BaldevSDhaliwal7ਇਹ ਨਿਰਣਾ ਤਾਂ ਅੰਤ ਪੰਜਾਬੀ ਕਹਾਣੀ ਦੇ ਪਾਠਕ ਨੇ ਹੀ ਕਰਨਾ ਹੁੰਦਾ ਹੈ ਕਿ ਮੁਲਾਂਕਣ ਕਿੰਨਾ ਕੁ ...
(14 ਜਨਵਰੀ 2023)
ਮਹਿਮਾਨ: 73


ਪੰਜਾਬੀ ਕਹਾਣੀ ਆਪਣੇ ਪੂਰੇ ਜਲੌਅ ਵਿੱਚ ਹੈ
ਇਸ ਵਾਰ ਢਾਹਾਂ ਪੁਰਸਕਾਰ ਲਈ ਤਿੰਨੋ ਕਹਾਣੀ ਸੰਗ੍ਰਹਿ ਹੀ ਚੁਣੇ ਗਏ ਸਨਸਾਹਿਤ ਅਕਾਦਮੀ, ਦਿੱਲੀ ਦਾ ਸਨਮਾਨ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਕਹਾਣੀ ਵਿਧਾ ਨੂੰ ਹੀ ਮਿਲ ਰਿਹਾ ਹੈਇਸ ਲਈ ਪੰਜਾਬੀ ਕਹਾਣੀ ਦਾ ਮੁਲਾਂਕਣ ਕਾਫ਼ੀ ਚੁਣੌਤੀ ਭਰਿਆ ਹੁੰਦਾ ਹੈਖਦਸ਼ਾ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਮੁੱਲਵਾਨ ਕਹਾਣੀ ਅਣਗੌਲੀ ਨਾ ਰਹਿ ਜਾਵੇ ਜਾਂ ਕਿਸੇ ਦੂਜੇ, ਤੀਜੇ ਦਰਜੇ ਦੀ ਕਹਾਣੀ ਨੂੰ ਬੇਲੋੜਾ ਮਹੱਤਵ ਨਾ ਮਿਲ ਜਾਵੇਖ਼ੈਰ ਇਹ ਨਿਰਣਾ ਤਾਂ ਅੰਤ ਪੰਜਾਬੀ ਕਹਾਣੀ ਦੇ ਪਾਠਕ ਨੇ ਹੀ ਕਰਨਾ ਹੁੰਦਾ ਹੈ ਕਿ ਮੁਲਾਂਕਣ ਕਿੰਨਾ ਕੁ ਨਿਰਪੱਖ ਹੈ ਪਰ ਮੈਂ ਆਪਣੇ ਵਿਤ ਅਨੁਸਾਰ ਆਪਣੀ ਪੂਰੀ ਵਾਹ ਲਾਉਂਦਾ ਹਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਸਕਾਂਨਵਾਂ ਜ਼ਮਾਨਾ ਅਖ਼ਬਾਰ ਦਾ ਸ਼ੁਕਰੀਆ ਕਿ ਪਿਛਲੇ ਵੀਹ ਬਾਈ ਸਾਲਾਂ ਤੋਂ ਉਨ੍ਹਾਂ ਮੈਨੂੰ ਇਸ ਖ਼ੁਸ਼ਗਵਾਰ ਆਹਰੇ ਲਾ ਰੱਖਿਆ ਹੈਹੇਠਾਂ ਪੂਰੇ ਲੇਖ ਦੀ ਟੈਕਸਟ ਦਿੱਤੀ ਹੈਅਦਾਰਾ ਰਾਗ਼ ਦਾ ਵੀ ਸ਼ੁਕਰੀਆ ਕਿ ਇਸ ਵਰ੍ਹੇ ਉਨ੍ਹਾਂ ਨੇ ਮੈਨੂੰ ਕਹਾਣੀਕਾਰ ਵਜੋਂ ਮਾਣ ਸਨਮਾਨ ਦਿੱਤਾ ਹੈ

***

ਨਵ-ਨਾਰੀਵਾਦ ਦੇ ਨਕਸ਼ ਤਲਾਸ਼ਦੀ ਪੰਜਾਬੀ ਕਹਾਣੀ --- ਡਾ. ਬਲਦੇਵ ਸਿੰਘ ਧਾਲੀਵਾਲ

ਪੰਜਾਬੀ ਸਾਹਿਤ-ਸਿਰਜਣਾ ਅਤੇ ਸਮੀਖਿਆ ਦੀ ਇਹ ਸਿਫ਼ਤ ਰਹੀ ਹੈ ਕਿ ਇਨ੍ਹਾਂ ਨੇ ਹਮੇਸ਼ਾ ਉਚੇਚ ਭਰੇ ਉਤਸ਼ਾਹ ਨਾਲ ਨਵੇਂ ਵਿਸ਼ਵ-ਚਿੰਤਨ ਨਾਲ ਵਰ ਮੇਚ ਕੇ ਚੱਲਣ ਲਈ ਸਲਾਹੁਣਯੋਗ ਹੰਭਲੇ ਮਾਰੇ ਹਨਇਸ ਅਮਲ ਨੇ ਪੰਜਾਬੀ ਰਚਨਾ-ਦ੍ਰਿਸ਼ਟੀ ਨੂੰ ਸਮੇਂ ਸਮੇਂ ਨਵੀਂ ਊਰਜਾ ਦਿੱਤੀ ਹੈ ਜਿਸ ਸਦਕਾ ਪੰਜਾਬੀ ਰਚਨਾਕਾਰ ਅਤੇ ਚਿੰਤਕ ਸੁਚੇਤ ਅਤੇ ਅਚੇਤ ਨਵੇਂ ਪ੍ਰਯੋਗਾਂ ਦੀ ਚੌਥੀ ਕੂਟ ਵੱਲ ਤੁਰਨ ਦਾ ਸਾਹਸ ਵਿਖਾਉਂਦਾ ਰਿਹਾ ਹੈ

ਸਾਲ 2022 ਦੀ ਪੰਜਾਬੀ ਕਹਾਣੀ ਨੂੰ ਉੱਪਰਲੀ ਧਾਰਨਾ ਦੇ ਪ੍ਰਸੰਗ ਵਿੱਚ ਪੜ੍ਹੀਏ ਤਾਂ ਸਭ ਤੋਂ ਉੱਭਰਵਾਂ ਨੁਕਤਾ ਇਹੀ ਪ੍ਰਤੀਤ ਹੁੰਦਾ ਹੈ ਕਿ ਇਹ ਨਵ-ਨਾਰੀਵਾਦ ਦੇ ਨਜ਼ਰੀਏ ਤੋਂ ਨਾਰੀ-ਅਨੁਭਵ ਦੇ ਵਿਭਿੰਨ ਪਾਸਾਰਾਂ ਨੂੰ ਵੱਖ ਵੱਖ ਕੋਣਾਂ ਤੋਂ ਵੇਖਣ, ਵਾਚਣ ਅਤੇ ਗਲਪ-ਬਿੰਬ ਵਿੱਚ ਢਾਲ ਕੇ ਪੇਸ਼ ਕਰਨ ਵੱਲ ਵਧੇਰੇ ਰੁਚਿਤ ਹੋਈ ਹੈਨਿਰਸੰਦੇਹ, ਨਾਰੀ-ਸਰੋਕਾਰਾਂ ਨੂੰ ਕਥਾ-ਵਸਤੂ ਬਣਾਉਣ ਦਾ ਕਾਰਜ ਪਹਿਲੇ, ਦੂਜੇ ਅਤੇ ਤੀਜੇ ਪੜਾਅ ਦੇ ਪੰਜਾਬੀ ਕਹਾਣੀਕਾਰਾਂ ਵੱਲੋਂ ਵੀ ਕੀਤਾ ਜਾਂਦਾ ਰਿਹਾ ਹੈ, ਜਿਵੇਂ ਭਾਬੀ ਮੈਨਾ (ਗੁਰਬਖ਼ਸ਼ ਸਿੰਘ ਪ੍ਰੀਤਲੜੀ), ਰਾਸ ਲੀਲ੍ਹਾ (ਸੁਜਾਨ ਸਿੰਘ), ਡੈੱਡ-ਲਾਈਨ (ਪ੍ਰੇਮ ਪ੍ਰਕਾਸ਼) ਆਦਿ ਦੀਆਂ ਕਲਾਸਕੀ ਮਹੱਤਤਾ ਵਾਲੀਆਂ ਕਹਾਣੀਆਂ ਤੋਂ ਸਪਸ਼ਟ ਹੈ ਪਰ ਅਜੋਕੀ ਪੰਜਾਬੀ ਕਹਾਣੀ ਵਿੱਚੋਂ ਇਸ ਅਨੁਭਵ ਦੀ ਪੇਸ਼ਕਾਰੀ ਵਿੱਚ ਇੱਕ ਸਿਫ਼ਤੀ (ਕੁਆਲੀਟੇਟਿਵ) ਤਬਦੀਲੀ ਦਾ ਆਭਾਸ ਹੋਣ ਲੱਗਾ ਹੈਇਸ ਪਰਿਵਰਤਨ ਦਾ ਸਬੰਧ ਕਹਾਣੀਕਾਰਾਂ ਦੀ ਨਵ-ਨਾਰੀਵਾਦੀ ਰਚਨਾ-ਦ੍ਰਿਸ਼ਟੀ ਨਾਲ ਹੈ

ਵਿਸ਼ਵ-ਚਿੰਤਨ ਵਿੱਚ ਨਾਰੀਵਾਦ ਦੇ ਇਸ ਅਜੋਕੇ ਰੂਪ ਦਾ ਅਰਥ ਇਹ ਹੈ ਕਿ ਔਰਤ ਤੇ ਮਰਦ ਇੱਕ ਦੂਜੇ ਤੋਂ ਵਿਲੱਖਣ ਹੁੰਦੇ ਹਨ ਪਰ ਇੱਕ ਦੂਜੇ ਤੋਂ ਸਰਵੋਤਮ ਨਹੀਂ ਹੁੰਦੇਇਸ ਲਈ ਨਵ-ਨਾਰੀਵਾਦ ਦਾ ਸੰਕਲਪ ਉਨ੍ਹਾਂ ਵਿੱਚ ਅਜਿਹੇ ਮੁਕਾਬਲੇ ਦੀ ਥਾਂ ਪ੍ਰਸਪਰ ਸਹਿਯੋਗ (ਕੰਪਲੀਮੈਂਟੈਰਿਟੀ) ਉੱਤੇ ਬਲ ਦਿੰਦਾ ਹੈਇਹ ਨਵੀਂ ਅੰਤਰ-ਦ੍ਰਿਸ਼ਟੀ ਉੱਤਰ-ਆਧੁਨਿਕ ਦੌਰ ਦੇ ਪ੍ਰਚੱਲਤ ਸੰਕਲਪਾਂ ‘ਮਰਦ ਦਾ ਅੰਤ’ ਜਾਂ ‘ਮਰਦ ਤੋਂ ਮੁਕਤੀ’ ਦਾ ਖੰਡਨ ਕਰਦਿਆਂ ਮਰਦ ਦੇ ਮਾਨਵੀ ਰੂਪ ਨੂੰ ਜਸ਼ਨਾਵੀ ਢੰਗ ਨਾਲ ਸਵੀਕਾਰਦੀ ਹੈਪਰ ਨਾਲ ਹੀ ਪਿਤਰਕੀ (ਪੈਟਰੀਆਰਕੀ) ਨੂੰ ਇੱਕ ਵਿਚਾਰਧਾਰਾ ਮੰਨਦਿਆਂ ਉਸਦੇ ਪ੍ਰਮੁੱਖ ਹਥਿਆਰ, ਪਿਤਰਕੀ ਧੌਂਸ, ਨੂੰ ਵੰਗਾਰਦੀ ਹੈਇਸ ਤਰ੍ਹਾਂ ਨਵ-ਨਾਰੀਵਾਦ ਜਿੱਥੇ ਕਿਸੇ ਵੀ ਰੂਪ ਵਾਲੀ ਮਰਦਵਾਦੀ ਹਿੰਸਾ ਨੂੰ ਨਕਾਰਦਾ ਹੈ ਉੱਥੇ ਪਰੰਪਰਕ ਔਰਤਵਾਦੀ ਰੁਮਾਂਸ ਦ੍ਰਿਸ਼ਟੀ (ਕਿ ਸਿਰਫ਼ ਔਰਤ ਹੀ ਕੋਮਲਭਾਵੀ, ਸੁਹਜਮਈ, ਸਹਿਣਸ਼ੀਲ, ਮਮਤਾਮਈ, ਪ੍ਰਗਤੀਸ਼ੀਲ ਆਦਿ ਹੁੰਦੀ ਹੈ) ਦੀ ਮਿੱਥ ਉੱਤੇ ਵੀ ਪ੍ਰਸ਼ਨ-ਚਿੰਨ੍ਹ ਲਾਉਂਦਾ ਹੈਇਸ ਪ੍ਰਕਾਰ ਨਵ-ਨਾਰੀਵਾਦ ਦੀ ਧਾਰਨਾ ਹੈ ਕਿ ਪਿਤਰਕੀ ਵਿਚਾਰਧਾਰਾ ਸਿਰਫ਼ ਮਰਦਾਂ ਰਾਹੀਂ ਨਹੀਂ ਬਲਕਿ ਔਰਤ ਅਤੇ ਮਰਦ ਦੋਵਾਂ ਨੂੰ ਆਪਣਾ ਵਾਹਨ ਬਣਾ ਕੇ ਵਿਹਾਰਕ ਰੂਪ ਵਿੱਚ ਲਾਗੂ ਹੁੰਦੀ ਹੈਇਸ ਸੂਝ ਸਦਕਾ ਨਵ-ਨਾਰੀਵਾਦੀ ਨਜ਼ਰੀਆ ਔਰਤ-ਮਰਦ ਦੇ ਰਿਸ਼ਤੇ, ਔਰਤ ਦੇ ਜਨਣ-ਅਧਿਕਾਰ, ਹੋਂਦ-ਹਸਤੀ ਦੇ ਸਭ ਮਾਮਲਿਆਂ ਨੂੰ ਔਬਜੈਕਟਿਵ (ਨਿਰਪੱਖ) ਢੰਗ ਨਾਲ ਠੀਕ ਪਰਿਪੇਖ ਵਿੱਚ ਵੇਖਣ ਦਾ ਯਤਨ ਕਰਦਾ ਹੈਦੂਜੇ ਸ਼ਬਦਾਂ ਵਿੱਚ ਜੈਂਡਰ ਦੀ ਵੱਖਰਤਾ ਦੇ ਮਸਲਿਆਂ ਨੂੰ ਮਾਨਵਤਾਵਾਦੀ ਦ੍ਰਿਸ਼ਟੀ ਨਾਲ ਨਜਿੱਠਣ ਵੱਲ ਪਹਿਲਕਦਮੀ ਕਰਦਾ ਹੈ

ਉੱਪਰਲੀਆਂ ਧਾਰਨਾਵਾਂ ਨੂੰ ਵਿਹਾਰਕ ਰੂਪ ਵਿੱਚ ਵੇਖਣ ਲਈ ਇੱਕ-ਦੋ ਮਿਸਾਲਾਂ ਲੈਂਦੇ ਹਾਂਪਰਵੇਜ਼ ਸੰਧੂ ਦੀ ਕਹਾਣੀ ‘ਚਾਬੀ’ (ਕਹਾਣੀ-ਸੰਗ੍ਰਹਿ ‘ਬਲੌਰੀ ਅੱਖ ਵਾਲਾ ਮੁੰਡਾ’ ਵਿੱਚ ਸ਼ਾਮਿਲ) ਬੱਚੇ ਦੀ ਪੈਦਾਇਸ਼ ਦੇ ਅਧਿਕਾਰ ਨੂੰ ਲੈ ਕੇ ਇੱਕ ਵੱਡਾ ਪ੍ਰਸ਼ਨ ਖੜ੍ਹਾ ਕਰਦੀ ਹੈ ਕਿ ਕੀ ਔਰਤ ਇਸ ਮਾਮਲੇ ਵਿੱਚ ਖ਼ੁਦਮੁਖ਼ਤਾਰ ਹੈ? ਕਹਾਣੀ ਦੀ ਉੱਤਮ-ਪੁਰਖੀ ਪਾਤਰ ਸ਼ਾਇਨਾ ਪਿਤਰਕੀ ਧੌਂਸ ਦੇ ਸਥੂਲ ਰੂਪ (ਸਰਦਾਰੀ ਹੈਂਕੜ) ਤੋਂ ਨਾਬਰ ਹੁੰਦਿਆਂ ਆਪਣੇ ਪ੍ਰੇਮੀ ਨਾਲ ਅੰਤਰਜਾਤੀ ਵਿਆਹ ਕਰਾਉਣ ਵਿੱਚ ਤਾਂ ਸਫਲ ਹੋ ਜਾਂਦੀ ਹੈ ਪਰ ਪਿਤਰਕੀ ਦਬਾਅ ਦੇ ਸੂਖ਼ਮ ਰੂਪ (ਮਾਂ ਬਣ ਕੇ ਸੰਪੂਰਨ ਹੋਣਾ, ਵੰਸ਼ ਅੱਗੇ ਤੋਰਨਾ) ਸਾਹਵੇਂ ਬੇਵੱਸ ਮਹਿਸੂਸ ਕਰਦੀ ਹੈਉਸਦੇ ਆਪਣੇ ਬੁਨਿਆਦੀ ਹੱਕ ਲਈ ਬੋਲੇ ਬੋਲ, “ਮੈਂ ਬੇਬੀ ਨਹੀਂ ਕਰਨਾ … … ਇੱਕ ਬੱਚੇ ਦੀ ਖਾਤਰ ਮੈਂ ਆਪਣਾ ਸਰੀਰ ਨਹੀਂ ਖਰਾਬ ਕਰਨਾ ਚਾਹੁੰਦੀ।”, ਉਸ ਤੋਂ ਸਹੁਰਿਆਂ ਅਤੇ ਪੇਕਿਆਂ ਦੇ ਦੋਵੇਂ ਪਰਿਵਾਰਾਂ ਨੂੰ ਬੇਮੁੱਖ ਕਰ ਦਿੰਦੇ ਹਨਉਸਦਾ ਇਕਲਾਪਾ ਅੰਤ ਨੂੰ ਉਸਦੇ ਅਸਤਿੱਤਵੀ ਸੰਕਟ ਦਾ ਮੁੱਢ ਬੰਨ੍ਹਣ ਲਗਦਾ ਹੈਸੰਨੀ ਧਾਲੀਵਾਲ ਦੀ ਕਹਾਣੀ ‘ਮੌਮ ਆਈ ਐੱਮ ਸੌਰੀ’ (ਸਾਹਿਤਕ ਏਕਮ, ਅਕਤੂਬਰ-ਦਸੰਬਰ) ਦੀ ਮੁਟਿਆਰ ਡਾ. ਟੀਨਾ ਦੇ ਮਾਂ ਸਾਹਵੇਂ ਬੋਲੇ ਇਹ ਬੋਲ ਕਿ “ਮੈਂ ਮੁੰਡੇ ਨਾਲ ਨਹੀਂ ਰਹਿ ਸਕਦੀ, ਆਈ ਲਾਈਕ ਗਰਲਜ਼”, ਉਸ ਦੇ ਜੈਂਡਰ ਦੀ ਵਿਲੱਖਣਤਾ ਵੱਲ ਇਸ਼ਾਰਾ ਕਰਦੇ ਹਨ, ਪਰ ਪਰੰਪਰਕ ਸੋਚ ਵਾਲੀ ਮਾਂ ਲਈ ਇਹ ਵਿਚਾਰ ਗ਼ੈਰ-ਕੁਦਰਤੀ ਵਰਤਾਰਾ ਅਤੇ “ਗੋਰੇ ਲੋਕਾਂ” ਦੇ “ਖੇਖਣ” ਹਨਇਸ ਲਈ ਮਾਪਿਆਂ ਦੀ ਇਕਲੌਤੀ ਔਲਾਦ ਡਾ. ਟੀਨਾ ਕੋਲ ਇੱਕੋ ਹੀ ਚੋਣ ਬਚਦੀ ਹੈ ਕਿ ਮਾਪਿਆਂ ਨਾਲ ਸਾਂਝ ਤੋਂ ਵਿਰਵੀ ਹੋ ਕੇ ਉਮਰ ਭਰ ਵਿਗੋਚੇ ਦੀ ਪੀੜ ਝੱਲੇ

ਇਸ ਪ੍ਰਕਾਰ ਪਿਤਰਕੀ ਵਿਚਾਰਧਾਰਾ ਆਪਣੇ ਸਥੂਲ ਅਤੇ ਸੂਖ਼ਮ ਦਬਾਵਾਂ ਅਤੇ ਭੁਲਾਂਦਰਿਆਂ ਨਾਲ ਔਰਤ ਦੁਆਲ਼ੇ ਅਜਿਹੀ ਲਛਮਣ-ਰੇਖਾ ਖਿੱਚ ਦਿੰਦੀ ਹੈ ਕਿ ਉਸਦੇ ਦੋਵੇਂ ਪਾਸੇ ਉਸਦੀ ਹੋਂਦ ਅਤੇ ਹਸਤੀ ਲਈ ਸੰਕਟ ਬਣ ਜਾਂਦੇ ਹਨਪੰਜਾਬੀ ਕਹਾਣੀ ਇਸ ਲਛਮਣ ਰੇਖਾ ਦੇ ਸਮੂਹ ਪਾਸਾਰਾਂ ਨੂੰ ਸਮਝਣ ਵੱਲ ਰੁਚਿਤ ਹੋ ਰਹੀ ਹੈਸਰਬਜੀਤ ਸੋਹਲ ਦੀ ਕਹਾਣੀ ‘ਇਨ੍ਹਾਂ ਪਲਾਂ ਨੂੰ ਮਾਣ ਨਾ ਲਵਾਂ’ (ਕਹਾਣੀ ਧਾਰਾ, ਜੁਲਾਈ-ਸਤੰਬਰ) ਦੀ ‘ਮੈਂ’ ਪਾਤਰ ਆਪਣੇ ਮਰਯਾਦਾ-ਪ੍ਰਸ਼ੋਤਮ ਅਕਸ ਨੂੰ ਆਂਚ ਆਉਣ ਦੇ ਡਰੋਂ ਆਪਣੀ ਚਾਹਤ ਦੇ ਪਲਾਂ ਨੂੰ ਮਾਨਣ ਦਾ ਵਕਤ ਆਉਣ ’ਤੇ ਗਿਣਤੀਆਂ-ਮਿਣਤੀਆਂ ਕਰਦੀ ਸ਼ਸ਼ੋਪੰਜ ਵਿੱਚ ਪੈ ਜਾਂਦੀ ਹੈਰੇਮਨ ਦੀ ਕਹਾਣੀ ‘ਨਿਰਮਲਾ’ ਦੀ ਬੱਤੀ ਸਾਲਾਂ ਦੀ ਵਿਆਹੋਂ-ਪਛੜੀ ਲੜਕੀ ਆਪਣਾ ਸੁਪਨ-ਸੰਸਾਰ ਸਜਾਉਣ ਲਈ ਆਪਣੇ ਸੁਹਿਰਦ ਪ੍ਰੇਮੀ ਨਾਲ ਦੌੜ ਜਾਣ ਲਈ ਘਰੋਂ ਨਿਕਲਦੀ ਹੈ ਪਰ ਉਸ ਦੀ ਸਿਮਰਤੀ ਵਿੱਚ ਵਸੀਆਂ, ਬੇਸਹਾਰਾ ਪਿਤਾ ਦੀਆਂ ਬੇਵੱਸ ਆਵਾਜ਼ਾਂ ਉਸ ਨੂੰ ਘਰ ਦੀ ਲਛਮਣ-ਰੇਖਾ ਵਿੱਚ ਮੋੜ ਲਿਆਉਂਦੀਆਂ ਹਨ

ਹਰਪ੍ਰੀਤ ਸਿੰਘ ਚਨੂੰ ਦੀ ਕਹਾਣੀ ‘ਚੱਲ ਚਿੜੀਏ ਮੈਂ ਆਇਆ … …’ (ਤਾਸਮਨ, ਅਕਤੂਬਰ-ਦਸੰਬਰ) ਦੀ ਦਲਿਤ ਪਾਤਰ ਸੂਟ੍ਹੀ ਆਪਣੀ ਗਰੀਬੀ ਦੀ ਵਲਗਣ ਵਿੱਚੋਂ ਨਿਕਲਣ ਲਈ ਕੋਈ ਆਪਣਿਆਂ ਦੀ ਸਰਕਾਰ ਚੁਣਨ ਵਾਸਤੇ ਵਿਤੋਂ ਵੱਧ ਹੀਲਾ-ਵਸੀਲਾ ਕਰਦੀ ਹੈ ਪਰ ਸੱਤਾਧਾਰੀ ਵਰਗ ਦੇ ਲਾਰਿਆਂ ਨਾਲ ਠੱਗੀ ਮੁੜ ਆਪਣੇ ਨਰਕੀ-ਜੀਵਨ ਵੱਲ ਪਰਤ ਆਉਂਦੀ ਹੈ

ਇਉਂ ਕਹਾਣੀਕਾਰ ਔਰਤ ਦੇ ਸੰਕਟਾਂ ਨੂੰ ਕਿਸੇ ਮਰਦ-ਵਿਸ਼ੇਸ਼ ਦੇ ਖਲਨਾਇਕੀ ਰੂਪ ਦੇ ਪ੍ਰਸੰਗ ਵਿੱਚ ਰੱਖ ਕੇ ਵੇਖਣ ਦੀ ਥਾਂ ਸਥਿਤੀ-ਵਿਸ਼ੇਸ਼ ਦੇ ਸੰਦਰਭ ਵਿੱਚ ਰੱਖ ਕੇ ਵਾਚਣ ਲੱਗੇ ਹਨ ਨਾਲ ਦੀ ਨਾਲ ਆਪਣੀ ਔਰਤ ਪਾਤਰ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਉਹ ਅੱਗੇ ਵਧਣ ਲਈ ਨਿਰੰਤਰ ਸਵੈ-ਨਿਰੀਖਣ ਅਤੇ ਸਥਿਤੀ ਦੇ ਮੁਲੰਕਣ ਵਿੱਚ ਪਈ ਨਜ਼ਰ ਆਉਂਦੀ ਹੈਸਰਘੀ ਦੀ ਕਹਾਣੀ ‘ਆਫਟਰ ਫੋਰਟੀ’ ਦੀਆਂ ਤਿੰਨੇ ਔਰਤਾਂ ਨਵੀਂ ਜ਼ਿੰਦਗੀ ਲਈ ਅਜਿਹੇ ਮੁਲੰਕਣ ਦੀ ਅਵਸਥਾ ਵਿੱਚ ਪਈਆਂ ਨਜ਼ਰ ਆਉਂਦੀਆਂ ਹਨਪਾਤਰ ਰੌਸ਼ਨੀ ਅਜਿਹੇ ਲੇਖੇ-ਜੋਖੇ ਦੌਰਾਨ ਸੋਚਦੀ ਹੈ, “ਜਿਵੇਂ ਦਾ ਜੀਣਾ ਚਾਹੁੰਦੀ ਸੀ, ਜੀਅ ਰਹੀ ਸਾਂ … … ਪਰ ਫਿਰ ਵੀ ਭਟਕਣਾ ਸੀ … … ਮੈਨੂੰ ਆਪਣਾ ਆਪ ਗੁਆਚਾ ਜਿਹਾ ਲਗਦਾ।”

ਅਜਿਹਾ ਸਵੈ-ਨਿਰੀਖਣ ਹੀ ਇਨ੍ਹਾਂ ਨਾਰੀ-ਪਾਤਰਾਂ ਨੂੰ ਨਵ-ਨਾਰੀਵਾਦ ਦੀ ਅਜਿਹੀ ਸੋਝੀ ਵੱਲ ਪ੍ਰੇਰਿਤ ਕਰਦਾ ਹੈ ਕਿ ਨਾਰੀ-ਚੇਤਨਾ ਜਾਂ ਨਾਰੀ-ਮੁਕਤੀ ਸਿਰਫ ਪਿਤਰਕੀ ਵਿਚਾਰਧਾਰਾ ਦੀ ਛੱਟ ਲਾਹ ਸੁੱਟਣ ਜਾਂ ਮਰਦਾਵਾਂ ਬਣਨ ਵਿੱਚ ਹੀ ਨਹੀਂ, ਸਗੋਂ ਆਪਣੇ ਔਰਤਤਵ ਦੇ ਤੱਤਸਾਰ ਨੂੰ ਜਾਣਨ ਜਾਂ ਆਪਣੀ ਮੂਲ ਸਮਰੱਥਾ ਨੂੰ ਪਛਾਣਨ ਵਿੱਚ ਵੀ ਹੈਪੰਜਾਬੀ ਨਾਰੀ-ਚੇਤਨਾ ਦੀ ਅਜਿਹੀ ਸਿਫ਼ਤੀ ਤਬਦੀਲੀ ਨੂੰ ਪੇਸ਼ ਕਰਨ ਵਾਲੀਆਂ ਕਹਾਣੀਆਂ ਇਸ ਸਾਲ ਭਰਪੂਰ ਰੂਪ ਵਿੱਚ ਛਪੀਆਂ ਹਨ, ਜਿਵੇਂ ਮੀ ਟੂ (ਡਿੰਪਲ ਅਣਜਾਣ, ਹੁਣ, ਨਵੰਬਰ 22-ਅਪਰੈਲ 23), ਮੋਹ-ਜਾਲ (ਹਰਪ੍ਰੀਤ ਸੇਖਾ, ਸਿਰਜਣਾ, ਜਨਵਰੀ-ਮਾਰਚ), ਡ੍ਰੀਮ ਲੈਂਡ (ਬਲਦੇਵ ਸਿੰਘ ਗਰੇਵਾਲ, ਸਿਰਜਣਾ, ਅਪਰੈਲ-ਜੂਨ), ਅਜਨਬੀ (ਨਿਰਮਲ ਜਸਵਾਲ, ਸਿਰਜਣਾ, ਅਪਰੈਲ-ਜੂਨ), ਪੂਰਾ ਆਦਮੀ (ਸਾਂਵਲ ਧਾਮੀ, ਸਿਰਜਣਾ, ਜੁਲਾਈ-ਸਤੰਬਰ), ਕੰਧ (ਕਮਲ ਸੇਖੋਂ, ਸਿਰਜਣਾ, ਅਕਤੂਬਰ-ਦਸੰਬਰ), ਆਫਟਰ ਫੋਰਟੀ (ਸਰਘੀ, ਕਹਾਣੀ ਧਾਰਾ, ਜੁਲਾਈ-ਸਤੰਬਰ), ਕਹਾਣੀ ਧਾਰਾ, ਅਕਤੂਬਰ-ਦਸੰਬਰ), ਅਣਕਹੀ ਪੀੜ (ਵਿਪਨ ਗਿੱਲ, ਕਹਾਣੀ ਧਾਰਾ, ਅਕਤੂਬਰ-ਦਸੰਬਰ), ਦੇਹ ਦਾ ਰੁੱਖ (ਗੁਰਮੀਤ ਪਨਾਗ, ਕਹਾਣੀ ਧਾਰਾ, ਅਕਤੂਬਰ-ਦਸੰਬਰ), ਭੁੱਖ (ਤ੍ਰਿਪਤਾ ਕੇ ਸਿੰਘ, ਚਿਰਾਗ, ਜਨਵਰੀ-ਮਾਰਚ), ਇੱਕ ਲੱਪ ਚਾਨਣ ਦੀ (ਤ੍ਰਿਪਤਾ ਕੇ ਸਿੰਘ, ਚਿਰਾਗ, ਅਪਰੈਲ-ਸਤੰਬਰ), ਇੱਕ ਸਵਾਲ (ਜਤਿੰਦਰ ਰੰਧਾਵਾ, ਚਿਰਾਗ, ਅਪਰੈਲ-ਸਤੰਬਰ), ਮੈਂ ਛੁੱਟੀ ’ਤੇ ਜਾ ਰਹੀ ਹਾਂ (ਅਰਵਿੰਦਰ ਧਾਲੀਵਾਲ, ਚਿਰਾਗ, ਅਕਤੂਬਰ-ਦਸੰਬਰ), ਵਸ ਅੱਖੀਆਂ ਦੇ ਕੋਲ (ਦੀਪਤੀ ਬਬੂਟਾ, ਚਿਰਾਗ, ਅਕਤੂਬਰ-ਦਸੰਬਰ), ਹੁਣ ਮੈਂ ਸੁਰਖ਼ਰੂ ਹਾਂ (ਤਾਸਮਨ, ਜਨਵਰੀ-ਮਾਰਚ), ਲੋਲ੍ਹੜ (ਜੱਸੀ ਧਾਲੀਵਾਲ, ਤਾਸਮਨ, ਜੁਲਾਈ-ਸਤੰਬਰ), ਮੱਧਮ ਜਿਹੀ ਆਸ (ਅਮਰਜੀਤ ਸਿੰਘ ਮਾਨ, ਤਾਸਮਨ, ਅਕਤੂਬਰ-ਦਸੰਬਰ), ਅੰਬਾ ਮਰ ਜਾਣੀ (ਰੇਮਨ, ਕਹਾਣੀ ਪੰਜਾਬ, ਅਕਤੂਬਰ 22-ਮਾਰਚ 23), ਰੂਪੀ (ਮਨਮੋਹਨ ਸਿੰਘ ਬਾਸਰਕੇ, ਸਾਹਿਤਕ ਏਕਮ, ਜੁਲਾਈ-ਸਤੰਬਰ), ਮੌਮ ਆਈ ਐੱਮ ਸੌਰੀ (ਸੰਨੀ ਧਾਲੀਵਾਲ, ਸਾਹਿਤਕ ਏਕਮ, ਅਕਤੂਬਰ-ਦਸੰਬਰ), ਰੰਗ ਬਰਸੇ (ਜਤਿੰਦਰ ਸਿੰਘ ਹਾਂਸ, ਹੁਣ, ਨਵੰਬਰ 22-ਅਪਰੈਲ 23), ਕੜਿੱਕੀ (ਜਿੰਦਰ, ਪ੍ਰਵਚਨ, ਜਨਵਰੀ-ਮਾਰਚ), ਸ਼ਾਮ ਸਿੰਘ ਦੀ ਰਾਤ (ਕੁਲਜੀਤ ਮਾਨ, ਪ੍ਰਵਚਨ, ਅਕਤੂਬਰ-ਦਸੰਬਰ) ਆਦਿ

ਕਹਾਣੀਆਂ ਦੇ ਉਪਰੋਕਤ ਵੇਰਵਿਆਂ ਤੋਂ ਸਹਿਜੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਨਾਰੀ-ਸੰਵੇਦਨਾ ਦੀਆਂ ਵਧੇਰੇ ਕਹਾਣੀਆਂ ਭਾਵੇਂ ਔਰਤ ਕਹਾਣੀਕਾਰਾਂ ਦੀ ਕਲਮ ਤੋਂ ਆਈਆਂ ਹਨ ਪਰ ਮਰਦ ਕਹਾਣੀਕਾਰਾਂ ਲਈ ਵੀ ਇਹ ਗਹਿਰੀ ਰੁਚੀ ਵਾਲ਼ਾ ਅਹਿਮ ਵਿਸ਼ਾ ਰਿਹਾ ਹੈਇਹ ਗੱਲ ਇਸ ਸਾਲ ਪ੍ਰਕਾਸ਼ਿਤ ਹੋਏ ਕਹਾਣੀ-ਸੰਗ੍ਰਿਹਾਂ ਉੱਤੇ ਵੀ ਢੁਕਦੀ ਹੈਇਸ ਸਾਲ ਨਾਰੀ ਰਚਨਾਕਾਰਾਂ ਦੇ ਕਹਾਣੀ-ਸੰਗ੍ਰਹਿ ਕਾਫ਼ੀ ਮਾਤਰਾ ਵਿੱਚ ਹਨ, ਜਿਵੇਂ ਬਲੌਰੀ ਅੱਖ ਵਾਲਾ ਮੁੰਡਾ (ਪਰਵੇਜ਼ ਸੰਧੂ), 6.45 (ਰੇਮਨ), ਭੁੱਖ ਇਉਂ ਸਾਹ ਲੈਂਦੀ ਹੈ (ਦੀਪਤੀ ਬਬੂਟਾ), ਉੱਚੇ ਬੁਰਜ (ਬਲਵਿੰਦਰ ਕੌਰ ਬਰਾੜ), ਮੈਂ ਇੱਕ ਕਥਾ (ਵਿਸ਼ਵਜੋਤੀ ਧੀਰ), ਸੁੱਚਾ ਗੁਲਾਬ (ਅਮਰਜੀਤ ਪੰਨੂੰ), ਸੋਨ ਚਿੜੀ (ਹਰਜੀਤ ਕੌਰ), ਜਾਂ ਕੁਆਰੀ ਤਾਂ ਚਾਉ (ਜਸਵੀਰ ਕੌਰ ਜੱਸੀ), ਕੰਧ ’ਤੇ ਲੱਗੀ ਬਿੰਦੀ (ਇੰਦਰਜੀਤ ਪਾਲ ਕੌਰ), ਸੁਪਨੇ ਜਵਾਬ ਮੰਗਦੇ ਨੇ (ਸਰਬ ਕੌਰ), ਜ਼ਿੰਦਗੀ ਇੱਕ ਅਹਿਸਾਸ (ਗੁਰਦੀਪ ਕੌਰ ਭਾਟੀਆ), ਬਦਾਮੀ ਰੰਗ ਦੇ ਛਿੱਟੇ (ਅਮਨ ਗੁਰਲਾਲ), ਬਸੰਤ ਕੁਰ ਦੀ ਖੂੰਡੀ (ਮੀਨੂੰ), ਮਾਸੀ ਦੀ ਚਿੱਠੀ (ਇੰਦਰਜੀਤ ਕੌਰ ਧਾਲੀਵਾਲ) ਆਦਿਇਨ੍ਹਾਂ ਨਾਰੀ-ਲੇਖਿਕਾਵਾਂ ਦੇ ਸਮਵਿੱਥ ਮਰਦ ਲੇਖਕਾਂ ਦੇ ਕਹਾਣੀ-ਸੰਗ੍ਰਿਹਾਂ ਵਿੱਚ ਵੀ ਨਾਰੀ-ਚੇਤਨਾ ਨੂੰ ਜ਼ੁਬਾਨ ਦੇਣ ਵਾਲੀਆਂ ਕਹਾਣੀਆਂ ਦੀ ਚੰਗੀ-ਚੋਖੀ ਮਾਤਰਾ ਮੌਜੂਦ ਹੈ

ਉਂਜ ਨਾਰੀ ਅਨੁਭਵ ਦੇ ਪ੍ਰਮੁੱਖ ਵਿਸ਼ੇ ਦੇ ਨਾਲ ਨਾਲ ਦਲਿਤ ਚੇਤਨਾ, ਕਿਸਾਨੀ ਸੰਕਟ, ਪਾਰਰਾਸ਼ਟਰੀ ਸਰੋਕਾਰ, ਸੱਭਿਆਚਾਰਕ ਤਣਾਅ ਆਦਿ ਮਸਲਿਆਂ ਨੂੰ ਵੀ ਉਚੇਚ ਨਾਲ ਕਹਾਣੀਆਂ ਦਾ ਰਚਨਾ-ਵਸਤੂ ਬਣਾਇਆ ਗਿਆ ਮਿਲਦਾ ਹੈ, ਜਿਸਦਾ ਜ਼ਿਕਰ ਅੱਗੇ ਜਾ ਕੇ ਇਸ ਸਾਲ ਦੇ ਬਿਹਤਰੀਨ ਕਹਾਣੀ-ਸੰਗ੍ਰਿਹਾਂ ਅਤੇ ਕਹਾਣੀਆਂ ਦੇ ਪ੍ਰਸੰਗ ਵਿੱਚ ਕੀਤਾ ਜਾਵੇਗਾ

ਵਿਸ਼ਾ-ਚੋਣ, ਬਿਰਤਾਂਤਕ ਨਿਭਾਅ ਅਤੇ ਪ੍ਰੌੜ੍ਹ ਰਚਨਾ-ਦ੍ਰਿਸ਼ਟੀ ਦੇ ਪੱਖੋਂ ਜਿਹੜੇ ਕਹਾਣੀ-ਸੰਗ੍ਰਹਿ ਮੈਨੂੰ ਵਿਸ਼ੇਸ਼ ਲੱਗੇ ਹਨ, ਉਨ੍ਹਾਂ ਬਾਰੇ ਸੰਖੇਪ ਮੁਲਾਂਕਣੀ ਟਿੱਪਣੀ ਕਰਨੀ ਜ਼ਰੂਰੀ ਹੈ

ਪਰਵੇਜ਼ ਸੰਧੂ ਦਾ ਕਹਾਣੀ-ਸੰਗ੍ਰਹਿ ‘ਬਲੌਰੀ ਅੱਖ ਵਾਲਾ ਮੁੰਡਾ’ ਇੱਕ ਪਾਸੇ ਗੋਰੇ ਅਤੇ ਨੇਟਿਵ (ਰੈੱਡ-ਇੰਡੀਅਨ) ਪਾਤਰਾਂ ਨੂੰ ਨਿਰਪੱਖ ਦ੍ਰਿਸ਼ਟੀ ਰਾਹੀਂ ਪੇਸ਼ ਕਰਨ ਕਰਕੇ ਪਾਰਰਾਸ਼ਟਰੀ ਸਰੋਕਾਰਾਂ ਨੂੰ ਉਭਾਰਨ ਵਾਲਾ ਹੈ ਅਤੇ ਦੂਜੇ ਪਾਸੇ ਪਿਤਰਕੀ ਵਿਚਾਰਧਾਰਾ ਨਾਲ ਸੰਵਾਦ ਕਰਦੀ ਚੇਤਨ ਔਰਤ ਦਾ ਬਿਰਤਾਂਤ ਵੀ ਸ਼ਿੱਦਤ ਅਤੇ ਪ੍ਰੌੜ੍ਹ ਢੰਗ ਨਾਲ ਸਿਰਜਣ ਵਾਲਾ ਹੈ

ਦੇਵਿੰਦਰ ਦੀਪ ਦਾ ਕਹਾਣੀ-ਸੰਗ੍ਰਹਿ ‘ਤ੍ਰਿਕਾਲ ਸੰਧਿਆ’ ਦਮਿਤ ਵਰਗਾਂ ਦੇ ਅਨੁਭਵ ਨੂੰ ਨਵ-ਯਥਾਰਥਵਾਦੀ ਰਚਨਾ-ਦ੍ਰਿਸ਼ਟੀ ਰਾਹੀਂ ਨਿਹਾਰਨ ਅਤੇ ਮਾਝੀ ਰੰਗਣ ਵਾਲੀ ਪ੍ਰਮਾਣਿਕ ਗਲਪੀ ਭਾਸ਼ਾ ਰਾਹੀਂ ਪੇਸ਼ ਕਰਨ ਕਰਕੇ ਧਿਆਨ ਖਿੱਚਣ ਵਾਲਾ ਹੈ

ਰਵੀ ਸ਼ੇਰਗਿੱਲ ਦਾ ਕਹਾਣੀ-ਸੰਗ੍ਰਹਿ ‘ਕਿਤੇ ਉਹ ਨਾ ਹੋਵੇ’ ਅਜੋਕੇ ਪਰਵਾਸੀ ਬੰਦੇ ਦੀ ਬਹੁਸਭਿਆਚਾਰਕ ਅਤੇ ਪਾਰਰਾਸ਼ਟਰੀ ਸਥਿਤੀ ਨੂੰ ਠੀਕ ਪਰਿਪੇਖ ਵਿੱਚ ਪਛਾਣਦਿਆਂ ਲੋੜੀਂਦੇ ਵੇਰਵਿਆਂ ਵਾਲੀ ਗਲਪੀ ਭਾਸ਼ਾ ਰਾਹੀਂ ਚਿਤਰ ਕੇ ਅਹਿਮ ਬਣਦਾ ਹੈ

ਮੂਲੋਂ ਨਵੀਂ ਕਹਾਣੀਕਾਰ ਰੇਮਨ ਦਾ ਕਹਾਣੀ-ਸੰਗ੍ਰਹਿ 6.45 ਆਪਣੇ ਰਮਜ਼ੀ ਨਾਮਕਰਨ ਵਾਂਗ ਹੀ ਆਪਣੀ ਸੰਕੇਤਕ ਬਿਰਤਾਂਤ-ਸ਼ੈਲੀ ਦੇ ਜਲੌਅ ਰਾਹੀਂ ਉਚੇਚੇ ਮਹੱਤਵ ਦਾ ਹੱਕਦਾਰ ਬਣਦਾ ਹੈਸਮਕਾਲ ਦੇ ਭਖਦੇ ਮਸਲਿਆਂ ਬਾਰੇ ਜਟਿਲ ਬਿਰਤਾਂਤ ਸਿਰਜਣ ਦੀ ਅਜੋਕੀ ਪਿਰਤ ਦੇ ਉਲਟ ਉਹ ਪਾਤਰ ਦੀ ਕਿਸੇ ਸਥਿਤੀ-ਵਿਸ਼ੇਸ਼ ਵਿੱਚ ਵਿਖਾਈ ਮਾਨਵੀ ਪ੍ਰਤੀਕਿਰਿਆ ਨੂੰ ਸੰਖੇਪ, ਲਕੀਰੀ ਅਤੇ ਸੰਕੇਤਕ ਗਲਪੀ-ਸ਼ੈਲੀ ਨਾਲ ਚਿਤਰਦੀ ਹੈਉਸਦੇ ਗੱਲ ਵਿੱਚੋਂ ਗੱਲ ਕੱਢਦੇ ਜਾਣ ਦੇ ਅੰਦਾਜ਼ੇ-ਬਿਆਂ ਅਤੇ ਪਾਤਰ ਦੇ ਮਨੋਵਿਹਾਰ ਨੂੰ ਉਜਾਗਰ ਕਰਨ ਵਾਲੀ ਰਸਿਕ ਕਥਾ-ਸ਼ੈਲੀ ਵਿੱਚੋਂ ਕਿਤੇ ਕਿਤੇ ਵਿਰਕ-ਟੱਚ ਵਾਲ਼ੇ ਕਥਾ-ਮਾਡਲ ਦੇ ਝਾਓਲੇ ਵੀ ਪੈਂਦੇ ਹਨ

ਦੀਪਤੀ ਬਬੂਟਾ ਦਾ ਕਹਾਣੀ-ਸੰਗ੍ਰਹਿ ‘ਭੁੱਖ ਇਉਂ ਸਾਹ ਲੈਂਦੀ ਹੈ’ ਆਪਣੇ ਵਿਆਪਕ ਮਾਨਵੀ ਸਰੋਕਾਰਾਂ ਵਾਲੇ ਕਥਾ-ਵਸਤੂ ਅਤੇ ਸ਼ਿੱਦਤ ਭਰੀ, ਵੇਰਵਾਮੂਲਕ ਬਿਰਤਾਂਤਕਾਰੀ ਕਰਕੇ ਵਿਸ਼ੇਸ਼ ਮਹੱਤਵ ਦਾ ਧਾਰਨੀ ਬਣਦਾ ਹੈ

ਵਿਸ਼ਵਜੋਤੀ ਧੀਰ ਦੇ ਕਹਾਣੀ-ਸੰਗ੍ਰਹਿ ‘ਮੈਂ ਇੱਕ ਕਥਾ’ ਵਿੱਚ ਪੰਜਾਬੀ ਨਾਰੀ-ਸੰਵੇਦਨਾ ਦੀਆਂ ਨਵੀਆਂ ਕਰਵਟਾਂ ਨੂੰ ਲੋੜੀਂਦੇ ਸਮਾਜਿਕ ਸੰਦਰਭ ਨਾਲ ਚਿਤਰਿਆ ਗਿਆ ਹੈਸਵੈਜੀਵਨੀਆਤਮਕ ਛੋਹਾਂ ਵਾਲ਼ਾ ਅੰਦਾਜ਼ੇ-ਬਿਆਂ ਇਨ੍ਹਾਂ ਕਹਾਣੀਆਂ ਨੂੰ ਹੋਰ ਵੀ ਪ੍ਰਮਾਣਿਕ ਅਤੇ ਸਰੋਦੀ ਰੰਗਣ ਵਾਲੀਆਂ ਬਣਾਉਂਦਾ ਹੈ

ਇਨ੍ਹਾਂ ਅਹਿਮ ਕਹਾਣੀ-ਸੰਗ੍ਰਿਹਾਂ ਤੋਂ ਇਲਾਵਾ ਕੁਝ ਹੋਰ ਵੀ ਜ਼ਿਕਰਯੋਗ ਕਹਾਣੀ-ਸੰਗ੍ਰਹਿ ਇਸ ਸਾਲ ਪ੍ਰਕਾਸ਼ਤ ਹੋਏ ਹਨ, ਜਿਵੇਂ ਮਸਤ (ਹਰਜੀਤ ਅਟਵਾਲ), ਕਹੋ ਰੁਕਮਣੀ (ਮਨਮੋਹਨ ਬਾਵਾ), ਤੈਨੂੰ ਮਰਜ਼ ਕਿਹੜਾ ਦੱਸੀਏ (ਮਲਿਕ ਸ਼ਾਹ ਸਵਾਰ ਨਾਸਿਰ), ਅੱਗ ਵਿੱਚ ਸੜਦੇ ਫੁੱਲ (ਗੁਰਮੇਲ ਬੀਰੋਕੇ), ਆਈ ਲਾਚਾ (ਅਨੇਮਨ ਸਿੰਘ), ਦਿਆਰਾਂ ਵਿੱਚੋਂ ਲੰਘਦੀ ਹਵਾ (ਕੰਵਲ ਕਸ਼ਮੀਰੀ), ਅੱਖਾਂ ਖੁੱਲ੍ਹੀਆਂ ਬੁੱਲ੍ਹ ਸੀਤੇ (ਜੋਗਿੰਦਰ ਸਿੰਘ ਤੂਰ), ਨਿਆਈਂ ਵਾਲਾ ਟੱਕ (ਰੁਪਿੰਦਰ ਰੁਪਾਲ ਕੌਲਗੜ੍ਹ), ਤੀਸਰੀ ਖਿੜਕੀ (ਨਿਰੰਜਨ ਬੋਹਾ), ਦਾਸਤਾਨ ਦੀ ਮੌਤ (ਗੁਰਮੁਖ ਸਿੰਘ ਗੋਮੀ), ਥੋੜ੍ਹੀ ਜਿਹੀ ਬੇਵਫ਼ਾਈ (ਰਾਜਿੰਦਰ ਸਿੰਘ ਸਿਵੀਆ), ਖੰਡਰ (ਹੀਰਾ ਸਿੰਘ ਤੂਤ), ਸਿਸਕਦੇ ਰਿਸ਼ਤੇ (ਦਵਿੰਦਰ ਖੁਸ਼ ਧਾਲੀਵਾਲ), ਔਖੇ ਰਾਹ ਸਾਬਤ ਕਦਮ (ਮਾਸਟਰ ਅਜੀਤ ਸਿੰਘ), ਦੁੱਖ ਦਰਦ ਦਿਲਾਂ ਦੇ (ਮਨਜੀਤ ਸਿੰਘ ਸਾਗਰ), ਮ੍ਰਿਗ ਤ੍ਰਿਸ਼ਨਾ (ਜੇ ਬੀ ਸਿੰਘ), ਹਰਾ ਚੂੜਾ (ਸੰਤੋਖ ਸਿੰਘ ਹੇਅਰ), ਖਾਲਸ (ਅਵਤਾਰ ਸਿੰਘ ਓਠੀ), ਪੌੜੀ (ਸੰਤੋਖ ਧਾਲੀਵਾਲ), ਕੁਰਸੀ (ਜਸਵਿੰਦਰ ਰੱਤੀਆਂ), ਗੁੱਝੀ ਪੀੜ (ਤਰਸੇਮ ਭੰਗੂ), ਪੁੱਤ ਮੈਂ ਇੰਡੀਆ ਜਾਣਾ ਹੈ (ਸੁਰਿੰਦਰ ਸਿੰਘ ਰਾਏ), ਤੰਦ ਤੇ ਤਾਣੀ (ਵਰਗਿਸ ਸਲਾਮਤ), ਜੱਦੀ ਸਰਮਾਇਆ (ਗੁਰਮਲਕੀਅਤ ਸਿੰਘ ਕਾਹਲੋਂ) ਆਦਿ

ਇਸ ਸਾਲ ਦਾ ਹਾਸਿਲ ਬਣਨ ਵਾਲੀਆਂ ਦਸ ਕੁ ਕਹਾਣੀਆਂ ਅਤੇ ਉਨ੍ਹਾਂ ਦੇ ਬਿਰਤਾਂਤਕ ਹੁਨਰ ਨੂੰ ਬਿਹਤਰੀਨ ਬਣਾਉਣ ਵਾਲੀ ਕਲਾਤਮਕ ਸਮਰੱਥਾ ਦਾ ਜ਼ਿਕਰ ਕੁਝ ਉਚੇਚ ਨਾਲ ਕੀਤਾ ਜਾਣਾ ਬਣਦਾ ਹੈਪਰ ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਕਿਸੇ ਕਹਾਣੀ ਦੀ ਕਲਾਤਮਕ ਸਮਰੱਥਾ ਨੂੰ ਜਾਂਚਣ ਲਈ ਮੇਰਾ ਮਾਪਦੰਡ ਕੀ ਹੈਇਹ ਪੈਮਾਨਾ ਬਿਰਤਾਂਤ ਦੇ ਨਿਰੋਲ ਬਿਆਨ (ਟੈਲਿੰਗ) ਦੀ ਥਾਂ ਕਾਰਜ ਦੇ ਵਾਪਰਨ (ਸ਼ੋਇੰਗ) ਨੂੰ ਚਿਤਰਨ ਵਾਲੀ ਕਥਾ-ਜੁਗਤ ਨੂੰ ਮਹੱਤਵ ਦੇਣ ਨਾਲ ਸਬੰਧਤ ਹੈਦੂਜੇ ਸ਼ਬਦਾਂ ਵਿੱਚ ਕਹਾਣੀ, ਬਿਰਤਾਂਤਕਾਰ ਦੇ ਬੜਬੋਲੇ ਪੈਗੰਬਰੀ ਕਥਨਾਂ ਦੀ ਥਾਂ ਜ਼ਿੰਦਗੀ ਦੀ ਤਰਜ਼ ਉੱਤੇ ਵਾਪਰਦੀ ਪ੍ਰਤੀਤ ਹੋਵੇਕਹਾਣੀ ਕਿਸੇ ਵਿਚਾਰ-ਵਿਸ਼ੇਸ਼ ਨੂੰ ਪਾਠਕ ਉੱਤੇ ਠੋਸਣ ਦੀ ਥਾਂ ਕਿਸੇ ਸੰਵੇਦਨਾ ਜਾਂ ਭਾਵ-ਵਿਸ਼ੇਸ਼ ਦਾ ਅਹਿਸਾਸ ਕਰਾਵੇਇਸ ਪ੍ਰਸੰਗ ਵਿੱਚ ਵੇਖੀਏ ਤਾਂ ਨਿਮਨ-ਲਿਖਤ ਕਹਾਣੀਆਂ ਨੇ ਆਪਣੀਆਂ ਕੁਝ ਇੱਕ ਊਣਤਾਈਆਂ ਦੇ ਬਾਵਜੂਦ ਆਪਣੀ ਕਲਾਤਮਕ ਸਮਰੱਥਾ ਵੱਲ ਉਚੇਚਾ ਧਿਆਨ ਖਿੱਚਿਆ ਹੈ

ਹਰਪ੍ਰੀਤ ਸਿੰਘ ਚਨੂੰ ਦੀ ਕਹਾਣੀ ‘ਚੌਂਹਟੇ ਚੱਕ’ (ਸਿਰਜਣਾ, ਜੁਲਾਈ-ਸਤੰਬਰ), ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਨਿਮਨ-ਵਰਗੀ ਕਿਸਾਨ ਦੀ ਚੰਗੇ ਜੀਵਨ ਲਈ ਕੀਤੀ ਜੱਦੋਜਹਿਦ ਅਤੇ ਅੰਤ ਹੋਈ ਹਾਰ ਦਾ ਦੁਖਾਂਤਕ ਬਿਰਤਾਂਤ ਸਿਰਜਦੀ ਹੈਚੌਂਹਟੇ ਚੱਕ ਮੱਘਰ ਦੀ ਮਿਹਨਤ, ਹਿੰਮਤ, ਹੌਸਲੇ ਅਤੇ ਸੁਪਨਿਆਂ ਦਾ ਕੋਈ ਪਾਰਾਵਾਰ ਨਹੀਂ ਪਰ ਮੌਜੂਦਾ ਨਵ-ਪੂੰਜੀਵਾਦੀ ਵਿਵਸਥਾ ਵਿੱਚ ਉਸਦੇ ਪਰਿਵਾਰ ਦੇ ਕਿਤੇ ਪੈਰ ਨਹੀਂ ਲਗਦੇਕਹਾਣੀ ਦੀ ਸਮਰੱਥਾ ਜਿੱਥੇ ਕਿਸਾਨੀ ਜੀਵਨ ਦੇ ਪ੍ਰਮਾਣਿਕ ਵੇਰਵਿਆਂ ਰਾਹੀਂ ਮਹਾਂਕਾਵਿਕ ਦ੍ਰਿਸ਼-ਚਿਤਰਨ ਵਿੱਚ ਹੈ, ਉੱਥੇ ਇੱਕ ਪਲ ਪਲ ਮਰਦੇ ਜਾ ਰਹੇ ਕਿਸਾਨ ਪਰਿਵਾਰ ਦਾ ਸ਼ੋਕ-ਗੀਤ ਬਣ ਜਾਣ ਵਿੱਚ ਵੀ ਹੈ

ਅਮਰਜੀਤ ਸਿੰਘ ਮਾਨ ਦੀ ਕਹਾਣੀ ‘ਏਦਾਂ ਕਿਉਂ’ (ਕਹਾਣੀ ਪੰਜਾਬ, ਅਪਰੈਲ 22-ਮਾਰਚ 23) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਧਰਮੀ-ਕਰਮੀ ਜਿਮੀਂਦਾਰ ਈਸਰ ਸਿੰਘ ਦੇ ਮਨੋਸੰਕਟ ਦਾ ਬਿਰਤਾਂਤ ਪੇਸ਼ ਕਰਦੀ ਹੈਉਸਦੇ ਖੇਤ ਝੋਨਾ ਲਾਉਣ ਵਾਲੇ ਦਲਿਤ ਪਰਿਵਾਰ ਨੂੰ ਸ਼ੱਕ ਪੈ ਜਾਂਦਾ ਹੈ ਕਿ ਰਕਬਾ ਘੱਟ ਦੱਸ ਕੇ ਉਨ੍ਹਾਂ ਨੂੰ ਲੁਆਈ ਘੱਟ ਦਿੱਤੀ ਗਈ ਹੈਉਹ ਚੁੱਪ-ਚਾਪ ਬਰਦਾਸ਼ਤ ਕਰਨ ਦੀ ਥਾਂ ਰਕਬੇ ਦੀ ਮਿਣਤੀ ਕਰਵਾਉਂਦੇ ਹਨ ਤਾਂ ਸੱਚਮੁੱਚ ਫਰਕ ਨਿਕਲਦਾ ਹੈ, ਜਿਸ ਨਾਲ ਨਾਮ-ਲੇਵਾ ਈਸਰ ਸਿੰਘ ਦੀ ਕਥਨੀ ਅਤੇ ਕਰਨੀ ਦੇ ਫ਼ਰਕ ਉੱਤੇ ਵੱਡਾ ਪ੍ਰਸ਼ਨ-ਚਿੰਨ੍ਹ ਲੱਗ ਜਾਂਦਾ ਹੈਕਹਾਣੀ ਦੀ ਸਮਰੱਥਾ ਜਿੱਥੇ ਦਲਿਤ ਚੇਤਨਾ ਦੇ ਹਵਾਲੇ ਨਾਲ ਅਜੋਕੇ ਪੇਂਡੂ ਜੀਵਨ-ਯਥਾਰਥ ਦੇ ਰੂਪਾਂਤਰਨ ਨੂੰ ਪੇਸ਼ ਕਰਨ ਵਿੱਚ ਹੈ ਉੱਥੇ ਠੇਠ ਮਲਵਈ ਗਲਪੀ ਮੁਹਾਵਰੇ ਵਾਲੇ ਵੇਰਵਾਯੁਕਤ ਅੰਦਾਜ਼ੇ-ਬਿਆਂ ਵਿੱਚ ਵੀ ਹੈ

ਪਾਕਿਸਤਾਨੀ ਕਹਾਣੀਕਾਰ ਖ਼ਾਲਿਦ ਫਰਹਾਦ ਧਾਲੀਵਾਲ ਦੀ ਕਹਾਣੀ ‘ਸਲਾਮੀ’ (ਪੰਚਮ, ਜੁਲਾਈ-ਸਤੰਬਰ, ਸ਼ਾਹਮੁਖੀ ਅਤੇ ਪ੍ਰਤਿਮਾਨ, ਅਕਤੂਬਰ-ਦਸੰਬਰ, ਗੁਰਮੁਖੀ) ਅੰਨਯ-ਪੁਰਖੀ ਬਿਰਤਾਂਤਕਾਰ, ਇੱਕ ਅਨੋਖੇ ਬੈਂਡਮਾਸਟਰ ਪਿਆਰੇ ਲਾਲ, ਰਾਹੀਂ ਨਾਬਰੀ ਦਾ ਬਿਰਤਾਂਤ ਪੇਸ਼ ਕਰਦੀ ਹੈਉਹ ਵਿਸਾਖੀ-ਦਿਹਾੜੇ ਕਿਸੇ ਲੋਕ-ਨਾਇਕ ਨੂੰ ਸਲਾਮੀ ਦੇ ਕੇ ਨਵੇਕਲੀ ਲੋਕ-ਪੱਖੀ ਪਿਰਤ ਪਾਉਂਦਾ ਹੈਕਹਾਣੀ ਦੀ ਸਮਰੱਥਾ ਬਾਤ-ਨੁਮਾ ਗਲਪ-ਜੁਗਤ ਰਾਹੀਂ ਜਿੱਥੇ ਲੋਕ-ਵਿਰੋਧੀ ਰਾਜਸੀ ਵਿਵਸਥਾ ਦਾ ਵਿਅੰਗਪੂਰਨ ਚਿੱਤਰ ਉਲੀਕਣ ਵਿੱਚ ਹੈ ਉੱਥੇ ਪਿਆਰੇ ਲਾਲ ਦੇ ਨਿਆਰੇ ਅਤੇ ਅਨੂਠੇ ਸ਼ਖ਼ਸੀ ਬਿੰਬ ਨੂੰ ਉਜਾਗਰ ਕਰਨ ਕਰਕੇ ਵੀ ਹੈ

ਰੇਮਨ ਦੀ ਕਹਾਣੀ ‘ਅੰਬਾ ਮਰ ਜਾਣੀ’ (ਕਹਾਣੀ ਪੰਜਾਬ, ਅਪਰੈਲ 22-ਮਾਰਚ 23) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਨਾਰੀ ਦੀ ਹੱਸਾਸ ਸੰਵੇਦਨਾ ਦੇ ਅਤੀ ਅਛੋਹ ਪੱਖ ਦਾ ਬਿਰਤਾਂਤ ਪੇਸ਼ ਕਰਦੀ ਹੈਅੰਬਾ ਅਜਿਹੀ ਸੰਵੇਦਨਾ ਨਾਲ ਵਰੋਸਾਈ ਹੋਈ ਹੈ ਕਿ ਉਹ ਕਾਮੁਕ ਜਾਂ ਅਕਾਮੁਕ ਮਰਦਾਵੀਂ ਛੋਹ ਦਾ ਅੰਤਰ-ਨਿਖੇੜ ਕਰ ਸਕਣ ਦੇ ਸਮਰੱਥ ਹੈਇਸ ਲਈ ਉਹ ਮਹਿਸੂਸਦੀ ਹੈ ਕਿ ਪਿਤਰਕੀ ਵਿਚਾਰਧਾਰਾ ਰਾਹੀਂ ਕੁੰਠਿਤ ਕਿਸੇ ਬਹੁਤ ਬਜ਼ੁਰਗ ਜਾਂ ਕਥਿਤ ਪਹੁੰਚੇ ਹੋਏ ਸਾਧੂ-ਸੰਤ ਦੀ ਛੋਹ ਵੀ ਕਾਮੁਕ ਹੋ ਸਕਦੀ ਹੈਕਹਾਣੀ ਦੀ ਸਮਰੱਥਾ ਇੱਕ ਬਹੁਤ ਹੀ ਸੂਖ਼ਮ ਅਹਿਸਾਸ ਨੂੰ ਲੋਕ-ਕਥਾ ਵਾਲੀ ਸਰਲ, ਪਰ ਮਾਅਨੇਖੇਜ਼ ਰਮਜ਼ੀ ਕਥਾ-ਸ਼ੈਲੀ ਰਾਹੀਂ ਪੇਸ਼ ਕਰਨ ਵਿੱਚ ਹੈ

ਬਿੰਦਰ ਬਸਰਾ ਦੀ ਕਹਾਣੀ ‘ਕੋਈ ਹੋਰ ਨਹੀਂ’ (ਪ੍ਰਵਚਨ, ਜਨਵਰੀ-ਮਾਰਚ) ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਪੰਜਾਬੀਆਂ ਦੀ ਪਰਵਾਸ ਦੀ ਲਲ੍ਹਕ ਅਤੇ ਉਸਦੇ ਦੂਰਰਸੀ ਮਾਰੂ ਪ੍ਰਭਾਵਾਂ ਦਾ ਹਿਰਦੇਵੇਧਕ ਬਿਰਤਾਂਤ ਸਿਰਜਦੀ ਹੈਬਿਰਤਾਂਤਕਾਰ ਆਪਣੇ ਮੁੰਡੇ ਨੂੰ ਬਾਹਰ ਭੇਜ ਕੇ ਸੁਰਖ਼ੁਰੂ ਮਹਿਸੂਸ ਕਰਦਾ ਹੈ ਪਰ ਇੱਕ ਜਾਣੂ ਪਰਵਾਸੀ ਦੇ ਮਾਪਿਆਂ ਦਾ ਰੂਹ-ਵਿੰਨਵਾਂ ਇਕਲਾਪਾ ਵੇਖ ਕੇ ਆਪਣੇ ਦੁਖਾਂਤਕ ਭਵਿੱਖ ਦੀ ਕਲਪਨਾ ਨਾਲ ਤ੍ਰਹਿ ਜਾਂਦਾ ਹੈਕਹਾਣੀ ਦੀ ਸਮਰੱਥਾ, ਲੋੜੀਂਦੇ ਜੀਵਨ-ਵੇਰਵਿਆਂ ਨਾਲ, ਪਰਵਾਸ ਦੇ ਚੰਗੇ-ਮੰਦੇ ਦੋਵਾਂ ਪੱਖਾਂ ਦਾ ਅਹਿਸਾਸ ਕਰਾਉਣ ਵਿੱਚ ਹੈ

ਜਤਿੰਦਰ ਸਿੰਘ ਹਾਂਸ ਦੀ ਕਹਾਣੀ ‘ਸ਼ਰੀਂਹ ਦੇ ਪੱਤ’ (ਸ਼ਬਦ, ਅਕਤੂਬਰ-ਦਸੰਬਰ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਕਬੀਲੇ-ਸ਼ਰੀਕੇ ਵਾਲੇ ਪੰਜਾਬੀ ਅਵਚੇਤਨ ਦੇ ਅਜੋਕੇ ਸਰੂਪ ਦਾ ਬਿਰਤਾਂਤ ਪੇਸ਼ ਕਰਦੀ ਹੈਸ਼ਰੀਕੇ ਦੀ ਸਿਰ-ਵੱਢ ਭਾਵਨਾ ਅਧੀਨ ਇੱਕ ਜੱਟ ਕਿਸਾਨ ਵੱਟ-ਬੰਨੇ ਦੇ ਰੌਲ਼ੇ ਸਮੇਂ ਆਪਣੇ ਛੋਟੇ ਭਰਾ ਦੇ ਸਿਰ ਵਿੱਚ ਗੰਡਾਸੀ ਮਾਰ ਕੇ ਕਾਤਲਾਨਾ ਹਮਲਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ ਪਰ ਜਦੋਂ ਹਮਲਾਵਰ ਵੱਡੇ ਭਰਾ ਦਾ ਇਕਲੌਤਾ ਪੁੱਤ ਮਰ ਜਾਂਦਾ ਹੈ ਤਾਂ ਛੋਟਾ ਆਪਣੀ ਕਬੀਲਾਈ ਭਾਵਨਾ ਅਧੀਨ ਲਹੂ ਦੀ ਸਾਂਝ ਨੂੰ ਮਹਿਸੂਸ ਕਰਦਿਆਂ, ਸਾਰੇ ਗੁੱਸੇ-ਗਿਲ਼ੇ ਅਤੇ ਲਾਲਚ ਭੁੱਲ ਕੇ ਵੱਡੇ ਭਰਾ ਦੀ ਦੁਬਾਰਾ ਜੜ੍ਹ ਲਗਦੀ ਵੇਖਣ ਦੀ ਦਿਲ਼ੀ ਕਾਮਨਾ ਕਰਦਾ ਹੈਕਹਾਣੀ ਦੀ ਸਮਰੱਥਾ ਵੈਰ ਅਤੇ ਪਿਆਰ ਦੀ ਮਿਸ਼ਰਤ ਭਾਵਨਾ ਵਾਲੇ ਪੰਜਾਬੀ ਮਨੋਵਿਹਾਰ ਦਾ ਜੀਵੰਤ ਗਲਪ-ਬਿੰਬ ਸਿਰਜ ਸਕਣ ਵਿੱਚ ਹੈਰੌਚਿਕਤਾ ਦੇ ਪੱਖ ਤੋਂ ਵੇਖੀਏ ਤਾਂ ਨਾਟਕੀਅਤਾ ਦਾ ਅੰਸ਼ ਕਹਾਣੀ ਵਿੱਚ ਤਣਾਅ ਨੂੰ ਹੋਰ ਤੀਬਰ ਕਰਨ ਵਾਲਾ ਹੈ

ਤ੍ਰਿਪਤਾ ਕੇ ਸਿੰਘ ਦੀ ਕਹਾਣੀ ‘ਭੁੱਖ’ (ਚਿਰਾਗ, ਜਨਵਰੀ-ਮਾਰਚ) ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਇਕਲਾਪੇ-ਮਾਰੀ ਔਰਤ ਦੇ ਅਵਚੇਤਨੀ ਸੰਸਾਰ ਨੂੰ ਉਸਦੇ ਮਨੋ-ਵਿਹਾਰ ਰਾਹੀਂ ਉਜਾਗਰ ਕਰਦੀ ਹੈਦੁਬਈ ਰਹਿੰਦੇ ਪਤੀ ਦੀ ਗ਼ੈਰ-ਮੌਜੂਦਗ਼ੀ ਵਿੱਚ ਉਹ ਆਪਣੀਆਂ ਅਤ੍ਰਿਪਤ ਕਾਮਨਾਵਾਂ ਨੂੰ ਪਤਿਉਰੇ ਦੇ ਮੁੰਡੇ ਰਾਹੀਂ ਪੂਰੀਆਂ ਕਰਨ ਦੀ ਕਲਪਨਾ ਕਰਦੀ ਹੈ ਪਰ ਅੰਤ ਆਪਣੀ ਕਾਮੁਕ ਭੁੱਖ ਨੂੰ ਅਣਗੌਲਿਆਂ ਕਰਕੇ ਪਰਿਵਾਰਕ ਮਰਯਾਦਾ ਨੂੰ ਬਚਾਉਣ ਦਾ ਯਤਨ ਕਰਦੀ ਹੈਕਹਾਣੀ ਦੀ ਸਮਰੱਥਾ ਇੱਕ ਪਰਿਵਾਰਕ ਔਰਤ ਦੇ ਚੇਤਨ-ਅਚੇਤਨ ਦੇ ਸੂਖ਼ਮ ਦਵੰਦ ਨੂੰ ਢੁਕਵੇਂ ਵਸਤੂ-ਵੇਰਵਿਆਂ ਨਾਲ ਸਮੂਰਤ ਕਰਨ ਵਿੱਚ ਹੈ

ਬਲਦੇਵ ਸਿੰਘ ਗਰੇਵਾਲ ਦੀ ਕਹਾਣੀ ‘ਡ੍ਰੀਮ ਲੈਂਡ’ (ਸਿਰਜਣਾ, ਅਪਰੈਲ-ਜੂਨ) ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਸਪੇਨੀ ਪਰਵਾਸੀ ਕੁੜੀ ਦੇ ਅਮਰੀਕਾ ਵਿੱਚ ਸਫਲ ਹੋਣ ਦੀ ਮੁਢਲੀ ਜੱਦੋਜਹਿਦ ਦਾ ਬਿਰਤਾਂਤ ਪੇਸ਼ ਕਰਦੀ ਹੈਪ੍ਰਤੀਕ ਰੂਪ ਵਿੱਚ ਉਹ ਉਨ੍ਹਾਂ ਸਮੂਹ ਪਰਵਾਸੀ ਮਿਹਨਤਕਸ਼ਾਂ ਦੀ ਪ੍ਰਤੀਨਿਧ ਜਾਪਣ ਲੱਗ ਪੈਂਦੀ ਹੈ ਜਿਹੜੇ ਆਪਣੇ ‘ਡ੍ਰੀਮ ਲੈਂਡ’ ਵਿੱਚ ਟੀਸੀ ਉੱਤੇ ਪਹੁੰਚਣ ਦਾ ਸੁਪਨਾ ਵੇਖਦੇ ਹਨਕਹਾਣੀ ਦੀ ਸਮਰੱਥਾ ਇਸਦੇ ਜੀਵੰਤ ਦ੍ਰਿਸ਼-ਚਿਤਰਨ ਅਤੇ ਸੁਪਨੇ ਤੇ ਯਥਾਰਥ ਦੀ ਵਿਡੰਬਨਾ ਨੂੰ ਪੇਸ਼ ਕਰਨ ਵਿੱਚ ਹੈ

ਸਾਂਵਲ ਧਾਮੀ ਦੀ ਕਹਾਣੀ ‘ਪੂਰਾ ਆਦਮੀ’ (ਸਿਰਜਣਾ, ਜੁਲਾਈ-ਸਤੰਬਰ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਸੰਪੂਰਨ ਮਨੁੱਖੀ ਸ਼ਖ਼ਸੀਅਤ ਦੇ ਨਿਰਮਾਣ ਲਈ ਨਵੇਂ ਮਾਪਦੰਡਾਂ ਦੀ ਜੁਸਤਜੂ ਦਾ ਬਿਰਤਾਂਤ ਸਿਰਜਦੀ ਹੈਕਹਾਣੀ ਦਾ ਕੇਂਦਰੀ ਮਹੱਤਤਾ ਵਾਲਾ ਪਾਤਰ ਇੱਕ ਹਾਦਸੇ ਵਿੱਚ ਦੋਵੇਂ ਲੱਤਾਂ ਗੁਆ ਲੈਣ ਤੋਂ ਪਿੱਛੋਂ, ਪਰੰਪਰਕ ਦ੍ਰਿਸ਼ਟੀ ਰਾਹੀਂ ਵੇਖਿਆਂ, ਅੱਧਾ-ਅਧੂਰਾ ਜਾਪਣ ਲਗਦਾ ਹੈ ਪਰ ਆਪਣੇ ਮਾਨਵ-ਹਿਤੈਸ਼ੀ ਕਾਰਜਾਂ ਰਾਹੀਂ ਪੂਰਾ ਆਦਮੀ ਬਣ ਕੇ ਵਿਖਾਉਂਦਾ ਹੈਦੂਜੇ ਪਾਸੇ ਕਹਾਣੀ ਵਿਚਲੇ ਮੁਕੰਮਲ ਸਰੀਰਾਂ ਵਾਲੇ ਅਤੇ ਸਫਲ ਕਾਰੋਬਾਰੀ ਪਾਤਰ ਆਪਣੇ ਅਮਾਨਵੀ ਸਰੋਕਾਰਾਂ ਕਾਰਨ ਅਧੂਰੇ ਜਾਪਣ ਲਗਦੇ ਹਨਕਹਾਣੀ ਦੀ ਸਮਰੱਥਾ ਇੱਕ ਆਸ਼ਾਵਾਦੀ ਸੁਨੇਹੇ ਨੂੰ ਬਿਰਤਾਂਤਕਾਰ ਦੇ ਪੈਗੰਬਰੀ ਕਥਨਾਂ ਦੀ ਥਾਂ ਪਾਤਰ-ਵਿਹਾਰ ਰਾਹੀਂ ਉਜਾਗਰ ਕਰਨ ਵਿੱਚ ਹੈ

ਹਰਪ੍ਰੀਤ ਸੇਖਾ ਦੀ ਕਹਾਣੀ ‘ਗੁੰਮ-ਪੰਨੇ’ (ਤਾਸਮਨ, ਅਪਰੈਲ-ਜੂਨ) ਵਿੱਚ ਉੱਤਮ-ਪੁਰਖੀ ਨਾਨੀ-ਰੂਪੀ ਬਿਰਤਾਂਤਕਾਰ ਆਪਣੇ ਮਾਂ-ਵਿਹੂਣੇ ਦੋਹਤੇ ਦੇ ਭਾਵੁਕ ਵਿਗੋਚੇ ਦਾ ਬਿਰਤਾਂਤ ਪੇਸ਼ ਕਰਦੀ ਹੈਬਾਲ ਅਰਜਨ ਦਾ ਬਾਪ ਆਪਣੀ ਪਤਨੀ ਉੱਤੇ ਸ਼ੱਕ ਕਰਦਿਆਂ ਉਸ ਦਾ ਕਤਲ ਕਰ ਦਿੰਦਾ ਹੈ ਅਤੇ ਸਿੱਟੇ ਵਜੋਂ ਆਪ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈਅਰਜਨ ਦੀ ਨਾਨੀ ਅਤੇ ਮਾਸੀ ਆਪਣੇ ਲਾਡ-ਪਿਆਰ ਨਾਲ ਅਰਜਨ ਦਾ, ਮਾਪਿਆਂ ਵਾਲ਼ਾ, ਵਿਗੋਚਾ ਘਟਾਉਣ ਦਾ ਯਤਨ ਕਰਦੀਆਂ ਹਨ ਪਰ ਕਿਸੇ ਵੀ ਤਰ੍ਹਾਂ ਅਰਜਨ ਦਾ ਖਲਾਅ ਨਹੀਂ ਭਰਦਾ।” ਆਈ ਮਿਸ ਮਾਈ ਮੰਮ” ਦੇ ਰੁਦਨਮਈ ਬੋਲਾਂ ਨਾਲ ਅੰਤ ਉਹ ਆਪਣੇ ਅਣਪੂਰੇ ਜਾਣ ਵਾਲੇ ਉਸ ਖਲਾਅ ਦਾ ਬਿਆਨ ਕਰਦਾ ਹੈਕਹਾਣੀ ਦੀ ਸਮਰੱਥਾ ਬਾਲ ਮਨੋਵਿਹਾਰ ਦੇ ਡੂੰਘਾਈ ਵਾਲ਼ੇ ਚਿਤਰਨ ਅਤੇ ਪਾਠਕ ਦੇ ਅਹਿਸਾਸਾਂ ਨੂੰ ਟੁੰਬਣ ਵਾਲੀ ਭਾਵਪੂਰਤ ਸਰੋਦੀ ਸ਼ੈਲੀ ਕਰਕੇ ਹੈ

ਉਪਰੋਕਤ ਬਿਹਤਰੀਨ ਕਹਾਣੀਆਂ ਤੋਂ ਇਲਾਵਾ ਇਸ ਵਰ੍ਹੇ ਦੀਆਂ ਕੁਝ ਦਰਮਿਆਨੇ ਪੱਧਰ ਦੀਆਂ ਹੋਰ ਕਹਾਣੀਆਂ ਵੀ ਪੜ੍ਹਨਯੋਗ ਅਤੇ ਸਲਾਹੁਣਯੋਗ ਹਨਚੇਤੰਨ ਬੁੱਧ ਪੰਜਾਬੀ ਪਾਠਕਾਂ ਨੇ ਸੋਸ਼ਲ ਮੀਡੀਆ ਰਾਹੀਂ ਅਜਿਹੀਆਂ ਕੁਝ ਕਹਾਣੀਆਂ ਦਾ ਉਚੇਚ ਅਤੇ ਵਿਸਥਾਰ ਨਾਲ ਜ਼ਿਕਰ ਕਰਕੇ ਉਨ੍ਹਾਂ ਦੀ ਅਹਿਮੀਅਤ ਵੱਲ ਸਾਡਾ ਧਿਆਨ ਵੀ ਖਿੱਚਿਆ ਹੈਅਜਿਹੀਆਂ ਕਹਾਣੀਆਂ ਹਨ: ਓਨਾ ਓਡਵਾਇਰ (ਗੁਰਮੀਤ ਕੜਿਆਲਵੀ, ਹੁਣ, ਨਵੰਬਰ 22-ਅਪਰੈਲ 23), ਮਸਾਣ (ਬਲਵਿੰਦਰ ਸਿੰਘ ਗਰੇਵਾਲ), ਬਲੌਰੀ ਅੱਖ ਵਾਲਾ ਮੁੰਡਾ (ਪਰਵੇਜ਼ ਸੰਧੂ) (ਦੋਵੇਂ, ਪ੍ਰਵਚਨ, ਜਨਵਰੀ-ਮਾਰਚ), ਮੋਹ-ਜਾਲ (ਹਰਪ੍ਰੀਤ ਸੇਖਾ), 180 ਮਿੰਟ ਦਾ ਆਤੰਕ ਕਾਲ (ਜਸਵੀਰ ਰਾਣਾ) (ਦੋਵੇਂ, ਸਿਰਜਣਾ, ਜਨਵਰੀ-ਮਾਰਚ), ਦਾਗ (ਨਵਚੇਤਨ, ਸਿਰਜਣਾ, ਅਕਤੂਬਰ-ਦਸੰਬਰ), ਨੂਣ (ਬਲੀਜੀਤ), ਕੋਈ ਤਾਂ ਹੈ (ਨਿਰੰਜਨ ਬੋਹਾ), ਸੇਫ਼ਟੀ ਕਿੱਟ (ਜਿੰਦਰ) (ਤਿੰਨੇ ਕਹਾਣੀ ਧਾਰਾ, ਅਕਤੂਬਰ-ਦਸੰਬਰ), ਗੀਤਾਂ ਦਾ ਵਣਜਾਰਾ (ਜਗਜੀਤ ਬਰਾੜ, ਤਾਸਮਨ, ਅਪਰੈਲ-ਜੂਨ), ਤ੍ਰੇੜ (ਭਗਵੰਤ ਰਸੂਲਪੁਰੀ, ਤਾਸਮਨ, ਜੁਲਾਈ-ਸਤੰਬਰ), ਮੱਧਮ ਜਿਹੀ ਆਸ (ਅਮਰਜੀਤ ਸਿੰਘ ਮਾਨ), ਸ਼ਾਲ (ਜਸਵਿੰਦਰ ਧਰਮਕੋਟ) (ਦੋਵੇਂ ਤਾਸਮਨ, ਅਕਤੂਬਰ-ਦਸੰਬਰ) ਆਦਿ

ਇਸ ਸਾਲ ਦੀ ਪੰਜਾਬੀ ਕਹਾਣੀ ਦੇ ਖੇਤਰ ਦੀਆਂ ਸਮੁੱਚੀਆਂ ਸਰਗਰਮੀਆਂ ਉੱਤੇ ਝਾਤ ਪਾਈਏ ਤਾਂ ਜਿਹੜੇ ਕੁਝ ਉੱਭਰਵੇਂ ਨੁਕਤੇ ਗੌਲਣਯੋਗ ਜਾਪਦੇ ਹਨ, ਉਹ ਹੇਠ ਲਿਖੇ ਅਨੁਸਾਰ ਹਨ:

* ਪੰਜਾਬੀ ਕਹਾਣੀ ਵਿੱਚ ਕਹਾਣੀਕਾਰ ਅਤੇ ਪਾਠਕ ਔਰਤਾਂ ਦੀ ਸਿਰਫ ਗਿਣਤੀ ਹੀ ਨਹੀਂ ਵਧੀ ਸਗੋਂ ਉਨ੍ਹਾਂ ਦਾ ਗੁਣਾਤਮਿਕਯੋਗਦਾਨ ਵੀ ਵਧਿਆ ਹੈਇਸ ਸਿਫ਼ਤੀ ਤਬਦੀਲੀ ਨੂੰ ਪਛਾਣਦਿਆਂ ਤਾਸਮਨ ਅਤੇ ਸਾਹਿਤਕ ਏਕਮ (ਦੋਵੇਂ ਜਨਵਰੀ-ਮਾਰਚ) ਰਿਸਾਲਿਆਂ ਨੇ ਨਾਰੀ ਵਿਸ਼ੇਸ਼ ਅੰਕ ਵੀ ਪ੍ਰਕਾਸ਼ਿਤ ਕੀਤੇ

* ਪਾਕਿਸਤਾਨ ਦੇ ਕਹਾਣੀਕਾਰ ਅਤੇ ਚਿੰਤਕ ਕਰਾਮਤ ਮੁਗ਼ਲ ਦੀ ਸੂਚਨਾ ਅਨੁਸਾਰ ਦਸੰਬਰ ਦੇ ਦੂਜੇ ਹਫ਼ਤੇ ਤਕ ਪਾਕਿਸਤਾਨੀ ਪੰਜਾਬ ਵਿੱਚ ਸਿਰਫ਼ ਇੱਕ ਹੀ ਕਹਾਣੀ-ਸੰਗ੍ਰਹਿ (ਤੈਨੂੰ ਮਰਜ਼ ਕਿਹੜਾ ਦੱਸੀਏ, ਮਲਿਕ ਸ਼ਾਹ ਸਵਾਰ ਨਾਸਿਰ) ਛਪਿਆ ਹੈਨੌਂ-ਦਸ ਕਰੋੜ ਪੰਜਾਬੀ ਵਸੋਂ ਵਾਲੇ ਮੁਲਕ ਦੇ ਪ੍ਰਸੰਗ ਵਿੱਚ ਸੋਚਿਆਂ ਇਹ ਚਿੰਤਾ ਵਾਲੀ ਗੱਲ ਜਾਪਦੀ ਹੈ

* ਪਰਵਾਸੀ ਪੰਜਾਬੀ ਕਹਾਣੀ ਵਿੱਚ ਇਸ ਸਾਲ ਅਮਰੀਕਾ ਦਾ ਯੋਗਦਾਨ ਵਿਸ਼ੇਸ਼ ਰਿਹਾਬਲੌਰੀ ਅੱਖ ਵਾਲਾ ਮੁੰਡਾ (ਪਰਵੇਜ਼ ਸੰਧੂ), ਕਿਤੇ ਉਹ ਨਾ ਹੋਵੇ (ਰਵੀ ਸ਼ੇਰਗਿੱਲ) ਦੋਵੇਂ ਸੰਗ੍ਰਹਿ ਹੀ ਉਲੇਖਯੋਗ ਹਨ

* ਦੁੱਖ ਦੀ ਗੱਲ ਹੈ ਕਿ ਕੁਝ ਉਲੇਖਯੋਗ ਪੰਜਾਬੀ ਕਹਾਣੀਕਾਰ ਇਸ ਵਰ੍ਹੇ ਸਦਾ ਲਈ ਸਾਥੋਂ ਵਿੱਛੜ ਗਏ, ਜਿਵੇਂ ਅਮਰਜੀਤ ਦਰਦੀ, ਗੁਲਵੰਤ ਮਲੌਦਵੀ, ਗੁਰਪਾਲ ਸਿੰਘ ਨੂਰ, ਮੋਹਨ ਕਾਹਲੋਂ, ਨਿੰਦਰ ਗਿੱਲ, ਸੀ.ਆਰ ਮੋਦਗਿਲ

* ਇਹ ਗੱਲ ਪੰਜਾਬੀ ਕਹਾਣੀ-ਵਿਧਾ ਲਈ ਵਡਿਆਈ ਵਾਲੀ ਹੈ ਕਿ ਢਾਹਾਂ ਪੁਰਸਕਾਰ ਲਈ ਇਸ ਵਾਰ ਦਾ ਗੁਣਾ ਤਿੰਨੇ ਕਹਾਣੀ-ਸੰਗ੍ਰਿਹਾਂ ਉੱਤੇ ਹੀ ਪਿਆਪਹਿਲੇ ਪੁਰਸਕਾਰ ਲਈ ਬਲਵਿੰਦਰ ਗਰੇਵਾਲ (ਡਬੋਲੀਆ) ਅਤੇ ਬਾਕੀ ਦੋਹਾਂ ਲਈ ਅਰਵਿੰਦਰ ਧਾਲੀਵਾਲ (ਝਾਂਜਰਾਂ ਵਾਲ਼ੇ ਪੈਰ), ਜਾਵੇਦ ਬੂਟਾ (ਚੌਲਾਂ ਦੀ ਬੁਰਕੀ) ਨੂੰ ਵਧਾਈਇਸੇ ਤਰ੍ਹਾਂ ਸਾਹਿਤ ਅਕਾਦਮੀ ਦਿੱਲੀ ਦਾ ਪੁਰਸਕਾਰ ਪ੍ਰਾਪਤ ਕਰਨ ਵਾਲ਼ੇ ਸਾਡੇ ਉੱਚ-ਦੁਮਾਲੜੇ ਕਹਾਣੀਕਾਰ ਸੁਖਜੀਤ ਨੂੰ ਵੀ ਬਹੁਤ ਬਹੁਤ ਮੁਬਾਰਕਾਂ

* ਪ੍ਰਵਚਨ ਰਿਸਾਲੇ ਨੇ ਆਪਣੀ ਪਿਰਤ ਨੂੰ ਕਾਇਮ ਰੱਖਦਿਆਂ ਪਹਿਲਾਂ ਕਹਾਣੀ ਗੋਸ਼ਟੀ ਵੀ ਕਰਵਾਈ ਅਤੇ ਕਹਾਣੀ ਦਾ ਵਿਸ਼ੇਸ਼ ਅੰਕ (ਜਨਵਰੀ-ਮਾਰਚ) ਵੀ ਛਾਪਿਆਭਾਵੇਂ ਕਿ ਇਸ ਰਿਸਾਲੇ ਦੇ ਸੰਪਾਦਕ ਡਾ. ਰਜਨੀਸ਼ ਬਹਾਦਰ ਸਿੰਘ ਸਾਥੋਂ ਸਦਾ ਲਈ ਵਿੱਛੜ ਗਏ ਹਨ ਪਰ ਪ੍ਰਵਚਨ ਦੀ ਨਵੀਂ ਟੀਮ ਨੇ ਇਹ ਪ੍ਰਥਾ ਚਲਦੀ ਰੱਖਣ ਦੀ ਜ਼ਿੰਮੇਵਾਰੀ ਸਾਂਭ ਲਈ ਹੈ

* ਚੰਗੀਆਂ ਕਹਾਣੀਆਂ ਛਾਪਣ ਵਾਲੇ ‘ਹੁਣ’ ਰਿਸਾਲੇ ਨੇ ਲੰਮਾ ਸਮਾਂ ਬੰਦ ਰਹਿਣ ਤੋਂ ਬਾਅਦ ਦੁਬਾਰਾ ਦਸਤਕ ਦਿੱਤੀ ਹੈ, ਖੁਸ਼ਆਮਦੀਦ

* ਪੰਜਾਬੀ ਕਹਾਣੀ ਦੀਆਂ ਆਡੀਓ ਤਿਆਰ ਕਰਕੇ ਯੂ-ਟਿਊਬ ਉੱਤੇ ਪਾਉਣ ਵਾਲੇ ਉਦਮੀਆਂ ਵਿੱਚ ਦਵਿੰਦਰ ਕੌਰ ਡੀ.ਸੈਣੀ ਦਾ ਨਾਂ ਵੀ ਸ਼ਾਮਿਲ ਹੋ ਗਿਆ ਹੈ, ਪ੍ਰਸ਼ੰਸਾ ਕਰਨੀ ਬਣਦੀ ਹੈ

* ਉਸ ਵਰ੍ਹੇ ਛਪੇ ਬਲਵੀਰ ਕੌਰ ਰੀਹਲ ਦਾ ਸੰਪਾਦਿਤ ਕਹਾਣੀ-ਸੰਗ੍ਰਹਿ ‘ਮੇਰੀ ਧਰਤੀ ਮੇਰਾ ਅੰਬਰ’ (39 ਕਹਾਣੀਆਂ) ਅਤੇ ਬਲਬੀਰ ਮਾਧੋਪੁਰੀ ਦੁਆਰਾ ਸੰਪਾਦਿਤ ਕਹਾਣੀ-ਸੰਗ੍ਰਹਿ ‘ਕੁਲਬੀਰ ਬਡੇਸਰੋਂ ਦੀਆਂ ਇਕੱਤੀ ਕਹਾਣੀਆਂ’ ਨਾਰੀ ਰਚਿਤ ਪੰਜਾਬੀ ਕਹਾਣੀ ਨੂੰ ਵਿਸ਼ੇਸ਼ ਹੁਲਾਰਾ ਦੇਣ ਵਾਲੇ ਹਨ

ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਇਸ ਵਰ੍ਹੇ ਦੀ ਪੰਜਾਬੀ ਕਹਾਣੀ ਨਾਰੀਵਾਦੀ ਸਰੋਕਾਰਾਂ ਪ੍ਰਤੀ ਵਧੇਰੇ ਸੁਜੱਗ ਹੋਈ ਹੈਇਸ ਲਈ ਨਿਰਪੱਖ (ਔਬਜੈਕਟਿਵ) ਦ੍ਰਿਸ਼ਟੀ ਰਾਹੀਂ ਔਰਤ ਦੀ ਹੋਂਦ ਅਤੇ ਹਸਤੀ ਦੇ ਮਸਲਿਆਂ ਨੂੰ ਸਮਝ ਕੇ ਪੇਸ਼ ਕਰਨ ਦਾ ਯਤਨ ਕਰਨ ਲੱਗੀ ਹੈਔਰਤ ਸਿਰਫ ਭੋਗਣ ਵਾਲੀ ਦੇਹ ਨਹੀਂ ਅਤੇ ਨਾ ਹੀ ਔਰਤ ਨਿਰੋਲ ਵਿਅਕਤੀਗਤ ਹੋਂਦ ਹੈ ਇਸਦੇ ਉਲਟ ਔਰਤ ਪਰਿਵਾਰਕ ਤੇ ਸਮਾਜਿਕ ਪ੍ਰਾਣੀ ਵੀ ਹੈ ਅਤੇ ਸਭ ਤੋਂ ਵੱਧ ਇੱਕ ਸੰਪੂਰਨ ਮਾਨਵੀ ਹੋਂਦ ਹੈ ਜਿਸਦੇ ਦੁੱਖ-ਸੁਖ ਸਮੁੱਚੀ ਮਾਨਵ ਜਾਤੀ ਵਾਲੇ ਹੀ ਹਨਤ੍ਰਿਪਤਾ ਕੇ ਸਿੰਘ ਦੀ ਕਹਾਣੀ ‘ਭੁੱਖ’ ਦੇ ਹਵਾਲੇ ਨਾਲ ਕਹੀਏ ਤਾਂ ਉਸ ਦੀਆਂ ਪਰਿਵਾਰਕ ਅਤੇ ਸਮਾਜਿਕ ਪਛਾਣ ਦੀਆਂ ਭੁੱਖਾਂ ਵੀ ਕਾਮ-ਤ੍ਰਿਪਤੀ ਦੀ ਭੁੱਖ ਤੋਂ ਕੋਈ ਘੱਟ ਮਹੱਤਵ ਵਾਲ਼ੀਆਂ ਨਹੀਂ ਹਨ

ਇਸੇ ਤਰ੍ਹਾਂ ਪੰਜਾਬੀ ਔਰਤ ਦੇ ਨਾਰੀ ਸਰੋਕਾਰ ਸਿਰਫ਼ ਉੱਚ ਜਾਂ ਮੱਧਵਰਗੀ ਔਰਤਾਂ ਦੇ ਕਾਮ-ਹਾਬੜੇ ਤਕ ਸੀਮਤ ਨਹੀਂ ਬਲਕਿ ਨਿਮਨ ਵਰਗ ਦੀਆਂ ਔਰਤਾਂ ਨੂੰ ਨਪੀੜਨ ਵਾਲ਼ੇ ਆਰਥਿਕ, ਸਮਾਜਿਕ ਝਮੇਲਿਆਂ ਤਕ ਵੀ ਪਸਰੇ ਹੋਏ ਹਨਹਰਪ੍ਰੀਤ ਚਨੂੰ ਦੀ ਕਹਾਣੀ ‘ਚੱਲ ਚਿੜੀਏ ਮੈਂ ਆਇਆ … …’ ਦੇ ਹਵਾਲੇ ਨਾਲ ਕਿਹਾ ਜਾਵੇ ਤਾਂ ਦਲਿਤ ਔਰਤ ਸੂਟ੍ਹੀ ਸਥਾਪਿਤ ਰਾਜਸੀ ਧਿਰਾਂ ਵੱਲੋਂ ਦੁਰਕਾਰੀ ਆਪਣੀ ਮਾਨਵੀ ਹੋਂਦ ਨੂੰ “ਨੱਕ ਨਾਲੋਂ ਸੀਂਢ ਵਾਂਗ ਗਵਾਹ ਕੇ ਪਰੇ ਮਾਰਨ” ਵਰਗੀ ਮਹਿਸੂਸ ਕਰਦੀ ਹੈਉਸ ਵਰਗੀਆਂ ਦਮਿਤ ਔਰਤਾਂ ਦੀ ਜ਼ਿੰਦਗੀ ਨੂੰ ਮਾਅਨੇਖੇਜ਼ ਬਣਾਉਣਾ ਵੀ ਪੰਜਾਬੀ ਕਹਾਣੀ ਦਾ ਵੱਡਾ ਸਰੋਕਾਰ ਬਣਦਾ ਹੈ

ਵਿਸ਼ਾ-ਵਸਤੂ ਦੀ ਚੋਣ ਵਾਂਗ ਹੀ ਬਿਰਤਾਂਤਕਾਰੀ ਦੇ ਪੱਖ ਤੋਂ ਵੇਖੀਏ ਤਾਂ ਇਸ ਵਰ੍ਹੇ ਦੀ ਪੰਜਾਬੀ ਕਹਾਣੀ ਨੇ ਬੇਲੋੜੀ ਜਟਿਲਤਾ, ਅਮੂਰਤਤਾ (ਐਬਸਟ੍ਰੈਕਸ਼ਨ) ਅਤੇ ਕਥਨਮੂਲਕ ਪ੍ਰਚਾਰਾਤਮਕਤਾ ਵੱਲੋਂ ਵੀ ਕੁਝ ਨਾ ਕੁਝ ਪਾਸਾ ਵੱਟਿਆ ਜਾਪਦਾ ਹੈਇਸੇ ਲਈ ਸਥਾਪਿਤ ਲੇਖਕਾਂ ਦੀਆਂ ਜਟਿਲਤਰ ਕਹਾਣੀਆਂ ਦੇ ਮੁਕਾਬਲੇ ਮੂਲੋਂ ਨਵੇਂ ਕਹਾਣੀਕਾਰਾਂ, ਅਮਰਜੀਤ ਸਿੰਘ ਮਾਨ ਅਤੇ ਰੇਮਨ ਦੀਆਂ ਸਰਲ, ਲਕੀਰੀ ਅਤੇ ਛੋਟੇ ਆਕਾਰ ਦੀਆਂ ਰੌਚਿਕ ਅਤੇ ਅਰਥਪੂਰਨ ਕਹਾਣੀਆਂ ਨੂੰ ਪਾਠਕ ਨੇ ਵਧੇਰੇ ਪਸੰਦ ਕੀਤਾ ਹੈਸ਼ਾਇਦ ਇਹ ਵਿਰਕ-ਟੱਚ ਵਾਲ਼ੇ ਕਥਾ-ਮਾਡਲ ਦੀ ਪੁਨਰ-ਸੁਰਜੀਤੀ ਦਾ ਸੰਕੇਤ ਹੀ ਹੋਵੇ

ਇਸ ਪ੍ਰਕਾਰ ਇਸ ਸਾਲ ਦੀ ਕਹਾਣੀ ਨੇ ਪਾਠਕ-ਮੁੱਖ ਹੋ ਕੇ ਤੁਰਨ ਵੱਲ ਸਲਾਹੁਣਯੋਗ ਕਦਮ ਚੁੱਕਿਆ ਹੈ ਜਿਸਦੇ ਭਵਿੱਖ ਵਿੱਚ ਚੰਗੇ ਸਿੱਟੇ ਨਿਕਲਣ ਦੀ ਆਸ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3737)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

More articles from this author