SatnamDhah7ਮੈਂ ਕਿਸੇ ਦਾ ਲਿਹਾਜ਼ ਨਹੀਂ ਕਰਦਾ ... ਕਿਸੇ ਤਥਾਕਥਿਤ ਬੁੱਧੀਜੀਵੀ ਦੀ ਪਰਵਾਹ ...
(2 ਮਾਰਚ 2019)

 

GurnamDhillonF1 ਬਰਤਾਨਵੀ ਲੇਖਕਾਂ ਵਿੱਚੋਂ ਗੁਰਨਾਮ ਢਿੱਲੋਂ ਦੀ ਪਛਾਣ ਇੱਕ ਵਿਲੱਖਣ ਅਤੇ ਇਨਕਲਾਬੀ ਕਵੀ ਦੇ ਤੌਰ ’ਤੇ ਹੋ ਚੁੱਕੀ ਹੈ। ਪੰਜਾਬੋਂ ਬਾਹਰ ਵਸਦੇ ਪੰਜਾਬੀਆਂ ਵਿੱਚੋਂ ਕੁਝ ਪੰਜਾਬੀਆਂ ਨੇ ਕੰਮ-ਕਾਰ ਕਰਦੇ ਕਰਦੇ ਲਿਖਣ ਲਿਖਾਉਣ ਦਾ ਮੁਸ਼ਕਲ ਕੰਮ ਵੀ ਬਰਕਰਾਰ ਰੱਖਿਆ ਹੈ। ਗੁਰਨਾਮ ਢਿੱਲੋਂ ਦੀ ਕਾਵਿ-ਰਚਨਾ ਪ੍ਰਗਤੀਵਾਦੀ ਵਿਚਾਰਾਂ ਦਾ ਕਲਾਤਮਿਕ ਪ੍ਰਗਟਾਅ ‘ਅੱਗ ਦੇ ਬੀਜ’ ਤੋਂ ‘ਲੋਕ ਸ਼ਕਤੀ’ ਤੱਕ ਫੈਲਿਆ ਹੋਇਆ ਹੈ। ਉਸਦੀ ਕਾਵਿ ਸਿਰਜਣਾ ਆਪਣੇ ਦੇਸ਼ ਦੇ ਲੋਕਾਂ ਦੇ ਦੁੱਖਾਂ-ਦਰਦਾਂ ਦਾ ਬਿਆਨ ਕਰਦੀ ਕਰਦੀ ਸਾਰੀ ਦੁਨੀਆ ਦੇ ਉਸ ਸਿਸਟਮ ’ਤੇ ਉਂਗਲ ਧਰਦੀ ਹੈ, ਜਿਹੜਾ ਇਨ੍ਹਾਂ ਦੇ ਦੁੱਖਾਂ ਵਿੱਚ ਵਾਧਾ ਕਰਦਾ ਹੈ ਅਤੇ ਆਪਣੇ ਸੁਖਾਂ ਲਈ ਇਨ੍ਹਾਂ ਦੀ ਬਲੀ ਦਿੰਦਾ ਹੈ। ਕਈ ਅਧੂਰੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਬਰਤਾਨੀਆ ਵਿੱਚ ਆਏ ਲੋਕ ਬਹੁਤਾ ਪੜ੍ਹੇ ਲਿਖੇ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਦਾ ਗਿਆਨ ਸਮੇਂ ਦੇ ਹਾਣ ਦਾ ਸੀ ਇਸ ਕਰਕੇ ਪ੍ਰਵਾਸੀ ਲੇਖਕਾਂ ਕੋਲ ਸਿਰਫ਼ ਨਸਲੀ ਵਿਤਕਰਾ ਅਤੇ ਭੂ-ਹੇਰਵਾ, ਦੋ ਹੀ ਵਿਸ਼ੇ ਸਨ। ਪਰ ਇਸ ਗੱਲ ਨਾਲ ਸਹਿਮਤ ਹੋਣਾ ਬਹੁਤ ਮੁਸ਼ਕਲ ਹੈ। ਬਹੁਤ ਸਾਰੇ ਲੇਖਕਾਂ ਕੋਲ ਸਮੇਂ ਦੇ ਹਾਣ ਦਾ ਗਿਆਨ ਅਤੇ ਐਜੂਕੇਸ਼ਨ ਵੀ ਹੈ/ਸੀ। ਬਹੁਤ ਸਾਰੇ ਲੇਖਕਾਂ ਨੇ ਇੱਥੇ ਆ ਕੇ ਬਰਤਾਨਵੀ ਐਜੂਕੇਸ਼ਨ ਸਿਸਟਮ ਵਿੱਚ ਵਿੱਦਿਆ ਲੈ ਕੇ ਆਪਣਾ ਐਜੂਕੇਸ਼ਨ ਲੈਵਲ ਅਪਗ੍ਰੇਡ ਵੀ ਕੀਤਾ। ਨਾਲ ਦੀ ਨਾਲ ਬਰਤਾਨਵੀ ਸਿਸਟਮ ਵਿੱਚ ਕਾਮਯਾਬੀ ਨਾਲ ਕੰਮ ਵੀ ਕੀਤੇ ਬਰਤਾਨੀਆ ਦੀ ਤਰੱਕੀ ਵਿੱਚ ਬਣਦਾ ਯੋਗਦਾਨ ਵੀ ਪਾਇਆ। ਗੁਰਨਾਮ ਢਿੱਲੋਂ ਦੇ ਸੰਬੰਧ ਵਿੱਚ ਵੀ ਇਹ ਗੱਲ ਪੂਰੀ ਤਰ੍ਹਾਂ ਲਾਗੂ ਹੁੰਦੀ ਹੈਗੁਰਨਾਮ ਢਿੱਲੋਂ ਬਰਤਾਨੀਆ ਵਿੱਚ ਆਉਣ ਤੋਂ ਪਹਿਲਾਂ ਆਗਾਹ-ਵਧੂ ਵਿਚਾਰਾਂ ਦਾ ਧਾਰਨੀ ਹੋਣ ਦੇ ਨਾਲ-ਨਾਲ ਇੱਕ ਸਕੂਲ ਟੀਚਰ ਵੀ ਸੀ ਅਤੇ ਸਕੂਲ ਟੀਚਰ ਵੀ ਉੱਥੇ ਸੀ ਜਿੱਥੇ ਟੀਚਰਾਂ ਨੂੰ ਟੀਚਰ ਬਣਨ ਲਈ ਟ੍ਰੇਨਿੰਗ ਦਿੱਤੀ ਜਾਂਦੀ ਸੀ।

ਗੁਰਨਾਮ ਢਿੱਲੋਂ ਨੇ ਇੱਥੇ ਆ ਕੇ ਦੂਜੇ ਪਰਵਾਸੀਆਂ ਵਾਲੇ ਸਾਰੇ ਔਖੇ ਸੌਖੇ ਕੰਮ ਕਰਦਿਆਂ ਦੁੱਖ ਸੁੱਖ ਝਲਦਿਆਂ ਕੇਵਲ ਕੰਮ ਕਰਕੇ ਰੋਟੀ ਦਾ ਵਸੀਲਾ ਹੀ ਨਹੀਂ ਕੀਤਾ, ਸਗੋਂ ਕੰਮ ਦੇ ਨਾਲ ਨਾਲ ਐਜੂਕੇਸ਼ਨ ਵਿੱਚ ਵੀ ਪੂਰੀ ਦਿਲਚਸਪੀ ਲਈ। ਕੋਸ਼ਿਸ਼ ਕਰਕੇ ਬੀ. ਏ. ਆਨਰਜ਼ ਇਨ ਪੋਲੀਟੀਕਲ ਸਾਇੰਸ, ਜਿਸ ਨਾਲ ਦੁਨਿਆਵੀ ਰਾਜਨੀਤਿਕ ਢਾਂਚੇ ਨੂੰ ਸਮਝਣ ਲਈ ਉਹ ਗਿਆਨ ਹਾਸਲ ਕੀਤਾ ਜੋ ਆਮ ਵਿਅਕਤੀ ਨੂੰ ਨਹੀਂ ਹੋ ਸਕਦਾ। ਮਾਰਕਸਵਾਦ ਨੂੰ ਨਿੱਠ ਕੇ ਪੜ੍ਹਿਆ ਅਤੇ ਆਪਣੀਆਂ ਰਚਨਾਵਾਂ ਨੂੰ ਵੀ ਖੱਬੇ ਪੱਖੀ ਵਿਚਾਰਧਾਰਾ ਦੀ ਤੇਜ਼ ਸਾਣ ’ਤੇ ਹੋਰ ਤਿੱਖਾ ਕਰਕੇ ਪੇਸ਼ ਕੀਤਾ ਹੈ। ਸੋਵੀਅਤ ਯੂਨੀਅਨ ਦੇ ਖੇਰੂੰ ਖੇਰੂੰ ਹੋਣ ਉਪਰੰਤ ਅਤੇ ਪੂੰਜੀਵਾਦ ਦੇ ਬੇਲਗਾਮ ਹੋ ਕੇ ਮਨੁੱਖੀ ਸਮਾਜ ਨੂੰ ਮੌਤ ਦੇ ਖੂਹ ਵਿੱਚ ਸੁੱਟਣ ਦੇ ਅਣਮੱਨੁਖੀ ਵਰਤਾਰਿਆਂ ਨੂੰ ਨੰਗਾ ਕਰਦਿਆਂ ਇਸ ਯਥਾਰਥ ਨੂੰ ਕਾਵਿ-ਕਲਾ ਰਾਹੀਂ ਚੇਤਨ ਕਰਦਾ ਹੈ। ਗੁਰਨਾਮ ਢਿੱਲੋਂ ਸੰਸਕ੍ਰਿਤੀ ਅਤੇ ਪ੍ਰਕ੍ਰਿਤੀ ਦਾ ਆਪਣੀ ਕਵਿਤਾ ਵਿੱਚ ਖੁੱਲ੍ਹ ਕੇ ਵਰਨਣ ਕਰਦਾ, ਪ੍ਰਤੀਕਾਂ ਰਾਹੀਂ ਮਾਨਵੀ ਸਰੋਕਾਰਾਂ ਨੂੰ ਜ਼ਿੰਦਗੀ ਨੂੰ ਖੂਬਸੂਰਤੀ ਨਾਲ ਜਿਉਣ ਦੇ ਸੰਕਲਪ ਨਾਲ ਅੱਗੇ ਵਧਦਾ ਹੈ। ਉਹ ਆਪਣੇ ਆਪ ਦੀ ਐਡਵਰਟਾਇਜ਼ਮੈਂਟ ਕਰਨ ਲਈ ਵੀ ਆਮ ਲੋਕਾਂ ਵਾਂਗ ਤਰਲੋ-ਮੱਛੀ ਨਹੀਂ ਹੁੰਦਾ। ਨਾ ਹੀ ਉਹ ਮਾਣ-ਸਨਮਾਨਾਂ ਦੇ ਚੱਕਰਾਂ ਵਿੱਚ ਪੈਂਦਾ ਹੈ, ਸਗੋਂ ਬੜੇ ਸਬਰ ਸੰਤੋਖ ਨਾਲ ਆਪਣੇ ਸਿਧਾਂਤ ’ਤੇ ਕੰਮ ਕਰਕੇ ਤਸੱਲੀ ਮਹਿਸੂਸ ਕਰਦਾ ਹੈ। ਗੁਰਨਾਮ ਢਿੱਲੋਂ ਨੇ ਆਪਣੇ ਨਵੇਂ ਕਾਵਿ-ਸੰਗ੍ਰਹਿ ‘ਲੋਕ ਸ਼ਕਤੀ’ ਵਿੱਚ ਪੂੰਜੀਵਾਦ ਦੀਆਂ ਮਨੁੱਖ-ਮਾਰੂ ਤੇ ਲੁਕਵੀਆਂ ਨੀਤੀਆਂ ਦਾ ਪਰਦਾਫਾਸ਼ ਬੜੀ ਦਿਲੇਰੀ ਨਾਲ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਬਹੁਤ ਹੀ ਦਿਲਚਸਪ ਤੇ ਪੁਰਾਤਨ ਦੇਸੀ ਕਵਿ-ਰੂਪ ‘ਛੰਦ ਪਰਾਗੇ’ ਰਾਹੀਂ ਵਿਅੰਗਆਤਮਿਕ ਲਹਿਜੇ ਵਿੱਚ ਵਖੀਏ ਉਧੇੜਦਾ ਹੈਜਿੱਥੇ ਸੰਸਾਰ ਭਰ ਦੇ ਦੇਸ਼ਾਂ ਦੀ ਗੱਲ ਕੀਤੀ ਉੱਥੇ ਆਪਣੇ ਦੇਸ਼ ਦੀ ਰਾਜਨੀਤੀ ’ਤੇ ਫ਼ਿਰਕੂ ਰੰਗਤ ਦੇਣ ਦੀ ਲੋਕਮਾਰੂ ਨੀਤੀ ’ਤੇ ਵੀ ਉਸੇ ਰੋਹ ਵਿੱਚ ਵਿਅੰਗ ਕਰਦਾ ਲਿਖਦਾ ਹੈ:

ਛੰਦ ਪਰਾਗੇ ਕਰ ਕੇ ਐਸਾ ਬਾਹਰੋਂ ਧਨ ਨਿਵੇਸ਼,
ਭਗਵੇ ਹਾਕਮ ਧਰ ਦੇਣਾ ਗਹਿਣੇ ਭਾਰਤ ਦੇਸ਼।

ਉਹ ਵਿਚਾਰਧਾਰਕ ਆਸਥਾ ਅਤੇ ਰਾਜਸੀ ਚੇਤਨਾ ਦਾ ਸੱਚਾ ਸੁੱਚਾ ਸ਼ਾਇਰ ਹੈ, ਜੋ ਸਮੇਂ ਅਤੇ ਨਬਜ਼ ਨੂੰ ਪਛਾਣਦਾ ਹੋਇਆ ਕੇਵਲ ਲਿਖਣ ਲਿਖਾਉਣ ਤੱਕ ਹੀ ਸੀਮਤ ਨਹੀਂ, ਪਰਵਾਸੀ ਭਾਰਤੀਆਂ ਦੀਆਂ ਵੱਖ ਵੱਖ ਸੰਸਥਾਵਾਂ ਵਿੱਚ, ਸਾਹਿਤ ਸਭਾਵਾਂ ਅਤੇ ‘ਭਾਰਤੀ ਮਜ਼ਦੂਰ ਸਭਾ’ ਵਿੱਚ ਲੋਕ-ਹਿਤੂ ਕੰਮਾਂ ਵਿੱਚ ਅੱਜ ਤੱਕ ਪੂਰੀ ਸਰਗਰਮੀ ਨਾਲ ਕੰਮ ਕਰੀ ਜਾ ਰਿਹਾ ਹੈ। ਉਹ ਕਹਿਣੀ ਅਤੇ ਕਰਨੀ ਦੋਹਾਂ ’ਤੇ ਪੂਰਾ ਉੱਤਰਨ ਵਾਲਾ ਇਨਸਾਨ ਹੈ। ਉਹ ਠੋਕ ਵਜਾ ਕੇ ਖੱਬੇ ਪੱਖੀ ਵਿਚਾਰਧਾਰਾ ਦਾ ਮੁਦਈ ਹੈ। ਭਾਵੇਂ ਲੋਕ ਮੰਨ ਰਹੇ ਹਨ ਕਿ ਮਾਰਕਸਵਾਦ ਫ਼ੇਲ੍ਹ ਹੋ ਚੁੱਕਾ ਹੈ, ਬਹੁਤੇ ਲੋਕ ਇਸ ਵਿਚਾਰਧਾਰਾ ਵੱਲੋਂ ਮੂੰਹ ਵੀ ਮੋੜ ਚੁੱਕੇ ਹਨ ਪਰ ਗੁਰਨਾਮ ਢਿੱਲੋਂ ਪੂਰੀ ਆਸਥਾ ਨਾਲ ਕੰਮ ਕਰ ਰਿਹਾ ਹੈ। ਉਹ ਨਿਰਾਸ਼ ਨਹੀਂ, ਉਹ ਖੱਬੇ ਪੱਖੀ ਲੋਕਾਂ ਦੀਆਂ ਕੀਤੀਆਂ ਗ਼ਲਤੀਆਂ ਨੂੰ ਨਜ਼ਰ-ਅੰਦਾਜ਼ ਨਹੀਂ ਕਰਦਾ ਸਗੋਂ ਉਂਗਲੀ ਧਰ ਕੇ ਉਨ੍ਹਾਂ ਨੂੰ ਸਚੇਤ ਕਰਨ ਲਈ ਯਤਨਸ਼ੀਲ ਵੀ ਹੈ।

ਪਿਛਲੇ ਦਿਨੀਂ ਗੁਰਨਾਮ ਢਿੱਲੋਂ ਨਾਲ ਖੁੱਲ੍ਹੀਆਂ ਗੱਲਾਂਬਾਤਾਂ ਕਰਨ ਦਾ ਸੱਬਬ ਬਣਿਆ ਤਾਂ ਬਹੁਤ ਸਾਰੀ ਨਵੀਂ ਜਾਣਕਾਰੀ ਮਿਲੀ ਜਿਸ ਦੇ ਕੁਝ ਅੰਸ਼ ਪਾਠਕਾਂ ਦੀ ਨਜ਼ਰ ਕਰਦੇ ਹਾਂ:

? ਗੁਰਨਾਮ ਜੀ, ਉਂਝ ਤਾਂ ਸਾਹਿਤਕ ਹਲਕਿਆਂ ਵਿੱਚ ਤੁਹਾਡੀ ਪਹਿਚਾਣ ਇੱਕ ਇਨਕਲਾਬੀ ਕਵੀ ਦੇ ਤੌਰ ’ਤੇ ਹੋ ਚੁੱਕੀ ਹੈ ਪਰ ਫਿਰ ਵੀ ਕੁਝ ਪਾਠਕ ਇਹੋ ਜਿਹੇ ਹੋਣਗੇ ਜਿਹੜੇ ਤੁਹਾਡੇ ਪਿਛੋਕੜ (ਜਨਮ, ਮਾਤਾ ਪਿਤਾ ਪਰਿਵਾਰ) ਬਾਰੇ ਜਾਣਨ ਦੀ ਇੱਛਿਆ ਰੱਖਦੇ ਹੋਣਗੇ?

- ਤੁਹਾਡਾ ਪਹਿਲਾ ਸਵਾਲ ਸੁਣ ਕੇ ਮੈਂਨੂੰ ਮਿਰਜ਼ਾ ਗ਼ਾਲਿਬ ਦਾ ਇੱਕ ਸ਼ਿਅਰ ਯਾਦ ਆ ਗਿਆ ਹੈ ਜੋ ਮੈਂ ਨਿਮਰਤਾ ਸਹਿਤ ਅਰਜ਼ ਕਰ ਰਿਹਾ ਹਾਂ:

‘ਪੂਛਤੇ ਹੈਂ ਵੋਹ ਕਿ ‘ਗ਼ਾਲਿਬ ਕੌਨ ਹੈ

ਕੋਈ ਬਤਲਾਓ ਕਿ ਹਮ ਬਤਲਾਏਂ ਕਿਆ।’

ਮੈਂ ਆਪਣੇ ਬਾਰੇ ਲਿਖਣ/ਲਿਖਵਾਉਣ,ਆਖਣ/ਅਖਵਾਉਣ ਤੋਂ ਹਮੇਸ਼ਾ ਗੁਰੇਜ਼ ਕੀਤਾ ਹੈ ਫਿਰ ਵੀ ਜਵਾਬ ਹਾਜ਼ਰ ਹੈ। ਮੇਰਾ ਜਨਮ ਇੱਕ ਮੱਧਵਰਗੀ ਕਿਸਾਨ ਪਰਿਵਾਰ, ਕਸਬਾ ਢਿੱਲਵਾਂ ਜ਼ਿਲ੍ਹਾ ਕਪੂਰਥਲਾ ਪਿਤਾ ਮੋਹਣ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੇ ਗ੍ਰਹਿ ਵਿਖੇ ਹੋਇਆ। ਇਹ ਕਸਬਾ ਦਰਿਆ ਬਿਆਸ ਦੇ ਐਨ ਕੰਢੇ ਉੱਤੇ ਵਸਿਆ ਹੋਇਆ ਹੈ। ਪਿਤਾ ਜੀ ਉਸ ਸਮੇਂ ਦੀਆਂ ਨੌਂ ਜਮਾਤਾਂ ਪਾਸ ਸਨ। ਉਰਦੂ ਭਾਸ਼ਾ ਲਿਖ/ਪੜ੍ਹ ਲੈਂਦੇ ਸਨ ਅਤੇ ਘਰ ਦਾ ਹਿਸਾਬ-ਕਿਤਾਬ ਕਰ ਲੈਂਦੇ ਸਨ। ਨਿਹਾਇਤ (ਲੋੜ ਤੋਂ ਵੱਧ) ਸ਼ਰੀਫ਼ ਵਿਅਕਤੀ ਸਨ। ਕੂੜੀ ਰਾਜਨੀਤੀ ਤੋਂ ਦੂਰ ਰਹਿੰਦੇ ਸਨ। ਬੇਇਨਸਾਫੀ ਦੇ ਵਿਰੁੱਧ, ਲੋੜਵੰਦਾਂ ਦੇ ਹਮਦਰਦ ਅਤੇ ਕਿਸੇ ਦਾ ਹੱਕ ਖਾਣ ਨੂੰ ਪਾਪ ਸਮਝਦੇ ਸਨ। ਪਿੰਡ ਦੇ ਹੀ ਇੱਕ ਮੁਖਬਰ ਜਗੀਰਦਾਰ ਨਾਲ ਵਿਰੋਧਤਾ ਅਥਵਾ ਅਣਬਣ ਰਹਿੰਦੀ ਸੀ। ਉਹ ਅਫਸਰਾਂ ਨਾਲ ਮਿਲ ਕੇ ਅਸਾਡਾ ਨੁਕਸਾਨ ਕਰਨ/ਕਰਵਾਉਣ ਵਿੱਚ ਸਫ਼ਲ ਹੋ ਜਾਂਦਾ ਸੀ। ਇਮਾਨਦਾਰੀ ਹਾਰ ਜਾਂਦੀ ਸੀ, ਬੇਈਮਾਨੀ ਜਿੱਤ ਜਾਂਦੀ ਸੀ। ਇਸਦਾ ਮੇਰੇ ਬਾਲ ਮਨ ਉੱਤੇ ਅਸਰ ਹੁੰਦਾ ਅਤੇ ਸਮਾਜ ਪ੍ਰਤੀ ਹਰਖ ਅਤੇ ਗੁੱਸਾ ਉਪਜਦਾ। ਘਰ ਦਾ ਮਹੌਲ ਨਿਰੋਲ ਧਾਰਮਿਕ ਸੀ। ਮੀਟ, ਸ਼ਰਾਬ ਦੀ ਸਖ਼ਤ ਮਨਾਹੀ ਸੀਸਦਾਚਾਰੀ ਜੀਵਨ-ਕੀਮਤਾਂ ਹੀ ਸਮਝਾਈਆਂ ਜਾਂਦੀਆਂ ਸਨ। ਮੇਰਾ ਬਚਪਨ ਬੜਾ ਪ੍ਰੋਟੈਕਸ਼ਨ (ਰੱਖਿਅਕ ਸ਼ਾਸਨ) ਵਾਲਾ ਸੀ। ਸੱਟ ਲੱਗਣ ਦੇ ਡਰੋਂ, ਫੁੱਟਬਾਲ ਆਦਿ ਖੇਡਣ ਵੀ ਬਾਹਰ ਨਹੀਂ ਸੀ ਜਾਣ ਦਿੰਦੇ। ਇਸ ਘੁਟਨ, ਦਮਨ ਅਤੇ ਦਬਾਅ ਕਾਰਨ ਮੇਰੇ ਬਾਲ, ਅੰਤਰ-ਮਨ ਉੱਤੇ ਬਾਗੀਆਨਾ/ਵਿਦਰੋਹੀ ਪ੍ਰਭਾਵ ਅਥਵਾ ਅਕਸ ਜਮ੍ਹਾਂ ਹੋਣ ਲੱਗ ਪਏ ਸਨ ਜੋ ਮੈਂ ਲੁਕ-ਛਿਪ ਕੇ ਕਾਪੀ ਉੱਤੇ ਤੁਕ-ਬੰਦੀ ਕਰ ਕੇ ਲਿਖ ਲੈਂਦਾ ਸੀ। ਉਂਝ ਮੈਂ ਛੁੱਟੀਆਂ ਵਿੱਚ, ਘਰ ਦੀ ਖੇਤੀ ਦੇ ਸਾਰੇ ਕੰਮ ਸਿੱਖੇ ਅਤੇ ਕੀਤੇ ਵੀ ਹਨ।

ਅਸੀਂ ਇੱਕ ਭੈਣ ਅਤੇ ਤਿੰਨ ਭਰਾ ਸਾਂ। ਭੈਣ ਜੀ ਸਭ ਤੋਂ ਵੱਡੇ ਸਨ। ਭਰਾਵਾਂ ਵਿੱਚੋਂ ਮੈਂ ਸਭ ਤੋਂ ਵੱਡਾ ਹਾਂ। ਭੈਣ ਜੀ ਨਿਰੰਜਨ ਕੌਰ ਅਤੇ ਮੇਰੇ ਤੋਂ ਛੋਟਾ ਗੁਰਬਖਸ਼ ਸਿੰਘ ਜੋ ਪਿੰਡ ਖੇਤੀ ਕਰਦਾ ਸੀ, ਗੁਜ਼ਰ ਚੁੱਕੇ ਹਨ। ਸਭ ਤੋਂ ਛੋਟਾ ਪਿਆਰਾ ਸਿੰਘ, ਪਰਥ ਸ਼ਹਿਰ (ਆਸਟਰੇਲੀਆ) ਦੇ ਇੱਕ ਵਿਸ਼ਵ ਵਿਦਿਆਲੇ ਵਿੱਚ ਕੰਮਪਿਊਟਰ ਸਾਇੰਸ ਦਾ ਪ੍ਰੋਫੈਸਰ ਹੈ। ਖ਼ਾਕਸਾਰ ਨੇ ਦਸਵੀਂ ਪਿੰਡ ਦੇ ਸਕੂਲੋਂ ਕੀਤੀ ਅਤੇ ਬੀ. ਐੱਸ. ਸੀ. ਬੀ.ਟੀ. ਦੀ ਪੜ੍ਹਾਈ ਕਰ ਕੇ 3/4 ਮਹੀਨੇ ਸਰਕਾਰੀ ਬੇਸਿਕ ਟ੍ਰੇਨਿੰਗ ਸਕੂਲ ਸਰਹਾਲੀ (ਜ਼ਿਲ੍ਹਾ ਅੰਮ੍ਰਿਤਸਰ) ਵਿੱਚ ਅਧਿਆਪਕ ਵਜੋਂ, ਪਹਿਲੀ ਅਤੇ ਆਖ਼ਰੀ ਨੌਕਰੀ ਕੀਤੀ। ਕਾਲਜ ਦੇ ਦਿਨਾਂ ਵਿੱਚ ਫੁੱਟਬਾਲ ਖੇਡਦਾ ਅਤੇ ਟ੍ਰੈਕ ਅਥਲੈਟਿਕਸ ਦੀ 1500 ਮੀਟਰ ਦੀ ਦੌੜ ਦੌੜਦਾ ਸੀ। ਕਾਲਜ ਮੈਗਜ਼ੀਨ ਵਿੱਚ ਕਵਿਤਾਵਾਂ ਵੀ ਛਪਦੀਆਂ ਸਨ। ਤਤਕਾਲੀ ਅਧਿਆਪਕ ਆਗੂ ਚਰਨ ਸਰਾਭਾ ਮੇਰਾ ਸਹਿਪਾਠੀ ਸੀ।

ਸਾਡੀ ਹਵੇਲੀ ਦੀ ਹੱਦ ਪਿੰਡ ਦੀ ਦਲਿਤ ਵੀਰਾਂ ਦੀ ਬਸਤੀ ‘ਵਿਹੜੇ’ ਨਾਲ ਲੱਗਦੀ ਹੈ। ਉਨ੍ਹਾਂ ਦੇ ਘਰਾਂ ਵਿੱਚ ਮੇਰਾ ਬਚਪਨ ਤੋਂ ਹੀ ਆਉਣ-ਜਾਣ ਰਿਹਾ ਹੈ। ਘਰਦਿਆਂ ਤੋਂ ਚੋਰੀਂ ਉਨ੍ਹਾਂ ਦੇ ਘਰੀਂ ਜਾ ਕੇ ਖਾ-ਪੀ ਵੀ ਆਉਂਦਾ ਸਾਂ। ‘ਵਿਹੜੇ’ ਦੇ ਕੁਝ ਮੁੰਡੇ ਮੇਰੇ ਜਮਾਤੀ ਅਤੇ ਦੋਸਤ ਸਨ। ਪਿਤਾ ਜੀ ਵੀ ਉਨ੍ਹਾਂ ਨਾਲ ਹਮਦਰਦੀ ਰੱਖਦੇ ਸਨ। ‘ਵਿਹੜੇ’ ਦੀਆਂ ਕਈ ਸੁਆਣੀਆਂ ਨੇ ਮਾਣ ਨਾਲ ਮੈਂਨੂੰ ਆਪਣਾ ਪੁੱਤ ਬਣਾਇਆ ਹੋਇਆ ਸੀ। ਮੈਂ, ਉਨ੍ਹਾਂ ਦਾ ਦੁੱਖ-ਦਰਦ ਆਪਣੇ ਪਿੰਡੇ ਉੱਤੇ ਤਾਂ ਨਹੀਂ ਪ੍ਰੰਤੂ ਦਿਲ-ਦਿਮਾਗ ਉੱਤੇ ਹੰਢਾਇਆ ਹੈ

? ਤੁਹਾਡਾ ਬਚਪਨ ਕਿਹੋ ਜਿਹਾ ਸੀ? ਕੋਈ ਬਚਪਨ ਦੀ ਯਾਦ ਜਿਹੜੀ ਤੁਹਾਨੂੰ ਦੁਖੀ ਕਰਦੀ ਹੋਵੇ ਜਾਂ ਸਕੂਨ ਦਿੰਦੀ ਹੋਵੇ ਤਾਂ ਸਾਂਝੀ ਕਰਨੀ ਚਾਹੋਗੇ?

: ਸਤਨਾਮ ਜੀ, ਯਾਦਾਂ ਤਾਂ ਬਹੁਤ ਹਨ ਪਰ ਇੱਕ ਦੋ ਯਾਦਾਂ ਮੈਂ ਸਾਂਝੀਆਂ ਕਰਦਾ ਹਾਂ, ਜਿਹੜੀਆਂ ਭੁਲਾਇਆਂ ਵੀ ਨਹੀਂ ਭੁੱਲਦੀਆਂ ਇੱਕ ਤਾਂ ਸਕੂਲ ਸਮੇਂ ਦੀ ਇੱਕ ਲੱਚਰ ਭਾਸ਼ਾ ਵਰਤਣ ਦੀ ਸ਼ਰਾਰਤ ਯਾਦ ਆ ਰਹੀ ਹੈ। ਕਪੂਰਥਲਾ ਸ਼ਹਿਰ ਤੋਂ ਮਾਸਟਰ ਸ਼ਾਦੀ ਰਾਮ ਸਾਡੇ ਪਿੰਡ ਦੇ ਹਾਈ ਸਕੂਲ ਵਿੱਚ ਪੜ੍ਹਾਉਣ ਆਉਂਦਾ ਸੀ। ਇਹ ਸਕੂਲ ਮਹਾਰਾਜਾ ਕਪੂਰਥਲਾ ਨੇ 1939 ਵਿੱਚ ਆਪਣੀ ਡਾਇਮੰਡ ਜੁਬਲੀ ਮਨਾਉਣ ਸਮੇਂ ਢਿਲਵਾਂ ਕਸਬੇ ਵਿੱਚ ਤਾਮੀਰ ਕਰਵਾਇਆ ਸੀ ਅਤੇ ਇਸਦਾ ਨਾਮ ‘ਦਾ ਜਗਤਜੀਤ ਡਾਇਮੰਡ ਜੁਬਲੀ (ਜੇ. ਡੀ. ਜੇ.) ਹਾਈ ਸਕੂਲ ਢਿਲਵਾਂ’ ਰੱਖਿਆ ਸੀ। ਇਸਦਾ ਨਕਸ਼ਾ ਫਰੈਂਚ ਆਰਕੀਟੈਕਚਰ ਨੇ ਬਣਾਇਆ ਸੀ। ਆਜ਼ਾਦੀ ਤੋਂ ਬਾਅਦ ਇਸਦਾ ਨਾਂ ਗੌਰਮਿੰਟ ਹਾਈ ਸਕੂਲ ਕਰ ਦਿੱਤਾ। ਹੁਣ ਕਿਸੇ ਐੱਨ. ਆਰ. ਆਈ. ਨੇ ਮਾਮੂਲੀ ਜਿਹੀ ਮੁਰੰਮਤ ਕਰਵਾ ਕੇ ਅਤੇ ਸਰਕਾਰ ਨਾਲ ਮਿਲ ਕੇ ਆਪਣੇ ਵਡੇਰੇ ਦੇ ਨਾਂ ‘ਲਾਲਾ ਜਗੀਰੀ ਲਾਲਾ ਹਾਇਰ ਸੈਕੰਡਰੀ ਸਕੂਲ ਢਿਲਵਾਂ’ ਕਰਵਾ ਲਿਆ ਹੈ। ਮਾਸਟਰ ਸ਼ਾਦੀ ਰਾਮ ਆਪਣੇ ਪਿਤਾ ਜੀ ਨਾਲ ਮੰਦਰ ਵਿੱਚ ਰਹਿੰਦਾ ਸੀ। ਗੁੱਟ ਉੱਤੇ ਕਈ ਕਿਸਮ ਦੇ ਗਾਨੇ ਬੰਨ੍ਹ ਕੇ ਰੱਖਦਾ ਸੀ। ਗਲ਼ ਵਿੱਚ ਮਣਕਿਆਂ ਵਾਲੀ ਮਾਲ਼ਾ, ਭਾਂਤ ਭਾਂਤ ਦੀਆਂ ਮੂਰਤੀਆਂ ਅਤੇ ਤਾਂਬੇ ਮੜ੍ਹੇ ਤਵੀਤਾਂ ਦੀ ਲੜੀ ਵੀ ਕਾਲ਼ੀ ਡੋਰ ਵਿੱਚ ਪਰੋ ਕੇ, ਕਮੀਜ਼ ਹੇਠ ਲੁਕਾ ਕੇ ਪਹਿਨਦਾ ਸੀ। ਕਿਸੇ ਕਿਸੇ ਦਿਨ ਮੱਥੇ ਉੱਤੇ ਲੰਮਾ ਤਿਲਕ ਵੀ ਲਾਉਂਦਾ ਸੀ। ਕਦੀ ਕਦੀ ਜਮਾਤ ਵਿੱਚ ਜੋਤਿਸ਼ ਵਿੱਦਿਆ, ਨਛੱਤਰਾਂ ਦੀਆਂ ਚਾਲਾਂ ਅਤੇ ਮਹੂਰਤ ਕੱਢਣ/ਕਢਵਾਉਣ ਵਿੱਚ ਵਿਸ਼ਵਾਸ ਦੀਆਂ ਗੱਲਾਂ ਵੀ ਕਰਦਾ ਹੁੰਦਾ ਸੀ। ਕਦੀ ਕਦੀ ਕਿਸੇ ਵਿਦਿਆਰਥੀ ਦਾ ਹੱਥ ਵੇਖਣ ਡਹਿ ਪੈਂਦਾ ਸੀ।

ਮੈਂ ਖਿਝ ਜਾਂਦਾ ਸੀ। ਸਾਡੀ ਪੰਜਵੀਂ ਜਮਾਤ ਨੂੰ ਅੰਗਰੇਜ਼ੀ ਦਾ ਆਖ਼ਰੀ ਪੀਰੀਅਡ ਪੜ੍ਹਾਉਂਦਾ ਸੀ। ਸਿਆਲ ਦੇ ਦਿਨ ਸਨ। ਬਾਹਰ ਸਕੂਲ ਦੀ ਗਰਾਊਂਡ ਵਿੱਚ ਧੁੱਪੇ ਕਲਾਸਾਂ ਲੱਗਦੀਆਂ ਸਨ। ਇੱਕ ਦਿਨ ਸਾਡੀ ਕਲਾਸ ਨੂੰ ਸਕੂਲ ਦੀ ਇਮਾਰਤ ਤੋਂ ਕਾਫ਼ੀ ਦੂਰ ਬੈਠਣ ਲਈ ਜਗ੍ਹਾ ਮਿਲੀ ਜਿੱਥੇ ਸਕੂਲ ਦੀ ਘੰਟੀ ਨਹੀਂ ਸੀ ਸੁਣੀ ਜਾ ਸਕਦੀ। ਗੋਲ ਚੱਕਰ ਵਿੱਚ ਬੈਠੇ ਸਾਰੇ ਵਿਦਿਆਰਥੀ ਪੜ੍ਹਾਈ ਵਿੱਚ ਮਗਨ ਸਨ। ਅਚਾਨਕ ਹੋਰਾਂ ਕਲਾਸਾਂ ਦੇ ਮੁੰਡੇ ਬਸਤੇ ਚੁੱਕ ਕੇ ਘਰਾਂ ਨੂੰ ਤੁਰ ਪਏ। ਮਾਸਟਰ ਸ਼ਾਦੀ ਰਾਮ ਦੇ ਮੂੰਹੋਂ ਨਿਕਲਿਆ ‘ਕੀ ਛੁੱਟੀ ਹੋ ਗਈ ਹੈ’? ਇਸ ਤੋਂ ਪਹਿਲਾਂ ਕਿ ਹੋਰ ਕੋਈ ਕੁਝ ਕਹਿੰਦਾ, ਮੈਂ ਇੱਕ ਦਮ ਕਿਹਾ, “ਮਾਸਟਰ ਜੀ, ਹੱਥ ਲਾ ਕੇ ਵੇਖ ਲਓ” ਮੈਂਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਇਹ ਵਾਕ ਮੇਰੇ ਮੂੰਹੋਂ ਕਿਵੇਂ ਨਿਕਲ ਗਿਆ। ਨਾ ਇਹ ਵਾਕ ਮੈਂ ਪਹਿਲਾਂ ਕਦੀ ਵਰਤਿਆ ਸੀ, ਨਾ ਇਸ ਘਟਨਾ ਪਿੱਛੋਂ ਅੱਜ ਤੀਕ ਵਰਤਿਆ ਹੈ। ਬੱਸ ਫਿਰ ਕੀ ਸੀ, ਮਾਸਟਰ ਜੀ ਮਗਰ ਮਗਰ ਅਤੇ ਮੈਂ ਮੋਹਰੇ ਮੋਹਰੇ ਭੱਜ ਪਏ। ਉਨ੍ਹਾਂ ਬਹੁਤ ਦੁਹਾਈ ਪਾਈ ਪਰ ਮੈਂ ਉਨ੍ਹਾਂ ਨੂੰ ਡਾਹੀ ਨਹੀਂ ਦਿੱਤੀ ਅਗਲੇ ਦਿਨ ਫਿਰ ਉਸੇ ਥਾਂ ਉੱਤੇ ਗੋਲ ਚੱਕਰ ਵਿੱਚ ਕਲਾਸ ਲੱਗ ਗਈ। ਮੈਂਨੂੰ ਆਭਾਸ ਸੀ ਕਿ ਅੱਜ ਮਾਸਟਰ ਜੀ ਮੈਂਨੂੰ ਜ਼ਰੂਰ ਕੋਈ ਸਜ਼ਾ ਦੇਣਗੇ। ਸਾਰਿਆਂ ਨੂੰ ਲਿਖਾਈ ਦਾ ਕੰਮ ਮਿਲ ਗਿਆ। ਉਨ੍ਹਾਂ ਦਿਨਾਂ ਵਿੱਚ ਲੋਹੇ ਦੀ ਸਲੇਟ ਉੱਤੇ ਲਿਖਾਈ ਕੀਤੀ ਜਾਂਦੀ ਸੀ। ਸਲੇਟ ਦੇ ਚਾਰੇ ਪਾਸੇ ਲਕੜ ਲੱਗੀ ਹੁੰਦੀ ਸੀ ਜੋ ਜਲਦੀ ਟੁੱਟ ਜਾਂਦੀ ਸੀ। ਮਾਸਟਰ ਜੀ ਆਪਣੀ ਕੁਰਸੀ ਤੋਂ ਉੱਠੇ ਅਤੇ ਕਲਾਸ ਦੇ ਬਾਹਰਲੇ ਪਾਸਿਓਂ, ਪਿਛਿਓਂ ਦੀ ਇੱਕ ਚੱਕਰ ਕੱਢਿਆ। ਮੈਂ ਸਾਵਧਾਨ ਹੋ ਕੇ ਆਪਣੇ ਪਿਛਲੇ ਪਾਸੇ ਚੋਰ ਨਜ਼ਰ ਰੱਖੀ ਬੈਠਾ ਸੀ। ਪ੍ਰੰਤੂ ਉਹ ਅੱਗੇ ਲੰਘ ਗਏ। ਮੈਂ ਸਮਝਿਆ ਕਿ ਬਲਾ ਟਲ ਗਈ ਹੈ। ਦੋ ਕੁ ਮਿੰਟ ਬਾਦ ਉਹ ਦੁਬਾਰਾ ਉੱਠੇ ਅਤੇ ਹੌਲ਼ੀ ਹੌਲ਼ੀ ਪਿਛਿਓਂ ਦੀ ਚੱਕਰ ਮਾਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਮੇਰੇ ਪਿੱਛੇ ਆਏ, ਉਨ੍ਹਾਂ ਵੱਟ ਕੇ ਮੇਰੇ ਮੂੰਹ ’ਤੇ ਚਪੇੜ ਜੜ ਦਿੱਤੀ। ਮੈਂ ਮੂੰਹੋਂ ਹਾਏ ਆਦਿ ਕੁਝ ਨਾ ਕਿਹਾ। ਉਨ੍ਹਾਂ ਦੂਜੀ ਚਪੇੜ ਮਾਰਨ ਲਈ ਹੋਰ ਵੀ ਗੁੱਸੇ ਵਿੱਚ ਆ ਕੇ ਆਪਣੀ ਬਾਂਹ ਉਲਾਰੀ। ਆਪਣੇ ਬਚਾ ਲਈ ਮੈਂ ਸਲੇਟ ਆਪਣੇ ਮੂੰਹ ਮੋਹਰੇ ਕਰ ਲਈ। ਉਨ੍ਹਾਂ ਦਾ ਹੱਥ ਸਿੱਧਾ ਸਲੇਟ ਦੇ ਤਿੱਖੇ ਪਾਸੇ ਉੱਤੇ ਵੱਜਾ, ਜਿੱਥੋਂ ਲੱਕੜ ਦੀ ਚੁਗਾਠ ਲੱਥ ਚੁੱਕੀ ਸੀ। ਉਨ੍ਹਾਂ ਦੇ ਮੂੰਹ ਵਿੱਚੋਂ ਨਿਕਲਿਆ ‘ਹਾਇ ਰਾਮ’ ਅਤੇ ਨਾਲ ਹੀ ਖੂਨ ਦੀ ਤਤੀਰੀ ਛੁੱਟ ਪਈ।

ਇੰਨੇ ਚਿਰ ਨੂੰ ਮੈਂ ਆਪਣੇ ਘਰ ਨੂੰ ਛੂਟ ਵੱਟ ਲਈ। ਘਰ ਜਾ ਕੇ ਮੇਰਾ ਬੁਰਾ ਹਾਲ ਹੋ ਗਿਆ। ਲੱਤਾਂ ਕੰਬਣ, ਸਾਹ ਸੁੱਕ ਰਹੇ ਸਨ। ਡਰ ਨਾਲ ਮਰ ਰਿਹਾ ਸੀ। ਘਰ ਦੇ ਪੁੱਛਣ, ਸਕੂਲੋਂ ਪਹਿਲਾਂ ਕਿਉਂ ਆ ਗਿਆਂ। ਮੈਂ ਡਰਦਾ ਦੱਸਾਂ ਕੁਝ ਨਾ। ਸਾਰੇ ਸਕੂਲ ਵਿੱਚ ਰੌਲ਼ਾ ਪੈ ਗਿਆ। ਮਹੱਲੇ ਦੇ ਮੁੰਡਿਆਂ ਨੇ ਸਾਰੀ ਗੱਲ ਘਰ ਆਣ ਦੱਸੀ। ਘਰ ਦੇ ਯਕੀਨ ਨਾ ਕਰਨ ‘ਸਾਡਾ ਮੁੰਡਾ ਨਹੀਂ ਇਹ ਗੱਲ ਕਹਿ ਸਕਦਾ ਅਗਲੇ ਦਿਨ ਸਕੂਲ ਦੀ ਸਵੇਰ ਦੀ ਪ੍ਰਾਰਥਨਾ ਸਮੇਂ ਕੀ ਵੇਖਿਆ ਕਿ ਮਾਸਟਰ ਸ਼ਾਦੀ ਰਾਮ ਦੇ ਹੱਥ ਉੱਤੇ ਚਿੱਟੇ ਰੰਗ ਦੀ ਪੱਟੀ ਬੱਝੀ ਹੋਈ ਸੀ। ਸਾਰੀਆਂ ਜਮਾਤਾਂ ਪਹਿਲਾ ਪੀਰੀਅਡ ਲਾਉਣ ਲਈ ਆਪਣੇ ਆਪਣੇ ਕਮਰਿਆਂ ਵੱਲ ਚਲੀਆਂ ਗਈਆਂ। ਅਸੀਂ ਪੰਜਵੀਂ ਜਮਾਤ ਦੇ ਮੁੰਡੇ ਆਪਣੇ ਕਮਰੇ ਵਿੱਚ ਬੈਠੇ ਹੀ ਸੀ ਕਿ ਸਕੂਲ ਦਾ ਸੇਵਾਦਾਰ ਮੈਂਨੂੰ ਹੈੱਡਮਾਸਟਰ ਸਾਹਿਬ ਸਾਹਮਣੇ ਪੇਸ਼ ਹੋਣ ਲਈ ਲੈਣ ਆ ਗਿਆ। ਕਮਰੇ ਵਿੱਚ ਹੈੱਡਮਾਸਟਰ ਦਲੀਪ ਸਿੰਘ ਦੇ ਨਾਲ ਦੀ ਕੁਰਸੀ ਉੱਤੇ ਮਾਸਟਰ ਸ਼ਾਦੀ ਰਾਮ ਵੀ ਬਿਰਾਜਮਾਨ ਸੀ। ਮਾਸਟਰ ਸ਼ਾਦੀ ਰਾਮ ਕਹੇ ‘ਜਿੰਨਾ ਚਿਰ ਇਸ ਮੁੰਡੇ ਨੂੰ ਸਕੂਲੋਂ ਨਹੀਂ ਕੱਢਦੇ, ਮੈਂ ਕੋਈ ਕਲਾਸ ਨਹੀਂ ਲੈਣੀ ਹੈੱਡਮਾਸਟਰ ਸਾਹਿਬ ਨੇ ਮੈਂਨੂੰ ਦਬਕਾ ਮਾਰ ਕੇ ਕਮਰੇ ਤੋਂ ਬਾਹਰ ਜ਼ਮੀਨ ਉੱਤੇ ਬੈਠਣ ਨੂੰ ਕਿਹਾ। ਸੇਵਾਦਾਰ ਨੂੰ ਮੇਰੇ ਬਾਕੀ ਦੇ ਅਧਿਆਪਕਾਂ ਨੂੰ ਵਾਰੀ ਵਾਰੀ ਦਫਤਰ ਵਿੱਚ ਲੈ ਕੇ ਆਉਣ ਲਈ ਹੁਕਮ ਦੇ ਦਿੱਤਾ। ਮੇਰੇ ਬਾਕੀ ਦੇ ਸਾਰੇ ਅਧਿਆਪਕਾਂ ਨੇ ਮੇਰੀ ਸਿਫ਼ਤ ਕੀਤੀ ਅਤੇ ਨਾਲ ਇਹ ਵੀ ਕਿਹਾ ਕਿ ਪੜ੍ਹਾਈ ਵਿੱਚ ਵੀ ਚੰਗਾ ਹੈ।

ਪਰ ਮਾਸਟਰ ਸ਼ਾਦੀ ਰਾਮ ਆਪਣੀ ਜ਼ਿੱਦ ਨਾ ਛੱਡੇ। ਹੈੱਡਮਾਸਟਰ ਸਾਹਿਬ ਨੇ ਮੈਂਨੂੰ ਅੰਦਰ ਬੁਲਾਇਆ ਅਤੇ ਕਿਹਾ ਕਿ ਮੈਂ ਘਰੋਂ ਆਪਣੇ ਬਾਪ ਨੂੰ ਨਾਲ ਲੈ ਕੇ ਆਵਾਂ। ਮੈਂ ਘਰ ਜਾ ਕੇ ਉੱਚੀ ਉੱਚੀ ਰੋਣ ਲੱਗ ਪਿਆ। ਬਾਪ ਨੂੰ ਤਰਸ ਆ ਗਿਆ। ਉਹ ਮੇਰੇ ਨਾਲ ਸਕੂਲ ਨੂੰ ਤੁਰ ਪਿਆ। ਦਫਤਰ ਵਿੱਚ ਪਹੁੰਚ ਕੇ ਦੋਹੀਂ ਪਾਸੀਂ ਸਤਿ ਸ੍ਰੀ ਅਕਾਲ ਬੁਲਾਈ ਗਈ ਪ੍ਰੰਤੂ ਮਾਸਟਰ ਸ਼ਾਦੀ ਰਾਮ ਜੀ ਦਾ ਮੂੰਹ ਸੁੱਜਾ ਰਿਹਾ। ਮੇਰੇ ਪਿਤਾ ਜੀ ਨੇ ਕਿਹਾ ਕਿ ਇਸ ਨੂੰ ਹੋਰ ਜਿਹੜੀ ਮਰਜ਼ੀ ਸਜ਼ਾ ਦਿਓ, ਪ੍ਰੰਤੂ ਸਕੂਲ ਵਿੱਚੋਂ ਨਾ ਕੱਢੋ। ਹੈੱਡਮਾਸਟਰ ਸਾਹਿਬ ਮੈਂਨੂੰ ਸੰਬੋਧਨ ਹੋਏ, ‘ਉੱਠ ਨਾਲਾਇਕਾ! ਲਾ ਮਾਸਟਰ ਸ਼ਾਦੀ ਰਾਮ ਜੀ ਦੇ ਗੋਡੀਂ ਹੱਥ ਅਤੇ ਮੰਗ ਮੁਆਫ਼ੀ ਰਸਮ ਹੋ ਗਈ। ਥੋੜ੍ਹੀ ਦੇਰ ਪਿੱਛੋਂ ਪਿਤਾ ਜੀ ਘਰ ਨੂੰ ਚਲੇ ਗਏ। ਮਾਸਟਰ ਸ਼ਾਦੀ ਰਾਮ ਹੋਰੀਂ ਆਪਣੀ ਕਲਾਸ ਲੈਣ ਚਲੇ ਗਏ ਅਤੇ ਮੈਂ ਹੀਣਾ ਜਿਹਾ ਹੋਇਆ ਆਪਣੀ ਕਲਾਸ ਦੇ ਕਮਰੇ ਵੱਲ ਤੁਰ ਪਿਆਮੈਂਨੂੰ ਅੱਜ ਤੱਕ ਇਸ ਗੱਲ ਦਾ ਦੁੱਖ ਸਤਾਉਂਦਾ ਹੈ ਕਿ ਜਦੋਂ ਵੀ ਮਾਸਟਰ ਸ਼ਾਦੀ ਰਾਮ ਮੁੰਡਿਆਂ ਦੀ ਕਿਸੇ ਢਾਣੀ ਦੇ ਨੇੜਿਓਂ ਦੀ ਲੰਘਦਾ ਤਾਂ ਉਨ੍ਹਾਂ ਵਿੱਚੋਂ ਕੋਈ ਆਪਣੀ ਆਵਾਜ਼ ਬਦਲ ਕੇ ਉੱਚੀ ਦੇਣੀ ‘ਹਾਇ ਰਾਮ’ ਕਹਿ ਕੇ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦਾ।

? ਵਿੱਦਿਆ ਪ੍ਰਾਪਤੀ ਤੋਂ ਬਾਅਦ ਭਾਰਤ, ਫਿਰ ਇੰਗਲੈਂਡ ਵਿੱਚ ਕੀ ਕੀ ਕੰਮ-ਕਾਰ ਕੀਤੇ, ਇੰਗਲੈਂਡ ਵਿੱਚ ਸਥਾਪਤੀ ਦਾ ਤਜਰਬਾ ਕਿਹੋ ਜਿਹਾ ਰਿਹਾ?

: ਇੰਗਲੈਂਡ ਦਾ ਤਜਰਬਾ ਥੋੜ੍ਹਾ ਕੌੜਾ ਹੈ। ਮੈਂ 1964 ਵਿੱਚ ਵਰਕ ਵਾਊਚਰ ਅਤੇ ਤਿੰਨ ਪੌਂਡ ਲੈ ਕੇ ਇੰਗਲੈਂਡ ਆ ਗਿਆ। ਫੈਕਟਰੀਆਂ ਵਿੱਚ ਲਹੂ-ਪਸੀਨਾ ਇੱਕ ਕੀਤਾ। ਹਫ਼ਤੇ ਵਿੱਚ 70/75 ਘੰਟੇ ਕੰਮ ਕੀਤਾ ਜਦੋਂ ਕਿ ਸਰਕਾਰੀ ਤੌਰ ’ਤੇ ਕੰਮ ਕਰਨ ਦੀ ਹੱਦ ਚਾਲੀ ਘੰਟੇ ਸੀ। ਨਸਲੀ ਵਿਤਕਰਾ ਵੀ ਪਿੰਡੇ ’ਤੇ ਹੰਢਾਇਆ। ਇੱਕ ਕਮਰੇ ਵਿੱਚ ਚਾਰ ਚਾਰ ਬੰਦਿਆਂ ਨਾਲ ਰਹਿ ਕੇ ਗੁਜ਼ਾਰਾ ਕੀਤਾ। ਸਾਊਥਾਲ ਦੇ ਪੰਜਾਬੀ ਮਕਾਨ ਮਾਲਕਾਂ ਦਾ ਕਿਰਾਇਦਾਰਾਂ ਪ੍ਰਤੀ ਵਿਵਹਾਰ ਉਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਦਾ ਅੱਜ ਤੋਂ ਪੰਜਾਹ ਸਾਲ ਪਹਿਲਾਂ ਪਿੰਡਾਂ ਦੇ ਜਗੀਰਦਾਰ, ਦਲਿਤ ਵੀਰਾਂ ਨਾਲ ਕਰਦੇ ਸਨਕਿਰਾਇਦਾਰਾਂ ਦੇ ਬਰਤਨ ਵੱਖਰੇ ਸਨ। ਕਈਆਂ ਘਰਾਂ ਵਿੱਚ ਉਨ੍ਹਾਂ ਦੇ ਵਾਕਫ਼ਾਂ ਨੂੰ ਮਿਲਣ ਆਉਣ ਦੀ ਪਾਬੰਦੀ ਸੀ। ਕਿਰਾਇਆ ਤਾਂ ਨਕਦ ਲੈਂਦੇ ਸਨ ਪ੍ਰੰਤੂ ਕਾਨੂੰਨ ਅਨੁਸਾਰ ਰੈਂਟ ਬੁੱਕ ਜਾਂ ਰਸੀਦ ਆਦਿ ਨਹੀਂ ਸਨ ਦਿੰਦੇ। ਉਹ ਹਰ ਗੱਲ ਵਿੱਚ ਸਹੀ, ਸਿਆਣੇ, ਸੁੱਘੜ ਅਤੇ ਵਧੇਰੇ ਸਮਝਦਾਰ ਸਨ ਕਿਉਂਕਿ ਉਹ ਮਾਲਕ ਮਕਾਨ ਸਨ। ਉਨ੍ਹਾਂ ਦੀਆਂ ਅਨਪੜ੍ਹ ਪਤਨੀਆਂ ਕਿਰਾਇਦਾਰਾਂ ਨੂੰ ‘ਲਾਂਜੇ’ (ਲੌਜਰ ਦਾ ਵਿਗਾੜਿਆ ਰੂਪਸ) ਕਹਿੰਦੀਆਂ ਸਨ। ਉਹ ਆਪਣੇ ਹੀ ਦੇਸ਼ ਦੇ ਬੰਦਿਆਂ ਦੀ ਮਜਬੂਰੀ ਦਾ ਨਜ਼ਾਇਜ਼ ਫ਼ਾਇਦਾ ਲੈਂਦੇ ਸਨ। ਟਾਵਾਂ ਟਾਵਾਂ ਮਕਾਨ ਮਾਲਕ ਅੱਛਾ ਵੀ ਸੀ ਪ੍ਰੰਤੂ ਕਿਰਾਏ ਦੀ ਰਸੀਦ ਜਾਂ ਰੈਂਟ ਬੁੱਕ ਉਹ ਵੀ ਨਹੀਂ ਸੀ ਦਿੰਦਾ

ਹੁਣ ਮੈਂ ਤੁਹਾਡੇ ਨਾਲ ਗੋਰਿਆਂ ਦੇ ਨਸਲਵਾਦ ਦੇ ਮੁਕਾਬਲੇ ਵਿੱਚ ਆਪਣੇ ਪੰਜਾਬੀਆਂ ਦੇ ਭਰਾਤਰੀ ਭਾਵ ਦਾ ਇੱਕ ਤਜਰਬਾ ਵੀ ਸਾਂਝਾਂ ਕਰਨਾ ਚਾਹਾਂਗਾ। ਸੁਣ ਲਓ! ਸਾਊਥਾਲ ਦੀ ਪਾਰਕ ਐਵੀਨਿਊ ਦਾ ਉਹ ਕੋਨਾ ਜਿੱਥੇ ਟ੍ਰੈਫਿਕ ਲਾਈਟਸ ਹਨ ਅਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਹੈ, ਇਸਦੇ ਬਿਲਕੁਲ ਸਾਹਮਣੇ ਦੂਜੇ ਪਾਸੇ, ਜਿੱਥੇ ਹੁਣ ‘ਸਾਰਾਵਾਨਾ ਭਵਨ’ ਨਾਂ ਦਾ ਰੈਸਟੋਰੈਂਟ ਹੈ, ਇਸ ਜਗ੍ਹਾ ਉੱਤੇ ਇੱਕ ਪੱਬ ਹੁੰਦੀ ਸੀ ਜਿਹੜੀ ਗਲਾਸੀ ਜੰਕਸ਼ਨ ਦੇ ਨਾਂ ਨਾਲ ਪ੍ਰਸਿੱਧ ਸੀ। ਇਸਦੇ ਸਭ ਤੋਂ ਪਿਛਲੇ ਕਮਰੇ ਵਿੱਚ ਹਰ ਸ਼ਨਿਚਰਵਾਰ ਸ਼ਾਮ ਨੂੰ ਇੱਕ ਕਮੇਟੀ ਪੈਣ ਲੱਗ ਪਈ ਜਿਸ ਨੂੰ ਪੂਲ ਪਾਉਣਾ ਜਾਂ ਕੂਟ ਪਾਉਣਾ ਕਹਿੰਦੇ ਸਨ। ਇਸ ਵਿੱਚ ਸਾਰੇ ਪੰਜਾਬੀ ਹੀ ਸਨ ਭਾਵੇਂ ਕੁਝ ਸਿੰਗਾਪੁਰ/ਮਲਾਇਆ ਪਿਛੋਕੜ ਦੇ ਵੀ ਸਨ। ਛੇ-ਸੱਤ ਬੰਦੇ ਇਸਦਾ ਇੰਤਜਾਮ ਕਰਦੇ। ਹਰ ਇੱਕ ਭਾਗੀਦਾਰ ਪਾਸੋਂ ਦਸ ਪੌਂਡ ਲੈ ਕੇ ਸੱਤ-ਅੱਠ ਸੌ ਪੌਂਡ ਇਕੱਠਾ ਕਰ ਕੇ ਬੋਲੀ ਦਿੱਤੀ ਜਾਂਦੀ। ਬੋਲੀ ਉੱਪਰੋਂ ਸ਼ੁਰੂ ਹੁੰਦੀ। ਮੰਨ ਲਓ 700 ਪੌਂਡ ਇਕੱਠੇ ਹੋਏ ਹਨ। ਬੋਲੀ ਦੇਣ ਵਾਲਾ ਕਹਿੰਦਾ ਉਹ 680 ਪੌਂਡ ਲੈਣ ਨੂੰ ਤਿਆਰ ਹੈ। ਅਗਲਾ ਬੋਲੀ ਦੇਣ ਵਾਲਾ ਕਹਿੰਦਾ ਉਹ 670 ਪੌਂਡ ਲੈਣ ਲਈ ਤਿਆਰ ਹੈਮੰਨ ਲਓ ਬੋਲੀ 650 ਪੌਂਡ ’ਤੇ ਟੁੱਟ ਗਈ ਬੋਲੀ ਦੇਣ ਵਾਲੇ ਨੂੰ 650 ਪੌਂਡ ਮਿਲ ਜਾਂਦੇ। ਬਾਕੀ ਬਚੇ 50 ਪੌਂਡ ਵਿਆਜ ਵਜੋਂ ਬਾਕੀ ਦੇ ਹਿੱਸੇਦਾਰਾਂ ਵਿੱਚ ਵੰਡ ਦਿੱਤੇ ਜਾਂਦੇ। ਕਈ ਹਿੱਸੇਦਾਰ ਆਪਣਾ ਵਿਆਜ ਉਸੇ ਵਕਤ ਨਕਦ ਲੈ ਲੈਂਦੇ। ਕਈ ਆਪਣੇ ਖ਼ਾਤੇ ਵਿੱਚ ਜਮ੍ਹਾਂ ਕਰਵਾ ਦਿੰਦੇ। ਬੋਲੀ ਦੇਣ ਵਾਲੇ ਨੂੰ ਭਵਿੱਖ ਵਿੱਚ ਹਰ ਹਫ਼ਤੇ ਆਪਣਾ ਦਸ ਪੌਂਡ ਦਾ ਹਿੱਸਾ ਪਾਉਣਾ ਪੈਣਾ ਸੀ ਜਦ ਤਕ ਉਸਦਾ 650 ਪੌਂਡ ਦਾ ਕਰਜ਼ਾ ਉੱਤਰ ਨਾ ਜਾਂਦਾ। ਜਦੋਂ ਉਸਦਾ ਇਹ ਕਰਜ਼ਾ ਲੱਥ ਜਾਂਦਾ, ਉਹ ਦੁਬਾਰਾ ਬੋਲੀ ਦੇ ਸਕਦਾ ਸੀ। ਇਹ ਸਾਰਾ ਹਿਸਾਬ-ਕਿਤਾਬ ਇੱਕ ਰਜਿਸਟਰ ਵਿੱਚ ਲਿਖ ਲਿਆ ਜਾਂਦਾ ਸੀ।

ਇੱਕ ਵਾਕਿਫ਼ ਦਾ ਸੁਝਾਅ ਮੰਨ ਕੇ ਮੈਂ ਤੇ ਮੇਰਾ ਬਚਪਨ ਦਾ ਪੇਂਡੂ ਮਿੱਤਰ ਸੋਹਣ ਲਾਲ ਵੀ ਇਸ ਕੂਟ ਅਥਵਾ ਪੂਲ ਦੀ ਸਕੀਮ ਵਿੱਚ ਸ਼ਾਮਲ ਹੋ ਗਏ। ਅਸੀਂ ਬੜੀ ਮੁਸ਼ਕਲ ਨਾਲ ਹਫ਼ਤੇ ਦੇ ਦਸ ਪੌਂਡ ਬਚਾ ਕੇ ਸਨਿੱਚਰਵਾਰ ਨੂੰ ਦੇ ਆਉਂਦੇ ਅਤੇ ਵਿਆਜ ਕੈਸ਼ ਲੈਣ ਦੀ ਬਜਾਏ ਆਪਣੇ ਖ਼ਾਤੇ ਵਿੱਚ ਜਮਾ ਕਰਾ ਦਿੰਦੇ। ਕਮਰੇ ਵਿੱਚ ਆਕੇ ਆਪਣੀ ਆਪਣੀ ਕਾਪੀ ਵਿੱਚ ਰਕਮ ਨੋਟ ਕਰ ਲੈਂਦੇ ਬੋਲੀ ਦੇਣ ਵਾਲਾ ਰਕਮ ਲੈ ਕੇ ਘਰ ਖ਼ਰੀਦ ਲੈਂਦਾ ਉਸ ਸਮੇਂ 600/700 ਪੌਂਡ ਡਿਪੌਜ਼ਟ ਦੇ ਕੇ ਬਾਕੀ ਮੌਰਗੇਜ ਲੈ ਕੇ ਸਾਊਥਾਲ ਵਿੱਚ ਘਰ ਮਿਲ ਜਾਂਦਾ ਸੀ। ਜਦੋਂ ਇੰਤਜਾਮੀਆਂ ਕਮੇਟੀ ਅਤੇ ਉਨ੍ਹਾਂ ਦੇ ਦੋਸਤਾਂ ਨੇ ਘਰ ਖ਼ਰੀਦ ਲਏ, ਉਹ ਹੌਲ਼ੀ ਹੌਲ਼ੀ ਕਮੇਟੀ ਵਿੱਚੋਂ ਪਿੱਛੇ ਹਟਦੇ ਗਏ। ਮੇਰੇ ਅਤੇ ਸੋਹਣ ਲਾਲ ਦੇ ਸਲਾਹਕਾਰ ਨੇ ਵੀ ਬੋਲੀ ਦੇ ਕੇ, ਰਕਮ ਲੈ ਲਈ ਅਤੇ ਨੇੜਲੇ ਟਾਊਨ ਹੰਸਲੋ ਵਿੱਚ ਮਕਾਨ ਖ਼ਰੀਦ ਲਿਆ।

ਮੁੱਕਦੀ ਗੱਲ ਇਹ ਹੈ ਜਿਹੜੇ ਹਿੱਸੇਦਾਰਾਂ ਨੇ ਇਸ ਤਰ੍ਹਾਂ ਮਕਾਨ ਖ਼ਰੀਦ ਲਏ ਉਹ ਆਉਣੋ ਹਟ ਗਏ। ਸਿਰਫ਼ ਉਹ ਹੀ ਰਹਿ ਗਏ ਜਿਨ੍ਹਾਂ ਨੇ ਪੈਸੇ ਲੈਣੇ ਸਨ। ਇੱਕ ਸ਼ਾਮ ਮੈਂ ਪ੍ਰਬੰਧਕ ਨੂੰ ਕਿਹਾ ਅਸੀਂ ਵਿਆਜ ਛੱਡਿਆ, ਤੁਸੀਂ ਅਸਾਡੇ ਲਏ ਹੋਏ ਪੈਸੇ ਵਾਪਸ ਕਰ ਦਿਓ। ਉਹ ਕਹਿੰਦਾ ਕਿਹੜੇ ਪੈਸੇ? ਮੇਰੇ ਪਾਸ ਕੋਈ ਪੈਸੇ ਨਹੀਂ। ਪੈਸੇ ਤਾਂ ਉਹ ਲੋਕ ਲੈ ਗਏ ਜਿਹੜੇ ਹੁਣ ਆਉਂਦੇ ਨਹੀਂ। ਮੈਂ ਕੀ ਕਰਾਂ? ਜਦੋਂ ਮੈਂ ਗੁੱਸੇ ਵਿੱਚ ਬੋਲਿਆ, ਉਹ ਕਹਿੰਦਾ ‘ਤੂੰ ਅਸਾਡਾ ਅਜੇ ਕੀ ਵੇਖਿਆ’ ਮੈਂ ਕਿਹਾ ‘ਬੇਈਮਾਨੀ।’ ਉਹ ਕਹਿੰਦਾ ‘ਪੱਬ ਵਿੱਚੋਂ ਜ਼ਰਾ ਬਾਹਰ ਨਿਕਲ, ਤੈਨੂੰ ਦੱਸਦੇ ਹਾਂ, ਅਸੀਂ ਕੌਣ ਹਾਂ। ਤੇਰੇ ਵਰਗੇ ਬੰਦੇ ਨੂੰ ਤਾਂ ਅਸੀਂ ਇਸ ਤਰ੍ਹਾਂ ਖਪਾ ਦਿਆਂਗੇ, ਪਿੱਛੇ ਤੇਰੇ ਘਰਦਿਆਂ ਨੂੰ ਵੀ ਪਤਾ ਨਹੀਂ ਲੱਗਣਾ’ ਇੰਨੇ ਚਿਰ ਨੂੰ ਸੋਹਣ ਲਾਲ ਮੈਂਨੂੰ ਖਿੱਚ ਕੇ ਪੱਬ ਵਿੱਚੋਂ ਬਾਹਰ ਲੈ ਗਿਆ। ਕਹਿੰਦਾ ‘ਗੁਰਨਾਮ! ਆਪਾਂ ਇਨ੍ਹਾਂ ਨਾਲ ਨਹੀਂ ਲੜਨਾ, ਆਪਾਂ ਇੱਥੇ ਨਵੇਂ ਬੰਦੇ ਆਂ।’ ਬਾਅਦ ਵਿੱਚ ਮੈਂਨੂੰ ਅਤੇ ਸੋਹਣ ਲਾਲ ਨੂੰ ਅੱਜ ਤੱਕ ਪਤਾ ਨਹੀਂ ਲੱਗਾ ਕਿ ਸਾਡੇ ਪੈਸੇ ਕਿੱਥੇ ਗਏ।

ਫਿਰ ਮੈਂ ਕੇਂਦਰੀ ਲੰਡਨ ਵਿੱਚ ਡਾਕੀਆ ਵੀ ਬਣਿਆ। ਤਰੱਕੀ ਵੀ ਕੀਤੀ। ਉਪਰੰਤ ਅਸਤੀਫ਼ਾ ਦੇ ਕੇ ਆਪਣਾ ਕਾਰੋਬਾਰ ਆਰੰਭ ਕੀਤਾ। ਆਪਣੇ ਕਾਰੋਬਾਰ ਵਿੱਚ ਪੂਰੀ ਇਮਾਨਦਾਰੀ ਨਾਲ ਦਿਨ ਰਾਤ ਮਿਹਨਤ ਕਰਕੇ ਸਫ਼ਲਤਾ ਪ੍ਰਾਪਤ ਕੀਤੀ। ਪਤਨੀ ਵਰਿੰਦਰ ਜੀ ਨੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਅਤੇ ਪੂਰਾ ਸਾਥ ਦਿੱਤਾ। ਨਾਲ ਹੀ ਪੋਲੀਟੀਕਲ ਸਾਇੰਸ ਵਿੱਚ ਬੀ. ਏ. ਔਨਰਜ਼ ਕੀਤੀ ਅਤੇ ਨਿੱਠ ਕੇ ਮਾਰਕਸਵਾਦ ਦਾ ਅਧਿਅਨ ਕੀਤਾ। ਫਿਰ ਕਿਤੇ ਜਾ ਕੇ ਸਮਾਜਿਕ ਵਰਤਾਰਿਆਂ ਅਤੇ ਵਾਪਰਦੀਆਂ ਘਟਨਾਵਾਂ ਦੀ ਸਮਝ ਆਉਣ ਲੱਗੀ। ਜ਼ਿੰਦਗੀ ਵਿੱਚ ਮਾਇਆ ਦਾ ਲਾਲਚ ਨਹੀਂ ਕੀਤਾ। ਕਾਰੋਬਾਰ ਅੱਜ ਤੋਂ 17 ਸਾਲ ਪਹਿਲਾਂ ਵੇਚ ਕੇ ਮਰਜ਼ੀ ਨਾਲ ਅਗੇਤੀ ਰੀਟਾਇਰਮੈਂਟ ਲੈ ਲਈ ਸੀ।

? ਤੁਹਾਡੀ ਜ਼ਿੰਦਗੀ ਵਿੱਚ, (ਕਾਲਜ ਜਾਂ ਸਕੂਲ ਦੀ ਪੜ੍ਹਾਈ), ਕੰਮ ਕਰਦੇ ਸਮੇਂ ਕਿਸੇ ਐਸੀ ਸ਼ਖਸੀਅਤ, ਜਿਸ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੋਵੇ ਜਾਂ ਕਿਸੇ ਵੇਲੇ ਦੇ ਬਹੁਤ ਨੇੜੇ ਹੋਏ ਅਤੇ ਅੱਜ ਤੱਕ ਉਸੇ ਪਿਆਰ ਦਾ ਰੰਗ ਫਿਕਾ ਨਾ ਪਿਆ ਹੋਵੇ?

: ਸਤਨਾਮ ਜੀ, ਮੇਰੀ ਜ਼ਿੰਦਗੀ ਵਿੱਚ ਅਨੇਕਾਂ ਇਨਸਾਨ ਆਏ ਜਿਨ੍ਹਾਂ ਨੇ ਵੱਖ ਵੱਖ ਸਮੇਂ ਮੇਰੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ। ਸਾਰਿਆਂ ਦੇ ਨਾਂ ਲੈਣਾ ਤਾਂ ਮੁਸ਼ਕਲ ਹੈ ਪਰ ਕੁਝ ਨਾਂ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਦਾ ਹਾਂ, ਜਿਨ੍ਹਾਂ ਨੂੰ ਤੁਸੀਂ ਵੀ ਜਾਣਦੇ ਹੋ। ਸਤਨਾਮ ਜੀ, ਪਹਿਲਾਂ ਤਾਂ ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਅੱਜ ਕੱਲ੍ਹ ਤੁਹਾਡੇ ਸ਼ਹਿਰ, ਕੈਲਗਰੀ ਦੀ ਜਾਣੀ-ਪਹਿਚਾਣੀ ਹਸਤੀ ਡਾ. ਮਹਿੰਦਰ ਸਿੰਘ, ਸਰਕਾਰੀ ਬੇਸਿਕ ਟ੍ਰੇਨਿੰਗ ਸਕੂਲ ਸਰਹਾਲੀ ਵਿੱਚ ਮੇਰੇ ਬੌਸ ਅਥਵਾ ਸਕੂਲ ਦੇ ਹੈੱਡਮਾਸਟਰ ਸਨ ਅਤੇ ਇੰਗਲੈਂਡ ਭੇਜਣ ਲਈ ਸਰਦਾਰ ਹੋਰਾਂ ਆਪਣੇ ਹੱਥੀਂ ਮੇਰੇ ਕਾਗਜ਼ ਤਿਆਰ ਕੀਤੇ। ਇਨ੍ਹਾਂ ਪਾਸੋਂ ਮੈਂਨੂੰ ਸਾਰੀ ਜ਼ਿੰਦਗੀ ਭਰਪੂਰ ਪਿਆਰ ਮਿਲਿਆ ਹੈ। ਫਿਰ ਅਮਰ ਸਿੰਘ ਧਾਰੀਵਾਲ ਜੀ, ਤੁਸੀਂ ਜਾਣਦੇ ਹੋ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਜਿਸਟਰਾਰ ਵੀ ਰਹੇ ਹਨ, ਲੰਡਨ ਵਿਸ਼ਵ ਵਿਦਿਆਲੇ ਵਿੱਚ ਗਣਿਤ ਦੇ ਪ੍ਰੋਫੈਸਰ, ਮੇਰੇ ਮਿੱਤਰ ਸੰਗੀਤਕਾਰ ਗੁਰਬਖਸ਼ ਸਿੰਘ ਇਸੇ ਸਕੂਲ ਵਿੱਚ ਮੇਰੇ ਸਹਿ-ਕਰਮੀ ਸਨ। ਫਿਰ ਪੰਜਾਬ ਦੇ ਕਾਲ਼ੇ ਦੌਰ ਦੀ ਕਹਾਣੀ ਦਾ ਪੂਰਾ ਆਸਮਾਨ ਸੁਰਸਿੰਘੀਆ ਵਰਿਆਮ ਸੰਧੂ ਵੀ ਉਸ ਸਮੇਂ ਬੇਸਿਕ ਟ੍ਰੇਨਿੰਗ ਸਕੂਲ ਸਰਹਾਲੀ (ਜ਼ਿਲ੍ਹਾ ਅੰਮ੍ਰਿਤਸਰ) ਵਿੱਚ ਜੇ. ਬੀ. ਟੀ. ਕਰ ਰਿਹਾ ਸੀ। ਗੀਤ ਅਤੇ ਕਵਿਤਾਵਾਂ ਲਿਖਦਾ ਸੀ। ਵਰਿਆਮ ਦੀ ਡੀਲ ਡੌਲ, ਪਹਿਰਾਵਾ ਅਤੇ ਵਿਹਾਰ ਦੂਜੇ ਵਿਦਿਆਰਥੀਆਂ ਨਾਲੋਂ ਨਿਵੇਕਲਾ ਸੀ। ਸਕੂਲ ਦੀ ਪੜ੍ਹਾਈ ਸਮੇਂ ਅਸਾਡੇ ਕਸਬੇ ਢਿਲਵਾਂ ਦੇ ਹੀ ਅਧਿਆਪਕ ਸ. ਬਲਵੰਤ ਸਿੰਘ ਅਤੇ ਨੇੜਲੇ ਪਿੰਡ ਸੰਗਰਾਵਾਂ ਦੇ ਸ. ਕਰਤਾਰ ਸਿੰਘ, ਜਿਨ੍ਹਾਂ ਹਮੇਸ਼ਾ ਮੈਂਨੂੰ ਉਤਸ਼ਾਹਿਤ ਕੀਤਾ ਅਤੇ ਰੱਜਵਾਂ ਪਿਆਰ ਦਿੱਤਾ। ਭਾਵੇਂ ਸ. ਬਲਵੰਤ ਸਿੰਘ, ਕਰਤਾਰ ਸਿੰਘ ਅਤੇ ਸ. ਧਾਰੀਵਾਲ ਸਾਡੇ ਤੋਂ ਵਿਛੜ ਚੱਕੇ ਹਨ ਪਰ ਬਾਕੀਆਂ ਨਾਲ ਫ਼ੋਨਾਂ ’ਤੇ ਅਤੇ ਮਿਲ ਕੇ ਅਤਿਅੰਤ ਖੁਸ਼ੀ ਹੁੰਦੀ ਹੈ। ਇਨ੍ਹਾਂ ਸ਼ਖ਼ਸੀਅਤਾਂ ਨਾਲ ਪਿਆਰ ਮੱਠਾ ਤਾਂ ਕੀ ਪੈਣਾ ਸੀ ਸਗੋਂ ਸਮੇਂ ਨਾਲ ਇਨ੍ਹਾਂ ਦੇ ਪਿਆਰ ਦਾ ਰੰਗ ਹੋਰ ਵੀ ਗੂੜ੍ਹਾ ਹੋਇਆ ਹੈ।

? ਚਲੋ ਪਹਿਲਾਂ ਗੱਲ ਤੁਹਾਡੇ ਲਿਖਣ ਸਫ਼ਰ ਤੋਂ ਸ਼ੁਰੂ ਕਰਦੇ ਹਾਂ, ਇਹ ਦੱਸੋ ਕਿ ਤੁਸੀਂ ਅੱਜ ਤਕ ਕੀ ਕੁਝ ਲਿਖਿਆ ਹੈ? ਤੁਹਾਡੇ ਲਿਖਣ ਦਾ ਮਕਸਦ ਕੀ ਹੈ? ਤੁਸੀਂ ਸਮਾਜਿਕ ਤਬਦੀਲੀ ਲਈ ਕਿਸੇ ਖ਼ਾਸ ਵਰਗ ਦੇ ਪਾਠਕਾਂ ਲਈ ਜਾਂ ਆਮ ਪਾਠਕਾਂ ਲਈ ਲਿਖਦੇ ਹੋ?

: ਸਤਨਾਮ ਜੀ, ਮੇਰੀਆਂ ਕੁਝ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਕਾਵਿ-ਸੰਗ੍ਰਹਿ: (1) ਦਰਦ ਦਾ ਦਰਿਆ (2019), (2) ਲੋਕ ਸ਼ਕਤੀ) (2017), (3) ਦਰਦ ਦੇ ਰੰਗ (2017), (4) ਤੇਰੀ ਮੁਹੱਬਤ (2016), (5) ਸਮਰਪਿਤ (2007), (6) ਤੂੰ ਕੀ ਜਾਣੇ (2002,) (7) ਤੇਰੇ ਨਾਂ ਦਾ ਮੌਸਮ (1997), (8) ਹੱਥ ਤੇ ਹਥਿਆਰ (1974), (9) ਅੱਗ ਦੇ ਬੀਜ (1972), ਛਪਾਈ ਅਧੀਨ : ਲੋਕ ਸ਼ਕਤੀ ਦਾ ਸਵਾਰਿਆ ਅਤੇ ਵਧਾਇਆ ਦੂਜਾ ਸੰਸਕਰਣ ਸਮਾਲੋਚਨਾ: ਸਮਕਾਲੀ ਪੰਜਾਬੀ ਕਾਵਿ: ਸਿਧਾਂਤਕ-ਪਰਿਪੇਖ (2011)

ਸਤਨਾਮ ਜੀ, ਮੇਰੇ ਲਿਖਣ ਦਾ ਮਕਸਦ ਤਾਂ ਮੇਰੀਆਂ ਰਚਨਾਵਾਂ ਹੀ ਪ੍ਰਗਟ ਕਰ ਦਿੰਦੀਆਂ ਹਨ। ਇਸ ਵਿਸ਼ੇ ਉੱਪਰ ਮੈਂ ਵੱਖ ਵੱਖ ਰੂਪ ਵਿੱਚ ਕਈ ਰਚਨਾਵਾਂ ਕੀਤੀਆਂ ਹਨ ਜੋ ਮੇਰੀਆਂ ਪੁਸਤਕਾਂ ਵਿੱਚ ਉਪਲਭਦ ਹਨ। ਦਾਸ, ਇਸ ਪ੍ਰਸੰਗ ਵਿੱਚ ਵਧੇਰੇ ਵਿਆਖਿਆ ਕਰਨ ਦੀ ਲੋੜ ਨਹੀਂ ਮਹਿਸੂਸ ਕਰਦਾ। ਜਾਦੂ ਉਹ ਜੋ ਸਿਰ ਚੜ੍ਹ ਕੇ ਬੋਲੇ। ਕਾਰਲ ਮਾਰਕਸ ‘ਦਾਸ ਕੈਪੀਟਲ’ ਵਿੱਚ ਫ਼ਰਮਾਉਂਦੇ ਹਨ: ਫ਼ਿਲਾਸਫ਼ਰਾਂ ਨੇ ਦੁਨੀਆਂ ਦੀ ਵਿਆਖਿਆ ਤਾਂ ਅਨੇਕਾਂ ਢੰਗ-ਤਰੀਕਿਆਂ ਨਾਲ ਕੀਤੀ ਹੈ ਫਿਰ ਵੀ ਨੁਕਤਾ ਇਹ ਹੈ ਕਿ ਇਸ ਨੂੰ ਬਦਲਣਾ ਵੀ ਹੈ। ਇਸ ਪੁਸਤਕ ਵਿੱਚ ਹੀ ਉਹ ਲਿਖਦੇ ਹਨ: ਅਮਲ, ਸਿਧਾਂਤ ਤੋਂ ਬਿਨਾਂ ਅੰਨ੍ਹਾ ਹੈ ਅਤੇ ਸਿਧਾਂਤ, ਅਮਲ ਤੋਂ ਬਿਨਾਂ ਬਾਂਝ। ਗੁਰੂ ਨਾਨਕ ਦੇਵ ਜੀ ਵੀ ‘ਅਮਲਾਂ ਬਾਝੋਂ ਦੋਵੇਂ ਰੋਈ’ ਦੀ ਸਿੱਖਿਆ ਦਿੰਦੇ ਹਨ। ਮੈਂ ਯਤਨ ਕੀਤਾ ਹੈ ਕਿ ਉਪਰੋਕਤ ਸਿਧਾਂਤ ਦੀ ਸੇਧ ਦਿਲ-ਦਿਮਾਗ ਵਿੱਚ ਵਸਾ ਕੇ ਆਪਣੇ ਬੋਧ ਦਾ ਅੰਗ ਬਣਾਵਾਂ, ਇਸਦਾ ਵਿਕਾਸ ਕਰਾਂ। ਇਸਦੇ ਨਾਲ ਸਮਾਜਿਕ ਵਰਤਾਰਿਆਂ ਅਤੇ ਦੁਨੀਆਂ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਇਤਿਹਾਸਕ ਦਵੰਦਵਾਦੀ ਪਦਾਰਥਵਾਦੀ ਵਿਧੀ ਰਾਹੀਂ ਸਮਝਾਂ। ਇਸ ਵਿਧੀ ਨੂੰ ਮਕੈਨਕੀ ਢੰਗ ਨਾਲ ਲਾਗੂ ਕਰਨਾ, ਇਸ ਨਾਲ ਧਰੋਹ ਕਮਾਉਣਾ ਹੈ। ਇੱਥੇ ਇਤਿਹਾਸਕ ਸ਼ਬਦ ਦਾ ਭਾਵ ਸਮਾਜਿਕ ਜੀਵਨ-ਯਥਾਰਥ ਦੀ ਗਤੀਸ਼ੀਲਤਾ ਹੈਇਸ ਵਿਸ਼ੇ ਉੱਤੇ ਤਾਂ ਪੁਸਤਕਾਂ ਲਿਖੀਆਂ ਜਾ ਸਕਦੀਆਂ ਹਨ। ਜੀਵਨ ਯਥਾਰਥ ਦੀ ਸੂਝ/ਸੋਝੀ ਨਾਲ ਹੀ ਅਨੁਭਵ ਪ੍ਰਾਪਤ ਹੁੰਦਾ ਹੈ ਜੋ ਕਿਸੇ ਰਚਨਾ ਦਾ ਆਧਾਰ ਬਣਦਾ ਹੈ। ਮੇਰੇ ਲਈ ਇਹ ਕੋਈ ਦੈਵੀ ਸ਼ਕਤੀ ਜਾਂ ਆਕਾਸ਼ੋਂ ਉੱਤਰੀ ਸ਼ੈਅ ਨਹੀਂ। ਇਸ ਪ੍ਰਸੰਗ ਵਿੱਚ ਮੈਂ ਹੋਰ ਵਿਸਥਾਰ ਵਿੱਚ ਨਹੀਂ ਜਾਵਾਂਗਾ। ਤੁਸੀਂ ਕੋਈ ਕਾਵਿ-ਰਚਨਾ ਪੂਰਵਨਿਸ਼ਚਿਤ ਧਾਰਨਾਵਾਂ ਨਾਲ ਨਹੀਂ ਕਰ ਸਕਦੇ।

ਇਹ ਮੇਰਾ ਨਿੱਜੀ ਤਜਰਬਾ ਹੈ। ਹਰ ਇੱਕ ਰਚਨਾ ਆਪਣਾ ਰੂਪ ਅਤੇ ਸਿਧਾਂਤ ਆਪਣੇ ਨਾਲ ਲੈ ਕੇ ਆਉਂਦੀ ਹੈ। ਕੋਈ ਵੀ ਰਚਨਾ ਸਿਧਾਂਤਹੀਣ ਨਹੀਂ ਹੁੰਦੀ ਅਤੇ ਸ਼੍ਰੇਣੀ ਸਮਾਜ ਵਿੱਚ ਕੋਈ ਵੀ ਰਚਨਾ ਨਿਰਪੱਖ ਨਹੀਂ ਹੁੰਦੀ। ਕਈ ਵਾਰੀ ਮੈਂ ਲਿਖਣਾ ਕੁਝ ਹੋਰ ਚਾਹੁੰਦਾ ਹਾਂ, ਲਿਖਿਆ ਕੁਝ ਹੋਰ ਜਾਂਦਾ ਹੈ। ਬਾਅਦ ਵਿੱਚ ਮੈਂ ਉਸ ਨੂੰ ਮੈਂ ਆਪਣੇ ਸੁਹਜ ਅਨੁਸਾਰ ਬਣਾ-ਸੁਆਰ ਲੈਂਦਾ ਹਾਂ ਬਹੁਤ ਕੁਝ ਅਣਕਿਹਾ, ਅਣਲਿਖਿਆ ਵੀ ਰਹਿ ਜਾਂਦਾ ਹੈ। ਇੱਥੇ ਸਮੀਖਿਆਕਾਰ ਦਾ ਕਰਤਵ ਆ ਜਾਂਦਾ ਹੈ। ਮੇਰੀਆਂ ਰਚਨਾਵਾਂ ਦੇ ਪਾਤਰ ਮੇਰੇ ਆਲੇ-ਦੁਆਲੇ, ਸਮਾਜ ਵਿੱਚ ਵਿਚਰਦੇ, ਹੱਡ ਮਾਸ ਦੇ ਪੁਤਲੇ ਜਿਉਂਦੇ-ਜਿਉਂਦੇ ਜਾਗਦੇ, ਸੰਜੀਵ ਮਨੁੱਖ ਹੁੰਦੇ ਹਨ। ਮੈਂ ਆਪਣੇ ਪਾਤਰਾਂ ਨੂੰ ਉਨ੍ਹਾਂ ਦੇ ਗੁਣਾਂ, ਔਗਣਾਂ ਸਮੇਤ ਸਮਾਜਿਕ ਪ੍ਰਸੰਗ ਵਿੱਚ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਸਮਾਜ ਵਿੱਚ ਵਾਪਰਦੀਆਂ ਘਟਨਾਵਾਂ ਮੈਂਨੂੰ ਪ੍ਰਭਾਵਿਤ-ਉਤੇਜਿਤ ਕਰਦੀਆਂ ਹਨ। ਮੇਰੇ ਮਨ ਵਿੱਚ ਹਲਚਲ ਉਤਪਨ ਕਰਦੀਆਂ, ਤਰੰਗਾਂ ਛੇੜਦੀਆਂ, ਲਹਿਰਾਂ ਪੈਦਾ ਕਰਦੀਆਂ, ਅਰਮਾਨ ਅਤੇ ਜਜ਼ਬਾਤ ਨੂੰ ਝੰਝੋੜਦੀਆਂ ਹਨ। ਅੰਧ-ਵਿਸ਼ਵਾਸੀ ਬਣ ਕੇ ਮੈਂ ਮੜ੍ਹੀਆਂ ਜਾਂ ਪੱਥਰਾਂ ਨੂੰ ਨਹੀਂ ਪੂਜਦਾ, ਨਾ ਹੀ ਵਿਅਕਤੀ ਪੂਜਾ ਕਰਦਾ ਹਾਂ।

ਲੋਕ-ਪੱਖੀ ਕ੍ਰਾਂਤੀ ਵਿੱਚ ਮੇਰਾ ਅਟੱਲ ਵਿਸ਼ਵਾਸ ਹੈ। ਮੌਜੂਦਾ ਪੂੰਜੀਪਤੀ ਸਮਾਜ ਇੱਕ ਮਨੁੱਖ ਹੱਥੋਂ ਦੂਜੇ ਮਨੁੱਖ ਦੀ ਲੁੱਟ ਉੱਤੇ ਅਧਾਰਤ ਹੈ। ਇਹ ਸਮਾਜ ਮਨੁੱਖੀ ਇਤਿਹਾਸਕ ਵਿਕਾਸ ਦਾ ਆਖ਼ਰੀ ਪੜਾਅ ਨਹੀਂ। ਇਹ ਦਾਅ-ਪੇਚ ਖੇਡ ਕੇ ਆਪਣੀ ਉਮਰ ਲੰਮੀ ਕਰ ਸਕਦਾ ਹੈ ਪ੍ਰੰਤੂ ਇਸਦਾ ਅੰਤ ਤੈਅ ਹੈ। ਆਪਣੇ ਵੱਲੋਂ ਤਾਂ ਮੈਂ ਸਮੂਹ ਲੋਕਾਂ ਲਈ ਅਥਵਾ ਜਨ-ਸਧਾਰਨ ਲਈ ਲਿਖਦਾ ਹਾਂ ਪ੍ਰੰਤੂ ਮੇਰੀਆਂ ਰਚਨਾਵਾਂ ਵਿੱਚ ਵੰਚਿਤ ਲੋਕਾਂ ਦਾ ਦਰਦ ਸਮੋਇਆ ਹੁੰਦਾ ਹੈ। ਉਨ੍ਹਾਂ ਨੂੰ ਹੱਕ ਪ੍ਰਾਪਤ ਕਰਨ ਲਈ ਸੰਗਰਾਮ ਕਰਨ ਦੀ ਪ੍ਰੇਰਨਾ ਹੁੰਦੀ ਹੈ। ਆਪਣੀਆਂ ਰਚਨਾਵਾਂ ਨੂੰ ਯਥਾਸ਼ਕਤ, ਕਲਾਤਮਿਕ ਰੂਪ ਵਿੱਚ ਪ੍ਰਸਤੁਤ ਕਰਨ ਦਾ ਪ੍ਰਯਤਨ ਕਰਦਾ ਹਾਂ। ਰਚਨਾ ਕਰਨ ਸਮੇਂ ਮੈਂ ਕਿਸੇ ਨਿੱਜੀ ਵਿਰੋਧ ਵਿੱਚ ਨਹੀਂ ਪੈਂਦਾ ਪ੍ਰੰਤੂ ਕਲਾਵਾਦੀਆਂ ਦਾ ਪਰਦਾ ਫ਼ਾਸ਼ ਕਰਨ ਲੱਗਾ ਹਮਲਾਵਰ ਰੁਖ਼ ਅਪਣਾ ਲੈਂਦਾ ਹਾਂ। ਮੈਂ ਕਿਸੇ ਦਾ ਲਿਹਾਜ਼ ਨਹੀਂ ਕਰਦਾ ... ਕਿਸੇ ਤਥਾਕਥਿਤ ਬੁੱਧੀਜੀਵੀ ਦੀ ਪਰਵਾਹ ਨਹੀਂ ਕਰਦਾ। ਕਲਾ ਦੇ ਨਾਮ ਉੱਤੇ ਅਤਿ-ਉੱਤਰ-ਆਧੁਨਿਕ ਹੋਣ ਦਾ ਠੱਪਾ ਲੱਗਵਾਉਣ ਲਈ ਭੁੱਲ ਭੁਲਾਈਆਂ ਨਹੀਂ ਸਿਰਜਦਾ। ਮੇਰੀਆਂ ਰਚਨਾਵਾਂ ਨੂੰ ਸਾਧਨ ਸੰਪੰਨ ਸ਼੍ਰੇਣੀ ਕਿਵੇਂ ਸਵੀਕਾਰ ਕਰਦੀ ਹੈ, ਉਸਦੀ ਸੂਝ/ਸਮਝ ਉੱਤੇ ਨਿਰਭਰ ਕਰਦਾ ਹੈ।

? ਢਿੱਲੋਂ ਜੀ, ਜਵਾਨੀ ਵਿੱਚ ਇਨਸਾਨ ਦੇ ਖੰਭਾਂ ਵਿੱਚ ਅਥਾਹ ਤਾਣ ਹੁੰਦਾ ਹੈ, ਤਾਂ ਬਹੁਤ ਸਾਰੇ ਸੁਪਨੇ ਲੈਂਦਾ ਹੈ। ਤੁਸੀਂ ਵੀ ਕੁਝ ਸੁਪਨੇ ਲਏ ਹੋਣਗੇ, ਉਨ੍ਹਾਂ ਵਿੱਚੋਂ ਕਿਹੜੇ ਕਿਹੜੇ ਸੁਪਨਿਆਂ ਦੀ ਪੂਰਤੀ ਹੋਈ ਜਾਂ ਫਿਰ ਸੁਪਨੇ, ਸੁਪਨੇ ਹੀ ਰਹੇ। ਤੁਹਾਡੇ ਨਵੇਂ ਛਪੇ ਕਾਵਿ-ਸੰਗ੍ਰਹਿ ‘ਦਰਦ ਦੇ ਰੰਗ’ ਦੀ ਪਹਿਲੀ ਕਵਿਤਾ ‘ਚਾਹਤ’ ਵਿੱਚ ਵੀ ਇਹੋ ਜਿਹੇ ਸੁਪਨਿਆਂ ਦੀ ਗਾਥਾ ਮਿਲਦੀ ਹੈ। ਇਹਦੇ ਬਾਰੇ ਕੁਝ ਦੱਸੋ?

: ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਮੇਰਾ ਬਚਪਨ ਦਰਿਆ ਬਿਆਸ ਕੰਢੇ ਵਸੇ ਕਸਬੇ ਢਿਲਵਾਂ ਵਿੱਚ ਬੀਤਿਆ ਹੈ। ਅੱਜ ਕੱਲ੍ਹ ਮੈਂ ਸਮੁੰਦਰ ਕੰਢੇ ਵਸੇ ਸ਼ਹਿਰ ਪੋਰਟਸਮਥ ਵਿੱਚ ਰਹਿੰਦਾ ਹਾਂ। ‘ਚਾਹਤ’ ਕਵਿਤਾ ਵਿੱਚ ਦਰਿਆ ਬਿਆਸ ਦਾ ਰੂਪਕ ਮੇਰੀ ਜ਼ਿੰਦਗੀ ਦਾ ਆਦਿ-ਬਿੰਦੂ (ਬਚਪਨ) ਤੋਂ ਲੈ ਕੇ ਸਮੁੰਦਰ ਦੇ ਕੰਢੇ ਵਸੇ ਸ਼ਹਿਰ ਪੋਰਟਸਮਥ ਤੱਕ ਦਾ ਸਫ਼ਰ ਹੈ। ਇਸ ਸਫ਼ਰ ਵਿੱਚ ਕੀਤੇ ਚੰਗੇ/ਮਾੜੇ ਅਮਲ ਮੇਰੀ ਜ਼ਿੰਦਗੀ ਦੀਆਂ ਪੈੜਾਂ ਹਨ। ਦਰਿਆ, ਸਮੁੰਦਰ ਵਿੱਚ ਪਹੁੰਚ ਕੇ ਉਸਦਾ ਰੂਪ ਬਣ ਜਾਂਦਾ ਹੈ। ਆਪਣੀ ਭੌਤਿਕ ਹੋਂਦ ਗਵਾ ਲੈਂਦਾ ਹੈ ਪ੍ਰੰਤੂ ਆਪਣੇ ਪਿੱਛੇ ਆਪਣੇ ਨਿਸ਼ਾਨ ਛੱਡ ਜਾਂਦਾ ਹੈ। ਸੁਪਨੇ, ਆਪਣੀ ਪ੍ਰਕਿਰਤੀ ਅਨੁਸਾਰ ਪੂਰੇ/ਅਧੂਰੇ ਰਹਿ ਜਾਣ ਦੇ ਬਾਵਜੂਦ ‘ਚਾਹਤ’ ਭਾਵ ਜ਼ਿੰਦਗੀ ਜਿਉਣ ਦੀ ਇੱਛਿਆ ਸ਼ਕਤੀ ਵਿੱਚ ਵਿਸ਼ਵਾਸ/ਨਿਸ਼ਚੈ, ਮਨੁੱਖ ਦੀ ਚਾਲਕ ਸ਼ਕਤੀ ਬਣਿਆ ਰਹਿੰਦਾ ਹੈ

ਹੁਣ ਮੈਂ ਤੁਹਾਡੇ ਸਵਾਲ, ਸੁਪਨਿਆਂ ਦੀ ਪੂਰਤੀ ਦਾ ਉੱਤਰ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਸ਼ਾਇਦ ਤੁਸੀਂ, ਮੇਰੀ ਸਭ ਤੋਂ ਪਹਿਲੀ ਪੁਸਤਕ ‘ਅੱਗ ਦੇ ਬੀਜ’ ਵਿੱਚ ਸਮਿਲਿਤ ਕਵਿਤਾ ‘ਸੁਪਨਾ’ ਨੋਟ ਕੀਤੀ ਹੋਵੇ। ਉਹ ਕਵਿਤਾ ਤੁਹਾਡੇ ਸਵਾਲ ਨਾਲ ਮੇਲ ਖਾਂਦੀ ਹੈ। ਉਹ ਕਵਿਤਾ ਮੈਂ ਉਸ ਸਮੇਂ ਲਿਖੀ ਸੀ ਜਦੋਂ ਮੈਂ ਭਰ ਜਵਾਨ ਸੀ ਅਤੇ ਨਵਾਂ ਨਵਾਂ ਮਾਰਕਸਵਾਦੀ ਸਾਹਿਤ ਪੜ੍ਹਨਾ ਸ਼ੁਰੂ ਕੀਤਾ ਸੀ। ਉਸ ਸਮੇਂ ਭਾਰਤ/ਪੰਜਾਬ ਵਿੱਚ ਨਕਸਲਵਾੜੀ ਲਹਿਰ ਦਾ ਉਭਾਰ ਸੀ। ਉੁਨ੍ਹਾਂ ਦਿਨਾਂ ਵਿੱਚ ਮੈਂ ਲੰਡਨ ਦੇ ਇਲਾਕੇ ਵਿੱਚ ਰਹਿੰਦਾ ਸੀ। ਨਿੱਤ ਹੀ ਲਾਲ ਸ਼ਰਟ ਅਤੇ ਗੂੜ੍ਹੀ ਲਾਲ ਪੱਗ ਬੰਨ ਕੇ, ਹੱਥਾਂ ਵਿੱਚ ਤਖਤੀ ਫੜ ਕੇ ਜਲਸੇ/ਜਲੂਸਾਂ ਵਿੱਚ ਸ਼ਾਮਲ ਹੁੰਦਾ ਸੀ। ਇੰਗਲੈਂਡ ਦੇ ਪੰਜਾਬੀ ਅਖ਼ਬਾਰਾਂ ਵਿੱਚ ਕੁਝ ਰਾਜਨੀਤਕ ਲੇਖ ਵੀ ਲਿਖੇ ਸਨ। ਚੀ ਗਵੇਰਾ (ਗੁਰੀਲਾ ਵਾਰਫੇਅਰ), ਫੀਦਲ ਕਾਸਟਰੋ ( ਭਾਸ਼ਨ ), ਮਾਓ ਜ਼ੇ ਤੁੰਗ, ਹੋ ਚੀ ਮਿਨ੍ਹ, ਕਿਮ ਇਲ ਸੁੰਗ ਅਤੇ ਹੋਰ ਮਾਰਕਸਵਾਦੀ ਚਿੰਤਕਾਂ ਨੂੰ ਪੜ੍ਹ ਕੇ ਲੱਗਦਾ ਸੀ ਕਿ ਦੁਨੀਆਂ ਦੇ ਦੱਬੇ-ਕੁਚਲੇ ਲੋਕ ਅਮਰੀਕੀ ਸਾਮਰਾਜ ਅਤੇ ਉਸਦੇ ਇਤਹਾਦੀਆਂ ਵਿਰੁੱਧ ਨੇੜਲੇ ਭਵਿੱਖ ਵਿੱਚ ਉੱਠਣਗੇ ਅਤੇ ਪੱਛਮੀ ਦੇਸ਼ਾਂ ਵਿੱਚ ਮਜ਼ਦੂਰ ਲਹਿਰਾਂ ਸ਼ਕਤੀ ਗ੍ਰਹਿਣ ਕਰਨਗੀਆਂ। ਅਮਰੀਕੀ ਸਾਮਰਾਜ ਨੂੰ ਵੀਅਤਨਾਮ ਵਿੱਚ ਤਾਂ ਮੂੰਹ ਦੀ ਖਾਣੀ ਪਈ ਪ੍ਰੰਤੂ ਪੱਛਮੀ ਦੇਸ਼ਾਂ ਵਿੱਚ ਮਜ਼ਦੂਰ ਲਹਿਰਾਂ ਸ਼ਕਤੀਸ਼ਾਲੀ ਨਾ ਹੋ ਸਕੀਆਂ। ‘ਸੁਪਨਾ’ ਕਵਿਤਾ ਇਸ ਹਾਲਾਤ ਦੀ ਦੇਣ ਹੈ। ਇਸ ਕਵਿਤਾ ਵਿੱਚ ਮੈਂ ਹੇਠ ਲਿਖੀਆਂ ਧਾਰਨਾਵਾਂ ਪ੍ਰਸਤੁਤ ਕੀਤੀਆਂ ਸਨ :

ਜਿਸ ਨੇ ਸਾਡੀ ਰੋਜ਼ੀ ਮਾਰੀ
ਬਦਲ ਦਿਆਂਗੇ ਦੁਨੀਆਂ ਸਾਰੀ।

ਨਕਸ਼ੇ ਸਭ ਬਦਲਾ ਦੇਵਾਂਗੇ
ਦੁਨੀਆਂ ਨਵੀਂ ਵਸਾ ਦੇਵਾਂਗੇ।

ਇਹ ਸੁਪਨਾ ਤਾਂ ਪੂਰਾ ਕੀ ਹੋਣਾ ਸੀ ਬਾਅਦ ਵਿੱਚ ਸੋਵੀਅਤ ਯੂਨੀਅਨ ਹੀ ਖੇਰੂੰ ਖੇਰੂੰ ਹੋ ਗਿਆ, ਜਿਸ ਦਾ ਚਿੱਤ-ਚੇਤਾ ਵੀ ਨਹੀਂ ਸੀ। ਪ੍ਰੰਤੂ ਮੈਂਨੂੰ ਅੱਜ ਤੱਕ ਖੇਦ ਹੈ ਕਿ ਮੈਂ ਕਿਸੇ ਕ੍ਰਾਂਤੀਕਾਰੀ ਪਾਰਟੀ ਲਈ ਕੁੱਲ-ਵਕਤੀ ਕੰਮ ਨਾ ਕਰ ਸਕਿਆ ਅਥਵਾ ਆਪਣਾ ਆਪ ਨਿਸ਼ਾਵਰ ਨਾ ਕਰ ਸਕਿਆ।

? ਢਿੱਲੋਂ ਜੀ, ਸੋਵੀਅਤ ਯੂਨੀਅਨ ਖੇਰੂੰ ਖੇਰੂੰ ਹੋਣ ਦੇ ਕੀ ਕਾਰਨ ਸਨ? ਹੁਣ ਨਾਲ ਲੱਗਦਾ ਇਹ ਵੀ ਦੱਸਦੇ ਜਾਓ?

: ਇਸ ਵਿਸ਼ੇ ਉੱਪਰ ਤਾਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਫਿਰ ਵੀ ਕੁਝ ਕਾਰਨ ਗਿਣਾ ਦਿੰਦਾ ਹਾਂ, ਜਿਸ ਤਰ੍ਹਾਂ ਕਮਿਊਨਿਸਟ ਪਾਰਟੀ ਦੀ ਰਹਿਨਮਾਈ ਹੇਠ ਸਰਕਾਰੀ, ਆਰਥਿਕ ਨੀਤੀਆਂ ਵਿੱਚ ਖ਼ਾਮੀਆਂ ਰਹਿ ਜਾਣ ਕਾਰਨ, ਸਮੇਂ ਦੀ ਲੋੜ ਅਨੁਸਾਰ ਸਰਕਾਰ ਉਪਜ ਵਿੱਚ ਵਾਧਾ, ਅਤੇ ਉਪਜ ਦੇ ਸਾਧਨਾਂ ਦਾ ਵਿਕਾਸ ਨਾ ਕਰ ਸਕੀ, ਜਿਸ ਕਰਕੇ ਲੋਕਾਂ ਦਾ ਵਿਸ਼ਵਾਸ ਗਵਾ ਬੈਠੀ। ਫਿਰ ਆਰਥਿਕ ਪ੍ਰਾਪਤੀਆਂ ਦੇ ਬਚੇ-ਖੁਚੇ ਲਾਭ ਲੋਕਾਂ ਦੀਆਂ ਲੋੜਾਂ ਅਨੁਸਾਰ ਉਨ੍ਹਾਂ ਪਾਸ ਪਹੁੰਚ ਨਹੀਂ ਰਹੇ ਸਨ। ਕਮਿਊਨਿਸਟ ਪਾਰਟੀ ਵਿੱਚ ਵੱਡੇ ਪੈਮਾਨੇ ਉੱਤੇ ਏਕਾ-ਅਧਿਕਾਰਵਾਦੀ ਰੁਚੀਆਂ ਅਤੇ ਅਫ਼ਸਰਸ਼ਾਹੀ ਦਾ ਬੋਲਬਾਲਾ ਹੋ ਗਿਆ ਸੀ। ਅੰਦਰੂਨੀ ਜਮਹੂਰੀਅਤ ਵਿੱਚ ਨੁਕਸ ਪੈਦਾ ਹੋ ਜਾਣ ਕਾਰਨ ਧੜੇਬੰਦੀ ਪੈਦਾ ਹੋ ਗਈ ਸੀ। ਸਰਕਾਰ ਵੱਲੋਂ ਫ਼ਾਈਲਾਂ ਵਿੱਚ ਆਰਥਿਕ ਪ੍ਰਾਪਤੀਆਂ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਸਨ। ਜ਼ਮੀਨੀ ਹਕੀਕਤ ਵੱਖਰੀ ਸੀ। ਤੁਸੀਂ ਦੇਖੋ, ਸਿਧਾਂਤਕ ਤੌਰ ’ਤੇ ਵਿਵੇਚਨ ਕੀਤਾ ਜਾਵੇ ਤਾਂ ਪ੍ਰਗਟ ਹੋਵੇਗਾ ਕਿ ਸਿਰਜਣਾਤਮਿਕ ਮਾਰਕਸਵਾਦ ਦੀ ਬਜਾਏ ਮਕੈਨੀਕਲ ਅਤੇ ਗੰਵਾਰੂ ਮਾਰਕਸਵਾਦ ਲਾਗੂ ਹੋ ਰਿਹਾ ਸੀ। ਫਿਰ ਸੱਤਾ ਦਾ ਕੇਦਰੀਕਰਣ ਹੋ ਰਿਹਾ/ਹੋ ਚੁੱਕਾ ਸੀ। ਹੋਰ ਵੀ ਕਈ ਕਾਰਨ ਹੋ ਸਕਦੇ ਹਨ ਪਰ ਮੇਰੀ ਸਮਝ ਮੁਤਾਬਿਕ ਇਹ ਮੁਖ ਕਾਰਨ ਹਨ

? ਫਿਰ ਇਸਦਾ ਮਤਲਬ ਹੈ ਕਿ ਮਾਰਕਸਵਾਦ ਫ਼ੇਲ੍ਹ ਹੋ ਗਿਆ?

: ਨਹੀਂ, ਮੈਂ ਇਸ ਤਰ੍ਹਾਂ ਨਹੀਂ ਸੋਚਦਾ। ਮੇਰੇ ਖ਼ਿਆਲ ਵਿੱਚ, ਅੰਦਰੂਨੀ ਖ਼ਾਮੀਆਂ ਕਾਰਨ ਸੋਵੀਅਤ ਯੂਨੀਅਨ ਦਾ ਸਮਾਜਵਾਦੀ ਮਾਡਲ, ਸਾਮਵਾਦ ਦੀ ਪ੍ਰਾਪਤੀ ਤੋਂ ਪਹਿਲਾਂ ਹੀ ਢਹਿਢੇਰੀ ਹੋ ਗਿਆ ਪ੍ਰੰਤੂ ਮਾਰਕਸਵਾਦ ਫ਼ੇਲ੍ਹ ਨਹੀਂ ਹੋਇਆ। ਮਾਰਕਸਵਾਦ ਦੀ ਸਾਰਥਿਕਤਾ ਉੰਨਾ ਚਿਰ ਅਤੇ ਉਸ ਤੋਂ ਬਾਦ ਵੀ ਕਾਇਮ ਰਹੇਗੀ ਜਿੰਨਾ ਚਿਰ ਇਸ ਦੁਨੀਆਂ ਵਿੱਚ ਪੂੰਜੀਵਾਦੀ ਵਿਵਸਥਾ ਹੈ। ਇਸ ਪ੍ਰਸੰਗ ਵਿੱਚ ਟੈਰੀ ਈਗਲਟਨ ਦੀ ਪੁਸਤਕ ‘ਵਾਈ ਮਾਰਕਸ ਵਾਜ਼ ਰਾਈਟ’ ਦਾ ਅਧਿਅਨ ਕਰਨਾ ਲਾਭਦਾਇਕ ਰਹੇਗਾ। ਤੁਹਾਡਾ ਸਵਾਲ ਮੇਰੇ ਨਿੱਜੀ ਜੀਵਨ ਬਾਰੇ ਲਏ ਸੁਪਨਿਆਂ ਵੱਲ ਵੀ ਇਸ਼ਾਰਾ ਕਰਦਾ ਹੈ। ਮੇਰੇ ਸੁਪਨੇ ਬੜੇ ਸਧਾਰਣ ਸਨ/ਹਨ। ਮੇਰਾ ਨਿੱਜੀ ਜੀਵਨ-ਢੰਗ ਬੜਾ ਸਿੱਧਾ ਅਤੇ ਸਾਦਾ ਹੈ। ਮੇਰੀਆਂ ਲੋੜਾਂ ਬਹੁਤ ਥੋੜੀਆਂ ਹਨ। ਭਰਪੂਰ ਜ਼ਿੰਦਗੀ ਜੀਵੀ ਹੈ, ਅਤੇ ਜੀਅ ਰਿਹਾ ਹਾਂ। ਮਨ ਦੀ ਮੌਜ ਨਾਲ, ਪਿਛਲੇ ਦਸ ਸਾਲ ਤੋਂ ਫ਼ਰਸ਼ ਉੱਪਰ ਸੌਂਦਾ ਹਾਂ। ਕਿਸੇ ਚੀਜ਼ ਦਾ ਘਾਟਾ ਨਹੀਂ। ਜ਼ਿੰਦਗੀ ਵਿੱਚ ਬਹੁਤ ਪਿਆਰੇ ਮਿੱਤਰ ਮਿਲੇ ਹਨ। ਹੋਏ ਨੁਕਸਾਨ ਨੂੰ ਵੀ ਉਸਾਰੂ ਢੰਗ ਨਾਲ ਹੀ ਨਜਿੱਠਿਆ ਹੈ। ਹਾਰ ਜਾਂ ਅਸਫ਼ਲਤਾ ਨੂੰ ਚਣੌਤੀ ਵਜੋਂ ਸਵੀਕਾਰਿਆ ਹੈ। ਮਿਹਨਤ ਕਰਕੇ ਸਭ ਕੁਝ ਪ੍ਰਾਪਤ ਕੀਤਾ ਹੈ

? ਗੁਰਨਾਮ ਜੀ, ਤੁਹਾਨੂੰ ਲੱਗਦੈ ਭਾਰਤੀ ਕਮਿਊਨਿਸਟ ਪਾਰਟੀਆਂ ਨੇ ਸੋਵੀਅਤ ਸੰਘ ਵਿੱਚ ਸਮਾਜਵਾਦ ਨੂੰ ਪਈ ਪਛਾੜ ਤੋਂ ਕੋਈ ਸਬਕ ਸਿੱਖਿਆ ਹੈ?

: ਮੈਂ ਇੱਡੀ ਦੂਰ ਬੈਠਾ ਕੀ ਕਹਿ ਸਕਦਾ ਹਾਂ। ਮੇਰਾ ਖ਼ਿਆਲ ਹੈ ਕਿ ਸਮਾਜਵਾਦ ਨੂੰ ਪਈ ਇਸ ਅਸਾਧਾਰਣ ਪਛਾੜ ਤੋਂ ਸਬਕ ਸਿੱਖ ਕੇ ਭਾਰਤੀ ਕਮਿਊਨਿਸਟ ਪਾਰਟੀਆਂ ਨੂੰ ਆਪਣੇ ਅੰਦਰੂਨੀ ਤੰਤਰ ਨੂੰ ਸਮੇਂ ਦਾ ਹਾਣੀ ਬਣਾ ਕੇ ਪ੍ਰਸਪਰ ਸਹਿਯੋਗ ਅਤੇ ਅਮਲ ਰਾਹੀਂ ਨੇੜਤਾ ਵਧਾਉਣੀ ਚਾਹੀਦੀ ਹੈ, ਨਹੀਂ ਤਾਂ ਉਹ ਵੀ ਦਫ਼ਤਰਾਂ ਵਿੱਚ ਬੈਠੇ, ਲੋਕਾਂ ਨਾਲੋਂ ਟੁੱਟ ਜਾਣਗੇ ਜਾਂ ਟੁੱਟੇ ਰਹਿਣਗੇ। ਐਪਰ ਮੈਂਨੂੰ ਲੱਗਦਾ ਹੈ ਕਿ ਇਨ੍ਹਾਂ ਨੇ ਸਬਕ ਸਿੱਖਿਆ ਨਹੀਂ।

? ਇੰਗਲੈਂਡ ਬਾਰੇ ਵੀ ਗੱਲ ਚਾਲੂ ਰੱਖੀਏ। ਇੰਗਲੈਂਡ ਆਉਣ ਦਾ ਸਬੱਬ ਕਦੋਂ ਤੇ ਕਿਸ ਤਰ੍ਹਾਂ ਬਣਿਆ ਅਤੇ ਇੱਥੇ ਆ ਕੇ ਇੱਥੇ ਸਥਾਪਤ ਹੋਣ ਲਈ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਜਿਨ੍ਹਾਂ ਵੇਲਿਆਂ ਵਿੱਚ ਤੁਸੀਂ ਇੱਥੇ ਆਏ, ਉਨ੍ਹਾਂ ਵੇਲਿਆਂ ਵਿੱਚ ਨਸਲੀ ਵਿਤਕਰਾ ਬੜਾ ਜ਼ੋਰਾਂ ’ਤੇ ਸੀ। ਕੰਮ-ਕਾਰ ਲੱਭਣ ਲਈ ਜਾਂ ਕੰਮ ਕਰਦਿਆਂ ਕਿਸੇ ਨਸਲੀ ਵਿਤਕਰੇ ਦਾ ਅਨੁਭਵ?

: ਇੰਗਲੈਂਡ ਆਉਣ ਬਾਰੇ ਮੈਂ ਦੱਸ ਹੀ ਚੁੱਕਾ ਹਾਂ। ਤੁਸੀਂ ਠੀਕ ਕਹਿੰਦੇ ਹੋ ਕਿ ਉਸ ਸਮੇਂ ਨਸਲੀ ਵਿਤਕਰਾ ਬੜੇ ਜ਼ੋਰਾਂ ’ਤੇ ਸੀ। ਈਨਕ ਪਾਵਲ, ਕਾਲ਼ਿਆਂ/ਭੂਰਿਆਂ ਸ਼ਹਿਰੀਆਂ ਵਿਰੁੱਧ ਬੜੀਆਂ ਜ਼ਹਿਰੀਲੀਆਂ ਤਕਰੀਰਾਂ ਕਰ ਕੇ ਮਹੌਲ ਵਿਗਾੜ ਰਿਹਾ ਸੀ। ਸੜਕਾਂ ਉੱਤੇ ਚਲਦੇ ਸਮੇਂ ਬੜੇ ਘਟੀਆ ਆਵਾਜ਼ੇ ਕੱਸੇ ਜਾਂਦੇ ਸਨ। ਇਕੱਲਾ ਬੰਦਾ ਵੇਖ ਕੇ ਹਮਲਾ ਵੀ ਕਰ ਦਿੰਦੇ ਸਨ। ਘਰਾਂ ਵਿੱਚ ਨਸਲੀ ਨਫ਼ਰਤ ਭਰੇ ਪਰਚੇ ਸੁੱਟ ਜਾਂਦੇ ਸਨ। ਕਾਲ਼ੇ ਅਤੇ ਭੂਰੇ ਸ਼ਹਿਰੀਆਂ ਦੇ ਮਨਾਂ ਵਿੱਚ ਡਰ/ਸਹਿਮ ਪੈਦਾ ਕੀਤਾ ਜਾ ਰਿਹਾ ਸੀ ਤਾਂ ਕਿ ਉਹ ਦੱਬੇ ਰਹਿਣ ਅਤੇ ਆਪਣੇ ਹੱਕਾਂ ਪ੍ਰਤੀ ਜਾਗਰਤ ਨਾ ਹੋਣ। ਫੈਕਟਰੀਆਂ ਵਿੱਚ ਨਸਲੀ ਵਿਤਕਰਾ ਵੀ ਹੁੰਦਾ ਸੀ। ਮੈਂ ਡੇਢ ਕੁ ਸਾਲ ਫੈਕਟਰੀਆਂ ਵਿੱਚ ਕੰਮ ਕੀਤਾ। ਫੋਰਮੈਨ ਵੱਲੋਂ ਮੰਦੀ ਭਾਸ਼ਾ ਬੋਲਣ ਕਾਰਨ ਦੋ ਵਾਰ ਫੋਰਮੈਨ ਨਾਲ ਝਗੜਾ ਹੋ ਗਿਆ। ਦੋਵੇਂ ਵਾਰ ਨੌਕਰੀ ਤੋਂ ਕੱਢ ਦਿੱਤਾ ਗਿਆ ਪ੍ਰੰਤੂ ਸਰਕਾਰ ਵੱਲੋਂ ਬੇਰੁਜ਼ਗਾਰੀ ਭੱਤਾ ਮਿਲ ਜਾਂਦਾ ਸੀ। ਉਪਰੰਤ ਪੋਸਟ ਆਫ਼ਿਸ ਵਿੱਚ ਸਰਕਾਰੀ ਨੌਕਰੀ ਮਿਲ ਗਈ।

? ਇਹ ਵੀ ਸੁਣਿਆ ਹੈ ਕਿ ਕੰਮਾਂ ’ਤੇ ਲੱਗਣ ਲਈ ਫੋਰਮੈਨਾਂ ਨਾਲ ਗਿਟਮਿਟ ਕਰਨ ਦੀ ਵੀ ਲੋੜ ਪੈਂਦੀ ਸੀ। ਆਮ ਕਰ ਕੇ ਅਫ਼ਰੀਕੀ ਅਤੇ ਏਸ਼ੀਅਨ ਮੂਲ ਦੇ ਲੋਕਾਂ ਨੂੰ ਔਖੇ ਕੰਮਾਂ ’ਤੇ ਲਾਇਆ ਜਾਂਦਾ ਸੀ। ਸੌਖੇ ਕੰਮ ’ਤੇ ਲੱਗਣ ਲਈ ਗੋਰੇ ਫੋਰਮੈਨਾਂ ਨੂੰ ਕਈ ਵਾਰ ਰਿਸ਼ਵਤ ਵੀ ਦੇਣੀ ਪੈਂਦੀ ਸੀ। ਤੁਹਾਨੂੰ ਵੀ ਕਦੀ ਇਸ ਤਰ੍ਹਾਂ ਦੀ ਗੱਲ ਦੇਖਣ/ਸੁਣਨ ਨੂੰ ਮਿਲੀ?

: ਤੁਸੀਂ ਬਿਲਕੁਲ ਠੀਕ ਕਹਿੰਦੇ ਹੋ। ਉਸ ਸਮੇਂ ਸਾਊਥਾਲ ਦੀ ਬ੍ਰਾਡਵੇਅ ਸੜਕ ਉੱਤੇ ਇੱਕ ਆਰ. ਵੋਲਫ਼ (ਰਬੜ) ਐਂਡ ਕੰਪਨੀ ਹੁੰਦੀ ਸੀ। ਉਸ ਵਿੱਚ ਬਹੁਤੇ ਮਜ਼ਦੂਰ ਭਾਰਤੀ ਹੀ ਸਨ। ਕੇਵਲ ਮੈਨੇਜਮੈਂਟ ਹੀ ਗੋਰਿਆਂ ਪਾਸ ਸੀ। ਉਸ ਵਿੱਚ ਇਹ ਸਭ ਕੁਝ ਚਲਦਾ ਸੀ, ਇੱਥੋਂ ਤੱਕ ਕਿ ਕੰਮ ’ਤੇ ਨਵੇਂ ਲੱਗੇ ਬੰਦੇ ਨੂੰ ਤੰਗ ਵੀ ਕੀਤਾ ਜਾਂਦਾ ਸੀ ਤਾਂ ਕਿ ਉਹ ਕੰਮ ਛੱਡ ਜਾਵੇ ਅਤੇ ਉਸਦੀ ਥਾਂ ਆਪਣਾ ਬੰਦਾ ਲੱਗਵਾਇਆ ਜਾਵੇ। ਜਮਾਤੀ ਸੂਝ ਨਾ ਹੋਣ ਕਾਰਨ ਕਈ ਫੈਕਟਰੀਆਂ ਵਿੱਚ ਤਾਂ ਪੰਜਾਬੀ ਕਾਮਿਆਂ ਨੇ ਆਪਣੇ ਆਪ ਨੂੰ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ। ਹੀਥਰੋ ਹਵਾਈ ਅੱਡੇ ਵਿੱਚ ਕੰਮ ’ਤੇ ਲੱਗਣ ਲਈ ਵੀ ‘ਕਈ ਕੁਛ’ ਚੱਲਦਾ ਸੀ। ਬੀਬੀਆਂ ਨੂੰ ਕੰਮ ’ਤੇ ਜ਼ਲੀਲ ਕੀਤਾ ਜਾਂਦਾ ਸੀ। ਆਪਸ ਵਿੱਚ ਖਹਿਬਾਜ਼ੀ ਵੀ ਚਲਦੀ ਸੀ। ਇੱਕ ਦੂਜੇ ਦਾ ਨੁਕਸਾਨ ਵੀ ਕਰ ਦਿੰਦੇ ਸਨ। ਅਣ-ਵਿਕਸਤ/ਅਰਧ-ਵਿਕਸਤ ਪੂੰਜੀਵਾਦੀ ਢਾਂਚੇ ਦੇ ਇਹ ਰੋਗ, ਭਾਰਤ ਦੇਸ਼ ਵਿੱਚੋਂ ਭਾਰਤੀ ਬੰਦੇ, ਪੂਰਵ-ਸਾਮਰਾਜੀ ਅਤੇ ਵਿਕਸਤ ਦੇਸ਼ ਇੰਗਲੈਂਡ ਵਿੱਚ ਆਪਣੇ ਨਾਲ ਲੈ ਕੇ ਆਏ ਸਨ ਅਤੇ ਇੱਥੇ ਵੀ ਯਥਾਸ਼ਕਤ ਫੈਲਾ ਰਹੇ ਸਨ। ਮੇਰਾ ਇੱਕ ਵਾਕਿਫ਼ ਬੰਦਾ ਵੀ ਅਜਿਹੇ ਪੁੱਠੇ ਕੰਮ ਕਰਦਾ ਸੀ। ਪ੍ਰੰਤੂ ਸਾਰੇ ਬੰਦੇ ਅਜਿਹੇ ਨਹੀਂ ਸਨ। ਟ੍ਰੇਡ ਯੂਨੀਅਨ ਲਹਿਰ ਦੇ ਪ੍ਰਭਾਵ ਅਧੀਨ ਕੁਝ ਚੇਤੰਨ ਵਿਅਕਤੀ ਇਸਦੀ ਵਿਰੋਧਤਾ ਵੀ ਕਰਦੇ ਸਨ

? ਇਹ ਵੀ ਸੁਣਨ ਵਿੱਚ ਆਇਆ ਕਿ ਇੱਕ ਸਮਾਂ ਸੀ ਜਦੋਂ ਗੋਰੇ ਛੋਕਰੇ ਇਕੱਲੇ-ਦੁਕੱਲੇ ਪਰਵਾਸੀਆਂ ਉੱਤੇ ਹਮਲੇ ਕਰਦੇ ਸਨ ਅਤੇ ਘਰਾਂ ਨੂੰ ਅੱਗ ਤੱਕ ਲਾ ਦਿੰਦੇ ਰਹੇ। ਪੁਲੀਸ ਵੀ ਉਨ੍ਹਾਂ ਨੂੰ ਫੜਨ ਜਾਂ ਉਨ੍ਹਾਂ ’ਤੇ ਕੋਈ ਕਾਰਵਾਈ ਕਰਨ ਤੋਂ ਟਾਲ਼ਾ ਵੱਟਦੀ ਰਹੀ ਹੋਵੇ ਤਾਂ ਇਹੋ ਜਹੇ ਹਾਲਾਤ ਵਿੱਚ ਬੰਦਾ ਕਿਵੇਂ ਰਹਿ ਸਕਦਾ ਹੈ? ਕਿਵੇਂ ਇਹੋ ਜਿਹੇ ਹਾਲਾਤ ਵਿੱਚ ਤਬਦੀਲੀ ਆਈ? ਤੁਹਾਡੇ ਆਲੇ-ਦੁਆਲੇ ਕੋਈ ਘਟਨਾ ਵਾਪਰੀ ਹੋਵੇ ਤਾਂ ਜ਼ਿਕਰ ਕਰਨਾ ਚਾਹੋਗੇ?

: ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਕੁਝ ਰਾਜਨੀਤਕ ਨੇਤਾ ਪਰਵਾਸੀਆਂ ਵਿਰੁੱਧ ਜ਼ਹਿਰੀਲੇ ਭਾਸ਼ਨ ਦੇ ਕੇ ਮਹੌਲ ਨੂੰ ਵਿਗਾੜ ਰਹੇ ਸਨ। ਇਸ ਅਸਰ ਕਾਰਨ ਹੀ ਪਰਵਾਸੀਆਂ ਦਾ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਸੀ। ਪੁਲੀਸ ਵਿੱਚ ਵੀ ਕੁਝ ਨਸਲਵਾਦੀ ਅਫ਼ਸਰ ਅਤੇ ਕਰਮਚਾਰੀ ਸਨ ਪ੍ਰੰਤੂ ਸਾਰੀ ਪੁਲੀਸ ਫ਼ੋਰਸ ਨਸਲਵਾਦੀ ਨਹੀਂ ਸੀ ਅਤੇ ਪੰਜਾਬ/ਭਾਰਤ ਦੀ ਪੁਲੀਸ ਨਾਲੋਂ ਕਈ ਗੁਣਾ ਚੰਗੀ ਸੀ। ਦੂਜੇ ਪਾਸੇ ਪਰਵਾਸੀਆਂ ਦੀਆਂ ਰਹਿਣ-ਸਹਿਣ ਦੀਆਂ ਆਦਤਾਂ ਵੀ ਇਸ ਦੇਸ਼ ਦੀ ਜੀਵਨ-ਸ਼ੈਲੀ ਨਾਲੋਂ ਜ਼ਰਾ ਵੱਖਰੀਆਂ ਸਨ ਜਿਸ ਕਰਕੇ ਉਹ ਧਿਆਨ ਦਾ ਕੇਂਦਰ ਬਣ ਜਾਂਦੇ ਸਨ। ਭਾਰਤੀ ਮਜ਼ਦੂਰ ਸਭਾਵਾਂ, ਕਮਿਊਨਿਸਟ ਪਾਰਟੀ ਆਫ਼ ਗ੍ਰੇਟ ਬਿਰੇਟਨ, ਸਾਰੀਆਂ ਹੀ ਟ੍ਰੇਡ ਯੂਨੀਅਨਾਂ, ਗੁਰਦਵਾਰਿਆਂ, ਕੁਝ ਹੋਰ ਧਾਰਮਿਕ ਅਦਾਰਿਆਂ, ਖੱਬੇ ਪੰਥੀ ਗਰੁੱਪਾਂ ਅਤੇ ਇਨਸਾਫ਼ ਪਸੰਦ, ਜਮਹੂਰੀਅਤ ਪਸੰਦ ਬੁੱਧੀਜੀਵੀਆਂ ਨੇ ਨਸਲਵਾਦ ਵਿਰੁੱਧ ਜਲਸੇ ਕੀਤੇ ਅਤੇ ਜਲੂਸ ਕੱਢੇ। ਭਾਰਤੀ ਪ੍ਰਗਤੀਸ਼ੀਲ ਲਿਖਾਰੀ ਗ੍ਰੇਟ ਬਿਰੇਟਨ (ਸਥਾਪਤ 1969) ਨੇ ਵੀ ਬਾਅਦ ਵਿੱਚ ਇਸ ਲਹਿਰ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਇਆ। ਇਸ ਦਬਾਅ ਕਾਰਨ ਹੇਠ ਲਿਖੇ ਕਾਨੂੰਨ ਹੋਂਦ ਵਿੱਚ ਆਏ ਅਤੇ ਨਸਲਵਾਦ ਨੂੰ ਠੱਲ੍ਹ ਪਈ :

‘ਦਾ ਰੇਸ ਰੀਲੇਸ਼ਨ ਐਕਟ 1965’, ‘ਦਾ ਰੇਸ ਰੀਲੇਸ਼ਨ ਐਕਟ 1968’, ‘ਦਾ ਰੇਸ ਰੀਲੇਸ਼ਨ ਐਕਟ 1976’, ‘ਦਾ ਰੇਸ ਰੀਲੇਸ਼ਨ ਅੱਮੇਨੱਡਡ ਐਕਟ 2000’, ‘ਈਕੁਐੱਲਟੀ ਐਕਟ 2010’ ਉਪਰੋਕਤ ਐਕਟ ਅਧੀਨ ਹਰ ਇੱਕ ਬਾਰੋ ਕੌਂਸਲ ਵਿੱਚ ਕਮਿਊਨਿਸਟ ਰੀਲੇਸ਼ਨ ਕੌਂਸਲਾਂ ਬਣਾਈਆਂ ਗਈਆਂ। ਦਾਸ, ਹੰਸਲੋ ਕਮਿਊਨਿਟੀ ਰੀਲੇਸ਼ਨ ਕੌਂਸਲ ਦੇ ਮੁੱਢਲੇ ਮੈਂਬਰਾਂ ਵਿੱਚੋਂ ਸੀ। ਇੱਕ ਵਾਰੀ ਸੜਕ ’ਤੇ ਤੁਰੇ ਜਾਂਦਿਆਂ, ਇੱਕ ਗੋਰੇ ਨੇ ਮੇਰੇ ਇੱਕ ਮਿੱਤਰ ਉੱਤੇ ਆਪਣਾ ਕੁੱਤਾ ਛੱਡ ਦਿੱਤਾ। ਮੈਂ ਕਮਿਊਨਿਟੀ ਰੀਲੇਸ਼ਨ ਅਫ਼ਸਰ ਇੰਦਰ ਸਿੰਘ ਉੱਪਲ ਰਾਹੀਂ ਪੁਲੀਸ ਉੱਤੇ ਦਬਾਅ ਪਾ ਕੇ ਗੋਰੇ ਨੂੰ ਗ੍ਰਿਫਤਾਰ ਕਰਵਾ ਕੇ ਸਜ਼ਾ ਦੁਆਈ। ਮੈਂ, ਆਪ ਵੀ ਕਚਿਹਰੀ ਵਿੱਚ ਨਾਲ ਗਿਆ। ਇੱਕ ਹੋਰ ਮਿੱਤਰ ਨੂੰ ਨੌਕਰੀ ਤੋਂ ਕੱਢ ਦਿੱਤਾ। ਅਸੀਂ ਕੇਸ ਕਰਕੇ ਅਤੇ ਜਿੱਤ ਕੇ ਉਸ ਨੂੰ ਬਹਾਲ ਕਰਵਾਇਆ। ਦੋ ਨਸਲਵਾਦੀ ਪੁਲੀਸ ਕਰਮਚਾਰੀਆਂ ਦੀਆਂ ਉੱਪਰਲੇ ਅਫਸਰਾਂ ਪਾਸ ਸ਼ਕਾਇਤਾਂ ਦਰਜ ਕਰਵਾ ਕੇ ਵਾਰਨਿੰਗ ਦੁਆਈ। ਨਸਲਵਾਦ ਵਿਰੁੱਧ ਹੋਰ ਵੀ ਕਈ ਐਕਸ਼ਨ ਕੀਤੇ।

? ਗੁਰਨਾਮ ਜੀ, ਲੰਡਨ ਰਹਿੰਦੇ ਕੌਂਸਲਰ ਰਣਜੀਤ ਧੀਰ ਦਾ ਕਹਿਣਾ ਹੈ ਕਿ ਜਿਹੜੇ ਤਾਂ ਪੜ੍ਹੇ ਲਿਖੇ ਵਰਗ ਨਾਲ ਸਬੰਧਤ ਲੋਕ ਹਨ, ਉਹ ਪਰਵਾਸੀ ਲੋਕਾਂ ਦੀ ਦੇਣ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਉਨ੍ਹਾਂ ਦੀ ਇਜ਼ਤ ਕਰਦੇ ਹਨ। ਪਰ ਗੋਰੇ ਲੋਕਾਂ ਦਾ ਇੱਕ ਵਰਗ, ਜਿਸ ਨੂੰ ਕੋਈ ਸੋਝੀ ਨਹੀਂ, ਨਾ ਹੀ ਕੋਈ ਕੰਮ ਕਰਨ ਵਿੱਚ ਦਿਲਚਸਪੀ ਰੱਖਦੇ ਹਨ, ਉਹੀ ਬਾਹਰੋਂ ਆਏ ਲੋਕਾਂ ਨੂੰ ਆਪਣੇ ਦੁਸ਼ਮਣ ਮੰਨ ਕੇ ਮਾੜੀ ਸੋਚ ਵਾਲੇ ਸਿਆਸੀ ਲੋਕਾਂ ਦੇ ਪਿੱਛੇ ਲੱਗ ਕੇ, ਸਕਿੰਨ ਹੈੱਡ ਗੈਂਗਜ਼ ਬਣਾ ਕੇ ਏਸ਼ੀਅਨ ਲੋਕਾਂ ’ਤੇ ਹਮਲੇ ਕਰਦੇ ਹਨ। ਤੁਸੀਂ ਇਸ ਕਥਨ ਨਾਲ ਕਿੰਨਾ ਕੁ ਸਹਿਮਤ ਹੋ?

: ਤੁਹਾਡਾ ਇਹ ਸਵਾਲ ਜ਼ਰਾ ਟੇਢਾ ਹੈ। ਰਣਜੀਤ ਧੀਰ ਦੇ ਕਥਨ ਨਾਲ ਕਿੰਨਾ ਕੁ ਸਹਿਮਤ ਹੋਣਾ/ਨਾ ਸਹਿਮਤ ਹੋਣਾ ਕੋਈ ਬਹੁਤਾ ਮਹੱਤਵ ਨਹੀਂ ਰੱਖਦਾ। ਅਸਲ ਤੱਥ ਮੌਜੂਦਾ ਬ੍ਰਤਾਨਵੀ ਸਮਾਜ ਦੀ ਸ਼੍ਰੇਣਿਕ ਸੰਰਚਨਾ ਨੂੰ ਸਮਝਣ ਦਾ ਹੈ। ਅਤਿ ਸੰਖੇਪ ਰੂਪ ਵਿੱਚ ਟਿਪਣੀ ਇਊਂ ਹੈ: ਬ੍ਰਤਾਨੀਆ ਵਿੱਚ ਅਜਿਹੀ ਪੂੰਜੀਵਾਦੀ ਵਿਵਸਥਾ ਹੈ ਜਿਸ ਦੇ ਪਿਛੋਕੜ ਵਿੱਚ ਇਸਦਾ ਸਾਮਰਾਜੀ ਖ਼ਾਸਾ ਹੈ। ਸਾਮਰਾਜੀ ਖ਼ਾਸੇ ਦਾ ਭਾਵ ਹੈ ਕਿ ਕਈ ਵਿਅਕਤੀ ਅੱਜ ਵੀ ਏਸ਼ੀਅਨ, ਅਫ਼ਰੀਕਨ ਅਤੇ ਕੈਰੇਬੀਅਨ ਲੋਕਾਂ ਬਾਰੇ ਆਪਣੇ ਅਵਚੇਤਨ ਵਿੱਚ ਸਾਮਰਾਜੀ ਸੰਸਕਾਰ ਅਥਵਾ ਸ਼ਾਵਨਵਾਦੀ ਵਿਚਾਰ ਲਈ ਬੈਠੇ ਹਨ ਅਤੇ ਉਨ੍ਹਾਂ ਨੂੰ ਘਟੀਆ ਅਤੇ ਦੂਜੇ ਨੰਬਰ ਦੇ ਸ਼ਹਿਰੀ ਸਮਝ ਕੇ ਉਨ੍ਹਾਂ ਨਾਲ ਦੁਰਵਿਵਹਾਰ ਕਰਦੇ ਹਨ ਜਦ ਕਿ ਬਦਲ ਚੁੱਕੇ ਹਾਲਾਤ ਵਿੱਚ ਅੱਜ ਉਹ ਬਰਾਬਰ ਦੇ ਸ਼ਹਿਰੀ ਹਨ। ਬ੍ਰਤਾਨਵੀ ਪੂੰਜੀਵਾਦੀ ਵਿਵਸਥਾ ਦੋ ਸ਼੍ਰੇਣੀਆਂ ਵਿੱਚ ਵੰਡੀ ਹੋਈ ਹੈ। ਉਪਜ ਦੀ ਸਾਧਨ-ਸੰਪੰਨ ਪੂੰਜੀਵਾਦੀ ਹਾਕਮ ਸ਼੍ਰੇਣੀ ਅਤੇ ਉਪਜ ਪੈਦਾ ਕਰਨ ਵਾਲੀ ਕਾਮਾ ਸ਼੍ਰੇਣੀ। ਇਨ੍ਹਾਂ ਦੇ ਵਿਚਕਾਰ ਭਿੰਨ ਭਿੰਨ ਰੂਪ ਵਿੱਚ ਮੱਧ ਵਰਗੀ ਅਥਵਾ ਪੈਟੀਬੁਰਜੁਆਜੀ ਸ਼੍ਰੇਣੀ ਵੀ ਹੈ ਪ੍ਰੰਤੂ ਉਹ ਪੂੰਜੀਵਾਦੀ ਵਿਵਸਥਾ ਦੀ ਫ਼ੈਸਲਾਕੁਨ ਚਾਲਕ ਸ਼ਕਤੀ ਨਹੀਂ। ਸਾਧਨ-ਸੰਪੰਨ ਹਾਕਮ ਸ਼੍ਰੇਣੀ ਦਾ ਹੀ ਸਿਧਾਂਤਕ, ਆਰਥਿਕ ਅਤੇ ਰਾਜਨੀਤਕ ਖੇਤਰ ਵਿੱਚ ਬੋਲਬਾਲਾ ਹੈ। ਕਾਮਾ ਸ਼੍ਰੇਣੀ ਕੋਲ ਮਜ਼ਦੂਰੀ ਕਰਨ ਦੀ ਯੋਗਤਾ, ਸਰੀਰ, ਹੱਥ, ਦਿਮਾਗ ਅਤੇ ਮਨ ਦੀ ਸ਼ਕਤੀ ਹੈ ਜਿਸ ਨੂੰ ਉਹ ਮੰਡੀ ਵਿੱਚ ਵੇਚ ਕੇ, ਮੰਡੀ ਇਸਦੀ ਵਿੱਚੋਂ ਆਪਣੀ ਉਪਜੀਵਕਾ ਕਮਾਉਣ ਦੇ ਨਾਲ ਨਾਲ ਬੁਰਜੁਆਜੀ ਸ਼੍ਰੇਣੀ ਲਈ ‘ਮੁਨਾਫ਼ਾ’ ਪੈਦਾ ਕਰਦੀ ਹੈ। ਇਹ ‘ਮੁਨਾਫ਼ਾ’ ਹੀ ਇਸਦੀ ਜਿੰਦ-ਜਾਨ ਹੈ।

ਰਣਜੀਤ ਧੀਰ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਇਹ ਪੜ੍ਹੀ ਲਿਖੀ ਚਾਤਰ, ਸ਼ਾਤਰ ਅਤੇ ਸ਼ਾਸਕ, ਬੁਰਜੁਆਜੀ ਜਾਂ ਉਸਦੀ ਪਿਛਲੱਗ ਪੈਟੀਬੁਰਜੁਆਜੀ ਸ਼੍ਰੇਣੀ ਹੀ ਹੈ, ਜਿਹੜੀ ਇੱਜ਼ਤ ਕਰਨ ਦਾ ਸਬਜ਼-ਬਾਗ਼ ਵਿਖਾ ਕੇ ‘ਪਰਵਾਸੀ ਲੋਕਾਂ ਦੀ ਦੇਣ, ਕਿਰਤ ਸ਼ਕਤੀ’ ਨੂੰ ਵਰਤ ਕੇ, ਆਪਣੇ ਜਮਾਤੀ ਹਿੱਤ ਪਾਲਦੀ ਅਤੇ ਪੂੰਜੀਵਾਦੀ ਅਰਥ-ਵਿਵਸਥਾ ਨੂੰ ਮਜ਼ਬੂਤ ਕਰਦੀ ਹੈ। ਇਸ ਸ਼੍ਰੇਣੀ ਦੇ ਸਿਧਾਂਤਕਾਰ ਹੀ ‘ਮਾੜੀ ਸੋਚ ਦੇ ਸਿਆਸੀ ਲੋਕ’ ਜ਼ਹਿਰੀਲੀਆਂ ਤਕਰੀਰਾਂ ਕਰ ਕੇ ਕਿਰਤੀ ਸ਼੍ਰੇਣੀ ਨੂੰ ਕਾਲ਼ੇ/ਗੋਰੇ, ਯੂਰਪੀਅਨ/ਗੈਰਯੂਰਪੀਅਨ, ਮੂਲਵਾਸੀ/ਪਰਵਾਸੀ ਗੁੱਟਾਂ ਵਿੱਚ ਵੰਡ ਕੇ ਗੁੰਮਰਾਹ ਕਰਦੇ ਹਨ ਅਤੇ ਇਸਦੀ ਏਕਤਾ ਨੂੰ ਭੰਗ ਕਰਦੇ ਹਨ। ਪੂੰਜੀਪਤੀ ਸ਼ਾਸਕ ਸ਼੍ਰੇਣੀ ਹੀ ਵੰਚਿਤ ਸ਼੍ਰੇਣੀ ਵਿੱਚੋਂ ਸਕਿੰਨ ਹੈੱਡ ਗੈਂਗਜ਼ ਉਤਪਨ ਹੋਣ ਦੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਹਾਲਾਤ ਪੈਦਾ ਕਰਦੀ ਹੈ।

? ਗੁਰਨਾਮ ਜੀ, ਆਪਾਂ ਨਾਲ ਦੀ ਨਾਲ ਤੁਹਾਡੇ ਸਾਹਿਤਕ ਸਫ਼ਰ ਬਾਰੇ ਵੀ ਵਾਰਤਾਲਾਪ ਜਾਰੀ ਰੱਖੀਏ। ਜਵਾਨੀ ਵਿੱਚ ਹਰ ਕੋਈ ਕਵੀ ਹੁੰਦਾ ਹੈ ਤੇ ਰੁਮਾਂਟਿਕ ਕਵਿਤਾਵਾਂ ਲਿਖਦਾ ਲਿਖਦਾ ਥੋੜ੍ਹਾ ਸੀਰੀਅਸ ਕਵਿਤਾ ਵੱਲ ਮੋੜਾ ਕਟਦਾ ਹੈ। ਪਰ ਤੁਸੀਂ ਪਹਿਲੇ ਕਾਵਿ ਸੰਗ੍ਰਹਿ ‘ਅੱਗ ਦੇ ਬੀਜ’ ਵਿੱਚ ਹੀ ਸਵੈ-ਚੇਤਨਤਾ, ਅਗਾਂਹਵਧੂ ਅਤੇ ਸੰਘਰਸ਼ਮਈ ਕਵਿਤਾ ਦੀ ਸਿਰਜਣਾ ਸ਼ੁਰੂ ਕਰ ਦਿੱਤੀ। ਪਹਿਲੀ ਕਿਤਾਬ ਦੇ ਛਪਣ ਬਾਰੇ ਕੁਝ ਦੱਸੋ?

: ਮੈਂ ਜਿਸ ਤਰ੍ਹਾਂ ਪਹਿਲਾਂ ਦੱਸ ਚੁੱਕਾ ਹਾਂ ਕਿ ਬਚਪਨ ਤੋਂ ਹੀ ਮੇਰੀ ਤਬੀਅਤ ਸਥਾਪਤੀ ਦੇ ਸਨਮੁਖ ਬਗਾਵਤ ਵਾਲੀ ਹੋ ਗਈ ਸੀ। ਬਚਪਨ ਤੋਂ ਹੀ ਮੈਂ ਘਰੇਲੂ ਅਤੇ ਨਿੱਜੀ ਸਮੱਸਿਆਵਾਂ ਨੂੰ ਸਮਾਜਿਕ ਸਮੱਸਿਆਵਾਂ ਨਾਲ ਜੋੜ ਕੇ ਉਨ੍ਹਾਂ ਦੇ ਸਮਾਧਾਨ ਤਲਾਸ਼ਣੇ ਸ਼ੁਰੂ ਕਰ ਦਿੱਤੇ ਸਨ। ਆਪ ਜੀ ਦੀ ਜਾਣਕਾਰੀ ਲਈ ਦੱਸਣਾ ਚਾਹਾਂਗਾ ਕਿ ਕਾਲਜ ਦੇ ਦਿਨਾਂ ਵਿੱਚ ਇੱਕ ਸਹਿ-ਪਾਠਣ ਵੱਲ ਕੁਦਰਤੀ ਤੌਰ ’ਤੇ ਪ੍ਰਸਪਰ ਖਿੱਚ ਪੈਦਾ ਹੋ ਜਾਣ ਦੇ ਪ੍ਰਭਾਵ ਹੇਠ, ਮੈਂ ਵੀ ਕੁਝ ਰੁਮਾਂਟਿਕ ਕਵਿਤਾਵਾਂ ਲਿਖੀਆਂ ਸਨ, ਭਾਵੇਂ ਬਹੁਤੇ ਉੱਚੇ ਪੱਧਰ ਦੀਆਂ ਨਹੀਂ, ਜੋ ਕਾਲਜ ਦੇ ਮੈਗਜ਼ੀਨ ਵਿੱਚ ਛਪੀਆਂ ਸਨ ਪ੍ਰੰਤੂ ਉਨ੍ਹਾਂ ਵਿੱਚ ਵੀ ਸਮਾਜ ਹੀ ਕੇਂਦਰ ਵਿੱਚ ਸੀ। ਉਨ੍ਹਾਂ ਵਿੱਚ ਵੀ ਸਮਾਜ ਉੱਤੇ ਵਿਅੰਗ ਕੱਸੇ ਸਨ। ਹੁਣ ਵੀ ਕਦੀ ਕਦੀ ਪੁਰਾਣੀਆਂ ਯਾਦਾਂ ਦੇ ਸਹਾਰੇ ਆਪਣੇ ਆਪ ਰੁਮਾਂਟਿਕ ਕਵਿਤਾ ਲਿਖੀ ਜਾਂਦੀ ਹੈ। ਪਹਿਲੀ ਕਿਤਾਬ ਪ੍ਰੋ. ਰਘਬੀਰ ਸਿੰਘ ਸਿਰਜਣਾ ਰਾਹੀਂ ਛਪਵਾਈ ਸੀ।

? ਫਿਰ ਪ੍ਰਸਪਰ ਖਿੱਚ ਦਾ ਕੀ ਬਣਿਆ?

: ਕਰੀਬ ਆਉਣ ਤੋਂ ਪਹਿਲਾਂ ਹੀ ਸਦ-ਭਾਵਨਾ ਨਾਲ ਦੂਰੀ ਸਿਰਜੀ ਗਈ। ਪੰਜਾਬੀ ਭਾਸ਼ਾ ਦੀ ਆਪਣੇ ਇੱਕ ਮਨੌਤ ਹੈ: ਰਿਜ਼ਕ ਵਿਹੂਣੇ ਆਦਮੀ ਜਾਣ ਮੁਹੱਬਤਾਂ ਤੋੜ ਇਸੇ ਗੱਲ ਨੂੰ ਜਨਾਬ ਫ਼ੈਜ਼ ਅਹਿਮਦ ਫ਼ੈਜ਼ ਆਪਣੇ ਅੰਦਾਜ਼ ਵਿੱਚ ਇਸ ਸ਼ਿਅਰ ਵਿੱਚ ਪੇਸ਼ ਕਰਦੇ ਹਨ :

ਦੁਨੀਆਂ ਨੇ ਤੇਰੀ ਯਾਦ ਸੇ ਬੇਗਾਨਾ ਕਰ ਦੀਆ
ਤੁਝ ਸੇ ਭੀ ਦਿਲ-ਫ਼ਰੇਬ ਹੈਂ ਗ਼ਮ ਰੋਜ਼ਗਾਰ ਕੇ।

? ਗੁਰਨਾਮ ਜੀ, ਇਸ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਹੀ ਬਹੁਤ ਵਧੀਆ ਅਤੇ ਦਿਲ ਨੂੰ ਟੁੰਬਣ ਵਾਲੀਆਂ ਹਨ ਪਰ ਇੱਕ ਕਵਿਤਾ ‘ਪੁਲ’ ਬਹੁਤ ਹੀ ਪ੍ਰਭਾਵਸ਼ਾਲੀ ਹੈ। ਇਹਦੇ ਵਿੱਚ ਜਿਹੜੇ ਸਿੰਬਲ ਤੁਸੀਂ ਵਰਤੇ ਹਨ ਬਹੁਤ ਹੀ ਨਿਵੇਕਲੇ ਤੇ ਸਾਦ-ਮੁਰਾਦੀ ਭਾਸ਼ਾ ਵਿੱਚ ਹਨ। ਬਹੁਤ ਹੀ ਪਿਆਰੀ ਸੰਗੀਤਕ ਲੈਅ ਵੀ ਹੈ ਭਾਵੇਂ ਕਿ ਕਵਿਤਾ ਖੁੱਲ੍ਹੀ ਹੈ। ਇਸ ਕਵਿਤਾ ਦੇ ਪਿਛੋਕੜ ਬਾਰੇ ਕੁਝ ਦੱਸੋ?

: ਹਰ ਇੱਕ ਰਚਨਾ ਕਰਨ ਤੋਂ ਪਹਿਲਾਂ ਮਾਨਸਿਕ ਪੀੜਾ ਵਿੱਚੋਂ ਗੁਜ਼ਰਨਾ ਪੈਂਦਾ ਹੈ ਕਿਸੇ ਵਿੱਚ ਵੱਧ ਕਿਸੇ ਵਿੱਚ ਘੱਟ। ਪ੍ਰੰਤੂ ‘ਪੁਲ’ ਕਵਿਤਾ ਲਿਖਣ ਸਮੇਂ ਮੈਂਨੂੰ ਕੋਈ ਖ਼ਾਸ ਤਰੱਦਦ ਨਹੀਂ ਕਰਨਾ ਪਿਆ। ਮੈਂ ਤਾਂ ਇਹ ਹੀ ਕਹਾਂਗਾ ਕਿ ਬੱਸ ਇਹ ਲਿਖੀ ਗਈ। ਇਹ ਕਵਿਤਾ ਆਪਣੀ ਵਿਧੀ ਅਤੇ ਆਪਣਾ ਬਿੰਬ-ਵਿਧਾਨ ਆਪਣੇ ਨਾਲ ਲੈ ਕੇ ਆਈ। ਜਿੱਥੋਂ ਤੱਕ ਇਸ ਸੰਗ੍ਰਹਿ ਦੀਆਂ ਬਾਕੀ ਕਵਿਤਾਵਾਂ ਦੀ ਗੁਣਨਾਤਮਿਕਤਾ ਦਾ ਸੰਬੰਧ ਹੈ, ਸਭ ਤੋਂ ਪਹਿਲਾਂ ਪ੍ਰੋ. ਸ. ਨ. ਸੇਵਕ ਦੀ ਮਾਣਯੋਗ ਮਾਤਾ ਜੀ ਵੱਲੋਂ ਭਰਪੂਰ ਹਾਂ-ਮੁਖੀ ਹੁੰਗਾਰਾ ਆਇਆ ਅਤੇ ਭਾਰਤ ਫੇਰੀ ਸਮੇਂ ਮਿਲ ਕੇ ਜਾਣ ਦੀ ਤਾਕੀਦ ਕੀਤੀ ਗਈ। ਹੋਰ ਵੀ ਕਈਆਂ ਪਾਠਕਾਂ/ਸਨੇਹੀਆਂ ਦੇ ਖ਼ਤ ਆਏ। ਆਪਣੀਆਂ ਰਚਨਾਵਾਂ ਦੀ ਆਪ ਸਿਫ਼ਤ ਕਰਨਾ ਜਾਂ ਕਹਿ ਕੇ ਕਰਵਾਉਣਾ ਮੈਂਨੂੰ ਚੰਗਾ ਨਹੀਂ ਲੱਗਦਾ। ਇਸ ਲਈ ਹੋਰ ਕੁਝ ਨਹੀਂ ਕਹਾਂਗਾ।

? ਇਸੇ ਤਰ੍ਹਾਂ ‘ਦਰਦ ਦੇ ਰੰਗ’ ਨਾਮੀ ਕਾਵਿ-ਸੰਗ੍ਰਹਿ ਵਿੱਚ ਭਾਰਤ ਵਿੱਚ ਧਰਮ ਨਿਰਪੱਖਤਾ ਦੀ ਸਮੱਸਿਆ ਨੂੰ ਇੱਕ ਕਵਿਤਾ ‘ਸੱਚ ਦੇ ਦੀਪ’ ਵਿੱਚ ਅਣਮਨੁੱਖੀ ਵਤੀਰੇ, ਭ੍ਰਿਸ਼ਟਾਚਾਰ ਅਤੇ ਘੱਟ-ਗਿਣਤੀਆਂ ਉੱਤੇ ਤਸ਼ਦੱਦ ਕਰਨ ਵਾਲੇ ਲੋਕਾਂ ਦੀ ਸੋਚ ਦਾ ਗੰਭੀਰ ਨੋਟਿਸ ਲੈਂਦਿਆਂ ਲਿਖੀ, ਇਹਦੇ ਬਾਰੇ ਕੁਝ ਦੱਸੋ ਜਦੋਂ ਕਿ ਦੇਸ਼ ਵਸਦੇ ਬਹੁਤ ਸਾਰੇ ਲੇਖਕ ਬਾਹਰਲੇ ਲੇਖਕਾਂ ਨੂੰ ਇਹ ਕਹਿੰਦੇ ਹਨ ਕਿ ਤੁਸੀਂ ਜਿੱਥੇ ਰਹਿੰਦੇ ਹੋ, ਉੱਥੇ ਦੀਆਂ ਸਮੱਸਿਆਵਾਂ ਬਾਰੇ ਲਿਖੋ। ਤੁਹਾਡਾ ਇਸ ਮਤ ਬਾਰੇ ਕੀ ਖ਼ਿਆਲ ਹੈ?

: ਸੰਚਾਰ ਸਾਧਨਾਂ ਵਿੱਚ ਹੋਏ ਵਿਕਾਸ ਕਾਰਨ ਦੇਸ਼ਾਂ ਵਿੱਚ ਦੂਰੀਆਂ ਖ਼ਤਮ ਹੋ ਰਹੀਆਂ ਹਨ। ਹੁਣ ਤਾਂ ਦੁਨੀਆ ਨੂੰ ਇੱਕ ਗਲੋਬਲ ਵਿਲੇਜ ਦੇ ਤੌਰ ’ਤੇ ਤਸੱਵਰ ਕੀਤਾ ਜਾ ਰਿਹਾ ਹੈ। ਤੁਸੀਂ ਕਿਸੇ ਲੇਖਕ ਨੂੰ ਹੁਕਮ ਦੇ ਕੇ ਕੋਈ ਸਿਰਜਣਾਤਮਿਕ ਰਚਨਾ ਨਹੀਂ ਕਰਵਾ ਸਕਦੇ। ਮਕੈਨੀਕਲ ਨਿਬੰਧ ਆਦਿ ਤਾਂ ਲਿਖੇ/ਲਿਖਵਾਏ ਜਾ ਸਕਦੇ ਹਨ। ਦੁਨੀਆ ਦੇ ਕਿਸੇ ਵੀ ਭਾਗ ਵਿੱਚ ਘਟਦੀਆਂ ਘਟਨਾਵਾਂ, ਗਤੀਸ਼ੀਲ ਸਥਿੱਤੀਆਂ/ਪ੍ਰਸਥਿਤੀਆਂ ਅਤੇ ਪ੍ਰਾਪਤ ਵਾਸਵਿਕਤਾ ਵਿੱਚ ਪਿਆ ਖ਼ਲਲ, ਕਿਸੇ ਰਚਨਾ ਦਾ ਪ੍ਰੇਰਨਾ ਸਰੋਤ ਬਣ ਸਕਦਾ ਹੈ। ਪੰਜਾਬੀ ਭਾਸ਼ਾ ਦਾ ਇਤਿਹਾਸ ਇਸ ਤੱਥ ਦਾ ਗਵਾਹ ਹੈ। ਇੱਥੇ ਗ਼ਦਰ-ਕਾਵਿ ਦੀ ਉਦਾਹਰਣ ਪ੍ਰਸਤੁਤ ਕੀਤੀ ਜਾ ਸਕਦੀ ਹੈ। ਇੱਥੋਂ ਤੱਕ ਕਿ ਭਾਰਤ ਵਿੱਚ ਬੈਠੇ ਲੇਖਕਾਂ ਨੇ ਵੀ ਬਾਹਰਲੇ ਦੇਸ਼ਾਂ ਵਿੱਚ ਘਟਦੀਆਂ ਘਟਨਾਵਾਂ ਅਤੇ ਸਮਾਜ ਬਾਰੇ ਕਵਿਤਾਵਾਂ ਅਤੇ ਕਹਾਣੀਆਂ ਆਦਿ ਲਿਖੀਆਂ ਹਨ। ਕਿਸੇ ਲੇਖਕ ਦੀ ਭਾਵਨਾਤਮਿਕ-ਸੰਵੇਦਨਸ਼ੀਲਤਾ, ਪ੍ਰਤਿਭਾ, ਅਨੁਭਵ ਦੀ ਘਣਤਾ, ਗਿਆਨ, ਤਜਰਬਾ, ਪ੍ਰਤਿਬੱਧਤਾ, ਯਾਦਦਾਸ਼ਤ, ਕਲਪਨਾ ਆਦਿ ਦਾ ਸਹੀ ਸੰਯੋਗ ਹੀ ਉਸਦੀ ਰਚਨਾ ਦਾ ਵਾਹਣ ਬਣਦਾ ਹੈ। ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਪ੍ਰਾਪਤ ਯਥਾਰਥ ਅਤੇ ਅਕਾਂਖਿਅਤ ਯਥਾਰਥ ਦੀ ਕਸ਼ਮਕਸ਼ ਦੀ ਜਾਗਰਿਤੀ/ਉਤੇਜ਼ਨਾ/ਪ੍ਰੇਰਨਾ ਕਿਸੇ ਕੋਮਲ ਦਿਲ ਰਚਨਾਕਰ ਦੇ ਅਮਲ ਨੂੰ ਗਰਮਾ ਸਕਦੀ ਹੈ। ਇਸ ਪ੍ਰਸੰਗ ਵਿੱਚ ਹੀ ‘ਦਰਦ ਦੇ ਰੰਗ’ ਕਾਵਿ-ਸੰਗ੍ਰਹਿ ਵਿੱਚ ਸਮਿਲਿਤ ਕਵਿਤਾ ‘ਸੱਚ ਦੇ ਦੀਪ’ ਆਪਣੀ ਸਾਰਥਿਕਤਾ ਗ੍ਰਹਿਣ ਕਰਦੀ ਹੈ। ਮੇਰਾ ਸਿਧਾਂਤ ਵੀ ਇਨਟਰਨੈਸ਼ਨਲ ਪ੍ਰੋਲੇਤੇਰੀਅਤ ਵਿੱਚ ਯਕੀਨ ਰੱਖਣ ਦੀ ਸਿੱਖਿਆ ਦਿੰਦਾ ਹੈ। ਉਂਝ ਮੈਂ ਇੰਗਲੈਂਡ ਦੇ ਮਿਲਿਯੂ (ਸਮਾਜਿਕ ਵਾਤਾਵਰਣ) ਨੂੰ ਵੀ ਨਜ਼ਮ ਕੀਤਾ ਹੈ। ਦੇਸ਼ ਵਸਦੇ ਲੇਖਕਾਂ ਦਾ ਭਾਵ ਜੇਕਰ ‘ਪਰਤੱਖਣ’ ਤੋਂ ਹੈ ਤਾਂ ਮੇਰੀ ਬੇਨਤੀ ਹੈ ਕਿ ‘ਪੈਰੇਡਾਈਜ਼ ਲੌਸਟ’ ਲਿਖਣ ਵਾਲਾ ਕਵੀ ਜ੍ਹੋਨ ਮਿਲਟਨ ਨੇਤਰਹੀਣ ਸੀ

? ਕਵਿਤਾ ਵਰਗੇ ਕੋਮਲ ਹੁਨਰ ਰਾਹੀਂ ਕਰੜੇ ਅਤੇ ਹਲੂਣਾ ਦੇਣ ਵਾਲੇ ਸੁਨੇਹੇ ਦੇਣ ਦਾ ਕੰਮ, ਤੁਸੀਂ ਇੰਡੀਆ ਵਿੱਚ ਹੁੰਦਿਆਂ ਹੀ ਸ਼ੁਰੂ ਕਰ ਦਿੱਤਾ ਸੀ। ਫਿਰ ਪੁਸਤਕ ਛਪਾਉਣ ਦਾ ਸਬੱਬ ਇੰਡਆ ਵਿੱਚ ਹੀ ਜਾਂ ਇੰਗਲੈਂਡ ਆ ਕੇ ਹੋਇਆ?

: ਮੇਰੇ ਆਪਣੇ ਰੰਗ ਦੀਆਂ ਕੇਵਲ ਦੋ/ਤਿੰਨ ਕਵਿਤਾਵਾਂ ਹੀ ਭਾਰਤ ਰਹਿੰਦਿਆਂ ਅੰਮ੍ਰਿਤਸਰ ਵਿੱਚੋਂ, ਕਰਤਾਰ ਸਿੰਘ ਬਲੱਗਣ ਦੀ ਸੰਪਾਦਨਾ ਹੇਠ ਛਪਦੇ ਰਸਾਲੇ ‘ਕਵਿਤਾ’ ਵਿੱਚ ਛਪੀਆਂ ਸਨ। ਕੋਈ ਪੁਸਤਕ ਆਦਿ ਨਹੀਂ ਸੀ ਛਪੀ।

? ਗੁਰਨਾਮ ਜੀ, ਇਹ ਮੰਨਿਆ ਜਾਂਦਾ ਹੈ ਕਿ ਕਵਿਤਾ ਲਿਖਣ ਲਈ ਬੜੀ ਸੂਖ਼ਮ ਦ੍ਰਿਸ਼ਟੀ ਦੀ ਲੋੜ ਹੁੰਦੀ ਹੈ। ਭਾਵੇਂ ਇਹ ਮੰਨਿਆ ਜਾਂਦਾ ਹੈ ਕਿ ਇਹ ਦਾਤ ਤਾਂ ਰੱਬੀ ਹੋ ਸਕਦੀ ਹੈ। ਧੱਕੇ ਨਾਲ ਕਵਿਤਾ ਨਹੀਂ ਲਿਖੀ ਜਾ ਸਕਦੀ। ਕੀ ਤੁਹਾਨੂੰ ਕਵਿਤਾ ਦੀਆਂ ਬਾਰੀਕੀਆਂ ਜਾਂ ਗ਼ਜ਼ਲ ਦੀਆਂ ਬਹਿਰਾਂ ਅਤੇ ਅਰੂਜ਼ ਦਾ ਗਿਆਨ ਹਾਸਲ ਕਰਨ ਲਈ ਕਿਸੇ ਗੁਰੂ ਦੀ ਵੀ ਲੋੜ ਪਈ?

: ਕਵਿਤਾ ਲਿਖਣ ਲਈ ਮਨੁੱਖ ਦਾ ਅਤਿ ਸੂਖ਼ਮ ਬੁੱਧ ਅਤੇ ਅਤਿ ਸੰਵੇਦਨਸ਼ੀਲ ਹੋਣਾ ਜ਼ਰੂਰੀ ਹੈ ਪ੍ਰੰਤੂ ਇਨ੍ਹਾਂ ਗੁਣਾਂ ਦਾ ਧਾਰਨੀ ਹਰੇਕ ਮਨੁੱਖ ਕਵੀ ਨਹੀਂ ਹੋ ਸਕਦਾ। ਕਵਿਤਾ ਦੀ ਰਚਨਾ ਲਈ ਹੋਰ ਵੀ ਬਹੁਤ ਕੁਝ ਚਾਹੀਦਾ ਹੈ ਜਿਸ ਦਾ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ ਮੈਂਨੂੰ ਕਵਿਤਾ ਦਾ ਇਲਹਾਮ ਨਹੀਂ ਹੁੰਦਾ। ਮੇਰੀ ਕਵਿਤਾ, ਜੀਵਨ ਹਾਲਤਾਂ ਵਿੱਚੋਂ ਪੈਦਾ ਹੁੰਦੀ ਹੈ। ਰਚਨਾਤਮਿਕ ਛਿਣ ਨੂੰ ਪਕੜਨਾ ਅਤੇ ਸਾਂਭਣਾ ਮੇਰੀ ਲਈ ਜ਼ਰੂਰੀ ਹੈਕਵਿਤਾ ਅਤੇ ਗ਼ਜ਼ਲ ਵੱਖ ਵੱਖ ਧਾਰਾਵਾਂ ਹਨ। ਹਰੇਕ ਕਵੀ ਗ਼ਜ਼ਲਕਾਰ ਨਹੀਂ ਹੁੰਦਾ। ਗ਼ਜ਼ਲ ਦਾ ਵਿਧੀ-ਵਿਧਾਨ ਵੱਖਰਾ ਹੈ। ਮੈਂਨੂੰ ਕਾਵਿ-ਛੰਦ ਦੀ ਮੋਟੀ ਜਿਹੀ ਸਮਝ ਮੁੱਢ ਤੋਂ ਹੀ ਸੀ। ਇੰਗਲੈਂਡ ਵਿੱਚ ਆ ਕੇ ਜਦੋਂ ਮੈਂ ਗ਼ਜ਼ਲ ਲਿਖਣ ਪ੍ਰਤੀ ਗੰਭੀਰ ਹੋਇਆ ਤਾਂ ਇੰਗਲੈਂਡ ਵਿੱਚ ਇੱਕ ਕਵੀ ਦਰਬਾਰ ਪਿੱਛੋਂ ਪੰਜਾਬੀ ਭਾਸ਼ਾ ਦੇ ਸੁਪ੍ਰਸਿੱਧ ਸ਼ਾਇਰ ਨਿਰੰਜਨ ਸਿੰਘ ਨੂਰ ਨੇ ਮੇਰੀ ਬਹੁਤ ਹੌਸਲਾ-ਅਫ਼ਜਾਈ ਕੀਤੀ ਅਤੇ ਨਾਲ ਹੀ ਕਿਹਾ ਕਿ ਮੇਰੀ ਗ਼ਜ਼ਲ ਦੇ ਦੋ ਕੁ ਸ਼ਿਅਰਾਂ ਦੇ ਵਜ਼ਨ ਵਿੱਚ ਸਕਤਾ ਪੈਂਦਾ ਸੀ। ਇਸ ਪਿੱਛੋਂ ਮੈਂ ਉਨ੍ਹਾਂ ਪਾਸੋਂ ਸਾਲ ਭਰ (ਚਾਰ/ਪੰਜ ਗ਼ਜ਼ਲਾਂ ਭੇਜ ਕੇ) ਇਸਲਾਹ ਲਈ। ਮੈਂ ਜਦੋਂ ਗ਼ਜ਼ਲ ਲਿਖਦਾ, ਉਨ੍ਹਾਂ ਨੂੰ ਡਾਕ ਰਾਹੀਂ ਭੇਜ ਦਿੰਦਾ। ਉਹ ਠੀਕ ਕਰਕੇ ਵਾਪਸ ਭੇਜ ਦਿੰਦੇ। ਫਿਰ ਉਨ੍ਹਾਂ ਕਹਿ ਦਿੱਤਾ ਕਿ ਹੋਰ ਇਸਲਾਹ ਦੀ ਲੋੜ ਨਹੀਂ। ਮਿਹਨਤ ਕਰੋ, ਬਹੁਤਾ ਪੜ੍ਹੋ, ਥੋੜ੍ਹਾ ਲਿਖੋ। ਪ੍ਰੰਤੂ ਇਸ ਪਿੱਛੋਂ ਵੀ ਮੈਂ ਗ਼ਜ਼ਲ ਦੇ ਵਿਧੀ-ਵਿਧਾਨ ਬਾਰੇ ਕਾਫ਼ੀ ਪੁਸਤਕਾਂ ਭਾਰਤ ਵਿੱਚੋਂ ਮੰਗਵਾ ਕੇ, ਨਿੱਠ ਕੇ ਅਧਿਅਨ ਅਤੇ ਅਭਿਆਸ ਕਰਦਾ ਰਿਹਾ। ਉਹ ਪੁਸਤਕਾਂ ਵਾਰ ਵਾਰ ਪੜ੍ਹਦਾ ਅਤੇ ਸ਼ਿਅਰਾਂ ਦੇ ਐਬਾਂ ਨੂੰ ਦੂਰ ਕਰਦਾ ਰਿਹਾ। ਉਰਦੂ ਭਾਸ਼ਾ ਦੇ ਪ੍ਰਸਿੱਧ ਸ਼ਾਇਰਾਂ ਨੂੰ ਦੇਵਨਾਗਰੀ ਲਿਪੀ ਰਾਹੀਂ ਪੜ੍ਹਿਆ ਅਤੇ ਵਿਚਾਰਿਆ। ਇਸ ਪ੍ਰਕਿਰਿਆ ਵਿੱਚੋਂ ਗੁਜ਼ਰ ਕੇ ਗ਼ਜ਼ਲ ਲਿਖਣੀ ਸਿੱਖੀ। ਮੇਰੀ ਨਿੱਜੀ ਰਾਏ ਹੈ ਕਿ ਫ਼ਜ਼ੂਲ ਟੱਕਰਾਂ ਮਾਰਨ ਨਾਲੋਂ ਜਾਂ ਐਬ ਭਰਪੂਰ ਗ਼ਜ਼ਲਾਂ ਲਿਖਣ ਨਾਲੋਂ ਬਿਹਤਰ ਹੈ ਕਿ ਕਿਸੇ ਚੰਗੇ ਗ਼ਜ਼ਲਕਾਰ ਪਾਸੋਂ ਮੁੱਢਲੀ ਸਿੱਖਿਆ ਲੈ ਲਈ ਜਾਵੇ। ਹਰਭਜਨ ਸਿੰਘ ਹੁੰਦਲ 1993 ਵਿੱਚ ਇੰਗਲੈਂਡ ਆਏ ਸਨ। ਘਰ ਵਿੱਚ ਬੈਠਿਆਂ, ਕਵਿਤਾ ਦੇ ਵਿਸ਼ੇ ਬਾਰੇ ਵਿਚਾਰ-ਵਿਟਾਂਦਰਾ ਹੁੰਦਾ ਰਹਿੰਦਾ ਸੀ ਜਿਸ ਵਿੱਚੋਂ ਵੀ ਮੈਂ ਬਹੁਤ ਕੁਝ ਸਿੱਖਿਆ। ਮਨ ਦੀਆਂ ਕਈ ਗੁੰਝਲਾਂ ਦੂਰ ਹੋਈਆਂ। ਕਵਿਤਾ ਦੀਆਂ ਬਾਰੀਕੀਆਂ ਇਸ ਤਰ੍ਹਾਂ ਮੈਂ ਮਿਹਨਤ ਕਰ ਕੇ ਸਿੱਖੀਆਂ ਹਨ।

? ਤੁਸੀਂ ਭਾਵੇਂ ਬਹੁਤੀ ਖੁੱਲ੍ਹੀ ਕਵਿਤਾ ਵੀ ਲਿਖੀ ਹੈ, ਪਰ ਤੁਹਾਡਾ ਰੁਝਾਨ ਗ਼ਜ਼ਲ ਵੱਲ ਵੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਗੱਲ ਤੁਸੀਂ ਕਹਿਣੀ ਚਾਹੁੰਦੇ ਹੋ ਕਿ ਉਹ ਕਿਸ ਵਿਧਾ ਵਿੱਚ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਕਹਿ ਸਕਦੇ ਹੋ। ਕਈ ਆਲੋਚਕ ਖੁੱਲ੍ਹੀ ਕਵਿਤਾ ਨੂੰ ਕਵਿਤਾ ਹੀ ਨਹੀਂ ਮੰਨਦੇ। ਤੁਹਾਡਾ ਕੀ ਵਿਚਾਰ ਹੈ? ਕਵਿਤਾ ਨੂੰ ਕਵਿਤਾ ਮੰਨਣ ਲਈ ਉਨ੍ਹਾਂ ਲੋਕਾਂ ਨੂੰ ਕਿਹੜਾ ਪੈਮਾਨਾ ਵਰਤਣ ਦੀ ਲੋੜ ਹੁੰਦੀ ਹੈ?

: ਜਿਸ ਵਿਸ਼ੇ-ਵਸਤੂ ਨੂੰ, ਜਿਸ ਵਿਧਾ ਵਿੱਚ ਪੇਸ਼ ਕਰਨ ਲਈ ਮੇਰੇ ਮਨ ਵਿੱਚ ਆਵੇਸ਼ ਪੁੰਗਰਦਾ ਹੈ, ਮੈਂ ਉਸ ਵਿੱਚ ਰਚਨਾ ਕਰ ਦਿੰਦਾ ਹਾਂ। ਮੈਂ ਕੋਈ ਵੀ ਰਚਨਾ ਪੂਰਵ ਨਿਸ਼ਚਤ ਕਰ ਕੇ ਨਹੀਂ ਕਰਦਾ। ਸ਼ਾਇਦ ਆਪ ਜੀ ਨੂੰ ਪਤਾ ਹੋਵੇ, ਮੈਂ ਛੋਟੀਆਂ ਨਜ਼ਮਾਂ ਅਤੇ ਕਦੀ ਕਦੀ ਗੀਤ ਵੀ ਲਿਖਦਾ ਹਾਂ। ਮੇਰੀ ਕਿਹੜੀ ਰਚਨਾ ਪ੍ਰਭਾਵਸ਼ਾਲੀ ਹੈ, ਕਿਹੜੀ ਨਹੀਂ, ਇਸਦਾ ਫ਼ੈਸਲਾ ਮੈਂ ਪਾਠਕਾਂ ਉੱਤੇ ਛੱਡ ਦਿੰਦਾ ਹਾਂ। ਕੋਈ ਵੀ ਕਵਿਤਾ ਖੁੱਲ੍ਹੀ ਨਹੀਂ ਹੁੰਦੀ। ਉਸ ਉੱਤੇ ਵੀ ਖੁੱਲ੍ਹੀ ਹੋਣ ਦੀ ਬੰਦਸ਼ ਹੁੰਦੀ ਹੈ। ਕਵਿਤਾ ਛੰਦ ਜੁਗਤ ਹੁੰਦੀ ਹੈ, ਛੰਦ ਮੁਕਤ ਨਹੀਂ। ਹਾਂ, ਕਵਿਤਾ ਮੁਕਤ ਛੰਦ ਵਿੱਚ ਹੋ ਸਕਦੀ ਹੈ। ਇਸ ਬਾਰੀਕੀ ਨੂੰ ਸਮਝਣ ਦੀ ਲੋੜ ਹੈ। ਇੱਥੇ ਅਸਾਡੇ ਵੱਡੇ ਵੱਡੇ ਵਿਦਵਾਨ ਟਪਲਾ ਖਾ ਜਾਂਦੇ ਹਨ। ਪ੍ਰੰਤੂ ਹਰੇਕ ਛੰਦ ਜੁਗਤ ਲਿਖਤ ਕਵਿਤਾ ਨਹੀਂ ਹੁੰਦੀ। ਹੇਠਾਂ ਪੇਸ਼ ਕੀਤੀਆਂ ਤੁਕਾਂ ਛੰਦ ਜੁਗਤ ਹਨ ਪ੍ਰੰਤੂ ਇਹ ਕਵਿਤਾ ਨਹੀਂ :

ਉਨ੍ਹੇ ਧੂਅ ਮਿਆਨੋਂ ਮਾਰਿਆ ਬੇਰੀ ਦਾ ਟੰਬਾ।
ਵਢਦਾ ਜਾਵੇ ਸਿਰਾਂ ਨੂੰ ਜਿਵੇਂ ਗੁੜ ਵਿੱਚ ਰੰਬਾ।

ਕਵਿਤਾ, ਕਵਿਤਾ ਹੁੰਦੀ ਹੈ, ਨਿਰੀ ਤੁਕਬੰਦੀ ਨਹੀਂ। ਖੁੱਲ੍ਹੀ ਕਵਿਤਾ ਦੀ ਮੇਰੀ ਪ੍ਰੀਭਾਸ਼ਾ ਹੈ, ਉਹ ਕਵਿਤਾ ਜਿਹੜੀ ਮੁਕਤ ਛੰਦ ਵਿੱਚ ਲਿਖੀ ਹੋਵੇ ਅਤੇ ਪਾਠਕਾਂ ਨੂੰ ਦ੍ਰਵੀਭੂਤ ਕਰ ਦੇਵੇ। ਮੁਕਤ ਛੰਦ ਦੇ ਆਪਣੇ ਤਕਾਜ਼ੇ ਅਤੇ ਆਪਣੀ ਖ਼ਾਸੀਅਤ ਹੈ। ਇਸ ਛੰਦ ਵਿੱਚ ਕਵਿਤਾ ਰਚਨੀ ਆਮ ਛੰਦ-ਬੱਧ ਕਵਿਤਾ ਨਾਲੋਂ ਕਠਿਨ ਹੈ। ਇਸ ਵਿੱਚ ਸਖ਼ਤ ਮਿਹਨਤ ਦਰਕਾਰ ਹੈ। ਆਪ ਜੀ ਦੇ ਕਹਿਣ ਅਨੁਸਾਰ ‘ਖੁੱਲ੍ਹੀ ਕਵਿਤਾ, ਦੀ ਵਰਗ ਵੰਡ ਮੈਂ ਬਹੁਤ ਹੀ ਸੰਖੇਪ ਰੂਪ ਵਿੱਚ ਇਸ ਪ੍ਰਕਾਰ ਕਰਦਾ ਹਾਂ :

ਗੱਦ ਕਾਵਿ: ਇਸ ਕਾਵਿ-ਰੂਪ ਦੀ ਸੰਰਚਨਾ ਵਿੱਚ ਲੈਅ-ਤਾਲ (ਰਿਦਮ) ਨੂੰ ਆਦਿ ਤੋਂ ਅੰਤ ਤੱਕ ਨਿਭਾਇਆ ਜਾਂਦਾ ਹੈ ਜੋ ਇਸ ਵਿੱਚ ਸੰਗੀਤ ਉਤਪਨ ਕਰਦੀ ਹੈ।

ਕਾਵਿਕ ਵਾਰਤਕ: ਇਸ ਵਿੱਚ ਹਰੇਕ ਤੁਕ ਦਾ ਆਪਣਾ ਤੋਲ ਹੁੰਦਾ ਹੈ। ਸਾਰੀਆਂ ਤੁਕਾਂ ਮਿਲ ਕੇ ਇੱਕ ਕਾਵਿ ਪੈਟਰਨ ਸਿਰਜਦੀਆਂ ਹਨ ਜਿਸ ਦਾ ਆਪਣਾ ਨਿਵੇਕਲਾ ਰੂਪ ਹੁੰਦਾ ਹੈ। ਅੰਦਰੂਨੀ ਸੰਗੀਤ ਵੀ ਚਲਦਾ ਹੈ

ਵਿਗੜੀ ਵਾਰਤਕ: ਨਾ ਇਹ ਕਵਿਤਾ ਹੁੰਦੀ ਹੈ ਨਾ ਇਹ ਵਾਰਤਕ। ਇਹ ਭੂਲ-ਭੂਲਾਈਆਂ ਦਾ ਅਤੰਕ ਸਿਰਜਦੀ ਹੈ। ਕਲਾ ਦੇ ਨਾਮ ਉੱਤੇ, ਇਸ ਵਿੱਚ ਸ਼ਬਦਾਂ ਨੂੰ ਅੱਗੜ-ਪਿੱਛੜ ਕਰ ਕੇ, ਜਾਲ਼ ਵਿਸ਼ਾ ਦਿੱਤਾ ਜਾਂਦਾ ਹੈ ਜਿਸ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਇਸ ਨੇ ਪਾਠਕਾਂ ਨੂੰ ਕਵਿਤਾ ਤੋਂ ਦੂਰ ਕੀਤਾ ਹੈ

ਨਿਰੋਲ ਵਾਰਤਕ: ਕਵਿਤਾ ਦੇ ਸੀਰਸ਼ਕ ਹੇਠ ਅੱਜ ਕੱਲ੍ਹ ਮਣਾਂ ਮੂੰਹੀਂ ਨਿਰੋਲ ਵਾਰਤਕ ਲਿਖੀ ਜਾ ਰਹੀ ਹੈ ਜਿਸ ਨੇ ਵੀ ਪਾਠਕਾਂ ਨੂੰ ਇਸ ਸਿਨਫ਼ ਤੋਂ ਦੂਰ ਕੀਤਾ ਹੈ। ਕਵਿਤਾ ਦੀ ਪ੍ਰਕਿਰਤੀ ਨੂੰ ਸਮਝਣ/ਸਮਝਾਉਣ ਲਈ ਸ਼ਾਇਦ ਮੇਰਾ ਉਪਰੋਕਤ ਪ੍ਰਸਤੁਤ ਕੀਤਾ ਪੈਮਾਨਾ ਸਹਾਇਤਾ ਕਰ ਸਕਦਾ ਹੈ

? ਗੁਰਨਾਮ ਜੀ, ਕੁਝ ਸਮਾਲੋਚਕਾਂ ਦਾ ਮੱਤ ਹੈ ਕਿ ਗ਼ਜ਼ਲ ਦੀਆਂ ਬਹਿਰਾਂ ਅਥਵਾ ਬੰਦਸ਼ਾਂ ਵਿੱਚ ਸਮਕਾਲ ਦੇ ਸਾਰੇ ਵਿਸ਼ੇ ਸਮਾ ਨਹੀਂ ਸਕਦੇ। ਤੁਹਾਡਾ ਕੀ ਮਤ ਹੈ?

: ਮੇਰਾ ਮਤ ਹੈ ਕਿ ਜੇਕਰ ਸ਼ਾਇਰ ਨੂੰ ਗ਼ਜ਼ਲ ਕਹਿਣੀ ਆਉਂਦੀ ਹੈ ਤਾਂ ਉਹ ਮੌਜੂਦਾ ਜਟਿਲ ਸਮੱਸਿਆਵਾਂ, ਸਮਕਾਲੀ ਯਥਾਰਥ ਅਤੇ ਹਰ ਤਰ੍ਹਾਂ ਦੀਆਂ ਸਥਿਤੀਆਂ, ਪ੍ਰਸਥਿਤੀਆਂ ਬਾਰੇ ਗ਼ਜ਼ਲ ਕਹਿ ਸਕਦਾ ਹੈ। ਇਹ ਹੀ ਤਾਂ ਉਸਦੇ ਹੁਨਰ ਦੀ ਪਰਖ ਅਤੇ ਕਮਾਲ ਹੈ। ਵੇਖਣ-ਸੁਣਨ ਵਿੱਚ ਆਇਆ ਹੈ ਗ਼ਜ਼ਲ ਦਾ ਵਿਰੋਧ ਕਰਨ ਵਾਲੇ ਸਮੀਖਿਆਕਾਰ, ਆਮ ਤੌਰ ’ਤੇ ਮਿਰਜ਼ਾ ਗਾਲਿਬ ਦਾ ਹੇਠ ਲਿਖਿਆ ਸ਼ਿਅਰ ਅਸਲੀ ਪ੍ਰਸੰਗ ਨਾਲੋਂ ਅਤੇ ਉਸਦੀ ਸਮੁੱਚੀ ਸ਼ਾਇਰੀ ਨਾਲੋਂ ਤੋੜ ਕੇ ਆਪਣੇ ਹੱਕ ਵਿੱਚ ਦਲੀਲ ਵਜੋਂ ਵਰਤਦੇ ਹਨ :

ਬਕਦ੍ਰੇ-ਸ਼ੌਕ ਨਹੀਂ ਜ਼੍ਰਫ਼ੇ-ਤੰਗਨਾਏ ਗ਼ਜ਼ਲ, ਕੁਛ ਔਰ ਚਾਹੀਏ ਵੁਸਅਤ ਮੇਰੇ ਬਿਆਂ ਕੇ ਲੀਏ

ਇਸ ਸ਼ਿਅਰ ਦਾ ਅਰਥ ਹੈ :

ਗ਼ਜ਼ਲ ਦੀ ਤੰਗ ਗਲ਼ੀ, ਮੇਰੀ ਅਭਿਲਾਸ਼ਾ ਦੇ ਅਨੁਕੂਲ ਨਹੀਂ ਹੈ। ਇਸ ਲਈ ਮੇਰੇ ਬਿਆਨ ਲਈ ਹੋਰ ਲੰਬਾਈ-ਚੌੜਾਈ ਦੀ ਜ਼ਰੂਰਤ ਹੈ। ਪ੍ਰੰਤੂ ਉਹ ਭੁੱਲ ਜਾਂਦੇ ਹਨ ਕਿ ਇਹ ਸ਼ਿਅਰ ਮਿਰਜ਼ਾ ਨੇ ਤਤਕਾਲ਼ੀ ਸ਼ਾਇਰਾਂ ਅਤੇ ਉਨ੍ਹਾਂ ਵੱਲੋਂ ਲਿਖੀ ਜਾ ਰਹੀ ਗ਼ਜ਼ਲ ਬਾਰੇ ਤਨਜ਼ ਵਜੋਂ ਕਿਹਾ ਸੀ ਜਿਹੜੈ ਕਹਿੰਦੇ ਸਨ ਕਿ ਮਿਰਜ਼ਾ ਨੂੰ ਗ਼ਜ਼ਲ ਲਿਖਣੀ ਨਹੀਂ ਆਉਂਦੀ ਨਾ ਕਿ ਗ਼ਜ਼ਲ ਦੀ ਸਮਰੱਥਾ ਬਾਰੇ। ਉਹ, ਤਤਕਾਲੀ ਹੋਰਾਂ ਸ਼ਾਇਰਾਂ ਵੱਲੋਂ ਹੇਠ ਲਿਖੇ ਨਮੂਨੇ ਦੀ ਪਾਈ ਗ਼ਜ਼ਲ ਦੀ ਡਗਰ ਤੋਂ ਹਟ ਕੇ, ਗ਼ਜ਼ਲ ਦੀ ਰਚਨਾ ਕਰਨੀ ਚਾਹੁੰਦਾ ਸੀ :

ਸਨਮ! ਸੁਨਤੇ ਹੈਂ ਤੇਰੀ ਭੀ ਕਮਰ ਹੈ,
ਕਹਾਂ ਹੈ? ਕੈਸੀ ਹੈ? ਔਰ ਕਿਸ ਤਰਫ਼ ਹੈ?

ਇਹ ਵਿਦਰੋਹ ਉਸਦੀ ਗ਼ਜ਼ਲ ਨੂੰ ਹੇਠ ਲਿਖੇ ਮੁਕਾਮ ਉੱਤੇ ਪਹੁੰਚਾ ਗਿਆ:

ਹੈਂ ਔਰ ਭੀ ਦੁਨੀਆਂ ਮੇਂ ਸੁਖ਼ਨਵਰ ਬਹੁਤ ਅੱਛੇ
ਕਹਿਤੇਂ ਹੈਂ ਕਿ ਗ਼ਾਲਿਬ ਕਾ ਹੈ ਅੰਦਾਜ਼ਿ-ਬਿਆਂ ਅੋਰ

ਯੇ ਮਸਾਇਲੇ-ਤਸਵੁੱਫ਼, ਯੇ ਤੇਰਾ ਬਿਆਨ ‘ਗ਼ਾਲਿਬ’
ਤੁਝੇ ਹਮ ਵਲੀ ਸਮਝਤੇ ਜੋ ਨਾ ਬਾਦਾਖ਼ਵਾਰ ਹੋਤਾ।

? ਗੁਰਨਾਮ ਜੀ, ਤੁਹਾਡੀਆਂ ਗ਼ਜ਼ਲਾਂ ਦੇ ਸ਼ਿਅਰ ਕਾਫ਼ੀ ਮਕਬੂਲ ਹੋਏ ਹਨ। ਉਂਝ ਤਾਂ ਕਵੀ ਨੂੰ ਹਰ ਕਵਿਤਾ, ਹਰ ਸ਼ਿਅਰ ਓਨੇ ਹੀ ਪਿਆਰੇ ਹੁੰਦੇ ਹਨ ਪਰ ਫਿਰ ਵੀ ਕੁਝ ਸ਼ਿਅਰ ਮਨ ’ਤੇ ਸਦੀਵੀ ਛਾਪ ਛੱਡ ਜਾਣ ਦੀ ਤਾਕਤ ਰੱਖਦੇ ਹਨ। ਕੁਝ ਸ਼ਿਅਰ ਸੁਣਾਉਣੇ ਚਾਹੋਗੇ?

: ਤੁਸੀਂ ਮੇਰੀ ਲੋੜ ਤੋਂ ਵੱਧ ਤਾਰੀਫ਼ ਕਰ ਰਹੇ ਹੋ! ਕੁਝ ਸ਼ੇਅਰ ਅਰਜ਼ ਕਰ ਰਿਹਾ ਹਾਂ, ਲਓ ਫਿਰ ਸੁਣੋਂ!

1. ਕਣਕ ਦੇ ਖੇਤਾਂ ਦੇ ਬੰਨੇ ਧੜਕਦੇ ਦੋ ਦਿਲ ਮਿਲੇ

ਯਾਦ ਹੈ ਅੱਜ ਤੱਕ ਨਜ਼ਾਰਾ ਉਸ ਸੁਨਿਹਰੀ ਸ਼ਾਮ ਦਾ

2. ਤੇਰੇ, ਮੇਰੇ ਵਸਲ ਦੇ ਮਿਸਰੇ ਅਧੂਰੇ ਰਹਿ ਗਏ

ਗ਼ਜ਼ਲ ਸਾਡੇ ਦਰਦ ਦਾ ਅਨੁਵਾਦ ਹੋ ਕੇ ਰਹਿ ਗਈ

3. ਤੈਨੂੰ ਸਾਗਰ ਵਿੱਚ ਠਿਲਣ ਦਾ ਜੇ ਸ਼ੌਕ ਹੈ

ਬਹਿ ਕੇ ਕਿਸ਼ਤੀ ਦੇ ਵਿੱਚ ‘ਫੇ ਤੂੰ ਚੱਪੂ ਚਲਾ

ਪਾਣੀ ਸਮਿਆਂ ਦੇ ਪੁਲ਼ ਹੇਠੋਂ ਲੰਘ ਜਾਵੇਗਾ

ਦੋਸ਼ ਲਹਿਰਾਂ ਦੇ ਸਿਰ ਜੇ ਤੂੰ ਧਰਦਾ ਰਿਹਾ

4. ਸੂਰਜ ਹਾਂ ਮੈਂ ਟਲ਼ਨਾ ਨਹੀਂ ਚੜ੍ਹ ਜਾਵਾਂਗਾ

ਕਰ ਲਏ ਬੱਦਲ ਜੋ ਮਨ-ਆਈਆਂ ਅੰਬਰ ’ਤੇ

5. ਹੱਕ ਹੱਕ ਦੇ ਗੀਤ ਗਾਉਂਦਾ ਤੁਰ ਪਵਾਂਗਾ

ਨਜ਼ਰ ਵਿੱਚ ਜੁਗਨੂੰ ਜਗਾਉਂਦਾ ਤੁਰ ਪਵਾਂਗਾ

ਗੱਡ ਦਿਓ ਮੰਜ਼ਲ ਦੀ ਰਾਹ ਵਿੱਚ ਲੱਖ ਸੂਲ਼ੀ

ਮੈਂ ਨਵੇਂ ਰਸਤੇ ਬਣਾਉਂਦਾ ਤੁਰ ਪਵਾਂਗਾ

6. ਪੁੱਟ ਕੇ ਨਿੱਤ ਨਫ਼ਰਤ ਦੇ ਬੀਜ

ਪਆਰ ਦੇ ਬੋਂਦਾ ਰਿਹਾਂ

ਮੈਂ ਲੋਕਾਈ ਦੇ ਜ਼ਖਮ ‘ਤੇ

ਬੱਸ ਮੱਲ੍ਹਮ ਲਾਉਂਦਾ ਰਿਹਾਂ

ਕਿਉਂ ਭਲਾ ਭਟਕਾਂਗਾ

ਤੇਰੇ ਦਰ ’ਤੇ ਦੋ ਘੁੱਟ ਨੀਰ ਲਈ

ਮੈਂ ਜੋ ਉਮਰ ਭਰ

ਸਮੁੰਦਰ ਨੂੰ ਵੀ ਠੁਕਰਾਉਂਦਾ ਰਿਹਾਂ

7. ਦਿਨੇ ਮੈਂ ਸੌਂ ਨਹੀਂ ਸਕਦਾ ਤੇ ਰਾਤੀਂ ਨੀਂਦ ਨਹੀਂ ਆਉਂਦੀ

ਜ਼ਮਾਨਾ ਸਮਝਦਾ ਇੰਗਲੈਂਡ ਵਿੱਚ ਮੈਂ ਐਸ਼ ਫ਼ਰਮਾਵਾਂ

8. ਉੱਠਣਗੇ ਇਹ ਲਹਿਰਾਂ ਬਣ ਕੇ

ਦੁਨੀਆਂ ਦੇ ਦੁਖਿਆਰੇ ਲੋਕ।

9. ਲੋਕਾਂ ਦੇ ਗ਼ਮ ਅੰਦਰ ਡੁੱਬਾ ਏਸ ਕਦਰ

ਆਪਣੇ ਬਾਰੇ ਕੀ ਲਿਖਦਾ, ਲਿਖਵਾਉਂਦਾ ਮੈਂ।

? ਬਹੁਤ ਖੂਬ ਗੁਰਨਾਮ ਜੀ, ਤੁਸੀਂ ਨਜ਼ਮ ਅਤੇ ਗ਼ਜ਼ਲ ਵੀ ਲਿਖੀ ਹੈ। ਭਾਵੇਂ ਅੱਜ ਕੱਲ੍ਹ ਗ਼ਜ਼ਲ ਲਿਖਣ ਦਾ ਰਿਵਾਜ ਵੱਧ ਰਿਹਾ ਹੈ। ਗ਼ਜ਼ਲ ਲਿਖਣ ਵਾਲਿਆਂ ਦਾ ਕਹਿਣਾ ਹੈ ਕਿ ਕਈ ਵਾਰੀਂ ਕਾਫ਼ੀਏ ਦੇ ਸ਼ਬਦ ਲੱਭਦਿਆਂ, ਛੰਦ ਤੇ ਅਰੂਜ਼ ਦੀਆਂ ਮਾਤਰਾਂ ਗਿਣਦਿਆਂ ਖ਼ਿਆਲ ਭੁੱਲ ਜਾਂਦਾ ਹੈ। ਕਈ ਵਾਰ ਕਾਫ਼ੀਏ ਦੀ ਤੰਗੀ ਕਰ ਕੇ ਖ਼ਿਆਲ ਦੀ ਪੇਸ਼ਕਾਰੀ ਵਿੱਚ ਮੁਸ਼ਕਲ ਆਉਂਦੀ ਹੈ। ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ?

: ਮੈਂ ਇਸ ਵਿਚਾਰ ਨਾਲ ਸਹਿਮਤ ਨਹੀਂ। ਜਦੋਂ ਗ਼ਜ਼ਲ ਦੀ ਆਮਦ ਹੋਵੇ, ਮਨ ਇਕਾਗਰ ਹੋਵੇ ਅਤੇ ਦਿਲ-ਦਿਮਾਗ ਵਿੱਚ ਜਜ਼ਬਾਤ ਦਾ ਵੇਗ ਗ਼ਜ਼ਲ ਦੇ ਰੂਪ ਵਿੱਚ ਪ੍ਰਗਟ ਹੋਣ ਲਈ ਉੱਛਲ ਰਿਹਾ ਹੋਵੇ ਤਾਂ ਸ਼ਬਦ ਵੀ ਆਪਣੇ ਆਪ ਛਾਲਾਂ ਮਾਰਦੇ ਆਉਂਦੇ ਹਨ ਅਤੇ ਗ਼ਜ਼ਲ ਦੀ ਬਹਿਰ ਵਿੱਚ ਰੂਪਾਂਤਰਿਤ ਹੋ ਜਾਂਦੇ ਹਨ। ਗ਼ਜ਼ਲ ਸਿਰਜੀ ਜਾਂਦੀ ਹੈ। ਇਸ ਨੂੰ ਮੌਲਿਕ ਰੂਪ ਵਿੱਚ ਪ੍ਰਗਟ ਹੋਣ ਦਿਓ। ਬਾਦ ਵਿੱਚ ਤੁਸੀਂ ਇਸ ਨੂੰ ਹੋਰ ਵੀ ਸੁਆਰ ਸਕਦੇ ਹੋ। ਮਿਹਨਤ ਅਤੇ ਅਭਿਆਸ ਨਾਲ ਇਹ ਆਪਣੇ ਆਪ ਹੋਣ ਲੱਗ ਪੈਂਦਾ ਹੈ। ਦਾਸ, ਪਹਿਲਾਂ ਦੱਸ ਚੁੱਕਾ ਹੈ ਕਿ ਕੋਈ ਕਾਵਿ-ਰਚਨਾ ਪੂਰਵਨਿਸ਼ਚਿਤ ਨਹੀਂ ਹੁੰਦੀ। ਹਾਂ, ਜੇ ਗ਼ਜ਼ਲ ਖਿੱਚ-ਧੂਹ ਕੇ, ਲੇਵੀ ਲਾ ਕੇ, ਜ਼ੋਰ ਲਾ ਕੇ ਜੋੜਨੀ ਜਾਂ ਘੜਨੀ ਹੋਵੇ, ਉਸ ਵਿੱਚ ਤੁਹਾਡਾ ਸ਼ਿਲਪ ਤਾਂ ਹੋਵੇਗਾ ਪ੍ਰੰਤੂ ਕਾਵਿ-ਉਡਾਰੀ ਨਹੀਂ ਹੋਵੇਗੀ, ਅਣਦਿਸਦੇ ਮੰਡਲ ਨਹੀਂ ਹੋਣਗੇ।

? ਢਿੱਲੋਂ ਜੀ, ਅੱਛਾ ਇਹ ਵੀ ਦੱਸੋ ਕਿ ਸ਼ਾਇਰਾਂ ਨੇ ਕਾਫ਼ੀਆ ਦਾ ਵਰਗੀਕਰਨ ਵੀ ਕੀਤਾ ਹੈ। ਕਾਫ਼ੀਆ ਚੁਸਤ ਅਤੇ ਸੁਸਤ ਵੀ ਹੁੰਦਾ ਹੈ? ਕਾਫ਼ੀਏ ਬਾਰੇ ਸੰਖੇਪ ਜਾਣਕਾਰੀ ਦਿਓਗੇ?

: ਗ਼ਜ਼ਲ, ਅਰਬੀ, ਫ਼ਾਰਸੀ, ਉਰਦੂ ਰਾਹੀਂ ਪੰਜਾਬੀ ਵਿੱਚ ਆਈ। ਜਨਾਬ ਦੀਪਕ ਜੈਤੋਈ ਜੀ ਨੇ ਗ਼ਜ਼ਲ ਬਾਰੇ ਪੁਸਤਕ ਵੀ ਲਿਖੀ ਅਤੇ ਆਪਣਾ ਸਕੂਲ ਚਲਾਇਆ ਅਥਵਾ ਟਕਸਾਲ ਸਥਾਪਤ ਕੀਤੀ। ਇਸੇ ਤਰ੍ਹਾਂ ਡਾ. ਸਾਧੂ ਸਿੰਘ ਹਮਦਰਦ ਜੀ ਨੇ ਵੀ ਇਸ ਵਿਸ਼ੇ ਉੱਤੇ ਆਪਣਾ ਸ਼ੋਧ-ਕਾਰਜ, ਪੁਸਤਕ ਦੇ ਰੂਪ ਵਿੱਚ ਛਪਵਾਇਆ ਅਤੇ ਗ਼ਜ਼ਲ ਸਕੂਲ ਸਥਾਪਤ ਕੀਤਾ। ਹੋਰ ਵੀ ਕਈਆਂ ਵਿਦਵਾਨਾਂ ਡਾ. ਨਰੇਸ਼, ਡਾ. ਤਰਸੇਮ ਮਲੇਰਕੋਟਲਾ, ਚਾਨਣ ਗੋਬਿੰਦ ਪੁਰੀ, ਕਰਤਾਰ ਸਿੰਘ ਕਾਲੜਾ, ਮਹਿੰਦਰ ਮਾਨਵ ਅਤੇ ਸੁਲੱਖਣ ਸਰਹੱਦੀ ਆਦਿ ਦੀਆਂ ਗ਼ਜ਼ਲ ਬਾਰੇ ਲਿਖੀਆਂ ਪੁਸਤਕਾਂ ਉਪਲਭਦ ਹਨ। ਡਾ. ਤਰਸੇਮ ਨੇ ਗ਼ਜ਼ਲ ਨੂੰ ਪੰਜਾਬੀ ਭਾਸ਼ਾ ਦੇ ਉਚਾਰਣ ਅਤੇ ਵਿਆਕਰਣ ਅਨੁਸਾਰ ਸਮਝਣ ਦੀ ਯਥਾਸ਼ਕਿਤ ਕੋਸ਼ਿਸ਼ ਕੀਤੀ ਹੈਬਾਕੀ ਵਿਦਵਾਨਾਂ ਦੀਆਂ ਪੁਸਤਕਾਂ ਦਾ ਆਧਾਰ ਉਰਦੂ ਭਾਸ਼ਾ ਦਾ ਆਰੂਜ਼ ਹੀ ਹੈ। ਉਹ ਆਪਿਸ ਵਿੱਚ ਵੀ ਇੱਕਮਤ ਨਹੀਂ ਹਨ। ਉਰਦੂ ਭਾਸ਼ਾ ਵਿੱਚ ਵੀ ਵੱਖਰੇ ਵੱਖਰੇ ਸਕੂਲ ਸਨ ਅਤੇ ਹਨ ਜੋ ਆਪਿਸ ਵਿੱਚ ਇੱਕਮਤ ਨਹੀਂ ਸਨ ਅਤੇ ਹਨ। ਕਾਫ਼ੀਆ ਦੀਆਂ ਬੰਦਸ਼ਾਂ ਅਤੇ ਵਰਤੋਂ ਬਾਰੇ ਵੀ ਇਹ ਇਕਮਤ ਨਹੀਂ ਹਨ। ਕਾਫ਼ੀਆ ਸ਼ਬਦ ਦਾ ਧਾਤੂ, ਅਰਬੀ ਭਾਸ਼ੀ ਸ਼ਬਦ ‘ਫ਼ਕੂ’ ਹੈ ਜਿਸ ਦਾ ਅਰਥ ਹੈ, ਦੁਬਾਰਾ, ਮੁੜ ਮੁੜ ਕੇ। ਜਿਹੜਾ ਅੱਖਰ ਦੁਬਾਰਾ, ਮੁੜ ਮੁੜ ਕੇ ਕਿਸੇ ਸ਼ਿਅਰ ਦੇ ਅਖ਼ੀਰ ਵਿੱਚ ਆ ਕੇ ਗ਼ਜ਼ਲ ਨੂੰ ਤਰਕੀਬ ਵਿੱਚ ਬੰਨਦਾ ਹੈ ਉਸ ਨੂੰ ਕਾਫ਼ੀਆ ਕਹਿੰਦੇ ਹਨ। ਇਹ ਟਕਾਊ ਹੁੰਦਾ ਹੈ ਪ੍ਰੰਤੂ ਇਸ ਤੋਂ ਪਹਿਲਾਂ ਅੱਖਰ ਬਦਲਦਾ ਰਹਿਣਾ ਚਾਹੀਦਾ ਹੈ। ਕਾਫ਼ੀਆ, ਰਦੀਫ਼ ਤੋਂ ਪਹਿਲਾਂ ਆਉਂਦਾ ਹੈ। ਉਦਾਹਰਣ ਵਜੋਂ ਮੇਰੀ ਗ਼ਜ਼ਲ ਦਾ ਇੱਕ ਮਤਲਾ ਹਾਜ਼ਰ ਹੈ:

ਗੱਲ ਰਹੀ ਤਕਰੀਰਾਂ ਤੀਕਰ।

ਪਹੁੰਚੀ ਨਾ ਤਦਬੀਰਾਂ ਤੀਕਰ।

ਇਸ ਸ਼ਿਅਰ ਵਿੱਚ ਰਾਂ-ਤੀਕਰ ਰਦੀਫ਼ ਹੈ ਅਤੇ ਬਿਹਾਰੀ ( ੀ ) ਕਾਫ਼ੀਆ ਹੈ ਜੋ ‘ਮਿਸਰਾ ਅੱਵਲ’ (ਪਹਿਲੀ ਤੁਕ) ਅਤੇ ‘ਮਿਸਰਾ’ ‘ਸਾਨੀ’ (ਦੂਜੀ ਤੁਕ) ਵਿੱਚ ਆ ਕੇ ਹਰੇਕ ਸ਼ਿਅਰ ਨੂੰ ਤਰਕੀਬ ਵਿੱਚ ਬੰਨੇਗਾ। ਇਹ, ਇਸ ਗ਼ਜ਼ਲ ਦੇ ਬਾਕੀ ਅਸ਼ਆਰ ਵਿੱਚ ਵੀ ਆਵੇਗਾ ਜਿਵੇਂ:

ਤੇਰਾ ਮਹਿਲਾਂ ਨਾਲ ਯਰਾਨਾ

ਸਾਡੀ ਸਾਂਝ ਫ਼ਕੀਰਾਂ ਤੀਕਰ।

ਜਿੱਥੋਂ ਤੱਕ ਕਾਫ਼ੀਆ ਦੀ ਵਰਗ ਵੰਡ ਦਾ ਸੰਬੰਧ ਹੈ, ਇਸ ਬਾਰੇ ਦੀਪਕ ਜੈਤੋਈ ਜੀ ਨੇ ਆਪਣੀ ਪੁਸਤਕ ‘ਗ਼ਜ਼ਲ ਕੀ ਹੈ’? ਵਿੱਚ ਬੜੀ ਤਫ਼ਸੀਲ ਨਾਲ ਲਿਖਿਆ ਹੈ ਪ੍ਰੰਤੂ ਇਸਦਾ ਆਧਾਰ ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਹਾਂ ਉਰਦੂ ਭਾਸ਼ੀ ਆਰੂਜ ਹੀ ਹੈ। ਉਨ੍ਹਾਂ ਨੇ ਤਾਂ ਨਾਮ ਵੀ ਉਰਦੂ-ਫ਼ਾਰਸੀ ਭਾਸ਼ੀ ਵਰਤੇ ਜਾਂ ਹੂ-ਬ-ਹੂ ਨਕਲ ਕੀਤੀ ਹੈ। ਉਹ ਕਾਫ਼ੀਏ ਨੂੰ ‘ਮਾਮੂਲਾ’, ‘ਬਯਕ’, ‘ਬ-ਕੈਦ-ਬਯੱਕ’ ਅਤੇ ‘ਦੂਹਰਾ ਕਾਫ਼ੀਆ’ ਆਦਿ ਵਰਗਾਂ ਵਿੱਚ ਵੰਡਦੇ ਹਨ। ਹੋਰ ਵੀ ਕਈਆਂ ਲੇਖਕਾਂ ਨੇ ਆਪਣੇ ਆਪਣੇ ਢੰਗ ਨਾਲ ਕਾਫ਼ੀਆ ਦੀ ਵਰਗ ਵੰਡ ਕੀਤੀ ਹੈ ਅਤੇ ਕਈ ਤ੍ਰੈ ਕਾਫ਼ੀਆ, ਚੌ ਕਾਫ਼ੀਆ ਤੀਕ ਵੀ ਗਏ ਹਨ ਪ੍ਰੰਤੂ ਮੈਂ ਇਸ ਖ਼ਲਜਗਣ ਵਿੱਚ ਨਹੀਂ ਪੈਂਦਾ।’ਚੁਸਤ’ ਅਤੇ ‘ਸੁਸਤ’ ਕਾਫ਼ੀਆ ਬਾਰੇ ਵੀ ਮੇਰੀ ਆਪਣੀ ਸਮਝਦਾਰੀ ਅਤੇ ਕਸੌਟੀ ਹੈ ਜਿਵੇਂ ਜਿਹੜਾ ਕਾਫ਼ੀਆ, ਸ਼ਿਅਰ ਦੇ ਪ੍ਰਭਾਵ ਵਿੱਚ ਵਾਧਾ ਕਰਦਾ ਹੈ, ਪ੍ਰਭਾਵ ਨੂੰ ਤੀਖਣ ਕਰਦਾ ਹੈ ਮੇਰੀ ਲਈ ਉਹ ‘ਚੁਸਤ’ ਹੈ ਅਤੇ ਜਿਹੜਾ ਪ੍ਰਭਾਵ ਨੂੰ ਮਧਮ ਜਾਂ ਖੰਡਿਤ ਕਰਦਾ ਹੈ ਮੇਰੀ ਲਈ ਉਹ ‘ਸੁਸਤ’ ਹੈ।

? ਗੁਰਨਾਮ ਜੀ, ਕੀ ਗ਼ਜ਼ਲ ਦੀਆਂ ਹੋਰ ਬਾਰੀਕੀਆਂ ਬਾਰੇ ਵੀ ਕੁਝ ਦੱਸੋਗੇ?

ਮੈਂ ਗ਼ਜ਼ਲ ਦੇ ਉਸਤਾਦ ਸ਼ਾਇਰਾਂ ਪਾਸੋਂ ਖਿਮਾਂ ਮੰਗ ਕੇ ਗ਼ਜ਼ਲ ਬਾਰੇ ਛੋਟਾ ਮੂੰਹ ਵੱਡੀ ਗੱਲ ਕਰਨ ਜਾ ਰਿਹਾ ਹਾਂ, ਸੁਣੋ!

ਉੁਰਦੂ ਭਾਸ਼ਾ ਦੇ ਬਾਦਸ਼ਾਹ ਸ਼ਾਇਰ ਮਿਰਜ਼ਾ ਗ਼ਾਲਿਬ ਦਾ ਇੱਕ ਸ਼ਿਅਰ ਹੈ;

ਲੇਤਾ, ਨਾ ਅਗਰ ਦਿਲ ਤੁਮਹੇਂ ਦੇਤਾ, ਕੋਈ ਦਮ ਚੈਨ,

ਕਰਤਾ, ਜੋ ਨਾ ਮਰਤਾ, ਕੋਈ ਦਿਨ ਆਹੋ-ਫੁਗ਼ਾਂ ਔਰ।

ਇਸ ਸ਼ਿਅਰ ਦੇ ਮਿਸਰਾ ਅੱਵਲ ਵਿੱਚ ਮਿਰਜ਼ਾ ਸਾਹਿਬ ਫਰਮਾ ਰਹੇ ਹਨ:

ਜੇ ਮੈਂ, ਤੈਨੂੰ ਦਿਲ ਨਾ ਦਿੰਦਾ ਤਾਂ ਕੁਝ ਚਿਰ ਹੋਰ ਚੈਨ ਕਰਦਾ ਰਹਿੰਦਾ, ਸ਼ਾਂਤੀ ਨਾਲ ਬਤੀਤ ਕਰਦਾ ਅਤੇ ਮਿਸਰਾ ਸਾਨੀ ਵਿੱਚ ਕਹਿ ਰਹੇ ਹਨ:

ਜੇ ਮੈਂ ਨਾ ਮਰਦਾ ਤਾਂ ਕੋਈ ਦਿਨ ਹੋਰ ਸਿਸਕੀਆਂ (ਆਰਤਨਾਦ ਕਰਦਾ) ਭਰਦਾ ਰਹਿੰਦਾ। ਜੇਕਰ ਮਿਸਰਾ ਅੱਵਲ ਵਿੱਚ ਲੇਤਾ ਦੇ ਅੱਗੋਂ ਕਾਮਾ (,) ਹਟਾ ਕੇ ਦਿਲ ਦੇ ਅੱਗੇ ਲਾ ਦੇਈਏ ਅਤੇ ਦੇਤਾ ਦੇ ਅੱਗੋਂ ਵੀ ਕਾਮਾ ਹਟਾ ਦੇਈਏ ਤਾਂ ਇਸ ਸ਼ਿਅਰ ਦੇ ਅਰਥ ਬਦਲ ਜਾਣਗੇ ਜਿਵੇ;

ਲੇਤਾ ਨਾ ਅਗਰ ਦਿਲ, ਤੁਮਹੇਂ ਦੇਤਾ ਕੋਈ ਦਮ ਚੈਨ

ਜੇ ਮੈਂ, ਤੇਰਾ ਦਿਲ ਨਾ ਲੈਂਦਾ ਤਾਂ ਤੈਨੂੰ ਕੁਝ ਚਿਰ ਚੈਨ ਨਾਲ ਜੀਣ ਦਿੰਦਾ

ਇਸੇ ਤਰ੍ਹਾਂ ਜੇ ਮਿਸਰਾ ਸਾਨੀ ਵਿੱਚ ਕਰਤਾ ਅਤੇ ਮਰਤਾ ਹੀ ਪ੍ਰਸਪਰ ਹਰਕਤ ਬਦਲ ਦੇਈਏ

ਤਾਂ ਇਸਦੇ ਅਰਥ ਹੋਰ ਸਪਸ਼ਟ ਹੋ ਜਾਣਗੇ ਜਿਵੇਂ:

ਮਰਤਾ ਜੋ ਨਾ, ਕਰਤਾ ਕੋਈ ਦਿਨ ਆਹੋ-ਫੁਗ਼ਾਂ ਔਰ। ਇਹ ਸ਼ਿਅਰ ਇਸ ਤਰ੍ਹਾਂ ਬਣ ਜਾਵੇਗਾ :

ਨਾ ਅਗਰ ਦਿਲ ਤੁਮਹੇਂ ਦੇਤਾ, ਲੇਤਾ ਕੋਈ ਦਮ ਚੈਨ

ਮਰਤਾ ਜੋ ਨਾ, ਕਰਤਾ ਕੋਈ ਦਿਨ ਆਹੋ-ਫੁਗ਼ਾਂ ਔਰ

ਇਸ ਸ਼ਿਅਰ ਵਿੱਚ ਨਾ ਕੋਈ ਸ਼ਬਦ ਪਾਇਆ ਹੈ ਅਤੇ ਨਾ ਹੀ ਪਾਇਆ ਹੋਇਆ ਕੱਢਿਆ ਹੈ, ਸਿਰਫ਼ ਸ਼ਬਦਾਂ ਦੀ ਹਰਕਤ ਬਦਲਣ ਨਾਲ ਸ਼ਿਅਰ ਦੇ ਅਰਥ ਸਪਸ਼ਟ ਹੋ ਗਏ ਹਨ। ਇਹ ਗ਼ਜ਼ਲ ਦੀਆਂ ਬਾਰੀਕੀਆਂ ਹਨ। ਗ਼ਜ਼ਲ ਦੇ ਉਸਤਾਦ ਸ਼ਾਇਰਾਂ ਨੂੰ ਮੇਰੀ ਬੇਨਤੀ ਹੈ ਕਿ ਜੇ ਮੈਂ ਗ਼ਲਤ ਹਾਂ ਤਾਂ ਮੈਂਨੂੰ ਠੀਕ ਕਰਨ, ਮੈਂ, ਉਨ੍ਹਾਂ ਪਾਸੋਂ ਸਿੱਖਣਾ ਚਾਹੁੰਦਾ ਹਾਂ।

? ਗਜ਼ਲ ਦੇ ਕੁਝ ਹਮਾਇਤੀਆਂ ਦਾ ਕਹਿਣਾ ਹੈ ਕਿ ਸਤਵੇਂ ਦਹਾਕੇ ਵਿੱਚ ਪ੍ਰਯੋਗਵਾਦੀਆਂ ਅਤੇ ਜੁਝਾਰੂ, ਨਕਸਲਵਾੜੀ ਲਹਿਰ ਨੇ ਜਿਸ ਕਿਸਮ ਦੀ ਨਸਰੀ ਨਜ਼ਮ ਤੇ ਅਕਵਿਤਾ ਨੂੰ ਜਨਮ ਦਿੱਤਾ, ਉਸ ਨਾਲ ਪੰਜਾਬੀ ਕਵਿਤਾ ਆਪਣੇ ਪਾਠਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

: ਵੇਖੋ! ਪ੍ਰਯੋਗਵਾਦ ਦਾ ਸਿਧਾਂਤਕ ਆਧਾਰ ਕੁਝ ਵੀ ਨਹੀਂ ਸੀ। ਇਸ ਲਈ ਉਸ ਨੇ ਖੁਰ ਹੀ ਜਾਣਾ ਸੀ। ਇਸ ਨੇ ਪੰਜਾਬੀ ਕਾਵਿਤਾ ਦੇ ਰੂਪਕ ਪੱਖ ਨੂੰ ਮਾਮੂਲੀ ਜਿਹਾ ਪ੍ਰਭਾਵਿਤ ਕੀਤਾ। ਜਿੱਥੋਂ ਤੱਕ ਸੱਤਰਵਿਆਂ ਦੀ ਜੁਝਾਰੂ, ਨਕਸਲਵਾੜੀ ਲਹਿਰ ਦਾ ਸੰਬੰਧ ਹੈ, ਇਸ ਸਮੇਂ ਭਾਵੇਂ ਬੜੀਆਂ ਉਪਭਾਵਿਕ ਕਿਸਮ ਦੀਆਂ ਮਾਅਰਕੇਬਾਜ਼ੀ ਭਰਪੂਰ ਰਚਨਾਵਾਂ ਥੋੜੀ ਦੇਰ ਲਈ ਨਮੂਦਾਰ ਹੋਈਆਂ ਪ੍ਰੰਤੂ ਇਸ ਨੇ ਪੰਜਾਬੀ ਭਾਸ਼ਾ ਦੀ ਕਵਿਤਾ ਵਿੱਚ ਪ੍ਰਾਪਤ ਜਮੂਦ ਨੂੰ ਤੋੜਿਆ। ਸ਼ਾਇਰਾਂ ਨੇ ਆਪਣੇ ਜਿਸਮ ਉੱਪਰ ਘੋਰ ਤਸੀਹੇ ਝੱਲ ਕੇ ਪੁਲੀਸ ਤਸ਼ੱਦਦ ਨੂੰ ਨੰਗਿਆਂ ਕੀਤਾ। ਅਵਤਾਰ ਪਾਸ਼ ਨੇ ਬੜੀਆਂ ਖੂਬਸੂਰਤ ਨਜ਼ਮਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਸੰਤ ਰਾਮ ਉਦਾਸੀ ਦੇ ਕਈ ਗੀਤ ਹਰਮਨ ਪਿਆਰੇ ਹੋਏ। ਇਸੇ ਤਰ੍ਹਾਂ ਲਾਲ ਸਿੰਘ ਦਿਲ ਨੇ ਦਲਿਤਾਂ ਅਤੇ ਵੰਚਿਤਾਂ ਦੀ ਸੰਵੇਦਨਾ ਨੂੰ ਬੜੀ ਸ਼ਿੱਦਤ ਨਾਲ ਪੇਸ਼ ਕੀਤਾ। ਇਸ ਲਹਿਰ ਨੇ ਪੰਜਾਬੀ ਪਾਠਕਾਂ ਦਾ ਕਵਿਤਾ ਪ੍ਰਤੀ ਵਿਸ਼ਵਾਸ ਨਹੀਂ ਗੁਆਇਆ। ਹਾਂ, ਇਨ੍ਹਾਂ ਦਾ ਠਾਅ..ਠਾਅ.. ਦਾ ਪੈਂਤੜਾ ਹਾਲਾਤ ਅਨੁਕੂਲ ਨਹੀਂ ਸੀ। ਦੋ ਹੋਰ ਰਾਜਨੀਤਕ ਪੈਂਤੜੇ ਵੀ ਗ਼ਲਤ ਸਨ। ਪਾਠਕਾਂ ਨੂੰ ਦੂਰ ਕਰਨ ਵਿੱਚ ਉੱਤਰ-ਅਧੁਨਿਕਵਾਦੀਆਂ ਦਾ ਭਰਪੂਰ ਯੋਗਦਾਨ ਹੈ ਜਿਹੜੇ ਬੇਸਿਰ-ਪੈਰ ਭੁਲ-ਭਲਾਈਆਂ ਸਿਰਜ ਕੇ, ਪੱਛਮ ਦੀ ਨਕਲ ਕਰ ਕੇ, ਕਵਿਤਾ ਦਾ ਮੂੰਹ-ਮੁਹਾਂਦਰਾ ਵਿਗਾੜ ਰਹੇ ਹਨ, ਅਕਵਿਤਾ ਪਰੋਸ ਰਹੇ ਹਨ ਅਤੇ ਅਸਾਡੇ ਤਥਾਕਥਿਤ ਬੁੱਧੀਜੀਵੀਆਂ ਦੇ ਇੱਕ ਵਰਗ ਦਾ ਉਨ੍ਹਾਂ ਦੇ ਸਿਰ ਉੱਤੇ ਹੱਥ ਹੈ।

? ਠਾਅ.. ਠਾਅ.. ਤੋਂ ਤੁਹਾਡਾ ਕੀ ਭਾਵ ਹੈ? ਨਕਸਲਵਾੜੀ ਅਥਵਾ ਜੁਝਾਰੂ ਲਹਿਰ ਦੇ ਕਿਹੜੇ ਦੋ ਹੋਰ ਪੈਂਤੜੇ ਗ਼ਲਤ ਸਨ ਨਾਲ ਲੱਗਦਾ ਹੁਣ ਇਹ ਵੀ ਦੱਸਦੇ ਜਾਉ?

: ਠਾਅ..ਠਾਅ ਤੋਂ ਮੇਰਾ ਭਾਵ ਹੈ ਕਿ ਨਕਸਲਵਾੜੀ ਲਹਿਰ ਦੇ ਆਗੂ ਸਮਝਦੇ ਸਨ ਕਿ ਲੋਕ ਹਥਿਆਰਬੰਦ ਇਨਕਲਾਬ ਲਈ ਤਿਆਰ ਹਨ, ਇਸ ਲਈ ਹਥਿਆਰ ਚੁੱਕ ਲਓ। ਇਸ ਪ੍ਰਸੰਗ ਵਿੱਚ ਇੱਕ ਤੱਥ ਹੋਰ ਜੁੜਦਾ ਹੈ ਕਿ ਗੁਰੀਲਾ ਯੁੱਧ ਕਦੀ ਵੀ ਮੈਦਾਨੀ ਇਲਾਕੇ ਵਿੱਚ ਸ਼ੁਰੂ ਨਹੀਂ ਕੀਤਾ ਜਾਂਦਾ। ਇਸਦਾ ਆਰੰਭ ਹਮੇਸ਼ਾ ਜੰਗਲੀ ਜਾਂ ਪਹਾੜੀ ਇਲਾਕੇ ਵਿੱਚ ਹੁੰਦਾ ਹੈ। ਇਸ ਦਾਅ-ਪੇਚੀ ਪੈਂਤੜੇ ਨੂੰ ‘ਸਿਆਸਤ ਬੰਦੂਕ ਦੀ ਨਾਲੀ ਵਿੱਚੋਂ ਜਨਮ ਲੈਂਦੀ ਹੈ’ ਦੇ ਉਸ ਵੇਲੇ ਦੇ ਦਿੱਤੇ ਗਏ ਸਲੋਗਨ ਨਾਲ ਵੀ ਜੋੜ ਸਕਦੇ ਹੋ। ਦੂਜੇ ਦੋ ਗ਼ਲਤ ਰਾਜਨੀਤਕ ਪੈਂਤੜੇ ਸੀ :

1. ਪ੍ਰਧਾਨ ਮਾਓ ਅਸਾਡਾ ਪ੍ਰਧਾਨ ਹੈ2. ਭਾਰਤ ਦੇਸ਼ ਅਜੇ ਗੁਲਾਮ ਹੈ।

? ਗੱਲ ਆਪਾਂ ਗ਼ਜ਼ਲ ਦੀ ਕਰ ਰਹੇ ਸੀ, ਗ਼ਜ਼ਲ ਲਿਖਣ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਤੁਗੱਜ਼ਲ ਹੀ ਗ਼ਜ਼ਲ ਦੇ ਸ਼ਿਅਰ ਦੀ ਸਭ ਤੋਂ ਵੱਡੀ ਪਛਾਣ ਹੈ। ਅਧੁਨਿਕ ਗ਼ਜ਼ਲ ਦੇ ਸ਼ਿਅਰਾਂ ਵਿੱਚ ਗ਼ਜ਼ਲੀਅਤ ਅਤੇ ਨਜ਼ਮੀਅਤ ਦੋਵੇਂ ਹੋਣੇ ਚਾਹੀਦੇ ਹਨ। ਇਕੱਲੇ ਨਜ਼ਮ ਦੇ ਸ਼ਿਅਰ ਗ਼ਜ਼ਲ ਦੀ ਹੋਂਦ ਲਈ ਖ਼ਤਰ੍ਹਾਂ ਹਨ। ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ?

: ਨਜ਼ਮ ਦੇ ਸ਼ਿਅਰ ਹੀ ਨਹੀਂ ਹੁੰਦੇ। ਫਿਰ ਗ਼ਜ਼ਲ ਨੂੰ ਖ਼ਤਰ੍ਹਾਂ ਕਾਹਦਾ? ਨਜ਼ਮ ਅਤੇ ਗ਼ਜ਼ਲ, ਸਾਹਿਤ ਦੀਆਂ ਵੱਖ ਵੱਖ ਧਾਰਾਵਾਂ ਹਨ। ਨਜ਼ਮੀਅਤ ਨੂੰ ਬਦੋਬਦੀ ਗ਼ਜ਼ਲੀਅਤ ਵਿੱਚ ਘਸੋੜ ਕੇ ਕੀ ਖੱਟੋਗੇ! ਜੇ ਗ਼ਜ਼ਲ, ਗ਼ਜ਼ਲ ਹੋਵੇਗੀ ਤਾਂ ਉਸ ਵਿੱਚ ਉਸਦਾ ਹੁਸਨ, ਸੁੰਦਰਤਾ, ਸ਼ੋਖ਼ੀ, ਨਜ਼ਾਕਤ, ਲਤਾਫ਼ਤ ਆਦਿ, ਤੁਗੱਜ਼ਲ ਹੋਵੇਗਾ ਹੀ। ਗ਼ਜ਼ਲ ਵਿੱਚ ਕਿਸੇ ਵੀ ਆਧੁਨਿਕ ਵਿਸ਼ੇ ਦੀ ਮਨਾਹੀ ਨਹੀਂ। ਸਾਹਿਤ ਵਿੱਚ ਕੋਈ ਸਚਾਈ ਆਖ਼ਰੀ ਨਹੀਂ ਹੁੰਦੀ। ਸਚਾਈ ਦੀ ਖੋਜ ਜਾਰੀ ਰਹਿੰਦੀ ਹੈ। ਉਦਾਹਰਣ ਵਜੋਂ ਹੁਸਨ, ਸੁੰਦਰਤਾ ਅਤੇ ਸ਼ੋਖ਼ੀ ਆਦਿ ਦੀ ਪ੍ਰੀਭਾਸ਼ਾ ਵੀ ਬਦਲਦੀ ਰਹਿੰਦੀ ਹੈ ਅਤੇ ਵੱਖ ਵੱਖ ਸਭਿਆਚਾਰਾਂ ਵਿੱਚ ਵੱਖਰੀ ਹੁੰਦੀ ਵੀ ਹੈ। ਸਮਾਜਿਕ ਵਿਕਾਸ ਦੇ ਕਿਸੇ ਪੜਾਅ ਉੱਤੇ, ਹੱਥ ਵਿੱਚ ਫੜੇ ਗੁਲਦਸਤੇ ਨਾਲੋਂ ਹੱਥ ਵਿੱਚ ਫੜੀ ਬੰਦੂਕ ਸੁੰਦਰ ਲੱਗਦੀ ਹੈ। ਸ਼੍ਰੇਣੀ ਸਮਾਜ ਵਿੱਚ ਸ਼੍ਰੇਣੀਆਂ ਦਾ ਸੌਦਰਯ ਵੀ ਇੱਕ ਦੂਜੀ ਨਾਲੋਂ ਵੱਖਰਾ ਹੁੰਦਾ ਹੈ। ਮਜ਼ਦੂਰਨ ਲਈ ਆਪਣੇ ਪਤੀ ਦਾ ਕਾਲ਼ਾ ਰੰਗ ਸੁੰਦਰਤਾ ਦਾ ਪ੍ਰਤੀਕ ਹੈ :

ਮਾਹੀ ਮੇਰਾ ਕਾਲ਼ੇ ਰੰਗਦਾ, ਵਿਹੜੇ ਵੜਦਾ ਤਾਂ ਚਾਅ ਚੜ੍ਹ ਜਾਂਦਾ।

ਜਦੋਂ ਕਿ ਭੂਤਕਾਲ ਵਿੱਚ ਗੋਰੇ ਰੰਗ ਨੂੰ ਹੀ ਸੁਹੱਪਣ ਦਾ ਅੰਗ ਮੰਨਿਆ ਜਾਂਦਾ ਸੀ।

? ਅਰਬੀ, ਫ਼ਾਰਸੀ ਦੇ ਉਚਾਰਣ ਅਤੇ ਪੰਜਾਬੀ ਦੇ ਉਚਾਰਣ ਸਮੇਂ ਵਜ਼ਨ ਦੇ ਅਸੂਲਾਂ ਦੀ ਗੱਲ ਕਰਦਿਆਂ ਇਹ ਵੀ ਪਤਾ ਲੱਗਦਾ ਹੈ ਪੰਜਾਬੀ ਵਿੱਚ ਪੈਰੀਂ ਪੈਣ ਵਾਲੇ ਅੱਖ਼ਰ ਜਿਵੇਂ ਹ, ਵ, ਰ, ਵਜ਼ਨ ਵਿੱਚ ਗਿਣੇ ਨਹੀਂ ਜਾਂਦੇ। ਕੁਝ ਗ਼ਜ਼ਲ ਮਾਹਿਰਾਂ ਦਾ ਵਿਚਾਰ ਹੈ ਕਿ ਰ ਨੂੰ ਪੈਰ ਵਿੱਚ ਪਾਉਣ ਦੀ ਮੁਸ਼ਕਲ ਜ਼ਿਆਦਾ ਆਉਂਦੀ ਹੈ। ਕੀ ਤੁਸੀਂ ਇਸ ਨਾਲ ਸਹਿਮਤ ਹੋ?

: ਉਹ ਵਿਅਕਤੀ ਗ਼ਜ਼ਲ ਮਾਹਿਰ ਹੋ ਹੀ ਨਹੀਂ ਸਕਦੇ ਜਿਨ੍ਹਾਂ ਨੂੰ ਰ ਨੂੰ ਪੈਰ ਵਿੱਚ ਪਾਉਣ ਦੀ ਮੁਸ਼ਕਲ ਜ਼ਿਆਦਾ ਹੁੰਦੀ ਹੈ। ਮੈਂਨੂੰ ਅਜਿਹੀ ਕੋਈ ਮੁਸ਼ਕਲ ਨਹੀਂ ਹੁੰਦੀ। ਉਹ ਕਿਉਂ ਅਰਬੀ, ਫ਼ਾਰਸੀ ਅਤੇ ਉਰਦੂ ਦੇ ਉਚਾਰਣ ਅਥਵਾ ਸਾਊਂਡਜ (ਵਾਕੰਸ਼ਾਂ)/ ਆਵਾਜ਼ਾਂ ਨੂੰ ਪੰਜਾਬੀ ਭਾਸ਼ਾ ਦੀਆਂ ਆਵਾਜ਼ਾਂ ਉੱਤੇ ਲਾਗੂ ਕਰਦੇ ਹਨ? ਇਸਦਾ ਸਰਲ ਤਰੀਕਾ ਹੈ ਕਿ ਪੈਰ ਵਿੱਚ ਪਾਏ ਰ ਦੀ ਹਰਕਤ ਨੋਟ ਕਰਕੇ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਏ ਅੱਖਰ ਦੀ ਮਾਤਰ੍ਹਾਂ ਵਧਾ ਜਾਂ ਗਿਰਾ ਦਿਓ। ਪੰਜਾਬੀ ਵਿੱਚ ਮੁਕਤਾ, ਔਂਕੜ ਅਤੇ ਸਿਹਾਰੀ ਦੀ ਮਾਤਰ੍ਹਾਂ ਨਹੀਂ ਗਿਣੀ ਜਾਂਦੀ। ਮਾਤਰਾਂ ਦੀ ਗਿਣਤੀ ਪੂਰੀ ਹੋਣ ਦੇ ਬਾਵਜੂਦ ਸ਼ਿਅਰ ਬੇਵਜ਼ਨ ਹੋ ਸਕਦਾ ਹੈ। ਦਾਸ ਨੂੰ ਕਦੀ ਵੀ ਪੈਰ ਵਿੱਚ ਵ ਵਰਤਣ ਦੀ ਲੋੜ ਨਹੀਂ ਪਈ

? ਅੱਛਾ ਗੁਰਨਾਮ ਜੀ, ਇਹ ਦੱਸੋ ਕਿ ਆਲੋਚਕਾਂ ਨੇ ਤੁਹਾਡੇ ਕੰਮ ਨੂੰ ਕਿਸ ਤਰ੍ਹਾਂ ਲਿਆ? ਬਹੁਤ ਵਾਰ ਸੁਣਨ ਵਿੱਚ ਆਇਆ ਹੈ ਕਿ ਸਾਡੇ ਆਲੋਚਕ ਪੱਛਮੀ ਢੰਗ ਨਾਲ ਹੀ ਆਲੋਚਨਾ ਕਰਦੇ ਹਨ। ਭਾਰਤੀ ਕਾਵਿ-ਸ਼ਾਸਤਰ ਦੀ ਆਲੋਚਨਾ ਪ੍ਰਣਾਲੀ ਵਿੱਚ ਕਿਹੜੀਆਂ ਘਾਟਾਂ ਹਨ, ਜਿਸ ਕਰਕੇ ਸਾਡੇ ਆਲੋਚਕਾਂ ਨੂੰ ਪੱਛਮੀ ਕਾਵਿ-ਸ਼ਾਸਤਰ ਦਾ ਸਹਾਰਾ ਲੈਣਾ ਪੈਂਦਾ ਹੈ?

: ਮੈਂ ਆਪਣੀ ਸਮਰੱਥਾ ਅਨੁਸਾਰ ਕੰਮ ਕਰ ਰਿਹਾ ਹਾਂ। ਮੇਰਾ, ਆਪਣੇ ਕੰਮ ਕਰਨ ਵਿੱਚ ਵਿਸ਼ਵਾਸ ਹੈ, ਚਰਚਾ ਕਰਨ/ਕਰਵਾਉਣ ਵਿੱਚ ਨਹੀਂ। ਭਾਰਤ ਫੇਰੀ ਸਮੇਂ ਕਦੀ ਵੀ ਕਿਸੇ ਸਾਹਿਤਕ ਪਰਚੇ ਦੇ ਸੰਪਾਦਕ ਜਾਂ ਕਿਸੇ ਸਮਾਲੋਚਕ ਨੂੰ ਕਿਸੇ ਸਵਾਰਥ ਲਈ ਮਿਲਣ ਨਹੀਂ ਗਿਆ। ਪੰਜਾਬ ਦੀ ਕਦੀ ਕਿਸੇ ਸਾਹਿਤ ਸਭਾ ਦੇ ਸਮਾਗਮ ਵਿੱਚ ਨਹੀਂ ਗਿਆ। ਜੇ ਕੋਈ ਨਿਮੰਤ੍ਰਣ ਭੇਜੇ ਤਾਂ ਬੜੀ ਆਜਜ਼ੀ ਨਾਲ ਅਸਮਰੱਥਾ ਜ਼ਾਹਰ ਕਰ ਦਿੰਦਾ ਹਾਂ। ਇੱਕ ਵਾਰ ਪ੍ਰੋ. ਵਰਿਆਮ ਸੰਧੂ ਦੇ ਕਹਿਣ ’ਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਇਆ ਸੀ ਅਤੇ ਉਨ੍ਹਾਂ ਨੇ ਹੀ ਦੇਸ਼ ਭਗਤ ਯਾਦਗਾਰ ਹਾਲ ਵਿੱਚ ਇੱਕ ਸਮਾਗਮ ਕਰਵਾਇਆ ਸੀ ਜਿਸ ਵਿੱਚ ਹਾਜ਼ਰੀ ਭਰੀ ਸੀ। ਇਸੇ ਤਰ੍ਹਾਂ ਹਰਭਜਨ ਸਿੰਘ ਹੁੰਦਲ ਨਾਲ ਇੱਕ ਵਾਰੀਂ ਕੇਂਦਰੀ ਲਿਖਾਰੀ ਸਭਾ ਵੱਲੋਂ ਪਟਿਆਲਾ ਸ਼ਹਿਰ ਵਿੱਚ ਆਯੋਜਤ ਕੀਤੇ ਧਰਨੇ ਵਿੱਚ ਹਿੱਸਾ ਲਿਆ ਸੀ। ਇੱਕ ਵਾਰੀਂ ਇੱਕ ਮਿੱਤਰ ਦੇ ਕਹਿਣ ’ਤੇ ਸਿਰਜਣਾ ਕੇਂਦਰ ਕਪੂਰਥਲਾ ਦੇ ਰੂ-ਬ-ਰੂ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਸੀ। ਮੇਰੀਆਂ ਬਹੁਤੀਆਂ ਪੁਸਤਕਾਂ ਭੂਮਿਕਾਵਾਂ ਤੋਂ ਬਗੈਰ ਛਪੀਆਂ ਹਨ। ਇਸ ਤੱਥ ਦੀ ਮੈਂ ਬਹੁਤ ਘੱਟ ਪਰਵਾਹ ਕਰਦਾ ਹਾਂ ਕਿ ਮੇਰੇ ਕੀਤੇ ਕੰਮ ਦਾ ਕੋਈ ਨੋਟਿਸ ਲੈਂਦਾ ਹੈ ਕਿ ਨਹੀਂ। ਮੇਰੀਆਂ ਲਿਖੀਆਂ ਪੁਸਤਕਾਂ ਦੇ ਕੁਝ ਰਿਵਿਊ ਸਾਹਿਤਕ ਰਸਾਲਿਆਂ ਵਿੱਚ ਛਪੇ ਹਨ।’ਸਿਰਜਣਾ’ ਵਿੱਚ ਛਪੇ ਰਿਵਿਊ ਮੈਂ ਪੜ੍ਹੇ ਹਨ। ਮੇਰੀ ਤਸੱਲੀ ਹੈ। ਹੋਰ ਕਈਆਂ ਰਸਾਲਿਆਂ ਵਿੱਚ ਜੋ ਛਪੇ, ਪੜ੍ਹੇ ਹੀ ਨਹੀਂ, ਕੇਵਲ ਦੋਸਤਾਂ ਪਾਸੋਂ ਉਨ੍ਹਾਂ ਬਾਰੇ ਸੁਣਿਆ ਹੀ ਹੈ।

ਇੰਗਲੈਂਡ ਦੇ ਤਥਾਕਥਿਤ ਆਲੋਚਕਾਂ ਦੇ ਲਿਖਿਆਂ ‘ਪਰਚਿਆਂ’ ਜਾਂ ਪੁਸਤਕਾਂ ਨੇ ਮੈਂਨੂੰ ਕਦੀ ਪ੍ਰਭਾਵਿਤ ਨਹੀਂ ਕੀਤਾ। ਉਹ ਮੇਰਾ ਜ਼ਿਕਰ ਕਰਨ ਜਾਂ ਨਾ ਕਰਨ ਕਦੀ ਤਵੱਜੋ ਨਹੀਂ ਦਿੱਤੀ। ਜੇਕਰ ਉਹ ਮੇਰਾ ਜ਼ਿਕਰ ਨਾ ਕਰਨ ਤਾਂ ਕਈ ਵਾਰੀਂ ਦਿਲ ਨੂੰ ਖ਼ੁਸ਼ੀ ਹੁੰਦੀ ਹੈ ਕਿ ਮੈਂ, ਉਨ੍ਹਾਂ ਨਾਲੋਂ ਵੱਖਰਾ ਹਾਂ। ਉਹ ਆਪਣੀ ਬੌਧਿਕ ਗ਼ਰੀਬੀ ਦਾ ਪ੍ਰਗਟਾਵਾ ਕਰਦੇ ਹਨ। ਪ੍ਰੀਤਮ ਸਿੰਘ ਕੈਂਬੋ ਬੜੇ ਮਿਹਨਤੀ ਬੰਦੇ ਹਨ। ਉਹ ਬਿਨਾਂ ਕਿਸੇ ਲਾਗਤਬਾਜ਼ੀ ਦੇ ਆਪਣੀ ਸਮਰੱਥਾ ਅਨੁਸਾਰ ਇਸ ਖੇਤਰ ਵਿੱਚ ਕੰਮ ਕਰ ਰਹੇ ਹਨ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਮੇਰੇ ਮਿੱਤਰ ਹਰਭਜਨ ਸਿੰਘ ਹੁੰਦਲ ਵੀ ਮੇਰੀ ਕਿਸੇ ਪੁਸਤਕ ਦਾ ਰਿਵਿਊ ਆਪਣੇ ਪਰਚੇ ‘ਚਿਰਾਗ’ ਵਿੱਚ ਨਹੀਂ ਕਰ/ਕਰਵਾ ਸਕੇ। ਅਸਾਡੇ ਵਿਸ਼ਵ ਵਿਦਿਆਲਿਆਂ ਵਿੱਚ ਪਰਵਾਸੀ ਪੰਜਾਬੀ ਕਾਵਿ ਬਾਰੇ ਕੀਤਾ ਸ਼ੋਧ-ਕਾਰਜ ਬੜਾ ਮਕੈਨਕੀ ਅਤੇ ਕਿਸੇ ਮਜਬੂਰੀ-ਵਸ ਕੀਤਾ ਜਾਪਦਾ ਹੈ। ਪ੍ਰੰਤੂ ਮੈਂਨੂੰ ਕਿਸੇ ਵਿਅਕਤੀ ਜਾਂ ਕਿਸੇ ਅਦਾਰੇ ਬਾਰੇ ਕੋਈ ਨਿੱਜੀ ਸ਼ਿਕਵਾ ਜਾਂ ਸ਼ਿਕਾਇਤ ਨਹੀਂ। ਤੁਹਾਡੇ ਸਵਾਲ ਦੇ ਦੂਜੇ ਭਾਗ ਦਾ ਘੇਰਾ ਬਹੁਤ ਵਸੀਹ ਹੈ। ਇਸ ਬਾਰੇ ਤਾਂ ਪੁਸਤਕਾਂ ਉੱਤੇ ਪੁਸਤਕਾਂ ਲਿਖੀਆਂ ਜਾ ਸਕਦੀਆਂ ਹਨ। ਇਸਦਾ ਉੱਤਰ ਦੇਣ ਲਈ, ਪਹਿਲਾਂ ਤਾਂ ਭਾਰਤੀ ਕਾਵਿ-ਸ਼ਾਸਤਰ ਦੀਆਂ ਸੰਭਾਵਨਾਵਾਂ ਅਤੇ ਸੀਮਾਵਾਂਦੀ ਇਤਿਹਾਸਕ ਦਵੰਦਵਾਦੀ ਪਦਾਰਥਵਾਦੀ ਵਿਧੀ ਰਾਹੀਂ ਪਰਖ-ਪੜਚੋਲ ਕਰਨੀ ਪਏਗੀ। ਇਸ ਤੋਂ ਉਪਰੰਤ ਪੱਛਮੀ ਕਾਵਿ-ਸ਼ਾਸਤਰ ਦੀਆਂ ਅਨੇਕਾਂ ਧਾਰਾਵਾਂ ਦਾ ਪਠਨ-ਪਾਠਨ, ਅਧਿਅਨ, ਮੰਥਨ ਅਤੇ ਨਿਰਣੈ ਕਰਨਾ ਹੋਵੇਗਾ। ਇਸਦੇ ਨਾਲ ਆਪਣੇ ਆਲੋਚਕਾਂ ਦੀ ਅੱਜ ਤੱਕ ਦੀ ਕੀਤੀ ਆਲੋਚਨਾ ਨੂੰ ਵੀ ਨਿਰਖਣਾ-ਪਰੱਖਣਾ ਹੋਵੇਗਾ।

ਚਲੋ! ਮੈਂ ਆਪਣੇ ਅਸੰਪੂਰਨ ਗਿਆਨ ਦੇ ਅਧਾਰ ਉੱਪਰ ਤੁਹਾਡੇ ਸਵਾਲ ਦਾ ਸਤਹੀ ਜਿਹਾ ਉੱਤਰ ਦੇ ਦਿੰਦਾ ਹਾਂ। ਭਾਰਤੀ ਕਾਵਿ-ਸ਼ਾਸਤਰ ਵਿੱਚ ਰਸ-ਸਿਧਾਂਤ, ਛੰਦ-ਸਿਧਾਂਤ ਅਤੇ ਸੰਗੀਤ-ਸਿਧਾਂਤ ਅਸਾਡੀ ਸੰਸਕ੍ਰਿਤੀ ਦਾ ਮੁੱਢ ਤੋਂ ਹੀ ਬੁਨਿਆਦੀ ਅੰਗ ਰਹੇ ਹਨ। ਇੱਥੋਂ ਤਕ ਕਿ ਪੁਰਾਤਨ ਹਿਕਮਤ ਦੀਆਂ ਪੁਸਤਕਾਂ ਵੀ ਛੰਦਾਂ ਵਿੱਚ ਲਿਖੀਆਂ ਜਾਂਦੀਆਂ ਸਨ ਤਾਂ ਕਿ ਜਨ-ਸਧਾਰਨ ਉਨ੍ਹਾਂ ਦਾ ਆਨੰਦ ਵੀ ਮਾਣਨ ਅਤੇ ਯਾਦ ਕਰਨ ਵਿੱਚ ਵੀ ਸੌਖ ਮਹਿਸੂਸ ਹੋਵੇ। ਮੇਰਾ ਮੱਤ ਹੈ ਕਿ ਅਸਾਡੇ ਆਲੋਚਕਾਂ ਨੂੰ ਇਸਦਾ ਤਿਆਗ ਨਹੀਂ ਕਰਨਾ ਚਾਹੀਦਾ। ਲੋੜ ਤਾਂ ਇਸ ਗੱਲ ਦੀ ਹੈ ਕਿ ਆਪਣੇ ਇਸ ਅਮੀਰ ਵਿਰਸੇ ਦਾ ਵਿਕਾਸ ਕਰ ਕੇ ਸਮਕਾਲੀ ਯਥਾਰਥ ਦਾ ਹਾਣੀ ਬਣਾਇਆ ਜਾਵੇ। ਇਹ ਦਰੁਸੱਤ ਹੈ ਕਿ ਹੁਣ ਜਨ-ਜੀਵਨ ਪਹਿਲਾਂ ਵਰਗਾ ਸਰਲ ਨਹੀਂ ਰਿਹਾ। ਜਟਿਲਤਾਵਾਂ ਵਧ ਗਈਆਂ ਹਨ। ਵੇਖਿਆ ਜਾਵੇ ਤਾਂ ਦੂਜੇ ਪਾਸੇ ਆਧੁਨਿਕ ਟਕਨੀਕੀ ਸਾਧਨ ਵੀ ਬਹੁਤ ਉੱਨਤੀ ਕਰ ਗਏ ਹਨ। ਕਿਉਂ ਨਾ ਉਨ੍ਹਾਂ ਨੂੰ ਇਸ ਸ਼ੁੱਭ ਮੰਤਵ ਲਈ ਵਰਤਿਆ ਜਾਵੇ। ਲੋੜ ਆਪਣੀ ਮੌਲਕਤਾ, ਵਿਰਾਸਤ, ਰਹਿਤਲ ਅਤੇ ਹਸਤੀ ਗੁਆਉਣ ਦੀ ਨਹੀਂ, ਨਵਿਆਉਣ ਦੀ ਹੈ।

ਦੂਜੇ ਪਾਸੇ ਅਜੋਕੇ ਦੌਰ ਵਿੱਚ ਅਸਾਡੇ ਪੇਸ਼ਾਵਰ ਆਲੋਚਕਾਂ ਲਈ ਪੱਛਮੀ ਤਰਜ਼ ਦੀਆਂ ਕਾਵਿ-ਆਲੋਚਨਾ ਪ੍ਰਣਾਲਿਆਂ ਦਾ ਅਧਿਅਨ ਕਰਨਾ ਵੀ ਅਵੱਸ਼ਕ ਹੈ। ਅੱਜ ਦੁਨੀਆਂ, ਅਮਰੀਕੀ ਸਾਮਰਾਜ ਦੀ ਅਗਵਾਈ ਵਿੱਚ ਪਛਮੀ ਦੇਸ਼ਾਂ ਦੀਆਂ ਸੰਸਾਰੀਕਰਣ, ਉਦਾਰੀਕਰਣ ਅਤੇ ਨਿੱਜੀਕਰਣ ਦੀਆਂ ਨੀਤੀਆਂ ਦੇ ਪ੍ਰਭਾਵ ਅਧੀਨ ਇੱਕ ਗਲੋਬਲ ਵਿਲੇਜ ਵਿੱਚ ਬਦਲਦੀ ਜਾ ਰਹੀ ਹੈ। ਇਸੇ ਤਰ੍ਹਾਂ ਅੰਤਰ-ਰਾਸ਼ਟਰੀ ਮੁੱਦਰਾਕੋਸ਼ ਫੰਡ, ਵਿਸ਼ਵ ਬੈਂਕ ਅਤੇ ਵਿਸ਼ਵ ਵਿਉਪਾਰ ਕੇਂਦਰ ਆਦਿ ਅਦਾਰਿਆਂ ਦੀ ਕਾਰਗੁਜ਼ਾਰੀ ਨੂੰ ਸਮਝਣ ਦੀ ਲੋੜ ਹੈ। ਇਹ ਅਦਾਰੇ ਵੀ ਵਿਸ਼ਵ-ਵਿਦਿਆਲਿਆਂ ਰਾਹੀਂ ਦਖ਼ਲ ਦੇ ਕੇ ਸਾਹਿਤਕ ਲਹਿਰਾਂ ਨੂੰ ਆਪਣੇ ਹਿੱਤ ਵਿੱਚ ਵਰਤਣ ਲਈ ਤਤਪਰ ਰਹਿੰਦੇ ਹਨ। ਇਸ ਲਈ ਅਸਾਡੇ ਆਲੋਚਕਾਂ ਨੂੰ ਆਪਣੇ ਗਿਆਨ ਦਾ ਘੇਰਾ ਬਹੁਤ ਵਿਸ਼ਾਲ ਕਰਨਾ ਪੈਣਾ ਹੈ। ਉਨ੍ਹਾਂ ਲਈ ਆਪਣਾ ਬੌਧਿਕ ਪੱਧਰ ਬਹੁਤ ਉੱਚਾ ਚੁੱਕਣਾ ਲਾਜ਼ਮੀ ਹੈ। ਪੱਛਮ ਵਿੱਚ ਅਨੇਕਾਂ ਆਲੋਚਨਾ ਪ੍ਰਣਾਲੀਆਂ ਪ੍ਰਚਲਤ ਹਨ। ਫੋਕੀ ਵਿਦਵਤਾ ਦਾ ਪ੍ਰਭਾਵ ਪਾਉਣ ਲਈ ਪੰਜ/ਸੱਤ ਨਾਂ ਮੈਂ ਵੀ ਗਿਣਾ ਸਕਦਾ ਹਾਂ ਅਤੇ ਦਸਾਂ/ਪੰਦਰਾਂ ਚਿੰਤਕਾਂ ਦੇ ਨਾਂ ਵੀ ਲੈ ਸਕਦਾ ਹਾਂ ਪ੍ਰੰਤੂ ਲੋੜ ਇਸ ਫੈਸ਼ਨ ਨੂੰ ਬਦਲ ਕੇ ਆਪਣੇ ਅੰਦਰ ਝਾਤ ਪਾਉਣ ਦੀ ਹੈ। ਅਸੀਂ ਕਿਉਂ ਇਨ੍ਹਾਂ ਦੀ ਅੰਨ੍ਹੀ ਨਕਲ ਕਰ ਰਹੇ ਹਾਂ? ਅਸੀਂ ਕਿਉਂ ਆਪਣੀ ਵਿਦਵਤਾ ਦਾ ਫੋਕਾ ਰੋਹਬ ਪਾਉਣ ਲਈ, ਇਨ੍ਹਾਂ ਨੂੰ ਹੂ-ਬ-ਹੂ ਆਪਣੀ ਕਵਿਤਾ ਉੱਤੇ ਲਾਗੂ ਕਰ ਰਹੇ ਹਾਂ? ਜਦੋਂ ਕਿ ਅਸਾਡੀ ਕਵਿਤਾ ਵੱਖਰੀ ਮਿੱਟੀ, ਵੱਖਰੇ ਹਾਲਾਤ ਦੀ ਪੈਦਾਵਾਰ ਹੈ। ਅੱਜ ਲੋੜ ਇਸ ਇੱਕ ਪਾਸੜ ਅੰਨ੍ਹੀ ਨਕਲ ਨੂੰ ਤਿਆਗ ਕੇ ਪੱਛਮੀ ਕਾਵਿ-ਸ਼ਾਸਤਰ ਨਾਲ ਸੰਵਾਦ ਰਚਾਉਣ ਦੀ ਹੈ। ਉਸਦੇ ਪਿਛਲੱਗ ਬਣਨ ਦੀ ਨਹੀਂ, ਸਿੱਖਣ, ਸਿੱਖਾਉਣ ਦੀ ਹੈ।

? ਗੁਰਨਾਮ ਜੀ, ਜੇ ਇੱਕ ਨਾਂ ਲੈਣਾ ਹੋਵੇ, ਤੁਸੀਂ ਪੰਜਾਬੀ ਭਾਸ਼ਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਆਲੋਚਕ ਕਿਸ ਨੂੰ ਮੰਨਦੇ ਹੋ?

: ਹੁਣ ਤੱਕ, ਪ੍ਰਿੰਸੀਪਲ ਸੰਤ ਸੇਖੋਂ ਨੂੰ।

? ਗੁਰਨਾਮ ਜੀ, ਜੇ ਇੱਕ ਨਾਂ ਲੈਣਾ ਹੋਵੇ ਤਾਂ ਹੁਣ ਤੱਕ ਦੇ ਕਵੀਆਂ ਵਿੱਚੋਂ ਸਭ ਤੋਂ ਵੱਡਾ ਕਵੀ ਕਿਸ ਨੂੰ ਮੰਨਦੇ ਹੋ?

: ਪ੍ਰੋ. ਮੋਹਨ ਸਿੰਘ ਨੂੰ।

? ਤੁਹਾਡੀ ਕਵਿਤਾ ਵਿੱਚ ਕਿਰਤੀ ਜਮਾਤ ਦਾ ਦੁੱਖ-ਦਰਦ ਹੈ। ਅੰਤਰਰਾਸ਼ਟਰੀ ਪੱਧਰ ਉੱਤੇ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਕ ਹਲਚਲਾਂ ਇਕੱਠੀਆਂ ਚਲਦੀਆਂ ਇੱਕ ਦੂਜੀ ਉੱਤੇ ਪ੍ਰਭਾਵ ਪਾਉਂਦੀਆਂ ਹਨ। ਬਹੁਤੇ ਆਲੋਚਕ ਇਹ ਕਹਿੰਦੇ, ਸੁਣੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਇਹ ਸਿਰਫ਼ ਇੱਕ ਸਿਆਸੀ ਨਾਅਰਾ/ਪ੍ਰਾਪੋਗੰਡਾ ਜਾਂ ਕਿਸੇ ਵਿਚਾਰਧਾਰਾ ਜਾਂ ਵਾਦ ਦਾ ਪ੍ਰਚਾਰ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਇਹਦੇ ਵਿੱਚੋਂ ਸਾਹਿਤਕ ਰੰਗ ਫਿੱਕਾ ਪੈ ਜਾਂਦਾ ਹੈ। ਤੁਹਾਡਾ ਕੀ ਖ਼ਿਆਲ ਹੈ?

: ਮੇਰੀ ਕਵਿਤਾ ਬਾਰੇ ਆਪਣੀ ਰਾਏ ਰੱਖਣ ਦਾ ਹਰ ਆਲੋਚਕ ਨੂੰ ਹੱਕ ਹੈ। ਪਹਿਲੀ ਗੱਲ ਕੋਈ ਵੀ ਰਚਨਾ ਪ੍ਰਚਾਰ ਤੋਂ ਵਾਂਝੀ ਨਹੀਂ ਹੁੰਦੀ। ਭਾਵੇਂ ਜਿੰਨਾ ਮਰਜ਼ੀ ਲੁਕਾ ਕੇ ਖ਼ਿਆਲ ਪੇਸ਼ ਕੀਤਾ ਜਾਵੇ ਉਸਦਾ ਨਾਤਾ ਦਾਰਸ਼ਨਿਕ ਆਧਾਰ ਨਾਲ ਜੁੜ ਜਾਂਦਾ ਹੈ। ਦੂਜਾ ਸ਼੍ਰੇਣੀ ਸਮਾਜ ਵਿੱਚ ਕੋਈ ਵੀ ਰਚਨਾ ਨਿਰਪੱਖ ਨਹੀਂ ਹੁੰਦੀ, ਉਹ ਲਾਜ਼ਮੀ ਇੱਕ ਜਾਂ ਦੂਜੀ ਸ਼੍ਰੇਣੀ ਦੇ ਹੱਕ ਵਿੱਚ ਭੁਗਤੇਗੀ। ਮਾਰਕਸਵਾਦੀ ਚਿੰਤਕਾਂ ਦੀਆਂ ਲਿਖ਼ਤਾਂ ਵਿੱਚੋਂ ਤੂਕਾਂ ਦੇ ਕੇ ਮੈਂ ਆਪਣੀ ਇਸ ਦਲੀਲ ਨੂੰ ਬੋਝਲ ਨਹੀਂ ਬਣਾਉਣੀ ਚਾਹੁੰਦਾ। ਤੁਸੀਂ ਠੀਕ ਕਹਿੰਦੇ ਹੋ ਕਿ ਮੇਰੀ ਕਵਿਤਾ ਵਿੱਚ ਕਿਰਤੀ ਜਮਾਤ ਦਾ ਦੁੱਖ-ਦਰਦ ਹੈ। ਤੀਜੀ ਗੱਲ ਸਿਆਸੀ ਨਾਅਰਾ/ਪ੍ਰਾਪੋਗੰਡਾ ਆਦਿ ਦਾ ਸਿਧਾਂਤਕ ਇਲਜ਼ਾਮ ਪ੍ਰਸਤੁਤ ਕਰਨ ਵਾਲੇ ਆਮ ਤੌਰ ’ਤੇ ਉਹ ਆਲੋਚਕ ਹੁੰਦੇ ਹਨ ਜਿਹੜੇ ‘ਕਲਾ, ਕਲਾ ਵਾਸਤੇ ਦੇ’ ਹਾਮੀਂ ਹਨ। ਚੌਥੀ ਗੱਲ ਇਹ ਮਨੌਤ ਦਰੁਸੱਤ ਹੈ ਕਿ ਸਾਹਿਤ ਕਿਸੇ ਰਾਜਸੀ ਪਾਰਟੀ ਦਾ ਘੋਸ਼ਣਾ-ਪੱਤਰ ਨਹੀਂ ਹੁੰਦਾ ਅਤੇ ਇਸਦਾ ਆਪਣਾ ਸੌਂਦਰਯ ਸ਼ਾਸਤਰ ਹੁੰਦਾ ਹੈ। ਕਵੀ ਨੂੰ ਆਪਣੇ ਖ਼ਿਆਲ ਕਲਾਤਮਿਕ ਅਤੇ ਸੁਹਜ ਭਰਪੂਰ ਢੰਗ ਨਾਲ ਪੇਸ਼ ਕਰਨੇ ਚਾਹੀਦੇ ਹਨ। ਨਿਰੋਲ ਨਾਅਰੇਬਾਜ਼ੀ ਸਾਹਿਤ ਦਾ ਕੁਝ ਨਹੀਂ ਸੁਆਰਦੀ

? ਗੁਰਨਾਮ ਜੀ, ਆਲੋਚਕ ਤੁਹਾਨੂੰ ਪ੍ਰਗਤੀਵਾਦੀ ਵਿਚਾਰਧਾਰਾ ਦਾ ਕਵੀ ਮੰਨਦੇ ਹਨ ਪਰ ਕੁਝ ਆਲੋਚਕ ਤੁਹਾਡੀ ਕਵਿਤਾ ਵਿਚਲੀ ਉਪਭਾਵਕਤਾ ਨੂੰ ਕਮਜ਼ੋਰੀ ਮੰਨਦੇ ਹਨ। ਜਦੋਂ ਕਿ ਕਵਿਤਾ ਵਿੱਚ ਕਵੀ ਆਪਣੇ ਜਜ਼ਬਾਤ ਹੀ ਤਾਂ ਪ੍ਰਗਟ ਕਰਦਾ ਹੈ। ਤੁਸੀਂ, ਉਨ੍ਹਾਂ ਆਲੋਚਕਾਂ ਨੂੰ ਕੀ ਕਹਿਣਾ ਚਾਹੋਗੇ?

: ਕਵਿਤਾ ਵਿੱਚ ਕਵੀ ਕੇਵਲ ਆਪਣੇ ਜਜ਼ਬਾਤ ਹੀ ਪ੍ਰਗਟ ਨਹੀਂ ਕਰਦਾ, ਹੋਰ ਵੀ ਬਹੁਤ ਕੁਝ ਪ੍ਰਗਟ ਕਰਦਾ ਹੈ। ਉਨ੍ਹਾਂ ਆਲੋਚਕਾਂ ਨੂੰ ਆਪਣੀ ਉਪਭਾਵਕਤਾ ਦੀ ਪਰਿਭਾਸ਼ਾ ਦੱਸਣੀ ਹੋਵੇਗੀ। ਮੈਂ ਵੀ ਕਵਿਤਾ ਵਿਚਲੀ ਉਪਭਾਵਕਤਾ ਨੂੰ ਕਮਜ਼ੋਰੀ ਮੰਨਦਾ ਹਾਂ। ਮੈਂ ਸਹਿਮਤ ਹਾਂ ਕਿ ਇਸ ਨਾਲ ਸਾਹਿਤ ਦਾ ਰੰਗ ਫਿੱਕਾ ਪੈ ਜਾਂਦਾ ਹੈ। ਉਪਭਾਵਕਤਾ ਦੀ ਇੱਕ ਉਦਾਹਰਣ ਵੇਖੋ:

ਜੇਕਰ ਆਪਣੀ ਆਈ ’ਤੇ ਆ ਗਿਆ ਮੈਂ

ਫੂਕ ਮਾਰ ਕੇ ਸੂਰਜ ਬੁਝਾ ਦਿਆਂਗਾ

ਉਪਭਾਵਕਤਾ ਦਾ ਅਰਥ ਹੈ ਭਾਵਕਤਾ ਤੋਂ ਭਟਕ ਜਾਣਾ ਜਾਂ ਭਾਵਕਤਾ ਤੋਂ ਉਰੇ ਰਹਿ ਜਾਣਾ। ਤੁਸੀਂ ਇਸ ਨੂੰ ਕੱਚੀ ਭਾਵਕਤਾ ਵੀ ਕਹਿ ਸਕਦੇ ਹੋ। ਮੇਰੇ ਗਿਆਨ ਵਿੱਚ ਨਹੀਂ ਕਿ ਮੇਰੀ ਕਿਸੇ ਨਜ਼ਮ ਵਿੱਚ ਇਸ ਦਰਜਾ ਉਪਭਾਵਕਤਾ ਹੋਵੇ। ਮੈਂ ਆਲੋਚਨਾ ਅਤੇ ਸਵੈ-ਆਲੋਚਨਾ ਵਿੱਚ ਯਕੀਨ ਰੱਖਦਾ ਹੈ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਸਵੀਕਾਰ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਕਰਦਾਮੇਰੇ ਆਲੋਚਕਾਂ ਨੂੰ ਮੇਰੀ ਪਹਿਲੀ ਪੁਸਤਕ ‘ਅੱਗ ਦੇ ਬੀਜ’ ਵਿਚਲੀ ਕਵਿਤਾ ‘ਸੁਪਨਾ’ ਜਿਸ ਦਾ ਜ਼ਿਕਰ ਪਹਿਲਾਂ ਹੋ ਚੁੱਕਾ ਹੈ ਅਤੇ ਕਵਿਤਾ ‘ਵਾਪਸੀ’ ਵਿੱਚ ਕੁਝ ਜੁਜ਼ ਸ਼ਾਇਦ ਉਪਭਾਵਕਤਾ ਦੇ ਜੁੜਦੇ ਪ੍ਰਤੀਤ ਹੋਏ ਹੋਣ, ਦੂਜੀ ਪੁਸਤਕ ‘ਹੱਥ ਤੇ ਹਥਿਆਰ’, ‘ਵਿਚਲੀ ਨਜ਼ਮ’, ‘ਹੱਥ ਤੇ ਹਥਿਆਰ’, ਅਤੇ ਇਨ੍ਹਾਂ ਵਿੱਚ ਸਮਿਲਿਤ ਗ਼ਜ਼ਲਾਂ ਦੇ ਇੱਕ/ਦੋ ਸ਼ਿਅਰਾਂ ਵਿੱਚ ਵੀ। ਜੋ ਮੈ, ਉਸ ਸਮੇਂ ਸੋਚਦਾ ਸੀ, ਉਸ ਤਰ੍ਹਾਂ ਦੁਨੀਆਂ ਵਿੱਚ ਵਾਪਰਿਆ ਨਹੀਂ। ਪ੍ਰੰਤੂ ਇਸ ਸਚਾਈ ਨੂੰ ਵੀ ਕੇਂਦਰ ਵਿੱਚ ਰੱਖਣਾ ਪਏਗਾ ਕਿ ਹਰ ਇੱਕ ਸ਼ਾਇਰ ਦੇ ਤਖ਼ੱਯਲ ਵਿੱਚ ਅਜਿਹੇ ਜੁਜ਼ ਜੁੜ ਜਾਂਦੇ ਹਨ। ਕਿਸੇ ਸ਼ਾਇਰ ਦੀ ਕੀਤੀ ਭਵਿੱਖ-ਬਾਣੀ ਅਨੁਸਾਰ ਜੋ ਅੱਜ ਤੱਕ ਨਹੀਂ ਵਾਪਰਿਆ, ਸੰਭਵ ਹੈ ਉਹ ਭਵਿੱਖ ਵਿੱਚ ਵਾਪਰ ਜਾਵੇ। ਸਮਾਂ ਬੜਾ ਬਲਵਾਨ ਹੈ। ਆਸ ਅਤੇ ਵਿਸ਼ਵਾਸ ਕਾਇਮ ਰੱਖਣਾ ਚਾਹੀਦਾ ਹੈ। ਆਸ ਹੈ ਆਪ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ।

? ਗੁਰਨਾਮ ਜੀ, ਖੱਬੇ ਪੰਥੀ ਵਿਚਾਰਾਂ ਦਾ ਪ੍ਰਭਾਵ ਕਦੋਂ ਤੇ ਕਿਸ ਤਰ੍ਹਾਂ ਪਿਆ। ਕਵਿਤਾ ਵਿੱਚ ਬਹੁਤਾ ਰੰਗ ਸਥਾਪਤੀ ਦੇ ਖ਼ਿਲਾਫ਼ ਰੋਹ-ਭਰੀ ਬਗਾਵਤ ਦਾ ਨਜ਼ਰ ਆਉਂਦਾ ਹੈ। ਇਹ ਰਾਜਸੀ-ਸਮਾਜਿਕ ਅਨਿਆਏ ਸਿਰਜਣਾਤਮਿਕ ਅਮਲ ਵਿੱਚ ਵਿਦਰੋਹ ਦਾ ਰੂਪ ਕਿਵੇਂ ਵਟਾ ਲੈਂਦਾ ਹੈ?

: ਇਸ ਸਵਾਲ ਦਾ ਜਵਾਬ ਮੈਂ ਪਹਿਲਾਂ ਦੇ ਹੀ ਚੁੱਕਿਆ ਹਾਂ। ਇੱਕ ਵਾਕ ਹੋਰ ਜਮ੍ਹਾਂ ਕਰ ਦਿੰਦਾ ਹਾਂ। ਜਦੋਂ ਦਿਲ, ਦਿਮਾਗ ਵਿੱਚ ਲੋਕਾਂ ਦੇ ਦੁੱਖ-ਦਰਦ ਦੀ ਸੰਵੇਦਨਾ ਇਸ ਕਦਰ ਪ੍ਰਬਲ ਹੋ ਜਾਵੇ ਕਿ ਰਾਤਾਂ ਨੂੰ ਨੀਂਦ ਨਾ ਆਵੇ ਤਾਂ ਸਿਰਜਣ-ਪ੍ਰਕਿਰਿਆ ਦਾ ਅਮਲ, ਵਿਦਰੋਹ ਦਾ ਰੂਪ ਹੀ ਧਾਰੇਗਾ।

? ਗੁਰਨਾਮ ਜੀ, ਪੰਜਾਬ ਵਿੱਚ ਵੱਖ ਵੱਖ ਸਮੇਂ ਚੱਲੀਆਂ ਰਾਜਸੀ, ਲਹਿਰਾਂ ਨੇ ਤੁਹਾਡੀ ਕਵਿਤਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ। ਮੈਂਨੂੰ ਇਹ ਵੀ ਪਤਾ ਲੱਗਾ ਹੈ ਕਿ 1984 ਦੇ ਹਰਿਮੰਦਰ ਸਾਹਿਬ ਦੇ ਹਮਲੇ ਨਾਲ ਬਰਤਾਨਵੀ ਲੇਖਕ ਵੰਡੇ ਗਏ ਸਨ। ਕੀ ਇਸ ਵੰਡ ਦੇ ਹੋਰ ਵੀ ਕਾਰਨ ਸਨ? ਕੀ ਸਮੇਂ ਦਾ ਸੱਚ ਲਿਖਣ ਲਈ ਲੇਖਕ ਨੂੰ ਇਮਾਨਦਾਰੀ ਜਾਂ ਧੜੇਬੰਦੀ ਪ੍ਰਭਾਵਿਤ ਕਰ ਸਕਦੀ ਹੈ? ਕੀ ਤੁਹਾਨੂੰ ਲੱਗਦਾ ਹੈ ਬਰਤਾਨਵੀ ਲੇਖਕਾਂ ’ਤੇ ਇਨ੍ਹਾਂ ਗੱਲਾਂ ਦਾ ਅਸਰ ਹੋਇਆ, ਜਿਸ ਨੇ ਪੰਜਾਬੀ ਸਾਹਿਤ ਨੂੰ ਪ੍ਰਭਾਵਤ ਕੀਤਾ?

: 1984 ਦੇ ਹਰਿਮੰਦਰ ਸਾਹਿਬ ਦੇ ਹਮਲੇ ਦਾ ਮੇਰੇ ਉੱਤੇ ਅਸਰ ਇਹ ਹੋਇਆ ਕਿ ਉਸ ਸਮੇਂ ਮੈਂ ਵੀ ਇੱਕ ਨਜ਼ਮ ‘ਨੀਲਾ ਤਾਰਾ’ ਲਿਖੀ ਜਿਸ ਵਿੱਚ ਮੈਂ ਸ਼੍ਰੀਮਤੀ ਇੰਦਰਾ ਗਾਂਧੀ ਦੇ ਹਮਲਾਵਰ ਰੁਖ ਅਤੇ ਜਰਨੈਲ ਸਿੰਘ ਭਿੰਡਰਾਂ ਵਾਲੇ ਦੀਆਂ ਸਰਗਰਮੀਆਂ, ਦੋਹਾਂ ਧਿਰਾਂ ਦੀ ਹੀ ਆਲੋਚਨਾ ਕੀਤੀ ਸੀ। ਉਸ ਨਜ਼ਮ ਵਿੱਚ ਮੈਂ ਹਿੰਦੂ, ਸਿੱਖ ਏਕਤਾ ਅਤੇ ਆਪਸੀ ਸਾਂਝ ਦੀ ਹਾਮੀ ਭਰੀ ਸੀ। ਇਹ ਨਜ਼ਮ ਮੇਰੀ ਪੁਸਤਕ ‘ਤੇਰੇ ਨਾਂ ਦਾ ਮੌਸਮ’ ਵਿੱਚ ਸਮਿਲਿਤ ਹੈ। ਬਰਤਾਨਵੀ ਲੇਖਕਾਂ ਦੀ ਇੱਕੋ-ਇੱਕ ਪ੍ਰਤੀਨਿੱਧ ਜਥੇਬੰਦੀ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ (ਸਥਾਪਤ 1969) ਜਿਸ ਦੀਆਂ ਦਸ ਸਰਗਰਮ ਬਰਾਂਚਾਂ ਸਨ, ਵਿੱਚ ਸਭ ਤੋਂ ਵੱਧ ਵੰਡੀਆਂ 1980 ਵਿੱਚ ਕਰਵਾਈ ਗਈ ਤਥਾਕਥਿੱਤ ਵਿਸ਼ਵ ਪੰਜਾਬੀ ਕਾਨਫ਼ਰੰਸ ਨੇ ਪਾਈਆਂ ਸਨ ਜਿਸ ਦੀਆਂ ਅੱਜ ਵੀ ਕਈ ਪੰਜਾਬ ਵਿੱਚ ਬੈਠੇ ਲੇਖਕ, ਵਲੈਤ ਵੇਖਣ ਦੇ ਚਾਅ ਵਿੱਚ ਉਪਭਾਵਕ ਹੋ ਕੇ ਸਿਫ਼ਤਾਂ ਕਰਨੋਂ ਨਹੀਂ ਰਹਿ ਸਕਦੇ। ਇਸ ਕਾਨਫ਼ਰੰਸ ਨੇ ਗਿਆਰਾਂ ਸਾਲ ਵਿੱਚ ਰਾਤ-ਦਿਨ ਸਖ਼ਤ ਮਿਹਨਤ ਕਰਕੇ ਉਸਾਰੀ ਇਸ ਜਥੇਬੰਦੀ ਨੂੰ ਖੇਰੂੰ ਖੇਰੂੰ ਕਰ ਦਿੱਤਾ। ਇਸ ਵੰਡ ਦੀ ਅਸਲੀਅਤ ਬਾਰੇ ਹੋਰ ਵੀ ਬਹੁਤ ਕੁਝ ਲਿਖਿਆ ਜਾ ਸਕਦਾ ਹੈ। 1984 ਦੇ ਹਰਿਮੰਦਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਵੀ ਬਰਤਾਨੀਆਂ ਦੇ ਲੇਖਕਾਂ ਵਿੱਚ ਪ੍ਰਸਪਰ ਸਿਧਾਂਤਕ ਵਿਰੋਧ ਸਨ। ਇੱਥੋਂ ਨਿਕਲਦੇ ਸਪਤਾਹਿਕ ਅਖ਼ਬਾਰ ‘ਦੇਸ ਪ੍ਰਦੇਸ’ ਨੂੰ ਗੁਰਦੁਆਰਿਆਂ ਵਿੱਚੋਂ ਇਸ਼ਤਿਹਾਰ ਮਿਲਦੇ ਸਨ। ਜਿਸ ਕਾਰਨ ਇਸਦੀ ਇੱਥੋਂ ਦੀ ਸਿੱਖ ਸਿਆਸਤ ਵਿੱਚ ਦਿਲਚਸਪੀ ਸੀ।

ਇਹ ਪਰਚਾ ਇੰਗਲੈਂਡ ਦੇ ਕੁਝ ਲੇਖਕਾਂ ਉੱਪਰ ਪ੍ਰਭਾਵ ਪਾ ਕੇ ਜਾਂ ਮਾਇਆ ਦੇ ਕੇ ਆਪਣੀ ਲੋੜ ਅਨੁਸਾਰ ਨਿਬੰਧ ਵੀ ਲਿਖਵਾ ਲੈਂਦਾ ਸੀ। ਦੋ/ਤਿੰਨ ਲੇਖਕ ਇਸ ਅਖ਼ਬਾਰ ਵਿੱਚ ਕੰਮ ਵੀ ਕਰਦੇ ਸਨ। ਕੁਝ ਵੇਲੇ-ਕੁਵੇਲੇ ਲੋੜ ਪੈਣ ’ਤੇ ਪੈਸੇ ਲੈ ਕੇ ਕੰਮ ਕਰਵਾ ਦਿੰਦੇ ਸਨ। ਕੁਝ ਲੇਖਕ ਇਸ ਪਰਚੇ ਨਾਲ ਨੇੜਤਾ ਬਣਾ ਕੇ ਇੱਕ ਦੂਜੇ ਦੇ ਖ਼ਿਲਾਫ਼ ਲੇਖ ਲਿਖ ਕੇ ਵੀ ਛਪਵਾ ਲੈਂਦੇ ਸਨ। ਇਨ੍ਹਾਂ ਲੇਖਾਂ ਵਿੱਚ ਇਮਾਨਦਾਰੀ ਘੱਟ, ਇੱਕ ਦੂਜੇ ਪ੍ਰਤੀ ਗੁੱਸਾ ਅਤੇ ਤੁਹਮਤਬਾਜ਼ੀ ਜ਼ਿਆਦਾ ਹੁੰਦੀ ਸੀ ਜਿਸ ਨਾਲ ਲੇਖਕਾਂ ਵਿੱਚ ਖਿੱਚੋਤਾਣ ਵਧ ਜਾਂਦੀ ਸੀ। ਕਈ ਵਾਰ ‘ਧਰਮ’ (ਅਸੂਲ) ਨਾਲੋਂ ਧੜਾ ਪਿਆਰਾ ਹੋ ਜਾਂਦਾ ਸੀ। ਆਪਣੇ ਸਿਧਾਂਤ ਨੂੰ ਛੱਡ ਕੇ ਕਈ ਕਾਮਰੇਡ ਵੀ ਅੰਦਰਖਾਤੇ ਇਸ ਪਰਚੇ ਨਾਲ ਆਪਣੀ ਯਾਰੀ ਪਾਲ਼ਦੇ ਸਨਵੁਲਵਰਹੈਮਟਨ ਵਿੱਚ ਨਿਰੰਜਨ ਸਿੰਘ ਨੂਰ ਨੇ 1971 ਵਿੱਚ ਇੰਗਲੈਂਡ ਦੀ ਸਭ ਤੋਂ ਪਹਿਲੀ ਸਰਵ-ਬ੍ਰਤਾਨੀਆ ਪੰਜਾਬੀ ਲੇਖਕ ਕਾਨਫ਼ਰੰਸ ਕਰਵਾਈ ਸੀ। ਉਸ ਵਿੱਚ ਹਰਦੇਵ ਸਿੰਘ ਢੇਸੀ ਨੇ ਪਰਚਾ ਲਿਖਿਆ ਜਿਸ ਦਾ ਸ਼ੀਰਸ਼ਕ ਸੀ ‘ਗੁਰੂ ਨਾਨਕ ਦੇਵ ਅਤੇ ਅੱਜ ਦੇ ਕਵੀ।’ ਅੱਜ ਦੇ ਕਵੀਆਂ ਵਿੱਚ ਮੇਰੇ ਨਾਂ ਦਾ ਵੀ ਜ਼ਿਕਰ ਸੀ ਪ੍ਰੰਤੂ ਗੁਰੂ ਨਾਨਕ ਜੀ ਦਾ ਨਾਂ ਵਿੱਚ ਆਉਣ ਕਰਕੇ ਲੇਖਕਾਂ ਦਾ ਇੱਕ ਧੜਾ ਭੜਕ ਪਿਆ। ਉਨ੍ਹਾਂ ਨੇ ਦਲੀਲ ਨਾਲ ਗੱਲ ਕਰਨ ਦੀ ਬਜਾਏ ਮੰਚ ਉੱਤੇ ਹੀ ਉਹ ਪਰਚਾ ਪਾੜ ਦਿੱਤਾ

ਲੇਖਕਾਂ ਵਿੱਚ 1984 ਤੋਂ ਪਹਿਲਾਂ ਹੀ ਸਿਧਾਂਤਕ ਵਿਰੋਧ ਅਤੇ ਨਿੱਜੀ ਖਹਿਬਾਜ਼ੀ ਚਲਦੀ ਸੀ। ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਇੰਗਲੈਂਡ ਦੇ ਲੇਖਕਾਂ ਦੀ ਪਾਟੋਧਾੜ ਵਿੱਚ ਪੰਜਾਬ ਦੀਆਂ ਦੋਵੇਂ ਵੱਡੀਆਂ ਕਮਿਉਨਿਸਟ ਪਾਰਟੀਆਂ ਦੀ ਆਪਸੀ ਵਿਰੋਧਤਾ ਅਤੇ ਸੁਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਜੀ ਦੀਆਂ ਇੰਗਲੈਂਡ ਫੇਰੀਆਂ ਦਾ ਵੀ ਰੋਲ ਸੀ। ਸ਼ੇਖੀ ਵਿੱਚ ਆਏ, ਉਹ ਅਚੇਤ ਹੀ ਇੱਕ ਧੜੇ ਦੇ ਹੱਕ ਵਿੱਚ ਭੁਗਤ ਕੇ ਇਹ ਕਾਰਜ ਕਰ ਜਾਂਦੇ ਸਨ। ਅੱਜ ਕੱਲ੍ਹ ਪੰਜਾਬ ਵਿੱਚ ਸਮਾਨੰਤਰ ਦੋ ਕੇਂਦਰੀ ਲੇਖਕ ਸਭਾਵਾਂ ਬਣੀਆਂ ਵੇਖ ਕੇ ਮੈਂਨੂੰ ਕੋਈ ਹੈਰਾਨੀ ਨਹੀਂ ਹੁੰਦੀ। ਸਿੱਖ ਸਿਆਸਤ ਵਿੱਚ ਪਹਿਲਾਂ ਤੋਂ ਦਖ਼ਲ ਹੋਣ ਕਾਰਨ, 1984 ਦੇ ਇਸ ਹਮਲੇ ਸਮੇਂ ‘ਦੇਸ ਪ੍ਰਦੇਸ’ ਅਖ਼ਬਾਰ ਸੰਤ ਭਿੰਡਰਾਂ ਵਾਲਿਆਂ ਅਤੇ ਖ਼ਾਲਿਸਤਾਨ ਦੇ ਹੱਕ ਵਿੱਚ ਨਿੱਤਰ ਪਿਆ ਸੀ। ਇਹ ਸਮਾਂ ਲੇਖਕਾਂ ਦੀ ਸਿਧਾਂਤਕ ਪ੍ਰਤੀਬੱਧਤਾ ਦੀ ਪਰਖ ਦਾ ਸਮਾਂ ਸੀ। ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕੁਝ ਲੇਖਕ ਤਾਂ ਪਹਿਲਾਂ ਹੀ ਪ੍ਰਗਤੀਵਾਦੀ ਸਿਧਾਂਤ ਦੀ ਵਿਰੋਧਤਾ ਕਰਦੇ ਸਨ। ਇਸ ਪਰਖ ਦੀ ਘੜੀ ਸਮੇਂ ਕੁਝ ਉਹ ਲੇਖਕ ਜਿਹੜੇ ਆਪਣੇ ਆਪ ਨੂੰ ਪ੍ਰਗਤੀਸ਼ੀਲ ਕਹਿੰਦੇ ਸਨ ਉਹ ਵੀ ਖਾੜਕੂਆਂ ਅਤੇ ਉਨ੍ਹਾਂ ਦੀ ਲਹਿਰ ਦੇ ਹੱਕ ਵਿੱਚ, ਇਸ ਅਖ਼ਬਾਰ ਵਿੱਚ ਨਿਬੰਧ ਲਿਖਣ ਲੱਗ ਪਏ ਸਨ, ਜਿਸ ਨੂੰ ਤੁਸੀਂ ਲੇਖਕਾਂ ਵਿੱਚ ਪਈ ਵੰਡ ਕਹਿੰਦੇ ਹੋ।

? ਕੀ ਤੁਸੀਂ ਖਾੜਕੂਆਂ ਅਤੇ ਉਨ੍ਹਾਂ ਦੀ ਲਹਿਰ ਪ੍ਰਤੀ ਹਮਦਰਦੀ ਕਰਨ ਵਾਲੇ ਲੇਖਕਾਂ ਦੇ ਨਾਂ ਦੱਸ ਸਕਦੇ ਹੋ?

: ਲਓ ਸੁਣੋ ਸ਼ਿਵਚਰਨ ਗਿੱਲ, ਸਾਥੀ ਲੁਧਿਆਣਵੀ, ਪ੍ਰੀਤਮ ਸਿੱਧੂ, ਡਾ. ਚ. ਸ. ਚੰਨ ਅਤੇ ਬਲਿਹਾਰ ਸਿੰਘ ਰੰਧਾਵਾ ਆਦਿ। ਕਈ ਬੰਦੇ ਕਹਿੰਦੇ ਹਨ ਕਿ ਅਵਤਾਰ ਜੰਡਿਆਲਵੀ ਵੀ ਭਟਕ ਗਿਆ ਸੀ ਪ੍ਰੰਤੂ ਮੈਂ ਉਨ੍ਹਾਂ ਦੀ ਕੋਈ ਲਿਖਤ ਇਸ ਲਹਿਰ ਦੇ ਹੱਕ ਵਿੱਚ ਨਹੀਂ ਪੜ੍ਹੀ। ਸ਼ੇਰ ਜੰਗ ਜਾਂਗਲੀ ਜੋ ਉਸ ਸਮੇਂ ਇਸ ਅਖ਼ਬਾਰ ਵਿੱਚ ਕੰਮ ਕਰਦਾ ਸੀ, ਉਸ ਨੇ ਰੋਸ ਵਜੋਂ ਕੰਮ ਛੱਡ ਦਿੱਤਾ ਸੀ।

? ਢਿੱਲੋਂ ਜੀ, ਤੁਹਾਡੀ ਕਵਿਤਾ ਦੇ ਸਫ਼ਰ ਨੇ ਸਮੇਂ ਨਾਲ ਕੋਈ ਮੋੜ ਵੀ ਕੱਟੇ ਹੋਣਗੇ? ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਹਿਲਾਂ ਤੋਂ ਹੀ ਉਨ੍ਹਾਂ ਵਿਸ਼ਿਆਂ ਨੂੰ ਆਪਣੇ ਕਲੇਵਰ ਵਿੱਚ ਲਿਆ ਜਿਨ੍ਹਾਂ ਦੇ ਲਿਖਣ ਦੀ ਲੋੜ ਸੀ/ ਹੈ?

: ਜੀਵਨ ਵਿੱਚ ਸਫ਼ਰ ਕਰਦਿਆਂ ਜਿਉਂ ਜਿਉਂ ਤੁਸੀਂ ਅੱਗੇ ਵਧਦੇ ਹੋ, ਨਵੇਂ ਤਜਰਬਿਆਂ ਦੇ ਪਾਸਾਰ ਤੁਹਾਡੀ ਸੁਰਤ ਨਾਲ ਜੁੜਦੇ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਤੁਸੀਂ ਨਵੀਆਂ ਪੁਸਤਕਾਂ ਪੜ੍ਹਦੇ ਹੋ, ਉਸ ਨਾਲ ਤੁਹਾਡਾ ਬੌਧਿਕ ਵਿਕਾਸ ਵੀ ਹੁੰਦਾ ਹੈ। ਇਨ੍ਹਾਂ ਦੋਹਾਂ ਪ੍ਰਾਪਤੀਆਂ ਦਾ ਪ੍ਰਭਾਵ ਤਾਂ ਤੁਹਾਡੀਆਂ ਰਚਨਾਵਾਂ ਉੱਪਰ ਪੈਣਾ ਕੁਦਰਤੀ ਹੈ। ਮੇਰੀਆਂ ਕਵਿਤਾਵਾਂ ਦੇ ਵਿਸ਼ੇ ਮੁੱਢ ਤੋਂ ਹੀ ਸਮਾਜ ਵਿੱਚ ਵਸਦੇ ਪੀੜਤ ਲੋਕਾਂ ਦੇ ਮਸਲਿਆਂ ਨਾਲ ਸੰਬੰਧਤ ਸਨ। ਕੋਈ ਪਿਛਲਖੁਰੀ ਮੋੜ ਨਹੀਂ ਕੱਟਿਆ।

? ਤੁਹਾਡੇ ਵਿਚਾਰ ਨਾਲ ਮਾਰਕਸਵਾਦ ’ਤੇ ਅਧਾਰਤ ਢਾਂਚਾ ਹੀ ਲੋਕ ਹਿਤਾਂ ਲਈ ਢੁੱਕਵਾਂ ਰਾਜਨੀਤਕ ਢਾਂਚਾ ਹੈ। ਪਰ ਇਹ ਸਿਸਟਮ ਕਾਮਯਾਬ ਕਿਉਂ ਨਹੀਂ ਹੋ ਸਕਿਆ? ਜਦ ਕਿ ਹੁਣ ਜੜ੍ਹਾਂ ਤਾਂ ਪੂੰਜੀਵਾਦ ਦੀਆਂ ਵੀ ਹਿੱਲ ਰਹੀਆਂ ਹਨ। ਪਰ ਫਿਰ ਵੀ ਤੁਹਾਡੇ ਵਿਚਾਰ ਨਾਲ ਲੋਕ ਹਿੱਤਾਂ ਲਈ ਤੁਸੀਂ ਕਿਹੜੇ ਸਿਸਟਮ ਦੀ ਹਮਾਇਤ ਕਰਦੇ ਹੋ?

: ਤੁਹਾਡੇ ਸਵਾਲਾਂ ਵਿੱਚੋਂ ਇੱਕ ਦਾ ਜਵਾਬ ਤਾਂ ਤੁਹਾਡੇ ਸਵਾਲ ਦੇ ਪ੍ਰਥਮ ਵਾਕ ਵਿੱਚ ਹੀ ਹੈ। ਮਾਰਕਸਵਾਦ ਉੱਤੇ ਅਧਾਰਤ ਢਾਂਚਾ ਨਾ-ਕਾਮਯਾਬ ਹੋਣ ਦੇ ਕਾਰਨ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਮੈਂ ਆਪਣੀ ਸਮਝ ਅਨੁਸਾਰ ਦੋਸ਼ ਉੱਥੇ ਦੀ ਕਮਿਊਨਿਸਟ ਪਾਰਟੀ ਨੂੰ ਹੀ ਦੇਵਾਂਗਾ ਜੋ ਭਟਕਣ ਅਤੇ ਕੁਰਾਹੇ ਦਾ ਸ਼ਿਕਾਰ ਹੋ ਗਈ। ਪੂੰਜੀਵਾਦ ਦੀਆਂ ਜੜ੍ਹਾਂ ਤਾਂ ਇਸ ਵਿੱਚ ਉਤਪਨ ਵਿਰੋਧਤਾਈਆਂ ਨੇ ਹਿੱਲਾ ਹੀ ਦੇਣੀਆਂ ਹਨ

? ਫਿਰ ਜੇ ਸਮਾਜਵਾਦ ਦਾ ਸਿਸਟਮ ਇੰਨਾ ਲੋਕ ਹਿਤਾਸ਼ੀ ਹੈ ਤਾਂ ਪੰਜਾਬ ਅਤੇ ਸਮੁੱਚੇ ਭਾਰਤ ਵਿੱਚ ਇਸਦੇ ਪੈਰ ਕਿਉਂ ਨਹੀਂ ਲੱਗ ਸਕੇ ਜਾਂ ਜੜ੍ਹਾਂ ਕਿੳਂਂ ਨਹੀਂ ਲੱਗ ਸਕੀਆਂ?

: ਅਜਿਹੇ ਕੁਝ ਸਵਾਲ ਮੈਂ ਵੀ ਆਪਣੀ ਇੱਕ ਕਵਿਤਾ ‘ਅਰਜ਼’ ਜੋ ਮੇਰੀ ਪੁਸਤਕ ‘ਤੇਰੀ ਮਹੱਬਤ’ ਵਿੱਚ ਸਿਮਿਲਤ ਹੈ, ਵਿੱਚ ਭਾਰਤੀ ਕਮਿਊਨਿਸਟ ਨੇਤ੍ਰਤਵ ਸਾਂਹਵੇਂ ਖੜ੍ਹੇ ਕੀਤੇ ਹਨ। ਇਸਦੇ ਕਾਰਨ ਅੰਦਰੂਨੀ ਅਤੇ ਬਾਹਰੀ ਸੰਦਰਭ ਹਨ :

(ੳ) ਅੰਦਰੂਨੀ ਸੰਦਰਭ :1. ਕਮਿਊਨਿਸਟ ਲਹਿਰ ਵਿੱਚ ਵੰਡ ਦਰ ਵੰਡ 2. ਕਮਿਊਨਿਸਟ ਲੀਡਰਸ਼ਿਪ ਵਿੱਚ ਸਿਧਾਂਤ ਨੂੰ ਸਮਝਣ ਅਤੇ ਲਾਗੂ ਕਰਨ ਵਿੱਚ ਗ਼ਲਤੀਆਂ 3. ਕਮਿਊਨਿਸਟ ਲੀਡਰਸ਼ਿਪ ਵਿੱਚ ਸਰਮਾਇੱਦਾਂਰੀ ਸੰਸਕਾਰਾਂ ਦੀ ਮੌਜੂਦਗੀ ਜਿਵੇਂ ਹਾਊਮੈਂ, ਈਰਖਾ, ਵਿਖਾਵਾ ਅਤੇ ਜਾਤ-ਪਾਤ 4. ਸਾਧਨ ਜੁਟਾਉਣ ਅਤੇ ਲੋਕਾਂ ਵਿੱਚ ਕੰਮ ਕਰਨ ਦੀ ਘਾਟ। ਹੋਰ ਵੀ ਕਾਰਨ ਹੋ ਸਕਦੇ ਹਨ।(ਅ ) ਵਿਆਪਕ ਸਮਾਜਿਕ ਸੰਦਰਭ :1. ਜਨ-ਸਧਾਰਣ ਦੀ ਮਾਨਸਿਕਤਾ ਉੱਪਰ ਧਰਮ ਦੀ ਪੀਡੀ ਜਕੜ ਜਿਸ ਦੀ ਬੁਰਜੁਆ ਪਾਰਟੀਆਂ ਦੁਰਵਰਤੋਂ ਕਰ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਸਫ਼ਲ ਹੋ ਜਾਂਦੀਆਂ ਹਨ 2. ਜਾਤ-ਪਾਤੀ ਪ੍ਰਥਾ ਜਿਸ ਨੂੰ ਕਮਿਊਨਿਸਟ ਲੀਡਰਸ਼ਿਪ ਐਡਰੈਸ ਨਹੀਂ ਕਰ ਸਕੀ ਅਤੇ ਹੋਰ ਅਬਸਰਵਾਦੀ-ਸਰਮਾਇੱਦਾਂਰ ਪਾਰਟੀਆਂ ਦਲਿਤਾਂ ਦੇ ਹੱਕਾਂ ਦਾ ਪੱਤਾ ਖੇਡ ਕੇ ਮਗਰ ਲਾ ਲੈਂਦੀਆਂ ਹਨ 3. ਇਤਿਹਾਸਕ ਕਾਰਨ।

? ਗੁਰਨਾਮ ਜੀ ਤੁਸੀਂ ਲੰਮੇ ਸਮੇਂ ਤੋਂ ਇੰਗਲੈਂਡ ਵਿੱਚ ਰਹਿੰਦੇ ਹੋ। ਇੰਗਲੈਂਡ ਵਿੱਚ ਤੁਹਾਨੂੰ ਆਪਣੇ ਸਮਕਾਲੀ ਕਵੀਆਂ ਜਾਂ ਆਪਣੇ ਤੋਂ ਪਹਿਲੇ ਕਿਹੜੇ ਕਿਹੜੇ ਨਾਮਵਰ ਲੇਖਕਾਂ ਨਾਲ ਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ? ਉਸ ਸਮੇਂ ਦੀਆਂ ਸਰਗਰਮ ਜਥੇਬੰਦੀਆਂ, ਜਿਨ੍ਹਾਂ ਵਿੱਚ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ, ਆਪਣੇ ਚੇਤੇ ਦੀ ਚੰਗੇਰ ਵਿੱਚੋਂ ਜਾਣਕਾਰੀ ਸਾਂਝੀ ਕਰਨੀ ਚਾਹੋਗੇ?

-ਸਤਨਾਮ ਜੀ, ਚੈਂਚਲ ਸਿੰਘ ਬਾਬਕ ਜੀ ਨੇ ਪੰਜਾਬੀ ਭਾਸ਼ਾ ਦਾ ਸਭ ਤੋਂ ਪਹਿਲਾ ਸਰਬ-ਬਰਤਾਨੀਆ ਕਵੀ ਦਰਬਾਰ ਨੌਟੀਗ਼ਮ ਸ਼ਹਿਰ ਵਿੱਚ ਕਰਵਾਇਆ, ਜਿਸ ਨਾਲ ਇੰਗਲੈਂਡ ਵਿੱਚ ਕਵੀ ਦਰਬਾਰਾਂ ਦਾ ਸਿਲਸਲਾ ਸ਼ੁਰੂ ਹੋਇਆ। ਮੈਂਨੂੰ ਪਹਿਲਾਂ ਪੰਜਾਬੀ ਸਾਹਿਤ ਸਭਾ ਲੰਡਨ, ਉਪਰੰਤ ਪ੍ਰਗਤੀਸ਼ੀਲ ਲਿਖਾਰੀ ਸਭਾ ਲੰਡਨ, ਉਪਰੰਤ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ (ਸਥਾਪਤ 1969) ਦੇ ਸਾਰੇ ਹੀ ਮੈਂਬਰਾਂ ਨਾਲ ਮਿਲ-ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਪੰਜਾਬੀ ਸਾਹਿਤ ਸਭਾ ਲੰਡਨ ਦੇ ਸਰਗਰਮ ਮੈਂਬਰ ਸਨ, ਈਸ਼ਵਰ ਚਿੱਤਰਕਾਰ, ਗਿਆਨੀ ਦਰਸ਼ਨ ਸਿੰਘ, ਬਿਸ਼ੰਭਰ ਸਿੰਘ ਸਾਕੀ, ਅਵਤਾਰ ਜੰਡਿਆਲਵੀ, ਸੰਤੋਖ ਸਿੰਘ ਸੰਤੋਖ, ਅਵਤਾਰ ਸਿੰਘ ਸੇਵਕ, ਸੁਖਬੀਰ ਸੰਧੂ, ਸ਼ੇਰ ਜੰਗ ਜਾਂਗਲੀ, ਸ਼ਿਵਚਰਨ ਗਿੱਲ, ਜੋਗਿੰਦਰ ਸ਼ਮਸ਼ੇਰ, ਸਵਰਨ ਚੰਦਨ, ਸੁਰਜੀਤ ਹਾਂਸ (ਕਦੀ ਕਦੀ ਆਇਆ ਕਰਦੇ ਸਨ) ਰਣਜੀਤ ਰਾਏ ਅਤੇ ਬੇਅੰਤ ਸਭਰਾ ਆਦਿ। ਮੈਂ ਵੀ ਇਸਦਾ ਮੈਂਬਰ ਬਣਿਆ ਅਤੇ ਇਸਦੀਆਂ ਮੀਟਿੰਗਾਂ ਅਤੇ ਸਾਹਿਤਕ ਸਮਾਗਮਾਂ ਵਿੱਚ ਭਾਗ ਲਿਆ। 1968 ਵਾਲੀ ਈਲਿੰਗ ਕਾਨਫਰੰਸ ਵਿੱਚ ਉੱਭਰੇ ਸਿਧਾਂਤਕ ਵਿਰੋਧ ਪਿੱਛੋਂ ਇਸ ਵਿੱਚ ਦੋ ਧੜੇ ਬਣ ਗਏ। ਇੱਕ ਧੜਾ ਵੱਖਰਾ ਹੋ ਗਿਆ ਅਤੇ ਇਸ ਵਿੱਚ ਆਉਣੋ ਹਟ ਗਿਆ। ਮੈਂ ਵੀ ਇਸ ਧੜੇ ਵਿੱਚ ਸ਼ਾਮਲ ਸੀ। ਕੁਝ ਦੇਰ ਅਸੀਂ ਵੀ ਵੱਖਰੀਆਂ ਮੀਟਿੰਗਾਂ ਕਰਦੇ ਰਹੇ।

ਇੰਗਲੈਂਡ ਦੇ ਸਮੂਹ ਲੇਖਕਾਂ ਸਲਾਹ ਕਰਕੇ ਫ਼ਰਵਰੀ 1969 ਵਿੱਚ ਡਰਬੀ ਵਿੱਚ ਇੱਕ ਮੀਟਿੰਗ ਸੱਦੀ। ਜਿਸ ਵਿੱਚ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਨੂੰ ਸਥਾਪਤ ਕਰਕੇ ਅਵਤਾਰ ਸਾਦਿਕ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸਦੇ ਮੁੱਢਲੇ ਮੈਂਬਰਾਂ ਸਨ : ਰਘਬੀਰ ਢੰਡ, ਨਿਰੰਜਨ ਸਿੰਘ ਨੂਰ, ਹਰਬਖਸ਼ ਮਕਸੂਦਪੁਰੀ, ਅਵਤਾਰ ਜੰਡਿਆਲਵੀ, ਅਵਤਾਰ ਸਾਦਿਕ, ਸਵਰਨ ਚੰਦਨ, ਹਰਕੇਵਲ ਸਿੰਘ ਕੇਵਲ, ਸ਼ੇਰ ਜੰਗ ਜਾਂਗਲੀ, ਜੋਗਿੰਦਰ ਸ਼ਮਸ਼ੇਰ ਅਤੇ ਸੰਤੋਖ ਸਿੰਘ ਸੰਤੋਖ ਆਦਿ। ਇਸ ਪ੍ਰਗਤੀਸ਼ੀਲ ਲਿਖਾਰੀ ਸਭਾ ਦੀ ਕੋਈ ਮੀਟਿੰਗ ਨਾ ਹੋਈ। ਚਾਰ ਕੁ ਮਹੀਨੇ ਉਡੀਕ ਕੇ ਅਵਤਾਰ ਜੰਡਿਆਲਵੀ, ਜੋਗਿੰਦਰ ਸ਼ਮਸ਼ੇਰ ਅਤੇ ਸੁਰਜੀਤ ਹਾਂਸ ਨੇ ਸਲਾਹ ਕਰ ਕੇ ਅਵਤਾਰ ਜੰਡੀਆਲਵੀ ਦੇ ਘਰ 62 (ਬਾਹਠ ) ਰਸਕਿੰਨ ਰੋਡ ਸਾਊਥਾਲ ਵਿਖੇ ਆਪਣੇ ਪੁਰਾਣੇ ਧੜੇ ਦੀ ਮੀਟਿੰਗ ਸੱਦ ਲਈ। ਇਸ ਮਿਟਿੰਗ ਵਿੱਚ ਪ੍ਰਗਤੀਸ਼ੀਲ ਲਿਖਾਰੀ ਸਭਾ ਲੰਡਨ ਸਥਾਪਤ ਕਰ ਕੇ ਮੈਂਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਇਸਦੇ ਮੈਂਬਰ ਸਨ: ਅਵਤਾਰ ਜੰਡਿਆਲਵੀ, ਸੁਰਜੀਤ ਹਾਂਸ, ਜੋਗਿੰਦਰ ਸ਼ਮਸ਼ੇਰ, ਸ਼ੇਰ ਜੰਗ ਜਾਂਗਲੀ, ਸਵਰਨ ਚੰਦਨ, ਸ਼ਿਵਚਰਨ ਗਿੱਲ, ਪ੍ਰੀਤਮ ਸਿੱਧੂ, ਤਰਸੇਮ ਨੀਲਗਿਰੀ, ਸਾਥੀ ਲੁਧਿਆਣਵੀ, ਰਣਜੀਤ ਧੀਰ, ਕਾਬਲ ਸਿੰਘ ਅਸਰ, ਜਗਤਾਰ ਢਾਅ, ਅਤੇ ਕਦੀ ਕਦੀ ਵਿਸ਼ਨੂੰ ਦੱਤ ਸ਼ਰਮਾ ਜੀ ਵੀ ਆਉਂਦੇ ਸਨ। ਕਾਮਰੇਡ ਲੱਖਾ ਸਿੰਘ ਜੌਹਰ ਇਸਦੇ ਮਹਿਮਾਨ ਮੈਂਬਰ ਸਨ। ਜਨਰਲ ਸਕੱਤਰ ਬਣ ਕੇ ਮੈਂ ਅਵਤਾਰ ਸਾਦਿਕ ਨਾਲ ਰਾਬਤਾ ਕਾਇਮ ਕੀਤਾ ਅਤੇ ਉਸ ਪਾਸੋਂ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਦਾ ਵਿਧਾਨ ਮੰਗਵਾ ਕੇ, ਓਹੋ ਵਿਧਾਨ ਪ੍ਰਗਤੀਸ਼ੀਲ ਲਿਖਾਰੀ ਸਭਾ ਲੰਡਨ ਦੀ ਮੀਟਿੰਗ ਸੱਦ ਕੇ ਪਾਸ ਕਰਵਾ ਲਿਆ। ਇਸ ਤਰ੍ਹਾਂ ਦੋਹਾਂ ਸਭਾਵਾਂ ਦੇ ਆਪਸੀ ਸਹਿਯੋਗ ਅਤੇ ਮਿਲਵਰਤਣ ਦਾ ਰਸਤਾ ਸਾਫ਼ ਹੋ ਗਿਆ।

ਮੈਂ, ਉਨ੍ਹਾਂ ਦਿਨਾਂ ਵਿੱਚ ਹੰਸਲੋ ਵਿੱਚ ਰਹਿੰਦਾ ਸੀ। ਅਸੀਂ ਇਸ ਸਭਾ ਦੀ ਮੀਟਿੰਗਾਂ ਅਤੇ ਸਾਹਿਤਕ ਸਮਾਗਮ ਕਦੀ ਸਾਊਥਾਲ ਕਰਦੇ ਅਤੇ ਕਦੀ ਹੰਸਲੋ ਕਰਦੇ। ਹੰਸਲੋ ਵਿੱਚ ਰਹਿੰਦੇ, ਲਹਿੰਦੇ ਪੰਜਾਬ ਦੇ ਕੁਝ ਉਰਦੂ ਭਾਸ਼ਾ ਦੇ ਲੇਖਕ ਵੀ ਅਸਾਡੇ ਨਾਲ ਜੁੜ ਗਏ। ਬਖ਼ਸ਼ ਲਾਇਲਪੁਰੀ ਅਤੇ ਰਹਿਮਤ ਕਰਨੀ ਦੇ ਨਾਂ ਜ਼ਿਕਰਯੋਗ ਹਨ। ਪ੍ਰਗਤੀਸ਼ੀਲ ਲਿਖਾਰੀ ਸਭਾ ਲੰਡਨ ਨੇ 1969 ਤੋਂ ਲੈ ਕੇ 1972 ਦੇ ਆਰੰਭ ਤੱਕ ਦੋ ਸਰਬ-ਬ੍ਰਤਾਨੀਆ ਲੇਖਕ ਕਾਨਫਰੰਸਾਂ ਇੱਕ ਸਾਊਥਾਲ ਅਤੇ ਇੱਕ ਹੰਸਲੋ ਵਿੱਚ ਕਰਵਾਈ ਜਿਸ ਵਿੱਚ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਦੇ ਸਾਰੇ ਮੈਬਰਾਂ ਨੇ ਭਰਪੂਰ ਸਹਿਯੋਗ ਦਿੱਤਾ। ਦੋ ਸਰਬ ਬ੍ਰਤਾਨੀਆ ਕਵੀ ਦਰਬਾਰ ਵੀ ਆਯੋਜਿੱਤ ਕੀਤੇ। ਅਵਤਾਰ ਜੰਡਿਆਲਵੀ ਨੇ ਇਸ ਸਭਾ ਵੱਲੋਂ ‘ਚਰਚਾ’ ਨਾਂ ਦਾ ਸਾਹਿਤਕ ਪਰਚਾ ਵੀ ਆਰੰਭ ਕੀਤਾ ਜਿਸ ਦਾ ਸਾਰਾ ਕੰਮ ਉਹ ਇਕੱਲੇ ਆਪਣੇ ਹੱਥੀਂ ਕਰਦੇ ਸਨ। ਉਨ੍ਹਾਂ ਵਿੱਚ ਕੰਮ ਕਰਨ ਦੀ ਬਹੁਤ ਸਮਰੱਥਾ ਸੀ। ਸਭਾ ਦੇ ਕੰਮ ਵਿੱਚ ਉਹ ਮੇਰੀ, ਨਿਰਸਵਾਰਥ ਸਹਾਇਤਾ ਕਰਦੇ ਸਨ। ਇਹ ਪਰਚਾ ਅਸੀਂ ਸਾਰੇ ਇੰਗਲੈਂਡ ਦੇ ਲੇਖਕਾਂ ਨੂੰ ਡਾਕ ਰਾਹੀਂ ਮੁਫ਼ਤ ਭੇਜਦੇ ਸੀ। ਇਹ ਪਰਚਾ ਬਾਦ ਵਿੱਚ ਸਲੋਅ ਸ਼ਹਿਰ ਵਿੱਚ ਰਹਿੰਦੇ ਦਰਸ਼ਨ ਸਿੰਘ ਢਿੱਲੋਂ ਨੇ ਚਲਾਉਣਾ ਆਰੰਭ ਕਰ ਦਿੱਤਾ।

1972 ਦੇ ਮੁੱਢ ਵਿੱਚ ਰਘਬੀਰ ਢੰਡ, ਨਿਰੰਜਨ ਸਿੰਘ ਨੂਰ, ਹਰਦੇਵ ਸਿੰਘ ਢੇਸੀ, ਅਵਤਾਰ ਸਾਦਿਕ, ਹਰਭਜਨ ਵਿਰਕ, ਸੰਤੋਖ ਸਿੰਘ ਸੰਤੋਖ ਆਦਿ ਨੇ ਬਾਕੀ ਮੈਂਬਰਾਂ ਨਾਲ ਸਲਾਹ ਕਰਕੇ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ (ਸਥਾਪਤ 1969) ਦੇ ਆਹੁਦੇਦਾਰਾਂ ਦੀ ਵਿੱਚੋਂਣ ਕਰਵਾਉਣ ਲਈ ਮੀਟਿੰਗ ਸੱਦੀ। ਇਸ ਮੀਟਿੰਗ ਵਿੱਚ ਮੈਂਨੂੰ ਸਰਬਸੰਮਤੀ ਜਨਰਲ ਸਕੱਤਰ ਅਤੇ ਅਵਤਾਰ ਸਾਦਿਕ ਨੂੰ ਸਹਾਇਕ ਸਕੱਤਰ ਚੁਣ ਲਿਆ। ਦਾਸ ਨੇ ਬਾਕੀ ਲੇਖਕਾਂ ਦੀ ਸਲਾਹ ਨਾਲ ਪ੍ਰਗਤੀਸ਼ੀਲ ਲਿਖਾਰੀ ਸਭਾ ਲੰਡਨ ਨੂੰ ਭੰਗ ਕਰ ਕੇ, ਇਸਦੀਆਂ ਦੋ ਬ੍ਰਾਂਚਾਂ ਸਾਊਥਾਲ ਅਤੇ ਹੰਸਲੋ ਬਣਾ ਕੇ ਦੋਹਾਂ ਨੂੰ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਨਾਲ ਜੋੜ ਦਿੱਤਾ। ਮੇਰੇ ਪਿੱਛੋਂ ਸ਼ਿਵਚਰਨ ਗਿੱਲ ਸਾਊਥਾਲ ਬ੍ਰਾਂਚ ਦਾ ਸਕੱਤਰ ਚੁਣਿਆ ਗਿਆ। ਉਸ ਪਿੱਛੋਂ ਰਣਜੀਤ ਧੀਰ ਇਸ ਬ੍ਰਾਂਚ ਦਾ ਸਕੱਤਰ ਬਣਿਆ। ਜੋਗਿੰਦਰ ਸਿੰਘ ਢਿੱਲੋਂ ਹੰਸਲੋ ਬ੍ਰਾਂਚ ਦੇ ਸਕੱਤਰ ਚੁਣੇ ਗਏ। ਲੁਧਿਆਣੇ ਵਾਲੇ ਪ੍ਰੋ. ਸ. ਨ. ਸੇਵਕ ਦੀ ਛੋਟੀ ਭੈਣ ਅੰਮ੍ਰਿਤਾ ਅਤੇ ਉਨ੍ਹਾਂ ਦੇ ਪਤੀ ਸੁਰਿੰਦਰ ਮੋਹਨ ਇਸ ਬ੍ਰਾਂਚ ਦੇ ਸਰਗਰਮ ਮੈਂਬਰ ਸਨ। ਗ਼ਜ਼ਲਗੋ ਮੁਸ਼ਤਾਕ ਅਤੇ ਕਾਮਰੇਡ ਸੁਰਜੀਤ ਜੀ ਦੇ ਛੋਟੇ ਭਰਾਤਾ ਜੁਝਾਰ ਸਿੰਘ ਬਾਸੀ ਵੀ ਵੱਧ ਚੜ੍ਹ ਕੇ ਭਾਗ ਲੈਂਦੇ ਸਨ। ਮੁਸ਼ਤਾਕ ਜੀ ਬਾਦ ਵਿੱਚ ਕੇਂਦਰੀ ਕਮੇਟੀ ਦੇ ਮੈਂਬਰ ਵੀ ਬਣੇ। ਦਾਸ 1972 ਤੋਂ ਲੈ ਕੇ 1983 ਤੱਕ ਪ੍ਰਗਤੀਸ਼ੀਲ ਲੇਖਕ ਸਭਾ ਗ੍ਰੇਟ ਬ੍ਰਿਟੇਨ ਦਾ ਜਨਰਲ ਸਕੱਤਰ ਰਿਹਾ। ਇਹ ਉਹ ਸਮਾਂ ਸੀ ਜਦੋਂ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਦਸ ਬ੍ਰਾਂਚਾਂ ਸਥਾਪਤ ਹੋਈਆਂ ਅਤੇ ਬਾਰਾਂ ਸਰਬ-ਬ੍ਰਤਾਨੀਆ ਪੰਜਾਬੀਆਂ ਲੇਖਕ ਕਾਨਫਰੰਸਾਂ ਆਯੋਜਤ ਕੀਤੀਆਂ ਗਈਆਂ। ਹਰੇਕ ਕਾਨਫਰੰਸ ਵਿੱਚ ਦੋ ਪਰਚੇ ਪੜ੍ਹੇ ਜਾਂਦੇ ਸਨ। ਸਿਆਸੀ ਮਤਭੇਦ ਹੋਣ ਦੇ ਬਾਵਜੂਦ ਇੰਗਲੈਂਡ ਦੇ ਸਾਰੇ ਲੇਖਕ ਇਨ੍ਹਾਂ ਕਾਨਫਰੰਸਾਂ ਵਿੱਚ ਹੁਮ-ਹੁਮਾ ਕੇ, ਪੂਰੀ ਤਿਆਰੀ ਕਰ ਕੇ ਭਾਗ ਲੈਂਦੇ ਸਨ। ਇਹ ਮੈਂ ਅਤਿ ਸੰਖੇਪ ਰੂਪ ਵਿੱਚ ਉਨ੍ਹਾਂ ਲੇਖਕ ਸਭਾਵਾਂ ਦਾ ਵੇਰਵਾ ਦਿੱਤਾ ਹੈ ਜਿਨ੍ਹਾਂ ਵਿੱਚ ਦਾਸ ਨੂੰ ਕੰਮ ਕਰਨ ਦਾ ਅਬਸਰ ਪ੍ਰਾਪਤ ਹੋਇਆ। ਇਨ੍ਹਾਂ ਦੇ ਸਾਰੇ ਮੈਂਬਰਾਂ ਨੂੰ ਹੀ ਬਹੁਤ ਨੇੜਿਓਂ ਮਿਲਣ ਦਾ ਮੌਕਾ ਮਿਲਦਾ ਰਿਹਾ ਜਿਵੇਂ ਹਰਜੀਤ ਦੋਧਰੀਆ ਜਿਹੜਾ ਅੱਜ ਕੱਲ੍ਹ ਕਨੇਡਾ ਵਿੱਚ ਰਹਿੰਦਾ ਹੈ ਉਹ ਅਸਾਡੀ ਰੈਡਿੰਗ ਬ੍ਰਾਂਚ ਦਾ ਸਕੱਤਰ ਹੁੰਦਾ ਸੀ।

? ਗੁਰਨਾਮ ਜੀ, ਭਾਰਤ/ਪੰਜਾਬ ਵਿੱਚੋਂ ਬਹੁਤ ਸਾਰੇ ਲੇਖਕ ਵਿਦੇਸ਼ੀ ਸਾਹਿਤਕ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਆਉਂਦੇ ਰਹਿੰਦੇ ਹਨ। ਪੰਜਾਬੋ ਆਏ ਲੇਖਕ ਕਦੀ ਤੁਹਾਨੂੰ ਵੀ ਕੋਈ ਲੇਖਕ ਮਿਲਣ ਆਇਆ?

: ਪੋਰਟਸਮੱਥ ਸ਼ਹਿਰ ਵਿੱਚ ਮੈਂਨੂੰ ਮਿਲਣ ਆਏ ਲੇਖਕਾਂ ਦੇ ਵਰਨਣਯੋਗ ਨਾਂ ਹਨ: ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਪ੍ਰੋ. ਗੁਰਦਿਆਲ ਸਿੰਘ (ਨਾਵਲਕਾਰ), ਗੁਰਦਿਆਲ ਸਿੰਘ ਖੋਸਲਾ ਨਾਟਕਕਾਰ, ਰਘਬੀਰ ਸਿੰਘ ਸਿਰਜਣਾ, ਪ੍ਰੋ. ਸ ਨ. ਸੇਵਕ, ਗੁਲਜ਼ਾਰ ਸਿੰਘ ਸੰਧੂ, ਵਰਿਆਮ ਸਿੰਘ ਸੰਧੂ, ਪ੍ਰੋ. ਬਲਵਿੰਦਰ ਕੌਰ ਬਰਾੜ, ਹਰਭਜਨ ਸਿੰਘ ਹੁੰਦਲ, ਸੁਰਿੰਦਰ ਗਿੱਲ, ਸੁਰਿੰਦਰ ਕੌਰ ਅਤੇ ਜਿੰਦਰ। ਕੁਝ ਹੋਰ ਸੱਜਣ ਵੀ ਆ ਕੇ ਠਹਿਰੇ ਸਨ, ਪਾਕਿਸਤਾਨ ਤੋਂ ਜਨਾਬ ਰਾਹਤ ਸਾਈਦ ਵੀ ਆਉਂਦੇ ਰਹਿੰਦੇ ਹਨ।

? ਢਿੱਲੋਂ ਜੀ, ਜੇਕਰ ਮੈਂ ਗ਼ਲਤ ਨਾ ਹੋਵਾਂ, ਇੱਕ ਦੋ ਵਾਰ ਹੋਰ ਸ਼ਾਇਰਾਂ ਵਾਂਗ ਪੰਜਾਬ ਦਾ (ਲੋਕ-ਕਵੀ) ਗੁਰਦਾਸ ਰਾਮ ਆਲਮ ਵੀ ਇੰਗਲੈਂਡ ਦੀ ਫੇਰੀ ’ਤੇ ਆਇਆ ਸੀ? ਸ਼ਾਇਦ ਤੁਹਾਡੇ ਕੋਲ਼ ਹੀ ਠਹਿਰਿਆ ਸੀ। ਉਸ ਸਮੇਂ ਦੀ ਵੀ ਕੋਈ ਯਾਦ ਸਾਂਝੀ ਕਰਨਾ ਚਾਹੋਗੇ?

: ਢਾਅ ਜੀ, ਗੁਰਦਾਸ ਰਾਮ 1972 ਵਿੱਚ ਪਹਿਲੀ ਵਾਰ ਇੰਗਲੈਂਡ ਆਇਆ। ਉਸ ਸਮੇਂ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬਿਰੇਟਨ ਪੂਰੀ ਤਰ੍ਹਾਂ ਸਰਗਰਮ ਸੀ। ਦਾਸ ਜਨਰਲ ਸਕੱਤਰ ਸੀ ਅਤੇ ਲੰਡਨ ਬਾਰੋ ਆਫ਼ ਹੰਸਲੋ ਵਿੱਚ ਰਹਿੰਦਾ ਸੀ। ਆਲਮ ਦੀ ਸਭਾ ਨਾਲ ਸਿਧਾਂਤਕ ਨੇੜਤਾ ਹੋਣ ਕਾਰਨ ਮੈਂ, ਉਸ ਨੂੰ ਹੀਥਰੋ ਹਵਾਈ ਅੱਡੇ ਉੱਤੋਂ ਲੈਣ ਗਿਆ ਸੀ ਅਤੇ ਉਹ ਪਹਿਲੇ ਕੁਝ ਦਿਨ ਮੇਰੇ ਪਾਸ ਹੀ ਠਹਿਰਿਆ ਸੀ। ਸਭਾ ਦੀ ਕੇਂਦਰੀ ਕਮੇਟੀ ਨੇ ਹੀ ਇੰਗਲੈਂਡ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਉਸਦੇ ਸਾਰੇ ਸਾਹਿਤ ਸਮਾਗਮ ਉਲੀਕੇ ਸਨ। ਆਲਮ, ਇਨਸਾਨੀ ਗੁਣਾਂ ਨਾਲ ਭਰਪੂਰ ਸੀ। ਕੁਝ ਦੇਰ ਵਿੱਚ ਹੀ ਉਹ, ਮੇਰੇ ਦਿਲ ਦੇ ਇੰਨਾ ਕਰੀਬ ਹੋ ਗਿਆ ਕਿ ਮੇਰੀ ਹਰ ਗੱਲ ਦਾ ਰਾਜ਼ਦਾਰ ਬਣ ਗਿਆ। ਉਸ ਸਮੇਂ ਸ਼ਿਵ ਕੁਮਾਰ ਬਟਾਲਵੀ ਵੀ ਇੰਗਲੈਂਡ ਆਇਆ ਹੋਇਆ ਸੀ, ਜਿਸ ਨੂੰ ਡਾ. ਗੋਪਾਲ ਸਿੰਘ ਪੁਰੀ ਅਤੇ ਉਨ੍ਹਾਂ ਦੀ ਸੁਪਤਨੀ ਕੈਲਾਸ਼ ਪੁਰੀ ਜੀ ਨੇ ਮੰਗਵਾਇਆ ਸੀ। ਇਹ ਮੌਕਾ-ਮੇਲ ਹੀ ਸਮਝੋ ਕਿ ਉਸ ਸਮੇਂ ਅੰਮ੍ਰਿਤਾ ਪ੍ਰੀਤਮ ਜੀ ਵੀ ਅਜੀਤ ਸੱਤ ਭੰਵਰਾ ਦੇ ਸੱਦਾ-ਪੱਤਰ ਉੱਤੇ ਥੋੜ੍ਹੇ ਸਮੇਂ ਲਈ ਇੰਗਲੈਂਡ ਆਈ ਸੀ। ਉਨ੍ਹਾਂ ਦਿਨਾਂ ਵਿੱਚ ਅਜੀਤ ਸੱਤ ਭੰਵਰਾ ਨੇ ਪੰਜਾਬੀ ਭਾਸ਼ਾ ਵਿੱਚ ਸਪਤਾਹਿਕ ਪਰਚਾ "ਸੰਦੇਸ਼" ਆਰੰਭ ਕੀਤਾ ਸੀ ਜਿਸ ਵਿੱਚ ਅੰਮ੍ਰਿਤਾ ਜੀ ਨੇ ਲਗਾਤਾਰ ਕੁਝ ਹਫਤੇ ਲਿਖਿਆ ਵੀ।

ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬਿਰੇਟਨ ਦੀ ਹੰਸਲੋ ਬ੍ਰਾਂਚ ਨੇ ਲੈਂਪਟਨ ਸਕੂਲ, ਲੈਂਪਟਨ ਰੋਡ, ਹੰਸਲੋ ਵਿੱਚ ਸਰਬ-ਬ੍ਰਤਾਨੀਆਂ ਪੰਜਾਬੀ ਭਾਸ਼ਾਈ ਕਵੀ ਦਰਬਾਰ ਦਾ ਆਯੋਜਨ ਕੀਤਾ ਜਿਸ ਵਿੱਚ ਉਪਰੋਕਤ ਤਿੰਨਾਂ ਹੀ ਸਾਹਿਤਕਾਰਾਂ ਨੂੰ ਨਿਮੰਤਰਣ ਭੇਜਣ ਦੀ ਤਜਵੀਜ਼ ਸੀ। ਯਾਦ ਰਹੇ ਅਜਿਹੇ ਸਮਾਗਮਾਂ ਦਾ ਸਾਰਾ ਖ਼ਰਚਾ ਸਭਾ ਦੇ ਮੈਂਬਰ ਆਪਣੇ ਪੱਲਿਓਂ ਕਰਦੇ ਸਨ। ਸ਼ਿਵ ਬਟਲਵੀ ਜੀ ਨੂੰ ਲਿਵਰਪੂਲ ਦੇ ਸਿਰਨਾਵੇਂ ਉੱਤੇ ਖ਼ਤ ਲਿਖਿਆ। ਜਵਾਬ ਆਇਆ ਕਿ ਉਸ ਦਿਨ ਨਹੀਂ ਆ ਸਕਾਂਗਾ।ਤੁਸੀਂ ਤਰੀਕ ਬਦਲ ਦਿਓ ਤਾਂ ਮਜ਼ਾ ਆ ਜਾਵੇਗਾ। ਅਸਾਡੇ ਵਾਸਤੇ ਤਰੀਕ ਬਦਲਣੀ ਅਸੰਭਵ ਸੀ। ਅੰਮ੍ਰਿਤਾ ਜੀ ਨੂੰ ਮੈਂ, ਉਨ੍ਹਾਂ ਦੇ ਟਿਕਾਣੇ ਉੱਤੇ ਨਿਮੰਤਰਣ ਦੇਣ ਗਿਆ। ਇਹ ਮੇਰੀ ਉਨ੍ਹਾਂ ਨਾਲ ਜ਼ਿੰਦਗੀ ਦੀ ਪਹਿਲੀ ਮੁਲਾਕਾਤ ਸੀ ਜੋ ਆਖ਼ਰੀ ਹੋ ਨਿਬੜੀ। ਬਹੁਤ ਸੰਖੇਪ ਗੱਲ ਹੋਈ। ਉਹ ਆਉਣ ਲਈ ਮੰਨ ਗਏ ਪ੍ਰੰਤੂ ਉਨ੍ਹਾਂ ਦੀ ਵਾਗ ਡੋਰ ਅਜੀਤ ਸੱਤ ਭੰਵਰਾ ਦੇ ਹੱਥ ਵਿੱਚ ਸੀ ਜਿਵੇਂ ਅੰਦਰਖਾਤੇ ਭੰਵਰ੍ਹੇ ਨਾਲ ਕੋਈ ਡੀਲ ਹੋਈ ਹੋਵੇ। ਮੇਰੀ ਉਨ੍ਹਾਂ ਨਾਲ ਸੇਵਾ-ਫਲ਼ ਦੀ ਕੋਈ ਗੱਲ ਨਹੀਂ ਹੋਈ। ਇੱਥੇ ਮੈਂਨੂੰ ਇਹ ਤੱਥ ਦੱਸਣ ਵਿੱਚ ਕੋਈ ਹਿਚਕਚਾਹਟ ਨਹੀਂ ਕਿ ਅੰਮ੍ਰਿਤਾ ਪ੍ਰੀਤਮ ਜੀ ਦੀ ਸ਼ਖ਼ਸੀਅਤ ਮੈਂਨੂੰ ਉਸ ਤਰ੍ਹਾਂ ਦੀ ਨਹੀਂ ਲੱਗੀ ਜਿਸ ਤਰ੍ਹਾਂ ਦਾ ਤਸੱਵਰ ਮੇਰੇ ਮਨ ਵਿੱਚ ਸੀ। ਮੈਨੂੰ, ਇਸ ਤਰ੍ਹਾਂ ਲੱਗਾ ਜਿਵੇਂ ਹਾਲਾਤ ਨੇ ਉਨ੍ਹਾਂ ਨੂੰ ਕਿਸੇ ਹੱਦ ਤੱਕ ਅੰਦਰੋਂ ਸੱਖਣੀ ਕਰ ਦਿੱਤਾ ਹੋਵੇ।

ਕਵੀ ਦਰਬਾਰ ਨਿਸ਼ਚਤ ਤਰੀਕ ਉੱਤੇ ਹੀ ਹੋਂਣਾ ਸੀ। ਆਲਮ ਮੇਰੇ ਪਾਸ ਦੋ ਦਿਨ ਪਹਿਲਾਂ ਹੀ ਪਹੁੰਚ ਗਿਆ। ਉਸਦਾ ਸਰਵਣ ਸਿੰਘ ਅਮੋਲਕ ਦੇ ਨਾਲ ਵੀ ਪਿਆਰ ਸੀ, ਜੋ ਮੇਰੇ ਨੇੜੇ ਹੀ ਰਹਿੰਦਾ ਸੀ। ਸਿਧਾਂਤਕ ਨੇੜਤਾ ਹੋਣ ਕਾਰਨ ਅਸੀਂ ਆਲਮ ਨੂੰ ਹਰੇਕ ਸਮਾਗਮ ਵਿੱਚ ਮੰਚ ਉੱਤੇ ਵਿਸ਼ੇਸ਼ ਮਹਿਮਾਨ ਵਜੋਂ ਉਪਸਥਿੱਤ ਕਰਦੇ ਸਾਂ ਅਤੇ ਪੂਰੀ ਠੁੱਕ ਬੰਨ ਕੇ ਸਰੋਤਿਆਂ ਸਾਹਮਣੇ ਪੇਸ਼ ਕਰਦੇ ਸੀ। ਅਸਾਡਾ ਮੰਚ ਵੀ ਅਗਾਂਹਵਧੂ ਸੀਆਲਮ ਕਵਿਤਾ ਵੀ ਅਗਾਂਹਵਧੂ ਪੜ੍ਹਦਾ ਸੀ। ਬੱਸ ਫਿਰ ਉਹ ਛਾਅ ਜਾਂਦਾ ਸੀ। ਅੰਮ੍ਰਿਤਾ ਜੀ ਉਸ ਸਮਾਗਮ ਵਿੱਚ ਥੋੜੀ ਦੇਰ ਨਾਲ ਆਏ। ਆਉਂਦਿਆਂ ਸਾਰ ਹੀ ਅਸੀਂ ਉਨ੍ਹਾਂ ਨੂੰ ਇਜ਼ਤ-ਮਾਣ ਨਾਲ ਮੰਚ ਉੱਤੇ ਬਿਠਾਇਆ। ਅੰਮ੍ਰਿਤਾ ਪ੍ਰੀਤਮ ਜੀ ਨੇ ਵੀ ਇੱਕ ਖੁੱਲ੍ਹੀ ਕਵਿਤਾ ਪੜ੍ਹੀ ਜਿਸ ਦੀ ਸਰੋਤਿਆਂ ਨੂੰ ਸ਼ਾਇਦ ਸਮਝ ਤਾਂ ਨਾ ਆਈ ਹੋਵੇ ਪ੍ਰੰਤੂ ਉਨ੍ਹਾਂ ਨੇ ਸਾਹ ਰੋਕ ਕੇ ਸੁਣੀ। ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿੱਚ ਇਹ ਸਮਾਗਮ ਸਫ਼ਲ ਰਿਹਾ। ਸਾਰੇ ਖ਼ੁਸ਼ ਸਨ।

ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ "ਨਾਗਮਣੀ" ਦੇ ਅਗਲੇ ਅੰਕ ਵਿੱਚ ਜਿਹੜਾ ਅੰਮ੍ਰਿਤਾ ਜੀ ਨੇ ਆਪਣੀ ਯੂਰਪ ਦੀ ਫੇਰੀ ਤੋਂ ਬਾਦ ਛਾਪਿਆ, ਵਿੱਚ ਆਪਣੇ ਵਿਰੁੱਧ ਮੈਂ, ਉਨ੍ਹਾਂ ਦੀ ਬੜੀ ਗੁੰਮਰਾਹਕੁਨ ਟਿਪਣੀ ਪੜ੍ਹੀ "ਕਾਮਰੇਡ ਸਾਹਿਬ ਪੈਸੇ ਦੇਣ ਦਾ ਇਕਰਾਰ ਕਰ ਕੇ ਗਏ ਸੀ, ਪਰ ਦਿੱਤੇ ਨਹੀਂ"। ਭਾਵ ਕਿ ਕਾਮਰੇਡ ਵਿਸ਼ਵਾਸ ਕਰਨ ਦੇ ਯੋਗ ਨਹੀਂ ਹੁੰਦੇ। ਇੱਡਾ "ਵੱਡਾ" ਸਾਹਿਤ ਵਿੱਚ ਨਾਂ ਹੋਵੇ ਅਤੇ ਇੱਡਾ "ਛੋਟਾ" ਨਿਰਾ ਝੂਠ ਬੋਲਿਆ ਜਾਵੇ। ਪੜ੍ਹ ਕੇ ਮੈਂਨੂੰ ਤਾਂ ਅੱਗ ਲੱਗ ਗਈ। ਇਸ ਸਥਿੱਤੀ ਨੇ ਇੱਕ ਕਵਿਤਾ "ਸ਼ਾਇਰਾ" ਨੂੰ ਜਨਮ ਦਿੱਤਾ ਜੋ ਮੇਰੀ ਪੁਸਤਕ "ਹੱਥ ਤੇ ਹਥਿਆਰ ਵਿੱਚ ਸ਼ਾਮਲ ਹੈ।

ਇਸ ਪ੍ਰਸੰਗ ਵਿੱਚ ਇੱਕ ਵਿਚਾਰਨਯੋਗ ਗੱਲ ਹੋਰ ਦੱਸਣੀ ਬਣਦੀ ਹੈ। ਪਤਾ ਲੱਗਾ ਹੈ ਕਿ ਪੰਜਾਬ ਦੇ ਕੁਝ ਲੇਖਕਾਂ ਨੇ ਆਪਣਾ ਵੱਖਰਾ ਮਾਨਵਵਾਦੀ ਰਚਨਾ ਮੰਚ ਬਣਾਇਆ ਹੈ, ਜਿਸ ਨੇ ਆਲਮ ਦੀ ਸਮੁੱਚੀ ਕਵਿਤਾ ਦਾ ਸੰਗ੍ਰਿਹ ਛਾਪਿਆ ਹੈ ਅਤੇ ਉਸਦੇ ਨਾਂ ਉੱਤੇ ਕੋਈ ਇਨਾਮ ਵੀ ਰੱਖਿਆ ਹੈ। ਇਸ ਪੁਸਤਕ ਵਿੱਚ ਆਲਮ ਬਾਰੇ ਕੁਝ ਨਿਬੰਧ ਵੀ ਸ਼ਾਮਲ ਹਨ। ਉਹ ਆਲਮ ਦੀਆਂ ਵਲੈਤ ਫੇਰੀਆਂ ਦਾ ਤਾਂ ਬੜਾ ਹੁੱਬ ਕੇ ਜ਼ਿਕਰ ਕਰਦੇ ਹਨ ਪਰ ਉਸ ਜਥੇਬੰਦੀ ਜਾਂ ਉਸਦੇ ਸੰਚਾਲਕਾਂ ਦਾ ਨਾਂ ਲਿਖਣ ਲੱਗਿਆਂ ਉਨ੍ਹਾਂ ਦੀਆਂ ਕਲਮਾਂ ਕਿਉਂ ਭਿੱਟੀਆਂ ਜਾਂਦੀਆਂ ਹਨ, ਜਿਨ੍ਹਾਂ ਨੇ ਵਲੈਤ ਫੇਰੀਆਂ ਸਮੇਂ ਉਸ ਨੂੰ ਅੱਖਾਂ ’ਤੇ ਚੁੱਕਿਆ ਅਤੇ ਦੀ ਪੂਰੀ ਤਨਦੇਹੀ ਨਾਲ ਕਦਰ ਪਾਈ। ਸੋ ਸਤਨਾਮ ਜੀ, ਕਈ ਵਾਰ ਇਹੋ ਜਿਹੀਆਂ ਯਾਦਾਂ ਵੀ ਹਮੇਸ਼ਾ ਤੁਹਾਡੇ ਨਾਲ ਰਹਿੰਦੀਆਂ ਹਨ।

? ਹੋਰ ਅੱਜ ਕੱਲ੍ਹ ਤਸਵੀਰਾਂ ਖਿੱਚਣ/ਖਿੱਚਵਾਉਣ ਦਾ ਵੀ ਬੜਾ ਰਿਵਾਜ ਹੈ। ਤੁਸੀਂ ਵੀ ਖਿੱਚੀਆਂ ਹੋਣਗੀਆਂ? ਕੋਈ ਯਾਦਗਾਰੀ ਕੋਈ ਤਸਵੀਰਾਂ ਵੇਖ ਸਕਦੇ ਹਾਂ?

: ਹਾਂ ਜੀ ਜ਼ਰੂਰ, ਇਹ ਇਹ ਖਿੱਚੀਆਂ ਤਸਵੀਰਾਂ ਤਾਂ ਗੁਆਚ ਵੀ ਸਕਦੀਆਂ ਹਨ ਤੇ ਖ਼ੁਰਾਬ ਵੀ ਹੋ ਸਕਦੀਆਂ ਹਨ ਪਰ ਸਤਨਾਮ ਜੀ, ਮੈਂ ਤਸਵੀਰਾਂ ਦਿਲ ਦੀ ਕੈਨਵਸ ਉੱਪਰ ਖਿੱਚਦਾ ਹਾਂ, ਕੈਮਰੇ ਵਿੱਚ ਬੰਦ ਨਹੀਂ ਕਰਦਾ।ਤੁਸੀਂ ਦਿਲ ਵਿੱਚ ਉੱਤਰ ਕੇ ਵੇਖ ਲਓ ਇਹ ਸਾਰੇ ਮੇਰੇ ਦਿਲ ਵਿੱਚ ਵਸਦੇ ਹਨ।

? ਗੁਰਨਾਮ ਜੀ, ਕੀ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਦੀਆਂ ਕੋਈ ਹੋਰ ਪ੍ਰਾਪਤੀਆਂ ਬਾਰੇ ਵੀ ਦੱਸੋਗੇ?

: ਜ਼ਰੂਰ।ਹਾਂ, ਇੱਕ ਦਿਲਚਸਪ ਕਹਾਣੀ ਵੀ ਜੁੜੀ ਹੋਈ ਹੈ। ਜਿਵੇਂ ਮੈਂ ਦੱਸਿਆ ਕਿ ਮੈਂ ਹੰਸਲੋ ਕਮਿਊਨਿਟੀ ਰੀਲੇਸ਼ਨ ਕੌਂਸਲ ਦੇ ਮੁੱਢਲੇ ਮੈਂਬਰਾਂ ਵਿੱਚੋਂ ਸੀ। ਤਤਕਾਲੀ ਕਮਿਊਨਿਟੀ ਰੀਲੇਸ਼ਨ ਅਫ਼ਸਰ ਸ੍ਰ. ਇੰਦਰ ਸਿੰਘ ਉੱਪਲ ਨਾਲ ਮੇਰੇ ਬਹੁਤ ਚੰਗੇ ਸੰਬੰਧ ਸਨ। ਮੈਂ, ਉਸ ਨੂੰ ਕਿਹਾ ਲੰਡਨ ਬਾਰੋ ਆਫ਼ ਹੰਸਲੋ ਦੀ ਲਾਇਬਰੇਰੀ ਵਿੱਚ ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਅਤੇ ਅਖ਼ਬਾਰਾਂ ਦੀ ਸਹੂਲਤ ਹੋਣੀ ਚਾਹੀਦੀ ਹੈ। ਉਹ ਕਹਿੰਦਾ ਆਪਣੀ ਸਭਾ ਵਿੱਚ ਮਤਾ ਪਾਸ ਕਰਵਾ ਕੇ ਲਿਆ। ਮੈਂ ਮਤਾ ਪਾਸ ਕਰਵਾ ਕੇ ਲੈ ਗਿਆ। ਬੰਦਾ ਉਹ ਦਲੇਰ ਸੀ ਅਤੇ ਆਪਣੇ ਕੰਮ ਵਿੱਚ ਨਿਪੁੰਨ ਬੱਸ ਫਿਰ ਕੀ ਸੀ, ਉਸ ਨੇ ਉਸੀ ਵਕਤ ਮੇਰੇ ਸਾਹਮਣੇ ਸੰਬੰਧਤ ਮਹਿਕਮਿਆਂ ਨੂੰ ਚਿੱਠੀਆਂ ਪਾ ਦਿੱਤੀਆਂ। ਦਸ ਦਿਨਾਂ ਦੇ ਵਿੱਚ ਲਾਇਬਰੇਰੀਅਨ ਨੇ 500 ਪੁਸਤਕ ਦੀ ਲਿਸਟ ਮੰਗ ਲਈ। ਮੈਂ ‘ਆਰਸੀ’ ਰਸਾਲੇ ਵਿੱਚੋਂ ਸੋਵੀਅਤ ਯੂਨੀਅਨ ਦੇ ਸਾਹਿਤ ਦੀਆਂ ਸਾਰੀਆਂ ਅਨੁਵਾਦਤ ਪੁਸਤਕਾਂ ਅਤੇ ਹੋਰ ਮਾਰਕਸਵਾਦ ਨਾਲ ਸੰਬੰਧਤ ਪੁਸਤਕਾਂ ਦੀ ਲਿਸਟ ਬਣਾ ਕੇ ਉੱਪਲ ਨੂੰ ਸੌਂਪ ਦਿੱਤੀ ਉਨ੍ਹੇ ਬਿਨਾਂ ਪੜ੍ਹਿਆਂ ਉਹ ਲਿਸਟ ਅੱਗੇ ਭੇਜ ਦਿੱਤੀ। ਨਵਯੁੱਗ ਪਬਲਿਸ਼ਰ ਦਾ ਸਿਰਨਾਵਾਂ ਵੀ ਦੇ ਦਿੱਤਾ ਕਿ ਪੁਸਤਕਾਂ ਉਨ੍ਹਾਂ ਪਾਸੋਂ ਮੰਗਵਾ ਲੈਣ।

ਭਾਪਾ ਪ੍ਰੀਤਮ ਸਿੰਘ ਨੂੰ ਫ਼ੋਨ ਕਰ ਦਿੱਤਾ ਕਿ ਜਦੋਂ ਆਰਡਰ ਆਵੇ ਤੁਰੰਤ ਪੁਸਤਕਾਂ ਭੇਜ ਦੇਣ। ਪੇਮੈਂਟ ਦੀ ਜ਼ਿੰਮੇਵਾਰੀ ਵੀ ਲੈ ਲਈ। ਇੱਕ ਦਿਨ ਉੱਪਲ ਦਾ ਫ਼ੋਨ ਆਇਆ ਕਿ ਦਫ਼ਤਰ ਵਿੱਚ ਮਿਲਾਂ। ਜਦੋਂ ਮਿਲਣ ਗਿਆ ਉਨ੍ਹਾਂ ਲਿਸਟ ਕੱਢ ਕੇ ਮੂਹਰੇ ਰੱਖ ਦਿੱਤੀ। ਕਹਿੰਦਾ ਇਹ ਤਾਂ ਸਾਰਾ ਕਮਿਊਨਿਸਟ ਸਾਹਿਤ ਹੈ। ਲਿਸਟ ਉੱਪਰੋਂ ਵਾਪਸ ਆ ਗਈ ਹੈ। ਇਹ ਤੂੰ ਕੀ ਕੀਤਾ ! ਮੈਂ ਕਿਹਾ, ਕੋਈ ਗੱਲ ਨਹੀਂ, ਮੈਂ ਨਵੀਂ ਲਿਸਟ ਬਣਾ ਕੇ ਕੱਲ੍ਹ ਨੂੰ ਦੇ ਜਾਵਾਂਗਾ। ਫਿਰ ਮੈਂ ਜਸਵੰਤ ਸਿੰਘ ਕੰਵਲ, ਅੰਮ੍ਰਿਤਾ ਪ੍ਰੀਤਮ, ਗੁਰਦਿਆਲ ਸਿੰਘ ਆਦਿ ਦੇ ਨਾਵਲਾਂ, ਉੱਘੇ ਕਹਾਣੀਕਾਰਾਂ, ਕਵੀਆਂ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਪੁਸਤਕਾਂ ਦੇ ਨਾਲ ਸੋਵੀਅਤ ਗ਼ਲਪ ਸਾਹਿਤ ਦੀਆਂ ਪੁਸਤਕਾਂ ਦੀ ਲਿਸਟ ਬਣਾ ਕੇ ਸੌਂਪ ਦਿੱਤੀ।

ਦਸ ਦਿਨਾਂ ਬਾਅਦ ਭਾਪਾ ਜੀ ਦਾ ਖ਼ਤ ਆ ਗਿਆ ਕਿ ਪੁਸਤਕਾਂ ਦਾ ਆਰਡਰ ਮਿਲ ਗਿਆ ਹੈ। ਇਸ ਪਿੱਛੋਂ ਯੂ. ਕੇ. ਦੇ ਸਾਰਿਆਂ ਹੀ ਸ਼ਹਿਰਾਂ ਵਿੱਚ ਮੰਗ ਅਨੁਸਾਰ ਪਬਲਿਕ ਲਾਇਬਰੇਰੀਆਂ ਵਿੱਚ ਪੰਜਾਬੀ ਅਤੇ ਹੋਰ ਘੱਟ-ਗਿਣਤੀ ਕੌਮੀਅਤਾਂ ਦੀਆਂ ਭਾਸ਼ਾਵਾਂ ਦੀ ਸੁਬਿੱਧਾ ਪ੍ਰਾਪਤ ਹੋਈ। ਦੂਜੀ ਮਹੱਤਵਪੂਰਨ ਪ੍ਰਾਪਤੀ ਇਹ ਹੈ ਕਿ ਅਸੀਂ ਸਭਾ ਵੱਲੋਂ ਘੱਟ-ਗਿਣਤੀ ਭਾਈਚਾਰਿਆਂ ਨਾਲ ਸੰਬੰਧਤ ਸਭਿਆਚਾਰਕ ਮਸਲਿਆਂ ਬਾਰੇ ਸਮੇਂ ਸਮੇਂ ਅਨੁਸਾਰ ਮਤੇ ਪਾਸ ਕਰਕੇ ਸਰਕਾਰਾਂ ਅਤੇ ਹੋਰ ਸੰਬੰਧਤ ਮਹਿਕਮਿਆਂ ਨੂੰ ਭੇਜਦੇ ਰਹੇ, ਜਿਨ੍ਹਾਂ ਦਾ ਅਸਰ ਵੀ ਹੋਇਆ। ਇਸ ਅਸਰ ਕਾਰਨ ਹੰਸਲੋ ਵਿੱਚ ਭਾਰਤੀ ਸ਼ਾਸਤਰੀ ਸੰਗੀਤ, ਭਾਰਤੀ ਨਾਚ ਅਤੇ ਭੰਗੜਾ ਸਿੱਖਾਉਣ ਦੀਆਂ ਕਲਾਸਾਂ ਸ਼ੁਰੂ ਹੋਈਆਂ ਜੋ ਹੁਣ ਗਰੋਵ ਰੋਡ ਉੱਤੇ ਇੱਕ ਸੱਭਿਆਚਾਰਕ ਸੈਂਟਰ ਵਿੱਚ ਪ੍ਰੀਵਰਤਿਤ ਹੋ ਚੁੱਕੀਆਂ ਹਨ। ਇਸਦੀ ਪਹਿਲ ਅਤੇ ਸ਼ੁਰੂਆਤ ਵੀ ਪ੍ਰਗੀਤਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਦੀਆਂ ਕੋਸ਼ਿਸ਼ਾਂ ਨਾਲ ਹੀ ਹੋਈ ਸੀ। ਹੁਣ ਤਾਂ ਗ੍ਰਾਂਟਾਂ ਵੀ ਮਿਲਦੀਆਂ ਹਨ।

? ਗੁਰਨਾਮ ਜੀ, ਰਾਜਨੀਤੀ ਵਿੱਚ ਲੋਕਤੰਤਰ ਨੂੰ ਸਭ ਤੋਂ ਚੰਗਾ ਸਿਸਟਮ ਮੰਨਿਆ ਜਾਂਦਾ ਹੈ। ਭਾਵੇਂ ਇਸ ਵਿੱਚ ਵੀ ਬਹੁਤ ਸਾਰੀਆਂ ਖ਼ਾਮੀਆਂ ਵੀ ਹਨ। ਜਿਵੇਂ ਲੋਕ-ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਨੀਤੀਆਂ, ਇੱਕੋ ਪਾਰਟੀ ਦੀ ਡਿਕਟੇਟਰਸ਼ਿਪ ਵਾਂਙੂੰ ਮਹਿਸੂਸ ਕੀਤਾ ਜਾ ਰਿਹਾ ਹੈ। ਵੱਡੀਆਂ ਕਾਰਪੋਰੇਸ਼ਨਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਆਮ ਲੋਕਾਂ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ। ਇਹਦੇ ਬਾਰੇ ਇੱਕ ਰਾਜਨੀਤਿਕ ਚਿੰਤਕ ਅਤੇ ਸੁਜੱਗ ਵਿਅਕਤੀ ਦੇ ਨੁਕਤੇ ਤੋਂ ਕੀ ਕਹਿਣਾ ਚਾਹੋਗੇ?

: ਤੁਹਾਡੇ ਇਸ ਸਵਾਲ ਵਿੱਚ ਕਈ ਸਵਾਲ ਹਨ। ਤੁਹਾਡੇ ਸਵਾਲ ਵਿੱਚ ਉਲਝਣਾਂ ਵੀ ਹਨ। ਫਿਰ ਵੀ ਜਵਾਬ ਹਾਜ਼ਰ ਹੈ: ਤੁਹਾਡੇ ਮੰਨਣ ਅਨੁਸਾਰ ਜੇਕਰ ਲੋਕਤੰਤਰ ਸਭ ਤੋਂ ਚੰਗਾ ਸਿਸਟਮ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਇਸ ਵਿੱਚ ਇੱਕੋ ਪਾਰਟੀ ਦੀ ਡਿਕਟੇਟਰਸ਼ਿਪ ਕਿਵੇਂ ਪੈਦਾ ਹੋ ਗਈ? ਜਿਸ ਨੂੰ ਤੁਸੀਂ ਲੋਕਤੰਤਰ ਕਹਿੰਦੇ ਹੋ ਅਸਲ ਵਿੱਚ ਇਹ ਪੂੰਜੀਵਾਦੀ ਲੋਕਤੰਤਰ ਹੈ। ਮੈਂ ਇਸ ਨੂੰ ਸਭ ਤੋਂ ਚੰਗਾ ਸਿਸਟਮ ਨਹੀਂ ਮੰਨਦਾ। ਇਸਦੇ ਕੇਂਦਰ ਵਿੱਚ ਪੂੰਜੀ ਹੈ, ਮੁਨਾਫ਼ਾ ਹੈ। ਲੋਕ ਹਿੱਤ ਨਹੀਂ। ਪੂੰਜੀ ਦੇ ਥੋੜ੍ਹੇ ਹੱਥਾਂ ਵਿੱਚ ਕੇਂਦਰੀਕਰਣ ਨਾਲ ਵੱਡੀਆਂ ਕਾਰਪੋਰੇਸ਼ਨਾਂ ਹੋਂਦ ਵਿੱਚ ਆਉਂਦੀਆਂ ਹਨ। ਪੂੰਜੀਵਾਦੀ ਸਰਕਾਰਾਂ ਇਨ੍ਹਾਂ ਦੇ ਆਰਥਿਕ ਹਿੱਤ ਪਾਲ਼ਦੀਆਂ ਹਨ। ਸਰਕਾਰਾਂ ਇਨ੍ਹਾਂ ਪਾਸੋਂ ਪੂੰਜੀ ਨਿਵੇਸ਼ ਕਰਵਾਉਣ ਲਈ ਬਹੁਗਿਣਤੀ ਦੇ ਹੱਕਾਂ ਦੀ ਪਰਵਾਹ ਨਹੀਂ ਕਰਦੀਆਂ। ਇਹ, ਇਸ ਸਿਸਟਮ ਦੇ ਖਾਸੇ ਵਿੱਚ ਹੈ। ਸਾਮਰਾਜੀ ਸੰਸਾਰੀਕਰਣ ਦੀਆਂ ਅਜੋਕੀਆਂ ਨੀਤੀਆਂ ਅਪਨਾਉਣ ਨਾਲ ਵੀ ਵੱਡੀਆਂ ਕਾਰਪੋਰੇਸ਼ਨਾਂ ਦੇ ਹਿੱਤ ਪਾਲ਼ੇ ਜਾ ਰਹੇ ਹਨ ਅਤੇ ਆਮ ਲੋਕਾਂ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ। ਇਹ ਇਸ ਤਰ੍ਹਾਂ ਹੀ ਰਹੇਗਾ ਜਦ ਤੱਕ ਇਹ ਸਿਸਟਮ ਬਦਲਿਆ ਨਹੀਂ ਜਾਂਦਾ

? ਦੁਨੀਆਂ ਵਿੱਚ ਰਾਜਨੀਤਿਕ ਤਬਦੀਲੀ ਲਈ ਤਲਵਾਰ ਤੇ ਕਲਮ ਦਾ ਯੋਗਦਾਨ ਮੰਨਿਆ ਗਿਆ ਹੈ। ਭਾਵੇਂ ਕਿ ਤਲਵਾਰ ਦੇ ਜ਼ੋਰ ’ਤੇ ਤਬਦੀਲੀ ਨੂੰ ਬਹੁ-ਸੰਮਤੀ ਨਹੀਂ ਚਾਹੁੰਦੀ। ਕੀ ਤੁਹਾਨੂੰ ਲੱਗਦਾ ਹੈ ਕਿ ਕਲਮ ਦੇ ਜ਼ੋਰ ਨਾਲ ਕੋਈ ਇਨਕਲਾਬ ਆ ਸਕਦਾ ਹੈ? ਕੋਈ ਉਦਾਹਰਣ ਦੇਣੀ ਚਾਹੋਗੇ?

: ਇਨਕਲਾਬ ਲਿਆਉਣ ਲਈ ਤਿੰਨ ਸ਼ਰਤਾਂ ਜ਼ਰੂਰੀ ਹਨ 1. ਇਨਕਲਾਬੀ ਸਿਧਾਂਤ 2., ਇਨਕਲਾਬੀ ਜਥੇਬੰਦੀ ਭਾਵ ਇਨਕਲਾਬੀ ਰਾਜਨੀਤਕ ਪਾਰਟੀ 3. ਇਨਕਲਾਬੀ ਅਮਲ ਤੁਹਾਡੇ ਤਲਵਾਰ ਅਤੇ ਕਲਮ ਦੇ ਸੰਕਲਪ ਵੀ ਇਨਕਲਾਬੀ ਅਮਲ ਵਿੱਚ ਸਮਾ ਜਾਂਦੇ ਹਨ। ਜੇਕਰ ਪਰੋਲੇਤਾਰੀ ਜਮਾਤ ਦੀ ਅਗਵਾਈ ਹੇਠ ਹੋਣ ਵਾਲੇ ਇਨਕਲਾਬ ਦੀ ਗੱਲ ਕਰੀਏ ਤਾਂ ਇਸ ਨੇ ਬੁਰਜੁਆਜੀ ਸ਼੍ਰੇਣੀ ਪਾਸੋਂ ਸੱਤਾ ਹੱਥਿਆਉਣੀ ਹੁੰਦੀ ਹੈ। ਉਸ ਨੇ ਤਸ਼ਤਰੀ ਵਿੱਚ ਰੱਖ ਕੇ ਤਾਂ ਇਸ ਨੂੰ ਸੱਤਾ ਸੌਂਪਣੀ ਨਹੀਂ। ਇਸ ਨੇ ਸ਼ਕਤੀ ਨਾਲ ਉਹ ਸੱਤਾ ਖੋਹਣੀ ਹੈ। ਇਹ ਕੁਦਰਤੀ ਹੈ ਕਿ ਇਸ ਨੂੰ ਹਥਿਆਰ ਵਰਤਣੇ ਪੈਣਗੇ ਹੀ, ਭਾਵ ਹੈ ਕਿ ਇਹ ਹਥਿਆਰਬੰਦ ਇਨਕਲਾਬ ਹੋਵੇਗਾ। ਇਸਨੂੰ ਆਧੁਨਿਕ ਹਥਿਆਰ ਵਰਤਣੇ ਪੈਣਗੇ। ਕਲਮ ਨਾਲ ਕੋਈ ਸੱਤਾ ਨਹੀਂ ਖੋਹ ਸਕਦਾ। ਇਸ ਯੁੱਧ ਦੇ ਪੰਜ ਮੁਹਾਜ਼ ਹੁੰਦੇ ਹਨ: 1. ਰਾਜਨੀਤਕ ਮੁਹਾਜ਼ 2. ਆਰਥਿਕ ਮੁਹਾਜ਼ 3. ਸੱਭਿਆਚਾਰਕ ਮੁਹਾਜ਼ 4. ਮਿਲਟਰੀ ਮੁਹਾਜ਼ 5. ਮਨੋਵਿਗਿਆਨਕ ਮੁਹਾਜ਼। ਤੁਹਾਡੇ ਸਵਾਲ ਵਿਚਲੀ ਕਲਮ ਭਾਵ ਹਰ ਪ੍ਰਕਾਰ ਦਾ ਸਾਹਿਤ ਤੀਜੇ ਮੁਹਾਜ਼ ਵਿੱਚ ਆਉਂਦਾ ਹੈ। ਤੁਹਾਡੇ ਸਵਾਲ ਵਿਚਲੀ ਤਲਵਾਰ ਭਾਵ ਹਰ ਕਿਸਮ ਦਾ ਹਥਿਆਰ ਚੌਥੇ ਮੁਹਾਜ਼ ਵਿੱਚ ਆਉਂਦਾ ਹੈ। ਇਨਕਲਾਬੀ ਜਥੇਬੰਦੀ ਦੀਆਂ ਅੰਦਰੂਨੀ ਹਾਲਤਾਂ ਅਤੇ ਸਮਾਜ ਦੀਆਂ ਬਾਹਰਮੁਖੀ ਹਾਲਤਾਂ ਅਨੁਸਾਰ ਇਨਕਲਾਬ ਦੇ ਦਾਅ-ਪੇਚ ਘੜੇ ਜਾਂਦੇ ਹਨ। ਮੁਹਾਜ਼ਾਂ ਦੀ ਪ੍ਰਥਮਤਾ ਵਿੱਚ ਹਾਲਾਤ ਅਨੁਸਾਰ ਪਰਿਵਰਤਨ ਵੀ ਹੋ ਸਕਦਾ ਹੈ। ਇਕੱਲੀ ਤਲਵਾਰ ਨਾਲ ਇਨਕਲਾਬ ਨਹੀਂ ਆਉਂਦਾ ਭਾਵੇਂ ਕਿ ਹੁੰਦਾ ਇਹ ਹਥਿਆਰਬੰਦ ਇਨਕਲਾਬ ਹੀ ਹੈ। ਕਲਮ ਵੀ ਸੱਭਿਆਚਾਰਕ ਮੁਹਾਜ਼ ਵਿੱਚ ਯੋਗਦਾਨ ਪਾ ਸਕਦੀ ਹੈ, ਇਨਕਲਾਬ ਨਹੀਂ ਲਿਆ ਸਕਦੀ। ਮੇਰੇ ਗਿਆਨ ਵਿੱਚ ਅਜਿਹੀ ਕੋਈ ਉਦਾਹਰਣ ਨਹੀਂ ਜਿੱਥੇ ਕੇਵਲ ਕਲਮ ਦੇ ਜ਼ੋਰ ਨਾਲ ਇਨਕਲਾਬ ਆਇਆ ਹੋਵੇ

? ਪੰਜਾਬੋਂ ਬਾਹਰ ਬੈਠੇ ਲੇਖਕ ਅਣਦੇਖੇ ਦਾ (ਇਗਨੋਰ) ਕੀਤੇ ਜਾਣ ਦਾ ਪ੍ਰਭਾਵ ਮਹਿਸੂਸ ਕਰਦੇ ਹਨ। ਉਨ੍ਹਾਂ ਦਾ ਇਹ ਵੀ ਗਿਲਾ ਹੈ ਕਿ ਕਈ ਵਾਰ ਉਨ੍ਹਾਂ ਵੱਲੋਂ ਕੀਤੇ ਕੰਮ ਨੂੰ ਪੰਜਾਬ ਵਿੱਚ ਬੈਠੇ ਆਲੋਚਕ ਨਾ-ਮਿਆਰੀ ਸਾਹਿਤ ਦਾ ਲੇਬਲ ਲਾ ਕੇ ਢੁੱਕਦੀ ਗੱਲਬਾਤ ਕਰਨ ਤੋਂ ਟਾਲ਼ਾ ਵੱਟਦੇ ਹਨ। ਬਹੁਤੀ ਵਾਰ ਆਲੋਚਕ ਗੁੱਟਬੰਦੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਸਮੇਂ ਦਾ ਸੱਚ ਕੀ ਹੈ?

: ਸੱਚ ਹਮੇਸ਼ਾ ਸਾਪੇਖਕ ਹੁੰਦਾ ਹੈ। ਸਮੇਂ ਦਾ ਸੱਚ ਫਰੋਲਣ ਲੱਗੀਏ ਤਾਂ ਉਮਰਾਂ ਲੱਗ ਜਾਣਗੀਆਂ। ਹਰ ਘਟਨਾ/ਦੁਰਘਟਨਾ, ਹਰ ਸਥਿੱਤੀ/ਪ੍ਰਸਥਿੱਤੀ ਦੀਆਂ ਪਰਤਾਂ ਦਰਪਰਤਾਂ ਨੂੰ ਵੱਖਰੇ ਵੱਖਰੇ ਦ੍ਰਿਸ਼ਟੀਕੋਣਾਂ ਤੋਂ ਘੋਖ ਕੇ ਸਿੱਟੇ ਕਢਣੇ ਪੈਣਗੇ। ਫਿਰ ਵੀ ਉਹ ਸਿੱਟੇ ਸੰਪੂਰਨ ਨਹੀਂ ਹੋਣਗੇ। ਇਹ ਸਿਲਸਲਾ ਹੋਰ ਅੱਗੇ ਜਾਰੀ ਰਹਿੰਦਾ ਹੈ। ਤੁਹਾਡੇ ਸਵਾਲ ਦਾ ਸਿੱਧਾ ਜਿਹਾ ਉੱਤਰ ਹੈ ਕਿ ਪੰਜਾਬ ਵਿੱਚ ਬੈਠੇ ਆਲੋਚਕਾਂ ਦਾ ਬਾਹਰਲੇ ਲੇਖਕਾਂ ਨੂੰ ਬਹੁਤਾ ਫ਼ਿਕਰ ਨਹੀਂ ਕਰਨਾ ਚਾਹੀਦਾ। ਆਪਣਾ, ਸਭ ਤੋਂ ਵੱਡਾ ਆਲੋਚਕ, ਲੇਖਕ ਆਪ ਹੁੰਦਾ ਹੈ। ਆਪਣੀ ਸਮਰੱਥਾ ਅਨੁਸਾਰ ਸਾਹਿਤ ਦੀ ਸਿਰਜਣਾ ਕਰਦੇ ਰਹਿਣਾ ਚਾਹੀਦਾ ਹੈ। ਆਪਣੇ ਆਪ ਉੱਤੇ, ਅਤੇ ਆਪਣੇ ਕੀਤੇ ਕੰਮ ਵਿੱਚ ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ। ਜੇ ਉਹ ਚੰਗਾ ਸਾਹਿਤ ਰਚ ਰਹੇ ਹਨ ਤਾਂ ਸਮਾਂ ਜ਼ਰੂਰ ਉਨ੍ਹਾਂ ਦਾ ਮੁੱਲ ਪਾਏਗਾ। ਪੰਜਾਬ ਵਿੱਚ ਆਲੋਚਕਾਂ ਦੀਆਂ ਚਾਲੂ ਗੁੱਟਬੰਦੀਆਂ ਦੇ ਵਿਸ਼ੇ ਵਿੱਚ ਮੈਂਨੂੰ ਕੋਈ ਦਿਲਚਸਪੀ ਨਹੀਂ। ਭਾਰਤ ਫੇਰੀ ਦੌਰਾਨ ਮੈਂ ਨੋਟ ਕੀਤਾ ਹੈ ਕਿ ਉੱਥੇ ਲੇਖਕ/ਆਲੋਚਕ/ਆਲੋਚਕ-ਨੁਮਾ ਲੋਕ ਕਈ ਕਿਸਮ ਦੀਆਂ ਚਾਲਾਂ ਚਲਦੇ ਹਨ। ਮੈਂਨੂੰ ਨਿੱਜੀ ਤੌਰ ’ਤੇ ਕਿਸੇ ਉੱਤੇ ਕੋਈ ਗਿਲਾ ਨਹੀਂ। ਉੱਥੇ ਕੁਝ ਚੰਗੇ ਬੰਦੇ ਵੀ ਹਨਜਨਾਬ ਮਿਰਜ਼ਾ ਗ਼ਾਲਿਬ ਦਾ ਇੱਕ ਸ਼ਿਅਰ ਸੁਣੋ :

ਨਾ ਸਤਾਇਸ਼ ਕੀ ਤਮੰਨਾ ਨਾ ਸਿਲੇ ਕੀ ਪਰਵਾਹ

ਗਰ ਨਹੀਂ ਹੈਂ ਮੇਰੇ ਅਸ਼ਆਰ ਮੇਂ ਮਾਨੇ ਨਾ ਸਹੀ।

? ਤੁਸੀਂ ਕਹਿੰਦੇ ਹੋ ਤੁਹਾਡੇ ਸਿਰਜਣਾਤਮਿਕ ਕਾਰਜ ਨੂੰ ਨਾ ਗੌਲਣ ਦਾ ਤੁਹਾਨੂੰ ਕੋਈ ਗਿਲਾ ਨਹੀਂ ਇਹਦੇ ਵਿੱਚ ਤੁਹਾਡਾ ਆਪਣਾ ਸੁਭਾਅ ਕਿ ਕਿਸੇ ਦੀ ਚਮਚਾਗਿਰੀ ਨਾ ਕਰਨੀ ਅਤੇ ਆਪਣੇ ਕੰਮ ਵਿੱਚ ਮਗਨ ਰਹਿਣਾ। ਦੂਜੀ ਕਿਸਮ ਦੇ ਬਹੁਤੇ ਲੇਖਕਾਂ ਵਾਂਗ ਕਿਸੇ ਤੋਂ ਆਪਣੀ ਸੋਭਾ ਕਰਾਉਣ ਲਈ ਤਰਲੋਮੱਛੀ ਨਾ ਹੋਣਾ ਤਾਂ ਨਹੀਂ?

: ਕਾਰਨ ਤਾਂ ਤੁਸੀਂ ਸ਼ਾਇਦ ਖੋਜ ਹੀ ਲਿਆ ਹੈ। ਪਰ ਹੋ ਸਕਦਾ ਹੈ ਮੇਰੀਆਂ ਰਚਨਾਵਾਂ ਵੀ ਉਨ੍ਹਾਂ ਦੇ ਪੱਧਰ ਦੀਆਂ ਨਾ ਹੋਣ। ਹੋ ਸਕਦਾ ਹੈ ਮੈਂ ਉਨ੍ਹਾਂ ਦੇ ਮਾਪਦੰਡ ’ਤੇ ਪੂਰਾ ਨਾ ਉੱਤਰਦਾ ਹੋਵਾਂ। ਮੈਂ ਸਥਾਪਤੀ ਪਾਸੋਂ ਲੈਣਾ ਵੀ ਕੀ ਹੈ? ਮੈਂ ਦੱਸ ਚੁੱਕਿਆ ਹਾਂ ਕਿ ਮੈਂਨੂੰ ਕਿਸੇ ਉੱਤੇ ਕੋਈ ਗਿਲਾ ਨਹੀਂ। ਮੈਂ, ਆਪਣੇ ਲੋਕਾਂ ਲਈ ਲਿਖਦਾ ਹਾਂ, ਸਥਾਪਤ ਹੋਣ ਲਈ ਨਹੀਂ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਦੁਨੀਆਂ ਵਿੱਚ ਸਭ ਤੋਂ ਵੱਧ ਝੂਠ ਬੋਲ ਕੇ ਇਸ ਰੁਤਬੇ ਉੱਪਰ ਪਹੁੰਚਿਆ ਹੋਵੇ ਉੱਥੇ ਸਧਾਰਣ, ਸਿਧਾਂਤਹੀਣ ਕਰਮਚਾਰੀ ਪਾਸੋਂ ਕੀ ਆਸ ਕਰ ਸਕਦੇ ਹੋ? ਜਿਸ ਨੇ ਆਪਣਾ ਪਰਿਵਾਰ ਵੀ ਪਾਲ਼ਣਾ ਹੋਵੇ। ਪ੍ਰੰਤੂ ਇਹ ਰੁੱਤ ਅਵੱਸ਼ ਬਦਲੇਗੀ

? ਆਲੋਚਕਾਂ ਕੋਲੋਂ ਕਈ ਵਾਰ ਇਹ ਗੱਲ ਸੁਣਨ ਵਿੱਚ ਮਿਲਦੀ ਹੈ ਕਿ ਬਾਹਰ ਬੈਠੇ ਲੇਖਕਾਂ ਕੋਲ ਸਿਰਫ਼ ਦੋ ਹੀ ਮੁੱਦੇ ਹਨ ਇੱਕ ਤਾਂ ਨਸਲਵਾਦ ਅਤੇ ਦੂਜਾ ਹੈ ਭੂ-ਹੇਰਵਾ। ਉਂਝ ਵੀ ਪਰਵਾਸੀ ਸਾਹਿਤ ਨੂੰ ਮਿਆਰੀ ਸਾਹਿਤ ਮੰਨਣ ਤੋਂ ਝਿਜਕਦੇ ਹਨ। ਇਸ ਕਥਨ ਨਾਲ ਤੁਸੀਂ ਕਿੱਥੋਂ ਕੁ ਤੱਕ ਸਹਿਮਤ ਹੋ?

: ਢਾਅ ਜੀ, ਤੁਹਾਨੂੰ ਪਤਾ ਕਿ ਕਈ ਦਿਨ ਤਾਂ ਪਸ਼ੂ ਵੀ ਨਵੀਂ ਥਾਂ ਉੱਤੇ ਜਾ ਕੇ, ਨਵੀਂ ਖੁਰਲੀ ਵਿੱਚ ਪੱਠੇ ਨਹੀਂ ਖਾਂਦਾ। ਉਸ ਖੁਰਲੀ ਨਾਲ ਬੱਝੇ ਪਹਿਲੇ ਪਸ਼ੂ ਉਸ ਨੂੰ ਮਾਰਨ ਵੀ ਪੈਂਦੇ ਹਨ। ਭੂ-ਹੇਰਵਾ ਤਾਂ ਪਸ਼ੂਆਂ ਵਿੱਚ ਵੀ ਹੈ। ਮਨੁੱਖਾਂ ਵਿੱਚ ਤਾਂ ਹੋਵੇਗਾ ਹੀ। ਇਸਦਾ ਸਾਹਿਤ ਵਿੱਚ ਪ੍ਰਗਟਾ ਵੀ ਹੋਵੇਗਾ। ਇਹ ਜਜ਼ਬਾ ਕੁਦਰਤੀ ਹੈ। ਪ੍ਰੰਤੂ ਅਜੋਕੇ ਸੰਸਾਰੀਕਰਣ ਦੇ ਦੌਰ ਵਿੱਚ ਇਹ ਜਜ਼ਬਾ ਘੱਟ ਰਿਹਾ ਹੈ। ਇਸਦਾ ਸਾਹਿਤ ਵਿੱਚ ਪ੍ਰਗਟਾ ਵੀ ਘੱਟ ਜਾਵੇਗਾ। ਪਰਵਾਸੀ ਲੇਖਕ ਹੁਣ ਮੇਜ਼ਮਾਨ ਦੇਸ਼ ਵਿੱਚ ਪੇਸ਼ ਪੇਚੀਦਾ ਸਮੱਸਿਆਵਾਂ ਬਾਰੇ ਬੜਾ ਖੂਬਸੂਰਤ ਸਾਹਿਤ ਰਚ ਰਹੇ ਹਨ। ਇਸ ਲਈ ਭਾਰਤ ਵਿੱਚ ਬੈਠੇ ਆਲੋਚਕਾਂ ਨਾਲ ਮੈਂ ਸਹਿਮਤ ਨਹੀਂ। ਜੇ ਉਹ ਬਾਹਰਲੇ ਸਾਹਿਤ ਨੂੰ ਮਿਆਰੀ ਨਹੀਂ ਮੰਨਦੇ ਫਿਰ ਉਹ ਸੂਟ-ਕੇਸ ਸਿਰ ’ਤੇ ਚੁੱਕ ਕੇ ਬਾਹਰ ਨੂੰ ਭੱਜਦੇ ਕਿਉਂ ਹਨ? ਕਿਉਂ ਇੱਥੇ ਆ ਕੇ ਆਪਣੇ ਖੋਜ-ਪੱਤਰਾਂ ਵਿੱਚ ਝੂਠ ਲਿਖਦੇ ਹਨ? ਕਿਉਂ ਬਾਹਰ ਆ ਕੇ ਅਜਿਹੀਆਂ ਨਾ-ਮਿਆਰੀ ਪੁਸਤਕਾਂ ਦੀ ‘ਘੁੰਡ ਚੁਕਾਈ’ ਕਰਨ ਲਈ ਪੱਬਾਂ ਭਾਰ ਹੋਏ ਰਹਿੰਦੇ ਹਨ? ਕਿਉਂ ਬਾਹਰ ਆ ਕੇ ਅਖ਼ਬਾਰਾਂ ਵਿੱਚ ਨਿੱਤ ਮੂਰਤਾਂ ਛਪਵਾਉਣ ਦਾ ਪਾਖੰਡ ਰਚਦੇ ਹਨ? ਕਿਉਂ ਬਾਹਰਲੇ ਲੇਖਕਾਂ ਦੇ ਕੀਤੇ ਕੰਮ ਉੱਤੇ ਐੱਮਫ਼ਿਲਜ ਅਤੇ ਪੀਐੱਚਡੀਜ ਕਰਵਾ ਰਹੇ ਹਨ? ਪੱਛਮੀ ਪੂੰਜੀਵਾਦੀ ਦੇਸ਼ਾਂ ਵਿੱਚ ਨਸਲਵਾਦ ਦੀਆਂ ਜੜਾਂ ਬੜੀਆਂ ਡੂੰਘੀਆਂ ਹਨ। ਇਸਦਾ ਆਰੰਭ ਗੁਲਾਮਦਾਰੀ ਯੁੱਗ ਵਿੱਚ ਹੋਇਆ। ਇਹ ਹੁਣ ਵੀ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਹੁੰਦਾ ਰਹਿੰਦਾ ਹੈ। ਸੰਵੇਦਨਸ਼ੀਲ ਲੇਖਕ ਇਸ ਬਾਰੇ ਲਿਖਣਗੇ ਹੀ। ਪੰਜਾਬ ਵਿੱਚ ਬੈਠੇ ਲੇਖਕਾਂ ਨੂੰ ਸਮਝਣਾ ਹੋਵੇਗਾ ਕਿ ਇਹ ਕੋਈ ਬੁਰੀ ਗੱਲ ਨਹੀਂ। ਸਮੁੱਚੇ ਲੇਖਕਾਂ ਨੂੰ ਇਹ ਤੱਥ ਸਮਝਣਾ ਹੋਵੇਗਾ ਕਿ ਸਾਹਿਤ ਸਭ ਤੋਂਂ ਪਹਿਲਾਂ ਸਾਹਿਤ ਹੁੰਦਾ ਹੈ। ਬਾਕੀ ਗੱਲਾਂ ਬਾਅਦ ਵਿੱਚ ਹਨ

? ਕਈ ਵਾਰ ਪਰਵਾਸੀ ਪੰਜਾਬੀ ਲੇਖਕਾਂ ਤੇ ਪੰਜਾਬ ਵਿਚਲੀਆਂ ਯੁਨੀਵਰਸਿਟੀਆਂ ਵਿੱਚ ਪੀਐੱਚ.ਡੀ ਵੀ ਕਰਾਈਆਂ ਜਾਂਦੀਆਂ ਹਨ। ਕੀ ਤੁਹਾਡੇ ਰਚਨਾਤਿਮਕ ਕੰਮ ਉੱਤੇ ਪੰਜਾਬ ਵਿਚਲੀ ਕਿਸੇ ਯੂਨੀਵਰਸਿਟੀ ਕਿਸੇ ਵਿਦਿਆਰਥੀ ਨੇ ਕੋਈ ਖੋਜ ਕਾਰਜ ਵੀ ਕੀਤਾ?

: ਮੈਂ ਇਸਦੇ ਕਾਬਲ ਨਹੀਂ ਹੋ ਸਕਿਆ!!! ਇੱਕ ਵਾਰੀਂ ਇੱਕ ਬੀਬੀ ਦਾ ਖ਼ਤ ਆਇਆ ਸੀ ਕਿ ਉਹ ਮੇਰੇ ਕੀਤੇ ਕੰਮ ਉੱਤੇ ਐੱਮਫਿਲ ਕਰ ਰਹੀ ਹੈ। ਉਸ ਨੇ ਪੁੱਛਿਆ ਤੁਹਾਡੀ ਕਵਿਤਾ ਦਾ ਸਿਧਾਂਤ ਕੀ ਹੈ? ਬਾਅਦ ਵਿੱਚ ਕੁਝ ਪਤਾ ਨਹੀਂ ਲੱਗਾ ਉਸਦਾ ਕੀ ਬਣਿਆ। ਜਾਂ ਤਾਂ ਮੇਰਾ ਸਿਧਾਂਤ ਉਸ ਨੂੰ ਸਮਝ ਨਹੀਂ ਆਇਆ ਜਾਂ ਉਸਦੇ ਨਿਗਰਾਨ ਨਾਲ ਮੇਰੀ ਦੋਸਤੀ ਨਾ ਹੋਵੇਗੀ। ਰੱਬ ਹੀ ਜਾਣੇ! ਮੁੜ ਕਦੇ ਕਈ ਗੱਲ ਨਹੀਂ ਹੋਈ।

? ਗੁਰਨਾਮ ਜੀ, ਤੁਸੀਂ ਇੱਕੋ ਸਮੇਂ ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਅਤੇ ਪ੍ਰਗਤੀਸ਼ੀਲ ਲੇਖਕ ਸਭਾ ਦੇ ਜਨਰਲ ਸਕੱਤਰ ਦੇ ਤੌਰ ’ਤੇ ਸਰਗਰਮ ਹੋ। ਤੁਹਾਨੂੰ ਕੀ ਲੱਗਦਾ ਹੈ ਕਿ ਭਾਰਤੀ ਮਜ਼ਦੂਰ ਸਭਾ ( ਆਈ. ਡਬਲਯੂ, ਏ,) ਵਰਗੀਆਂ ਜਥੇਬੰਦੀਆਂ ਨੂੰ ਅੱਜ ਵੀ ਓਨੀਆਂ ਹੀ ਸਰਗਰਮੀਆਂ ਨਾਲ ਕੰਮ ਕਰਨ ਦੀ ਲੋੜ ਹੈ ਜੋ ਅੱਜ ਤੋਂ ਪੰਜਾਹ ਸਾਲ ਪਹਿਲਾਂ ਸੀ। ਇੱਕ ਸਮੇਂ ਇਸ ਜਥੇਬੰਦੀ ਦਾ ਬਹੁਤ ਪ੍ਰਭਾਵ ਸੀ। ਇਸ ਜਥੇਬੰਦੀ ਦੀਆਂ ਪ੍ਰਾਪਤੀਆਂ ਬਾਰੇ ਕੁਝ ਦੱਸੋ?

: ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਅੱਜ ਤੋਂ ਪੰਜਾਹ ਸਾਲ ਪਹਿਲਾਂ ਜਿੰਨੀ ਸਰਗਰਮ ਨਹੀਂ ਰਹੀ ਕਿਉਂਕਿ ਆਵਾਸੀਆਂ ਦੀ ਨਵੀਂ ਪੀੜ੍ਹੀ ਦਾ ਜੀਵਨ ਯਥਾਰਥ ਬਦਲ ਗਿਆ ਹੈ। ਨਵੀਂ ਪੀੜ੍ਹੀ ਪੜ੍ਹ ਲਿਖ ਕੇ ਇਸ ਸਮਾਜ ਵਿੱਚ ਉੱਚੀਆਂ ਪਦਵੀਆਂ ਪ੍ਰਾਪਤ ਕਰ ਰਹੀ ਹੈ। ਉਹ ਵੱਖਰੇ ਮਹੌਲ ਵਿੱਚ ਵਿਚਰ ਰਹੀ ਹੈ। ਉਨ੍ਹਾਂ ਨੂੰ ਭਾਰਤੀ ਮਜ਼ਦੂਰ ਸਭਾ ਦੀਆਂ ਸਰਗਰਮੀਆਂ ਵਿੱਚ ਬਹੁਤੀ ਦਿਲਚਸਪੀ ਨਹੀਂ। ਉਨ੍ਹਾਂ ਨੂੰ ਨਸਲਵਾਦ ਦਾ ਉਹ ਨੰਗਾ, ਚਿੱਟਾ ਸੇਕ ਨਹੀਂ ਝੱਲਣਾ ਪੈ ਰਿਹਾ ਜਿਹੜਾ ਪਹਿਲੀ ਪੀੜ੍ਹੀ ਨੂੰ ਝੱਲਣਾ ਪੈ ਰਿਹਾ ਸੀ। ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲੀ ਪੀੜ੍ਹੀ ਨਾਲੋਂ ਭਿੰਨ ਹਨ। ਨਵੀਂ ਪੀੜ੍ਹੀ ਆਪਣੇ ਆਪ ਨੂੰ ਬਰਤਾਨਵੀ ਕੌਮ ਦਾ ਅੰਗ ਸਮਝਦੀ ਹੈ। ਉਨ੍ਹਾਂ ਦੀ ਜ਼ਿੰਦਗੀ ਦਾ ਯਥਾਰਥ ਵੀ ਇਹ ਹੀ ਹੈ। ਉਹ ਬਰਤਾਨੀਆ ਦੀਆਂ ਜਥੇਬੰਦੀਆਂ ਵਿੱਚ ਭਾਗ ਲੈਂਦੀ ਹੈ। ਨਵੀਂ ਪੀੜ੍ਹੀ ਨੂੰ ਨਾਲ ਜੋੜਨ ਲਈ ਭਾਰਤੀ ਮਜ਼ਦੂਰ ਸਭਾ ਨੂੰ ਆਪਣੀ ਪੁਰਾਣੀ ਸੋਚ ਅਤੇ ਕੰਮ ਕਰਨ ਦੇ ਢੰਗ ਤਰੀਕੇ ਬਦਲਨੇ ਪੈਣਗੇ। ਇਸ ਸਮਾਜ ਵਿੱਚ ਆਵਾਸੀਆਂ ਨਾਲ ਸੰਬੰਧਤ ਸਮੱਸਿਆਵਾਂ ਅੱਜ ਵੀ ਹਨ। ਨਸਲਵਾਦ ਵੀ ਨਵੇਂ ਰੂਪ ਵਿੱਚ ਹਾਜ਼ਰ ਹੈ। ਭਾਰਤੀ ਮਜ਼ਦੂਰ ਸਭਾ ਅਜੋਕੇ ਹਾਲਾਤ ਵਿੱਚ, ਇੰਗਲੈਂਡ ਦੀਆਂ ਅਗਾਂਹਵਧੂ ਜਥੇਬੰਦੀਆਂ ਨਾਲ ਮੇਲ-ਮਿਲਾਪ ਰੱਖ ਕੇ ਹੀ ਆਪਣੀ ਸਾਰਥਿਕਤਾ ਕਾਇਮ ਰੱਖ ਸਕਦੀ ਹੈ। ਭਾਰਤੀ ਮਜ਼ਦੂਰ ਸਭਾ ਦਾ ਨਸਲਵਾਦ ਵਿਰੁੱਧ ਘੋਲ ਕਰਨ ਦਾ ਸ਼ਾਨਦਾਰ ਇਤਿਹਾਸ ਹੈ। ਇਸਦੇ ਦਬਾਅ ਨਾਲ ਨਸਲਵਾਦ ਵਿਰੁੱਧ ਕਈ ਕਾਨੂੰਨ ਬਣੇ ਜਿਨ੍ਹਾਂ ਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਾ ਹਾਂ। ਐੱਮਰਜੈਂਸੀ ਦੇ ਕਾਲ਼ੇ ਦੌਰ ਵਿੱਚ ਇਸ ਨੇ ਭਾਰਤ ਸਰਕਾਰ ਵਿਰੁੱਧ ਲੰਡਨ ਵਿੱਚ ਅਨੇਕਾਂ ਮੁਜ਼ਾਹਰੇ ਕੀਤੇ ਅਤੇ ਭਾਰਤੀ ਹਾਈ ਕਮਿਸ਼ਨਰ ਨੂੰ ਮੈਂਮੋਰੰਡਮ ਦਿੱਤੇ। ਭਾਰਤ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੀ ਡਟ ਕੇ ਵਿਰੋਧਤਾ ਕੀਤੀ। ਆਪਣੇ ਦਫ਼ਤਰ ਖੋਲ੍ਹ ਕੇ ਆਮ ਲੋਕਾਂ ਦੀਆਂ ਆਵਾਸ ਨਾਲ ਸੰਬੰਧਤ ਅਤੇ ਹੋਰ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਸਹਾਇਤਾ ਕੀਤੀ। ਭਾਰਤ ਵਿੱਚ ਸਰਗਰਮ ਹਰ ਪਰਕਾਰ ਦੀਆਂ ਅਗਾਂਵਧੂ ਜਥੇਬੰਦੀਆਂ ਦੀ ਸਹਾਇਤਾ ਕੀਤੀ। ਬਰਤਾਨੀਆ ਦੀ ਮਜ਼ਦੂਰ ਸ਼੍ਰੇਣੀ ਦੀ ਲਹਿਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ।

? ਗੁਰਨਾਮ ਜੀ, ਦੇਸ਼ਾਂ, ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਸਾਹਿਤਕ ਸਭਾਵਾਂ ਕੰਮ ਕਰਦੀਆਂ ਹਨ। ਕੀ ਤੁਹਾਨੂੰ ਲੱਗਦਾ ਹੈ ਇਹ ਸਭਾਵਾਂ ਪੰਜਾਬੀ ਬੋਲੀ ਦੀ ਸਾਂਭ ਸੰਭਾਲ ਜਾਂ ਵਿਕਾਸ ਵਿੱਚ ਕੋਈ ਯੋਗਦਾਨ ਪਾ ਰਹੀਆਂ ਹਨ। ਤੁਸੀਂ ਗ੍ਰੇਟ ਬ੍ਰਿਟੇਨ ਸਭਾ ਵਿੱਚ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਹੋ। ਆਪਣੀ ਸਭਾ ਦੇ ਇਤਿਹਾਸ ਅਤੇ ਇਸਦੇ ਮਹੱਤਵਪੂਰਨ ਕੰਮਾਂ ਬਾਰੇ ਕੋਈ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੋਗੇ?

: ਪੰਜਾਬੀ ਬੋਲੀ ਦੀ ਸਾਂਭ ਸੰਭਾਲ ਅਤੇ ਵਿਕਾਸ ਵਿੱਚ ਸਾਹਿਤ ਸਭਾਵਾਂ ਦੇ ਯੋਗਦਾਨ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਹਰ ਇੱਕ ਸਭਾ ਦਾ ਯੋਗਦਾਨ ਉਸਦੀ ਨੇਤ੍ਰਤਵ ਅਤੇ ਉਸਦੇ ਵਿਧਾਨ ਵਿੱਚ ਅੰਕਿਤ ਉਦੇਸ਼ ਅਤੇ ਮਨੋਰਥ ਤੈਅ ਕਰਦੇ ਹਨ। ਕਈ ਵਾਰੀਂ ਅਬਸਰਵਾਦੀ ਰੁਚੀਆਂ ਵਾਲੇ ਵਿਅਕਤੀ ਸਭਾਵਾਂ ਨੂੰ ਆਪਣੀ ਮਹਿਮਾ ਅਤੇ ਇਸ਼ਤਿਹਾਰਬਾਜ਼ੀ ਲਈ ਵਰਤਣਾ ਸ਼ੁਰੂ ਕਰ ਦਿੰਦੇ ਹਨ। ਕਈ ਵਾਰੀ ਕੋਈ ਸਭਾ ਕਿਸੇ ਵੇਲੇ ਕਿਸੇ ਰਾਜਸੀ ਦਬਾਅ ਹੇਠ ਆ ਕੇ ਗ਼ਲਤ ਫ਼ੈਸਲੇ ਵੀ ਕਰ ਬੈਠਦੀ ਹੈ। ਸਮੁੱਚੇ ਤੌਰ ’ਤੇ ਵੇਖਿਆ ਜਾਵੇ ਤਾਂ ਬਹੁਤੀਆਂ ਸਭਾਵਾਂ ਦਾ ਰੋਲ ਉਸਾਰੂ ਹੀ ਹੈ। ਉਨ੍ਹਾਂ ਦੀਆਂ ਸਰਗਰਮੀਆਂ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਹੱਕ ਵਿੱਚ ਹੀ ਭੁਗਤਦੀਆਂ ਹਨ। ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ (ਸਥਾਪਤ 1969) ਦੀਆਂ ਸਰਗਰਮੀਆਂ ਬਾਰੇ ਮੈਂ ਸੰਖੇਪ ਵਿੱਚ ਪਹਿਲਾਂ ਦੱਸ ਚੁੱਕਾ ਹਾਂ। ਇਸਦੇ ਇਤਿਹਾਸ ਅਤੇ ਸਰਗਰਮੀਆਂ ਬਾਰੇ ਕੁਝ ਹੋਰ ਜਾਣਕਾਰੀ ਹਾਜ਼ਰ ਹੈ: ਕ੍ਰੈਡਿਟ ਲੈਣ ਤਾਂ ਹੁਣ ਸਾਰੇ ਹੀ ਬਹੁਤ ਪੈਂਦੇ ਹਨ। ਉਹ ਸੱਜਣ ਵੀ ਪੈਂਦੇ ਹਨ ਜਿਹੜੇ ਕਿਸੇ ਸਮੇਂ ਸਾਡੀ ਵਿਰੋਧਤਾ ਕਰਦੇ ਸੀ। ਪ੍ਰੰਤੂ ਉਨ੍ਹਾਂ ਸਮਿਆਂ ਵਿੱਚ ਇੱਕ ਇਹ ਹੀ ਸਾਹਿਤਕ ਜਥੇਬੰਦੀ ਸੀ ਜਿਹੜੀ ਬ੍ਰਤਾਨੀਆ ਦੇ ਕਾਲ਼ੇ ਅਤੇ ਗੋਰੇ ਕਾਮਿਆਂ ਦੀ ਜੱਦੋ-ਜਹਿਦ ਵਿੱਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਸੀ, ਉਨ੍ਹਾਂ ਬਾਰੇ ਸਾਹਿਤ ਰਚਦੀ ਸੀ, ਉਨ੍ਹਾਂ ਲਈ ਫੰਡ ਇਕੱਠਾ ਕਰਦੀ ਸੀ। ਆਪਣੀਆਂ ਸਾਹਿਤਕ ਕਾਨਫਰੰਸਾਂ ਅਤੇ ਕਵੀ ਦਰਬਾਰਾਂ ਵਿੱਚ ਉਨ੍ਹਾਂ ਦੇ ਹੱਕ ਵਿੱਚ ਮਤੇ ਪਾਸ ਕਰਦੀ ਸੀ। ਉਨ੍ਹਾਂ ਦੇ ਜਲਸੇ/ਜਲੂਸਾਂ ਵਿੱਚ ਸ਼ਾਮਲ ਹੁੰਦੀ ਸੀ। ਇਸਦੇ ਨਾਲ ਅਸੀਂ ਭਾਰਤ ਤੋਂ ਮੰਗਵਾ ਕੇ ਅਗਾਂਹਵਧੂ ਸਾਹਿਤਕ ਪਰਚੇ ਅਤੇ ਪੁਸਤਕਾਂ ਵੀ ਵੇਚਦੇ ਹੁੰਦੇ ਸੀ। ਲੋੜਵੰਦ ਲੇਖਕਾਂ ਦੀ ਸਹਾਇਤਾ ਵੀ ਕਰਦੇ ਸੀ। ਸਭਾ ਵੱਲੋਂ ਪੰਜਾਬੀ ਵਿੱਚ ਕੁਝ ਪੁਸਤਕਾਂ ਵੀ ਛਪਵਾਈਆਂ ਗਈਆਂ ਸਨ। ਨਿਰੰਜਨ ਸਿੰਘ ਨੂਰ ਦੀ ਅਗਵਾਈ ਵਿੱਚ ਸਭਾ ਵੱਲੋਂ ਮਤੇ ਪਾਸ ਕਰ ਕੇ, ਬਿਲਸਟਨ ਕਮਿਊਨਿਟੀ ਕਾਲਜ ਵਿੱਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਐੱਮ. ਏ. (ਪੰਜਾਬੀ) ਦੀ ਪੜ੍ਹਾਈ ਦਾ ਕੋਰਸ ਵੀ ਆਰੰਭ ਕੀਤਾ ਗਿਆ ਸੀ। ਸਭਾ ਦੇ ਮੈਂਬਰਾਂ ਦੀਆਂ ਕਵਿਤਾਵਾਂ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਵਾ ਕੇ ‘ਮੋਮਬੱਤੀਆਂ’ ਨਾਮ ਦੀ ਪੁਸਤਕ ਵੀ ਛਪਵਾਈ ਗਈ ਸੀ। ਸੁਪ੍ਰਸਿੱਧ ਕਹਾਣੀਕਾਰ ਰਘਬੀਰ ਢੰਡ ਜੀ ਦੀ ਯਾਦ ਵਿੱਚ ਪੁਰਸਕਾਰ ਵੀ ਸਥਾਪਤ ਕੀਤਾ। ਇਸਦਾ ਪਹਿਲਾ ਇਨਾਮ ਉੱਘੇ ਸਾਹਿਤਕਾਰ ਪਿਆਰਾ ਸਿੰਘ ਸਹਿਰਾਈ ਅਤੇ ਹਰਭਜਨ ਸਿੰਘ ਹੁੰਦਲ ਨੂੰ ਸਾਂਝੇ ਤੌਰ ’ਤੇ ਦਿੱਤਾ ਗਿਆ। ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਹ ਪੁਰਸਕਾਰ ਕੁਝ ਬੰਦਿਆਂ ਦੀ ਤੰਗ ਦਿਲੀ ਦੀ ਭੇਂਟ ਚੜ੍ਹ ਗਿਆ। ਬਾਕੀ, ਸਭਾ ਦਾ ਸੰਖੇਪ ਇਤਿਹਾਸ ਇਉਂ ਹੈ :

ਅਵਤਾਰ ਸਾਦਿਕ, ਜਨਰਲ ਸਕੱਤਰ 1969 ਤੋਂ 1972 ਤੱਕ ਗੁਰਨਾਮ ਢਿੱਲੋਂ, ਜਨਰਲ ਸਕਤਰ 1972 ਤੋਂ 1983 ਤੱਕ ਅਵਤਾਰ ਸਾਦਿਕ, ਸਹਾਇਕ ਸਕੱਤਰ 1972 ਤੋਂ 1983 ਤੱਕ ਨਿਰੰਜਨ ਸਿੰਘ ਨੂਰ ਜਨਰਲ ਸਕੱਤਰ 1983 ਤੋਂ 1999 ਤਕ ਪ੍ਰਕਾਸ਼ ਸਿੰਘ ਆਜ਼ਾਦ ਸਹਾਇਕ ਸਕੱਤਰ 1983 ਤੋਂ 1993 ਤਕ ਦਰਸ਼ਨ ਧੀਰ ਸਹਾਇਕ ਸਕੱਤਰ 1993 ਤੋਂ 1999 ਤੱਕ ਨਿਰੰਜਨ ਸਿੰਘ ਨੂਰ ਜੀ ਦੀ ਅਚਾਨਕ ਮ੍ਰਿਤੂ ਪਿੱਛੋਂ ਸਭਾ ਸੰਕਟ ਦਾ ਸ਼ਿਕਾਰ ਹੋ ਗਈ ਸੀ। ਬਕਾਇਦਾ ਮੀਟਿੰਗ ਬੁਲਾ ਕੇ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ ਅਤੇ ਸਭਾ ਦਾ ਸਾਰਾ ਲਿਖਤੀ ਰੀਕਾਰਡ ਗੁੰਮ ਕਰ ਦਿੱਤਾ ਗਿਆ ਸੀ। ਪੁਨਰ-ਉਥਾਨ ਗੁਰਨਾਮ ਢਿੱਲੋਂ ਜਨਰਲ ਸਕੱਤਰ 2015 ਤੋਂ ਅੱਜ ਤੱਕ ਸਰਵਣ ਜ਼ੱਫਰ ਸਹਾਇਕ ਸਕੱਤਰ 2015 ਤੋਂ ਅੱਜ ਤੱਕ ਜੇ ਇੱਕ ਵਾਕ ਵਿੱਚ ਗੱਲ ਮੁਕਾਉਣੀ ਹੋਵੇ ਤਾਂ ਕਹਾਂਗਾ ਕਿ ਜਿਹੜੀ ਅੱਜ ਇੰਗਲੈਂਡ ਵਿੱਚ ਪੰਜਾਬੀ ਸਾਹਿਤ ਦੀ ਫੁਲਵਾੜੀ ਮਹਿਕ ਰਹੀ ਹੈ ਇਸਦੇ ਬੀਜ ਮੁੱਢਲਿਆਂ ਸਮਿਆਂ ਵਿੱਚ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਨੇ ਹੀ ਬੀਜੇ ਸਨ।

? ਸਾਹਿਤਕ ਪਿੜ੍ਹ ਵਿੱਚ ਗੁੱਟਬੰਦੀਆਂ ਦੋਸਤੀਆਂ, ਦੁਸ਼ਮਣੀਆਂ ਆਮ ਜਿਹੀ ਗੱਲ ਹੈ। ਤੁਸੀਂ ਬੜੇ ਲੰਮੇ ਸਮੇਂ ਤੋਂ ਸਾਹਿਤਕ ਖੇਤਰ ਵਿੱਚ ਜ਼ਿੰਮੇਵਾਰੀ ਵਾਲੀਆਂ ਸੇਵਾਵਾਂ ਨਿਭਾਉਂਦੇ ਰਹੇ ਹੋ। ਦੋਸਤੀਆਂ ਦੁਸ਼ਮਣੀਆਂ ਦੇ ਅਨੁਭਵ ਤੋਂ ਯਾਦ ਸਾਂਝੀ ਕਰਨੀ ਚਾਹੋਂਗੇ

: ਜਿੱਥੋਂ ਤੱਕ ਸਿਧਾਂਤ ਦਾ ਸੰਬੰਧ ਹੈ, ਮੈਂ ਕਿਸੇ ਨਾਲ ਸਮਝੌਤਾ ਨਹੀਂ ਕਰਦਾ। ਸਿਧਾਂਤਕ ਵਿਰੋਧਤਾਈ ਨੂੰ ਮੈਂ ਨਿੱਜੀ ਦੁਸ਼ਮਣੀ ਵਿੱਚ ਪਰਿਵਰਤਤ ਵੀ ਨਹੀਂ ਕਰਦਾ। ਦੋਸਤੀਆਂ ਮੈਂ ਸਾਰੀ ਉਮਰ ਪਾਲ਼ੀਆਂ ਹਨ, ਨਿਭਾਈਆਂ ਹਨ। ਜ਼ਿੰਦਗੀ ਵਿੱਚ ਮੈਂਨੂੰ ਬਹੁਤ ਪਿਆਰੇ ਦੋਸਤ ਮਿਲੇ ਹਨ। ਉਨ੍ਹਾਂ ਦੇ ਸਹਿਯੋਗ ਨਾਲ ਭਰਪੂਰ ਜ਼ਿੰਦਗੀ ਜੀਅ ਰਿਹਾ ਹਾਂ। ਜਿੱਥੋਂ ਤੱਕ ਦੁਸ਼ਮਣੀ ਦਾ ਸੰਬੰਧ ਹੈ ਮੇਰੇ ਜ਼ਿਹਨ ਵਿੱਚ ਜਮਾਤੀ ਦੁਸ਼ਮਣੀ ਦਾ ਸੰਕਲਪ ਭਾਰੂ ਹੈ। ਨਿੱਜੀ ਦੁਸ਼ਮਣੀ ਬਹੁਤ ਪਿੱਛੇ ਰਹਿ ਜਾਂਦੀ ਹੈ। ਜੇ ਕੋਈ ਵਿਅੱਕਤੀ ਨਿੱਜੀ ਵਾਰ ਕਰੇ, ਉਸ ਨੂੰ ਅਣਜਾਣ ਸਮਝ ਕੇ ਗੌਲਦਾ ਹੀ ਨਹੀਂ। ਉਂਝ ਵੀ ਮੈਂਨੂੰ ਅੱਜ ਤੱਕ ਕੋਈ ਵਿਅੱਕਤੀ ਆਪਣੀ ਦੁਸ਼ਮਣੀ ਦੇ ਕਾਬਲ ਨਹੀਂ ਮਿਲਿਆ।

? ਇੱਥੇ ਹੀ ਇੱਕ ਹੋਰ ਸਵਾਲ ਮੇਰੇ ਮਨ ਵਿੱਚ ਆ ਰਿਹਾ ਹੈ ਕਿ ਮਾਂ ਬੋਲੀ ਨੂੰ ਜਿਉਂਦਾ ਰੱਖਣ ਲਈ ਆਮ ਲੋਕਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ। ਇੰਗਲੈਂਡ ਵਿੱਚ ਅਗਲੀ ਪੀੜ੍ਹੀ ਜੇਕਰ ਪੰਜਾਬੀ ਬੋਲੀ ਨੂੰ ਬੋਲਣ ਜਾਂ ਸਾਂਭਣ ਲਈ ਉੰਨੀ ਸੁਹਿਰਦ ਨਹੀਂ ਤਾਂ ਪੰਜਾਬੀ ਬੋਲੀ ਦਾ ਭਵਿੱਖ ਡਾਵਾਂ-ਡੋਲ ਨਹੀਂ ਲੱਗਦਾ? ਕਿਉਂਕਿ ਹਰ ਚੀਜ਼ ਦੀ ਸਾਂਭ ਸੰਭਾਲ ਲਈ ਉਸਦੇ ਵਾਰਸ ਚਿੰਤਤ ਹੋਣੇ ਜ਼ਰੂਰੀ ਹਨ। ਸਮੁੱਚੇ ਬਰਤਾਨਵੀ ਪੰਜਾਬੀ ਭਾਈਚਾਰੇ ਦੇ ਸੰਦਰਭ ਵਿੱਚ ਤੁਹਾਡਾ ਕੀ ਖ਼ਿਆਲ ਹੈ? ਬਰਤਾਨੀਆ ਦਾ ਸਮੁੱਚਾ ਦ੍ਰਿਸ਼ ਕੈਸਾ ਹੈ? ਕੀ ਹੋ ਰਿਹਾ ਹੈ?

: ਪੰਜਾਬੀ ਭਾਸ਼ਾ ਦੇ ਵਾਰਸਾਂ ਦੇ ਚਿੰਤਤ ਹੋਣ ਦੇ ਬਾਵਜੂਦ ਪੰਜਾਬੀ ਬੋਲੀ ਦੀ ਹੋਂਦ ਨੂੰ ਅੱਜ ਦੇ ਦੌਰ ਵਿੱਚ ਸਭ ਤੋਂ ਵੱਧ ਖ਼ਤਰ੍ਹਾਂ ਸਾਮਰਾਜੀ ਵਿਸ਼ਵੀਕਰਣ ਦੀਆਂ ਅਤੇ ਭਾਰਤ ਸਰਕਰ ਦੀਆਂ ਨੀਤੀਆਂ ਤੋਂ ਹੈ ਕਿਉਂਕਿ ਇਸਦੀਆਂ ਜੜ੍ਹਾਂ ਤਾਂ ਪੰਜਾਬ ਵਿੱਚ ਹੀ ਹਨ। ਬ੍ਰਤਾਨਵੀ ਸਮਾਜ ਵਿਗਿਆਨੀ ਪ੍ਰੋ. ਸਟੂਅਰਟ ਹਾਲ ਨੇ ‘ਵਿਸ਼ਵੀਕਰਣ ਅਤੇ ਸੰਸਕ੍ਰਿਤੀ ਦੇ ਪ੍ਰਸਪਰ ਸੰਬੰਧ’ ਦੇ ਵਿਸ਼ੇ ਉੱਤੇ ਬੜਾ ਡੂੰਘਾ ਅਧਿਅਨ ਅਤੇ ਮੰਥਨ ਕੀਤਾ ਹੈ। ਉਸਦਾ ਨਿਰਣਾ ਹੈ, ਵਿਸ਼ਵੀਕਰਣ ਦੀ ਪ੍ਰਕਿਰਿਆ ਰਾਹੀਂ ਉਤਪਨ ਹੋ ਰਹੀ ਵਿਸ਼ਵ-ਸੰਸਕ੍ਰਿਤੀ ਦੀ ਸਰਵਾਧਿਕ ਮਹੱਤਵਪੂਰਨ ਵਿਸ਼ੇਸ਼ਤਾ ਇਸਦੀ ਇੱਕ-ਰੂਪੀਕਰਣ ਦੀ ਸ਼ਮਤਾ ਹੈ।ਇਸਦਾ ਅਰਥ ਇਹ ਹੈ ਕਿ ਦੁਨੀਆਂ ਦੇ ਇੱਕ ਧਰੁਵੀ ਹੋਣ ਉਪਰੰਤ ਦੁਨੀਆਂ ਦੀਆਂ ਸੰਸਕ੍ਰਿਤਕ/ਸਭਿਆਚਾਰਕ ਭਿੰਨਤਾਵਾਂ ਇੱਕ ਅਜਿਹੇ ਵੱਡੇ ਢਾਂਚੇ ਵਿੱਚ ਸਮਾਹਿਤ ਹੋ ਰਹੀਆਂ ਹਨ ਜਿਹੜਾ ਅਮਰੀਕੀ ਅਤੇ ਪੱਛਮੀ ਸ਼ਕਤੀਆਂ ਦੀ ਵਿਸ਼ਵ-ਦ੍ਰਿਸ਼ਟੀ ਰਾਹੀਂ ਨਿਯਮਤ ਹੋ ਰਿਹਾ ਹੈ। ਪੰਜਾਬੀ ਭਾਸ਼ਾ ਅਤੇ ਅਜਿਹੀਆਂ ਹੋਰ ਅਲਪ-ਸੰਖਿਅਕ ਖੇਤਰੀ ਭਾਸ਼ਾਵਾਂ ਦੇ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਣ ਦੇ ਡਰ ਨੂੰ ਵੀ ਇਸ ਪ੍ਰਸੰਗ ਵਿੱਚ ਹੀ ਸਮਝਿਆ ਜਾ ਸਕਦਾ ਹੈ ਭਾਵੇਂ ਕਿ ਅਜਿਹੀਆਂ ਕੌਮੀ/ਖੇਤਰੀ ਭਾਸ਼ਾਵਾਂ ਪ੍ਰਤੀ ਰਾਸ਼ਟਰੀ ਸਰਕਾਰਾਂ ਦੀ ਨੀਤੀ ਦੇ ਦਖ਼ਲ ਦੀ ਵੀ ਚੋਖੀ ਸੰਭਾਵਨਾ ਹੈ

ਜਿੱਥੋਂ ਤੱਕ ਭਾਰਤ ਸਰਕਾਰ ਦੇ ਦਖ਼ਲ ਦਾ ਸੰਬੰਧ ਹੈ ਉਸਦਾ ਫ਼ਿਕਰ ਹਿੰਦੀ ਭਾਸ਼ਾ ਦੀ ਉੱਚਤਮਤਾ ਬਹਾਲ ਕਰਨਾ/ਰੱਖਣਾ ਹੈ। ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਦੀ, ਪੰਜਾਬੀ ਭਾਸ਼ਾ ਦੀ ਗਰਦਨ ਕਟਣ ਦੀਆਂ ਚਾਲਾਂ ਤਾਂ ਉਹ ਆਪ ਚੱਲਦੀ ਹੈ। ਇੰਗਲੈਂਡ ਵਿੱਚ ਪੰਜਾਬੀ ਬੋਲੀ ਦੇ ਭਵਿੱਖ ਨੂੰ ਡਾਵਾਂਡੋਲਤਾ ਵਿੱਚੋਂ ਕੱਢਣ ਲਈ ਅਗਲੀ ਪੀੜ੍ਹੀ ਨੂੰ ਇਸ ਨਾਲ ਜੋੜਨਾ ਅਤਿਅੰਤ ਜ਼ਰੂਰੀ ਹੈ। ਇਸ ਕਾਰਜ ਲਈ ਪੰਜਾਬੀ ਭਾਈਚਾਰੇ ਨੂੰ ਸਾਧਨ ਸੰਪੰਨ ਹੋਣਾ ਪਏਗਾ ਪੰਜਾਬੀ ਬੋਲੀ ਨੂੰ ਕਿੱਤਾ-ਮੁੱਖੀ ਬਣਾਉਣਾ ਪਏਗਾ, ਇਸ ਨੂੰ ਰੁਜ਼ਗਾਰ ਨਾਲ ਜੋੜਨਾ ਪਏਗਾ। ਬ੍ਰਤਾਨੀਆ ਦਾ ਦ੍ਰਿਸ਼ ਕੁਝ ਇਸ ਤਰ੍ਹਾਂ ਹੈ :

ਬ੍ਰਤਾਨੀਆ ਵਿੱਚ ਨਿਰੋਲ ਪੰਜਾਬੀ ਭਾਸ਼ਾ ਵਿੱਚ ਇਸ ਵੇਲੇ ਚਾਰ ਟੀ. ਵੀ. ਚੈਨਲ ਚੱਲ ਰਹੇ ਹਨ। ਕੁਝ ਹੋਰ ਵਿਦੇਸ਼ੀ ਪੰਜਾਬੀ ਟੀ.ਵੀ. ਚੈਨਲ ਹਨ ਜੋ ਇੱਥੇ ਵੇਖੇ/ਸੁਣੇ ਜਾ ਸਕਦੇ ਹਨ। ਐਪਰ ਇਨ੍ਹਾਂ ਸਾਰਿਆਂ ਦੀ ਆਧਾਰਸ਼ਿਲਾ ਧਾਰਮਿਕ ਅਥਵਾ ਸਿੱਖ ਧਰਮ ਹੈ। ਜਿੱਥੇ ਇਹ ਪੰਜਾਬੀ ਭਾਸ਼ਾ ਦਾ ਪਰਚਾਰ, ਪ੍ਰਸਾਰ ਅਤੇ ਵਿਕਾਸ ਕਰ ਰਹੇ ਹਨ ਉੱਥੇ ਇਹ ਇਸਦਾ ਧਰਮੀਕਰਣ ਅਥਵਾ ਸਿੱਖੀ-ਕਰਣ ਵੀ ਕਰ ਰਹੇ ਹਨ। ਇਨ੍ਹਾਂ ਦੇ ਆਰਥਿਕ ਸਾਧਨ ਵੀ ਧਰਮ ਅਧਾਰਤ ਹਨ ਜਾਂ ਦਾਨੀ ਪੁਰਖਾਂ ਵੱਲੋਂ ਕੀਤੀ ਸਹਾਇਤਾ ਹੈ। ਲੋਕ ਇਨ੍ਹਾਂ ਨੂੰ ਵੇਖਦੇ/ ਸੁਣਦੇ ਹਨ। ਕਈ ਨੌਜਵਾਨ ਵੀ ਇਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਹਨ। ਐਪਰ ਖੇਦ ਵਾਲੀ ਗੱਲ ਇਹ ਹੈ ਕਿ ਸਿੱਖ ਧਰਮ ਦੇ ਮਸਲਿਆਂ ਦੇ ਨਾਲ ਇਹ ਵੰਡਵਾਦੀ ਪ੍ਰਚਾਰ ਵੀ ਕਰਦੇ ਹਨ ਜਿਸ ਨਾਲ ਇੱਥੇ ਦੇ ਸਮਾਜ ਵਿੱਚ ਗ਼ਲਤ ਸੁਨੇਹਾ ਵੀ ਜਾਂਦਾ ਹੈ। ਮੇਰੇ ਮੱਤ ਅਨੁਸਾਰ ਜੇ ਮੌਜੂਦਾ ਭਾਜਪਾ ਸਰਕਾਰ ਵੱਲੋਂ ਧਰਮ ਦੇ ਨਾਂ ਉੱਪਰ ਦੇਸ਼ (ਰਾਜਨੀਤੀ ) ਚਲਾਉਣਾ ਗ਼ਲਤ ਹੈ ਤਾਂ ਕਿਸੇ ਧਾਰਮਿਕ ਫਿਰਕੇ ਵੱਲੋਂ ਧਰਮ ਦੇ ਨਾਂ ਉੱਪਰ ਦੇਸ਼ ਬਣਾਉਣਾ ਵੀ ਗ਼ਲਤ ਹੈ। ਭਾਜਪਾ ਜਾਂ ਕਾਂਗਰਸ ਸਰਕਾਰਾਂ ਦੀਆਂ ਅਲਪਸੰਖਿਅਕ ਕੌਮੀਅਤਾਂ ਜਾਂ ਧਰਮਾਂ ਵਿਰੁੱਧ ਗ਼ਲਤ ਨੀਤੀਆਂ ਦਾ ਪਰਦਾ ਫਾਸ਼ ਕਰਨਾ ਦਰੁਸਤ ਹੈ, ਐਪਰ ਧਰਮ ਦੇ ਆਧਾਰ ਉੱਪਰ ਦੇਸ਼ ਨੂੰ ਤਕਸੀਮ ਕਰਨਾ ਸਰਾਸਰ ਗ਼ਲਤ ਹੈ। ਇਸੇ ਤਰ੍ਹਾਂ ਬ੍ਰਤਾਨੀਆ ਵਿੱਚ ਨਿਰੋਲ ਪੰਜਾਬੀ ਭਾਸ਼ਾ ਦੇ ਚਾਰ ਪੰਜ ਲੰਮੀ ਰੇਂਜ ਵਾਲੇ ਅਤੇ ਕਈ ਛੋਟੀ ਰੇਂਜ ਵਾਲੇ ਰੇਡਿਓ ਸਟੇਸ਼ਨ ਹਨ ਜਿਨ੍ਹਾਂ ਵਿੱਚ ਕੁਝ ਨਿਰੋਲ ਧਾਰਮਿਕ ਵੀ ਹਨ। ਕੁਝ ਸਮੁੱਚੇ ਪੰਜਾਬੀਆਂ ਦੀ ਪ੍ਰਤਿਨਿਧਤਾ ਵੀ ਕਰਦੇ ਹਨ।

ਲਾਂਬੜਾ ਪੰਜਾਬੀ ਸੱਥ ਵੀ ਯੂਰਪ ਦੇ ਦੇਸ਼ਾਂ ਵਿੱਚ ਪੰਜਾਬੀ ਬੋਲੀ ਦੇ ਵਿਕਾਸ ਲਈ ਯਤਨਸ਼ੀਲ ਹੈ। ਪੰਜਾਬੀ ਭਾਸ਼ਾ ਵਿੱਚ ਚਾਰ ਸਪਤਾਹਕ ਅਖ਼ਬਾਰ ਵੀ ਨਿਕਲਦੇ ਹਨ ਜਿਨ੍ਹਾਂ ਵਿੱਚ ਕੁਝ ਮੁਫ਼ਤ ਵੰਡੇ ਜਾਂਦੇ ਹਨ। ਕੁਝ ਅਖ਼ਬਾਰ ਇੰਟਰਨੈਟ ਉੱਪਰ ਵੀ ਛਾਇਆ ਕੀਤੇ ਜਾਂਦੇ ਹਨ। ਗੁਰਦੁਆਰਿਆਂ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਹੈ ਪ੍ਰੰਤੂ ਉਨ੍ਹਾਂ ਵਿੱਚ ਮੁਸਲਿਮ ਭਰਾਵਾਂ ਦਾ ਤਾਂ ਕੀ, ਹਿੰਦੂਆਂ ਦਾ ਕੋਈ ਬੱਚਾ ਪੜ੍ਹਨ ਨਹੀਂ ਆਉਂਦਾ। ਇਸਦਾ ਮੁੱਖ ਉਦੇਸ਼ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਹੈ। ਇਹ ਵੀ ਦੁੱਖ ਵਾਲੀ ਗੱਲ ਹੈ ਖੱਬੇ-ਪੰਥੀ ਵਿਅਕਤੀਆਂ ਅਤੇ ਕੁਝ ਬੁੱਧੀਜੀਵੀਆਂ ਨੂੰ ਛੱਡ ਕੇ ਆਮ ਪੰਜਾਬੀ ਹਿੰਦੂ ਵੀਰਾਂ ਦਾ ਝੁਕਾਅ ਹਿੰਦੀ ਭਾਸ਼ਾ ਵੱਲ ਹੈ। ਉਹ ਆਪਣੇ ਬੱਚਿਆਂ ਨੂੰ ਹਿੰਦੀ ਭਾਸ਼ਾ ਨਾਲ ਜੋੜ ਰਹੇ ਹਨ। ਘਰਾਂ ਵਿੱਚ ਵੀ ਹਿੰਦੀ ਬੋਲਦੇ ਹਨ। ਮੈਂ ਕਿਸੇ ਵੀ ਪੰਜਾਬੀ ਹਿੰਦੂ ਮੰਦਰ ਵਿੱਚ ਨੋਟਿਸ ਬੋਰਡ ਉੱਤੇ ਕੋਈ ਨੋਟਿਸ ਪੰਜਾਬੀ ਭਾਸ਼ਾ ਵਿੱਚ ਨਹੀਂ ਵੇਖਿਆ। ਹਾਂ, ਗੁਜਰਾਤੀ ਭਾਸ਼ਾ ਵਿੱਚ ਵੇਖੇ ਹਨ। ਲਹਿੰਦੇ ਪੰਜਾਬ ਦੇ ਆਮ ਮੁਸਲਮ ਵੀਰਾਂ ਦਾ ਹਾਲ ਵੀ ਇਸੇ ਤਰ੍ਹਾਂ ਦਾ ਹੈ ਫ਼ਰਕ ਸਿਰਫ਼ ਇਹ ਹੈ, ਹਿੰਦੀ ਭਾਸ਼ਾ ਦੀ ਥਾਂ ਉਰਦੂ ਭਾਸ਼ਾ ਲੈ ਲੈਂਦੀ ਹੈ। ਲਹਿੰਦੇ ਪੰਜਾਬ ਦੇ ਕੁਝ ਦਾਨਸ਼ਮੰਦ ਪੰਜਾਬੀ ਵਿੱਚ ਲਿਖਦੇ ਹਨ ਅਤੇ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਜੱਦੋ-ਜਹਿਦ ਵੀ ਕਰਦੇ ਹਨ ਪ੍ਰੰਤੂ ਘਰਾਂ ਵਿੱਚ ਉਰਦੂ ਭਾਸ਼ਾ ਹੀ ਬੋਲਦੇ ਹਨ। ਪੰਜਾਬੀ ਭਾਸ਼ਾ ਨੂੰ ਕਈਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਿਛਲੇ ਸੋਲ਼ਾ ਸਾਲ ਗੁਰਦਿਆਲ ਸਿੰਘ ਰਾਏ ਨੇ ‘ਲਿਖਾਰੀ’ ਵੈਬ ਸਾਈਟ ’ਤੇ ਨਿਰੋਲ ਪੰਜਾਬੀ ਸਾਹਿਤਕ ਅਤੇ ਸਮਾਜਿਕ ਰਚਨਾਵਾਂ ਛਾਪੀਆਂ ਪਰ ਹੁਣ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਬੰਦ ਕਰਨਾ ਪਿਆ। ਬੜੇ ਦੁੱਖ ਦੀ ਗੱਲ ਹੈ, ਕੋਈ ਐਸੀ ਸੰਸਥਾ ਜਾਂ ਵਿਅਕਤੀ ਨਹੀਂ ਲੱਭਾ ਜੋ ਇਸ ਕੰਮ ਨੂੰ ਜਾਰੀ ਰੱਖਦਾ।

ਇਸ ਪ੍ਰਸੰਗ ਵਿੱਚ ਵੁਲਵਰਹੈਂਪਟਨ ਯੂਨੀਵਰਸਿਟੀ ਦਾ ਨਾਮ ਜ਼ਿਕਰਯੋਗ ਹੈ। ਦੂਜੇ ਪਾਸੇ, ਬਦਲਦੇ ਹਾਲਾਤ ਅਨੁਸਾਰ ਅਗਲੀਆਂ ਪੀੜ੍ਹੀਆਂ ਬ੍ਰਤਾਨੀਆਂ ਦੇ ਸਮਾਜ ਵਿੱਚ ਰਚਮਿਚ ਰਹੀਆਂ ਹਨ। ਇਹ ਵਰਤਾਰਾ ਕੁਦਰਤੀ ਹੈ। ਜਿਉਂ ਜਿਉਂ ਬੱਚੇ ਮੁੱਖਧਾਰਾ ਦੇ ਸਮਾਜ ਦਾ ਅੰਗ ਬਣਦੇ ਜਾਂਦੇ ਹਨ ਤਿਉਂ ਤਿਉਂ ਉਹ ਇਸ ਸਮਾਜ ਦੀਆਂ ਕਦਰਾਂ-ਕੀਮਤਾਂ ਵੀ ਅਪਨਾ ਰਹੇ ਹਨ। ਉਹ ਇੱਥੇ ਜੰਮੇ ਪਲ਼ੇ ਹਨ। ਉਨ੍ਹਾਂ ਦੀ ਮਾਂ ਬੋਲੀ ਜਾਂ ਪਹਿਲੀ ਭਾਸ਼ਾ ਅੰਗਰੇਜ਼ੀ ਹੈ। ਉਹ ਅੱਗੇ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਬੋਲਣ ਜਾਂ ਪੜ੍ਹਨ ਨੂੰ ਕਹਿੰਦੇ ਹੀ ਨਹੀਂ। ਕਈ ਵਾਰ ਬੱਚੇ ਅੰਤਰਰਾਸ਼ਟਰੀ ਅਤੇ ਅੰਤਰ-ਨਸਲੀ ਪਿਆਰ ਵਿਆਹ ਕਰ ਕੇ ਵੀ ਆਪਣੇ ਸੱਭਿਆਚਾਰ ਤੋਂ ਦੂਰ ਚਲੇ ਜਾਂਦੇ ਹਨ। ਇੰਗਲੈਂਡ ਵਿੱਚ ਪੰਜਾਬੀ ਭਾਈਚਾਰਾ ਟੁੱਟ-ਭੱਜ ਦੇ ਦੌਰ ਵਿੱਚੀਂ ਗੁਜ਼ਰ ਰਿਹਾ ਹੈ। ਇਸ ਲਈ ਪੰਜਾਬੀ ਭਾਸ਼ਾ ਦੀ ਕਿਸਮਤ/ਡਾਵਾਂਡੋਲਤਾ ਦਾ ਫ਼ੈਸਲਾ ਵਕਤ ਦੇ ਹੱਥ ਵਿੱਚ ਹੈ।

? ਇਸੇ ਸਵਾਲ ਦੀ ਕੜੀ ਦਾ ਦੂਜਾ ਸਵਾਲ ਪੀੜ੍ਹੀ ਪਾੜੇ ਬਾਰੇ ਹੈ। ਪੰਜਾਬੀ ਭਾਈਚਾਰੇ ਦੀ ਅਗਲੀ ਜਨਰੇਸ਼ਨ ਇੰਗਲੈਂਡ ਵਿੱਚ ਰਹਿ ਰਹੀ ਹੈ। ਪਹਿਲੀ ਤੇ ਦੂਜੀ ਪੀੜ੍ਹੀ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡਾ ਕਲਚਰ (ਬੋਲੀ, ਧਰਮ, ਰੀਤੀ ਰਿਵਾਜ਼, ਪਹਿਰਾਵਾ) ਸੁਰੱਖਿਅਤ ਰਹੇ। ਪਰ ਨਵੀਂ ਪੀੜ੍ਹੀ ਇਨ੍ਹਾਂ ਦੀ ਪਰਵਾਹ ਘੱਟ ਕਰਦੀ ਹੈ। ਇੰਗਲੈਂਡ ਵਿੱਚ ਇਸ ਦੁਬਿੱਧਾ ਬਾਰੇ ਪੰਜਾਬੀ ਭਾਈਚਾਰੇ ਨੇ ਕਿਸ ਤਰ੍ਹਾਂ ਨਿਜਿੱਠਿਆ?

: ਜਿਵੇਂ ਆਪਾਂ ਪਹਿਲਾਂ ਬੜੇ ਵਿਸਥਾਰ ਨਾਲ ਗੱਲ ਕੀਤੀ ਹੈ ਕਿ ਪਹਿਲੀਆਂ ਪੀੜ੍ਹੀਆਂ ਆਪਣੇ ਨਜ਼ਰੀਏ ਨਾਲ ਕੋਸ਼ਿਸ਼ਾਂ ਕਰ ਰਹੀਆਂ ਹਨ ਕਿ ਅਗਲੀਆਂ ਪੀੜ੍ਹੀਆਂ ਆਪਣੇ ਸਭਿਆਚਾਰ ਨਾਲ ਜੁੜੀਆਂ ਰਹਿਣ। ਜੇ ਨਵੀਂ ਪੀੜ੍ਹੀ ਦੇ ਬੱਚੇ ਬੱਚੀਆਂ ਆਪਣੇ ਸਭਿਆਚਾਰ ਤੋਂ ਦੂਰ ਚਲੇ ਜਾਂਦੇ ਹਨ ਤਾਂ ਤੁਸੀਂ ਕੋਈ ਦਬਾਅ ਪਾ ਕੇ ਰੋਕ ਨਹੀਂ ਸਕਦੇ। ਕਈ ਵਾਰ ਬੱਚਿਆਂ ਨੂੰ ਆਪਣੀ ਪੁਸ਼ਾਕ ਨੌਕਰੀ ਦੀਆਂ ਲੋੜਾਂ ਅਨੁਸਾਰ ਪਾਉਣੀ ਪੈਂਦੀ ਹੈ। ਮਾਪਿਆਂ ਨੂੰ ਬੱਚਿਆਂ ਦੀ ਮਰਜ਼ੀ ਮੁਤਾਬਕ ਹੀ ਚਲਣਾ ਪੈਂਦਾ ਹੈ ਨਹੀਂ ਤਾਂ ਮਾਪੇ, ਬੱਚਿਆਂ ਨਾਲੋਂ ਟੁੱਟ ਜਾਂਦੇ ਹਨ ਜਾਂ ਘਰਾਂ ਵਿੱਚ ਕਲੇਸ਼ ਖੜ੍ਹਾ ਹੋ ਜਾਂਦਾ ਹੈ ਜੋ ਕਈ ਵਾਰੀ ਬੜਾ ਭਿਆਨਕ ਰੂਪ ਧਾਰ ਜਾਂਦਾ ਹੈ। ਕਈ ਬੱਚੇ ਆਤਮ ਹੱਤਿਆ ਵੀ ਕਰ ਲੈਂਦੇ ਹਨ। ਕਈ ਮਾਪੇ ਕਾਨੂੰਨ ਹੱਥਾਂ ਵਿੱਚ ਲੈ ਕੇ ਸਜ਼ਾਵਾਂ ਭੁਗਤਦੇ ਹਨ। ਸੋ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਣਾ ਬੜਾ ਜ਼ਰੂਰੀ ਹੈ। ਮਾਪਿਆਂ ਨੂੰ ਵੀ ਰੂੜੀਵਾਦੀ ਕਦਰਾਂ-ਕੀਮਤਾਂ ਛੱਡਣੀਆਂ ਪੈਣੀਆਂ ਹਨ, ਫਿਰ ਹੀ ਇੱਕ ਦੂਜੇ ਦੇ ਨੇੜੇ ਰਹਿ ਕੇ ਚੱਲ ਸਕਦੇ ਹਨ।

? ਕੁਝ ਲੋਕਾਂ ਦਾ ਵਿਚਾਰ ਹੈ ਕਿ ਪੰਜਾਬੀ ਬੋਲੀ ਲਈ ਬਰਤਾਨੀਆਂ ਵਿੱਚ ਗੁਰਦੁਆਰਿਆਂ, ਸੰਗੀਤ ਗਰੁੱਪਾਂ ਅਤੇ ਪੱਬਾਂ ਵਿੱਚ ਜੁੜਦੀਆਂ ਸੱਥਾਂ ਦਾ ਬਹੁਤ ਯੋਗਦਾਨ ਰਿਹਾ ਹੈ। ਪਰ ਹੁਣ ਨਵੀਂ ਪੀੜ੍ਹੀ ਗੁਰੂ ਘਰਾਂ ਵਿੱਚ ਨਹੀਂ ਜਾਂਦੀ। ਸੰਗੀਤਕ ਗਰੁੱਪ ਵੀ ਓਨੇ ਸਰਗਰਮ ਨਹੀਂ ਜਿੰਨ੍ਹੇ ਪਹਿਲੇ ਸਮੇਂ ਸੀ। ਨਵੀਂ ਪੀੜ੍ਹੀ ਪੱਬਾਂ ਵਿੱਚ ਵੀ ਨਹੀਂ ਜਾਂਦੀ। ਤੁਸੀਂ ਬਰਤਾਨੀਆ ਵਿੱਚ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਕੀ ਸੋਚਦੇ ਹੋ?

: ਪੱਬਾਂ ਵਿੱਚ ਜੁੜਦੀਆਂ ਸੱਥਾਂ ਦਾ ਦਾਸ ਨੂੰ ਕੋਈ ਗਿਆਨ ਨਹੀਂ। ਗੁਰਦੁਆਰਿਆਂ ਦੇ ਯੋਗਦਾਨ ਦਾ ਵਰਣਨ ਪਹਿਲਾਂ ਹੋ ਚੁੱਕਾ ਹੈ। ਗੁਰਦੁਆਰਿਆਂ ਵਿੱਚ ਨਵੀਂ ਪੀੜ੍ਹੀ ਦੇ ਨਾ ਆਉਣ ਦਾ ਕਾਰਨ ਸੰਚਾਰ ਸਾਧਨਾਂ ਦੀ ਘਾਟ ਹੈ। ਬੋਲੀ ਸਮਝਣ/ਸਮਝਾਉਣ ਵਿੱਚ ਪੈਦਾ ਹੋਣ ਵਾਲਾ ਅੜਿੱਕਾ ਹੈ। ਗਿਆਨੀ ਜੀ ਦੇ ਵਿਖਿਆਨ ਦੀ ਬੱਚਿਆਂ ਨੂੰ ਕੋਈ ਸਮਝ ਨਹੀਂ ਆਉਂਦੀ। ਦੱਸੇ ਜਾਂਦੇ ਸਿੱਖ ਧਰਮ ਦੇ ਇਤਿਹਾਸ ਦਾ ਬੱਚਿਆਂ ਦੇ ਜੀਵਨ ਯਥਾਰਥ ਨਾਲ ਕੋਈ ਸਿੱਧਾ ਨਾਤਾ ਨਹੀਂ। ਦੂਜੇ ਪਾਸੇ ਉਹ ਮੇਜ਼ਬਾਨ ਮੁਲਕ ਨੂੰ ਆਪਣਾ ਮੁਲਕ ਸਮਝਦੇ ਹਨ। ਇੱਥੇ ਜੰਮੇ ਪਲ਼ੇ ਹਨ। ਉਨ੍ਹਾਂ ਦਾ ਸੁਹਜ-ਸਵਾਦ, ਜੀਵਨ-ਜਾਚ ਬਦਲ ਚੁੱਕੇ ਹਨ। ਉਨ੍ਹਾਂ ਦੀਆਂ ਲੋੜਾਂ, ਉਨ੍ਹਾਂ ਦੀਆਂ ਪਰਾਥਮਿਕਤਾਵਾਂ ਬਦਲ ਚੁੱਕੀਆਂ ਹਨ। ਗੁਰਦੁਆਰਿਆਂ ਦੀ ਸਿਆਸਤ, ਗੁਰਦੁਆਰਿਆਂ ਦਾ ਮਾਹੌਲ ਉਨ੍ਹਾਂ ਦੀ ਮਾਨਸਿਕਤਾ ਦੇ ਅਨੁਕੂਲ ਨਹੀਂ। ਉਨ੍ਹਾਂ ਨੂੰ ਗੁਰਦੁਆਰਿਆਂ ਨਾਲ ਜੁੜੇ ਰੱਖਣ ਲਈ, ਉਨ੍ਹਾਂ ਦੀਆਂ ਲੋੜਾਂ ਅਨੁਸਾਰ ਆਧੁਨਿਕ ਢੰਗ ਤਰੀਕੇ ਅਪਨਾਉਣੇ ਪੈਣਗੇ ਅਤੇ ਸਹੂਲਤਾਂ ਪਰਦਾਨ ਕਰਨੀਆਂ ਪੈਣਗੀਆਂ। ਨਹੀਂ ਤਾਂ ਉਹ ਆਪਣੇ ਧਰਮ, ਬੋਲੀ, ਰੀਤੀ ਰਿਵਾਜ਼ ਅਤੇ ਪਹਿਰਾਵੇ ਤੋਂ ਹੌਲ਼ੀ ਹੌਲ਼ੀ ਦੂਰ ਹੁੰਦੇ ਜਾਣਗੇ। ਜਿੱਥੋਂ ਤੱਕ ਸੰਗੀਤ ਗਰੁੱਪਾਂ ਦਾ ਸੰਬੰਧ ਹੈ, ਇਨ੍ਹਾਂ ਦੇ ਨੱਚਣ, ਗਾਉਣ ਦੇ ਪ੍ਰੋਗਰਾਮ ਘਟੇ ਨਹੀਂ ਸਗੋਂ ਇੰਗਲੈਂਡ ਵਿੱਚ ਵਧੇ ਹੀ ਹਨ। ਹੁਣ ਗਰੁੱਪਾਂ ਦੀ ਜਗ੍ਹਾ ਡੀ. ਜੇ. ਨੇ ਲੈ ਲਈ ਹੈ। ਕਈ ਟੀ. ਵੀ. ਸਟੇਸ਼ਨ ਦਿਨ ਰਾਤ ਧੂੜਾਂ ਪੱਟੀ ਰੱਖਦੇ ਹਨ। ਇੱਥੇ ਸਵਾਲ ਇਹ ਹੈ ਕੀ ਇਹ ਪੰਜਾਬੀ ਸੱਭਿਆਚਾਰ ਦੀ ਸਹੀ ਤਸਵੀਰ ਪੇਸ਼ ਕਰਦੇ ਹਨ? ਕੁਝ ਇੱਕ ਗਵਈਆਂ ਨੂੰ ਛੱਡ ਕੇ, ਜੋ ਇਹ ਲਚਰਵਾਦ, ਨੰਗੇਜ਼ਵਾਦ ਅਤੇ ਹਿੰਸਾ ਪਰੋਸ ਰਹੇ ਹਨ ਕੀ ਉਹ ਨੌਜਵਾਨਾਂ ਵਿੱਚ ਉਸਾਰੂ ਰੁਚੀਆਂ ਪੈਦਾ ਕਰ ਰਿਹਾ ਹੈ? ਮੇਰਾ ਉੱਤਰ ਨਾਂਹ ਵਿੱਚ ਹੈ। ਮੇਰੇ ਖ਼ਿਆਲ ਵਿੱਚ ਪੰਜਾਬੀ ਬੋਲੀ ਦੇ ਭਵਿੱਖ ਨੂੰ ਉੱਜਲਾ ਕਰਨ ਦੀ ਕੋਸ਼ਿਸ਼ ਵਿੱਚ ਇਨ੍ਹਾਂ ਸੰਗੀਤ ਗਰੁੱਪਾਂ ਨੂੰ ਵੀ ਸਹੀ ਰਸਤੇ ਉੱਪਰ ਲਿਆਉਣ ਦੀ ਲੋੜ ਹੈ।

? ਗੁਰਨਾਮ ਜੀ, ਆਪਾਂ ਸਾਰੇ ਹੀ ਆਪਣੇ ਚੰਗੇ ਭਵਿੱਖ ਲਈ ਪਰਦੇਸਾਂ ਵਿੱਚ ਆਏ ਹਾਂ। ਭਾਵੇਂ ਪਹਿਲਾਂ ਆਉਣ ਵਾਲਿਆਂ ਨੇ ਇਹ ਨਹੀਂ ਸੀ ਸੋਚਿਆ ਕਿ ਅਸੀਂ ਇੱਥੇ ਹੀ ਵੱਸ ਜਾਣਾ ਹੈ। ਪਰ ਹੌਲ਼ੀ ਹੌਲ਼ੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਪਰਿਵਾਰ ਵੀ ਇੱਥੇ ਆ ਗਏ। ਨਵੀਂ ਪੀੜ੍ਹੀ ਇੱਥੇ ਜੰਮੀ ਪਲ਼ੀ। ਇਹਦੇ ਉੱਪਰ ਇੱਥੇ ਹੀ ਹਵਾ ਦਾ ਅਸਰ ਹੋਣਾ ਜ਼ਰੂਰੀ ਹੈ। ਕੀ ਨਵੀਂ ਪੀੜ੍ਹੀ ਵਿੱਚੋਂ ਪੰਜਾਬੀ ਭਾਈਚਾਰੇ ਦੇ ਬੱਚੇ ਨਸ਼ਿਆਂ, ਸਮਲਿੰਗੀ ਵਿਆਹ ਅਤੇ ਲਿਵ-ਇਨ-ਰੀਲੇਸ਼ਨ ਵਰਗੇ ਪੱਛਮੀ ਮਾਹੌਲ ਦੇ ਵਰਤੋਂ-ਵਿਹਾਰ ਤੋਂ ਕਿੰਨਾ ਕੁ ਬਚੇ ਹਨ? ਜਾਂ ਕਿੰਨਾ ਕੁ ਅਸਰ ਹੇਠ ਹਨ?

: ਮੈਂ, ਤੁਹਾਡੇ ਨਾਲ ਸਹਿਮਤ ਹਾਂ ਕਿ ਨਵੀਂ ਪੀੜ੍ਹੀ ਉੱਤੇ ਨਵੇਂ ਦੇਸ਼ ਦੀ ਹਵਾ ਦਾ ਅਸਰ ਤਾਂ ਹੋਣਾ ਹੀ ਸੀ/ਹੈ। ਇਸ ਖੇਤਰ ਵਿੱਚ ਮੇਰਾ ਗਿਆਨ ਸੱਜਰਾ ਨਹੀਂ ਅਤੇ ਨਾ ਹੀ ਮੇਰੇ ਪਾਸ ਅੰਕੜੇ ਹਨ ਕਿਉਂਕਿ ਇਸ ਵਿਸ਼ੇ ਉੱਤੇ ਮੈਂ ਕੋਈ ਖੋਜ ਨਹੀਂ ਕੀਤੀ। ਮੈਂ ਕਿਸੇ ਨਸ਼ਾ ਛੁਡਾਊ ਕੇਂਦਰ ਜਾਂ ਨਸ਼ਿਆਂ, ਸਮਲਿੰਗੀ ਅਤੇ ਲਿਵ-ਇਨ-ਰੀਲੇਸ਼ਨ ਨਾਲ ਸੰਬੰਧਤ ਕਿਸੇ ਵੀ ਅਦਾਰੇ ਵਿੱਚ ਕੰਮ ਨਹੀਂ ਕੀਤਾ। ਇਸ ਲਈ ਮੇਰੇ ਲਈ ਤੁਹਾਡੇ ਇਸ ਸਵਾਲ ਦਾ ਉੱਤਰ ਦੇਣਾ ਔਖਾ ਹੈ। ਫਿਰ ਵੀ , ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਵਿੱਚ ਜਦੋਂ ਮੈਂ, ਆਪਣੇ ਆਲ਼ੇ ਦੁਆਲ਼ੇ ਦੋਸਤਾਂ ਦੇ ਵਸੀਹ ਘੇਰੇ ਵੱਲ ਝਾਤੀ ਮਾਰਦਾ ਹਾਂ ਤਾਂ ਮੈਂ ਕਹਿ ਸਕਦਾ ਹਾਂ, ਉਨ੍ਹਾਂ ਦੇ ਬਹੁਤੇ ਬੱਚੇ ਬੜੇ ਸਫ਼ਲ ਜੀਵਨ ਬਤੀਤ ਕਰ ਰਹੇ ਹਨ। ਉਹ ਨਸ਼ਿਆਂ ਤੋਂ ਬਚੇ ਹੋਏ ਹਨ। ਉਨ੍ਹਾਂ ਨੇ ਬੜੀ ਉੱਚੀ ਪੜ੍ਹਾਈ ਕੀਤੀ ਹੈ ਅਤੇ ਬੜੀਆਂ ਉੱਚੀਆਂ ਪਦਵੀਆਂ ਉੱਤੇ ਬਿਰਾਜਮਾਨ ਹਨ। ਉਨ੍ਹਾਂ ਨੇ ਬੜੀ ਤਰੱਕੀ ਕੀਤੀ ਹੈ। ਉਨ੍ਹਾਂ ਦਾ ਭਵਿੱਖ ਹੁਣ ਪੱਛਮੀ ਦੇਸ਼ਾਂ ਵਿੱਚ ਹੀ ਹੈ। ਕੁਝ ਬੱਚਿਆਂ ਦੇ ਜੀਵਨ ਵਿੱਚ ਤਲਾਕ ਦੀ ਸਮੱਸਿਆ ਆਈ ਹੈ ਪ੍ਰੰਤੂ ਪੜ੍ਹੇ ਲਿਖੇ ਅਤੇ ਚੋਖੀਆਂ ਤਨਖ਼ਾਹਾਂ ਪਾਉਂਦੇ ਹੋਣ ਕਾਰਨ ਉਹ ਦੁਬਾਰਾ ਸ਼ਾਦੀ ਕਰਵਾ ਕੇ ਬੜੇ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਜਿੱਥੋਂ ਤੱਕ ਸਮਲਿੰਗੀ-ਵਿਆਹਾਂ ਦੇ ਵਰਤਾਰੇ ਦਾ ਸੰਬੰਧ ਹੈ। ਇਸ ਬਾਰੇ ਸਮਾਜ ਦਾ ਦ੍ਰਿਸ਼ਿਟੀਕੋਣ ਬਦਲ ਰਿਹਾ ਹੈ। ਇਸ ਨੂੰ ਸਮਾਜ ਵਿੱਚ ਸਵੀਕ੍ਰਿਤੀ ਮਿਲ ਰਹੀ ਹੈ। ਇਸ ਨਾਲ ਲੱਗਾ ਸਟਿਗਮਾ ਖ਼ਤਮ ਹੋ ਰਿਹਾ ਹੈ। ਉਂਝ ਜੇ ਘੋਖਿਆ ਜਾਵੇ ਤਾਂ ਪੰਜਾਬ/ਭਾਰਤ ਦਾ ਸਮਾਜ ਵੀ ਉਹ ਸਮਾਜ ਨਹੀਂ ਰਿਹਾ ਜਿਹੜਾ ਆਪਾਂ ਅੱਜ ਤੋਂ 40/50 ਸਾਲ ਪਹਿਲਾਂ ਛੱਡ ਕੇ ਆਏ ਸੀ। ਉੱਥੇ ਵੀ ਬਹੁਤ ਕੁਝ ਬਦਲ ਗਿਆ ਹੈ। ਸਮਾਜਿਕ ਮੀਡੀਆ, ਟੀ, ਵੀ, ਮੀਡੀਆ ਅਤੇ ਹੋਰ ਬਿਜਲਈ ਸੰਚਾਰ ਸਾਧਨਾਂ ਨੂੰ ਵਰਤਣ ਵਿੱਚ ਉੱਥੇ ਦੀ ਸਾਧਨ-ਸੰਪੰਨ ਅਤੇ ਮੱਧ-ਸ਼੍ਰੇਣਿਕ ਨਵੀਂ ਪੀੜ੍ਹੀ ਵੀ ਕਿਸੇ ਨਾਲੋਂ ਪਿੱਛੇ ਨਹੀਂ। ਜਿੰਨ੍ਹਾਂ ਵਰਤਾਰਿਆਂ ਦਾ ਤੁਸੀਂ ਜ਼ਿਕਰ ਕੀਤਾ ਹੈ, ਇਹ ਵਰਤਾਰੇ ਉੱਥੇ ਵੀ ਬਹੁਤ ਵੱਧ ਗਏ ਹਨ/ਵੱਧ ਰਹੇ ਹਨ। ਉੱਥੇ ਕਈ ਸਮੱਸਿਆਵਾਂ, ਇੱਥੇ ਨਾਲੋਂ ਵੀ ਵੱਧ ਪੇਚੀਦਾ ਰੂਪ ਇਖਤਿਆਰ ਕਰ ਗਈਆਂ ਹਨ

? ਢਿੱਲੋਂ ਜੀ, ਇਹ ਤਾਂ ਮੰਨਿਆਂ ਕਿ ਪਹਿਲੀ ਪੀੜ੍ਹੀ ਤਾਂ ਸੈੱਟਲ ਹੋਣ ਲਈ ਸੰਘਰਸ਼ ਕਰਦੀ ਰਹੀ। ਸ਼ਾਇਦ ਬਰਤਾਨਵੀ ਰਾਜਨੀਤੀ ਵਿੱਚ ਹਿੱਸਾ ਲੈਣ ਦੀ ਸੋਚ ਹੀ ਨਹੀਂ ਸੀ ਸਕਦੀ। ਪਰ ਹੁਣ ਤਾਂ ਨਵੀਂ ਪੀੜ੍ਹੀ ਪੜ੍ਹੀ ਲਿਖੀ ਵੀ ਹੈ ਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਵੀ ਹੈ। ਪਰ ਕੈਨੇਡਾ ਦੇ ਮੁਕਾਬਲੇ ਬਰਤਾਨਵੀ ਰਾਜਨੀਤੀ ਵਿੱਚ ਬਹੁਤੀ ਦਿਲਚਸਪੀ ਨਹੀਂ ਲੈ ਰਹੀ। ਤੁਸੀਂ ਕੀ ਕਾਰਨ ਸਮਝਦੇ ਹੋ?

: ਮੈਂ ਇਸ ਪਾਸੇ ਵੀ ਕੋਈ ਖੋਜ ਨਹੀਂ ਕੀਤੀ। ਦੋਹਾਂ ਹੀ ਸਮਾਜਾਂ ਦੀਆਂ ਆਰਥਿਕ/ ਸਮਾਜਿਕ/ ਰਾਜਨੀਤਕ ਹਾਲਤਾਂ ਅਤੇ ਚਾਲਕ ਸ਼ਕਤੀਆਂ ਦਾ ਡੂੰਘਾ ਅਧਿਅਨ/ਮੰਥਨ ਕਰ ਕੇ ਹੀ ਨਿਰਣਾ ਕੀਤਾ ਜਾ ਸਕਦਾ ਹੈ। ਮੋਟੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਬਰਤਾਨੀਆ ਪੂਰਵ-ਸਾਮਰਾਜੀ ਦੇਸ਼ ਹੈ ਅਤੇ ਇਸਦੀ ਆਂਪਣੀਆਂ ਸੰਸਥਾਤਮਿਕ ਪ੍ਰਣਾਲੀਆਂ ਉੱਪਰ ਜਕੜ ਬੜੀ ਪੀਡੀ ਹੈ। ਜਿਸ ਵਿੱਚ ਸਪੇਸ ਗ੍ਰਹਿਣ ਕਰਨਾ ਜ਼ਰਾ ਮੁਸ਼ਕਿਲ ਹੈ। ਇਸਦੇ ਮੁਕਾਬਲੇ ਵਿੱਚ ਕੈਨੇਡਾ ਦਾ ਰਾਜਨੀਤਕ ਢਾਂਚਾ ਵਧੇਰੇ ਫ਼ੈਡਰਲ ਹੈ। ਪ੍ਰੰਤੂ ਮੈਂ, ਨਿੱਜੀ ਤੌਰ ’ਤੇ ਇਹ ਨਹੀਂ ਮਹਿਸੂਸ ਕਰ ਰਿਹਾ ਕਿ ਬ੍ਰਤਾਨੀਆ ਦੀ ਅਗਲੀ ਪੀੜ੍ਹੀ, ਕੈਨੇਡਾ ਦੇ ਮੁਕਾਬਲੇ ਵਿੱਚ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਅਤੇ ਰਾਜਨੀਤੀ ਵਿੱਚ ਬਹੁਤੀ ਦਿਲਚਸਪੀ ਨਹੀਂ ਲੈ ਰਹੀ

? ਢਿੱਲੋਂ ਜੀ, ਤੁਹਾਡਾ ਹੁਣੇ ਹੀ ਇੱਕ ਕਾਵਿ-ਸੰਗ੍ਰਹਿ ‘ਦਰਦ ਦੇ ਰੰਗ’ ਛਪ ਕੇ ਆਇਆ ਹੈ। ਇਸਦੀ ਬਹੁਤੀ ਸ਼ਾਇਰੀ ਅੱਜ ਦੇ ਸਮੇਂ ਦੀ ਅੱਖ ਵਿੱਚ ਅੱਖ ਪਾ ਕੇ ਲਿਖੀ ਗਈ ਹੈ। ਇਸ ਕਾਵਿ-ਸੰਗ੍ਰਹਿ ਦੀ ਪਹਿਲੀ ਕਵਿਤਾ ‘ਚਾਹਤ’ ਜੋ ਤੁਹਾਡਾ ਇਕੱਲਿਆਂ ਦਾ ਸੁਪਨਾ ਨਹੀਂ, ਲੱਖਾਂ ਹੀ ਉਨ੍ਹਾਂ ਪਰਵਾਸੀਆਂ ਦਾ ਖਿੱਚਿਆ ਚਿੱਤਰ ਹੈ ਜੋ ਰੋਟੀ ਰੋਜ਼ੀ ਲਈ ਪਰਵਾਸ ਭੋਗਦਾ ਤੇ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦਾ ਹੋਇਆ ਸੰਘਰਸ਼ ਕਰਦਾ ਹੈ। ਇਸ ਸੰਗ੍ਰਹਿ ਬਾਰੇ ਕੁਝ ਦੱਸੋ?

-’ਚਾਹਤ’ ਕਵਿਤਾ ਬਾਰੇ ਪਹਿਲਾਂ ਗੱਲ ਹੋ ਚੁੱਕੀ ਹੈ। ਇਸ ਸੰਗ੍ਰਹਿ ਬਾਰੇ ਤਾਂ ਇਹ ਸੰਗ੍ਰਹਿ ਹੀ ਦੱਸੇਗਾ, ਜਾਂ ਪਾਠਕ ਦੱਸਣਗੇ, ਮੈਂਂ ਕੀ ਦੱਸ ਸਕਦਾ ਹਾਂ। ਮੇਰਾ ਵਿਸ਼ਵਾਸ ਹੈ ਜਿਸ ਸ਼ਿਅਰ ਬਾਰੇ ਸ਼ਾਇਰ ਨੂੰ ਆਪ ਵਜ਼ਾਹਤ ਕਰਨੀ ਪੈ ਜਾਵੇ, ਉਹ ਸ਼ਿਅਰ ਕਮਜ਼ੋਰ ਪੈ ਜਾਂਦਾ ਹੈ। ਇਸੇ ਤਰ੍ਹਾਂ ਜਿਸ ਪੁਸਤਕ ਬਾਰੇ ਕਵੀ ਨੂੰ ਆਪ ਦੱਸਣਾ ਪਏ ਉਸਦਾ ਪ੍ਰਭਾਵ ਵੀ ਮੱਠਾ ਪੈ ਜਾਂਦਾ ਹੈ। ਇਸ ਲਈ ਮੈਂ ਪਾਠਕਾਂ ਨੂੰ ਬੇਨਤੀ ਕਰਦਾ ਹਾਂ, ਕਿ ਉਹ ਇਸਦੀ ਗੁਣਵੱਤਾ ਬਾਰੇ ਚੰਗਾ/ਮਾੜਾ ਫ਼ੈਸਲਾ ਆਪ ਕਰਨ।

? ਗੁਰਨਾਮ ਜੀ, ਕਿਤਾਬਾਂ ਛਾਪਣ ਛਪਾਉਣ ਬਾਰੇ ਪਰਵਾਸੀ ਲੇਖਕਾਂ ਦੇ, ਪਬਲਿਸ਼ਰਾਂ ਪ੍ਰਤੀ ਬੜੇ ਕੌੜੇ ਗਿਲੇ ਸ਼ਿਕਵੇ ਹਨ। ਇਹ ਨਹੀਂ ਕਿ ਨਵੇਂ ਤੇ ਸਿਖਾਂਦਰੂ ਲੇਖਕਾਂ ਦੇ ਹਨ, ਸਗੋਂ ਚੰਗੇ ਸਥਾਪਿਤ ਹੋ ਚੁੱਕੇ ਲੇਖਕ ਵੀ ਠੱਗੇ ਠੱਗੇ ਮਹਿਸੂਸ ਕਰਦੇ ਹਨ। ਇਸ ਪ੍ਰਤੀ ਤੁਹਾਡਾ ਆਪਣਾ ਅਨੁਭਵ ਕੀ ਕਹਿੰਦਾ?

: ਸਤਨਾਮ ਜੀ, ਇਹ ਸਵਾਲ ਪੱਛ ਕੇ ਤੁਸੀਂ ਮੇਰੀ ਦੁਖਦੀ ਰਗ ’ਤੇ ਹੱਥ ਰੱਖ ਦਿੱਤਾ ਹੈ। ਮੈਂ ਤਾਂ ਪਾਠਕਾਂ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਮੈਂ ਪ੍ਰਕਾਸ਼ਕਾਂ ਹੱਥੋਂ ਬਹੁਤ ਦੁਖੀ ਹਾਂ। ਇਹ ਲੇਖਕਾਂ ਦੀ ਲੁੱਟ ਹੀ ਨਹੀਂ ਕਰਦੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਲੀਲ ਵੀ ਕਰਦੇ ਹਨ। ਇਸ ਪੁਸਤਕ ਬਾਰੇ ਯੂਨੀਸਟਾਰ ਬੁੱਕਸ ਵਾਲਿਆਂ ਨਾਲ ਸੌਦਾ ਤੈਅ ਹੋਇਆ, ਜੇ ਪੁਸਤਕਾਂ ਦੀਆਂ 150 ਕਾਪੀਆਂ ਲੈਣੀਆਂ ਹਨ ਤਾਂ ਸੋਲ਼ਾਂ ਹਜ਼ਾਰ ਰੁਪਏ ਲੱਗਣਗੇ, ਜੇ 180 ਤੋਂ 200 ਤੱਕ ਕਾਪੀਆਂ ਲੈਣੀਆਂ ਹਨ ਤਾਂ ਅਠਾਰਾਂ ਹਜ਼ਾਰ ਰੁਪਏ ਲੱਗਣਗੇ। ਮੈਂ ਕਿਹਾ ਕਿ ਪੁਸਤਕ ਦਾ ਟਾਈਟਲ ਮੈਂ (ਲੇਖਕ) ਪਸੰਦ ਕਰਾਂਗਾ, ਗ਼ਲਤੀਆਂ ਮੈਂ ਆਪ ਲਾਵਾਂਗਾ। ਮੇਰਾ ਰਿਸ਼ਤੇਦਾਰ ਅਠਾਰਾਂ ਹਜ਼ਾਰ ਰੁਪਏ ਜਮ੍ਹਾਂ ਕਰਾ ਆਇਆ। ਗ਼ਲਤੀਆਂ ਤਾਂ ਮੈਂ ਦੋ ਕੁ ਵਾਰ ਔਖਾ ਸੌਖਾ ਹੋ ਕੇ ਠੀਕ ਕਰਵਾ ਲਈਆਂ ਅਤੇ ਟਾਈਟਲ ਦੀ ਉਡੀਕ ਕਰਨ ਲੱਗ ਪਿਆ। ਫਿਰ ਇੱਕ ਦਿਨ ਫੋਨ ਆ ਗਿਆ, ਪੁਸਤਕ ਤਿਆਰ ਹੈ, ਚੁੱਕ ਲਓ। ਮੈਂ ਰਿਸ਼ਤੇਦਾਰ ਨੂੰ ਕਿਹਾ ਜਲਦੀ ਤੋਂ ਜਲਦੀ ਇੱਕ ਪੁਸਤਕ ਭੇਜੋ ਤਾਂ ਕਿ ਮੈਂ ਟਾਈਟਲ ਵੇਖ ਸਕਾਂ। ਐਕਸਪ੍ਰੈਸ ਡਾਕ ਰਾਹੀਂ ਜਦੋਂ ਮੈਂਨੂੰ ਪੁਸਤਕ ਮਿਲੀ, ਮੈਂ ਟਾਈਟਲ ਵੇਖ ਕੇ ਇੱਕ ਦਮ ਯੂਨੀਸਟਾਰ ਵਾਲਿਆਂ ਨੂੰ ਫ਼ੋਨ ਕੀਤਾ ਕਿ ਇਹ ਟਾਈਟਲ ਮੈਂਨੂੰ ਪਸੰਦ ਨਹੀਂ। ਜਵਾਬ ਸੀ, ਹੁਣ ਕੁਝ ਨਹੀਂ ਹੋ ਸਕਦਾ, ਪੁਸਤਕ ਚੁੱਕ ਲਓ। ਜਦੋਂ ਮੇਰਾ ਰਿਸ਼ਤੇਦਾਰ ਪੁਸਤਕਾਂ ਲੈਣ ਗਿਆ, ਉਨ੍ਹਾਂ 150 ਪੁਸਤਕਾਂ ਦਿੱਤੀਆਂ। ਮੈਂ ਫ਼ੋਨ ਕੀਤਾ 50 ਪੁਸਤਕਾਂ ਹੋਰ ਦਿਓ। ਉਹ ਸਾਫ਼ ਮੁੱਕਰ ਗਏ। ਇਹ ਦੁੱਖ ਨਹੀਂ, ਇਹ ਜ਼ਖਮ ਵਾਂਗ ਹੈ ਕਿ ਸਾਰਾ ਖ਼ਰਚ ਦੇ ਕੇ ਵੀ ਤੁਸੀਂ ਮਰਜ਼ੀ ਦੀ ਪੁਸਤਕ ਨਹੀਂ ਛਪਵਾ ਸਕਦੇ।

ਇਹ ਕੋਈ ਮੇਰਾ ਪਹਿਲਾ ਤਜਰਬਾ ਨਹੀਂ। ਇਸੇ ਤਰ੍ਹਾਂ ਮੈਂ ਇੱਕ ਵਾਰੀਂ ਆਪਣੇ ਮਿੱਤਰ ਹਰਭਜਨ ਹੁੰਦਲ ਰਾਹੀਂ ਜਲੰਧਰ ਸ਼ਹਿਰ ਦੇ ਇੱਕ ਪਬਲਿਸ਼ਰ ਪਾਸੋਂ ‘ਸਮਰਪਿਤ’ ਨਾਂ ਦੀ ਪੁਸਤਕ ਛਪਵਾਈ। ਦਸ ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋਇਆ। ਪਰੂਫ ਹੁੰਦਲ ਨੇ ਪੜ੍ਹ ਕੇ ਗ਼ਲਤੀਆਂ ਲਾਉਣੀਆਂ ਸਨ। ਪੈਸੇ ਪਹਿਲਾਂ ਦੇ ਦਿੱਤੇ। ਪਬਲਿਸ਼ਰ, ਕਿਤਾਬ ਦਾ ਕੁਤਰ੍ਹਾਂ ਕਰਕੇ 150 ਕਾਪੀਆਂ ਮਾਡਲ ਟਾਊਨ ਜਲੰਧਰ ਮੇਰੇ ਰਿਸ਼ਤੇਦਾਰਾਂ ਦੇ ਘਰ ਢੇਰੀ ਕਰ ਗਿਆ। ਪੁਸਤਕ ਵੇਖ ਕੇ ਮੈਂ ਵਾਪਸ ਉਸਦੀ ਦੁਕਾਨ ’ਤੇ ਸੁਟਵਾ ਦਿੱਤੀ ਨਾਲ ਇਹ ਵੀ ਕਹਿ ਦਿੱਤਾ, ਜੇ ਇੱਕ ਵੀ ਕਾਪੀ ਵੇਚੀ, ਮੈਂ ਮੁਕੱਦਮਾ ਕਰ ਦਿਆਂਗਾ। ਮੈਂ ਕਰ ਵੀ ਦੇਣਾ ਸੀ। ਪਰ ਉਹ ਕਿਤਾਬ ਬਾਅਦ ਵਿੱਚ ਕਿਸੇ ਨੇ ਨਹੀਂ ਵੇਖੀ। ਹੁੰਦਲ ਨੂੰ ਖ਼ਤ ਪਾਇਆ, ਉਹ ਕੀ ਜਵਾਬ ਦਿੰਦਾ! ਦਸ ਹਜ਼ਾਰ ਵੀ ਗਿਆ, ਖੱਜਲ-ਖ਼ੁਆਰੀ ਵਾਧੂ। ਉਹੋ ਪੁਸਤਕ ਬਾਅਦ ਵਿੱਚ ਵਰਿਆਮ ਸੰਧੂ ਰਾਹੀਂ ਮੋਹਨ ਸਿੰਘ ਰਾਹੀ ਪਾਸੋਂ ਦੁਬਾਰਾ ਪੈਸੇ ਖ਼ਰਚ ਕੇ ਛਪਵਾਈ। ਕਿਤਾਬ ਉਸ ਕੇ ਖੂਬਸੂਰਤ ਛਾਪੀ। ਸਤਨਾਮ ਜੀ, ਕਿਸੇ ਅਖ਼ਬਾਰ ਨੇ ਤਾਂ ਮੇਰੇ ਵਰਗੇ ਨਿਗੁਣੇ ਜਿਹੇ ਲੇਖਕ ਦੀ ਇਹ ਗਾਥਾ ਛਾਪਣੀ ਨਹੀਂ ਸੀ/ਹੈ। ਤੁਹਾਡੇ ਇਸ ਸਵਾਲ ਨੇ ਇਹ ਦੁੱਖ ਭਰੀ ਗਾਥਾ ਪਾਠਕਾਂ ਨਾਲ ਸਾਂਝੀ ਕਰਵਾ ਦਿੱਤੀ ਹੈ। ਤੁਹਾਡੀ ਮਿਹਰਬਾਨੀ।

? ‘ਲੋਕ ਸ਼ਕਤੀ’, ਤੁਹਾਡੇ ਨਵੇਂ ਸੰਗ੍ਰਹਿ ਦੇ ਸਾਰੇ ਹੀ ‘ਛੰਦ ਪਰਾਗਿਆਂ’ ਵਿੱਚ ਯਥਾਰਥ ਨੂੰ ਬਿਆਨ ਕੀਤਾ ਗਿਆ ਹੈ। ਤੁਹਾਡੇ ਇਸ ਵਿਲੱਖਣ ਤੇ ਪੁਰਾਣੇ ਲੋਕ-ਕਾਵਿ ਪਰੰਪਰਾ ‘ਛੰਦ ਪਰਾਗੇ’ ਵਿੱਚ ਅੱਜ ਦੇ ਸਾਮਰਾਜ ਦੀਆਂ ਕੋਝੀਆਂ ਚਾਲਾਂ ਅਤੇ ਭਾਰਤ ਦੀ ਮੌਜੂਦਾ ਹਿੰਦੂਵਾਦੀ ਸਰਕਾਰ ਦੀਆਂ ਚਾਲਾਂ ਨੂੰ ਕਾਵਿ-ਵਿਅੰਗ ਦੇ ਤੀਰਾਂ ਨਾਲ ਜਿਸ ਤਰ੍ਹਾਂ ਵਿਨ੍ਹਿਆ ਹੈ, ਇਹਨੇ ਹਰ ਪਾਠਕ ਦਾ ਧਿਆਨ ਖਿਚਿਆ ਹੈ ਇਹਦੇ ਬਾਰੇ ਕੁਝ ਦੱਸੋ ਇਸ ਕਾਵਿ-ਸੰਗ੍ਰਹਿ ਦੀ ਕਦੋਂ ਤੇ ਕਿਵੇ ਸਿਰਜਣਾ ਹੋਈ?

: ਤੁਸੀਂ ਜਾਣਦੇ ਹੋ, ਮਰਹੂਮ ਅਵਤਾਰ ਸਾਦਿਕ ਨਾਲ ਮੇਰੀ ਉਮਰ ਭਰ ਦੀ ਦੋਸਤੀ ਸੀ। ਅਸੀਂ ਇੱਕ ਦੂਜੇ ਨਾਲ ਸਾਹਿਤਕ ਵਿਸ਼ਿਆਂ ਉੱਤੇ ਵਿਚਾਰ ਵਿਟਾਂਦਰਾ ਕਰਦੇ ਰਹਿੰਦੇ ਸਾਂ। ਇੱਥੋਂ ਤੱਕ ਜਦੋਂ ਉਹ ਕੋਈ ਚੰਗੀ ਪੁਸਤਕ ਪੜ੍ਹਦੇ ਉਹਦੇ ਬਾਰੇ ਵੀ ਮੇਰੇ ਨਾਲ ਵਿਚਾਰ ਵਿਟਾਂਦਰਾ ਕਰਦੇ ਅਤੇ ਮੈਂ ਵੀ ਇਸ ਤਰ੍ਹਾਂ ਕਰਦਾ। ਮੇਰੇ ਅਵਚੇਤਨ ਵਿੱਚ ਹਮੇਸ਼ਾ ਖ਼ਿਆਲ ਰਹਿੰਦਾ ਕਿ ਪੰਜਾਬੀ ਭਾਸ਼ਾ ਦਾ ਲੋਕ-ਧਾਰਾਈ ਵਿਰਸਾ ਬਹੁਤ ਅਮੀਰ ਹੈ, ਜਿਸ ਨੂੰ ਅਸੀਂ ਤਿਆਗ ਚੁੱਕੇ ਹਾਂ। ਅਸਾਡੇ ਤਥਾਕਥਿਤ ਵਿਦਵਾਨ ਇਸ ਨੂੰ ਸਾਹਿਤ ਦਾ ਅੰਗ ਵੀ ਮੰਨਣ ਨੂੰ ਤਿਆਰ ਨਹੀਂ ਜਿਸ ਦੇ ਸਿੱਟੇ ਵਜੋਂ ਅਸਾਡਾ ਸਾਹਿਤ ਲੋਕਾਂ ਨਾਲੋਂ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ। ਇਸ ਲਈ ਪ੍ਰਾਪਤ ਯਥਾਰਥ ਨੂੰ ਬਹੁਤ ਸਰਲ ਭਾਸ਼ਾ ਵਿੱਚ ਕਿਸੇ ਲੋਕ-ਧਾਰਾਈ ਛੰਦ ਵਿੱਚ ਪ੍ਰਸਤੁਤ ਕਰਨ ਦਾ ਯਤਨ ਕੀਤਾ ਜਾਵੇ। ਸਾਦਿਕ ਜੀ ਮੈਂਨੂੰ ਕਹਿੰਦੇ ਕਰ ਹਿੰਮਤ। ਇਸ ਪਿੱਛੋਂ ਮੈਂ ਇਹ ਖ਼ਿਆਲ ਆਪਣੇ ਮਿੱਤਰ ਪ੍ਰੋ. ਗੁਰਬਖਸ਼ ਸਿੰਘ ਸੰਗੀਤਕਾਰ ਨਾਲ ਸਾਂਝਾ ਕੀਤਾ। ਉਹ ਬਹੁਤ ਖੁਸ਼ ਹੋਏ। ਮੇਰੇ ਅਵਚੇਤਨ ਵਿੱਚ ਇਹ ਛੰਦ ਪਹਿਲਾਂ ਹੀ ਆਪਣੀ ਥਾਂ ਬਣਾਈ ਬੈਠਾ ਸੀ। ਇੱਕ ਦਿਨ ਇਹ ਧਾਰਾ ਆਪਣੇ ਆਪ ਫੁੱਟ ਪਈ। ਦੋ/ਤਿੰਨ ਮਹੀਨੇ ਦੇ ਸਮੇਂ ਵਿੱਚ ਇਹ ਕੰਮ ਸਿਰੇ ਚੜ੍ਹ ਗਿਆ। ਕੁਝ ਇੱਕ ਛੰਦ ਪਹਿਲਾਂ ਲਿਖੇ ਵੀ ਪਏ ਸਨ। ਇਸ ਤਰ੍ਹਾਂ ਇਸ ਕਿਤਾਬ ਦਾ ਖ਼ਰੜਾ ਤਿਆਰ ਹੋ ਗਿਆ। ਅਵਤਾਰ ਸਾਦਿਕ ਨੇ ਆਪ ਇਸਦੀ ਭੂਮਿਕਾ ਲਿਖੀ। 2017 ਵਿੱਚ ਆਪਣੀ ਭਾਰਤ ਫੇਰੀ ਸਮੇਂ ਆਪ ਹੀ ਛਪਵਾਈ ਅਤੇ ਆਪ ਹੀ ਚੰਡੀਗੜ੍ਹ ਵਿੱਚ ਸਰਵ-ਭਾਰਤ ਪ੍ਰਗਤੀਸ਼ੀਲ ਲੇਖਕ ਸੰਘ ਦੀ ਕਾਨਫ਼ਰੰਸ ਸਮੇਂ ਲੋਕ ਅਰਪਨ ਕੀਤੀ। ਇਹ 500 ਦੀ ਗਿਣਤੀ ਵਿੱਚ ਛਾਪੀ ਸੀ। ਇਹ ਤਕਰੀਬਨ ਸਾਰੀ ਵਿਕ ਚੁੱਕੀ ਹੈ। ਸੋ ਇਸ ਵਿੱਚ ਅਵਤਾਰ ਸਾਦਿਕ ਦਾ ਬਹੁਤ ਵੱਡਾ ਯੋਗਦਾਨ ਹੈ। ਹੁਣ ਇਸਦਾ ਦੂਸਰਾ ਸਵਾਰਿਆ ਅਤੇ ਵਧਾਇਆ ਸੰਸਕਰਣ ਛਾਪੇਖਾਨੇ ਵਿੱਚ ਜਾ ਚੁੱਕਾ ਹੈਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਸੁਖਦੇਵ ਸਿੰਘ ਸਿਰਸਾ ਜੀ ਵੀ ਇਸ ਪ੍ਰਯੋਜਨ ਵਿੱਚ ਅਸਾਨੂੰ ਪੂਰਾ ਸਹਿਯੋਗ ਦਿੱਤਾ ਹੈ

? ਗੁਰਨਾਮ ਜੀ, ‘ਲਿਖਣ ਵੇਲਾ’ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ ਕਵਿਤਾ ਕਿਸ ਤਰਾਂ, ਜਦੋਂ ਕਿਧਰੇ ਕੋਈ ਵਿਚਾਰ ਮਨ ਵਿੱਚ ਆਇਆ ਤਾਂ ਸਾਰੀ ਕਵਿਤਾ ਉਸੇ ਵੇਲੇ ਲਿਖ ਲੈਂਦੇ ਹੋ ਜਾਂ ਕੋਈ ਇਕਾਂਤ ਥਾਂ, ਸਵੇਰ ਵੇਲਾ ਜਾਂ ਕੋਈ ਵੀ ਵੇਲਾ ਅਤੇ ਸਥਾਨ ਹੋ ਸਕਦਾ?

: ਖ਼ਿਆਲ ਕਿਸੇ ਵੇਲੇ ਵੀ ਫੁਰ ਸਕਦਾ ਹੈ। ਕਵਿਤਾ ਜਾਂ ਗ਼ਜ਼ਲ, ਜ਼ਿਹਨ ਵਿੱਚ ਬਣਦੀ ਰਹਿੰਦੀ ਹੈ। ਫਿਰ ਅਜਿਹਾ ਛਿਣ ਆਉਂਦਾ ਹੈ ਜਦੋਂ ਲਿਖਣ ਬੈਠ ਜਾਂਦਾ ਹਾਂ। ਲਿਖਣ ਸਮੇਂ ਮਾਹੌਲ ਸ਼ਾਂਤਮਈ ਹੋਣਾ ਚਾਹੀਦਾ ਹੈ। ਲਿਖਦੇ ਸਮੇਂ ਕੋਈ ਆਵਾਜ਼ ਨਾ ਮਾਰੇ। ਡਿਸਟਰਬ ਨਾ ਕਰੇ। ਆਮ ਤੌਰ ’ਤੇ ਰਾਤ ਸਮੇਂ ਉੱਠ ਕੇ ਜਾਂ ਸਵੇਰ ਵੇਲੇ ਲਿਖਦਾ ਹਾਂ ਪ੍ਰੰਤੂ ਇਹ ਆਵੱਸ਼ਕ ਨਹੀਂ। ਦਿਨ ਵੇਲੇ, ਕਿਸੇ ਵੀ ਵਕਤ ਲਿਖ ਲੈਂਦਾ ਹਾਂ। ਜੇਕਰ ਸਫ਼ਰ ਕਰ ਰਿਹਾ ਹੋਵਾਂ ਤਾਂ ਖ਼ਿਆਲ ਨੂੰ ਕਾਗਜ਼ ਉੱਤੇ ਵੀ ਨੋਟ ਕਰ ਲੈਂਦਾ ਹਾਂ। ਉਂਝ ਤਾਂ ਜ਼ਿਹਨ ਵਿੱਚ ਵੀ ਨੋਟ ਹੋ ਜਾਂਦਾ ਹੈ। ਜਦੋਂ ਲਿਖਣ ਬੈਠਾਂ, ਜੇ ਕਵਿਤਾ ਜਾਂ ਗਜ਼ਲ ਆਪਣੇ ਆਪ ਅੱਗੇ ਨਾ ਤੁਰੇ ਤਾਂ ਲਿਖਣਾ ਛੱਡ ਦਿੰਦਾ ਹਾਂ। ਕਈ ਕਈ ਦਿਨ ਮਾਨਸਿਕ ਤਣਾਅ ਭੋਗਦਾ ਹਾਂ। ਕਈ ਵਾਰ ਖਿਝ ਵੀ ਜਾਂਦਾ ਹਾਂ। ਕਵਿਤਾ ਵਿਚਲੇ ਪਾਤਰਾਂ ਨਾਲ ਮਾਨਸਿਕ ਕਸ਼ਮਕਸ਼ ਵਿੱਚ ਰਹਿੰਦਾ ਹਾਂ। ਕਈ ਵਾਰੀਂ ਇਹ ਵੀ ਨਹੀਂ ਪਤਾ ਹੁੰਦਾ ਕਿ ਕਿੱਥੇ ਬੈਠਾ ਹਾਂ। ਅਖ਼ੀਰ ਅਜਿਹਾ ਛਿਣ ਆਣ ਢੁੱਕਦਾ ਜਦੋਂ ਇਹ ਲਿਖੀ ਜਾਂਦੀ ਹੈ। ਸਾਰਾ ਤਣਾਅ ਖ਼ਤਮ ਹੋ ਜਾਂਦਾ ਹੈ। ਹਲਕਾ ਫੁੱਲ ਹੋ ਜਾਂਦਾ ਹਾਂ। ਕਵਿਤਾ ਲੱਗਭਗ ਇੱਕ ਬੈਠਕ ਵਿੱਚ ਲਿਖੀ ਜਾਂਦੀ ਹੈ। ਗ਼ਜ਼ਲ ਦਾ ਮਤਲਾ ਜ਼ਿਹਨ ਵਿੱਚ ਬਣ ਜਾਂਦਾ ਹੈ। ਗੁਣ-ਗੁਣਾਉਂਦਾ ਰਹਿੰਦਾ ਹਾਂ। ਬਾਕੀ ਦੇ ਅਸ਼ਆਰ ਵੀ ਜ਼ਿਹਨ ਵਿੱਚ ਬਣਦੇ ਰਹਿੰਦੇ ਹਨ। ਰਚਨਾਤਮਿਕ ਛਿਣ ਆਉਣ ਵੇਲੇ ਆਪੇ ਲਿਖੀ ਜਾਂਦੀ ਹੈ। ਗ਼ਜ਼ਲ ਲਿਖਣ ਲਈ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ।

? ਤੁਸੀਂ ਇੱਕ ਆਲੋਚਨਾ ਦੀ ਕਿਤਾਬ ‘ਸਮਕਾਲੀ ਪੰਜਾਬੀ ਕਾਵਿ; ਸਿਧਾਂਤਕ ਪਰਿਪੇਖ’ ਦੀ ਸਿਰਜਣਾ ਵੀ ਕੀਤੀ ਹੈ। ਤੁਸੀਂ ਕਵਿਤਾ ਲਿਖਦੇ ਲਿਖਦੇ ਆਲੋਚਨਾਂ ਵੱਲ ਕਿਸ ਤਰ੍ਹਾਂ? ਇਸ ਕਿਤਾਬ ਦੀ ਸਿਰਜਣਾ ਦਾ ਸਬੱਬ ਕਿਸ ਤਰ੍ਹਾਂ ਬਣਿਆ ਅਤੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਸੀਮਾਬੱਧ ਕੀਤਾ?

: ਭਾਰਤ ਤੋਂ ਕੁਝ ਸਾਹਿਤ ਦੇ ਮਹਾਂਰਥੀ ਇੰਗਲੈਂਡ ਦੀ ਸੈਰ ਕਰਨ ਆਉਂਦੇ ਸਨ। ਭਾਰਤ ਵਾਪਸ ਜਾ ਕੇ ਉਹ ਇੱਥੇ ਦੇ ਕਵੀਆਂ ਦੀਆਂ ਪੁਸਤਕਾਂ ਬਾਰੇ ਪ੍ਰਸੰਸਾਮਈ ਨਿਬੰਧ ਲਿਖਦੇ ਸਨ। ਮੈਂ ਵੀ ਕੁਝ ਪੜ੍ਹੇ ਸਨ। ਮੇਰੀ ਉਨ੍ਹਾਂ ਨਿਬੰਧਾਂ ਨਾਲ ਆਪੱਤੀ ਸੀ। ਮੈਂ, ਉਹ ਪੁਸਤਕਾਂ ਪੜ੍ਹਕੇ ਫ਼ੈਸਲਾ ਕੀਤਾ ਕਿ ਮਾਰਕਸਵਾਦੀ ਦ੍ਰਿਸ਼ਟੀ ਤੋਂ ਚਣੌਤੀ ਪੇਸ਼ ਕੀਤੀ ਜਾਵੇ। ਇਸ ਤਰ੍ਹਾਂ ਮੈਂ ਉਨ੍ਹਾਂ ਪੁਸਤਕਾਂ ਬਾਰੇ ਲਿਖਣਾ ਆਰੰਭ ਦਿੱਤਾ। ਮੇਰੇ ਕੀਤੇ ਅਵਲੋਂਕਨ ਵੀ ਸਾਹਿਤਕ ਪਰਚਿਆਂ ਵਿੱਚ ਛਪੇ। ਪਾਠਕਾਂ ਦੇ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ, ਇਸ ਤਰ੍ਹਾਂ ਲਿਖਦਿਆਂ ਪੁਸਤਕ ਤਿਆਰ ਹੋ ਗਈ। ਭਾਰਤ ਫੇਰੀ ਦੌਰਾਨ ਉਹ ਖਰੜਾ ਮੋਹਨ ਸਿੰਘ ਰਾਹੀ ਕੋਲ ਲੈ ਗਿਆ। ਉਸ ਨੇ ਖ਼ਰੜਾ ਰੱਖ ਲਿਆ। ਉਹ ਕਹਿੰਦਾ ਪੜ੍ਹ ਕੇ ਫ਼ੈਸਲਾ ਕਰਾਂਗਾ। ਇੱਕ ਹਫ਼ਤੇ ਬਾਅਦ ਪਤਾ ਕਰਨਾ। ਇੱਕ ਹਫ਼ਤੇ ਬਾਅਦ ਫ਼ੋਨ ਕੀਤਾ। ਉਹਨੇ ਕਿਹਾ ਪੁਸਤਕ ਮੈਂ ਛਾਪਾਂਗਾ। ਇਸ ਤਰ੍ਹਾਂ ਪੁਸਤਕ ਛਪ ਗਈ। ਇਸ ਪੁਸਤਕ ਤੋਂ ਬਾਦ, ਮੈਂ ਇਸ ਖੇਤਰ ਵਿੱਚ ਹੋਰ ਕੰਮ ਕਰਨਾ ਚਾਹੁੰਦਾ ਹਾਂ। ਜੇਕਰ ਤੁਸੀਂ ਚਲਾਵਾਂ ਕੰਮ ਨਾ ਕਰਨਾ ਹੋਵੇ ਅਤੇ ਆਪਣੀਆਂ ਮੌਲਿਕ ਅਵਧਾਰਣਾਵਾਂ ਪ੍ਰਸਤੁਤ ਅਤੇ ਸਥਾਪਤ ਕਰਨੀਆਂ ਹੋਣ ਤਾਂ ਇਸ ਖੇਤਰ ਵਿੱਚ ਸਖ਼ਤ ਮਿਹਨਤ ਦੀ ਲੋੜ ਹੈ। ਪੜ੍ਹਨਾ ਬਹੁਤ ਪੈਂਦਾ ਹੈ। ਇਹ ਕਵਿਤਾ ਰਚਨ ਨਾਲੋਂ ਵੱਖਰਾ ਅਨੁਸ਼ਾਸਨ ਹੈ। ਇਸ ਕੰਮ ਲਈ ਹੁਣ ਵੇਖੋ ਵਿਹਲ ਕਦੋਂ ਮਿਲਦੀ ਹੈ।

? ਤੁਹਾਡੇ ਵਿਚਾਰ ਨਾਲ ਅੱਜ ਬਾਹਰ ਬੈਠੇ ਪੰਜਾਬੀ ਲੇਖਕ ਨੂੰ ਕਿਹੜੀਆਂ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਬਹੁਤ ਸਾਰੇ ਲੋਕ ਤਾਂ ਸ਼ਾਇਦ ਇਸ ਗੱਲ ਨਾਲ ਸਹਿਮਤ ਹੋ ਕੇ ਸੰਘਰਸ਼ ਛੱਡ ਚੁੱਕੇ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਪੰਜਾਬ ਅਤੇ ਪੰਜਾਬੀ ਤੋਂ ਕੁਝ ਨਹੀਂ ਲੈਣਾ। ਇੱਥੇ ਦੇ ਹੋ ਕੇ ਇੱਥੇ ਹੀ ਰਹਿਣਾ। ਤੁਸੀਂ ਆਪਣੇ ਅਨੁਭਵ ਤੋਂ ਕੀ ਕਹਿਣਾ ਚਾਹੋਗੇ?

: ਕੇਵਲ ਇਹ ਗੱਲ ਸੋਚ ਕੇ ਕਿ ਆਉਂਣ ਵਾਲੀਆਂ ਪੀੜ੍ਹੀਆਂ ਨੇ ਪੰਜਾਬ ਅਤੇ ਪੰਜਾਬੀ ਤੋਂ ਕੁਝ ਨਹੀਂ ਲੈਣਾ ਦੀ ਧਾਰਨਾ ਗ੍ਰਹਿਣ ਕਰ ਕੇ ਸੰਘਰਸ਼ ਤਿਆਗ ਦੇਣਾ, ਹਾਰ ਮੰਨ ਲੈਣਾ ਹੈ। ਮੈਂ ਇਸ ਨਾਲ ਸਹਿਮਤ ਨਹੀਂ। ਪੰਜਾਬੀ ਭਾਸ਼ਾ ਦੇ ਸੰਕਟ ਦਾ ਹੱਲ ਮੇਜ਼ਬਾਨ ਦੇਸ਼ ਦੇ ਸਭਿਆਚਾਰ ਨਾਲ ਸੰਵਾਦ ਰਚਾ ਕੇ ਹੀ ਕੱਢਿਆ ਜਾ ਸਕਦਾ ਹੈ, ਸੰਘਰਸ਼ ਛੱਡ ਕੇ ਨਹੀਂ। ਇਸਦੇ ਨਾਲ ਆਰਥਿਕ, ਸਮਾਜਿਕ ਅਤੇ ਰਾਜਨੀਤਕ ਚੁਣੌਤੀਆਂ ਵੀ ਹਨ। ਬਾਹਰ ਬੈਠੇ ਲੇਖਕਾਂ ਨੂੰ ਸਭ ਤੋਂ ਵੱਡੀ ਚੁਣੌਤੀ ਇਨ੍ਹਾਂ ਚੁਣੌਤੀਆਂ ਨੂੰ ਸਮਝਣ ਦੀ ਹੈ। ਆਵਾਸੀਆਂ ਨਾਲ ਸੰਬੰਧਤ ਕਾਨੂੰਨ ਸਖ਼ਤ ਕੀਤੇ ਜਾ ਰਹੇ ਹਨ। ਮੇਜ਼ਬਾਨ ਦੇਸ਼ ਦੀ ਕਾਮਾ ਜਮਾਤ ਦੇ ਮੋਢਾ ਨਾਲ ਮੋਢਾ ਜੋੜ ਕੇ, ਆਪਣੇ ਹੱਕਾਂ ਲਈ ਸਾਂਝਾ ਸੰਘਰਸ਼ ਵਿੱਢਣਾ ਚਾਹੀਦਾ ਹੈ। ਇੰਗਲੈਂਡ ਵਿੱਚ ਜਨਤਕ ਸੇਵਾਵਾਂ ਦੀ ਸੰਘੀ ਘੁੱਟੀ ਜਾ ਰਹੀ ਹੈ। ਸਿਹਤ ਅਤੇ ਵਿੱਦਿਅਕ ਸੇਵਾਵਾਂ ਵਿੱਚ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ। ਲੋੜ ਸਾਂਝੇ ਸੰਘਰਸ਼ ਉਸਾਰਨ ਦੀ ਹੈ ਨਿਰਾਸ਼ ਹੋ ਕੇ ਘਰ ਬਹਿਣ ਦੀ ਨਹੀਂ। ਆਪਣੀ ਸੋਚ ਦਾ ਘੇਰਾ ਵਿਸ਼ਾਲ ਕਰ ਕੇ ਮੇਜ਼ਬਾਨ ਦੇਸ਼ ਦੀ ਕਾਮਾ ਸ਼੍ਰੇਣੀ ਦੇ ਆਰਥਿਕ ਹਿੱਤਾਂ ਨਾਲ ਇਕਸੁਰ ਹੋ ਕੇ ਹਰੇਕ ਮੁਹਾਜ਼ ਉੱਤੇ ਉਸਦਾ ਡਟ ਕੇ ਸਾਥ ਦੇਣ ਦੀ ਚਣੌਤੀ। ਇੱਥੇ ਦੇ ਹੋ ਕੇ ਰਹਿਣ ਵਿੱਚ ਵੀ ਉਨ੍ਹਾਂ ਸਾਰੇ ਮਸਲਿਆਂ ਨਾਲ ਜੂਝਣਾ ਪਏਗਾ ਜਿਹੜੇ ਇੱਥੇ ਦੇ ਹੋ ਕੇ ਰਹਿਣ ਵਿੱਚ ਹਨ। ਬਾਹਰ ਬੈਠੇ ਪੰਜਾਬੀ ਲੇਖਕਾਂ ਨੂੰ ਆਪਣੀ ਸੋਚ ਦਾ ਘੇਰਾ ਵਿਸ਼ਾਲ ਕਰ ਕੇ ਉਪਰੋਕਤ ਮਸਲਿਆਂ ਬਾਰੇ ਰਚਨਾਵਾਂ ਕਰ ਕੇ ਆਪਣਾ ਫ਼ਰਜ਼ ਨਿਭਾਉਣਾ ਹੋਵੇਗਾ।

? ਤੁਹਾਡੀ ਸਭਾ ਦੇ ਸਾਰੇ ਹੀ ਮੈਂਬਰ ਬਹੁਤ ਹੀ ਸਰਗਰਮੀ ਨਾਲ ਆਈ. ਡਬਲਯੂ. ਏ. ਵਿੱਚ ਵੀ ਸ਼ਾਮਲ ਰਹੇ ਹਨ। ਖ਼ਾਸ ਕਰ ਕੇ ਹਰਦੇਵ ਸਿੰਘ ਢੇਸੀ, ਨਿਰੰਜਣ ਸਿੰਘ ਨੂਰ, ਅਵਤਾਰ ਸਾਦਿਕ ਅਤੇ ਸੰਤੋਖ ਸਿੰਘ ਸੰਤੋਖ ਜੋ ਆਪਣੇ ਆਖ਼ਰੀ ਸਵਾਸਾਂ ਤੱਕ ਲੋਕ-ਹਿੱਤਾਂ ਲਈ ਲੜਦੇ ਰਹੇ ਹਨ। ਬਹੁਤ ਸਾਰੇ ਹੋਰ ਸੱਜਨ ਵੀ ਹੋਣਗੇ ਜਿੰਨ੍ਹਾਂ ਦੇ ਨਾਂ ਮੈਂ ਨਾ ਜਾਣਦਾ ਹੋਵਾਂ, ਇਨ੍ਹਾਂ ਦੋਸਤਾਂ ਦੀ ਕੋਈ ਯਾਦ ਸਾਂਝੀ ਕਰਨੀ ਚਾਹੋਗੇ?

: ਜੇਕਰ ਤੁਹਾਡੀ ਦਿਲਚਸਪੀ ਹੈ ਤਾਂ ਲਓ ਸੁਣੋ! ਕੇਂਦਰੀ ਕਮੇਟੀ ਨੇ ਅਸਾਡੀ ਤਿੰਨ ਮੈਂਬਰਾਂ ਦੀ ਇੱਕ ਕਾਰਜ ਕਰਨ ਦੀ ਡਿਊਟੀ ਲਾ ਦਿੱਤੀ। ਅਸੀਂ ਇੱਕ ਵਿਰੋਧੀ ਸਰਕਾਰੀ ਕਿਸਮ ਦੀ ਸੰਸਥਾਂ ਦੇ ਹੋ ਰਹੇ ਜਲਸੇ ਵਿੱਚ ਉਨ੍ਹਾਂ ਦੇ ਹੀ ਪਰਵੇਸ਼ ਦੁਆਰ ਉੱਪਰ ਖੜੋ ਕੇ ਇਸ਼ਤਿਹਾਰ ਵੰਡਣੇ ਸਨ। ਉਹ ਜਲਸਾ ਸਾਊਥਾਲ ਵਿੱਚ ਹੋ ਰਿਹਾ ਸੀ। ਉਹ ਸੰਸਥਾ ਇਹ ਜਲਸਾ ਸਥਾਪਤੀ ਦੇ ਹੱਕ ਵਿੱਚ ਕਰ ਰਹੀ ਸੀ। ਅਸੀਂ, ਉਸਦਾ ਵਿਰੋਧ ਕਰ ਰਹੇ ਸੀ। ਇਸ ਕੰਮ ਲਈ ਸੰਤੋਖ ਸਿੰਘ ਸੰਤੋਖ ਨੇ ਰੈਡਿੰਗ ਤੋਂ ਅਤੇ ਮੈਂ ਪੋਰਟਸਮੱਥ ਤੋਂ ਸਾਊਥਾਲ ਜਾ ਕੇ ਇੱਕ ਜਗ੍ਹਾ ਇਕੱਠੇ ਹੋਣਾ ਸੀ। ਤੀਜਾ ਬੰਦਾ ਸਾਊਥਾਲ ਦਾ ਸੀ ਜੋ ਨਵਾਂ ਨਵਾਂ, ਭੱਜ ਕੇ ਅਸਾਡੇ ਨਾਲ ਰਲ਼ਿਆ ਸੀ। ਉਸ ਨੇ ਪ੍ਰੈਸ ਤੋਂ ਇਹ ਇਸ਼ਤਿਹਾਰ ਲਿਆ ਕੇ ਅਸਾਨੂੰ ਉਸ ਜਗ੍ਹਾ ਦੇਣੇ ਸਨ। ਪਿੱਛੋਂ ਉਸ ਨੇ ਜਲਸੇ ਵਾਲੇ ਗੇਟ ਉੱਤੇ ਜਾ ਕੇ ਹਾਲਾਤ ਦਾ ਜਾਇਜ਼ਾ ਲੈ ਕੇ ਅਸਾਨੂੰ ਦੱਸਣਾ ਸੀ। ਸਭ ਕੁਝ ਤੈਅ ਹੋ ਚੁੱਕਾ ਸੀ। ਸੰਤੋਖ ਅਤੇ ਮੈਂ ਸਮੇਂ ਮੁਤਾਬਕ ਮਿਥੀ ਹੋਈ ਥਾਂ ’ਤੇ ਪੁੱਜ ਗਏ। ਸਾਊਥਾਲ ਵਾਲਾ ਬੰਦਾ ਕਿਤੇ ਨਾ ਦਿਸੇ। ਅਸੀਂ ਪ੍ਰੈਸ ਨੂੰ ਫ਼ੋਨ ਕੀਤਾ। ਪ੍ਰੈਸ ਵਾਲਾ ਕਹਿੰਦਾ, “ਮੈਂ ਉਡੀਕਦਾ ਪਿਆਂ ਤੁਹਾਡਾ ਬੰਦਾ ਨਹੀਂ ਆਇਆ”। ਥੋੜੀ ਦੇਰ ਹੋਰ ਉੱਡੀਕ ਕੇ ਅਸੀਂ ਜਲਸੇ ਵਾਲੇ ਗੇਟ ਵੱਲ ਤੁਰ ਪਏ। ਜਦੋਂ ਅਸੀਂ ਗੇਟ ਵੱਲ ਜਾ ਰਹੇ ਸੀ ਤਾਂ ਗੇਟ ਦੇ ਨੇੜੇ ਅਸਾਨੂੰ ਡਰਬੀ ਵਾਲਾ ਮਾਸਟਰ ਪ੍ਰੇਮ ਮਿਲ ਪਿਆ ਜੋ ਅਸਾਡੀ ਆਈ. ਡਬਲਯ.ੂ ਏ. ਦਾ ਪ੍ਰਧਾਨ ਸੀ। ਉਹਨੇ ਦੱਸਿਆ ‘ਮੈਂ ਪ੍ਰੈਸ ਵਿੱਚ ਕਿਸੇ ਕੰਮ ਲਈ ਗਿਆ ਸੀ ਓਥੋਂ ਮੈਂ, ਇਸ਼ਤਿਹਾਰ ਲੈ ਆਇਆਂ। ਮੈਂ ਇਸ਼ਤਿਹਾਰ ਪੜ੍ਹ ਕੇ ਸਮਝ ਗਿਆ ਸੀ ਕਿ ਇਹ ਅੱਜ ਵੰਡਣੇ ਹਨ। ਪਰ ਗੇਟ ਉੱਤੇ ਤਾਂ ਸਿਵਲ ਕੱਪੜਿਆਂ ਵਿੱਚ ਗੋਰੇ ਪੁਲਸੀਏ ਘੁੰਮ ਰਹੇ ਜਾਪਦੇ ਹਨ।’ ਤੀਜਾ ਬੰਦਾ ਕਿਤੇ ਨਜ਼ਰ ਨਾ ਆਇਆ। ਇੰਨੇ ਨੂੰ ਜਸਵਿੰਦਰ ਬਾਹੀਆ ਅਸਾਨੂੰ ਖੜ੍ਹੇ ਵੇਖ ਕੇ ਅਸਾਡੇ ਪਾਸ ਆ ਗਿਆ। ਉਹ ਵੀ ਇਸ ਜਲਸੇ ਦੀ ਵਿਰੋਧਤਾ ਕਰਦਾ ਸੀ। ਸੰਤੋਖ ਨੇ ਅਤੇ ਮੈਂ ਸਲਾਹ ਕਰ ਲਈ, ਕੁਝ ਵੀ ਹੋ ਜਾਵੇ ਇਸ਼ਤਿਹਾਰ ਵੰਡਾਂਗੇ।

ਮੈਂ ਆਪਣੇ ਕੁਝ ਨਿੱਜੀ ਦੋਸਤਾਂ ਨੂੰ ਫ਼ੋਨ ਕੀਤੇ ਅਤੇ ਇੱਕ ਦਮ ਗੇਟ ਉੱਤੇ ਆਉਣ ਲਈ ਕਿਹਾ। ਤਿੰਨ ਉਹ ਵੀ ਆ ਗਏ। ਮਾਸਟਰ ਪ੍ਰੇਮ ਦੀ ਸਿਹਤ ਠੀਕ ਨਹੀਂ ਸੀ। ਅਸੀਂ ਉਸ ਨੂੰ ਇੱਕ ਪਾਸੇ ਜਾ ਕੇ ਬੈਠਣ ਲਈ ਕਿਹਾ। ਇੰਨੇ ਚਿਰ ਨੂੰ ਲੋਕ ਜਲਸੇ ਵਿੱਚ ਆਉਣੇ ਸ਼ੁਰੂ ਹੋ ਗਏ। ਬਾਹੀਆ, ਸੰਤੋਖ ਅਤੇ ਮੈਂ ਗੇਟ ਦੇ ਸਾਹਮਣੇ ਖੜੋ ਕੇ ਇਸ਼ਤਿਹਾਰ ਵੰਡਣ ਲੱਗ ਪਏ। ਜਿਹੜਾ ਬੰਦਾ ਅੰਦਰ ਵੜੇ ਉਸਦੇ ਹੱਥ ਵਿੱਚ ਇਸ਼ਤਿਹਾਰ ਥਮ੍ਹਾ ਦੇਈਏ। ਪ੍ਰਬੰਧਕ ਇੱਕ ਵਾਰੀਂ ਅਸਾਡੇ ਵੱਲ ਆਏ ਪਰ ਮੂਹਰੇ ਪੰਜ/ਛੇ ਬੰਦੇ ਖੜ੍ਹੇ ਵੇਖ ਕੇ ਵਾਪਸ ਮੁੜ ਗਏ। ਗੇਟ ਨੇੜੇ ਘੁੰਮਦੇ ਗੋਰਿਆਂ ਨੇ ਇਸ਼ਤਿਹਾਰ ਵੰਡਦਿਆਂ ਦੀਆਂ ਅਸਾਡੀਆਂ ਕਈ ਕੋਣਾਂ ਤੋਂ ਤਸਵੀਰਾਂ ਖਿੱਚੀਆਂ। ਪ੍ਰੇਮ ਦਾ ਅੰਦਾਜ਼ਾ ਦਰੁਸਤ ਸੀ। ਉਨ੍ਹਾਂ ਵਿੱਚ ਇੱਕ ਸੀ. ਆਈ. ਡੀ. ਵਿੱਚ ਕੰਮ ਕਰਦਾ ਪੰਜਾਬੀ ਵੀ ਸੀ। ਪਤਾ ਨਹੀਂ ਪ੍ਰਬੰਧਕਾਂ ਨੇ ਉਸ ਨੂੰ ਮੇਰੇ ਬਾਰੇ ਕੀ ਕਿਹਾ ਹੋਇਆ ਸੀ। ਉਹ ਮਿੰਟ ਮਿੰਟ ਬਾਅਦ ਮੇਰੀ ਤਸਵੀਰ ਖਿੱਚਣ ਪਵੇ। ਸੰਤੋਖ, ਨੇ ਉਸ ਨੂੰ ਪੰਜਾਬੀ ਵਿੱਚ ਉੱਚੀ ਆਵਾਜ਼ ਵਿੱਚ ਕਿਹਾ ‘ਇਹਦੀ ਤਸਵੀਰ ਕਿਉਂ ਖਿੱਚਦਾਂ, ਉਹ ਜਿਹੜੇ ਚੋਰ ਅੰਦਰ ਸਟੇਜਾਂ ਲਾ ਕੇ ਬੈਠੇ ਆ ਉਨ੍ਹਾਂ ਦੀਆਂ ਖਿੱਚ।’ ਭਾਵੇਂ ਸੰਤੋਖ ਹੁਣ ਅਸਾਡੇ ਵਿੱਚ ਨਹੀਂ ਰਿਹਾ ਪ੍ਰੰਤੂ ਉਸਦੇ ਕਹੇ ਇਹ ਸ਼ਬਦ ਮੇਰੇ ਕੰਨਾਂ ਵਿੱਚ ਸਦਾ ਗੂੰਜਦੇ ਰਹਿਣਗੇ।

? ਗੁਰਨਾਮ ਜੀ, ਕੀ ਬਰਤਾਨੀਆ ਵਿੱਚ ਨਵੇਂ ਸਾਹਿਤਕਾਰ, ਤੁਹਾਡੇ ਕੀਤੇ ਕੰਮਾਂ ਨੂੰ ਅੱਗੇ ਤੋਰ ਰਹੇ ਹਨ? ਤੁਹਾਡੇ ਸਮਿਆਂ ਦੇ ਸਾਹਿਤਕਾਰਾਂ ਨੂੰ ਅੱਜ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ?

: ਬਰਤਾਨੀਆ ਵਿੱਚ ਨਵੇਂ ਸਾਹਿਤਕਾਰ ਬਹੁਤ ਘੱਟ ਆਏ ਹਨ। ਫਿਰ ਵੀ ਕੰਮ ਹੋ ਰਿਹਾ ਹੈ। ਅੱਜ ਕੱਲ੍ਹ ਜ਼ਿਆਦਾ ਸਮਾਗਮ ਪੁਸਤਕਾਂ ਦੇ ਲੋਕਾਰਪਨ ਨਾਲ ਸੰਬੰਧਤ ਹੁੰਦੇ ਹਨ। ਮਾਹੌਲ ਬਦਲ ਗਿਆ ਹੈ। ਅਸਾਡੇ ਸਮਿਆਂ ਦੇ ਸਾਹਿਤਕਾਰਾਂ ਨੂੰ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਦੀ ਸਿਹਤ ਦੀ ਹੈ। ਕਈ ਬ੍ਰਿਧ ਹੋ ਜਾਣ ਕਾਰਨ ਸਾਹਿਤ ਸਮਾਗਮਾਂ ਵਿੱਚ ਨਹੀਂ ਆ ਸਕਦੇ। ਕੁਝ ਕਾਰਾਂ ਨਹੀਂ ਚਲਾ ਸਕਦੇ। ਕਈਆਂ ਨੂੰ ਘਰੇਲੂ ਸਮੱਸਿਆਵਾਂ ਕਾਰਨ ਪ੍ਰੇਸ਼ਾਨ ਰਹਿਣਾ ਪੈਂਦਾ ਹੈ। ਕਈਆਂ ਨੂੰ ਉੱਚਾ ਸੁਣਨ ਲੱਗ ਪਿਆ ਹੈ। ਕਈਆਂ ਦੀ ਨਜ਼ਰ ਬਹੁਤ ਕਮਜ਼ੋਰ ਹੋ ਗਈ ਹੈ। ਇਹ ਉਨ੍ਹਾਂ ਦੀਆਂ ਨਿੱਜੀ ਸਮੱਸਿਆਵਾਂ ਹਨ। ਦੂਜੀ ਵੱਡੀ ਚੁਣੌਤੀ ਇਸ਼ਤਿਹਾਰਬਾਜ਼ੀ ਦੇ ਵਧ ਰਹੇ ਰੁਝਾਨ ਨੂੰ ਛੱਡ ਕੇ ਚੰਗਾ ਸਾਹਿਤ ਰਚਨ ਦੀ ਹੈ। ਬਾਕੀ ਗੱਲਾਂ ਪਹਿਲਾਂ ਹੋ ਚੁੱਕੀਆਂ ਹਨ।

? ਇੰਗਲੈਂਡ ਵਿੱਚ ਰਹਿੰਦੇ ਹੋਏ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰ ਹੋ। ਤੁਸੀਂ ਇੰਗਲੈਂਡ ਵਿੱਚ ਮਜ਼ਦੂਰ ਸਭਾ ਨਾਲ ਬਹੁਤ ਸਮੇਂ ਤੋਂ ਕੰਮ ਕਰ ਰਹੇ ਹੋ। ਕਵਿਤਾ ਵਰਗੇ ਹੁਨਰ ਨਾਲ ਸਥਾਪਤੀ ਦੇ ਖ਼ਿਲਾਫ਼ ਬਹੁਤ ਹੀ ਜ਼ਬਰਦਸਤ ਆਵਾਜ਼ ਵੀ ਉੱਠਾਈ ਹੈ। ਇਹ ਸੰਤੁਲਨ ਤੁਸੀਂ ਕਿਵੇਂ ਕਾਇਮ ਰੱਖਿਆ?

: ਸਤਨਾਮ ਜੀ, ਸਭ ਤੋਂ ਵੱਡੀ ਗੱਲ ਕਿ ਅਜਿਹੇ ਕੰਮ ਕਰਨ ਦਾ ਆਪਣਾ ਨਸ਼ਾ ਹੈ। ਆਪਣਾ ਫ਼ਰਜ਼ ਪੂਰਾ ਕੀਤਾ, ਕਿਸੇ ਉੱਤੇ ਅਹਿਸਾਨ ਨਹੀਂ ਕੀਤਾ। ਅਸੀਂ ਨਾ ਕਰਦੇ, ਕੋਈ ਹੋਰ ਕਰ ਦਿੰਦਾ। ਇਹ ਸਾਰੇ ਕੰਮ ਆਪਣੇ ਆਪ ਹੋਏ ਹਨ ਕੋਈ ਵਿਸ਼ੇਸ਼ ਮੇਕਿੱਨਿਜ਼ਮ ਨਹੀਂ ਵਰਤਿਆ। ਮਿੱਤਰ-ਸਾਥੀ ਜਿਹੜੀ ਜ਼ਿੰਮੇਵਾਰੀ ਸੌਂਪਦੇ ਸੀ, ਉਹ ਪੂਰੀ ਕਰਨ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਬਾਕੀ ਘਰਦਿਆਂ ਵੱਲੋਂ ਪੂਰਾ ਸਹਿਯੋਗ ਪ੍ਰਾਪਤ ਸੀ। ਕਵਿਤਾ ਬਾਰੇ ਆਪਾਂ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ।

? ਤੁਸੀਂ ਕਿਸੇ ਲੇਖਕ ਨੂੰ ਕਾਮਯਾਬ ਜਾਂ ਨਾ-ਕਾਮਯਾਬ ਕਰਨ ਵਿੱਚ ਆਲੋਚਕ ਦਾ ਕਿੰਨਾ ਕੁ ਹੱਥ ਹੁੰਦਾ ਸਮਝਦੇ ਹੋ? ਕਈ ਮਿਆਰੀ ਸਿਰਜਣਾ ਕਰਨ ਵਾਲੇ ਲੇਖਕ ਅਣਗੌਲੇ ਹੀ ਰਹਿ ਜਾਂਦੇ ਹਨ ਤੇ ਜੁਗਾੜੂ ਲੋਕ ਕਈ ਵਾਰ ਮਾਣਾਂ-ਸਨਮਾਨਾਂ ਨੂੰ ਵੀ ਹੱਥ ਪਾ ਲੈਂਦੇ ਹਨ, ਇਹਦੇ ਬਾਰੇ ਕੀ ਕਹਿਣਾ ਚਾਹੋਗੇ?

: ਆਲੋਚਨਾ ਤਿੰਨ ਪਰਕਾਰ ਦੀ ਹੁੰਦੀ ਹੈ: 1. ਗੰਵਾਰੂ ਆਲੋਚਨਾ 2. ਮਕੈਨੀਕਲ ਆਲੋਚਨਾ 3. ਸਿਰਜਣਾਤਮਿਕ ਆਲੋਚਨਾ। ਇਨ੍ਹਾਂ ਤੋਂ ਅੱਗੇ ਆਲੋਚਨਾਤਮਿਕ ਪ੍ਰਣਾਲੀਆਂ ਹੁੰਦੀਆਂ ਹਨ। ਇਸ ਵਿਸ਼ੇ ਉੱਤੇ ਪੁਸਤਕਾਂ ਦੀਆਂ ਪੁਸਤਕਾਂ ਲਿਖੀਆਂ ਜਾ ਸਕਦੀਆਂ ਹਨ। ਸਿਰਜਣਾਤਮਿਕ ਆਲੋਚਨਾ ਹੀ ਕਿਸੇ ਲੇਖਕ ਦਾ ਕੁਝ ਸੁਆਰ ਸਕਦੀ ਹੈ। ਇਸ ਪਰਕਾਰ ਦੀ ਆਲੋਚਨਾ ਵਿੱਚੋਂ ਹੀ ਲੇਖਕ ਨੇ ਆਪਣੀ ਇੱਛਿਆ ਅਨੁਸਾਰ ਸਿੱਖਣਾ ਹੁੰਦਾ ਹੈ। ਕੋਈ ਵੀ ਆਲੋਚਕ ਨਾ ਕਿਸੇ ਲਿਖਾਰੀ ਨੂੰ ਮਾਰ ਸਕਦਾ ਹੈ, ਨਾ ਹੀ ਪੈਦਾ ਕਰ ਸਕਦਾ ਹੈ। ਸਿਰਜਣਾਤਮਿਕ ਆਲੋਚਕ ਸਾਹਿਤ ਨੂੰ ਸਮਝਣ/ਸਮਝਾਉਣ ਵਿੱਚ ਸਹਾਇਤਾ ਕਰ ਸਕਦਾ ਹੈ। ਮਾਣ-ਸਨਮਾਣ ਕਿਸੇ ਲੇਖਕ ਦੀ ਕਾਮਯਾਬੀ ਜਾਂ ਨਾ-ਕਾਮਯਾਬੀ ਦਾ ਪ੍ਰਮਾਣ ਨਹੀਂ ਹੁੰਦੇ। ਕਈ ਵਾਰ ਮਾਣ-ਸਨਮਾਣ ਠੁਕਰਾਉਣਾ ਲੇਖਕ ਲਈ ਸ਼ੋਭਨੀਕ ਹੁੰਦਾ ਹੈ। ਉੁਰਦੂ ਭਾਸ਼ਾ ਦੀ ਸ਼ਾਇਰੀ ਦੇ ਬਾਦਸ਼ਾਹ ਜਨਾਬ ਮਿਰਜ਼ਾ ਗ਼ਾਲਿਬ ਦੀ ਸ਼ਾਇਰੀ ਦਾ ਮੁੱਲਅੰਕਣ ਉਨ੍ਹਾਂ ਦੇ ਦੇਹਾਂਤ ਤੋਂ ਲੱਗਭਗ ਤੀਹ ਸਾਲ ਬਾਅਦ ਸ਼ੁਰੂ ਹੋਇਆ। ਕਾਸ਼ ! ਅਸਾਡੇ ਆਲੋਚਕ ਮਿਰਜ਼ਾ ਗ਼ਾਲਿਬ ਦੇ ਹੇਠ ਲਿਖੇ ਸ਼ਿਅਰ ਤੋਂ ਸੇਧ ਲੈ ਸਕਣ: ਹਮ ਸੁਖ਼ਨ-ਫ਼ਹਿਮ ਹੈਂ ਗ਼ਾਲਿਬ ਕੇ ਤਰਫ਼ਦਾਰ ਨਹੀਂ। ਸਾਹਿਤ ਵਿੱਚ ਪਰਦੂਸ਼ਣ ਬੰਦ ਹੋਣਾ ਚਾਹੀਦਾ ਹੈ। ਪੰਜਾਬੀ ਸਾਹਿਤ ਵਿੱਚ ਸਿਰਜਣਾਤਮਿਕ ਆਲੋਚਨਾ ਦੀ ਸਖ਼ਤ ਘਾਟ ਹੈ।

? ਗੁਰਨਾਮ ਜੀ, ਤੁਸੀਂ ਬਹੁ-ਵਿਧਾਈ ਲੇਖਕ ਹੋ। ਆਲੋਚਨਾ ਵਿੱਚ ਵੀ ਕੰਮ ਕੀਤਾ। ਕੁਝ ਲੇਖ ਵੀ ਲਿਖੇ ਪਰ ਤੁਸੀਂ ਆਪਣੀ ਗੱਲ ਕਹਿਣ ਲਈ ਕਵਿਤਾ ਦੇ ਮਾਧਿਅਮ ਨੂੰ ਪਹਿਲ ਦਿੱਤੀ ਲੱਗਦੀ ਹੈ। ਇਸਦਾ ਕੀ ਕਾਰਨ ਸਮਝਦੇ ਹੋ?

: ਮੈਂ ਸਮਝਦਾ ਹਾਂ ਕਿ ਕਵਿਤਾ ਥੋੜ੍ਹੇ ਸਮੇਂ ਵਿੱਚ ਪਾਠਕ ਜਾਂ ਸਰੋਤੇ ਉੱਤੇ ਸਿੱਧਾ ਪ੍ਰਭਾਵ ਪਾ ਸਕਦੀ ਹੈ। ਇਸ ਨੂੰ ਸੰਗੀਤਬੱਧ ਕੀਤਾ ਜਾ ਸਕਦਾ ਹੈ। ਆਪਣੀ ਗੱਲ ਕਹਿਣ ਲਈ ਮਾਧਿਅਮ ਜਾਂ ਵਿਧਾ ਦੀ ਚੋਣ ਇਸ ਤਰ੍ਹਾਂ ਹੀ ਹੋਣੀ ਸੀ/ਹੈ ਜਿਸ ਤਰ੍ਹਾਂ ਹੋਈ ਹੈ/ਹੋ ਰਹੀ ਹੈ

? ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਵਰਤਮਾਨ ਵਿੱਚ ਕਵਿਤਾ ਤੋਂ ਪਾਠਕ ਵਰਗ ਦੂਰ ਜਾ ਰਿਹਾ ਹੈ ਤੇ ਵਾਰਤਕ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇੱਕ ਕਵੀ ਹੋਣ ਦੇ ਨਾਤੇ, ਤੁਸੀਂ ਇਸ ਕਥਨ ਨਾਲ ਕਿੱਥੇ ਕੁ ਤੱਕ ਸਹਿਮਤ ਹੋ?

: ਸਤਨਾਮ ਜੀ, ਅਜਿਹੇ ਤਥਾਕਥਿਤ ਆਲੋਚਕਾਂ ਨੇ ਹੀ ਕਵਿਤਾ ਨੂੰ ਨਿਰੋਲ ਵਾਰਤਕ ਜਾਂ ਭੁਲ-ਭਲਾਈਆਂ ਅਤੇ ਬੁਝਾਰਤਾਂ ਸਿਰਜਦੀ, ਵਿਗੜੀ ਹੋਈ ਵਾਰਤਕ ਬਣਾ ਛੱਡਿਆ ਹੈ। ਦੁੱਖ ਦੀ ਗੱਲ ਹੈ ਕਿ ਇਨ੍ਹਾਂ ਵਿੱਚ ਕਈ ਸੁਪ੍ਰਸਿੱਧ ਸਾਹਿਤਕ ਪਰਚਿਆਂ ਦੇ ਸੰਪਾਦਕ/ਆਲੋਚਕ ਵੀ ਹਨ ਜਿਹੜੇ ਉਪਰੋਕਤ ਕਹੇ ਅਨੁਸਾਰ ਕਵਿਤਾ ਦਾ ਮੂੰਹ-ਮੁਹਾਂਦਰਾ ਵਿਗਾੜ ਰਹੇ ਹਨ। ਕਵਿਤਾ ਦੀ ਥਾਂ ਅਕਵਿਤਾ ਨੂੰ ਮੁੱਖ ਪੰਨਿਆਂ ਉੱਤੇ ਪਰੋਸ ਰਹੇ ਹਨ। ਕਈਆਂ ਸਾਹਿਤਕ ਪਰਚਿਆਂ ਦੇ ਸੰਪਾਦਕ ਤਾਂ ਬਿਲਕੁਲ ਅਨਾੜੀ ਹਨ, ਇੱਕ ਸ਼ਿਅਰ ਨਹੀਂ ਲਿਖ ਸਕਦੇ। ਉਹ ਕਵਿਤਾ ਦੀ ਕੀ ਚੋਣ ਕਰਨਗੇ! ਇਨ੍ਹਾਂ ਆਲੋਚਕਾਂ ਵਿੱਚੋਂ ਕਿਸੇ ਇੱਕ ਦਾ ਵੀ ਨਾਂ ਦੱਸੋ ਜਿਹੜਾ ਪੜ੍ਹਨ-ਯੋਗ ਕਵਿਤਾ ਲਿਖਦਾ ਹੋਵੇ ਜਾਂ ਜਿਸ ਨੇ ਜ਼ਿੰਦਗੀ ਵਿੱਚ ਇੱਕ ਵੀ ਯਾਦਗਾਰੀ ਦਾ ਸ਼ਿਅਰ ਕਿਹਾ ਹੋਵੇ? ਮੈਂ, ਇਨ੍ਹਾਂ ਨਾਲ ਕਿਵੇਂ ਸਹਿਮਤ ਹੋ ਸਕਦਾ ਹਾਂ! ਸੱਚ ਪੁੱਛਦੇ ਹੋ ਤਾਂ ਮੈਂ ਇਨ੍ਹਾਂ ਨਾਲ ਕਿਸੇ ਵੀ ਹੱਦ ਤੱਕ ਸਹਿਮਤ ਨਹੀਂ।

? ਢਿੱਲੋਂ ਜੀ, ਇੱਕ ਸਮਾਂ ਸੀ ਜਦੋਂ ਬਰਤਾਨਵੀ ਲੇਖਕਾਂ ਨੇ ਪੰਜਾਬੀ ਕਾਨਫ਼ਰੰਸਾਂ ਦਾ ਸਿਲਸਲਾ ਸ਼ੁਰੂ ਕੀਤਾ ਤੇ ਬਹੁਤ ਸਾਰਾ ਕੰਮ ਹੋਇਆ ਵੀ ਪਰ ਫਿਰ ਹੌਲੀ ਹੌਲੀ ਇਹ ਰੁਝਾਨ ਮੱਠਾ ਪੈ ਗਿਆ। ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਕਾਨਫ਼ਰੰਸਾਂ ਪੰਜਾਬੀ ਮਾਂ ਬੋਲੀ ਦੇ ਵਿਕਾਸ ਵਿੱਚ ਕੋਈ ਯੋਗਦਾਨ ਪਾ ਸਕੀਆਂ ਹਨ/ਪਾ ਸਕਦੀਆਂ ਹਨ?

: ਸਮੇਂ ਅਥਵਾ ਹਾਲਾਤ ਅਨੁਸਾਰ ਲਹਿਰਾਂ ਵਿੱਚ ਉਤਰਾ/ਚੜ੍ਹਾ ਆਉਂਦੇ ਰਹਿੰਦੇ ਹਨ। ਆਵਾਸੀ ਕਾਨੂੰਨਾਂ ਵਿੱਚ ਬਦਲਾ ਹੋ ਜਾਣ ਕਾਰਨ ਪੰਜਾਬ/ਭਾਰਤ ਵਿੱਚੋਂ ਨੌਜਵਾਨ ਲੇਖਕ ਆਉਣੇ ਬਹੁਤ ਘੱਟ ਗਏ ਹਨ। ਪੁਰਾਣੇ ਲੇਖਕ ਬ੍ਰਿਧ ਅਵਸਥਾ ਵਿੱਚ ਪਹੁੰਚ ਗਏ ਹਨ। ਬਹੁਤ ਸਾਰੇ ਪੁਰਾਣੇ ਲੇਖਕ ਅਕਾਲ ਚਲਾਣਾ ਕਰ ਗਏ ਹਨ। ਇਸਦਾ ਕਾਨਫ਼ਰੰਸਾਂ ਦੇ ਸਿਲਸਲੇ ਅਤੇ ਇਨ੍ਹਾਂ ਵਿੱਚ ਹਾਜ਼ਰੀ/ਰੌਣਕ ਉੱਤੇ ਅਸਰ ਪੈਣਾ ਕੁਦਰਤੀ ਸੀ। ਭਾਵੇਂ ਘੱਟ ਹੀ ਸਹੀ ਫਿਰ ਵੀ ਕੰਮ ਹੋ ਰਿਹਾ ਹੈ। ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ (ਸਥਾਪਤ 1969 ) 2015 ਤੋਂ ਦੁਬਾਰਾ ਸਰਗਰਮ ਹੋ ਗਈ ਹੈ। ਖੂਬ ਸਾਹਿਤਕ ਸਮਾਗਮ ਆਯੋਜਤ ਕਰ ਰਹੀ ਹੈ। ਕੁਝ ਬ੍ਰਾਂਚਾਂ ਵੀ ਸਰਗਰਮ ਹੋ ਗਈਆਂ ਹਨ। ਹੋਰ ਵੀ ਕਈ ਲੇਖਕ ਸਭਾਵਾਂ ਅਤੇ ਸੱਥਾਂ ਆਪਣੇ ਆਪਣੇ ਇਲਾਕੇ ਵਿੱਚ ਕੰਮ ਕਰ ਰਹੀਆਂ ਹਨ। ਇਨ੍ਹਾਂ ਸਾਰੀਆਂ ਹੀ ਜਥੇਬੰਦੀਆਂ ਨੇ ਮਾਂ ਬੋਲੀ ਪੰਜਾਬੀ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਵੀ ਹੈ/ਪਾ ਵੀ ਰਹੀਆਂ ਹਨ/ਪਾਉਂਦੀਆਂ ਵੀ ਰਹਿਣਗੀਆਂ। ਇਹ ਤਾਂ ਪਹਿਲਾਂ ਮੈਂ ਦੱਸ ਚੁੱਕਾ ਹਾਂ ਕਿ ਕਈ ਵਾਰੀ ਕੁਝ ਅਬਸਰਵਾਦੀ ਬੰਦੇ ਅਜਿਹੇ ਮੰਚਾਂ ਨੂੰ ਆਪਣੀ ਇਸ਼ਤਿਹਾਰਬਾਜ਼ੀ ਲਈ ਵਰਤਣ ਦੀ ਕੋਸ਼ਿਸ਼ ਵੀ ਕਰਦੇ ਹਨ। ਪ੍ਰੰਤੂ ਸਮੁੱਚੇ ਤੌਰ ’ਤੇ ਮਾਹੌਲ ਸਿਹਤਮੰਦ ਹੈ। ਇਸ ਵਕਤ ਹਿੰਦੀ ਭਾਸ਼ਾ ਦੇ ਕਵੀ ਦੁਸ਼ਯੰਤ ਕੁਮਾਰ ਦਾ ਇੱਕ ਸ਼ਿਅਰ ਯਾਦ ਆ ਰਿਹਾ ਹੈ:

ਮੇਰੇ ਸੀਨੇ ਮੇਂ ਨਹੀਂ ਤੋ ਤੇਰੇ ਸੀਨੇ ਮੇਂ ਸਹੀ

ਹੋ ਕਹੀਂ ਭੀ ਆਗ ਲੇਕਿਨ ਆਗ ਜਲਨੀ ਚਾਹੀਏ।

? ਪੰਜਾਬੀ ਕਵਿਤਾ ਨੇ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ। ਅਧਿਆਤਮਵਾਦ, ਰੋਮਾਂਸਵਾਦ, ਪ੍ਰਗਤੀਵਾਦ, ਆਧੁਨਿਕਵਾਦ ਅਤੇ ਨਿਕਸਲਵਾਦ ਆਦਿ, ਕੀ ਤੁਹਾਨੂੰ ਲੱਗਦਾ ਹੈ ਬ੍ਰਤਾਨਵੀ ਪੰਜਾਬੀ ਕਵਿਤਾ ’ਤੇ ਵੀ ਇਨ੍ਹਾਂ ਵਿਚਾਰਧਾਰਾਵਾਂ ਦਾ ਅਸਰ ਹੋਇਆ ਜਾਂ ਬਰਤਾਨਵੀ ਕਵੀਆਂ ਉੱਤੇ ਕੋਈ ਹੋਰ ਵਿਸ਼ਾ ਭਾਰੂ ਰਿਹਾ ਜਿਸ ਨੂੰ ਉਹ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਉਂਦੇ ਰਹੇ ਨੇ?

: ਹਾਂ ਢਾਅ ਜੀ, ਬਰਤਾਨਵੀ ਕਵੀਆਂ ਉੱਤੇ ਨਕਸਲਵਾੜੀ ਲਹਿਰ ਦਾ ਕਾਫ਼ੀ ਪ੍ਰਭਾਵ ਪਿਆ। ਇਸਦੇ ਪ੍ਰਭਾਵ ਅਧੀਨ ਅਜਮੇਰ ਕੁਵੈਂਟਰੀ ਅਤੇ ਕੁਝ ਸਾਥਿਆਂ ਨੇ ਨਜ਼ਮਾਂ ਲਿਖੀਆਂ ਅਤੇ ਇੱਕ ਪਰਚਾ ‘ਲਲਕਾਰ’ ਵੀ ਕੱਢਿਆ ਜਿਸ ਦੇ ਸਰਵਰਕ ਉੱਤੇ ਲਿਖਿਆ ਹੁੰਦਾ ਸੀ ‘ਸਿਆਸਤ ਬੰਦੂਕ ਦੀ ਨਾਲੀ ਵਿੱਚੋਂ ਜਨਮ ਲੈਂਦੀ ਹੈ।’ ਅਜਮੇਰ ਨੇ ਆਪਣੀ ਇੱਕ ਕਿਤਾਬ ਦਾ ਨਾਮ ‘ਜੈ ਤੇਗ਼ਮ’ ਵੀ ਰੱਖਿਆ। ਹੋਰ ਵੀ ਕੁਝ ਪੁਸਤਕਾਂ ਉਪਲਭਦ ਹਨ ਅਤੇ ਕੁਝ ਕਵੀਆਂ ਦੀਆਂ ਨਜ਼ਮਾਂ ਵੀ। ਕੁਝ ਦੇਰ ਜਗਤਾਰ ਢਾਅ ਵੀ ਇਸ ਲਹਿਰ ਤੋਂ ਪ੍ਰਭਾਵਤ ਰਿਹਾ। ਪ੍ਰਗਤੀਵਾਦੀ ਵਿਚਾਰਧਾਰਾ ਨੇ ਸਭ ਤੋਂ ਵੱਧ ਬ੍ਰਤਾਨੀਆ ਦੇ ਕਵੀਆਂ ਨੂੰ ਪ੍ਰਭਾਵਿਤ ਕੀਤਾ ਅਤੇ ਹੁਣ ਵੀ ਕਰ ਰਹੀ ਹੈ। ਇਸ ਵਿਚਾਰਧਾਰਾ ਦੇ ਪ੍ਰਤਿਬੱਧ ਅਨੁਯਾਈ ਕਵੀਆਂ ਵਿੱਚ, ਨਿਰੰਜਨ ਸਿੰਘ ਨੂਰ, ਅਵਤਾਰ ਸਾਦਿਕ, ਸੰਤੋਖ ਸਿੰਘ ਸੰਤੋਖ, ਮੁਸ਼ਤਾਕ, ਸ਼ੇਰ ਜੰਗ ਜਾਂਗਲੀ, ਲੱਖਾ ਸਿੰਘ ਜੌਹਰ, ਪ੍ਰਕਾਸ਼ ਆਜ਼ਾਦ ਅਤੇ ਡਾ. ਮਹਿੰਦਰ ਗਿੱਲ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ

ਅਧਿਆਤਮਵਾਦ ਦੇ ਪ੍ਰਭਾਵ ਅਧੀਨ ਵੀ ਕਈ ਪੰਥਕ ਕਵੀ ਸਰਗਰਮ ਹਨ, ਜਿਨ੍ਹਾਂ ਬਾਰੇ ਮੈਂਨੂੰ ਵਿਸਥਾਰ ਵਿੱਚ ਗਿਆਨ ਨਹੀਂ। ਮੇਰੀ ਜਾਚੇ ਆਧੁਨਿਕਤਾਵਾਦ ਆਪਣੇ ਆਪ ਵਿੱਚ ਕੋਈ ਵਾਦ ਨਹੀਂ। ਇਸਦੀ ਪਰਿਭਾਸ਼ਾ ਬਾਰੇ ਇਸਦੇ ਅਨੁਆਈ ਵੀ ਇੱਕਮੱਤ ਨਹੀਂ। ਉਂਝ ਇਸਦੇ ਪੈਰੋਕਾਰ ਕਹਿੰਦੇ ਹਨ ਕਿ ਅਸੀਂ ਪੁਰਾਣੀਆਂ, ਘਸੀਆਂ-ਪਿਟੀਆਂ ਅਤੇ ਵਕਤ ਵਿਹਾ ਚੁੱਕੀਆਂ ਰਵਾਇਤਾਂ ਅਤੇ ਲੀਹਾਂ ਤੋਂ ਬਗਾਵਤ ਕਰ ਕੇ ਪੰਜਾਬੀ ਕਵਿਤਾ ਦਾ ਨਵਾਂ ਮੂੰਹ-ਮਹਾਂਦਰਾ ਸਿਰਜ ਰਹੇ ਹਾਂ ਐਪਰ ਮੈਂਨੂੰ ਇਨ੍ਹਾਂ ਵੱਲੋਂ ਸਿਰਜੀਆਂ ਭੁਲ-ਭੁਲਾਈਆਂ, ਕਲਾਬਾਜੀਆਂ ਅਤੇ ਬੁਝਾਰਤਾਂ ਨੇ ਕਦੇ ਕਾਇਲ ਨਹੀਂ ਕੀਤਾ। ਟਾਵੀਂ ਟਾਵੀਂ ਪੜ੍ਹਨ-ਯੋਗ ਕਵਿਤਾ ਕਦੀ ਕਦੀ ਕਿਸੇ ਰਸਾਲੇ ਵਿੱਚੋਂ ਮਿਲ ਜਾਂਦੀ ਹੈ। ਮੇਰੇ ਲਈ ਉਹ ਹਰ ਕਵਿਤਾ ਆਧੁਨਿਕ ਹੈ ਜਿਹੜੀ ਆਪਣਾ ਨਵਾਂ ਵਿਸ਼ਾ ਅਤੇ ਨਵਾਂ ਰੂਪ-ਵਿਧਾਨ ਨਾਲ ਲੈ ਕੇ ਆਉਂਦੀ ਹੈ। ਇਸ ਲਈ ਬਰਤਾਨੀਆ ਵਿੱਚ ਇਸ ਵਾਦ ਅਧੀਨ ਰਚੀ ਗਈ ਕਵਿਤਾ ਬਾਰੇ ਨਿਸ਼ਚਿਤ ਰੂਪ ਵਿੱਚ ਮੈਂ ਕੁਝ ਨਹੀਂ ਕਹਿ ਸਕਦਾ। ਬਰਤਾਨਵੀ ਕਵੀਆਂ ਵੱਲੋਂ ਪੇਸ਼ ਨਸਲਵਾਦ ਅਤੇ ਭੂ-ਹੇਰਵੇ ਦੇ ਵਿਸ਼ਿਆਂ ਬਾਰੇ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ। ਪ੍ਰੰਤੂ ਇਹ ਤੱਥ ਪ੍ਰਤੱਖ ਹੈ ਕਿ ਅੱਜ ਕੱਲ੍ਹ ਬਰਤਾਨਵੀ ਕਵੀ, ਜੀਵਨ ਯਥਾਰਥ ਦੇ ਸਾਰੇ ਹੀ ਪਹਿਲੂਆਂ ਨੂੰ ਆਪਣੀਆਂ ਰਚਨਾਵਾਂ ਦਾ ਆਧਾਰ ਬਣਾ ਰਹੇ ਹਨ

? ਗੁਰਨਾਮ ਜੀ, ਆਪਣੇ ਸਮਕਾਲ਼ੀਆਂ ਬਾਰੇ, ਜਿਨ੍ਹਾਂ ਬਰਤਾਨਵੀ ਲੇਖਕਾਂ ਨੇ ਲਿਖਣ ਦਾ ਸਫ਼ਰ ਤੁਹਾਡੇ ਨਾਲ ਸ਼ੁਰੂ ਕੀਤਾ, ਉਨ੍ਹਾਂ ਬਾਰੇ ਕੋਈ ਯਾਦਾਂ ਸਾਂਝੀਆਂ ਕਰੋਗੇ। ਪਹਿਲੇ ਬਹੁਤ ਸਾਰੇ ਲੇਖਕ ਇਸ ਦੁਨੀਆਂ ਤੋਂ ਰੁਖ਼ਸੁਤ ਹੋ ਗਏ ਹਨ। ਕੀ ਬਰਤਾਨੀਆ ਵਿੱਚ ਜੋ ਸਾਹਿਤਕ ਕੰਮ ਅੱਜ ਤੋਂ ਪੰਜਾਹ ਸਾਲ ਪਹਿਲਾਂ ਹੁੰਦਾ ਸੀ, ਉਸ ਵਿੱਚ ਤੇਜ਼ੀ ਆਈ ਜਾਂ ਰੁਝਾਨ ਮੱਠਾ ਪੈ ਗਿਆ ਲੱਗਦਾ ਹੈ? ਕੀ ਨਵੀਂ ਪੀੜ੍ਹੀ ਵਿੱਚੋਂ ਪੰਜਾਬੀ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਆਪਣੇ ਭਾਈਚਾਰੇ ਦੇ ਕੋਈ ਲੇਖਕ ਨਜ਼ਰ ਆ ਰਹੇ ਹਨ?

: ਲਿਖਣਾ ਤਾਂ ਮੈਂ ਭਾਰਤ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ। ਜਦੋਂ ਮੈਂ ਇੰਗਲੈਂਡ ਆ ਕੇ ਲੇਖਕਾਂ ਦੇ ਸੰਪਰਕ ਵਿੱਚ ਆਇਆ ਸਾਰੇ ਹੀ ਮੇਰੇ ਨਾਲੋਂ ਸੀਨੀਅਰ ਲੇਖਕ ਸਨ। ਜਦੋਂ ਮੈਂਨੂੰ 1969 ਵਿੱਚ ਜੋਗਿੰਦਰ ਸ਼ਮਸ਼ੇਰ ਅਤੇ ਅਵਤਾਰ ਜੰਡਿਆਲਵੀ ਨੇ ਪ੍ਰਗੀਤਸ਼ੀਲ ਲਿਖਾਰੀ ਸਭਾ ਲੰਡਨ ਦਾ ਜਨਰਲ ਸਕੱਤਰ ਬਣਾਇਆ ਉਸ ਵੇਲੇ ਮੈਂ ਇਨ੍ਹਾਂ ਸਾਰਿਆਂ ਵਿੱਚੋਂ ਛੋਟੀ ਉਮਰ ਦਾ ਸੀ। ਜਥੇਬੰਦੀਆਂ ਵਿੱਚ ਕੰਮ ਕਰਨਾ, ਮੈਂ ਇੱਥੇ ਆ ਕੇ ਆਪਣੇ ਮਿੱਤਰਾਂ ਪਾਸੋਂ ਅਤੇ ਆਪਣੇ ਤਜਰਬੇ ਨਾਲ ਸਿੱਖਿਆ ਹੈ। ਇਨ੍ਹਾਂ ਸਾਰਿਆਂ ਨਾਲ ਹੀ ਮੇਰੀਆਂ ਬੜੀਆਂ ਮਿੱਠੀਆਂ ਯਾਦਾਂ ਹਨ। ਕਿਹੜੀ ਕਿਹੜੀ ਯਾਦ ਤੁਹਾਡੇ ਨਾਲ ਸਾਂਝੀ ਕਰਾਂ। ਚਲੋ, ਇੱਕ ਯਾਦ ਸਾਂਝੀ ਕਰ ਲੈਂਦਾ ਹਾਂ। ਜਦੋਂ ਮੈਂਨੂੰ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਦਾ ਜਨਰਲ ਸਕੱਤਰ ਬਣਾਇਆ, ਮੇਰੇ ਨਾਲੋਂ ਕਿਤੇ ਸੀਨੀਅਰ ਲੇਖਕ, ਉੱਘੇ ਕਹਾਣੀਕਾਰ ਰਘਬੀਰ ਢੰਡ ਜੀ ਨੇ ਮੈਂਨੂੰ ਕਿਹਾ ‘ਗੁਰਨਾਮ ਤੂੰ ਅਜੇ ਇਹ ਸਾਬਿਤ ਕਰਨਾ ਹੈ।’ ਮੈਂ, ਉਨ੍ਹਾਂ ਦਾ ਇਸ਼ਾਰਾ ਸਮਝ ਗਿਆ। ਮੈਂ ਕਿਹਾ ਢੰਡ ਜੀ, ਜਦੋਂ ਤੁਹਾਡੇ ਵਰਗੇ ਮਿਹਰਬਾਨ ਦੋਸਤਾਂ ਦਾ ਮੇਰੇ ਸਿਰ ’ਤੇ ਹੱਥ ਹੈ ਮੈਂ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਜਦੋਂ ਅਗਲੇ ਦੋ ਸਾਲਾਂ ਵਿੱਚ ਪੰਜ ਬ੍ਰਾਂਚਾਂ ਸਥਾਪਤ ਹੋ ਗਈਆਂ ਅਤੇ ਦੋ ਸਰਬ-ਬ੍ਰਤਾਨੀਆ ਲੇਖਕ ਕਾਨਫ਼ਰੰਸਾਂ ਆਯੋਜਤ ਹੋ ਗਈਆਂ ਤਾਂ ਢੰਡ ਜੀ ਬੋਲੇ ‘ਗੁਰਨਾਮ ਮੈਂ ਨਹੀਂ ਸੀ ਸਮਝਦਾ ਤੂੰ ਇਹ ਕੰਮ ਸੰਭਾਲ ਸਕੇਂਗਾ।’ ਦੋ ਸਾਲ ਬਾਦ ਜਨਰਲ ਸਕੱਤਰ ਦੀ ਚੋਣ ਕਰਨੀ ਸੀ। ਮੀਟਿੰਗ ਵਿੱਚ ਢੰਡ ਜੀ ਬੋਲੇ ‘ਜਨਰਲ ਸਕੱਤਰ ਤਾਂ ਅਸਾਡੇ ਪਾਸ ਹੈ ਜੇ ਕਿਸੇ ਹੋਰ ਆਹੁਦੇ ਦੀ ਚੋਣ ਕਰਨੀ ਤਾਂ ਕਰ ਲਓ।’ ਸਾਰੇ ਮੈਂਬਰ ਢੰਡ ਜੀ ਦੇ ਮੂੰਹ ਵੱਲ ਵੇਖਣ। ਨਿਰੰਜਨ ਸਿੰਘ ਨੂਰ ਨੇ ਪੁੱਛਿਆ ਕੌਂਣ? ‘ਗੁਰਨਾਮ, ਹੋਰ ਕੌਂਣ’! ਮੀਟਿੰਗ ਬਾਦ ਮੈਂਨੂੰ ਇੱਕ ਪਾਸੇ ਲਿਜਾ ਕੇ ਕਹਿੰਦੇ ‘ਹੁਣ ਕੰਮ ਕਰਨੋ ਨਾ ਹਟ ਜਾਵੀ।’ ਪੰਜਵੀਂ ਸਰਬ-ਬ੍ਰਤਾਨੀਆ ਪੰਜਾਬੀ ਲੇਖਕ ਕਾਨਫਰੰਸ ਸਮੇਂ ਜਦੋਂ ਮੈਂ ਰੀਪੋਰਟ ਵਿੱਚ ਦੱਸਿਆ ਕਿ ਅੱਠ ਬ੍ਰਾਂਚਾਂ ਸਥਾਪਤ ਹੋ ਗਈਆਂ ਹਨ ਤਾਂ ਢੰਡ ਜੀ ਬਾਗੋ ਬਾਗ਼ ਹੋ ਗਏ। ਇਸ ਕਾਨਫ਼ਰੰਸ ਵਿੱਚ ਰੌਣਕ ਵੀ ਕਾਫ਼ੀ ਸੀ। ਕਾਨਫ਼ਰੰਸ ਬਾਅਦ ਮੈਂਨੂੰ ਕਿਹਾ ‘ਗੁਰਨਾਮ ਤੂੰ ਸਾਬਤ ਕਰ ਦਿੱਤਾ ਹੈ, ਹੁਣ ਮੈਂ, ਤੈਨੂੰ ਵਧੀਆ ਸ਼ਾਇਰ ਵੇਖਣਾ ਚਾਹੁੰਨਾਂ,ਕਾਸ਼ ! ਢੰਡ ਜੀ ਦਾ ਸਾਥ ਅਸੀਂ ਕੁਝ ਹੋਰ ਲੰਮਾਂ ਸਮਾਂ ਮਾਣ ਸਕਦੇ ਸਤਨਾਮ ਜੀ, ਸ਼ਾਇਦ ਪਾਠਕਾਂ ਨੂੰ ਲੱਗੇ ਕਿ ਮੈਂ ਆਪਣੀ ਤਾਰੀਫ਼ ਕਰ ਰਿਹਾਂ। ਬਿਲਕੁਲ ਨਹੀਂ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾਂ, ਢੰਡ ਜੀ ਦਾ ਕਿਹਾ ਇੱਕ ਫ਼ਿਕਰਾ ਮੇਰੇ ਵਿੱਚ ਅਥਾਹ ਸ਼ਕਤੀ ਭਰ ਦਿੰਦਾ ਸੀ। ਉਨ੍ਹਾਂ ਦਿਨਾਂ ਵਿੱਚ ਜੋ ਥੋੜ੍ਹਾ-ਬਹੁਤਾ ਕੰਮ ਹੋਇਆ, ਉਸ ਵਿੱਚ ਮੇਰੇ ਨਾਲੋਂ ਮੇਰੇ ਮਿੱਤਰਾਂ ਦਾ ਯੋਗਦਾਨ ਕਿਤੇ ਵੱਧ ਸੀ।

ਮੈਂ, ਆਪ ਮਹਿਸੂਸ ਕਰ ਰਿਹਾ ਹਾਂ ਕਿ ਪ੍ਰਗਤੀਸ਼ੀਲ ਲਹਿਰ ਵਿੱਚ 50 ਸਾਲ ਪਹਿਲਾਂ ਵਾਲੀ ਚੜ੍ਹਤ ਨਹੀਂ ਰਹੀ। ਰੁਝਾਨ ਮੱਠਾ ਪੈ ਗਿਆ ਹੈ ਪਰ ਕੰਮ ਹੋ ਰਿਹਾ ਹੈ। ਦੀਵਾ ਜਗ ਰਿਹਾ ਹੈ। ਮੈਂ ਨਿਰਾਸ਼ ਨਹੀਂ ਹੋਇਆ। ਸਾਹਿਤਕ ਸਮਾਗਮਾਂ ਵਿੱਚ ਪਹਿਲਾਂ ਵਾਲੀ ਰੌਣਕ ਭਾਵੇਂ ਨਹੀਂ ਰਹੀ। ਇਸ਼ਤਿਹਾਰਬਾਜ਼ੀ ਦਾ ਕਲਚਰ ਹਾਵੀ ਹੋ ਗਿਆ ਹੈ। ਹਾਲਾਤ ਮੁਤਾਬਿਕ ਲਹਿਰਾਂ ਵਿੱਚ ਉਤਰਾ/ਚੜ੍ਹਾ ਆਉਂਦੇ ਰਹਿੰਦੇ ਹਨ। ਬਾਕੀ ਬ੍ਰਤਾਨੀਆ ਵਿੱਚ ਆਪਣੇ ਭਾਈਚਾਰੇ ਦੀ ਅਗਲੀ ਪੀੜ੍ਹੀ ਅੰਗਰੇਜ਼ੀ ਵਿੱਚ ਬਹੁਤ ਅੱਛਾ ਕੰਮ ਕਰ ਰਹੀ ਹੈ। ਸਤਨਾਮ ਸੰਘੇੜਾ ਦੇ ਕਈ ਨਾਵਲ ਛੱਪ ਚੁੱਕੇ ਹਨ। ਉਸਦੇ ਇੱਕ ਨਾਵਲ ‘ਮੈਰਿਜ ਮਟੀਰੀਅਲ’ ਨੇ ਕਾਫ਼ੀ ਪ੍ਰਸਿੱਧੀ ਖੱਟੀ ਹੈ। ਨੌਜਵਾਨ ਲੜਕੀ ਸੰਨੀ ਸਿੰਘ ਦੇ ਤਿੰਨ ਨਾਵਲ ਪ੍ਰਕਾਸ਼ਤ ਹੋ ਚੁੱਕੇ ਹਨ। ਉਹ ਕਹਾਣੀ ਲਿਖਣ ਦੇ ਖੇਤਰ ਵਿੱਚ ਵੀ ਆਪਣਾ ਨਾਂ ਪੈਦਾ ਕਰ ਰਹੀ ਹੈ। ਨੌਜਵਾਨ ਸੰਜੀਵ ਸਿਹੋਤਾ ਬਹੁਤ ਖੂਬਸੂਰਤ ਨਾਵਲ ਲਿਖ ਰਿਹਾ ਹੈ। ਉਸਦਾ ਇੱਕ ਨਾਵਲ ‘ਈਅਰ ਆਫ਼ ਦਾ ਰਨਵੇਜ਼’ ‘ਬੁੱਕਰ ਪਰਾਈਜ਼’ 2015 ਦੀ ਪੁਰਸਕਾਰ ਸੂਚੀ ਵਿੱਚ ਸੀ। ਕਵਿਤਾ ਦੇ ਖੇਤਰ ਵਿੱਚ ਦਿਲਜੀਤ ਨਾਗਰਾ ਦੇ ਕਈ ਕਾਵਿ ਸੰਗ੍ਰਹਿ ਨਾਮਣਾ ਖੱਟ ਚੁੱਕੇ ਹਨ। ਲੁਧਿਆਣੇ ਵਿੱਚ ਜਨਮੀ, ਇੰਗਲੈਂਡ ਵਿੱਚ ਪਲ਼ੀ ਨੌਜਵਾਨ ਲੜਕੀ ਰਮਨ ਮੁੰਡੇਰ ਵੀ ਕਵਿਤਾ ਦੇ ਖੇਤਰ ਵਿੱਚ ਆਪਣਾ ਨਾਮ ਪੈਦਾ ਕਰ ਰਹੀ ਹੈ। ਨਾਟਕ ਦੇ ਖੇਤਰ ਵਿੱਚ ਮੀਰਾ ਸਿਆਲ ਕਿਰਿਆਸ਼ੀਲ ਹੈ। ਉਸਦੀਆਂ ਨਾਟ-ਪੁਸਤਕਾਂ ‘ਅਨੀਤਾ ਐਂਡ ਮੀ’, ‘ਦਾ ਹਾਊਸ ਆਫ਼ ਹਿਡਨ ਮਦਰਸ’ ਪ੍ਰਕਾਸ਼ਤ ਹੋ ਚੁੱਕੀਆਂ ਹਨ। ਫਿਲਮ ਇੰਡਸਟਰੀ ਵਿੱਚ ਗੁਰਿੰਦਰ ਚੱਢਾ ਨੇ ਕਈਆਂ ਫਿਲਮਾਂ ਦੀ ਪਟ-ਕਥਾ ਲਿਖ ਕੇ ਅਤੇ ਨਿਰਦੇਸ਼ਨ ਕਰ ਕੇ ਸਮੁੱਚੇ ਭਾਰਤੀਆਂ ਦਾ ਮਾਣ ਵਧਾਇਆ ਹੈ। ਉਸਦੀਆਂ ਦੋ ਫਿਲਮਾਂ ‘ਭਾਅ ਜੀ ਆਨ ਦਾ ਬੀਚ’ (1993) ਅਤੇ ‘ਬਰਾਈਡ ਐਂਡ ਪਰੈਜੂਡਿਸ’ (2004) ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾ ਚੁੱਕੀਆਂ ਹਨ। ਹੋਰ ਵੀ ਕਈ ਨੌਜਵਾਨ ਮੁੰਡੇ, ਕੁੜੀਆਂ ਸਾਹਿਤ ਕੇ ਖੇਤਰ ਵਿੱਚ ਕੰਮ ਕਰ ਰਹੇ ਹਨ। ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਅਸਾਡੀ ਕਿਸੇ ਵੀ ਲੇਖਕ ਸਭਾ ਨੇ ਉੱਪਰ ਦੱਸੇ ਨਾਵਾਂ ਵਿੱਚੋਂ ਕਦੀ ਕਿਸੇ ਨੂੰ ਆਪਣੇ ਸਮਾਗਮ ਵਿੱਚ ਮਹਿਮਾਨ ਵਜੋਂ ਨਿਮੰਤਰਣ ਨਹੀਂ ਕੀਤਾ।

? ਕੁਝ ਸਾਹਿਤਕ ਆਲੋਚਕਾਂ ਦਾ ਕਹਿਣਾ ਹੈ ਕਿ ਹੁਣ ਕਵਿਤਾ ਦਾ ਜ਼ਮਾਨਾ ਨਹੀਂ ਰਿਹਾ। ਅੱਜ ਦਾ ਪਾਠਕ ਕਵਿਤਾ ਤੋਂ ਦੂਰ ਜਾ ਰਿਹਾ ਹੈ। ਪਾਠਕ ਵਾਰਤਕ ਨੂੰ ਜ਼ਿਆਦਾ ਪਸੰਦ ਕਰ ਰਿਹਾ ਹੈ। ਕੀ ਤੁਹਾਨੂੰ ਵੀ ਕਦੀ ਇਹੋ ਜਿਹਾ ਮਹਿਸੂਸ ਹੋਇਆ?

: ਮੈਂਨੂੰ ਕਦੀ ਇਹੋ ਜਿਹਾ ਮਹਿਸੂਸ ਨਹੀਂ ਹੋਇਆ। ਜਦੋਂ ਤੱਕ ਕਵਿਤਾ ਆਪਣੇ ਲੋਕਾਂ ਦਾ ਦੁੱਖ-ਦਰਦ, ਉਨ੍ਹਾਂ ਦੀਆਂ ਸਮੱਸਿਆਵਾਂ, ਉਨ੍ਹਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਆਕਾਂਖਿਆਵਾਂ ਅਤੇ ਉਨ੍ਹਾਂ ਦੇ ਦਿਲਾਂ ਦੀ ਧੜਕਣ ਨੂੰ ਕਲਾਤਮਿਕ ਰੂਪ ਵਿੱਚ ਪ੍ਰਸਤੁਤ ਕਰ ਕੇ ਨਵੇਂ-ਨਰੋਏ, ਸਮਾਜ ਦੀ ਸਿਰਜਣਾ ਲਈ ਪ੍ਰੇਰਤ ਕਰਦੀ ਰਹੇਗੀ, ਕਵਿਤਾ ਦੀ ਹੋਂਦ ਨੂੰ ਕੋਈ ਖ਼ਤਰ੍ਹਾਂ ਨਹੀਂ। ਅੱਜ ਦਾ ਪਾਠਕ ਕਵਿਤਾ ਤੋਂ ਦੂਰ ਨਹੀਂ ਜਾ ਜਿਹਾ ਕਵਿਤਾ ਦੇ ਸ਼ੀਸ਼ਰਕ ਹੇਠ ਪਰੋਸੇ ਜਾ ਰਹੇ ਉੱਲ-ਜਲੂਲ ਤੋਂ ਦੂਰ ਜਾ ਰਿਹਾ ਹੈ।

? ਤੁਸੀਂ ਜਦੋਂ ਪਹਿਲਾਂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ, ਉਸ ਸਮੇਂ ਦੀ ਵਿਚਾਰਧਾਰਾ ਅਤੇ ਅੱਜ ਦੀ ਵਿਚਾਰਧਾਰਾ ਵਿੱਚ ਕੋਈ ਫ਼ਰਕ ਮਹਿਸੂਸ ਕਰਦੇ ਹੋ? ਜਾਂ ਇਸ ਤਰ੍ਹਾਂ ਕਹਿ ਲਓ ਕਿ ਤੁਹਾਡੀ ਕਵਿਤਾ ਵਿੱਚ ਕੋਈ ਨਵਾਂ ਪ੍ਰਸੰਗ ਜੁੜਿਆ?

: ਮੁੱਢਲੀ ਵਿਚਾਰਧਾਰਾ ਅਤੇ ਅੱਜ ਦੀ ਵਿਚਾਰਧਾਰਾ ਦੇ ਬੁਨਿਆਦੀ ਤੱਤਾਂ ਵਿੱਚ ਤਾਂ ਫ਼ਰਕ ਨਹੀਂ ਪਿਆ ਪ੍ਰੰਤੂ ਸੋਵੀਅਤ ਯੂਨੀਅਨ ਦੇ ਖੇਰੂੰ ਖੇਰੂੰ ਹੋ ਜਾਣ ਉਪਰੰਤ ਇਸ ਸਮਝਦਾਰੀ ਵਿੱਚ ਵਾਧਾ ਹੋਇਆ ਹੈ ਕਿ ਅੱਖਾਂ ਮੀਟ ਕੇ, ਮਕੈਨੀਕਲ ਢੰਗ ਨਾਲ ਕਿਸੇ ਸਮਾਜਵਾਦੀ ਸਰਕਾਰ ਦੇ ਜਾਂ ਉੱਥੇ ਦੀ ਕਮਿਊਨਿਸਟ ਪਾਰਟੀ ਦੇ ਪ੍ਰਾਪੇਗੰਡੇ ਨੂੰ ਨਹੀਂ ਮੰਨ ਲੈਣਾ ਚਾਹੀਦਾ। ਉਸ ਨੂੰ ਮਾਰਕਸਵਾਦੀ ਵਿਧੀ-ਵਿਧਾਨ ਨਾਲ ਪਰੱਖਣਾ ਵੀ ਚਾਹੀਦਾ ਹੈ। ਉੱਥੇ ਦੀ ਅੰਦਰੂਨੀ ਅਸਲੀਅਤ ਉਨ੍ਹਾਂ ਦੇ ਪ੍ਰਾਪੇਗੰਡੇ ਤੋਂ ਵੱਖਰੀ ਵੀ ਹੋ ਸਕਦੀ ਹੈ। ਦੂਜੀ ਗੱਲ ਜੋ ਮੈਂ ਕਰਨ ਲੱਗਾ ਹਾਂ ਇਸ ਵਿੱਚ ਮੈਂ ਗ਼ਲਤ ਵੀ ਹੋ ਸਕਦਾ ਹਾਂ। ਮੇਰੀ ਮਾਰਕਸਵਾਦੀ ਆਚਾਰੀਆਂ ਨੂੰ ਬੇਨਤੀ ਹੈ, ਜੇ ਮੈਂ ਗ਼ਲਤ ਹਾਂ ਤਾਂ ਉਹ ਮੈਂਨੂੰ ਠੀਕ ਕਰਨ। ਮੇਰੀ ਸਮਝਦਾਰੀ ਬਣੀ ਹੈ ਕਿ ਹਰੇਕ ਸਕ੍ਰਿਅ ਮਾਰਕਸਵਾਦੀ, ਕਮਿਊਨਿਸਟ ਹੈ ਐਪਰ ਹਰੇਕ ਠੱਪੇਧਾਰੀ (ਕਾਰਡ ਹੋਲਡਰ) ਕਮਿਊਨਿਸਟ, ਮਾਰਕਸਵਾਦੀ ਨਹੀਂ ਵੀ ਹੋ ਸਕਦਾ। ਇਸ ਦਵੰਦ ਦਾ ਕੀ ਹੱਲ ਕੱਢਿਆ ਜਾਵੇ? ਇਸ ਦਵੰਦ ਨਾਲ ਸੰਬਾਦ ਰਚਾਉਂਦੀਆਂ ਮੈਂ ਨਵੀਆਂ ਕਵਿਤਾਵਾਂ ਵੀ ਰਚੀਆਂ ਹਨ। ਜੀਵਨ ਦੇ ਤਜਰਬੇ ਨਾਲ ਹਰੇਕ ਸ਼ਾਇਰ ਦੀ ਕਵਿਤਾ ਵਿੱਚ ਨਵੇਂ ਪ੍ਰਸੰਗ ਜੁੜਦੇ ਰਹਿੰਦੇ ਹਨ। ਇੱਥੇ ਇੱਕ ਉਦਾਹਰਣ ਦੇਣੀ ਚਾਹੁੰਦਾ ਹਾਂ: ਨਵੰਬਰ 2000 ਵਿੱਚ ਅਵਤਾਰ ਸਾਦਿਕ ਇੱਕ ਡੈਲੀਗੇਸ਼ਨ ਨਾਲ ਮੈਂਨੂੰ ਕਿਊਬਾ ਲੈ ਗਿਆ। ਉਸ ਕਾਨਫ਼ਰੰਸ ਵਿੱਚ ਸਿੱਖਣ ਲਈ ਬਹੁਤ ਕੁਝ ਸੀ। ਉੱਥੇ ਮੈਂ ਇੱਕ ਗੀਤ ਜਿਸ ਦਾ ਮੁੱਖੜ੍ਹਾ ਹੈ: ‘ਗੁਅਨ-ਤਾਨਾ ਮੇ..ਰਾ’ ਲਿਖਿਆ ਇਹ ਗੀਤ ਕਿਊਬਾ ਦੀ ਸਪੇਨੀ ਭਾਸ਼ਾ ਦੀ ਤਰਜ਼ ਉੱਪਰ ਅਧਾਰਤ ਹੈ। ਦੋ ਕਵਿਤਾਵਾਂ ਵੀ ਲਿਖੀਆਂ ਜੋ ਮੇਰੀ ਪੁਸਤਕ ‘ਤੂੰ ਕੀ ਜਾਣੇ ਵਿੱਚ’ ਸੰਕਿਲਿਤ ਹਨ। ਨਵੀਆਂ ਪੁਸਤਕਾਂ ਪੜ੍ਹਨ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ। ਸੋਝੀ ਵਿੱਚ ਨਿਖ਼ਾਰ ਆਉਂਦਾ ਹੈ। ਨਵੀਆਂ ਖਿੜਕੀਆਂ ਖੁੱਲ੍ਹਦੀਆਂ ਹਨ। ਇਸ ਨਾਲ ਤੁਹਾਡੀਆਂ ਕਵਿਤਾਵਾਂ ਵਿੱਚ ਨਵੇਂ ਪ੍ਰਸੰਗ ਜੁੜਨੇ ਕੁਦਰਤੀ ਪ੍ਰਕਿਰਿਆ ਹੈ।

? ਗੁਰਨਾਮ ਜੀ, ਮੈਂ ਮਹਿਸੂਸ ਕਰਦਾ ਹਾਂ ਕਿ ਹਰ ਰਚਨਾ ਲੇਖਕ ਲਈ ਮਹੱਤਵ ਪੂਰਨ ਹੁੰਦੀ ਹੈ। ਜੇਕਰ ਤੁਹਾਨੂੰ ਆਪਣੀ ਚੋਣਵੀਂ ਕਵਿਤਾ ਨੂੰ ਛਾਂਟਣ ਲਈ ਕਿਹਾ ਜਾਵੇ ਤਾਂ ਤੁਸੀਂ ਕਿਹੜੀ ਕਿਤਾਬ ਜਾਂ ਕਿਹੜੀਆਂ ਕਵਿਤਾਵਾਂ ਚੁਣੋਗੇ?

: ਮੇਰੇ ਲਈ ਇਹ ਕੰਮ ਕਰਨਾ ਬੜਾ ਕਠਿਨ ਹੈ। ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਨਾਲ ਇਸ ਤਰ੍ਹਾਂ ਵਾਪਰਿਆ ਹੈ ਕਿ ਜਿਹੜੀਆਂ ਕਵਿਤਾਵਾਂ ਮੈਂਨੂੰ ਪਸੰਦ ਸਨ, ਉਹ ਪਾਠਕਾਂ ਨੂੰ ਨਹੀਂ ਚੰਗੀਆਂ ਲੱਗੀਆਂ। ਕਈ ਜਿਨ੍ਹਾਂ ਨੂੰ ਮੈਂ ਮਾਮੂਲੀ ਸਮਝਦਾ ਸੀ, ਉਹ ਪਾਠਕਾਂ ਨੇ ਪਸੰਦ ਕੀਤੀਆਂ। ਇਸ ਲਈ ਮੈਂ ਇਹ ਫ਼ੈਸਲਾ ਪਿਆਰੇ ਪਾਠਕਾਂ ਉੱਤੇ ਛੱਡਦਾ ਹਾਂ। ਬਾਕੀ ਸਭ ਤੋਂ ਚੰਗੀ ਕਿਤਾਬ ਮੈਂ ਅਜੇ ਲਿਖਣੀ ਹੈ।

? ਗੁਰਨਾਮ ਜੀ, ਕੀ ਇੰਗਲੈਂਡ ਵਿੱਚ ਪੰਜਾਬੀ ਭਾਸ਼ਾ ਵਿੱਚ ਛਪਦੀਆਂ ਅਖਬਾਰਾਂ ਜਾਂ ਸਾਹਿਤਕ ਪਰਚੇ ਪੰਜਾਬੀ ਬੋਲੀ ਦੇ ਵਿਕਾਸ ਵਿੱਚ ਕੋਈ ਯੋਗਦਾਨ ਪਾ ਰਹੇ ਹਨ? ਜਾਂ ਕੀ ਉਹ ਵਿਉਪਾਰ ਲਈ ਜਾਂ ਫਿਰ ਇਸ਼ਤਿਹਾਰਾਂ ਦਾ ਹੀ ਕੰਮ ਕਰਦੇ ਹਨ? ਤੁਹਾਨੂੰ ਲੱਗਦਾ ਹੈ ਕਿ ਇੰਗਲੈਂਡ ਵਿੱਚ ਕੋਈ ਸਾਹਿਤਕ ਜਾਂ ਅਰਧ-ਸਾਹਿਤਕ ਪਰਚਾ ਹੈ ਜੋ ਪੰਜਾਬੀ ਬੋਲੀ ਦੇ ਵਿਕਾਸ ਲਈ ਬਚਨਬੱਧ ਹੋਵੇ?

: ਜਿੱਥੋਂ ਤੱਕ ਮੇਰਾ ਗਿਆਨ ਹੈ, ਇੰਗਲੈਂਡ ਵਿੱਚ ਪੰਜਾਬੀ ਭਾਸ਼ਾ ਵਿੱਚ ਕੋਈ ਨਿਰੋਲ ਸਾਹਿਤਕ ਪਰਚਾ ਪ੍ਰਕਾਸ਼ਿਤ ਨਹੀਂ ਹੁੰਦਾ ਜਿਹੜਾ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਚਨਬੱਧ ਹੋਵੇ। ਕੁਝ ਸਪਤਾਹਕ ਅਖ਼ਬਾਰ ਛਪਦੇ ਹਨ ਜਿਵੇਂ, ਦੇਸ ਪ੍ਰਦੇਸ, ਅਜੀਤ ਵੀਕਲੀ, ਪੰਜਾਬ ਟਾਈਮਜ, ਪੰਜਾਬੀ ਟੈਲੀਗਰਾਫ਼, ਮਨਜਿੱਤ ਵੀਕਲੀ, ਸਮਾਜ ਵੀਕਲੀ ਆਦਿ। ਇਨ੍ਹਾਂ ਵਿੱਚੋਂ ਕਈ ਮੁਫ਼ਤ ਪ੍ਰਾਪਤ ਹੁੰਦੇ ਹਨ। ਇਹ ਕਵਿਤਾਵਾਂ, ਕਹਾਣੀਆਂ ਅਤੇ ਨਿਬੰਧ ਆਦਿ ਵੀ ਛਾਪਦੇ ਹਨ। ਇੰਗਲੈਂਡ ਵਿੱਚ ਰਹਿੰਦਾ ਨਾਵਲਕਾਰ ਹਰਜੀਤ ਅਟਵਾਲ ‘ਸ਼ਬਦ’ ਨਾਮ ਦਾ ਇੱਕ ਨਿਰੋਲ ਸਾਹਿਤਕ ਪਰਚਾ ਕੱਢਦਾ ਹੈ ਜਿਸ ਦਾ ਦਫ਼ਤਰ ਜਲੰਧਰ ਸ਼ਹਿਰ ਵਿੱਚ ਹੈ ਅਤੇ ਜਿਸ ਦਾ ਸੰਪਾਦਕ ਕਹਾਣੀਕਾਰ ਜਿੰਦਰ ਹੈ। ਇੱਕ ਸਾਹਿਤਕ ਪਰਚਾ ‘ਪ੍ਰਵਚਨ’ ਸੰਤੋਖ ਧਾਲੀਵਾਲ ਵੀ ਕੱਢਦਾ ਹੈ ਜਿਸ ਦਾ ਦਫ਼ਤਰ ਵੀ ਜਲੰਧਰ ਸ਼ਹਿਰ ਵਿੱਚ ਹੀ ਹੈ ਜਿਸ ਦਾ ਸੰਪਾਦਕ ਰਜਨੀਸ਼ ਬਹਾਦਰ ਹੈ। ਹੋਰ ਕਿਸੇ ਨਿਰੋਲ ਸਾਹਿਤਕ ਪਰਚੇ ਬਾਰੇ ਮੈਂਨੂੰ ਕੋਈ ਬਹੁਤਾ ਗਿਆਨ ਨਹੀਂ

? ਪੰਜਾਬੀ ਪੱਤਰਕਾਰੀ ’ਤੇ ਬਹੁਤ ਸਾਰੇ ਲੋਕਾਂ ਦਾ ਗਿਲ਼ਾ ਹੈ ਕਿ ਅੱਜ ਕੱਲ੍ਹ ਪੇਡ ਨਿਊਜ਼, ਰਿਸ਼ਵਤਖੋਰੀ, ਤੇ ਪ੍ਰਾਪੋਗੰਡਾ ਦੇ ਜ਼ੋਰ ਨਾਲ ਕੁਝ ਲੋਕ ਇਸ ਨੂੰ ਬਦਨਾਮ ਕਰ ਰਹੇ ਹਨ। ਤੁਹਾਡਾ ਬਰਤਾਨਵੀ ਪੰਜਾਬੀ ਪੱਤਰਕਾਰੀ ਬਾਰੇ ਕੀ ਅਨੁਭਵ ਹੈ?

: ਜਿਹੜੀਆਂ ਗੱਲਾਂ ਮੈਨੂੰ, ਤੁਸੀਂ ਦੱਸ ਰਹੇ ਹੋ ਇਹ ਮੈਂ ਪਹਿਲਾਂ ਵੀ ਕਈ ਵਾਰ ਸੁਣੀਆਂ ਹਨ। ਬਰਤਾਨਵੀ ਪੱਤਰਕਾਰੀ ਨਾਲ ਮੇਰਾ ਸਿਰਫ਼ ਇੰਨਾ ਵਾਹ-ਵਾਸਤਾ ਹੈ ਕਿ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਦਾ ਸੇਵਾਦਾਰ ਹੋਣ ਦੇ ਨਾਤੇ ਕਦੀ ਕਦੀ ਕਿਸੇ ਸਾਹਿਤਕ ਪ੍ਰੋਗਰਾਮ ਦੀ ਖ਼ਬਰ ਜਾਂ ਰੀਪੋਰਟ ਉਪਰੋਕਤ ਦੱਸੇ ਸਪਤਾਹਕ ਅਖ਼ਬਾਰਾਂ ਨੂੰ ਛਾਪਣ ਵਾਸਤੇ ਭੇਜ ਦਿੰਦਾ ਹਾਂ। ਆਮ ਤੌਰ ’ਤੇ ਛਾਪ ਦਿੰਦੇ ਹਨ। ਕਦੀ ਕਦੀ ਦੇਸ ਪ੍ਰਦੇਸ ਨਹੀਂ ਵੀ ਛਾਪਦਾ ਸ਼ਾਇਦ ਕੋਈ ਮਜਬੂਰੀ ਹੋ ਜਾਂਦੀ ਹੋਵੇ। ਦੇਸ ਪ੍ਰਦੇਸ ਨੂੰ ਲੱਗਭਗ 45 (ਪੰਜਤਾਲੀ) ਸਾਲ ਛਾਪਣ ਲਈ ਕੋਈ ਲਿਖਤ ਨਹੀਂ ਭੇਜੀ। ਹੁਣ ਇੱਕ ਦੋਸਤ ਦੇ ਕਹਿਣ ’ਤੇ ਕਦੀ ਕਦੀ ਭੇਜ ਦਿੰਦਾ ਹਾਂ। ਆਮ ਤੌਰ ’ਤੇ ਛਪ ਜਾਂਦੀ ਹੈ। ਜੇ ਕਿਸੇ ਹੋਰ ਅਖ਼ਬਾਰ ਨੂੰ ਕੋਈ ਲਿਖਤ ਭੇਜਾਂ, ਸਾਰੇ ਹੀ ਧੰਨਵਾਦ ਸਹਿਤ ਛਾਪ ਦਿੰਦੇ ਹਨ। ਇਨ੍ਹਾਂ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਕਦੀ ਨਹੀਂ ਮਿਲਿਆ ਨਾ ਹੀ ਅੱਜ ਤੱਕ ਕਿਸੇ ਦਾ ਦਫ਼ਤਰ ਵੇਖਿਆ ਹੈ। ਜੇ ਕਿਸੇ ਸਾਹਿਤਕ ਸਮਾਗਮ ਵਿੱਚ ਕੋਈ ਸੰਪਾਦਕ ਮਿਲ ਪਏ, ਕਦੀ ਉਚੇਚਾ ਜਾ ਕੇ ਨਹੀਂ ਬੁਲਾਇਆ। ਅਗਲਾ ਬੁਲਾਵੇ ਤਾਂ ਨਿਮਰਤਾ ਸਹਿਤ ਮਿਲ ਵੀ ਪਈਦਾ ਹੈ। ਮੇਰਾ, ਬੱਸ ਇੰਗਲੈਂਡ ਦੀ ਪੱਤਰਕਾਰੀ ਨਾਲ ਵਾਹ ਪੈਣ ਦਾ ਇੰਨਾ ਕੁ ਹੀ ਤਜਰਬਾ ਹੈ।

? ਨਾਲ ਹੀ ਪੰਜਾਬ ਦੀਆਂ ਪੰਜਾਬੀ ਦੀਆਂ ਅਖ਼ਬਾਰਾਂ ਨੂੰ ਸਾਹਿਤਕ ਰਿਪੋਰਟਾਂ ਭੇਜਣ ਦਾ ਕੋਈ ਤਜਰਬਾ ਹੈ? ਜੇਕਰ ਹੈ ਤਾਂ ਸੰਖੇਪ ਸ਼ਬਦਾਂ ਵਿੱਚ ਇਸ ਤਜ਼ਬਰੇ ਵੀ ਦੱਸਦੇ ਜਾਓ?

: ਢਾਅ ਜੀ, ਉਹ ਤਜਰਬਾ ਹੈ ਹੀ ਬਹੁਤ ਸੰਖੇਪ। ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਦੀਆਂ ਖ਼ਬਰਾਂ ਪੰਜਾਬ ਵਿੱਚ ਵਿਚਲੀਆਂ ਚਾਰ ਅਖ਼ਬਾਰਾਂ ਨੂੰ ਈਮੇਲ ਰਾਹੀਂ ਭੇਜਦਾ ਹਾਂ। ਅਜੀਤ ਵਿੱਚ ਛਪਵਾਉਣ ਲਈ ਉਨ੍ਹਾਂ ਦੇ ਪ੍ਰਤਿਨਿਧ ਮਨਪ੍ਰੀਤ ਬਧਨੀ ਕਲਾਂ ਰਾਹੀਂ ਭੇਜਣੀ ਹੁੰਦੀ ਹੈ। ਉਹ ਆਮ ਤੌਰ ’ਤੇ ਸਹਿਯੋਗ ਦਿੰਦਾ ਹੈ ਪ੍ਰੰਤੂ ਕਈ ਵਾਰ ਫਾਰਵਡ ਨਹੀਂ ਵੀ ਕਰਦਾ। ਉਸਦੀਆਂ ਆਪਣੀਆਂ ਪ੍ਰਾਥਮਿਕਤਾਵਾਂ ਹਨ। ਨਵਾਂ ਜ਼ਮਾਨਾ ਅਸਾਡੀ ਖ਼ਬਰ ਬਹੁਤ ਘੱਟ ਛਾਪਦਾ ਹੈ। ਕਦੇ-ਕਦਾਈਂ ਬੁਰੀ ਤਰ੍ਹਾਂ ਕੱਟ-ਵੱਢ ਕੇ ਛਾਪ ਵੀ ਦਿੰਦਾ ਹੈ ਉਸਦੀ ਫੌਰੀ ਲੋੜ ਮਾਇਆ ਹੈ, ਮਾਰਕਸਵਾਦ ਨਹੀਂ। ਜਗ ਬਾਣੀ ਨੇ ਕਦੀ ਵੀ ਅਸਾਡੀ ਕੋਈ ਖ਼ਬਰ ਨਹੀਂ ਛਾਪੀ। ਉਨ੍ਹਾਂ ’ਤੇ ਸ਼ਿਕਵਾ ਵੀ ਕਿਉਂ? ਪੰਜਾਬੀ ਟ੍ਰਿਬਿਊਨ ਕਦੇ ਕਦਾਈਂ ਛਾਪ ਦਿੰਦਾ ਹੈ। ਉਨ੍ਹਾਂ ਦੇ ਕਿਸੇ ਕਰਮਚਾਰੀ ਨਾਲ ਸਿੱਧਾ ਰਾਬਤਾ ਵੀ ਨਹੀਂ ਹੈ। ਭਾਰਤ ਫੇਰੀ ਦੌਰਾਨ ਮੈਂ ਕਦੀ ਇਨ੍ਹਾਂ ਵਿੱਚੋਂ ਕਿਸੇ ਦੇ ਦਫ਼ਤਰ ਨਹੀਂ ਗਿਆ ਅਤੇ ਨਾ ਹੀ ਕਦੀ ਕਿਸੇ ਨੂੰ ਫ਼ੋਨ ਕੀਤਾ ਹੈ। ਬੜੀ ਦੇਰ ਦੀ ਗੱਲ ਹੈ, ਇੱਕ ਵਾਰ ਨਵਾਂ ਜ਼ਮਾਨਾ ਦੇ ਦਫ਼ਤਰ ਚੰਦਾ ਦੇਣ ਗਿਆ ਸੀਉਹ ਇੰਨੇ ਪਿਆਰ ਨਾਲ ਮਿਲੇ ਕਿ ਫਿਰ ਦੁਬਾਰਾ ਜਾਣ ਨੂੰ ਦਿਲ ਨਹੀਂ ਕੀਤਾ।

? ਗੁਰਨਾਮ ਜੀ, ਤੁਸੀਂ ਨਵੇਂ ਸ਼ਾਇਰਾਂ ਨੂੰ ਜਿਹੜੇ ਕਵਿਤਾ ਲਿਖਣੀ ਚਾਹੁੰਦੇ ਹਨ, ਨੂੰ ਵਧੀਆ ਸ਼ਾਇਰੀ ਲਿਖਣ ਦਾ ਕੋਈ ਰਾਜ਼ ਦੱਸਣਾ ਚਾਹੋਗੇ?

: (ਹੱਸਦੇ ਹੋਏ) ਮੈਂ ਅਜੇ ਕਿਹੜਾ ਪੁਰਾਣਾ ਹੋ ਗਿਆਂ! ਰਾਜ਼ ਸੁਣੋ !! ਸੱਚ ਲਿਖੋ, ਬਹੁਤਾ ਪੜ੍ਹੋ (ਮਿਹਨਤ ਕਰੋ), ਘੱਟ ਲਿਖੋ, ਦਿਮਾਗ ਦੀ ਸੁਣੋ, ਦਿਲ ਦੀ ਕਰੋ। ਇਸ਼ਤਿਹਾਰਬਾਜ਼ੀ ਤੋਂ ਬਚੋ।

? ਤੁਹਾਡੇ ਸੁਭਾਅ ਦਾ ਸੱਚ ਕੀ ਹੈ? ਤੁਹਾਡੇ, ਬਹੁਤ ਸਾਰੇ ਮਿੱਤਰਾਂ ਦਾ ਕਹਿਣਾ ਹੈ ਕਿ ਤੁਹਾਡਾ ਸੁਭਾਅ ਤਰਕਸ਼ੀਲ ਅਤੇ ਇਨਸਾਫ਼ ਪਸੰਦੀਦਾ ਹੈ। ਕੁਝ ਲੋਕ ਇਸ ਗੱਲ ਨੂੰ ਕੌੜੀ ਮੰਨਦੇ ਹੋਂਣਗੇ ਕਿਉਂਕਿ ਤੁਸੀਂ ਛੇਤੀ ਕੀਤੇ ਉਨ੍ਹਾਂ ਦੀ ਹਾਂ ਵਿੱਚ ਹਾਂ ਨਹੀਂ ਮਿਲਾਉਂਦੇ?

: ਸਤਨਾਮ ਜੀ, ਆਪਣੇ ਸੁਭਾਅ ਬਾਰੇ ਆਪ ਕੁਝ ਕਹਿਣਾ ਹੁੰਦਾ ਤਾਂ ਮੁਸ਼ਕਲ ਹੈ ਪਰ ਮੈਂ ਆਪਣੇ ਸਭਾਅ ਬਾਰੇ ਇੰਨਾ ਕੁ ਕਹਿ ਸਕਦਾ ਹਾਂ: ਦਿਲ ਦਾ ਸਾਫ਼, ਕਾਹਲ਼ਾ, ਮੂੰਹ ਫੱਟ, ਜੋਸ਼ੀਲਾ, ਭਾਵਿਕ, ਸਿਧਾਂਤਪ੍ਰਸਤ, ‘ਸਾਥੀਆਂ’ ਦੀ ਸਖ਼ਤ ਨੁਕਤਾਚੀਨੀ ਕਰਨੀ ਅਤੇ ਸਹਿਣੀ। ਉਮਰ ਹੰਢਾਉਣ ਅਤੇ ਜੀਵਨ ਦੇ ਤਜੱਰਬੇ ਨਾਲ ਮੇਰੇ ਸੁਭਾਅ ਵਿੱਚ ਤਬਦੀਲੀ ਵੀ ਆ ਗਈ ਹੈ। ਬਾਕੀ ਹੋਰ ਮੇਰੇ ਸਭਾਅ ਬਾਰੇ ਤਾਂ ਮੇਰੇ ਆਲੇ ਦੁਆਲੇ ਦੇ ਲੋਕ ਹੀ ਦੱਸ ਸਕਦੇ ਹਨ।

? ਤੁਸੀਂ ਬੜੇ ਲੰਮੇ ਸਮੇਂ ਤੋਂ ਇੰਗਲੈਂਡ ਵਿੱਚ ਰਹਿ ਕੇ ਵੀ ਆਪਣੇ ਦੇਸ਼ ਦੀ ਮਿੱਟੀ ਨਾਲ ਜੁੜ ਕੇ ਇਹਦੇ ਦੁੱਖਾਂ ਦਰਦਾਂ ਨੂੰ ਆਪਣੀ ਲੇਖਣੀ ਦਾ ਹਿੱਸਾ ਬਣਾਇਆ। ਕਦੇ ਲੇਖਾ ਜੋਖ਼ਾ ਕਰਨ ਦਾ ਯਤਨ ਕੀਤਾ ਕਿ ਇੰਗਲੈਂਡ ਵਿੱਚ ਆ ਕੇ ਕੀ ਖੱਟਿਆ ਕੀ ਗੁਆਇਆ?

: ਆਵਾਸ/ਪਰਵਾਸ ਆਦਿ ਕਾਲ ਤੋਂ ਮਨੁੱਖ ਦੀ ਹੋਂਣੀ ਰਿਹਾ ਹੈ। ਹਰ ਦੌਰ ਵਿੱਚ ਇਸਦਾ ਰੂਪ ਬਦਲਦਾ ਰਿਹਾ ਹੈ। ਮੈਂ ਤਿੰਨ ਪੌਂਡ ਨਕਦ, ਕੁਝ ਪਹਿਨਣ ਵਾਲੇ ਕੱਪੜੇ ਅਤੇ ਇੱਕ ਬਿਸਤਰ੍ਹਾਂ ਲੈ ਕੇ ਇੰਗਲੈਂਡ ਦੇ ਹੀਥਰੋ ਹਵਾਈ ਅੱਡੇ ’ਤੇ ਉੱਤਰਿਆ ਸੀ। ਇੱਥੇ ਆ ਕੇ ਖੂਬ ਇਮਾਨਦਾਰੀ ਨਾਲ ਮਿਹਨਤ ਕੀਤੀ। ਸਭ ਕੁਝ ਬਣਾਇਆ। ਕਿਸੇ ਚੀਜ਼ ਦਾ ਘਾਟਾ ਨਹੀਂ ਰਿਹਾ। ਪੜ੍ਹਾਈ ਕੀਤੀ। ਨਿੱਠ ਕੇ ਮਾਰਕਸਵਾਦ ਪੜ੍ਹਿਆ। ਅਕਲ ਵਿੱਚ ਵਾਧਾ ਹੋਇਆ। ਸਾਰੀ ਉਮਰ ਕਾਮਾ ਜਮਾਤ ਦੇ ਘੋਲ ਦਾ ਸਾਥ ਨਿਭਾਇਆ। ਸ਼ਾਇਰੀ ਕੀਤੀ। ਬੱਚੇ ਪੜ੍ਹਾਏ। ਸਾਰੀ ਉਮਰ ਭਰਪੂਰ ਜ਼ਿੰਦਗੀ ਜੀਵੀ ਹੈ, ਹੁਣ ਵੀ ਭਰਪੂਰ ਜ਼ਿੰਦਗੀ ਜੀਅ ਰਿਹਾ ਹਾਂ। ਇਹ ਸਭ ਕੁਝ ਮੈਂ ਖੱਟਿਆ ਹੀ ਹੈ। ਮੇਰਾ ਸਿਧਾਂਤ ਕਹਿੰਦਾ ਹੈ: ਮਜ਼ਦੂਰ ਦਾ ਕੋਈ ਦੇਸ਼ ਨਹੀਂ ਹੁੰਦਾ। ਇੱਥੇ ਆ ਕੇ ਵੀ ਮੈਂ ਕੰਮਾਂ ਕਾਰਾਂ ਦੇ ਨਾਲ ਨਾਲ ਭਾਰਤ /ਪੰਜਾਬ ਦੇ ਉਨ੍ਹਾਂ ਲੋਕਾਂ ਦੇ ਦੁੱਖਾਂ-ਦਰਦਾਂ ਨਾਲ ਜੁੜਿਆ ਰਿਹਾ। ਉੱਥੇ, ਉਨ੍ਹਾਂ ਮਿੱਤਰਾਂ ਨੂੰ ਮਿਲਣ ਵੀ ਜਾਂਦਾ ਰਿਹਾ, ਜਿਨ੍ਹਾਂ ਨਾਲ ਮੈਂ ਆਪਣਾ ਬਚਪਨ ਬਿਤਾਇਆ ਸੀ। ਉਨ੍ਹਾਂ ਸੁਆਣੀਆਂ ਨੂੰ ਮਿਲਣ ਜਾਂਦਾ ਰਿਹਾ ਜਿਨ੍ਹਾਂ ਮੈਂਨੂੰ ਆਪਣਾ ਪੁੱਤ ਬਣਾਇਆ ਸੀ। ਜਿਨ੍ਹਾਂ ਵਿੱਚ ਮੈਂ ਪਰਵਰਿਸ਼ ਪਾਈ ਸੀ। ਜਿਨ੍ਹਾਂ ਵਿੱਚ ਰਹਿ ਕੇ ਮੈਂ ਪੜ੍ਹਾਈ ਕੀਤੀ ਸੀ। ਜਿਨ੍ਹਾਂ ਵਿੱਚ ਰਹਿ ਕੇ ਵੱਡਾ ਹੋਇਆ ਸੀ। ਮੈਂ, ਉਨ੍ਹਾਂ ਨੂੰ ਵਿਸਾਰਿਆ ਨਹੀਂ। ਆਪਣੀ ਸ਼ਾਇਰੀ ਵਿੱਚ ਵੀ ਮੈਂ, ਉਨ੍ਹਾਂ ਦੇ ਦੁੱਖਾਂ-ਦਰਦਾਂ ਦੀ ਬਾਤ ਪਾਈ ਹੈ। ਜ਼ਿੰਦਗੀ ਦੇ ਇਸ ਪੱਖ ਨੂੰ ਵੀ ਮੈਂ ਉਸਾਰੂ ਹੀ ਸਮਝਦਾ ਹਾਂ। ਗ਼ਦਰੀ ਬਾਬਿਆਂ ਦੀ ਉਦਾਹਰਣ ਸਾਡੇ ਸਾਰਿਆਂ ਦੇ ਸਾਹਮਣੇ ਹੈ।

? ਗੁਰਨਾਮ ਜੀ, ਅੱਜ ਵੀ ਪੰਜਾਬ ਖਾਲੀ ਹੋ ਰਿਹਾ ਹੈ। ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰੀ ਤੋਂ ਤੰਗ ਆ ਕੇ ਪਰਵਾਸ ਕਰਨ ਲਈ ਤਿਆਰ ਬੈਠੇ ਹਨ। ਪੈਸੇ ਦੇ ਨਾਲ ਨਾਲ ਬਹੁਤ ਸਾਰੇ ਤਾਂ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ। ਤੁਸੀਂ ਪੰਜਾਬ ਦੀ ਇਸ ਜੁਆਨੀ ਨੂੰ ਆਪਣੇ ਅਨੁਭਵ ਤੋਂ ਕੀ ਕਹਿਣਾ ਚਾਹੁੰਦੇ ਹੋ?

: ਮੇਰੀ ਤਾਂ ਇਹ ਹੀ ਬੇਨਤੀ ਹੈ ਕਿ ਗੈਰ-ਕਾਨੂੰਨੀ ਢੰਗ ਨਾਲ ਕਿਸੇ ਦੇਸ਼ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਨਾ ਕਰੋ। ਯੋਗਤਾ ਪੈਦਾ ਕਰੋ। ਆਪਣੇ ਦੇਸ਼ ਦੇ ਸਿਸਟਮ ਨੂੰ ਬਦਲਣ ਲਈ ਕ੍ਰਾਂਤੀਕਾਰੀ ਜਥੇਬੰਦੀਆਂ ਵਿੱਚ ਡਟ ਕੇ ਕੰਮ ਕਰੋ ਜਿਹੜਾ ਤੁਹਾਨੂੰ ਅਜਿਹੇ ਖ਼ਤਰਨਾਕ ਕਦਮ ਚੁੱਕਣ ਲਈ ਮਜਬੂਰ ਕਰ ਰਿਹਾ ਹੈ। ਜ਼ਿੰਦਗੀ ਦਾ ਇਹ ਮਨੋਰਥ ਤੁਹਾਨੂੰ ਅਜਾਈਂ ਮੌਤੇ ਮਰਨ ਦੀ ਥਾਂ ਅਮਰਤਾ ਬਖਸ਼ੇਗਾ

? ਆਪਣੇ ਨਿੱਜ਼ੀ ਪਰਿਵਾਰਕ ਮੈਂਬਰਾਂ (ਬੱਚੇ, ਸੁਪਤਨੀ) ਵੱਲੋਂ ਤੁਹਾਡੇ ਸਾਹਿਤ ’ਤੇ ਲੋਕ-ਹਿੱਤੂ ਕੰਮ ਕਰਨ ਵਿੱਚ ਸਹਿਯੋਗ ਤਾਂ ਜ਼ਰੂਰ ਮਿਲਿਆ ਹੋਵੇਗਾ। ਕਿਉਂਕਿ ਜੇਕਰ ਪਰਿਵਾਰਕ ਮੈਂਬਰਾਂ ਦਾ ਉਤਸ਼ਾਹ ਨਾ ਹੋਵੇ ਤਾਂ ਲੋਕ-ਹਿਤੂ ਅਤੇ ਸਿਰਜਣਾਤਮਿਕ ਕੰਮ ਕਰਨੇ ਸੌਖੇ ਨਹੀਂ। ਪਰਿਵਾਰਕ ਸਹਿਯੋਗ ਬਾਰੇ ਕੀ ਕਹਿਣਾ ਚਾਹੋਗੇ?

: ਢਾਅ ਜੀ, 1968 ਵਿੱਚ ਭਾਰਤ ਵਾਪਸ ਜਾ ਕੇ ਬੜੇ ਸਾਦੇ ਢੰਗ ਨਾਲ ਮੈਂ ਸ਼ਾਦੀ ਕਰਵਾਈ। ਮੇਰੇ ਪਰਿਵਾਰ ਵਿੱਚ ਤਿੰਨ ਲੜਕੀਆਂ ਅਤੇ ਛੋਟਾ ਇੱਕ ਲੜਕਾ ਹੈ। ਤਿੰਨੇ ਬੱਚੀਆਂ ਆਪਣੇ ਆਪਣੇ ਖੇਤਰ ਵਿੱਚ ਵਿਸ਼ੇਸ਼ਗ ਹਨ। ਸ਼ਾਦੀ ਸ਼ੁਦਾ ਹਨ। ਆਪਣੇ ਘਰ ਸੁਖੀ ਵਸਦੀਆਂ ਹਨਲੜਕਾ ਸਪੋਰਸਮੈਨ ਹੈ ਅਤੇ ਆਈ. ਟੀ. ਵਿੱਚ ਇੰਜਨੀਅਰ ਹੈ। ਅਸਾਡੇ ਨਾਲ ਰਹਿੰਦਾ ਹੈ। ਸੁਪੱਤਨੀ ਵਰਿੰਦਰ ਕੌਰ, ਸਾਹਿਤ ਦੀ ਸਮਝ ਰੱਖਦੇ ਹਨ। ਮੇਰੀ ਨਿੱਜੀ ਲਾਇਬਰੇਰੀ ਦੇ ਸਾਰੇ ਹੀ ਨਾਵਲ ਉਨ੍ਹਾਂ ਪੜ੍ਹੇ ਹਨ। ਹਿੰਦੀ ਭਾਸ਼ਾ ਦੇ ਵੀ ਕੁਝ ਨਾਵਲ ਪੜ੍ਹੇ ਹਨ। ਲੇਡੀ ਇਰਵਿਨ ਸਕੂਲ ਸ਼ਿਮਲਾ ਵਿੱਚ ਮੁੱਢਲੀ ਪੜ੍ਹਾਈ ਕੀਤੀ ਹੈ। ਧਾਰਮਿਕ ਮਾਹੌਲ ਵਿੱਚ ਪਲ਼ੇ ਹਨ। ਹੁਣ ਵੀ ਧਾਰਮਿਕ ਰਸਮ-ਰਿਵਾਜ਼ ਕਰਦੇ ਅਤੇ ਗੁਰਬਾਣੀ ਪੜ੍ਹਦੇ ਹਨ। ਮੈਂ ਆਪਣੇ ਖ਼ਿਆਲ ਉਨ੍ਹਾਂ ਉੱਤੇ ਨਹੀਂ ਠੋਸਦਾ। ਗਰੈਜੂਏਟ ਹਨ। ਜੇ ਕਿਸੇ ਕਵਿਤਾ ਬਾਰੇ ਤਸੱਲੀ ਨਾ ਹੋਵੇ, ਰਾਏ ਪੁੱਛ ਲੈਂਦਾ ਹਾਂ। ਘਰ ਦੀ ਸਾਰੀ ਸੰਭਾਲ ਉਹ ਹੀ ਕਰਦੇ ਹਨ। ਘਰ ਦਾ ਕੰਮ ਅਸੀਂ ਵੰਡਿਆ ਹੋਇਆ ਹੈ। ਮੈਂ, ਉਨ੍ਹਾਂ ਦੇ ਕੰਮਾਂ ਵਿੱਚ ਦਖ਼ਲ ਨਹੀਂ ਦਿੰਦਾ। ਉਹ ਮੇਰੇ ਕੰਮਾਂ ਵਿੱਚ ਦਖ਼ਲ ਨਹੀਂ ਦਿੰਦੇ।

ਹੋਰ ਵੀ ਜਿਹੜਾ ਕੋਈ ਕੰਮ ਮੈਂਨੂੰ ਕਹਿਣ ਉਹ ਮੈਂ ਕਰ ਦਿੰਦਾ ਹਾਂ। ਮੇਰੇ ਖਾਣ/ਪੀਣ ਦਾ ਬਹੁਤ ਖ਼ਿਆਲ ਰੱਖਦੇ ਹਨ। ਮੇਰੇ ਲਿਖਣ-ਪੜ੍ਹਨ ਦੇ ਕੰਮ ਵਿੱਚ ਪੂਰਾ ਸਹਿਯੋਗ ਦਿੰਦੇ ਹਨ। ਸਾਹਿਤਕ ਕਾਨਫ਼ਰੰਸਾਂ ਕਰਨ/ਕਰਵਾਉਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਮੇਰੇ ਦੋਸਤਾਂ ਦੀ ਇਜ਼ਤ ਕਰਦੇ ਹਨ। ਸੱਚੀ ਗੱਲ ਇਹ ਹੈ ਕਿ ਮੇਰਾ ਕੋਈ ਵੀ ਬੱਚਾ ਮੇਰੀ ਕਵਿਤਾ ਪੜ੍ਹ/ਸਮਝ ਨਹੀਂ ਸਕਦਾ। ਮੇਰੇ ਕਹਿਣ ’ਤੇ ਨੇੜੇ ਬੈਠ ਕੇ ਸੁਣ ਵੀ ਲੈਂਦੇ ਹਨ ਪ੍ਰੰਤੂ ਸਮਝ ਉਨ੍ਹਾਂ ਨੂੰ ਕੁਝ ਨਹੀਂ ਆਉਂਦਾ। ਜਦੋਂ ਮੈਂ ਬੋਲਣਾ ਬੰਦ ਕਰਾਂ, ਇੱਕ ਦਮ ਪੁੱਛ ਕੇ, ਉੱਠ ਕੇ ਚਲੇ ਜਾਂਦੇ ਹਨ। ਆਪਿਸ ਵਿੱਚ ਗੱਲਾਂ ਅੰਗਰੇਜ਼ੀ ਵਿੱਚ ਕਰਦੇ ਹਨ। ਲੜਕਾ ਨਵਰੂਪ ਪਹਿਲਾਂ ਪਹਿਲਾਂ ਸਾਹਿਤਕ ਸਮਾਗਮਾਂ ਦਾ ਇੰਤਜ਼ਾਮ ਕਰਨ ਵਿੱਚ ਸਹਾਇਤਾ ਕਰਵਾ ਦਿੰਦਾ ਸੀ, ਹੁਣ ਨਾਂਹ ਕਰ ਗਿਆ ਹੈ। ਸਤਨਾਮ ਜੀ, ਤੁਸੀਂ ਬੜੇ ਸ਼ਾਤਰ ਹੋ। ਮੇਰੇ ਮੂੰਹੋਂ ਸਭ ਕੁਝ ਕੱਢਵਾ ਹੀ ਲਿਆ।

? ਗੁਰਨਾਮ ਜੀ, ਜਦੋਂ ਪੜ੍ਹਨ ਲਿਖਣ ਤੋਂ ਵਿਹਲ ਹੋਵੇ ਤਾਂ ਕੀ ਕੋਈ ਹੋਰ ਸ਼ੌਕ? ਕੋਈ ਹੋਰ ਰੁਝੇਵਾਂ? ਵਿਹਲਾ ਸਮਾਂ ਕਿਸ ਤਰ੍ਹਾਂ ਬਤੀਤ ਕਰਦੇ ਹੋ?

: ਭਾਰਤੀ ਸ਼ਾਸ਼ਤਰੀ ਸੰਗੀਤ ਸੁਣਨ ਦਾ ਸ਼ੌਕ ਹੈ। ਗ਼ਜ਼ਲਾਂ ਸੁਣਨ ਦਾ ਸ਼ੌਕ ਹੈ। ਰਾਗਾਂ ਵਿੱਚ ਕਦੀ ਕਦੀ ਬਾਬੇ ਨਾਨਕ ਜੀ ਦੀ ਬਾਣੀ ਦਾ ਕੀਰਤਨ ਵੀ ਸੁਣਦਾ ਹਾਂ। ਟੈਲੀਵਿਯਨ ਉੱਪਰ ਆਉਂਦੇ ਫੁਟਬਾਲ ਅਤੇ ਹਾਕੀ ਦੇ ਮੈਚ, ਲੜਕੇ ਨਵਰੂਪ ਨਾਲ ਬੈਠ ਕੇ ਵੇਖਦਾ ਹਾਂ। ਟੈਲੀਵਿਜਯਨ ਉੱਪਰ ਹੁੰਦੀਆਂ ਸਿਆਸੀ ਬਹਿਸਾਂ ਵੀ ਸੁਣ ਲੈਂਦਾ ਹਾਂ। ਦੋਸਤਾਂ ਨੂੰ ਫ਼ੋਨ ਕਰਨ ਅਤੇ ਉਨ੍ਹਾਂ ਦੇ ਸੁਣਨ ਵਿੱਚ ਵੀ ਵਕਤ ਲੰਘ ਜਾਂਦਾ ਹੈ।

? ਜ਼ਿੰਦਗੀ ਵਿੱਚ ਹੁਣ ਤੱਕ ਦੇ ਕੀਤੇ ਸਾਹਿਤਕ ਕੰਮਾਂ, ਜਥੇਬੰਦੀਆਂ ਰਾਹੀਂ ਲੋਕ ਹਿੱਤਾਂ ਲਈ ਕੀਤੇ ਕੰਮਾਂ ਕਾਰਾਂ ਨਾਲ ਕਿੰਨੇ ਕੁ ਸੰਤੁਸ਼ਟ ਹੋ?

: ਕੀਤੇ ਕੰਮਾਂ ਦਾ ਕੋਈ ਦਾਅਵਾ ਨਹੀਂ। ਫ਼ਰਜ਼ ਪੂਰਾ ਕੀਤਾ ਹੈ। ਭਵਿੱਖ ਵਿੱਚ ਵੀ ਫ਼ਰਜ਼ ਪੂਰਾ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ। ਬਾਕੀ ਇਹ ਤਾਂ ਮੈਂ ਦੱਸ ਹੀ ਚੁੱਕਾ ਹਾਂ ਕਿ ਸ਼ਾਹਕਾਰ ਰਚਨਾ ਅਜੇ ਮੈਂ ਕਰਨੀ ਹੈ।

? ਗੁਰਨਾਮ ਜੀ, ਕੀ ਕੋਈ ਪੁਰਸਕਾਰ ਜਾਂ ਮਾਣ/ਸਨਮਾਨ ਪ੍ਰਾਪਤ ਹੋਇਆ ਹੈ?

: ਮਾਣ/ਸਨਮਾਨ ਕਰਨ/ਕਰਵਾਉਣ ਵਿੱਚ ਮੇਰਾ ਵਿਸ਼ਵਾਸ ਨਹੀਂ। ਪੁਰਸਕਾਰ ਦੇਣ ਲਈ ਇੰਗਲੈਂਡ ਦੀ ਇੱਕ ਲੇਖਕ ਸਭਾ ਕੇ ਰਾਬਤਾ ਕੀਤਾ ਸੀ। ‘ਮੈਂ ਇਸਦੇ ਯੋਗ ਨਹੀਂ’ ਕਹਿ ਕੇ ਖ਼ਿਮਾ ਮੰਗ ਲਈ ਸੀ। ਬਾਕੀ ਜਦ ਕਦੇ ਕੋਈ ਪਾਠਕ ਕਵਿਤਾ ਪੜ੍ਹ ਕੇ ਫ਼ੋਨ ਕਰਦਾ ਹੈ, ਮੈਂ ਸਮਝਦਾ ਉਹਦੇ ਨਾਲ ਦਾ ਮਾਣ-ਸਨਮਾਣ ਕੋਈ ਨਹੀਂ।

? ਤਮੰਨਾ ਜੋ ਤੁਸੀਂ ਪੂਰੀ ਕਰਨੀ ਲੋਚਦੇ ਹੋਵੋ?

: ਬੱਸ, ਆਖ਼ਰੀ ਸਾਹ ਤੱਕ ਲੋਕ-ਹਿੱਤਾਂ ਲਈ ਸੰਘਰਸ਼ ਜਾਰੀ ਰਹੇ

? ਗੁਰਨਾਮ ਜੀ, ਕੋਈ ਉਹ ਗੱਲ ਦੱਸੋ ਜੋ ਮੈਂ, ਤੁਹਾਨੂੰ ਪੁੱਛ ਨਾ ਸਕਿਆ ਹੋਵਾਂ ਤੇ ਤੁਸੀਂ ਸਮਝਦੇ ਹੋ ਕਿ ਇਹ ਵੀ ਪਾਠਕਾਂ ਦੇ ਧਿਆਨ ਗੋਚਰੇ ਲਿਆਉਣ ਵਾਲੀ ਹੋਵੇ ਅਤੇ ਤੁਸੀਂ ਦੱਸਣੀ ਚਾਹੁੰਦੇ ਹੋਵੋਂ?

: ਸਤਨਾਮ ਜੀ, ਆਪ ਜੀ ਨੇ ਕਾਫ਼ੀ ਕੁਝ ਪੁੱਛ ਲਿਆ ਹੈ। ਦਾਸ ਨੇ ਆਪਣੇ ਵਿਵਹਾਰ ਅਤੇ ਵਿਅਕਤਿਤਵ ਦੀ ਸਚਾਈ ਬਾਰੇ ਆਪਣੀਆਂ ਗ਼ਜ਼ਲਾਂ ਅਤੇ ਨਜ਼ਮਾਂ ਵਿੱਚ ਬਹੁਤ ਕੁਝ ਲਿਖਿਆ ਹੋਇਆ ਹੈ। ਲੱਭਣ ਵਾਲੇ, ਬਾਕੀ ਰਹਿ ਗਈ ਗੱਲ ਉਨ੍ਹਾਂ ਵਿੱਚੋਂ ਲੱਭ ਲੈਣਗੇ। ਤੁਸੀਂ, ਮੈਂਨੂੰ ਇਸ ਮੁਲਾਕਾਤ ਦੇ ਯੋਗ ਸਮਝਿਆ ਇਸ ਲਈ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ।

ਸਤਨਾਮ ਢਾਅ, ਗੁਰਨਾਮ ਜੀ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਇਸ ਮੁਲਾਕਾਤ ਲਈ ਸਮਾਂ ਕੱਢ ਕੇ ਬਹੁਤ ਹੀ ਸਾਹਿਜ ਧੀਰਜ ਨਾਲ ਗੁਫ਼ਤਗੂਹ ਕੀਤੀ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ।

***

About the Author

ਸਤਨਾਮ ਸਿੰਘ ਢਾਅ

ਸਤਨਾਮ ਸਿੰਘ ਢਾਅ

Calgary, Alberta, Canada.
Email: (satnam.dhah@gmail.com)

More articles from this author