BalkarBajwa7ਬਾਹਰਲੇ ਪ੍ਰਵਾਸੀ ਜੋ ਚਾਰਟਰਡ ਫਲਾਈਟਾਂ ਰਾਹੀਂ ਦੁੱਗਣੀ ਦਰ ਤੇ ਵਾਪਸ ਗਏ ਹਨਉਨ੍ਹਾਂ ਦੀਆਂ ...
(18 ਜੂਨ 2020)

 

ਕੋਰੋਨਾ ਵਾਇਰਸ ਤੋਂ ਬਚਾ ਵਾਸਤੇ ਸਰਕਾਰਾਂ ਨੇ ਤੁਰੰਤ ਤਾਲਾਬੰਦੀ, ਘਰਬੰਦੀ, ਸਮਾਜਿਕ ਫਾਸਲਾਬੰਦੀ, ਲਾਜ਼ਮੀ ਇਕਾਂਤਬੰਦੀ, ਆਦਿ ਸਖ਼ਤੀ ਨਾਲ ਲਾਗੂ ਕਰ ਦਿੱਤੇ। ਲਾਏ ਵੀ ਬਿਨਾਂ ਕਿਸੇ ਤਿਆਰੀ/ ਪ੍ਰਬੰਧਾਂ ਦੇ। ਜਿਵੇਂ ਵੀ, ਜਿੱਥੇ ਵੀ ਕੋਈ ਸੀ, ਜਿਸਮਾਨੀ ਤੇ ਮਾਨਸਿਕ ਤੌਰ ’ਤੇ ਘਿਰ ਗਿਆ। ਜਰਵਾਣਿਆਂ ਵੱਲੋਂ ਪਾਏ ਘੇਰੇ ਵਾਂਗ। ਲੋਕ ਅਚਾਨਕ ਅਸਮਾਨੋਂ ਡਿੱਗੀ ਬਿਜਲੀ ਵਾਂਗ ਸਹਿਮ ਗਏ। ਵਿਸ਼ੇਸ਼ ਕਰਕੇ ਪ੍ਰਵਾਸੀ, ਵਿਦੇਸ਼ੀ ਤੇ ਵਤਨ ਵਿਚਲੇ। ਸਰਕਾਰਾਂ ਦੇ ਹਿਟਲਰੀ ਬਿਆਨਾਂ, ਚਾਲਾਂ (ਕੁਚਾਲਾਂ) ਤੇ ਅਮਲਾਂ ਤੋਂ ਲੱਗਦਾ ਹੈ ਕਿ ਉਨ੍ਹਾਂ ਨੂੰ ਕੋਰੋਨਾ ਨਾਲੋਂ ਚੋਣਾਂ ਦੀ ਜ਼ਿਆਦਾ ਚਿੰਤਾ ਹੈ। ਇਹ ਬੰਦੀਆਂ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਤਾਂ ਵਰ ਸਾਬਤ ਹੋਈਆਂ ਪਰ ਕਿਰਤੀਆਂ, ਮਜ਼ਦੂਰਾਂ, ਕਿਸਾਨਾਂ ਤੇ ਬਜ਼ੁਰਗ ਪ੍ਰਵਾਸੀਆਂ ਲਈ ਸਰਾਪ ਬਣੀਆਂ ਹੋਈਆਂ ਨੇ। ਵਿਦੇਸ਼ੀ ਪ੍ਰਵਾਸੀਆਂ ਨੂੰ ਖਾਣ-ਪੀਣ, ਰਹਿਣ-ਸਹਿਣ ਦੀ ਭਾਵੇਂ ਕੋਈ ਬਹੁਤੀ ਸਮੱਸਿਆ ਨਹੀਂ, ਪਰ ਦਵਾ-ਦਾਰੂ ਮੁੱਕ ਗਏ ਹਨ, ਜੋ ਇੱਕ ਵੱਡੀ ਤੇ ਗੰਭੀਰ ਸਮੱਸਿਆ ਬਣੇ ਹੋਏ ਹਨ। ਦੂਜਾ, ਜੇਠ-ਹਾੜ ਦੇ ਤਪਦੇ ਮੌਸਮ ਨੇ ਬਹੁਤਾ ਹੀ ਤਪਾਇਆ ਤੇ ਸਤਾਇਆ ਪਿਆ ਹੈ। ਇੱਕ ਵੇਰਾਂ ਤਾਂ ਛੱਤਣੀ ਹੱਥ ਲਵਾ ਦਿੱਤੇ। ਮਰਦੇ ਕੀ ਨਾ ਕਰਦੇ। ਭੱਜ ਨੱਠ ਕੇ ਲੋੜੀਂਦੇ ਓੜ੍ਹ-ਪੋੜ੍ਹ ਕੀਤੇ। ਕੁਝ ਰਾਹਤ ਮਿਲੀ। ਇਹ ਪਹਿਲਾਂ ਹਮੇਸ਼ ਹੀ ਮਾਰਚ-ਅਪਰੈਲ ਵਿੱਚ ਵਾਪਸ ਉਡਾਰੀ ਮਾਰ ਜਾਂਦੇ ਸਨ। ਗਰਮੀ ਨਾਲ ਮੁਕਾਬਲਾ ਕਰਨ ਵਾਲੇ ਘਰੇਲੂ ਬਿਜਲਈ ਯੰਤਰ ਵੰਡੇ-ਤਰੰਡੇ ਗਏ ਹੋਏ ਸਨ।

ਏਨੀਆਂ ਤੰਗੀਆਂ, ਬੰਦਸ਼ਾਂ, ਬੰਦੀਆਂ, ਬੰਧੇਜਾਂ ਵਿੱਚ ਜਿਉਣਾ ਤਾਂ ਪੈਣਾ ਹੀ ਸੀ ਪਰ ਨਿਰੇ ਜਿਊਣ ਨਾਲ ਨਹੀਂ ਸੀ ਸਰਦਾ। ਹੋਂਦ ਹੀ ਖ਼ਤਰੇ ਵਿੱਚ ਪਈ ਹੋਈ ਸੀ, ਜਿਸ ਕਾਰਨ ਉਹ ਉਦਾਸੀਨਤਾ, ਦਿਲਗੀਰੀ ਵਿੱਚ ਡੁੱਬਣ ਲੱਗੇ। ਇਕੱਲਤਾ ਬਹੁਤੀ ਵਾਰੀ ਦਬਾਅ ਤੇ ਬੇਅਰਾਮੀ ਵਾਲੀ ਹਾਲਤ ਪੈਦਾ ਕਰ ਦਿੰਦੀ ਹੈ। ਇਹ ਹਾਲਤ ਸਿਹਤ ਲਈ ਇੱਕ ਗੰਭੀਰ ਖ਼ਤਰਾ ਹੁੰਦੀ ਹੈ। ਇਹ ਹਾਲਤ ਹੀ ਸਮਾਜਿਕ ਜੀਵਨ ਵਿੱਚੋਂ ਪਿੱਛੇ ਹਟਣ ਦਾ ਕਾਰਨ ਬਣ ਜਾਂਦੀ ਐ। ਵੈਸੇ ਪਿਛਾਂਹ ਹਟ ਜਾਣਾ ਇੱਕ ਲਾਭਕਾਰੀ ਤੇ ਸਤਿਕਾਰਤ ਪ੍ਰਮਾਣਚਿੰਨ੍ਹ ਵੀ ਹੁੰਦਾ ਹੈ। ਮਿਥਿਹਾਸ ਵਿੱਚ ਵਿਰਾਗੀ, ਤਿਆਗੀ, ਤਪੱਸਵੀ, ਯੋਗੀ (ਜੇਸਿਸ, ਬੁੱਧਾ, ਓਡੀਨ, ਲਓ ਜ਼ੂ) ਦੇ ਜੰਗਲੀ ਝੌਂਪੜਿਆਂ, ਗੁਫ਼ਾਵਾਂ ਵਿੱਚ ਅਲੋਪ ਹੋਣ ਦੇ ਕਿੱਸੇ, ਕਹਾਣੀਆਂ ਸੁਣਦੇ ਰਹੇ ਹਾਂ। ਇਹ ਵੀ ਇੱਕ ਮਾਨਸਿਕ ਵਿਕਾਸ, ਭਰਪਾਈ ਹੁੰਦੀ ਹੈ। ਇਸ ਦੌਰਾਨ ਸਵੈ-ਉਤਪਤੀ (ਸਵੈ-ਸ਼ੁੱਧਤਾ) ਹੋਣ ਤੇ ਵਿਅਕਤੀ ਮੁੜ ਜੀਵਨ ਵਿੱਚ ਆ ਹਾਜ਼ਰ ਹੁੰਦਾ ਹੈ, ਜਦੋਂ ਉਸ ਨੂੰ ਆਪਣੇ ਇਸ਼ਟ ਦੀ ਕੋਈ ਨੂਰੀ ਰਿਸ਼ਮ ਉਸ ਦੇ ਮਨ ਵਿੱਚ ਝਲਕ ਪੈਂਦੀ ਹੈ।

ਮੈਂ ਇੱਕ ਦਿਨ ਡੂੰਘੀ ਉਦਾਸੀ ਦੇ ਆਲਮ ਵਿੱਚ ਡੁੱਬਿਆ ਪਿਆ ਸੀ। ਸੋਚ ਪੜ੍ਹਾਉਣ ਸਿਮ੍ਰਤੀਆਂ ਦੇ ਗਲਿਆਰਾਂ ਵਿੱਚ ਪਹੁੰਚ ਗਈ। ਸਿੱਖਿਆ ਦੇ ਅਰਥਾਂ ਅਤੇ ਉਦੇਸ਼ਾਂ ਬਾਰੇ ਕੀਤੀਆਂ ਗੱਲਾਂ ਮਨ ਵਿੱਚ ਘੁੰਮਣ ਲੱਗ ਪਈਆਂ। ਐਜੂਕੇਸ਼ਨ ਇੱਕ ਜੀਵਨ ਭਰ ਦੀ ਪ੍ਰਕਿਰਿਆ ਹੁੰਦੀ ਹੈ। ਇਹ ਤਾਂ ਕੁੱਖ ਤੋਂ ਕਬਰ ਤੱਕ ਦਾ ਅਮਲ ਹੈ; ਇਹ ਤਾਂ ਜੀਵਨ ਭਰ ਦੀ ਪ੍ਰਕਿਰਿਆ ਹੁੰਦੀ ਹੈ। ਨਾਲ ਹੀ ਆਦਰਸ਼ਵਾਦ ਵੱਲੋਂ ਦਿੱਤਾ ਗਿਆ ਸਿੱਖਿਆ ਦਾ ਉਦੇਸ਼ ‘ਸਵੈ-ਪਛਾਣ’ ਦਿਮਾਗ ਵਿੱਚ ਲਿਸ਼ਕਣ ਲੱਗ ਪਿਆ। ‘ਮਨ ਤੂੰ ਜੋਤ ਸਰੂਪ ਹੈਂ ਆਪਣਾ ਮੂਲ ਪਛਾਣੁ’। ਇਹ ਉਦੇਸ਼ ਨਿਪੁੰਨਤਾ (ਪਰਫੈਕਸ਼ਨ) ਵੱਲ ਤੋਰਦਾ ਹੈ, ਜੋ ਪ੍ਰਾਪਤ ਤਾਂ ਹੋ ਨਹੀਂ ਸਕਦਾ, ਪਰ ਅਸੀਂ ਉਸ ਵੱਲ ਵਧਣ ਦੀ ਕੋਸ਼ਿਸ਼ ਉਮਰ ਭਰ ਕਰਦੇ ਰਹਿੰਦੇ ਹਾਂ। ਨਿਪੁੰਨਤਾ ਤੇਰਾ ਨਾਮ ਤਾਂ ਪ੍ਰਮਾਤਮਾ, ਕਰਤਾ, ਕਰਤਾਰ ਹੈ। ਦੂਜੇ ਪਾਸੇ, ਪ੍ਰਕਿਰਤੀਵਾਦ, ਪ੍ਰਯੋਗਵਾਦ ਤੇ ਹੋਂਦਵਾਦ (ਅਸਤਿਤਵਾਦ) ਨੇ ਕ੍ਰਮਵਾਰ ਸਿੱਖਿਆ ਦੀਆਂ ਕੇਵਲ ਵਿਧੀਆਂ ਤੇ ਅਮਲੀ ਜੀਵਨ ਦੀਆਂ ਅਸਲੀਅਤ ਦੇ ਪ੍ਰਸੰਗਾਂ ਦੀਆਂ ਵੱਡਮੁੱਲੀਆਂ ਬਾਤਾਂ ਪਾਈਆਂ ਹਨ। ਸਿਖਿਆਰਥੀਆਂ ਨੂੰ ਉਤਸ਼ਾਹਤ ਕਰਨ ਵਾਲੀਆਂ ਸਾਰੀ ਗੱਲਾਂ ਚੇਤੇ ਵਿੱਚ ਘੁੰਮਣ ਲੱਗ ਪਈਆਂ। ਇਹਨਾਂ ਬਾਤਾਂ ਨੇ ਨਿੱਜ ਨੂੰ ਐਸਾ ਹੁਲਾਰਾ ਦਿੱਤਾ ਕਿ ਉੱਠ ਕੇ ਬੈਠਾ ਹੀ ਨਹੀਂ, ਸਗੋਂ ਮਹਾਨ ਵਿਚਾਰਵਾਨਾਂ, ਦਾਰਸ਼ਨਿਕਾਂ ਨਾਲ ਆਪਣੇ ਆਪ ਨੂੰ ਜਾ ਜੋੜਿਆ ਅਤੇ ਪਹਿਲਾਂ ਨਾਲੋਂ ਵਧੇਰੇ ਕਿਰਿਆਸ਼ੀਲ ਹੋ ਤੁਰਿਆ। ਪਰਿਵਾਰਕ ਤੇ ਬਾਗ-ਬਗੀਚੀ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗ ਪਿਆ। ਫੁੱਲਾਂ, ਫ਼ਲਾਂ, ਸਬਜ਼ੀਆਂ ਨੂੰ ਪਾਣੀ ਲਾਉਂਦਿਆਂ, ਨਿਹਾਰਦਿਆਂ ਸਰੂਰ ਜਿਹਾ ਆ ਜਾਂਦਾ।

ਹੌਲੀ ਹੌਲੀ, ਥੋੜ੍ਹੇ ਦਿਨਾਂ ਵਿੱਚ ਸਮਾਜਿਕ ਸਬੰਧਾਂ ਅਤੇ ਅਸਲ ਅਨੁਭਵਾਂ ਵਿੱਚ ਖੱਪਾ ਮਿਟਦਾ ਮਹਿਸੂਸ ਹੋਇਆ। ਸਵੈ-ਪਛਾਣ ਕੀ ਹੈ, ਦੀ ਲੋਅ ਜਿਹੀ ਹੋਣ ਲੱਗ ਪਈ। ਜਿਵੇਂ ਪੂਰਬ ਵੱਲੋਂ ਸਰਘੀ ਵੇਲੇ ਦੀਆਂ ਰਿਸ਼ਮਾਂ ਲੋਅ ਦੇਣ ਲੱਗ ਪੈਂਦੀਆਂ ਹਨ। ਮਾਨਵੀ ਕਦਰਾਂ ਦਾ ਕਦਰਦਾਨ ਹੋਣਾ ਸਵੈ-ਪਛਾਣ (ਹੋਂਦਵਾਦ) ਦਾ ਇੱਕ ਅਹਿਮ ਜੁੱਜ਼ ਹੁੰਦਾ ਹੈ, ਦੂਜਾ, ਦੂਜਿਆਂ ਨੂੰ ਵਧ ਮਹੱਤਵ ਦੇਣਾ; ਤੀਜਾ, ਵਿਅਕਤੀਗਤ ਭਾਵਨਾ ਦੀ ਕਦਰ ਕਰਨਾ; ਚੌਥਾ, ਸਵੈ-ਆਜ਼ਾਦੀ ਅਤੇ ਪੰਜਵਾਂ, ਸਵੈ-ਸਤਿਕਾਰ, ਸਵੈ-ਪਿਆਰ ਜੋ ਉਸ ਦੀ ਭਾਈਚਾਰਕ ਕਿਰਿਆਸ਼ੀਲਤਾ ਅਤੇ ਲਾਭਕਾਰੀ ਹੋਣ ਵਿੱਚੋਂ ਪ੍ਰਾਪਤ ਹੁੰਦਾ ਹੈ। ਇਹ ਹੀ ਹਨ ਹੋਂਦਵਾਦ (ਅਸਤਿਤਵਾਦ) ਦੀਆਂ ਮੂਲ ਵਿਸ਼ੇਸ਼ਤਾਵਾਂ। ਗੁਰਬਾਣੀ ਕਹਿੰਦੀ ਹੈ: ‘ਏਕ ਨੂਰ ਤੋਂ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ’। ਕੁਦਰਤ ਵੱਲੋਂ ਬਖ਼ਸ਼ੇ ਆਪਣੇ ਅਸਲੇ ਨੂੰ ਪਛਾਣਨਾ। ‘ਹਰ ਜ਼ਰਰੇ-ਜ਼ਰਰੇ ਵਿੱਚ ਉਸਦਾ ਨੂਰ ਹੈ, ਤੁਝ ਕੋ ਨਜ਼ਰ ਨਾ ਆਏ ਤੋਂ ਕਿਸ ਕਾ ਕਸੂਰ ਹੈ’। ਬੱਸ ਇਸ ਨੂਰ ਦੀ ਪਛਾਣ ਪ੍ਰਥਮ ਜ਼ਰੂਰਤ ਹੁੰਦੀ ਹੈ। ਸਵੈ-ਪਛਾਣ ਨਾਲ ਆਪਣੀਆਂ ਇੱਛਾਵਾਂ, ਲਾਲਸਾਵਾਂ ਪਿੱਛੇ ਰਹਿ ਜਾਂਦੀਆਂ ਹਨ। ਵਿਅਕਤੀ ਜਾਗਦਾ, ਜਗਦਾ ਹੀ ਨਹੀਂ ਸਗੋਂ ਜਗਾਉਣ ਵਾਲੀ ਪੱਧਤੀ ਅਪਣਾ ਲੈਂਦਾ। ਹੋਂਦਵਾਦੀ ਦ੍ਰਿਸ਼ਟੀ ਵਿਅਕਤੀ ਨੂੰ ਇੱਕ ਵਿੱਕਲੋਤਰੇ ਜਿਹੇ ਭੂਦ੍ਰਿਸ਼ ਤੇ ਲਿਆ ਖੜ੍ਹਾ ਕਰਦੀ ਹੈ। ਇਸ ਦ੍ਰਿਸ਼ਟੀ ਤੇ ਆਪਣੀਆਂ ਵਿਅਕਤੀਗਤ ਰੁਚੀਆਂ, ਪ੍ਰਤਿਭਾਵਾਂ ਤੇ ਸੰਭਾਵਨਾਵਾਂ ਦੀ ਪਛਾਣ ਹੋਣ ਲੱਗ ਪੈਂਦੀ ਹੈ। ਇਸ ਦੀ ਨੂਰੀ ਲਿਸ਼ਕੋਰ ਨਾਲ ਬੰਦਾ ਢਹਿੰਦੀ ਤੋਂ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਹੈ ਅਤੇ ਮਨੋਬਲ ਉਪਰਲੇ ਗੇਅਰ ਪੈ ਜਾਂਦਾ ਹੈ।

ਕਿਸੇ ਵੀ ਗੰਭੀਰ ਸੰਕਟ ਨੂੰ ਸਮਝਣ ਤੇ ਉਸ ਨਾਲ ਸਿੱਝਣ ਵਾਸਤੇ ਹਰ ਜੀਵ ਕੋਲ ਇੱਕ ਢਲਣਹਾਰ ਕੁਦਰਤੀ ਪ੍ਰਵਿਰਤੀ ਵੀ ਹੁੰਦੀ ਹੈ, ਜੋ ਸਵੈ-ਰੱਖਿਆ ਵਾਸਤੇ ਵਧੇਰੇ ਕਿਰਿਆਸ਼ੀਲ ਹੋ ਜਾਂਦੀ ਹੈ। ਕੁਝ ਸਾਲ ਪਹਿਲਾਂ ਮੈਂ ਇੱਕ ਲੇਖ ਲਿਖਿਆ ਸੀ ‘ਕੋਠੀ ਲੱਗੇ ਪ੍ਰਵਾਸੀ ਬਜ਼ੁਰਗ’। ਕੋਰੋਨਾ ਤਾਲਾਬੰਦੀ ਨੇ ਹੁਣ ਉਦੋਂ ਨਾਲੋਂ ਪ੍ਰਵਾਸੀਆਂ ਦੀ ਹਾਲਤ ਬਦ ਤੋਂ ਬਦਤਰ ਬਣਾ ਦਿੱਤੀ ਹੈ। ਹੁਣ ਜਾਪਦਾ ਹੈ ਕਿ ‘ਕੋਰੋਨਾ ਲੱਗੇ ਪ੍ਰਵਾਸੀ’ ਬਣੇ ਹੋਏ ਹਾਂ। ਉਦੋਂ ਕੇਵਲ ਆਪਣੇ ਆਲ੍ਹਣੇ ਦੀ ਚਿੰਤਾ ਸੀ, ਹੁਣ ਨਾਲ ਨਾਲ ਆਪਣੇ ਆਪ ਦੀ ਵੀ ਚਿੰਤਾ ਹੈ। ਅਰਥ ਮੰਦੀ ਪਹਿਲਾਂ ਨਾਲੋਂ ਵੀ ਵਧੇਰੇ ਨਿਵਾਣਾਂ ਵੱਲ ਵਧ ਰਹੀ ਹੈ। ਹੁਣ ਕਦੀ ਕਦੀ ਉਮਰ ਦੇ ਤਕਾਜ਼ੇ ਦੇ ਸਨਮੁਖ ਕੋਰੋਨਾ ਕਰਕੇ ਵਧੇਰੇ ਗੰਭੀਰ ਸਿਹਤ ਸੰਕਟ ਮਹਿਸੂਸ ਹੁੰਦਾ ਹੈ। ਸਮੁੱਚੀ ਪ੍ਰਸਥਿਤੀ ਵਿੱਚੋਂ ਸੋਚ ਕਦੀ ਕਦੀ ਲਿਸ਼ਕ ਮਾਰਦੀ ਹੈ: ਮਨਾ ਕਿਤੇ ਜਾਹ ਜਾਂਦੀ ਹੀ ਨਾ ਹੋ ਜਾਏ! ਪਰ ਫਿਰ ਹੌਸਲਾ ਆ ਜਾਂਦਾ ਹੈ, ਬੰਦਿਆ ਤੇਰੇ ਨਾਲੋਂ ਵੀ ਬਦਤਰ ਹਾਲਤਾਂ ਵਿੱਚ ਹਨ ਦੇਸ਼ ਅੰਦਰਲੇ ਲੋਕ।

ਇੱਕ ਮਹਾਂ ਸੱਚ: ਪ੍ਰਤਿਭਾ ਇਕਾਂਤ ਵਿੱਚ ਵਿਗਸਦੀ ਹੈ। ਤਾਲਾਬੰਦੀ ਵਿੱਚ ਪੜ੍ਹਨ ਦੀ ਰੁਚੀ ਥੋੜ੍ਹੀ-ਬਹੁਤੀ ਚੱਲ ਹੀ ਰਹੀ ਸੀ। ਲੰਬੇ ਸਮੇਂ ਤੋਂ ਸਿਹਤ ਸੀਮਾਵਾਂ ਕਾਰਨ ਲਿਖਣਾ ਛੁੱਟ ਚੁੱਕਿਆ ਹੋਇਆ ਸੀ। ਔਖੀ ਪ੍ਰਸਿੱਥੀ ਵਿੱਚ ਫਰੌਗ (ਡੱਡੂ) ਸਿੰਡਰੋਮ ਦੀ ਮਿਥਹਾਸਕ ਕਥਾ ਅਨੁਸਾਰ ਹੋਰ ਵੀ ਵਧੇਰੇ ਊਰਜਾ, ਸ਼ਕਤੀਆਂ ਰਿਸਣ, ਝਰਨ ਲੱਗ ਪਈਆਂ। ਨਾਲ ਹੀ ਥੋੜ੍ਹੀ ਬਹੁਤੀ ਸਵੈ-ਪਛਾਣ ਵੀ ਹੋ ਗਈ ਸੀ। ਹੁਣ ਕੰਪਿਊਟਰ ਦੇ ਕੀਅ ਬੋਰਡ ਤੇ ਉਂਗਲਾਂ ਕਲੋਲਾਂ ਕਰਦੀਆਂ ਹਨ। ਹੱਥਾਂ ਦਾ ਸੁੰਨ ਹੋਣਾ ਅਤੇ ਘਟੀ ਯਾਦਦਾਸ਼ਤ ਵੱਡੀਆਂ ਅੜਚਣਾਂ ਸਨ। ਇਹਨਾਂ ਸਰੀਰਕ ਤੇ ਦਿਮਾਗੀ ਸੀਮਾਵਾਂ ਦੀ ਘਾਟ ਪੂਰੀ ਕਰਨ ਲਈ ਬਹੁਤ ਸਾਰੀ ਸਮੱਗਰੀ ਟਾਈਪ/ਸਕੈਨ ਕਰਕੇ ਇਕੱਤਰ ਕਰਕੇ ਰੱਖਦਾ ਹਾਂ। ਪਹਿਲਾਂ ਪਹਿਲ ਤਾਂ ਕਾਫੀ ਮੁਸ਼ਕਲਾਂ ਆਈਆਂ। ਹੌਲੀ ਹੌਲੀ ਕੰਮ ਚੱਲ ਪਿਆ। ਕੰਪਿਊਟਰ ਤਕੀਏ ਦੇ ਪੀਰ, ਕਿਰਪਾਲ ਸਿੰਘ ਪੰਨੂੰ ਦੇ ਸਿਖਾਏ ਕੰਪਿਊਟਰੀ ਹੁਨਰ, ਗਿਆਨ ਬੜੇ ਹੀ ਕਾਰਗਰ ਸਿੱਧ ਹੋ ਰਹੇ ਹਨ। ਚਲੰਤ ਮਾਮਲਿਆਂ, ਖ਼ਬਰਾਂ ਤੇ ਸੰਪਾਦਕੀਆਂ, ਟਿੱਪਣੀਆਂ ਤਾਂ ਹਮੇਸ਼ਾ ਹੀ ਵਾਚਦਾ, ਪੜਚੋਲਦਾ ਰਹਿੰਦਾ ਸੀ। ਦੋ ਕੁ ਮਹੀਨੇ ਦੀ ਸਿਰੜੀ ਤੇ ਕਰੜੀ ਮਿਹਨਤ ਨਾਲ ਕੋਰੋਨਾ ਉੱਤੇ ਹੀ ਚਾਰ ਕੁ ਲੇਖ ਮੁਕੰਮਲ ਕਰ ਲਏ ਹਨ, ਜੋ ਨਾਮਵਰ ਪੰਜਾਬੀ ਰਿਸਾਲਿਆਂ, ਅਖ਼ਬਾਰਾਂ ਵਿੱਚ ਲੱਗ ਗਏ। ਸਨੇਹੀਆਂ ਦੇ ਹੁੰਗਾਰੇ ਮਿਲ ਰਹੇ ਹਨ। ਭਾਈਚਾਰੇ ਵਿੱਚ ਆਪਣੀ ਹੋਂਦ ਕਾਇਮ ਹੋ ਰਹੀ ਜਾਪਦੀ ਹੈ। ਅਸਤਿਤਵ ਤੇ ਵਿਅਕਤਤਵ ਹੋਰ ਉਤਸ਼ਾਹੀ ਹੋ ਗਿਆ ਹੈ। ਇਹ ਹੀ ਸਮਾਜਿਕ ਪਛਾਣ ਦੇ ਮਾਣਮੱਤੇ ਸੰਕੇਤ ਹੁੰਦੇ ਹਨ।

ਕਿੱਥੇ ਮੈਂ ਨਿਰਾਸ਼ਾਵਾਦੀ ਆਲਮ ਵਿੱਚ ਭਟਕ ਰਿਹਾ ਸੀ, ਹੁਣ ਹੋਂਦਵਾਦ ਨੂੰ ਜੀਵਤ ਰੱਖਣ ਦੀ ਚਾਹਤ ਨੇ ਹੋਰ ਵੀ ਉਤਸ਼ਾਹੀ ਬਣਾ ਦਿੱਤਾ ਹੈ। ਬਾਵਜੂਦ ਗਰਮੀ ਦੇ ਬਿਰਧ ਅਵਸਥਾ ਚੜ੍ਹਦੀ ਕਲਾ ਵਿੱਚ ਹੋ ਗਈ ਹੈ। ਅਵਸਥਾ, ਜਿਸ ਦੀ ਅਰਥਰਾਈਟਿਕ ਬਾਡੀ ਦੀਆਂ ਸਾਰੀਆਂ ਅੰਗ ਪ੍ਰਣਾਲੀਆਂ ਹਾਰੀਆਂ, ਥੱਕੀਆਂ ਮਹਿਸੂਸ ਕਰਦੀਆਂ ਹਨ। ਚੱਕਰ, ਥਕਾਵਟ, ਤੁਰਨ ਫਿਰਨ, ਖਲੋਣ ਵਿੱਚ ਔਖਿਆਈ, ਡੋਲਦਾ ਸਰੀਰਕ ਸੰਤੁਲਨ, ਆਦਿ ਮੁੱਖ ਸਿਹਤ ਸਮੱਸਿਆਵਾਂ ਹਨ। ਦੂਜੇ ਪਾਸੇ ਨੀਂਦ, ਖਾਣ-ਪੀਣ, ਜੰਗਲ-ਪਾਣੀ ਠੀਕ ਠਾਕ ਹਨ। ਸੰਤੁਲਤ ਖੁਰਾਕ ਦਾ ਅਨੰਦ ਸੰਜਮ ਤੇ ਸੰਕੋਚ ਵਿੱਚ ਮਾਣਦਾ ਹਾਂ। ਚਿੱਤ ਤਾਂ ਨਹੀਂ ਮੰਨਦਾ ਤੁਰਨ ਨੂੰ, ਪਰ ਫਿਰ ਵੀ ਮਨ ਕਰੜਾ ਕਰ ਸਵੇਰੇ ਸ਼ਾਮ ਤੁਰਨਾ-ਫਿਰਨਾ ਜਾਰੀ ਹੈ। ਫਿਜ਼ੀਓ ਥਰੈਪਿਸਟ ਵੱਲੋਂ ਦਿੱਤੀਆਂ ਕਸਰਤਾਂ ਆਪਣੀ ਲੋੜ ਅਨੁਸਾਰ ਢਾਲ ਲਈਆਂ ਹੋਈਆਂ ਹਨ। ਜਿਸ ਦਿਨ ਦਾ ਲਿਖਣ ਕਾਰਜ ਆਰੰਭ ਕੀਤਾ ਹੈ, ਮਾਨਸਕ ਤੇ ਸਰੀਰਕ ਤੌਰ ਤੇ ਵਧੇਰੇ ਸੌਖਾ ਮਹਿਸੂਸ ਕਰ ਰਿਹਾ ਹਾਂ। ਨਿਰਾਸ਼ਾ ਭੱਜ ਖਲੋਤੀ ਹੈ।

ਬਾਹਰਲੇ ਪ੍ਰਵਾਸੀ ਜੋ ਚਾਰਟਰਡ ਫਲਾਈਟਾਂ ਰਾਹੀਂ ਦੁੱਗਣੀ ਦਰ ਤੇ ਵਾਪਸ ਗਏ ਹਨ, ਉਨ੍ਹਾਂ ਦੀਆਂ ਨਿਰਾਲੀਆਂ ‘ਘਾਣੀਆਂ’ ਵੀ ਪੜ੍ਹਨ ਸੁਣਨ ਨੂੰ ਮਿਲੀਆਂ ਹਨ। ਘਰੋਂ ਹੀ ਆਚਾਰ ਨਾਲ ਰੋਟੀਆਂ, ਪਰੌਂਠੇ, ਬਿਸਕੁਟ ਬੰਨ੍ਹਕੇ ਤੁਰੇ ਸਨ। ਇਨ੍ਹਾਂ ਨੂੰ ਪਲੇਨ ਵਿੱਚ ਕੇਵਲ ਪਾਣੀ ਹੀ ਮਿਲਣਾ ਸੀ। 14 ਤੋਂ 20 ਘੰਟੇ ਵਿੱਚ ਪਹੁੰਚਣ ਵਾਲੀਆਂ ਉਡਾਣਾਂ, 40, 40 ਘੰਟਿਆਂ ਵਿੱਚ ਪਹੁੰਚੀਆਂ। ਰਸਤੇ ਦੇ ਅੱਡਿਆਂ ਤੇ ਅਕੇਵੇਂ ਤੇ ਥਕੇਵੇਂ ਭਰੇ ਇੰਤਜ਼ਾਰਾਂ ਵੱਖਰੀਆਂ। ਉਨ੍ਹਾਂ ਦੀਆਂ ਆਪਣੀਆਂ ਵਿਸ਼ੇਸ਼, ਵਿੱਕੋਲਿੱਤਰੀ ਘਰੇਲੂ, ਕਾਰੋਬਾਰੀ ਤੇ ਪੇਸ਼ਾਵਾਰੀ ਮਜਬੂਰੀਆਂ ਹੋਣਗੀਆਂ। ਪ੍ਰਵਾਸੀਆਂ ਵਿੱਚੋਂ ਬਹੁਤਿਆਂ ਨੇ ਇਨ੍ਹਾਂ ਦੁਸ਼ਵਾਰੀਆਂ ਨੂੰ ਭਾਂਪਦਿਆਂ ਆਪੋ ਆਪਣੇ ਟਿਕਾਣਿਆਂ ਵਿੱਚ ਦੜਵੱਟ ਬੈਠੇ ਰਹਿਣਾ ਬਿਹਤਰ ਸਮਝਿਆ। ਜੋਹ ਲਿਆ ਕਿ ਅਸੀਂ ਏਡੇ ਲੰਬੇ ਸਫਰ ਦੀਆਂ ਮੁਸ਼ਕਲਾਂ ਸਹਿਣ ਨਹੀਂ ਕਰ ਸਕਦੇ। ਉਮਰ, ਖੁਰਾਕ, ਜਲ-ਪਾਣੀ ਦੀਆਂ ਮੁਸ਼ਕਲਾਂ ਡਰਾਉਂਦੀਆਂ ਸਨ। ਉਹ ਤਾਂ 14 ਘੰਟੇ ਦਾ ਸਿੱਧਾ ਸਫਰ ਅੱਖਾਂ ਵਿੱਚ ਮਸੀਂ ਗੁਜ਼ਾਰਦੇ ਸੀ, ਉਹ ਵੀ ਉਦੋਂ, ਜਦੋਂ ਵਧੀਆ ਜਲ-ਪਾਣੀ ਸਮੇਤ ਚਾਰ ਵਾਰੀ ਖਾਣੇ ਪਰੋਸੇ ਜਾਂਦੇ ਸਨ। ਇਨ੍ਹਾਂ ਚਾਰਟਰਡ ਫਲਾਈਟ ਕੰਪਨੀਆਂ ਨੇ ਆਨੀ-ਬਹਾਨੀ ਕਿਰਾਇਆਂ ਦਾ ਮੀਟਰ ਬਹੁਤਾ ਹੀ ਉੱਪਰ ਚੱਕ ਦਿੱਤਾ ਹੋਇਆ ਹੈ। ਪਹਿਲਾਂ ਇਹ ਪ੍ਰਤੀ ਸਵਾਰੀ (ਇੱਕ ਪਾਸੜ) ਇੱਕ ਲੱਖ 10 ਹਜ਼ਾਰ ਬੋਲਦੇ ਸੀ। ਹੁਣ ਏਜੰਟਾਂ ਦੀ ਸੂਈ 1.50 ਲੱਖ ਰੁਪਏ ਬੋਲ ਰਹੀ ਹੈ। ਹਰ ਕੋਈ ਆਪੋ ਆਪਣੇ ਮਾਸ ਦੇ ਟੁਕੜੇ ਲਈ ਚਾਕੂ ਤਿੱਖਾ ਕਰ ਰਿਹਾ ਹੈ।

ਸਾਡੇ ਵਰਗੇ ਆਪਣੀਆਂ ਨਵੀਂਆਂ ਟਿਕਟਾਂ ਦੀਆਂ ਉਡੀਕਾਂ ਵਿੱਚ ਹਨ। ਹਰ ਰੋਜ਼ ਕੋਰੋਨਾ ਕਹਿਰ ਦੇ ਬਦਲਾਂ ਦੇ ਛਟਣ ਦਾ ਇੰਤਜ਼ਾਰ ਹੈ। ਆਪਣੇ ਰਹਿਣ ਵਸੇਬੇ ਵਾਸਤੇ ਆਰਥਕ, ਪਦਾਰਥਕ ਸਹੂਲਤਾਂ ਮਧਵਰਗੀ ਪੱਧਰ ਦੀਆਂ ਹਨ। ਪਰ ਸਾਡੇ ਦੁੱਖੜੇ ਮਾਨਸਿਕ, ਸਿਹਤ ਤੇ ਸਰੀਰਕ ਹਨ। ਇਨ੍ਹਾਂ ਵਿੱਚੋਂ ਬਹੁਤੇ ਅਸੀਂ ਸੱਤਰਵਿਆਂ-ਅੱਸੀਵਿਆਂ ਵਿੱਚ ਹਾਂ। ਸਿਹਤ ਵਾਸਤੇ ਦਵਾਈਆਂ ਲਈ ਭਟਕਣਾ ਪਿਆ ਹੈ। ਇੱਥੋਂ ਲਈਆਂ ਕੁਝ ਦਵਾਈਆਂ ਦੇ ਸਾਲਟ ਸੂਟ ਨਹੀਂ ਕੀਤੇ। ਫਿਰ ਫਾਰਮਸਿਸਟਾਂ ਨਾਲ ਜਾ ਵਿਚਾਰਾਂ ਕੀਤੀਆਂ। ਅਸੀਂ ਆਪਣੀਆਂ ਪਿਤਰੀ ਜੜ੍ਹਾਂ ਨਾਲ ਜ਼ਰੂਰ ਜੁੜੇ ਹੋਏ ਹਾਂ, ਪਰ ਫਲਾਂ ਤੋਂ ਦੂਰ ਬੈਠੇ ਕੁਝ ਵਿਯੋਗੇ ਜਿਹੇ ਮਹਿਸੂਸ ਜ਼ਰੂਰ ਕਰਦੇ ਹਾਂ। ਦੂਜੇ ਪਾਸੇ ਬੱਚੇ ਵੀ ਵਡੇਰੀ ਉਮਰ ਦੀਆਂ ਸਾਡੀਆਂ ਮੁਸ਼ਕਲਾਂ ਦੇ ਅਹਿਸਾਸਾਂ ਨਾਲ ਤੜਪ ਰਹੇ ਹਨ। ਪੇਸ਼ ਕਿਸੇ ਦੀ ਕੋਈ ਜਾਂਦੀ ਨਹੀਂ। ਅਸੀਂ ਪ੍ਰਵਾਸੀ ਜਿਹੜੇ ਲਗਭਗ ਉੱਧਰ ਜਾ ਟਿਕੇ ਫਲਾਂ ਨਾਲ ਜੁੜਨ ਦੀ ਤਾਂਘਾਂ ਵਿੱਚ ਹਾਂ, ਉੱਥੇ ਬੱਚਿਆਂ ਲਈ ਅਸੀਂ ਸੰਘਣੀਆਂ ਛਾਵਾਂ ਹਾਂ:

ਬਾਪ ਦੀ ਮੌਜੂਦਗੀ ਸੂਰਜ ਦੀ ਤਰ੍ਹਾਂ ਹੈ
ਸੂਰਜ ਗਰਮ ਜ਼ਰੂਰ ਹੁੰਦਾ ਹੈ        
ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਹੈ।

ਹੁਣ ਜਦੋਂ ਜੇਠ-ਹਾੜ੍ਹ ਨਾਲ ਅਨਕੂਲਣ ਜਿਹਾ ਹੋ ਗਿਆ ਹੈ, ਸਾਡੇ ਵੀ ਜਹਾਜ਼ੀ ਕੰਪਨੀਆਂ ਨਾਲ ਪੇਚੇ ਪੈ ਗਏ ਹਨ ਕਿ ਉਦੋਂ ਹੀ ਜਾਵਾਂਗੇ ਜਦੋਂ ਰੈਗੂਲਰ ਫਲਾਈਟਾਂ ਸਾਨੂੰ ਰਿਟਰਨ ਟਿਕਟਾਂ ਤੇ ਲਿਜਾਣ ਲਈ ਹਾਕਾਂ ਮਾਰਨਗੀਆਂ। ਆਰਾਮ ਨਾਲ ਜਾਵਾਂਗੇ। ਆਪਣੇ ਪਿੱਤਰੀ ਘਰਾਂ ਵਿੱਚ ਬੈਠੇ ਹਾਂ। ਅਸਾਂ ਵੀ ਹੁਣ ਰੁੱਖਾਂ ਵਾਲੀ ਜੀਰਾਂਦ ਉਤਪੰਨ ਕਰ ਲਈ ਹੈ। ਦਸ ਕੁ ਦਿਨਾਂ ਵਿੱਚ ਮੌਨਸੂਨ ਪਹੁੰਚਣ ਵਾਲੀਆਂ ਹਨ। ਟੱਪਕੇ ਦੇ ਦੁਸਹਿਰੀ, ਲੰਗੜੇ ਅੰਬਾਂ ਦਾ ਆਨੰਦ ਮਾਣਾਂਗੇ। ਜਿਹੜੀ ਜਾਨ ਕਦੇ ਹਾਲਾਤੀ ਸ਼ਿਕੰਜੇ ਵਿੱਚ ਫਸੀ ਲੱਗਦੀ ਸੀ ਹੁਣ ਸ਼ਿਕੰਜੇ ਤੇ ਭਾਰੂ ਹੋ ਰਹੀ ਹੈ। ਉਹ ਨਿਤਾਣਿਆਂ ਦਾ ਬਿਰਤਾਂਤ ਸੀ, ਹੁਣ ਤਾਣ ਵਾਲਿਆਂ ਦਾ ਹੈ। ਹੋਂਦਵਾਦ ਦੀ ਹਾਂਦਰੂ ਸ਼ਕਤੀ ਨੇ ਪੂਰੀ ਚੜ੍ਹਦੀ ਕਲਾ ਵਿੱਚ ਕਰ ਦਿੱਤਾ ਹੋਇਆ ਹੈ। ਆਪਣੇ ਬਣਾਏ ਆਲ੍ਹਣੇ ਦਾ ਪੂਰਾ ਆਨੰਦ ਲੈ ਰਹੇ ਹਾਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2202) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰਿੰ. ਬਲਕਾਰ ਸਿੰਘ ਬਾਜਵਾ

ਪ੍ਰਿੰ. ਬਲਕਾਰ ਸਿੰਘ ਬਾਜਵਾ

Principal Balkar Singh Bajwa (Gurusar Sudhar)
Brampton, Ontario, Canada.
Phone: (647 - 402 - 2170)

Email: (balkarbajwa1935@gmail.com)

More articles from this author