“40-50 ਕਰੋੜ ਸਾਧਨ ਵਿਹੂਣੇ ਸਿਰਜਣਹਾਰਿਆਂ ਦੀਆਂ ਸਿਸਕੀਆਂ ...”
(27 ਮਈ 2020)
ਕੋਰੋਨਾ-19 ਕਹਿਰ ਵੱਡੇ ਇਤਿਹਾਸਕ ਸੰਕਟਾਂ ਨਾਲ ਡਿੱਕ ਰਿਹਾ ਹੈ। ਵੱਡੀ ਜੰਗ ਵਰਗੇ। ਨਿਰਾ ਡਿੱਕ ਹੀ ਨਹੀਂ ਰਿਹਾ, ਸਗੋਂ ਉਨ੍ਹਾਂ ਤੋਂ ਵੀ ਵੱਡੀਆਂ ਚੁਣੌਤੀਆਂ ਦੇ ਚਰਚੇ ਛੇੜੀ ਬੈਠਾ ਹੈ। ਸਰਕਾਰਾਂ, ਵਿਗਿਆਨੀਆਂ, ਚਿੰਤਕਾਂ, ਲੇਖਕਾਂ, ਪੱਤਰਕਾਰਾਂ, ਵਿਸ਼ਲੇਸ਼ਕਾਂ ਦਰਮਿਆਨ ਭਖ਼ਵੇਂ ਤਬਸਰੇ ਹੋ ਰਹੇ ਹਨ। ਸੰਕਟਾਂ ਦੇ ਕਾਰਨਾਂ ਅਤੇ ਸਿੱਟਿਆਂ ਨੂੰ ਤੋਲਿਆ ਮਿਣਿਆ ਜਾ ਰਿਹਾ ਹੈ। ਸੰਕਟ ਉੱਤੇ ਕਾਬੂ ਪਾਉਣ ਦੇ ਹੱਲ, ਦਵਾ-ਦਾਰੂਆਂ ਦੀਆਂ ਖੋਜਾਂ ਹੋ ਰਹੀਆਂ ਹਨ। ਖੋਜਾਰਥੀ ਦਿਨ ਰਾਤ ਸਿਧਾਂਤ, ਪ੍ਰਤੀਸਿਧਾਂਤ ਪੇਸ਼ ਕਰਕੇ ਪਹਿਲੇ ਨਾਲੋਂ ਬਿਹਤਰ ਤੇ ਉੱਚ ਪੱਧਰੇ ਸੰਯੋਜਨ ’ਤੇ ਪਹੁੰਚਣ ਵਾਸਤੇ ਤਜਰਬੇ ਕਰ ਰਹੇ ਹਨ। ਵਿਗਿਆਨੀਆਂ ਇਸ ਕਹਿਰ ’ਤੇ ਕਾਬੂ ਪਾਉਣ ਲਈ ਦ੍ਰਿੜ੍ਹ ਸੰਕਲਪ ਹੈ। ਮਨੁੱਖ ਨੇ ਪਹਿਲੇ ਸੰਕਟਾਂ ਨਾਲ ਨਿਪਟਣ ਦੇ ਰਾਹ ਕੱਢੇ ਲਏ ਸਨ। ਪਰ ਜੇ ਪੇਟੈਂਟ ਦਵਾਈ ਨਾ ਵੀ ਲੱਭੀ, ਤਾਂ ਵੀ ਪਹਿਲੀਆਂ ਮਹਾਂਮਾਰੀਆਂ ਵਾਂਗ ਇਸ ਨਾਲ ਜਿਊਣ ਦੇ ਢੰਗ ਤਰੀਕੇ ਜ਼ਰੂਰ ਪੇਸ਼ ਕਰਨਗੇ।
ਨਾਲ ਹੀ ਇਤਿਹਾਸਕ ਮਹਾਂਮਾਰੀਆਂ, ਜੰਗਾਂ, ਯੁੱਧਾਂ ਦੇ ਪੂਰਵ ਉੱਤਰ ਹਾਲਾਤ ਨੂੰ ਵੀ ਡੂੰਘਾਈ ਨਾਲ ਮੁੜ ਘੋਖਿਆ, ਵਿਚਾਰਿਆ ਜਾ ਰਿਹਾ ਹੈ। ਉਹ ਸੰਕਟ ਕਿਹੜੇ ਹਾਲਾਤ ਵਿੱਚ ਅਤੇ ਕਿਉਂ ਤੇ ਕਿਵੇਂ ਪੈਦਾ ਹੋਏ। ਬਿਹਤਰ ਜ਼ਿੰਦਗੀ ਜਿਊਣ ਵਾਸਤੇ ਇਹੋ ਜਿਹੀਆਂ ਮਨੁੱਖੀ ਆਫਤਾਂ ਦੇ ਸਦੀਵੀ ਹੱਲ, ਵਿਗੜੀਆਂ ਸਥਿਤੀਆਂ ਨੂੰ ਸੋਧਣ, ਸੁਧਾਰਨ ਦੇ ਸਾਧਨ ਭਾਲਣ ਲਈ ਜੜ੍ਹਾਂ ਤਕ ਸਮੀਖਿਆ ਕੀਤੀ ਜਾ ਰਹੀ ਹੈ। ਪਰ ਇੱਕ ਆਵਾਜ਼ ਬੜੀ ਹੀ ਉੱਚੀ ਸੁਰ ਵਿੱਚ ਗੂੰਜ ਰਹੀ ਹੈ। ‘ਹਰ ਆਲਮੀ ਸੰਕਟ ਪਿੱਛੋਂ, ਸਰਕਾਰੀ ਤੰਤਰ ਤੇ ਸਮਾਜਿਕ ਤਾਣੇ-ਬਾਣੇ ਪਹਿਲਾਂ ਵਰਗੇ ਨਹੀਂ ਰਹਿੰਦੇ।’ ਇਤਿਹਾਸ ’ਤੇ ਝਾਤੀ ਮਾਰੋ। ਵੱਡੀਆਂ ਆਲਮੀ ਜੰਗਾਂ, ਮਹਾਂ ਆਰਥਿਕ ਮੰਦੀਆਂ, ਕੁਦਰਤੀ ਸੁਨਾਮੀਆਂ, ਭੁਚਾਲਾਂ ਅਤੇ ਆਫਤਾਂ ਨੇ ਹਰ ਦੇਸ਼ ਦੀਆਂ ਵਿਚਾਰਧਾਰਕ ਦਿਸ਼ਾਵਾਂ, ਸਿਆਸੀ, ਸਮਾਜਿਕ, ਸਭਿਆਚਾਰਕ ਤੇ ਭੂਗੋਲਿਕ ਸੰਰਚਨਾਵਾਂ ਵਿੱਚ ਉੱਥਲ-ਪੁੱਥਲ ਕਰ ਦਿੱਤੀ ਸੀ। ਵਰਲਡ ਵਾਰ ਨੂੰ ਹੀ ਵੇਖ ਲਵੋ। ਜਰਮਨੀ ਵਿੱਚ ਬਾਦਸ਼ਾਹਤ ਖਤਮ ਹੋਈ। ਉਹ 1918 ਵਿੱਚ ਗਣਰਾਜ ਬਣ ਗਿਆ। ਰੂਸੀ ਜ਼ਾਰਸ਼ਾਹੀ ਦਾ ਬਿਸਤਰਾ ਵਲੇਟਿਆ ਗਿਆ। ਅਕਤੂਬਰ ਇਨਕਲਾਬ (1917) ਨਾਲ ਯੂਨੀਅਨ ਆਫ ਸੋਵੀਅਤ ਰਸ਼ੀਆ ਹੋਂਦ ਵਿੱਚ ਆ ਗਿਆ। ਏਸ਼ੀਆ ਅਤੇ ਅਫਰੀਕਾ ਵਿੱਚ ਸੁਤੰਤਰਤਾ ਲਹਿਰਾਂ ਜ਼ੋਰ ਫੜ ਗਈਆਂ। ਕੌਮਾਂਤਰੀ ਲੀਗ ਆਫ ਨੇਸ਼ਨਜ਼ ਹੋਂਦ ਵਿੱਚ ਆ ਗਈ। ਪਰ ਵਰਸੇਲਜ਼ ਦੇ ਕਰੜੇ ਸਮਝੌਤੇ ਦੂਜੇ ਵਿਸ਼ਵ ਯੁੱਧ ਦਾ ਕਾਰਨ ਵੀ ਬਣੇ। ਸਾਮਰਾਜਵਾਦ ਤੇ ਫਾਸ਼ੀਵਾਦ ਦੀਆਂ ਨੀਹਾਂ ਹਿੱਲ ਗਈਆਂ। ਆਜ਼ਾਦੀ ਲਹਿਰਾਂ ਅੱਗੇ ਵਧੀਆਂ।
ਪਰ ਇਤਿਹਾਸ ਸਿੱਧੀ ਲੀਹੇ ਵੀ ਨਹੀਂ ਚੱਲਦਾ। ਸਾਮਰਾਜ ਨੇ ਨਵਬਸਤੀਵਾਦੀ, ਉਦਾਰਵਾਦੀ ਮਖੌਟੇ ਪਾ ਮੁੜ ਉਹੋ ਚਾਲੇ ਫੜ ਲਏ। ਉਹੋ ਹੀ ਆਸ਼ੇ, ਉਹੋ ਹੀ ਮਨਸ਼ੇ। ਪੱਛਮੀ ਜਰਮਨੀ ਤੇ ਪੂਰਬੀ ਜਰਮਨ ਦੋ ਵੱਡੇ ਸ਼ਕਤੀਸ਼ਾਲੀ ਬਲਾਕਾਂ ਵਿੱਚ ਵੰਡਿਆ ਗਿਆ। ਕੋਲਡ ਵਾਰ ਦਾ ਘੜਮੱਸ ਛਿੜ ਪਿਆ। ਯੂ.ਐੱਨ.ਓ. 1945 ਵਿੱਚ ਸਥਾਪਤ ਹੋ ਗਈ। ਪਰ ਵੱਡੀਆਂ ਤਾਕਤਾਂ ਦੇ ਵੀਟੋ ਅਧਿਕਾਰ ਨੇ ਸਾਮਰਾਜੀ ਤੇ ਸਾਮਵਾਦੀ ਟੱਕਰ ਜਾਰੀ ਰੱਖੀ। ਪਛੜੇ ਅਵਿਕਸਤ ਦੇਸ਼ਾਂ ਦੀਆਂ ਮੰਡੀਆਂ ਉੱਤੇ ਆਪਣੇ ਰਸੂਖ਼ ਜਮਾਉਣ ਲਈ ਦੋਵੇਂ ਬਲਾਕਾਂ ਦੀ ਖਿੱਚੋਤਾਣ ਵਧ ਗਈ। ਹਰ ਦੇਸ਼ ਦੀਆਂ ਸਥਾਨਕ ਪ੍ਰਗਤੀਸ਼ਾਲੀ ਲਹਿਰਾਂ ਵੀ ਜ਼ੋਰ ਫੜਨ ਲੱਗ ਪਈਆਂ। ਸੋਵੀਅਤ ਯੂਨੀਅਨ ਦਾ ਪ੍ਰਭਾਵ ਹਰ ਦੇਸ਼ ਦੀ ਮਜ਼ਦੂਰ ਤੇ ਕਿਸਾਨੀ ਜਮਾਤਾਂ ਨੇ ਕਬੂਲਿਆ। ਲਾਂਗ ਮਾਰਚ ਪਿੱਛੋਂ ਮਾਉਜ਼ੇ ਤੁੰਗ ਦੀ ਵਿਚਾਰ ਧਾਰਾ ਦਾ ਪ੍ਰਭਾਵ ਫੈਲਣਾ ਸ਼ੁਰੂ ਹੋ ਗਿਆ। ਏਸ਼ੀਅਨ ਮਹਾਂਦੀਪ ਵਿੱਚ ਪੀਪਲਜ਼ ਰਿਪਬਲਿਕ ਆਫ ਚਾਇਨਾ ਨੇ ਪਛੜੇ ਦੇਸ਼ਾਂ ਵਾਸਤੇ ਇੱਕ ਰੋਲ ਮਾਡਲ ਵੀ ਤੇ ਵਿਕਾਸ ਸਾਧਨਾਂ ਦੀ ਢਾਲ ਅਤੇ ਢੋਈ ਵੀ ਬਣ ਗਿਆ। ਵੀਤਨਾਮ ਵਰਗੇ ਛੋਟੇ ਜਿਹੇ ਦੇਸ਼ ਨੇ ਅਮਰੀਕੀ ਸਾਮਰਾਜ ਵਿਰੁੱਧ 20 ਸਾਲ ਯੁੱਧ ਲੜਿਆ। ਲੋਕਾਂ ਨੇ ਵਰ੍ਹਦੇ ਬੰਬਾਂ ਵਿੱਚ ਮੋਢਾ ਵਹਿੰਗੀਆਂ ਦੁਆਰਾ ਫਰੰਟ ’ਤੇ ਲੜਦੇ ਸੂਰਮਿਆਂ ਵਾਸਤੇ ਪੂਰਤੀ ਲਾਈਨਾਂ ਕਾਇਮ ਰੱਖੀਆਂ। ਅਮਰੀਕੀ ਫੌਜ ਨੇ ਨਪਾਮ ਬੰਬਾਂ ਦੀ ਵਰਤੋਂ ਵੀ ਕੀਤੀ। ਆਖਿਰ ਉਸ ਨੂੰ ਸੈਗੋਨ ਵਿੱਚੋਂ ਹੈਲੀਕਾਪਟਰਾਂ ਰਾਹੀਂ ਭੱਜਣਾ ਪਿਆ। ਇਹ ਕ੍ਰਿਸ਼ਮਾ ਲੋਕ ਸ਼ਕਤੀ ਦਾ ਸੀ। ਉੱਧਰ ਵੀਅਤਨਾਮ ਅਤੇ ਉੱਤਰ ਕੋਰੀਆ ਨੇ ਸਿੱਧੇ ਹੀ ਚੀਨ ਦੇ ਮਾਡਲ ’ਤੇ ਚੱਲਦਿਆਂ ਬੜੀ ਤੇਜ਼ੀ ਨਾਲ ਕਿਰਤੀ ਤੇ ਗਰੀਬ ਵਰਗਾਂ ਵਾਸਤੇ ਸਿੱਖਿਆ, ਸਿਹਤ, ਸੁਰੱਖਿਆ, ਸੰਚਾਰ ਵਿੱਚ ਇਨਕਲਾਬੀ ਪ੍ਰੀਵਰਤਨ ਲੈ ਆਂਦੇ ਜੋ ਆਲਮ ਭਰ ਦੇ ਮਿਹਨਤਕਸ਼ ਗਰੀਬ ਵਰਗਾਂ ਦੇ ਰਾਹ ਦਸੇਰੇ ਬਣ ਗਏ। ਸਾਮਵਾਦੀ ਲਾਲ ਸਿਤਾਰਾ ਦਮਕਣ ਲੱਗ ਪਿਆ। ਜਨਤਕ ਸੇਵਾਵਾਂ ਵਿੱਚ ਬਿਹਤਰੀ ਅਤੇ ਭਲਾਈ ਵਿੱਚ ਓੜਕਾਂ ਦਾ ਵਾਧਾ ਹੋਇਆ। ਸਾਮਰਾਜੀ ਮਹਾਂ ਸ਼ਕਤੀ ਦੀ ਬਗਲ ਵਿੱਚ ਹੀ ਛੋਟਾ ਜਿਹਾ ਕਿਊਬਾ ਸਮਾਜਵਾਦੀ ਲੀਹਾਂ ’ਤੇ ਚੱਲ ਪਿਆ। ਉਹਨੇ ਸਿਹਤ, ਸਿੱਖਿਆ ਅਤੇ ਪੌਸ਼ਟਿਕ ਖੁਰਾਕ ਮੁਹਈਆ ਕਰਨੀ ਮੌਲਿਕ ਅਧਿਕਾਰ ਬਣਾ ਦੇਸ਼ ਨੂੰ ਉਨਤੀ ਦੇ ਰਾਹ ਪਾਇਆ। ਛਾਉਣੀਆਂ ਨੂੰ ਮੈਡੀਕਲ ਅਤੇ ਸਿੱਖਿਆ ਕੇਂਦਰਾਂ ਵਿੱਚ ਬਦਲ ਦਿੱਤਾ। ਕੌਮਾਂਤਰੀ ਪੱਧਰ ਤੇ ਆਰਮਾਮੈਂਟ ਦੀ ਥਾਂ ’ਤੇ ਮੈਡੀਕਲ ਡਿਪਲੋਮੇਸੀ ਰਾਹੀਂ ਸੁਰੱਖਿਅਤ ਤੇ ਸਿਹਤਮੰਦ ਦੇਸ਼ ਬਣ ਗਿਆ। ਅੱਜ ਉਸ ਕੋਲ ਪ੍ਰਤੀ ਹਜ਼ਾਰ ਦੇ 8 ਡਾਕਟਰ ਹਨ। ਦੁਨੀਆਂ ਵਿੱਚ ਸਭ ਤੋਂ ਉੱਪਰ। ਭਾਰਤ ਕੋਲ ਪੂਰਾ ਇੱਕ ਵੀ ਨਹੀਂ (0.8)। ਅੱਜ ਕਰੋਨਾ ਕਹਿਰ ਦੌਰਾਨ ਉਹ ਪੀੜਤ ਮੁਲਕਾਂ ਨੂੰ ਡਾਕਟਰੀ ਸਾਜ਼ੋ ਸਾਮਾਨ ਸਮੇਤ ਅਮਲੇ ਦੇ ਸਹਾਇਤਾ ਦੇਣ ਦੇ ਐਲਾਨ ਕਰ ਰਿਹਾ ਹੈ ਜਦੋਂ ਕਿ ਸਾਮਰਾਜੀ ਸ਼ਕਤੀ ਯੂ.ਐੱਸ. ਖੁਦ ਹੀ ਇਸ ਅੱਗੇ ਬੇਵੱਸ ਪ੍ਰਤੀਤ ਹੋ ਰਿਹਾ ਹੈ।
ਪਹਿਲੀ ਜੰਗ ਬਾਅਦ ਰੂਸ ਵਿੱਚ ਜ਼ਾਰਸ਼ਾਹੀ ਦੀ ਥਾਂ ’ਤੇ ਲੈਨਿਨ ਦੀ ਅਗਵਾਈ ਵਿੱਚ ਸਮਾਜਵਾਦੀ ਯੁਗ ਆਰੰਭ ਹੋਇਆ। ਇਸ ਵਿੱਚ ‘ਹਰ ਕੋਲੋਂ ਉਸ ਦੀ ਯੋਗਤਾ ਅਨੁਸਾਰ, ਹਰ ਇੱਕ ਨੂੰ ਉਸ ਦੀ ਦੇਣ ਅਨੁਸਾਰ’ ’ਤੇ ਅਮਲ ਸ਼ੁਰੂ ਹੋਇਆ। ਇਸਦੀ ਅਗਲੀ ਅਵਸਥਾ ਸੀ ਸਾਮਵਾਦ ਜਿੱਥੇ ‘ਹਰ ਇੱਕ ਕੋਲੋਂ ਉਸ ਦੀ ਸਮਰੱਥਾ ਅਨੁਸਾਰ, ਹਰ ਇੱਕ ਨੂੰ ਉਸ ਦੀ ਲੋੜ ਅਨੁਸਾਰ’ ਲਾਗੂ ਹੋਣਾ ਸੀ। ਪਰ ਲੀਡਰਸ਼ਿੱਪ ਕੋਲੋਂ ਸਮਾਜਵਾਦੀ ਤੰਤਰ ਮਜ਼ਬੂਤ ਨਾ ਹੋਇਆ ਤੇ ਸੋਵੀਅਤ ਯੂਨੀਅਨ ਢਹਿ ਢੇਰੀ ਹੋ ਗਿਆ। ਪਿੱਛੋਂ ਪੂਤਿਨਸ਼ਾਹੀ ਦੇ 20 ਸਾਲੇ ਰਾਜ ਵਿੱਚ ਸਮਾਜਵਾਦੀ ਸਕੀਮਾਂ ਬਿਨਾਂ ਕੰਮ ਨਾ ਚੱਲਿਆ। ਉਸ ਨੇ ਕਾਰਪੋਰੇਟਾਂ ’ਤੇ ਸ਼ਿਕੰਜਾ ਕੱਸਿਆ ਅਤੇ ਵਿੱਦਿਅਕ ਪ੍ਰਬੰਧ, ਸਿਹਤ ਸੇਵਾਵਾਂ, ਲੋਕ ਵਸੇਬੇ ਤੇ ਖੇਤੀ ਮਸਲਿਆਂ ਲਈ ਕੌਮੀ ਤਰਜੀਹ ਯੋਜਨਾਵਾਂ ਅਰੰਭ ਦਿੱਤੀਆਂ। ਬੁਢੇਪਾ ਪੈਨਸ਼ਨਾਂ ਤੇ ਸਿਹਤ ਸਹੂਲਤਾਂ ਵਿੱਚ ਵੱਡੇ ਵਾਧੇ ਕਰ ਦਿੱਤੇ, ਜਿਸ ਕਰਕੇ ਉਸਦੀ ਰਾਜ ਸ਼ਕਤੀ ਕਾਇਮ ਹੈ। ਕੋਰੋਨਾ ਕਹਿਰ ਰੂਸ ਵਿੱਚ ਬਹੁਤੀ ਮਾਰ ਨਹੀਂ ਮਾਰ ਸਕਿਆ।
ਅੱਜ ਇੱਥੇ ਭਾਰਤ ਵਿੱਚ ਲਾਕਡਾਊਨ, ਕਰਫਿਊ, ਕੰਮ ਬੰਦ। ਦਿਹਾੜੀਦਾਰ ਕਾਮਿਆਂ ਦੇ ਪੀਪੇ ਖਾਲੀ। ਅੰਦਰੀਂ ਡੱਕੀ ਵਿਲਕਦੀ ਕਾਮਾ ਸ਼ਕਤੀ। ਕੋਰੋਨਾ ਕਹਿਰ ਦੇ ਬੱਦਲਾਂ ਹੇਠ ਲਾਕਡਾਊਨ ਪੀੜਤ 40-50 ਕਰੋੜ ਸਾਧਨ ਵਿਹੂਣੇ ਸਿਰਜਣਹਾਰਿਆਂ ਦੀਆਂ ਸਿਸਕੀਆਂ ਮਹਿਸੂਸੀਆਂ ਜਾ ਸਕਦੀਆਂ ਹਨ। ਉਨ੍ਹਾਂ ਉੱਤੇ ਕਿਆਮਤ ਦੇ ਬੱਦਲ ਛਾਏ ਹੋਏ ਨੇ। ਅਫ਼ਰਾ-ਤਫ਼ਰੀ ਵਧੀ ਹੋਈ ਹੈ। ਕਿਰਤੀ ਭੁੱਖ ਦੇ ਮਾਰੇ ਪਿੱਤਰੀ ਸੂਬਿਆਂ ਵੱਲ ਉੱਠ ਤੁਰੇ, ਲਾਂਗ ਮਾਰਚਾਂ ਦੇ ਰੂਪ ਵਿੱਚ। ਮਰ ਵੀ ਰਹੇ ਹਨ। ਧੱਕੇ ਵੀ ਖਾ ਰਹੇ ਹਨ। ਦੇਸ਼ ਦੀ ਚਾਣਕਿਆ ਨੀਤੀ ਲੋਕਾਂ ਦਾ ਢਿੱਡ ਨਹੀਂ ਭਰ ਸਕੀ। ਨਿਰੋਲ ਗੱਲਾਂ ਦੇ ਕੜਾਹ, ਗੁਤਾਵੇ ਹਰ ਦੂਜੇ ਦਿਨ ਪਰੋਸੇ ਜਾ ਰਹੇ ਹਨ। ‘ਸਭ ਕਾ ਸਾਥ, ਸਭ ਕਾ ਵਿਕਾਸ’, ‘ਵੋਕਲ ਇੰਡੀਆ, ਲੋਕਲ ਇੰਡੀਆ, ਗਲੋਬਲ ਇੰਡੀਆ’ ਪਿੰਗਲ ਰੂਪੀ ਜੁਮਲਿਆਂ ਦਾ ਯੁਗ ਰਹਿਨਮਾਓ ਬੀਤ ਚੁੱਕਿਆ ਹੈ। ਕੋਰੋਨਾ ਦਾ ਮੁਕਾਬਲਾ ਕਰਨ ਲਈ ਅਹਿਮ ਸਮਾਜਿਕ ਮਹਿਕਮਿਆਂ ਦਾ ਕੌਮੀਕਰਨ ਕਰਨਾ ਬੜਾ ਜ਼ਰੂਰੀ ਹੈ। ਕੋਰੋਨਾ ਅੱਗੇ ਸਾਮਰਾਜ ਹਾਰ ਗਿਆ ਹੈ, ਕੌਮੀ ਸਟੇਟਾਂ ਕਿਹੜੇ ਬਾਗਾਂ ਦੀਆਂ ਮੂਲੀਆਂ ਨੇ। ਲੋਕ-ਬੇਚੈਨੀ, ਬਦਅਮਨੀ ਵਧਕੇ ਤੂਫਾਨ ਬਣ ਜਾਣਾ ਹੈ। ਲਾਭ ਬਨਾਮ ਕਿਰਤ ਦੀ ਲੁੱਟ ਦੀ ਇੱਕ ਫੈਸਲਾਕੁੰਨ ਟੱਕਰ ਬਣ ਰਹੀ ਹੈ। ਲੋੜ ਹੈ ਹੁਣ ਸਾਰਕਾਰੀ ਕਾਮਿਆਂ, ਦਿਹਾੜੀਦਾਰਾਂ ਤੇ ਅਸੰਗਠਿਤ ਕਿਰਤ ਨੂੰ ਅਰਥ ਸੁਰੱਖਿਆ ਦੇਣ ਦੀ। ਹੁਣ ਤਾਂ ਕੁਝ ਇਮਾਨਦਾਰ ਨੀਤੀਆਂ ਲਾਗੂ ਕਰਨ ਦੀ ਘੜੀ ਹੈ।
ਉਦੋਂ ਹੀ ਕੋਰੋਨਾ ਗਰਜਿਆ! ਮੈਂ ਧੌਲਰਾਂ ਤੇ ਝੌਂਪੜੀਆਂ ਨੂੰ ਇੱਕੋ ਅੱਖ ਵੇਖਦਾ ਆਂ। ਅਮੀਰੋ, ਪੂੰਜੀਪਤੀਓ! ਮੈਂ ਸਮੁੱਚੇ ਸੰਸਾਰ ਨੂੰ ਸੰਬੋਧਿਤ ਹਾਂ। ਮੈਂ ਇੱਕ ਇਨਕਲਾਬੀ ਵਾਇਰਲ ਹਾਂ। ਵੇਖੋ ਮੇਰੇ ਨਾਂ ਤੋਂ ਹੀ ਦੁਨੀਆਂ ਕੰਬਦੀ ਹੈ। ਮੇਰਾ ਮੁਕਾਬਲਾ ਐਟਮੀ ਸ਼ਕਤੀ ਵੀ ਨਹੀਂ ਕਰ ਸਕਦੀ। ਖਟਮਲ ਇੱਕ ਛੋਟਾ ਜਿਹਾ ਜੀਵ ਹੁੰਦਾ ਹੈ। ਉਹਦਾ ਮੁਕਾਬਲਾ ਸ਼ੇਰ, ਚੀਤੇ, ਬਗੇਲੇ ਵੀ ਨਹੀਂ ਕਰ ਸਕਦੇ। ਮੈਂ ਤਾਂ ਉਹਤੋਂ ਵੀ ਛੋਟਾ, ਬਰੀਕ ਜਿਹਾ ਵਿਸ਼ਾਣੂ ਹਾਂ। ਮੇਰੀ ਛੂਆ-ਛੂਤ ਇੰਨੀ ਸੂਖ਼ਮ ਅਤੇ ਤੇਜ਼ ਹੁੰਦੀ ਹੈ ਕਿ ਪਤਾ ਹੀ ਨਹੀਂ ਲੱਗਦਾ ਕਦੋਂ, ਕਿੱਥੋਂ ਤੇ ਕਿਸ ਤਰ੍ਹਾਂ ਜਹਾਜ਼ਾਂ ਵਿੱਚ, ਬਿਜ਼ਨੈੱਸ ਤੇ ਇਕਾਨੋਮੀ ਕਲਾਸਾਂ ਰਾਹੀਂ ਸਫ਼ਰ ਕਰ ਵੱਖ ਵੱਖ ਦੇਸ਼ਾਂ ਵਿੱਚ ਜਾ ਪ੍ਰਗਟ ਹੋਇਆਂ। ਮੈਂ ਪੈਦਲ ਨਹੀਂ ਤੁਰਦਾ। ਪਿਛਲੀਆਂ ਏਡਜ਼ (ਐੱਚ ਆਈ ਵੀ), ਸਪੈਨਿਸ਼ ਫਲੂ, ਓਬੋਲਾ ਆਦਿ ਵਰਗੀਆਂ ਮਹਾਂਮਾਰੀਆਂ ਨੇ ਸਰਕਾਰਾਂ, ਡਾਕਟਰਾਂ, ਵਿਗਿਆਨਕਾਂ ਨੂੰ ਚੱਕਰਾਂ ਵਿੱਚ ਪਾ ਦਿੱਤਾ ਹੈ। ਹੁਣ ਵੀ ਹਰ ਦੇਸ਼ ਵਾਸੀ ਨੂੰ ਮੇਰੇ ਨਾਲ ਜੂਝਣਾ ਪੈ ਰਿਹਾ ਹੈ ਤੇ ਅੱਗੇ ਤੋਂ ਬਚਕੇ ਮੇਰੇ ਨਾਲ ਜਿਊਣਾ ਸਿੱਖਣਾ ਪੈਣਾ ਹੈ।
ਕਿਹੜੇ ਸਰਕਾਰੀ ਮਹਿਕਮੇ ਮੇਰੇ ਨਾਲ ਸਫਲਤਾ ਸਹਿਤ ਡਟੇ ਹਨ? ਘੋਖਵੀਂ, ਪੜਚੋਲਵੀਂ ਨਿਗਾਹ ਮਾਰਿਆਂ ਸਪਸ਼ਟ ਦਿਸਣ ਲੱਗ ਪੈਂਦਾ। ਜਨਤਕ ਸਿਹਤ, ਸਿੱਖਿਆ, ਸੰਚਾਰ, ਸੁਰੱਖਿਆ ਅਤੇ ਵੰਡਤੰਤਰ ਹੀ ਮੋਹਰੀ ਹੋ ਕੇ ਮੇਰੇ ਨਾਲ ਦੋ ਹੱਥ ਹੋਏ ਨੇ। ਨਿੱਜੀ ਅਦਾਰੇ, ਪ੍ਰਾਈਵੇਟ ਹਸਪਤਾਲਾਂ ਦੇ ਕਾਰਕੁੰਨ ਪੂਛਾਂ ਦਬਾ ਕੇ ਏਕਾਂਤਵਾਸਾਂ ਵਿੱਚ ਜਾ ਦੁਬਕੇ। ਘਰ ਘਰ, ਗਲੀ ਗਲੀ, ਮੁਹੱਲੇ ਮੁਹੱਲੇ, ਪਿੰਡ ਪਿੰਡ, ਕਸਬਾ ਕਸਬਾ ਜੂਝਣ ਨਾਲ ਮੁਨਾਫ਼ਾ ਕੋਈ ਨਹੀਂ ਸੀ ਹੋਣਾ। ਨਫ਼ੇ ਨੁਕਸਾਨ ਦੇ ਸ਼ਤਰੰਜੀ ਖਿਡਾਰੀ ਕਾਹਨੂੰ ਟਿਕਦੇ ਨੇ। ਰਣ ਤੱਤੇ ਵਿੱਚ ਤਾਂ ਸਮਾਜ ਸੇਵੀ ਸੂਰਮੇ ਹੀ ਡਟਦੇ ਨੇ। ਮੰਨਣਾ ਪਏਗਾ ਕਿ ਜਨਤਕ ਹਸਪਤਾਲਾਂ ਦੇ ਡਾਕਟਰ, ਨਰਸਾਂ, ਪੈਰਾ ਮੈਡੀਕਲ ਅਮਲਾ ਜਿਸ ਤਰ੍ਹਾਂ ਦੇ ਵੀ ਸਾਜ਼ੋਸਾਮਾਨ, ਮਾੜੇ-ਚੰਗੇ, ਅਧੂਰੇ-ਅਧੋਰਾਣੇ ਨਾਲ ਲੈਸ ਸੀ, ਬਹਾਦਰਾਂ ਵਾਂਗ ਲੜਿਐ, ਅਤੇ ਲੜ ਰਹੇ ਹਨ। ਬਿਮਾਰ ਹੋਏ, ਇਕਾਂਤਵਾਸ ਰਹੇ। ਠੀਕ ਹੋ ਕੇ ਫਿਰ ਫਰੰਟ ’ਤੇ ਆ ਡਟੇ। ਬੇਬਾਕ ਫੱਕਰ ਸ਼ਾਇਰ ਉਸਤਾਦ ਦਮਨ ਸਹੀ ਫਰਮਾਉਂਦਾ ਹੈ: ‘ਵਾਹਗੇ ਨਾਲ ਅਟਾਰੀ ਦੀ ਨਹੀਂ ਟੱਕਰ, ਨਾ ਹੀ ਗੀਤਾ ਨਾਲ ਕੁਰਾਨ ਦੀ ਏ, ਨਹੀਂ ਕੁਫ਼ਰ ਇਸਲਾਮ ਦਾ ਕੋਈ ਝਗੜਾ, ਸਾਰੀ ਗੱਲ ਇਹ ਨਫ਼ੇ ਨੁਕਸਾਨ ਦੀ ਏ’। ਸਾਫ ਟੱਕਰ ਕਾਰਪੋਰੇਟ ਬਨਾਮ ਕਿਰਤ ਦੀ ਹੈ। ਲਹੂ ਪੀਣੀਆਂ ਜੋਕਾਂ ਬਨਾਮ ਮਿਹਨਤਕਸ਼ਾਂ ਦੀ।
ਇਹ ਵਿਚਾਰ ਕੋਈ ਸ਼ੋਸ਼ਾ, ਗਪੌੜ, ਛੁਰਲੀ ਜਾਂ ਖੰਭਾਂ ਦੀ ਡਾਰ ਨਾ ਸਮਝਿਓ! ਵੀਰਨੋ! ਇਹ ਤਾਂ ਇੱਕ ਦੂਰ ਦ੍ਰਿਸ਼ਟ ਸੰਕਲਨ ਹੈ। ਗੁਲਦਸਤੇ ਵਿੱਚੋਂ ਉਗਮਿਆ ਹੈ। ਐਵੇਂ ਇੱਕ ਭਾਵੁਕ ਹਉਕਾ ਨਹੀਂ। ਭੁੱਲੀਏ ਨਾ, ਯਹੂਦੀਆਂ ਵਾਂਗ ਹੁਣ ਵੀ ਸਾਨੂੰ ਆਪਣੀਆਂ ਪੁਸ਼ਤਾਂ ਨੂੰ ਉਚੇਰੀ ਸਿੱਖਿਆ ਦੇ ਕੇ ਦੇਸ਼ ਹਵਾਲੇ ਕਰਨਾ ਪੈਣਾ ਹੈ। ਮਾਰੂਥਲਾਂ ਵਿੱਚ ਧੱਕੇ ਸੁੱਟਿਆਂ ਨੇ ਸੂਝ, ਸੋਚ, ਸਿਰੜ ਨਾਲ ਰੇਗਿਸਤਾਨ ਵਿੱਚ ਨਖ਼ਲਿਸਤਾਨ ਪੈਦਾ ਕਰ ਵੱਡੀਆਂ ਸ਼ਕਤੀਆਂ ਦੇ ਹਾਣ ਦੇ ਬਣ ਆਪਣੇ ਸਵੈਮਾਨ ਨਾਲ ਜਿਊਣਾ ਸਿੱਖਿਆ ਹੈ। ਇਸ ਸੱਚ ਨੂੰ ਪਛਾਣ ਕੇ ਲੋਕ ਪੱਖੀ ਦੇਸ਼ਾਂ ਦੀਆਂ ਸਰਕਾਰਾਂ ਸਿਹਤ, ਸਿੱਖਿਆ, ਸੰਚਾਰ, ਵੰਡ ਵਰਗੇ ਬੁਨਿਆਦੀ ਤੰਤਰਾਂ ਦਾ ਕੌਮੀਕਰਨ ਕਰ ਦਿੱਤਾ ਹੈ। ਯੂ.ਕੇ., ਅਮਰੀਕਾ, ਯੂਰੋਪ ਦੀਆਂ ਕਈ ਸਰਕਾਰਾਂ ਨੇ ਸਟੇਟ ਕੰਟਰੋਲ ਲਾਗੂ ਕਰ ਰਹੀਆਂ ਹਨ। ਫੋਰਡ ਵਰਗੀ ਕੰਪਨੀ ਨੂੰ ਵੈਂਟੀਲੇਟਰ ਬਣਾਉਣ ਲਾ ਦਿੱਤਾ ਹੈ। ਹੁਣ ਡਾਇਲੈਕਟੀਕਲ ਤੇ ਡਾਇਗਨਲ ਦਾ ਸਵਾਲ ਨਹੀਂ। ਚੋਣ ਹੈ, ‘ਬਰਬਰਵਾਦ ਜਾਂ ਸਾਮਵਾਦ’। ਮਹਾਨ ਚਿੰਤਕ ਇਨ੍ਹਾਂ ਜਨਤਕ ਸੇਵਾਵਾਂ ਦੇ ਕੌਮੀਕਰਨ ’ਤੇ ਬੜੀ ਦੇਰ ਤੋਂ ਜ਼ੋਰ ਦਿੰਦੇ ਆ ਰਹੇ ਹਨ, ਤਜਰਬੇ ਸਫ਼ਲ ਵੀ ਹੋਏ ਹਨ, ਉਹ ਤਾਂ ਹੁਣ ਡਬਲਿਯੂ.ਐੱਚ.ਓ. ’ਤੇ ਜ਼ੋਰ ਪਾਉਂਦੇ ਹਨ ਕਿ ਇਹਨਾਂ ਜ਼ਰੂਰੀ ਮਾਨਵੀ ਸੇਵਾਵਾਂ ਦੀ ਇੱਕ ਧਾਰਾ ਵਿਸ਼ਵ ਪੱਧਰ ’ਤੇ ਤੋਰਨੀ ਚਾਹੀਦੀ ਹੈ। ਆਲਮ ਭਰ ਵਿੱਚ ਸੰਸਾਰੀਕਰਨ, ਸੰਸਕਾਰਤਾ ਜ਼ਰੂਰੀ ਲੋੜ ਬਣਦੀ ਜਾ ਰਹੀ ਹੈ! ਇਹੋ ਜਿਹੀਆਂ ਪ੍ਰਸਥਿਤੀਆਂ ਆਉਣ ਵਾਲੇ ਸਮਿਆਂ ਵਿੱਚ ਦਰਪੇਸ਼ ਹੁੰਦੀਆਂ ਰਹਿਣੀਆਂ ਨੇ। ਜਿਵੇਂ ਕਿਹਾ ਜਾ ਰਿਹਾ ਹੈ ਕਿ ਅਗਲੀ ਮਹਾਂਮਾਰੀ ਐਮੇਜ਼ਨ ਦੇ ਜੰਗਲਾਂ ਵਿੱਚੋਂ ਆਵੇਗੀ। ਜੋ ਕਿਆਮਤ ਬਣ ਸਕਦੀ ਹੈ। ਪਰ ਇੱਦਾਂ ਦਾ ਆਦਰਸ਼ਕ ਸੁਝਾਅ ਹਾਲੀ ਸ਼ਾਇਦ ਕੌਮੀ ਹੱਦਾਂ ਟੱਪ ਨਾ ਸਕੇ।
ਕੋਰੋਨਾ ਫਿਰ ਯਾਦ ਕਰਾਉਂਦਾ ਹੈ: ਵੇਖੋ! ਮੇਰੇ ਕਹਿਰ ਸਾਹਮਣੇ ਐਟਮੀ ਜੰਗ ਤੇ ਵਾਤਾਵਰਣ ਸੰਕਟ ਦੀ ਕੋਈ ਗੱਲ ਨਹੀਂ ਕਰਦਾ। ਮੈਂ ਫਿਰ ਉਨ੍ਹਾਂ ਤੋਂ ਉੱਪਰ ਹੋਇਆ ਨਾ। ਮੈਂ ਤਾਂ ਸਰਕਾਰਾਂ ਨੂੰ ਤੁਰੰਤ ਤਿੱਖੇ ਤੇ ਦਲੇਰ ਫੈਸਲੇ ਲੈਣ ਦਾ ਮੌਕਾ ਦਿੱਤਾ ਹੈ। ਚਲੰਤ ਕੋਰੋਨਾ ਸੰਕਟੀ ਪ੍ਰਿਜ਼ਮ ਵਿੱਚ ਵੇਖਣ ਵਾਲਿਆਂ ਮਾਹਰਾਂ ਨੂੰ ਵਿਸ਼ਵ ਕਲਿਆਣ ਅਰਥ ਪ੍ਰਬੰਧਨ ਵਿੱਚ ਹੀ ਦਿੱਸਦਾ ਹੈ। ਲੋਕਲ ਆਤਮ ਬਲ, ਆਤਮ ਵਿਸ਼ਵਾਸ, ਸੰਕਟੀ ਮੰਤਰ ਹਨ। ਚੋਣ ਅਸੀਂ, ਤੁਸੀਂ ਅਸਾਂ ਸਭ ਨੇ ਮਿਲਕੇ ਕਰਨੀ ਹੈ। ਨਿੱਤਰਕੇ ਚੋਣ ਬਰਬਰਵਾਦ (ਵਹਿਸ਼ੀ, ਅਸੱਭਿਅਕ ਤੌਰ ਤਰੀਕੇ) ਅਤੇ ਸਾਮਵਾਦ ਵਿੱਚੋਂ ਕਰਨੀ ਪੈਣੀ ਹੈ। ਨਸਲਵਾਦ ਤੇ ਫਿਰਕੂਪੁਣੇ ਦਾ ਝੱਖੜ ਉੱਥੇ ਝੁੱਲਦਾ ਹੈ ਜਿੱਥੇ ਬੇਇਨਸਾਫੀ ਹੋਵੇ। ਸਭ ਕੁਝ ਬਿਹਤਰੀਨ ਪ੍ਰਦਾਨ ਕਰਨ ਲਈ ਸਟੇਟ ਨਿਯੰਤਰਣ ਵਧਾਉਣੇ ਪੈਣੇ ਹਨ। ਇਸ ਮਰਹਲੇ ’ਤੇ ਕੌਮੀ ਸਰਕਾਰਾਂ ਨੂੰ ਫੌਜਾਂ ਵਾਂਗ ਸਿਹਤ, ਸਿੱਖਿਆ, ਸੰਚਾਰ, ਕਿਰਤ ਵਿਭਾਗਾਂ ਦੇ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਵੇਤਨ ਸਟੇਟ ਕੰਟਰੋਲ ਹੇਠ ਵੱਡੀਆਂ ਯੋਜਨਾਬੰਦੀਆਂ ਕਰਨੀਆਂ ਪੈਣਗੀਆਂ। ਇਨ੍ਹਾਂ ਪ੍ਰਤੀ ਉਦਾਸੀਨਤਾ ਘਾਤਕ ਸਿੱਧ ਹੋਵੇਗੀ। ਕਾਰਪੋਰੇਟੀ ਨਿੱਜੀਕਰਨ ਨੂੰ ਇਨ੍ਹਾਂ ਖੇਤਰਾਂ ਵਿੱਚੋਂ ਹਾਰਿਆ ਗਰਦਾਨਕੇ ਖਾਰਜ ਕਰਨਾ ਪਵੇਗਾ।
ਵਿਗਿਆਨ, ਮੈਡੀਕਲ ਤੇ ਸਿਹਤ ਸਿੱਖਿਆ ਮੁਢਲੀਆਂ ਸ਼਼੍ਰੇਣੀਆਂ ਤੋਂ ਆਰੰਭ ਹੋ ਜਾਣੀ ਚਾਹੀਦੀ ਹੈ। ਇਹੋ ਜਿਹੀਆਂ ਮਹਾਂਮਾਰੀਆਂ ਦਾ ਗਿਆਨ, ਸਾਵਧਾਨੀਆਂ, ਰੱਖਿਆਵਾਂ, ਇਲਾਜ ਤੇ ਦਵਾਈਆਂ ਦੀ ਜਾਣਕਾਰੀ ਹਰ ਨਾਗਰਿਕ ਨੂੰ ਆਮ ਤੌਰ ਉੱਤੇ ਪਰ ਸਿਹਤ ਪੇਸ਼ੇ ਵਾਲਿਆਂ ਨੂੰ ਵਿਸ਼ੇਸ਼ ਤੌਰ ਉੱਤੇ ਦੇਣੀ ਚਾਹੀਦਾ ਹੈ। ਜਿਵੇਂ ਕਿ ਇਮਿਊਨ ਸਿਸਟਮ ਕੀ ਹੁੰਦਾ ਹੈ? ਇਸਦੀ ਸੁਰੱਖਿਆ ਕਿਵੇਂ ਕਰਨੀ ਹੈ? ਕਿਹੜੇ ਭੋਜਨ ਖਾਣੇ ਚਾਹੀਦੇ ਹਨ, ਆਦਿ ਇਤਆਦਿ। ਸਿੱਖਿਆ, ਸਿਹਤ ਤੇ ਸੁਰੱਖਿਆ ਮਹਿਕਮੇ ਦੇ ਅਮਲੇ ਦੇ ਵੇਤਨ, ਛੁੱਟੀਆਂ, ਸਹੂਲਤਾਂ, ਤਰੱਕੀਆਂ, ਬੀਮੇ, ਰੁਤਬੇ ਆਦਿ ਸਤਿਕਾਰਯੋਗ ਹੋਣੇ ਚਾਹੀਦੇ ਹਨ। ਨਾਲ ਹੀ ਕਿਰਤ ਕਾਨੂੰਨ ਹਰ ਖੇਤਰ ਵਿੱਚ ਬੜੀ ਸਖ਼ਤੀ ਨਾਲ ਲਾਗੂ ਹੋਣੇ ਚਾਹੀਦੇ ਹਨ। ਚੋਣ ਕਿਰਤ ਪੱਖੀ ਮਾਡਲ ਦੀ ਕਰਨੀ ਹੈ ਜਾਂ ਪੂੰਜੀਪਤੀ ਕਾਰਪੋਰੇਟੀ ਦੀ। ਜ਼ਰਾ ਸਮਝੋ! ‘ਪੂੰਜੀ ਮਰੀ ਹੋਈ ਕਿਰਤ ਹੁੰਦੀ ਹੈ, ਜੋ ਲਹੂ ਪੀਣੇ ਭੂਤ ਵਾਂਗ ਜਿਉਂਦੀ ਵੀ ਕਿਰਤ ਦਾ ਖੂਨ ਚੂਸ ਕੇ ਹੀ ਹੈ, ਅਤੇ ਉੰਨੀ ਹੀ ਵਧੇਰੇ ਜਿਉਂਦੀ ਹੈ, ਜਿੰਨਾ ਵਧੇਰੇ ਕਿਰਤ ਦਾ ਲਹੂ ਚੂਸਦੀ ਹੈ।’ ਲਾਭ ਬਨਾਮ ਕਿਰਤ ਕਲਿਆਣ ਵਿੱਚੋਂ ਇੱਕ ਦੀ ਫੈਸਲਾਕੁੰਨ ਚੋਣ ਕਰੋ। ਜ਼ਿੰਦਗੀ ਦਾ ਪ੍ਰਵਾਹ ਨਹੀਂ ਰੁਕਣਾ। ਪੂੰਜੀਪਤੀਓ! ਜੇ ਖੁਦ ਜਿਊਣਾ ਹੈ ਤਾਂ ਦੂਜਿਆਂ ਨੂੰ ਜਿਊਣ ਜੋਗੇ ਰਹਿਣ ਦਿਉ। ਇਸ ਲਈ ਸਰਕਾਰਾਂ ਨੂੰ ਬੇਬਾਕ, ਧੜੱਲੇਦਾਰ ਨਿਰਨੇ ਲੈਣੇ ਪੈਣਗੇ। ਇਨ੍ਹਾਂ ਮਹਿਕਮਿਆਂ ਵਿੱਚ ਕੌਮਾਂਤਰੀ ਨਿਰਦੇਸ਼ਾਂ ਅਨੁਸਾਰ ਦੇਸ਼ ਦੇ ਬਜਟਾਂ ਵਿੱਚ ਘੱਟ ਤੋਂ ਘੱਟ ਕੌਮੀ ਜੀਡੀਪੀ ਦਾ 6 ਪ੍ਰਤੀਸ਼ਤ ਨਿਵੇਸ਼ ਕਰਨਾ ਪੈਣਾ ਹੈ। ਜੇ ਇਸ ਦਸ਼ਾ ਵਿੱਚ ਸਭ ਕੌਮੀ ਸਰਕਾਰਾਂ ਪੂਰੀ ਸੁਹਿਰਦਤਾ, ਦ੍ਰਿੜ੍ਹਤਾ ਨਾਲ ਤੁਰ ਪਈਆਂ ਤਾਂ ਲੋਕਾਈ ਆਲਮੀ ਕੋਹੜ ਗੁਰਬਤ, ਕੁਪੋਸ਼ਨ, ਨਾਬਰਾਬਰੀ, ਬੇਰੁਜ਼ਗਾਰੀ ਦੇ ਸੰਕਟਾਂ ਵਿੱਚੋਂ ਨਿਕਲ ਸਕੇਗੀ। ਫਿਰ ਕੋਰੋਨਾ-19 ਵਰਗੇ ਕਹਿਰਾਂ ਦਾ ਸਫਲ ਟਾਕਰਾ ਹੋ ਸਕੇਗਾ। ਕੋਰੋਨਾ ਪਾਤਰ ਦੇ ਸ਼ਬਦ ਗੁਣਗੁਣਾਉਂਦਾ ਹੈ: “ਮੈਂ ਰਾਹਾਂ ’ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਜੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ, ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਹੈ ਮੇਰਾ ਇਹ ਸੜਦੇ ਪੈਰ, ਸੜਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2160)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)