“ਇਸ ਧਰਤੀ ’ਤੇ ਬਿਨਾਂ ਕਾਰਨ ਕਦੀ ਕੁਝ ਨਹੀਂ ਵਾਪਰਦਾ ਅਤੇ ਹੁਣ ਤਕ ਕਦੀ ਵੀ ਕੁਝ ਨਹੀਂ ਵਾਪਰਿਆ ਅਤੇ ਨਾ ਹੀ ...”
(2 ਅਪ੍ਰੈਲ 2023)
ਇਸ ਸਮੇਂ ਪਾਠਕ: 365.
ਦੋ ਢਾਈ ਵਰ੍ਹੇ ਪਹਿਲਾਂ ਮੈਂ ਇੱਕ ਬਹੁਤੇ ਹੀ ਨਿਕਟ ਵਰਤੀ ਹਾਈਟੈੱਕ ਅਜ਼ੀਜ਼ ਦੇ ਗ੍ਰਹਿ ਵਿਖੇ ਸ਼ੁਕਰਾਨੇ ਦੇ ਅਖੰਡ ਪਾਠ ਸਮਾਗਮ ਵਿੱਚ ਸ਼ਾਮਲ ਹੋਇਆ। ਉਹ ਇੱਕ ਮਰਹਲੇ ’ਤੇ ਜ਼ਿੰਦਗੀ ਤੇ ਮੌਤ ਵਿੱਚ ਲਟਕ ਗਿਆ ਸੀ। ਬਿਮਾਰੀ (ਜੀ.ਬੀ.ਐੱਸ.) ਵੀ ਐਨਿਸਥੇਸੀਆ ਦੇ ਟੀਕੇ ਵਾਂਗ ਮਿੰਟਾਂ ਸਕਿੰਟਾਂ ਵਿੱਚ ਸਰੀਰ ਨੂੰ ਸੁੰਨ ਤੇ ਸਿਥਲ ਕਰ ਗਈ। ਨਬਜ਼ ਹੀ ਚੱਲਦੀ ਸੀ, ਹੋਰ ਸਭ ਕੁਝ ਬੇਹਰਕਤ ਸੀ। ਇੱਕ ਹਿੰਮਤੀ ਸੁਹਿਰਦ ਦੋਸਤ ਨੇ ਤੁਰੰਤ ਮੋਢੇ ਚੁੱਕ ਗੱਡੀ ਵਿੱਚ ਪਾਇਆ ਤੇ ਐਮਰਜੈਂਸੀ ਵਿੱਚ ਜਾ ਲਿਟਾਇਆ। ਡਾਕਟਰ, ਨਰਸਾਂ ਅਤੇ ਸਹਾਇਕ ਅਮਲਾ ਕੰਪਿਊਟਰੀ ਫੁਰਤੀ ਨਾਲ ਇਲਾਜ ਕਾਰਜਾਂ ਵਿੱਚ ਰੁੱਝ ਗਿਆ। ਡਾਕਟਰਾਂ ਅਨੁਸਾਰ ਇਹ ਮਰਜ਼ 1000 ਵਿੱਚੋਂ ਇੱਕ ਨੂੰ ਹੋ ਹੀ ਜਾਂਦਾ ਹੈ। ਇਸ ਸਿੰਡਰੋਮ ਦੇ ਕਾਰਨਾਂ ’ਤੇ ਖੋਜਾਂ ਚੱਲ ਰਹੀਆਂ ਹਨ।
ਛੇ ਮਹੀਨੇ ਤੋਂ ਵੱਧ ਸਮਾਂ ਉਹ ਹਤਪਤਾਲ ਰਿਹਾ। ਮੌਤ ਦੇ ਕੰਢੇ ਤੋਂ ਉਹ ਵਾਪਸ ਜ਼ਿੰਦਗੀ ਵਿੱਚ ਆਇਆ। ਹੁਣ ਖੁਸ਼ੀ ਖੁਸ਼ੀ ਆਪਣੇ ਪਰਿਵਾਰ ਵਿੱਚ ਚਹਿਕਣ ਤੇ ਮਹਿਕਣ ਲੱਗ ਪਿਆ ਹੈ। ਕੇਵਲ ਤੇ ਕੇਵਲ ਡਾਕਟਰਾਂ ਦੇ ਵਿਗਿਆਨਕੀ ਇਲਾਜਾਂ ਦੇ ਚਮਤਕਾਰ ਸਦਕਾ!
ਲੋਕ ਭਾਵੇਂ ਇਸ ਨੂੰ ਕਿਸੇ ਗੈਬੀ ਸ਼ਕਤੀ ਦੀ ਰਹਿਮਤ ਮੰਨੀ ਜਾਣ, ਪਰ ਮੈਂ ਨਹੀਂ ਮੰਨਦਾ। ਜਦੋਂ ਡਾਕਟਰੀ ਚਮਤਕਾਰ ਨਾਲ ਸਿਹਤਯਾਬ ਹੋਏ ਮੇਰੇ ਲੋਕ ਸ਼ੁਕਰਾਨੇ ਵਜੋਂ ਪਾਠ ਕਰਾਉਂਦੇ ਹਨ ਤਾਂ ਆਤਮਾ ਤੇ ਤਰਕ ਝੁੰਜਲਾ ਉੱਠਦੈ! ਉਏ ਮੇਰੇ ਭੋਲਿਉ ਵੀਰੋ, ਲੋਕੋ! ਥੋੜ੍ਹਾ ਰੁਕੋ, ਸੋਚੋ, ਗੌਰ ਕਰੋ! ਪਰ ਜਦੋਂ ਪੜ੍ਹੇ-ਗੁੜ੍ਹੇ ਹਾਈਟੈੱਕ ਮਾਹਰ ਭਰਮਾਂ ਦੇ ਜਾਲ ਵਿੱਚ ਫਸੇ ਹੋਏ ਹੋਣ, ਆਤਮਾ ਹੋਰ ਵੀ ਜ਼ਿਆਦਾ ਤੜਪਦੀ ਹੈ, ਦੁਖੀ ਹੁੰਦੀ ਹੈ! ਸੋਚ ਚਿੰਤਨ ਵਿੱਚ ਉੱਤਰ ਜਾਂਦੀ ਐ, ਲੋਕ ਇਉਂ ਕਿਉਂ ਕਰਦੇ ਹਨ?
ਦਰਅਸਲ ਬਹੁਤੇ ਲੋਕ ਡਰੂ ਹੁੰਦੇ ਹਨ, ਭਾਵੇਂ ਉਹ ਪੜ੍ਹੇ ਲਿਖੇ ਹੋਣ ਜਾਂ ਅਨਪੜ੍ਹ। ਅੰਧਵਿਸ਼ਵਾਸ ਡਰ ’ਤੇ ਪਲ਼ਦਾ ਤੇ ਵਧਦਾ ਹੈ। ਡਰਿਆ ਬੰਦਾ ਦੁੱਖ ਤੋਂ ਛੁਟਕਾਰਾ ਪਾਉਣ ਲਈ ਹਰ ਦਰ ਖੜਕਾਉਂਦਾ ਹੈ। ਧਾਗੇ ਤਵੀਤਾਂ, ਮੜ੍ਹੀਆਂ-ਮਸਾਣਾਂ ਨੂੰ ਪੂਜਣਾ, ਚੜ੍ਹਾਵੇ ਚੜ੍ਹਾਉਣੇ, ਡੰਡਾਉਤਾਂ ਕਰਨ ਦੇ ਚੱਕਰ ਵਹਿ ਤੁਰਦਾ ਹੈ। ਸ਼ੈਤਾਨ ਜੋਤਿਸ਼ੀ, ਠੱਗ, ਢੌਂਗੀ ਬਾਬੇ ਫਿਰ ਵਾਹਵਾ ਹੱਥ ਰੰਗਦੇ ਹਨ। ਦੁਖੀ ਪਰਿਵਾਰ ਹਰ ਥਾਂ ’ਤੇ ਹਾੜ੍ਹੇ ਕੱਢਦਾ ਫਿਰਦਾ ਹੈ। ਹਾਏ ਕਿਤਿਉਂ ਖੈਰ ਪੈ ਜਾਵੇ! ਲੋਕ ਪਾਠ ਵੀ ਸੁੱਖ ਲੈਂਦੇ ਹਨ।
ਦੂਜਾ ਵੱਡਾ ਕਾਰਨ ਸਵੈਵਿਸ਼ਵਾਸ ਦੀ ਘਾਟ ਹੈ। ਸਵੈਵਿਸ਼ਵਾਸ ਮਨ ਦੀ ਤਕੜਾਈ ਵਿੱਚੋਂ ਪੈਦਾ ਹੁੰਦਾ ਹੈ। ਆਤਮ ਬੱਲ ਵਿਗਿਆਨ ਦੀ ਸਾਣ ’ਤੇ ਲਾਉਣ ਨਾਲ ਪੱਕਦਾ ਹੈ। ਬੱਸ ਸਮਝਣਾ ਪੈਂਦਾ ਹੈ ਕਿ ਇਸ ਧਰਤੀ ’ਤੇ ਬਿਨਾਂ ਕਾਰਨ ਕਦੀ ਕੁਝ ਨਹੀਂ ਵਾਪਰਦਾ ਅਤੇ ਹੁਣ ਤਕ ਕਦੀ ਵੀ ਕੁਝ ਨਹੀਂ ਵਾਪਰਿਆ ਅਤੇ ਨਾ ਹੀ ਕਦੀ ਵਾਪਰੇਗਾ। ਗੈਬੀ ਸ਼ਕਤੀਆਂ, ਰੱਬ ਦੇ ਡਰਾਵੇ, ਲੋਟੂ ਮਨਾਂ ਦੀਆਂ ਕਾਢਾਂ ਹਨ। ਮਨੁੱਖੀ ਸਰੀਰ ਨਾਲ ਵੀ ਇਵੇਂ ਹੀ ਹੁੰਦਾ ਹੈ। ਡਾਕਟਰ ਅਤੇ ਵਿਗਿਆਨੀ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਮਰਜ਼ ਦੇ ਕਾਰਨ ਲੱਭਦੇ ਹਨ। ਸਾਰੇ ਸਰੀਰ ਦਾ ਨਿਰੀਖ਼ਣ ਕੀਤਾ ਜਾਂਦਾ ਹੈ। ਮਰਜ਼ ਹਮੇਸ਼ਾ ਹੀ ਸਰੀਰ ਦੇ ਕਿਸੇ ਭਾਗ ਦੀ ਕਾਰਜਤਾ ਵਿੱਚ ਢਿੱਲ-ਮੱਠ ਜਾਂ ਗਿਰਾਵਟ ਜਾਂ ਕਿਸੇ ਅੰਸ਼/ਤੱਤ ਦੀ ਘਾਟ ਜਾਂ ਕਿਸੇ ਅਸਾਵੇਂਪਣ ਕਾਰਨ ਵਾਪਰਦੀ ਹੈ। ਡਾਕਟਰ ਫਿਰ ਉਸੇ ਤਰ੍ਹਾਂ ਇਲਾਜ ਕਰਦੇ ਹਨ, ਜਿਸ ਨਾਲ ਸਰੀਰ ਨੂੰ ਸੰਤੁਲਿਤ ਹਾਲਤ ਵਿੱਚ ਮੁੜ ਲਿਆਂਦਾ ਜਾ ਸਕੇ। ਦਵਾਈ ਉੰਨਾ ਚਿਰ ਚੱਲਦੀ ਰਹਿੰਦੀ ਹੈ, ਟੈਸਟ ਜਾਰੀ ਰਹਿੰਦੇ ਹਨ, ਜਦੋਂ ਤੀਕ ਨਤੀਜੇ ਤਸੱਲੀਬਖਸ਼ ਨਹੀਂ ਆ ਜਾਂਦੇ। ਇਸ ਤਰ੍ਹਾਂ ਮਰੀਜ਼ ਨੂੰ ਰਾਜ਼ੀ-ਬਾਜ਼ੀ ਕਰਕੇ ਘਰ ਭੇਜਿਆ ਜਾਂਦਾ ਹੈ।
ਬੱਸ ਇਹ ਹੈ ਕੁੱਲ ਕਿੱਸਾ ਕੋਤਾ! ਬਿਮਾਰੀ ਤੇ ਇਲਾਜ ਦਾ। ਬਾਕੀ ਤਾਂ ਸਭ ਬੜਬੜ ਅਤੇ ਜਾਭਾਂ ਦੇ ਭੇੜ। ਇਸ ਤੋਂ ਵੱਧ ਕੁਝ ਨਹੀਂ।
ਜਦੋਂ ਅੰਧਵਿਸ਼ਵਾਸੀ ਰੱਬ ਦੀ ਮਿਹਰ ਹੋਣ ਦੀ ਗੱਲ ਆਰੰਭ ਦਿੰਦੇ ਹਨ ਤਾਂ ਫਿਰ ਸਤੀ ਹੋਈ ਸੰਵੇਦਨਾ ਉਨ੍ਹਾਂ ’ਤੇ ਹਨੋਰਿਆਂ ਭਰੇ ਸਵਾਲਾਂ ਦੀ ਵਾਛੜ ਕਰਨੋਂ ਰਹਿ ਨਹੀਂ ਸਕਦੀ। ਉਦੋਂ ਤੁਸੀਂ ਕਿਉਂ ਨਾ ਦੁਖੀ ਦੇ ਸਿਰਹਾਣੇ ਪਾਠ ਕਰਨੇ ਅਰੰਭੇ! ਉਦੋਂ ਕਿਉਂ ਨਾ ਤੁਸੀਂ ਉਸ ਦੇ ਰਹਿਮ ’ਤੇ ਰਹੇ। ਉਦੋਂ ਕਿਉਂ ਤੁਸੀਂ ਹਸਪਤਾਲਾਂ ਵੱਲ ਦੌੜੇ। ਗੰਭੀਰਤਾ ਨਾਲ ਜ਼ਰਾ ਸੋਚੋ ਉਏ ਮੇਰੇ ਵੀਰਨੋ! ਸਵਾਲ ਚੁਣੌਤੀਆਂ ਖੜ੍ਹੀਆਂ ਕਰਦੇ ਹਨ। ਜੇ ਤੁਹਾਡਾ ਪੂਜਨੀਕ, ਸਤਿਕਾਰਯੋਗ, ‘ਰਾਖਾ ਸਭਨੀਂ ਥਾਈਂ’, ‘ਵੈਦ ਗੁਰੂ ਗੋਵਿੰਦਾ’, ‘ਦੁਖ ਭੰਜਨ ਤੇਰਾ ਨਾਮ’, ‘ਸਤਿ ਗੁਰ ਮੇਰਾ ਪੂਰਾ, ਮਨ ਕਿਉਂ ਵੈਰਾਗ ਕਰੇਗਾ’, ਜੇ ਕਿਤੇ ਹੈਗਾ ਸੀ, ਤਾਂ ਤੁਹਾਨੂੰ ਉਹਨੇ ਬਿਮਾਰ ਹੀ ਕਿਉਂ ਕੀਤਾ? ਭੋਗ ’ਤੇ ਪਾਠੀ, ਰਾਗੀ ਸਿੰਘ ਇਨ੍ਹਾਂ ਤੁਕਾਂ ਦਾ ਗਾਇਣ ਤੇ ਮਨਘੜਤ ਦਕਿਆਨੂਸੀ ਕਥਾ ਸੁਣਾ ਸੁਣਾ ਕੇ ਨਿਰਮੂਲ ਭਰਮਾਂ ਨੂੰ ਹੋਰ ਪੱਕਾ ਕਰਦੇ ਹਨ। ਮੇਰੇ ਸੰਗਤ ਵਿੱਚ ਬੈਠੇ ਦੇ ਮਨ ਵਿੱਚ ਇਹ ਵਿਚਾਰ ਵੀ ਆ ਰਿਹਾ ਹੈ ਸੀ, “ਤੁਹਾਨੂੰ ਉਸ ਨੇ ਜਾਨਲੇਵਾ ਰੋਗ ਲੱਗਣ ਹੀ ਕਿਉਂ ਦਿੱਤਾ … ਤੁਸੀਂ ਤਾਂ ਉਦੋਂ ਵੀ ਉਸ ਦੀ ਅਰਾਧਨਾ ਕਰਦੇ ਸੀ … ਸਵੇਰੇ ਸ਼ਾਮ ਹਰ ਰੋਜ਼ ਉਸ ਅੱਗੇ ਨਤਮਸਤਕ ਹੁੰਦੇ ਸੀ …!”
ਮੇਰੇ ’ਤੇ ਵੱਡੀ ਦੁਬਿਧਾ ਉਦੋਂ ਆ ਪਈ ਜਦੋਂ ਅਜ਼ੀਜ਼ ਨੇ ਭੋਗ ਪਿੱਛੋਂ ਸੰਗਤਾਂ ਦਾ ਧੰਨਵਾਦ ਕਰਨ ਦੀ ਡਿਊਟੀ ਮੇਰੀ ਲਾ ਦਿੱਤੀ। ਗ੍ਰੰਥੀ ਸਿੰਘਾਂ ਨੇ ਫਟਾ ਫਟਾ ਸਾਰੇ ਕਾਰਜ ਮੁਕਾ ਪ੍ਰਸ਼ਾਦ ਦੇ ਬਾਟੇ ਚੁੱਕ ਲਏ। ਮੈਂ ਹੱਥ ਜੋੜ ਅਰਜ਼ੋਈ ਕੀਤੀ, “ਭਾਈ ਸਾਹਿਬ ਥੋੜ੍ਹਾ ਰੁਕੋ, ਹਾਲੀ ਸਤਿਕਾਰਯੋਗ ਸੰਗਤ ਦਾ ਪਰਿਵਾਰ ਵੱਲੋਂ ਧੰਨਵਾਦ ਕਰਨਾ ਰਹਿੰਦਾ ਹੈ।” ਮੌਕਾ ਜਿਹਾ ਸੀ, ਸਿੱਧੀ ਪਟਾਕ ਗੱਲ ਕਹੀ ਨਹੀਂ ਸੀ ਜਾ ਸਕਦੀ। ਆਖ਼ਰ ਰਹਿਣਾ ਤਾਂ ਸੰਗਤ ਵਿੱਚ ਹੁੰਦਾ ਹੈ। ਵਿੱਚ ਰਹਾਂਗੇ ਤਾਂ ਹੀ ਆਪਣੀ ਗੱਲ ਕਹਿਣ ਦੇ ਮੌਕੇ ਮਿਲਣਗੇ। ਬਹੁਤ ਹੀ ਸਤਿਕਾਰ ਨਾਲ ਰਾਗੀ ਸਿੰਘਾਂ ਦੇ ਗਾਇਣ ਅਤੇ ਸੰਗਤ ਦੀ ਹਾਜ਼ਰੀ ਦਾ ਧੰਨਵਾਦ ਕੀਤਾ। ਪਰਿਵਾਰ ਨੂੰ ਸਿਹਤਯਾਬੀ ਦੀ ਵਧਾਈ ਦਿੱਤੀ। ਨਾਲ ਹੀ ਕਹਿਣੋਂ ਨਾ ਰਿਹਾ ਗਿਆ ਇਸ ਮੌਕੇ ਸਾਨੂੰ ਨਿਰੀਆਂ ਵਾਹਿਗੁਰੂ ਦੀ ਰਹਿਮਤਾਂ ਦਾ ਹੀ ਸ਼ੁਕਰ ਨਹੀਂ ਕਰਨਾ ਚਾਹੀਦਾ, ਸਗੋਂ ਹਸਪਤਾਲ ਦੇ ਡਾਕਟਰਾਂ, ਨਰਸਾਂ ਅਤੇ ਹੋਰ ਅਮਲੇ ਦਾ ਵੀ ਧੰਨਵਾਦ ਕਰਨਾ ਬਣਦਾ ਹੈ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੇਰੇ ਅਜ਼ੀਜ਼ ਨੂੰ ਜ਼ਿੰਦਗੀ ਵਿੱਚ ਮੋੜ ਲਿਆਂਦਾ। ਉਨ੍ਹਾਂ ਦਾ ਕੋਟਨ ਕੋਟ ਧੰਨਵਾਦ! ਨਾਲ ਹੀ ਉਨ੍ਹਾਂ ਸਨੇਹੀਆਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਹਰ ਮੌਕੇ ’ਤੇ ਪਰਿਵਾਰ ਨੂੰ ਹੌਸਲਾ ਦਿੱਤਾ, ਸਰਦੀ ਪੁੱਜਦੀ ਮਾਇਕ ਸਹਾਇਤਾ ਵੀ ਕੀਤੀ। ਕਨੇਡੀਅਨ ਬੀਮਾ ਸਿਸਟਮ ਦਾ ਵੀ ਧੰਨਵਾਦ ਜਿਸ ਨੇ ਆਰਥਿਕ ਪੱਖੋਂ ਪਰਿਵਾਰ ਨੂੰ ਸੁਰੱਖਿਆ ਦਿੱਤੀ, ਢੋਲਣ ਨਹੀਂ ਦਿੱਤਾ। ਇਹੋ ਜਿਹੇ ਮੌਕਿਆਂ ’ਤੇ ਸਾਨੂੰ ਹਸਪਤਾਲਾਂ ਲਈ ਵੀ ਦਸਵੰਧ ਕੱਢਣੇ ਚਾਹੀਦੇ ਹਨ। ਸਭ ਤੋਂ ਵੱਡਾ ਸ਼ੁਕਰਾਨਾ ਗੁਰੂ ਦੇ ਮਹਾਨ ਸ਼ਬਦ ਦਾ ਕਰਨਾ ਬਣਦਾ ਹੈ ਜਿਹੜਾ ਸਾਨੂੰ ਸੁਚੱਜੀ ਜ਼ਿੰਦਗੀ ਜਿਊਣ ਦੀ ਸੇਧ ਦਿੰਦਾ ਹੈ, ਅਸੀਂ ਭਾਵੇਂ ਉਸ ’ਤੇ ਅਮਲ ਕਰੀਏ, ਭਾਵੇਂ ਨਾ ਕਰੀਏ … ਸ਼ਬਦ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ … ਆਓ ਇਸਦੇ ਲੜ ਲੱਗੀਏ, ਜੀਵਨ ਜਾਚ ਸਿੱਖੀਏ … ਇਸ ਤੋਂ ਬੇਮੁੱਖ ਨਾ ਹੋਈਏ … ਗੁਰਮੁਖ ਬਣੀਏ! … … ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ …।”
ਲੰਗਰ ਛਕ ਬਾਹਰ ਖੁੰਢ ਚਰਚਾ ਕਰਨ ਵਾਲਿਆਂ ਨੇ ਮੇਰੇ ਵਿਚਾਰਾਂ ’ਤੇ ਆਪਣੇ ਗੂੜ੍ਹ-ਗਿਆਨ ਦੇ ਤਬਸਰੇ ਛੇੜ ਦਿੱਤੇ। ਸੁਣਨਾ ਔਖਾ ਹੋ ਜਾਂਦਾ ਹੈ ਜਦੋਂ ਮੇਰੇ ਭੋਲੇ ਵੀਰ ਕਹਿਣ ਲੱਗ ਪੈਂਦੇ ਹਨ, ‘ਇਹਦੀ ਵਧੀ ਹੋਈ ਸੀ, ਬਚ ਗਿਆ’, ‘ਉਸ ਨੇ ਹੱਥ ਦੇ ਕੇ ਰੱਖ ਲਿਆ’, ‘ਉਸ ਦੀ ਮਿਹਰ ਬਿਨਾਂ ਕੁਝ ਨਹੀਂ ਹੁੰਦਾ’, ‘ਉਹ ਹੀ ਜੀਵਨ ਦਾਤਾ ਹੈ’, ਆਦਿ! ਇੱਧਰ ਮੈਂ ਸੋਚੀ ਜਾ ਰਿਹਾ ਸੀ, ਦੁਰਘਟਨਾਵਾਂ ਵਾਪਰਦੀਆਂ ਹਨ, ਉਨ੍ਹਾਂ ਵਿੱਚ ਕੋਈ ਨਾ ਕੋਈ ਮਨੁੱਖੀ ਗ਼ਲਤੀ ਜ਼ਰੂਰ ਹੁੰਦੀ ਹੈ। ਬਿਨਾਂ ਕਾਰਨ ਕੁਝ ਨਹੀਂ ਵਾਪਰਦਾ। ਨਾ ਹਾਲੀ ਤਕ ਵਾਪਰਿਐ ਅਤੇ ਨਾ ਕਦੀ ਵਾਪਰ ਸਕਦਾ ਹੈ। ਜਦੋਂ ਦੀ ਹੋਸ਼ ਸੰਭਾਲੀ ਹੈ ਉੱਪਰਲੀਆਂ ਘਸੀਆਂ ਪਿਟੀਆਂ ਗੱਲਾਂ ਸੁਣਦਾ ਆ ਰਿਹਾ ਹਾਂ। ਮੇਰੇ ਚਲਾਕ ਸੇਵਕ ਕਦੀ ਦਸਵੇਂ ਪਾਤਸ਼ਾਹ ਦਾ ਬਾਜ਼ ਗੁਰਦਵਾਰੇ ਦੀ ਪਾਲਕੀ ’ਤੇ ਬੈਠੇ ਦੀ ਗੱਲ ਕਰਨ ਲੱਗ ਜਾਂਦੇ ਹਨ, ਕਦੀ ਸਟੋਵ ਤੁਰਨ ਲਾ ਦਿੰਦੇ ਹਨ, ਕਦੀ ਗਣੇਸ਼ ਜੀ ਨੂੰ ਦੁੱਧ ਪੀਣ ਲਾ ਦਿੰਦੇ ਹਨ, ਕਦੀ ਬੱਚਾ ਖੰਭ ਨਾਲ ਹੀ ਦੀਰਘ ਰੋਗੀਆਂ ਨੂੰ ਸਿਹਤਯਾਬ ਕਰਨ ਲਾ ਦਿੰਦੇ ਹਨ, ਅਤੇ … ਅਨੇਕਾਂ ਹੋਰ ਕਿੱਸੇ ਕਹਾਣੀਆਂ ਚੱਲ ਪੈਂਦੀਆਂ ਹਨ।
ਮੇਰੇ ਅੱਕੇ ਕੋਲੋਂ ਰਹਿ ਨਾ ਹੋਇਆ, “ਦੱਸੋ ਬਾਈ ਮੇਰੀਓ, ਨਾਸਤਕਾਂ ਨੂੰ ਤਾਂ ਕੋਈ ਰੋਗ ਲੱਗ ਜਾਣ ਭਲਾ, ਕਿਉਂਕਿ ਉਹ ਉਸ ਰਾਖੇ ਤੋਂ ਮੁਨਕਰ ਹਨ। ਪਰ ਤੁਹਾਨੂੰ ਕਿਉਂ ਲੱਗਣ? ਉਹ ਤੁਹਾਡਾ ਸੀ, ਤੁਸੀਂ ਉਹਦੇ ਸੀ। ਤੁਸੀਂ ਤਾਂ ਉਸਦੇ ਉਪਾਸ਼ਕ ਸੀ, ਉਸਦੇ ਸ਼ਰਧਾਲੂ ਸੀ। ਫਿਰ ਉਹਨੇ ਤੁਹਾਨੂੰ ਇਸ ਬਿਪਤਾ ਵਿੱਚ ਕਿਉਂ ਪਾਇਆ? ਇਸ ਮੁਸੀਬਤ ਵਿੱਚ ਕਿਉਂ ਝੋਕਿਆ! ਅਸਲ ਵਿੱਚ ਅਨੇਕਾਂ ਸਵਾਲਾਂ ਦੇ ਸਿਖ਼ਰ ਦਾ ਸਵਾਲ ਹੈ: ਰੋਗ ਕਿਉਂ ਲੱਗਦੇ ਹਨ? ਜਾਂ ਬੰਦਾ ਰੋਗੀ ਕਿਵੇਂ ਬਣਦਾ ਹੈ? ਇਹ ਹਰ ਕਿਸੇ ਨੂੰ ਲੱਗ ਸਕਦੇ ਹਨ, ਭਾਵੇਂ ਹੋਵੇ ਕੋਈ ਆਸਤਕ ਤੇ ਭਾਵੇਂ ਹੋਵੇ ਨਾਸਤਕ! ਜੇ ਤਾਂ ਨਾਸਤਕ ਮਰ ਜਾਵੇ ਤੁਸੀਂ ਕਹਿਣਾ ਸੀ … ਇਹਨੇ ਮਰਨਾ ਹੀ ਸੀ … ਉਹ ਰੱਬ ਨੂੰ ਮੰਨਦਾ ਨਹੀਂ ਸੀ …। ਪਰ ਸਵਾਲ ਹੈ ਮਰਨ ਵਾਲਿਆਂ ਵਿੱਚ ਆਸਤਕ ਤੇ ਨਾਸਤਕ ਦੋਵੇਂ ਹੁੰਦੇ ਹਨ। ਤੀਰਥ ਅਸਥਾਨਾਂ ਦੀ ਯਾਤਰਾਵਾਂ ਤੋਂ ਆਉਂਦੇ ਜਾਂਦੇ ਕਈ ਦੁਰਘਟਨਾਵਾਂ ਵਿੱਚ ਉਹਦੇ ਸ਼ਰਧਾਲੂ ਆਪਣੇ ਵਾਹਿਗੁਰੂ ਨੂੰ ਪਿਆਰੇ ਹੋ ਜਾਂਦੇ ਹਨ। ਫਿਰ ਤੁਸੀਂ ਕਹਿਣ ਲੱਗ ਜਾਉਗੇ, “ਉਸ ਮਾਲਕ ਨੇ ਉਸ ਦਾ ਮਰਨ ਸਥਾਨ, ਘੜੀ ਲਿਖੀ ਹੀ ਇਉਂ ਸੀ … ਕੋਈ ਨਹੀਂ ਜੇ ਟਾਲ਼ ਸਕਦਾ … ਭਾਣਾ ਸੀ ਭਾਈ … ਉਹਦੇ ਅੱਗੇ ਕੀਹਦਾ ਜ਼ੋਰ … ਉਹ ਮਾਲਕ ਹੈ …! ਪਰ ਕਿਸੇ ਨੇ ਦੁਰਘਟਨਾ ਦੇ ਕਾਰਨਾਂ ਨੂੰ ਨਹੀਂ ਕਦੀ ਫਰੋਲਿਆ। ਗੱਡੀ ਦਾ ਨੁਕਸ, ਸੜਕੀ ਹਾਲਤ, ਡਰਾਇਵਰ ਦਾ ਉਨੀਂਦਰਾ, ਨਸ਼ਾ-ਪੱਤਾ, ਟਰੈਫਿਕ ਨਿਯਮਾਂ ਦੀ ਘੋਰ ਉਲੰਘਣਾਵਾਂ ਬਾਰੇ ਕੋਈ ਨਹੀਂ ਬੋਲਦਾ? ਮੌਤ ਅਤੇ ਸਰੀਰ ਦੇ ਰੋਗਾਂ ਦੇ ਕੁਝ ਕਾਰਨ ਹੁੰਦੇ ਹਨ। ਵਿਗਿਆਨੀ ਉਨ੍ਹਾਂ ਕਾਰਨਾਂ ਨੂੰ ਖੋਜਦੇ ਹਨ, ਖੋਜ ਚੁੱਕੇ ਹਨ, ਅਤੇ ਅੱਗੇ ਹੋਰ ਖੋਜਾਂ ਚੱਲੀ ਜਾ ਰਹੀਆਂ ਹਨ। ਬੱਸ ਇੰਨਾ ਸਮਝ ਲਵੋ। ਨਹੀਂ ਤਾਂ ਐਵੇਂ ਭਟਕਦੇ ਰਹੋਗੇ। ਕਮਜ਼ੋਰ ਨਾ ਬਣੋ। ਸਾਹਸੀ ਬਣੋ। ‘ਜਿਨਾ ਸੱਚ ਪਛਾਣਿਆ ਉਹ ਸੁਖੀਏ ਜੁਗ ਚਾਰ।’”
ਚੱਲਦੇ ਇਲਾਜ ਵਿੱਚ ਮੇਰੇ ਇਸ ਅਜ਼ੀਜ਼ ਦੀ ਸਿਹਤ ਵਿੱਚ ਇਹੋ ਜਿਹੀਆਂ ਸੰਕਟੀ ਘੜੀਆਂ ਆਉਂਦੀਆਂ ਰਹੀਆਂ, ਜਿਨ੍ਹਾਂ ਵਿੱਚ ਜੇ ਦੋ ਤਿੰਨ ਪਲ ਹੋਰ ਦਿਲ ਦੀ ਹਰਕਤ ਮੁੜ ਚਾਲੂ ਨਾ ਹੁੰਦੀ ਤਾਂ ਕਹਾਣੀ ਮੁੱਕ ਜਾਣੀ ਸੀ। ਦਿਲੀ ਕਾਮਨਾ ਕਰਦਾ ਹਾਂ, ਇਹੋ ਜਿਹੀ ਸਥਿਤੀ ਕਿਸੇ ਦੁਸ਼ਮਣ ’ਤੇ ਵੀ ਨਾ ਆਵੇ। ਮਾਫ਼ ਕਰਨਾ ਜੇ ਇਹ ਸ਼ਬਦ ਤੁਹਾਨੂੰ ਬੁਰੇ ਲੱਗਣ, ਪਰ ਇਹ ਠੋਸ ਸੱਚ ਹਨ। ਡਾਕਟਰਾਂ ਦੀਆਂ ਸੰਕਟੀ ਜਵਾਬ (ਐਮਰਜੈਂਸੀ ਰਿਸਪਾਂਸ) ਟੀਮਾਂ ਹਰਕਤ ਵਿੱਚ ਆ ਜਾਂਦੀਆਂ। ਆਕਸੀਜਨਾਂ ਲੱਗਦੀਆਂ। ਦਿਲ ਨੂੰ ਥਪ ਥਪਾਇਆ ਜਾਂਦਾ। ਬਣਾਵਟੀ ਸਾਹਾਂ, ਟੈਕਨੀਕਲ ਯੰਤਰਾਂ ਨਾਲ ਕੁਝ ਸਮੇਂ ਵਿੱਚ ਹੀ ਉਹਦੀ ਨਬਜ਼ ਚੱਲਣ ਲੱਗ ਜਾਂਦੀ। ਇਸ ਤਰ੍ਹਾਂ ਇੱਕ ਵਾਰੀ ਨਹੀਂ, ਦੋ ਤਿੰਨ ਵਾਰੀ ਉਹਦੇ ਨਾਲ ਹੋਇਆ।
ਫਿਰ ਰੱਬ ਡਾਕਟਰ ਹੋਇਆ ਕਿ ਇਹ ਕਾਲਪਨਿਕ ਸ਼ਕਤੀਆਂ, ਜਿਨ੍ਹਾਂ ਨੂੰ ਹਾਲੀ ਤਕ ਕਿਸੇ ਮਨੁੱਖ ਨੇ ਵੇਖਿਆ ਨਹੀਂ ਅਤੇ ਨਾ ਹੀ ਵੇਖ ਸਕੇਗਾ! ਵੇਖਣਾ ਕਿੱਥੋਂ ਹੈ, ਕੋਈ ਹੈ ਹੀ ਨਹੀਂ … ਕੇਵਲ ਮਨ ਦੇ ਭਰਮ ਜਾਲ ਹਨ! ਸਾਡੇ ਵਡੇਰੇ ਵੀ ਗੱਲਾਂ ਕਰਦੇ ਹੁੰਦੇ ਸੀ। ਮੇਰੇ ਕਈ ਸੁਲਝੇ ਹੋਏ ਵੀਰ 21ਵੀਂ ਸਦੀ ਦੇ ਹਾਈਟੈੱਕ ਯੁੱਗ ਵਿੱਚ ਕਰੀ ਜਾ ਰਹੇ ਹਨ। ਕਿਉਂ! ਕਿਉਂਕਿ ਇਹੋ ਜਿਹੀ ਗੈਬੀ, ਰੂਹਾਨੀ ਸ਼ਕਤੀ ਕੋਈ ਹੈ ਹੀ ਨਹੀਂ! ਕਿਤੇ ਹੋਵੇ ਤਾਂ ਆਪਣੇ ਗਰੀਬ ਅਤੇ ਮਿਹਨਤਕਸ਼ ਭਗਤਾਂ, ਉਹ ਜਿਹੜੇ ਪਸ਼ੂਆਂ ਤੋਂ ਵੀ ਬਦਤਰ ਜੀਵਨ ਜੀ ਰਹੇ ਹਨ, ਉੱਤੇ ਕਿਉਂ ਨਾ ਤਰਸ ਕਰੇ। ਜਿਹੜੇ ਆਪਣੇ ਘਰਾਂ ਵਿੱਚ ਉਹਦੀਆਂ ਮੂਰਤੀਆਂ ਨੂੰ ਪੂਜਦੇ, ਧੂਫ਼ਾਂ ਦਿੰਦੇ ਤੇ ਭੋਗ ਵੀ ਲਵਾਉਂਦੇ ਰਹਿੰਦੇ ਹਨ। ਭਾਵੇਂ ਆਪਣੇ ਬਜ਼ੁਰਗਾਂ, ਬੱਚਿਆਂ ਜਾਂ ਆਪ ਨੂੰ ਵੀ ਭੋਗ ਨਾ ਹੀ ਲੱਗ ਸਕੇ। ਦੱਸੋ ਲੋਕੋ! ਤੁਹਾਡਾ ਇਹ ਕਿਹੋ ਜਿਹਾ ਦਿਆਲੂ ਪ੍ਰਭੂ ਹੈ! ਮਿਹਰਾਂ ਦੀ ਵਰਖਾ ਅਮੀਰਾਂ ’ਤੇ ਹੀ ਕਿਉਂ ਕਰਦਾ ਤੁਰਿਆ ਜਾ ਰਿਹਾ ਹੈ। ਹੋ ਸਕਦਾ ਹੈ ਉਹ ਅਮੀਰਾਂ ਦੇ ਵੱਡੇ ਵੱਡੇ ਚੜ੍ਹਾਵਿਆਂ ਕਰਕੇ ਹੀ ਉਨ੍ਹਾਂ ’ਤੇ ਤੁੱਠ ਜਾਂਦਾ ਹੈ ਅਤੇ ਉਨ੍ਹਾਂ ’ਤੇ ਬਖਸ਼ਸ਼ਾਂ ਦੇ ਢੇਰ ਲਾਈ ਤੁਰਿਆ ਜਾਂਦਾ ਹੈ। ਉਹ ਕਿਹੋ ਜਿਹੀ ਅਕਾਲ ਮੂਰਤ ਹੈ ਜਿਹੜੀ ਚੜ੍ਹਾਵਿਆਂ ’ਤੇ ਤੁੱਠੀ ਫਿਰਦੀ ਹੈ! ਫਿਰ ਤਾਂ ਉਹ ਵੀ ਇੱਕ ਲਾਲਚੀ ਸਿਆਸਤਦਾਨ ਹੋਇਆ!!! ਅਮੀਰੀ ਦੇ ਹੀਜ ਪਿਆਜ ਸੂਝਵਾਨਾਂ ਨੇ ਲੱਭ ਲਏ ਹੋਏ ਹਨ। ਵਿਗਿਆਨਕ ਦਰਸ਼ਨ ਤੁਹਾਨੂੰ ਜਾਗਰਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਪਰ ਤੁਸੀਂ ਇਸ ਨੂੰ ਸਮਝਣ ਦੀ ਮਿਹਨਤ ਕਰਨ ਦੀ ਥਾਂ ਪੂਜਾ ਪਾਠ ਦੇ ਸੌਖੇ ਰਾਹ ਤੁਰ ਪੈਂਦੇ ਹੋ।
ਸਿਹਤਯਾਬ ਹੋਣ ਪਿੱਛੋਂ ਸਾਖਸ਼ਾਤ ਜੀਵਨ ਦਾਤਿਆਂ ਨੂੰ ਨਾ ਭੁੱਲੋ! ਜ਼ਿੰਦਗੀ ਮਿਲਣ ਦਾ ਧੰਨਵਾਦ, ਸ਼ੁਕਰਾਨਾ ਹਸਪਤਾਲਾਂ ਦਾ ਜ਼ਰੂਰ ਕਰਨਾ ਚਾਹੀਦਾ ਹੈ। ਵਿਗਿਆਨੀਆਂ, ਡਾਕਟਰਾਂ ਤੇ ਨਰਸਾਂ ਦਾ ਵੀ।
ਸ਼ੁਕਰਾਨੇ ਵਜੋਂ ਮਾਇਆ ਲਈ ਇਹ ਹੀ ਸੰਸਥਾਵਾਂ ਅਸਲ ਹੱਕਦਾਰ ਹਨ। ਜ਼ਰਾ ਸੋਚੋ! ਇੰਤਜ਼ਾਰ ਸਮੇਂ ਕਿਉਂ ਲੰਬੇ ਹੋਈ ਜਾ ਰਹੇ ਹਨ? ਕਿਉਂਕਿ ਇਨ੍ਹਾਂ ਸੰਸਥਾਵਾਂ ਕੋਲ ਫੰਡ ਨਹੀਂ ਹਨ। ਪਰ ਅਸੀਂ ਸਰਕਾਰਾਂ ਨੂੰ ਕੋਸਦੇ ਰਹਿੰਦੇ ਹਾਂ। ਪਰ ਕਦੀ ਤੁਸੀਂ ਸੋਚਿਆ ਹੈ ਜੋ ਕੁਝ ਇਸ ਵੇਲੇ ਤੁਹਾਨੂੰ ਸਹੂਲਤਾਂ ਮਿਲ ਰਹੀਆਂ ਹਨ, ਉਹ ਦੁਨੀਆਂ ਵਿੱਚ ਚੋਟੀ ਦੀਆਂ ਹਨ। ਇਸ ਵਿੱਚ ਵੀ ਸਰਕਾਰਾਂ ਦਾ ਵੱਡਾ ਹਿੱਸਾ ਹੈ। ਦਾਨੀਆਂ ਦਾ ਵੀ ਹੁੰਦਾ ਹੈ। ਅਤੇ ਤੁਹਾਡੇ ਮੇਰੇ ਵਰਗਿਆਂ ਦੇ ਤਿਲ-ਫੁੱਲ ਦਾ ਵੀ ਹੁੰਦਾ ਹੈ। ਹੁਣੇ ਹੁਣੇ ਮੈਨੂੰ ਹਸਪਤਾਲ ਵਿੱਚੋਂ ਇੱਕ ਚਿੱਠੀ ਮਿਲੀ ਸੀ: ‘ਅਸੀਂ ਤੁਹਾਨੂੰ ਵਧੀਆ ਸਹੂਲਤਾਂ ਤੇ ਸੇਵਾਵਾਂ ਪੇਸ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਆਓ ਇਨ੍ਹਾਂ ਵਿੱਚ ਰਹਿ ਗਈਆਂ ਕਮੀਆਂ ਨੂੰ ਰਲ਼ਮਿਲ਼ ਕੇ ਦੂਰ ਕਰੀਏ। ਤੁਸੀਂ ਸਾਡੇ ’ਤੇ ਨਿਰਭਰ ਕਰਦੇ ਹੋ, ਅਤੇ ਅਸੀਂ ਤੁਹਾਡੇ ’ਤੇ ਨਿਰਭਰ ਕਰਦੇ ਹਾਂ।’
ਮੇਰੀ ਪਤਨੀ ਹੁਣੇ ਹੁਣੇ ਇੱਕ ਗੰਭੀਰ ਰੋਗ ਤੋਂ ਸਿਹਤਯਾਬ ਹੋ ਰਹੀ ਹੈ। ਇਸ ਸਿਹਤਯਾਬੀ ਦੇ ਦਾਤੇ ਡਾਕਟਰ, ਨਰਸਾਂ, ਸਹਾਇਕ ਅਮਲਾ, ਪ੍ਰਯੋਗਸ਼ਾਲਾਵਾਂ, ਸਕੈਨਰ ਤੇ ਐਕਸਰੇਅ ਵਗੈਰਾ ਹਨ। ਟੈਕਨਾਲੋਜੀ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਆਬਾਦੀ ਵਧ ਰਹੀ ਹੈ। ਸਾਜ਼ੋ-ਸਾਮਾਨ ਦੀ ਘਾਟ ਹੈ। ਸਾਨੂੰ ਆਪਣੇ ਸ਼ੁਕਰਾਨਿਆਂ ਨੂੰ ਇਸ ਪਾਸੇ ਵੱਲ ਮੋੜਨਾ ਚਾਹੀਦਾ ਹੈ। ਮੈਂ ਤਾਂ ਪਹਿਲਾਂ ਹੀ ਇਸ ਰਾਹ ਪਿਆ ਹੋਇਆ ਹਾਂ। ਦਸਵੰਧ ਜ਼ਰੂਰ ਕੱਢੀਦਾ ਹੈ। ਆਓ ਆਪਾਂ ਸਾਰੇ ਹੀ ਇਸ ਰਾਹ ਪਈਏ!!!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3886)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)