BaldevSDhaliwal7ਗੁਰਦੇਵ ਸਿੰਘ ਰੁਪਾਣਾ ਸਾਡੇ ਸਿਰਮੌਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਵਰਗੀ ਵੱਡੀ ਸਮਰੱਥਾ ਵਾਲਾ ...GurdevSRupana1
(16 ਦਸੰਬਰ 2021)

 

ਗੁਰਦੇਵ ਸਿੰਘ ਰੁਪਾਣਾ ਪੰਜਾਬੀ ਗਲਪ ਦੇ ਖੇਤਰ ਦਾ ਸ਼ਾਨਾਮੱਤਾ ਨਾਂ ਹੈਉਸ ਦੀ ਵਿਲੱਖਣਤਾ ਨੂੰ ਇੱਕੋ ਸਤਰ ਵਿੱਚ ਕਹਿਣਾ ਹੋਵੇ ਤਾਂ ਆਖਿਆ ਜਾ ਸਕਦਾ ਹੈ ਕਿ ਉਸ ਨੇ ਪੰਜਾਬੀ ਵਿਹਾਰ ਅਤੇ ਹੁਨਰੀ ਕਹਾਣੀ ਦੀ ਰੂਹ ਨੂੰ ਧੁਰ ਗਹਿਰਾਈਆਂ ਤਕ ਪਛਾਣ ਕੇ ਇਨ੍ਹਾਂ ਦੇ ਜਲੌਅ ਦੀ ਝਾਤ ਪੁਆਈ ਹੈਸਿਰਮੌਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਤੋਂ ਬਾਅਦ ਗੁਰਦੇਵ ਸਿੰਘ ਰੁਪਾਣਾ ਇੱਕ ਅਜਿਹਾ ਨਾਂ ਹੈ ਜਿਸ ਨੇ ਕਹਾਣੀ ਪਾਉਣ ਦੀ ਮੁਹਾਰਤ ਦੀਆਂ ਅਲੱਖ ਸੰਭਾਵਨਾਵਾਂ ਨੂੰ ਮੂਰਤੀਮਾਨ ਕੀਤਾ ਹੈਜੇ ਵਿਰਕ ਨੂੰ ਸਧਾਰਨ ਮਨੁੱਖ ਦੀ ਸਧਾਰਨਤਾ ਦੇ ਸੁਹਜ ਦਾ ਕਹਾਣੀਕਾਰ ਕਿਹਾ ਜਾਂਦਾ ਹੈ ਤਾਂ ਰੁਪਾਣਾ ਨੂੰ ਸਧਾਰਨ ਮਨੁੱਖ ਦੀ ਅਲੋਕਾਰਤਾ ਦੇ ਸੁਹੱਪਣ ਦਾ ਗਲਪਕਾਰ ਆਖਿਆ ਜਾ ਸਕਦਾ ਹੈਪਰ ਰੁਪਾਣਾ ਇਸ ਗੱਲੋਂ ਚੇਤੰਨ ਰਹਿੰਦਾ ਹੈ ਕਿ ਇਹ ਅਲੋਕਾਰਤਾ ਯਥਾਰਥ ਦੇ ਘੇਰੇ ਦੀ ਵਸਤੂ ਬਣੀ ਰਹੇਇਸ ਕਰ ਕੇ ਉਹ ਇੱਕ ਪਾਸੇ ਪੰਜਾਬੀ ਵਿਹਾਰ ਦੀਆਂ ਵਚਿੱਤਰਤਾਵਾਂ ਨੂੰ ਧੁਰ ਡੂੰਘਾਣਾਂ ਤਕ ਪਛਾਣ ਸਕਿਆ ਹੈ ਅਤੇ ਦੂਜੇ ਪਾਸੇ ਮਾਨਵਵਾਦੀ ਯਥਾਰਥਵਾਦ ਦੇ ਸੰਜਮ ਦਾ ਧਾਰਨੀ ਵੀ ਰਿਹਾ ਹੈਵਸਤੂ-ਯਥਾਰਥ, ਵਿਚਾਰਧਾਰਾ ਅਤੇ ਗਲਪੀ ਸੁਹਜ ਇੱਕ ਸੁਚੱਜੇ ਸੰਤੁਲਨ ਵਿੱਚ ਬੱਝ ਕੇ ਰੁਪਾਣਾ ਦੀਆਂ ਰਚਨਾਵਾਂ ਵਿੱਚ ਸਮੋਏ ਹੋਏ ਨਜ਼ਰ ਆਉਂਦੇ ਹਨ

ਕਾਲਗਤ ਅਰਥਾਂ ਵਿੱਚ ਗੁਰਦੇਵ ਸਿੰਘ ਰੁਪਾਣਾ ਦੀ ਗਲਪ-ਰਚਨਾ ਦਾ ਪਾਸਾਰਾ ਪ੍ਰੋਣੀ ਸਦੀ ਤਕ ਫੈਲਿਆ ਹੋਇਆ ਹੈਆਪਣੀ ਪਹਿਲੀ ਕਹਾਣੀ ਦੇਵਤੇ ਪੁੱਜ ਨਾ ਸਕੇ ਜਿਸ ਨੂੰ ਪ੍ਰੋ. ਮੋਹਨ ਸਿੰਘ ਨੇ 1955 ਵਿੱਚ ਦਰੋਪਤੀ ਦੇ ਨਾਂ ਹੇਠ ਪੰਜ ਦਰਿਆ ਰਸਾਲੇ ਵਿੱਚ ਪ੍ਰਕਾਸ਼ਤ ਕੀਤਾ ਤੋਂ ਲੈ ਕੇ ਹੁਣ ਆਪਣੇ ਅੰਤਿਮ ਸਾਹ ਤਕ ਰੁਪਾਣਾ ਨਿਰੰਤਰ ਗਤੀਸ਼ੀਲ ਰਿਹਾਆਪਣੀ ਸਹਿਜ ਪਰ ਮੜਕਵੀਂ ਚਾਲ ਚੱਲਦਿਆਂ ਉਸ ਨੇ ਚਾਰ ਕਹਾਣੀ-ਸੰਗ੍ਰਹਿ ਇੱਕ ਟੋਟਾ ਔਰਤ (1970), ਆਪਣੀ ਅੱਖ ਦਾ ਜਾਦੂ (1978), ਡਿਫੈਂਸ ਲਾਈਨ (1988), ਆਮ ਖਾਸ (2018), ਇੱਕ ਨਾਵਲਿਟ ਆਸੋ ਦਾ ਟੱਬਰ (1956) ਅਤੇ ਤਿੰਨ ਨਾਵਲ ਗੋਰੀ (1983), ਜਲਦੇਵ (1986) ਅਤੇ ਸ੍ਰੀ ਪਾਰਵਾ (2015) ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਏ ਹਨਸ਼ੀਸ਼ਾ (2002) ਉਸਦੀਆਂ ਸਮੁੱਚੀਆਂ ਕਹਾਣੀਆਂ ਦਾ ਸੰਗ੍ਰਹਿ ਹੈ

ਗੁਰਦੇਵ ਸਿੰਘ ਰੁਪਾਣਾ ਦਾ ਜਨਮ ਤੇਰਾ ਅਪਰੈਲ, 1937 ਨੂੰ ਮਾਲਵੇ ਦੇ ਪਿੰਡ ਰੁਪਾਣਾ, ਜ਼ਿਲ੍ਹਾ ਮੁਕਤਸਰ ਵਿੱਚ ਇੱਕ ਮੱਧਵਰਗੀ ਕਿਸਾਨ (ਜੱਟ) ਪਰਿਵਾਰ ਵਿੱਚ ਸ੍ਰ. ਮੱਘਰ ਸਿੰਘ ਦੇ ਘਰ ਹੋਇਆਉਸ ਨੇ ਐੱਮ.ਏ., ਪੀ-ਐੱਚ.ਡੀ. ਤਕ ਦੀ ਉਚੇਰੀ ਸਿੱਖਿਆ ਪੰਜਾਬੀ ਵਿਸ਼ੇ ਵਿੱਚ ਹਾਸਲ ਕੀਤੀ ਅਤੇ ਸਕੂਲ ਵਿੱਚ ਅਧਿਆਪਨ ਦੇ ਕਿੱਤੇ ਨੂੰ ਅਪਣਾਇਆਉਸ ਦੀ ਜੀਵਨ-ਸ਼ੈਲੀ ਉੱਤੇ ਸਰਸਰੀ ਝਾਤ ਵੀ ਮਾਰੀਏ ਤਾਂ ਕੁਝ ਅਮੇਲਵੇਂ ਵਰਤਾਰੇ ਇੱਕ ਸੂਤਰ ਵਿੱਚ ਸਹਿਜ ਨਾਲ ਬੱਝੇ ਹੋਏ ਇਉਂ ਨਜ਼ਰ ਆਉਂਦੇ ਹਨ ਕਿ ਕੁਝ ਕੁਝ ਅੱਲੋਕਾਰੀ ਪ੍ਰਭਾਵ ਪਾਉਂਦੇ ਹਨਮਿਸਾਲ ਵਜੋਂ ਉਸ ਨੇ ਉਚੇਰੀ ਸਿੱਖਿਆ ਨਿੱਠ ਕੇ ਦਿੱਲੀ ਯੂਨੀਵਰਸਿਟੀ, ਦਿੱਲੀ ਤੋਂ ਹਾਸਲ ਕੀਤੀ ਪਰ ਅਕਾਦਮਿਕ ਬੋਝਲਤਾ ਨੂੰ ਨੇੜੇ ਨਹੀਂ ਫਟਕਣ ਦਿੱਤਾਅਧਿਆਪਕ ਦੀ ਨੌਕਰੀ ਕਰਦਿਆਂ ਪੂਰਾ ਸਮਾਂ ਦਿੱਲੀ ਵਰਗੇ ਮਹਾਂਨਗਰ ਵਿੱਚ ਗੁਜ਼ਾਰਿਆ ਪਰ ਮਾਸਟਰ-ਟਾਈਪ ਚਰਿੱਤਰ-ਵਿਸ਼ੇਸ਼ ਅਤੇ ਸ਼ਹਿਰੀ ਮੱਧਵਰਗੀ ਮਾਨਸਿਕਤਾ ਦੀ ਪਾਹ ਵੀ ਨਹੀਂ ਲੱਗਣ ਦਿੱਤੀਸੇਵਾ-ਮੁਕਤੀ ਪਿੱਛੋਂ ਉਹ ਬੜੇ ਸਹਿਜ ਨਾਲ ਦਿੱਲੀ ਛੱਡ ਕੇ ਆਪਣੇ ਜੱਦੀ ਪਿੰਡ ਰੁਪਾਣਾ ਦੇ ਲੋਕਾਂ ਨਾਲ ਰਚ-ਮਚ ਕੇ ਰਹਿਣ ਲੱਗ ਪਿਆਉਸ ਦੀ ਸਾਦਗੀ, ਸਹਿਜ ਅਤੇ ਬੇਪ੍ਰਵਾਹੀ ਵਾਲੀ ਜੀਵਨ-ਸ਼ੈਲੀ ਉਸ ਸਮੇਂ ਸੱਚਮੁੱਚ ਵਚਿੱਤਰ ਲਗਦੀ ਸੀ ਜਦੋਂ ਚਾਰੇ ਪਾਸੇ ਉਪਭੋਗਤਾਵਾਦੀ ਚਕਾਚੌਂਧ ਦਾ ਬੋਲਬਾਲਾ ਵੇਖਦੇ ਸਾਂ ਅਤੇ ਉਹ ਇਸ ਸਭ ਕੁਝ ਤੋਂ ਬੇਲਾਗ ਫਕੀਰੀ ਦੀ ਮੁਦਰਾ ਵਿੱਚ ਜੀਵਨ ਬਤੀਤ ਕਰਦਾ ਨਜ਼ਰ ਆਉਂਦਾ ਸੀ

ਭਾਵੇਂ ਗੁਰਦੇਵ ਸਿੰਘ ਰੁਪਾਣਾ ਦੀ ਨਾਵਲ ਦੇ ਖੇਤਰ ਵਿੱਚ ਵੀ ਅਹਿਮ ਪ੍ਰਾਪਤੀ ਹੈ ਪਰ ਉਸ ਦੀ ਮੁਢਲੀ ਅਤੇ ਪਰਿਪੱਕ ਪਛਾਣ ਕਹਾਣੀਕਾਰ ਵਜੋਂ ਵਧੇਰੇ ਗੂੜ੍ਹੀ ਹੈਉਸ ਦਾ ਪਹਿਲਾ ਪਿਆਰ ਵੀ ਕਹਾਣੀ-ਰਚਨਾ ਨਾਲ ਹੀ ਹੋਇਆ ਜਾਪਦਾ ਹੈਇਸ ਲਈ ਨਾਵਲਿਟ ਆਸੋ ਦਾ ਟੱਬਰ ਅਤੇ ਗੋਰੀ ਵੀ ਆਪਣੇ ਇਕਹਿਰੇ ਜੁੱਸੇ ਕਾਰਨ ਕਹਾਣੀ-ਰੂਪਾਕਾਰ ਦੇ ਬਹੁਤ ਨੇੜੇ ਵਿਚਰਦੇ ਹਨਕਹਾਣੀ ਪਾਉਣ ਦੀ ਪ੍ਰਤਿਭਾ ਦੇ ਪ੍ਰਸੰਗ ਵਿੱਚ ਇਹ ਕਹਿਣ ਨੂੰ ਮਨ ਕਰਦਾ ਹੈ ਕਿ ਰੁਪਾਣਾ ਵਿੱਚ ਇਹ ਜਮਾਂਦਰੂ ਗੁਣ ਦੀ ਤਰ੍ਹਾਂ ਹੈ, ਸਿਖਲਾਈ ਅਤੇ ਪੜ੍ਹਾਈ ਦੀ ਭੂਮਿਕਾ ਇਸ ਵਿੱਚ ਅਲਪ-ਮਾਤਰ ਹੀ ਹੈਇਸੇ ਲਈ ਉਸ ਦੀ ਪਹਿਲੀ ਕਹਾਣੀ ਹੀ ਪ੍ਰੋ. ਮੋਹਨ ਸਿੰਘ ਨੂੰ ਕੀਲ ਲੈਂਦੀ ਹੈ ਅਤੇ ਆਪਣੀਆਂ ਮੁਢਲੀਆਂ ਕਹਾਣੀਆਂ ਇੱਕ ਟੋਟਾ ਔਰਤ, ਇੱਕ ਚਿਹਰਾ, ਹਵਾ, ਮਾਅਰਕੇਬਾਜ਼ ਆਦਿ ਨਾਲ ਹੀ ਰੁਪਾਣਾ ਪਹਿਲੀ ਕਤਾਰ ਦੇ ਪੰਜਾਬੀ ਕਹਾਣੀਕਾਰਾਂ ਵਿੱਚ ਆ ਖੜ੍ਹਾ ਹੁੰਦਾ ਹੈਆਪਣੇ ਦੂਜੇ ਕਹਾਣੀ-ਸੰਗ੍ਰਹਿ ਦੀਆਂ ਕਹਾਣੀਆਂ ਆਪਣੀ ਅੱਖ ਦਾ ਜਾਦੂ, ਇਤ ਭਰਵਾਸੇ, ਕੋਟ ਮਿਹਰ ਸਿੰਘ ਵਾਲਾ, ਪਰਾਈ ਪੀੜ, ਬੰਦਾ ਤੇ ਪੰਜ ਲੱਖ ਆਦਿ ਨਾਲ ਰੁਪਾਣਾ ਆਪਣੀ ਪ੍ਰੌੜ੍ਹ ਅਤੇ ਨਿਕੇਵਲੀ ਕਹਾਣੀ-ਸ਼ੈਲੀ ਦੀ ਪਛਾਣ ਕਰਾਉਣ ਵਿੱਚ ਭਰਪੂਰ ਸਫ਼ਲਤਾ ਹਾਸਲ ਕਰਦਾ ਹੈਬਾਅਦ ਦੀਆਂ ਕਹਾਣੀਆਂ ਰੋਟੀ, ਸ਼ੀਸ਼ਾ, ਗੁੜ ਦੀ ਚਾਹ, ਡਿਫੈਂਸ ਲਾਈਨ ਅਤੇ ਰੂਸ ਰੂਸ, ਅਮਰੀਕਾ ਅਮਰੀਕਾ ਨਾਲ ਉਹ ਪੰਜਾਬੀ ਦੀ ਹੁਨਰੀ ਕਹਾਣੀ ਦਾ ਨਵਾਂ ਸਿਖਰ ਸਿਰਜ ਦਿੰਦਾ ਹੈ

ਸਥਾਨਗਤ ਅਰਥਾਂ ਵਿੱਚ ਮਾਲਵੇ ਦਾ ਖਿੱਤਾ ਰੁਪਾਣਾ ਦੀਆਂ ਗਲਪ-ਰਚਨਾਵਾਂ ਦਾ ਵਿਸ਼ਾ-ਖੇਤਰ ਬਣਦਾ ਹੈਪ੍ਰਮਾਣਕ ਗਲਪ-ਰਚਨਾ ਲਈ ਅਜਿਹੇ ਸਥਾਨਗਤ ਵਸਤੂ-ਵੇਰਵਿਆਂ ਦੀ ਅਪਾਰ ਮਹੱਤਤਾ ਅੰਕੀ ਜਾਂਦੀ ਹੈਪਰ ਰੁਪਾਣਾ ਸਥਾਨਕਤਾ ਦਾ ਕੈਦੀ ਨਹੀਂ ਬਣਦਾ ਸਗੋਂ ਸਥਾਨਕਤਾ ਦੇ ਜਾਮੇ ਅੰਦਰਲੀ ਸਦੀਵਤਾ ਨੂੰ ਵੀ ਭਲੀ-ਭਾਂਤ ਪਛਾਣਦਾ ਹੈਇਸੇ ਲਈ ਉਸ ਦੇ ਪਾਤਰ ਆਪਣੇ ਸਭਿਆਚਾਰਕ ਵਿਹਾਰ ਵਜੋਂ ਠੇਠ ਮਲਵਈ ਹੁੰਦੇ ਹਨ ਪਰ ਨਾਲ ਹੀ ਕੇਂਦਰੀ ਪੰਜਾਬੀ ਚਰਿੱਤਰ ਦੀ ਮੂਲ ਪਛਾਣ ਤੋਂ ਵੀ ਵਿਰਵੇ ਨਹੀਂ ਹੁੰਦੇ ਚਰਿੱਤਰ ਦੀ ਪਛਾਣ ਦਾ ਇਹ ਪਾਸਾਰ ਇੱਥੇ ਹੀ ਖਤਮ ਨਹੀਂ ਹੁੰਦਾ ਸਗੋਂ ਮਨੁੱਖੀ ਸੁਭਾਅ ਦੀ ਵਿਸ਼ਵਵਿਆਪੀ ਪਛਾਣ ਵੱਲ ਵੀ ਸੰਕੇਤ ਕਰਨ ਲਗਦਾ ਹੈਇਸੇ ਲਈ ਰੁਪਾਣਾ ਦੇ ਪਾਤਰ ਇੱਕੋ ਸਮੇਂ ਸਥਾਨਕਤਾ ਅਤੇ ਸਰਬਵਿਆਪਕਤਾ ਨਾਲ ਪ੍ਰਣਾਏ ਰਹਿੰਦੇ ਹਨਮਿਸਾਲ ਵਜੋਂ ਕਹਾਣੀ ਰੋਟੀ ਦਾ ਬਖਤੌਰਾ ਜਦੋਂ ਆਪਣੇ ਪਰਿਵਾਰ ਨਾਲ ਰੁੱਸ ਕੇ ਜ਼ਮੀਨ-ਜਾਇਦਾਦ ਉਜਾੜਨੀ ਸ਼ੁਰੂ ਕਰ ਦਿੰਦਾ ਹੈ ਤਾਂ ਕਿਸਾਨੀ ਪਰਿਵਾਰ ਆਪਣੇ ਮਾੜੇ ਭਵਿੱਖ ਤੋਂ ਤ੍ਰਹਿ ਕੇ ਉਸ ਨੂੰ ਹਰ ਹੀਲੇ ਮਨਾਉਣ ਦਾ ਯਤਨ ਕਰਦਾ ਹੈਬਖਤੌਰੇ ਦੇ ਰੋਸ ਦਾ ਕਾਰਨ, ਰੋਸ ਵਿਖਾਉਣ ਦੇ ਢੰਗ-ਤਰੀਕੇ ਅਤੇ ਉਸ ਦੀ ਮੰਨ-ਮਨਾਈ ਦਾ ਵਿਧੀ-ਵਿਧਾਨ ਹਰੇਕ ਪੱਖੋਂ ਮਾਲਵੇ ਦੇ ਕਿਸਾਨੀ ਵਿਹਾਰ ਦੀ ਨਿਸ਼ਾਨਦੇਹੀ ਕਰਨ ਵਾਲਾ ਹੈਪਰ ਕਹਾਣੀ ਵਿੱਚ ਪੇਸ਼ ਸਮੱਸਿਆ ਅਤੇ ਉਸ ਦੇ ਹੱਲ ਲਈ ਕੀਤੇ ਯਤਨਾਂ ਨੂੰ ਪ੍ਰਗਟਾਉਣ ਵਾਲੇ ਅਤੀ ਸਥਾਨਕ ਵੇਰਵਿਆਂ ਦਾ ਰਤਾ-ਮਾਸਾ ਰੂਪਾਂਤਰਨ ਕਰ ਕੇ ਇਸ ਥੀਮ ਨੂੰ ਪੰਜਾਬ ਦੇ ਕਿਸੇ ਵੀ ਖਿੱਤੇ ਨਾਲ ਸਬੰਧਤ ਕੀਤਾ ਜਾ ਸਕਦਾ ਹੈਸਮੁੱਚੇ ਪੰਜਾਬ ਦੇ ਕਿਸਾਨੀ ਪਰਿਵਾਰਾਂ ਵਿੱਚ ਔਰਤਾਂ ਲੋਕ-ਲੱਜਾ ਵਜੋਂ ਜਾਂ ਜ਼ਮੀਨ ਦੀ ਹੋਰ ਵੰਡ ਰੋਕਣ ਲਈ ਅਧਖੜ ਉਮਰ ਵਿੱਚ ਹੀ ਪਤੀ ਨਾਲੋਂ ਸਰੀਰਕ ਸਾਂਝ ਤੋੜ ਕੇ ਇੱਕ ਵਿੱਥ ਰੱਖਣ ਲੱਗ ਪੈਂਦੀਆਂ ਹਨਬਖਤੌਰੇ ਦੀ ਪਤਨੀ ਵੀ ਘਰ ਵਿੱਚ ਨੂੰਹ ਆਉਣ ਤੋਂ ਪਿੱਛੋਂ ਅਜਿਹਾ ਕਰਨ ਲੱਗ ਪੈਂਦੀ ਹੈਉਸ ਦਾ ਇਹ ਰਵੱਈਆ ਸਿਹਤਮੰਦ ਬਖਤੌਰੇ ਦੀ ਸੁਭਾਵਕ ਕਾਮ-ਭੁੱਖ ਦੀ ਤ੍ਰਿਪਤੀ ਲਈ ਅੜਿੱਕਾ ਬਣ ਜਾਂਦਾ ਹੈ ਅਤੇ ਇਸ ਪ੍ਰਤੀ ਉਹ ਆਪਣੇ ਪੇਂਡੂ ਢੰਗ ਨਾਲ ਤਿੱਖਾ ਪ੍ਰਤੀਕਰਮ ਵਿਖਾਉਂਦਾ ਹੈਕਾਮ-ਤ੍ਰਿਪਤੀ ਦੀ ਅਜਿਹੀ ਇੱਛਾ ਸਿਰਫ਼ ਬਖਤੌਰੇ ਦੀ ਹੀ ਨਹੀਂ ਸਗੋਂ ਵਿਸ਼ਵ ਦੇ ਕਿਸੇ ਵੀ ਮਰਦ ਦੀ ਔਰਤ ਪ੍ਰਤੀ ਤਾਂਘ ਵੱਲ ਸੰਕੇਤ ਕਰਦੀ ਹੈਦੂਜੇ ਸ਼ਬਦਾਂ ਵਿੱਚ ਕਾਮ-ਦਮਨ ਦੇ ਉਲਟ ਸਹਿਜ ਕਾਮ-ਤ੍ਰਿਪਤੀ ਦਾ ਪ੍ਰਤਿਮਾਨ ਮਨੁੱਖੀ ਮਨੋਵਿਗਿਆਨ ਦਾ ਸਰਬਵਿਆਪਕ ਵਰਤਾਰਾ ਹੈ

ਰੁਪਾਣਾ ਪ੍ਰਮੁੱਖ ਤੌਰ ’ਤੇ ਆਰਥਿਕ ਸਮੱਸਿਆਵਾਂ ਦਾ ਗਲਪਕਾਰ ਨਹੀਂ ਭਾਵੇਂ ਉਸ ਦੇ ਪਾਤਰ ਅਜਿਹੇ ਸੰਕਟਾਂ ਤੋਂ ਅਭਿੱਜ ਵੀ ਨਹੀਂ ਹੁੰਦੇਸਗੋਂ ਉਹ ਕਿਸੇ ਪਾਤਰ ਦੇ ਅਸਧਾਰਨ ਵਿਹਾਰ ਵਿੱਚੋਂ ਉੱਭਰਨ ਵਾਲੀ ਮਨੋ-ਗੁੰਝਲ ਉੱਤੇ ਆਪਣਾ ਧਿਆਨ ਕੇਂਦਰਤ ਕਰਦਾ ਹੈ ਅਤੇ ਫਿਰ ਉਸ ਪਾਤਰ ਦੇ ਆਲੇ-ਦੁਆਲੇ ਵਿੱਚੋਂ ਹੀ ਉਸ ਦੇ ਪ੍ਰੇਰਕਾਂ ਦੀ ਤਲਾਸ਼ ਕਰਦਾ ਹੈਇਸੇ ਲਈ ਉਸ ਦੀਆਂ ਗਲਪ-ਰਚਨਾਵਾਂ ਕਰਤਾਰ ਸਿੰਘ ਦੁੱਗਲ ਵਾਂਗ ਮਨੋਵਿਗਿਆਨ ਦੇ ਸੂਤਰਾਂ ਦੁਆਲੇ ਉਸਾਰੀਆਂ ਜਾਣ ਵਾਲੀਆਂ ਰਚਨਾਵਾਂ ਨਹੀਂ ਇਸਦੇ ਉਲਟ ਪਾਤਰ ਦੇ ਜੀਵਨ-ਵਿਹਾਰ ਵਿੱਚੋਂ ਰਚਨਾ-ਵਿਵੇਕ ਦੇ ਤੌਰ ’ਤੇ ਉੱਭਰਨ ਵਾਲਾ ਸੂਤਰ ਆਪਣੇ ਪ੍ਰਭਾਵ ਵਜੋਂ ਕਿਸੇ ਮਨੋਵਿਗਿਆਨਕ ਧਾਰਨਾ ਨੂੰ ਬਲ ਦੇਣ ਜਾਂ ਸਚਿਆਉਣ ਵਾਲਾ ਜ਼ਰੂਰ ਹੋ ਨਿੱਬੜਦਾ ਹੈਕਹਾਣੀ ਡਿਫੈਂਸ ਲਾਈਨ ਦਾ ਫੌਜੀ ਦੀਦਾਰ ਸਿੰਘ ਜੰਗ ਦੇ ਦਿਨਾਂ ਵਿੱਚ ਇੱਕ ਰਾਤ ਦੀ ਫਰਲੋ ਮਾਰ ਕੇ ਸਰਹੱਦ ਨੇੜਲੇ ਆਪਣੇ ਸੌਹਰੇ ਘਰ ਜਾਂਦਾ ਹੈ ਕਿਉਂਕਿ ਉੱਥੇ ਉਸ ਦੀ ਪਤਨੀ ਅਤੇ ਛੋਟਾ ਬੱਚਾ ਵੀ ਆਏ ਹੋਏ ਹਨਦੀਦਾਰ ਸਿੰਘ ਦੇ ਵੱਡੇ ਸਾਲੇ ਦਾ ਰੂੜ੍ਹੀਵਾਦੀ ਵਿਹਾਰ ਦੀਦਾਰ ਸਿੰਘ ਦੀ, ਰਾਤ ਨੂੰ ਆਪਣੀ ਪਤਨੀ ਅਤੇ ਬੱਚੇ ਕੋਲ ਸੌਣ ਦੀ, ਸੁਭਾਵਕ ਇੱਛਾ ਨੂੰ ਵੀ ਨੇਪਰੇ ਨਹੀਂ ਚੜ੍ਹਨ ਦਿੰਦਾਸਿੱਟੇ ਵਜੋਂ ਹਾਰ ਅਤੇ ਬੇਵਸੀ ਦਾ ਅਹਿਸਾਸ ਭੋਗਦਾ ਦੀਦਾਰ ਸਿੰਘ ਜੀਵਨ ਤੋਂ ਹੀ ਇੰਨਾ ਉਕਤਾ ਜਾਂਦਾ ਹੈ ਕਿ ਉਸ ਨੂੰ ਜੀਵਨ ਦੀ ਥਾਂ ਮੌਤ ਚੰਗੀ ਲੱਗਣ ਲਗਦੀ ਹੈਪਰ ਜਦ ਸਵੇਰੇ ਮੋਰਚੇ ਵੱਲ ਤੁਰਨ ਤੋਂ ਪਹਿਲਾਂ ਬਹਾਨੇ ਵੱਸ ਉਸ ਦੀ ਪਤਨੀ ਬੰਸੋ ਪਰਿਵਾਰ ਤੋਂ ਅੱਖ ਬਚਾਅ ਕੇ ਉਸ ਨੂੰ ਚੰਮਣ ਦੇ ਜਾਂਦੀ ਹੈ ਤਾਂ ਦੀਦਾਰ ਸਿੰਘ ਨੂੰ ਇੱਕ ਵਾਰ ਫੇਰ ਜ਼ਿੰਦਗੀ ਚੰਗੀ ਲੱਗਣ ਲਗਦੀ ਹੈ ਅਤੇ “ਕਿਲ੍ਹੇ ਦੇ ਜਿੱਤ ਲੈਣ ਦੀ ਖੁਸ਼ੀ” ਦਾ ਅਹਿਸਾਸ ਹੁੰਦਾ ਹੈਮਨੁੱਖੀ ਜੀਵਨ ਵਿੱਚ ਨਿੱਕੀਆਂ ਨਿੱਕੀਆਂ ਜਿੱਤਾਂ-ਹਾਰਾਂ ਦੀ ਮਹੱਤਤਾ ਨੂੰ ਮਨੋਵਿਗਿਆਨਕ ਲੱਭਤ ਵਜੋਂ ਪੇਸ਼ ਕਰਦੀ ਇਹ ਕਹਾਣੀ ਮਨੁੱਖੀ ਵਿਹਾਰ ਦੀਆਂ ਪੀਡੀਆਂ ਗੁੰਝਲਾਂ ਨੂੰ ਖੋਲ੍ਹ ਅਤੇ ਸੁਲਝਾ ਸਕਣ ਦਾ ਨੁਕਤਾ ਉਭਾਰ ਜਾਂਦੀ ਹੈ

ਵਿਅਕਤੀ ਮਨੋਵਿਗਿਆਨ ਦੇ ਸਮਾਨੰਤਰ ਰੁਪਾਣੇ ਦਾ ਨਾਵਲ ਜਲਦੇਵ ਪੰਜਾਬੀ ਸਮਾਜ ਦੇ ਸਮੂਹਕ ਅਵਚੇਤਨ ਦਾ ਪ੍ਰਗਟਾਵਾ ਬਣ ਜਾਂਦਾ ਹੈ ਇੱਕ ਸਿਧਰਾ ਨੌਜਵਾਨ ਜੱਸਾ ਜਿਸ ਤਰ੍ਹਾਂ ਬਾਬਾ ਜਲਦੇਵ ਬਣਦਾ ਹੈ ਅਤੇ ਅੰਧ-ਵਿਸ਼ਵਾਸੀ ਲੋਕਾਈ ਜਿਸ ਤਰ੍ਹਾਂ ਇੱਕ “ਦੇਵ” ਦੀ ਸਿਰਜਣਾ ਕਰਦੀ ਹੈ, ਇਹ ਸਾਮੰਤੀ ਕਦਰਾਂ-ਕੀਮਤਾਂ ਵਾਲੇ ਪੰਜਾਬੀ ਸਮਾਜ ਦੇ ਅਵਚੇਤਨੀ ਸੰਸਾਰ ਦਾ ਯਥਾਰਥਕ ਪ੍ਰਗਟਾਵਾ ਹੋ ਨਿੱਬੜਦਾ ਹੈਇਸੇ ਤਰ੍ਹਾਂ ਉਹ ਨਾਵਲਿਟ ਗੋਰੀ ਵਿੱਚ ਪੇਂਡੂ ਬਾਲਾਂ ਅਤੇ ਕਿਸ਼ੋਰ ਉਮਰ ਦੇ ਮੁੰਡੇ-ਕੁੜੀਆਂ ਦੇ ਵਿਅਕਤੀਗਤ ਅਤੇ ਸਮੂਹਕ ਅਵਚੇਤਨ ਨੂੰ ਕਿਸਾਨੀ ਸਭਿਆਚਾਰਕ ਵਿਹਾਰ ਦੇ ਸੰਦਰਭ ਵਿੱਚ ਪੇਸ਼ ਕਰਦਾ ਹੈਪੇਂਡੂ-ਭਾਈਚਾਰੇ ਵਿੱਚ ਭੈਣ-ਭਰਾਵਾਂ ਵਾਂਗ ਵਿਚਰਦੇ ਬੱਚੇ ਕਿਵੇਂ ਕਿਸ਼ੋਰ ਅਵਸਥਾ ਵਿੱਚ ਪਹੁੰਚ ਕੇ ਪ੍ਰੇਮੀ-ਪ੍ਰੇਮਿਕਾ ਜਾਂ ਪਤੀ-ਪਤਨੀ ਦੀ ਮਾਨਸਿਕਤਾ ਹੰਢਾਉਣ ਲਗਦੇ ਹਨ, ਦੇ ਮਸਲੇ ਰਾਹੀਂ ਵਿਅਕਤੀ ਅਤੇ ਸੰਸਕ੍ਰਿਤੀ ਦੇ ਦੁਵੱਲੇ ਵਿਰੋਧਾਤਮਕ ਸਬੰਧਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਮਿਲਦਾ ਹੈਨਾਵਲਿਟ ਆਸੋ ਦਾ ਟੱਬਰ ਵਿੱਚ ਮਾਂ ਅਤੇ ਪੁੱਤਰਾਂ-ਨੂੰਹਾਂ ਦੇ ਮੋਹ ਤੇ ਨਫ਼ਰਤ ਵਾਲੇ ਵਿਹਾਰ ਵਿੱਚੋਂ ਇੱਕ ਪਾਸੇ ਪਰਿਵਾਰਕ ਅਤੇ ਵਿਅਕਤੀਗਤ ਮਾਨਸਿਕਤਾ ਅਤੇ ਦੂਜੇ ਪਾਸੇ ਔਰਤ-ਮਰਦ ਦੇ ਪ੍ਰਾਕ੍ਰਿਤਕ ਰਿਸ਼ਤੇ ਦੀਆਂ ਗੁੰਝਲਾਂ ਨੂੰ ਉਜਾਗਰ ਕੀਤਾ ਗਿਆ ਹੈ

ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਰੁਪਾਣੇ ਦੀ ਹਰੇਕ ਗਲਪ ਰਚਨਾ ਵਿੱਚ ਚਿਤਰੇ ਮਨੁੱਖੀ ਵਿਹਾਰ ਵਿੱਚੋਂ ਕਿਸੇ ਨਾ ਕਿਸੇ ਵਿਅਕਤੀਗਤ ਜਾਂ ਸਮੂਹਕ ਮਨੋਗੁੰਝਲ ਵੱਲ ਸੰਕੇਤ ਕੀਤਾ ਗਿਆ ਮਿਲਦਾ ਹੈਕਹਾਣੀ ਆਪਣੀ ਅੱਖ ਦਾ ਜਾਦੂ ਆਪਣੇ ਬਾਪ ਦੀਆਂ ਅੱਖਾਂ ਰਾਹੀਂ ਦੁਨੀਆਂ ਨੂੰ ਵੇਖਣ ਵਾਲੀ ਜੋਤੀ ਦੇ ਅਸਾਵੇਂ ਮਾਨਸਿਕ ਵਿਕਾਸ ਵੱਲ ਇਸ਼ਾਰਾ ਕਰਦੀ ਹੈਕਹਾਣੀ ਰੂਸ ਰੂਸ, ਅਮਰੀਕਾ ਅਮਰੀਕਾ ਜ਼ੈਲਦਾਰ ਪਰਦਮਨ ਸਿੰਘ ਦੀ ਟੋਡੀ ਮਾਨਸਿਕਤਾ ਨੂੰ ਬਸਤੀਵਾਦੀ ਅਤੇ ਨਵ-ਬਸਤੀਵਾਦੀ ਪਰਿਪੇਖ ਵਿੱਚ ਰੱਖ ਕੇ ਪੇਸ਼ ਕਰਦੀ ਹੈਕਹਾਣੀਆਂ ਸ਼ੀਸ਼ਾ ਅਤੇ ਹਵਾ ਸੰਨ-ਸੰਤਾਲੀ ਦੇ ਦੁਖਾਂਤ ਦੇ ਹਵਾਲੇ ਨਾਲ ਪੰਜਾਬੀਆਂ ਦੇ ਸਮੂਹਕ ਅਵਚੇਤਨ ਵਿੱਚ ਪੈਦਾ ਹੋਈ ਉਲਾਰੂ ਤਰਥੱਲੀ ਦਾ ਬਿਰਤਾਂਤ ਸਿਰਜਦੀਆਂ ਹਨ

ਪੇਂਡੂ ਪੰਜਾਬ ਦੇ ਵਿਭਿੰਨ ਵਿਅਕਤੀਆਂ ਅਤੇ ਸਮਾਜਕ ਸਮੂਹਾਂ ਦਾ ਮਨੋ-ਵਿਹਾਰ ਗੁਰਦੇਵ ਸਿੰਘ ਰੁਪਾਣਾ ਦੀ ਗਲਪ-ਰਚਨਾ ਦਾ ਕੇਂਦਰੀ ਸਰੋਕਾਰ ਬਣ ਕੇ ਪ੍ਰਗਟ ਹੁੰਦਾ ਹੈਉਸ ਦੀ ਇਹ ਵਿਸ਼ੇਸ਼ ਰੁਚੀ ਉਸ ਦੇ ਗਲਪੀ-ਸੰਗਠਨ ਨੂੰ ਵੀ ਵਿਸ਼ੇਸ਼ ਰੂਪ-ਰੇਖਾ ਪ੍ਰਦਾਨ ਕਰਦੀ ਹੈਉਸ ਦੀ ਰਚਨਾ-ਵਿਧੀ ਇਹ ਬਣਦੀ ਹੈ ਕਿ ਉਹ ਕਿਸੇ ਸਧਾਰਨ ਜਾਪਦੇ ਪੇਂਡੂ ਵਿਅਕਤੀ ਦੀ ਸਧਾਰਨਤਾ ਦੀ ਉੱਪਰਲੀ ਪਰਤ ਹੇਠਾਂ ਗਤੀਸ਼ੀਲ ਕਿਸੇ ਅਜਿਹੇ ਅਲੋਕਾਰੀ ਲੱਛਣ ਦੀ ਪਛਾਣ ਕਰਦਾ ਹੈ ਜਿਹੜਾ ਉਸ ਨੂੰ ਅਸਧਾਰਨ ਬਣਾ ਦੇਣ ਵਾਲਾ ਹੁੰਦਾ ਹੈਇਹ ਅਸਧਾਰਨਤਾ ਹੀ ਪਾਠਕੀ-ਜਗਿਆਸਾ ਲਈ ਮੂਲ ਉਤੇਜਕ ਸ਼ਕਤੀ ਸਿੱਧ ਹੁੰਦੀ ਹੈਪਾਤਰ ਦੀ ਅਲੋਕਾਰਤਾ ਦਾ ਰਹੱਸ-ਉਦਘਾਟਨ ਹੀ ਆਪਣੇ ਅੰਤਮ ਅਰਥਾਂ ਵਿੱਚ ਮਾਨਵੀ ਵਿਹਾਰ ਦੀ ਕਿਸੇ ਨਵੇਕਲੀ ਪਰਤ ਦਾ ਸੰਕੇਤਕ ਬਣ ਕੇ ਮਨੋਵਿਗਿਆਨਕ ਸੱਚ ਦਾ ਸਿਰਜਕ ਬਣ ਜਾਂਦਾ ਹੈ ਇੱਕ ਲਘੂ-ਅਕਾਰੀ ਕਹਾਣੀ ਮਾਅਰਕੇਬਾਜ਼ ਨੂੰ ਵਾਚ ਸਕਦੇ ਹਾਂ ਇਸਦਾ ਬਿਰਤਾਂਤ ਇੱਕ ਅਤੀ ਸਧਾਰਨ ਵਿਅਕਤੀ ਜਾਪਦੇ ਪ੍ਰਾਇਮਰੀ ਸਕੂਲ ਮਾਸਟਰ ਦੇ ਅੱਲੋਕਾਰੀ ਵਿਹਾਰ ਸਬੰਧੀ ਹੈਮਾਸਟਰ ਦਾ ਹੁਨਰ ਬੰਦੇ ਦੀ ਉਸ ਸਮਰੱਥਾ-ਵਿਸ਼ੇਸ਼ ਵੱਲ ਸੰਕੇਤ ਕਰਦਾ ਹੈ ਜਿਸ ਨਾਲ ਉਹ ਮਾਮੂਲੀ ਪ੍ਰਾਪਤੀਆਂ ਨਾਲ ਵੀ ਜ਼ਿੰਦਗੀ ਨੂੰ ਜਿਉਣਯੋਗ ਬਣਾ ਲੈਂਦਾ ਹੈ

ਗੁਰਦੇਵ ਸਿੰਘ ਰੁਪਾਣਾ ਦੀਆਂ ਰਚਨਾਵਾਂ ਪੰਜਾਬੀ ਲੋਕਾਂ ਦੀ ਵਿਅਕਤੀ-ਮਾਨਸਿਕਤਾ ਜਾਂ ਸਮੂਹਕ ਅਵਚੇਤਨ ਦੇ ਸਿਰਫ਼ ਯਥਾਰਥਕ ਗਲਪੀ-ਚਿੱਤਰ ਹੀ ਨਹੀਂ ਬਲਕਿ ਬੜੇ ਸੂਖ਼ਮ ਢੰਗ ਨਾਲ ਇਨ੍ਹਾਂ ਦੇ ਮਾਨਵ-ਪੱਖੀ ਅਤੇ ਮਾਨਵ-ਵਿਰੋਧੀ ਪੱਖਾਂ ਦਾ ਮੁਲਾਂਕਣੀ ਜਾਇਜ਼ਾ ਵੀ ਪੇਸ਼ ਕਰਦੀਆਂ ਹਨਦੂਜੇ ਸ਼ਬਦਾਂ ਵਿੱਚ ਉਸ ਦੀਆਂ ਗਲਪ-ਰਚਨਾਵਾਂ ਪੰਜਾਬੀ ਸੰਸਕ੍ਰਿਤੀ ਦੇ ਚੰਗੇ-ਮੰਦੇ ਪੱਖਾਂ ਦਾ ਲੇਖਾ-ਜੋਖਾ ਹੋ ਨਿੱਬੜਦੀਆਂ ਹਨਇਸ ਪ੍ਰਸੰਗ ਵਿੱਚ ਉਸ ਦੀਆਂ ਜਿਹੜੀਆਂ ਕਹਾਣੀਆਂ ਵਿਸ਼ੇਸ਼ ਤੌਰ ’ਤੇ ਉਲੇਖਯੋਗ ਹਨ, ਉਹ ਹਨ ਗੁੜ ਦੀ ਚਾਹ, ਕੋਟ ਮਿਹਰ ਸਿੰਘ ਵਾਲਾ, ਬੰਦਾ ਤੇ ਪੰਜ ਲੱਖ ਅਤੇ ਸ਼ੀਸ਼ਾਕਹਾਣੀ ਗੁੜ ਦੀ ਚਾਹ ਕਮਿਊਨਿਸਟ ਮਾਨਸਿਕਤਾ ਦੇ ਦੋ ਟਕਰਾਵੇਂ ਗਲਪ-ਚਿੱਤਰ ਪੇਸ਼ ਕਰਦੀ ਹੈ ਇੱਕ ਪਾਸੇ ਪਾਰਟੀ ਦਾ ਸਕੱਤਰ ਨੰਦਾ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਹਨ ਜਿਹੜੇ ਸਿਰਫ ਲੇਬਲ ਕਰ ਕੇ ਹੀ ਕਾਮਰੇਡ ਹਨ, ਉਨ੍ਹਾਂ ਦਾ ਸਾਰਾ ਵਿਹਾਰ ਮੱਧ ਸ਼੍ਰੇਣਿਕ, ਗੈਰ-ਮਾਨਵੀ ਅਤੇ ਪਾਖੰਡੀ ਹੈਦੂਜੇ ਪਾਸੇ ਰਤਨ ਅਤੇ ਉਸ ਦਾ ਪਰਿਵਾਰ ਆਪਣੀ ਅਤੀ ਸਧਾਰਨ ਪੇਂਡੂ ਰਹਿਤਲ ਦੇ ਬਾਵਜੂਦ ਆਪਣੀ ਖੱਬੇ ਪੱਖੀ ਸੋਚ ਅਰਥਾਤ ਮਾਨਵੀਅਤਾ ਨੂੰ ਸਾਂਭੀ ਬੈਠਾ ਹੈਇਸ ਤੁਲਨਾ ਰਾਹੀਂ ਕਹਾਣੀ ਸੱਚੇ ਕਮਿਊਨਿਸਟ ਦੀ ਪਰਿਭਾਸ਼ਾ ਦੱਸਦੀ ਹੈਕਹਾਣੀ ਸ਼ੀਸ਼ਾ ਵਿੱਚ ਪੁੰਨ ਅਤੇ ਪਾਪ ਵਰਗੇ ਸੰਕਲਪਾਂ ਦਾ ਨਿਖੇੜਾ ਕਰਦਿਆਂ ਪੰਜਾਬੀ ਸੰਸਕ੍ਰਿਤੀ ਦੇ ਰੋਸ਼ਨ ਅਤੇ ਹਨੇਰੇ ਪਹਿਲੂਆਂ ਉੱਤੇ ਬਹੁਤ ਰਮਜ਼ੀ ਝਾਤ ਪਾਈ ਗਈ ਹੈਪਰ ਉਹ ਅਜਿਹਾ ਕਾਰਜ ਇੰਨੇ ਸੂਖ਼ਮ ਅੰਦਾਜ਼ ਵਿੱਚ ਕਰਦਾ ਹੈ ਕਿ ਉਸ ਦੀ ਵਿਚਾਰਧਾਰਾ ਨੂੰ ਕਿਤੇ ਵੀ ਕਹਾਣੀ ਦੀ ਸਤਹ ਉੱਤੇ ਤਰਦਿਆਂ ਨਹੀਂ ਵੇਖਿਆ ਜਾ ਸਕਦਾ ਹਮੇਸ਼ਾ ਹੀ ਸੂਖ਼ਮਤਾ ਅਤੇ ਸੁਹਜ ਉਸ ਨੂੰ ਵਿਚਾਰਧਾਰਾ ਤੋਂ ਜ਼ਿਆਦਾ ਹਰ-ਦਿਲ-ਅਜੀਜ਼ ਰਹਿੰਦੇ ਹਨਇਸ ਲਈ ਕਹਾਣੀ ਪਾਉਂਦਿਆਂ ਉਸ ਦਾ ਪੂਰਾ ਧਿਆਨ ਵੇਰਵੇ ਦੀ ਪ੍ਰਮਾਣਕਤਾ, ਭਾਸ਼ਾ ਦੀ ਨਜ਼ਾਕਤ ਅਤੇ ਮਨੁੱਖੀ ਸੁਭਾਅ ਦੀ ਰਹੱਸਮਈਤਾ ਉੱਤੇ ਰਹਿੰਦਾ ਹੈਗੁਰਦੇਵ ਸਿੰਘ ਰੁਪਾਣਾ ਸਾਡੇ ਸਿਰਮੌਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਵਰਗੀ ਵੱਡੀ ਸਮਰੱਥਾ ਵਾਲਾ ਗਲਪਕਾਰ ਸੀ ਪਰ ਪੰਜਾਬੀ ਆਲੋਚਨਾ ਅਜੇ ਉਸ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਪਛਾਣ ਨਹੀਂ ਸਕੀਮਾਨ-ਸਨਮਾਨ ਦੇ ਪੱਖੋਂ ਵੇਖੀਏ ਤਾਂ ਢਾਹਾਂ ਪੁਰਸਕਾਰ ਅਤੇ ਭਾਰਤੀ ਸਾਹਿਤਯ ਅਕਾਦੇਮੀ ਦਾ ਪੁਰਸਕਾਰ ਵੀ ਉਸ ਨੂੰ ਐਨ ਅੰਤਲੇ ਸਮੇਂ ਵਿੱਚ ਹੀ ਹਾਸਲ ਹੋ ਸਕੇਹੁਣ ਜਦੋਂ ਸਾਡਾ ਇਹ ਉੱਚ-ਦੁਮਾਲੜਾ ਗਲਪਕਾਰ ਸਦਾ ਲਈ ਵਿਛੋੜਾ ਦੇ ਗਿਆ ਹੈ ਤਾਂ ਉਸ ਦੀ ਘਾਟ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3208)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

More articles from this author