“ਕਿਸੇ ਸਨੇਹੀ ’ਤੇ ਬਣੀ ਮੁਸ਼ਕਲ ਦੀ ਕਨਸੋਅ ਮਿਲਦਿਆਂ ਹੀ ਹਰਨੇਕ ਉੱਡਕੇ ਪਹੁੰਚ ਜਾਂਦਾ ...”
(9 ਦਸੰਬਰ 2016)
ਮੇਰੇ ਇੱਕ ਪੁਰਾਣੇ ਸਹਿਕਰਮੀ ਨੇ ਵੈਨਕੂਵਰ ਤੋਂ ਸਾਡੇ ਜੁਝਾਰੂ ਮਾਸਟਰ ਹਰਨੇਕ ਸਰਾਭਾ ਦੇ ਸਦੀਵੀ ਵਿਛੋੜੇ ਦੀ ਮਾੜੀ ਖ਼ਬਰ ਦਿੱਤੀ। ਗਹਿਰਾ ਸਦਮਾ ਲੱਗਾ। ਸੁਧਾਰ ਕਾਲਜ ਦੀ ਸਾਰੀ ਸਰਵਿਸ ਦੌਰਾਨ ਮੇਰੀ ਹਰਨੇਕ ਨਾਲ ਬੜੀ ਹੀ ਸਨੇਹ ਭਰੀ ਸਾਂਝ ਰਹੀ ਹੈ। ਜਿਗਰੀ ਦੋਸਤਾਂ ਵਰਗੀ। ਥੋੜ੍ਹਾ ਸਹਿਜ ਹੋਣ ’ਤੇ ਉਹਦੇ ਅਭੁੱਲ ਮਾਅਰਕੇ ਜ਼ਿਹਨ ’ਤੇ ਬੱਦਲ ਵਾਂਗ ਛਾ ਗਏ। ਹਰ ਭਾਰਤ ਫੇਰੀ ਦੌਰਾਨ ਮੈਂ ਉਹਨੂੰ ਸਰਾਭੇ ਮਿਲਕੇ ਆਉਂਦਾ ਸੀ। ਐਤਕੀਂ ਵੀ ਜਾਣਾ ਸੀ. ਪਰ ਜਿਹੜਾ ਹਮੇਸ਼ਾ ਆਪਣੇ ਬਚਨ ਨਿਭਾਉਂਦਾ ਹੁੰਦਾ ਸੀ, ਉਹਦੇ ਸਵਾਸਾਂ ਨੇ ਉਹਨੂੰ ਪਿਛਲੀ ਵਾਰ ‘ਮੁੜ ਮਿਲਾਂਗੇ’ਦੇ ਆਖ਼ਰੀ ਬੋਲ ਵਫਾ ਨਹੀਂ ਕਰਨ ਦਿੱਤੇ। ਜਿੱਥੇ ਉਹ ਯੂਨੀਅਨ ਦਾ ਇੱਕ ਦਲੇਰ ਉੱਚ ਦੁਮਾਲੜਾ ਸੂਰਮਾ ਆਗੂ ਸੀ, ਉੱਥੇ ਉਹ ਸਾਡੀ ਯਾਰਾਂ ਦੀ ਸੱਥ ਦਾ ਵੀ ਇੱਕ ਭਰੋਸੇਯੋਗ ਮੋਹਰੀ ਹੁੰਦਾ ਸੀ।
ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਨਮ ਭੂਮੀ ਦੇ ਜੰਮਪਲ ਨੂੰ ਉਸ ਫਿਜ਼ਾ ਵਿੱਚੋਂ ਹੀ ਸੇਵਾ, ਸਾਹਸ, ਨਿਸ਼ਕਾਮਤਾ, ਸਵੱਛ ਵਿਗਿਆਨਕ ਸੋਚ ਅਤੇ ਕੁਰਬਾਨੀ ਦੇ ਗੁਣ ਮਿਲੇ ਹੋਏ ਸਨ। ਬਚਪਨ ਤੋਂ ਹੀ ਉਹ ਕਰਤਾਰ ਸਿੰਘ ਸਰਾਭਾ ਦੀ ਬਰਸੀ ’ਤੇ ਲੱਗਦੀਆਂ ਸਟੇਜਾਂ ਤੋਂ ਨਸ਼ਰ ਹੁੰਦੀ ਕਮਿਊਨਿਸਟ ਵਿਚਾਰਧਾਰਾ ਨਾਲ ਜੁੜ ਗਿਆ ਸੀ। ਇਨਕਲਾਬੀ ਭਾਸ਼ਨਾਂ, ਡਰਾਮਿਆਂ, ਓਪੇਰਿਆਂ ਅਤੇ ਗੀਤਾਂ ਦਾ ਪ੍ਰਭਾਵ ਉਹਦੇ ਜ਼ਿਹਨ ਵਿੱਚ ਡੂੰਘਾ ਉੱਕਰਿਆ ਗਿਆ। ਬਰਸੀ ਪਿੱਛੋਂ ਨੌਜਵਾਨ ‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।’ ਗੁਣਗੁਣਾਉਂਦੇ ਫਿਰਦੇ। ਹਰਨੇਕ ਖੇਡ ਦਾ ਸ਼ੌਂਕੀ ਤੇ ਉਦਮੀ ਸੀ। ਉਹ ਮੁੰਡਿਆਂ ਨੂੰ ਇਕੱਠੇ ਕਰ ਲੈਂਦਾ। ਚਰੀ ਦੇ ਵੱਢ ਸਾਫ ਕਰ ਕੇ ਖੇਡਣ ਲਈ ਗਰਾਊਂਡਾਂ ਬਣਾ ਲੈਂਦੇ। ਹੌਲੀ ਹੌਲੀ ਇਹ ਟੋਲੀ ਸ਼ਹੀਦ ਕਰਤਾਰ ਸਿੰਘ ਸਪੋਰਟਸ ਕਲੱਬ ਬਣ ਗਈ।
ਅੱਜ-ਕੱਲ੍ਹ ਮੀਡੀਏ ਵਿੱਚ ਚੱਲਦੀ ਮਹਾਨ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਫੋਟੋ ਹਰਨੇਕ ਦੇ ਉੱਦਮ ਨਾਲ ਹੀ ਬਣੀ ਸੀ। ਉਹ ਤੇ ਉਹਦੇ ਸਾਥੀ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਕੋਲ ਅੰਡਰੇਟੇ ਗਏ। ਜਦੋਂ ਸੋਭਾ ਸਿੰਘ ਨੂੰ ਪਤਾ ਲੱਗਾ ਕਿ ਇਹ ਨੌਜਵਾਨ ਆਪਣੀ ਜੇਬ ਵਿੱਚੋਂ ਖ਼ਰਚ ਕਰਕੇ ਇਸ ਨੇਕ ਕਾਰਜ ਲਈ ਆਏ ਹਨ, ਉਹਨੇ ਵੀ ਇਸ ਕਮਾਲ ਦੀ ਕਲਾ ਕਿਰਤ ਦਾ ਕੋਈ ਪੈਸਾ ਵਸੂਲ ਨਾ ਕੀਤਾ। ਇਸ ਕਲੱਬ ਨੇ ਹੀ ਪਿੰਡਵਾਰ ਟੂਰਨਾਮੈਂਟ ਨੂੰ ਸਟੇਟ ਪੱਧਰ ਤੱਕ ਪਹੁੰਚਾ ਦਿੱਤਾ। ਹੁਣ ਉਸ ਥਾਂ ’ਤੇ ਇੱਕ ਸੁੰਦਰ ਸਟੇਡੀਅਮ ਬਣ ਚੁੱਕਾ ਹੈ। ਜਿੱਥੇ ਹੁਣ ਸ਼ਹੀਦ ਦੀ ਬਰਸੀ ’ਤੇ ਸਟੇਟ ਪੱਧਰ ਦਾ ਟੂਰਨਾਮੈਂਟ ਹੁੰਦਾ ਹੈ। ਪੁਲਿਸ, ਨਰੂੜ ਪਾਂਛਟਾ, ਮਾਹਲਪੁਰ, ਡੀਏਵੀ ਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਆਦਿ ਦੀਆਂ ਨਾਮਵਰ ਫੁੱਟਬਾਲ ਟੀਮਾਂ ਹਿੱਸਾ ਲੈਂਦੀਆਂ ਹਨ। ਸਮੁੱਚਾ ਪਿੰਡ ਇਸ ਵਿਕਾਸ ਵਿੱਚ ਹਰਨੇਕ ਅਤੇ ਉਸ ਦੇ ਸਾਥੀਆਂ ਦੀ ਅਹਿਮ ਭੂਮਿਕਾ ਮੰਨਦਾ ਹੈ। ਏਦਾਂ ਹੀ ਉਹ ਪਿੰਡ ਦੇ ਵਿਕਾਸ ਤੇ ਅਗਾਂਹਵਧੂ ਪ੍ਰਾਜੈਕਟਾਂ ਦਾ ਹਮੇਸ਼ਾ ਹੀ ਰੂਹੇ-ਰਵਾਂ ਹੁੰਦਾ।
ਹਰਨੇਕ ਦਸਵੀਂ ਕਰਦਿਆਂ ਹੀ ਸੁਧਾਰ ਕਾਲਜ ਵਿੱਚ ਦਾਖ਼ਲ ਹੋ ਗਿਆ। ਕਾਲਜ ਦੀ ਪੜ੍ਹਾਈ ਦੌਰਾਨ ਉਸ ਖੇਡਾਂ ਵਿੱਚ ਮੱਲਾਂ ਮਾਰੀਆਂ। 5 ਹਜ਼ਾਰ ਮੀਟਰ ਰੇਸ ਦਾ ਯੂਨੀਵਰਸਟੀ ਚੈਂਪੀਅਨ ਬਣਿਆ ਅਤੇ ਪੰਜਾਬ ਯੂਨੀਵਰਸਟੀ ਵੱਲੋਂ ਇੰਟਰ-ਯੂਨੀਵਰਸਟੀ ਤੇ ਪੰਜਾਬ ਵੱਲੋਂ ਨੈਸ਼ਨਲ ਖੇਡਾਂ ਵਿੱਚ ਸ਼ਾਮਲ ਹੋਇਆ। ਘਰੇਲੂ ਮਜਬੂਰੀਆਂ ਕਾਰਨ ਕਾਲਜ ਛੱਡ ਫਿਜ਼ੀਕਲ ਟਰੇਨਿੰਗ ਦਾ ਕੋਰਸ ਕਰਕੇ, ਗੌਰਮੈਂਟ ਹਾਈ ਸਕੂਲ ਟਿੱਭਾ (ਕਪੂਰਥਲਾ) ਵਿੱਚ ਸਰਵਿਸ ਅਰੰਭ ਲਈ। ਅੱਗੇ ਪ੍ਰਾਈਵੇਟ ਪੜ੍ਹਾਈ ਕਰੀ ਗਿਆ। ਬੀਏ ਪਿੱਛੋਂ ਛੁੱਟੀ ਲੈ ਸਟੇਟ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਪਟਿਆਲਾ ਤੋਂ ਡਿਗਰੀ ਕੀਤੀ। ਇਸ ਅਰਸੇ ਦੌਰਾਨ ਉਹ ਪੰਜਾਬ ਸਕੂਲ ਟੀਚਰ ਯੂਨੀਅਨ ਦੇ ਇੱਕ ਸਰਗਰਮ ਆਗੂ ਵੱਜੋਂ ਵੀ ਕੰਮ ਕਰਦਾ ਰਿਹਾ। ਇੱਕ ਵਾਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨਗੀ ਦੇ ਇੱਕ ਫਸਵੇਂ ਮੁਕਾਬਲੇ ਵਿੱਚ ਜਿੱਤਿਆ ਸੀ। ਸਕੂਲ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਅਧਿਆਪਕ ਵਰਗ ਦੀਆਂ ਸਮੱਸਿਆਵਾਂ ਲਈ ਹਮੇਸ਼ਾ ਤੁਰਿਆ ਰਹਿੰਦਾ।
ਹਰਨੇਕ ਵਿੱਚ ਅਹੁਦੇ ਦੀ ਕਦੀ ਕੋਈ ਸਿੱਕ ਮਹਿਸੂਸ ਨਹੀਂ ਸੀ ਹੁੰਦੀ। ਉਹ ਉਨ੍ਹਾਂ ਲੀਡਰਾਂ ਵਰਗਾ ਵੀ ਨਹੀਂ ਸੀ ਜਿਹੜੇ ਕੰਮ ਕਰਾਉਣ ਵਾਲਿਆਂ ਦੀਆਂ ਜੇਬਾਂ ’ਤੇ ਅਨੰਦ-ਮੰਗਲਮ ਕਰਦੇ ਫਿਰਦੇ ਹਨ। ਨਿਸ਼ਕਾਮ ਆਗੂ ਸਾਥੀਆਂ ਦੇ ਕੰਮ ਕਰਾਉਣ ਦੌਰਾਨ ਸਫ਼ਰ ਅਤੇ ਚਾਹ ਪਾਣੀ ਦਾ ਸਾਰਾ ਖ਼ਰਚ ਆਪਣੀ ਜੇਬ ਵਿੱਚੋਂ ਹੀ ਕਰਦਾ। ਏਦਾਂ ਉਹ ਅਗਲੇ ਨੂੰ ਹਮੇਸਾ ਲਈ ਜਿੱਤ ਲੈਂਦਾ। ਇਹੋ ਕਾਰਨ ਹੈ ਕਿ ਇਕ ਵੇਰ ਉਸ ਨੇ ਸਰਾਭੇ ਦੇ ਇੱਕ ਸਧਾਰਨ ਕਾਮਰੇਡ ਨੂੰ ਬਲਾਕ ਸੰਮਤੀ ਪੱਖੋਵਾਲ ਦੀ ਪ੍ਰਧਾਨਗੀ ਚੋਣ ਲਈ ਖੜ੍ਹਾ ਕਰ ਦਿੱਤਾ। ਮੁਕਾਬਲਾ ਅਕਾਲੀਆਂ ਅਤੇ ਕਾਂਗਰਸੀਆਂ ਦੇ ਤਕੜੇ ਬੰਦਿਆਂ ਨਾਲ ਸੀ। ਇਸ ਚੋਣ ਵਿੱਚ ਮੈਂ ਪੂਰੀ ਸਰਗਰਮੀ ਨਾਲ ਸ਼ਾਮਲ ਸੀ। ਪਿੰਡਾਂ ਦੀਆਂ ਸੱਥਾਂ ਵਿੱਚ ਹਵਾ ਸੀ ਕਿ ਇਹ ਚੋਣ ਹਰਨੇਕ ਦੀ ਆਪਣੀ ਹੀ ਪ੍ਰੌਕਸੀ ਚੋਣ ਹੈ। ਹਰ ਪਿੰਡ ਦੇ ਸਰਕਰਦਾ ਬੰਦੇ ਅਤੇ ਅਧਿਆਪਕ ਵਰਗ ਵੋਟ ਦਾ ਸਾਨੂੰ ਪੂਰਾ ਵਿਸ਼ਵਾਸ ਦਿਵਾਉਂਦਾ। ਹਰਨੇਕ ਦਾ ਰਸੂਖ਼ ਹੀ ਇੰਨਾ ਸੀ ਕਿ ਉਸ ਚੋਣ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਹੋਈ।
ਉਹ ਜ਼ਿੰਦਗੀ ਭਰ ਕਮਿਊਨਿਸਟ ਪਾਰਟੀ ਨਾਲ ਜੁੜਿਆ ਰਿਹਾ। ਲੱਗੀਆਂ ਡਿਊਟੀਆਂ ਵੀ ਨਿਭਾਉਂਦਾ ਤੇ ਰੈਲੀਆਂ ਵਿੱਚ ਆਪਣੇ ਲੌ-ਲਸ਼ਕਰ ਨਾਲ ਸ਼ਾਮਲ ਹੁੰਦਾ। ਪਾਰਟੀ ਦੀ ਨਾਈਟ ਸਕੂਲਿੰਗ ਲਈ ਸਾਥੀਆਂ ਨੂੰ ਸਾਈਕਲਾਂ ’ਤੇ ਲੈ ਤੁਰਦਾ। ਜਦੋਂ ਕੰਮ ਦਾ ਜ਼ੋਰ ਹੁੰਦਾ, ਮਜ਼ਦੂਰ ਮਿਲਦੇ ਨਾ ਹੁੰਦੇ, ਉਹਦੀ ਸੱਥ ਸਕੂਲ ਕਾਲਜ ਤੋਂ ਵਿਹਲੀ ਹੋ, ਆਪਣੇ ਸਾਥੀਆਂ ਨਾਲ ਵਾਢੀਆਂ, ਗੋਡੀਆਂ ਵੀ ਕਰਦੀ। ਇਕ ਵਾਰ ਯੁਵਕ ਕੇਂਦਰ ਨੇ ਗਦਰੀ ਬਾਬਾ ਸੋਹਣ ਸਿੰਘ ਭਖਨਾ ਨੂੰ ਨੌਜਵਾਨਾਂ ਦੇ ਰੂਬਰੂ ਕਰਾਉਣਾ ਸੀ। ਇਕੱਠ ਰਾਮਗੜ੍ਹੀਆ ਸਕੂਲ ਮਿਲਰ ਗੰਜ, ਲੁਧਿਆਣਾ ਵਿਖੇ ਹੋਣਾ ਸੀ। ਹਰਨੇਕ ਸਰਾਭਾ ਤੇ ਸੁਧਾਰ ਦੇ ਯਾਰਾਂ ਬੇਲੀਆਂ ਦਾ ਜਥਾ ਸਾਈਕਲਾਂ ’ਤੇ ਸ਼ਾਮਲ ਹੋਇਆ ਅਤੇ ਦੇਰ ਰਾਤ ਨੂੰ ਮੁੜਿਆ।
ਇੱਕ ਵਾਰ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਇੱਕ ਵੱਡਾ ਅੰਦੋਲਨ ਵਿੱਢਿਆ ਹੋਇਆ ਸੀ। ਹਰਨੇਕ ਪੂਰਾ ਸਰਗਰਮ ਸੀ। ਚੰਡੀਗੜ੍ਹ ਧਰਨੇ ਲੱਗਦੇ। ਸਰਕਾਰ ਧਰਨਾਕਾਰੀਆਂ ਨੂੰ ਗ੍ਰਿਫਤਾਰ ਕਰਕੇ ਬੁੜੇਲ ਜੇਲ੍ਹ ਵਿੱਚ ਸੁੱਟੀ ਜਾਂਦੀ। ਅਸੀਂ ਆਪਣੇ ਦੋਸਤਾਂ ਨਾਲ ਮੁਲਾਕਾਤ ਕਰਨ ਗਏ। ਜੇਲ੍ਹ ਵਿੱਚ ਡੱਕੇ ਅਧਿਆਪਕ ਪੂਰੀ ਚੜ੍ਹਦੀ ਕਲਾ ਵਿੱਚ ਸਨ। ਦੁਪਹਿਰ ਬਾਅਦ ਗੀਤ-ਸੰਗੀਤ ਅਤੇ ਕਵੀ ਦਰਬਾਰ ਹੁੰਦੇ। ਪ੍ਰਸਿੱਧ ਕਵੀ ਮਾਸਟਰ ਹਰਭਜਨ ਸਿੰਘ ਹੁੰਦਲ ਉਦੋਂ ਉਨ੍ਹਾਂ ਨਾਲ ਜੇਲ੍ਹ ਵਿਚ ਸੀ। ਜੇਲ੍ਹ ਵਿੱਚ ਉਸ ਦਿਨ ਪਾਰਟੀ ਸਕੂਲਿੰਗ ਕਾਮਰੇਡ ਬਾਬਾ ਸੱਜਣ ਸਿੰਘ ਨੇ ਕੀਤੀ ਸੀ।
ਇੱਕ ਵਾਰੀ ਪੰਜਾਬ ਵਿੱਚ ਅਧਿਆਪਕ ਯੂਨੀਅਨ ਨੇ ਮੁਕੰਮਲ ਸਕੂਲ ਬੰਦੀ ਦੀ ਕਾਲ ਦੇ ਦਿੱਤੀ। ਅਕਾਲੀ ਸਰਕਾਰ ਨੇ ਹੜਤਾਲ ਤੋੜਨ ਲਈ ਡਿਊਟੀ ਜਾਇਨ ਕਰਨ ਵਾਲਿਆਂ ਨੂੰ ਵਾਧੂ ਇਨਕਰੀਮੈਂਟ ਤੇ ਛੁੱਟੀ ਸਹੂਲਤਾਂ ਦੇਣ ਦਾ ਲਾਲਚ ਦੇ ਦਿੱਤਾ। ਕੁਝ ਮੈਂਬਰ ਡਿਊਟੀਆਂ ’ਤੇ ਜਾਣ ਲੱਗ ਪਏ। ਆਪਣੇ ਜ਼ਿਲ੍ਹੇ ਵਿੱਚ ਹਰਨੇਕ ਸਰਾਭਾ ਦੀ ਅਗਵਾਈ ਵਿੱਚ ਯੂਨੀਅਨ ਨੇ ਦਿਨ ਰਾਤ ਲਾ ਡਿਊਟੀ ਜਾਇਨ ਕਰਨ ਵਾਲਿਆਂ ਨੂੰ ਕਾਜ਼ ਨਾਲ ਜੁੜੇ ਰਹਿਣ ਲਈ ਸਹਿਮਤ ਕੀਤਾ ਅਤੇ ਸਰਕਾਰੀ ਚਾਲ ਅਸਫਲ ਕੀਤੀ।
ਉਹ ਯੂਨੀਅਨ ਦੇ ਕਾਰਜਾਂ ਲਈ ਦਿਨ ਰਾਤ ਭੱਜਾ ਫਿਰਦਾ। ਬਹੁਤ ਹੀ ਸਹਿਜਮਤੇ ਨਾਲ ਵਿਚਰਦਾ ਅਤੇ ਬੜੇ ਠਰ੍ਹੰਮੇ ਨਾਲ ਗੱਲ ਕਰਦਾ। ਕਦੀ ਭੱਜ-ਨੱਠ ਵਿੱਚ ਨਹੀਂ ਸੀ ਵੇਖਿਆ। ਆਪ ਗੱਲਾਂ ਘੱਟ ਕਰਦਾ ਪਰ ਦੂਜਿਆਂ ਦੀਆਂ ਪੂਰੀ ਦਿਲਚਸਪੀ ਨਾਲ ਸੁਣਦਾ। ਕਿਤੇ ਹੀ ਉਹ ਗੱਲ ਵਿੱਚ ਗੱਲ ਪਾਉਂਦਾ। ਉਹ ਵੀ ਬੜੇ ਧੀਮੇ ਜਿਹੇ ਲਹਿਜ਼ੇ ਤੇ ਸਲੀਕੇ ਨਾਲ। ਸਾਡੀ ਸੱਥ ਦੇ ਕਿਸੇ ਮੈਂਬਰ ਦੇ ਗ੍ਰਹਿ ਵਿਖੇ ਸ਼ਾਦੀ, ਮੰਗਣੇ, ਭੋਗ ਜਾਂ ਹੋਰ ਕਿਸੇ ਕਾਰਜ ਲਈ ਉਹ ਆਪਣੇ ਮੁੰਡਿਆਂ ਸਮੇਤ ਪੂਰੇ ਪ੍ਰਬੰਧ ਦਾ ਮੁਖੀ ਹੁੰਦਾ। ਘਰ ਵਾਲੇ ਉਸ ’ਤੇ ਭਰੋਸਾ ਇੰਨਾ ਕਰਦੇ ਕਿ ਪੈਸਿਆਂ ਦਾ ਬੈਗ ਉਹਨੂੰ ਹੀ ਫੜਾ ਦਿੰਦੇ। ਪਿੱਛੋਂ ਸਾਰੇ ਲੈਣੇ-ਦੇਣੇ ਮੁਕਾ, ਬਕਾਇਆ ਮੋੜ ਸੁਰਖ਼ੁਰੂ ਹੁੰਦਾ।
ਉਹ ਸਹਿਜਤਾ ਅਤੇ ਬੇਬਾਕਤਾ ਦਾ ਮਿਸ਼ਰਣ ਸੀ। ਇੱਕ ਵਾਰ ਇੱਕ ਢਾਬੇ ’ਤੇ ਚਾਹ ਪੀਂਦਿਆਂ ਇੱਕ ਕਹਿੰਦੇ ਕਹਾਉਂਦੇ ਹੰਕਾਰੀ, ਕੱਟੜ ਅਕਾਲੀ ਨੇ ਕਾਮਰੇਡਾਂ ਬਾਰੇ ਕੁਝ ਭੱਦੇ ਸ਼ਬਦ ਬੋਲ ਦਿੱਤੇ। ਹਰਨੇਕ ਸਹਿਜ ਸੁਭਾਅ ਵੱਟ ਖਾ ਗਿਅ। ਉਨ੍ਹਾਂ ਹੀ ਸ਼ਬਦਾਂ ਵਿੱਚ ਏਨੀਆਂ ਖ਼ਰੀਆਂ, ਤੱਤੀਆਂ ਸੁਣਾਈਆਂ ਕਿ ਸੁਣਨ ਵਾਲਾ ਝੱਗ ਵਾਂਗ ਬੈਠ ਗਿਆ। ਜਦੋਂ ਉਹ ਕਿਸੇ ਸਾਂਝੀ ਮੁਹਿੰਮ ਵਾਸਤੇ ਉਗਰਾਹੀ ਲਈ ਫਿਰਦਾ, ਬੱਸ ਮਿਲਕੇ ਇੰਨਾ ਹੀ ਕਹਿੰਦਾ, “ਆਹ ਭਈ, ਕੱਢੀਂ ਜ਼ਰਾ ਪੰਜ ਕੁ ਸੌ ... ਜਾਂ ਫੜਾਈਂ ਏਧਰ ਹਜ਼ਾਰ ਕੁ ...।” ਮਿੱਤਰ ਝੱਟ ਦੇਣੇ ਦੇ ਦੇਂਦਾ, ਪਰ ਕਦੀ ਪੁੱਛਦਾ ਨਾ, ਕਾਹਦੇ ਲਈ। ਉਹਨੂੰ ਪਤਾ ਹੁੰਦਾ ਕਿ ਹਰਨੇਕ ਜੇ ਉਗਰਾਹੀ ’ਤੇ ਚੜ੍ਹਿਆ ਹੈ ਤਾਂ ਉਹ ਇਹ ਫੰਡ ਕਿਸੇ ਚੰਗੇ ਬੰਦੇ ਦੀ ਚੋਣ, ਸਹਾਇਤਾ ਜਾਂ ਫਿਰ ਯੂਨੀਅਨ ਜਾਂ ਪਾਰਟੀ ਫ਼ੰਡ ਲਈ ਹੀ ਕਰ ਰਿਹਾ ਹੋਣਾ ਹੈ। ਇੱਕ ਵਾਰ ਇੱਕ ਸਨੇਹੀ ਨੇ ਦਸ ਹਜ਼ਾਰ ਅੱਗੇ ਰੱਖ ਦਿੱਤੇ। ਹਰਨੇਕ ਨੇ ਕੇਵਲ ਪੰਜ ਹਜ਼ਾਰ ਹੀ ਰੱਖੇ, ਬਾਕੀ ਮੋੜ ਦਿੱਤੇ। ਹਰ ਕੋਲੋਂ ਯਥਾ ਸ਼ਕਤੀ ਯੋਗਦਾਨ ਲੈਂਦਾ।
ਕਿਸੇ ਸਨੇਹੀ ’ਤੇ ਬਣੀ ਮੁਸ਼ਕਲ ਦੀ ਕਨਸੋਅ ਮਿਲਦਿਆਂ ਹੀ ਹਰਨੇਕ ਉੱਡਕੇ ਪਹੁੰਚ ਜਾਂਦਾ। ਉਸ ਸੰਕਟ ਵਿੱਚ ਫਿਰ ਉਹ ਮਿੱਥਕੇ ਦਿਨ ਰਾਤ ਉਸ ਪ੍ਰਤੀ ਪੂਰੀ ਲਗਨ ਨਾਲ ਸੋਚਦਾ, ਵਿਉਂਤਾਂ ਘੜਦਾ ਅਤੇ ਕਾਰਜ ਕਰਦਾ। ਮੇਰੀ ਪ੍ਰਾਈਵੇਟ ਕਾਲਜ ਸਰਵਿਸ ਦੌਰਾਨ ਮੇਰੇ ’ਤੇ ਦੋ ਵਾਰੀ ਪ੍ਰਸ਼ਾਸਕੀ ਧੱਕੇ ਦੇ ਝੱਖੜ ਝੁੱਲੇ ਸਨ। ਇੱਕ ਵਾਰੀ 1985 ਵਿੱਚ ਬੀ.ਐੱਡ. ਦਾਖ਼ਲੇ ਵੇਲੇ ਅਤੇ ਦੂਜੀ ਵਾਰੀ ਸੇਵਾ ਮੁਕਤੀ ਵੇਲੇ। ਇਹ ਨਿਰੋਲ ਬਦਲਾਖੋਰੀ ਦੀਆਂ ਚਾਲਾਂ ਸਨ। ਮੈਂ ਯੂਨੀਅਨਵਾਦੀ ਸਾਂ। ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਕਾਜ਼ ’ਤੇ ਡਟਕੇ ਪਹਿਰਾ ਦੇਂਦਾ ਸੀ। ਝੱਖੜ ਚੜ੍ਹੇ ਪੂਰੀ ਤਿਆਰੀ ਤੇ ਕਹਿਰ ਨਾਲ ਸਨ। ਪਰ ਸਨੇਹੀਆਂ ਅਤੇ ਸਿਰਕੱਢ ਇਲਾਕਾ ਨਿਵਾਸੀਆਂ ਨੇ ਮੇਰਾ ਪੂਰਾ ਸਾਥ ਦਿੱਤਾ। ਬਦਲਾਖੋਰਾਂ ਦੀ ਕੋਈ ਪੇਸ਼ ਨਾ ਗਈ। ਇਨ੍ਹਾਂ ਧੱਕੜਸ਼ਾਹੀਆਂ ਵਿੱਚ ਹਰਨੇਕ ਸਰਾਭਾ ਹਰ ਵੇਲੇ ਅਕਲ ਅਤੇ ਸਾਹਸ ਦਾ ਫੰਨ ਖਿਲਾਰੀ ਮੇਰੇ ਅੰਗ-ਸੰਗ ਹੁੰਦਾ। ਇਕੱਲਾ ਹੀ ਨਹੀਂ, ਸਗੋਂ ਤਿੰਨ ਚਾਰ ਬੰਦੇ ਉਹਦੇ ਨਾਲ ਹੁੰਦੇ। ਮੇਰੀ ਸੇਵਾ ਮੁਕਤੀ ਵੇਲੇ ਹਰਨੇਕ ਕਹਿੰਦਾ, “ਇਨ੍ਹਾਂ ਬੰਦਿਆਂ ਦੀ ਕਮੇਟੀ ਬਣਾ ਦਿੱਤੀ ਐ। ਜੇ ਜ਼ਿਆਦਤੀ ਖਿਲਾਫ਼ ਮੋਰਚਾ ਲਾਉਣਾ ਪਿਆ, ਤਾਂ ਐਕਸ਼ਨ ਕਮੇਟੀ, ਨਹੀਂ ਤਾਂ ਵਿਦਾਈ ਸਮਾਰੋਹ ਕਮੇਟੀ ਬਣ ਜਾਵੇਗੀ।”ਉਹੋ ਗੱਲ ਹੋਈ। ਚਾਲਾਂ ਨਿਸਫਲ ਹੋ ਗਈਆਂ। ਇਲਾਕੇ ਨੇ ਪੂਰਾ ਸਾਥ ਦਿੱਤਾ ਅਤੇ ਇਲਾਕੇ ਦੇ ਨਾਮਵਰ ਵਿਅਕਤੀਆਂ, ਪੁਰਾਣੇ ਵਿਦਿਆਰਥੀਆਂ, ਅਧਿਆਪਕਾਂ ਨੇ ਇੱਕ ਢੁੱਕਵਾਂ ਪੰਡਾਲ ਸਜਾ ਕੇ ਭਾਵਭਿੰਨਾ ਸ਼ਾਨਮੱਤਾ ਵਿਦਾਈ ਸਮਾਰੋਹ ਆਯੋਜਤ ਕੀਤਾ। ਸਟੇਜ ’ਤੇ ਦਸਤਾਰਾਂ, ਸ਼ਾਲਾਂ ਅਤੇ ਯਾਦਗਾਰੀ ਮੋਮੈਂਟੋਆਂ ਦਾ ਢੇਰ ਲੱਗ ਗਿਆ, ਕਾਲਜ ਕਮੇਟੀ ਵੱਲੋਂ ਬਹੁਤ ਸਾਰੀਆਂ ਪ੍ਰਸ਼ਾਸਕੀ ਅੜਚਣਾਂ ਦੇ ਬਾਵਜੂਦ। ਮੈਨੂੰ ਪਤਾ ਨਹੀਂ ਕਿ ਇਸ ਸਾਰੇ ਪ੍ਰਬੰਧ ਵਾਸਤੇ ਪੈਸਾ ਕਿੱਥੋਂ ਆਇਆ। ਇੰਨੀ ਕੰਨਸੋਅ ਜ਼ਰੂਰ ਮਿਲੀ ਸੀ ਕਿ ਯਾਰਾਂ ਦੀ ਸੱਥ ਦੇ ਮੋਹਰੀ ਹਰਨੇਕ ਸਿੰਘ ਸਰਾਭਾ ਅਤੇ ਉਹਦੇ ਸਹਿਯੋਗੀਆਂ ਨੇ ਹੀ ਸਾਰਾ ਪ੍ਰਬੰਧ ਕੀਤਾ ਸੀ। ਇਸ ਸਮਾਰੋਹ ਦਾ ਸੰਚਾਲਕ ਅਤੇ ਮੋਹਰੀ ਸੀ ਉਹ ਮੇਰਾ, ਸਾਡਾ ਤੇ ਸਾਡੀ ਸੱਥ ਦਾ ਉੱਚ ਦੁਮਾਲੜਾ ਜਿਗਰੀ ਦੋਸਤ ਹਰਨੇਕ ਸਰਾਭਾ। ਉਸਦੀਆਂ ਸਾਂਝਾਂ ਅਤੇ ਪਹੁੰਚਾਂ ਇਲਾਕੇ ਦਿਆਂ ਪ੍ਰਸਿੱਧ ਸ਼ਖਸੀਅਤਾਂ ਨਾਲ ਸਦਾ ਬਣੀਆਂ ਰਹਿੰਦੀਆਂ। ਉਹਦੇ ਪਰਿਵਾਰ ਦੇ ਵਿਆਹ ਸਮਾਗਮਾਂ ’ਤੇ ਪੂਰਾ ਇਲਾਕਾ ਹੀ ਢੁੱਕਿਆ ਹੁੰਦਾ।
ਉਹ ਸਾਬਕਾ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ, ਐੱਮ ਐੱਲ ਏ ਗਿਆਨੀ ਅਰਜਨ ਸਿੰਘ ਲਿਟ, ਜਗਦੇਵ ਸਿੰਘ ਜੱਸੋਵਾਲ, ਆਦਿਦਾ ਬਹੁਤ ਹੀ ਨਿਟਕਵਰਤੀ ਰਿਹਾ ਸੀ। ਪ੍ਰੋ. ਹਰਭਜਨ ਦਿਉਲ ਸਾਬਕਾ ਮੈਂਬਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਏ.ਐੱਮ. ਪੰਜਾਬ ਰਾਜ ਬਿਜਲੀ ਬੋਰਡ, ਦੇ ਤਾਂ ਉਹ ਨੰਬਰ ਵੰਨ ਸਹਿਯੋਗੀਆਂ ਵਿੱਚੋਂ ਸੀ। ਹੋਣਾ ਹੀ ਸੀ, ਉਹ ਸੁਧਾਰ ਕਾਲਜ ਦੇ ਸਹਿਪਾਠੀ ਸਨ। ਪਿੱਛੋਂ ਦਿਉਲ ਪੰਜਾਬ ਕਾਲਜ ਟੀਚਰ ਯੂਨੀਅਨ ਦਾ ਪ੍ਰਧਾਨ ਵੀ ਬਣਿਆ। ਉਹਦੇ ਵੱਲੋਂ ਹੜਤਾਲਾਂ ਵਿੱਚ ਦਿੱਤਾ ਨਾਹਰਾ ‘ਵੰਨ ਸਟਰਗਲ ਵੰਨ ਫਾਈਟ, ਟੀਚਰਜ਼ ਸਟੂਡੈਂਟਸ ਮਸਟ ਯੂਨਾਈਟ’ ਦਾ ਹਰਨੇਕ ਕਈ ਵਾਰੀ ਹਵਾਲਾ ਦਿੰਦਾ ਹੁੰਦਾ। ਉਹ ਸਹਿਯੋਗੀਆਂ ਦਾ ਇੰਨਾ ਭਲਾ ਸੋਚਦਾ ਕਿ ਉਹਨਾਂ ਦੀਆਂ ਜ਼ਿੰਦਗੀਆਂ ਬਣਾ ਦਿੱਤੀਆਂ। ਪੂਰੇ ਸਿਰੜ ਅਤੇ ਨਿੱਜੀ ਰਸੂਖ ਨਾਲ ਕਈਆਂ ਨੂੰ ਲੰਮੇ ਵਲ਼-ਵਲੇਵਿਆਂ ਨਾਲ ਸਰਕਾਰੀ ਨੌਕਰੀਆਂ ’ਤੇ ਨਿਯੁਕਤ ਤੇ ਫਿਰ ਪੱਕਾ ਕਰਵਾਇਆ। ਉਨ੍ਹਾਂ ਪਰਿਵਾਰ ਲਈ ਉਹ ਕਾਰਨਾਮੇ ਅਭੁੱਲ ਸਿੱਧ ਹੋ ਰਹੇ ਹਨ। ਪਰਿਵਾਰ ਉਸ ਨੂੰ ਹਮੇਸ਼ਾਂ ਯਾਦ ਕਰਦੇ ਹਨ।
ਅੰਤ ਸਮਾਂ ਹਰ ਇੱਕ ’ਤੇ ਆਉਣਾ ਹੈ, ਹਰਨੇਕ ’ਤੇ ਵੀ ਆ ਗਿਆ। ਸਮਾਂ ਜਿਹੜਾ ਕਾਲੇ ਦੌਰ ਵਿੱਚ ਇਸ ਕਾਮਰੇਡ ਦੇ ਬਹੁਤ ਹੀ ਨੇੜੇ ਤੋਂ ਘਸਰਕੇ ਲੰਘਦਾ ਰਿਹਾ ਸੀ। ਪਰ ਉਹਦੇ ਸ਼ਖ਼ਸੀ ਗੁਣ ਉਸ ਅਣਹੋਣੀ ਤੋਂ ਹੱਥ ਦੇ ਬਚਾਉਂਦੇ ਰਹੇ। ਆਖਿਰ, ਅਟੱਲ ਹੋਣੀ ਟਲ਼ਦੀ ਨਹੀਂ! ਹਰਨੇਕ 23 ਨਵੰਬਰ, 2016 ਨੂੰ ਅੱਠ ਦਹਾਕਿਆਂ ਤੋਂ ਉੱਪਰ ਦੀ ਇੱਕ ਸੋਹਣੀ ਭਰਪੂਰ ਜ਼ਿੰਦਗੀ ਭੋਗ ਕੇ ਸਭ ਸਨੇਹੀਆਂ ਨੂੰ ਫਤਿਹ ਬੁਲਾ ਗਿਆ, ਜਿਸ ਨਾਲ ਸੰਤੁਸ਼ਟੀ ਮਹਿਸੂਸ ਹੁੰਦੀ ਹੈ। ਪਰ ਉਸ ਦੇ ਸਦੀਵੀ ਵਿਛੋੜੇ ਦਾ ਦੁੱਖ ਸਾਨੂੰ ਸਭ ਨੂੰ ਹੈ, ਉਸ ਦੇ ਪਰਿਵਾਰ ਨੂੰ ਸਭ ਤੋਂ ਵੱਧ। ਇਸ ਮੌਕੇ ’ਤੇ ਮੈਂ ਪੂਰੇ ਫਖ਼ਰ ਨਾ ਕਹਿ ਸਕਦਾ ਹਾਂ ਕਿ ਸਾਡਾ ਉਹ ਉੱਚ ਦੁਮਾਲੜਾ ਆਗੂ ਸਾਡੇ ਮਨਾਂ ਵਿੱਚ ‘ਆਪਣੀ ਜ਼ਿੰਦਗੀ ਨਾਲੋਂ ਵੀ ਵੱਡਾ’ ਸਰੂਪ ਉੱਕਰ ਗਿਆ।
ਆਓ! ਅਸੀਂ ਵੀ ਉਸੇ ਆਨ-ਸ਼ਾਨ ਨਾਲ ਜੀਵੀਏ, ਵਿਚਰੀਏ! ਆਪਣੇ ਸੂਰਮੇ ਸਾਥੀ ਹਰਨੇਕ ਸਰਾਭਾ ਦੀਆਂ ਪੈੜਾਂ ’ਤੇ ਚੱਲਣਾ ਹੀ ਉਸ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਨਾਲ ਉਸਦੀ ਰੂਹ ਹਮੇਸ਼ਾ ਸਾਡੇ ਅੰਗ-ਸੰਗ ਰਹੇਗੀ ਅਤੇ ਉਹਦੀ ਕਬਰ ਸਦਾ ਜੀਵਤ ਰਹੇਗੀ। ‘ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ ਕਬਰ ਜਿਨ੍ਹਾਂ ਦੀ ਜੀਵੇ ਹੂ।’
*****
(523)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)