“ਮੇਰਾ ਤਾਂ ਸੋਧਾ ਲੱਗਣਾ ਹੀ ਲੱਗਣੈ। ਚਾਹੇ ਤੁਹਾਡੇ ਵੱਲੋਂ ਲੱਗੇ ... ਚਾਹੇ ਬੱਬਰਾਂ ਵੱਲੋਂ ਲੱਗੇ ...”
(9 ਜੂਨ 2020)
ਸਾਲ 1988 ਦੀ ਪਹਿਲੀ ਅਪਰੈਲ। ਇਸ ਦਿਨ ਆਮ ਤੌਰ ’ਤੇ ਏਪਰਲ ਫੂਲ ਬਣਦੇ ਜਾਂ ਬਣਾਏ ਜਾਂਦੇ ਹਨ। ਅੰਗਰੇਜ਼ ਇਸ ਨੂੰ ਇੱਕ ਹਾਸੇ-ਠੱਠੇ ਵਾਲਾ ਦਿਨ ਕਹਿੰਦੇ ਹਨ। ਇਸ ਦਿਨ ’ਤੇ ਅਫਸਰਾਂ ਤੇ ਮਾਤਹਿਤਾਂ ਨੂੰ ਇੱਕ ਦੂਜੇ ਦਾ ਫੂਲ (ਮੂਰਖ) ਬਣਾਉਣ ਦੀ ਪੂਰੀ ਖੁੱਲ੍ਹ ਹੁੰਦੀ ਹੈ। ਪਰ ਪੰਜਾਬ ’ਤੇ ਛਾਏ ਤੱਤੇ ਦੌਰ ਵਿੱਚ ਪ੍ਰਸ਼ਾਸਕਾਂ ਦਾ ਤਾਂ ਹਰ ਰੋਜ਼ ਕੋਈ ਨਾ ਕੋਈ ਫੂਲ ਬਣਦਾ ਹੀ ਰਹਿੰਦਾ। ਖਾੜਕੂਆਂ ਵੱਲੋਂ ਕਈ ਕਿਸਮ ਦੀਆਂ ਧਮਕੀਆਂ ਭਰੀਆਂ ਝੂਠੀਆਂ/ਸੱਚੀਆਂ ਚਿੱਠੀਆਂ ਮਿਲਦੀਆਂ ਰਹਿੰਦੀਆਂ, ਜਿਨ੍ਹਾਂ ਕਰਕੇ ਹਰ ਕਾਲਜ ਦਾ ਪ੍ਰਿੰਸੀਪਲ ਕਿਸੇ ਨਾ ਕਿਸੇ ਕਿਸਮ ਦੀ ਪ੍ਰੀਖਿਆ ਵਿੱਚ ਪਿਆ ਹੀ ਰਹਿੰਦਾ। ਯੂਨੀਵਰਸਟੀ ਦੀ ਸਾਲਾਨਾ ਪ੍ਰੀਖਿਆ ਦੇ ਨਾਲ ਹੀ ਅਸੀਂ ਵੀ ਪਹਿਲੇ ਦਿਨ ਤੋਂ ਹੀ ਇੱਕ ਪ੍ਰੀਖਿਆ ਹੇਠ ਆ ਜਾਂਦੇ। ਇਸ ਵਾਸਤੇ ਸਾਡੀ ਤਾਂ ਕੋਈ ਤਿਆਰੀ ਵੀ ਨਹੀਂ ਸੀ ਹੁੰਦੀ ਪਰ ਵਿਦਿਆਰਥੀ ਤੇ ਉਹਨਾਂ ਦੇ ਹਮਾਇਤੀ ਪੂਰੀ ਤਿਆਰੀ ਵਿੱਚ ਸ਼ਸਤਰਬੱਧ ਹੋ ਕੇ ਆਏ ਹੋਏ ਹੁੰਦੇ। ਉਸ ਦਿਨ ਅੱਧਾ ਕੁ ਘੰਟਾ ਪਹਿਲਾਂ ਇਮਤਿਹਾਨੀ ਅਮਲਾ ਤੇ ਪ੍ਰੀਖਿਆਰਥੀ ਹਾਲ ਵੱਲ ਜਾਣ ਦੀ ਤਿਆਰੀ ਵਿੱਚ ਇੱਧਰ ਉੱਧਰ ਫਿਰ ਰਹੇ ਸਨ। ਨਕਲੀ ਮਾਹੌਲ ਦੇ ਮੱਦੇਨਜ਼ਰ ਯੂਨੀਵਰਸਟੀਆਂ ਨੇ ਪ੍ਰਿੰਸੀਪਲਾਂ ਨੂੰ ਪ੍ਰੀਖਿਆ ਕੰਟਰੋਲਰ ਬਣਾ ਦਿੱਤਾ ਗਿਆ ਹੋਇਆ ਸੀ। ਇਸ ਤੋਂ ਉੱਤੇ ਦੀ ਸੈਂਟਰ ਇੰਸਪੈਕਸ਼ਨਾਂ ਲਈ ਵਿਸ਼ੇਸ਼ ਉਡਣ ਦਸਤੇ ਹੁੰਦੇ। ਉਹ ਅਚਨਚੇਤ ਕਿਸੇ ਵੇਲੇ ਵੀ ਸੈਂਟਰ ਵਿੱਚ ਉੱਤਰ ਸਕਦੇ ਸਨ।
ਮੈਂ ਹਾਲ ਦੇ ਅੰਦਰ ਜਾਣ ਤੋਂ ਪਹਿਲਾਂ ਪ੍ਰੀਖਿਆਰਥੀਆਂ ਤੇ ਸੈਂਟਰ ਦੇ ਸਟਾਫ ਨੂੰ ਹਾਲ ਦੇ ਬਾਹਰ ਇਕੱਠੇ ਕਰ ਲਿਆ। ਇਸ ਆਮ ਸਭਾ ਵਿੱਚ ਸਭ ਨੂੰ ਆਪੋ ਆਪਣੀਆਂ ਜ਼ਿੰਮੇਵਾਰੀਆਂ ਤੇ ਫ਼ਰਜ਼ਾਂ ਤੋਂ ਸੁਚੇਤ ਕਰ ਦਿੱਤਾ ਅਤੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਪ੍ਰੀਖਿਆਰਥੀ ਅੰਦਰ ਜਾਣੇ ਸ਼ੁਰੂ ਹੋ ਗਏ। ਇਸ ਮੌਕੇ ਇੱਕ ਚੁਫੇਰਗੜ੍ਹੀਆ ਕਾਲਜ ਦਾ ਭੂੰਡ ਪ੍ਰੋਫੈਸਰ ਹਾਲ ਦੇ ਅੰਦਰ ਬਾਹਰ ਭਿਣ ਭਿਣ ਕਰਦਾ ਫਿਰਦਾ ਨਜ਼ਰੀਂ ਪਿਆ। ਉਹ ਕਾਫੀ ਹਰਫ਼ਲਿਆ ਹੋਇਆ ਫਿਰ ਰਿਹਾ ਸੀ। ਮੈਂਨੂੰ ਉਸ ਦੇ ਚਿਹਨ-ਚੱਕਰ ਅਜੀਬ ਜਿਹੇ ਲੱਗੇ। ਮੈਂ ਵੀ ਹਾਲ ਵਿੱਚ ਪਹੁੰਚ ਗਿਆ। ਜੀ ਐੱਚ ਜੀ ਹਰਪ੍ਰਕਾਸ਼ ਕਾਲਜ ਆਫ ਐਜੂਕੇਸ਼ਨ, ਸਿੱਧਵਾਂ ਖੁਰਦ, ਦੀ ਲੇਡੀ ਪ੍ਰੋਫੈਸਰ ਸੈਂਟਰ ਸੁਪਰਡੈਂਟ ਸੀ। ਪੇਪਰ ਖੁੱਲ੍ਹਣ ਤੋਂ ਪਹਿਲਾਂ ਉਸ ਦੇ ਦੁਆਲੇ ਖੜ੍ਹੇ ਤਿੰਨ ਖੁੱਲ੍ਹੀਆਂ ਦਾਹੜੀਆਂ ਤੇ ਸੋਹਣੀਆਂ ਪੀਲੀਆਂ ਦਸਤਾਰਾਂ ਵਾਲੇ ਮੁੰਡੇ ਕੁਝ ਕਹਿ ਰਹੇ ਸਨ। ਮੈਂਨੂੰ ਵੇਖਕੇ ਮੈਡਮ ਉਨ੍ਹਾਂ ਨੂੰ ਮੇਰੇ ਨਾਲ ਗੱਲ ਕਰਨ ਲਈ ਕਹਿ ਆਪ ਆਪਣੇ ਕੰਮ ਵਿੱਚ ਰੁੱਝ ਗਈ। ਮੈਂ ਉਨ੍ਹਾਂ ਮੁੰਡਿਆਂ ਨੂੰ ਹਾਲ ਤੋਂ ਬਾਹਰ ਇੰਤਜ਼ਾਰ ਕਰਨ ਲਈ ਕਹਿ ਮੈਡਮ ਨੂੰ ਪੁੱਛਿਆ ਕੀ ਕਹਿੰਦੇ ਸੀ। ਇੰਨੇ ਨੂੰ ਭੂੰਡ ਪ੍ਰੋਫੈਸਰ ਵੀ ਫੁਰਤੀ ਨਾਲ ਉੱਥੇ ਆ ਟਪਕਿਆ। ਉਸ ਨੂੰ ਮੈਂ ਉਸ ਦੀ ਡਿਊਟੀ ਲਾਈਨ ਵਿੱਚ ਭੇਜ ਮੈਡਮ ਨੂੰ ਫਿਰ ਪੁੱਛਿਆ। ਉਸ ਦੱਸਿਆ ਕਿ ਇੱਕ ਮੁੰਡੇ ਦੀ ਸੀਟ ਬਦਲਣ ਤੇ ਨਕਲ ਦਾ ਜੁਗਾੜ ਫਿੱਟ ਕਰਾਉਣ ਲਈ ਹੁਕਮ ਦੇ ਰਹੇ ਸਨ। ਘਬਰਾਈ ਮੈਡਮ ਨੂੰ ਹੌਸਲਾ ਦਿੰਦਿਆਂ ਮੈਂ ਕਿਹਾ ਕਿ ਮੈਂ ਇੱਥੇ ਤੁਹਾਡੇ ਕੋਲ ਜਾਂ ਬਾਹਰ ਹੀ ਹੋਵਾਂਗਾ। ਕਿਸੇ ਗੱਲੋਂ ਡਰਨਾ ਨਹੀਂ। ਇਮਤਿਹਾਨ ਦਾ ਸੰਚਾਲਣ ਪੂਰੀ ਤਕੜਾਈ, ਇਮਾਨਦਾਰੀ ਤੇ ਅਨੁਸ਼ਾਸਨ ਨਾਲ ਕਰੋ। ਮੈਂ ਤੁਹਾਡੇ ਨਾਲ ਹਾਂ। ਫਿਰ ਮੈਂ ਸੁਪਰਵਾਈਜ਼ਰਾਂ ਨੂੰ ਕਿਹਾ ਕਿ ਕਿਸੇ ਨੂੰ ਕਿਸੇ ਕਿਸਮ ਦੀ ਨਕਲ ਨਹੀਂ ਕਰਨ ਦੇਣੀ ਅਤੇ ਨਾ ਹੀ ਕੋਈ ਸੀਟ ਬਦਲੀ ਜਾਵੇ। ਨਿਯਤ ਸੀਟਿੰਗ ਪਲੈਨ ਅਨੁਸਾਰ ਹੀ ਸਾਰੇ ਪ੍ਰੀਖਿਆਰਥੀ ਬੈਠਣ।
ਬਾਹਰ ਆ ਕੇ ਮੈਂ ਉਨ੍ਹਾਂ ਨੌਜਵਾਨਾਂ ਨੂੰ ਨਾਲ ਲੈਕੇ ਦਫਤਰ ਵਿੱਚ ਚਲਾ ਗਿਆ। ਬੜੇ ਠਰ੍ਹੰਮੇ ਨਾਲ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ। ਉਨ੍ਹਾਂ ਨੇ ਖਾਲਿਸਤਾਨ ਕਮਾਂਡੋ ਗਰੁੱਪ ਦੇ ਮੁਖੀ ਵੱਲੋਂ ਪੈਡ ’ਤੇ ਲਿਖੀ ਚਿੱਠੀ ਮੇਰੇ ਅੱਗੇ ਰੱਖ ਦਿੱਤੀ। ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਜੀ ਇਹ ਚਿੱਠੀ ਪੜ੍ਹ ਲਓ। ਬਾਬਾ ਜੀ ਦਾ ਹੁਕਮ ਹੈ, ਇਸ ਮੁੰਡੇ ਨੂੰ ਪਾਸ ਕਰਾਉਣੈ। ਇਸਦੇ ਪਿੱਛੇ ਪੁਲੀਸ ਲੱਗੀ ਹੋਈ ਐ ਅਤੇ ਇਹ ਹੈ ਵੀ ਗੁਪਤਵਾਸ ਵਿੱਚ। ਅੱਜ ਅਸੀਂ ਬੜੀ ਚੌਕਸੀ ਨਾਲ ਇਹਨੂੰ ਲੁਕੋ ਕੇ ਲਿਆਏ ਹਾਂ। ਰੂਪੋਸ਼ੀ ਕਾਰਨ ਇਹ ਤਿਆਰੀ ਨਹੀਂ ਕਰ ਸਕਿਆ। ਇਸ ਨੂੰ ਪਾਸ ਕਰਾਉਣੈ। ਨਕਲ ਦੀ ਖੁੱਲ੍ਹ ਦਿੱਤੀ ਜਾਏ।
ਮੈਂ ਉਨ੍ਹਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਨਿਹਾਰਿਆ। ਉਨ੍ਹਾਂ ਵੱਲੋਂ ਫੜਾਈ ਚਿੱਠੀ ਮੁੜ ਵੇਖੀ ਤੇ ਪੜ੍ਹੀ। ਚਿੱਠੀ ਫੋਟੋ ਸਟੇਟ ਪੈਡ ’ਤੇ ਸੀ। ਪੜ੍ਹਦਾ ਪੜ੍ਹਦਾ ਮੈਂ ਇਸ ਵਾਕ ’ਤੇ ਰੁਕ ਗਿਆ, ‘ਜੇ ਨਕਲ ਨਾ ਕਰਾਈ ਤਾਂ ਤੁਹਾਨੂੰ ਸੋਧਾ ਲਾਇਆ ਜਾਏਗਾ।’ ਇਹ ਵਾਕ ਮੈਂ ਉਨ੍ਹਾਂ ਵੱਲ ਵੇਖਕੇ ਮੁੜ ਥੋੜ੍ਹੀ ਉੱਚੀ ਸੁਰ ਵਿੱਚ ਪੜ੍ਹਿਆ। ਉਨ੍ਹਾਂ ਦਿਨਾਂ ਵਿੱਚ ਖਾਲਿਸਤਾਨੀ ਜਥੇਬੰਦੀਆਂ ਦੀਆਂ ਕਈ ਕਿਸਮ ਦੀਆਂ ਚਿੱਠੀਆਂ ਸਾਨੂੰ ਮਿਲਦੀਆਂ ਹੁੰਦੀਆਂ ਸਨ। ਮੈਂ ਉਨ੍ਹਾਂ ਨੂੰ ਮੇਜ਼ ਦੇ ਦਰਾਜ਼ ਵਿੱਚ ਰੱਖ ਦਿੰਦਾ ਹੁੰਦਾ ਸੀ। ਮੈਂ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਆਈ ਇੱਕ ਚਿੱਠੀ ਦਰਾਜ ਵਿੱਚੋਂ ਕੱਢ ਕੇ ਉਨ੍ਹਾਂ ਅੱਗੇ ਰੱਖ ਦਿੱਤੀ, ਜਿਸ ਵਿੱਚ ਹੁਕਮ ਮਿਲਿਆ ਹੋਇਆ ਸੀ ਕਿ ਜਿਸ ਸੰਸਥਾ ਵਿੱਚ ਨਕਲ ਹੋਈ, ਉਸ ਦੇ ਮੁਖੀ ਨੂੰ ਸੋਧਿਆ ਜਾਏਗਾ। ਇਹ ਚਿੱਠੀ ਹੈ ਵੀ ਅਸਲ ਪੈਡ ’ਤੇ ਸੀ। ਉਨ੍ਹਾਂ ਵਿੱਚੋਂ ਇੱਕ ਨੇ ਪੜ੍ਹੀ ਤੇ ਮੁੱਛਾਂ ’ਤੇ ਹੱਥ ਫੇਰਦਾ ਬੋਲਿਆ, “ਇਉਂ ਕਿਵੇਂ ਕੋਈ ਕਰ ਸਕਦਾ ਹੈ ... ਕੋਈ ਜੁਰਅਤ ਨਹੀਂ ਕਰ ਸਕਦਾ ... ਪ੍ਰਿੰਸੀਪਲ ਸਾਹਿਬ ਅਸੀਂ ਜੁ ਹੈਗੇ ਆਂ … ਕੋਈ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦਾ ... ਨਿਡਰ ਹੋਵੋ ... ਦਲੇਰ ਖਾਲਸੇ ਬਣੋ ...।”
“ਖਾਲਸਾ ਜੀ ... ਤੁਸੀਂ ਵੀ ਹੈਗੇ ਓ ... ਤੇ ਉਹ ਵੀ ਹੈਗੇ ਨੇ … ਮੇਰਾ ਸੋਧਾ ਤਾਂ ਅਚਨਚੇਤੀ ਲੱਗ ਜਾਣਾ ਹੈ ... ਤੁਹਾਡੇ ਨਾਲ ਉਨ੍ਹਾਂ ਨੇ ਕੋਈ ਸਲਾਹ ਕਰਕੇ ਆਉਣੈ ਮੈਂਨੂੰ ਗੱਡੀ ਚੜ੍ਹਾਉਣ ਲੱਗਿਆਂ। ਤੁਹਾਨੂੰ ਤਾਂ ਪਤਾ ਉਦੋਂ ਲੱਗੂ ਜਦੋਂ ਤੁਹਾਡਾ ਇਹ ਨਿਮਾਣਾ ਸੇਵਾਦਾਰ ਗੱਡੀ ਚੜ੍ਹ ਚੁੱਕਿਆ ਹੋਣੈ …।” ਇਹ ਸਪਸ਼ਟੀਕਰਨ ਸੁਣ ਕੇ ਉਹ ਥੋੜ੍ਹਾ ਲਾਜਵਾਬ ਜਿਹੇ ਹੋ ਕੇ ਨੀਵੀਂਆਂ ਪਾ ਗਏ। ਇੱਕ ਦੂਜੇ ਵੱਲ ਦੇਖਣ ਲੱਗ ਪਏ।
ਜਦੋਂ ਉਹ ਉੱਠ ਕੇ ਜਾਣ ਲੱਗੇ, ਮੈਂ ਫਿਰ ਬਿਠਾ ਲਿਆ, “ਵੇਖੋ ਮੇਰੇ ਅਜ਼ੀਜ਼ ਖਾਲਸਾ ਜੀ! ਮੈਂਨੂੰ ਹੁਣ ਸਾਫ ਹੀ ਨਜ਼ਰ ਆਉਣ ਲੱਗ ਪਿਆ ਹੈ … ਮੇਰਾ ਤਾਂ ਸੋਧਾ ਲੱਗਣਾ ਹੀ ਲੱਗਣੈ। ਚਾਹੇ ਤੁਹਾਡੇ ਵੱਲੋਂ ਲੱਗੇ ... ਚਾਹੇ ਬੱਬਰਾਂ ਵੱਲੋਂ ਲੱਗੇ। ਮੈਂ ਸੋਚ ਲਿਐ … ਜੇ ਮਰਨਾ ਈ ਏ ਤਾਂ ਨਕਲ ਕਰਾਉਂਦਾ ਨਾ ਮਰਾਂ ... ਨਕਲ ਰੋਕਦਾ ਮਰਾਂ। ਘੱਟ ਤੋਂ ਘੱਟ ਆਪਣੇ ਕਰਮ-ਧਰਮ ’ਤੇ ਪਹਿਰਾ ਦਿੰਦਾ ਤਾਂ ਮਰਾਂ … ਇਸ ਲਈ ਸਾਡੇ ਕੋਲੋਂ ਨਕਲ ਦੀ ਆਸ ਨਾ ਕਰਿਓ …।”
ਮੈਂ ਥੋੜ੍ਹਾ ਰੁਕਿਆ ਤੇ ਫਿਰ ਬੋਲਿਆ, “ਮੇਰਿਓ! ਬੀਬਿਓ ਵੀਰੋ! ਤੁਸੀਂ ਸਿੱਖ ਕੌਮ ਦੀ ਆਜ਼ਾਦੀ ਲਈ ਲੜ ਰਹੇ ਓ। ਜਾਨਾਂ ਤਲ਼ੀ ’ਤੇ ਰੱਖੀ ਫਿਰਦੇ ਹੋ। ਜਾਨਾਂ ਨਿਛਾਵਰ ਕਰਨ ਲਈ ਤਿਆਰ-ਬਰ-ਤਿਆਰ ਹੋ। ਤੁਹਾਡੇ ਕੋਲ ਕਰਨ ਵਾਲੇ ਕੰਮ ਤਾਂ ਹੋਰ ਬੜੇ ਹਨ। ਕਿਸੇ ਨੂੰ ਇਮਤਿਹਾਨ ਵਿੱਚ ਪਾਸ ਕਰਾਉਣ ਨਾਲੋਂ ਕਿਤੇ ਵੱਡੇ ਅਹਿਮ ਕੰਮ ਹਨ। ਤੁਹਾਨੂੰ ਤਾਂ ਆਪਣੀ ਜਾਨ ਦਾ ਭਰੋਸਾ ਨਹੀਂ। ਤੁਹਾਡੇ ਲਈ ਇਹ ਦੁਨਿਆਵੀ ਜਿਹੇ ਇਮਤਿਹਾਨ ਪਾਸ ਕਰਕੇ ਡਿਗਰੀਆਂ ਲੈਣੀਆਂ ਤੁੱਛ ਜਿਹੀਆਂ ਗੱਲਾਂ ਨੇ। ਤੁਹਾਡਾ ਕਾਜ਼ ਤਾਂ ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ ਵਾਲਾ ਹੈ, ਜਿੱਥੇ ਸੱਚੇ-ਸੁੱਚੇ, ਨਿਆਇਕ ਅਸੂਲਾਂ ਦਾ ਬੋਲ-ਬਾਲਾ ਹੋਵੇ। ਮੈਂ ਤਾਂ ਪਹਿਲਾਂ ਹੀ ਇਸ ’ਤੇ ਪਹਿਰਾ ਦੇ ਰਿਹਾ ਹਾਂ। ਨਕਲ ਕੋਹੜ ਵਰਗੇ ਘਟੀਆ ਜਿਹੇ ਕੰਮ ਲਈ ਗੱਡੀ ਚਾੜ੍ਹਨਾ ਜਾਂ ਚੜ੍ਹਾਉਣ ਤੁਹਾਨੂੰ ਸੋਭਾ ਨਹੀਂ ਦਿੰਦਾ। ਨਕਲ ਵਰਗੇ ਕੰਮ ਤਾਂ ਸ਼ੋਹਦੇ ਤੇ ਕਮੀਨੇ ਲੋਕ ਕਰਦੇ ਫਿਰਦੇ ਨੇ … ਸੂਰਮੇ ਨਹੀਂ।” ਆਵੇਗ ਵਿੱਚ ਹੋਰ ਵੀ ਇੱਦਾਂ ਦਾ ਬੜਾ ਕੁਝ ਮੈਂ ਬੋਲ ਗਿਆ। ਫਿਰ ਮੈਂ ਕਿਹਾ, “ਜੇ ਤੁਸੀਂ ਸੱਚੇ ਹੋ ਤਾਂ ਸਤੰਬਰ ਦਾ ਇਮਤਿਹਾਨ ਕਿਹੜਾ ਦੂਰ ਐ ... ਇੱਕ ਮਹੀਨਾ ਪਹਿਲਾਂ ਆ ਜਾਣਾ। ਮੈਂਨੂੰ ਬੀ.ਐੱਡ. ਪੜ੍ਹਾਉਣ ਤੇ ਇਮਤਿਹਾਨੀ ਸਿਸਟਮ ਦਾ ਲੰਮਾ ਤੇ ਡੂੰਘਾ ਤਜਰਬਾ ਹੈ ... ਮੈਂ ਤੁਹਾਨੂੰ ਹਰ ਪਰਚੇ ਦੇ ਕੇਵਲ ਦਸ ਦਸ ਸਵਾਲ ਦਿਆਂਗਾ ... ਨਾਲ ਹੀ ਉਨ੍ਹਾਂ ਦੇ ਸੰਖੇਪ ਨੋਟਸ ਵੀ ਦਿਆਂਗਾ ... ਜੇ ਨਾ ਪਾਸ ਹੋਏ ਤਾਂ ਫਿਰ ਉਲਾਮ੍ਹਾ ਦੇਣਾ।” ਇੰਨੀਆਂ ਗੱਲਾਂ ਸੁਣ ਉਹ ਪਚੀ ਜਿਹੇ ਹੋਏ ਜਾਪੇ। ਤੁਰੰਤ ਫਤਿਹ ਬੁਲਾ ਤੁਰ ਗਏ ਅਤੇ ਮੈਂ ਸੈਂਟਰ ਵੱਲ ਚੱਕਰ ਮਾਰਨ ਵਾਸਤੇ ਨਿਕਲ ਪਿਆ।
ਉਨ੍ਹਾਂ ਦੇ ਬੰਦੇ ਨੂੰ ਵੀ ਕੋਈ ਨਕਲ ਮਸਾਲਾ ਨਾ ਮਿਲਿਆ। ਨਾ ਹੀ ਕਿਸੇ ਨੇ ਕੋਈ ਪਰਚੀ ਕੱਢਣ ਦਿੱਤੀ। ਉਸ ਵਿਸ਼ੇਸ਼ ਸਿੰਘ ਦੀ ਸੀਟ ਪ੍ਰਾਈਵੇਟ ਪ੍ਰੀਖਿਆਰਥੀਆਂ ਦੇ ਰੋਲ ਨੰਬਰਾਂ ਵਿੱਚ ਅੱਗੇ, ਐੱਨ ਸੁਪਰਡੈਂਟ ਦੇ ਟੇਬਲ ਕੋਲ ਹੀ ਸੀ। ਉਹ ਮਸੀਂ ਚਾਲੀ ਕੁ ਮਿੰਟ ਬੇਆਰਾਮੀ ਜਿਹੀ ਵਿੱਚ ਉੱਸਲਵਟੇ ਲੈਂਦਾ ਬੈਠਾ ਰਿਹਾ ਹੈ। ਮੇਰੇ ਵੱਲ ਕੌੜਾ ਜਿਹਾ ਝਾਕਦਾ, ਖਾਲੀ ਪਰਚਾ ਦੇ ਕੇ ਉੱਠ ਗਿਆ।
ਪੇਪਰ ਖ਼ਤਮ ਹੋਣ ’ਤੇ ਚੋਰ ਦੀ ਦਾੜ੍ਹੀ ਵਿੱਚ ਤਿਣਕੇ ਦੀ ਕਹਾਵਤ ਵਾਂਗ ਮੁਜਰਮੀ ਚੇਤਨਤਾ ਵਿੱਚ ਡੁੱਬਾ ਸ਼ਰਮਿੰਦਾ ਹੋਇਆ ਹੈ ਉਹ ਚੁਫੇਰਗੜ੍ਹੀਆ ਵੀ ਮੇਰੇ ਕੋਲ ਪੈਰ ਮਲਦਾ ਆ ਖਲੋਤਾ ਤੇ ਕਹਿੰਦਾ, “ਪ੍ਰਿੰਸੀਪਲ ਸਾਹਿਬ, ਇਹ ਕੱਲ੍ਹ ਦੇ ਹੀ ਮੇਰੇ ਦੁਆਲੇ ਹੋਏ ਫਿਰਦੇ ਸੀ … ਚੰਗਾ ਕੀਤਾ ਜੇ ... ਉਨ੍ਹਾਂ ਨੂੰ ... ਡੱਕਰ ਦਿੱਤਾ ਜੇ … ਇਹ ਮੁੰਡਾ ਮੋਗੇ ਕਾਲਜ ਦਾ ਫੇਲ ਵਿਦਿਆਰਥੀ ਸੀ … ਇਹ ਸਾਰੇ ਹੀ ਰੋਡਿਆਂ ਪਾਸੇ ਦੇ ਮੇਰੇ ਪਿੰਡ ਦੇ ਲਾਗਲੇ ਪਿੰਡਾਂ ਦੇ ਨੇ …।”
ਮੈਂ ਕਿਹਾ, “ਭਲਿਆ ਲੋਕਾ ... ਆਪਣੀ ਭਾਈਬੰਦੀ ਨਿਭਾਉਂਦਿਆਂ ... ਕੋਹੜਿਆ ਮੇਰਾ ਤਾਂ ਸੋਧਾ ਲਵਾ ਦੇਣ ਲੱਗਾ ਸੈਂ ਨਾ … ਤੂੰ ਮੈਂਨੂੰ ਸਵੇਰੇ ਈ ਪਹਿਲਾਂ ਸੂਚਿਤ ਕਰਨਾ ਸੀ … ਤੂੰ ਕਿਹੜੇ ਵਖ਼ਤ ਵਿੱਚ ਪੈ ਗਿਆ … ਐਵੇਂ ਇੱਧਰ ਉੱਧਰ ਹਰਫਲਿਆ ਵਾਂਗ ਭੱਜਾ ਫਿਰ ਰਿਹਾ ਸੀ ... ਮੈਂ ਕੋਈ ਹੋਰ ਚੰਗਾ ਪ੍ਰਬੰਧ ਕਰ ਲੈਂਦਾ … ਨਾਲੇ ਉਹ ਤਾਂ ਕਹਿੰਦੇ ਸੀ ਉਹਨੇ ... (ਨਾਂ ਲੈ ਕੇ) ... ਸਾਨੂੰ ਪੂਰਾ ਵਿਸ਼ਵਾਸ ਦੁਆਇਆ ਸੀ ... ਕੋਈ ਗੱਲ ਈ ਨਹੀਂ ... ਤੁਸੀਂ ਬੇਫਿਕਰ ਰਹੋ ... ਤੁਹਾਡਾ ਕੰਮ ਹੋ ਜਾਏਗਾ।” ਮੈਂ ਉਸ ਦੇ ਦੋਗਲੇਪਨ ਤੇ ਫਰੇਬ ਨੂੰ ਉਸ ਦੇ ਮੂੰਹ ’ਤੇ ਹੀ ਕੱਢ ਮਾਰਿਆ ਤੇ ਕਿਹਾ, “ਅੱਗੇ ਤੋਂ ਭਾਈ ਦੋਗਲੀ ਕੌਡੀ ਨਾ ਖੇਡੀਂ।”
ਅੱਸੀਵਿਆਂ ਦੇ ਕਾਲੇ ਤੱਤੇ ਦੌਰ ਵਿੱਚ ਸਮਾਜ ਵਿਰੋਧੀ ਅਨਸਰਾਂ (ਨਕਚੂਆਂ) ਨੇ ਵਿੱਦਿਅਕ ਅਦਾਰਿਆਂ ਵਿੱਚ ਡਰਾਵੇ ਦੇ ਕੇ ਪ੍ਰੀਖਿਆ ਪ੍ਰਣਾਲੀ ਦਾ ਚੰਗਾ ਚੀਰਹਰਨ ਕੀਤਾ। ਇੱਕ ਸਾਲ ਤਾਂ ਆਰਮੀ ਦੇ ਪਹਿਰੇ ਹੇਠ ਇਮਤਿਹਾਨ ਕਰਵਾਏ ਗਏ ਸਨ। “ਮੈਂ ਤਾਂ ਸੋਧਿਆ ਈ ਜਾਣਾ ਹੈ, ਕਿਉਂ ਨਾ ਨਕਲ ਰੋਕਦਾ ਸੋਧਿਆ ਜਾਵਾਂ।” ਇਨ੍ਹਾਂ ਸ਼ਬਦਾਂ ਨਾਲ ਵਿਖਾਈ ਦ੍ਰਿੜ੍ਹਤਾ ਕਾਰਗਰ ਸਿੱਧ ਹੋਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2185)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)