BaldevSDhaliwal7ਇਨ੍ਹਾਂ ਧਾਰਨਾਵਾਂ ਦਾ ਹੋਰ ਗਹਿਰਾ ਅਧਿਐਨ ਕਰਨਾ ਹੋਵੇ ਤਾਂ ਉਪਰੋਕਤ ਤੋਂ ਇਲਾਵਾ ਕੁਝ ਹੋਰ ਵੀ ਗੌਲਣਯੋਗ ...
(27 ਦਸੰਬਰ 2021)

 

ਸਾਲ 2021 ਦੀ ਪੰਜਾਬੀ ਕਹਾਣੀ ਬਾਰੇ ਸੋਚਦਿਆਂ ਜਿਹੜਾ ਨੁਕਤਾ ਸਭ ਤੋਂ ਉੱਭਰਵੇਂ ਰੂਪ ਵਿਚ ਧਿਆਨ ਖਿੱਚਦਾ ਹੈ, ਉਸ ਦਾ ਸਬੰਧ ਇਸ ਦੀ ਝੰਜੋੜਵੀਂ ਵਿਸ਼ਾ-ਚੋਣ ਨਾਲ ਹੈ। ਸ਼ਾਇਦ ਬੇਬਸੀ ਦੀ ਸਿਖਰ ਹੈ ਕਿ ਮੌਜੂਦਾ ਕਠੋਰ ਪ੍ਰਸਥਿਤੀਆਂ ਤੋਂ ਅਵਾਜ਼ਾਰ ਹੋ ਕੇ ਵਿਸ਼ਾਦਗ੍ਰਸਤੀ ਦੀ ਦਲਦਲ ਵਿਚ ਧਸਦਾ ਜਾਂਦਾ ਵਿਅਕਤੀ ਇਸ ਕਹਾਣੀ ਦਾ ਕੇਂਦਰੀ ਪਾਤਰ ਬਣਾਇਆ ਜਾਂਦਾ ਹੈ। ਇਸ ਪਾਤਰ ਦੀ ਸਥਿਤੀ ਕੁਝ ਉਸ ਤਰ੍ਹਾਂ ਦੇ ਭਾਵ-ਬੋਧ ਵਾਲੀ ਪ੍ਰਤੀਤ ਹੁੰਦੀ ਹੈ ਜਿਸ ਤਰ੍ਹਾਂ ਦੀ ਮਾਨਸਿਕ ਅਵਸਥਾ ਦਾ ਹਵਾਲਾ ਨਿਮਨ-ਲਿਖਿਤ ਗੁਰ-ਵਾਕ ਵਿੱਚੋਂ ਮਿਲਦਾ ਹੈ:

ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ।
ਕਿਸੁ ਪਹਿ ਖੋਲਹਉ ਗੰਠੜੀ ਦੂਖੀ ਭਰ ਆਇਆ।

ਕੇਂਦਰੀ ਪਾਤਰ ਦੀ ਅਜਿਹੀ ਬੇਗਾਨਗੀ ਦੇ ਅਨੇਕਾਂ ਪਾਸਾਰ ਇਨ੍ਹਾਂ ਕਹਾਣੀਆਂ ਵਿੱਚੋਂ ਮਿਲਦੇ ਹਨ ਪਰ ਇਕ ਗੱਲ ਸਭਨਾਂ ਪਾਤਰਾਂ ਦੀ ਸਾਂਝੀ ਹੈ ਕਿ ਉਹ ਅਦਿੱਖ ਮੌਤ ਜਾਂ ਅਸੁਰੱਖਿਆ ਨਾਲ ਸਹਿਮਿਆਂ ਅਰਧ-ਦਿਲੀ ਨਾਲ ਆਪਣਾ ਬੇਰਸ ਜੀਵਨ-ਪੰਧ ਮੁਕਾਉਂਦਾ ਨਜ਼ਰ ਆਉਂਦਾ ਹੈ। ਕਿਤੇ ਕਿਤੇ ਜੇ ਇਸ ਸਹਿਮ ਤੋਂ ਮੁਕਤ ਹੋਣ ਦੀ ਜੀਵਨਮੁਖੀ ਇੱਛਾ ਨਾਲ ਸੰਘਰਸ਼ਮਈ ਜਾਂ ਸਾਹਸਕਾਰੀ ਫੈਸਲੇ ਵੀ ਲੈਂਦਾ ਹੈ ਤਾਂ ਉਨ੍ਹਾਂ ਫੈਸਲਿਆਂ ਦਾ ਕੋਈ ਵਡੇਰਾ ਫਲਦਾਇਕ ਸਿੱਟਾ ਨਹੀਂ ਨਿਕਲਦਾ ਜਿਸ ਕਰਕੇ ਪ੍ਰਾਪਤ ਸਥਿਤੀ ਦੇ ਹੋਰ ਗੁੰਝਲਦਾਰ ਅਤੇ ਮਾਰੂ ਹੋ ਜਾਣ ਦਾ ਡਰ ਵਧ ਜਾਂਦਾ ਹੈ। ਅਜਿਹੇ ਫੈਸਲੇ ਨਾਲ ਉਹ ਸਗੋਂ ਹਾਰੀ ਹੋਈ ਮਾਨਸਿਕਤਾ ਜਾਂ ਅਪਰਾਧਬੋਧ ਵਰਗੀ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ। ਫਿਰ ਅਜਿਹੀਆਂ ਪ੍ਰਸਥਿਤੀਆਂ ਵਿਚ ਬੇਗਾਨਗੀ ਦੀਆਂ ਭਾਵਨਾਵਾਂ ਸਮੇਤ ਸਿਰ ਸਿੱਟ ਕੇ ਜੀਵੀ ਜਾਣਾ ਹੀ ਉਸ ਨੂੰ ਆਪਣੀ ਹੋਣੀ ਜਾਪਣ ਲੱਗ ਪੈਂਦਾ ਹੈ। ਮਨੁੱਖ ਦੀ ਅਜਿਹੀ ਸਥਿਤੀ ਹੀ ਉਸ ਦੇ ਗਹਿਰੇ ਅਸਤਿਤਵੀ ਸੰਕਟ ਦੀ ਨਿਸ਼ਾਨਦੇਹੀ ਕਰਦੀ ਹੈ।

ਮੇਰੀ ਜਾਚੇ ਅਜਿਹਾ ਪੰਜਾਬੀ ਕਹਾਣੀਕਾਰ ਦੀ ਮੱਧਵਰਗੀ ਜੀਵਨ-ਦ੍ਰਿਸ਼ਟੀ ਦੇ ਵਿਕਾਸ ਵਿਚ ਆਏ ਇਕ ਪੜਾਅ-ਵਿਸ਼ੇਸ਼ ਕਰਕੇ ਹੈ। ਸਮਕਾਲੀ ਪੰਜਾਬੀ ਕਹਾਣੀ ਦਾ ਇਹ ਮੂਲ ਖਾਸਾ ਰਿਹਾ ਹੈ ਕਿ ਇਹ ਮੱਧਵਰਗੀ ਰਚਨਾ-ਦ੍ਰਿਸ਼ਟੀ ਵਾਲੀ ਹੈ। ਵੀਹਵੀਂ ਸਦੀ ਦੇ ਅੰਤਲੇ ਦਹਾਕੇ ਵਿੱਚ ਜਦੋਂ ਇਸ ਨਵੇਂ ਕਾਰੋਬਾਰੀ ਮੱਧਵਰਗ ਦਾ ਉਭਾਰ ਹੋਇਆ ਸੀ ਤਾਂ ਇਸ ਦੀ ਦ੍ਰਿਸ਼ਟੀ ਵਧੇਰੇ ਉਤਸ਼ਾਹੀ ਅਤੇ ਜੀਵਨਮੁਖੀ ਸੀ। ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਦੇ ਅੰਤ ਤੱਕ ਇਹ ਦ੍ਰਿਸ਼ਟੀ ਸੁਪਨਿਆਂ ਦੀ ਉਡਾਣ ਦੀ ਜੁਸਤਜੂ ਵਾਲੀ ਹੋ ਨਿੱਬੜੀ ਸੀ ਜਿਸ ਦੀ ਮਿਸਾਲ ਕੇਸਰਾ ਰਾਮ ਦੀ ਕਹਾਣੀ ‘ਬੁਲਬੁਲਿਆਂ ਦੀ ਕਾਸ਼ਤ’ (2010) ਦੇ ਕੇਂਦਰੀ ਪਾਤਰ ਦੇ ਨਵੇਂ ਸੁਪਨਿਆਂ ਤੋਂ ਮਿਲ ਜਾਂਦੀ ਹੈ।KesraRam7
ਵਿਸ਼ਵੀਕਰਨ ਦੇ ਉਭਾਰ ਸਮੇਂ ਇਹ ਸੁਪਨੇ ‘ਕਰ ਲਓ ਦੁਨੀਆਂ ਮੁੱਠੀ ਮੇ’ ਵਾਲੇ ਜੋਸ਼ਮਈ ਉੱਦਮ ਦੀ ਗਵਾਹੀ ਭਰਦੇ ਸਨ। ਫਿਰ ਵਿਕਾਸ ਦੇ ਅਗਲੇ ਪੜਾਅ ਵਿਚ ਜਦੋਂ ਉਤਰ-ਵਿਸ਼ਵੀਕਰਨ ਅਤੇ ਉਤਰ-ਬਸਤੀਵਾਦੀ ਚਿੰਤਨ ਦਾ ਦੌਰ ਸ਼ੁਰੂ ਹੁੰਦਾ ਹੈ ਤਾਂ ਨਾਲ ਹੀ ਮੱਧਵਰਗੀ ਸੁਪਨਿਆਂ ਦੇ ਗ਼ੁਬਾਰੇ ਵੀ ਕੁਝ ਕੁਝ ਪੈਂਚਰ ਹੋਣ ਲਗਦੇ ਹਨ ਅਤੇ ਮੱਧਵਰਗੀ ਪੰਜਾਬੀ ਬੰਦੇ ਦੇ ਸੰਕਟਗ੍ਰਸਤ ਹੋਣ ਦੀ ਕਨਸੋਅ ਮਿਲਣ ਲੱਗ ਪੈਂਦੀ ਹੈ। ਇਹ ਮਹਿਸੂਸ ਕੀਤਾ ਜਾਣ ਲਗਦਾ ਹੈ ਕਿ ਨਵ-ਰਾਸ਼ਟਰਵਾਦੀ ਦੌਰ ਦੇ ਸਿਆਸੀ ਕੇਂਦਰੀਕਰਨ
, ਧਾਰਮਿਕ ਧਰੁਵੀਕਰਨ, ਜਾਤ-ਪਾਤੀ ਅਮਾਨਵੀਕਰਨ ਅਤੇ ਆਰਥਿਕ ਕੰਗਾਲੀਕਰਨ ਦੀ ਕੱਲਰ ਖਾਧੀ ਜ਼ਮੀਨ ਉੱਤੇ ਸ਼ਾਇਦ ਮੱਧਵਰਗੀ ਸੁਨਹਿਰੀ ਸੁਪਨਿਆਂ ਦੀ ਫਸਲ ਨੂੰ ਫ਼ਲ-ਫ਼ੁੱਲ ਲੱਗ ਸਕਣੇ ਸੰਭਵ ਨਹੀਂ। ਅਜਿਹੀ ਮੋਹ-ਭੰਗ ਦੀ ਅਵਸਥਾ ਵਿਚ ਪੰਜਾਬੀ ਨੌਜਵਾਨ ਵਰਗ ਦਾ ਇਕ ਪਾਸੇ ਪੱਛਮੀ ਮੁਲਕਾਂ ਵੱਲ ਪਰਵਾਸ ਦਾ ਰੁਝਾਨ ਵਧਦਾ ਹੈ ਅਤੇ ਦੂਜੇ ਪਾਸੇ ਨਸ਼ੇਖੋਰੀ ਜਾਂ ਰੋਸ ਧਰਨਿਆਂ ਰਾਹੀਂ ਆਪਣੇ ਆਪ ਨੂੰ ਸੱਤਿਆਗ੍ਰਿਹੀ ਭਾਂਤ ਦੀਆਂ ਯਾਤਨਾਵਾਂ ਦੇਣ ਦਾ ਰੁਝਾਨ ਬਲ ਫੜਦਾ ਹੈ ਜੋ ਬਾਅਦ ਵਿਚ ਹੌਲੀ ਹੌਲੀ ਕਿਸਾਨੀ ਸੰਘਰਸ਼ ਨਾਲ ਇਕਸੁਰਤਾ ਰਾਹੀਂ ਸਥਾਪਤੀ ਪ੍ਰਤੀ ਅਕਰੋਸ਼ੀ ਰੋਸ ਬਣ ਜਾਂਦਾ ਹੈ ਅਤੇ ਕਿਤੇ ਗੈਂਗਵਾਦ ਵੀ ਬਣ ਜਾਂਦਾ ਹੈ।

ਹਰ ਹਰਬੇ ਨਾਲ ਜ਼ਿੰਦਗੀ ਨੂੰ ਮਾਨਣ ਦੀ ਚਾਹਤ ਨਾਲ ਲਬਰੇਜ਼ ਮੱਧਵਰਗੀ ਦ੍ਰਿਸ਼ਟੀ ਦੇ ਇਨ੍ਹਾਂ ਸਾਰੇ ਸੂਖ਼ਮ-ਸਥੂਲ ਪਾਸਾਰਾਂ ਨੂੰ ਪਰੋਖ (ਕੰਕਰੀਟ) ਰੂਪ ਵਿਚ ਵੇਖਣਾ ਹੋਵੇ ਤਾਂ ਸੋਸ਼ਲ ਮੀਡੀਆ ਉੱਤੇ ਮੱਧਵਰਗੀ ਬੰਦੇ ਦੇ ਭਾਵ-ਪ੍ਰਗਟਾਵਿਆਂ (ਐਕਸਪ੍ਰੈਸ਼ਨਜ਼) ਰਾਹੀਂ ਵੀ ਵਾਚਿਆ ਜਾ ਸਕਦਾ ਹੈ। ਖੁਸ਼ਹਾਲ ਜ਼ਿੰਦਗੀ ਦਾ ਭਰਮ ਸਿਰਜਦਿਆਂ ਆਪਣੀ ਮਨ-ਪਸੰਦ ਅਤੇ ਸਵੈ-ਕੇਂਦਰਤ ਸਰੂਪ ਵਾਲੀ ਪਛਾਣ ਨੂੰ ਉਭਾਰਨ (ਸੈਲਫ਼ ਪ੍ਰੋਜੈਕਸ਼ਨ) ਲਈ ਉਹ ਸੈਲਫ਼ੀਆਂ ਪਾਉਂਦਾ ਹੈ, ਜਨਮ-ਦਿਨ ਦੇ ਜਸ਼ਨ ਮਨਾਉਂਦਾ ਹੈ, ਹਨੀਮੂਨ ਦੇ ਹੁਸੀਨ ਪਲਾਂ ਨੂੰ ਤਸਵੀਰਾਂ ਦੀ ਜ਼ੁਬਾਨੀ ਸਾਂਝਾ ਕਰਦਾ ਹੈ, ਵਿਆਹ ਦੀਆਂ ਵਰ੍ਹੇਗੰਢਾਂ ਨੂੰ ‘ਹਸਦੇ-ਹਸਾਉਂਦੇ ਲੰਘੇ ਸਾਲਾਂ’ ਦੇ ਵਿਸ਼ੇਸ਼ਣਾਂ ਨਾਲ ਵਡਿਆਉਂਦਾ ਹੈ, ਨਿਗੂਣੀਆਂ ਪਰਿਵਾਰਕ ਜਾਂ ਵਿਅਕਤੀਗਤ ‘ਪ੍ਰਾਪਤੀਆਂ’ ਨੂੰ ਫੋਟੋ-ਵੀਡੀਓ ਨਾਲ ਸਜਾਉਂਦਾ ਹੈ ਪਰ ਹੋਰਨਾਂ ਦੇ ਮੁਕਾਬਲੇ ਘੱਟ ਪ੍ਰਾਪਤ ਹੋਏ ਲਾਈਕਸ ਅਤੇ ਭਾਵਹੀਣ ਯਾਂਤਰਿਕ ਕੁਮੈਂਟਾਂ ਨਾਲ ਸਗੋਂ ਹੋਰ ਬੇਚੈਨ, ਇਕੱਲਾ, ਖੜੋਤਮੁਖੀ ਅਤੇ ਮੁਕਾਬਲੇ ਵਿੱਚ ਪਛੜਿਆ ਮਹਿਸੂਸ ਕਰਦਿਆਂ ਕੁਝ ਇਸ ਤਰ੍ਹਾਂ ਦੇ ਅਹਿਸਾਸ ਭੋਗਦਾ ਹੈ:

ਉੱਤੋਂ ਉੱਤੋਂ ਕਹਿੰਦੇ ਸਾਰੇ ਯੁਗ ਯੁਗ ਜੀਅ,
ਵਿੱਚੋਂ ਸਭ ਫਿਰਦੇ ਨੇ ਭੋਗ ਪਾਉਣ ਨੂੰ।

ਹਾਈ-ਕਲਾਸ ਜ਼ਿੰਦਗੀ ਦੀਆਂ ਸਰਗਰਮੀਆਂ ਅਤੇ ਸੂਚਨਾਵਾਂ ਦੀ ਬੰਬਾਰਮੈਂਟ ਦੇ ਦੌਰ ਵਿਚ ਬੇਪਛਾਣ ਅਤੇ ਗੈਰ-ਪ੍ਰਸੰਗਿਕ ਜਾਂ ਫਾਲਤੂ ਹੋਣ ਦਾ ਇਹ ਸੰਤਾਪ ਹੀ ਅੰਤਿਮ ਰੂਪ ਵਿਚ ਮੱਧਵਰਗੀ ਬੰਦੇ ਨੂੰ ਅਸਤਿਤਵੀ ਸੰਕਟ ਦੀ ਗ੍ਰਿਫ਼ਤ ਵਿਚ ਧੱਕ ਦਿੰਦਾ ਹੈ ਕਿ ਸ਼ਾਇਦ ਉਸ ਦੀ ਜ਼ਿੰਦਗੀ ਦਾ ਕੋਈ ਵੱਡਾ ਮਕਸਦ ਨਹੀਂ ਰਿਹਾ। ਮਕਸਦ ਕਿਉਂ ਗੁਆਚ ਗਿਆ? ਇਹ ਪ੍ਰਸ਼ਨ ਉਸ ਦੇ ਚਿੰਤਨ ਦਾ ਵਿਸ਼ਾ ਬਣਦਾ ਹੈ। ਇਸ ਪ੍ਰਸ਼ਨ ਦਾ ਉੱਤਰ ਤਲਾਸ਼ਦਿਆਂ ਪੰਜਾਬੀ ਕਹਾਣੀ ਦਾਰਸ਼ਨਿਕ ਸੁਰਾਂ ਦੀ ਧਾਰਨੀ ਬਣ ਰਹੀ ਹੈ।

WaryamSSandhu7ਇਸ ਵਰ੍ਹੇ ਦੇ ਬਿਹਤਰੀਨ ਕਹਾਣੀ-ਸੰਗ੍ਰਿਹਾਂ ਦੇ ਨਾਮਕਰਨ ਅਤੇ ਵਸਤੂਗਤ ਸਰੂਪ ਤੋਂ ਹੀ ਉਪਰੋਕਤ ਧਾਰਨਾਵਾਂ ਦਾ ਅਨੁਮਾਨ ਹੋ ਜਾਂਦਾ ਹੈ। ਤੀਜੇ ਪੜਾਅ ਦੇ ਸਿਰਮੌਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਦਾ ਕਹਾਣੀ-ਸੰਗ੍ਰਹਿ ਹੈ ‘ਜਮਰੌਦ’। ਸੰਗ੍ਰਹਿ ਵਿਚ ਇਸੇ ਨਾਂ ਦੀ ਕਹਾਣੀ ਦੇ ਪਾਤਰ ਨੂੰ ਪੱਛਮੀ ਮੁਲਕ ਦਾ ਵੀਜ਼ਾ ਜਾਂ ਲਾਂਘਾ ਜਮਰੌਦ ਦਾ ਕਿਲ੍ਹਾ ਜਿੱਤਣ ਵਰਗੀ ਮੁਹਿੰਮ ਜਾਪਦਾ ਹੈ ਅਤੇ ਉਸ ਨੂੰ ਹਾਸਲ ਕਰਦਿਆਂ ਉਹ ਜੋ ਕੁਝ (ਮਾਨਵੀਅਤਾ) ਗੁਆਉਂਦਾ ਹੈ ਉਸ ਦਾ ਲੇਖਾ-ਜੋਖਾ ਸੰਭਵ ਨਹੀਂ। ਹਰਪ੍ਰੀਤ ਸਿੰਘ ਚੰਨੂ ਦੇ ਕਹਾਣੀ-ਸੰਗ੍ਰਹਿ ‘ਸੱਥਰ’ ਦੀ ਇਸੇ ਨਾਂ ਦੀ ਕਹਾਣੀ ਵਿਚ ਅਜੋਕੇ ਪੰਜਾਬ ਦਾ ਜੋ ਦ੍ਰਿਸ਼ ਉੱਭਰਦਾ ਹੈ ਉਹ ਮੂੰਹ-ਜ਼ੋਰ ਤਬਦੀਲੀਆਂ ਸਾਹਵੇਂ ਪਰੰਪਰਕ ਜੀਵਨ-ਸ਼ੈਲੀ ਦੇ ਚਾਰੇ ਪਾਸੇ ਵਿਛਦੇ ਜਾ ਰਹੇ ਸੱਥਰਾਂ ਦੀ ਨਿਸ਼ਾਨਦੇਹੀ ਕਰਨ ਵਾਲਾ ਨਜ਼ਰ ਆਉਂਦਾ ਹੈ। ਬਲਵਿੰਦਰ ਸਿੰਘ ਗਰੇਵਾਲ ਦੇ ਕਹਾਣੀ-ਸੰਗ੍ਰਹਿ ‘ਡਬੋਲੀਆ’ ਵਿਚਲੀ ਇਸੇ ਨਾਂ ਦੀ ਕਹਾਣੀ ਦਾ ਕੇਂਦਰੀ ਪਾਤਰ ਨਹਿਰ ਵਿਚ ਰੁੜ੍ਹਦੀਆਂ ਆਉਂਦੀਆਂ ਲਾਸ਼ਾਂ ਨੂੰ ਕੱਢਦਾ ਕੱਢਦਾ ਆਪ ਲਾਸ਼ ਬਣਿਆਂ ਭੰਵਰ ਵਿੱਚ ਗੋਤੇ ਖਾਂਦਾ ਮਹਿਸੂਸ ਕਰਦਾ ਹੈ। ਕੁਲਬੀਰ ਬਡੇਸਰੋਂ ਦੇ ਕਹਾਣੀ-ਸੰਗ੍ਰਹਿ ‘ਤੁਮ ਕਿਉਂ ਉਦਾਸ ਹੋ?’ ਦੀ ਇਸੇ ਨਾਂ ਦੀ ਕਹਾਣੀ ਦਾ ਕੇਂਦਰੀ ਪਾਤਰ ਮਜ਼ਦੂਰ ਬੱਚਾ ਆਪਣੇ ਸੁਪਨੇ ਦੀ ਮੌਤ ਵੇਖਦਾ ਮੌਤ ਵਰਗੀ ਬੇਬਸੀ ਵਿਚ ਸੋਚਦਾ ਹੈ ਕਿ “ਧਰਤੀ ਫਟ ਜਾਵੇ ਤੇ ਉਹ ਉਸ ’ਚ ਸਮਾ ਜਾਵੇ ...ਬਲਬੀਰ ਪਰਵਾਨਾ ਦੇ ਕਹਾਣੀ-ਸੰਗ੍ਰਹਿ ‘ਥੈਂਕ ਯੂ ਬਾਪੂ’ ਵਿਚਲੀ ਇਸੇ ਨਾਂ ਦੀ ਕਹਾਣੀ ਦਾ ਕੇਂਦਰੀ ਪਾਤਰ ਆਪਣੇ ਬਾਪ ਦੇ ਆਖਰੀ ਸਾਹ ਨਾਲ ਖ਼ੁਦ ਵੀ “ਰਾਹਤ ਦਾ ਅਹਿਸਾਸ” ਮਹਿਸੂਸ ਕਰਦਾ ਹੈ ਅਤੇ ਮਨੋਮਨੀ ਮੋਏ ਬਾਪ ਦਾ ਥੈਂਕਸ ਵੀ ਕਰਦਾ ਹੈ ਜਿਸ ਦੀ ਮੌਤ ਨੇ ਕੇਂਦਰੀ ਪਾਤਰ ਨੂੰ ਅਨੇਕਾਂ ਮਾਨਸਿਕ ਦੁਬਿਧਾਵਾਂ ਅਤੇ ਪਰਿਵਾਰਕ ਦਬਾਵਾਂ ਤੋਂ ਸੁਰਖ਼ੁਰੂ ਕਰ ਦਿੱਤਾ ਹੈ। ਸਿਮਰਨ ਧਾਲੀਵਾਲ ਦੇ ਕਹਾਣੀ-ਸੰਗ੍ਰਹਿ ‘ਆ... ਆਪਾਂ ਘਰ ਬਣਾਈਏ’ ਵਿਚਲੀ ਇਸੇ ਨਾਂ ਦੀ ਕਹਾਣੀ ਦਾ ਕੇਂਦਰੀ ਪਾਤਰ ਜੱਟ ਕਿਸਾਨ ਹੈ ਪਰ ਸਥਿਤੀ-ਵਿਸ਼ੇਸ਼ ਕਰਕੇ ਹੋਈ ਸੀਰੀ ਦੀ ਆਰਥਿਕ ਚੜ੍ਹਤ ਦੇ ਸਾਹਵੇਂ ਆਪਣੇ ਆਪ ਨੂੰ ਬੌਣਾ ਅਤੇ ਬੇਵੱਸ ਮਹਿਸੂਸ ਕਰਦਾ ਆਪਣਾ ਮਾਨਸਿਕ ਸੰਤੁਲਨ ਗਵਾ ਲੈਂਦਾ ਹੈ।

GoverdhanGabbi7ਇਨ੍ਹਾਂ ਧਾਰਨਾਵਾਂ ਦਾ ਹੋਰ ਗਹਿਰਾ ਅਧਿਐਨ ਕਰਨਾ ਹੋਵੇ ਤਾਂ ਉਪਰੋਕਤ ਤੋਂ ਇਲਾਵਾ ਕੁਝ ਹੋਰ ਵੀ ਗੌਲਣਯੋਗ ਕਹਾਣੀ-ਸੰਗ੍ਰਹਿ ਇਸ ਵਰ੍ਹੇ ਪ੍ਰਕਾਸ਼ਿਤ ਹੋਏ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: ਬਾਰੀਂ ਬਰਸੀਂ ਖੱਟਣ ਗਿਆ ਸੀ (ਜਤਿੰਦਰ ਰੰਧਾਵਾ), ਕਲਾਸ (ਬਲਜੀਤ ਸਿੰਘ ਰੈਨਾ), ਝਾਂਜਰਾਂ ਵਾਲੇ ਪੈਰ (ਅਰਵਿੰਦਰ ਕੌਰ ਧਾਲੀਵਾਲ), ਮੁੱਕਦੀ ਗੱਲ (ਦਰਸ਼ਨ ਜੋਗਾ), ਬੰਦਾ ਸਮੁੰਦਰ ਨਹੀਂ ਹੁੰਦਾ (ਜੋਗੇ ਭੰਗਲ), ਪਿਆਰ ਕਰਨ ਤੋਂ ਪਹਿਲਾਂ (ਹਰੀਸ਼), ਪਾਪਾ ਮੈਂ ਲੜਾਂਗੀ (ਮਨਦੀਪ ਕੁੰਦੀ ਤਖ਼ਤੂਪੁਰਾ), ਇੱਥੋਂ ਸੂਰਜ ਦਿਸਦਾ ਹੈ (ਜਸਬੀਰ ਕਲਸੀ), ਇੰਟਰਵਲ ਤੋਂ ਬਾਅਦ (ਸਰਬਜੀਤ ਸੋਹਲ), ਹੇਰਵਾ (ਰਮਨ ਕੁਮਾਰ), ਬੱਸ ! ... ਹੁਣ ਬੱਸ, ਚਿੱਬੜ (ਮੀਨੂੰ ਭੱਠਲ), ਆਪਣਾ ਘਰ (ਗੋਵਰਧਨ ਗੱਬੀ), ਵੈਣ ਯੁੱਗ (ਜਸਵੀਰ ਸਿੰਘ ਦੀਦਾਰਗੜ੍ਹ), ਬੰਦਾ ਮਾਰਨਾ ਕਿਹੜਾ ਸੌਖਾ ਹੈ (ਸਰਬਜੀਤ ਸਵਾਮੀ), ਲਟ ਲਟ ਬਲਦਾ ਦੀਵਾ (ਲਾਜ ਨੀਲਮ ਸੈਣੀ), ਡੂੜ੍ਹ ਕਿੱਲਾ (ਐੱਸ.ਅਸ਼ੋਕ ਭੌਰਾ), ਬੌਣੇ ਰਿਸ਼ਤੇ (ਭੁਪਿੰਦਰ ਮਾਨ), ਠੰਢੀ ਭੱਠੀ ਦਾ ਸੇਕ (ਕਰਨੈਲ ਸਿੰਘ ਵਜੀਰਾਬਾਦ), ਮਸਲੇ ਨੈਣਾਂ ਦੇ (ਰਾਜਵੰਤ ਕੌਰ ਪ੍ਰੀਤ), ਘੜੇ ’ਚ ਦੱਬੀ ਇੱਜ਼ਤ (ਬਰਾੜ ਜੈਸੀ), ਕੰਸ ਅਜੇ ਮਰਿਆ ਨਹੀਂ (ਪਵਨ ਪਰਿੰਦਾ), ਸਰਦਾਰ ਦੀ ਪੱਗ ਅਤੇ ਹੋਰ ਕਹਾਣੀਆਂ (ਰਿਪਨਜੋਤ ਕੌਰ ਸੋਨੀ ਬੱਗਾ), ਹਰ ਚੌਗਾਠ ਉਹਲੇ ਅੱਗ ਮਚਦੀ ਹੈ (ਦਰਸ਼ਨ ਦਰਵੇਸ਼),BhupinderSMann7

ਬਾਨਸਰਾਈ (ਬੇਅੰਤ ਬਾਵਾ), ਜਿਊਣ ਜੋਗੇ (ਸਰਦੂਲ ਸਿੰਘ ਲੱਖਾ), ਗੁਲਾਬੀ ਖ਼ਤ (ਦਵਿੰਦਰ ਦੀਪ), ਟਰਾਫੀ ਵਾਈਫ (ਜੱਸੀ ਧਾਲੀਵਾਲ, ਆਸਟ੍ਰੇਲੀਆ), ਗੂੰਗੀ ਰੌਣਕ (ਰੋਹਿਤ ਕੁਮਾਰ), ਪਹੁ ਫੁਟਾਲੇ ਤੱਕ (ਰਿਪੁਦਮਨ ਸਿੰਘ ਰੂਪ), ਪਰਤਾਂ ਵਿਚ ਜਿਉਂਦੇ ਮਨੁੱਖ, ਆਂਦਰਾਂ ਦਾ ਸੇਕ (ਹਰਬੰਸ ਸਿੰਘ ਅਖਾੜਾ), ਆਪਣਾ ਖ਼ਿਆਲ ਰੱਖੀਂ (ਅਮਨ ਮਾਨਸਾ), ਹੌਸਲੇ ਦੀ ਉਡਾਨ (ਸਿਮਰਜੀਤ ਸਿਮਰ), ਸਿਰ ਦਾ ਤਾਜ (ਰਘਬੀਰ ਸਿੰਘ ਮਹਿਮੀ), ਅਣਮੁੱਲੇ ਰਿਸ਼ਤੇ (ਕੁਲਦੀਪ ਸਿੰਘ ਕੱਬਰਵਾਲ) ਆਦਿ।

ਇਸ ਸਾਲ ਦੀਆਂ ਬਿਹਤਰੀਨ ਕਹਾਣੀਆਂ ਦੀ ਚੋਣ ਤਾਂ ਮੈਂ ਹਰ ਸਾਲ ਦੀ ਤਰ੍ਹਾਂ ਕਲਾਤਮਕ ਸਮਰੱਥਾ ਨੂੰ ਆਧਾਰ ਬਣਾ ਕੇ ਹੀ ਕੀਤੀ ਸੀ ਪਰ ਜਦ ਉਨ੍ਹਾਂ ਨੂੰ ਸਮੁੱਚੇ ਤੌਰ ’ਤੇ ਇਕ ਟੈਕਸਟ ਵਾਂਗ ਪੜ੍ਹਿਆ ਤਾਂ ਉਨ੍ਹਾਂ ਵਿਚ ਵੀ ਪੰਜਾਬੀ ਬੰਦੇ ਦੇ ਅਸਤਿਤਵੀ ਸਰੋਕਾਰਾਂ ਵਾਲਾ ਮੁੱਦਾ ਹੀ ਭਾਰੂ ਲੱਗਿਆ।

RipudamanRoop7ਵਰਿਆਮ ਸਿੰਘ ਸੰਧੂ ਦੀ ਕਹਾਣੀ ‘ਮੈਂ ਰੋ ਨਾ ਲਵਾਂ ਇੱਕ ਵਾਰ !’ (ਸਿਰਜਣਾ, ਅਪ੍ਰੈਲ-ਜੂਨ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇਕ ਦਲਿਤ ਪਾਤਰ ਨਿੰਦਰ ਦੇ ‘ਦੁੱਖ’ ਦਾ ਬਿਰਤਾਂਤ ਸਿਰਜਦੀ ਹੈ। ਨਿੰਦਰ ਆਪਣੀ ਜੋੜੀ ਇਕ ਤੁਕ ਰਾਹੀਂ ਆਪਣੇ ਦੁੱਖ ਦਾ ਇਜ਼ਹਾਰ ਇਉਂ ਕਰਦਾ ਹੈ “ਸਾਨੂੰ ਲੋਕ ਸੁਦਾਈ ਆਂਹਦੇ, ਸਾਡੇ ਦੁੱਖ ਵੱਲ ਨਹੀਂ ਜਾਂਦੇ।” ਬਿਰਤਾਂਤਕਾਰ ਅਨੁਸਾਰ ਨਿੰਦਰ ਦਾ ਦੁੱਖ ਕੁਝ ‘ਅਲੋਕਾਰ’ ਜਿਹਾ ਹੀ ਸੀ।” ਇਸ ਅਲੋਕਾਰਤਾ ਦਾ ਖੁਲਾਸਾ ਇਹ ਹੈ ਕਿ ਉਸ ਦਾ ਦੁੱਖ ਸਿਰਫ ਨੀਵੀਂ ਜਾਤ ਅਤੇ ਆਰਥਿਕ ਮੰਦਹਾਲੀ ਕਰਕੇ ਹੀ ਨਹੀਂ ਬਲਕਿ ਇਸ ਤੋਂ ਵੀ ਅਗਾਂਹ ਸਰਵਸ੍ਰੇਸ਼ਟ ਮੰਨੀ ਜਾਂਦੀ ਮਨੁੱਖਾ ਜੂਨ ਨੂੰ ਮਾਣ ਸਕਣ ਤੋਂ ਮੂਲੋਂ ਹੀ ਵਿਰਵੇ ਰਹਿ ਜਾਣ ਜਾਂ ਪਸ਼ੂਆਂ ਵਰਗੀ ਜ਼ਿੰਦਗੀ ਜਿਉਣ ਦੇ ਸੰਤਾਪ ਕਰਕੇ ਵੀ ਹੈ। ਸੁਪਨਿਆਂ ਅਤੇ ਯਥਾਰਥ ਦੇ ਵਿਚਕਾਰ “ਪਾਟੀ ਹੋਈ ਸ਼ਖ਼ਸੀਅਤ” ਬਣਿਆ ਨਿੰਦਰ “ਖਾਲੀ ਖਾਲੀ” ਹੋਣ ਦਾ ਅਸਤਿਤਵੀ ਦੁੱਖ ਭੋਗਦਾ ਹੈ। ਜ਼ਾਰੋਜ਼ਾਰ ਰੋ ਕੇ ਵੀ ਇਸ ਦੁੱਖ ਤੋਂ ਮੁਕਤ ਹੋ ਸਕਣਾ ਸੰਭਵ ਨਹੀਂ, ਭਾਵੇਂ ਆਪਣੀ ਅਲਪ-ਬੁੱਧ ਅਨੁਸਾਰ ਉਸ ਨੂੰ ਜਾਪਦਾ ਇਹੀ ਹੈ।

PavanParinda8ਇਸ ਮਹਾਂਕਾਵਿਕ ਬਿਰਤਾਂਤ ਸ਼ੈਲੀ ਵਾਲੀ ਕਹਾਣੀ ਦੀ ਸਮਰੱਥਾ ਇਸ ਗੱਲ ਵਿਚ ਹੈ ਕਿ ਨਿੰਦਰ ਦਾ ਪਾਤਰ ਸੂਖ਼ਮ ਪੱਧਰ ’ਤੇ ਅਜੋਕੇ ਅਸਥਿਰ ਪੰਜਾਬੀ ਬੰਦੇ ਦਾ ਸਮਰੂਪੀ ਬਣ ਕੇ ਅਰਥ ਦਿੰਦਾ ਹੈ। ਦੋ ਵੱਡੀਆਂ ਕੰਮਜ਼ੋਰੀਆਂ (ਕਹਾਣੀ ‘ਨੌਂ ਬਾਰਾਂ ਦਸ’ ਦੀ ਲੋੜੋਂ ਵੱਧ ਦੁਹਰਾਈ ਅਤੇ ਬਿਰਤਾਂਤਕ ਖੱਪਿਆਂ) ਦੇ ਬਾਵਜੂਦ ਇਹ ਕਹਾਣੀ ਅਜੋਕੇ ਪੰਜਾਬੀ ਬੰਦੇ ਦੇ ਅਸਤਿਤ ਵੀ ਸਰੋਕਾਰਾਂ ਦਾ ਬਹੁਪਾਸਾਰੀ ਬਿਰਤਾਂਤ ਪੇਸ਼ ਕਰਨ ਦਾ ਵਿਲੱਖਣ ਤਜ਼ਰਬਾ ਹੈ।

ਸੁਕੀਰਤ ਦੀ ਕਹਾਣੀ ‘ਇੱਕ ਬੁੱਲਾ ਹਵਾ ਦਾ’ (ਸਿਰਜਣਾ, ਜੁਲਾਈ-ਸਤੰਬਰ) ਧੀ-ਰੂਪੀ ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਉਸ ਦੀ ਮਾਂ ਨੀਤਾ ਭਰਦਵਾਜ ਦੀ ਵਿਸ਼ਾਦਗ੍ਰਸਤ ਜ਼ਿੰਦਗੀ ਦਾ ਬਿਰਤਾਂਤ ਸਿਰਜਦੀ ਹੈ। ਪਤੀ ਦੀ ਮੌਤ ਨਾਲ ਸਹਿਮੀ ਨੀਤਾ ਆਪਣੇ ਧੀ-ਜਵਾਈ ਕੋਲ ਰਹਿ ਕੇ ਦਿਨਕਟੀ ਕਰ ਰਹੀ ਹੈ। ਇਕ ਦਿਨ ਧੀ ਨਾਲ ਬਾਜ਼ਾਰ ਗਈ ਨੂੰ ਉਸ ਦਾ ਕਾਲਜ ਵੇਲੇ ਦਾ ਜਮਾਤੀ ਤੇਜੇਸ਼ਵਰ ਸੰਧੂ ਮਿਲ ਜਾਂਦਾ ਹੈ, ਜਿਸ ਨੇ ਆਪਣੀ ਜਰਮਨ ਪਤਨੀ ਦੀ ਮੌਤ ਤੋਂ ਬਾਅਦ ਵੀ ਜ਼ਿੰਦਗੀ ਨੂੰ ਸਾਵਾਂ ਰੱਖਿਆ ਹੋਇਆ ਹੈ। ਉਸ ਦੀ ਅਜਿਹੀ ਸਹਿਜ ਅਤੇ ਜਸ਼ਨਾਵੀ ਜੀਵਨ-ਸ਼ੈਲੀ ਨੀਤਾ ਭਰਦਵਾਜ ਲਈ ਵੀ ਪ੍ਰੇਰਨਾ-ਸਰੋਤ ਬਣ ਜਾਂਦੀ ਹੈ। ਕਹਾਣੀ ਦੀ ਸ਼ਕਤੀ ਜਿੱਥੇ ਡੂੰਘੇ ਮਨੋਵਿਗਿਆਨਕ ਛੋਹਾਂ ਵਾਲੇ ਚਰਿੱਤਰ-ਚਿਤਰਨ ਵਿਚ ਹੈ ਉੱਥੇ ਸ਼ਹਿਰੀ ਰੰਗਣ ਵਾਲੀ ਸੰਜਮੀ, ਸੰਚਾਰੀ ਅਤੇ ਸਲੀਕੇਦਾਰ ਗਲਪੀ-ਭਾਸ਼ਾ ਵੀ ਕਹਾਣੀ ਦਾ ਵਿਸ਼ੇਸ਼ ਹਾਸਿਲ ਬਣਦੀ ਹੈ।

HarpreetSekha7ਹਰਪ੍ਰੀਤ ਸੇਖਾ ਦੀ ਕਹਾਣੀ ‘ਬੇਵਿਸਾਹੀ ਰੁੱਤ’ (ਸਿਰਜਣਾ, ਅਪ੍ਰੈਲ-ਜੂਨ) ਬਾਪ-ਰੂਪੀ ਪਰਵਾਸੀ, ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਉਸ ਦੇ ਬੇਟੇ ਅਮੀਤ ਦੀ ਵਿਸ਼ਾਦਗ੍ਰਸਤੀ ਦਾ ਸੰਦਰਭ ਸਿਰਜਣ ਦਾ ਸਫਲ ਯਤਨ ਕਰਦੀ ਹੈ। ਅਮੀਤ ਦੇ ਮਾਂ-ਬਾਪ ਆਪਣੀ ਕਾਰੋਬਾਰੀ ਜ਼ਿੰਦਗੀ ਵਿਚ ਗ਼ਲਤਾਨ ਹਨ। ਅਮੀਤ ਆਪਣੇ ਦਾਦੇ-ਦਾਦੀ ਨਾਲ ਵਧੇਰੇ ਨੇੜਤਾ ਮਹਿਸੂਸ ਕਰਦਾ ਹੈ ਪਰ ਉਨ੍ਹਾਂ ਦੀ ਕੈਂਸਰ ਨਾਲ ਮੌਤ ਅਮੀਤ ਨੂੰ ਯਤੀਮਾਂ ਵਾਂਗ ਤੋੜ ਕੇ ਰੱਖ ਦਿੰਦੀ ਹੈ। ਉੱਤੋਂ ਅਮੀਤ ਦੇ ਦੋਸਤ ਮਾਨਵ ਦਾ ਸ਼ੱਕੀ ਹਾਲਤ ਵਿਚ ਕਤਲ ਹੋ ਜਾਂਦਾ ਹੈ। ਬਿਰਤਾਂਤਕਾਰ ਅਤੇ ਉਸ ਦੀ ਪਤਨੀ ਨੂੰ ਡਰ ਅਤੇ ਵਹਿਮ ਹੈ ਕਿ ਕਿਤੇ ਅਮੀਤ ਵੀ ਨਸ਼ੇ ਦੇ ਤਸਕਰਾਂ ਦੇ ਗੈਂਗ ਦਾ ਸ਼ਿਕਾਰ ਨਾ ਬਣ ਜਾਵੇ।

ਕਹਾਣੀ ਦੀ ਤਾਕਤ ਜਿੱਥੇ ਮਾਪਿਆਂ ਦੀ ਅਸੁਰੱਖਿਆ ਦੀ ਭਾਵਨਾ ਨੂੰ ਸਸਪੈਂਸ ਦੀ ਕਥਾ-ਜੁਗਤ ਰਾਹੀਂ ਬਹੁਤ ਕੁਸ਼ਲਤਾ ਨਾਲ ਉਭਾਰਨ ਵਿਚ ਹੈ ਉੱਥੇ ਮਾਪਿਆਂ ਦੀ ਬੇਬਸੀ ਦਾ ਬਹੁਤ ਡੂੰਘਾ ਅਤੇ ਯਥਾਰਥਕ ਵਰਨਣ ਕਰਕੇ ਵੀ ਹੈ। ਵੇਰਵੇਯੁਕਤ ਸੰਚਾਰੀ ਗਲਪੀ-ਭਾਸ਼ਾ ਦਾ ਹੁਨਰ ਸੇਖਾ ਦੀ ਪ੍ਰਾਪਤੀ ਬਣਦੀ ਹੈ।

DeepDevinderS7ਪਾਕਿਸਤਾਨੀ ਪੰਜਾਬੀ ਲੇਖਕ ਕਰਾਮਤ ਮੁਗ਼ਲ ਦੀ ਕਹਾਣੀ ‘ਬੇਖ਼ਬਰ’ (ਪ੍ਰਵਚਨ, ਜਨਵਰੀ-ਮਾਰਚ) ਮਾਸਟਰ-ਰੂਪੀ ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਮਾਨਵੀ ਹੋਂਦ ਦੀ ਬੁਨਿਆਦ ਬਣਨ ਵਾਲੇ ਇਕ ਮੁੱਦੇ (ਸੈਕਸ) ਦੇ ਦਾਰਸ਼ਨਿਕ ਪਾਸਾਰਾਂ ਦਾ ਬਿਰਤਾਂਤ ਸਿਰਜਦੀ ਹੈ। ਬਿਰਤਾਂਤਕਾਰ ਇਕ ਹਕੀਮ ਨਾਲ ਹੋਈ ਵਿਸ਼ੇਸ਼ ਗੱਲਬਾਤ ਦੇ ਹਵਾਲੇ ਨਾਲ ਸੈਕਸ ਦੀ ਪ੍ਰਵਿਰਤੀ ਬਾਰੇ ਪ੍ਰਚੱਲਿਤ ਮਿੱਥਾਂ ਦਾ ਕੱਚ-ਸੱਚ ਬਿਆਨ ਕਰਦਾ ਹੈ ਅਤੇ ਖ਼ੁਦ ਵੀ ਸਬਕ ਲੈਂਦਾ ਹੈ। ਆਪਣੇ ਅੰਤਿਮ ਅਰਥਾਂ ਵਿਚ ਕਹਾਣੀ ਇਹ ਕਥਾ-ਵਿਵੇਕ ਉਭਾਰਦੀ ਹੈ ਕਿ ਦੂਰ-ਦ੍ਰਿਸ਼ਟੀ ਦੀ ਕੁਵੱਤ ਹੀ ਮਨੁੱਖ ਨੂੰ ਪਸ਼ੂ-ਜਗਤ ਤੋਂ ਅਗਾਂਹ ਸ਼ਿਰੋਮਣੀ ਮਨੁੱਖਾ-ਜੂਨੀ ਦਾ ਹੱਕਦਾਰ ਬਣਾ ਸਕਦੀ ਹੈ ਪਰ ਮਨੁੱਖ ਹਮੇਸ਼ਾ ਥੋੜ੍ਹ-ਚਿਰੇ ਸੁਹਜ-ਸੁਆਦਾਂ ਪਿੱਛੇ ਭੱਜਦਾ ਆਪਣੀ ਦੁਖਾਂਤਕ ਹੋਣੀ ਨੂੰ ਆਵਾਜ਼ਾਂ ਮਾਰਦਾ ਰਹਿੰਦਾ ਹੈ। ਕਹਾਣੀ ਦੀ ਖ਼ੂਬਸੂਰਤੀ ਇਸ ਦੇ ਬਾਤ ਪਾਉਣ ਵਰਗੇ ਰਹੱਸਮਈ ਅਤੇ ਲੋਕਧਾਰਾਈ ਲਹਿਜ਼ੇ ਵਾਲੀ ਬਿਰਤਾਂਤਕਾਰੀ ਵਿਚ ਹੈ। ਕਾਮੁਕ-ਸੁਆਦ ਵਾਲੀ ਸ਼ਬਦਾਵਲੀ ਅਤੇ ਉਤੇਜਨਾ ਵਾਲੇ ਲਹਿਜ਼ੇ ਤੋਂ ਗੁਰੇਜ਼ ਕਰਦਿਆਂ ਸਭਿਅਕ ਮੁਹਾਵਰੇ ਰਾਹੀਂ ਸੈਕਸ ਦੇ ਵਿਸ਼ੇ ਨੂੰ ਸਾਂਭਣਾ ਕਹਾਣੀ ਦੀ ਵੱਡੀ ਖ਼ੂਬੀ ਹੈ। ਕਹਾਣੀ ਉਸ ਲੋੜੋਂ ਵੱਧ ਅਮੂਰਤਨ (ਐਬਸਟ੍ਰੈਕਸ਼ਨ) ਸ਼ੈਲੀ ਤੋਂ ਵੀ ਬਚ ਕੇ ਚਲਦੀ ਹੈ ਜਿਹੜੀ ਸਮਕਾਲੀ ਪਾਕਿਸਤਾਨੀ ਪੰਜਾਬੀ ਕਹਾਣੀ ਦਾ ਇਕ ਦੋਸ਼ਪੂਰਨ ਲੱਛਣ ਬਣ ਗਈ ਜਾਪਦੀ ਹੈ।

GurmeetKaryalvi7ਗੁਰਮੀਤ ਕੜਿਆਲਵੀ ਦੀ ਕਹਾਣੀ ‘ਅਲੇਹਾ’ (ਤਾਸਮਨ, ਜੁਲਾਈ-ਸਤੰਬਰ) ਇਕ ਲੇਖਕ ਅਤੇ ਅਧਿਆਪਕ-ਰੂਪੀ ਬਿਰਤਾਂਤਕਾਰ ਰਾਹੀਂ ਇਕ ਵਿਦਿਆਰਥੀ-ਨੁਮਾ ਲੜਕੀ ਮਨਦੀਪ ਦਾ ਬਿਰਤਾਂਤ ਪੇਸ਼ ਕਰਦੀ ਹੈ। ਮਨਦੀਪ ਨੂੰ ਜਾਪਦਾ ਹੈ ਕਿ ਸਭ ਰਿਸ਼ਤੇ ਉਸ ਲਈ “ਗਾਰਬੇਜ” ਬਣ ਗਏ ਹਨ। ਉਸ ਦੀ ਚਾਹਤ ਹੈ ਕਿ ਉਸ ਦਾ ਵੀ ਕੋਈ ਆਪਣਾ “ਯੂਨੀਵਰਸ” ਹੋਵੇ। ਸਵਾਰਥ ਭਰੇ ਪਰਿਵਾਰਕ ਰਿਸ਼ਤਿਆਂ ਤੋਂ ਅਜਿਹੀ ਮੋਹ-ਭੰਗ ਦੀ ਅਵਸਥਾ ਵਿਚ ਉਸ ਦਾ ਆਦਰਸ਼ ਉਸ ਦੀ ਗਵਾਂਢਣ, ਆਇਰਸ਼ ਲੇਡੀ ਲਿੰਡਾ ਬਣਦੀ ਹੈ ਜਿਸ ਨੇ ਸਭ ਤਰ੍ਹਾਂ ਦੇ ਭੇਦ-ਭਾਵਾਂ ਤੋਂ, ਉਪਰ ਉੱਠ ਕੇ ਆਪਣਾ “ਯੂਨੀਵਰਸ” ਸਿਰਜਿਆ ਹੋਇਆ ਹੈ। ਪਰ ਮਨਦੀਪ ਨੂੰ ਇਸ ਪੱਖੋਂ ਵੀ ਸਫ਼ਲਤਾ ਨਹੀਂ ਮਿਲਦੀ ਕਿਉਂਕਿ ਉਸ ਦਾ ਆਪਣਾ ਅਵਚੇਤਨ ਅਜੇ ਰੰਗ-ਭੇਦ ਦੇ ਕੀੜੇ ਤੋਂ ਮੁਕਤ ਨਹੀਂ ਹੈ। ਕਹਾਣੀਕਾਰ ਦੀ ਸਮਰੱਥਾ ਪਾਤਰਾਂ ਦੇ ਕਾਰਜ-ਵਿਹਾਰ ਅਤੇ ਬੋਲ-ਬਾਣੀ ਦੇ ਪਿਛੋਕੜ ਵਿਚ ਪ੍ਰੇਰਕ ਬਣੇ ਅਵਚੇਤਨੀ ਸੰਸਾਰ ਦੀ ਪਛਾਣ ਕਰ ਸਕਣ ਵਿਚ ਹੈ। ਚਿੱਠੀਆਂ ਅਤੇ ਫੋਨ ਰਾਹੀਂ ਸੰਵਾਦ ਨੂੰ ਕੁਸ਼ਲਤਾ ਨਾਲ ਕਥਾ-ਜੁਗਤ ਵਜੋਂ ਇਸਤੇਮਾਲ ਕਰਕੇ ਕਹਾਣੀ ਨੂੰ ਸੰਚਾਰੀ ਅਤੇ ਸੋਹਜਮਈ ਬਣਾਇਆ ਗਿਆ ਹੈ।

ਕੁਲਬੀਰ ਬਡੇਸਰੋਂ ਦੀ ਕਹਾਣੀ ‘ਆਕਰੋਸ਼’ (ਸਿਰਜਣਾ, ਅਪ੍ਰੈਲ-ਜੂਨ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇਕ ਫ਼ਿਲਮ-ਅਦਾਕਾਰਾ ਜਸਬੀਰ ਦੀ ਅਸਥਿਰ ਮਾਨਸਿਕ ਸਥਿਤੀ ਦਾ ਬਿਰਤਾਂਤ ਪੇਸ਼ ਕਰਦੀ ਹੈ। ਛੁੱਟੜ ਹੋਣ ਦਾ ਸੰਤਾਪ ਭੋਗ ਰਹੀ ਅਤੇ ਇਕੱਲੀ, ਦੋ ਧੀਆਂ ਦਾ ਪਾਲਣ-ਪੋਸ਼ਣ ਕਰਨ ਦੇ ਨਾਲ ਨਾਲ, ਆਪਣੇ ਪੇਸ਼ੇ ਵਿੱਚ ਸਥਾਪਤੀ ਲਈ ਸੰਘਰਸ਼ ਕਰ ਰਹੀ ਜਸਬੀਰ ਦੀ ਮਾਨਸਿਕ ਟੁੱਟ-ਭੱਜ ਉਸ ਵੇਲੇ ਸਿਖਰ ਉੱਤੇ ਪਹੁੰਚ ਜਾਂਦੀ ਹੈ ਜਦੋਂ ਸ਼ੂਟਿੰਗ ਦੌਰਾਨ ਉਸ ਦਾ ਸਾਹਮਣਾ ਪਤੀ ਦੀ ਪ੍ਰੇਮਿਕਾ ਰਹਿ ਚੁੱਕੀ ਔਰਤ ਨਾਲ ਹੋ ਜਾਂਦਾ ਹੈ। ਅੰਤਲੇ ਸੀਨ ਵਿਚ ਸਿਰਫ ਐਕਟਿੰਗ ਕਰਨ ਦੀ ਥਾਂ ਆਪਣੀ ਵਿਰੋਧੀ ਦੇ ਸੱਚੀਂਮੁੱਚੀ ਥੱਪੜ ਮਾਰ ਕੇ ਜਸਬੀਰ ਆਪਣੇ ਆਕਰੋਸ਼ ਨੂੰ ਵਕਤੀ ਤੌਰ ਤੇ ਤਾਂ ਸ਼ਾਂਤ ਕਰ ਲੈਂਦੀ ਹੈ ਪਰ ਇਸ ਨਾਲ ਵੀ ਉਸ ਦੀ ਸੰਤਾਪ ਤੋਂ ਮੁਕਤੀ ਸੰਭਵ ਨਹੀਂ ਜਾਪਦੀ। ਕਹਾਣੀ ਦੀ ਸ਼ਕਤੀ ਜਿੱਥੇ ਫ਼ਿਲਮ-ਜਗਤ ਦੇ ਵਸਤੂ-ਵੇਰਵਿਆਂ ਨੂੰ ਬਿਰਤਾਂਤਕਾਰੀ ਦਾ ਢੁੱਕਵਾਂ ਅੰਗ ਬਣਾਉਣ ਵਿਚ ਹੈ ਉੱਥੇ ਕੇਂਦਰੀ ਪਾਤਰ ਦੇ ਤਣਾਵਾਂ, ਵੇਗਾਂ ਅਤੇ ਮਨੋਭਾਵਨਾਵਾਂ ਨੂੰ ਢੁਕਵੀਂ ਸਰੋਦੀ ਗਲਪੀ ਭਾਸ਼ਾ ਨਾਲ ਚਿਤਰਨ ਵਿਚ ਵੀ ਹੈ।

ਬਿੰਦਰ ਬਸਰਾ ਦੀ ਕਹਾਣੀ ‘ਆਪਣੇ ਆਪਣੇ ਮੋਰਚੇ’ (ਕਹਾਣੀ-ਪੰਜਾਬ, ਅਪ੍ਰੈਲ 21 - ਮਾਰਚ 22) ਜਵਾਈ-ਰੂਪੀ ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਉਸ ਦੀ ਪਤਨੀ ਦੇ ਮਾਮੇ ਪਰਿਵਾਰ ਦੀ ਰਿਸ਼ਤਿਆਂ ਦੀ ਰਾਜਨੀਤੀ ਦਾ ਬਿਰਤਾਂਤ ਸਿਰਜਦੀ ਹੈ। ਵੱਡਾ ਮਾਮਾ ਇੰਗਲੈਂਡ ਰਹਿੰਦੇ ਸਕੇ ਭਾਣਜੇ ਦੀ ਮੌਤ ਨੂੰ ਵੀਜ਼ਾ ਹਾਸਿਲ ਕਰਨ ਲਈ ਇਸਤੇਮਾਲ ਕਰਨ ਦਾ ਯਤਨ ਕਰਦਾ ਹੈ। ਪਹਿਲਾਂ ਉਹ ਭਾਣਜੀ ਦੇ ਵਿਆਹ ਵੇਲੇ ਵੀਜ਼ਾ ਲੈਣ ਬਹਾਨੇ ਛੋਟੇ ਭਰਾਵਾਂ ਦਾ ਹਿੱਸਾ ਹੜੱਪ ਚੁੱਕਾ ਹੈ। ਕਹਾਣੀ ਨਿੱਜੀ ਸਵਾਰਥਾਂ ਸਾਹਵੇਂ ਭਰਾਤਰੀ ਭਾਵ ਦੀਆਂ ਮਾਨਵੀ ਸੰਵੇਦਨਾਵਾਂ ਦੇ ਮਰ ਜਾਣ ਦਾ ਹਿਰਦੇਵੇਧਕ ਬਿਰਤਾਂਤ ਸਿਰਜਦੀ ਹੈ। ਕਹਾਣੀ ਦੀ ਸਮਰੱਥਾ ਰਿਸ਼ਤਿਆਂ ਦੀ ਵਿਆਕਰਨ ਦੀ ਡੂੰਘੀ ਥਾਹ ਪਾਉਣ ਅਤੇ ਯਥਾਰਥਕ ਗਲਪੀ ਵੇਰਵਿਆਂ ਰਾਹੀਂ ਪ੍ਰਗਟਾਉਣ ਵਿਚ ਹੈ।

ਵਿਪਨ ਗਿੱਲ ਦੀ ਕਹਾਣੀ ‘ਚਾਬੀਆਂ ਦਾ ਗੁੱਛਾ’ (ਕਹਾਣੀ ਧਾਰਾ, ਜੁਲਾਈ-ਸਤੰਬਰ) ਅਧਿਆਪਕਾ-ਰੂਪੀ ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਉਪਰੋਂ ਖੁਸ਼ਹਾਲ ਦਿਸਦੇ ਦੰਪਤੀ ਜੀਵਨ ਦੇ ਅੰਦਰਲੇ ਖੋਖਲੇਪਣ ਦਾ ਬਿਰਤਾਂਤ ਸਿਰਜਦੀ ਹੈ। ਪਤੀ ਦੇ ਵਿਆਹ-ਬਾਹਰੇ ਸਬੰਧਾਂ ਕਾਰਨ ਪਤਨੀ ਦਾ ਇਸ ਪਵਿੱਤਰ ਰਿਸ਼ਤੇ ਤੋਂ ਮੋਹ-ਭੰਗ ਹੋ ਜਾਂਦਾ ਹੈ। ਅੰਤ ਉਹ ਪਰਿਵਾਰਕ ਰਿਸ਼ਤਿਆਂ ਲਈ ਕੁਰਬਾਨੀ ਦੇਣ ਦੇ ਪਰੰਪਰਕ ਵਿਚਾਰ ਤੋਂ ਮੁਕਤ ਹੋਣ ਦਾ ਯਤਨ ਕਰਦੀ ਹੈ। ਕਹਾਣੀ ਦੀ ਸ਼ਕਤੀ ਇਕ ਪਾਸੇ ਵਿਭਿੰਨ ਨਾਰੀ ਪਾਤਰਾਂ ਰਾਹੀਂ ਨਾਰੀ-ਮਨ ਦੀਆਂ ਵੱਖ ਵੱਖ ਸ਼ੇਡਜ਼ ਉਜਾਗਰ ਕਰ ਸਕਣ ਵਿਚ ਹੈ ਤਾਂ ਦੂਜੇ ਪਾਸੇ ਮਨੋਵਿਗਿਆਨਕ ਛੋਹਾਂ ਵਾਲੀ ਸਰੋਦੀ ਗਲਪੀ-ਭਾਸ਼ਾ ਦੀ ਢੁੱਕਵੀਂ ਵਰਤੋਂ ਕਰਨ ਵਿਚ ਵੀ ਹੈ।

ਗੁਰਮੀਤ ਪਨਾਗ ਦੀ ਕਹਾਣੀ ‘ਸੂਲਾਂ ਵਰਗੇ ਪੱਤੇ’ (ਸਿਰਜਣਾ, ਅਕਤੂਬਰ-ਦਸੰਬਰ) ਕਨੇਡਾ-ਵਾਸੀ ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਉਸ ਔਲਾਦ-ਵਿਹੂਣੇ ਪਤੀ-ਪਤਨੀ ਦੇ ਅੰਦਰਲੇ ਖਲਾਅ ਅਤੇ ਵਾਰਸ ਦੀ ਅਚੇਤ ਜਗੀਰੂ-ਭਾਂਤ ਦੀ ਲੋਚਾ ਦਾ ਬਿਰਤਾਂਤ ਸਿਰਜਦੀ ਹੈ। ਆਈ.ਵੀ.ਐੱਫ ਦੀ ਤਕਨੀਕ ਰਾਹੀਂ ਵਾਰਸ ਪ੍ਰਾਪਤ ਕਰਨ ਲਈ ਸਿਹਤ ਦੀ ਬਲੀ ਦੇਣ ਤੱਕ ਦਾ ਜੋਖ਼ਮ ਵੀ ਉਠਾਇਆ ਜਾਂਦਾ ਹੈ। ਅੰਤ ਕਨੇਡਾ ਪੜ੍ਹਨ ਆਏ ਪੰਜਾਬੀ ਬੱਚਿਆਂ ਦੇ ਸੰਗ-ਸਾਥ ਵਿਚ ਉਹ ਵਾਰਸ ਦੇ ਸਿਰਫ ਆਪਣੇ ਹੀ ਖ਼ੂਨ ਵਾਲਾ ਹੋਣ ਦੀ ਮਾਨਸਿਕ ਗੰਢ ਤੋਂ ਮੁਕਤ ਹੁੰਦੇ ਹਨ ਅਤੇ ਬੱਚਾ ਗੋਦ ਲੈਣ ਦਾ ਫੈਸਲਾ ਕਰਦੇ ਹਨ। ਕਹਾਣੀ ਦੀ ਸਭ ਤੋਂ ਵੱਡੀ ਖ਼ੂਬੀ ਇਸ ਦੇ ਸਿਰਜਣਾਤਮਕ ਵਿਗਿਆਨ ਗਲਪ ਦੀਆਂ ਕਥਾ-ਜੁਗਤਾਂ ਨੂੰ ਪੂਰੀ ਕੁਸ਼ਲਤਾ ਨਾਲ ਇਸਤੇਮਾਲ ਕਰ ਸਕਣ ਵਿਚ ਹੈ। ਪਤੀ-ਪਤਨੀ ਦੀ ਤਰਲੋਮੱਛੀ ਸੰਵੇਦਨਾ ਦਾ ਗਲਪੀ ਚਿਤਰ ਵੀ ਯਥਾਰਥਕ ਅਤੇ ਭਾਵਪੂਰਤ ਹੈ।

ਪਰਵੇਜ਼ ਸੰਧੂ ਦੀ ਕਹਾਣੀ ‘ਅੱਗ ਦੀ ਸਾਂਝ’ (ਕਹਾਣੀ ਧਾਰਾ, ਅਕਤੂਬਰ-ਦਸੰਬਰ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇਕ ਪਰਵਾਸੀ ਪੰਜਾਬੀ ਔਰਤ ਸੁੱਖਾਂ ਦੇ ਅੰਦਰਲੇ ਮਾਰੂ “ਖਲਾਅ” ਦਾ ਬਿਰਤਾਂਤ ਪੇਸ਼ ਕਰਦੀ ਹੈ। ਸਸਪੈਂਸ ਵਾਲੀ ਵਿਰੋਧਾਭਾਸੀ ਗੱਲ ਇਹ ਹੈ ਕਿ “ਸੁਖ ਨਾਲ ਘਰ-ਬਾਰ, ਬੱਚੇ ਤੇ ਪੈਸੇ ਵੱਲੋਂ ਉਹਨੂੰ ਕੋਈ ਤੰਗੀ ਨਹੀਂ ਸੀ”, ਫਿਰ ਵੀ ਉਹ “ਡਿਪਰੈਸ਼ਨ” ਅਤੇ ਮੋਹ-ਭੰਗ ਜਿਹੀ ਮਾਨਸਿਕ ਅਵਸਥਾ ਭੋਗਦੀ ਹੈ। ਅੰਤ ਕਾਰਨ ਸਪਸ਼ਟ ਹੁੰਦਾ ਹੈ ਕਿ ਆਪਣੀ ਗੋਰੀ ਸਹੇਲੀ ਦੀਆਂ “ਅੱਗ ਦੀ ਸਾਂਝ” ਨਾਲ ਜਿਉਣ ਦੀਆਂ ਗੱਲਾਂ ਅਤੇ ਵੱਡੀ ਉਮਰ ਵਿਚ ਤਲਾਕ ਲੈਣ ਦੇ ਸਾਹਸਪੂਰਨ ਵਿਹਾਰ ਤੋਂ ਪ੍ਰਭਾਵਿਤ ਹੋ ਕੇ ਸੁੱਖਾਂ ਨੂੰ ਜਾਪਦਾ ਹੈ ਕਿ ਉਸ ਨੇ ਪਰੰਪਰਿਕ ਨੈਤਿਕ ਫ਼ਰਜ਼ਾਂ ਵਿਚ ਫਾਥੀ ਨੇ “ਠੰਢੇ ਰਿਸ਼ਤੇ” ਭੋਗਦਿਆਂ ਹੀ ਆਪਣੀ ਕੀਮਤੀ ਉਮਰ ਗੰਵਾ ਲਈ ਹੈ।

DeeptiBabuta7ਕਹਾਣੀ ਦੀ ਖ਼ੂਬੀ ਫ਼ਰਜ਼ਾਂ ਅਤੇ ਮੂੰਹਜ਼ੋਰ ਚਾਹਤਾਂ ਦੇ ਦਵੰਦ ਵਿਚ ਪਿਸਦੀ ਕੇਂਦਰੀ ਪਾਤਰ ਦਾ ਵੇਰਵੇਯੁਕਤ ਅਤੇ ਭਾਵਪੂਰਤ ਚਰਿਤਰ-ਚਿਤਰਨ ਕਰਨ ਵਿਚ ਹੈ। ਇਕ ਔਰਤ ਦੇ ਵੇਗਵਾਨ ਅਵਚੇਤਨੀ ਸੰਸਾਰ ਦੇ ਸਮਰੂਪ ਪ੍ਰਗੀਤਕ ਲਹਿਜ਼ੇ ਵਾਲੀ ਗਲਪੀ ਭਾਸ਼ਾ ਦੀ ਚੋਣ ਬਿਰਤਾਂਤ ਨੂੰ ਹੋਰ ਸ਼ਕਤੀਸ਼ਾਲੀ ਬਨਾਉਣ ਵਾਲੀ ਹੈ।

ਉਪਰੋਕਤ ਵਰਣਿਤ ਬਿਹਤਰੀਨ ਕਹਾਣੀਆਂ ਦੇ ਨਾਲ ਨਾਲ ਕੁਝ ਹੋਰ ਵੀ ਉਲੇਖਯੋਗ ਕਹਾਣੀਆਂ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ : ਜੜ੍ਹ (ਸਾਂਵਲ ਧਾਮੀ, ਸ਼ਬਦ, ਜਨਵਰੀ-ਦਸੰਬਰ), ਵਸ਼ੀਕਰਨ (ਦੀਪਤੀ ਬਬੂਟਾ, ਕਹਾਣੀ ਧਾਰਾ, ਜਨਵਰੀ-ਮਾਰਚ), ਹੋੜ (ਬਿੰਦਰ ਬਸਰਾ, ਕਹਾਣੀ ਧਾਰਾ, ਅਪ੍ਰੈਲ-ਜੂਨ), ਇਸੇ ਭਿਣ ਭਿਣ ਤੋਂ ਛੁੱਟਿਆ ਸੀ (ਪਰਵੀਨ ਮਲਿਕ, ਪ੍ਰਵਚਨ, ਜਨਵਰੀ-ਮਾਰਚ), ਰਿਸ਼ਤਿਆਂ ਦੀ ਮਹਿਕ (ਮਹਿੰਦਰਪਾਲ ਸਿੰਘ ਧਾਲੀਵਾਲ, ਪ੍ਰਵਚਨ, ਅਪ੍ਰੈਲ-ਜੂਨ)ਆ ਜਾ ਪਿਆਰ ਲੈ ਜਾ (ਜਤਿੰਦਰ ਹਾਂਸ, ਤਾਸਮਨ, ਅਪ੍ਰੈਲ-ਜੂਨ), ਦੋ ਰੰਗੇ ਆਦਮੀ (ਜਗਜੀਤ ਬਰਾੜ, ਤਾਸਮਾਨ, ਅਕਤੂਬਰ-ਦਸੰਬਰ), ਪੁੱਛ-ਪ੍ਰਤੀਤ (ਰਘਬੀਰ ਸਿੰਘ ਮਾਨ, ਸਿਰਜਣਾ, ਜਨਵਰੀ-ਮਾਰਚ), ਕੋਈ ਹਰਿਆ ਬੂਟ (ਬਲਵਿੰਦਰ ਸਿੰਘ ਗਰੇਵਾਲ, ਸਿਰਜਣਾ, ਅਪ੍ਰੈਲ-ਜੂਨ), ਕਸ਼ਮਕਸ਼ (ਗੁਰਮੀਤ ਆਰਿਫ਼, ਸਿਰਜਣਾ, ਜੁਲਾਈ-ਸਤੰਬਰ), ਲਾਂਬੂ (ਸਰਘੀ, ਸਿਰਜਣਾ, ਅਕਤੂਬਰ-ਦਸੰਬਰ), ਕਮੈਂਸਮੈਂਟ (ਹਰਪ੍ਰੀਤ ਸੇਖਾ, ਸਮਕਾਲੀ ਸਾਹਿਤ, ਅਪ੍ਰੈਲ-ਜੂਨ), ਨਮੀਓਂ ਗੱਲ, ਅਟੱਲ ਦੀ ਪਟੱਲ (ਜਤਿੰਦਰ ਹਾਂਸ, ਸਾਹਿਤਕ ਏਕਮ, ਜਨਵਰੀ-ਮਾਰਚ), ਇਨਸਾਈਡਰ (ਬਿੰਦਰ ਬਸਰਾ, ਸਾਹਿਤਕ ਏਕਮ, ਅਪ੍ਰੈਲ-ਜੂਨ), ਰਾਮ ਕਹਾਣੀ (ਅਨੇਮਨ ਸਿੰਘ, ਕਹਾਣੀ ਪੰਜਾਬ, ਅਪ੍ਰੈਲ 21 - ਮਾਰਚ 22), ਫੈਸਲਾ (ਤ੍ਰਿਪਤਾ ਕੇ ਸਿੰਘ, ਚਿਰਾਗ, ਜੁਲਾਈ-ਸਤੰਬਰ),

NiranjanBoha7 ਬੋਲਾਂ ਤਾਂ ਕੀ ਬੋਲਾਂ (ਨਿਰੰਜਨ ਬੋਹਾ, ਚਿਰਾਗ, ਅਕਤੂਬਰ-ਦਸੰਬਰ), ਬਾਰੀਂ ਬਰਸੀਂ ਖੱਟਣ ਗਿਆ ਸੀ (ਜਤਿੰਦਰ ਰੰਧਾਵਾ, ਚਿਰਾਗ਼, ਜਨਵਰੀ-ਮਾਰਚ), ਨਾ ਵੱਸ ਤੇਰੇ ਨਾ ਵੱਸ ਮੇਰੇ (ਹਰਪ੍ਰੀਤ ਸਿੰਘ ਚਨੂੰ, ਸਿਰਜਣਾ, ਜਨਵਰੀ-ਮਾਰਚ), ਆਈ ਕਾਂਟ ਬ੍ਰੀਦ (ਅਜਮੇਰ ਸਿੱਧੂ, ਕਹਾਣੀ ਧਾਰਾ, ਅਕਤੂਬਰ-ਦਸੰਬਰ) ਆਦਿ।

ਇਸ ਸਾਲ ਦੀ ਪੰਜਾਬੀ ਕਹਾਣੀ ਦਾ ਸਰਵੇਖਣ-ਮੁਲਾਂਕਣ ਕਰਦਿਆਂ ਕੁਝ ਧਾਰਨਾਵਾਂ ਅਤੇ ਨੁਕਤੇ ਵਿਸ਼ੇਸ਼ ਰੂਪ ਵਿਚ ਉਭਰੇ ਹਨ ਜੋ ਇਸ ਪ੍ਰਕਾਰ ਹਨ:

ਤੀਜੇ ਪੜਾਅ ਦੇ ਕਹਾਣੀਕਾਰਾਂ ਦੀ ਵੀ ਭਾਵੇਂ ਭਰਵੀਂ ਹਾਜ਼ਰੀ ਵੇਖਣ ਨੂੰ ਮਿਲੀ ਹੈ, ਜਿਵੇਂ ਪ੍ਰੇਮ ਪ੍ਰਕਾਸ਼ (ਮੋਢੇ ਦਾ ਮੁਰਦਾ, ਕਹਾਣੀ ਧਾਰਾ, ਅਪ੍ਰੈਲ-ਜੂਨ), ਪ੍ਰੇਮ ਗੋਰਖੀ (ਕਿਸਾਨ ਮੋਰਚਾ, ਕਹਾਣੀ ਧਾਰਾ, ਜੁਲਾਈ-ਸਤੰਬਰ), ਲਾਲ ਸਿੰਘ (ਕਾਲੀ ਕਿਤਾਬ, ਸਿਰਜਣਾ, ਅਪ੍ਰੈਲ-ਜੂਨ), ਸੁਰਿੰਦਰ ਰਾਮਪੁਰੀ (ਮੰਮੀ ਤੁਸੀਂ ਵੀ ਨਾ, ਸਮਕਾਲੀ ਸਾਹਿਤ, ਅਪ੍ਰੈਲ-ਜੂਨ), ਮੁਖ਼ਤਿਆਰ ਸਿੰਘ (ਪਲ ਛਿਣ, ਸਾਹਿਤਕ ਏਕਮ, ਜਨਵਰੀ-ਮਾਰਚ), ਕਰਮ ਸਿੰਘ ਮਾਨ (ਨੰਗੇ ਪਿੰਡੇ ਛਮਕਾਂ, ਸਾਹਿਤਕ ਏਕਮ, ਜਨਵਰੀ-ਮਾਰਚ), ਜਸਬੀਰ ਭੁੱਲਰ (ਪੌੜੀਆਂ, ਸਾਹਿਤਕ ਏਕਮ, ਜੁਲਾਈ-ਸਤੰਬਰ) ਆਦਿ, ਪਰ ਇਹ ਹਾਜ਼ਰੀ ਬਿਆਨ ਦੀ ਤਾਜ਼ਗੀ ਤੋਂ ਸੱਖਣੀ ਮਹਿਸੂਸ ਹੋਈ ਹੈ। ਦੂਜੇ ਪਾਸੇ ਅਪਵਾਦ ਰੂਪ ਵਿਚ ਤੀਜੇ ਪੜਾਅ ਦੇ ਮੁਹਤਬਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਬਹੁ-ਪਰਤੀ ਅਤੇ ਬਹੁ-ਪਾਸਾਰੀ ਕਹਾਣੀ-ਰਚਨਾ ਕਰਕੇ ਇਕ ਵਾਰ ਫਿਰ ਆਪਣੀ ਪੂਰੀ ਸਮਰੱਥਾ ਦਾ ਜਲੌਅ ਵਿਖਾਇਆ ਹੈ ਅਤੇ ਆਪਣੇ ਕਹਾਣੀ-ਸੰਗ੍ਰਹਿ ‘ਜਮਰੌਦ’ ਨਾਲ ਵੀ ਕਹਾਣੀ-ਬਿਰਤਾਂਤ ਦੀ ਨਵੀਂ ਸਿਖਰ ਛੋਹੀ ਹੈ।

 PremGorkhi1* ਇਸ ਸਾਲ ਵੀ ਸਭ ਤੋਂ ਵੱਧ ਚੰਗੀਆਂ ਕਹਾਣੀਆਂ ‘ਸਿਰਜਣਾ’ ਵਿਚ ਹੀ ਛਪੀਆਂ। ਡਾ. ਰਘਬੀਰ ਸਿੰਘ ਦੀ ਜ਼ਿੰਮੇਵਾਰਾਨਾ ਸੰਪਾਦਕੀ ਸੂਝ ਮਿਸਾਲੀ ਸਿੱਧ ਹੋਈ ਹੈ। ਅਪ੍ਰੈਲ-ਜੂਨ ਵਾਲੇ 200ਵੇਂ ਅੰਕ ਦੀ ਤਾਂ ਵਿਸ਼ੇਸ਼ ਸਲਾਹੁਤਾ ਹੋਈ

ਚੰਗੀਆਂ ਕਹਾਣੀਆਂ ਛਾਪਣ ਵਾਲੇ ਰਿਸਾਲੇ ‘ਹੁਣ’ ਅਤੇ ‘ਰਾਗ’ ਬੰਦ ਹੋਣ ਨਾਲ ਵੱਡਾ ਘਾਟਾ ਪਿਆ ਪਰ ‘ਤਾਸਮਨ’ ਦੀ ਆਮਦ ਨੇ ਕੁਝ ਧਰਵਾਸ ਦਿੱਤਾ ਹੈ।

ਰਿਸਾਲੇ ‘ਪ੍ਰਵਚਨ’ ਨੇ ਡਲਹੌਜੀ ਵਾਲੀ ਕਹਾਣੀ ਗੋਸ਼ਟੀ ਦੇ ਸਬੱਬ ਨਾਲ ਪਾਕਿਸਤਾਨੀ ਪੰਜਾਬੀ ਕਹਾਣੀ ਬਾਰੇ ਵਿਸ਼ੇਸ਼ ਅੰਕ (ਜਨਵਰੀ-ਮਾਰਚ) ਪ੍ਰਕਾਸ਼ਿਤ ਕਰਕੇ ਆਪਣੀ ਇਸ ਚੰਗੀ ਪਿਰਤ ਨੂੰ ਜਾਰੀ ਰੱਖਿਆ।

ਕਹਾਣੀ ਧਾਰਾ’ ਨੇ ਨਾਰੀ ਕਥਾਕਾਰੀ ਵਿਸ਼ੇਸ਼ ਅੰਕ (ਜਨਵਰੀ-ਮਾਰਚ) ਵਿਚ ਨੌਂ ਕਹਾਣੀਆਂ ਛਾਪ ਕੇ ਸਮਰੱਥ ਨਵੀਆਂ ਕਲਮਾਂ ਨੂੰ ਉਭਾਰਨ ਵਿਚ ਅਹਿਮ ਯੋਗਦਾਨ ਪਾਇਆ।

ਕਹਾਣੀ ਪੰਜਾਬ’ ਨੇ ਵੱਡ-ਆਕਾਰੀ ਵਿਸ਼ੇਸ਼ ਅੰਕ (ਅਪ੍ਰੈਲ 21 - ਮਾਰਚ 22) ਵਿਚ ਮੌਲਿਕ ਅਠਾਰਾਂ ਕਹਾਣੀਆਂ ਛਾਪ ਕੇ ਅਜੋਕੀ ਪੰਜਾਬੀ ਕਹਾਣੀ ਨੂੰ ਨਵਾਂ ਹੁਲਾਰਾ ਦਿੱਤਾ ਹੈ।

ਇਸ ਵਾਰ ਢਾਹਾਂ ਪੁਰਸਕਾਰ ਲਈ ਪੁਸਤਕਾਂ ਦੀ ਚੋਣ ਨੂੰ ਲੈ ਕੇ ਭਖਵਾਂ ਵਾਦ-ਵਿਵਾਦ ਛਿੜਿਆ ਰਿਹਾ ਜਿਸ ਨਾਲ ਜਿਊਰੀ ਦੀ ਚੋਣ ਨੂੰ ਲੈ ਕੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਫਿਰ ਵੀ ਆਪਣਾ ਹੱਕੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਕਹਾਣੀਕਾਰਾਂ ਨੈਨ ਸੁਖ (ਜੋਗੀ ਸੱਪ ਤਰਾਹ) ਅਤੇ ਸਰਘੀ (ਆਪਣੇ ਆਪਣੇ ਮਰਸੀਏ) ਨੂੰ ਬਹੁਤ ਬਹੁਤ ਵਧਾਈ।

GurdevSRupana1ਸਾਹਿਤ ਅਕਾਦੇਮੀ ਦਾ ਪੁਰਸਕਾਰ ਕਹਾਣੀ ਦੇ ਸ਼ਾਹਸਵਾਰ ਗੁਰਦੇਵ ਸਿੰਘ ਰੁਪਾਣਾ (ਕਹਾਣੀ ਸੰਗ੍ਰਹਿ ‘ਆਮ-ਖ਼ਾਸ’) ਨੂੰ ਮਿਲਨ ਨਾਲ ਪੰਜਾਬੀ ਕਹਾਣੀ ਦਾ ਮਾਣ ਹੋਰ ਵਧਿਆ ਹੈ।

ਮੇਰੇ ਅਜ਼ੀਜ਼, ਨਾਮਵਰ ਪਾਕਿਸਤਾਨੀ ਪੰਜਾਬੀ ਚਿੰਤਕ ਅਤੇ ਕਹਾਣੀਕਾਰ ਡਾ. ਕਰਾਮਤ ਮੁਗ਼ਲ ਦੁਆਰਾ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਸ ਵਾਰ ਓਧਰ ਜਿਹੜੇ ਅਹਿਮ ਕਹਾਣੀ-ਸੰਗ੍ਰਹਿ ਪ੍ਰਕਾਸ਼ਤ ਹੋਏ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: ਦੂਜੀ ਗ਼ਲਤੀ (ਅਲੀ ਅਨਵਰ ਅਹਿਮਦ), ਭੁੱਖ (ਸਾਬਿਰ ਅਲੀ ਸਾਬਿਰ), ਤਸਵੀਰ (ਸਾਈਦ ਉਲਫ਼ਤ), ਪਰਤਣ (ਇਰਫ਼ਾਨ ਪਾਸ਼ਾ) ਆਦਿ। ਨੈਨ ਸੁਖ ਦਾ ਪੁਰਸਕ੍ਰਿਤ ਕਹਾਣੀ-ਸੰਗ੍ਰਹਿ ‘ਜੋਗੀ ਸੱਪ ਤਰਾਹ’ ਉੱਦਮੀ ਲਿੱਪੀਅੰਤਰਕਾਰ ਡਾ. ਪਰਮਜੀਤ ਮੀਸ਼ਾ ਦੇ ਯਤਨਾਂ ਨਾਲ ਗੁਰਮੁਖੀ ਲਿੱਪੀ ਵਿਚ ਵੀ ਤੁਰੰਤ ਛਪ ਗਿਆ ਹੈ, ਇਸ ਪਿਰਤ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ।

MohanBhandari1ਪਰਵਾਸੀ ਪੰਜਾਬੀ ਕਹਾਣੀ ਦਾ ਮੁੱਖ ਕੇਂਦਰ ਹੁਣ ਕਨੇਡਾ ਬਣ ਗਿਆ ਹੈ। ਭਾਵੇਂ ਨਵੇਂ ਕਹਾਣੀਕਾਰ ਉੱਥੇ ਵੀ ਸੀਮਿਤ ਮਾਤਰਾ ਵਿਚ ਹੀ ਪੈਦਾ ਹੋ ਰਹੇ ਹਨ ਪਰ ਇਸ ਸਾਲ ਜਤਿੰਦਰ ਰੰਧਾਵਾ ਆਪਣੇ ਉਲੇਖਯੋਗ ਕਹਾਣੀ-ਸੰਗ੍ਰਹਿ ‘ਬਾਰੀਂ ਬਰਸੀਂ ਖੱਟਣ ਗਿਆ ਸੀ’ ਨਾਲ ਤੇਜ਼ੀ ਨਾਲ ਉੱਭਰ ਕੇ ਸਾਹਮਣੇ ਆਈ ਹੈ। ਸਵਾਗਤ ਕਰਨਾ ਬਣਦਾ ਹੈ।

ਭਾਰਤ ਵਿਚ ਪੰਜਾਬੋਂ ਬਾਹਰ ਪੰਜਾਬੀ ਕਹਾਣੀ ਦੇ ਸਰੋਤ ਦਿਨੋਂ-ਦਿਨ ਚਿੰਤਾ ਦੀ ਹੱਦ ਤੱਕ ਸੁੱਕ ਰਹੇ ਹਨ। ਜੰਮੂ-ਕਸ਼ਮੀਰ ਤੋਂ ਸੰਪਾਦਕ ਬਲਜੀਤ ਸਿੰਘ ਰੈਨਾ ‘ਆਬਰੂ’ ਰਿਸਾਲਾ ਪ੍ਰਕਾਸ਼ਿਤ ਕਰਦਾ ਹੈ ਪਰ ਉਸ ਵਿਚ ਉੱਥੋਂ ਦੇ ਲੇਖਕਾਂ ਦੀਆਂ ਛਪੀਆਂ ਕਹਾਣੀਆਂ ਕਲਾਤਮਕ ਪੱਖੋਂ ਵੀ ਦਰਮਿਆਨੇ ਪੱਧਰ ਦੀਆਂ ਹੀ ਹੁੰਦੀਆਂ ਹਨ ਅਤੇ ਉਨ੍ਹਾਂ ਵਿਚੋਂ ਆਂਚਲਿਕਤਾ ਦਾ ਤੱਤ ਵੀ ਮਨਫ਼ੀ ਹੁੰਦਾ ਹੈ। ਪਰ ਇਸ ਦੇ ਸਮਵਿੱਥ ਮੁੰਬਈ ਵੱਲੋਂ ਕਹਾਣੀਕਾਰ ਕੁਲਬੀਰ ਬਡੇਸਰੋਂ ਦੇ ਉਭਾਰ ਨਾਲ ਚੰਗੀ ਖ਼ਬਰ ਆਈ ਹੈ। ਗਲਪਕਾਰ ਸੁਖਬੀਰ ਦੇ ਜਾਣ ਨਾਲ ਜੋ ਘਾਟਾ ਪਿਆ ਸੀ ਉਸ ਦੇ ਕੁਝ ਨਾ ਕੁਝ ਪੂਰੇ ਹੋਣ ਦੀ ਆਸ ਕੁਲਬੀਰ ਬਡੇਸਰੋਂ ਦੀਆਂ ਫ਼ਿਲਮ-ਨਗਰੀ ਦੇ ਯਥਾਰਥ ਬਾਰੇ ਸਮਰੱਥ ਕਹਾਣੀਆਂ ਨਾਲ ਜਾਗੀ ਹੈ।

ਸਾਡੇ ਕੁਝ ਅਹਿਮ ਕਹਾਣੀਕਾਰ ਇਸ ਸਾਲ ਸਦੀਵੀ ਵਿਛੋੜਾ ਦੇ ਗਏ ਹਨ। ਵੇਰਵਾ ਇਸ ਪ੍ਰਕਾਰ ਹੈ : ਕਰਨਲ ਨਾਦਿਰ ਅਲੀ, ਤਾਰਨ ਗੁਜ਼ਰਾਲ, ਦੀਪ ਮੋਹਿਨੀ, ਬਲਦੇਵ ਸਿੰਘ ਕੋਰੇ, ਦਰਸ਼ਨ ਧੀਰ, ਗੁਰਮੁਖ ਸਿੰਘ ਸਹਿਗਲ, ਪ੍ਰੇਮ ਗੋਰਖੀ, ਰਤਨ ਸਿੰਘ, ਅਜੀਤ ਸਿੰਘ, ਸੁਲੱਖਣਮੀਤ, ਸੁਰਿੰਦਰ ਕੌਰ ਖਰਲ, ਐੱਸ ਬਲਵੰਤ, ਐੱਸ ਸਾਕੀ, ਮੇਘ ਰਾਜ ਗੋਇਲ, ਇੱਛੂ ਪਾਲ, ਮੋਹਨ ਭੰਡਾਰੀ ਅਤੇ ਗੁਰਦੇਵ ਸਿੰਘ ਰੁਪਾਣਾ। ਵਿਛੜੇ ਕਹਾਣੀਕਾਰਾਂ ਨੂੰ ਸ਼ਰਧਾਂਜਲੀ।

JasbirBhullar2ਇਸ ਸਾਲ ਛਪੀਆਂ ਕੁਝ ਮੁੱਲਵਾਨ ਸੰਪਾਦਿਤ ਪੁਸਤਕਾਂ ਦਾ ਵੇਰਵਾ ਇਸ ਪ੍ਰਕਾਰ ਹੈ: ...ਤੇ ਫੇਰ ਜੰਗ (ਜੰਗ ਨਾਲ ਵਾਬਸਤਾ ਕਹਾਣੀਆਂ, ਸੰਪਾ. ਜਸਬੀਰ ਭੁੱਲਰ), ਰੂਹ ਦੀ ਕੋਈ ਜੂਹ ਨਹੀਂ ਹੁੰਦੀ (ਸਮਲਿੰਗਕਤਾ ਤੇ ਕੇਂਦਰਿਤ ਕਹਾਣੀਆਂ, ਸੰਪਾ. ਅਨੇਮਨ ਸਿੰਘ ਤੇ ਅੰਜਨਾ ਸ਼ਿਵਦੀਪ), ਅਮਰੀਕਾ ਦੀਆਂ ਚੋਣਵੀਆਂ ਕਹਾਣੀਆਂ (ਸੰਪਾ. ਰਵੀ ਸ਼ੇਰਗਿੱਲ), ਪੰਜਾਬੀ ਦਲਿਤ ਕਹਾਣੀ (ਸਾਹਿਤਯ ਅਕਾਦੇਮੀ, ਦਿੱਲੀ, ਸੰਪਾ. ਬਲਦੇਵ ਸਿੰਘ ਧਾਲੀਵਾਲ), ਚੌਥਾ ਪਹਿਰ (ਸੰਪਾ. ਡਾ. ਜੇ.ਬੀ. ਸੇਖੋਂ), 2020 ਦੀਆਂ ਚੋਣਵੀਆਂ ਕਹਾਣੀਆਂ (ਸੰਪਾ. ਅਨੇਮਨ ਸਿੰਘ), ਧਰਤ ਪਰਾਈ ਆਪਣੇ ਲੋਕ (ਉੱਤਰੀ ਅਮਰੀਕੀ ਪੰਜਾਬੀ ਕਹਾਣੀ, ਸੰਪਾ. ਅਮਰਜੀਤ ਕੌਰ ਪੰਨੂੰ, ਸੁਰਜੀਤ ਕੌਰ, ਲਾਜ ਨੀਲਮ ਸੈਣੀ) ਆਦਿ।

ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਸਾਲ ਦੀ ਪੰਜਾਬੀ ਕਹਾਣੀ ਨੇ ਵੀ ਗਿਣਤੀ ਅਤੇ ਗੁਣ ਦੇ ਪੱਖੋਂ ਆਪਣੇ ਯੋਗਦਾਨ ਨੂੰ ਬਰਕਰਾਰ ਰੱਖਿਆ ਹੈ। ਮੌਜੂਦਾ ਪ੍ਰਸਥਿਤੀਆਂ ਦੀ ਕਠੋਰਤਾ ਨੇ ਭਾਵੇਂ ਵਕਤੀ ਤੌਰ ਤੇ ਮੱਧਵਰਗੀ ਜੀਵਨ-ਦਿ੍ਰਸ਼ਟੀ ਨੂੰ ਬੇਬਸੀ ਦੇ ਆਲਮ ਵੱਲ ਧਕੇਲਿਆ ਹੈ ਪਰ ਇਨ੍ਹਾਂ ਬਹੁਪੱਖੀ ਸੰਕਟਾਂ ਨੇ ਨਵੇਂ ਮੱਧਵਰਗ ਨੂੰ ਆਪਣੇ ਹੋਂਦ ਦੇ ਮਸਲਿਆਂ ਪ੍ਰਤੀ ਚਿੰਤਨਸ਼ੀਲ ਵੀ ਬਣਾਇਆ ਹੈ। ਮੌਜੂਦਾ ਕਹਾਣੀ ਵਿਚੋਂ ਅਜਿਹੇ ਦਾਰਸ਼ਨਿਕ ਚਿੰਤਨ ਦੀਆਂ ਸੁਰਾਂ ਨੂੰ ਸਪੱਸ਼ਟ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਲਗਦਾ ਹੈ ਜਿਵੇਂ ਕਠੋਰਤਾ ਦੀ ਕੁਠਾਲੀ ਵਿਚ ਪੈ ਕੇ ਮੱਧਵਰਗ ਆਪਣੇ ਆਪ ਨੂੰ ਪੁਨਰ-ਪਰਿਭਾਸ਼ਤ ਕਰ ਰਿਹਾ ਹੋਵੇ। ਦੂਜੇ ਸ਼ਬਦਾਂ ਵਿਚ ਅਜਿਹਾ ਪੁਨਰ-ਚਿੰਤਨ ਮੱਧਵਰਗ ਨੂੰ ਕਾਰਪੋਰੇਟ ਜਗਤ ਦੇ ਤਲਿੱਸਮ ਜਾਂ ਭਰਮ-ਜਾਲ ਤੋਂ ਸੁਚੇਤ ਕਰਨ ਵਾਲਾ ਵੀ ਸਿੱਧ ਹੋਵੇਗਾ। ਕਿਸਾਨੀ ਸੰਘਰਸ਼ ਅਤੇ ਜਿੱਤ ਨੇ ਵੀ ਸ਼ਹਿਰੀ ਮੱਧਵਰਗੀ ਚੇਤਨਾ ਨੂੰ ਨਵੀਂ ਜੁੰਬਸ਼ ਦਿੱਤੀ ਹੈ ਜਿਸ ਦਾ ਕਹਾਣੀ ਰਾਹੀਂ ਪ੍ਰਗਟਾਵਾ ਅਜੇ ਆਉਣ ਵਾਲੇ ਸਮੇਂ ਵਿਚ ਵੇਖਣ ਨੂੰ ਮਿਲੇਗਾ। ਪਿੰਡ ਅਤੇ ਪਿੰਡ ਦਾ ਜੁਝਾਰੂ ਖਾਸਾ ਜੋ ਪੰਜਾਬੀ ਕਹਾਣੀ ਵਿਚੋਂ ਮਨਫ਼ੀ ਹੋਣਾ ਸ਼ੁਰੂ ਹੋ ਗਿਆ ਸੀ, ਦੇ ਮੁੜ ਕਹਾਣੀ-ਰਚਨਾ ਦਾ ਜੀਵੰਤ ਤੱਤ ਬਣਨ ਦੀ ਆਸ ਪੈਦਾ ਹੋਈ ਹੈ। ਸੋਸ਼ਲ-ਮੀਡੀਆ ਦਾ ਖੁੱਲ੍ਹਾ-ਮੰਚ ਇਕ ਪਾਸੇ ਪੰਜਾਬੀ ਕਹਾਣੀ ਅਤੇ ਕਹਾਣੀਕਾਰ ਲਈ ਪ੍ਰਚਾਰ-ਪਾਸਾਰ ਦੇ ਬੇਅੰਤ ਮੌਕੇ ਪ੍ਰਦਾਨ ਕਰਨ ਦਾ ਸਬੱਬ ਬਣਿਆਂ ਹੈ ਪਰ ਦੂਜੇ ਪਾਸੇ ਸੂਡੋ-ਸਮੀਖਿਆ ਰਾਹੀਂ ਪੰਜਾਬੀ ਕਹਾਣੀਕਾਰ ਦੀ ਮਾਨਸਿਕਤਾ ਨੂੰ ਅਸਥਿਰ ਕਰਨ ਵਾਲਾ ਵੀ ਸਾਬਿਤ ਹੋ ਰਿਹਾ ਹੈ। ਆਸ ਹੈ ਮੱਧਵਰਗੀ ਪੰਜਾਬੀ ਕਹਾਣੀਕਾਰ ਇਸ ਚੁਣੌਤੀ ਨਾਲ ਵੀ ਸਾਬਿਤ-ਸਿਦਕ ਨਾਲ ਸਿੱਝ ਲਵੇਗਾ। ਇਹ ਆਸ ਇਸ ਕਰਕੇ ਵਿਸ਼ਵਾਸ ਵਰਗੀ ਜਾਪਦੀ ਹੈ ਕਿਉਂਕਿ ਪੰਜਾਬੀ ਕਹਾਣੀਕਾਰ ਆਪਣੇ ਕਥਾ-ਵਸਤੂ ਦੀ ਚੋਣ ਫੈਸ਼ਨ-ਵੱਸ ਰੁਝਾਨ ਤੋਂ ਬਚ ਕੇ ਹਮੇਸ਼ਾਂ ਹੀ ਮੌਜੂਦਾ ਪ੍ਰਸਥਿਤੀਆਂ ਨਾਲ ਖਹਿ ਕੇ ਲੰਘਦਿਆਂ ਹੀ ਕਰਦਾ ਰਿਹਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3232)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

More articles from this author