BaldevSDhaliwal7

ਇਸ ਸਾਲ ਪਰਵਾਸੀ ਪੰਜਾਬੀ ਕਹਾਣੀਵਿਸ਼ੇਸ਼ ਕਰਕੇ ਉੱਤਰੀ ਅਮਰੀਕਾ ਦੀਦਾ ਯੋਗਦਾਨ ਮੁੱਖ ਧਾਰਾ ਦੀ ਪੰਜਾਬੀ ਕਹਾਣੀ ਨਾਲੋਂ ਵੀ ...
(31 ਦਸੰਬਰ 2016)


ਇਸ ਗੱਲ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ ਕਿ ਹਰੇਕ ਸਾਹਿਤਕ ਕਿਰਤ ਕਿਸੇ ਮੁੱਦਾ-ਵਿਸ਼ੇਸ਼ ਦੀ ਬੁਨਿਆਦ ਉੱਤੇ ਉਸਾਰੀ ਗਈ ਹੁੰਦੀ ਹੈ। ਇਸੇ ਤਰ੍ਹਾਂ ਕੋਈ ਵੀ ਰਚਨਾ ਆਪਣੇ ਸਮੇਂ-ਸਥਾਨ ਦੇ ਵਿਚਾਰਧਾਰਕ ਸਰੋਕਾਰਾਂ ਤੋਂ ਮੁਕਤ ਨਹੀਂ ਹੋ ਸਕਦੀ। ਪਰ ਇਨ੍ਹਾਂ ਦੋਵਾਂ ਗੱਲਾਂ ਉੱਤੇ ਲੋੜੋਂ ਵੱਧ ਬਲ ਦੇ ਕੇ ਕਈ ਵਾਰ ਇਹ ਧਾਰਨਾ ਵੀ ਉਭਾਰੀ ਜਾਂਦੀ ਰਹੀ ਹੈ ਕਿ ਕ੍ਰਾਂਤੀ ਲਈ ਸਾਹਿਤ ਨੂੰ ਇਕ ਹਥਿਆਰ ਵਾਂਗ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਸਾਹਿਤ
, ਵਿਸ਼ੇਸ਼ ਕਰਕੇ ਗਲਪ, ਦੀ ਅਜਿਹੇ ਮੰਤਵਾਂ ਲਈ ਵਰਤੋਂ ਦੀ ਧਾਰਨਾ ਆਪਣੇ ਅੰਤਿਮ ਅਰਥਾਂ ਵਿਚ ਸਾਹਿਤ ਦੀ ਸਾਹਿਤਕਤਾ ਨੂੰ ਠੇਸ ਪਹੁੰਚਾਉਣ ਵਾਲਾ ਕਾਰਜ ਹੋ ਨਿੱਬੜਦੀ ਹੈ। ਅਜਿਹਾ ਵਾਪਰਨ ਨਾਲ ਸਾਹਿਤ ਵੀ ਕਲਾ-ਰੂਪ ਹੋਣ ਦੀ ਥਾਂ ਸਮਾਜ ਵਿਗਿਆਨ ਜਿਹਾ ਕੋਈ ਗਿਆਨਾਤਮਕ ਅਨੁਸ਼ਾਸ਼ਨ ਬਣਨ ਦੀ ਪ੍ਰਕਿਰਿਆ ਵਿਚ ਪੈ ਜਾਂਦਾ ਹੈ ਅਤੇ ਪਾਠਕ ਦੀ ਸੰਵੇਦਨਾ ਨੂੰ ਟੁੰਬ ਸਕਣ ਦੀ ਊਰਜਾ ਤੋਂ ਵਾਂਝਾ ਹੋਣ ਲਗਦਾ ਹੈ। ਇਸ ਵਰ੍ਹੇ ਦੀ ਪੰਜਾਬੀ ਕਹਾਣੀ ਪੜ੍ਹਦਿਆਂ ਮੈਨੂੰ ਜਾਪਦਾ ਰਿਹਾ ਕਿ ਇਹ ਰੁਝਾਨ ਇੱਥੇ, ਵਿਸ਼ੇਸ਼ ਕਰਕੇ ਦਲਿਤ ਕਹਾਣੀ ਵਿਚ, ਵੀ ਨਜ਼ਰ ਆਉਣ ਲੱਗ ਪਿਆ ਹੈ।

ਆਪਣੀ ਧਾਰਨਾ ਦੀ ਪੁਸ਼ਟੀ ਲਈ ਇਕ ਕਹਾਣੀ ਦੀ ਮਿਸਾਲ ਨਾਲ ਗੱਲ ਸ਼ੁਰੂ ਕਰਦਾ ਹਾਂ। ਚੌਥੇ ਪੜਾਅ ਦੇ ਸਥਾਪਤ ਕਹਾਣੀਕਾਰ ਭਗਵੰਤ ਰਸੂਲਪੁਰੀ ਦੀ ਕਹਾਣੀ ‘ਧੂੜ’ (ਹੁਣ, ਸਤੰਬਰ-ਦਸੰਬਰ) ਪੰਜਾਬ ਵਿਚ ਦਲਿਤ ਸਮਾਜ (“ਚਮਾੜਲ੍ਹੀ”) ਦੀ ਹਾਸ਼ੀਆਕ੍ਰਿਤ ਹੋਂਦ ਦੇ ਮੁੱਦੇ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ। ਕਹਾਣੀ ਦਾ ਮੁੱਖ ਪਾਤਰ ਮੇਲੂ ਆਪਣੇ ਪਰਿਵਾਰ ਨੂੰ ਪਾਲਣ ਲਈ ਆਲੇ-ਦੁਆਲੇ ਦੇ ਮਰੇ ਪਸ਼ੂਆਂ ਨੂੰ ਚੁੱਕਣ ਦੀ ਵਗਾਰ ਕਰਦਾ ਹੈ। ਉਸਦੇ ਇਸ ਧੰਦੇ ਨੂੰ ਉਸ ਵਕਤ ਸੰਕਟ ਵਿਆਪਦਾ ਹੈ ਜਦੋਂ ਪਿੰਡ ਦੇ ਮੁਹਤਬਰ, ਸਰਪੰਚ ਪਵਿੱਤਰ ਸਿੰਘ ਸੰਧੂ ਨਾਲ ਰਾਜਸੀ ਕਸ਼ਮਕਸ਼ ਤੋਂ ਬਾਅਦ ਹੱਡਾਰੋੜੀ ਨੂੰ ਠੇਕੇ ਉੱਤੇ ਦੇਣ ਦਾ ਮਤਾ ਪਾਸ ਕਰ ਦਿੱਤਾ ਜਾਂਦਾ ਹੈ। ਸਿੱਟੇ ਵਜੋਂ ਇਸ ਆਰਥਕ ਸੱਟ ਨਾਲ ਮੇਲੂ ਦਾ ਪਰਿਵਾਰ ਗੁਰਬਤ ਦੀ ਧੂੜ ਵਿਚ ਗੁਆਚਣ ਲਗਦਾ ਹੈਜਾਤੀ-ਜਮਾਤੀ ਸਮਾਜ ਦੀਆਂ ਸਮੂਹ ਫੇਟਾਂ ਝੱਲਣ ਦੇ ਬਾਵਜੂਦ ਭਾਵੇਂ ਮੇਲੂ ਆਪਣੀ ਮਾਨਵੀਅਤਾ ਅਤੇ ਜੁਝਾਰੂ ਚੇਤਨਾ ਬਚਾਈ ਰੱਖਣ ਦੇ ਉਪਰਾਲੇ ਕਰਦਾ ਹੈ ਪਰ ਉਸਦੀ ਮੁਕਤੀ ਦਾ ਸੁਪਨਾ ਨੇੜ ਭਵਿੱਖ ਵਿਚ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ। ਬਿਨਾਂ ਸ਼ੱਕ ਮੁੱਦਾ ਵੀ ਬਹੁਤ ਅਹਿਮ ਹੈ ਅਤੇ ਉਸ ਸਬੰਧੀ ਜਾਣਕਾਰੀ ਭਰਪੂਰ ਵੇਰਵਿਆਂ ਦੀ ਵੀ ਕਹਾਣੀ ਵਿਚ ਕਮੀ ਨਹੀਂ ਪਰ ਕਹਾਣੀ ਵਿੱਚੋਂ ‘ਕਹਾਣੀ’ ਗਾਇਬ ਹੈ। ਮੁੱਦੇ ਨੂੰ ਢੁੱਕਵੇਂ ਗਲਪ-ਬਿੰਬ ਰਾਹੀਂ ਉਭਾਰਿਆ ਗਿਆ ਹੁੰਦਾ ਤਾਂ ਮੇਲੂ ਦਾ ਦਲਿਤ ਅਤੇ ਸ਼ੋਸ਼ਿਤ ਹੋਣ ਦਾ ਦਰਦ ਹੋਰ ਸ਼ਿੱਦਤ ਨਾਲ ਪਾਠਕ ਦੀ ਸੰਵੇਦਨਾ ਦਾ ਅੰਗ ਬਣ ਸਕਦਾ ਸੀ। ਕਹਾਣੀ ਸਕ੍ਰਿਪਟ ਦੀ ਵਿਧੀ ਨਾਲ ਲਿਖੀ ਗਈ ਹੈ। ਨਿਰਦੇਸ਼ਕ ਰਾਜੀਵ ਸ਼ਰਮਾ ਨੇ ਇਸ ਕਹਾਣੀ ਉੱਤੇ ਅਧਾਰਿਤ ‘ਚੰਮ’ ਨਾਂ ਦੀ ਫ਼ਿਲਮ ਵੀ ਬਣਾਈ ਹੈ। ਸ਼ਾਇਦ ਬਾਅਦ ਵਿਚ ਕਹਾਣੀਕਾਰ ਨੇ ਸਕ੍ਰਿਪਟ ਨੂੰ ਹੀ ਰਤਾ ਕੁ ਹੋਰ ਗਲਪੀ ਛੋਹਾਂ ਦੇ ਕੇ ਕਹਾਣੀ ਦੇ ਰੂਪ ਵਿਚ ਛਾਪ ਦਿੱਤਾ ਹੋਵੇ। ਇਸ ਨਾਲ ਕਹਾਣੀ ਵਿਚ ਵਾਰਤਕੀ ਤੱਤਾਂ ਦਾ ਦਖ਼ਲ ਵਧ ਜਾਂਦਾ ਹੈ ਅਤੇ ਕਹਾਣੀ ਗਲਪੀ ਵਾਰਤਕ ਬਣਨ ਦੇ ਰਾਹ ਪੈ ਜਾਂਦੀ ਹੈ।

ਬਹੁਤ ਹੀ ਸਮਰੱਥ ਕਹਾਣੀਕਾਰ ਜਸਵੀਰ ਰਾਣਾ ਦੀ ਕਹਾਣੀ ‘ਮਜ਼ਾਕ ਦੀ ਹੱਦ ਨਹੀਂ ਹੁੰਦੀ’ (ਕਹਾਣੀ ਧਾਰਾ, ਜਨਵਰੀ-ਮਾਰਚ) ਇਕ ਅਹਿਮ ਮੁੱਦੇ ਯਾਨੀ ਬੌਣੇ ਵਿਅਕਤੀਆਂ ਪ੍ਰਤੀ ਸਾਡੇ ਸਮਾਜ ਦੇ ਨਜ਼ਰੀਏ ਨੂੰ ਆਪਣਾ ਕਥਾ-ਵਸਤੂ ਬਣਾਉਂਦੀ ਹੈ। ਕਥਾ-1, ਕਥਾ-2 ਅਤੇ ਕਥਾ-3 ਦੇ ਰੂਪ ਵਿਚ ਇਹ ਕਹਾਣੀ ਇਕ ਪਾਸੇ ਕੁਦਰਤੀ ਤੌਰ ’ਤੇ ਬੌਣੇ-ਬੌਣੀਆਂ ਅਤੇ ਦੂਜੇ ਪਾਸੇ ਆਪਣੇ ਕਾਰਜ-ਵਿਹਾਰ ਕਰਕੇ ਬੌਣੇ ਵਿਅਕਤੀਆਂ ਦਾ ਬਿਰਤਾਂਤ ਪੇਸ਼ ਕਰਦੀ ਹੈ। ਰਾਣਾ ਬਿਰਤਾਂਤਕਾਰੀ ਦੇ ਹੁਨਰ ਦਾ ਮਾਹਿਰ ਹੈ ਪਰ ਕਹਾਣੀ ਵਿਚ ਮੁੱਦਾ ਇੰਨਾ ਭਾਰੂ ਹੋ ਜਾਂਦਾ ਹੈ ਕਿ ਪਾਤਰ ਆਪਣੇ ਕਾਰਜ-ਵਿਹਾਰ ਵਿਚ ਸੁਤੰਤਰ ਨਹੀਂ ਰਹਿਣ ਦਿੱਤੇ ਜਾਂਦੇ। ਇਸਦੇ ਉਲਟ ਪਾਤਰ, ਲੇਖਕ ਦੀ ਮਨ-ਇੱਛਿਤ ਦਿਸ਼ਾ ਅਨੁਸਾਰ ਚੱਲਣ ਲਗਦੇ ਹਨ। ਇਸੇ ਕਰਕੇ ਪਾਤਰ ਆਪਣੀ ਨਿੱਜੀ ਪਛਾਣ ਅਨੁਕੂਲ ਵਿਚਰਨ ਦੀ ਥਾਂ ਚਿੰਤਨ ਦੀ ਭਾਸ਼ਾ ਵਿਚ ਪ੍ਰਤੀਕਰਮ ਦੇਣ ਲਗਦੇ ਹਨ। ਕਹਾਣੀ ਵਿਚ ਬੌਣਿਆਂ ਦੀ ਸਥਿਤੀ ਬਾਰੇ ਵਾਕਫ਼ੀ ਤਾਂ ਭਰਪੂਰ ਮਾਤਰਾ ਵਿਚ ਹੈ ਪਰ ਉਨ੍ਹਾਂ ਦੇ ਅੰਦਰਲਾ ਸੰਸਾਰ ਪ੍ਰਮਾਣਿਕ ਗਲਪ ਬਿੰਬ ਰਾਹੀਂ ਪੇਸ਼ ਹੁੰਦਾ ਤਾਂ ਕਹਾਣੀ ਵਧੇਰੇ ਸ਼ਕਤੀਸ਼ਾਲੀ ਹੋ ਸਕਦੀ ਸੀ। ਕਹਾਣੀ ਦੇ ਤਿੰਨੇ ਭਾਗਾਂ ਵਿੱਚੋਂ ਲੰਘਦੀ ਸਾਂਝੀ ਕਥਾ-ਤੰਦ ਵੀ ਕੁਝ ਕਮਜ਼ੋਰ ਰਹਿ ਜਾਂਦੀ ਹੈ।

ਇਸ ਤਰ੍ਹਾਂ ਦੀ ਵਰਨਣਮੁਖੀ ਬਿਰਤਾਂਤਕਾਰੀ ਵਾਲੀਆਂ ਪੰਜਾਬੀ ਕਹਾਣੀਆਂ ਦੀ ਇਸ ਵਰ੍ਹੇ ਕਾਫੀ ਵੱਡੀ ਗਿਣਤੀ ਵੇਖਣ ਨੂੰ ਮਿਲੀ ਹੈ। ਅਜਿਹੀਆਂ ਕਹਾਣੀਆਂ ਦੇ ਰੁਝਾਨ ਵਿਚ ਸਾਡੇ ਨਾਮਵਰ ਕਹਾਣੀਕਾਰ ਵੀ ਸ਼ਾਮਿਲ ਹਨ, ਜਿਵੇਂ ਕਿਰਪਾਲ ਕਜ਼ਾਕ (ਬੁੱਤ-ਤਰਾਸ਼, ਸ਼ਬਦ, ਜਨਵਰੀ-ਮਾਰਚ), ਗੁਰਮੀਤ ਕੜਿਆਲਵੀ (ਤੂੰ ਜਾਹ ਡੈਡੀ, ਹੁਣ, ਮਈ-ਅਗਸਤ), ਅਜਮੇਰ ਸਿੱਧੂ (ਦਾ ਲੈਨਿਨਜ਼ ਫਰੌਮ ਦਾ ਕਲੋਨ ਵੈਲੀ, ਹੁਣ, ਜੁਲਾਈ-ਦਸੰਬਰ), ਹਰਭਜਨ ਸਿੰਘ (ਕ੍ਰਾਂਤੀ ਗੀਤ, ਦਿਸਹੱਦਿਆਂ ਦੇ ਆਰ-ਪਾਰ) ਆਦਿ। ਅਜਿਹੇ ਵਾਰਤਕੀ ਲੱਛਣ ਉਨ੍ਹਾਂ ਕਹਾਣੀਆਂ ਵਿਚ ਵਧੇਰੇ ਹਨ ਜਿਨ੍ਹਾਂ ਵਿਚ ਉੱਤਮ-ਪੁਰਖੀ ਬਿਰਤਾਂਤਕਾਰ ਇਕ ਪਾਤਰ-ਵਿਸ਼ੇਸ਼ ਦੀ ਭੂਮਿਕਾ ਵਿਚ ਨਾ ਆ ਕੇ, ਸਰਬਗਿਆਤਾ ਬਿਰਤਾਂਤਕਾਰ ਵਾਂਗ ਉੱਚੀ ਸੁਰ ਵਿਚ ਸੂਚਨਾ ਦਾ ਵਿਸਫੋਟ ਕਰਨ ਦੀ ਭੂਮਿਕਾ ਨਿਭਾਉਣ ਲੱਗ ਜਾਂਦਾ ਹੈ

ਵਰਨਣਮੁਖੀ ਬਿਰਤਾਂਤਕਾਰੀ ਦੇ ਨਾਂਹ-ਪੱਖੀ ਪ੍ਰਭਾਵਾਂ ਤੋਂ ਪੂਰੀ ਤਰ੍ਹਾਂ ਮੁਕਤ ਪੰਜਾਬੀ ਕਹਾਣੀ ਦੀ ਤਲਾਸ਼ ਤਾਂ ਭਾਵੇਂ ਕਾਫੀ ਔਖਾ ਕੰਮ ਹੈ ਪਰ ਫਿਰ ਵੀ ਕੁਝ ਕਹਾਣੀਆਂ ਅਜਿਹੀਆਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚ ਮੁੱਦਾ, ਕਲਾਤਮਕ ਗਲਪ ਬਿੰਬ ਉੱਤੇ ਭਾਰੂ ਨਹੀਂ ਪਿਆ। ਮੇਰੀ ਜਾਚੇ ਅਜਿਹੀਆਂ ਕਹਾਣੀਆਂ ਇਸ ਸਾਲ ਦਾ ਹਾਸਿਲ ਮੰਨੀਆਂ ਜਾ ਸਕਦੀਆਂ ਹਨ ਅਤੇ ਪੰਜਾਬੀ ਕਹਾਣੀ ਲਈ ਇਹ ਸਹੀ ਦਿਸ਼ਾ ਹੋ ਸਕਦੀ ਹੈ।

ਹਰਪ੍ਰੀਤ ਸੇਖਾ ਦੀ ਕਹਾਣੀ ‘ਪੰਜਾਬੀ ਸੂਟ’ (ਸਿਰਜਣਾ, ਅਪ੍ਰੈਲ-ਜੂਨ) ਗੌਰਵਮਈ ਪੰਜਾਬੀ ਅਵਚੇਤਨ ਦੇ ਇਕ ਲੁਕਵੇਂ ਪਾਸਾਰ ਬਾਰੇ ਲਿਖੀ ਗਈ ਸ਼ਕਤੀਸ਼ਾਲੀ ਕਹਾਣੀ ਹੈ। ਇਸ ਦੀ ਉਤਮ-ਪੁਰਖੀ ਬਿਰਤਾਂਤਕਾਰ ਔਰਤ ਕਨੇਡਾ ਵਾਸੀ ਪੰਜਾਬਣ ਹੈ ਜੋ ਮਜਬੂਰੀਵੱਸ ਵੇਸਵਾਗਿਰੀ ਦੇ ਧੰਦੇ ਵਿਚ ਹੈ। ਆਪਣੇ ਭਾਈਚਾਰੇ ਦੇ ਅਣਮਨੁੱਖੀ ਵਿਵਹਾਰ ਤੋਂ ਤੰਗ ਆ ਕੇ ਉਹ ਆਪਣੇ ਇਸ਼ਤਿਹਾਰ ਵਿਚ “ਨੋ ਇੰਡੋ-ਕਨੇਡੀਅਨ ਮੈਨ ਪਲੀਜ਼” ਲਿਖਵਾ ਦਿੰਦੀ ਹੈ। ਇਕ ਦਿਨ ਉਸ ਨੂੰ ਅਜਿਹੇ ਸਨਕੀ ਗੋਰੇ ਗਾਹਕ ਕੋਲ ਜਾਣਾ ਪੈਂਦਾ ਹੈ ਜਿਸ ਦੀ ਧੀ ਨਾਲ ਭਾਰਤੀ ਮੂਲ ਦੇ ਅਪਰਾਧੀਆਂ ਦੁਆਰਾ ਬਲਾਤਕਾਰ ਕੀਤਾ ਗਿਆ ਹੁੰਦਾ ਹੈਇਸ ਦਾ ਬਦਲਾ ਲੈਣ ਲਈ ਉਹ ਗੋਰਾ ਸੈਕਸ ਵਰਕਰ ਨੂੰ ਬੁਲਾ ਕੇ ਉਸਦੇ ਪੰਜਾਬੀ ਸੂਟ ਪੁਆਉਂਦਾ ਅਤੇ ਫਿਰ ਆਪਣੇ ਹੱਥੀਂ ਉਤਾਰ ਕੇ ਆਪਣੀ ਹਿੰਸਕ ਚਾਹਤ ਨੂੰ ਸੰਤੁਸ਼ਟ ਕਰਦਾ ਹੈ। ਪਰ ਪੰਜਾਬਣ ਵੇਸਵਾ ਪੰਜਾਬੀ ਸੂਟ ਪਾਉਣ-ਲਾਹੁਣ ਦੀ ਕਿਰਿਆ ਤੋਂ ਮੁਨਕਰ ਹੋ ਜਾਂਦੀ ਹੈ। ਕਹਾਣੀ ‘ਵਿਰਕ ਟੱਚ’ ਵਾਲੀ ਜੁਗਤ ਨਾਲ ਇਉਂ ਪਲਟੇ ਨਾਲ ਖਤਮ ਹੁੰਦੀ ਹੈ,ਅਗਲੇ ਦਿਨ ਮੈਂ ਆਪਣੇ ਇਸ਼ਤਿਹਾਰ ਵਿੱਚੋਂ ਉਹ ਲਾਈਨ ਕੱਟ ਦਿੱਤੀ।” ਕਹਾਣੀ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਮੈਂ-ਮੂਲਕ ਬਿਰਤਾਂਤਕਾਰ ਦੀ ਚਰਿੱਤਰ-ਉਸਾਰੀ ਉਸਦੇ ਪਾਤਰ-ਵਿਸ਼ੇਸ਼ (ਵੇਸਵਾ) ਅਨੁਸਾਰ ਹੋਈ ਹੈ। ਕਹਾਣੀ ਵਿਚ ਪਰਵਾਸੀ ਨਾਰੀ ਅਨੁਭਵ ਦਾ ਨਿਵੇਕਲਾ ਪਾਸਾਰ ਸਿਰਜਿਆ ਗਿਆ ਹੈ।

AN546A1ਸੁਰਿੰਦਰ ਸੋਹਲ ਦੀ ਕਹਾਣੀ ‘ਸੂਰਜ ਵੱਲ ਵੇਖਦਾ ਆਦਮੀ’ (ਪੁਸਤਕ, ਦਿਸਹੱਦਿਆਂ ਦੇ ਆਰ-ਪਾਰ, ਵਿਚ ਦਰਜ) ਇਕ ਸਾਕਾਰਾਤਮਕ ਸੋਚ ਵਾਲੇ ਪਰਵਾਸੀ ਪੰਜਾਬੀ ਪ੍ਰਕਾਸ਼ ਦੇ ਕਾਰਜ-ਵਿਹਾਰ ਰਾਹੀਂ ਮਾਅਨੇਖੇਜ਼ ਜੀਵਣ ਸੰਘਰਸ਼ ਦਾ ਬਿਰਤਾਂਤ ਸਿਰਜਦੀ ਹੈ। ਖੁਦਕੁਸ਼ੀ ਦੇ ਫੈਸਲੇ ਨੂੰ ਬਦਲ ਕੇ ਜ਼ਿੰਦਗੀ ਦਾ ਪੱਲਾ ਫੜਨ ਵਾਲਾ ਪ੍ਰਕਾਸ਼ ਪਰਵਾਸੀ ਪੰਜਾਬੀ ਬੰਦੇ ਦੀਆਂ ਹਾਰਾਂ-ਜਿੱਤਾਂ ਅਤੇ ਨਿਰੰਤਰ ਜੱਦੋਜਹਿਦ ਦਾ ਜੀਵੰਤ ਪ੍ਰਤੀਕ ਬਣ ਕੇ ਉੱਭਰਦਾ ਹੈ। ਟੈਕਸੀ ਡਰਾਈਵਰ ਪ੍ਰਕਾਸ਼ ਦਾ ਜੀਵਨ-ਫ਼ਲਸਫ਼ਾ ਹੈ,ਜ਼ਿੰਦਗੀ ਵੀ ਤਾਂ ਗੱਡੀ ਵਾਂਗ ਈ ਐ, ਮਾੜੇ ਪਾਸੇ ਨਿਗਾਹ ਕਰ ਲਓ ਬੰਦਾ ਨਿਵਾਣ ਵੱਲ ਚਲਾ ਜਾਂਦੈ, ਹਨ੍ਹੇਰੇ ਵਿਚ ਚਲਿਆ ਜਾਂਦੈ, ਚੰਗੇ ਪਾਸੇ ਨਿਗਾਹ ਕਰ ਲਓ ਤਾਂ ਰੌਸ਼ਨੀ ਵੱਲ।” ਇਸ ਕਹਾਣੀ ਦੀ ਖ਼ੂਬੀ ਇਹ ਹੈ ਕਿ ਗਲਪੀ ਵਿਵੇਕ ਸਿੱਧੇ ਕਥਨਾਂ ਦੀ ਥਾਂ ਪ੍ਰਕਾਸ਼ ਦੇ ਜੀਵਣ-ਵਿਹਾਰ ਰਾਹੀਂ ਰਮਜ਼ ਬਣ ਕੇ ਉੱਭਰਦਾ ਹੈ।

ਦੀਪ ਦੇਵਿੰਦਰ ਸਿੰਘ ਦੀ ਕਹਾਣੀ ‘ਤ੍ਰਿਕਾਲ ਸੰਧਿਆ’ (ਹੁਣ, ਮਈ-ਅਗਸਤ) ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਇਕ ਅਧਖੜ ਉਮਰ ਦੇ ਬੰਦੇ ਦੀ ਜਿਣਸੀ ਅਤ੍ਰਿਪਤੀ ਅਤੇ ਪਰੰਪਰਿਕ ਨੈਤਿਕ ਮੁੱਲਾਂ ਦੇ ਤਣਾਅ ਨਾਲ ਪੈਦਾ ਹੋਈ ਸੰਕਟ ਸਥਿਤੀ ਦਾ ਬਿਰਤਾਂਤ ਪੇਸ਼ ਕਰਦੀ ਹੈ। ਬਿਰਤਾਂਤਕਾਰ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਜਿਸ ਉਪਰੰਤ ਉਹ ਮਾਨਸਿਕ ਅਤੇ ਸਰੀਰਕ ਤੌਰ ’ਤੇ ਵਿਗੋਚੇ ਦਾ ਅਹਿਸਾਸ ਹੰਢਾਉਂਦਾ ਹੈ। ਆਪਣੇ ਇਸ ਖਲਾਅ ਨੂੰ ਭਰਨ ਵਾਸਤੇ ਉਹ ਇਕ ਹਮਉਮਰ ਔਰਤ ਨਾਲ ਸਾਂਝ ਬਣਾ ਲੈਂਦਾ ਹੈ ਅਤੇ ਸਮਾਜਿਕ ਪ੍ਰਵਾਨਗੀ ਰਾਹੀਂ ਉਸਨੂੰ ਘਰ ਵਸਾਉਣ ਦਾ ਇਛੁੱਕ ਹੈ, ਪਰ ਉਸਦਾ ਜਵਾਨ ਮੁੰਡਾ ਅਤੇ ਮੁਟਿਆਰ ਧੀ ਵਿਰੋਧ ਵਿਚ ਆ ਖੜ੍ਹਦੇ ਹਨ। ਕਹਾਣੀ ਦੇ ਅੰਤ ਉੱਤੇ ਬਿਰਤਾਂਤਕਾਰ ਦੀ ਸੱਸ ਆਪਣੀ ਸਹਿਜ ਸਿਆਣਪ ਰਾਹੀਂ ਸੰਕਟ ਦਾ ਨਿਵਾਰਨ ਕਰਦਿਆਂ ਬਿਰਤਾਂਤਕਾਰ ਦੀ ਇੱਛਾ-ਪੂਰਤੀ ਦਾ ਰਾਹ ਖੋਲ੍ਹ ਦਿੰਦੀ ਹੈ। ਇਸ ਕਹਾਣੀ ਦੀ ਵਿਸ਼ੇਸ਼ਤਾ ਇਕ ਪਾਸੇ ਪਰਿਵਾਰਕ ਰਿਸ਼ਤਿਆਂ ਦੀ ਵਿਆਕਰਨ ਸਮਝਣ ਵਿਚ ਹੈ ਅਤੇ ਦੂਜੇ ਪਾਸੇ ਮਾਝੀ ਰੰਗਣ ਵਾਲੀ ਅਜਿਹੀ ਸੱਜਰੀ, ਪ੍ਰਮਾਣਿਕ ਅਤੇ ਮੜ੍ਹਕਵੀਂ ਗਲਪੀ ਭਾਸ਼ਾ ਦੀ ਵਰਤੋਂ ਵਿਚ ਹੈ ਜੋ ਪਾਤਰਾਂ ਦੇ ਜਜ਼ਬਿਆਂ ਨੂੰ ਭਲੀਭਾਂਤ ਸਮੂਰਤ ਕਰਦੀ ਜਾਂਦੀ ਹੈ।

ਪਰਗਟ ਸਤੌਜ ਦੀ ਕਹਾਣੀ ‘ਲਵ ਸਟੋਰੀ ਵਿਚ ਗਰੀਬੀ ਦਾ ਮਸਲਾ’ (ਕਹਾਣੀ ਧਾਰਾ, ਅਪ੍ਰੈਲ-ਜੂਨ) ਉੱਤਮ-ਪੁਰਖੀ ਬਿਰਤਾਂਤਕਾਰ ਦੇ ਰੂਪ ਵਿਚ ਬਲਵੰਤ ਦੇ ਗੁਰਬਤ ਦੀ ਭੇਟ ਚੜ੍ਹੇ ਪਿਆਰ ਦੇ ਸੁਪਨੇ ਦੀ ਕਹਾਣੀ ਹੈ। ਬਲਵੰਤ “ਦਿਹਾੜੀ ਕਰਨ ਵਾਲਾ ਸੁਨਿਆਰਾਂ” ਦਾ ਮੁੰਡਾ ਹੈ। ਸਥਿਤੀਆਂ ਵੱਸ ਪੜ੍ਹਾਈ ਅਧਵਾਟੇ ਛੱਡਣੀ ਪੈਂਦੀ ਹੈ। ਆਪਣੀ ਮਿਹਨਤ ਨਾਲ ਕਮਾਈ ਕਰਕੇ ਵਿਧਵਾ ਮਾਂ ਦਾ ਆਸਰਾ ਬਣਨਾ ਚਾਹੁੰਦਾ ਹੈ ਪਰ ਕੈਂਸਰ ਦੀ ਬਿਮਾਰੀ ਜ਼ਿੰਦਗੀ ਦੇ ਸਭ ਰਾਹ ਬੰਦ ਕਰ ਦਿੰਦੀ ਹੈ। ਅੱਲ੍ਹੜ ਉਮਰੇ ਬਲਵੰਤ ਨੇ ਜਿਸਨੂੰ ਚਾਹਿਆ ਸੀ ਉਹ ਕਿਧਰੇ ਹੋਰ ਵਿਆਹੀ ਜਾਂਦੀ ਹੈ ਪਰ ਉਹ ਬੱਚਿਆਂ ਦੀ ਮਾਂ ਬਣ ਕੇ ਵੀ ਦਿਲ ਦੇ ਕਿਸੇ ਕੋਨੇ ਵਿਚ ਅਜੇ ਬਲਵੰਤ ਲਈ ਰੀਣ-ਮਾਤਰ ਪਿਆਰ ਸਾਂਭੀ ਬੈਠੀ ਹੈ, ਜਿਸਦਾ ਪ੍ਰਗਟਾਵਾ ਉਹ ਬਿਮਾਰ ਬਲਵੰਤ ਦੇ ਮੱਥੇ ਉੱਤੇ ਹੱਥ ਰੱਖ ਕੇ, ਉਸ ਦੀ ਪੀੜ ਹਰ ਕੇ, ਕਰਦੀ ਹੈ। ਸਤੌਜ ਕੋਲ ਮਾਲਵੇ ਦੇ ਪੇਂਡੂ ਜਨ-ਜੀਵਣ ਦਾ ਪ੍ਰਮਾਣਿਕ ਅਨੁਭਵ ਹੈ ਜਿਸ ਦੇ ਕਾਰਣ ਉਹ ਪਾਤਰਾਂ ਨੂੰ ਅਸਲੋਂ ਜੀਵੰਤ ਨੁਹਾਰ ਨਾਲ ਚਿਤਰਦਾ ਹੈ। ਸਾਦ-ਮੁਰਾਦੇ ਪੇਂਡੂ ਮੁੰਡੇ-ਕੁੜੀ ਦੇ ਪਿਆਰ ਦੀ ਮਾਸੂਮੀਅਤ ਅਤੇ ਉਸ ਨਾਲ ਵਰ ਮੇਚਦੀ ਤਰਲ ਅਤੇ ਸਾਂਸਕ੍ਰਿਤਕ ਰੰਗਣ ਵਾਲੀ ਗਲਪੀ ਭਾਸ਼ਾ ਪਾਠਕ ਨੂੰ ਧੁਰ ਅੰਦਰ ਤੱਕ ਟੁੰਬਣ ਵਾਲੀ ਹੈ।

ਬਲਦੇਵ ਸਿੰਘ ਢੀਂਡਸਾ ਦੀ ਕਹਾਣੀ ‘ਸੰਸਕ੍ਰਿਤੀ’ (ਹੁਣ, ਮਈ-ਅਗਸਤ) ਵਿਚ ਉੱਤਮ-ਪੁਰਖੀ ਬਿਰਤਾਂਤਕਾਰ ਆਪਣੇ ਦੋਸਤ ‘ਖੰਡੇਧਾਰ’ ਦੇ ਜੀਵਣ-ਵੇਰਵਿਆਂ ਦੇ ਹਵਾਲੇ ਨਾਲ ਇਹ ਤੱਥ ਉਭਾਰਦਾ ਹੈ ਕਿ ਸੰਸਕ੍ਰਿਤੀ ਜੜ੍ਹ ਹੋ ਚੁੱਕੇ ਚਿੰਨ੍ਹਾਂ ਨਾਲ ਨਹੀਂ ਸੰਭਾਲੀ ਜਾ ਸਕਦੀ ਬਲਕਿ ਸੁਚੱਜੇ ਸੰਸਕਾਰਾਂ ਨਾਲ ਲਬਰੇਜ਼ ਵਿਹਾਰ ਰਾਹੀਂ ਵਿਕਸਤ ਹੁੰਦੀ ਹੈ। ਪੱਛਮ ਦੇ ਖੁੱਲ੍ਹੇ-ਡੁੱਲ੍ਹੇ ਵਿਚਾਰਾਂ ਵਾਲੇ ਸਮਾਜ ਵਿਚ ਰਹਿਣ ਦੇ ਬਾਵਜੂਦ ‘ਖੰਡੇਧਾਰ’ ਇਸ ਗੱਲ ਨਾਲ ਡੂੰਘੇ ਤਣਾਅ ਵਿਚ ਗ੍ਰਸਤ ਹੋ ਜਾਂਦਾ ਹੈ ਕਿ ਉਸਦੀ ਧੀ ਰੁਪਾਲੀ ਦੇ ਪਿਆਰ-ਸਬੰਧ ਹਨ। ਰੁਪਾਲੀ ਜਦੋਂ ਆਪਣੇ ਵਿਹਾਰਕ ਤਜ਼ਰਬਿਆਂ ਦੇ ਹਵਾਲੇ ਨਾਲ ਤਥਾ-ਕਥਿਤ ਪੰਜਾਬੀ/ਸਿੱਖ ਸੰਸਕ੍ਰਿਤੀ ਦੇ ਖੋਖਲੇ ਪੱਖਾਂ ਉੱਤੇ ਝਾਤ ਪੁਆਉਂਦੀ ਹੈ ਤਾਂ ‘ਖੰਡੇਧਾਰ’ ਸੰਸਕ੍ਰਿਤੀ ਦੇ ਸਹੀ ਅਰਥਾਂ ਨੂੰ ਮਹਿਸੂਸ ਕਰ ਲੈਂਦਾ ਹੈ। ਭਾਵੇਂ ਢੀਂਡਸਾ ਇਸ ਕਹਾਣੀ ਵਿਚ ਪਰਵਾਸੀ ਵਸਤੂ-ਯਥਾਰਥ ਦੇ ਅਨੁਕੂਲ ਭਾਸ਼ਾਈ ਮੁਹਾਵਰੇ ਨੂੰ ਸਿਰਜ ਸਕਣ ਤੋਂ ਕੁਝ ਅਸਫਲ ਰਿਹਾ ਹੈ ਪਰ ਯਥਾਰਥਕ ਚਰਿੱਤਰ-ਉਸਾਰੀ ਅਤੇ ਘਟਨਾ-ਰਹੱਸ ਰਾਹੀਂ ਕਥਾ-ਰਸ ਪੈਦਾ ਕਰਨ ਵਿਚ ਉਸਨੇ ਹਮੇਸ਼ਾਂ ਵਾਂਗ ਕਲਾਤਮਕ ਮਿਆਰਾਂ ਨੂੰ ਪਹਿਲ ਦਿੱਤੀ ਹੈ।

ਗੁਰਮੀਤ ਪਨਾਗ ਦੀ ਕਹਾਣੀ ‘ਮੁਰਗਾਬੀਆਂ’ (ਦਿਸਹੱਦਿਆਂ ਦੇ ਆਰ-ਪਾਰ) (ਕਹਾਣੀ ਧਾਰਾ, ਅਪ੍ਰੈਲ-ਜੂਨ) ਉੱਤਮ-ਪੁਰਖੀ ਬਿਰਤਾਂਤਕਾਰ ਦੀ ਵਿਧੀ ਰਾਹੀਂ ਕਨੇਡਾ ਦੇ ਆਦਿ ਵਾਸੀ (ਨੇਟਿਵ) ਲੋਕਾਂ ਦੀ ਹਾਸ਼ੀਆਗਤ ਜ਼ਿੰਦਗੀ ਦਾ ਬਿਰਤਾਂਤ ਪੇਸ਼ ਕਰਦੀ ਹੈ। ਬਿਰਤਾਂਤਕਾਰ ਆਪਣੀ ਦੋਸਤ ਨਾਲ ਮਿਲਣੀ ਦੇ ਸਬੱਬ ਨਾਲ ਉਸ ‘ਰਿਜ਼ਰਵ’ ਖਿੱਤੇ ਦੇ ਅੰਦਰ ਦੀ ਝਲਕ ਪੇਸ਼ ਕਰਦੀ ਹੈ ਜਿਸ ਵਿਚ ਗੋਰੇ ਸ਼ਾਸਕਾਂ ਨੇ ਆਦਿ ਵਾਸੀਆਂ ਨੂੰ ਸੁੰਗੇੜ ਦਿੱਤਾ ਹੈ। ਧੌਂਸਵਾਦੀ ਅੰਗਰੇਜ਼ੀਕਰਨ ਦੀ ਪ੍ਰਕਿਰਿਆ ਸਾਹਵੇਂ ਆਦਿ ਵਾਸੀਆਂ ਦੇ ਸਭਿਆਚਾਰ ਅਤੇ ਭਾਸ਼ਾ ਦੀ ਹੋਂਦ ਬਹੁਤ ਤੇਜ਼ੀ ਨਾਲ ਖੁਰਦੀ ਜਾ ਰਹੀ ਹੈ ਪਰ ਕਥਾ-ਵੇਰਵਿਆਂ ਅਨੁਸਾਰ ਉਨ੍ਹਾਂ ਨੇ ਆਪਣੀ ਨਿਵੇਕਲੀ ਪਛਾਣ ਦੀ ਸਲਾਮਤੀ ਲਈ ਆਪਣਾ ਸੰਘਰਸ਼ ਅਜੇ ਛੱਡਿਆ ਨਹੀਂ। ਮੁੱਦਾ ਅਧਾਰਿਤ ਹੋਣ ਕਰਕੇ ਭਾਵੇਂ ਤੱਥਮੂਲਕ ਵੇਰਵਿਆਂ ਦੀ ਵੱਧ ਤੋਂ ਵੱਧ ਭਰਤੀ ਦਾ ਲਾਲਚ ਪੂਰੀ ਤਰ੍ਹਾਂ ਤਿਆਗਿਆ ਨਹੀਂ ਜਾ ਸਕਿਆ ਪਰ ਆਦਿ ਵਾਸੀਆਂ ਦੀ ਜੀਵਣ-ਸ਼ੈਲੀ ਦੇ ਜੀਵੰਤ ਵੇਰਵੇ ਅਤੇ ਲੋਕਧਾਰਾਈ ਚਿੰਨ੍ਹਾਂ ਦੀ ਪ੍ਰਕਾਰਜੀ ਵਰਤੋਂ ਕਹਾਣੀ ਨੂੰ ਅਰਥਵਾਨ ਅਤੇ ਕਲਾਤਮਕ ਬਣਾਉਂਦੀ ਹੈ।

ਅਤਰਜੀਤ ਦੀ ਕਹਾਣੀ ‘ਸੇਜ ਸੁਖਾਲੀ ਕਾਮਨਿ’ (ਕੁੰਭ, ਮਈ-ਅਗਸਤ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਸਿੱਖੀ ਦੀ ਦਿੱਖ ਅਤੇ ਤੱਤ ਦੇ ਤਣਾਅ ਵਿੱਚੋਂ ਉਸਾਰੀ ਗਈ ਹੈ। ਕਹਾਣੀ ਦੀ ਮੁੱਖ ਪਾਤਰ ਜਸਵੰਤ ਕੌਰ ਅੰਮ੍ਰਿਤਧਾਰੀ ਪਰਿਵਾਰ ਵਿਚ ਜੰਮੀ-ਪਲੀ ਹੈ ਅਤੇ ਉਸਦਾ ਵਿਆਹ ਵੀ ਪੂਰਨ ਗੁਰਸਿੱਖ ਅਤੇ ਸਰਦੇ-ਪੁੱਜਦੇ ਘਰ ਦੇ ਲੜਕੇ ਅਵਤਾਰ ਸਿੰਘ ਨਾਲ ਹੁੰਦਾ ਹੈ। ਗੁਪਤ ਰੋਗ ਨਾਲ ਪੀੜਿਤ ਹੋਣ ਕਰਕੇ ਅਵਤਾਰ ਸਿੰਘ ਦੀ ਸਰੀਰਕ ਹਾਲਤ ਕੋਹੜੀਆਂ ਵਰਗੀ ਹੋ ਚੁੱਕੀ ਹੈ। ਅੰਤ ਉੱਤੇ ਜਸਵੰਤ ਕੌਰ ਪਰਿਵਾਰ ਦੇ ਸਾਰੇ ਵਿਰੋਧਾਂ ਦੇ ਬਾਵਜੂਦ ਆਪਣੀ ਧੀ ਲਈ ਉਹ ਵਰ ਚੁਣਦੀ ਹੈ ਜਿਹੜਾ ਭਾਵੇਂ ਨੀਵੀਂ ਜਾਤੀ ਦਾ ਹੈ ਪਰ ਕਿੱਤੇ ਵਜੋਂ ਓਵਰਸੀਅਰ ਅਤੇ ਸਿਹਤ ਪੱਖੋਂ ਤੰਦਰੁਸਤ ਹੋਣ ਕਰਕੇ ਕਿਸੇ ਮੁਟਿਆਰ ਦੀ ਪਹਿਲੀ ਪਸੰਦ ਹੋ ਸਕਦਾ ਹੈ। ਇਸ ਪ੍ਰਕਾਰ ਜਸਵੰਤ ਕੌਰ ਉਮਰ ਭਰ ਸਿੱਖ ਰੀਤ ਦੀ ਥਾਂ ਸਿੱਖੀ ਦੇ ਤੱਤ ਅਨੁਸਾਰ ਜਿਉਣ ਦੀ ਦਲੇਰੀ ਵਿਖਾਉਂਦੀ ਹੈ। ਕਹਾਣੀ ਦੀ ਕਲਾਤਮਕਤਾ ਵਿਸ਼ੇ ਅਨੁਕੂਲ ਗੁਰਮਤਿ ਦੇ ਚਿੰਨ੍ਹਾਂ-ਮੋਟਿਫ਼ਾਂ ਰਾਹੀਂ ਅਰਥ ਸਿਰਜਣਾ ਕਰਨ ਦੀ ਕੁਸ਼ਲਤਾ ਵਿੱਚੋਂ ਪੈਦਾ ਹੋਈ ਹੈ।

ਪਾਕਿਸਤਾਨੀ ਪੰਜਾਬੀ ਕਹਾਣੀਕਾਰ ਮਕਸੂਦ ਸਾਕਿਬ ਦੀ ਕਹਾਣੀ ‘ਲੂਹ’ ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਮਨੁੱਖ ਦੇ ਪਸ਼ੂਕਰਨ ਦੀ ਕਰੂਰ ਸਮੱਸਿਆ ਨੂੰ ਪੇਸ਼ ਕਰਦੀ ਹੈ। ਕਹਾਣੀ ਵਿਚ ਤਿੰਨ ਧਿਰਾਂ ਹਨ, ਅਦਿੱਖ ਸਥਾਪਤੀ, ਮੱਧਵਰਗੀ ਬਿਰਤਾਂਤਕਾਰ ਅਤੇ ਇਕ ਪਸ਼ੂਕ੍ਰਿਤ ਕਿਰਤੀ ਮਨੁੱਖ। ਇਕ ਅੱਧ ਦਿਨ ਲਈ ਪੇਕੀਂ ਗਈ ਬੀਵੀ ਦੇ ਪਿੱਛੋਂ ਤਿਆਰ ਹੋ ਕੇ ਦਫ਼ਤਰ ਜਾਣਾ ਹੀ ਮੱਧਵਰਗੀ ਬਿਰਤਾਂਤਕਾਰ ਨੂੰ ਬਹੁਤ ਵੱਡਾ ਕਸ਼ਟਦਾਇਕ ਕੰਮ ਜਾਪਦਾ ਹੈ। ਪਰ ਦਫ਼ਤਰ ਜਾਂਦਿਆਂ ਰਾਹ ਵਿਚ ਉਹ ਇਕ ਅਜਿਹੇ ਮਨੁੱਖ ਨੂੰ ਵੇਖਦਾ ਹੈ ਜਿਹੜਾ ਸੰਢੇ ਦੀ ਥਾਂ ਬੋਰੀਆਂ ਦੀ ਭਰੀ ਰੇਹੜੀ ਖਿੱਚ ਰਿਹਾ ਹੈ। ਉਸਦਾ ਪਸ਼ੂਕ੍ਰਿਤ ਵਿਕਰਤ ਹੁਲੀਆ ਵੇਖ ਕੇ ਤਾਂ ਬਿਰਤਾਂਤਕਾਰ ਦਾ ਜੀਵਣ ਪ੍ਰਤੀ ਨਜ਼ਰੀਆ ਹੀ ਬਦਲ ਜਾਂਦਾ ਹੈ। ਇਹ ਸੋਚਦਿਆਂ ਕਿ ਅਜਿਹੀ ਵਿਵਸਥਾ ਨੂੰ ਪੱਕਿਆਂ ਕਰਨ ਵਿਚ ਉਸ ਵਰਗੇ ਅਫ਼ਸਰ ਲੋਕਾਂ ਦਾ ਵੀ ਕੁਝ ਹੱਥ ਹੈ, ਉਹ ਸਵੈਗਿਲਾਨੀ ਅਤੇ ਅਕਰੋਸ਼ ਨਾਲ ਭਰ ਜਾਂਦਾ ਹੈ। ਉਸ ਦੇ “ਸਾਹਾਂ ਵਿਚ ਪੰਘਰੇ ਹੋਏ ਲੋਹੇ ਦੀ ਲੂਹ ਵਧ” ਜਾਂਦੀ ਹੈ। ਕਹਾਣੀ ਦੀ ਸੰਕੇਤਕ ਬਿਰਤਾਂਤ ਦੀ ਕਥਾ-ਵਿਧੀ ਅਤੇ ਪ੍ਰਤੀਕੀਕਰਨ ਦੀ ਕਥਾ-ਜੁਗਤ ਕਹਾਣੀ ਨੂੰ ਕਲਾਤਮਕ ਤੇ ਮੁੱਲਵਾਨ ਬਣਾਉਂਦੀ ਹੈ।

ਕੁਲਵੰਤ ਗਿੱਲ ਦੀ ਕਹਾਣੀ ‘ਮੇਰੀ ਬੁੱਕਲ ਦੇ ਵਿਚ ਚੋਰ’ (ਹੁਣ, ਮਈ-ਅਗਸਤ) ਉਤਮ-ਪੁਰਖੀ ਬਿਰਤਾਂਤਕਾਰ ਰਾਹੀਂ ਅਜੋਕੇ ਉਸ ਥਿੜਕੇ ਵਿਅਕਤੀ ਦਾ ਬਿਰਤਾਂਤ ਸਿਰਜਦੀ ਹੈ ਜਿਹੜਾ ਜ਼ਿੰਦਗੀ ਦਾ ਨਿਰਮਾਤਾ ਹੋਣ ਦੀ ਨਾਇਕਤਵੀ ਭੂਮਿਕਾ ਤੋਂ ਹੇਠਾਂ ਵੱਲ ਖਿਸਕਦਾ ਹੋਇਆ ਨਿਸਕ੍ਰਿਆ ਹੋ ਕੇ ਮੁਕਤੀ ਪ੍ਰਾਪਤ ਕਰਨ ਦੀ ਫੈਂਟਸੀ ਵਿਚ ਜਿਉਂ ਰਿਹਾ ਹੈ। ਬਿਰਤਾਂਤਕਾਰ ਦਾ ਦੋਸਤ ਦੇਵਮਨੀ ਕਦੇ ਕ੍ਰਾਂਤੀਕਾਰੀ ਸਰੋਕਾਰਾਂ ਵਾਲਾ ਨਾਟਕਰਮੀ ਸੀ ਪਰ ਹੌਲੀ ਹੌਲੀ ਇਕ ਸਾਧਵੀ ਮਾਂ ਕ੍ਰਾਂਤੀ ਦੇ ਸੂਡੋ ਕੁਦਰਤਵਾਦ ਦਾ ਪੈਰੋਕਾਰ ਬਣਕੇ ਅਚੇਤ ਹੀ ਮੌਤ-ਨੁਮਾ ਮੁਕਤੀ ਦੀ ਚਾਹਤ ਕਰਨ ਲੱਗ ਪੈਂਦਾ ਹੈ। ਇਸ ਕਹਾਣੀ ਦਾ ਭਾਵੇਂ ਕਥਾ-ਅੰਸ਼ ਵੀ ਮੱਧਮ ਹੈ ਅਤੇ ਸ਼ੈਲੀ ਵਿਚ ਅਮੂਰਤਤਾ ਦਾ ਦਖ਼ਲ ਵੀ ਹੈ ਪਰ ਇਸ ਦੀ ਦਾਰਸ਼ਨਿਕ ਡੂੰਘਾਈ ਨਾਲ ਮਨੁੱਖੀ ਵਿਹਾਰ ਨੂੰ ਸਮਝਣ ਦੀ ਰੁਚੀ ਅਤੇ ਕਾਵਿਕ ਗਲਪੀ ਭਾਸ਼ਾ ਦਾ ਢੁੱਕਵਾਂ ਪ੍ਰਯੋਗ ਕਹਾਣੀ ਨੂੰ ਵਿਸ਼ੇਸ਼ ਬਣਾਉਂਦੇ ਹਨ।

ਮਾਲਵਾ ਖੇਤਰ ਦੇ ਵਾਸੀ ਭੂਪਿੰਦਰ ਫੌਜੀ ਦੀ ਕਹਾਣੀ ‘ਕਿਸ ਮੋੜ ਤੇ’ (ਸਾਹਿਤਕ ਏਕਮ, ਜਨਵਰੀ-ਮਾਰਚ) ਹਿੰਸਾ ਦੇ ਅਜੋਕੇ ਸਮਿਆਂ ਵਿਚ ਗੁੰਮ-ਗੁਆਚ ਗਏ ਪਿਆਰ ਦੇ ਅਹਿਸਾਸ ਦਾ ਬਿਰਤਾਂਤ ਪੇਸ਼ ਕਰਦੀ ਹੈ। ਇਸ ਦਾ ਉੱਤਮ-ਪੁਰਖੀ ਬਿਰਤਾਂਤਕਾਰ ਪੰਜਾਬੀ ਮੂਲ ਦਾ ਫੌਜੀ ਹੈ ਜੋ ਕਸ਼ਮੀਰ ਦੇ ਅਤੀ ਗੜਬੜ ਵਾਲੇ ਇਲਾਕੇ ਵਿਚ ਡਿਊਟੀ ਉੱਤੇ ਹੈ। ਉਸ ਦੀ ਯੂਨਿਟ ਨੇ ਇਕ ਸਕੂਲ ਦੀ ਅੱਧੋਂ ਵੱਧ ਇਮਾਰਤ ਉੱਤੇ ਕਬਜ਼ਾ ਕਰ ਰੱਖਿਆ ਹੈ। ਸਕੂਲ ਦੀ ਇਕਲੌਤੀ ਮੁਟਿਆਰ ਅਧਿਆਪਕਾ ਸੁਨੀਤਾ ਰਾਣੀ, ਜੋ ਹਿੰਦੂ ਪਰਿਵਾਰ ਵਿੱਚੋਂ ਹੈ, ਨਾਲ ਫੌਜੀ ਬਿਰਤਾਂਤਕਾਰ ਨੂੰ ਇਕਪਾਸੜ ਜਿਹਾ ਪਿਆਰ ਹੋ ਜਾਂਦਾ ਹੈ। ਇਕ ਰਾਤ ਅੱਤਵਾਦੀ ਸੁਨੀਤਾ ਦੇ ਪਰਿਵਾਰ ਦੀ ਲੁੱਟ-ਮਾਰ ਕਰਦੇ ਹਨ ਅਤੇ ਸੁਨੀਤਾ ਨੂੰ ਚੁੱਕ ਕੇ ਲੈ ਜਾਂਦੇ ਹਨ। ਫੌਜ ਦੀ ਟੁਕੜੀ, ਜਿਨ੍ਹਾਂ ਵਿਚ ਬਿਰਤਾਂਤਕਾਰ ਵੀ ਹੈ, ਅੱਤਵਾਦੀਆਂ ਨੂੰ ਘੇਰ ਕੇ ਮੁਕਾਬਲੇ ਵਿਚ ਮਾਰ ਦਿੰਦੇ ਹਨ ਪਰ ਉਨ੍ਹਾਂ ਦੇ ਕਬਜ਼ੇ ਵਿੱਚੋਂ ਮਿਲੀ ਸਹਿਕਦੀ ਸੁਨੀਤਾ ਦੀ ਇੰਨੀ ਖੇਹ-ਖਰਾਬੀ ਹੋ ਚੁੱਕੀ ਹੈ ਕਿ ਉਸ ਨੂੰ ਗੋਲੀ ਮਾਰ ਦੇਣਾ ਹੀ ਭਲੇ ਦਾ ਕੰਮ ਜਾਪਦਾ ਹੈ। ਬਿਰਤਾਂਤਕਾਰ ਲਈ ਇਹ ਡਿਊਟੀ ਭਾਵੇਂ ਬਹੁਤ ਔਖੀ ਹੈ ਪਰ ਸੁਨੀਤਾ ਦੀਆਂ ਨਜ਼ਰਾਂ ਵਿੱਚੋਂ ਆਖਰੀ ਪਿਆਰ-ਸੁਨੇਹਾ ਪੜ੍ਹਦਿਆਂ ਉਹ ਭਰੇ ਮਨ ਨਾਲ ਉਸਦੀ ‘ਮੁਕਤੀ’ ਕਰ ਦਿੰਦਾ ਹੈ। ਲਕੀਰੀ ਬਿਰਤਾਂਤ ਵਾਲੀ ਇਸ ਸਰਲ ਜਿਹੀ ਪਿਆਰ ਕਹਾਣੀ ਦੀ ਕਲਾਤਮਕਤਾ ਇਸਦੀ ਪ੍ਰਮਾਣਿਕ ਭੂ-ਦ੍ਰਿਸ਼ ਸਿਰਜਣਾ ਅਤੇ ਔਰਤ-ਮਰਦ ਸਬੰਧਾਂ ਦੇ ਨਿਵੇਕਲੇ ਅਵਚੇਤਨੀ ਪਾਸਾਰ ਪੇਸ਼ ਕਰਨ ਵਿਚ ਹੈ। ਇਸ ਕਹਾਣੀ ਨੂੰ ਪੜ੍ਹਦਿਆਂ ਅਹਿਸਾਸ ਹੁੰਦਾ ਹੈ ਕਿ ਜੰਮੂ-ਕਸ਼ਮੀਰ ਦੀ ਪੰਜਾਬੀ ਕਹਾਣੀ ਇਸ ਤਰਜ਼ ਦੇ ਭੂ-ਦ੍ਰਿਸ਼ਾਂ ਅਤੇ ਅਨੁਭਵ ਪਾਸਾਰਾਂ ਦੀ ਪੇਸ਼ਕਾਰੀ ਰਾਹੀਂ ਆਪਣੀ ਵਿਲੱਖਣ ਹਸਤੀ ਦਾ ਬੋਧ ਕਰਵਾ ਸਕਦੀ ਹੈ।

ਮੇਰੀ ਚੋਣ ਦੀਆਂ ਉਪਰੋਕਤ ਪ੍ਰਮੁੱਖ ਕਹਾਣੀਆਂ ਦੇ ਨਾਲ ਨਾਲ ਕੁਝ ਹੋਰ ਦਰਮਿਆਨੇ ਦਰਜੇ ਦੀਆਂ ਪੜ੍ਹਨਯੋਗ ਕਹਾਣੀਆਂ ਵੀ ਹਨ, ਜਿਵੇਂ ਕੋਕੋ ਦਾ ਜਨਮ (ਪ੍ਰੇਮ ਮਾਨ, ਸਿਰਜਣਾ, ਅਪ੍ਰੈਲ-ਜੂਨ), ਮੈਂ ਮਾਂ ... (ਅਜਮੇਰ ਸਿੱਧੂ, ਸਿਰਜਣਾ, ਜੁਲਾਈ-ਸਤੰਬਰ), ਮੀ-ਲਾਰਡ (ਬਲਦੇਵ ਸਿੰਘ ਢੀਂਡਸਾ, ਸਿਰਜਣਾ, ਜੁਲਾਈ-ਸਤੰਬਰ), ਵਿਦਿਆ ਵਿਚਾਰੀ ਤਾਂ ... (ਗੁਰਪ੍ਰੀਤ, ਸਿਰਜਣਾ, ਅਕਤੂਬਰ-ਦਸੰਬਰ), ਕਪਾਹ ਦੀਆਂ ਢੇਰੀਆਂ (ਪਰਵੇਜ਼ ਸੰਧੂ, ਕਹਾਣੀ ਧਾਰਾ, ਜਨਵਰੀ-ਮਾਰਚ), ਕਾਲੀ ਕਥਾ (ਸਿਮਰਨ ਧਾਲੀਵਾਲ, ਹੁਣ, ਮਈ-ਅਗਸਤ), ਮਨੀ ਗੇਮ (ਬਲਬੀਰ ਸੰਘੇੜਾ, ਕਹਾਣੀ ਧਾਰਾ, ਜੁਲਾਈ-ਸਤੰਬਰ), ਵੇਲਾ ਕੁਵੇਲਾ (ਦੀਪ ਦੇਵਿੰਦਰ ਸਿੰਘ, ਚਿਰਾਗ, ਜਨਵਰੀ-ਮਾਰਚ), ਜ਼ਿੰਦਗੀ (ਅਤਰਜੀਤ, ਪ੍ਰਵਚਨ, ਅਪ੍ਰੈਲ-ਜੂਨ), ਮਣਕਾ (ਰਣਜੀਤ ਰਾਹੀ, ਕੁੰਭ, ਮਈ-ਅਗਸਤ), ਜੋਗੀ (ਜਿੰਦਰ, ਹੁਣ, ਮਈ-ਅਗਸਤ), ਕੋਲਾਜ (ਸਰਵਣ ਮਿਨਹਾਸ, ਹੁਣ, ਸਤੰਬਰ-ਦਸੰਬਰ), ਬਸੰਤ ਰੁੱਤ (ਨਿਰਮਲ ਜਸਵਾਲ, ਹੁਣ, ਸਤੰਬਰ-ਦਸੰਬਰ), ਚਿੰਤੀ ਚੁੱਪ ਕਿਉਂ ਹੋ ਗਈ (ਆਰ.ਐਸ. ਰਾਜਨ, ਸਾਹਿਤਕ ਏਕਮ, ਜਨਵਰੀ-ਮਾਰਚ), ਨਾੜਾਂ ਵਿਚ ਜੰਮਿਆਂ ਖ਼ੂਨ (ਜਸਪਾਲ ਮਾਨਖੇੜਾ, ਆਬਰੂ, ਅਕਤੂਬਰ-ਦਸੰਬਰ) ਆਦਿ, ਪਰ ਪਰਚੇ ਦੀਆਂ ਸੀਮਾਵਾਂ ਕਰਕੇ ਇਨ੍ਹਾਂ ਦੀ ਵਿਸਥਾਰਪੂਰਬਕ ਚਰਚਾ ਕਰਨ ਤੋਂ ਗੁਰੇਜ਼ ਕੀਤਾ ਹੈ।

ਇਸ ਸਾਲ ਦੀ ਸਮੁੱਚੀ ਪੰਜਾਬੀ ਕਹਾਣੀ ਨੂੰ ਪੜ੍ਹਦਿਆਂ ਮੇਰੇ ਜੋ ਉੱਭਰਵੇਂ ਪ੍ਰਭਾਵ ਬਣੇ ਹਨ ਉਹ ਇਸ ਪ੍ਰਕਾਰ ਹਨ:

AN546D1ਢਾਹਾਂ ਪੁਰਸਕਾਰ ਬਾਰੇ ਇਸ ਵਰ੍ਹੇ ਵੀ ਚੁੰਜ-ਚਰਚਾ ਛਿੜੀ ਰਹੀ। ਇਸਦੀ ਮੋਟੀ ਰਾਸ਼ੀ ਨੇ ਪੰਜਾਬੀ ਗਲਪਕਾਰਾਂ ਦੀ ਝਾਕ ਨੂੰ ਉਤੇਜਿਤ ਕਰ ਦਿੱਤਾ ਹੈ। ਇਕ-ਦੋ ਪ੍ਰਮੁੱਖ ਵਿਅਕਤੀਆਂ ਉੱਤੇ ਅਧਾਰਿਤ ਇਸਦੀ ‘ਗੁਪਤ’ ਚੋਣ-ਪ੍ਰਕਿਰਿਆ ਬਾਰੇ ਸ਼ੰਕੇ ਪਹਿਲਾਂ ਵਾਂਗ ਹੀ ਇਸ ਵਰ੍ਹੇ ਵੀ ਉੱਠਦੇ ਰਹੇ। ਜਰਨੈਲ ਸਿੰਘ ਦੇ ਕਹਾਣੀ-ਸੰਗ੍ਰਹਿ ‘ਕਾਲੇ ਵਰਕੇ’ ਦੀ ਚੋਣ ਨੂੰ ਤਾਂ ਸਭ ਨੇ ਨਿਰਵਿਵਾਦ ਹੋ ਕੇ ਪ੍ਰਵਾਨ ਕੀਤਾ ਪਰ ਸਿਮਰਨ ਧਾਲੀਵਾਲ ਦੇ ਕਹਾਣੀ ਸੰਗ੍ਰਹਿ ‘ਉਸ ਪਲ’ ਦੀ ਮੌਲਿਕਤਾ, ਕਲਾਤਮਕ ਮਿਆਰ ਅਤੇ ਚੋਣ ਬਾਰੇ ਸੋਸ਼ਲ ਮੀਡੀਆ ਉੱਤੇ ਲੰਮੀ ਨਾਂਹ-ਪੱਖੀ ਬਹਿਸ ਛਿੜੀ ਰਹੀ।

ਇਸ ਸਾਲ ਪਰਵਾਸੀ ਪੰਜਾਬੀ ਕਹਾਣੀ, ਵਿਸ਼ੇਸ਼ ਕਰਕੇ ਉੱਤਰੀ ਅਮਰੀਕਾ ਦੀ, ਦਾ ਯੋਗਦਾਨ ਮੁੱਖ ਧਾਰਾ ਦੀ ਪੰਜਾਬੀ ਕਹਾਣੀ ਨਾਲੋਂ ਵੀ ਦੋ ਰੱਤੀਆਂ ਵੱਧ ਹੀ ਰਿਹਾ। ਹਰਭਜਨ ਸਿੰਘ, ਸੁਰਿੰਦਰ ਸੋਹਲ ਅਤੇ ਹਰਜਿੰਦਰ ਪੰਧੇਰ ਦੁਆਰਾ ਸੰਪਾਦਿਤ ਕਹਾਣੀ ਸੰਗ੍ਰਹਿ ‘ਦਿਸਹੱਦਿਆਂ ਦੇ ਆਰ-ਪਾਰ’ (ਅਣਪ੍ਰਕਾਸ਼ਿਤ ਕਹਾਣੀਆਂ ਦਾ ਸੰਗ੍ਰਹਿ) ਇਕ ਵੱਡੇ ਪ੍ਰਾਜੈਕਟ ਵਾਂਗ ਕੀਤਾ ਗਿਆ ਮੁੱਲਵਾਨ ਕਾਰਜ ਹੈ। ਇਸੇ ਤਰ੍ਹਾਂ ਗਹਿਰ-ਗੰਭੀਰ ਕਹਾਣੀਕਾਰ ਮਿੰਨੀ ਗਰੇਵਾਲ ਦਾ ਪੰਜਵਾਂ ਕਹਾਣੀ-ਸੰਗ੍ਰਹਿ ‘ਕੱਚ ਦੀਆਂ ਕੰਧਾਂ’ ਵੀ ਪਰਵਾਸੀ ਪੰਜਾਬੀ ਕਹਾਣੀ ਵਿਚ ਗੁਣਨਾਤਮਕ ਵਾਧਾ ਕਰਨ ਵਾਲਾ ਹੈ। ਮੇਜਰ ਮਾਂਗਟ ਦਾ ਕਹਾਣੀ ਸੰਗ੍ਰਹਿ ‘ਮਨ ਮੌਸਮ ਦੀ ਰੰਗਤ’ ਇਸ ਸਾਲ ਦੀ ਇਕ ਹੋਰ ਪ੍ਰਾਪਤੀ ਹੈ।

AN546B1ਭਾਰਤੀ ਪੰਜਾਬੀ ਕਹਾਣੀ ਦੇ ਤਿੰਨ ਕੁ ਹੀ ਉਲੇਖਯੋਗ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ, ਜਿਵੇਂ ‘ਥੈਂਕਸ ਏ ਲੌਟ ਪੁੱਤਰਾ’ (ਕੇਸਰਾ ਰਾਮ), ਚੰਦਰਮੁਖੀ (ਸੁਖਰਾਜ ਧਾਲੀਵਾਲ), ਮੋਮਬੱਤੀਆਂ (ਇੰਦਰਜੀਤ ਪਾਲ ਕੌਰ), ਕੇਸਰ ਰਾਮ ਤਾਂ ਸਥਾਪਿਤ ਕਹਾਣੀਕਾਰ ਹੀ ਹੈ ਪਰ ਸੁਖਰਾਜ ਧਾਲੀਵਾਲ ਦਾ ਇਹ ਪਲੇਠਾ ਸੰਗ੍ਰਹਿ ਹਰੇਕ ਪੱਖ ਤੋਂ ਧਿਆਨ ਖਿੱਚਣ ਵਾਲਾ ਹੈ। ਸੁਖਰਾਜ ਕੋਲ ਮਾਲਵੇ ਦੇ ਪੇਂਡੂ ਜਨ-ਜੀਵਣ ਦਾ ਪ੍ਰਮਾਣਿਕ ਅਨੁਭਵ ਤਾਂ ਹੈ ਹੀ, ਉਸ ਦੀ ਬਾਤਮੁਖੀ ਬਿਰਤਾਂਤ ਕਲਾ ਵੀ ਪ੍ਰਭਾਵਕਾਰੀ ਹੈ। ਇੰਦਰਜੀਤ ਪਾਲ ਕੌਰ ਨੇ ਮਨੁੱਖੀ ਰਿਸ਼ਤਿਆਂ ਦੀ ਵਿਆਕਰਣ ਨੂੰ ਸਮਝਣ ਵਾਲੀਆਂ ਕੁਝ ਚੰਗੀਆਂ ਕਹਾਣੀਆਂ ਨਾਲ ਆਪਣੀ ਪਛਾਣ ਬਣਾਈ ਹੈ।

ਇਨ੍ਹਾਂ ਤੋਂ ਇਲਾਵਾ ਦਰਮਿਆਨੇ ਦਰਜੇ ਦੇ ਡੇਢ ਦਰਜਨ ਦੇ ਕਰੀਬ ਜ਼ਿਕਰਯੋਗ ਕਹਾਣੀ-ਸੰਗ੍ਰਹਿ ਛਪੇ ਹਨ, ਜਿਵੇਂ ਤੀਜੇ ਪਿੰਡ ਦੇ ਲੋਕ (ਦੀਪਤੀ ਬਬੂਟਾ), ਖਾਲੀ ਪਲਾਂ ਦੀ ਦਾਸਤਾਨ (ਅਸ਼ੋਕ ਵਾਸਿਸ਼ਠ), ਹਿਜ਼ਰ ਦੀ ਅੱਗ (ਸੁਖਚੈਨ ਸਿੰਘ ਸਿੱਧੂ), ਕਹਾਣੀ ਨਹੀਂ ... ਔਰਤ ਦੀ ਗਾਥਾ (ਸਰਬਜੀਤ ਕੌਰ ਮਾਂਗਟ), ਗੁਲਮੋਹਰ (ਹਰਜੀਤ ਕੌਰ ਬਾਜਵਾ), ਰਿਸ਼ਤਿਆਂ ਦਾ ਸੱਚ (ਗੁਰਮੇਲ ਸਿੰਘ ਸਾਗੀ), ਨਿੱਕੀ ਨਿੱਕੀ ਵਾਟ (ਬਿਕਰ ਸਿੰਘ ਖੋਸਾ), ਸ਼ੇਰਾਂ ਦੀਆਂ ਮਾਰਾਂ (ਹਰਚੰਦ ਸਿੰਘ ਵੜਿੰਗ), ਦਰਦ ਦਾ ਰਿਸ਼ਤਾ (ਸੁਰਿੰਦਰ ਕੌਰ), ਅਸਲੀ ਰਾਵਣ (ਸੁਖ ਸੁਖਵਿੰਦਰ ਕੌਰ), ਆਖਰੀ ਹੰਝੂ (ਜਤਿੰਦਰ ਸਿੰਘ ਉੱਪਲੀ), ਪਹਿਰੇ-ਦਰ-ਪਹਿਰੇ (ਪ੍ਰੀਤਿਮਾ ਦੋਮੇਲ), ਅਪਰਾਧੀ ਕੌਣ (ਨਾਗਰ ਸਿੰਘ ਤੂਰ), ਰਿਸ਼ਤਿਆਂ ਦੇ ਜਖ਼ਮ (ਮਨਜੀਤ ਕੌਰ ਗਿੱਲ), ਫਿਕਰ (ਸੁਰਿੰਦਰ ਪਾਲ ਸਿੰਘ ਪਿੰਗਲੀਆ), ਸੋਲਾਂ ਦਸੰਬਰ (ਕੁਲਵਿੰਦਰ ਵਿਰਕ), ਰਿਸ਼ਤਿਆਂ ਦੇ ਮਾਰੂਥਲ ਤੋਂ ਪਾਰ (ਪਵਿੱਤਰ ਕੌਰ ਮਾਟੀ) ਆਦਿ।

AN546Cਪਾਕਿਸਤਾਨੀ ਪੰਜਾਬੀ ਕਹਾਣੀ ਸਬੰਧੀ, ਉੱਥੋਂ ਦੇ ਨੌਜਵਾਨ ਕਹਾਣੀਕਾਰ ਅਤੇ ਆਲੋਚਕ ਕਰਾਮਤ ਮੁਗਲ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਦੋ-ਤਿੰਨ ਕਹਾਣੀ-ਸੰਗ੍ਰਹਿ ਡੈਣ ਤੋਂ ਵੀ ਭੈੜੀ (ਅਲੀ ਅਨਵਰ ਅਹਿਮਦ), ਤੂੰ ਕਹਾਣੀ ਤੇ ਮੈਂ (ਕਰਾਮਾਤ ਮੁਗਲ), ਸ਼ਹੀਦ (ਨੈਣ ਸੁਖ) ਅਤੇ ਕੁਝ ਚੰਗੀਆਂ ਕਹਾਣੀਆਂ ਜਿਵੇਂ ਖੰਭਾਂ ਦੀ ਡਾਰ (ਅਲੀ ਅਨਵਰ ਅਹਿਮਦ), ਜ਼ਾਤ ਦੀ ਚੂਹੀ (ਨਸੀਰ ਅਹਿਮਦ) ਆਦਿ ਪ੍ਰਕਾਸ਼ਤ ਹੋਈਆਂ ਹਨ। ਗੁਰਮੁਖੀ ਵਿਚ ਲਿੱਪੀਅੰਤਰ ਕਰ ਕੇ ਛਪੀਆਂ ਕਹਾਣੀਆਂ ਦਾ ਵੇਰਵਾ ਇਸ ਪ੍ਰਕਾਰ ਹੈ: ਜ਼ੁਬੇਰ ਅਹਿਮਦ ਦੀਆਂ ਤਿੰਨ, ਮੁਰਦਾ ਤਾਰੀ (ਸਿਰਜਣਾ, ਜਨਵਰੀ-ਮਾਰਚ), ਦੁੱਖ ਠਰਿਆਂ ਦੇ ਬੁੱਤ (ਸਿਰਜਣਾ, ਅਕਤੂਬਰ-ਦਸੰਬਰ), ਅੱਧ ਮੱਘਰ ਦਾ ਚੰਦ (ਸਮਕਾਲੀ ਸਾਹਿਤ, ਅਪ੍ਰੈਲ-ਜੂਨ), ‘ਸ਼ਬਦ’ ਦੇ ਪਾਕਿਸਤਾਨੀ ਕਹਾਣੀ ਵਿਸ਼ੇਸ਼ ਅੰਕ ਵਿਚ, ਸੁਲੱਖਣਾ (ਨਾਦਿਰ ਅਲੀ), ਸਾਂਝ (ਫਾਇਜ਼ਾ), ਸ਼ਾਲਾ ਮੁਸਾਫਿਰ ਕੋਈ ਨਾ ਥੀਵੇ (ਅਫਜ਼ਲ ਰਾਜਪੂਤ), ਲੂਹ (ਮਕਸੂਦ ਸਾਕਿਬ), ਬੁਆਏ ਫਰੈਂਡ (ਆਸ਼ਕ ਰੁਹੇਲ) ਸ਼ਾਮਿਲ ਹਨ। ਇਸ ਤੋਂ ਇਲਾਵਾ ਦਾਗ (ਤੌਕੀਰ ਚੁਗਤਾਈ, ਸ਼ਬਦ, ਜਨਵਰੀ-ਮਾਰਚ), ਤ੍ਰੇਲ ਧੋਤਾ ਦਿਲ (ਹਨੀਫ ਬਾਵਾ, ਸਮਦਰਸ਼ੀ, ਮਾਰਚ-ਅਪ੍ਰੈਲ) ਆਦਿ ਛਪੀਆਂ ਹਨ। ‘ਪੰਝੀਵਾਂ ਘੰਟਾ’ ਦੇ ਸਿਰਲੇਖ ਨਾਲ ਚੋਣਵੀਆਂ ਪਾਕਿਸਤਾਨੀ ਪੰਜਾਬੀ ਕਹਾਣੀਆਂ ਦੀ ਪੁਸਤਕ ਵੀ ਪ੍ਰਕਾਸ਼ਿਤ ਹੋਈ ਹੈ ਜਿਸਦਾ ਸੰਪਾਦਨ ਅਤੇ ਲਿਪੀਅੰਤਰ ਅਮਨਦੀਪ ਕੌਰ ਰਾਏ ਨੇ ਕੀਤਾ ਹੈ।

ਇਸ ਵਰ੍ਹੇ ਵੀ ਪਾਕਿਸਤਾਨੀ ਪੰਜਾਬੀ ਕਹਾਣੀ ਵਿਚ ਕੋਈ ਉਚੇਰੇ ਕਲਾਤਮਕ ਮੁੱਲ ਵਾਲੀ ਰਚਨਾ ਨਜ਼ਰ ਨਹੀਂ ਪਈ। ਅਜੋਕੇ ਕਹਾਣੀਕਾਰਾਂ ਵਿਚ ਜ਼ੁਬੇਰ ਅਹਿਮਦ ਉੱਭਰਵਾਂ ਨਾਂ ਹੈ ਪਰ ਉਸਦੀ ਕਥਾ ਸ਼ੈਲੀ ਏਨੀ ਅਮੂਰਤਤਾ (ਐਬਸਟ੍ਰੈਕਸ਼ਨ) ਦੀ ਧਾਰਨੀ ਹੁੰਦੀ ਹੈ ਕਿ ਪਾਠਕ ਕਹਾਣੀ ਨਾਲ ਜੁੜਨ ਵਿਚ ਔਖ ਮਹਿਸੂਸ ਕਰਦਾ ਹੈ। ਮਕਸੂਦ ਸਾਕਿਬ ਦੀ ਕਹਾਣੀ ‘ਲੂਹ’ ਨੂੰ ਯਥਾਰਥਮੁਖੀ ਅਜੋਕੀ ਪਾਕਿਸਤਾਨੀ ਪੰਜਾਬੀ ਕਹਾਣੀ ਦੇ ਪ੍ਰਤੀਨਿਧ ਨਮੂਨੇ ਵਜੋਂ ਪੜ੍ਹਿਆ ਜਾ ਸਕਦਾ ਹੈ।

ਜੰਮੂ-ਕਸ਼ਮੀਰ ਦੀ ਪੰਜਾਬੀ ਕਹਾਣੀ ਮੁੱਢ ਤੋਂ ਹੀ ਆਪਣੀ ਅੱਡਰੀ ਪਛਾਣ ਦਾ ਦਮ ਭਰਦੀ ਰਹੀ ਹੈ। ਇਸਦੀ ਵਿਲੱਖਣਤਾ ਨੂੰ ਉਭਾਰਨ ਵਾਸਤੇ ਉੱਥੋਂ ਦੇ ਪ੍ਰਸਿੱਧ ਕਹਾਣੀਕਾਰ ਬਲਜੀਤ ਰੈਣਾ ਨੇ ਇਸ ਵਰ੍ਹੇ ਤੋਂ ‘ਆਬਰੂ’ ਨਾਂ ਦੇ ਰਿਸਾਲੇ ਦਾ ਪ੍ਰਕਾਸ਼ਨ ਸ਼ੁਰੂ ਕੀਤਾ ਹੈ, ਪਰ ਅਜੇ ਤੱਕ ਇਸ ਵਿਚ ਪ੍ਰਕਾਸ਼ਿਤ ਕੋਈ ਕਹਾਣੀ ਇਸ ਪੱਖ ਤੋਂ ਧਿਆਨ ਨਹੀਂ ਖਿੱਚ ਸਕੀ। ਹਰਿਆਣੇ ਦੇ ਰਿਸਾਲੇ ‘ਸ਼ਬਦ ਬੂੰਦ’ ਵਿਚ ਛਪਦੀਆਂ ਕਹਾਣੀਆਂ ਦੀ ਹਰਿਆਣਵੀ ਰੰਗਣ ਬਾਰੇ ਵੀ ਅਜਿਹਾ ਹੀ ਕਿਹਾ ਜਾ ਸਕਦਾ ਹੈ।

ਰੂਪਾਕਾਰਕ ਵੰਨਗੀਆਂ ਦੀ ਭਾਵੇਂ ਇਸ ਵਰ੍ਹੇ ਵੀ ਘਾਟ ਰੜਕਦੀ ਰਹੀ ਪਰ ਇਸ ਵਰ੍ਹੇ ਸਾਇੰਸ ਫਿਕਸ਼ਨ (ਵਿਗਿਆਨ ਗਲਪ) ਦੀ ਵੰਨਗੀ ਵਿਚ ਰੱਖੀਆਂ ਜਾ ਸਕਦੀਆਂ ਦੋ ਅਹਿਮ ਕਹਾਣੀਆਂ ‘ਦਾ ਲੈਨਿਨ ਫਰੌਮ ਦਾ ਕਲੋਨ ਵੈਲੀ’ (ਹੁਣ, ਸਤੰਬਰ-ਦਸੰਬਰ), ਕਿਊਟਾ-ਕਿਊਟਾ ਤਾਰੇ ਤਾਰੇ (ਕਹਾਣੀ ਪੰਜਾਬ, ਅਕਤੂਬਰ-ਦਸੰਬਰ) ਅਜਮੇਰ ਸਿੱਧੂ ਨੇ ਲਿਖੀਆਂ ਹਨ। ਭਾਵੇਂ ਇਨ੍ਹਾਂ ਦਾ ਕਹਾਣੀਪਣ ਵਾਲਾ ਪੱਖ ਕਾਫੀ ਕਮਜ਼ੋਰ ਹੈ ਪਰ ਇਕ ਵੰਨਗੀ-ਵਿਸ਼ੇਸ਼ ਵਜੋਂ ਇਨ੍ਹਾਂ ਦੀ ਹਾਜ਼ਰੀ ਉਲੇਖਯੋਗ ਹੈ।

ਇਸ ਵਰ੍ਹੇ ਇਕ ਇਤਿਹਾਸਕ ਮਹੱਤਤਾ ਵਾਲੀ ਕਹਾਣੀਆਂ ਦੀ ਕਿਤਾਬ ‘ਸਵਾਂਤ ਬੂੰਦ’ ਛਪੀ ਹੈ। ਪ੍ਰਸਿੱਧ ਗਲਪਕਾਰ ਚੰਦਨ ਨੇਗੀ ਨੇ ਆਪਣੇ ਪਿਤਾ ਹਰਨਾਮ ਸਿੰਘ ਤੇਗ ‘ਪਿਸ਼ਾਵਰੀ’ ਦੀਆਂ 1929 ਤੋਂ 1946 ਦੌਰਾਨ ਛਪਦੀਆਂ ਰਹੀਆਂ ਕਹਾਣੀਆਂ ਦਾ ਸੰਗ੍ਰਹਿ ਤਿਆਰ ਕਰਕੇ ਸਾਡੇ ਦੁਰਲੱਭ ਅਤੇ ਮੁੱਲਵਾਨ ਇਤਿਹਾਸਕ ਸਰੋਤਾਂ ਨਾਲ ਸਾਂਝ ਪੁਆਈ ਹੈ।

ਇਸ ਵਰ੍ਹੇ ਕੁਝ ਨਵੇਂ ਕਹਾਣੀਕਾਰਾਂ, ਜਿਵੇਂ ਹਰਮੇਸ਼ ਮਾਲੜੀ, ਗੁਰਪ੍ਰੀਤ ਸਹਿਜੀ, ਆਗਾਜ਼ਬੀਰ, ਕੁਲਵਿੰਦਰ ਵਿਰਕ, ਬਲਜਿੰਦਰ ਅੱਛਣਪੁਰੀਆ, ਗੁਰਜਿੰਦਰ ਸਿੰਘ, ਜਸਵੰਤ ਰਾਏ, ਜਸਵੀਰ ਕੌਰ ਜੱਸੀ ਆਦਿ ਦੀਆਂ ਨਿਵੇਕਲੇ ਅਨੁਭਵਾਂ ਵਾਲੀਆਂ ਕਹਾਣੀਆਂ ਛਪੀਆਂ ਹਨ, ਭਾਵੇਂ ਕਹਾਣੀ ਕਲਾ ਦੇ ਹੁਨਰ ਪੱਖੋਂ ਅਜੇ ਕੁਝ ਊਣੀਆਂ ਜਾਪਦੀਆਂ ਹਨ ਪਰ ਨਵੀਂ ਵਸਤੂ-ਸਮੱਗਰੀ ਦੇ ਪੱਖੋਂ ਇਹ ਪੰਜਾਬੀ ਕਹਾਣੀ ਦੇ ਚੰਗੇ ਭਵਿੱਖ ਦੀ ਆਸ ਜਗਾਉਣ ਵਾਲੀਆਂ ਹਨ।

ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਸ ਵਰ੍ਹੇ ਦੀ ਪੰਜਾਬੀ ਕਹਾਣੀ ਆਪਣੇ ਅੰਤਰ-ਰਾਸ਼ਟਰੀ ਪਾਸਾਰਾਂ ਕਰਕੇ ਅਨੁਭਵ ਦੀ ਵੰਨ-ਸੁਵੰਨਤਾ ਨਾਲ ਤਾਂ ਮਾਲਾ-ਮਾਲ ਜਾਪਦੀ ਹੈ ਪਰ ਕਹਾਣੀ ਕਹਿਣ ਦੇ ਹੁਨਰ ਪੱਖੋਂ ਕੁਝ ਅਵੇਸਲੀ ਜਾਪਦੀ ਹੈ। ਕਹਾਣੀ ਵਿਚਲੀ ਹਰੇਕ ਧੁਨੀ, ਸ਼ਬਦ, ਵਾਕ ਅਤੇ ਪ੍ਰਵਚਨ ਨੂੰ ਲਿਸ਼ਕਾਉਣ ਲਈ ਕਹਾਣੀਕਾਰ ਉੰਨਾ ਤਾਣ ਨਹੀਂ ਲਾ ਰਹੇ ਜਿੰਨੇ ਦੀ ਲੋੜ ਕਿਸੇ ਸਰਵੋਤਮ ਕਹਾਣੀ ਦੀ ਗਲਪੀ ਭਾਸ਼ਾ ਸਿਰਜਣ ਲਈ ਹੁੰਦੀ ਹੈ। ਅਜਿਹੇ ਹੁਨਰੀ ਤਾਣ ਦੀ ਮਿਸਾਲ ਦੇਣ ਵੇਲੇ ਮੈਨੂੰ ਹਮੇਸ਼ਾ ਕੁਲਵੰਤ ਸਿੰਘ ਵਿਰਕ, ਵਰਿਆਮ ਸਿੰਘ ਸੰਧੂ ਅਤੇ ਸੁਖਜੀਤ ਜਿਹੇ ਸ਼ੈਲੀਕਾਰਾਂ ਦੀ ਯਾਦ ਆਉਂਦੀ ਹੈ। ਇਸ ਪੱਖੋਂ ਪਾਕਿਸਤਾਨੀ ਪੰਜਾਬੀ ਕਹਾਣੀ ਦਾ ਪੱਧਰ ਤਾਂ ਭਾਵੇਂ ਦਿਨੋਂ-ਦਿਨ ਹੋਰ ਨੀਵਾਂ ਹੁੰਦਾ ਜਾ ਰਿਹਾ ਹੈ ਪਰ ਕੁਝ ਪਰਵਾਸੀ ਪੰਜਾਬੀ ਕਹਾਣੀਕਾਰਾਂ ਨੇ ਸੁਚੇਤ ਪੱਧਰ ਤੇ ਕਹਾਣੀ ਕਲਾ ਦੇ ਹੁਨਰ ਵਾਲੇ ਪੱਖ ਵੱਲ ਧਿਆਨ ਦਿੱਤਾ ਹੈ ਅਤੇ ਮੁੱਖ ਧਾਰਾ ਦੀ ਪੰਜਾਬੀ ਕਹਾਣੀ ਨਾਲ ਵਰ ਮੇਚਣ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਵਿਸ਼ੇਸ਼ ਕਰਕੇ ਉੱਤਮ-ਪੁਰਖੀ ਬਿਰਤਾਂਤਕਾਰ (ਜੋ ਅਜੋਕੀ ਪੰਜਾਬੀ ਕਹਾਣੀ ਦੀ ਪ੍ਰਮੁੱਖ ਕਥਾ-ਜੁਗਤ ਬਣ ਚੁੱਕਾ ਹੈ) ਦੇ ਬੜਬੋਲੇਪਣ ਨੂੰ ਘਟਾ ਕੇ ਉਸਨੂੰ ਪਾਤਰ-ਰੂਪ ਰਾਹੀਂ ਉਸਾਰਨ ਦਾ ਯਤਨ ਕੀਤਾ ਹੈ, ਜਿਵੇਂ ਅਸੀਂ ਸੇਖਾ ਅਤੇ ਸੋਹਲ ਦੀਆਂ ਕਹਾਣੀਆਂ ਦੇ ਪ੍ਰਸੰਗ ਵਿਚ ਵੇਖਿਆ ਹੈ। ਆਸ ਹੈ ਕਿ ਨਵੇਂ ਪੰਜਾਬੀ ਕਹਾਣੀਕਾਰ ‘ਕਹਾਣੀਪਣ’ ਦੀ ਪੁਨਰ-ਸੁਰਜੀਤੀ ਨਾਲ ਪੰਜਾਬੀ ਪਾਠਕ ਦਾ ਦਿਲ ਜਿੱਤਣ ਲਈ ਸੁਚੇਤ ਉਪਰਾਲੇ ਕਰਨਗੇ ਅਤੇ ਪੰਜਾਬੀ ਕਹਾਣੀ ਨੂੰ ਸਰਵੋਤਮ ਰੂਪਾਕਾਰ ਦਾ ਮਾਣ ਦਿਵਾਉਣ ਦਾ ਸੁਹਿਰਦ ਯਤਨ ਕਰਨਗੇ।

*****

(546)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)