BalkarBajwa7ਇੱਕ ਸ਼ੁੱਕਰਵਾਰ ਨੂੰ ਚੈੱਕਾਂ ਦੇ ਆਉਣ ਵਿੱਚ ਦੇਰੀ ਹੋ ਗਈ। ਛੁੱਟੀ ਦਾ ਵੀ ਸਮਾਂ ਹੋ ਚੁੱਕਿਆ ਹੋਇਆ ਸੀ ...
(12 ਜਨਵਰੀ 2017)

 

ਸਾਡੀ ਉਮਰ ਦੇ ਯਾਰ ਬੇਲੀ ਸਿਰਾਂ ’ਤੇ ਬਸਤੇ, ਫੱਟੀਆਂ ਰੱਖ ਸਕੂਲ ਜਾਂਦੇ ਹੁੰਦੇ ਸਨ। ਸਕੂਲ ਦੂਰ-ਦੂਰ ਹੁੰਦੇ। ਕਿਸੇ ਕਰਮਾਂ ਵਾਲੇ ਦੇ ਪਿੰਡ ਹੀ ਸਕੂਲ ਹੁੰਦਾ। ਸਕੂਲ ਜਾਂਦੇ-ਆਉਂਦੇ ਮੌਸਮੀ ਫਲਾਂ ਨੂੰ ਭਾਲਦੇ, ਤੋੜਦੇ, ਖਾਂਦੇ, ਖੇਡਦੇ ਤੁਰੇ ਜਾਂਦੇ। ਦੁਆਬਾ ਅੰਬੀਆਂ ਵਾਲਾ ਇਲਾਕਾ ਹੈ। ਮੁੰਡੇ ਖੱਟੀਆਂ-ਮਿੱਠੀਆਂ ਅੰਬੀਆਂ ਦਾ ਆਨੰਦ ਮਾਣਦੇ। ਏਦਾਂ ਹੌਲੀ-ਹੌਲੀ ਪੜ੍ਹਦੇ ਗਏ। ਇਨ੍ਹਾਂ ਵਿੱਚੋਂ ਕੋਈ ਫੌਜ ਵਿੱਚ ਚਲਾ ਗਿਆ, ਕੋਈ ਮਾਸਟਰ ਬਣ ਗਿਆ, ਕੋਈ ਪੁਲਿਸ ਵਿੱਚ, ਕੋਈ ... ਅਤੇ ਕਈ ਸਰਕਾਰੀ ਨੌਕਰੀਆਂ ਵਿੱਚ ਲੱਗ ਗਏ। ਸਮੇਂ ਦੇ ਫੇਰ ਨਾਲ ਨੱਬਵਿਆਂ ਵਿੱਚ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਬਹੁਤਾ ਹੀ ਵਧ ਗਿਆ। ਫਿਰ ਪਿੱਛੇ ਹੀ ਉਨ੍ਹਾਂ ਦੇ ਬਜ਼ੁਰਗ ਵੀ ਆਈ ਗਏ। ਅੱਕ ਕੱਕੜੀਆਂ ਦੇ ਫੰਬਿਆਂਵਾਂਗ ਉੱਡਿਆ ਕੋਈ ਪੱਛਮ ਵੱਲ, ਕੋਈ ਯੂਰੋਪ ਵੱਲ, ਕੋਈ ਅਸਟਰੇਲੀਆ ਪਹੁੰਚ ਗਿਆ। ਜਿਹੜੇ ਅਮਰੀਕਾ/ਕੈਨੇਡਾ ਆ ਡਿੱਗੇ ਉਨ੍ਹਾਂ ਦੀ ਸੰਗਤ ਦਾ ਮੌਕਾ ਬਹੁਤਾ ਮਿਲਿਆ ਹੈ। 1947 ਦੀ ਹਿੰਦ-ਪਾਕਿ ਵੰਡ ਵੇਲੇ ਮੈਂ ਛੇਵੀਂ ਵਿੱਚ ਪੜ੍ਹਦਾ ਸੀ। ਸਾਡੀ ਆਰਜ਼ੀ ਅਲਾਟਮੈਂਟ ਖੰਨਾ/ਅਮਲੋਹ ਨੇੜੇ ਪਿੰਡ ਸ਼ਾਹਪੁਰ ਵਿਖੇ ਹੋਈ ਸੀ। ਇੱਥੇ ਸੈਟਲ ਹੁੰਦੇ ਸਾਰ ਹੀ ਬਾਪੂ ਨੇ ਹੋਰ ਕੁਝ ਕਰਨ ਤੋਂ ਪਹਿਲਾਂ ਸਾਨੂੰ ਨੇੜੇ ਮਿਡਲ ਸਕੂਲ ਸਲਾਣੇ ਦਾਖਲ ਕਰਵਾ ਦਿੱਤਾ। ਸਕੂਲੋਂ ਮੁੜਦਿਆਂ ਅਸੀਂ ਪਹੇ ਤੋਂ ਥੋੜ੍ਹੇ ਹਟਵੇਂ ਖੇਤਾਂ ਦੁਆਲੇ ਬੇਰੀਆਂ ਤੋਂ ਬੇਰ ਝਾੜਦੇ, ਬਸਤੇ ਤੇ ਜੇਬਾਂ ਭਰ ਪਿੰਡ ਵੱਲ ਤੁਰੇ ਆਉਂਦੇ। ਬੇਰ ਖਾਂਦੇ, ਖੇਡਦੇ ਪਿੰਡ ਲੇਟ ਜਿਹੇ ਹੀ ਪਹੁੰਚਦੇ। ਬਚੇ ਹੋਏ ਬੇਰ ਵੇਖ ਘਰਦੇ ਪੁੱਛਦੇ ਤੁਸੀਂ ਪੜ੍ਹਨ ਗਏ ਸੀ ਜਾਂ ਬੇਰ ਝਾੜਨ? ਕੈਨੇਡਾ ਰਹਿੰਦਿਆਂ ਇੱਕ ਨਵਿਕਲੇ ਜਿਹੇ ਰੂਪ ਵਿੱਚ ਗਾਰਡੀਅਨ ਵੇਅਰ ਹਾਊਸ ਵਿੱਚ ਕੰਮ ਕਰਦਿਆਂ ਹਰ ਹਫਤੇ ਜਦੋਂ ਚੈੱਕ ਮਿਲਦਾ ਤਾਂ ਬੇਰ ਝਾੜ ਜੇਬਾਂ, ਬਸਤੇ ਭਰਨ ਦਾ ਸਮਾਂ ਚੇਤੇ ਆ ਜਾਂਦਾ। ਇੱਥੇ ਕੰਮ ਕਰਦੇ ਪੰਜਾਬੀ ਯਾਰਾਂ ਦੋਸਤਾਂ ਨਾਲ ਹੱਸਦਿਆਂ ਖੇਡਦਿਆਂ ਕੰਮ ਦਾ ਕੋਈ ਬੋਝ ਮਹਿਸੂਸ ਨਾ ਹੁੰਦਾ। ਮਾੜੇ ਮੋਟੇ ਵਿਹਲ ਵਿੱਚ ਜਾਂ ਬਰੇਕ ਵਿੱਚ ਖੂਬ ਖੁੰਡ ਚਰਚੇ ਛਿੜਦੇ ਤੇ ਰੌਣਕੀ ਮਹਿਫਲਾਂ ਸਜਦੀਆਂ।

ਇੱਥੇ ਕੰਮ ਕਰਦੇ 80% ਠੇਠ ਪੇਂਡੂ ਪੰਜਾਬੀ ਸਨ। ਇਨ੍ਹਾਂ ਵਿੱਚੋਂ ਬਹੁਤੇ ਬਾਬੇ ਸਨ। ਪਰ ਕੰਮ ਨੂੰ ਸਾਰੇ ਹੀ ਤਕੜੇ ਤੇ ਛੋਹਲੇ। ਕੰਮ ਦਾ ਕੋਈ ਬੋਝ ਮਹਿਸੂਸ ਨਾ ਕਰਦਾ। ਇਨ੍ਹਾਂ ਦੀ ਬੋਲ-ਬਾਣੀ ਵਿੱਚੋਂ ਪੇਂਡੂ ਲਹਿਜ਼ਾ ਤੇ ਮੁਹਾਵਰਾ ਡੁੱਲ੍ਹ-ਡੁੱਲ੍ਹ ਪੈਂਦਾ। ਗੱਲਾਂ ਕਰਦੇ ਇਹ ਖੁੰਡਾਂ ’ਤੇ ਬੈਠੇ ਬੁੜ੍ਹਿਆਂ ਵਰਗੇ ਹੀ ਲੱਗਦੇ। ਉਸੇ ਤਰ੍ਹਾਂ ਦੀਆਂ ਟਿੱਚਰਾਂ, ਘਤਿੱਤਾਂ, ਕਹਾਣੀਆਂ ਤੇ ਟੋਟਕੇ ਸੁਣੀਂਦੇ। ਕੰਮ ਕਰਦਿਆਂ, ਬੈਠਿਆਂ-ਖਲੋਤਿਆਂ, ਚਾਹ ਪਾਣੀ ਪੀਂਦਿਆਂ ਨਿੱਜੀ ਸੁਭਾਅ ਅਨੁਸਾਰ ਹਰ ਕੋਈ ਗੱਲਾਂਬਾਤਾਂ ਦੀ ਪਟਾਰੀ ਖੋਲ੍ਹੀ ਰੱਖਦਾ। ਇਸ ਮਹੌਲ ਵਿੱਚੋਂ ਪੇਂਡੂ ਮਜਲਸਾਂ ਦੀਆਂ ਝਲਕਾਂ ਪੈਂਦੀਆਂ। ਨਿੱਕੇ-ਨਿੱਕੇ ਹਾਸੇ ਮਜ਼ਾਕ ਦੀ ਸ਼ੁਰਲੀਆਂ ਕੋਈ ਨਾ ਕੋਈ ਏਧਰੋਂ-ਓਧਰੋਂ ਛੱਡਦਾ ਹੀ ਰਹਿੰਦਾ।

ਕਾਰਡ ਪੰਚ ਕਰਦੇ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਕਹਿ ਸਭ ਆਪੋ ਆਪਣੇ ਕੰਮ ਸੰਭਾਲ ਲੈਂਦੇ। ਰੁਟੀਨ ਦੇ ਹੀ ਛੋਟੇ-ਛੋਟੇ ਕੰਮ ਹੁੰਦੇ। ਕੰਮ ਕਰਦੇ ਫਿਰਦੇ ਦੋਸਤ ਇੱਕ ਦੂਜੇ ਨਾਲ ਚਿਹਰਿਆਂ ਦੇ ਹਾਵ-ਭਾਵ ਬਹੁਤੀ ਵਾਰੀ ਹਾਲ-ਚਾਲ ਪੁੱਛ ਦੱਸ ਜਾਂਦੇ। ਕੰਮ ਦੌਰਾਨ ਗੱਲਾਂ ਦੀ ਪੂਰੀ ਮਨਾਹੀ ਸੀ। ਬਿਨਾਂ ਕੰਮ ਦਾ ਹਰਜ ਕੀਤਿਆਂ ਬਾਈ ਇੱਕ ਦੂਜੇ ਦੇ ਕੰਨਾਂ ਵਿੱਚ ਕੁਝ ਨਾ ਕੁਝ ਕਹਿੰਦੇ ਸੁਣਦੇ ਹੀ ਰਹਿੰਦੇ। ਫਲਾਇਰ ਮਿਕਸ ਕਰਦੀਆਂ ਬੀਬੀਆਂ ਇੱਕ ਦੂਜੀ ਕੋਲੋਂ ਪਰਿਵਾਰ ਦਾ ਹਾਲ-ਚਾਲ ਪੁੱਛਿਆਂ ਬਿਨਾਂ ਰਹਿ ਨਹੀਂ ਸਨ ਸਕਦੀਆਂ। ਹੱਥਾਂ ਦੀ ਫੁਰਤੀ ਵਿੱਚ ਕੋਈ ਢਿੱਲ ਨਾ ਆਉਣ ਦੇਂਦੀਆਂ। ਕੰਨ ਗੱਲ ਵੱਲ, ਹੱਥ ਕੰਮ ਵੱਲ’ਤੇ ਚੱਲਦਿਆਂ ਕੰਮ ਤੇ ਗੱਲਾਂ ਹੋਈ ਜਾਂਦੀਆਂ, ਅਤੇ ਕੰਮ ਦਾ ਭਾਰ ਮਹਿਸੂਸ ਨਾ ਹੁੰਦਾ। ਸਗੋਂ ਕੰਮ ਵਿਚ ਰੌਚਿਕਤਾ ਆ ਜਾਂਦੀ। ਅਕੇਵਾਂ-ਥਕੇਵਾਂ ਨੇੜੇ-ਤੇੜੇ ਵੀ ਨਹੀਂ ਸੀ ਫਟਕਦਾ। ਕਈ ਬੀਬੀਆਂ ਜਿੰਨੀ ਸਪੀਡ ਨਾਲ ਗੱਲਾਂ ਕਰਦੀਆਂ ਹਨ ਉਦੂੰ ਦੂਣੀ ਗਤੀ ਨਾਲ ਫਲਾਇਰ ਮਿਕਸ ਕਰੀ ਜਾਂਦੀਆਂ। ਉਹਨਾਂ ਨਾਲ ਜੇ ਡਬਲਿੰਗ ਕਰਨ ਲੱਗੀਏ ਤਾਂ ਪੂਰੀ ਹਿੰਮਤ ਨਾਲ ਪੂਰਾ ਉੱਤਰੀ ਦਾ ਸੀ।

ਬਿਰਕਾਂ ਵਾਲਾ ਬਾਈ ਮੱਘਰ ਸਿੰਘ, ਛੋਟੀ ਰੇੜ੍ਹੀ ਨੀਵੀਂ ਪਾਈ ਖਿੱਚੀ ਜਾਂਦਾ ਕੰਨੀਂ ਪਾ ਗਿਆ, ‘ਪ੍ਰਿੰਸੀਪਲ ਸਾਹਿਬ ਦਿਨ ਕੱਟਦੇ ਆਂ, ਵੈਸੇ ਮੌਜਾਂ ਬੜੀਆਂ ਜੇ। ਨਾਲੇ ਬਾਈਆਂ ਨੂੰ ਮਿਲ ਜਾਈਦੈ ਤੇ ਨਾਲੇ ਡਾਲਰ ਕੁੱਟ ਖੜਦੇ ਆਂ।’ ‘ਮੱਘਰ ਸਿਆਂ! ਮੌਜਾਂ ਤਾਂ ਹੋਣੀਆਂ ਈ ਨੇ, ਫਿਰ ਤੁਰ ਜਾਈਦੈ, ਘਰ ਬਈਠੇ ਅਸੀਂ ਕਿਹੜੇ ਵੱਡੇ ਹੁੰਦੇ ਆਂ। ਇੱਕ ਪੰਥ ਦੋ ਕਾਜ। ਕੰਮ ਹੀ ਜੀਵਨ ਹੈ। ਵਿਹਲਾ ਬੈਠਾ ਬੰਦਾ, ਐਵੇਂ ਮੌਤ ਹੀ ਉਡੀਕਦਾ ਰਹਿੰਦੈ।’ ਇਹ ਸੁਣ ਜ਼ਰਾ ਕੁ ਪੈਰ ਮਲਦਾ, ਮਿੰਨਾ ਜਿਹਾ ਹੱਸਦਾ ਕਹਿ ਦਊ - ਇਸ ਵਿੱਚ ਜਮਾਂ ਈ ਕੋਈ ਸ਼ੱਕ ਨਈਂ। ਉਸ ਦੀ ਝਾਕਣੀ ਤੇ ਗੱਲ ਦਾ ਅੰਦਾਜ਼ ਹੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਬੰਦਾ ਉਸਦੀਆਂ ਗੱਲਾਂ ਵੱਲ ਖਿੱਚਿਆ ਜਾਂਦਾ। ਮੌਜੀ ਜਿਹਾ ਬੰਦਾ ਕਿਤੇ ਕਿਤੇ ਉਸ ਦੀ ਟੀਰੀ ਜਿਹੀ ਘਤਿੱਤ, ਦੋਹਰੇ ਅਰਥਾਂ ਵਾਲੀ, ਪੁਆੜੇ ਵੀ ਪਾ ਦੇਂਦੀ। ਜੇ ਕੋਈ ਉਸ ਦੀ ਕਿਸੇ ਗੱਲ ਦਾ ਬੁਰਾ ਮਨਾਏ ਤਾਂ ਨਿਵ ਜਾਂਦਾ। ਵੇਅਰ ਹਾਊਸ ਵਿੱਚ ਪੁਰਾਣਾ ਵਰਕਰ ਸੀ। ਸੁਪਰਵਾਈਜ਼ਰ ਉਸ ਦੀ ਕਦਰ ਕਰਦੇ। ਵੈਸੇ ਗੱਲਾਂ ਦਾ ਬਾਹਲਾ ਈ ਸ਼ੌਂਕੀ ਏ। ਕਈ ਵਾਰੀ ਕੰਮ ਦਾ ਤਿਕੜਮ ਜਿਹਾ ਕਰਦਾ, ਨੀਵੀਂ ਪਾਈ ਜਾਂਦਾ ਬੀਬੀਆਂ ਤੇ ਭੈਣਾਂ ਨਾਲ ਥੋੜ੍ਹਾ ਬਹੁਤਾ ਦੁਖ-ਸੁਖ ਸਾਂਝਾ ਕਰ ਜਾਂਦਾ। ਜੇ ਕਿਤੇ ਸੁਪਰਵਾਈਜ਼ਰ ਇਸ ਤਰ੍ਹਾਂ ਹੁੰਦਾ ਵੇਖ ਟੋਕਦਾ ਤਾਂ ਆ ਜੀ ਜ਼ਰਾ ਫਲਾਇਰ ਲੱਭ ਰਿਹਾ ਸੀ, ਗੱਲਾਂ ਕਾਹਨੂੰ ਕਰਦਾ ਸੀ।’ ਫਲਾਇਰ ਚੁੱਕ ਤਿੱਖੇ ਕਦਮੀਂ ਵਗ ਜਾਂਦਾ।

ਹੋਸ਼ਿਆਰਪੁਰੀਆ ਤਾਰਾ ਸਿੰਘ ਪੂਰੀ ਚੁਸਤੀ-ਫੁਰਤੀ ਨਾਲ ਕੰਮ ਕਰਦਾ ਫਿਰਦਾ। ਹੌਲੀ ਜਿਹੇ ਕੰਨ ਵਿੱਚ ਕਹਿ ਜਾਊ, ‘ਆ ਕੋਈ ਕੰਮ ਆ, ਆ ਲੈ ਜਮਾਂ ਈ ਵਿਹਲੇ ਆਂ।’ ਤਾਰਾ ਸਿੰਘ ਡਾਇਰੈਕਟਰ ਖੇਤੀ ਵਿਭਾਗ ਵਿੱਚੋਂ ਸੇਵਾ ਮੁਕਤ ਹੋ ਕੇ ਇੱਥੇ ਆਇਆ ਹੈ। ਉਮਰ ਦੇ ਸੱਠਵੇਂ ਦਹਾਕੇ ਨੂੰ ਹੰਢਾਉਂਦਾ ਮੁੰਡਿਆਂ ਵਾਂਗ ਹੀ ਲੱਗਦਾ ਹੈ। ਫਲਾਇਰਾਂ ਨੂੰ ਜੱਫੇ ਪਾਉਂਦਾ, ਕੌਡੀਆਂ ਪਾਉਂਦਾ ਲੱਗਦਾ। ਇਸ ਕੰਮ ਵਿੱਚ ਇੰਨਾ ਮਾਹਰ ਸੀ ਕਿ ਤੁਰਿਆ ਜਾਂਦਾ ਫਲਾਇਰ ਪੈਕ ਦੀ ਗਿਣਤੀ ਕਰ ਠਾਹ ਦੇਕੇ ਟੇਬਲ ’ਤੇ ਸੁੱਟੂ ਤੇ ਆਖੂ, “ਲੈ ਚੱਕ ਪੂਰੇ ਬੀਹ ਨੀਂ।” ਜਵਾਨੀ ਵੇਲੇ ਉਹ ਚੰਗਾ ਕਬੱਡੀ ਖਿਡਾਰੀ ਹੁੰਦਾ ਸੀ। ਛੋਟੇ ਕੱਦ ਵਾਲਾ ਮਾਹਲਪੁਰੀਆ ਕਾਲਜੀਏਟ ਪੰਜਾਬ ਯੂਨੀਵਰਸਟੀ ਦਾ ਚੋਟੀ ਦਾ ਐਥਲੀਟ ਤੇ ਫੁੱਟਬਾਲਰ ਵੀ ਰਿਹਾ ਸੀ। ਇੱਕ ਦਿਨ ਪੁੱਛਿਆ, ‘ਉਏ ਕਿਹੜਾ ਕੁਸ਼ਤਾ ਮਾਰਕੇ ਤੇਰੀ ਸਿੰਘਣੀ ਤੈਂਨੂੰ ਖੁਆਉਂਦੀ ਆ, ਜਮਾਂ ਈ ਧੌਲਿਆਂ ਵਾਲਾ ਗੱਭਰੂ ਲੱਗਦੈਂ।” “ਕੋਈ ਕੁਸ਼ਤਾ-ਕਸ਼ਤਾ ਨਈਂ ਬਾਈ ਖਾਂਦਾ। ਰਾਤ ਨੂੰ ਰੱਜਕੇ ਪੀਈ ਦੀ ਏ, ਤੇ ਰੱਜਕੇ ਈ ਮੀਟ ਖਾਈਦੈ। ਸਵੇਰੇ ਲੱਸੀ ਤੇ ਫਰੂਟ ਚਾਟ ਦੇ ਡੱਬੇ ਝੋਲੇ ਵਿੱਚ ਈ ਰੱਖੀ ਦੇ ਆ। ਔਹ ਬੈਗ ਵੇਖ ਲੈ। ਚਾਹ ਦੀ ਸੁਲਾਹ ਮਾਰਨ ਵਾਲਾ ਵਿਹੁ ਲੱਗਦੈ।” ਕਹਿ ਫਲਾਇਰਾਂ ਦੀ ਵੱਡੀ ਢੇਰੀ ਨੂੰ ਇਉਂ ਜਾ ਪਿਆ ਜਿਵੇਂ ਜਾਫੀ ਰੇਡਰ ਨੂੰ ਪੈਂਦਾ ਹੈ।

ਫੇਰੂੰਰਾਂਈ ਵਾਲਾ ਮੇਜਰ ਸਿੰਘ ਕੋਲੋਂ ਦੀ ਲੰਘਦਾ ਸੁਣਾ ਗਿਆ, ‘ਵੇਖੀਂ ਕਿਤੇ ਇਹੋ ਜਿਹੇ ਮੰਤਰਾਂ ਨਾਲ ਪ੍ਰਿੰਸੀਪਲ ਨੂੰ ਪੁੱਠੀ ਪੱਟੀ ਨਾ ਪੜਾ ਦਈਂ।’ ਮੇਜਰ ਸਿੰਘ ਫੌਜ ਵਿੱਚੋਂ ਸੂਬੇਦਾਰੀ ਸਟਾਰ ਲਵਾਕੇ ਕੈਨੇਡਾ ਆਇਆ ਹੈ। ਗੋਰਾ ਚਿੱਟਾ ਨਰੋਆ ਛੈਲ-ਛਬੀਲਾ ਛੇਵੇਂ ਦਹਾਕੇ ਦੇ ਅੱਧ ਵਿੱਚ ਹੈ। ਡੈਂਟਿੰਗ ਪੈਂਟਿੰਗ ਕਰਕੇ ਰੱਖਦੈ। ਵੇਖਣ ਨੂੰ ਪੰਜਾਹਾਂ ਦਾ ਹੀ ਲੱਗਦੈ। ਪੂਰਾ ਮਖ਼ੌਲੀਆ, ਗੱਲਾਂ ਵਿੱਚੋਂ ਗੱਲ ਕੱਢਦਾ ਸਭ ਨੂੰ ਹਸਾਉਂਦਾ ਰਹਿੰਦਾ ਗੱਲਾਂਬਾਤਾਂ ਤੇ ਢੁੱਚਰਾਂ ਦੀ ਸਥਰੀ ਉਹਦੀ ਮਾਸਟਰ ਲਛਮਣ ਸਿੰਘ, ਤਾਰਾ ਸਿੰਘ ਤੇ ਮੱਘਰ ਸਿੰਘ ਨਾਲ ਵਾਹਵਾ ਪੈਂਦੀ। ਛੁੱਟੀ ਵੇਲੇ ਜਾਂ ਬਰੇਕ ਵਿੱਚ ਚਾਹ ਪੀਂਦਿਆਂ ਉਹਨਾਂ ਨੂੰ ਉਹ ਗੱਲਾਂ ਦੇ ਢੁੱਡ ਮਾਰ ਮਾਰ ਬੋਕ ਵਾਂਗ ਘੇਰੀ ਹੀ ਰੱਖਦਾ। ਚੈੱਕ ਡੇਅ ’ਤੇ ਇੱਕ ਵਾਰੀ ਛੁੱਟੀ ਵੇਲੇ ਕਹਿੰਦਾ, ‘ਲਛਮਣਾ, ਐਵੇਂ ਲੰਮੀਆਂ ਪਲਾਂਘਾਂ ਮਾਰਦਾ ਭੱਜਾ ਜਾਨੈ, ਆ ਤੈਂਨੂੰ ਰੰਗਾਂ ਦੀ ਦੁਨੀਆਂ ਵਿੱਚ ਗੇੜਾ ਕਢਾ ਲਿਆਵਾਂ, ਘਰ ਜਾਕੇ ਤੂੰ ਝਿੜਕਾਂ ਈ ਖਾਣੀਆਂ ਨੇ।’ ਲਛਮਣ ਤੁਰਿਆ ਜਾਂਦਾ ਕਹੀ ਜਾਵੇ, ‘ਨਾ ਭਰਾਵਾ ਇਹ ਕੰਮ ਤੇਰੇ ’ਤੇ ਈ ਛੱਡੇ, ਤੂੰ ਈ ਮੌਜਾਂ ਕਰਿਆ ਕਰ।’ ਮਾਸਟਰ ਲਛਮਣ ਸਿੰਘ, ਬੀ.ਐੱਸ.ਸੀ, ਬੀ.ਐੱਡ. ਬਹੁਤਾ ਹੀ ਸਾਊ ਤੇ ਮਿਹਨਤੀ ਬੰਦਾ ਸੀ। ਖੁੱਲ੍ਹੀ ਛੋਟੀ-ਛੋਟੀ ਦਾਹੜੀ, ਲੰਮਾ ਉੱਚਾ ਛੇ ਫੁੱਟਾ, ਤੁਰਦਾ ਹੌਲੀ ਪਰ ਪੁਲਾਂਘ ਨਗੌਰੀ ਬੌਲਦ ਵਾਂਗ ਵਲਾਕੇ ਚੰਗੀ ਮਾਰਦਾ। ਹੌਲੀ ਤੋਰ ਦਾ ਫਰਕ ਫਲਾਇਰਾਂ ਦੇ ਵੱਡੇ ਜੱਫੇ ਨਾਲ ਕੱਢ ਜਾਂਦਾ। ਇੱਕ ਦਿਨ ਘਰੇਲੂ ਗਿਲੇ ਸ਼ਿਕਵੇ ਕਰਦਾ ਮੇਰੇ ਨਾਲ ਝੁਰਨ ਲੱਗ ਪਿਆ। ਗੁਰਬਾਣੀ ਦੀ ਤੁਕ ਜਿਸ ਨੂੰ ਕਰਤਾ ਕਰੇ ਖੁਆਰ ਖਸ ਲਏ ਚੰਗਿਆਈਦਾ ਮੈਂ ਹਵਾਲਾ ਦਿੱਤਾ ਤਾਂ ਬਹੁਤ ਹੀ ਸੰਤੁਸ਼ਟ ਹੋਇਆ। ਕੁਝ ਦਿਨਾਂ ਪਿੱਛੋਂ ਕਹਿੰਦਾ ਇਹ ਗੱਲ ਮੈਂ ਆਪਣੀ ਘਰ ਵਾਲੀ ਨੂੰ ਵੀ ਦੱਸੀ ਸੀ, ਉੁਹ ਵੀ ਬੜੀ ਪ੍ਰਭਾਵਤ ਹੋਈ। ਗੱਲ ਹੈ ਵੀ ਬਾਈ ਚਾਲੀ ਸੇਰੀ। ਹੁਣ ਅਸੀਂ ਪੂਰੇ ਖੁਸ਼ ਰਹਿੰਦੇ ਆਂ। ਇੱਕ ਦਿਨ ਕਹਿੰਦਾ ਅੱਗੇ ਵੀ ਤੁਸੀਂ ਇਕ ਹੋਰ ਅਖਾਣ ਜਿਹਾ ਸੁਣਾਇਆ ਸੀ, ਉਹ ਕੀ ਸੀ ਡਾਂਗ ਡੂੰਗ’ ਵਾਲਾ ਸੀ। ਮੈਂ ਭੁਲ ਈ ਗਿਆਂ ਸੌਰ੍ਹਾ। ਉਹ ਸੀ ਰੱਬ ਨਾ ਡਾਂਗੀਂ ਮਾਰਦਾ ਮੱਤ ਕੁਵੱਲੀ ਦੇ।’ ਬਹੁਤ ਵਧੀਆ, ਹੁਣ ਨਈਂ ਮੈਂ ਭੁੱਲਦਾ। ਹੁਣ ਜਦੋਂ ਵੀ ਮਿਲਦਾ ਏ ਤਾਂ ਸਹਿਜੇ ਹੀ ਮੈਂਨੂੰ ਇਹ ਤੁਕ ਜਾਂ ਮੁਹਾਵਰਾ ਕਦੀ-ਕਦੀ ਸੁਣਾ, ਥੋੜ੍ਹਾ ਜਿਹਾ ਮੁਸਕਰਾਉਂਦਾ, ਮਸਤ ਚਾਲੇ ਕੋਲੋਂ ਦੀ ਲੰਘ ਜਾਂਦੈ।

ਬਰੇਕ ਦੀ ਕਾਲ ’ਤੇ ਸਾਰੇ ਆਪਣੇ ਲੰਚ ਬੈਗ ਲੈ ਇਕੱਠੇ ਬੈਠ ਜਾਂਦੇ। ਪੰਜਾਬ ਦੇ ਭਖ਼ਦੇ ਮਸਲਿਆਂ, ਔੜ ਦੀ ਮਾਰ ਵਿੱਚ ਆਇਆ ਪੰਜਾਬ, ਮੁੱਖ ਮੰਤਰੀ ਪੰਜਾਬ, ਮਹਾਰਾਜਾ ਅਮਰਿੰਦਰ ਸਿੰਘ ਵੱਲੋਂ ਕੁਰੱਪਸ਼ਨ ਖਿਲਾਫ ਵਿੱਢੀ ਮੁਹਿੰਮ, ਕੈਨੇਡਾ ਦੀ ਬੁਢਾਪਾ ਪੈਨਸ਼ਨ ਅਦਿ ਮਸਲਿਆਂ ’ਤੇ ਖੂਬ ਚਰਚੇ ਛਿੜਦੇ। ਜਿਹੜੇ ਪੈਂਹਠ ਸਾਲ ਤੋਂ ਉੱਪਰ ਹਨ ਉਹ ਦਸ ਸਾਲਾਂ ਨੂੰ ਪੋਟਿਆਂ ’ਤੇ ਗਿਣ-ਗਿਣ ਦੱਸਦੇ। ਬਾਕੀ ਪੈਂਹਠ ਸਾਲ ਦੀ ਉਮਰ ਦਾ ਇੰਤਜ਼ਾਰ ਕਰ ਰਹੇ ਹੁੰਦੇ। ਬੈਠਿਆਂ ਬੈਠਿਆਂ ਹੀ ਹਲਕੀਆਂ ਫੁਲਕੀਆਂ ਇੱਕ ਦੂਜੇ ’ਤੇ ਟਕੋਰਾਂ ਚੱਲ ਪੈਂਦੀਆਂ: ਮੱਘਰ ਸਿਆਂ, ਤੂੰ ਮੈਂਨੂੰ ਵਿਰਕ ਨਈਂ ਲੱਗਦਾ।’ ‘ਸੰਤੋਖ ਸਿਆਂ, ਹੈਂ ਬਈ, ਹਾਂ ਤਾਂ ਅਸੀਂ ਬਿਰਕ ਈ, ਤੂੰ ਭਾਵੇਂ ਨਾ ਮੰਨ। ਲੁਧਿਆਣੇ ਜ਼ਿਲ੍ਹੇ ਵਿਚਲੇ ਮਾਲਵੇ ਦਾ ਪ੍ਰਸਿੱਧ ਪਿੰਡ ਏ ਬਿਰਕ ਬਰਸਾਲ। ਅਸੀਂ ਬਿਰਕਾਂ ਦੇ ਜੱਦੀ ਪੁਸ਼ਤੀ ਬਿਰਕ ਆਂ।’ ਵਿੱਚੋਂ ਹੀ ਮਹਿਤਾਬ ਸਿੰਘ ਵਿਰਕ ਆਪਣੀ ਸਿਆਣਪ ਤੇ ਸੂਝ ਦਾ ਪ੍ਰਗਟਾਵਾ ਕਰਦਾ ਸਪਸ਼ਟ ਕਰਦਾ ਹੈ ਕਿ ਉੱਧਰ ਬਾਰ ਵਿੱਚ ਵੀ ਵਿਰਕ ਏਧਰੋਂ ਗਏ ਸਨ। ਹਰਿਆਣੇ ਵਿੱਚ ਵੀ ਏਧਰਲੇ ਵਿਰਕ ਵਸਨੀਕਾਂ ਦੇ ਕੁਝ ਪਿੰਡ ਹਨ। ਮਹਿਤਾਬ ਸਿੰਘ ਵਿਰਕ ਹਰਿਆਣਾ ਪੁਲੀਸ ਵਿੱਚ ਡੀਐੱਸਪੀ ਰਿਹਾ ਹੈ। ਉਸ ਦੀ ਦਿੱਖ ਹੀ ਪ੍ਰਭਾਵੀ ਅਫਸਰਾਂ ਵਾਲੀ ਹੈ। ਉੱਚਾ ਲੰਮਾ ਕੱਦ, ਪੂਰਾ ਬਣ-ਠਣ ਕੇ ਰਹਿੰਦਾ। ਬਹੁਤ ਧੀਮੀ ਸੁਰ ਵਿੱਚ ਗੰਭੀਰ ਗੱਲਾਂ ਕਰਦਾ। ਨਿਤ-ਨੇਮੀ ਬੰਦਾ। ਗੱਲਬਾਤ ਵਿੱਚ ਗੁਰਬਾਣੀ ਦੀਆਂ ਤੁਕਾਂ ਦਾ ਆਮ ਹੀ ਹਵਾਲਾ ਦੇਂਦਾ ਰਹਿੰਦਾ। ਇੱਕ ਦਿਨ ਚੁਗਲੀਆਂ ਤੇ ਨਿੰਦਿਆ ਤੇ ਗੱਲ ਚੱਲ ਰਹੀ ਸੀ। ਕਹਿੰਦਾ ਆਪ ਚੰਗੇ ਬਣੋ ਜੱਗ ਆਪੇ ਹੀ ਚੰਗਾ ਬਣ ਜਾਂਦੈ। ਬਾਣੀ ਵਿੱਚ ਦਰਜ ਹੈ: 'ਹਮ ਨਾ ਚੰਗੇ, ਕੋਈ ਨਾ ਮੰਦਾ।’ ਇਹਦਾ ਪੱਕਾ ਸਾਥੀ ਸਿਗਨਲ ਦਾ ਸਾਬਕਾ ਕੈਪਟਨ ਭੁਪਿੰਦਰ ਸਿੰਘ ਵੜੈਚ ਵੀ ਸੁਭਾਅ ਵੱਲੋਂ ਇਹਨਾਂ ਨਾਲ ਪੂਰਾ ਮੇਲ ਖਾਂਦਾ। ਦੋਹਾਂ ਦੀ ਜੋੜੀ ਨੂੰ ਮੈਂ ਹੰਸਾਂ ਦੀ ਜੋੜੀ ਕਹਿੰਦਾ। ਇਕੱਠੇ ਹੀ ਕੰਮ ’ਤੇ ਆਉਂਦੇ ਜਾਂਦੇ। ਛੋਟਾ ਸਾਡਾ ਭਾਅ ਸੰਤੋਖ ਸਿੰਘ ਵਿਰਕ ਖੁੱਲ੍ਹੇ-ਡੁੱਲ੍ਹੇ ਸੁਭਾਅ ਵਾਲਾ ਨਿਰੋਲ ਜੱਟ। ਦੂਜਿਆਂ ਨੂੰ ਖੁਆ-ਪਿਆਕੇ ਬੜਾ ਖੁਸ਼ ਹੁੰਦਾ। ਜੂਹਾਂ, ਨਹਿਰਾਂ, ਖੁੱਲ੍ਹੀਆਂ ਪੈਲੀਆਂ, ਮੁਰੱਬਿਆਂ, ਮੰਜਿਆਂ ’ਤੇ ਜੁੜੀਆਂ ਪਰ੍ਹੇ ਪੰਚਾਇਤਾਂ, ਮੱਝਾਂ, ਟਰੈਕਟਰਾਂ,ਨੌਕਰਾਂ, ਦੁੱਧ ਜਾਂ ਦਾਰੂ ਨਾਲ ਭਰੇ ਜੱਗਾਂ ਤੇ ਦੋਹਣੀਆਂ ਦੀਆਂ ਗੱਲਾਂ ਕਰਦਾ। ਉਹ ਪੇਂਡੂ ਜੀਵਨ ਤੋਂ ਓਦਰਿਆ ਜਿਹਾ ਮਹਿਸੂਸ ਹੁੰਦਾ। ਪਿੰਡ ਦਾ ਕਈ ਸਾਲ ਸਰਪੰਚ ਵੀ ਰਿਹਾ। ਪਿੰਡ ਦਾ ਹੇਰਵਾ ਉਸ ਨੂੰ ਬਹੁਤਾ ਹੀ ਸਤਾਉਂਦਾ ਲੱਗਦਾ।

ਇੱਕ ਦਿਨ ਗੱਲ ਚੱਲ ਪਈ ਕਿ ਚੰਗੀਆਂ ਗੋਤਾਂ ਹੁੰਦੀਆਂ ਨੇ ਕਿ ਆਦਮੀ? ਕੀ ਜ਼ਮੀਨਾਂ ਮਿਲਖ਼ਾਂ ਤੇ ਕੋਠੀਆਂ ਦਾ ਰੋਅਬ ਪਾਉਣਾ ਜਾਇਜ਼ ਹੈ? ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ। ਸੀਨੀਅਰ ਸਾਥੀ ਬਲੰਦ ਸਿੰਘ ਕਹਿੰਦਾ, ‘ਭਰਾਵੋ ਜਾਇਦਾਦਾਂ ਦੇ ਰੋਹਬ ਪਾਉਣਾ ਇੱਕ ਹਓਮੈ ਹੁੰਦੀ ਜੇ। ਇਹ ਇੱਕ ਦੀਰਘ ਰੋਗ ਹੁੰਦੈ। ਇਸ ਤੋਂ ਜਿਹੜਾ ਬਚ ਗਿਆ, ਸਮਝੋ ਚੰਗਾ ਬੰਦਾ ਜੇ। ਕੋਈ ਕਿਸੇ ਨੂੰ ਕਦੀ ਕੁਝ ਦੇਂਦਾ ਨਈਂ ਜੇ ਤੇ ਨਾ ਹੀ ਕਦੀ ਕੋਈ ਕਿਸੇ ਕੋਲੋਂ ਕੁਝ ਲੈਂਦਾ ਜੇ। ਸਾਡਾ ਵਿਹਾਰ ਹੀ ਸਾਡਾ ਸਭ ਕੁਝ ਹੁੰਦੈ। ਤੁਸੀਂ ਕਿਸੇ ਨਾਲ ਕਿਸ ਤਰ੍ਹਾਂ ਮਿਲਦੇ ਵਰਤਦੇ ਓ, ਇਹ ਹੀ ਸਾਡੀ ਤੁਹਾਡੀ ਵਡਿਆਈ ਹੁੰਦੀ ਹੈ।’ ਮੱਘਰ ਸਿੰਘ ਪਿਆਰਾ ਸਿੰਘ ਵੱਲ ਇਸ਼ਾਰਾ ਕਰ ਕਹਿੰਦਾ, ‘ਇੰਸਪੈਕਟਰ ਸਾਹਿਬ ਤੁਸੀਂ ਦੱਸੋ ਤੁਹਾਡਾ ਕੀ ਵਿਚਾਰ ਹੈ?’‘ਪ੍ਰਿੰਸੀਪਲ ਨੂੰ ਪੁੱਛੋ’ ਕਹਿ ਕੇ ਗੱਲ ਮੇਰੇ ਵੱਲ ਰੇੜ੍ਹ ਦਿੱਤੀ। ਕਹਿੰਦੇ ਕੋਈ ਜੱਟ ਆਪਣੀਆਂ ਪੈਲੀਆਂ ਬਾਰੇ ਉੱਚੀ ਬਾਂਹ ਕਰ-ਕਰ ਦੂਰ-ਦੂਰ ਦੇ ਖੇਤਾਂ ਵੱਲ ਇਸ਼ਾਰੇ ਕਰ ਕਰ ਦੱਸੇ, ਔਹ ਵੀ ਸਾਡੀ ਮੱਕੀ ਜੇ, ਔਹ ਕਮਾਦ, ਔਹ ਖੇਤ ... ਔਹ ਤੇ ਆਹ ਮੋਟਰਾਂ, ਇੰਜਨ ਤੇ ਬਾਈ ਲਾਰਸ ਟਰੈਕਟਰ …।’ਉਸ ਦੀ ਜਾਇਦਾਦ ਦੀ ਲੰਮੀ ਲਿਸਟ ਸੁਣ ਅੱਕਿਆਂ ਮੱਘਰ ਸਿੰਘ ਵਰਗਾ ਇੱਕ ਪ੍ਰਾਹੁਣਾ ਵਿੱਚੋਂ ਹੀ ਟੋਕਦਾ ਬੋਲਿਆ, ‘ਅਸੀਂ ਤਾਂ ਬਾਈ ਥਾਲੀ ਵਿੱਚ ਪਰੋਸੀ ਸੇਵਾ ਪਾਣੀ ਤੋਂ ਤੇਰੀ ਸਰਦਾਰੀ ਜਾਚਾਂਗੇਦਾ ਹਵਾਲਾ ਦੇ ਮੈਂ ਗੱਲ ਨੂੰ ਪੇਂਡੂ ਮੁਹਾਵਰੇ ਨਾਲ ਸਪਸ਼ਟ ਕਰ ਦਿੱਤਾ। ਇਸ ’ਤੇ ਸਭ ਸਹਿਮਤ ਹੋ ਗਏ। ਮੇਰੇ ਨਾਲ ਬੈਠਾ ਪਿਆਰਾ ਸਿੰਘ ਬਹੁਤ ਖੁਸ਼ ਹੋਇਆ। ਉਹ ਪਿੱਛੇਂ ਕੋਆਪਰੇਟਵ ਸੋਸਾਈਟੀਆਂ ਦੇ ਬੈਂਕਾਂ ਦਾ ਇਨਸਪੈਕਟਰ ਸੀ। ਬੈਂਕ ਸਕੱਤਰਾਂ ਦੀਆਂ ਹੇਰਾ-ਫੇਰੀਆਂ ਅਤੇ ਗਬਨ ਦੀਆਂ ਕਈ ਕਹਾਣੀਆਂ ਸੁਣਾਉਂਦਾ ਰਹਿੰਦਾ। ਬਹੁਤਾ ਚੁੱਪ-ਚਾਪ ਆਪਣੇ ਵਿੱਚ ਹੀ ਮਸਤ ਰਹਿਣ ਵਾਲਾ ਬਹੁਤ ਹੀ ਸਾਊ ਬੰਦਾ ਸੀ।

ਗਿਣਤੀ ਟੇਬਲ ’ਤੇ ਕਿਤੇ ਬਾਹਲੇ ਹੀ ਢੇਰ ਇਕੱਠੇ ਹੋ ਜਾਣ ਤਾਂ ਮੱਘਰ ਸਿੰਘ ਨੀਵੀਂ ਪਾਈ ਕਹੂ, ‘ਹਟੋ ਪਰੇ, ਗੱਲ ਹੀ ਕੁਝ ਨਹੀਂ, ਹੁਣੇ ਹੀ ਗਿਣਤੀ ਦਾ ਕੰਮ ਖਿੱਚ ਦਿਆਂਗੇ, ਸੰਜੇ ਭਾਈ (ਸੁਪਰਵਾਈਜ਼ਰ) ਫਿਕਰ ਨਾ ਕਰ।ਸਕਿੱਡਾਂ ’ਤੇ ਫਲਾਇਰ ਸੈਟ ਕਰਨ ਵਿੱਚ ਬਾਈ ਗੁਰਦੇਵ ਸਿੰਘ ਬੜਾ ਮਾਹਰ ਹੈ। ਫੌਜ ਵਿੱਚ ਸੂਬੇਦਾਰ ਮੇਜਰ ਰੈਂਕ ਤੋਂ ਰੀਟਾਇਰ ਹੋਇਆ ਬਹੁਤ ਘੱਟ ਗੱਲ ਕਰਦਾ। ਪੈਕਿੰਗ, ਸੈਟਿੰਗ ਤੇ ਗਿਣਤੀ ਦਾ ਬੜਾ ਪਾਰਖੂ ਹੈ। ਫਲਾਇਰਾਂ ਨੂੰ ਸੁਆਰ੍ਹੇ ਕਰਦਿਆਂ ਹੀ ਦਸ ਦੇਂਦਾ, ਫਲਾਇਰ ਪੈਕ ਵਿੱਚ ਵੱਧ ਜਾਂ ਘੱਟ ਹਨ।

ਪਹਿਲੇ ਦਿਨ ਕੰਮ ਦੀ ਜੋੜੀ ਮੇਰੀ ਹੁਸ਼ਿਆਰਪੁਰੀਏ ਸੱਤਪਾਲ ਸਿੰਘ ਨਾਲ ਬਣੀ। ਇਹ ਬਹੁਤ ਧੀਰਾ ਤੇ ਮਸਤ ਆਦਮੀ ਸੀ। ਗੱਲ ਤਾਂ ਬਹੁਤ ਸੰਖੇਪ ਜਿਹੀ ਲੋੜ ਪੈਣ ’ਤੇ ਹੀ ਕਰਦਾ। ਤੀਜੇ ਘੰਟੇ ਕਹਿੰਦਾ ਤੁਸੀਂ ਇਹ ਕੰਮ ਕੱਟ ਜਾਉਗੇ। ਬਸ ਪਹਿਲੇ ਹਫਤੇ ਥਕਾਵਟ ਹੋਵੇਗੀ। ਕੰਮ ਇੰਨਾ ਈ ਜੇ। ਹੌਲੀ ਹੌਲੀ ਸਭ ਸੈੱਟ ਹੋ ਜਾਏਗਾ। ਸਾਡੇ ਦੂਜੇ ਸਾਥੀ ਗੁਲਜ਼ਾਰ ਸਿੰਘ ਬਾਜਵਾ, ਬਲਬੀਰ ਸਿੰਘ ਬਰਾੜ, ਸਟੇਸ਼ਨ ਮਾਸਟਰ ਸੁਰਜੀਤ ਸਿੰਘ, ਗੁਲਾਬ ਰਾਏ ਤੇ ਜਸਵੰਤ ਸਿੰਘ ਸਰੋਤੇ ਬਹੁਤੇ ਈ ਵਧੀਆ ਨੇ, ਗੱਲ ਸਾਈ ਦਿੱਤਿਆਂ ਈ ਕਰਦੇ। ਕੰਮ ਵਿੱਚ ਪੂਰੇ ਮਗਨ ਵਗੇ ਤੁਰੇ ਰਹਿੰਦੇ। ਪਰ ਮਹਿਫ਼ਲ ਵਿੱਚ ਬੈਠੇ ਟਿੱਪਣੀਆਂ ਤੇ ਘਤਿਤਾਂ ਸੁਣਦੇ ਬੜੇ ਖੁਸ਼ ਹੁੰਦੇ। ਹਫਤੇ ਪਿੱਛੋਂ ਮੇਜਰ ਸਿੰਘ ਪੁਛਦਾ, ‘ਪ੍ਰਿੰਸੀਪਲ ਸਾਹਿਬ, ਕਿਵੇਂ ਜੇ, ਕੰਮ ਔਖਾ ਤਾਂ ਨਹੀਂ।’ ‘ਹੁਣ ਤਾਂ ਭਰਾਵਾ ਇਉਂ ਲਗਦੈ ਜਿਵੇਂ ਊਠ ਨੂੰ ਖੋਪੇ ਪੱਕ ਗਏ ਹੋਣ। ਅੱਖਾਂ ਮੀਟ ਕੇ ਤੁਰੇ ਫਿਰਦੇ ਆਂ।’ ‘ਲੈ ਸੁਣ ਲੈ ਮਾਸਟਰਾ ਇਉਂ ਬੰਦਾ ਨਵੇਂ ਕੰਮੀ ਵਗਨਾ ਸਿੱਖ ਜਾਂਦੈ’, ਤੁਰਿਆ ਜਾਂਦਾ ਲਛਮਣ ਸਿੰਘ ਹੁੰਗਾਰਾ ਭਰਦਾ ਕਹਿ ਗਿਆ। ਜਦੋਂ ਕੰਮ ਫੜ ਹੀ ਲਿਆ, ਆ ਹੀ ਗਏ ਆਂ, ਤਾਂ ਸਾਡੇ ਲਈ ਕੰਮ ਕੋਈ ਵੀ ਔਖਾ ਨਈਂ। ਪੜ੍ਹਾਉਣਾ ਕਿਤੇ ਸੌਖੈ, ਅੱਜ-ਕੱਲ੍ਹ ਤਾਂ ਇਹ ਕੰਮ ਨਾਗਾਂ ਦੀ ਪਟਾਰੀ ਬਣਿਆ ਪਿਆ'। ਇੱਕ ਦਿਨ ਮਾਸਟਰ ਲਛਮਣ ਗੱਲੀਂ ਪਿਆ ਕਹਿੰਦਾ ਮੈਂ ਸੋਚਦਾ ਆਂ ਹਿਸਾਬ ਦੀਆਂ ਟਿਊਸ਼ਨਾਂ ਪੜ੍ਹਾਉਣੀਆਂ ਸ਼ੁਰੂ ਕਰ ਦਈਏ।’ ਉਹ ਮੋਗੇ ਵੀ ਮੈਥ ਹੀ ਪੜ੍ਹਾਉਂਦਾ ਹੁੰਦਾ ਸੀ। ‘ਨਾ ਬਾਈ, ਮੈਂ ਇਹ ਵੀ ਕਰ ਵੇਖਿਆ ਈ। ਇੱਥੇ ਨਾ ਤਾਂ ਬੱਚੇ ਪੜ੍ਹਨਾ ਚਾਹੁੰਦੇ ਨੀ, ਤੇ ਨਾ ਹੀ ਮਾਪੇ ਇਸ ਪਾਸੇ ਸੋਚਦੇ ਨੀ। ਸਾਡੇ ਆਪਣੇ ਪੋਤੇ ਤਾਂ ਸਾਡੇ ਕੋਲੋਂ ਪੜ੍ਹਕੇ ਰਾਜੀ ਨਈਂ। ਹੋਰ ਕਿਹੜਾ ਭੜੂਵਾ ਤੈਂਨੂੰ ਡਾਲਰਾਂ ਦਾ ਮੱਥਾ ਟੇਕੂ। ਇੱਥੇ ਤਾਂ ਬੱਸ, ਭੱਜ ਲੈ, ਭੱਜ ਲੈ ਹੋਈ ਜਾ ਰਹੀ ਆ। ਲੋਕਾਈ ਡਾਲਰ ਕਮਾਓ, ਖਾਓ ਪੀਓ, ਸਰੀਰ ਘਸਾਓ ਤੇ ਹੰਢਾਓ ਦੀ ਨੀਤੀ ਤੇ ਚੱਲ ਰਹੀ ਆ।’ ‘ਅੱਛਾ! ਮੈਂ ਤਾਂ ਐਵੇਂ ਈ ਸ਼ੇਖ ਚਿੱਲੀ ਵਾਂਗ ਆਂਡੇ ਤੇ ਚੂਚੇ ਗਿਣ ਗਿਣ ਕੋਠੇ ਤੋਂ ਡਿੱਗਣ ਵਾਲਾ ਹੋਈ ਜਾ ਰਿਹਾ ਸੀ।’

ਇੱਕ ਦਿਨ ਬਰੇਕ ਵਿੱਚ ਚਾਹ ਪੀਣ ਕਾਹਨੂੰ ਲੱਸੀ ਪੀਣਾ ਤਾਰਾ ਸਿੰਘ ਤੁਰਿਆ ਆਵੇ। ਨਾਲ ਹੀ ਸਭ ਪਾਸਿਆਂ ਤੋਂ ਬੇਧਿਆਨਾ ਤਿਰਛਾ ਜਿਹਾ ਕਿਸੇ ਸੋਹਣੀ ਜਿਹੀ ਗੋਰੀ ਬੀਬੀ ਵੱਲੇ ਵੇਖੀ ਜਾਏ। ਮੇਜਰ ਨੇ ਛੇੜਦਿਆਂ ਕਿਹਾ, ‘ਆ ਜਾ, ਆ ਜਾ, ਤਾਰਾ ਸਿਆਂ, ਪੁੱਠੇ ਪਾਸੇ ਝਾਕਦਾ, ਕਿਤੇ ਸਕਿੱਡ ਨਾਲ ਅੜ੍ਹਕ ਕੇ ਡਿੱਗ ਪਏਂ ਤੇ ਗੋਡੇ ਭਨਾ ਲਏਂ।’ ‘ਉਏ ਕਾਹਨੂੰ, ਮੈਂ ਤਾਂ ਵੇਖ ਰਿਹਾ ਸੀ ਕਿੰਨੀ ਬੱਚਤ ਜਿਹੀ ਕੀਤੀ ਹੋਈ ਏ, ਕਿੰਨੇ ਥੋੜ੍ਹੇ ਜਿਹੇ ਕਤਪੜਿਆਂ ਨਾਲ ਹੀ ਬੁੱਤਾ ਸਾਰਿਆ ਹੋਇਆ ਆ, ਸਾਡੇ ਤਾਂ ਸਾਢੇ ਪੰਜ ਮੀਟਰ ਤੋਂ ਘੱਟ ਊਂ ਈ ਨਈਂ ਸਰਦਾ।ਸਾਰੇ ਹੱਸ ਪਏ ਤੇ ਚਾਹ ਪਾਣੀ ਵਿੱਚ ਲੱਗ ਗਏ।

ਚੱਲ ਇਹ ਤਾਂ ਹੋਇਆ, ਲਿਆ ਖੋਲ੍ਹ ਲੱਸੀ ਵਾਲੀ ਬੋਤਲ, ਰਾਤੀਂ ਤੂੰ ਬਹੁਤੀ ਗਲਾਸੀਆਂ ਮਾਰੀਆਂ, ਮੈਂ ਵੇਖ ਰਿਹਾ ਸੀ। ਤਾਰਾ ਸਿੰਘ ਅੱਜ ਕਰੂ ਕੋਈ ਕਾਰਾ ਕਿਤੇ ਚੱਕ ਕੇ ਈ ਨਾ ਲਿਜਾਣਾ ਪਏ।’ ‘ਲੈ ਫੜ ਪੀ ਲੱਸੀ, ਆ ਵੇਖ ਤੇਰੇ ਸਾਹਮਣੇ ਐਂ ਸਾਬਤ-ਸਬੂਤੇ ਬੈਠੇ ਆਂ। ਰਤੀ ਭਰ ਵੀ ਕੋਈ ਭਾਣ ਭੂਣ ਸੌਰ੍ਹੀ ਨਈਉਂ ਲੱਗੀ।’

ਅੱਜ ਬਈ, ਮੱਘਰ ਸਿੰਆਂ ਪੂਰਾ ਨਿੱਖ਼ਰਿਆ ਪਿਆਂ। ਅੱਜ ਪੱਟੂ ਕਿਸੇ ਨੂੰ’, ਮੇਜਰ ਸਿੰਘ ਉਹਦੇ ਚਿੱਟੇ ਕੁੜਤੇ ਤੇ ਨਵੀਂ ਪੱਗ ਵੱਲ ਸ਼ਰਾਰਤੀ ਜਿਹਾ ਝਾਕਦਾ ਨਵੀਂ ਗੱਲ ਰੇੜ੍ਹ ਗਿਆ। ‘ਓਏ ਕਾਹਨੂੰ, ਝੱਗਾ ਤਾਂ ਪੁਰਾਣਾ ਈ ਆ, ਪੱਗ ਜ਼ਰੂਰ ਧੋਤੀ ਬੰਨ੍ਹੀ ਏ।’ 'ਕੁਝ ਵੀ ਹੋਵੇ, ਅੱਜ ਤੇਰੀ ਦਿੱਖ ਵਿੱਚ ਪੂਰਾ ਨਿਖ਼ਾਰ ਈ। ਇਉਂ ਲੱਗਦੈ ਜਿਵੇਂ ਸਬੂਤੇ ਦਾ ਸਬੂਤਾ ਈ ਡਰਾਈ ਕਲੀਨ ਹੋਕੇ ਆਇਆ ਏਂ।’ ਇਹ ਗੱਲ ਸੁਣ ਸਾਰੇ ਹੱਸ ਪਏ।

ਇੱਕ ਸ਼ੁੱਕਰਵਾਰ ਨੂੰ ਚੈੱਕਾਂ ਦੇ ਆਉਣ ਵਿੱਚ ਦੇਰੀ ਹੋ ਗਈ। ਛੁੱਟੀ ਦਾ ਵੀ ਸਮਾਂ ਹੋ ਚੁੱਕਿਆ ਹੋਇਆ ਸੀ। ਸਾਰੇ ਹੀ ਦਫਤਰ ਦੇ ਗੇਟ ਵੱਲ ਸਿਰ ਚੱਕ ਚੱਕ ਝਾਕ ਰਹੇ ਸਨ। ਮੇਜਰ ਸਿਆਂ, ਇਉਂ ਲੱਗ ਰਿਹਾ, ਜਿਵੇਂ ਅੱਜ ਸਾਰੇ ਹੀ ਇਉਂ ਝਾਕ ਰਹੇ ਨੇ ਜਿਵੇਂ ਹਲ਼ ਵਾਹੁੰਦਾ ਭੁੱਖਾ-ਪਿਆਸਾ ਜੱਟ ਪਿੰਡੋਂ ਨਿਕਲਦੀ ਪਹੀ ਵੱਲੇ ਛਾਹ ਵੇਲਾ ਲਿਆਉਂਦੀ ਜੱਟੀ ਨੂੰ ਵੇਖ ਰਿਹਾ ਹੋਵੇ।’ ਆ ਸੁਣ ਲਛਮਣਾ ਪ੍ਰਿੰਸੀਪਲ ਕੀ ਕਹਿ ਰਿਹਾ।’ ‘ਆਹੋ, ਇਸ ਵਿੱਚ ਕੀ ਸ਼ੱਕ ਏ, ਚੈੱਕ ਮਿਲਦਿਆਂ ਹੀ ਸਭ ਥਕੇਵੇਂ ਛੂ ਮੰਤਰ ਹੋ ਜਾਂਦੇ ਨੇ, ਰਾਤ ਨੂੰ ਗੂੜ੍ਹੀ ਨੀਂਦ ਆਉਂਦੀ ਏ।’

ਏਧਰ-ਓਧਰ ਜਾਂਦਾ ਆਉਂਦਾ ਹੌਲੀ ਜਿਹੀ ਮੱਘਰ ਸਿੰਘ ਮੈਂਨੂੰ ਸੁਣਾ ਜਾਊ, ‘ਪ੍ਰਿੰਸੀਪਲ ਸਾਹਿਬ ਜੀ …’ ਮੈਂ ਵੀ ਕਹਿ ਦੇਂਦਾ ਸਰਦਾਰ ਮੱਘਰ ਸਿੰਘ ਜੀ।’ ਪਰ ਮੈਂ ਉਸ ਦੇ ਉਚਾਰਨ ਵਿੱਚ ਤਿੱਖੀ ਜਿਹੀ ਚੋਭ ਭਾਂਪ ਜਾਂਦਾ। ਜਿਵੇਂ ਕਹਿ ਰਿਹਾ ਹੋਵੇ, ‘ਸੁਣਾ ਹੁਣ, ਕਿਵੇਂ ਆ, ਉੱਥੇ ਕੁਰਸੀ ’ਤੇ ਬੈਠਾ ਘੰਟੀ ਮਾਰ ਸੇਵਾਦਾਰਾਂ ਨੂੰ ਬੁਲਾਉਂਦਾ ਹੁੰਦਾ ਸੀ। ਇੱਥੇ ਆਪ ਘੰਟੀ ਵੱਜੀ ’ਤੇ ਭੱਜਾ ਫਿਰਦੈਂ।’ ਮੈਂ ਇਸ ਦਾ ਉਸ ਨੂੰ ਕੋਈ ਮੋੜ ਨਾ ਦੇਂਦਾ। ਇੰਨਾ ਜ਼ਰੂਰ ਕਹਿੰਦਾ, ‘ਮੱਘਰ ਸਿਆਂ ਸਮੇਂ-ਸਮੇਂ ਦੀਆਂ ਬਾਤਾਂ ਨੇ, ਸਮਾਂ ਬੜਾ ਸਮਰੱਥ ਈ।’ ਉਸ ਦਾ ਸੁਭਾਅ ਈ ਕੁਝ ਇਸ ਤਰ੍ਹਾਂ ਦਾ ਹੈ। ਬਰਸਾਲਾਂ ਵਾਲੇ ਪ੍ਰੋ. ਜਗਤਾਰ ਸਿੰਘ ਢਿੱਲੋਂ ਓਰਫ਼ ਢਾਹੂ ਤੇ ਉਸ ਦੇ ਸਾਰੇ ਪਰਿਵਾਰ ਬਾਰੇ ਸਾਰਾ ਕੁਝ ਦੱਸਦਾ ਹੈ। ਬਰਸਾਲਾਂ ਤੋਂ ਹੀ ਬੀਬੀ ਮੁਕੰਦ ਕੌਰ ਅਤੇ ਉਸ ਦੇ ਪਤੀ ਪ੍ਰੋ. ਦਰਸ਼ਨ ਸਿੰਘ ਪੰਨੂੰ ਅਤੇ ਇਸ ਤਰ੍ਹਾਂ ਸਾਰੇ ਇਲਾਕੇ ਦੇ ਕਿੱਸੇ ਕਹਾਣੀਆਂ ਗੱਲੀਂਬਾਤੀਂ ਦੱਸਦਾ ਰਹਿੰਦਾ। ਇੱਕ ਵਾਰੀ ਪੁੱਛਿਆ, ਪਿੱਛੇ ਪਿੰਡ ਕੀ ਸ਼ੁਗਲ ਸੀ। ਸੱਚ ਦਸਾਂ ਪ੍ਰਿੰਸੀਪਲ, ਬਿਰਕਾਂ ਨੇੜੇ ਸੰਗਤਪੁਰੇ ਪ੍ਰਾਇਮਰੀ ਸਕੂਲ ਵਿੱਚ ਮਾਸਟਰ ਸੀ। ਮੇਰੇ ਘਰੋਂ ਵੀ ਟੀਚਰ ਸੀ। ਝੂਠ ਨਈਂ ਬੋਲਦਾ, ਜਮਾਂ ਈ। ਦੋਵਾਂ ਜੀਆਂ ਨੂੰ ਦਸ ਹਜ਼ਾਰ ਪੈਨਸ਼ਨ ਮਿਲਦੀ ਏ। ਉੱਥੇ ਰਾਜੇ ਸੀ, ਇੱਥੇ ਰੰਕ ਬਣ ਗਏ ਆਂ। ਸਭ ਕੁਝ ਕੋਲ ਸੀ।’ ਮੈਨੂੰ ਲੱਗਦੈ ਪੜ੍ਹਾਉਂਦਾ ਤਾਂ ਵਧੀਆ ਹੋਏਂਗ।’ ਫੜ੍ਹ ਮਾਰਨ ਦੀ ਆਦਤ ਨਈਂ, ਬੁੱਤਾ ਵਧੀਆ ਸਾਰੀ ਜਾਈਦਾ ਸੀਗਾ।’

ਸਾਫ ਸਪਸ਼ਟ ਤੇ ਸਾਊ ਲਛਮਣ ਸਿੰਘ ਮੇਜਰ ਦੇ ਢਹੇ ਆਇਆ ਹੀ ਰਹਿੰਦਾ। ਬਰੇਕ ਵਿੱਚ ਉਹ ਦੱਸੇ, ‘ਇਹ ਤੁਰਦਾ-ਫਿਰਦਾ ਮੈਂਨੂੰ ਪੁੱਛ ਆਉਂਦਾ ਅੱਜ ਕਿੰਨੇ ਘੰਟੇ ਲੱਗਣੇ ਨੇ। ਉੱਤਰ ਸੁਣ ਹਿਸਾਬ ਮਾਸਟਰ ਹਫਤੇ ਦੇ ਘੰਟਿਆਂ ਨੂੰ ਮੂੰਹ ਜ਼ਬਾਨੀ ਜੋੜਦਾ, ਤੀਹਾਂ ਨਾਲ ਗੁਣਾ ਕਰਦਾ ਪੂਰੀ ਚੜ੍ਹਦੀ ਕਲਾ ਵਿੱਚ ਹੋਇਆ, ਦੂਜੇ ਗੇੜੇ ਪੂਰਾ ਹੱਸਦਾ ਕੂਹਣੀ ਮਾਰਕੇ ਲੰਘੂ।’ ਕੋਲ ਬੈਠਾ ਗਰੈਜੂਏਟ ਬੁਲੰਦ ਸਿੰਘ ਬੋਲ ਪਿਆ, ‘ਇਉਂ ਤਾਂ ਅਸੀਂ ਸਾਰੇ ਈ ਕਰਦੇ ਰਹਿੰਦੇ ਆਂ।’ ਦਾਨਾ ਬੀਨਾ ਬੁਲੰਦ ਸਿੰਘ ਜੀਵਨ ਨੂੰ ਬੜੇ ਗਹੁ ਨਾਲ ਜਾਣਨ ਵਾਲੀ ਸ਼ਖਸੀਅਤ ਏ। ਮੈਂਨੂੰ ਬੜਾ ਗੰਭੀਰ ਹੋ ਸਵਾਲ ਕਰਦਾ ਹੈ, “ਤੁਸੀਂ ਐੱਮ.ਏ. ਅਰਥ ਸ਼ਾਸਤਰ ਹੋ। ਭਾਰਤ ਦੇ ਲੋਕਾਂ ਦੀ ਗਰੀਬੀ ਕਿਵੇਂ ਦੂਰ ਹੋ ਸਕਦੀ ਹੈ? ਵਧਦੀ ਆਬਾਦੀ ਕਿਵੇਂ ਰੁਕ ਸਕਦੀ ਹੈ? ਕੈਨੇਡੀਅਨ ਬੱਚੇ ਧਰਮ ਤੋਂ ਕਿਉਂ ਦੂਰ ਹੋ ਰਹੇ ਹਨ?” ਆਦਿ। ਵਿੱਚੇ ਹੀ ਜਮਾਤਾਂ ਦੀ ਗੱਲ ਚੱਲ ਪੈਂਦੀ ਹੈ। ਬਲੰਦ ਸਿੰਘ, 'ਪੜਿ ਪੜਿ ਗਡੀ ਲੱਦਿਆ … ਨਾਨਕ ਲੇਖੇ ਇਕ ਗਲ ਹੋਰ ਸਭੈ ਝਖਣਾ ਝਾਖਦਾ ਹਵਾਲਾ ਦੇਕੇ ਨਿਚੋੜ ਕੱਢ ਦੇਂਦਾ, ਕਿ ਜਮਾਤਾਂ ਤਾਂ ਲੇਬਲ ਹੀ ਹੁੰਦੇ ਹਨ, ਅਸਲ ਵਿੱਚ ਬੰਦੇ ਦੀ ਕਦਰ ਉਸ ਦਾ ਵਿਹਾਰ, ਆਚਾਰ ਤੇ ਆਹਾਰ ਹੀ ਬਣਾਉਂਦੇ ਨੇ।

ਜਿਸ ਦਿਨ ਮਜ਼ਦੂਰੀ ਦਾ ਪਹਿਲਾ ਚੈੱਕ ਮਿਲਿਆ ਤਾਂ ਕੈਨੇਡੀਅਨ ਕਮਾਈ ਦੀ ਮੈਨੂੰ ਇੱਕ ਵਿਸ਼ੇਸ਼ ਜਿਹੀ ਖੁਸ਼ੀ ਮਹਿਸੂਸ ਹੋ ਰਹੀ ਸੀ। ਛੁੱਟੀ ਵੇਲੇ ਕਾਰਡ ਪੰਚ ਕਰਦਿਆਂ ਮੈਂ ਕਿਹਾ, “ਇਸ ਚੈੱਕ ਦੀ ਮੈਨੂੰ ਓਨੀ ਖੁਸ਼ੀ ਹੈ ਜਿੰਨੀ ਪਲੇਠੀ ਦੇ ਜਨਮੇ ਪੁੱਤ ਦੀ ਮਾਂ ਨੂੰ ਹੁੰਦੀ ਹੈ। ਕੋਲ ਖੜ੍ਹੀਆਂ ਕੁਝ ਬੀਬੀਆਂ ਹੱਸ ਪਈਆਂ ਅਤੇ ਕਹਿੰਦੀਆਂ, “ਫੇਰ ਤਾਂ ਬੀਰ ਜੀ ਲੋਹੜੀ ਵੰਡੋਂਗ।” ਜ਼ਰੂਰ ਭੈਣ ਜੀ, ਲੋਹੜੀ ’ਤੇ ਖ਼ਰਚ ਕਰ ਦਿਆਂਗੇ, ਇਹ ਕਿਹੜੀ ਗੱਲ ਏ।” ਤਾਰਾ ਸਿੰਘ, ਮੇਜਰ ਸਿੰਘ ਤੇ ਮੱਘਰ ਸਿੰਘ ਕੋਲ ਖੜ੍ਹੇ ਕਹਿੰਦੇ, “ਫਿਰ ਤਾਂ ਸਾਡੀ ਵੀ ਪਾਰਟੀ ਖ਼ਰੀ ਹੋ ਗਈ।” ”ਦੱਸੋ ਬਾਈ! ਇਸ ਤਰ੍ਹਾਂ, ਇਹੋ ਜਿਹੇ ਮਹੌਲ ਵਿੱਚ ਜੇ ਅਸੀਂ ਕੰਮ ਕਰਦੇ ਡਾਲਰ ਲੈ ਜਾਨੇ ਆਂ ਤਾਂ ਕੀ ਇਹ ਡਾਲਰ ਬੇਰੀਆਂ ਤੋਂ ਝਾੜਨ ਵਾਲੀ ਗੱਲ ਨਹੀਂ?”

ਸ਼ਾਲਾ! ਸਦਾ ਵੱਸਦੀ-ਰਸਦੀ ਰਹੇ ਗਾਰਡੀਅਨ ਅਤੇ ਇਸ ਦਾ ਵੇਅਰਹਾਊਸ, ਜਿਹੜੀ ਸਾਡੀ ਸਭ ਦੀ ਓਟ, ਆਸਰਾ ਤੇ ਥਾਂ ਹੈ। ਇਹ ਦਿਨ ਦੁੱਗਣੀ ਰਾਤ ਚੌਗਣੀ ਵਧੇ ਫੁੱਲੇ!!

*****

(560)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

  

About the Author

ਪ੍ਰਿੰ. ਬਲਕਾਰ ਸਿੰਘ ਬਾਜਵਾ

ਪ੍ਰਿੰ. ਬਲਕਾਰ ਸਿੰਘ ਬਾਜਵਾ

Principal Balkar Singh Bajwa (Gurusar Sudhar)
Brampton, Ontario, Canada.
Phone: (647 - 402 - 2170)

Email: (balkarbajwa1935@gmail.com)

More articles from this author