰਦੂ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ, ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਕਿਸੇ ਹੋਰ ਪੰਜਾਬੀ ਲੇਖਕ ਨੇ ਜਾਂ ਤੁਹਾਡੇ ਵਲੋਂ ਪੰਜਾਬੀ ਦੀਆਂ ਚੋਣਵੀਆਂ ਰਚਨਾਵਾਂ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਹੋ ਸਕੀ? ਇਸਦਾ ਤੁਸੀਂ ਕੀ ਕਾਰਨ ਸਮਝਦੇ ਹੋ?

: ਹਾਂ ਜੀ, ਮੌਲਿਕ ਲਿਖਣ ਦੇ ਨਾਲ ਨਾਲ ਅਨੁਵਾਦ ਤਾਂ ਮੈਂ ਬਹੁਤ ਦੇਰ ਤੋਂ ਹੀ ਕਰਦਾ ਆ ਰਿਹਾ ਹਾਂ। ਉਰਦੂ, ਹਿੰਦੀ ਅਤੇ ਅੰਗਰੇਜ਼ੀ ਦੀਆਂ ਚੰਗੀਆਂ ਅਤੇ ਮਨ ਭਾਉਂਦੀਆਂ ਰਚਨਾਵਾਂ ਤੋਂ ਬਿਨਾਂ ਤੈਲਗੂ, ਉੜੀਆ, ਕੰਨੜ ਅਤੇ ਬੰਗਾਲੀ ਕਹਾਣੀਆਂ ਦੇ ਤਰਜਮੇ ਵੀ ਕੀਤੇ ਹਨ। ਪਰ ਇੱਥੇ ਇਹ ਗੱਲ ਸਪਸ਼ਟ ਕਰ ਦੇਣੀ ਠੀਕ ਰਹੇਗੀ ਕਿ ਹਿੰਦੀ, ਉਰਦੂ ਅਤੇ ਅੰਗਰੇਜ਼ੀ ਤੋਂ ਬਿਨਾਂ ਬਾਕੀ ਬੋਲੀਆਂ ਦੇ ਪੰਜਾਬੀ ਵਿੱਚ ਅਨੁਵਾਦ ਸਿੱਧੇ ਅਨੁਵਾਦ ਨਹੀਂ ਕਹੇ ਜਾ ਸਕਦੇ ਕਿਉਂਕਿ ਇਹ ਤਰਜਮੇ ਤੈਲਗੂ, ਉੜੀਆ, ਕਨਡ ਆਦਿ ਬੋਲੀਆਂ ਦੀਆਂ ਰਚਨਾਵਾਂ ਦੇ ਹਿੰਦੀ, ਉਰਦੂ ਜਾਂ ਅੰਗਰੇਜ਼ੀ ਵਿੱਚ ਹੋਏ ਤਰਜਮਿਆਂ ਨੂੰ ਮੁੱਖ ਰੱਖਕੇ ਕੀਤੇ ਗਏ। ਬਰਤਾਨੀਆਂ ਰਹਿੰਦੇ ਹੋਰ ਕਿਸੇ ਪੰਜਾਬੀ ਲੇਖਕ ਦੇ ਅਨੁਵਾਦਕ ਹੋਣ ਸੰਬੰਧੀ ਮੈਂਨੂੰ ਕੋਈ ਠੋਸ ਜਾਣਕਾਰੀ ਨਹੀਂ ਪਰ ਪੰਜਾਬ, ਭਾਰਤ ਤੋਂ ਆਏ ਪੰਜਾਬ ਯੂਨੀਵਰਸਿਟੀ ਦੇ ਇੰਗਲਿਸ਼ ਡਿਪਾਰਟਮੈਂਟ ਦੇ ਪ੍ਰੋਫੈਸਰ ਰਾਣਾ ਨਈਅਰ ਨੇ ਬਰਤਾਨੀਆਂ ਰਹਿੰਦੇ 16 ਪੰਜਾਬੀ ਕਹਾਣੀਕਾਰਾਂ ਦੀਆਂ ਕਹਾਣੀਆਂ ਦਾ ਅੰਗਰੇਜ਼ੀ ਵਿਚ ਅਨੁਵਾਦ From Across the Shores. (Punjabi Short Stories by Asians in Britain) - 2002 ਵਿੱਚ ਕੀਤਾ। ਇਸ ਤੋਂ ਬਿਨਾਂ, ਮੈਂਨੂੰ ਇਸ ਗੱਲ ਦਾ ਇਲਮ ਨਹੀਂ ਕਿ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਸਬੰਧੀ ਹੋਰ ਕੋਈ ਯਤਨ ਹੋਏ ਜਾਂ ਨਹੀਂ। ਮੇਰਾ ਇਸ ਪਾਸੇ ਨਾ ਤੁਰਨ ਦਾ ਕਾਰਨ ਮੇਰੇ ਰੁਝੇਵੇਂ ਅਤੇ ਮੇਰੀ ਸਿਹਤ ਹੈ।

? ਪ੍ਰੋ. ਰਾਣਾ ਨਈਅਰ ਨੇ ਅੰਗਰੇਜ਼ੀ ਵਿੱਚ ਤਰਜ਼ਮਾ ਕਰਨ ਲਈ ਤੁਹਾਡੀ ਕਿਹੜੀ ਕਹਾਣੀ ਚੁਣੀ? ਇਸ ਚੋਣ ਬਾਰੇ ਬਰਤਾਨਵੀ ਲੇਖਕਾਂ ਦਾ ਕਿਹੋ ਜਿਹਾ ਪ੍ਰਤੀਕਰਮ ਸੀ?

: From Across the Shores Punjabi Short Stories by Asians in Britain (2002) ਵਿੱਚ ਬਰਤਾਨੀਆਂ ਦੇ 16 ਪੰਜਾਬੀ ਕਹਾਣੀਕਾਰਾਂ ਦੀਆਂ ਕਹਾਣੀਆਂ ਦੇ ਅੰਗਰੇਜ਼ੀ ਅਨੁਵਾਦ ਸ਼ਾਮਲ ਹਨ। ਪ੍ਰੋ. ਰਾਣਾ ਨਈਅਰ ਨੇ ਅਨੁਵਾਦ ਕਰਨ ਲਈ ਮੇਰੀ ਕਹਾਣੀ ‘ਹੱਵਾ ਦੀ ਧੀ’ ਚੁਣੀ ਸੀ। ਪੁਸਤਕ ਦੇ ਆਰੰਭ ਵਿੱਚ 20 ਪੰਨਿਆਂ ਵਿੱਚ ਇਹਨਾਂ ਕਹਾਣੀਆਂ ਦੀ ਆਲੋਚਨਾਤਮਿਕ ਉਥਾਨਕਾ ਦਿੱਤੀ ਗਈ ਹੈ। ਇਹ ਜਾਣ-ਪਹਿਚਾਣ ਪੰਜਾਬੀ ਅਤੇ ਅੰਗਰੇਜ਼ੀ ਲੋਕਾਂ ਵਿਚਕਾਰ ਇਤਿਹਾਸਕ ਪਿਛੋਕੜ ਤੇ ਝਾਤ ਪੁਆਉਂਦਿਆਂ ਪਰਸਪਰ ਸਾਂਝ ਪੈਦਾ ਕਰਨ ਦਾ ਉੁਪਰਾਲਾ ਕਰਦੀ ਹੋਈ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਸਥਾਨਕ ਅੰਗਰੇਜ਼ੀ ਸਾਹਿਤਕ ਅਤੇ ਸਭਿਆਚਾਰਕ ਰਹੁ-ਰੀਤਾਂ ਨਾਲ ਤੋਲਦੀ-ਮੇਲਦੀ ਹੈ। ਮੇਰੀ ਜਾਚੇ ਇਸ ਪੁਸਤਕ ਵਿੱਚ ਸ਼ਾਮਲ ਲੇਖਕਾਂ ਨੇ ਇਸ ਉਪਰਾਲੇ ਨੂੰ ਜੀ ਆਇਆਂ ਹੀ ਕਿਹਾ ਹੈ।

? ਤੁਸੀਂ ਬਰਤਾਨਵੀ ਸਾਹਿਤ ਬਾਰੇ ਡੂੰਘਾ ਅਧਿਐਨ ਕੀਤਾ ਹੈ। ‘ਬਰਤਾਨਵੀ ਪੰਜਾਬੀ ਕਲਮਾਂ’ ਨਾਂ ਦੀ ਆਲੋਚਨਾ ਦੀ ਕਿਤਾਬ ਵੀ ਲਿਖੀ ਹੈ। ਕੀ ਤੁਸੀਂ ਬਰਤਾਨਵੀ ਪੰਜਾਬੀ ਸਾਹਿਤਕ ਰਚਨਾ ਵਿੱਚ ਕੋਈ ਤਬਦੀਲੀ ਦੇਖੀ, ਜਿਵੇਂ ਪਹਿਲਾਂ ਭੂ-ਹੇਰਵਾ, ਨਸਲੀ ਵਿਤਕਰੇ ਦੀ ਦਾਸਤਾਨ ਸੀ, ਉੱਥੇ ਅੱਜ ਦੇ ਬਰਤਾਨਵੀ ਲੇਖਕ ਦਾ ਰੁਝਾਨ ਕਿਸ ਦਿਸ਼ਾ ਵੱਲ ਹੈ?

: ਢਾਅ ਜੀ! ਬਹੁਤ ਤਬਦੀਲੀ ਦੇਖੀ। 1960ਵਿਆਂ ਵਿੱਚ ਜਦੋਂ ਪੰਜਾਬੀ ਲੇਖਕ ਬਰਤਾਨੀਆਂ ਪੁੱਜੇ ਤਾਂ ਉਸ ਸਮੇਂ ਉਹਨਾਂ ਦੇ ਸਾਹਮਣੇ, ਪਰਵਾਸ ਧਾਰਨ ਦੀਆਂ ਮਜਬੂਰੀਆਂ ਅਤੇ ਇਕਲਾਪਾ ਹੰਢਾਉਂਦਿਆਂ ਬਿਗਾਨੇ ਦੇਸ਼ ਵਿੱਚ ਸਥਾਪਤੀ ਲਈ ਜੱਦੋਜਹਿਦ ਕਰਨ ਵਰਗੇ ਮੁੱਦੇ ਸਨ। ਇਹਨਾਂ ਬਾਰੇ ਲਿਖਦਿਆਂ ਬਰਤਾਨਵੀ ਪੰਜਾਬੀ ਲੇਖਕ ਪਿਛਲਝਾਤ ਵੀ ਮਾਰ ਰਹੇ ਸਨ। ਆਪਣੇ ਜੱਦੀ ਦੇਸ਼ ਤੋਂ ਬੇਗਾਨਾ ਹੋਕੇ, ਪਰਵਾਸੀ ਲੇਖਕਾਂ ਨੇ ਪਹਿਲਾਂ ਭੂ-ਹੇਰਵੇ ਦੇ ਰੁਝਾਨ ਵਾਲਾ ਸਾਹਿਤ ਰਚਿਆ। ਭੂ-ਹੇਰਵੇ ਦੇ ਪਿੱਛੋਂ ਜਾਂ ਨਾਲ ਹੀ ਨਸਲਵਾਦ ਨਾਲ ਵੀ - ਪੰਜਾਬੀਆਂ ਸਮੇਤ ਹੋਰ ਏਸ਼ੀਆਈਆਂ ਨੂੰ - ਜੂਝਣਾ ਪਿਆ। ਇੰਝ ਪੰਜਾਬੀ ਲੇਖਕਾਂ ਦੀ ਸਿਰਜਣਾ ਵਿੱਚ ਰੰਗ-ਨਸਲ ਦੀ ਅਤੇ ਹੋ ਰਹੇ ਵਿਤਕਿਰਆਂ ਦੀ ਗੱਲ ਆਈ। ਹੁਣ ਪਹਿਲੀ ਪੀੜ੍ਹੀ ਦੇ ਪਰਵਾਸੀਆਂ ਦੇ ਨਾਲ ਨਾਲ ਦੂਜੀ, ਤੀਜੀ ਪੀੜ੍ਹੀ ਵੀ ਸ਼ਾਮਲ ਹੈ। ਹੁਣ ਸਮੱਸਿਆਵਾਂ ਨੇ ਹੋਰ ਰੰਗ ਅਖ਼ਤਿਆਰ ਕੀਤਾ ਹੈ। ਤਬਦੀਲੀ ਕੁਦਰਤੀ ਹੈ। ਸਮਾਂ ਬਦਲ ਰਿਹਾ ਹੈ। ਪਹਿਲੇ ਪੂਰ ਦੇ ਬੁੱਢੇ/ਬਿਮਾਰ ਹੋ ਰਹੇ ਹਨ ਅਤੇ ਕਈ ਇਕਲਾਪਾ ਹੰਢਾਉਣ ਲਈ ਮਜ਼ਬੂਰ ਹਨ ਜਾਂ ਓਲਡ ਪੀਪਲਜ਼ ਹੋਮਜ਼ ਵਿੱਚ ਜੀਵਨ ਜੀਅ ਰਹੇ ਹਨ। ਦੂਜੀ ਤੇ ਤੀਜੀ ਪੀੜ੍ਹੀ ਦੀ ਸੋਚ ਵਿੱਚ ਸਨੇਹ ਅਤੇ ਅਪਣਤ ਘੱਟ ਰਿਹਾ ਹੈ। ਪਦਾਰਥ ਦੇ ਪਾਸਾਰ ਕਾਰਨ ਅਤੇ ਉਂਝ ਕੁਦਰਤੀ ਹੀ ਪੀੜ੍ਹੀ ਪਾੜੇ ਦੀਆਂ ਮੁਸ਼ਕਲਾਂ, ਕਦਰਾਂ-ਕੀਮਤਾਂ ਦੇ ਟਕਰਾਅ ਕਾਰਨ ਪੈਦਾ ਹੋਈਆਂ ਦਿੱਕਤਾਂ ਆਦਿ ਨੇ ਲਿਖਣ ਲਈ ਹੋਰ ਦੁਆਰ ਖੋਲ੍ਹੇ ਹਨ। ਮਾਨਸਿਕ ਗੁੰਝਲਾਂ, ਪਿਆਰ ਵਿਆਹ, ਅੰਤਰਜਾਤੀ ਵਿਆਹ ਦੀਆਂ ਸਮੱਸਿਆਵਾਂ, ਜਿਣਸੀ ਅਤੇ ਪਰਿਵਾਰਕ ਟੁੱਟ-ਭੱਜ ਆਦਿ ਸਭ ਕੁਝ ਹੁਣ ਲੇਖਕ ਦੇ ਘੇਰੇ ਵਿੱਚ ਹੈ। ਅੱਜ ਸਮੱਸਿਆਵਾਂ ਦੀ ਜਟਿਲਤਾ ਨੂੰ ਪਕੜਨ ਦੀ ਲੋੜ ਵੱਲ ਧਿਆਨ ਜਾ ਰਿਹਾ ਹੈ। ਕੀ ਹੋ ਰਿਹਾ ਹੈ, ਵਿਖਾਲਣ ਦੇ ਨਾਲ ਨਾਲ ਕਿਉਂ ਹੋ ਰਿਹਾ ਹੈ, ਇਸ ਤੇ ਵੀ ਡੂੰਘੀ ਵਿਚਾਰ-ਪ੍ਰਕਿਰਿਆ ਚੱਲ ਰਹੀ ਹੈ।

? ਬਰਤਾਨਵੀ ਪੰਜਾਬੀ ਜਿੱਥੇ ਪਹਿਲਾਂ ਆਪਣੇ ਆਪ ਨੂੰ ਪਰਵਾਸੀ ਜਾਂ ਓਪਰਾ ਮਹਿਸੂਸ ਕਰ ਰਿਹਾ ਸੀ, ਕੀ ਅੱਜ ਆਪਣੇ ਆਪ ਨੂੰ ਇੰਗਲੈਂਡ ਦਾ ਆਬਾਦਕਾਰ ਜਾਂ ਉਸਰਈਆ ਮੰਨਣ ਵਿੱਚ ਫ਼ਖ਼ਰ ਮਹਿਸੂਸ ਕਰਦਾ ਹੈ? ਤੁਹਾਡੇ ਸਮੇਂ ਦੇ ਆਏ ਹੋਏ ਉਹ ਲੋਕ ਅਜੇ ਵੀ ਬਿਗਾਨਾਪਨ ਮਹਿਸੂਸ ਕਰਦੇ ਹਨ ਜਾਂ …?

: ਪਹਿਲੇ ਪੂਰ ਦੇ ਬਰਤਾਨਵੀ ਪੰਜਾਬੀ ਲੇਖਕਾਂ ਨੇ ਬਰਤਾਨੀਆਂ ਪੁੱਜ ਕੇ ਆਪਣੇ ਆਪ ਨੂੰ ਪਰਵਾਸੀ ਜਾਂ ਬਰਤਾਨੀਆਂ ਲਈ, ਓਪਰਾ ਹੀ ਮਹਿਸੂਸ ਕੀਤਾ। ਹੱਡ ਭੰਨਵੀ ਮਿਹਨਤ ਅਤੇ ਕਿਰਸ ਕਰ ਕਰ ਕੇ ਜਿੱਥੇ ਉਹਨਾਂ ਨੇ ਆਪਣੇ ਆਪ ਨੂੰ ਆਰਥਕ ਪੱਖੋਂ ਸੁਖ਼ਾਲਾ ਬਣਾਇਆ, ਪਿੱਛੇ ਭਾਰਤ ਵਿੱਚ ਵੀ ਪੈਸੇ ਭੇਜ ਭੇਜ ਕੇ ਜਾਇਦਾਦਾਂ ਖ਼ਰੀਦੀਆਂ ਉਸਦੇ ਨਾਲ ਹੀ ਨਿਸਚੈ ਹੀ ਇੱਥੇ ਬਰਤਾਨੀਆਂ ਵਿੱਚ ਵੀ ਅਬਾਦਕਾਰ ਹੁੰਦਿਆਂ ਬਰਤਾਨਵੀ ਸਮਾਜ ਵਿੱਚ ਉਸਰਈਏ ਵਜੋਂ ਕੰਮ ਕੀਤਾ। ਪਰ ਇਸਦੇ ਬਾਵਜੂਦ ਵੀ ਪਹਿਲੇ ਪੂਰ ਦੇ ‘ਪੰਜਾਬੀ’ ਹਾਲਾਂ ਵੀ ਆਪਣੇ ਆਪ ਨੂੰ ਇੰਗਲੈਂਡ ਦਾ ਆਬਾਦਕਾਰ ਜਾਂ ਉਸਰੱਈਆ ਮੰਨਣ ਵਿੱਚ ਜਕੋ-ਤੱਕੀ ਵਿੱਚ ਹਨ। ਬਿਗਾਨੇਪਨ ਦਾ ਅਹਿਸਾਸ ਮਹਿਸੂਸ ਕਰਦੇ ਬਰਤਾਨੀਆਂ ਤੋਂ ਓਪਰੇ ਹੀ ਹਨ, ਮੇਰੀ ਜਾਚੇ ਉਹ ਕੋਈ ਬਹੁਤਾ ਫ਼ਖ਼ਰ ਨਹੀਂ ਮਹਿਸੂਸ ਕਰਦੇ। ਬਹੁ-ਗਿਣਤੀ ਨੂੰ ਹਾਲਾਂ ਵੀ ਪਿਛਲ-ਝਾਕ ਹੈ ਜਿਸ ਕਾਰਨ ਉਹ ਸਪਸ਼ਟ ਰੂਪ ਵਿੱਚ ਆਪਣੇ ਆਪ ਨੂੰ ਇੰਗਲੈਂਡ ਦਾ ਆਬਾਦਕਾਰ ਨਹੀਂ ਪ੍ਰਵਾਨ ਕਰ ਰਹੇ। ਹਾਂ, ਇਹ ਗੱਲ ਵੱਖਰੀ ਹੈ ਕਿ ਆਪਣੀ ਹਰ ਭਾਰਤ ਫੇਰੀ ਤੋਂ ਬਾਅਦ ਮੁੜ ਉਹ ਆਪਣੀ ਸੰਤਾਨ ਪਾਸ ਇੰਗਲੈਂਡ ਪਰਤਣਾ ਹੀ ਬਿਹਤਰ ਸਮਝਦੇ ਹਨ। ਇਸਦੇ ਉਲਟ ਦੂਜੀ-ਤੀਜੀ ਪੀੜ੍ਹੀ ਨੂੰ ਇਹ ਦੇਸ਼ ਬਿਗਾਨਾ ਨਹੀਂ ਲੱਗਦਾ। ਸਗੋਂ ਉਹਨਾਂ ਲਈ ਪੰਜਾਬ/ਭਾਰਤ ਬਿਗਾਨਾ ਦੇਸ਼ ਹੈ।

? ਤੁਹਾਡੀ ਗੱਲ ਤੋਂ ਇੱਕ ਹੋਰ ਸਵਾਲ ਮਨ ਵਿੱਚ ਆ ਰਿਹਾ ਕਿ ਅੱਜ ਇੰਗਲੈਂਡ ਵਿੱਚ ਪੰਜਾਬੀਆਂ ਦੀ ਕੁਝ ਦੂਜੀ ਤੇ ਕੁਝ ਤੀਜੀ ਪੀੜ੍ਹੀ ਦੇ ਲੋਕ ਰਹਿ ਰਹੇ ਹਨ। ਪਹਿਲੀ ਪੀੜ੍ਹੀ ਹਮੇਸ਼ਾ ਦੁੱਖ ਤਸੀਹੇ ਝੱਲਦੀ ਹੈ। ਇਸ ਪੀੜ੍ਹੀ ਨੇ ਦਿਨ ਰਾਤ ਮਿਹਨਤ ਕਰਕੇ, ਬਹੁਤਿਆਂ ਨੇ ਪੰਜਾਬ ਵਿੱਚ ਕੋਠੀਆਂ ਜਾਂ ਜ਼ਮੀਨਾਂ ਖ਼ਰੀਦੀਆਂ। ਪਰ ਦੂਜੀ ਤੀਜੀ ਪੀੜ੍ਹੀ ਉਨ੍ਹਾਂ ਨੂੰ ਪੰਜਾਬ ਜਾ ਕੇ ਸੰਭਾਲਣ ਲਈ ਕਿਸੇ ਕੀਮਤ ਤੇ ਤਿਆਰ ਨਹੀਂ। ਫੇਰ ਪਹਿਲੀ ਪੀੜ੍ਹੀ ਤਾਂ ਅੱਜ ਵੀ ਦੁਚਿੱਤੀ ਦੇ ਪੁੜਾਂ ਵਿੱਚ ਪਿਸ ਰਹੀ ਹੋਵੇਗੀ?

: ਹਾਂ ਜੀ, ਤੁਸੀਂ ਠੀਕ ਆਖਿਆ। ਪਹਿਲੀ ਪੀੜ੍ਹੀ ਦੇ ਪੰਜਾਬੀ ਜਦੋਂ 60ਵਿਆਂ ਵਿੱਚ ਇੰਗਲੈਂਡ ਪੁੱਜੇ ਤਾਂ ਉਸ ਸਮੇਂ ਤੱਕ ਦੂਜੀ ਵੱਡੀ ਜੰਗ ਖ਼ਤਮ ਹੋਈ ਨੂੰ ਕੁਝ ਸਮਾਂ ਬੀਤ ਚੁੱਕਿਆ ਸੀ। ਬਸਤੀਵਾਦ ਦਾ ਚਲਨ ਹੌਲੀ ਹੌਲੀ ਘੱਟਣ ਲੱਗ ਪਿਆ ਸੀ। ਭਾਰਤ ਆਜ਼ਾਦ ਹੋ ਚੁੱਕਿਆ ਸੀ। ਬਰਤਾਨੀਆਂ ਵਿੱਚ ਆਉਣ ਲਈ ਖੁੱਲ੍ਹ ਮਿਲਣ ਦੀ ਦੇਰ ਸੀ ਕਿ ਧੜਾਧੜ ਪਹਿਲਾਂ ਵੈਸਟ-ਇੰਡੀਜ਼ ਤੋਂ ਅਤੇ ਫਿਰ ਏਸ਼ੀਅਨ ਖਿੱਤੇ ਤੋਂ ਕਾਮੇ ਆਉਣੇ ਆਰੰਭ ਹੋ ਗਏ। ਇਹਨਾਂ ਸਾਰੇ ਕਾਮਿਆਂ ਦੇ ਇੱਥੇ ਆਉਣ ਦਾ ਮਕਸਦ ਸੀ ਆਪਣੀ ਆਰਥਕ ਹਾਲਤ ਦਾ ਸੁਧਾਰ ਕਰਨਾ। ਪਰ ਦੂਜੇ ਦੇਸ ਵਿੱਚ ਆਕੇ ਪੈਰ ਜਮਾਉਣੇ ਇੰਨੇ ਸੌਖੇ ਨਹੀਂ ਹੁੰਦੇ। ਇਹਨਾਂ ਪਹਿਲੇ ਪੂਰ ਦੇ ਆਵਾਸੀਆਂ ਨੂੰ ਇੰਗਲੈਂਡ ਆ ਕੇ ਬਹੁਤ ਮਿਹਨਤ ਕਰਨੀ ਪਈ। ਫੈਕਟਰੀਆਂ, ਫਾਊਂਡਰੀਆਂ ਵਿੱਚ ਦਿਨੇ-ਰਾਤੀਂ ਕੰਮ ਨਾਲ ਕੰਮ ਬਣਦਿਆਂ ਅਤੇ ਮਿੱਟੀ ਨਾਲ ਮਿੱਟੀ ਹੁੰਦਿਆਂ ਇਹਨਾਂ ਨੇ ਆਪਣਾ ਜੀਵਨ ਹੰਢਾਇਆ। ਇਹ ਕੰਮ ਕਰਨ ਤੋਂ ਘਬਰਾਉਣਾ ਨਹੀਂ ਸਨ ਜਾਣਦੇ, ਜਿੱਥੇ ਵੀ ਅਤੇ ਜਿਵੇਂ ਦਾ ਵੀ ਕੰਮ ਮਿਲਿਆ ਇਹਨਾਂ ਨੇ ਕੀਤਾ। ਓਵਰਟਾਈਮ ਲਾਇਆ, ਜਦੋਂ ਪਰਵਾਰ ਆ ਗਏ ਤਾਂ ਇਸਤਰੀਆਂ ਨੇ ਵੀ ਪਰਵਾਰ ਦੀ ਆਰਥਕ ਸਥਿਤੀ ਬਦਲਣ ਵਿੱਚ ਮਦਦ ਕੀਤੀ। ਸਿਲਾਈ ਦੀਆਂ ਫ਼ੈਕਟਰੀਆਂ ਵਿੱਚ ਕਪੜੇ ਸੀਉਣ ਦਾ ਕਿੱਤਾ ਕੀਤਾ। ਘਰੀਂ ਸਿਲਾਈ ਮਸ਼ੀਨਾਂ ਰੱਖਕੇ ਵੀ ਵਾਧੂ ਸਮਾਂ ਲਾ ਕੇ ਹਰ ਹੀਲੇ ਮਿਹਨਤ ਕਰਦਿਆਂ ਧਨ ਕਮਾਇਆ। ਘਰ ਬਣਾਏ, ਪਿੱਛੇ ਪੈਸੇ ਭੇਜ ਭੇਜ ਜ਼ਮੀਨਾਂ ਖ਼ਰੀਦੀਆਂ, ਕੋਠੀਆਂ ਬਣਾਈਆਂ। ਇੰਝ ਪਹਿਲੀ ਪੀੜ੍ਹੀ ਨੇ ਪਰਾਏ ਮੁਲਕ ਨੂੰ ਅਪਨਾਉਣ ਲਈ ਦੁੱਖ-ਤਸੀਹੇ ਝੱਲੇ ਅਤੇ ਦਿਨ-ਰਾਤ ਮਿਹਨਤ ਕੀਤੀ। ਪਰ ਇਸਦੇ ਉਲਟ ਦੂਜੀ-ਜਾਂ ਤੀਜੀ ਪੀੜ੍ਹੀ ਨੂੰ ਪਹਿਲੀ ਪੀੜ੍ਹੀ ਜਿੰਨੀ ਔਖ ਨਹੀਂ ਝੱਲਣੀ ਪਈ। ਪਹਿਲੀ ਗੱਲ, ਪਹਿਲੀ ਪੀੜ੍ਹੀ ਦੇ ਮੁਕਾਬਲੇ ਉਹ ਆਪਣੇ ਆਪ ਨੂੰ ਬਰਤਾਨੀਆਂ ਦੇ ਜ਼ਿਆਦਾ ਨੇੜੇ ਸਮਝਦੇ ਹਨ ਅਤੇ ਇੱਥੇ ਹੀ ਜੰਮੇ-ਪਲੇ ਜਾਂ ਜਵਾਨ ਹੋਏ ਹੋਣ ਸਦਕਾ ਬਰਤਾਨੀਆਂ ’ਤੇ ਆਪਣਾ ਇੱਕ ਤਰ੍ਹਾਂ ਨਾਲ ਹੱਕ ਸਮਝਦੇ ਹਨ। ਦੂਜੀ ਗੱਲ ਉਹਨਾਂ ਨੂੰ ਵਿਰਾਸਤ ਵਿੱਚ ਇੱਕ ਤਰ੍ਹਾਂ ਨਾਲ ‘ਆਰਥਕ ਪੱਖ’ ਮਜ਼ਬੂਤ ਮਿਲਿਆ। ਮਾਪਿਆਂ ਵਲੋਂ ਬਣੇ ਬਣਾਏ ਘਰ ਮਿਲੇ ਅਤੇ ਲੋੜ ਪੈਣ ਤੇ ਸਥਾਪਤੀ ਲਈ ਸਹਾਇਤਾ ਵੀ ਮਿਲੀ। ਉਹਨਾਂ ਦਾ ਸਾਰਾ ਜ਼ੋਰ ਇੱਥੇ ਟਿਕੇ ਰਹਿਣ ਵਿੱਚ ਲੱਗਿਆ ਹੋਇਆ ਹੈ। ਦੂਜੀ-ਤੀਜੀ ਪੀੜ੍ਹੀ ਨਾ ਤਾਂ ਪੰਜਾਬ ਜਾ ਕੇ ਵਸਣ ਵਿੱਚ ਕੋਈ ਦਿਲਚਸਪੀ ਰੱਖਦੀ ਹੈ ਅਤੇ ਨਾ ਹੀ ਉਹ ਪੰਜਾਬ ਜਾ ਕੇ ਪਹਿਲੀ ਪੀੜ੍ਹੀ ਵਲੋਂ ਬਣਾਈਆਂ ਜਾਇਦਾਦਾਂ ਦੀ ਸੰਭਾਲ ਕਰਨ ਨੂੰ ਤਿਆਰ ਹੈ। ਇਹ ਦੁਰਭਾਗ ਹੈ ਪਹਿਲੀ ਪੀੜ੍ਹੀ ਦਾ ਕਿ ਉਹ ਦੋ ਪੁੜਾਂ ਵਿੱਚ ਪਿਸ ਰਹੀ ਹੈ। ਪਹਿਲੀ ਪੀੜ੍ਹੀ ਦਾ ਪਰਵਾਸੀ, ਆਪਣੀ ਉਮਰ ਦੇ ਇੱਕ ਅਜਿਹੇ ਮੋੜ ਤੇ ਖੜ੍ਹਾ ਹੈ ਕਿ ਨਾ ਤਾਂ ਉਹ ਪਿੱਛੇ ਮੁੜਨ ਜੋਗਾ ਹੈ ਅਤੇ ਨਾ ਹੀ ਇੱਥੇ ਬਰਤਾਨੀਆਂ ਰਹਿ ਕੇ ਉਸਨੂੰ ਪੂਰੀ ਚੈਨ ਹੈ, ਕਿਉਂਕਿ ਉਸਦੀ ਬਹੁਤੀ ਕਮਾਈ ਪਿੱਛੇ ਭਾਰਤ ਵਿੱਚ ਲੱਗੀ ਹੋਈ ਹੈ। ਉਹ ਹੁਣ ਪੱਕੇ ਤੌਰ ’ਤੇ ਆਪਣੀਆਂ ਭਾਰਤ ਵਿੱਚ ਬਣਾਈਆਂ ਜਾਇਦਾਦਾਂ ਨੂੰ ਸਾਂਭਣ ਦੇ ਯੋਗ ਨਹੀਂ ਹੈ ਕਿਉਂਕਿ ਉਸ ਦੀ ਸੰਤਾਨ ਇੱਥੇ ਬਰਤਾਨੀਆਂ ਵਿੱਚ ਹੈ। ਇਸਦੇ ਨਾਲ ਹੀ ਪੰਜਾਬ ਅਤੇ ਭਾਰਤ ਸਰਕਾਰ ਦੇ ਪਰਵਾਸੀਆਂ ਲਈ ‘ਨਾਂਹ-ਵਾਚਕ’ ਵਤੀਰੇ ਬਾਰੇ ਸਾਰੇ ਜਾਣਦੇ ਹੀ ਹਨ?

? ਮੇਰੇ ਖ਼ਿਆਲ ਨਾਲ, ਤੁਸੀਂ ਅਧਿਆਪਨ ਦੇ ਕਿੱਤੇ ਲਈ ਇੰਗਲੈਂਡ ਆ ਕੇ ਟੀਚਰ ਟ੍ਰੇਨਿੰਗ ਕੀਤੀ ਅਤੇ ਬਹੁਤ ਸਾਰੀ ਮਿਹਨਤ ਕੀਤੀ। ਲੰਡਨ ਵਰਗੇ ਸ਼ਹਿਰ ਵਿੱਚ ਅਧਿਆਪਨ ਵੀ ਕੀਤਾ। ਇੱਕ ਅਧਿਆਪਕ ਹੋਣ ਦੇ ਨਾਤੇ ਦੋਹਾਂ ਦੇਸ਼ਾਂ ਦੇ ਵਿਦਿਅਕ ਢਾਂਚੇ ਬਾਰੇ ਤੁਹਾਡੀ ਕੀ ਰਾਏ ਹੈ?

: ਢਾਅ ਜੀ! ਮੈਂ ਜਿਵੇਂ ਕਿ ਪਹਿਲਾਂ ਦੱਸ ਚੁੱਕਿਆ ਹਾਂ ਮੈਂ ਬਰਤਾਨੀਆ ਵਿੱਚ ਅਧਿਆਪਨ ਦੇ ਕਾਰਜ ਲਈ ਮਿਲੇ ਵਾਊਚਰ ’ਤੇ ਹੀ ਆਇਆ ਸਾਂ ਪਰ ਇੱਥੋਂ ਦੇ ਵਿਦਿਅਕ ਢਾਂਚੇ ਤੋਂ ਪੂਰੀ ਤਰ੍ਹਾਂ ਵਾਕਫ ਨਹੀਂ ਸਾਂ। ਭਾਰਤ ਰਹਿੰਦਿਆਂ ਮੈਂ ਅਧਿਆਪਨ ਦੇ ਕਿੱਤੇ ਲਈ ਕੋਈ ਟ੍ਰੇਨਿੰਗ ਨਹੀਂ ਸੀ ਲੈ ਸਕਿਆ। ਪਰ ਜੇਕਰ ਮੇਰੇ ਪਾਸ ਕੋਈ ਟਰੇਨਿੰਗ ਹੁੰਦੀ ਵੀ ਤਾਂ ਉਸ ਟ੍ਰੇਨਿੰਗ ਦੇ ਬਲ-ਬੂਤੇ ’ਤੇ ਮੈਨੂੰ ਸਿੱਧੇ ਅਧਿਆਪਨ ਦੇ ਕਿੱਤੇ ਦੀ ਨੌਕਰੀ ਨਹੀਂ ਸੀ ਮਿਲ ਸਕਣੀ। ਉੱਚੀ ਵਿੱਦਿਆ ਪ੍ਰਾਪਤ ਕਰਕੇ ਆਏ ਅਤੇ ਬਹੁਤ ਸਾਰੇ ਟਰੇਂਡ ਅਧਿਆਪਕਾਂ ਨੂੰ ਵੀ ਇੱਥੇ ਆ ਕੇ ਮੁੜ ਸਾਲ-ਸਾਲ ਦੀ ਟੀਚਰ-ਟ੍ਰੇਨਿੰਗ ਦੇ ਰੀਫਰੈਸ਼ਰ ਕੋਰਸ ਕਰਨੇ ਪਏ। 1970-71 ਬਾਅਦ ਇਹ ਰੀਫਰੈਸ਼ਰ ਕੋਰਸਜ਼ ਬੰਦ ਕਰ ਦਿੱਤੇ ਗਏ ਸਨ। ਮੈਂ ਯੂਨੀਵਰਸਿਟੀ ਆਫ਼ ਲੰਡਨ ਦੇ ‘ਏਵਰੀ ਹਿੱਲ ਕਾਲਜ’ ਵਿੱਚ ਤਿੰਨ ਵਰ੍ਹਿਆਂ ਦਾ ਪੂਰੇ ਸਮੇਂ ਦਾ ਕੋਰਸ ਕੀਤਾ। ਅਧਿਆਪਨ ਦਾ ਇਹ ਤਿੰਨ ਸਾਲਾ ਕੋਰਸ ‘ਸਰਟੀਫੀਕੇਟ ਇੰਨ ਐਜੂਕੇਸ਼ਨ’ ਕਹਿਲਾਉਂਦਾ ਸੀ ਅਤੇ ਬੀ. ਐਡ. (ਪਾਰਟ 1) ਵੀ। ਬੀ.ਐਡ. ਦਾ ਪੂਰਾ ਕੋਰਸ ਚਾਰ ਵਰ੍ਹਿਆਂ ਦਾ ਹੁੰਦਾ ਸੀ। ਦੋਹਾਂ ਦੇਸ਼ਾਂ ਦੇ ਵਿਦਿਅਕ ਢਾਂਚੇ ਵਿੱਚ ਨਿਸਚੈ ਹੀ ਬਹੁਤ ਅੰਤਰ ਹੈ। ਸਾਰੇ ਬਰਤਾਨੀਆਂ ਵਿੱਚ ਯੂਨੀਵਰਸਿਟੀਆਂ ਤੋਂ ਟਰੇਨਿੰਗ ਲੈਣ ਉਪਰੰਤ ‘ਅਧਿਆਪਕਾਂ’ ਦੀ ਰਜਿਸਟਰੇਸ਼ਨ ਇੱਕ ਥਾਂ ਭਾਵ ‘ਡੀਪਾਰਟਮੈਂਟ ਆਫ਼ ਐਜੂਕੇਸ਼ਨ ਅਤੇ ਸਾਇੰਸ’ ਲੰਡਨ ਜਾਂ ਸਕਾਟਲੈਂਡ ਲਈ ਵੱਖਰੇ ਅਦਾਰੇ ਵਿੱਚ ਹੋਣੀ ਲਾਜ਼ਮੀ ਹੁੰਦੀ ਹੈ। ਦੂਜੀ ਗੱਲ ਪੜ੍ਹਾਉਣ ਦੇ ਢੰਗਾਂ ਵਿੱਚ ਬਹੁਤ ਅੰਤਰ ਹੈ। ਬਰਤਾਨੀਆ ਵਿੱਚ ‘ਘੋਟੇ’ ਲਈ ਨਾ ਤਾਂ ਕੋਈ ਥਾਂ ਹੈ ਅਤੇ ਨਾ ਹੀ ਕੋਈ ਲੋੜ ਸਮਝੀ ਜਾਂਦੀ ਹੈ, ਜਦ ਕਿ ਪੰਜਾਬ/ਭਾਰਤ ਵਿੱਚ ਸਭ ਕੁਝ ਇਸਦੇ ਉਲਟ ਹੈ। ਸਫ਼ਲ ਸਿੱਖਿਆ ਦਾ ਅਰਥ ਇੱਥੇ ਇਹ ਲਿਆ ਜਾਂਦਾ ਹੈ ਕਿ ਸਿੱਖਿਆਰਥੀ/ਵਿਦਿਆਰਥੀ ਸਹਿਜ-ਸੁਭਾਅ ਹੀ ਖੋਜੀ ਬਿਰਤੀ ਅਪਣਾਵੇ ਅਤੇ ਖੁਸ਼ੀ ਵਾਲੇ ਮਾਹੌਲ ਵਿੱਚ ਅਰਥ-ਭਰਪੂਰ ਅਤੇ ਸਦ-ਰਹਿਣਾ ਗਿਆਨ ਪਰਾਪਤ ਕਰ ਸਕੇ।

? ਆਪਣੇ ਦੇਸ਼ ਵਾਂਗ ਤੁਸੀਂ ਇੰਗਲੈਂਡ ਵਿੱਚ ਵੀ ਦੇਖਿਆ ਹੋਵੇਗਾ ਕਿ ਅਮੀਰਾਂ ਦੇ ਬੱਚੇ ਹੋਰ ਸਕੂਲਾਂ ਵਿੱਚ ਅਤੇ ਕਿਰਤੀ ਜਮਾਤ ਦੇ ਬੱਚੇ ਹੋਰ ਸਕੂਲਾਂ ਵਿੱਚ ਵਿੱਦਿਆ ਲੈ ਰਹੇ ਹਨ। ਇਸ ਦੋ ਤਰ੍ਹਾਂ ਦੀ ਵਿੱਦਿਆ ਨਾਲ ਕਿਸ ਤਰ੍ਹਾਂ ਦੇ ਸਮਾਜ ਦੀ ਉਸਾਰੀ ਹੋਵੇਗੀ? ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

: ਬਰਤਾਨੀਆ ਦਾ ਵਿੱਦਿਅਕ ਸਿਸਟਮ ਮੁੱਖ ਰੂਪ ਵਿਚ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ: (1) ਪਰਾਇਮਰੀ ਅਤੇ ਸੈਕੰਡਰੀ ਸਕੂਲ ਅਤੇ (2) ਫਿਫਥ ਫੌਰਮ ਕਾਲਜਾਂ ਅਤੇ ਯੂਨੀਵਰਸਿਟੀਆਂ ਦਾ। ਜੇਕਰ ਗੱਲ ਪ੍ਰਾਇਮਰੀ ਅਤੇ ਸੈਕੰਡਰੀ ਵਿੱਦਿਆ ਦੀ ਕੀਤੀ ਜਾਵੇ ਤਾਂ ਇਸਦਾ ਪ੍ਰਬੰਧ ਸਥਾਨਕ ਕੌਂਸਲਾਂ ਦੇ ‘ਵਿੱਦਿਅਕ ਵਿਭਾਗ’ ਕਰਦੇ ਹਨ। ਕਾਨੂੰਨ ਇੱਥੋਂ ਦੇ ਹਰ ਵਾਸੀ ਨੂੰ ਆਪਣੇ ਮਨ ਭਾਉਂਦੇ ਸਕੂਲ ਦੀ ਚੋਣ ਕਰਨ ਦਾ ਹੱਕ ਦਿੰਦਾ ਹੈ। ਅਮਲੀ ਰੂਪ ਵਿੱਚ ਉਹ ਕੀ ਕਰ ਸਕਦਾ ਹੈ ਜਾਂ ਕੀ ਕਰੇਗਾ, ਇਸਦਾ ਨਿਰਭਰ ਉਸ ਉੱਤੇ ਹੈ। ਬਰਤਾਨੀਆਂ ਵਿੱਚ ਕਈ ਤਰ੍ਹਾਂ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਹਨ ਪਰ ਮੁੱਖ ਰੂਪ ਵਿੱਚ (1) ਚਰਚ ਸਕੂਲ, (2) ਸਟੇਟ ਸਕੂਲ, (3) ਪ੍ਰਾਈਵੇਟ ਜਾਂ ਆਜ਼ਾਦ ਸਕੂਲ/ਧਾਰਮਕ ਸਕੂਲ (4) ਗਰਾਮਰ ਸਕੂਲਜ਼ ਆਦਿ। ਰਾਜ ਦਾ ਹਰ ਬੱਚਾ ਕੌਂਸਲ ਵਲੋਂ ਚਲਾਏ ਜਾਂ ਚੱਲ ਰਹੇ ਸਕੂਲ ਵਿੱਚ ਦਾਖ਼ਲ ਹੋਣ ਦਾ ਅਧਿਕਾਰੀ ਹੁੰਦਾ ਹੈ ਅਤੇ 11 ਸਾਲ ਦੀ ਉਮਰ ਤੱਕ ਉਹ ਪਰਾਇਮਰੀ ਸਕੂਲ ਵਿੱਚ ਪੜ੍ਹਦਾ ਹੈ। ਪ੍ਰਾਇਮਰੀ ਐਜੂਕੇਸ਼ਨ ਪ੍ਰਾਪਤ ਕਰਨ ਪਿੱਛੋਂ ਉਹ ਸੈਕੰਡਰੀ ਸਕੂਲਾਂ ਵਿੱਚ ਜਾਂਦਾ ਹੈ। ਇਹ ਸਕੂਲ ‘ਕੌਂਸਲ ਸਕੂਲ’ ਵੀ ਹੋ ਸਕਦੇ ਹਨ ਅਤੇ ਪ੍ਰਾਈਵੇਟ ਵੀ। ਅਕਸਰ ਕਿਰਤੀ ਅਤੇ ਮਿਡਲ ਕਲਾਸ ਦੇ ਬੱਚੇ ਕੌਂਸਲ ਵਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਪੜ੍ਹਦੇ ਹਨ। ਇਹਨਾਂ ਸਕੂਲਾਂ ਦੀ ਪੜ੍ਹਾਈ ਸਮਾਪਤ ਕਰਨ ਪਿੱਛੋਂ ਕੁਝ ਗਿਣਤੀ ਦੇ ਵਿਦਿਆਰਥੀ ਹੋਰ ਉੱਚੀ ਵਿੱਦਿਆ ਲਈ ਕਾਲਜਾਂ/ਯੂਨੀਵਰਸਿਟੀਆਂ ਤੱਕ ਪੁੱਜਦੇ ਹਨ। ਕੁਝ ਇੱਕ ਬੱਚੇ 11+ ਦੀ ਪ੍ਰੀਖਿਆ ਵਿੱਚ ਬੈਠਕੇ ਜਦੋਂ ਬਹੁਤ ਚੰਗੇ ਅੰਕ ਪ੍ਰਾਪਤ ਕਰਦੇ ਹਨ ਤਾਂ ਕਈ ਸੈਕੰਡਰੀ ਐਜੂਕੇਸ਼ਨ ਲਈ ਗਰਾਮਰ ਸਕੂਲਾਂ ਵਿੱਚ ਜਾਂਦੇ ਹਨ। ਅਮੀਰ ਮਾਪਿਆਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ। ਨਿੱਜੀ ਤੌਰ ’ਤੇ ਇੱਕ ਅਧਿਆਪਕ ਰਹਿ ਚੁੱਕੇ ਹੋਣ ਕਾਰਨ ਭਾਵੇਂ ਕਿ ਮੈਂ ਸਮਝਦਾ ਹਾਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਪਰ ਇਸਦਾ ਇੱਕ ਦੂਜਾ ਪਾਸਾ ਵੀ ਹੈ ਕਿ ਬਹੁਤੇ ਕਿਰਤੀ ਮਾਪੇ ਜਾਂ ਕਈ ਆਵਾਸੀ ਮਾਪੇ ਆਪਣੇ ਬੱਚਿਆਂ ਦੀ ਵਿੱਦਿਅਕ ਪ੍ਰਗਤੀ ਪ੍ਰਤੀ ਨਾ ਤਾਂ ਜਾਗਰੂਕ ਹੀ ਹਨ ਅਤੇ ਨਾ ਹੀ ਉਹ ਇਸਦੀ ਬਹੁਤੀ ਲੋੜ ਹੀ ਸਮਝਦੇ ਹਨ। ਇੰਨਾ ਕਹਿਣ ਦੇ ਬਾਵਜੂਦ ਵੀ ਅੰਕੜੇ ਦੱਸਦੇ ਹਨ ਕਿ ਪੰਜਾਬੀ ਬੱਚਿਆਂ ਨੇ ਵੀ ਬੜੀਆਂ ਉਤਸ਼ਾਹ-ਜਨਕ ਪੁਲਾਂਘਾਂ ਪੁੱਟੀਆਂ ਹਨ। ਦੂਜੀ/ਤੀਜੀ ਪੀੜ੍ਹੀ ਦੇ ਜਵਾਨ ਹੋ ਚੁੱਕੇ ਬੱਚੇ ਅੱਜ ਬੜੀਆਂ ਚੰਗੀਆਂ ਨੌਕਰੀਆਂ ਕਰ ਰਹੇ ਹਨ। ਡਾਕਟਰ, ਡੈਂਟਿਸਟ, ਫਾਰਮਸਿਸਟ/ਕੈਮਿਸਟ ਅਤੇ ਅੱਖਾਂ ਦੇ ਮਾਹਰ ਹਨ। ਇੰਜੀਨੀਅਰ ਹਨ, ਅਧਿਆਪਕ ਹਨ। ਬਹੁਤਿਆਂ ਪਾਸ ਚੰਗੇ ਕਾਰੋਬਾਰ ਹਨ।

? ਰਾਏ ਸਾਹਿਬ ਹੁਣ ਪਿਛਲੇ ਕੁਝ ਸਮੇਂ ਤੋਂ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਵਸੇ ਪੰਜਾਬੀਆਂ ਨੇ ਰਾਜਨੀਤੀ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਇੰਗਲੈਂਡ ਵਿੱਚ ਵੀ ਜਿਨ੍ਹਾਂ ਇਲਾਕਿਆਂ ਵਿੱਚ ਆਪਣੀ ਵਸੋਂ ਕਾਫੀ ਹੈ, ਉੱਥੇ ਐਮ ਪੀਜ਼ ਅਤੇ ਕੌਂਸਲਰ ਚੁਣੇ ਗਏ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਲੋਕ ਪੰਜਾਬੀਆਂ ਦੀ ਕਿਸੇ ਪੱਖੋਂ ਨੁਮਾਇੰਦਗੀ ਕਰਕੇ ਇਨ੍ਹਾਂ ਦੀ ਸ਼ਾਨ ਬਣ ਰਹੇ ਹਨ?

: ਹਾਂ ਜੀ, ਇਹ ਗੱਲ ਦਰੁਸਤ ਹੈ ਕਿ ਹੋਰ ਕਈ ਵਿਦੇਸ਼ੀ ਦੇਸਾਂ ਦੇ ਨਾਲ ਨਾਲ, ਬਰਤਾਨੀਆਂ ਵਿੱਚ ਵੀ, ਪੰਜਾਬੀਆਂ ਨੇ ਰਾਜਨੀਤੀ ਵਿੱਚ ਹਿੱਸਾ ਲੈਣਾ ਆਰੰਭ ਦਿੱਤਾ ਹੈ। ਲੰਡਨ, ਬਰਮਿੰਘਮ, ਵਾਲਸਾਲ, ਵੁਲਵਰਹੈਂਪਟਨ, ਲਿਸਟਰ ਜਾਂ ਲੀਡਜ਼ ਆਦਿ ਕਈ ਸ਼ਹਿਰਾਂ ਵਿੱਚ ਸਥਾਨਕ ਕੌਂਸਲਾਂ ਵਿੱਚ ਪੰਜਾਬੀ ਕੌਂਸਲਰ ਚੁਣੇ ਗਏ ਹਨ। ਲਿਸਟਰ, ਮਾਨਚੈਸਟਰ, ਬਰਮਿੰਘਮ ਅਤੇ ਲੰਡਨ ਆਦਿ ਥਾਵਾਂ ਤੋਂ ਕਈ ਪੰਜਾਬੀ/ਭਾਰਤੀ/ਪਾਕਿਸਤਾਨੀ ‘ਮੈਂਬਰ ਆਫ਼ ਪਾਰਲੀਮੈਂਟ’ ਚੁਣੇ ਗਏ ਹਨ। ਨਿਸਚੈ ਹੀ ਇਹ ਪੰਜਾਬੀਆਂ ਲਈ ਸ਼ਾਨ ਦੀ ਗੱਲ ਹੈ। ਪਰ ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਇਹਨਾਂ ਚੋਣਾਂ ਲਈ ਖੜ੍ਹੇ ਹੋਏ ਜਾਂ ਚੁਣੇ ਗਏ ਉਮੀਦਵਾਰ ਪੰਜਾਬੀ ਹੁੰਦਿਆਂ ਹੋਇਆਂ ਵੀ ਸਮੁੱਚੇ ‘ਵਾਰਡ’ ਵਲੋਂ ਚੁਣੇ ਗਏ ਕੌਂਸਲਰ ਜਾਂ ਐਮ.ਪੀ. ਹਨ ਨਾ ਕਿ ਕੇਵਲ ਪੰਜਾਬੀਆਂ ਲਈ। ਉਹ ਚੁਣੇ ਗਏ ਵਾਰਡ ਵਿੱਚ ਰਹਿ ਰਹੇ ਸਾਰੇ ਵਾਸੀਆਂ ਦੀ ਹੀ ਨੁਮਾਇੰਦਗੀ ਕਰ ਰਹੇ ਹੁੰਦੇ ਹਨ।

ਉਂਝ ਦੁੱਖ ਵਾਲੀ ਗੱਲ ਹੈ ਕਿ ਕਈ ਵਾਰੀ ਪੰਜਾਬੀਆਂ ਸਮੇਤ ਏਸ਼ੀਆਈ ਖ਼ਿਤੇ ਦੇ ਇਹ ਚੁਣੇ ਹੋਏ ‘ਰਾਜਨੀਤਕ’ ਆਪਣੇ ਹੀ ਸਾਥੀਆਂ ਨਾਲ ਗੰਦੀ ਰਾਜਨੀਤੀ ਵੀ ਵਰਤ ਲੈਂਦੇ ਹਨ। ਮਿਸਾਲ ਦੇ ਤੌਰ ’ਤੇ ਕਈ ਸ਼ਹਿਰਾਂ ਵਿੱਚ ਸਾਡੇ ਇਹ ਰਾਜਨੀਤਕ ਲੀਡਰ, ਧਰਮ, ਕੌਮ ਜਾਂ ਦੇਸ ਦੇ ਨਾਂ ਤੇ ‘ਭਾਰਤੀ ਪੰਜਾਬੀ’ ਅਤੇ ‘ਪਾਕਸਤਾਨੀ ਪੰਜਾਬੀ’ ਵਿੱਚ ਵੰਡੇ ਹੋਏ ਹਨ। ਕੌਂਸਲਾਂ ਵਿੱਚ ‘ਪਾਕਿਸਤਾਨੀ ਪੰਜਾਬੀ’ ਦੇ ਮੁਕਾਬਲੇ ‘ਭਾਰਤੀ ਪੰਜਾਬੀ’ ਕੌਂਸਲਰ ਜਾਂ ਤਾਂ ਬਿਲਕੁਲ ਨਾਦਾਰਦ ਹਨ ਜਾਂ ਆਟੇ ਵਿਚ ਲੂਣ ਦੇ ਬਰਾਬਰ ਹਨ।

? ਜਿਨ੍ਹਾਂ ਇਲਾਕਿਆਂ ਵਿੱਚ ਪੰਜਾਬੀ ਵਸੋਂ ਜ਼ਿਆਦਾ ਹੈ, ਉੱਥੇ ਕੈਨੇਡਾ ਵਾਂਗ ਇੰਗਲੈਂਡ ਵਿੱਚ ਵੀ ਪੰਜਾਬੀ ਦੀ ਪੜ੍ਹਾਈ ਦੂਜੀ ਭਾਸ਼ਾ ਦੇ ਤੌਰ ਤੇ ਪੜ੍ਹਾਏ ਜਾਣ ਵੀ ਦੀ ਕੋਈ ਸਹੂਲਤ ਹੈ? ਪੰਜਾਬੀ ਭਾਸ਼ਾ ਬਾਰੇ ਸਾਡੇ ਲੋਕਾਂ ਦਾ ਕਿਹੋ ਜਿਹਾ ਰਵਈਆ ਹੈ?

: ਆਪ ਦੀ ਪੁੱਛ ਦੇ ਉੱਤਰ ਵਿੱਚ ‘ਹਾਂ ਹੈ’ ਅਤੇ ‘ਨਹੀਂ ਹੈ।’ ਗੱਲ ਨਾ ਵਧਾਉਂਦਿਆਂ ਦੱਸਣਾ ਚਾਹਾਂਗਾ ਕਿ 1975-80 ਵਿਆਂ ਦੇ ਸਮੇਂ ਵਿੱਚ ਬੜੀ ਜੱਦੋਜਹਿਦ ਕਰਨ ਦੇ ਸਿੱਟੇ ਵਜੋਂ ਬੜੀ ਮੁਸ਼ਕਿਲ ਨਾਲ ਯੂਰਪ ਦੀਆਂ ਹੋਰ ਭਾਸ਼ਾਵਾਂ ਵਾਂਗ ਹੀ ਸਕੂਲਾਂ ਦੇ ਕਰੀਕੁਲਮ ਤੇ ‘ਏਸ਼ੀਆਈ ਮਾਤਰੀ ਭਾਸ਼ਾਵਾਂ’ ਪੜ੍ਹਾਉਣ ਲਈ ਪ੍ਰਵਾਨਗੀ ਮਿਲੀ। ਵਿੱਦਿਅਕ ਵਿਭਾਗ ਦੀ ਦਿੱਕਤ ਸੀ ਕਿ ‘ਏਸ਼ੀਆਈ’ ਬੋਲੀਆਂ ਪੜ੍ਹਾਉਣ ਲਈ ਪ੍ਰਵਾਣਿਤ ਅਧਿਆਪਕ ਮੌਜੂਦ ਨਹੀਂ ਸਨ। ਵੱਖ ਵੱਖ ‘ਐਜੂਕੇਸ਼ਨ ਅਥਾਰਟੀਆਂ’ ਵਲੋਂ ਚਲਾਏ ਜਾਂਦੇ ਮੁੱਖ ਸਕੂਲਾਂ ਵਿੱਚ ਹੋਰ ਹੋਰ ਵਿਸ਼ਿਆਂ ਦੇ ਪੰਜਾਬੀ ਅਧਿਆਪਕਾਂ ਨੇ ਪੰਜਾਬੀ ਅਧਿਆਪਨ ਵਲ ਆਉਣ ਲਈ ਕਦਮ ਪੁੱਟੇ। ਏਸ਼ੀਆਈ ਬੋਲੀਆਂ ਪੜ੍ਹਾਉਣ ਦੇ ਕੋਰਸ ਕੀਤੇ ਅਤੇ ‘ਮੇਨਸਟਰੀਮ’ ਤੇ ਬੋਲੀਆਂ ਪੜ੍ਹਾਉਣੀਆਂ ਆਰੰਭੀਆਂ। ਲੋੜੀਂਦੀਆਂ ਪਾਠ-ਪੁਸਤਕਾਂ ਤਿਆਰ ਕੀਤੀਆਂ। ਯੂਨਵਿਰਸਿਟੀਆਂ ਵਲੋਂ ਜੀ.ਸੀ.ਈ. ਪ੍ਰੀਖਿਆਵਾਂ ਆਰੰਭ ਹੋਈਆਂ। ਇਸ ਸਮੇਂ ਹੀ ਬਹੁਤੇ ਸ਼ਹਿਰਾਂ ਵਿੱਚ ‘ਵੀਕਐਂਡ’ ਸਕੂਲ ਵੀ ਸ਼ੁਰੂ ਹੋਏ। ਗੁਰਦੁਆਰਿਆਂ ਵਿੱਚ ਵੀ ਪੰਜਾਬੀ ਪੜ੍ਹਾਉਣ ਲਈ ਯਤਨ ਵਧੇ। ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਪੰਜਾਬੀ ਸਮਾਜ ਦੀ ਇਕਮੁੱਠਤਾ ਅਤੇ ਰਹਿਤਲ ਦੀ ਸਾਂਭ ਸੰਭਾਲ ਲਈ ਗੁਰਦੁਆਰਿਆਂ ਦਾ ਆਪਣਾ ਇੱਕ ਬਹੁਤ ਹੀ ਵੱਡਾ ਰੋਲ ਰਿਹਾ ਹੈ ਅਤੇ ਸਦਾ ਹੀ ਰਹੇਗਾ ਪਰ ਮੇਰੀ ਜਾਚੇ ਸਹਿਜ-ਸੁਭਾਅ ਹੀ ਇੱਕ ਬਹੁਤ ਭਾਰੀ ਗ਼ਲਤੀ ਜਾਂ ਅਣਗਹਿਲੀ ਵਰਤੀ ਗਈ। ‘ਗੁਰਦੁਆਰਿਆਂ ਅਤੇ ਵੀਕਐਂਡ ਸਕੂਲਾਂ’ ਨੇ ਮੇਨਸਟਰੀਮ ਸਕੂਲਾਂ ਵਿੱਚ ਪੰਜਾਬੀ ਪੜ੍ਹਾਏ ਜਾਣ ਲਈ ਬਹੁਤਾ ਉਤਸ਼ਾਹ ਨਾ ਵਿਖਾਇਆ।

ਕਈ ਮਾਪੇ ਵੀ ਮਾਤਰੀ ਭਾਸ਼ਾ ਦੀ ਮਹੱਤਤਾ ਨੂੰ ਅਣਗੌਲਿਆ ਕਰਦਿਆਂ ਮੇਨ ਸਟਰੀਮ ਸਕੂਲਾਂ ਵਿੱਚ ਪੰਜਾਬੀ ਦੀ ਥਾਂ ਹੋਰ ਵਿਸ਼ਿਆਂ ਨੂੰ ਤਰਜੀਹ ਦੇਣ ਲੱਗ ਪਏ। ਸਿੱਟੇ ਵਜੋਂ ਹੁਣ ਪੰਜਾਬੀ ਦੀ ਪੜ੍ਹਾਈ ਲਗਪਗ ਗੁਰਦੁਆਰਿਆਂ ਵਿੱਚ ਹੀ ਰਹਿ ਗਈ। ਮੇਨਸਟਰੀਮ ਸਕੂਲਾਂ ਦੇ ਕਰੀਕੁਲਮ ਤੋਂ ਪੰਜਾਬੀ ਗਾਇਬ ਹੈ ਪਰ ਹਾਲਾਂ ਤੱਕ ਉਰਦੂ ਚਾਲੂ ਹੈ। ਗੁਰਦੁਆਰਿਆਂ ਵਲੋਂ ਚਲਾਈਆਂ ਜਾਂਦੀਆਂ ਪੰਜਾਬੀ ਕਲਾਸਾਂ ਵਿੱਚ ਅਕਸਰ ਪੰਜਾਹ ਤੋਂ ਲੈ ਕੇ ਸੌ ਸੌ, ਵੱਖ ਵੱਖ ਉਮਰਾਂ ਦੇ, ਵਿਦਿਆਰਥੀ ਇਕੱਠੇ ਹੀ ਸਨਿੱਚਰਵਾਰ ਜਾਂ ਐਤਵਾਰ ਨੂੰ ਭਾਵ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਜਾ ਕੇ ਪੰਜਾਬੀ ਪੜ੍ਹਦੇ ਹਨ। ਮੇਨ ਸਟਰੀਮ ਸਕੂਲਾਂ ਵਿੱਚ ਕਲਾਸਾਂ ਛੋਟੀਆਂ ਹੁੰਦੀਆਂ ਹਨ ਅਤੇ ਬੱਚੇ ਇੱਕੋ ਜਿਹੀ ਉਮਰ ਦੇ ਹੋਣ ਕਾਰਨ ਨਿਯਮਤ ਰੂਪ ਵਿੱਚ ਪੜ੍ਹਦੇ ਹਨ। ਇੰਝ ਪੜ੍ਹਨ-ਪੜ੍ਹਾਉਣ ਦੀ ਪ੍ਰਕਿਰਿਆ ਵੀਕ-ਐਂਡ ਜਾਂ ਗੁਰਦੁਆਰੇ ਦੇ ਪੰਜਾਬੀ ਸਕੂਲਾਂ ਦੇ ਮੁਕਾਬਲੇ ਮੇਨ-ਸਟਰੀਮ ਸਕੂਲਾਂ ਵਿੱਚ ਸਾਰਥਕ ਢੰਗ ਨਾਲ ਹੁੰਦੀ ਹੈ। ਪਰ ਹੁਣ ਤਾਂ ਇਹ ਮੌਕਾ ਹੱਥੋਂ ਨਿੱਕਲ ਗਿਆ। ਹੁਣ ਤਾਂ ਸਾਰੇ ਬਰਤਾਨੀਆਂ ਵਿੱਚ ਕੋਈ ‘ਟਾਂਵਾਂ ਟਾਵਾਂ’ ਹੀ ‘ਜੀਸੀਈ ਜਾਂ ਏ ਲੈਵਲ ਪੰਜਾਬੀ’ ਦੀ ਪ੍ਰੀਖਿਆ ਦਿੰਦਾ ਹੈ।

? ਤੁਹਾਨੂੰ ਲੋਕ ਡਾ. ਗੁਰਦਿਆਲ ਸਿੰਘ ਵੀ ਕਹਿੰਦੇ ਹਨ। ਤੁਸੀਂ ਡਾਕਟਰੀ ਵੀ ਇੰਗਲੈਂਡ ਆ ਕੇ ਹੀ ਕੀਤੀ? ਇਹ ਕਿਸ ਤਰ੍ਹਾਂ ਦੀ ਡਾਕਟਰੀ ਹੈ? ਸਾਹਿਤਕ ਜਾਂ ਮੈਡੀਕਲ? ਇਹ ਵੀ ਦੱਸੋ ਕਦੋਂ ਕੀਤੀ? ਫੇਰ ਇਸ ਨਾਲ ਕੋਈ ਜੌਬ ਵਗੈਰਾ ਵੀ ਮਿਲੀ?

: ਢਾਅ ਸਾਹਿਬ ਜੀ! ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸਾਂ। ਮੇਰਾ ਮਨ ਸੀ ਕਿ ਆਸਾਮ ਰਹਿੰਦਿਆਂ ਹੀ ‘ਡਿਬਰੂਗੜ੍ਹ ਦੇ ਮੈਡੀਕਲ ਕਾਲਜ’ ਵਿੱਚ ਮੈਡੀਕਲ ਲਈ ਦਾਖ਼ਲਾ ਲਵਾਂਗਾ। ਪਰ ਦਸਵੀਂ ਦੀ ਪ੍ਰੀਖਿਆ ਦੇਣ ਉਪਰੰਤ ਪੰਜਾਬ ਆ ਜਾਣ ਮਗਰੋਂ ਸਭ ਕੁਝ ਬਦਲ ਗਿਆ ਅਤੇ ਜਦੋਂ ਪੰਜਾਬ ਪੁੱਜਿਆ ਤਾਂ ਦੁਆਬਾ ਕਾਲਜ ਜਲੰਧਰ ਵਿੱਚ ਪ੍ਰੀ-ਮੈਡੀਕਲ ਲਈ ਲੋੜੀਂਦੇ ਵਿਸ਼ੇ ਲੈ ਕੇ ਪੜ੍ਹਨਾ ਆਰੰਭ ਕੀਤਾ ਪਰ ਕੁਝ ਹਾਦਸਿਆਂ ਕਾਰਨ ਮੈਂ ਕਾਲਜ ਦੀ ਪੜ੍ਹਾਈ ਜਾਰੀ ਨਾ ਰੱਖ ਸਕਿਆ। ਇੰਗਲੈਂਡ ਪੁੱਜਣ ਉਪਰੰਤ ਮੁੱਢਲੇ ਵਰ੍ਹੇ ਸਥਾਪਤੀ ਵੱਲ ਹੀ ਲੱਗ ਗਏ ਅਤੇ ਕਿੱਤੇ ਵਜੋਂ ਅਧਿਆਪਕ ਬਣ ਗਿਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐੱਮ. ਏ. (ਪੰਜਾਬੀ) ਕਰਨ ਉਪਰੰਤ, ਫਿਰ 1983-84 ਵਿੱਚ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਵਿੱਚ ‘ਪੱਤਰਕਾਰੀ’ ਸੰਬੰਧੀ ਡਾਕਟਰੇਟ ਲਈ ਰਜਿਸਟਰੇਸ਼ਨ ਲਈ ਬੇਨਤੀ ਪੱਤਰ ਦਿੱਤਾ। ਯੂਨੀਵਰਸਿਟੀ ਨੇ ‘ਸਿਨੌਪਸਿਸ’ ਅਤੇ ਪਰਚੇ ਛਾਪ ਦਿੱਤੇ। ਮੇਰੇ ਪਾਸ ਅੱਠ ਕਾਪੀਆਂ ਵੀ ਪੁੱਜ ਗਈਆਂ ਪਰ ਰਜਿਸਟਰੇਸ਼ਨ ਦੀ ਸੂਹ ਨਾ ਪੁੱਜੀ। ਚਿੱਠੀ-ਪੱਤਰ ਅਤੇ ਫ਼ੋਨ ਨੇ ਕੰਮ ਨਾ ਕੀਤਾ। ਮਸਲਾ ਖੱਟੇ ਪੈ ਗਿਆ। ਪਰ ਕਿਤੇ ਧੁਰ ਅੰਦਰ ਮੇਰੇ ਮਨ ਵਿੱਚ ਸ਼ਾਇਦ ਡਾਕਟਰ ਬਣਨ ਦੀ ਲਾਲਸਾ ਹਾਲਾਂ ਵੀ ਕੁਰਬਲ ਕੁਰਬਲ ਕਰ ਰਹੀ ਸੀ।

ਕਿੱਤੇ ਵਜੋਂ ਮੇਰਾ ਮੁੱਖ ਵਾਹ ਵਿੱਦਿਆ ਜਾਂ ਅਧਿਆਪਨ ਨਾਲ ਹੀ ਰਿਹਾ ਜਦ ਕਿ ਰੂਹ ਦੀ ਖ਼ੁਰਾਕ ਵਜੋਂ ਮੈਂ ਸਾਹਿਤ ਨਾਲ ਜੁੜਿਆ ਰਿਹਾ। ਉਮਰ ਵਾਧੇ ਵੱਲ ਅਤੇ ਸਰੀਰ ਢਹਿੰਦੇ ਵੱਲ ਦੌੜ ਰਿਹਾ ਸੀ। ਅਧਿਆਪਨ ਤੋਂ ਸੇਵਾ ਮੁਕਤ ਹੋ ਕੇ ਕੀ ਕਰਨਾ ਹੈ ਅਤੇ ਆਪਣੀ ਨਿੱਜੀ ਸਿਹਤ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਫਿਰ ਮੈਂ ਕੰਪਲੀਮੈਂਟਰੀ ਮੈਡੀਸਨ ਵਲ ਰੁਚਿਤ ਹੋਇਆ। ਬ੍ਰਿਟਿਸ਼ ਇੰਸਟੀਚਿਅਟ ਆਫ਼ ਹੋਮਿਓਪੈਥੀ ਤੋਂ ‘ਡਿਪਲੋਮਾ ਇੰਨ ਹੋਮਿਓਪੈਥਿਕ ਮੈਡੀਸਨ’ ਕੀਤਾ। ਫਿਰ ‘ਰੀਫਲੈਕਸ ਜ਼ੋਨ ਥੈਰਪੀ,’ ਅਤੇ ‘ਨੀਊਟਰੀਸ਼ਨਲ ਨੀਡਜ਼ ਐਂਡ ਡੈਫੀਸੀਐਂਸੀ ਡੀਸੀਜ਼ਜ਼ ਆਫ ਏਸ਼ੀਅਨ ਇੰਮੀਗਰਾਂਟਸ ਇਨ ਗਰੇਟ ਬ੍ਰਿਟੇਨ’ Nutritonal Needs and Deficiency Diseases of Asian Immigrants in the U.K.) ਸਬੰਧੀ 1990 ਵਿੱਚ ਡਾਕਟਰੇਟ ਕੀਤੀ। ਵਿਸ਼ਾ ਬਦਲਣਾ ਸੀ ਇਸ ਲਈ ਪਹਿਲਾਂ ‘ਨੀਊੂਟਰੀਸ਼ਨ’ ਵਿੱਚ ਬੀ.ਐੱਸਸੀ ਅਤੇ ਐੱਮ.ਐੱਸਸੀ ਕਰਨੀ ਪਈ। ਬਰਤਾਨੀਆਂ ਵਿੱਚ ਪੰਜ ਵੱਡੇ ਹਸਪਤਾਲਾਂ ਵਿੱਚ ਹੋਮਿਓਪੈਥਿਕ ਮੈਡੀਸਨ ਅਤੇ ਇਲਾਜ ਦੀ ਸਹੂਲਤ ਹੈ। ਬਹੁਤ ਸਾਰੇ ਐਲੋਪੈਥਿਕ ਡਾਕਟਰ ਵੀ ਹੋਮਿਓਪੈਥਕ ਇਲਾਜ ਵਿੱਚ ਮਾਹਰ ਹਨ ਪਰ ਕਈ ਬਹੁਤਾ ਉਤਸ਼ਾਹ ਨਹੀਂ ਦਰਸਾਉਂਦੇ। ਕਈ ਬਾਰ ਹੋਮਿਓਪੈਥੀ ਜਾਂ ਹਰਬਲ ਮੈਡੀਸਨ ਤੇ ਟੀਕਾ-ਟਿੱਪਣੀ ਵੀ ਹੁੰਦੀ ਰਹਿੰਦੀ ਹੈ। ਨੈਸ਼ਨਲ ਹੈਲਥ ਰਾਹੀਂ ਇਹ ਦਵਾਈਆਂ ਰੋਗੀਆਂ ਲਈ ਉਪਲਬਦ ਹਨ। ਡਿਪਾਰਟਮੈਂਟ ਆਫ ਹੈਲਥ ਦੀ ਮੈਡੀਸਨ ਕੰਟਰੋਲ ਏਜੰਸੀ ਵਲੋਂ ਸਿੱਖਿਆ ਅਤੇ ਟਰੇਨਿੰਗ ਸਬੰਧੀ ਛਾਣਬੀਣ ਕਰਨ ਉਪਰੰਤ ‘ਕੰਪਲੀਮੈਂਟਰੀ ਮੈਡੀਸਨ’ ਦੀ ਪ੍ਰੈਕਟਿਸ ਲਈ ਲਾਇਸੈਂਸ ਦਿੱਤੇ ਜਾਂਦੇ ਹਨ। ਮੇਰੇ ਪਾਸ ਵੀ ਪ੍ਰੈਕਟੀਸ਼ਨਰ ਲਾਈਸੈਂਸ ਸੀ ਪਰ ਮੈਂ ਆਪਣੀ ਸਿਹਤ ਦੀ ਖ਼ਰਾਬੀ ਕਾਰਨ ਕੋਈ ਜੌਬ ਨਾ ਕਰ ਸਕਿਆ।

? ਇੱਕ ਸਵਾਲ ਮੈਂ ਆਪਣੇ ਲੋਕਾਂ ਬਾਰੇ ਕਰਨਾ ਚਾਹਾਂਗਾ ਕਿ ਇੱਧਰ ਵਿਦੇਸ਼ਾਂ ਵਿੱਚ ਕੁਝ ਸਮੇਂ ਤੋਂ ਵੱਖ ਵੱਖ ਜਾਤਾਂ, ਜਾਂ ਸੰਤਾਂ ਬਾਬਿਆਂ ਦੇ ਨਾਂ ’ਤੇ ਗੁਰਦੁਆਰੇ ਉਸਾਰਨ ਲੱਗ ਪਏ ਹਨ। ਮੇਰੇ ਖ਼ਿਆਲ ਵਿੱਚ ਇਹ ਰਿਵਾਜ਼ ਸਭ ਤੋਂ ਪਹਿਲਾਂ ਇੰਗਲੈਂਡ ਵਿੱਚ ਹੀ ਸ਼ੁਰੂ ਹੋਇਆ। ਹੁਣ ਬਾਕੀ ਦੇਸ਼ਾਂ ਵਿੱਚ ਵੀ ਫੈਲ ਰਿਹਾ ਹੈ। ਤੁਸੀਂ ਇਸ ਦਾ ਕੀ ਕਾਰਨ ਸਮਝਦੇ ਹੋ? ਕੀ ਪੰਜਾਬੀ ਅਮੀਰ ਜ਼ਿਆਦਾ ਹੋ ਗਏ ਹਨ ਜਾਂ ਧਾਰਮਿਕ ਜ਼ਿਆਦਾ? ਜਾਂ ਫਿਰ ਇਸ ਨੂੰ ਰਾਜਨੀਤੀ ਦੀ ਹੀ ਇੱਕ ਖੇਡ ਮੰਨਦੇ ਹੋ? ਇੱਕ ਚਿੰਤਕ ਹੋਣ ਦੇ ਨਾਤੇ ਕੀ ਕਹਿਣਾ ਚਾਹੋਗੇ?

: ਢਾਅ ਸਾਹਿਬ! ਇੱਕ ਗੱਲ ਤਾਂ ਹੈ ਕਿ ਜਦੋਂ ਪਹਿਲਾਂ ਪਹਿਲ ਪੰਜਾਬੀ ਆਵਾਸੀ ਦੀ ਆਮਦ ਬਰਤਾਨੀਆਂ ਵਿੱਚ ਹੋਈ ਤਾਂ ਇੱਥੇ ਲੰਡਨ ਵਿੱਚ ਹੀ ‘ਸ਼ੈਪਰਡਬੁਸ਼’ ਵਿੱਖੇ ਇੱਕ ਗੁਰਦੁਆਰਾ ਸੀ। ਪਰ ਅੱਜ ਬਰਤਾਨੀਆਂ ਵਿੱਚ ਪੰਜਾਬੀ ਵਸੋਂ ਵਾਲੇ ਹਰ ਸ਼ਹਿਰ ਵਿੱਚ ਹੀ ਗੁਰਦੁਆਰੇ ਹਨ। ਇਹੋ ਹੀ ਨਹੀਂ, ਕਈ ਵੱਡੇ ਸ਼ਹਿਰਾਂ ਵਿੱਚ ਜਿਵੇਂ ਕਿ ਲੰਡਨ, ਬਰਮਿੰਘਮ, ਲਿਸਟਰ, ਲੀਡਜ਼ ਆਦਿ ਸ਼ਹਿਰਾਂ ਵਿੱਚ ਇੱਕ ਹੀ ਨਹੀਂ ਸਗੋਂ ਚਾਰ ਚਾਰ, ਪੰਜ ਪੰਜ ਤੋਂ ਲੈ ਕੇ ਦਰਜਨਾਂ ਗੁਰਦੁਆਰੇ ਹਨ। ਇਹ ਗੁਰਦੁਆਰੇ ਵੱਖ ਵੱਖ ਜਾਤਾਂ, ਜਾਂ ਸੰਤਾਂ ਬਾਬਿਆਂ ਦੇ ਨਾਂ ਤੇ ਵੀ ਹਨ ਅਤੇ ਇੱਕਾ-ਦੁੱਕਾ ‘ਸਿੰਘ ਸਭਾ’ ਦੇ ਨਾਂ ਤੇ ਵੀ। ਮੈਨੂੰ ਇਸ ਗੱਲ ਦਾ ਬਹੁਤਾ ਇਲਮ ਨਹੀਂ ਹੈ ਕਿ ਇੰਝ ਦੇ ਗੁਰਦੁਆਰਿਆਂ ਦੀ ਉਸਾਰੀ ਦਾ ਰਿਵਾਜ਼ ਸਭ ਤੋਂ ਪਹਿਲਾਂ ਬਰਤਾਨੀਆਂ ਵਿੱਚ ਪਿਆ। ਹਾਂ, ਇਹ ਸਹੀ ਹੈ ਕਿ ਸੰਸਾਰ ਦੇ ਲਗਪਗ ਹਰ ਦੇਸ਼ ਵਿੱਚ ਜਿੱਥੇ ਜਿੱਥੇ ਵੀ ਪੰਜਾਬੀਆਂ ਦੀ ਵਸੋਂ ਹੈ, ਗੁਰਦੁਆਰੇ ਹਨ।

ਗੁਰਦੁਆਰੇ ਉਸਾਰਨ ਦਾ ਮੁੱਢਲਾ ਮੰਤਵ ਤਾਂ ਸ਼ਾਇਦ ਇਹ ਸੀ ਕਿ ਹਫਤਾ ਭਰ ਕੰਮ ਕਰਨ ਉਪਰੰਤ ਕੋਈ ਸਾਂਝੀ ਥਾਂ ਮੁਹੱਈਆ ਕੀਤੀ ਜਾਵੇ ਜਿੱਥੇ ਇਲਾਕੇ ਦੇ ਸਾਰੇ ਪੰਜਾਬੀ ਸਮਾਜਕ ਤੌਰ ਤੇ ਮਿਲ ਬੈਠ ਕੇ ਦੁੱਖ-ਸੁੱਖ ਫੋਲਦਿਆਂ ਗੱਲਬਾਤ ਕਰ ਸਕਣ, ਗੁਰਪੁਰਬ ਮਨਾ ਸਕਣ, ਗੁਰਬਾਣੀ ਕੀਰਤਨ ਸੁਣ-ਵਿਚਾਰ ਸਕਣ, ਪਰਿਵਾਰਕ ਸਮਾਗਮ ਕਰ ਸਕਣ ਅਤੇ ਆਉਣ ਵਾਲੇ ਹਫਤੇ ਦੇ ਕੰਮਾਂ ਕਾਜਾਂ ਲਈ ਆਤਮਿਕ ਤੌਰ ਤੇ ਤਿਆਰ ਮਹਿਸੂਸ ਕਰ ਸਕਣ। ਸਮਾਂ ਪਾ ਕੇ ਪੰਜਾਬੀਆਂ ਦੀ ਗਿਣਤੀ ਵਧਣ ਲੱਗੀ। ਪਰਿਵਾਰ ਆ ਗਏ, ਲੋੜਾਂ ਵਧ ਗਈਆਂ। ਵਿਆਹ-ਸ਼ਾਦੀਆਂ, ਖੁਸ਼ੀਆਂ-ਗ਼ਮੀਆਂ ਅਤੇ ਹੋਰ ਸਮਾਗਮਾਂ ਲਈ ਗੁਰਦੁਆਰਿਆਂ ਦੀ ਲੋੜ ਵਧ ਗਈ। ਲੋੜਾਂ ਵਧਣ ਕਾਰਨ ਭਾਂਤ ਭਾਂਤ ਦੇ ਵਿਚਾਰਾਂ ਦੇ ਵਾਦ-ਵਿਵਾਦ ਆਰੰਭ ਹੋਣੇ ਸ਼ੁਰੂ ਹੋਏ, ਚੌਧਰ ਦੀ ਭੁੱਖ ਵੀ ਜਾਗਣ ਲੱਗ ਪਈ।

ਅਸੂਲੀ ਤੌਰ ’ਤੇ ਸਿੱਖੀ ਵਿੱਚ ਜਾਤ-ਪਾਤ ਲਈ ਕੋਈ ਥਾਂ ਨਹੀਂ ਪਰ ਦੁੱਖ ਦੀ ਗੱਲ ਹੈ ਕਿ ਅੱਜ ਗੁਰਦੁਆਰਿਆਂ ਵਿੱਚ ਜਾਤ-ਪਾਤ ਨੇ ਡੇਰਾ ਜਮਾਇਆ ਹੋਇਆ ਹੈ। ਹੁਣ ਗੁਰਦੁਆਰੇ, ਜੱਟਾਂ, ਤਰਖਾਣਾਂ, ਛੀਂਬਿਆਂ ਅਤੇ ਰਵਿਦਾਸੀਆਂ ਆਦਿ ਵਿੱਚ ਵੰਡੇ ਗਏ। ਜਾਤਾਂ ਬਰਾਦਰੀਆਂ ਵਿੱਚ ਵੰਡੇ ਜਾਣ ਦਾ ਵੱਡਾ ਕਾਰਨ ਤਾਂ ਇਹ ਮੰਨਿਆ ਜਾਂਦਾ ਹੈ ਕਿ ਜੱਟਾਂ ਵਲੋਂ ਚਲਾਏ ਜਾਂਦੇ ਗੁਰਦੁਆਰੇ ਸੰਗਤ ਵਜੋਂ ਤਾਂ ਸਭ ਨੂੰ ‘ਖੁਸ਼ਆਮਦੀਦ’ ਕਹਿੰਦੇ ਹਨ ਕਿਉਂਕਿ ਚੜ੍ਹਾਵਾ ਵਾਹਵਾ ਚੜ੍ਹਦਾ ਹੈ ਪਰ ਪ੍ਰਬੰਧਕੀ ਕਾਰਜਾਂ ਵਿੱਚ ਕਿਸੇ ਹੋਰ ਜਾਤ ਵਾਲੇ ਨੂੰ ਨੇੜੇ ਨਹੀਂ ਢੁੱਕਣ ਦਿੱਤਾ ਜਾਂਦਾ। ਸੋ ਹੌਲ਼ੀ ਹੌਲ਼ੀ ਸਾਂਝੀਵਾਲਤਾ ਦਾ ਹੋਕਾ ਦੇਣ ਵਾਲੇ ਸਿੱਖ ਧਰਮ ਦੇ ਬਹੁਤ ਸਾਰੇ ਗੁਰਦੁਆਰੇ ਰਵਿਦਾਸੀਆਂ, ਰਾਮਗੜ੍ਹੀਆ ਜਾਂ ਹੋਰ ਜਾਤਾਂ ਵਿੱਚ ਵੰਡੇ ਗਏ। ਕਈ ਵਾਰ ਤਾਂ ਇੰਝ ਵੀ ਹੋਇਆ ਦੱਸਿਆ ਗਿਆ ਕਿ ਇੱਕ ਕਮੇਟੀ ਵਿੱਚ ਕਿਸੇ ਗੱਲੋਂ ਮੱਤਭੇਦ ਹੋਇਆ ਤਾਂ ਰੁੱਸੇ ਹੋਏ ਪ੍ਰਬੰਧਕ ਨੇ ਇੱਕ ਹੋਰ ਕਮੇਟੀ ਤਿਆਰ ਕਰਕੇ ਨਵੇਂ ਗੁਰਦੁਆਰੇ ਦੀ ਉਸਾਰੀ ਕਰ ਲਈ। ਤੀਜੀ ਤਰ੍ਹਾਂ ਦੇ ਗੁਰੂ ਘਰ ਕੁਝ ਸੰਤਾਂ-ਬਾਬਿਆਂ ਵਲੋਂ ਉਸਾਰੇ ਗਏ ਤੇ ਚਲਾਏ ਜਾ ਰਹੇ ਹਨ। ਪੰਜਾਬੀ ਸੰਗਤਾਂ ਪਤਾ ਨਹੀਂ ਅੰਨ੍ਹੀ-ਸ਼ਰਧਾ ਕਾਰਨ ਜਾਂ ਉਂਝ ਹੀ ਆਪਣੇ ਦਾਨੀ ਸੁਭਾ ਕਾਰਨ ਮਾਇਆ ਇਕੱਠੀ ਕਰਨ ਵਿੱਚ ਭਰਪੂਰ ਸਹਾਇਤਾ ਕਰਦੀਆਂ ਹਨ।

ਬਾਕੀ ਰਹੀ ਗੱਲ ਅਮੀਰੀ ਜਾਂ ਧਾਰਮਿਕਤਾ ਜਾਂ ਰਾਜਨੀਤੀ ਦੀ। ਅੱਜ ਗੁਰਦੁਆਰੇ ਕਮੇਟੀਆਂ ਦੀ ਸਿਆਸਤ ਨਾਲ ਜੁੜੇ ਹੋਏ ਹਨ। ਜਿਸ ਧਿਰ ਦੀ ਕਮੇਟੀ ਉਸ ਪਾਸ ਤਾਕਤ, ਉਸਦੀ ਹੀ ਚੌਧਰ ਅਤੇ ਉਹੀ ਧਿਰ ਗੁਰਦੁਆਰੇ ਉੱਤੇ ਕਾਬਜ਼। ਆਪਣੀ ਚੌਧਰ ਨੂੰ ਕਾਇਮ ਰੱਖਣ ਲਈ ਹਰ ਸੰਭਵ ਰਾਜਨੀਤੀ ਦੀ ਵਰਤੋਂ ਵੀ ਹੁੰਦੀ ਹੈ। ਅੱਜ ਲਗਾਤਾਰ ਗੁਰਦੁਆਰੇ ਜਾਣ ਵਾਲੇ ਬਹੁਤੇ ਪਹਿਲੀ ਪੀੜ੍ਹੀ ਦੇ ਲੋਕ ਹਨ। ਦੂਜੀ-ਤੀਜੀ ਪੀੜ੍ਹੀ ਦੇ ਪੰਜਾਬੀ ਕੇਵਲ ਲੋੜ ਅਨੁਸਾਰ ਪਰਿਵਾਰਕ ਸਮਾਗਮਾਂ ਲਈ ਜਾਂ ਵਿਸ਼ੇਸ਼ ਗੁਰਪੁਰਬਾਂ ਦੇ ਮੌਕਿਆਂ ’ਤੇ ਗੁਰਦੁਆਰੇ ਜਾਂਦੇ ਹਨ। ਮੇਰੀ ਜਾਚੇ ਕੁਝ ਹੱਦ ਤੱਕ ਅਮੀਰ ਤਾਂ ਇੱਥੇ ਸਾਰੇ ਹੀ ਪੰਜਾਬੀ ਹਨ। ਹਾਂ, ਅੱਜ ਕੱਲ੍ਹ ਹਾਲਤ ਇੰਨੀ ਸਲਾਹੁਣ ਯੋਗ ਨਹੀਂ। ਕੰਮਕਾਰ ਲੱਭ ਨਹੀਂ ਰਹੇ, ਕਾਰੋਬਾਰਾਂ ਵਿੱਚ ਮੰਦੀ ਚੱਲ ਰਹੀ ਹੈ। ਇੰਝ ਨਿਰਾਸ਼ਾ ਵਿੱਚ ਘਿਰਿਆ ਬੰਦਾ ਕੋਈ ਆਸਰਾ ਭਾਲਦਾ ਹੈ। ਧਰਮ ਉਸਨੂੰ ਠੁੰਮ੍ਹਣੇ ਦਾ ਕੰਮ ਦਿੰਦਾ ਹੈ। ਇਸ ਲਈ ਆਮ ਬੰਦਾ ਗੁਰਦੁਆਰੇ ਜਾਂ ਕਿਸੇ ਧਾਰਮਕ ਸਥਾਨ ’ਤੇ ਜਾਣ ਵਿੱਚ ਸੁੱਖ ਦਾ ਅਨੁਭਵ ਕਰਦਾ ਹੈ। ਹਾਂ, ਕਈ ਇਸਦੇ ਉਲਟ ਆਪਣੀ ਅਧਿਆਤਮਕ ਭੁੱਖ ਦੀ ਪੂਰਤੀ ਲਈ ਵੀ ਜਾਂਦੇ ਹਨ।

? ਇੰਗਲੈਂਡ ਵਿੱਚ ਪੰਜਾਬੀਆਂ ਨੇ ਲੋਕ ਗੀਤਾਂ ਨੂੰ ਲਿਖਣ, ਗਾਉਣ ਦੀ ਜਾਂ ਰੀਕਾਰਡ ਕਰਨ ਕਰਾਉਣ ਦੀ ਵੀ ਪਹਿਲ ਕੀਤੀ ਹੈ। ਬਹੁਤ ਸਾਰੇ ਗਰੁੱਪਾਂ ਨੇ ਪੰਜਾਬੀ ਗੀਤ-ਸੰਗੀਤ ਨਾਲ ਨਵੀਂ ਪੀੜ੍ਹੀ ਨੂੰ ਆਪਣੀ ਵੱਲ ਖਿੱਚਿਆ ਅਤੇ ਜੋੜਿਆ ਵੀ। ਇਹਦੇ ਬਾਰੇ ਕੀ ਕਹਿਣਾ ਚਾਹੋਗੇ?

: ਬਰਤਾਨੀਆਂ ਵਿੱਚ ਬਹੁਤ ਸਾਰੇ ਲੋਕ ਗੀਤ ਗਾਉਣ ਵਾਲੇ ਗਰੁੱਪ ਹਨ, ਜਿਹਨਾਂ ਦੇ ਦਰਸ਼ਣ ਵਿਆਹ-ਸ਼ਾਦੀਆਂ ਦੇ ਸਮਾਗਮਾਂ ਤੇ ਹੁੰਦੇ ਰਹਿੰਦੇ ਹਨ। ਇਹ ਗੀਤ ਲਿਖਣ ਜਾਂ ਗਾਉਣ ਵਾਲੇ ਪੰਜਾਬੀ, ਬਰਤਾਨੀਆਂ ਵਿੱਚ ਹੀ ਵਸ ਰਹੇ ਹਨ। ਬਹੁਤ ਸਾਰੇ ਗੀਤ ਰੀਕਾਰਡ ਵੀ ਕੀਤੇ ਗਏ ਹਨ ਅਤੇ ਅਕਸਰ ਰੇਡੀਓ ਤੋਂ ਵੀ ਸੁਣਨ ਨੂੰ ਮਿਲ ਜਾਂਦੇ ਹਨ। ਬਹੁਤ ਸਾਰੇ ਗੀਤ ਲਿਖਣ ਦਾ ਪਹਿਲਾ ਆਰੰਭਕ ਯਤਨ ਜੰਡੂ ਲਿੱਤਰਾਂ ਵਾਲਾ ਅਤੇ ਤਰਲੋਚਨ ਸਿੰਘ ਚੰਨ ਨੇ ਕੀਤਾ। ਉਹਨਾਂ ਦੇ ਲਿਖੇ ਗੀਤ ਅੱਜ ਵੀ ਗੀਤਕਾਰ ਗਾ ਰਹੇ ਹਨ। ਹੋਰ ਵੀ ਕਈ ਗੀਤਕਾਰਾਂ ਨੇ ਇਸ ਪਾਸੇ ਹੰਭਲਾ ਮਾਰਿਆ। ਚੰਗੇ ਸੁਣਨ ਮਾਨਣ ਯੋਗ ਗੀਤ ਅੱਜ ਸੁਨਣ ਨੂੰ ਮਿਲਦੇ ਹਨ। ਬਹੁਤੇ ਵਿਸਥਾਰ ਵਿੱਚ ਨਾ ਜਾਂਦਿਆਂ ਕਹਾਂਗਾ ਕਿ ਜਿੱਥੇ ਗੁਰੂ ਘਰਾਂ ਨੇ ਪੰਜਾਬੀ ਬੋਲੀ ਦੀ ਸੰਭਾਲ ਲਈ ਗੁਰਬਾਣੀ ਨੂੰ ਸਫ਼ਲ ਮਾਧਿਅਮ ਬਣਾਇਆ ਇੰਝ ਹੀ ਇਹਨਾਂ ਗੀਤਕਾਰਾਂ ਨੇ ਵੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਨਾਲ ਸਾਂਝ ਪੁਆਉਣ ਵਿੱਚ ਕੋਈ ਕਸਰ ਨਹੀਂ ਛੱਡੀ। ਨਵੀਂ ਪਨੀਰੀ ਭਾਵੇਂ ਪੰਜਾਬੀ ਬੋਲੀ ਤੋਂ ਪੂਰੀ ਤਰ੍ਹਾਂ ਵਾਕਿਫ ਨਹੀਂ ਫਿਰ ਵੀ ਉਹਨਾਂ ਪਾਸ ਪੰਜਾਬੀ ਦੀ ਸ਼ਬਾਦਾਵਲੀ ਧੁਮਾਲਾਂ ਪਾਉਂਦੀ ਆ ਰਹੀ ਹੈ। ਅਕਸਰ ਉਹ ਪੰਜਾਬੀ ਬੋਲਾਂ ਨੂੰ ਸਮਝਦੇ ਜਾਂ ਨਾ ਸਮਝਦੇ ਹੋਏ ਵੀ ’ਤੇਜ਼-ਰਫ਼ਤਾਰੀ’ ਸੰਗੀਤਕ ਲੈ ਵਿੱਚ ਬੱਝੇ ਬੰਦਾਂ ’ਤੇ ਝੂਮਦੇ ਨਜ਼ਰ ਆਉਂਦੇ ਹਨ। ਭਾਵੇਂ ਕਿ ਇਹ ਕਾਫੀ ਨਹੀਂ ਪਰ ਫਿਰ ਵੀ ਮੰਨਣਾ ਪਵੇਗਾ ਕਿ ਇੰਝ ਉਹ ਅਣਭੋਲ ਹੀ ਪੰਜਾਬੀ ਬੋਲੀ/ਸਾਹਿਤ ਅਤੇ ਸਭਿਆਚਾਰ ਨਾਲ ਜੁੜਨ ਵੱਲ ਕਦਮ ਪੁੱਟ ਰਹੇ ਹਨ।

? ਤੁਸੀਂ ਕਈ ਲੇਖਕਾਂ, ਖ਼ਾਸ ਕਰਕੇ ਇਸਤਰੀ ਲੇਖਕਾਂ ਦੀਆਂ ਉਰਦੂ ਰਚਨਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਇਹ ਅਨੁਵਾਦ ਕਰਨ ਦਾ ਸਬੱਬ ਕਦੋਂ ਤੇ ਕਿਵੇਂ ਬਣਿਆ? ਨਾਲ ਹੀ ਦੱਸੋ ਕਿ ਤੁਸੀਂ ਕਿਹੜੇ ਲੇਖਕਾਂ ਦੀਆਂ ਕਿਤਾਬਾਂ ਉਰਦੂ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ?

: ਮੈਂ ਜਨਾਬ ਜਫ਼ਰ ਆਲਮਗੀਰ, ਸ਼ਬਨਮ ਕਿਉਮ ਅਤੇ ਵਾਜਿਦਾ ਤਬਸੁਮ ਦੀਆਂ ਕੁਝ ਉਰਦੂ ਕਹਾਣੀਆਂ ਦੇ ਪੰਜਾਬੀ ਅਨੁਵਾਦ ਕੀਤੇ। ਜਨਾਬ ਮਕਸੂਦ ਇਲਾਹੀ ਸ਼ੇਖ ਦੀਆਂ ਤਿੰਨ ਪੁਸਤਕਾਂ: ਪੱਥਰ ਕਾ ਜਿਗਰ, ਬਰਫ਼ ਕੇ ਆਂਸੂ, ਝੂਠ ਬੋਲਤੀ ਆਂਖੇਂ ਤੋਂ 9 ਕਹਾਣੀਆਂ ਅਤੇ ਦੋ ਹੋਰ ਕਹਾਣੀਆ ਭਾਵ ਕੁੱਲ ਗਿਆਰਾਂ ਕਹਾਣੀਆਂ ਦਾ ਅਨੁਵਾਦ 1995 ਵਿੱਚ ‘ਅੱਖੀਆਂ ਕੂੜ ਮਾਰਦੀਆਂ’ ਨਾਂ ਦੇ ਸੰਗ੍ਰਹਿ ਵਜੋਂ ਕੀਤਾ। ਇਸ ਤੋਂ ਇੱਕ ਵਰ੍ਹੇ ਬਾਅਦ 1996 ਵਿੱਚ ‘ਬਰਤਾਨਵੀ ਲੇਖਕਾਵਾਂ ਦੀਆਂ ਉਰਦੂ ਕਹਾਣੀਆਂ’ ਨਾਂ ਦਾ ਪੰਜਾਬੀ ਅਨੁਵਾਦ ਸੰਗ੍ਰਹਿ ਛਪਿਆ। ਇਸ ਵਿੱਚ ਬਰਤਾਨੀਆਂ ਰਹਿੰਦੀਆਂ ਉਰਦੂ ਦੀਆਂ 13 ਲੇਖਕਾਵਾਂ ਦੀਆਂ 15 ਕਹਾਣੀਆਂ ਦਾ ਅਨੁਵਾਦ ਸ਼ਾਮਲ ਹੈ। ਇੱਥੇ ਸ਼ਾਇਦ ਇਹ ਦੱਸਣਾ ਕੁਥਾਂਹ ਨਹੀਂ ਹੋਵੇਗਾ ਕਿ ਭਾਵੇਂ ਕਿ ਇਹ ਸੰਗ੍ਰਹਿ 1996 ਵਿੱਚ ਪ੍ਰਕਾਸ਼ਿਤ ਹੋਇਆ ਪਰ ਇਸਦਾ ਆਰੰਭ 1994 ਵਿੱਚ ਹੋਇਆ। ਲੇਖਕਾਵਾਂ ਤੋਂ ਕਹਾਣੀਆਂ, ਪ੍ਰਵਾਨਗੀ, ਤਸਵੀਰਾਂ, ਬਿਓਰੇ ਆਦਿ ਪ੍ਰਾਪਤ ਕਰਨ ਅਤੇ ਫਿਰ ਅਨੁਵਾਦ ਕਰਨ ਵਿੱਚ ਲਗਪਗ ਦੋ ਵਰ੍ਹੇ ਲੱਗ ਗਏ।

? ਇਹ ਕੁਝ ਐਸੀਆਂ ਲੇਖਕਾਵਾਂ ਹਨ ਜਿਨ੍ਹਾਂ ਨੂੰ ਆਲੋਚਕਾਂ ਨੇ ਅੱਖੋਂ ਪਰੋਖੇ ਹੀ ਕਰੀ ਰੱਖਿਆ। ਆਮ ਪਾਠਕਾਂ ਤੱਕ ਕੋਈ ਨਾਤਾ ਨਹੀਂ ਬਣਿਆ ਪਰ ਤੁਸੀਂ ਆਪਣੀ ਕਿਤਾਬ ਵਿੱਚ ਉਨ੍ਹਾਂ ਦਾ ਬਣਦਾ ਜ਼ਿਕਰ ਕੀਤਾ। ਉਹਨਾਂ ਦੀਆਂ ਲਿਖਤਾਂ ਬਹੁਤਾ ਕਿਸ ਵਿਸ਼ੇ ਨੂੰ ਛੋਹ ਰਹੀਆਂ ਹਨ?

: ਪੰਜਾਬੀ ਬੋਲੀ ਹੋਵੇ ਜਾਂ ਉਰਦੂ ਜਾਂ ਹਿੰਦੀ, ਘੱਟ ਜਾਂ ਵੱਧ ਸਭ ਦੀ ਸਥਿਤੀ ਇੱਕੋ ਜਿਹੀ ਹੀ ਹੈ। ਬਰਤਾਨਵੀ ਪੰਜਾਬੀ ਜਾਂ ਉਰਦੂ ਸਾਹਿਤ ਦੀ ਇਹ ਬਦਕਿਸਮਤੀ ਹੈ ਕਿ ਹਰ ਬੋਲੀ ਦੇ ਦੇਸੀ/ਪ੍ਰਦੇਸੀ ਆਲੋਚਕਾਂ ਦੀ ਸੂਈ ਬਸ 4-6 ਗਿਣੇ ਮਿੱਥੇ ਲੇਖਕਾਂ ਦੁਆਲੇ ਹੀ ਘੁਮੰਦੀ ਰਹਿੰਦੀ ਹੈ। ਖ਼ੈਰ! ਉਰਦੂ ਲੇਖਕਾਵਾਂ ਦੀਆਂ ਕਹਾਣੀਆਂ ਪ੍ਰਾਪਤ ਕਰਨ ਲਈ ਬੜੀ ਜੱਦੋਜਹਿਦ ਕਰਨੀ ਪਈ। ਕਹਾਣੀ ਸੰਗ੍ਰਹਿ ਲਈ ਕਹਾਣੀਆਂ ਦੀ ਮੰਗ ਕਰਦਿਆਂ ਇਹ ਤਾਕੀਦ ਕੀਤੀ ਗਈ ਸੀ ਕਿ ਉਹਨਾਂ ਦੀਆਂ ਕਹਾਣੀਆਂ ਪ੍ਰਵਾਸ ਭੋਗ ਰਹੇ ਅਤੇ ਭਾਰਤੀ ਉਪ-ਮਹਾਂ ਖੰਡ ਮੂਲ ਦੇ ਪਰਵਾਸੀਆਂ ਅਤੇ ਉਹਨਾਂ ਦੀ ਦੂਜੀ ਪੀੜ੍ਹੀ (ਜਿਹੜੀ ਬਰਤਾਨੀਆ ਵਿੱਚ ਹੀ ਜੰਮੀ, ਪਲੀ ਅਤੇ ਪ੍ਰਵਾਨ ਚੜ੍ਹੀ ਹੋਵੇ) ਦੇ ਜੀਵਨ ਦੇ ਕਿਸੇ ਨਾ ਕਿਸੇ ਗੌਲੇ ਜਾਂ ਅਣਗੌਲੇ ਪੱਖ ਨੂੰ ਦਰਸਾਉਂਦੀਆਂ ਹੋਣ। ਨਾਲ ਹੀ ਲੇਖਕਾਵਾਂ ਦੇ ਸੰਖੇਪ ਜੀਵਨ ਬਿਉਰੇ ਅਤੇ ਤਸਵੀਰਾਂ ਦੀ ਮੰਗ ਵੀ ਕੀਤੀ ਗਈ।

ਇਹਨਾਂ ਕਹਾਣੀਆਂ ਵਿੱਚ ‘ਕਹਾਣੀ’ ਤਾਂ ਹੈ ਹੀ ਪਰ ਮੰਤਵ ਤੇ ਮੁੱਦੇ ਵੀ ਉੱਭਰੇ ਹਨ। ਕਹਾਣੀਆਂ ਵਿੱਚ ਪਾਤਰ ਵਿਲੱਖਣ ਅਤੇ ਸੰਜੀਵ ਹਨ। ਇਹਨਾਂ ਕਹਾਣੀਆਂ ਵਿੱਚ ਲੇਖਕਾਵਾਂ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਦਿਆਂ ਨਸਲਵਾਦ, ਰੰਗ ਭੇਦ ਕਾਰਨ ਹੁੰਦੇ ਨਸਲੀ ਵਿਤਕਰੇ ਅਤੇ ਭੰਨ ਤੋੜ ਦੀਆਂ ਕਾਰਵਾਈਆਂ, ਆਵਾਸ ਦੀਆਂ ਸਮੱਸਿਆਵਾਂ, ਵਿੱਦਿਅਕ ਅਦਾਰਿਆਂ, ਪੀੜ੍ਹੀ ਪਾੜੇ ਕਾਰਨ ਪਰਿਵਾਰਾਂ ਵਿੱਚ ਤਿੜਕਦੇ ਰਿਸ਼ਤਿਆਂ, ਸੰਤਾਨ ਦੀ ਆਪਣੇ ਮਾਪਿਆਂ ਤੋਂ ਉਪਰਾਮਤਾ, ਬਜ਼ੁਰਗਾਂ ਦੀ ਭੈੜੀ ਹਾਲਤ, ਭੂ-ਹੇਰਵੇ ਅਤੇ ਉਦਰੇਵੇਂ, ਪਦਾਰਥਕ ਲੋੜਾਂ-ਥੋੜਾਂ ਕਾਰਨ ਆਏ ਮਨੁੱਖੀ ਸੁਭਾਅ ਦੀ ਤਬਦੀਲੀ, ਪਤੀ ਪਤਨੀ ਦੇ ਰਿਸ਼ਤਿਆਂ ਦੀ ਦੁਫਾੜ ਅਤੇ ਅਜਿਹੀ ਸਥਿਤੀ ਵਿੱਚ ਉਪਜੀ ਪ੍ਰਵਾਸੀ ਮਾਨਸਿਕਤਾ ਨੂੰ ਬੜੀ ਸੁਚੱਜਤਾ ਨਾਲ ਚਿਤਰਿਆ ਹੈ। ਇਹਨਾਂ ਲੇਖਕਾਵਾਂ ਨੇ ਪ੍ਰਵਾਸੀ ਜ਼ਹਿਨੀਅਤ ਵਿੱਚ ਆਏ ਬਦਲਾਓ ਦੀ ਆਕਾਸੀ ਕਰਦਿਆਂ ਮਨੁੱਖੀ ਸੁਭਾਅ ਨੂੰ ਸਮਝਣ, ਸਮਝਾਉਣ ਅਤੇ ਸਾਕਾਰ ਰੂਪ ਵਿੱਚ ਪ੍ਰਗਟ ਕਰਨ ਦੀ ਸਫ਼ਲ ਕੋਸ਼ਿਸ਼ ਕੀਤੀ ਹੈ।

? ਰਾਏ ਜੀ, ਜਿੰਨੀਆਂ ਮੁਲਾਕਾਤਾਂ ਮੈਂ ਕੀਤੀਆਂ ਉਨ੍ਹਾਂ ਵਿੱਚ ਤੁਸੀਂ ਪਹਿਲੇ ਹੋ ਜੋ, ਦੋਵੇਂ ਜੀਅ (ਪਤੀ ਪਤਨੀ) ਲਿਖਦੇ ਹੋ। ਬਹੁਤ ਹੀ ਖੁਸ਼ੀ ਦੀ ਗੱਲ ਹੈ। ਸੁਰਜੀਤ ਕੌਰ ਕਲਪਨਾ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਦਿਉ। ਉਹਨਾਂ ਨੇ ਕੀ ਕੁਝ ਲਿਖਿਆ? ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ ਲਿਖਣ ਕਲਾ ਵੱਲ ਘਰ ਦੇ ਦੋਵੇਂ ਜੀਅ ਕਿਵੇਂ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ, ਕਦਰ ਕਰਦੇ ਅਤੇ ਸਹਿਯੋਗ ਦਿੰਦੇ ਰਹੇ ਹੋ?

: ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਸੁਰਜੀਤ ਹੁਰਾਂ ਦਾ ਜੀਵਨ-ਸਾਥ ਮਿਲਿਆ। ਉਸ ਨੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬੜੀ ਸਫ਼ਲਤਾ ਨਾਲ ਨਿਭਾਉਂਦਿਆਂ ਪੰਜਾਬੀ ਸਾਹਿਤ ਨਾਲ ਸਾਂਝ ਬਣਾਈ ਰੱਖੀ ਅਤੇ ‘ਕਹਾਣੀ’ ਦੀ ਵਿਧਾ ਉੱਤੇ ਹੱਥ ਅਜ਼ਮਾਏ। ਸੁਰਜੀਤ ਕੌਰ ਕਲਪਨਾ ਦੇ ਹੁਣ ਤੱਕ ਦੋ ਕਹਾਣੀ ਸੰਗ੍ਰਹਿ: (1) ਕੰਧਾਂ ਵਿਲਕਦੀਆਂ (1990) ਅਤੇ (2) ਕਸ਼ਮਕਸ਼ (1992) ਛਪ ਚੁੱਕੇ ਹਨ। ਉਸਦੇ ਇਹ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਕੀਤਾ ਜਾ ਸਕਦਾ ਹੈ ਕਿ ਡਾ: ਬਿਕਰਮ ਸਿੰਘ ਘੁੰਮਣ ਨੇ ‘ਪੰਜ ਦਰਿਆ’ ਨਾਂ ਦੇ ਵੱਡ-ਆਕਾਰੀ ਕਹਾਣੀ ਸੰਗ੍ਰਹਿ (588 ਪੰਨੇ) ਵਿੱਚ ਪੰਜ ਕਹਾਣੀਕਾਰਾਂ: ਕ੍ਰਿਸ਼ਨ ਬੇਤਾਬ, ਸੁਖਚੈਨ ਸਿੰਘ ਭੰਡਾਰੀ, ਗੁਰਮੇਲ ਸਿੰਘ ਮਡਾਹੜ, ਸੁਰਜੀਤ ਕੌਰ ਕਲਪਨਾ ਅਤੇ ਪਾਕਿਸਤਾਨੀ ਕਹਾਣੀਆਂ ਦੇ ਸੰਗ੍ਰਹਿ ਇਕੱਠੇ ਕਰਕੇ ਛਾਪੇ। ਇੰਝ ਹੀ ਗੁਰਮੇਲ ਮਡਾਹੜ ਨੇ ‘ਦੁਮੇਲ’ ਨਾਂ ਦੇ ਸੰਗ੍ਰਹਿ ਵਿੱਚ ਦੋ ਲੇਖਕਾਂ: ਗੁਰਦਿਆਲ ਸਿੰਘ ਰਾਏ ਅਤੇ ਸੁਰਜੀਤ ਕੌਰ ਕਲਪਨਾ ਦੇ ਕਹਾਣੀ ਸੰਗ੍ਰਹਿ ਦੀ ਸੰਪਾਦਨਾ ਕੀਤੀ।

ਹੁਣ ਸੁਰਜੀਤ ਹੁਰਾਂ ਦੀ ਸਿਹਤ ਠੀਕ ਨਹੀਂ ਰਹਿੰਦੀ। ਉਸਦੇ ਦੋ ਵੱਡੇ ਆਪਰੇਸ਼ਨ ਹੋ ਚੁੱਕੇ ਹਨ: (1) ਰਾਈਟ ਕੈਰੋਟਿਡ ਬਾਈਪਾਸ ਅਤੇ (2) ਦਿਲ ਦੇ ਟ੍ਰਿੱਪਲ ਬਾਈਪਾਸ। ਹੁਣ ਉਹ ਵਾਹ ਲੱਗਦੇ ਪੜ੍ਹਦੇ ਹੀ ਹਨ ਪਰ ਉਹਨਾਂ ਨੇ ਲਿਖਣਾ ਲਗਪਗ ਬੰਦ ਕੀਤਾ ਹੋਇਆ ਹੈ। ਮੈਨੂੰ ਹਾਲਾਂ ਵੀ ਉਹ ਲਿਖਣ ਲਈ ਸਹਿਯੋਗ ਦਿੰਦੇ ਰਹਿੰਦੇ ਹਨ ਅਤੇ ਮੇਰੀ ਪੜ੍ਹਨ-ਲਿਖਣ ਦੀ ਪ੍ਰਕਿਰਿਆ ਵਿੱਚ ਕੋਈ ਵਿਘਨ ਨਹੀਂ ਪੈਣ ਦਿੰਦੇ।

? ਤੁਸੀਂ ਇੰਗਲੈਂਡ ਆਉਣ ਤੋਂ ਪਹਿਲਾਂ ਪੰਜਾਬ ਤੋਂ ‘ਪੱਤਣ’ ਨਾਂ ਦਾ ਮਾਸਿਕ ਪਰਚਾ ਕੱਢਿਆ ਜੋ ਕੁਝ ਸਮਾਂ ਚੱਲਿਆ। ਫੇਰ ਇੰਗਲੈਂਡ ਆ ਕੇ ਵੀ ਤੁਸੀਂ ਕਈ ਪਰਚੇ ਚਲਾਏ। ਤੁਸੀਂ ਕੀ ਕਾਰਨ ਸਮਝਦੇ ਹੋ ਇਹ ਕਿਉਂ ਨਹੀਂ ਚੱਲ ਸਕੇ?

: ਢਾਅ ਜੀ! ਪਰਚੇ ਕੱਢਣੇ ਅਤੇ ਸਫਲਤਾ ਪੂਰਵਕ ਚਲਾਉਣੇ ਕੋਈ ਬਹੁਤਾ ਸੁਖ਼ਾਲਾ ਕਾਰਜ ਨਹੀਂ। ਮੈਂ ਇੰਗਲੈਂਡ ਆਉਣ ਤੋਂ ਪਹਿਲਾਂ ਪੰਜਾਬ ਰਹਿੰਦਿਆਂ 1958 ਵਿੱਚ ‘ਪੱਤਣ’ ਨਾਂ ਦਾ ਮਾਸਿਕ ਪਰਚਾ ਕੱਢਿਆ ਜਿਹੜਾ ਲਗਪਗ ਗਿਆਰਾਂ ਮਹੀਨੇ ਚੱਲ ਸਕਿਆ। ਰਚਨਾਵਾਂ ਪੱਖੋਂ ਮੈਂ ਬਹੁਤ ਖੁਸ਼ਕਿਸਮਤ ਸਾਂ ਕਿ ‘ਪੱਤਣ’ ਵਿੱਚ ਪੰਜਾਬ ਦੇ ਚੋਟੀ ਦੇ ਲੇਖਕ ਛਪਦੇ ਰਹੇ ਪਰ ਆਰਥਕ ਪੱਖੋਂ ਇਹ ਬਹੁਤ ਹੀ ਕਸਾਰੇ ਦਾ ਸੌਦਾ ਰਿਹਾ। ਠੀਕ ਇਵੇਂ ਹੀ ਬਰਤਾਨੀਆਂ ਪੁੱਜ ਕੇ ਕੱਢੇ ਪਰਚੇ ਸਫ਼ਲ ਨਾ ਹੋ ਸਕੇ। ਇਹਨਾਂ ਪਰਚਿਆਂ ਦੀ ਅਸਫ਼ਲਤਾ ਦਾ ਸਭ ਤੋਂ ਵੱਡਾ ਕਾਰਣ ਇਹ ਰਿਹਾ ਕਿ ਮੈਂ ‘ਪਰਚਿਆਂ’ ਦੀ ਪ੍ਰਕਾਸ਼ਨਾ ਨੂੰ ‘ਵਿਉਪਾਰਕ’ ਲੀਹਾਂ ਤੇ ਤੋਰਨ ਅਤੇ ਚਲਾਉਣ ਬਾਰੇ ਲੋੜੀਂਦੀ ਵਿਉਂਤਬੰਦੀ ਨਹੀਂ ਸੀ ਕੀਤੀ। ਮੈਂ ਇਹਨਾਂ ਪਰਚਿਆਂ’ ਦੀ ਪ੍ਰਕਾਸ਼ਨਾ ਨੂੰ ਕੇਵਲ ਸ਼ੌਕ ਅਤੇ ਸੇਵਾ ਦੇ ਦਾਇਰੇ ਵਿੱਚ ਹੀ ਰੱਖਦਾ ਰਿਹਾ। ਅਖ਼ਬਾਰ ਜਾਂ ਪਰਚੇ ਕੇਵਲ ਉਹ ਹੀ ਸਫ਼ਲ ਹੋ ਸਕਦੇ ਹਨ ਜਿਹੜੇ ਆਰਥਿਕ ਤੌਰ ਤੇ ਤਕੜੇ ਹੋਣ ਅਤੇ ਆਪਣਾ ਖਰਚ ਚੁੱਕਣ ਦੇ ਯੋਗ ਹੋਣ। ਪਰਚਿਆਂ ਦੀ ਪ੍ਰਕਾਸ਼ਨਾ ਨੂੰ ਕਾਰੋਬਾਰ ਵਾਂਗ ਨਾ ਲਿਆਂ ਅਸਫ਼ਲਤਾ ਤਾਂ ਹੱਥ ਆਵੇਗੀ ਹੀ।

? ਪੰਜਾਬ ਵਿੱਚ ਰਹਿੰਦਿਆਂ ਅਕਾਲੀ ਪਤ੍ਰਿਕਾ ਵਿੱਚ ਕੰਮ ਕਰਦਿਆਂ ਅਤੇ ਸਕੂਲ ਵਿੱਚ ਅਧਿਆਪਨ ਕਰਾਉਂਦਿਆਂ ਦੀ ਕੋਈ ਯਾਦ ਸਾਂਝੀ ਕਰਨਾ ਚਾਹੋਗੇ? ਵੱਖ ਵੱਖ ਥਾਵਾਂ ਤੇ ਕੰਮ ਕਰਦਿਆਂ ਚੰਗਿਆਂ ਮਾੜਿਆਂ ਨਾਲ ਵਾਹ ਪਿਆ ਹੋਵੇਗਾ? ਕੋਈ ਦੁਸ਼ਮਣੀਆਂ ਦੋਸਤੀਆਂ ਬਾਰੇ ਕੁਝ ਦੱਸੋ?

: ਢਾਅ ਸਾਹਿਬ ਜੀ! ਜੀਵਨ ਵਿੱਚ ਹਰ ਥਾਂ ਹੀ ਭਾਵੇਂ ਦੇਸ਼ ਹੋਵੇ ਜਾਂ ਵਿਦੇਸ਼, ਵਿਚਰਦਿਆਂ ਜਾਂ ਵਸਦਿਆਂ, ਸਮਾਜਕ ਤੌਰ ’ਤੇ ਜਾਂ ਕੰਮਾਂ-ਕਾਜਾਂ ਵਿੱਚ ਸਮੇਂ ਸਮੇਂ ਸਿਰ ਚੰਗੇ-ਮਾੜੇ ਹਰ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪੈਣਾ ਲਾਜ਼ਮੀ ਹੈ। ਮੇਰਾ ਵਾਹ ਵੀ ਜ਼ਰੂਰ ਪਿਆ ਅਤੇ ਭਾਂਤ ਭਾਂਤ ਦੇ ਸੁਖਾਵੇਂ, ਅਸੁਖਾਵੇਂ ਤਜ਼ਰਬਿਆਂ ਦੇ ਰੂਬਰੂ ਹੋਣਾ ਪਿਆ। ਅਸੁਖਾਵੇਂ ਪਲਾਂ ਦੀ ਯਾਦ ਅਕਸਰ ਤੰਗ ਕਰਨ ਵਾਲੀ ਹੋਣ ਕਾਰਨ ਮੈਂ ਇਹਨਾਂ ਨੂੰ ਬਹੁਤਾ ਚੇਤੇ ਨਾ ਕਰਦਿਆਂ ‘ਹਊ-ਪਰੇ’ ਹੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਦੁਸ਼ਮਣੀਆਂ ਜਾਂ ਦੋਸਤੀਆਂ ਬਾਰੇ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜੀਵਨ ਵਿੱਚ ਮੇਰੇ ਬਹੁਤੇ ਜਿਗਰੀ ਦੋਸਤ ਨਹੀਂ ਬਣ ਸਕੇ। ਸ਼ਾਇਦ ਮੇਰੀ ਆਪਣੀ ਹੀ ਕਿਸੇ ਖ਼ਾਮੀ ਜਾਂ ਗ਼ਲਤ ਪਹੁੰਚ ਕਾਰਨ। ਉਂਝ ਮੈਂ ਕਿਸੇ ਨਾਲ ਵੀ ਆਪਣੇ ਨਿੱਜੀ ਹਿਤ ਲਈ ਜਾਣਦਿਆਂ-ਬੁੱਝਦਿਆਂ ਕੋਈ ਦੁਸ਼ਮਣੀ ਨਹੀਂ ਕੀਤੀ, ਇਸ ਗੱਲ ਦੀ ਗਵਾਹੀ ਦੇ ਸਕਦਾ ਹਾਂ। ਖ਼ੈਰ! ਇੰਝ ਦਾ ਕਹਿਣਾ ਸ਼ਾਇਦ ਆਪਣੇ ਮੂੰਹੋਂ ਆਪ ਹੀ ‘ਮੀਆਂ ਮਿੱਠੂ’ ਬਣਨ ਵਾਲੀ ਗੱਲ ਹੋਵੇ। ਯਾਦਾਂ ਤਾਂ ਬਹੁਤ ਹਨ ਪਰ ਕੋਈ ਅਜਿਹੀ ਵਿਸ਼ੇਸ਼ ਨਹੀਂ ਜੋ ਸਾਂਝੀ ਕਰ ਸਕਾਂ।

? ਦਿੱਲੀ ਵਾਲੇ ਸ. ਤਾਰਾ ਸਿੰਘ ‘ਕਾਮਲ’ ਤੁਹਾਡੇ ਚਾਚਾ ਜੀ ਸਨ, ਉਹਨਾਂ ਬਾਰੇ ਕੁਝ ਦੱਸਣਾ ਚਾਹੋਗੇ?

: ਸ. ਤਾਰਾ ਸਿੰਘ ਕਾਮਿਲ ਸ਼ਰੀਕੇ ਵਿੱਚੋਂ ਮੇਰੇ ਚਾਚਾ ਜੀ ਸਨ। ਉਹ ਮੇਰੇ ਬਾਬਾ ਜੀ ਦੇ ਭਾਈ ਦੇ ਲੜਕੇ ਸਨ। ਮੇਰੇ ਪਿਤਾ ਜੀ ਆਸਾਮ ਅਤੇ ਚਾਚਾ ਜੀ ਬਹੁਤ ਸਮੇਂ ਤੋਂ ਦਿੱਲੀ ਜਾ ਵਸੇ ਸਨ। ਜਦੋਂ ਮੈਂ ਆਸਾਮ ਤੋਂ ਪੰਜਾਬ ਪਹੁੰਚਿਆ ਤਾਂ ‘ਅਕਾਲੀ ਪੱਤ੍ਰਿਕਾ’ ਦੇ ਸੰਪਾਦਕੀ ਵਿਭਾਗ ਵਿੱਚ ਨੌਕਰੀ ਕਰਨ ਸਮੇਂ ਹੀ ਉਹ ਦਿੱਲੀ ਤੋਂ ਪਿੰਡ ਆਏ ਤਾਂ ਜਲੰਧਰ ਦਫਤਰ ਵਿੱਚ ਪਹਿਲੀ ਵਾਰ ਮਿਲੇ। ਇਸ ਸਮੇਂ ਤੱਕ ਚਾਚਾ ਤਾਰਾ ਸਿੰਘ ਦੇ ਦੋ ਕਾਵਿ ਸੰਗ੍ਰਹਿ: (1) ਸਿੰਮਦੇ ਪੱਥਰ ਅਤੇ (2) ਮੇਘਲੇ, ਪ੍ਰਕਾਸ਼ਤ ਹੋ ਚੁੱਕੇ ਸਨ। ਅਕਾਲੀ ਪੱਤ੍ਰਿਕਾ ਵਿੱਚ ਵੀ ਇਹਨਾਂ ਪੁਸਤਕਾਂ ਦੇ ਰੀਵੀਊ ਛਪੇ। ਦੋਵੇਂ ਪੁਸਤਕਾਂ ਚਰਚਾ ਦਾ ਵਿਸ਼ਾ ਰਹੀਆਂ, ਵਿਸ਼ੇਸ਼ ਕਰਕੇ ਇਸ ਕਾਰਨ ਵੀ ਕਿ ਤਾਰਾ ਸਿੰਘ ਕਾਮੇ ਸਨ, ਤਰਖਾਣਾ ਕੰਮ ਕਰਦੇ ਸਨ ਅਤੇ ਉਹ ਬਹੁਤਾ ਪੜ੍ਹੇ ਹੋਏ ਨਾ ਹੋਣ ਦੇ ਬਾਵਜੂਦ, ਇੰਨੀਆਂ ਉੱਚ ਪਾਏ ਦੀਆਂ ਸਾਹਿਤਕ ਕਿਰਤਾਂ ਦੇ ਸਕੇ। ਸਟੇਜੀ ਕਵਿਤਾ, ਪੈਰੋਡੀ (ਹਾਸਰਸ) ਅਤੇ ਪੱਤਰਕਾਰੀ ਵਿੱਚ ਵੀ ਉਹ ਨਿਪੁੰਨ ਸਨ। ਭਾਸ਼ਾ ਵਿਭਾਗ ਪੰਜਾਬ ਨੇ ਸ਼੍ਰੋਮਣੀ ਪੱਤਰਕਾਰ ਅਤੇ ਭਾਰਤ ਸਰਕਾਰ ਨੇ ਰਾਸ਼ਟਰੀ ਪੁਰਸਕਾਰ/ਸਨਮਾਨ ਨਾਲ ਨਿਵਾਜਿਆ।

? ਤੁਸੀਂ ਪੰਜਾਬੀ ਪੱਤਰਕਾਰੀ ਦਾ ਕਾਫੀ ਤਜ਼ਰਬਾ ਰੱਖਦੇ ਹੋ। ਵਿਦੇਸ਼ਾਂ ਵਿਚਲੀ ਪੰਜਾਬੀ ਪੱਤਰਕਾਰੀ ਦਾ ਰੋਲ ਉਹ ਨਜ਼ਰ ਨਹੀਂ ਆ ਰਿਹਾ, ਜੋ ਹੋਣਾ ਚਾਹੀਦਾ ਸੀ। ਦੇਖਣ ਵਿੱਚ ਆਉਂਦਾ ਹੈ ਕਿ ਪੰਜਾਬੀ ਲੋਕਾਂ ਦੀਆਂ ਸਮੱਸਿਆਵਾਂ ਦੇ ਸਾਇੰਟੇਫਿਕ ਢੰਗ ਨਾਲ ਹੱਲ ਲੱਭਣ ਅਤੇ ਉਹਨਾਂ ਨੂੰ ਐਜੂਕੇਟ ਕਰਨ ਦੀ ਥਾਂ ਆਮ ਲੋਕਾਂ ਨੂੰ ਬਾਬਿਆਂ ਜੋਤਸ਼ੀਆਂ ਦੀਆਂ ਐਡਾਂ ਦੇ ਕੇ ਗੁਮਰਾਹ ਕੀਤਾ ਜਾਂਦਾ ਹੈ। ਕੋਈ ਹੱਲ ਹੈ ਇਸ ਰੋਗ ਦਾ?

: ਬਹੁਤੇ ਵਿਸਥਾਰ ਵਿੱਚ ਜਾਣ ਦੀ ਗੁੰਜਾਇਸ਼ ਨਹੀਂ, ਪਰ ਕਹਿਣਾ ਚਾਹਾਂਗਾ ਕਿ ਬਰਤਾਨੀਆਂ ਵਿੱਚ ਪੰਜਾਬੀ ਪੱਤਰਕਾਰੀ ਦੀ ਹੋਂਦ ਦਾ ਸੰਬੰਧ ਮੂਲ ਰੂਪ ਵਿੱਚ ਪੰਜਾਬੀਆਂ ਵਲੋਂ ‘ਦੇਸੋਂ ਪ੍ਰਦੇਸ’ ਪੁੱਜਣ ਮਗਰੋਂ ਉਪਜੀਆਂ ਪਰਵਾਸ ਤੇ ਆਵਾਸ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਕੀਤੇ ਗਏ ਸਫ਼ਲ-ਅਸਫ਼ਲ ਯਤਨਾਂ ਨਾਲ ਹੈ। ਬਰਤਾਨੀਆਂ ਵਿੱਚ ਆ ਕੇ ਵਸਿਆ ਪੰਜਾਬੀ ਆਮ ਕਰਕੇ ਅਤੇ ਪੜ੍ਹਿਆ-ਲਿਖਿਆ ਪੰਜਾਬੀ ਵਿਸ਼ੇਸ਼ ਕਰਕੇ, ਉਦਰੇਵੇਂ ਤੋਂ ਉਪਜੇ ਭੂ-ਹੇਰਵੇ ਵਿੱਚ ਗਲਤਾਨ ਪੰਜਾਬ-ਭਾਰਤ ਦੀ ਆਰਥਿਕ, ਸਮਾਜਕ, ਰਾਜਨੀਤਕ ਅਤੇ ਧਾਰਮਿਕ ਹਾਲਾਤ ਤੋਂ ਜਾਣੂ ਰਹਿਣ ਦੀ ਲਾਲਸਾ ਰੱਖਣ ਕਾਰਨ, ਪੰਜਾਬ ਦੀ ਪੱਤਰਕਾਰੀ ਨਾਲ ਜੁੜਿਆ ਰਹਿੰਦਾ ਹੈ। ਪਰ ਜਦੋਂ ਉਹ ਦੇਖਦਾ ਹੈ ਕਿ ਪੰਜਾਬ-ਭਾਰਤ ਤੋਂ ਆਉਣ ਵਾਲੇ ਪੰਜਾਬੀ ਅਖ਼ਬਾਰ ਅਤੇ ਮੈਗਜ਼ੀਨ ਉਹਨਾਂ ਨੂੰ ਦੇਰ ਨਾਲ ਮਿਲਦੇ ਹਨ, ਮਹਿੰਗੇ ਹਨ ਅਤੇ ਉੁਹਨਾਂ ਦੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਸਮਝਣ ਤੋਂ ਅਸਮਰਥ ਹਨ ਤਾਂ ਪੱਤਰਕਾਰੀ ਨਾਲ ਮੱਸ ਰੱਖਣ ਵਾਲੇ ਪੰਜਾਬੀ ਪ੍ਰਵਾਸੀ ਹਰਕਤ ਵਿੱਚ ਆਉਂਦੇ ਹਨ। ਅਜਿਹੀ ਹਾਲਤ ਅਧੀਨ ਬਰਤਾਨੀਆਂ ਵਿੱਚ ਪੰਜਾਬੀ ਪੱਤਰਕਾਰੀ ਦਾ ਆਰੰਭ ਹੁੰਦਾ ਹੈ। 1957 ਤੋਂ ਲੈਕੇ ਹੁਣ ਤੱਕ ਪੰਜਾਬੀ ਦੇ 67-70 ਪਰਚੇ ਨਿਕਲੇ। ਇਹਨਾਂ ਵਿੱਚੋਂ ਬਹੁਤੇ ਸਮੇਂ ਸਮੇਂ ਛਪਦੇ ਰਹੇ, ਦਮ ਤੋੜਦੇ ਗਏੇ, ਨਵੇਂ ਛਪਦੇ ਰਹੇ ਅਤੇ ਬੰਦ ਹੁੰਦੇ ਰਹੇ।

ਨਿਰਸੰਦੇਹ ਵਰਤਮਾਨ ਯੁੱਗ ਵਿੱਚ ‘ਸਮਾਚਾਰ ਪੱਤਰਾਂ’ ਜਾਂ ਮੀਡੀਏ ਦੀ ਬੜੀ ਵੱਡੀ ਥਾਂ ਹੈ। ‘ਸਮਾਚਾਰ ਪੱਤਰ’ ਆਪਣੇ ਸਮਾਜ ਦੇ ਲੋਕਾਂ ਨਾਲ ਰਾਜਨੀਤਕ, ਸਮਾਜਕ, ਸਭਿਆਚਾਰਕ, ਸਾਹਿਤਕ, ਧਾਰਮਕ, ਵਿੱਦਿਅਕ, ਵਿਉਪਾਰਕ ਅਤੇ ਕਾਰੋਬਾਰੀ ਸੰਚਾਰ-ਸੰਵਾਦ ਬਣਾਈ ਰੱਖਣ ਦਾ ਇੱਕ ਕਾਰਗਰ ਸਾਧਨ ਹਨ। ਸਮਾਚਾਰ ਪੱਤਰਾਂ ਰਾਹੀਂ ਪਾਠਕ ਸੁ-ਸਿਖਿਅਤ ਹੁੰਦਾ ਹੈ ਅਤੇ ਉਸਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ। ਉਹ ਗਿਆਨਵਾਨ ਹੁੰਦਾ ਹੈ। ਬਰਤਾਨਵੀ ਪੰਜਾਬੀ ਸਮਾਚਾਰ ਪੱਤਰਾਂ ਦਾ ਇਹ ਕਰਤੱਵ ਬਣਦਾ ਹੈ ਕਿ ਉਹ ਉਪਰੋਕਤ ਲੋੜਾਂ ਦੀ ਪੂਰਤੀ ਕਰਦਿਆਂ ‘ਸਹੀ’ ਦੀ ਹਾਮੀ ਭਰਨ ਅਤੇ ਗ਼ਲਤ ਪਰਚਾਰ ਕਰਨ ਤੋਂ ਸੰਕੋਚ ਕਰਨ। ਪਰ ਦਿੱਕਤ ਇਹ ਦਿਖਾਈ ਦਿੰਦੀ ਹੈ ਕਿ ਅਖ਼ਬਾਰਾਂ/ਰਸਾਲੇ ਵਿਉਪਾਰਕ ਲੀਹਾਂ ਤੇ ਚਲਾਉਣ ਲਈ ਖ਼ਰਚ ਆਉਂਦਾ ਹੈ ਅਤੇ ਇਹ ਖ਼ਰਚ ਪੂਰਾ ਕਰਨ ਲਈ (1) ਪਾਠਕ ਲੋੜੀਂਦੇ ਹਨ ਜੋ ਪਰਚੇ ਖਰੀਦਣ ਅਤੇ (2) ਲੋੜੀਂਦੀਆਂ ਮਸ਼ਹੂਰੀਆਂ (ਐਡਵਰਟਾਇਜ਼ਮੈਂਟ) ਮਿਲਣ ਤਾਂ ਜੋ ਉਹਨਾਂ ਤੋਂ ਆਮਦਨ ਹੋ ਸਕੇ।

ਪੰਜਾਬੀ ਦੇ ਪਰਚੇ ਖ਼ਰੀਦਣ ਯੋਗ ਲੋੜੀਂਦੇ ਪਾਠਕਾਂ ਦੀ ਸੰਘਣੀ ਗਿਣਤੀ ਸਾਰੇ ਬਰਤਾਨੀਆਂ ਵਿੱਚ ‘ਇੱਕਸਾਰ’ ਨਹੀਂ। ਪੰਜਾਬੀ ਵਿਖਰੇ ਹੋਏ ਹਨ। ਸਾਊਥਾਲ, ਈਸਟ ਲੰਡਨ, ਲੂਟਨ, ਬਰੈਡਫੋਰਡ, ਲਿਸਟਰ, ਬਰਮਿੰਘਮ, ਵੁਲਵਰਹੈਂਪਟਨ, ਲੀਡਜ਼ ਆਦਿ ਸ਼ਹਿਰਾਂ ਤੋਂ ਬਿਨਾਂ ਵੀ ਹੋਰ ਵੱਖ ਵੱਖ ਥਾਵਾਂ ’ਤੇ ਪੰਜਾਬੀ ਵਸੋਂ ਹੈ। ਸਭ ਥਾਂ ਪਰਚੇ ਪਹੁੰਚਾਉਣ ਵਿੱਚ ਦਿੱਕਤ ਤਾਂ ਹੈ ਹੀ ਪਰ ਖ਼ਰਚ ਵੀ ਲੋੜ ਨਾਲੋਂ ਵੱਧ ਹੈ। ਇਸ ਲਈ ਆਮਦਨੀ ਦਾ ਵੱਡਾ ਸਾਧਨ ‘ਮਸ਼ਹੂਰੀਆਂ’ ਜਾਂ ‘ਇਸ਼ਤਿਹਾਰ’ ਹਨ। ਇੰਝ ਸਰਕਾਰੀ ਅਤੇ ਗ਼ੈਰ-ਸਰਕਾਰੀ ਇਸ਼ਤਿਹਾਰਾਂ ਦੇ ਨਾਲ ਨਾਲ ਬਹੁਤੀ ਗਿਣਤੀ ਵਿੱਚ ਇਸ਼ਤਿਹਾਰ ‘ਜੋਤਸ਼ੀਆਂ ਜਾਂ ਚਮਤਕਾਰੀ ਬਾਬਿਆਂ’ ਦੇ ਵੀ ਹੁੰਦੇ ਹਨ। ਇੱਥੇ ਸ਼ਾਇਦ ਇਹ ਦੱਸਣਾ ਕੁਥਾਂਹ ਨਾ ਹੋਵੇ ਕਿ ਇਹਨਾਂ ਬਾਬਿਆਂ ਦੇ ਇਸ਼ਤਿਹਾਰ ਬਰਤਾਨੀਆਂ ਦੇ ਅੰਗਰੇਜ਼ੀ ਅਖਬਾਰਾਂ ਵਿੱਚ ਵੀ ਵੇਖਣ ਨੂੰ ਮਿਲ ਜਾਂਦੇ ਹਨ। ਇਹ ਦਰੁਸਤ ਹੈ ਕਿ ਅਜਿਹੇ ਇਸ਼ਤਿਹਾਰ ਪਾਠਕਾਂ ਨੂੰ ਗੁਮਰਾਹ ਕਰਦੇ ਹਨ। ਇਹਨਾਂ ਤੋਂ ਸੰਕੋਚ ਕਰਨ ਦੀ ਲੋੜ ਹੈ। ਇਸ ਰੋਗ ਦਾ ਹੱਲ ਤਾਂ ਇਹ ਹੀ ਹੋ ਸਕਦਾ ਹੈ ਕਿ ‘ਪੰਜਾਬੀ ਸਮਾਚਾਰ-ਪੱਤਰ’ ਆਪਣੀ ਆਮਦਨ ਦੇ ਸਾਧਨ ਵਧਾਉਣ ਲਈ ਪਾਠਕਾਂ ਦੀ ਗਿਣਤੀ ਵਧਾਉਣ ਲਈ ਯਤਨਸ਼ੀਲ ਹੋਣ ਅਤੇ ਪ੍ਰਕਾਸ਼ਨਾ ਲਈ ਕੇਵਲ ਸਾਫ਼-ਸੁਥਰੀਆਂ ਮਸ਼ਹੂਰੀਆਂ ਹੀ ਕਬੂਲਣ।

? ਤੁਹਾਡੇ ਇਲੈਕਟਰੌਨਿਕ ਨਿਰੋਲ ਸਾਹਿਤਕ ਪਰਚੇ ‘ਲਿਖਾਰੀ’ ਨੇ ਵਾਕਿਆ ਹੀ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਕੰਮ ਕੀਤਾ ਹੈ। ਕੀ ਇਸ ਤੋਂ ਬਿਨਾਂ ਇੰਗਲੈਂਡ ਵਿੱਚ ਕੋਈ ਹੋਰ ਵੀ ਨਿਰੋਲ ਸਾਹਿਤਕ ਸਾਈਟ ਹੈ?

: ਢਾਅ ਜੀ! ‘ਲਿਖਾਰੀ’ ਦੀ ਸ਼ਲਾਘਾ ਕਰਨ ਲਈ ਧੰਨਵਾਦ। ‘ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਨਿਰੋਲ ਸਾਹਿਤਕ ਪਰਚੇ ਲਿਖਾਰੀ ਨੇ ਕੋਈ ਵਿਲੱਖਣ ਕੰਮ ਕੀਤਾ ਹੈ ਜਾਂ ਨਹੀਂ’ ਇਸ ਸੰਬੰਧੀ ਮੇਰਾ ਕੁਝ ਵੀ ਕਹਿਣਾ ਦਰੁਸਤ ਨਹੀਂ ਰਹੇਗਾ। ਇਸਦਾ ਫ਼ੈਸਲਾ ਤਾਂ ਮੈਂ ਸੁਹਿਰਦ ਸਾਹਿਤ-ਪ੍ਰੇਮੀਆਂ ’ਤੇ ਹੀ ਛੱਡਦਾ ਹਾਂ। ਪਰ ‘ਲਿਖਾਰੀ’ ਨੂੰ ਸਮੂਹ ਪੰਜਾਬੀ ਪ੍ਰੇਮੀਆਂ, ਪਾਠਕਾਂ ਅਤੇ ਲਿਖਾਰੀਆਂ ਵਲੋਂ ਜੋ ਸਹਿਯੋਗ ਮਿਲਿਆ ਅਤੇ ਮਿਲ ਰਿਹਾ ਹੈ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ।

ਬਰਤਾਨੀਆਂ ਤੋਂ ਚੱਲ ਰਹੀਆਂ ਪੰਜਾਬੀ ਦੀਆਂ ਕਈ ਹੋਰ ਵੈੱਬਸਾਈਟਸ ਹਨ ਪਰ ਨਿਰੋਲ ਸਾਹਿਤਕ ਨਹੀਂ। ਹਾਂ, ਇਹਨਾਂ ਵੈੱਬਸਾਈਟਸ ’ਤੇ ਸਮਾਚਾਰਾਂ ਦੇ ਨਾਲ ਨਾਲ ਰਾਜਨੀਤਕ/ਧਾਰਮਕ ਲੇਖ ਅਤੇ ਕੁਝ ਸਾਹਿਤਕ ਸਮੱਗਰੀ(ਕਵਿਤਾ, ਕਹਾਣੀ ਜਾਂ ਰਿਵੀਊ ਆਦਿ) ਵੀ ਹੁੰਦੀ ਹੈ।

? ਵੈੱਬਸਾਈਟ ‘ਲਿਖਾਰੀ’ ਸਾਹਿਤਕ ਪੇਪਰ ਚਲਾਉਣ ਦਾ ਖ਼ਿਆਲ ਤੁਹਾਨੂੰ ਕਦੋਂ ਤੇ ਕਿਵੇਂ ਆਇਆ? ਇਹ ਕੰਮ ਤਾਂ ਦੂਸਰੇ ਪਰਚੇ ਕੱਢਣ ਨਾਲੋਂ ਵੀ ਮੁਸ਼ਕਲ ਲੱਗਦਾ ਹੈ, ਇਹਦੇ ਬਾਰੇ ਕੁਝ ਜਾਣਕਾਰੀ ਦਿਉ। ਬਿਨਾਂ ਕਿਸੇ ਮਾਇਕ ਸਹਾਇਤਾ ਤੋਂ ਇਸ ਨੂੰ ਇੰਨੇ ਸਾਲਾਂ ਤੋਂ ਕਿਸ ਤਰ੍ਹਾਂ ਚਲਾ ਰਹੇ ਹੋ?

: ਢਾਅ ਜੀ! ‘ਲਿਖਾਰੀ’ ਵੈੱਬਸਾਈਟ ਦਾ ਆਰੰਭ ਬਹੁਤ ਹੀ ਸਰਲ ਢੰਗ ਨਾਲ ਅਪ੍ਰੈਲ 2001 ਵਿੱਚ ਹੋਇਆ ਅਤੇ ਇਸਦੀ ਪ੍ਰੇਰਨਾ ਮੈਨੂੰ ਡਾ. ਬਲਦੇਵ ਸਿੰਘ ਕੰਦੋਲਾ ਵਲੋਂ ਚਲਾਈ ਜਾਂਦੀ ਵੈੱਬਸਾਈਟ 5abi.com ਤੋਂ ਮਿਲੀ। ਡਾ. ਕੰਦੋਲਾ ਬਹੁਤ ਹੀ ਪਿਆਰੇ ਮਿਲਣਸਾਰ ਸੱਜਣ ਅਤੇ ਵਿਦਵਾਨ ਕੰਪੀਊਟਰ ਵਿਗਿਆਨੀ ਹਨ। ਉਹਨਾਂ ਨੇ ਕੰਪੀਊਟਿੰਗ ਅਤੇ ਪੰਜਾਬੀ ਫੌਂਟਸ ਸੰਬੰਧੀ ਯੂਨੀਵਰਸਿਟੀ ਆਫ਼ ਲੰਡਨ ਤੋਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਉਹਨਾਂ ਨੇ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਅਜੋਕੀ ਵਿਗਿਆਨਕ ਦਿੱਖ ਦੇਣ ਹਿਤ ਅਤੇ ਇਲੌਕਟਰੌਨਿਕ ਮੀਡੀਆ ਦਾ ਲਾਭ ਲੈਂਦਿਆਂ 5abi.com ਨਾਂ ਦੀ ਬਹੁਤ ਵਧੀਆ ਸਾਈਟ ਚਲਾਈ। ਮੈਂ ਇੰਟਰਨੈੱਟ ਉੱਤੇ ਜਾਂਦਿਆਂ ਵੇਖਿਆ ਕਿ ਸੰਸਾਰ ਦੇ ਹੋਰ ਕੋਣਿਆਂ ਵਿੱਚ ਵੀ ਕਈ ਵੱਡੀਆਂ-ਛੋਟੀਆਂ ਜਾਂ ਨਿੱਜੀ ਵੈੱਬਸਾਈਟਸ ਚੱਲ ਰਹੀਆਂ ਹਨ। ਮੈਨੂੰ ਵੈੱਬਸਾਈਟਸ ਬਣਾਉਣ ਜਾਂ ਚਲਾਉਣ ਦਾ ਗਿਆਨ ਨਹੀਂ ਸੀ। ਕੇਵਲ ਕੰਪੀਊਟਰ ਦਾ ਥੋੜ੍ਹਾ ਜਿਹਾ ਤਜ਼ਰਬਾ ਸੀ। ਬਿਮਾਰ ਰਹਿੰਦਾ ਸਾਂ, ਸੋਚਿਆ ਲਾਚਾਰੀ ਅਤੇ ਬੇਬਸੀ ਦਾ ਆਲਮ ਗਲਬਾ ਨਾ ਪਾ ਬੈਠੇ। ਲਿਖਣ-ਪੜ੍ਹਨ ਦੇ ਨਾਲ ਨਾਲ ਬਸ ਤੁਰ ਪਿਆ ਵੈੱਬਸਾਈਟ ਬਣਾਉਣ।

ਯਕੀਨ ਕਰਨਾ ਆਰੰਭ ਕਰਨ ਸਮੇਂ ਮੈਂ ਨਹੀਂ ਸੀ ਜਾਣਦਾ ਕਿ ‘ਵੈੱਬਸਾਈਟ’ ਦਾ ਕਾਰਜ ਕਿੰਨਾ ਕੁ ਔਖਾ ਹੈ। ਮਾਇਕ ਤੌਰ ਤੇ ਤਾਂ ਇਹ ਬਹੁਤ ਘਾਟੇ ਦਾ ਸੌਦਾ ਹੈ ਹੀ ਪਰ ਇਸ ਲਈ ਸਮਾਂ ਵੀ ਬਹੁਤ ਲੋੜੀਂਦਾ ਹੈ। ਆਰੰਭ ਕਰਨ ਮਗਰੋਂ ਕੁਝ ਵਰ੍ਹੇ ਪਹਿਲਾਂ ਇੱਕ ਦੋ ਮਿੱਤਰਾਂ ਨੇ ‘ਕੁਝ’ ਸਹਾਇਤਾ ਕੀਤੀ, ਜਿਹਨਾਂ ਦਾ ਦਿਲੋਂ ਬਹੁਤ ਧੰਨਵਾਦੀ ਹਾਂ। ਪਰ ਪਿਛਲੇ 12 ਵਰ੍ਹਿਆਂ ਤੋਂ ਸਾਰਾ ਖ਼ਰਚ ਮੈਂ ਆਪਣੀ ਮਿਲਣ ਵਾਲੀ ਪੈਨਸ਼ਨ ਵਿੱਚੋਂ ਹੀ ਕਰਦਾ ਆ ਰਿਹਾ ਹਾਂ। ਲਿਖਣਾ ਲਗਪਗ ਜਾਂਦਾ ਰਿਹਾ। ਹੁਣ ਬਹੁਤਾ ਸਮਾਂ ‘ਲਿਖਾਰੀ’ ’ਤੇ ਹੀ ਲੱਗਾ ਰਿਹਾ ਹਾਂ। ਇੱਕ ਘਟਨਾ ਦਾ ਜ਼ਿਕਰ ਕਰਨਾ ਸ਼ਾਇਦ ਕੁਥਾਂਹ ਨਾ ਹੋਵੇ। ਪੰਜ-ਛੇ ਵਰ੍ਹੇ ਪਹਿਲਾਂ ਪੰਜਾਬ ਤੋਂ ਇੱਕ ਲੇਖਕ ਇੱਥੇ ਇੰਗਲੈਂਡ ਆਏ ਤਾਂ ਇੱਕ ਸਥਾਨਕ ਲੇਖਕ ਦੇ ਨਾਲ ‘ਲਿਖਾਰੀ’ ਨੂੰ ਮਿਲਣ ਲਈ ਪਧਾਰੇ। ਚਾਹ-ਪਾਣੀ ਪੀਂਦਿਆਂ ਉਹਨਾਂ ਦਾ ਪਹਿਲਾ ਸਵਾਲ ਸੀ: ‘ਲਿਖਾਰੀ’ ਇੰਨਾ ਮਕਬੂਲ ਹੈ ਤੁਹਾਨੂੰ ਕਿੰਨੀ ਕੁ ਆਮਦਨ ਅਤੇ ਬਚਤ ਹੋ ਜਾਂਦੀ ਹੋਵੇਗੀ?

ਉਹਨਾਂ ਦੇ ਸਵਾਲ ਨੂੰ ਮੈਂ ਹਜ਼ਮ ਕਰਕੇ ਜਵਾਬ ਦੀ ਥਾਂ ਸ਼ਿਸ਼ਟਾਚਾਰ ਦੇ ਨਾਤੇ ਪੁੱਛਣਾ ਚਾਹੁੰਦਾ ਸਾਂ ਕਿ ਆਪ ਕਿਤੇ ਟੈਕਸ ਆਫਿਸ ਵਾਲਿਆਂ ਵਲੋਂ ਮੇਰੇ ਬੈਂਕ ਖਾਤੇ ਸਬੰਧੀ ਛਾਪਾ ਮਾਰਨ ਤਾਂ ਨਹੀਂ ਆਏ? ਪਰ ਮੈਂ ਘਰ ਆਏ ਮਹਿਮਾਨ ਨੂੰ ਵਿਅੰਗ ਵਿੱਚ ਆਪਣੇ ਬੁਲ੍ਹਾਂ ’ਤੇ ਮੁਸਕਣੀ ਲਿਆਉਂਦਿਆਂ ਸਿਰਫ਼ ਇੰਨਾ ਹੀ ਕਹਿ ਸਕਿਆ: ‘ਬਹੁਤ ਜ਼ਿਆਦਾ! ਤੁਸੀਂ ਮੇਰੀ ਰਹਿਣੀ-ਸਹਿਣੀ ਅਤੇ ਘਰ ਵੇਖਕੇ ਆਪ ਹੀ ਅੰਦਾਜ਼ਾ ਲਾ ਲਉ।’ ਹੋਰ ਬਹੁਤਾ ਕੁਝ ਕਹਿਣ ਨੂੰ ਮਨ ਨਾ ਮੰਨਿਆ।

ਖ਼ੈਰ, ਢਾਅ ਜੀ! ਤੁਸੀਂ ਵੇਖ ਹੀ ਸਕਦੇ ਹੋ ‘ਲਿਖਾਰੀ’ ਇੱਕ ਗ਼ੈਰ-ਵਿਉਪਾਰਕ, ਗੁੱਟ-ਰਹਿਤ, ਨਿਰਪੱਖ ਅਤੇ ਨਿਰੋਲ ਸਾਹਿਤਕ ਵੈੱਬਸਾਈਟ ਹੈ। ਇਸ ਵਿੱਚ ਅਸੀਂ ਕਿਸੇ ਤਰ੍ਹਾਂ ਦੀ ਵੀ ਮਸ਼ਹੂਰੀ ਜਾਂ ਇਸ਼ਤਿਹਾਰ ਨਹੀਂ ਲਾਉਂਦੇ। ਇਸ ਨੂੰ ਵੇਖਣ, ਪੜ੍ਹਨ ਜਾਂ ਛਾਪਕੇ ਸਾਂਭਣ ਲਈ ਕੋਈ ਕੀਮਤ ਜਾਂ ਕੁੰਜੀ ਨਹੀਂ। ਆਈਆਂ ਰਚਨਾਵਾਂ ਨੂੰ ਪੜ੍ਹਨ, ਘੋਖਣ ਅਤੇ ਚੁਣਨ ਉਪਰੰਤ ਲੋੜੀਂਦੀ ਫੌਂਟ ਕਨਵਰਸ਼ਨ ਕਰਨ, ਪੰਨੇ ਬਣਾਉਣ ਅਤੇ ਤਸਵੀਰਾਂ ਆਦਿ ਲਗਾਉਣ ਲਈ ਬਹੁਤ ਸਮਾਂ ਲੱਗਦਾ ਹੈ। ਇਸਦੇ ਨਾਲ ਹੀ ਲੇਖਕਾਂ ਵਲੋਂ ਰਚਨਾਵਾਂ ਸਬੰਧੀ ਆਏ ਹਰ ਈ-ਮੇਲ ਨੂੰ ਪੜ੍ਹਕੇ ਉਹਨਾਂ ਦਾ ਲੋੜੀਂਦਾ ਜਵਾਬ ਦੇਣ ਲਈ ਵੀ ਸਮਾਂ ਲੱਗਦਾ ਹੈ। ਵਿਉਪਾਰਕ ਦੀ ਥਾਂ ਗ਼ੈਰ-ਵਿਉਪਾਰਕ ਵੈੱਬਸਾਈਟ ਚਲਾਉਣੀ ਜਾਂ ਪਰਚੇ ਕੱਢਣੇ ਬਹੁਤ ਹੀ ਤਰੱਦਦ ਦਾ ਕੰਮ ਹੈ।

? ਇਸ ਵੈੱਬਸਾਈਟ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਉ। ਮੇਰੇ ਖ਼ਿਆਲ ਨਾਲ ਇਸ ਵਿੱਚ ਦੁਨੀਆ ਭਰ ਦੇ ਪੰਜਾਬੀ ਦੇ ਨਵੇਂ ਅਤੇ ਪੁਰਾਣੇ ਲੇਖਕਾਂ ਨੂੰ ਆਪਣੀਆਂ ਰਚਨਾਵਾਂ ਹਜ਼ਾਰਾਂ ਲੱਖਾਂ ਪਾਠਕਾਂ ਤੱਕ ਪਹੁੰਚਾਉਣ ਦਾ ਸੁਨਹਿਰੀ ਮੌਕਾ ਤੁਸੀਂ ਦਿੱਤਾ ਹੈ। ਇਹ ਕੰਮ ਕਰਕੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਕੋਈ ਹੋਰ ਸੱਜਣ ਮਿੱਤਰ ਵੀ ਤੁਹਾਨੂੰ ਇਸ ਕੰਮ ਲਈ ਸਹਿਯੋਗ ਦੇ ਰਿਹਾ ਹੈ?

: ‘ਲਿਖਾਰੀ’ ਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਕਿ ਇਸ ਵਿੱਚ ਸਾਰੇ ਸੰਸਾਰ ਵਿੱਚ ਵਸਦੇ ਪੰਜਾਬੀ ਦੇ ਬਹੁਤ ਸਾਰੇ ਪੁਰਾਣੇ, ਹੰਢੇ ਅਤੇ ਸਿਰਕੱਢ ਲੇਖਕਾਂ/ਲੇਖਕਾਵਾਂ ਦੇ ਨਾਲ ਨਾਲ ਬਹੁਤ ਸਾਰੇ ਨਵੇਂ ਲੇਖਕਾਂ ਦੀਆਂ ਉੱਚਕੋਟੀ ਦੀਆਂ ਰਚਨਾਵਾਂ ਵੀ ਸਮੇਂ ਸਮੇਂ ਸਿਰ ਸ਼ਾਮਲ ਹੁੰਦੀਆਂ ਰਹਿੰਦੀਆਂ ਹਨ। ਪਿਛਲੇ ਬਾਰਾਂ ਸਾਲਾਂ ਤੋਂ ‘ਲਿਖਾਰੀ’ ਨਾਲ ਜੁੜਨ ਵਾਲੀਆਂ ਕਲਮਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ। ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਦੀ ਗਿਣਤੀ ਚਾਰ ਚਾਰ ਤੋਂ ਲੈ ਕੇ ਪੰਜਾਹ ਪੰਜਾਹ ਤੱਕ ਹੈ। ਇਸ ਵੇਲੇ ‘ਲਿਖਾਰੀ’ ਉੱਤੇ (ਪੁਰਾਣੇ ਅਤੇ ਨਵੇਂ ‘ਲਿਖਾਰੀ’ ਨੂੰ ਮਿਲਾਕੇ) ਪੰਦਰਾਂ ਹਜ਼ਾਰ ਤੋਂ ਵੀ ਵੱਧ ਰਚਨਾਵਾਂ ਵੱਖ ਵੱਖ ਵਿਸ਼ਿਆਂ ਅਤੇ ਵਿਧਾਵਾਂ ਦੀਆਂ ਹਨ। ਸਰਗਰਮੀਆਂ, ਪੱਤਰ, ਰੀਵੀਊਜ਼ ਆਦਿ ਦੀ ਗਿਣਤੀ ਵੱਖਰੀ ਹੈ। ਇਸਦੇ ਨਾਲ ਹੀ ਬਹੁਤ ਸਾਰੀਆਂ ਰਚਨਾਵਾਂ ਗੁਰਮੁਖੀ ਅੱਖਰਾਂ ਤੋਂ ਬਿਨਾਂ ਸ਼ਾਹਮੁਖੀ (ਉਰਦੂ) ਅਤੇ ਦੇਵਨਾਗਰੀ (ਭਾਵ ਹਿੰਦੀ) ਅੱਖਰਾਂ ਵਿੱਚ ਵੀ ਹਨ। ‘ਲਿਖਾਰੀ’ ਵਿੱਚ ਪੰਜਾਬੀ ਦੇ ਲੇਖਕਾਂ ਦੀਆਂ ਅੰਗਰੇਜ਼ੀ ਦੀਆਂ ਰਚਨਾਵਾਂ ਵੀ ਹਨ। ‘ਲਿਖਾਰੀ’ ਦੇ ਕਾਊਂਟਰ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਸਨੂੰ ਪੜ੍ਹਨ-ਵੇਖਣ ਵਾਲਿਆਂ ਦੀ ਗਿਣਤੀ ਦਿਨੋ ਦਿਨ ਸਿਖ਼ਰਾਂ ਵੱਲ ਜਾ ਰਹੀ ਹੈ। ਇਹ ਸਭ ਦੇਖਕੇ ਨਿਸਚੈ ਹੀ ਮਨ ਨੂੰ ਤਸੱਲੀ ਹੁੰਦੀ ਹੈ ਕਿ ‘ਲਿਖਾਰੀ’ ਨੇ ‘ਪੰਜਾਬੀ’ ਬੋਲੀ ਅਤੇ ਸਾਹਿਤ ਦੀ ਉੱਨਤੀ ਲਈ ਸਾਰਥਕ ਯਤਨ ਆਰੰਭੇ ਅਤੇ ‘ਲਿਖਾਰੀ’ ਪਾਠਕਾਂ/ਲੇਖਕਾਂ ਦੀ ਖਿੱਚ ਦਾ ਕਾਰਨ ਬਣਿਆ।

ਪਿਛਲੇ ਇੱਕ ਲੰਬੇ ਸਮੇਂ ਤੋਂ ‘ਲਿਖਾਰੀ’ ਨਾਲ ਜੁੜਨ ਵਾਲੇ ਵਿਸ਼ੇਸ਼ ਸਹਿਯੋਗੀ ਹਨ, ਕਹਾਣੀਕਾਰ ਅਵਤਾਰ ਗਿੱਲ। ਮੈਂ ਇਹਨਾਂ ਦਾ ਰਿਣੀ ਹਾਂ ਕਿ ਇਹ ਆਪਣੀ ਸਿਹਤ ਦੀ ਚਿੰਤਾ ਕੀਤੇ ਬਿਨਾਂ ‘ਲਿਖਾਰੀ’ ਵੈੱਬਸਾਈਟ ਦੀ ਸੰਭਾਲ ਅਤੇ ਵਿਉਂਤਬੰਦੀ ਵਿੱਚ ਬਿਨਾਂ ਕਿਸੇ ਨਿੱਜੀ ਸਵਾਰਥ ਦੇ ਮੇਰਾ ਭਰਵਾਂ ਸਾਥ ਅਤੇ ਸਹਿਯੋਗ ਦੇਣ ਲਈ ਸਮਾਂ ਕੱਢ ਰਹੇ ਹਨ। ਜੇਕਰ ਮੈਂਨੂੰ ਅਜਿਹੇ ਸਹਿਕਰਮੀ ਦਾ ਸਹਿਯੋਗ ਨਾ ਮਿਲਦਾ ਤਾਂ ਸ਼ਾਇਦ ਮੈਂ ਆਪਣੀ ਭੈੜੀ ਸਿਹਤ, ਪਰਿਵਾਰਕ ਅਤੇ ਜੀਵਨ ਦੇ ਔਖੇ ਪੰਧ ਕਾਰਨ ਕਦੋਂ ਦਾ ‘ਲਿਖਾਰੀ’ ਦੀ ਨਿਰੰਤਰਤਾ ਭੰਗ ਕਰ ਚੁੱਕਿਆ ਹੁੰਦਾ। ਮੈਂ ਗਿੱਲ ਸਾਹਿਬ ਦਾ ਹਾਰਦਿਕ ਧੰਨਵਾਦੀ ਹਾਂ। ਇਸਦੇ ਨਾਲ ਹੀ ਮੈਂ ਸ. ਕਿਰਪਾਲ ਸਿੰਘ ਪੰਨੂੰ, ਬੀਬੀ ਬਲਬੀਰ ਕੌਰ ਸੰਘੇੜਾ, ਡਾ. ਕਰਮਜੀਤ ਸਿੰਘ ਅਤੇ ਹੋਰ ਵੀ ਸੈਂਕੜੇ ਲੇਖਕਾਂ, ਲੇਖਕਾਵਾਂ ਅਤੇ ਪੰਜਾਬੀ ਪਿਆਰਿਆਂ ਦਾ ਧੰਨਵਾਦੀ ਹਾਂ ਜਿਹਨਾਂ ਵਲੋਂ ਲਿਖਤਾਂ ਰਾਹੀਂ ਭਰਵਾਂ ਸਹਿਯੋਗ ਅਤੇ ਮਿਲਵਰਤਣ ਮਿਲਦਾ ਆ ਰਿਹਾ ਹੈ।

? ਇੰਗਲੈਂਡ ਵਿੱਚ ਬਾਕੀ ਦੇਸ਼ਾਂ ਵਾਂਗ ਸਾਹਿਤ ਸਭਾਵਾਂ ਹਨ। ਕੀ ਤੁਹਾਨੂੰ ਲੱਗਦਾ ਇਹ ਸਭਾਵਾਂ ਪੰਜਾਬੀ ਬੋਲੀ ਦੇ ਵਿਕਾਸ ਵਿੱਚ ਕੋਈ ਯੋਗਦਾਨ ਪਾ ਰਹੀਆਂ ਹਨ?

: ਸਤਨਾਮ ਜੀ! ਇੰਗਲੈਂਡ ਵਿੱਚ ਵੀ ਬਾਕੀ ਹੋਰ ਦੇਸ਼ਾਂ ਵਾਂਗ ਸਾਹਿਤ ਸਭਾਵਾਂ ਹਨ ਪਰ ਪੰਜਾਬ/ਭਾਰਤ ਵਾਂਗ ਹੀ ਬਰਤਾਨੀਆਂ ਵਿੱਚ ਵੀ ਲੇਖਕਾਂ ਦੀਆਂ ਧੜੇਬੰਦੀਆਂ ਹਨ। ਜਿਸ ਕਾਰਨ ਉਹਨਾਂ ਵਲੋਂ ‘ਪੰਜਾਬੀ ਬੋਲੀ ਜਾਂ ਸਾਹਿਤ’ ਦੇ ਵਿਕਾਸ ਵਿੱਚ ਯੋਗਦਾਨ ਘੱਟ ਅਤੇ ਅਹਿਤ ਜ਼ਿਆਦਾ ਹੋ ਰਿਹਾ ਹੈ। ਇਹ ਬਹੁਤ ਹੀ ਦੁਖਦਾਇਕ ਅਤੇ ਹਾਨੀਕਾਰਕ ਸਥਿਤੀ ਹੈ। ਮੈਂ ਕਿਸੇ ਵੀ ਸਾਹਿਤ ਸਭਾ ਦਾ ਨਾਂ ਲੈਣ ਤੋਂ ਗੁਰੇਜ਼ ਕਰਦਿਆਂ ਕਹਿਣਾ ਚਾਹਾਂਗਾ ਕਿ ਇਹ ਬਿਲਕੁਲ ਦਰੁਸਤ ਹੈ ਕਿ ਹਰ ਇੱਕ ਲੇਖਕ ਨੂੰ ਕਿਸੇ ਆਮ ਬੰਦੇ ਵਾਂਗ ਹੀ ਕਿਸੇ ਦੂਜੇ ਲੇਖਕ ਤੋਂ ਵੱਖਰੇ ਵਿਚਾਰ ਰੱਖਣ, ਪ੍ਰਗਟ ਕਰਨ ਅਤੇ ਆਪਣੇ ਵਿਚਾਰਾਂ ’ਤੇ ਪਹਿਰਾ ਦੇਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਪਰ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਦੋਂ ਇਹ ਵਿਚਾਰਧਾਰਾ, ਵਿਚਾਰਕ ਪੱਖਪਾਤ ਕਾਰਨ ਧੜੇਬੰਦੀ ਜਾਂ ਗੁੱਟਬੰਦੀ ਦਾ ਰੂਪ ਅਖਤਿਆਰ ਕਰੇ ਤਾਂ ਨਿੰਦਣਯੋਗ ਹੈ। ਗਰੁੱਪਾਂ ਜਾਂ ਨਿੱਜੀ ਹਿਤਾਂ ਕਾਰਨ ਇੱਕ ਦੂਜੇ ਨਾਲ ਬੱਝੇ ਲੇਖਕ ਨਾ ਤਾਂ ਕਿਸੇ ਲੇਖਕ ਦਾ ਹੀ ਕੁਝ ਸੁਆਰਦੇ ਹਨ ਅਤੇ ਨਾ ਹੀ ਸਾਹਿਤ ਦਾ।

? ਪੰਜਾਬੀ ਵਿੱਚ ਲਿਖਣ ਵਾਲਿਆਂ ਲੇਖਕਾਂ ਦੀ ਹਾਲਤ ਮਾੜੀ ਹੈ। ਲਿਖਣ ਦੇ ਸਿਰੋਂ ਦੂਜੀਆਂ ਭਾਸ਼ਾਵਾਂ ਵਾਂਗ ਰੋਟੀ ਪਾਣੀ ਨਹੀਂ ਚੱਲ ਸਕਦਾ। ਚੰਗਾ ਲਿਖਣ ਵਾਲਿਆਂ ਨੂੰ ਵੀ ਕੋਲੋਂ ਪੈਸੇ ਦੇ ਕੇ ਵਰ੍ਹਿਆਂ ਦੀ ਕੀਤੀ ਮਿਹਨਤ ਪਾਠਕ ਤਕ ਪਹੁੰਚਦੀ ਕਰਨੀ ਪੈਂਦੀ ਹੈ। ਇੱਕ ਲੇਖਕ ਹੋਣ ਦੇ ਨਾਤੇ ਨਵੇਂ ਲਿਖਣ ਵਾਲਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਕੀ ਕਦੇ ਪੰਜਾਬੀ ਵਿੱਚ ਲਿਖਣ ਵਾਲੇ ਬਿਨਾਂ ਪੈਸੇ ਦਿੱਤਿਆਂ ਆਪਣੀਆਂ ਰਚਨਾਵਾਂ ਛਪਵਾ ਸਕਣਗੇ?

: ਢਾਅ ਜੀ! ਇਸ ਗੱਲੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਪੰਜਾਬੀ ਵਿੱਚ ਲਿਖਣ ਵਾਲੇ ਲੇਖਕਾਂ ਦੀ ਹਾਲਤ ਮਾੜੀ ਹੈ। ਹਾਲਤ ਮਾੜੀ ਹੋਣ ਦਾ ਕਾਰਨ ਇਹ ਹੈ ਕਿ ‘ਲਿਖਣ’ ਕਾਰਜ ਨੂੰ ਇੱਕ ਕਿੱਤੇ ਵਜੋਂ ਅਪਣਾਕੇ ਰੋਟੀ ਪਾਣੀ ਨਹੀਂ ਚੱਲ ਸਕਦਾ। ਜਦ ਕਿ ਪੰਜਾਬੀ ਤੋਂ ਉਲਟ ਦੂਜੀਆਂ ਹੋਰ ਭਾਸ਼ਾਵਾਂ ਵਿੱਚ ਇਸ ਦੀ ਸੰਭਾਵਨਾ ਬਣੀ ਹੋਈ ਹੈ। ਪੁਸਤਕਾਂ ਛਪਵਾਉਣ ਲਈ ਵੀ ਪੰਜਾਬੀ ਲੇਖਕਾਂ ਨੂੰ ਪੱਲਿਉਂ ਪੈਸੇ ਦੇਣੇ ਪੈਂਦੇ ਹਨ ਅਤੇ ‘ਰੌਇਲਟੀ’ ਵਜੋਂ ਵੀ ਉਸਦੇ ਹੱਥ ਕੁਝ ਨਹੀਂ ਆਉਂਦਾ। ਇਹ ਸਥਿਤੀ ਬਹੁਤ ਹੀ ਗੰਭੀਰ ਅਤੇ ਉਤਸ਼ਾਹ-ਢਾਊ ਹੈ। ਵਿਚਾਰਨਾ ਬਣਦਾ ਹੈ ਕਿ ਉਹ ਕਿਹੜੇ ਕਾਰਨ ਹਨ ਜਿਹਨਾਂ ਸਦਕਾ ਦੂਜੀਆਂ ਭਾਸ਼ਾਵਾਂ ਦੇ ਲੇਖਕ, ਲਿਖਤਾਂ ਰਾਹੀਂ ਆਪਣੀ ਉਪਜੀਵਕਾ ਕਮਾਉਣ ਦੇ ਸਮਰੱਥ ਹਨ। ਅਸੂਲੀ ਤੌਰ ਤੇ ਵਿਉਪਾਰਕ ਜਾਂ ਗ਼ੈਰ-ਵਿਉਪਾਰਕ ਤੌਰ ਤੇ ਚੱਲਣ ਵਾਲੇ ਪਰਚਿਆਂ ਵਲੋਂ ਪੰਜਾਬੀ ਲੇਖਕਾਂ ਨੂੰ ਵੀ ਉਹਨਾਂ ਦੀਆਂ ਲਿਖਤਾਂ ਦਾ ਬਣਦਾ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ ਹੈ। ਅਮਲੀ ਤੌਰ ’ਤੇ ਵਿਉਪਾਰਕ ਪਰਚਿਆਂ ਵਲੋਂ ਤਾਂ ਜ਼ਰੂਰ ਹੀ। ਕਿਉਂਕਿ ਵਿਉਪਾਰਕ ਹੋਣ ਕਾਰਨ ਉਹ ਆਰਥਕ ਪੱਖੋਂ ਸੁਖ਼ਾਲੇ ਹਨ। ਦੂਜੀ ਗੱਲ ਪੁਸਤਕਾਂ ਦੀ ਛਪਵਾਈ ਸਬੰਧੀ ਹੈ। ਪੰਜਾਬੀ ਦੀਆਂ ਪੁਸਤਕਾਂ ਦੀ ਪ੍ਰਕਾਸ਼ਨਾ ਦਾ ਢੰਗ ਬਹੁਤ ਵੱਖਰਾ ਹੈ। ਇਹ ਪਿਰਤ ਹੀ ਪੈ ਚੁੱਕੀ ਲੱਗਦੀ ਹੈ ਕਿ ਪੰਜਾਬੀ ਦੇ ਪਬਲਿਸ਼ਰ ਲੇਖਕ ਪਾਸੋਂ ਪੈਸੇ ਲਏ ਬਿਨਾਂ ਪੁਸਤਕਾਂ ਨਹੀਂ ਛਾਪਦੇ। ਪਰ ਜੇਕਰ ਸਾਰੇ ਹੀ ਲੇਖਕ ਇਹ ਫੈਸਲਾ ਕਰ ਲੈਣ ਕਿ ਪੈਸੇ ਦੇਕੇ ਪੁਸਤਕ ਨਹੀਂ ਛਪਵਾਉਣੀ ਤਾਂ ਕੀ ਬਣੇਗਾ ਇਹਨਾਂ ਪਬਲਿਸ਼ਰਾਂ ਦਾ? ਪਰ ਕੀ ਕਦੇ ਅਜਿਹਾ ‘ਏਕਾ’ ਹੋ ਸਕਣ ਦੀ ਸੰਭਾਵਨਾ ਹੈ? ਸ਼ਾਇਦ ਨਹੀਂ? ਪੰਜਾਬੀ ਲੇਖਕ ਆਪਣੀਆਂ ‘ਸਹਿਕਾਰੀ ਪਬਲਿਸ਼ਿੰਗ ਸੰਸਥਾਵਾਂ’ ਸਬੰਧੀ ਵੀ ਵਿਚਾਰ ਕਰ ਸਕਦੇ ਹਨ। ਅਜਿਹੀ ਭੈੜੀ ਸਥਿਤੀ ਨਾਲ ‘ਹੱਥ-ਪੰਜਾ’ ਲੈਣ ਲਈ ਗੰਭੀਰਤਾ ਨਾਲ ਸਾਰੇ ਹੀ ‘ਪੰਜਾਬੀ ਲੇਖਕਾਂ’ ਨੂੰ ਹੀ ਵਿਚਾਰ ਵਟਾਂਦਰਾ ਕਰਨ ਦੀ ਲੋੜ ਨੂੰ ਗੌਲਣਾ ਪਵੇਗਾ। ਆਸ ਕਰਨੀ ਬਣਦੀ ਹੈ ਕਿ ਭਵਿੱਖ ਵਿੱਚ ਪੰਜਾਬੀ ਲਿਖਾਰੀ ਵੀ ਬਿਨਾਂ ਪੈਸਾ ਦਿੱਤਿਆਂ ਆਪਣੀਆਂ ਪੁਸਤਕਾਂ ਛਪਵਾ ਸਕਣਗੇ।

? ਰਾਏ ਜੀ! ਜ਼ਿੰਦਗੀ ਨੂੰ ਖੁਸ਼ੀਆਂ ਗ਼ਮੀਆਂ ਦਾ ਮਿਸ਼ਰਣ ਮੰਨਿਆ ਜਾਂਦਾ ਹੈ। ਤੁਸੀਂ ਆਪਣੀ ਜ਼ਿੰਦਗੀ ਦੇ ਉਹਨਾਂ ਪਲਾਂ ਬਾਰੇ ਗੱਲ ਕਰਨੀ ਚਾਹੋਗੇ ਜੋ ਤੁਹਾਨੂੰ ਅੱਜ ਵੀ ਉੰਨੀ ਖੁਸ਼ੀ ਦਿੰਦੇ ਹੋਣ, ਜਿੰਨੀ ਉਸ ਸਮੇਂ ਮਿਲ਼ੀ ਸੀ?

: ਢਾਅ ਸਾਹਿਬ! ਇਹ ਬਿਲਕੁਲ ਦਰੁਸਤ ਹੈ ਕਿ ਖੁਸ਼ੀਆਂ ਗ਼ਮੀਆਂ ਜੀਵਨ ਸਿੱਕੇ ਦੇ ਹੀ ਦੋ ਪਹਿਲੂ ਹਨ। ਮੈਨੂੰ ਵੀ ਜੀਵਨ ਵਿੱਚ ਖੱਟੇ-ਕੌੜੇ ਤਜ਼ਰਬਿਆਂ ਦਾ ਬਹੁਤ ਸੇਕ ਸਹਿਣਾ ਪਿਆ। ਮੈਂ ਵੀ ਰੋਇਆਂ ਹਾਂ ਪਰ ਸੁਪਤਨੀ ਸੁਰਜੀਤ ਦੇ ਸਾਥ ਨੇ ਮੈਨੂੰ ਡਗਮਗਾਉਣ ਤੋਂ ਬਚਣ ਲਈ ਹਮੇਸ਼ਾ ਬਹੁਤ ਮਦਦ ਦਿੱਤੀ। ਹੁਣ ਬਹੁਤੇ ਸੁੱਖਾਂ ਜਾਂ ਦੁੱਖਾਂ ਦਾ ਜ਼ਿਕਰ ਨਾ ਕਰਦਿਆਂ ਕਹਿਣਾ ਚਾਹਾਂਗਾ ਕਿ ਮੈਂ ਕੁਦਰਤ/ਰੱਬ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਜਿੱਥੇ ਉਸਨੇ ਇੰਨੀਆਂ ਮੁਸ਼ਕਲਾਂ ਭਰੀ ਜ਼ਿੰਦਗੀ ਦਿੱਤੀ ਉਸਦੇ ਨਾਲ ਹੀ ਸਮੇਂ ਸਮੇਂ ਇਹਨਾਂ ਕਠਿਨਾਈਆਂ ਨਾਲ ਜੂਝਣ ਲਈ ਲੋੜੀਂਦੀ ਸ਼ਕਤੀ ਦੇ ਕੇ ਖੁਸ਼ੀਆਂ ਦੇ ਪਲ ਵੀ ਬਖਸ਼ਿਸ਼ ਕੀਤੇ।

? ਅੱਜਕਲ ਵੀ ਕਿਸੇ ਪ੍ਰੌਜੈਕਟ ਤੇ ਕੰਮ ਕਰ ਰਹੇ ਹੋ?

: ‘ਲਿਖਾਰੀ’ ਦਾ ਪ੍ਰੌਜੈਕਟ ਤਾਂ ਹੈ ਹੀ। ਚਿਰਾਂ ਤੋਂ ‘ਲਿਖਣ ਪ੍ਰਕਿਰਿਆ’ ਸਬੰਧੀ ਕੁਝ ਕਾਰਜ ਆਰੰਭ ਕੀਤਾ ਹੋਇਆ ਹੈ, ਉਸਨੂੰ ਪੂਰਾ ਕਰਨਾ ਚਾਹੁੰਦਾ ਹਾਂ। ਇੰਝ ਹੀ ਬਰਤਾਨੀਆਂ ਦੀਆਂ ਅੰਗਰੇਜ਼ ਇਸਤਰੀ ਲੇਖਕਾਵਾਂ ਸੰਬੰਧੀ ਕਾਰਜ ਛੋਹਿਆ ਹੋਇਆ ਹੈ। ਕਦੋਂ ਪੂਰਾ ਹੁੰਦਾ ਹੈ ਕਹਿ ਨਹੀਂ ਸਕਦਾ।

? ਨਵੇਂ ਜਾਂ ਪੁਰਾਣੇ ਪੰਜਾਬੀ ਲੇਖਕਾਂ ਨੂੰ ਕੋਈ ਸੁਨੇਹਾ? ਆਪਣੇ ਜਿੰਦਗੀ ਦੇ ਤਜ਼ਰਬੇ ਤੋਂ ਕੋਈ ਗੱਲ ਸਾਂਝੀ ਕਰਨਾ ਚਾਹੋਗੇ?

: ਢਾਅ ਜੀ! ਆਮ ਕਰਕੇ ‘ਲਿਖਣ’ ਵਾਲੇ ਸੁਨੇਹਾ ਜਾਂ ਸੁਝਾ ਕਿੱਥੇ ਉਡੀਕਦੇ ਹਨ? ਪਰ ਫਿਰ ਵੀ ਹੌਸਲਾ ਕਰਦਿਆਂ ਪੁਰਾਣੇ ਤੇ ਹੰਢੇ ਹੋਏ ਲੇਖਕਾਂ ਨੂੰ ਸੁਨੇਹਾ ਨਹੀਂ ਆਦਰ ਭਰੀ ਬੇਨਤੀ ਕਰਦਾ ਹਾਂ ਕਿ ਜੇਕਰ ਕੋਈ ਨਵਾਂ ਲੇਖਕ ਉਹਨਾਂ ਤੱਕ ਪਹੁੰਚ ਕਰੇ ਅਤੇ ਕੋਈ ਅਗਵਾਈ ਲੈਣਾ ਚਾਹੇ ਤਾਂ ਉਹ ਖਿੜੇ ਮੱਥੇ, ਸੁਹਿਰਦਤਾ ਨਾਲ, ਬਸ ਲੱਗਦੇ ਜੇਕਰ ਸੰਭਵ ਹੋਵੇ ਤਾਂ ਨਵੇਂ ਲੇਖਕ ਦਾ ਮਾਰਗ ਦਰਸ਼ਣ ਕਰਦਿਆਂ, ਆਪਣਾ ਆਸ਼ੀਰਵਾਦ ਜ਼ਰੂਰ ਦੇਣ।

ਨਵੇਂ ਲੇਖਕਾਂ ਨੂੰ ਸੁਨੇਹਾ ਜਾਂ ਸੁਝਾਉ ਵਜੋਂ ਕੁਝ ਗੱਲਾਂ ਜ਼ਰੂਰ ਕਹਿਣੀਆਂ ਚਾਹਾਂਗਾ। ਉਂਝ ਤੇ ਹਰ ਲੇਖਕ ਲਈ ਹੀ ਲਿਖਣ ਦੇ ਨਾਲ ਨਾਲ ਲਗਾਤਾਰ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ ਪਰ ਨਵੇਂ ਲੇਖਕਾਂ ਲਈ ਤਾਂ ਬੇਹੱਦ ਲੋੜੀਂਦਾ ਹੈ ਕਿ ‘ਲਿਖਣ’ ਜਾਂ ‘ਲਿਖਣ’ ਦਾ ਅਭਿਆਸ ਕਰਨ ਤੋਂ ਪਹਿਲਾਂ ਅਤੇ ਨਾਲ ਨਾਲ, ਵਾਹ ਲੱਗਦੇ ਪਹਿਲਾ ਤੇ ਸਮਕਾਲੀਨ ਰਚਿਆ, ਚੰਗਾ ਸਾਹਿਤ ਜ਼ਰੂਰ ਪੜ੍ਹਨ। ਕਿਉਂ ਜੋ ਤੁਹਾਥੋਂ ਪਹਿਲਾਂ ਚੰਗਾ ਲਿਖਣ ਵਾਲੇ ਲੇਖਕਾਂ ਨੇ ਕੀ ਲਿਖਿਆ ਅਤੇ ਕਿਵੇਂ ਲਿਖਿਆ ਹੈ ਜਾਨਣਾ ਤੁਹਾਡੇ ਲਈ ਲਾਹੇਵੰਦ ਰਹਿ ਸਕਦਾ ਹੈ। ‘ਲਿਖਣ’ ਨੂੰ ਗੰਭੀਰਤਾ ਨਾਲ ਲਿਆਂ ਹੀ ਗੱਲ ਬਣਦੀ ਹੈ। ‘ਲਿਖਣਾ’ ਕੋਈ ਸ਼ੁਗਲ ਜਾਂ ਮਨੋਰੰਜਨ ਦਾ ਸਾਧਨ ਨਹੀਂ। ਦੇਰ ਪਾ ਰਹਿਣੀ ਰਚਨਾ ਲਿਖਣ ਲਈ ਬੜੀ ਸਾਧਨਾ ਦੀ ਲੋੜ ਹੈ। ਲਿਖਣ ਕਾਰਜ ਵਿੱਚ ਸਿਖ਼ਰਤਾ ਦੀ ਪੱਧਰ ਲਿਆਉਣ ਲਈ, ਸਿਰਜਣਾ ਦੇ ਕਾਰਜ ਨੂੰ ਸਾਧਾਰਨ ਤੌਰ ਤੇ ਨਹੀਂ, ਸਗੋਂ ਗੰਭੀਰਤਾ ਨਾਲ ਲੈਣਾ ਪਵੇਗਾ। ਨਿਰਵਿਘਨਤਾ ਨਾਲ, ਲਗਾਤਾਰ ਲਿਖਣ-ਸਾਧਨਾ ਵਿੱਚ ਜੁਟੇ ਰਹਿਣਾ ਪਵੇਗਾ। ਲਿਖਣ ਦਾ ਅਭਿਆਸ ਕਰਦੇ ਰਹਿਣਾ ਪਵੇਗਾ। ਅਭਿਆਸ ਦਾ ਅਰਥ ਹੈ ਕਿ ਹਰ ‘ਲਿਖਤ’ ਨੂੰ ਤੁਸੀਂ ਆਪਣੇ ‘ਲਿਖਣ ਕਾਰਜ’ ਦਾ ਇੱਕ ਉਸਾਰੂ ਤੇ ਵਧਵਾਂ ਕਦਮ ਗਰਦਾਨੋ। ਜਿੰਨਾ ਚਿਰ ਤੁਹਾਡੀ ਲਿਖਤ ਛਪਦੀ ਨਹੀਂ ਉਹ ਤੁਹਾਡੀ ਆਪਣੀ ਹੈ, ਛਪਣ ਮਗਰੋਂ ਉਹ ਦੂਜਿਆਂ ਦੀ, ਭਾਵ ਪਾਠਕਾਂ, ਲੇਖਕਾਂ, ਸੰਪਾਦਕਾਂ ਅਤੇ ਆਲੋਚਕਾਂ ਦੇ ਰਹਿਮੋ-ਕਰਮ ’ਤੇ ਹੋਵੇਗੀ। ਤੁਹਾਡੀ ਲਿਖਤ ਦੀ ਕਮਜ਼ੋਰੀ ਲਈ ਤੁਸੀਂ ਹੀ ਜਵਾਬ-ਦੇਹ ਹੋਵੋਗੇ। ਕੱਚ-ਘਰੜ ਰਚਨਾ ਨਾਲ ਤੁਹਾਡੀ ‘ਛਾਪ’ ਗ਼ਲਤ ਪੈਣ ਦੀ ਸੰਭਾਵਨਾ ਬਣੀ ਰਹੇਗੀ। ਇਸ ਲਈ ਪੜ੍ਹੋ ਬਹੁਤ, ਲਿਖੋ ਲਗਾਤਾਰ ਅਤੇ ਹਰ ਲਿਖਤ ਨੂੰ ਇੱਕ ਅਭਿਆਸ ਵਾਂਗ ਲਵੋ ਅਤੇ ਛਪਣ ਲਈ ਕਾਹਲ ਨਾ ਕਰੋ। ਪਕਿਆਈ ਲਿਆਉ ਆਪਣੀ ਕਲਮ ਵਿੱਚ। ਫਿਰ ਤੁਸੀਂ ਵੇਖੋਗੇ ਕਿ ਤੁਹਾਡੀ ਲਿਖਤ ਕਿਹੋ ਜਿਹੀਆਂ ਸਿਖ਼ਰਾਂ ਨੂੰ ਛੋਹੰਦੀ ਹੈ?

ਇੱਕ ਹੋਰ ਗੱਲ ਵੀ ਕਹਿਣੀ ਚਾਹਾਂਗਾ ਜਿਸ ਦੀ ਪ੍ਰੋੜ੍ਹਤਾ ਅਕਸਰ ਬਹੁਤ ਸਾਰੇ ਹੰਢੇ ਹੋਏ ਲੇਖਕ ਵੀ ਕਰਦੇ ਮਿਲਣਗੇ। ‘ਸਾਹਿਤ’ ਦਾ ਆਧਾਰ ਸ਼ਬਦ ਹਨ। ਸ਼ਬਦਾਂ ਜਾਂ ਵਾਕਾਂ ਤੋਂ ਬਿਨਾਂ ‘ਸਾਹਿਤ’ ਥੋਥਾ ਹੈ। ਸ਼ਬਦਾਂ ਜਾਂ ਵਾਕਾਂ ਵਿੱਚ ‘ਲੇਖਕ’ ਦੇ ਆਪਣੇ ਵਿਸ਼ੇਸ਼ ਵਿਚਾਰ ਹੁੰਦੇ ਹਨ। ਇਹ ਵਿਚਾਰ ਸੱਚੇ ਹੋਣੇ ਚਾਹੀਦੇ ਹਨ, ਸੁੰਦਰ ਵੀ ਹੋਣ ਅਤੇ ਸਦ ਰਹਿਣੇ ਵੀ। ਹਰ ਲੇਖਕ ਕੇਵਲ ਸੱਚ ਦਾ ਹਾਮੀ ਹੋਣ ਕਾਰਨ ਹੀ ਲੇਖਕ ਕਹਿਲਾਉਣ ਦਾ ਹੱਕਦਾਰ ਬਣਦਾ ਹੈ। ਪਰ ਇਸ ‘ਸੱਚ’ ਨੂੰ ‘ਹਜ਼ਮ’ ਕਰਕੇ, ਪ੍ਰਗਟਾਉਣ ਦਾ ਢੰਗ ਹਰ ਲੇਖਕ ਦਾ ਆਪਣਾ ਆਪਣਾ ਹੁੰਦਾ ਹੈ। ਲੇਖਕ ਮਨੁੱਖ ਹੈ, ਇਸ ਲਈ ਉਸਦਾ ਝੁਕਾਅ ਮਨੁੱਖਵਾਦੀ ਹੋਣਾ ਲੋੜੀਂਦਾ ਹੈ।

ਢਾਅ ਸਾਹਿਬ! ‘ਲਿਖਣ ਦਾ ਕੰਮ’ ਸੁਚੱਜਾ ਤਾਂ ਹੈ ਪਰ ਯਕੀਨਨ ਕੰਡਿਆਂ ਭਰਿਆ ਵੀ ਹੈ। ‘ਲਿਖਣ’ ਰਾਹ ’ਤੇ ਕੇਵਲ ਇੱਕ ਪੈਰ ਧਰ ਕੇ ਵੀ, ਠੋਕਰ ਲੱਗਣ ’ਤੇ, ਵਾਪਸ ਮੁੜਿਆ ਜਾ ਸਕਦਾ ਹੈ, ਦੋ ਚਾਰ ਕਦਮ ਤੁਰ ਕੇ ਵੀ ਰੁਕਿਆ ਜਾ ਸਕਦਾ ਹੈ ਅਤੇ ਇਹ ਸੰਭਾਵਨਾ ਵੀ ਹੈ ਕਿ ਸਾਧਨਾ-ਰੱਤ ਹੋ ਕੇ ਪਿਛਾਂਹ ਮੁੜ ਕੇ ਕਦੇ ਤੱਕਿਆ ਹੀ ਨਾ ਜਾਵੇ। ਨਵੇਂ ਲੇਖਕਾਂ ਨੇ ‘ਲਿਖਣ-ਰਾਹ’ ਲਈ ਕਿਹੋ ਜਿਹੇ ਉੱਦਮੀ ਕਦਮ ਪੁੱਟਣੇ ਹਨ ਇਸਦਾ ਨਿਰਭਰ ਉਹਨਾਂ ’ਤੇ ਹੈ।

ਸਤਨਾਮ ਸਿੰਘ ਢਾਅ: ਰਾਏ ਸਾਹਿਬ ਆਪ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਇਸ ਮੁਲਾਕਾਤ ਲਈ ਸਮਾਂ ਕੱਢਿਆ, ਢਿੱਲੀ ਸਿਹਤ ਦੇ ਬਾਵਜੂਦ ਵੀ ਆਪਣੇ ਨਿੱਜੀ ਅਤੇ ਸਾਹਿਤਕ ਸਫ਼ਰ ਦੇ ਪੰਨੇ ਸਾਂਝੇ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। ਆਸ ਕਰਦੇ ਹਾਂ ਕਿ ਪਾਠਕਾਂ ਅਤੇ ਨਵੇਂ ਲੇਖਕਾਂ ਨੂੰ ਇਸ ਮੁਲਾਕਾਤ ਤੋਂ ਬਹੁਤ ਕੁਝ ਸਿੱਖਣ ਲਈ ਮਿਲੇਗਾ।

*****

(77)

ਵਿਚਾਰ ਭੇਜਣ ਲਈ:  (This email address is being protected from spambots. You need JavaScript enabled to view it.)

About the Author

ਸਤਨਾਮ ਸਿੰਘ ਢਾਅ

ਸਤਨਾਮ ਸਿੰਘ ਢਾਅ

Calgary, Alberta, Canada.
Email: (satnam.dhah@gmail.com)

More articles from this author