“ਉਸ ਦੀ ਸੋਚ ਵਿੱਚ ਇੱਕ ਦਕਿਆਨੂਸੀ ਭਰਮ ਵੜਿਆ ਹੁੰਦਾ ਹੈ। ਉਹ ਆਪਣੇ ਆਪ ਨੂੰ ...”
(3 ਜੁਲਾਈ 2020)
ਉਦੋਂ ਮੈਂ ਦੂਜੀ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਮੇਰੇ ਚੌਦਵੀਂ ਵਿੱਚ ਪੜ੍ਹਦੇ ਵੱਡੇ ਮਸੇਰ ਨੇ ਪੁੱਛਿਆ: ਤੂੰ ਵੱਡਾ ਹੋ ਕੇ ਕੀ ਕਰਿਆ ਕਰੇਂਗਾ? ਮੈਂ ਸਪਾਟ, ਸਿੱਧਾ ਜਵਾਬ ਦਿੱਤਾ: ‘ਭਾਰ ਢੋਇਆ ਕਰਾਂਗਾ ... ਤੇ ... ਪੈਸੇ ਲੁੱਟਿਆ ਕਰਾਂਗਾ ... ਹੋਰ ਕੀ ...।’ ਉਹ ਖਿੜ ਖਿੜਾਕੇ ਹੱਸਿਆ। ਹੱਸਦੇ ਹੋਏ ਨੇ ਮੁੜ ਸਵਾਲ ਕੀਤਾ: ਉਹ ਕਿਵੇਂ: ‘ਬੱਸ ... ਭਾਜੀ ... ਸਟੇਸ਼ਨ ’ਤੇ ਕੁੱਲੀ ... ਭਾਰ ਢੋਂਹਦੇ ਵੇਖੀਦੇ ਨੇ ... ਕਿੰਨੇ ਸਾਰੇ ਪੈਸੇ ... ਲੁੱਟ ਲਈਂਦੇ ਨੇ ...।’ ਉਹਦੇ ਹੱਸਣ ਤੋਂ ਮੈਂ ਕੱਚਾ ਜਿਹਾ ਹੋ ਗਿਆ।ਉਹਦੇ ਹੱਸਣ ਦੀ ਸਮਝ ਨਾ ਲੱਗੀ। ਭੋਲੇਪਨ ਵਿੱਚ ਚੁੱਪ ਕਰ ਗਿਆ।
ਬਚਪਨ ਵਿੱਚ ਮਿਲੀ/ਲੱਭੀ ਆਨਾ ਦੁਆਨੀ ਵੇਖ ਹਾਣੀ ਪੁੱਛਦੇ, ‘ਯਾਰਾ ਕਿੱਥੋਂ ਲੁੱਟੀ ਆ!’ ਉਹ ਆਨਾ ਦੁਆਨੀ ਆਪਣੀ ਲਗਦੀ। ਪੂਰੀ ਦੀ ਪੂਰੀ ਆਪਣੀ! ਉਹਨੂੰ ਖ਼ਰਚਣ ਦੀ ਪੂਰੀ ਖੁੱਲ੍ਹ ਹੁੰਦੀ। ਦੂਜੀ ਵੱਡੀ ਜੰਗ ਦਾ ਸਮਾਂ ਸੀ। ਮਹਿੰਗਾਈ ਸਿਖ਼ਰਾਂ ’ਤੇ ਸੀ। ਪੈਸਾ ਵੀ ਉਦੋਂ ਲੋਕਾਂ ਕੋਲ ਬਹੁਤ ਘੱਟ ਸੀ। ਲੈਣ ਦੇਣ ਵਿੱਚ ਜਿਣਸ ਵਟਾਂਦਰਾ ਚੱਲਦਾ। ਉਸ ਵਰੇਸ ਵਿੱਚ ਸਟੇਸ਼ਨਾਂ ’ਤੇ ਗੱਡੀ ਉੱਤਰਦਿਆਂ, ਚੜ੍ਹਦਿਆਂ ਵੇਖਣਾ ਕਿ ਲਾਲ ਵਰਦੀ ਵਾਲੇ ਕੁੱਲੀ/ਹਾਤੋ ਲੋਕਾਂ ਦਾ ਸਾਮਾਨ ਗੱਡੀਓਂ ਉਤਾਰਨ, ਚੜ੍ਹਾਉਣ ਪਿੱਛੋਂ ਵਾਹਵਾ ਪੈਸੇ ਮਾਠ ਲੈਂਦੇ। ਮਨ ਵਿੱਚ ਲਾਲਸਾ ਜਿਹੀ ਪੈਦਾ ਹੁੰਦੀ, ਇਹ ਕੰਮ ਕਿੰਨਾ ਵਧੀਆ ਏ। ਇਹ ਵਾਹਵਾ ਪੈਸੇ ਲੁੱਟ ਰਹੇ ਨੇ। ਬੱਸ ਭਾਰ ਢੋਇਆ ਤੇ ਪੈਸੇ ਲੁੱਟ ਲਏ। ਹੁਣ ਉਹ ਜੋ ਮਰਜ਼ੀ ਖ਼ਰੀਦਣ ਤੇ ਖਾਣ-ਪੀਣ: ਬੱਤੇ, ਕੁਲਫ਼ੀਆਂ, ਲੱਡੂ, ਬਰਫ਼ੀ ...। ਉਦੋਂ ਮੈਂਨੂੰ ਇੱਦਾਂ ਮਜ਼ਦੂਰੀ ਨਾਲ ਕਮਾਇਆ ਪੈਸਾ ਲੁੱਟ ਹੀ ਲੱਗਦਾ। ਸੋਚ ਦਾ ਦਾਇਰਾ ਹੀ ਇੱਡਾ ਕੁ ਸੀ। ਪਿੰਡਾਂ ਵਿੱਚ ਬਰਾਤਾਂ ਦੇ ਆਉਣ ਅਤੇ ਡੋਲ਼ੀ ਦੇ ਤੁਰਨ ਵੇਲੇ ਘਰ ਵਾਲੇ ਭਾਨ ਦੀਆਂ ਚੰਗੀਆਂ ਸੋਟਾਂ ਕਰਦੇ। ਮੁੰਡੀਰ ਪਿਛਲਖੋਰੀ ਤੁਰਦੀ ਪੈਸਿਆਂ ਦੀ ਮੁੱਠ ਸੁੱਟੇ ਜਾਣ ਦੀ ਝਾਕ ਵਿੱਚ ਹੁੰਦੀ। ਜ਼ਮੀਨ ’ਤੇ ਪੈਸੇ ਡਿੱਗਦਿਆਂ ਹੀ ਸਭ ਘੱਟੇ ਮਿੱਟੀ ਵਿੱਚੋਂ ਪੈਸੇ ਲੱਭਣ ਲੱਗ ਪੈਂਦੇ। ਪਿੱਛੋਂ ਗਿਣਦੇ ਤੇ ਇੱਕ ਦੂਜੇ ਨੂੰ ਦੱਸਦੇ ਕਿ ਉਹਨੇ ਅੱਜ ਕਿੰਨੇ ਲੁੱਟੇ ਹਨ।
ਉਸ ਉਮਰੇ ਘਰੋਂ ਖਾਣ ਪੀਣ ਲਈ ਮਿਲਦਾ ਸਭ ਕੁਝ ਮੁਫ਼ਤ ਹੁੰਦਾ। ਜੋ ਆਪਣੀ ਮਰਜ਼ੀ ਨਾਲ ਖ਼ਰਚਣ ਵਾਲਾ ਹੁੰਦਾ ਉਹ ਹੀ ਆਪਣਾ ਲੱਗਦਾ। ਫੁੱਫੜ/ਮਾਸੜ ਦੇ ਆਏ ’ਤੇ ਬੱਚੇ ਚਾਅ ਨਾਲ ਅੰਦਰ ਬਾਹਰ ਚਾਂਬੜਾਂ ਪਾਉਂਦੇ ਫਿਰਦੇ। ਸ਼ਾਇਦ ਭੂਆ/ਮਾਸੀ ਜਾਂ ਹੋਰਨਾਂ ਨੂੰ ਅਸਲੀਅਤ ਵਿੱਚ ਕੋਈ ਖੁਸ਼ੀ ਹੁੰਦੀ ਹੋਵੇ। ਪਰ ਬੱਚੇ ਕਾਹਤੋਂ ਚਾਂਬੜਾਂ ਪਾਉਂਦੇ ਫਿਰਦੇ ਨੇ, ਕੋਲੋਂ ਲੰਘਦਾ ਲੰਬੜ ਬੁੱਢਾ ਸਿੰਘ ਹੱਸਕੇ ਕਹਿੰਦਾ, ‘ਇਹ ਤਾਂ ਖੁਸ਼ ਨੇ ਕਿ ਅੱਜ ਵਾਹਵਾ ਮਿੱਠਾ ਪਲਾ, ਸੇਵੀਆਂ, ਕੜਾਹ, ਖੀਰ ਬਣੇਗੀ ਤਾਂ ਹੀ ਖੁਸ਼ੀ ਵਿੱਚ ਟੱਪਦੇ ਫਿਰਦੇ ਨੇ। ਉਹਨਾਂ ਦੇ ਵਿਦਿਆ ਹੋਣ ਵੇਲੇ ਵੀ ਭਤੀਜੇ/ਭਾਣਜੇ ਅੱਗੇ ਪਿੱਛੇ ਮੋਰਾਂ ਵਾਂਗ ਪੈਲਾਂ ਪਾਉਂਦੇ ਫਿਰਦੇ। ਉਹਨਾਂ ਨੂੰ ਆਸ ਹੁੰਦੀ ਕੁਝ ਮਿਲੇਗਾ ਜ਼ਰੂਰ। ਜੇ ਤਾਂ ਰੁਪਏ ਮਿਲਦੇ ਤਾਂ ਬਹੁਤਾ ਖੁਸ਼ ਨਾ ਹੁੰਦੇ। ਉਹ ਤਾਂ ਬੇਬੇ, ਭੂਆ, ਮਾਸੀ ਨੇ ਫੜ ਲੈਣੇ ਨੇ। ਉਹਨਾਂ ਨੂੰ ਤਾਂ ਆਨਾ ਦੁਆਨੀ ਮਿਲੀ ਹੀ ਚੰਗੀ ਲਗਦੀ। ਉਹਨੇ ਹੀ ਉਹਨਾਂ ਦੀ ਆਪਣੀ ਹੋਣਾ ਸੀ।
ਬਚਪਨ ਦਾ ਉਹ ਸਮਾਂ ਵੀ ਕਦੀ ਨਹੀਂ ਭੁੱਲਦਾ ਜਦੋਂ ਨਾਨਕੀਂ ਬਾਣੀਆਂ ਦੇ ਇੱਕ ਉੱਦਮੀ ਬੰਦੇ ਨੇ ਪਿੰਡ ਵਿੱਚ ਇੱਟਾਂ ਦਾ ਇੱਕ ਛੋਟਾ ਜਿਹਾ ਭੱਠਾ ਲਾਉਣ ਦਾ ਜੁਗਾੜ ਆ ਵਿੱਢਿਆ। ਤਮਾਸ਼ਾਬੀਨਾਂ ਵਾਂਗ ਭੱਠੇ ਦੁਆਲੇ ਇਕੱਠੀ ਹੋਈ ਮੁੰਡੀਰ ਨੂੰ ਉਸ ਦੇ ਮੁਨਸ਼ੀ ਨੇ ਕਿਹਾ, 'ਲਿਆਓ ਓਏ ਮੁੰਡਿਓ, ਔਹ ਪਾਥੀਆਂ ਚੁੱਕ ਚੁੱਕ ... ਪੈਸੇ ਮਿਲਣਗੇ ... ਅਸੀਂ ਭੱਜ ਭੱਜ ਕੇ ਪਾਥੀਆਂ ਕਾਰੀਗਰਾਂ ਨੂੰ ਫੜਾਉਣ ਲੱਗ ਪਏ। ਕੁਝ ਵੱਡੇ ਬੰਦੇ ਟੋਕਰੇ/ਟੋਕਰੀਆਂ ਵਿੱਚ ਬਾਲਣ ਢੋ ਰਹੇ ਸੀ। ਦਿਨ ਡੁੱਬਣ ’ਤੇ ਪੈਸਿਆਂ ਵਾਲੀ ਗੁਥਲੀ ਫੜ ਉਹਨੇ ਸਾਨੂੰ ਕਤਾਰ ਵਿੱਚ ਖੜ੍ਹਾ ਕਰਕੇ ਦੁਆਨੀ ਦੁਆਨੀ ਦਿੱਤੀ। ਟੋਕਰਿਆਂ/ਟੋਕਰੀਆਂ ਵਾਲਿਆਂ ਨੂੰ ਸ਼ਾਇਦ ਰੁਪਈਆ/ਅਠਿਆਨੀ ਦਿੱਤੀ ਹੋਵੇ। ਬੱਚੇ ਬੜੇ ਖੁਸ਼ ਹੋਏ ਤੇ ਵਛੇਰਿਆਂ ਵਾਂਗ ਟੀਟਨੇ ਮਾਰਦੇ ਘਰਾਂ ਨੂੰ ਭੱਜੇ। ਰਾਤ ਨੂੰ ਮੈਂ ਵੀ ਉਹ ਦੁਆਨੀ ਕਈ ਵਾਰੀ ਜੇਬ ਵਿੱਚੋਂ ਕੱਢ ਕੱਢ ਵੇਖੀ। ਇਹ ਮੇਰੀ ਪਹਿਲੀ ਲੁੱਟ ਸਮਝੋ ਚਾਹੇ ਕਮਾਈ। ਉਹ ਮੈਂਨੂੰ ਬੜੀ ਪਿਆਰੀ ਤੇ ਆਪਣੀ ਲੱਗੀ। ਸਵੇਰੇ ਹੱਟੀਆਂ ਤੋਂ ਜੋ ਚਿੱਤ ਆਇਆ ਖਾਵਾਂਗਾ ਸੁਪਨੇ ਲੈਂਦਾ ਸੌਂ ਗਿਆ।
ਬੱਚਿਆਂ ਦੀ ਸੋਚ ਦਾ ਦਾਇਰਾ ਉਸ ਜੱਟ/ਜਾਟ ਵਰਗਾ ਸੀ ਜਿਸ ਤੋਂ ਫੌਜ ਦੀ ਰੰਗਰੂਟੀ ਵੇਲੇ ਸੁਭਾਵਕ ਹੀ ਆਪਣੇ ਹੌਲਦਾਰ ਕੋਲੋਂ ਪੁੱਛਣੋਂ ਰਹਿ ਨਾ ਹੋਇਆ ... ਬਈ ਸਾਹਿਬ ... ਵੱਡੇ ਸਾਹਿਬ ... ਕਰਨੈਲ ਸਾਹਿਬ ਨੂੰ ... ਭਲਾ ਕਿੰਨੇ ਕੁ ਪੈਸੇ ਮਿਲਦੇ ਹੋਣਗੇ ... ਦੱਸਿਆ ... ਇਹ ਹੀ ਕੋਈ ਪੰਦਰਾਂ ਕੁ ਸੌ। ਬੁੱਲ੍ਹਾਂ ’ਤੇ ਜੀਭ ਫੇਰਦੇ, ਸੁਆਦ ਜਿਹਾ ਮਹਿਸੂਸ ਕਰਦੇ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ ... ਤਾਂ ਤੇ ਬਈ ਉਹ ਰੱਜਕੇ ਗੁੜ ਖਾਂਦਾ ਹੋਊ। ਇਹ ਗੱਲ ਸੁਣ ਕੇ ਆਸੇ ਪਾਸੇ ਦੇ ਸਿਪਾਹੀ ਹੱਸ ਪਏ। ਸਿਪਾਹੀ ਨੂੰ ਉਦੋਂ ਨੌਂ ਕੁ ਰੁਪਏ ਮਿਲਦੇ ਸਨ। ਇੱਦਾਂ ਦੇ ਪ੍ਰਤੀਕਰਮ ਸਾਡੀ ਸੋਚ, ਸਮਝ, ਸੂਝ ਦੇ ਦਾਇਰੇ ਵਿੱਚੋਂ ਹੀ ਉਪਜਦੇ ਹਨ। ਮਸੇਰ ਨੂੰ ਦਿੱਤਾ ਜਵਾਬ ‘ਭਾਰ ਢੋਇਆ ਕਰਾਂਗੇ ਤੇ ਪੈਸੇ ਲੁੱਟਿਆ ਕਰਾਂਗੇ’ ਵੀ ਇਸੇ ਸੋਚ ਵਿੱਚੋਂ ਉਪਜਿਆ ਸੀ।
ਜਦੋਂ ਬਚਪਨ ਦੇ ਕੁਝ ਸਿਆਲ ਹੁਨਾਲ ਲੰਘ ਗਏ ਤਾਂ ਮਨ ਵਿੱਚ ਸਵਾਲ ਉੱਠਣ ਲੱਗੇ ਕਿ ਪੜ੍ਹਾਈ ਕਿਉਂ ਜ਼ਰੂਰੀ ਹੈ? ਪਾਸ ਹੋਣਾ ਈ ਕਾਫ਼ੀ ਹੈ ਜਾਂ ਵੱਧ ਨੰਬਰ ਲੈਣੇ ਜ਼ਰੂਰੀ ਹਨ? ਬੇਰੁਜ਼ਗਾਰੀ ਕਿਉਂ ਹੈ? ਨੌਕਰੀ ਕਿਵੇਂ ਤਲਾਸ਼ਣੀ ਹੈ? ਆਦਿ। ਜਿਵੇਂ ਜਿਵੇਂ ਗਿਆਨ ਤੇ ਤਰਕ ਦੀ ਲੋਅ ਹੁੰਦੀ ਗਈ, ਸਮਝ ਵਿਗਸਣ ਲੱਗੀ। ਹੁਣ ਤਕ ਸੋਚ ਉੱਪਰਲੇ ਸਾਦਾ, ਸਿੱਧੇ ਤੇ ਸਧਾਰਨ ਜਿਹੇ ਸਵਾਲਾਂ ਨਾਲ ਹੀ ਜੂਝਦੀ ਰਹੀ ਸੀ। ਇਹਨਾਂ ਦੇ ਹੱਲ ਹੋਣ ਨਾਲ ਹੀ ਗੱਲ ਮੁੱਕ ਜਾਂਦੀ। ਹੋਰ ਅਗਾਂਹ ਫਿਰ ਸਵਾਲ ਕੁਝ ਉਚੇਰੀ ਤੇ ਚਿੰਤਨਸ਼ੀਲ ਪੱਧਰ ਵੱਲ ਵਧੇ। ਕੌਣ ਮਾਲਕ ਤੇ ਕੌਣ ਮਹਿਕੂਮ ਹੁੰਦਾ ਹੈ? ਮਾਲਕ ਕੌਣ ਤੇ ਮਜ਼ਦੂਰ ਕੌਣ? ਬਹੁਤੇ ਲੋਕ ਕਿਉਂ ਗਰੀਬ ਹਨ? ਬੇਇਨਸਾਫੀ ਕਿਉਂ ਹੋ ਰਹੀ ਹੈ? ਸਮਾਜ ਵਿੱਚ ਨਾਬਰਾਬਰੀ ਕਿਉਂ ਹੈ? ਇਹ ਕਾਣੀ ਵੰਡ ਤੇ ਲੁੱਟ-ਚੋਂਘ ਦਾ ਸਿਲਸਿਲਾ ਕਿਵੇਂ ਹੋਂਦ ਵਿੱਚ ਆਇਆ? ਫਿਰ ਸਵਾਲ ਉੱਠੇ ਰੱਬ ਕੀ ਹੈ, ਮੌਤ ਪਿੱਛੋਂ ਕੀ, ਧਰਮ ਕੀ ਹੈ, ਇੰਨੇ ਧਰਮ ਕਿਉਂ ਹਨ ਆਦਿ ਸਵਾਲ ਜ਼ਿਹਨ ਵਿੱਚ ਸ਼ਹਿਦ ਦੀਆਂ ਮੱਖੀਆਂ ਵਾਂਗ ਭਿਣ ਭਿਣਾਉਣ ਲੱਗੇ।
ਜਿਵੇਂ ਜਿਵੇਂ ਅੱਗੇ ਪੜ੍ਹਦਾ-ਪੜ੍ਹਾਉਂਦਾ, ਗੁੜ੍ਹਦਾ, ਸੁਣਦਾ, ਸੁਣਾਉਂਦਾ ਤੇ ਵਿਚਾਰਦਾ ਤੇ ਵਿਚਰਦਾ ਗਿਆ, ਗੋਸ਼ਟੀਆਂ ਵਿੱਚ ਸ਼ਾਮਲ ਹੋਣ ਲੱਗਾ, ਮੈਂਨੂੰ ਆਪਣੀ ‘ਭਾਰ ਢੋਇਆ ਕਰਾਂਗਾ ਤੇ ਪੈਸੇ ਲੁੱਟਿਆ ਕਰਾਂਗਾ’ ਗੱਲ ਯਾਦ ਆਉਂਦੀ ... ਹੌਲੀ ਹੌਲੀ ਮਸੇਰ ਦੇ ਹਾਸੇ ਪਿੱਛੇ ਛੁਪੀ ਸੂਝ ਦੀ ਝਲਕ ਮਹਿਸੂਸ ਹੋਣ ਲੱਗ ਪਈ। ਮਸੇਰ ਇੱਕ ਸਮਾਜਕ ਵਿਗਿਆਨਕ ਸੂਝ ਦਾ ਧਨੀ ਸੀ। ਸਮਾਜ ਵਿੱਚ ਹੁੰਦੀ ਲੁੱਟ ਦਾ ਹੀਜ-ਪਾਜ ਜਾਣਦਾ ਸੀ। ਮੇਰੀ ਗੱਲ ’ਤੇ ਉਹਦਾ ਹੱਸਣਾ ਕੁਦਰਤੀ ਸੀ। ਜਿਵੇਂ ਭੋਲ਼ੇ ਜਾਟ ਸਿਪਾਹੀ ਦੀ ਰੱਜਕੇ ਗੁੜ ਖਾਣ ਵਾਲੀ ਗੱਲ ਨੇ ਉਹਦੇ ਉਸਤਾਦ ਤੇ ਸਾਥੀਆਂ ਨੂੰ ਹੱਸਣ ਲਾਇਆ ਸੀ। ਅੱਜ ਮੈਂਨੂੰ ਕਮਾਈ ਉਹ ਦੁਆਨੀ ਤੋਂ ਵੱਧ ਬਣਦੇ ਪੈਸੇ ਦੀ ਹੋਈ ਲੁੱਟ ਦੀ ਸੂਝ ਦਿਸਣ, ਵਿਗਸਣ ਲੱਗੀ ਪਈ ਐ। ਉਹ ਦੁਆਨੀ ਤਾਂ ਇੱਕ ਨਿਗੂਣਾ ਜਿਹਾ ਗੁਜ਼ਾਰਾ ਵੇਤਨ ਹੀ ਸੀ।
ਆਲਮ ਦੇ ਮਹਾਨ ਚਿੰਤਕ ਕਾਰਲ ਮਾਰਕਸ ਨੇ ਸਰਮਾਏਦਾਰੀ ਦੇ ਵਧਣ-ਫੁੱਲਣ ਦਾ ਸਰੋਤ ‘ਵਾਧੂ ਮੁੱਲ’ (ਸਰਪਲੱਸ ਵੈਲਯੂ) ਦੇ ਵਿਗਿਆਨਕ ਤਰਕ ’ਤੇ ਅਧਾਰਤ ਕੀਤਾ। ਕਿਸੇ ਵਸਤੂ ਦਾ ਮੁੱਲ ਉਸ ਨੂੰ ਪੈਦਾ ਕਰਨ ਵਿੱਚ ਲੱਗੀ ਕਿਰਤ ਨਿਰਧਾਰਤ ਕਰਦੀ ਹੈ। ਵਸਤੂ ਦੇ ਪੈਦਾ ਕਰਨ ਵਿੱਚ ਲੱਗੀ ਪੂੰਜੀ, ਜ਼ਮੀਨ ਤੇ ਪ੍ਰਬੰਧ ਦੇ ਜੋਖ਼ਮ ਤੇ ਲਾਭ ਦੇ ਖ਼ਰਚਿਆਂ ਦਾ ਹਿੱਸਾ ਕੱਢਣ ਪਿੱਛੋਂ ਵਸਤੂ ਦਾ ਬਾਕੀ ਸਾਰਾ ਮੁੱਲ ਕਿਰਤ ਦੀ ਹੀ ਕਮਾਈ ਹੁੰਦੀ ਹੈ। ਪਰ ਕਿਰਤ ਨੂੰ ਉਸ ਦਾ ਨਿਆਇਕ ਹਿੱਸਾ ਕਦੀ ਨਹੀਂ ਮਿਲਦਾ। ਸਗੋਂ ਉਸ ਨੂੰ ਤਾਂ ਇਹਦਾ ਇੱਕ ਨਿਗੂਣਾ ਜਿਹਾ ਭਾਗ ਦਿੱਤਾ ਜਾਂਦਾ ਹੈ ਤਾਂ ਕਿਰਤੀ ਦਾ ਗੁਜ਼ਾਰਾ ਚੱਲਦਾ ਰਹੇ ਅਤੇ ਉਹ ਜਿਉਂਦਾ ਰਹੇ ਅਤੇ ਹੋਰ ਲੇਬਰ ਪੈਦਾ ਕਰਦਾ ਰਹੇ। ਇਸ ਸੱਚ ਨੂੰ ਕਦੀ ਵੀ ਝੂਠਲਾਇਆ ਨਹੀਂ ਜਾ ਸਕਦਾ। ਇਹ ਹਰ ਯੁਗ ਦਾ ਸੱਚ ਸੀ, ਹੁਣ ਵੀ ਹੈ ਅਤੇ ਰਹੇਗਾ। ਫਰੈਡਰਿਕ ਨੇ ਇਸ ਸੱਚ ਨੂੰ ਇੱਦਾਂ ਵਰਣਤ ਕੀਤਾ ਹੈ: “ਮਨੁੱਖੀ ਸਰੀਰ ਅਤੇ ਇਸਦੀ ਕਿਰਤ ਦੀ ਸ਼ਕਤੀ ਸਰਮਾਏਦਾਰੀ ਵੱਲੋਂ ਖੋਜੀ ਬਿਹਤਰੀਨ ਮਸ਼ੀਨ ਹੈ।”
ਬੱਸ ਇਸ ਵਾਧੂ ਮੁੱਲ ਵਿੱਚੋਂ ਹੀ ਕਿਰਤ ਦੀ ਲੁੱਟ-ਚੋਂਘ ਦਾ ਬਾਨਣੂੰ ਬੱਝਦਾ ਹੈ। ਇਸ ਵਾਧੂ ਮੁੱਲ ਨੂੰ ਆਪਣੇ ਨਫ਼ੇ ਦਾ ਨਾਮ ਦੇ ਕੇ ਇਕੱਲਾ ਸਰਮਾਏਦਾਰ ਹੀ ਹੜੱਪ ਜਾਂਦਾ ਹੈ ਅਤੇ ਨਫ਼ਾ ਵਧਾਉਣ ਲਈ ਉਤਪਾਦਨ ਦੇ ਵਾਧੇ ਵਿੱਚ ਮੁੜ ਨਿਵੇਸ਼ ਕਰ ਦਿੰਦਾ। ਇਸ ਤਰ੍ਹਾਂ ਅੱਗੋਂ ਪੂੰਜੀ ਦੇ ਵੱਡੇ ਵੱਡੇ ਅਡੰਬਰ, ਉਸਰਨੇ ਆਰੰਭ ਹੋ ਜਾਂਦੇ ਹਨ। ਨਫ਼ੇ ਹੋਰ ਵਧੀ ਤੁਰੀ ਜਾਂਦੇ ਹਨ। ਪੈਦਾਵਰ ਵਧੀ ਤੁਰੀ ਜਾਂਦੀ ਹੈ ... ਵਧਦੀ ਪੈਦਾਵਾਰ ਉਸ ਦੇ ਮੁਨਾਫ਼ੇ, ਚੌਧਰ ਤੇ ਹਊਮੈ ਨੂੰ ਸਿਖ਼ਰ ’ਤੇ ਲੈ ਜਾਂਦੀ ਹੈ। ਉਹ ਸਭ ਤੋਂ ਅਮੀਰ ਤੇ ਤਾਕਤਵਰ ਵਿਅਕਤੀ ਬਣ ਜਾਂਦਾ ਹੈ। ਭਾਵੇਂ ਉਸ ਨੂੰ ਸੌਣ ਲੱਗਿਆਂ ਨੀਂਦ ਦੀਆਂ ਗੋਲ਼ੀਆਂ ਦਾ ਫੱਕਾ ਹੀ ਕਿਉਂ ਨਾ ਮਾਰਨਾ ਪਏ। ਪਰ ਉਹਦੀ ਹਵਸ ਰੱਜਦੀ ਨਹੀਂ, ਜੋ ਇੱਕ ਪੁੱਠਾ ਭਾਂਡਾ ਹੁੰਦੀ ਹੈ। ਕਦੀ ਭਰਦੀ ਨਹੀਂ। ਇਹ ਹੀ ਇਹਦਾ ਬੁਨਿਆਦੀ ਖਾਸਾ ਹੈ। ਇਸ ਨੇ ਸਭ ਧਨਾਢਾਂ ਨੂੰ ਹਲਕਾ ਦਿੱਤਾ ਹੋਇਆ ਹੈ। ਹਲਕਿਆ ਕੁੱਤਾ ਖਾਣ ਲਈ ਨਹੀਂ ਵੱਢਦਾ, ਪਰ ਹਲਕ ਵਿੱਚ ਅੰਨ੍ਹਾ ਹੋਇਆ, ਜੋ ਵੀ ਸਾਹਮਣੇ ਆਇਆ, ਚੱਕ ਮਾਰਦਾ ਤੁਰਿਆ ਜਾਂਦਾ ਹੈ। ਦੂਜੇ ਪਾਸੇ ਮੁੱਲ ਪੈਦਾ ਕਰਨ ਵਾਲਾ ਕਿਰਤੀ ਗੁਰਬਤ ਦੀ ਦਲ-ਦਲ ਵਿੱਚ ਹੀ ਦਿਨ ਕਟੀ ਕਰਨ ‘ਤੇ ਮਜਬੂਰ ਹੁੰਦਾ ਹੈ। ਕਿਉਂਕਿ ਉਹ ਸਾਧਨਾਂ ਦਾ ਮਾਲਕ ਨਹੀਂ। ਉਸ ਦੀ ਮਾਲਕੀ ਕੇਵਲ ਤੇ ਕੇਵਲ ਉਸ ਦੀ ਲੇਬਰ ਸ਼ਕਤੀ ਹੁੰਦੀ ਹੈ ਜਿਸ ਨੂੰ ਉਹ ਮੰਡੀ ਵਿੱਚ ਸਸਤੀ ਮਹਿੰਗੀ ਵੇਚਣ ਲਈ ਮਜਬੂਰ ਹੁੰਦਾ ਹੈ। ਸ਼ਾਮ ਤਕ ਉਹਨੇ ਤਾਂ ਪਰਿਵਾਰ ਲਈ ਪੀਪੇ ਵਿੱਚ ਆਟਾ ਲੈ ਕੇ ਮੁੜਨਾ ਹੁੰਦਾ ਹੈ। ਜੋ ਵੀ ਮਿਲਦਾ ਹੈ, ਉਹ ਉਸ ਨਾਲ ਹੀ ਸਬਰ ਕਰਨ ’ਤੇ ਮਜਬੂਰ ਹੁੰਦਾ ਹੈ। ਇੱਦਾਂ ਸਮਾਜ ਵਿੱਚ ਨਾਬਰਾਬਰੀ ਦੇ ਬੀਜ ਉਪਜਣੇ, ਵਿਗਸਣੇ, ਫਲਣੇ-ਫੁੱਲਣੇ ਆਰੰਭ ਹੋ ਜਾਂਦੇ ਹਨ ਜੋ ਸਮਾਜ ਨੂੰ ਅੱਗੋਂ ਕਈ ਵਰਗਾਂ ਵਿੱਚ ਵੰਡ ਧਰਦੇ ਹਨ।
ਇਹਨਾਂ ਕਾਰਪੋਰੇਟਾਂ ਨੂੰ ਧੰਨ ਦੀ ਲਿਸ਼ਕ ਨੇ ਅੰਨ੍ਹਾ ਕੀਤਾ ਹੁੰਦਾ ਹੈ। ਇਸ ਪੈਸੇ ਨਾਲ ਉਹ ਰੱਬ ਨੂੰ ਵਾਹਵਾ ਚੜ੍ਹਾਵੇ ਚੜ੍ਹਾ ਆਪਣੀ ਲੁੱਟ ਦਾ ਵਕੀਲ ਬਣਾਉਣ ਲਈ ਖ਼ਰੀਦ ਰੱਖਦੇ ਹਨ। ਉਨ੍ਹਾਂ ਦਾ ਇਹ ਦਿਖਾਵਾ ਲੋਕਾਂ ਵਿੱਚ ਭੁਲੇਖੇ ਪਾਉਣ ਦਾ ਇੱਕ ਵੱਖਰਾ ਹੀ ਚੱਕਰ ਚਲਾ ਦਿੰਦਾ ਹੈ। ਹੁਣ ਉਸ ਨੂੰ ਕਿਸੇ ਦਾ ਡਰ ਭਓ ਨਹੀਂ। ਸਰਕਾਰਾਂ ਤਾਂ ਪਹਿਲਾਂ ਹੀ ਉਹਦੀਆਂ ਦਾਸੀਆਂ ਹੁੰਦੀਆਂ ਹਨ। ਜਿਵੇਂ ਉਹਨੂੰ ਸੂਤ ਬੈਠਦਾ, ਉਹ ਉਹੋ ਜਿਹੇ ਕਨੂੰਨ ਬਣਵਾ ਲੈਂਦਾ ਹੈ। ਚੋਣਾਂ ਤਾਂ ਲੋਕਾਂ ਲਈ ਇੱਕ ਛਲਾਵਾ, ਇੱਕ ਛਲੇਡਾ ਬਣ ਪੰਜ ਸਾਲ ਬਾਅਦ ਰੂਪਮਾਨ ਜ਼ਰੂਰ ਹੁੰਦੀਆਂ ਹਨ। ਵੋਟ ਪਰਚੀ ਹੱਥ ਫੜ ਬੰਦਾ ਇੱਕ ਵਾਰੀ ਤਾਂ ਬੜਾ ਆਜ਼ਾਦ ਤੇ ਵੱਡਾ ਮਹਿਸੂਸ ਕਰਦਾ ਹੈ ਪਰ ਉਸ ਦੀ ਸੋਚ ਆਜ਼ਾਦ ਨਹੀਂ। ਉਹਨੂੰ ਸਾਮ, ਦਾਮ, ਦੰਡ, ਭੇਦ ਨੇ ਗੁਲਾਮ ਬਣਾ ਦਿੱਤਾ ਹੋਇਆ ਹੈ। ਉਹਦੀ ਸੋਚ ਆਪਣੀ ਨਹੀਂ ਹੁੰਦੀ। ਆਪਣੀ ਸੋਚ ਤਾਂ ਬਣੇ ਜੇ ਉਸ ਨੂੰ ਕੁਝ ਸੋਚਣ, ਪੜ੍ਹਨ, ਗੁੜ੍ਹਨ ਦਾ ਵਿਹਲ ਹੋਵੇ। ਉਹਨੂੰ ਤਾਂ ਕੇਵਲ ਇੰਨਾ ਸਮਾਂ ਹੀ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਸਾਹ ਲੈਂਦਾ ਰਹੇ ਤੇ ਬੱਚੇ ਪੈਦਾ ਕਰਦਾ ਰਹੇ।
ਰਹਿੰਦੀ ਕਸਰ ਜ਼ਰਖ਼ਰੀਦ ਮੀਡੀਏ ਦੇ ਅੰਨ੍ਹੇ ਪਸਾਰ, ਪ੍ਰਚਾਰ ਅਤੇ ਕਾਰਪੋਰੇਟੀ ਨਿਜ਼ਾਮ ਦੇ ਅਮਨ ਕਨੂੰਨ ਦੇ ਰਖਵਾਲਿਆਂ ਦੇ ਡਰ ਸਹਿਮ ਕੱਢ ਦਿੰਦੇ ਹਨ। ਅਸਲੀਅਤ ਵਿੱਚ ਆਮ ਮਜ਼ਦੂਰ ਦੀ ਸੋਚ ਚੰਗੀ ਪਾਰਟੀ/ਉਮੀਦਵਾਰ ਦੀ ਚੋਣ ਕਰਨ ਲਈ ਨਾ ਤਾਂ ਆਜ਼ਾਦ ਹੁੰਦੀ ਹੈ ਅਤੇ ਨਾ ਹੀ ਸੋਚ ਸਕਣ ਦੇ ਕਾਬਲ ਹੁੰਦੀ ਹੈ। ਵੋਟ ਵੇਲੇ ਭਾਵੇਂ ਉਹਦਾ ਹੱਥ ਆਜ਼ਾਦ ਵਿਖਾ ਦਿੱਤਾ ਜਾਂਦਾ ਹੈ। ਇਸ ਸਾਰੇ ’ਤੇ ਭਰਮਾਂ ਦਾ ਮੁਲੰਮਾ ਪਖੰਡੀ ਸਾਧ, ਬਾਬੇ, ਪੀਰ, ਪੈਗੰਬਰ ਚਾੜ੍ਹ ਲੋਕਾਂ ਨੂੰ ਸਮੋਹਕ ਕਰਦੇ ਰਹਿੰਦੇ ਹਨ। ਜੋ ਮਲਕ ਭਾਗੋਆਂ ਦੇ ਢੰਡੋਰਚੀ ਹੁੰਦੇ ਹਨ।
ਕਾਰਪੋਰੇਟ ਦਾ ਰੱਬ ਹੁੰਦਾ ਹੈ ਪੈਸਾ। ਵੱਧ ਉਤਪਾਦਨ, ਵੱਧ ਮੁਨਾਫ਼ਾ; ਹੋਰ ਉਤਪਾਦਨ, ਹੋਰ ਮੁਨਾਫ਼ਾ; ਅਤੇ ਇਹ ਵਿਹੁ ਚੱਕਰ ਤੇਜ਼ ਬੂਮ ਨੂੰ ਸਿਖ਼ਰ ’ਤੇ ਲੈ ਜਾਂਦਾ ਹੈ, ਜਿੱਥੇ ਉਤਪਾਦਨ ਦਾ ਹੜ੍ਹ ਆ ਜਾਂਦਾ ਹੈ। ਵੇਅਰ ਹਾਊਸ ਵਸਤੂਆਂ ਨਾਲ ਨੱਕੋ ਨੱਕ ਭਰ ਜਾਂਦੇ ਹਨ। ਮਾਲ ਦੀ ਉੰਨੀ ਖਪਤ ਨਹੀਂ ਹੁੰਦੀ, ਜਿੰਨੀ ਪੈਦਾਵਰ ਦੀ ਸਮਰੱਥਾ ਬਣ ਚੁੱਕੀ ਹੁੰਦੀ ਹੈ। ਫਿਰ ਸ਼ੁਰੂ ਹੋ ਜਾਂਦੀ ਹੈ, ਕਾਮਿਆਂ ਦੀ ਛਾਂਟੀ, ਕੰਮ ਤੋਂ ਛੁੱਟੀ। ਇਸ ਤਰ੍ਹਾਂ ਲੋਕ ਮੰਦੀ ਦੇ ਕੁੰਭੀ ਨਰਕ ਵਿੱਚ ਧੱਕ ਦਿੱਤੇ ਜਾਂਦੇ ਹਨ। ਮੌਰਗੇਜਾਂ ਫੇਲ ਹੋ ਜਾਂਦੀਆਂ ਹਨ। ਇੰਸ਼ੋਰੈਂਸਾਂ ਦੀਆਂ ਅਦਾਇਗੀਆਂ ਟੁੱਟ ਜਾਂਦੀਆਂ ਹਨ। ਰੋਜ਼ਾਨਾ ਲੋੜਾਂ ਲਈ ਤਰਲੋਮੱਛੀ ਹੋਣਾ ਪੈਂਦਾ ਹੈ। ਸਰਮਾਏਦਾਰ ਨੂੰ ਕਿਹੜਾ ਆਪਣੀ ਦਾਲ ਰੋਟੀ ਤੇ ਕੱਪੜੇ ਦਾ ਫਿਕਰ ਹੈ। ਉਸ ਦੀਆਂ ਮਹਿਲ ਮਾੜੀਆਂ, ਐਸ਼ੋ ਇਸ਼ਰਤ ਦੇ ਸਾਧਨ ਪਹਿਲਾਂ ਹੀ ਬੇਅੰਤ ਹਨ।
ਮਰਦਾ ਕੌਣ ਹੈ? ਗਰੀਬ ਕਿਰਤੀ, ਕਾਮਾ ਜੋ ਨਿਮਾਣਾ ਤੇ ਨਿਤਾਣਾ ਵਰਗ ਹੁੰਦਾ ਹੈ। ਜੋ ਸਮੇਤ ਪਰਿਵਾਰ ਦਿਨ ਰਾਤ ਜੂਝਕੇ ਮਸੀਂ ਆਪਣਾ ਜੀਵਨ ਤੋਰਦਾ ਹੈ। ਨੌਕਰੀ ਗਈ, ਫਾਕਾਕਸ਼ੀ ਨੇ ਦਰ ਆ ਮੱਲਿਆ। ਜਿਸ ਕੋਲ ਆਪਣੀ ਮਜ਼ਦੂਰੀ ਵੇਚਣ ਵਾਲੀ ਇੱਕੋ ਇੱਕ ਵਸਤੂ ਹੁੰਦੀ ਹੈ, ਪਰ ਮੰਦੀ ਵਿੱਚ ਉਸ ਦਾ ਵੀ ਕੋਈ ਗਾਹਕ ਨਹੀਂ ਹੁੰਦਾ। ਇੱਕ ਮਿਸਾਲ ਇਸ ਸੱਚ ਨੂੰ ਪੇਸ਼ ਕਰਦੀ ਹੈ: ਬੇਬੇ ਚੁੱਲ੍ਹਾ ਕਿਉਂ ਨਹੀਂ ਬਾਲਦੀ? ਕਿਉਂਕਿ ਸਾਡੇ ਕੋਲ ਲਕੜੀ ਨਹੀਂ। ਸਾਡੇ ਘਰ ਲਕੜੀ ਕਿਉਂ ਨਹੀਂ? ਕਿਉਂਕਿ ਤੇਰੇ ਬਾਪੂ ਦੀ ਕੰਮ ਤੋਂ ਛਾਂਟੀ ਹੋ ਚੁੱਕੀ ਹੈ। ਉਸ ਦੀ ਛਾਂਟੀ ਕਿਉਂ ਹੋਈ ਹੈ? ਕਿਉਂਕਿ ਲਕੜੀ ਬਹੁਤੀ ਹੋ ਗਈ ਐ ...।
ਸਮੁੱਚੇ ਕਿਰਤੀ ਵਰਗ ਦੀ ਤਾਕਤ ਤਾਂ ਓੜਕਾਂ ਦੀ ਹੈ ਪਰ ਇਸ ਨੂੰ ਵੀ ਕਈ ਵਰਗਾਂ ਵਿੱਚ ਵੰਡ ਦਿੱਤਾ ਗਿਆ ਹੋਇਆ ਹੈ। ਬੱਸ ਇੱਥੇ ਹੀ ਸਵਾਲ ਉੱਠਦਾ ਹੈ, ਮਜ਼ਦੂਰ ਕੌਣ ਹੈ? ਇਹ ਇੱਕ ਬੁਨਿਆਦੀ ਸਵਾਲ ਬਣ ਜਾਂਦਾ ਹੈ। ਇਸਦੀ ਸਮਝ ਬਿਨਾਂ ਗੱਲ ਅੱਗੇ ਕਿਵੇਂ ਤੁਰੇ! ਸਰਲ ਜਿਹੀ ਵਿਆਖਿਆ ਨਾਲ ਸ਼ਾਇਦ ਕੁਝ ਸਮਝ ਪੈ ਜਾਵੇ। ਜੇ ਮਜ਼ਦੂਰ ਆਪਣੇ ਹੱਥਾਂ ਪੈਰਾਂ, ਜਿਸਮ ਦੀ ਤਾਕਤ ਦਾ ਮਾਲਕ ਹੈ, ਜਿਸਨੂੰ ਨਿਚੋੜ ਨਿਚੋੜ ਪਹਿਲਾਂ ਹੀ ਅਧਮੋਇਆ ਕਰ ਰੱਖਿਆ ਗਿਆ ਹੈ, ਉੱਥੇ ਉਸ ਤੋਂ ਅਗਲਾ ਵਰਗ ਕੁਝ ਗਿਆਨ, ਹੁਨਰਾਂ ਦਾ ਮਾਲਕ ਹੋਣ ਕਰਕੇ ਮਜ਼ਦੂਰ ਨਾਲੋਂ ਉੱਚਾ ਤੇ ਵੱਖਰਾ ਜਿਹਾ ਮਹਿਸੂਸ ਕਰਦਾ ਹੈ। ਪਰ ਉਸ ਦੀ ਸੋਚ ਵਿੱਚ ਇੱਕ ਦਕਿਆਨੂਸੀ ਭਰਮ ਵੜਿਆ ਹੁੰਦਾ ਹੈ। ਉਹ ਆਪਣੇ ਆਪ ਨੂੰ ਮਜ਼ਦੂਰ ਨਹੀਂ ਸਮਝਦਾ। ਵੈਸੇ ਵਿਦੇਸ਼ਾਂ ਦੇ ਇਸ ਵਰਗ ਦੇ ਲੋਕ ਜਦੋਂ ਡੇਢ ਕੁ ਸ਼ਿਫਟ ਲਾ ਘਰ ਪਹੁੰਚਦੇ ਹਨ ਤਾਂ ਕਹਿ ਜ਼ਰੂਰ ਦਿੰਦੇ ਹਨ ਕਿ ਦਿਹਾੜੀ ਲਾ ਕੇ ਆਏ ਆਂ। ਪਰ ਸਮਝ ਵਿੱਚ ਮਜ਼ਦੂਰਾਂ ਨਾਲੋਂ ਥੋੜ੍ਹਾ ਵੱਖਰਾ ਜਿਹਾ ਮਹਿਸੂਸ ਕਰਦੇ ਹਨ। ਫਿਰ ਅਗਲਾ ਵਰਗ ਚਿੱਟ ਕਪੜੀਏ ਬਾਬੂ (ਵੱਡੇ ਸਿਵਲ ਕਰਮਚਾਰੀ), ਅਧਿਆਪਕ, ਪ੍ਰੋਫੈਸਰ ਵਰਗ ਆ ਜਾਂਦਾ ਹੈ। ਉਸ ਨੂੰ ਵੀ ਉਜਰਤ, ਵੇਤਨ, ਤਨਖ਼ਾਹ ਦਿਨਾਂ ਦੇ ਹਿਸਾਬ ਨਾਲ ਹੀ ਮਿਲਦੀ ਹੈ। ਪਰ ਉਹ ਆਪਣੇ ਆਪ ਨੂੰ ਮਜ਼ਦੂਰ ਕਦੀ ਵੀ ਨਹੀਂ ਸਮਝਦੇ। ਗੱਲ ਦੀ ਰੈਲ਼ ਨੂੰ ਵਲ਼ਦਿਆਂ ਨਤੀਜਾ ਇਹ ਨਿਕਲਦਾ ਹੈ ਕਿ ਜੋ ਵੀ ਨਿਸ਼ਚਤ ਘੰਟੇ, ਜਾਂ ਦਿਨ ਦੇ ਹਿਸਾਬ ਨਾਲ ਵੇਤਨ ਲੈਂਦਾ ਹੈ ਉਹ ਅਸਲੀਅਤ ਵਿੱਚ ਮਜ਼ਦੂਰ ਹੈ। ਉਹਨੂੰ ਵੀ ਮਹਿੰਗਾਈ, ਹਰ ਕਿਸਮ ਦੇ ਬੀਮਿਆਂ ਤੇ ਮੌਰਗੇਜਾਂ ਦੀਆਂ ਉੱਚੀਆਂ ਦਰਾਂ ਚੁੱਭਦੀਆਂ ਹਨ। ਉਹ ਵੀ ਮਜ਼ਦੂਰ ਜਥੇਬੰਦੀਆਂ ਵਾਂਗ ਸੜਕਾਂ ’ਤੇ ਮੁਜ਼ਾਹਰੇ ਕਰਨ ਤੇ ਹੜਤਾਲਾਂ ਕਰਨ ਲਈ ਮਜਬੂਰ ਹੋ ਜਾਂਦਾ ਹੈ। ਅਸਲੀਅਤ ਵਿੱਚ ਹੁੰਦੇ ਸਭ ਲੋਕ ਮਿਹਨਤਕਸ਼ ਮਜ਼ਦੂਰ ਹੀ ਹਨ।
ਇਸੇ ਤਰ੍ਹਾਂ ਕਿਸਾਨੀ ਵਿੱਚ ਵੀ ਵੰਡੀਆਂ ਪਈਆਂ ਹੋਈਆਂ ਹਨ। ਜੇ ਕਿਤੇ ਇਹ ਇੱਕ ਵੱਡੀ ਜਥੇਬੰਦੀ ਵਿੱਚ ਜੁੜ ਜਾਣ ਤਾਂ ਵੇਖਿਓ, ਇਨਕਲਾਬ ਇਨ੍ਹਾਂ ਕਾਰਪੋਰੇਟਸ ਨੂੰ ਭੱਜਣ ’ਤੇ ਮਜਬੂਰ ਕਰ ਦੇਵੇਗਾ। ਮਾਰਕਸ ਦਾ ਕਥਨ “ਦੁਨੀਆਂ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ; ਤੁਹਾਡਾ ਕੁਝ ਨਹੀਂ ਗੁਆਚੇਗਾ; ਤੁਹਾਡੀਆਂ ਜੰਜ਼ੀਰਾਂ ਟੁੱਟ ਜਾਣਗੀਆਂ” ਯਾਦ ਆ ਜਾਂਦਾ ਹੈ। ਇਹ ਭਾਵੇਂ ਮੇਰਾ ਇੱਕ ਸੁਪਨਾ ਸਮਝੋ ਪਰ ਤਰਕ ਦੀ ਸਾਣ ’ਤੇ ਕਾਰਪੋਰੇਟਸ ਦੀ ਗੁਲਾਮੀ ਤੋਂ ਮੁਕਤੀ ਦਾ ਇਹ ਹੀ ਇੱਕੋ ਇੱਕ ਸ਼ਾਹਰਾਹ ਹੈ। ਸੋਚ ਬੱਸ ਇੱਥੇ ਆ ਖਲੋਂਦੀ ਹੈ ਜਿਹੜੀ ਆਪਣੇ ਭੋਲ਼ੇਪਨ ਵਿੱਚ ਸਮਝਦੀ ਹੁੰਦੀ ਸੀ ਕਿ ਭਾਰ ਢੋਇਆ ਕਰਾਂਗੇ ਅਤੇ ਪੈਸੇ ਲੁੱਟਿਆ ਕਰਾਂਗੇ। ਅਸਲ ਵਿੱਚ ਹੁਣ ਮੰਨਣ ਲੱਗ ਪਈ ਹੈ ਕਿ ਤੂੰ, ਤੁਸੀਂ ਤੇ ਅਸੀਂ ਸਭ (ਸਿਵਾਏ ਕਾਰਪੋਰੇਟ ਸਰਮਾਏਦਾਰਾਂ ਦੇ) ਲੁੱਟੇ ਹੀ ਜਾ ਰਹੇ ਹਾਂ। ਸਮਾਜ ਦੇ ਦੋ ਹੀ ਵਰਗ ਹਨ। ਇੱਕ ਲੁੱਟੇ ਜਾ ਰਹੇ ਅਤੇ ਦੂਜੇ ਲੋਟੂ। ਇੱਕ ਮਜ਼ਦੂਰ ਤੇ ਦੂਜੇ ਮਾਲਕ। ਇੱਕ ਭੋਏਂ ਮਾਲਕ ਦੂਜੇ ਖੇਤ ਮਜ਼ਦੂਰ। ਵੈਸੇ ਤਾਂ ਆਮ ਜੱਟ ਕਿਸਾਨ ਦੀ ਅੱਜ ਜਿਹੜੀ ਆਰਥਕ ਹਾਲਤ ਹੈ ਉਸਦਾ ਅੰਦਾਜ਼ਾ ਤਾਂ ਉਨ੍ਹਾਂ ਦੀਆਂ ਖੁਦਕੁਸ਼ੀਆਂ ਤੋਂ ਸਹਿਜੇ ਹੀ ਲੱਗ ਜਾਂਦਾ ਹੈ। ਪਰ ਕਿੱਲਾ (ਜੱਟ ਮਾਨਸਿਕਤਾ) ਉਸ ਨੂੰ ਹਾਲੀ ਆਪਣੇ ਆਪ ਨੂੰ ਵੱਖਰੇ ਤੇ ਉੱਚੇ ਪੌਡੇ ਤੋਂ ਥੱਲੇ ਨਹੀਂ ਉਤਰਣ ਦਿੰਦਾ। ਪ੍ਰੋਫੈਸਰ ਮੋਹਨ ਸਿੰਘ ਦੇ ਸ਼ੇਅਰ ਨਾਲ ਹੀ ਗੱਲ ਮੁੱਕਦੀ ਐ:
ਦੋ ਟੋਟਿਆਂ ਵਿੱਚ ਭੋਂ ਟੁੱਟੀ, ਇੱਕ ਮਹਿਲਾਂ ਦੀ ਇੱਕ ਢੋਕਾਂ ਦੀ।
ਦੋ ਧੜਿਆਂ ਵਿੱਚ ਖ਼ਲਕਤ ਵੰਡੀ, ਇੱਕ ਲੋਕਾਂ ਦੀ ਇੱਕ ਜੋਕਾਂ ਦੀ।
**
ਫੋਨ: 647-402-2170 (ਕੈਨੇਡਾ), 95305 17132 (ਭਾਰਤ)
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2231)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)