BaldevSDhaliwal7ਪੰਜਾਬੀ ਕਹਾਣੀ ਦੇ ਖੇਤਰ ਵਿਚ ਗਿਣਤੀ ਦੇ ਪੱਖ ਤੋਂ ਜਿੰਨੀ ਗਹਿਮਾ-ਗਹਿਮੀ ਵੇਖਣ ਨੂੰ ਮਿਲ ਰਹੀ ਹੈ ਓਨੀ ਗੁਣਵੱਤਾ ਦੇ ਪੱਖੋਂ ..."
(9 ਜਨਵਰੀ 2018)

 

Kahani2017B2ਸਾਲ 2017 ਦੀ ਪੰਜਾਬੀ ਕਹਾਣੀ ਉੱਤੇ ਝਾਤ ਪਾਉਂਦਿਆਂ ਇਕ ਹੈਰਾਨ ਕਰਨ ਵਾਲਾ ਵਿਰੋਧਾਭਾਸ ਨਜ਼ਰ ਆਉਂਦਾ ਹੈ। ਇਕ ਪਾਸੇ ਇਸ ਦਾ ਪਾਠਕ ਵਰਗ ਤੇਜ਼ੀ ਨਾਲ ਸੁੰਗੜ ਰਿਹਾ ਹੈ ਅਤੇ ਦੂਜੇ ਪਾਸੇ ਇਸ ਦੀ ਸਿਰਜਣਾ ਜਾਂ ਇਸ ਨਾਲ ਜੁੜੀਆਂ ਸਰਗਰਮੀਆਂ ਵਿਚ ਤਾਬੜ-ਤੋੜ ਢੰਗ ਨਾਲ ਫੈਲਾਅ ਹੁੰਦਾ ਦਿਸਦਾ ਹੈ। ਇਸ ਦਾ ਪ੍ਰਮੁੱਖ ਕਾਰਣ ਇਹ ਹੈ ਕਿ ਪੰਜਾਬੀ ਕਹਾਣੀਕਾਰ ਕਹਾਣੀ-ਕਲਾ ਤੋਂ ਵਿੱਥ ਥਾਪਦਿਆਂ ਭਾਸ਼ਣ-ਕਲਾ (ਰੈਟਰਿਕ) ਦੀ ਵਿਧਾ ਵੱਲ ਵਧ ਰਿਹਾ ਹੈ। ਭਾਸ਼ਣਕਾਰੀ ਨੂੰ ਕਲਾ ਦਾ ਦਰਜਾ ਇਨ੍ਹਾਂ ਅਰਥਾਂ ਵਿਚ ਤਾਂ ਜ਼ਰੂਰ ਦਿੱਤਾ ਜਾਂਦਾ ਹੈ ਕਿ ਵਕਤਾ ਆਪਣੇ ਪ੍ਰਵਚਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਲਾਤਮਕ ਭਾਸ਼ਾ ਦਾ ਪ੍ਰਯੋਗ ਵੀ ਕਰਦਾ ਹੈ ਪਰ ਇਸ ਦੇ ਬਾਵਜੂਦ ਇਹ ਦੋ ਸੁਤੰਤਰ ਵਿਧਾਵਾਂ ਹਨ। ਆਪਸੀ ਨੇੜਤਾ ਕਰਕੇ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਕਹਾਣੀ ਵਿਚ ਵੀ ਭਾਸ਼ਣਕਾਰੀ ਦਾ ਤੱਤ ਆ ਜਾਣਾ ਸੁਭਾਵਿਕ ਹੈ। ਇਹ ਵਰਤੋਂ ਸਮੱਸਿਆਮੂਲਕ (ਪ੍ਰਾਬਲੇਮੈਟਿਕ) ਉਸ ਵਕਤ ਬਣਦੀ ਹੈ ਜਦੋਂ ਕਹਾਣੀਕਾਰ ਭਾਸ਼ਣਕਾਰੀ ਨੂੰ ਇਕ ਕਥਾ-ਜੁਗਤ ਵਾਂਗ ਉਪਯੋਗ ਕਰਨ ਦੀ ਥਾਂ ਇਸ ਨੂੰ ਕਥਾਕਾਰੀ ਦਾ ਬਦਲ ਬਣਾਉਣ ਦਾ ਹਠ ਕਰਨ ਲਗਦਾ ਹੈ। ਪੰਜਾਬੀ ਕਹਾਣੀ ਵਿਚ ਇਹ ਰੁਝਾਨ ਹੁਣ ਚਿੰਤਾ ਦੀ ਹੱਦ ਤੱਕ ਪਹੁੰਚ ਗਿਆ ਹੈ ਜਿਸ ਕਰਕੇ ਕਹਾਣੀ ਦਾ ਕਹਾਣੀਪਣ ਜਾਂ ਕਲਾਤਮਕ ਗੁਣਵੱਤਾ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਗਈ ਹੈ। ਇਸ ਵਰਤਾਰੇ ਤੋਂ ਬੇਖ਼ਬਰ ਕੁਝ ਇਕ ਸਥਾਪਿਤ ਕਹਾਣੀਕਾਰਾਂ ਅਤੇ ਬਹੁਤੇ ਸਿਖਾਂਦਰੂ ਲੇਖਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਰੀਣ-ਮਾਤਰ ਗਲਪੀ ਅੰਸ਼ਾਂ ਵਾਲੀ ਲਿਖਤ ਨੂੰ ਕਹਾਣੀ ਦੇ ਨਾਂ ਨਾਲ ਛਾਪਿਆ ਜਾ ਰਿਹਾ ਹੈ। ਰਿਸਾਲਿਆਂ, ਅਖ਼ਬਾਰਾਂ ਅਤੇ ਇੰਟਰਨੈੱਟ ਦੇ ਪਾਸਾਰੇ ਨਾਲ ਕਹਾਣੀ ਦੀ ਵਧ ਰਹੀ ਮੰਗ ਅਤੇ ਗ਼ੈਰ-ਮਿਆਰੀ ਪ੍ਰਕਾਸ਼ਨੀ ਅਦਾਰਿਆਂ ਦੀ ਬੇਧਿਆਨੀ ਜਾਂ ਅਲਪ-ਸੂਝ ਕਾਰਣ ਅਜਿਹੇ ਰੁਝਾਨ ਨੂੰ ਹੋਰ ਵੀ ਹਵਾ ਮਿਲ ਰਹੀ ਹੈ।

ਕਹਾਣੀ-ਰੂਪਾਕਾਰ, ਬਿਰਤਾਂਤ ਦੀ ਉਹ ਵੰਨਗੀ ਹੈ ਜਿਸ ਵਿਚ ਬਿਰਤਾਂਤਕਾਰ ਨੇ ਸਿਰਫ ਤੱਥਗਤ ਜਾਣਕਾਰੀ ਹੀ ਨਹੀਂ ਦੇਣੀ ਹੁੰਦੀ ਬਲਕਿ ਜੀਵੰਤ ਭਾਂਤ ਦੇ ਗਲਪ-ਬਿੰਬ ਰਾਹੀਂ ਕਿਸੇ ਭਾਵ-ਬੋਧ ਨੂੰ ਪਾਠਕ ਦੀ ਸੰਵੇਦਨਾ ਵਿਚ ਡੂੰਘਾ ਉਕਰਨਾ ਹੁੰਦਾ ਹੈ। ਅਜਿਹਾ ਹੋਣ ਦੀ ਸੂਰਤ ਵਿਚ ਹੀ ਪਾਠਕ ਅਹਿਸਾਸ ਦੇ ਪੱਧਰ ਤੇ ਪਾਤਰਾਂ ਦੇ ਦੁੱਖ-ਸੁਖ ਨਾਲ ਜੁੜਦਾ ਹੈ। ਅਜਿਹੇ ਜੀਵੰਤ ਸਰੂਪ ਵਾਲੀ ਕਹਾਣੀ ਜਾਂ ਬਿਰਤਾਂਤ ਨੂੰ ਅਜੋਕੇ ਮਸਨੂਈ ਸੱਚ (ਪੋਸਟ-ਟਰੁੱਥ) ਦੇ ਯੁਗ ਵਿਚ ਸਭ ਤੋਂ ਸ਼ਕਤੀਸ਼ਾਲੀ ਜਾਂ ਤਿੱਖਾ ਵਿਚਾਰਧਾਰਕ ਹਥਿਆਰ ਸਮਝਿਆ ਜਾਂਦਾ ਹੈ ਜੋ ਦੇਸ਼ਾਂ-ਕੌਮਾਂ ਦੀ ਹੋਣੀ ਬਦਲਣ ਦੀ ਤਾਕਤ ਰੱਖਦਾ ਹੈ। ਪਰ ਇਸ ਬੋਧ ਤੋਂ ਵਿਰਵੇ ਬਹੁਤੇ ਪੰਜਾਬੀ ਕਹਾਣੀਕਾਰਾਂ ਵੱਲੋਂ ਇਸ ਵਿਧਾ ਦੀ ਵਰਤੋਂ ਖੁੰਢੇ ਹਥਿਆਰ ਵਾਂਗ ਕੀਤੀ ਜਾ ਰਹੀ ਹੈ। ਪੰਜਾਬੀ ਦੇ ਪ੍ਰਬੁੱਧ ਚਿੰਤਕ ਡਾ. ਅਤਰ ਸਿੰਘ ਨੇ ਅਜਿਹੇ ਬੋਧ ਦੀ ਰੋਸ਼ਨੀ ਵਿਚ 1963 ਵਿਚ ਪ੍ਰਕਾਸ਼ਿਤ ਆਪਣੇ ਲੇਖ ‘ਨਿੱਕੀ ਕਹਾਣੀ ਤੇ ਮਨੁੱਖੀ ਅਨੁਭਵ’ (ਦ੍ਰਿਸ਼ਟੀਕੋਣ) ਰਾਹੀਂ ਇਸ ਗੱਲ ਵੱਲ ਸਾਡਾ ਧਿਆਨ ਦੁਆਇਆ ਸੀ। ਆਪਣੇ ਸਮਕਾਲੀ ਅਤੇ ਕਹਾਣੀ ਦੇ ਸ਼ਾਹ-ਸਵਾਰ ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਨੂੰ “ਮਨੋਰਥਵਾਦੀ” ਅਤੇ “ਮਨੁੱਖੀ ਸੁਭਾਅ ਦੀ ਵਚਿੱਤਰਤਾ” ਦਾ ਚਿਤਰਣ ਕਰਨ ਵਾਲੀਆਂ ਕਹਿ ਕੇ ਆਲੋਚਨਾ ਕਰਦਿਆਂ ਸਮੁੱਚੇ ਰੂਪ ਵਿਚ ਇਹ ਸਿੱਟਾ ਕੱਢਿਆ ਸੀ ਕਿ “ਉਹ ਨਿੱਕੀ ਕਹਾਣੀ ਨੂੰ ਵਰਤਦਾ ਹੈ, ਰਚਦਾ ਨਹੀਂ।” ਅੱਧੀ ਸਦੀ ਬਾਅਦ ਮੈਂ ਇਨ੍ਹਾਂ ਵਿਚਾਰਾਂ ਨੂੰ ਇਸ ਲਈ ਦੁਹਰਾਇਆ ਹੈ ਕਿਉਂਕਿ ਹੁਣ ਤੱਕ ਬਹੁਤੇ ਮੁਹਤਬਰ ਪੰਜਾਬੀ ਕਹਾਣੀਕਾਰ ਵੀ ਇਸ ਰੁਝਾਨ ਤੋਂ ਮੁਕਤ ਨਹੀਂ ਹੋ ਸਕੇ।

Kahani2017F2ਆਪਣੀ ਧਾਰਨਾ ਦੀ ਪੁਸ਼ਟੀ ਲਈ ਚੌਥੇ ਪੜਾਅ ਦੇ ਸਮਰੱਥ ਕਹਾਣੀਕਾਰ ਗੁਰਮੀਤ ਕੜਿਆਲਵੀ ਦੀ ਕਹਾਣੀ ‘ਜੰਗ’ (ਰਾਗ, ਮਈ-ਅਗਸਤ) ਬਾਰੇ ਵਿਹਾਰਕ ਰੂਪ ਵਿਚ ਸੰਖੇਪ ਚਰਚਾ ਕਰਦੇ ਹਾਂ, ਜਿਸ ਨੇ ‘ਆਤੂ ਖੋਜੀਵਰਗੀਆਂ ਸ਼ਾਹਕਾਰ ਕਹਾਣੀਆਂ ਲਿਖ ਕੇ ਆਦਰਯੋਗ ਥਾਂ ਬਣਾਇਆ ਹੈ। ਇਸ ਲੰਮੀ ਕਹਾਣੀ ਵਿਚ ਉਹ ਉੱਤਮ-ਪੁਰਖੀ ਬਿਰਤਾਂਤਕਾਰ ਜਗਮੀਤ, ਜੋ ਸ਼ਹੀਦ ਹੋ ਚੁੱਕਾ ਹੇਠਲੇ ਰੈਂਕ ਦਾ ਫੌਜੀ ਹੈ, ਰਾਹੀਂ ਭਾਰਤੀ ਸਮਾਜ ਦੀ ਅਤੀ ਨਿਘਾਰਗ੍ਰਸਤ ਰਾਜਸੀ ਅਤੇ ਸਮਾਜਿਕ ਵਿਵਸਥਾ ਦਾ ਬਿਰਤਾਂਤ ਪੇਸ਼ ਕਰਦਾ ਹੈ। ਕਹਿਣ ਨੂੰ ਤਾਂ ਉਸ ਦੀ ਯਾਦ ਵਿਚ ‘ਸ਼ਹੀਦ ਜਗਜੀਤ ਸਿੰਘ ਕਲੱਬਬਣਾਇਆ ਹੋਇਆ ਹੈ ਜਿਸ ਵੱਲੋਂ ਸਾਲਾਨਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਨੇਤਾ ਲੋਕ ਸ਼ਹੀਦ ਨੂੰ ਸ਼ਰਧਾਂਜਲੀ ਦਿੰਦੇ ਹਨ ਅਤੇ ਕਲਾਕਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹਨ, ਪਰ ਅਸਲ ਵਿਚ ਇਹ ਸਾਰਾ ਕੁਝ ਸ਼ਹੀਦ ਨੂੰ ਯਾਦ ਕਰਨ ਲਈ ਘੱਟ ਅਤੇ ਆਪਣੇ ਆਪਣੇ ਸਵਾਰਥੀ ਹਿਤਾਂ ਦੀ ਪੂਰਤੀ ਲਈ ਵੱਧ ਕੀਤਾ ਜਾਂਦਾ ਹੈ। ਇਸੇ ਕਰਕੇ ਜਗਮੀਤ ਦੀ ਪਤਨੀ ਦਿਲਜੀਤ ਅਤੇ ਨੰਨ੍ਹੀ ਬੱਚੀ ਨੂੰ ਸਿਰਫ ਅਣਗੌਲਿਆਂ ਹੀ ਨਹੀਂ ਕੀਤਾ ਜਾਂਦਾ, ਸਗੋਂ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਨਾਲ ਜਗਮੀਤ ਦੀ ਰੂਹ ਤੜਫਦੀ ਹੈ ਅਤੇ ਉਸ ਨੂੰ ਆਪਣੀ ਅਤੇ ਆਪਣੇ ਹੌਲਦਾਰ ਨੈਬ ਸਿੰਘ ਵਰਗੇ ਸਾਥੀਆਂ ਦੀ ਕੁਰਬਾਨੀ ਅਜਾਈਂ ਚਲੀ ਗਈ ਪ੍ਰਤੀਤ ਹੁੰਦੀ ਹੈ। ਇਸ ਲਈ ਅੰਤ ਨੂੰ ਉਹ “ਬਾਹਰਲੇ ਦੁਸ਼ਮਣਾਂ ਖਿਲਾਫ਼ ਸਰਹੱਦਾਂ ਤੇ” ਜੰਗ ਲੜਨ ਵਾਂਗ “ਅੰਦਰਲੇ ਘੁਸਪੈਠੀਆਂ ਖਿਲਾਫ਼” ਜੰਗ ਲੜਨ ਦਾ ਨਾਅਰਾ ਦਿੰਦਾ ਹੈ।

ਮ੍ਰਿਤਕ ਫੌਜੀ ਨੂੰ ਵਕਤਾ ਬਣਾ ਕੇ ਫੈਂਟਸੀ ਜੁਗਤ ਨਾਲ ਲਿਖੀ ਗਈ ਇਸ ਕਹਾਣੀ ਦਾ ਸਮੁੱਚਾ ਲਹਿਜ਼ਾ ਵਰਨਣੀ, ਸੰਬੋਧਨੀ ਅਤੇ ਭਾਸ਼ਣਕਾਰੀ ਵਾਲਾ ਹੈ। ਚਰਿੱਤਰ-ਚਿਤਰਣ ਦੇ ਨਾਂ ਉੱਤੇ ਪਾਤਰਾਂ ਦਾ ਚੌਖਟਾ ਤਾਂ ਨਜ਼ਰ ਆਉਂਦਾ ਹੈ ਪਰ ਉਨ੍ਹਾਂ ਵਿਚ ਲਹੂ-ਮਾਸ ਵਰਗਾ ਜੀਵੰਤ ਕੁਝ ਵੀ ਮਹਿਸੂਸ ਨਹੀਂ ਹੁੰਦਾ। ਇਸ ਲਈ ਪਾਤਰਾਂ ਦੀਆਂ ਦੁਸ਼ਵਾਰੀਆਂ ਦੀ ਸੂਚਨਾ ਦਾ ਸੰਚਾਰ ਤਾਂ ਪਾਠਕ ਤੱਕ ਨਿਸਚੇ ਹੀ ਹੋ ਜਾਂਦਾ ਹੈ ਪਰ ਉਹ ਪਾਠਕ ਦੀ ਸੰਵੇਦਨਾ ਦਾ ਅੰਗ ਬਣ ਕੇ ਉਸ ਨੂੰ ਤੜਪਾਉਂਦਾ ਨਹੀਂ। ਸੂਚਨਾ ਵੀ ਵਧੇਰੇ ਕਰਕੇ ਅਖ਼ਬਾਰੀ ਕਿਸਮ ਦੀ ਹੈ ਜੋ ਪਹਿਲਾਂ ਹੀ ‘ਸਟਾਕ ਮਟੀਰੀਅਲ’ ਦੀ ਤਰ੍ਹਾਂ ਪੰਜਾਬੀ ਸਮਾਜ ਦੇ ਗਿਆਨ-ਭੰਡਾਰ ਦਾ ਅੰਗ ਬਣ ਚੁੱਕੀ ਹੈ। ਉਸ ਬੇਹੀ ਸਮੱਗਰੀ ਨੂੰ ਕੁਝ ਤਿੱਖੇ ਗਲਪੀ-ਵਾਕੰਸ਼ਾਂ ਅਤੇ ਰੂਪਕਾਂ ਦਾ ਤੜਕਾ ਲਾ ਕੇ ਪਰੋਸਣਯੋਗ ਬਣਾਇਆ ਗਿਆ ਹੈ, ਜਿਵੇਂ, “... ਸਰਹੱਦ ਦੇ ਉੱਪਰ ਉਰਾਰ-ਪਾਰ ਦੀਆਂ ਕੁਰਸੀਆਂ ਦਾ ਫਰੈਂਡਲੀ ਮੈਚ ਸ਼ੁਰੂ ਹੋ ਗਿਆ ਸੀ। ਤੋਪਾਂ ਅੱਗ ਉਗਲਣ ਲੱਗੀਆਂ ਸਨ। ਰੂਸ ਅਮਰੀਕਾ ਦੀਆਂ ਫੈਕਟਰੀਆਂ ਵਿਚ ਬਣਿਆ ਗੋਲਾ-ਬਰੂਦ ਭੰਗੜਾ ਪਾਉਣ ਲੱਗਾ ਸੀ। ਇੱਧਰਲੀ-ਉੱਧਰਲੀ ਇਕ ਤੋਪ ਚਲਦੀ ਸੀ ਤਾਂ ਹਿੰਦੁਸਤਾਨੀ-ਪਾਕਿਸਤਾਨੀ ਸੈਂਕੜੇ ਬਾਲਾਂ ਦੇ ਮੂੰਹੋਂ ਰੋਟੀ ਦੀ ਬੁਰਕੀ ਖੋਹੀ ਜਾਂਦੀ ਸੀ। ਉੱਧਰ ਰੂਸ-ਅਮਰੀਕਾ ਵਿਚ ਇਕ ਹੋਰ ਸ਼ਾਨਦਾਰ ਬਿਲਡਿੰਗ ਖੜ੍ਹੀ ਹੋ ਜਾਂਦੀ ਹੋਊ।”

Kahani2017E2ਇਸ ਕਹਾਣੀ ਵਾਂਗ ਹੀ ਪੰਜਾਬੀ ਦੀਆਂ ਵਧੇਰੇ ਕਹਾਣੀਆਂ, ਵਿਸ਼ੇਸ਼ ਕਰਕੇ ਰਾਜਸੀ, ਸਮਾਜਿਕ ਮੁੱਦਿਆਂ ਉੱਤੇ ਕੇਂਦਰਿਤ ਜਾਂ ਕਿਸੇ ਵਾਦ (ਦਲਿਤ, ਨਾਰੀ ਆਦਿ) ਦੀਆਂ ਪ੍ਰਤੀਨਿਧ, ਅਜਿਹੀ ਬਿਰਤਾਂਤਕ ਕਮਜ਼ੋਰੀ ਦਾ ਸ਼ਿਕਾਰ ਹੋ ਜਾਂਦੀਆਂ ਹਨ। ਅਜਿਹੀ ਕਮਜ਼ੋਰੀ ਦਾ ਮੂਲ ਕਾਰਣ ਬਿਰਤਾਂਤਕਾਰ ਦੀ ਭਾਸ਼ਣੀ-ਸੁਰ ਬਣਦੀ ਹੈ, ਕਿਉਂਕਿ ਅਜਿਹਾ ਉੱਤਮ-ਪੁਰਖੀ ਵਕਤਾ ਆਪਣੇ ਚਰਿੱਤਰ-ਵਿਸ਼ੇਸ਼ ਦੀਆਂ ਸੀਮਾਵਾਂ ਵਿਚ ਰਹਿ ਕੇ ਕਾਰਜ ਕਰਦਾ ਨਜ਼ਰ ਨਹੀਂ ਆਉਂਦਾ ਸਗੋਂ ਇਸ ਦੇ ਉਲਟ ਕਹਾਣੀਕਾਰ ਦੇ ਵਿਚਾਰਾਂ ਦਾ ਪ੍ਰਤੀਨਿਧ ਬਣ ਕੇ ਪੈਗੰਬਰੀ ਜਾਂ ਸੂਤਰਧਾਰੀ ਰੂਪ ਵਿਚ ਉੱਚੀ-ਸੁਰ ਨਾਲ ਸਿੱਧਾ ਪਾਠਕ ਨੂੰ ਸੰਬੋਧਨ ਕਰਦਾ ਹੈ। ਇਸ ਗੱਲ ਨੂੰ ਬਹੁਤ ਵਾਰੀ ਕੁਝ ਚਿੰਤਕਾਂ ਵੱਲੋਂ ਆਦਰਸ਼ਿਆ ਕੇ ਵੀ ਪੇਸ਼ ਕੀਤਾ ਜਾਂਦਾ ਹੈ, ਜਿਵੇਂ ਪ੍ਰਸਿੱਧ ਕਹਾਣੀਕਾਰ ਕੇ.ਐੱਲ. ਗਰਗ, ਪਰਵਾਸੀ ਕਹਾਣੀਕਾਰ ਇੰਦਰਜੀਤ ਕੌਰ ਸਿੱਧੂ ਦੇ ਕਹਾਣੀ-ਸੰਗ੍ਰਹਿ ‘ਸਰਦਲਾਂ ਦੇ ਆਰ-ਪਾਰ` ਦਾ ਰੀਵਿਊ ਕਰਦਿਆਂ ਲਿਖਦਾ ਹੈ, “... ਇਹ ਕਹਾਣੀਆਂ ਲਾਊਡ-ਸੁਰ ਵਿਚ ਲਿਖੀਆਂ ਹੋਈਆਂ ਹਨ। ਮਰਦ ਪ੍ਰਧਾਨ ਸਮਾਜ ਦੇ ਬੋਲੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਲੇਖਿਕਾ ਨੂੰ ਲਾਊਡ ਤਾਂ ਹੋਣਾ ਹੀ ਪਵੇਗਾ। ... (ਪੰਜਾਬੀ ਟ੍ਰਿਬਿਊਨ, 22 ਅਕਤੂਬਰ, 2017)

ਇਸ ਦੇ ਉਲਟ ਕਲਾਤਮਕ ਕਹਾਣੀ ਇਹ ਮੰਗ ਕਰਦੀ ਹੈ ਕਿ ਪਾਤਰ ਆਪਣੀ ਸਥਿਤੀ-ਵਿਸ਼ੇਸ਼ ਅਨੁਸਾਰ ਵਿਚਾਰ, ਭਾਵ, ਕਲਪਨਾ, ਭਾਸ਼ਾ ਦਾ ਧਾਰਨੀ ਹੋਵੇ ਅਤੇ ਇਸ ਅਨੁਕੂਲ ਹੀ ਆਪਣੇ ਆਲੇ-ਦੁਆਲੇ ਪ੍ਰਤੀ ਪ੍ਰਤੀਕਿਰਿਆ ਦਰਜ ਕਰੇ। ਅਜਿਹਾ ਕਰਕੇ ਹੀ ਪਾਤਰ ਦਾ ਚਰਿੱਤਰ-ਚਿਤਰਨ ਪਾਠਕ ਲਈ ਮੰਨਣਯੋਗ ਬਣਾਇਆ ਜਾ ਸਕਦਾ ਹੈ। ਮੰਨਣਯੋਗਤਾ ਨੂੰ ਗਲਪ ਦਾ ਸਭ ਤੋਂ ਮੀਰੀ ਗੁਣ-ਲੱਛਣ ਮੰਨਿਆ ਜਾਂਦਾ ਹੈ।

ਭਾਰਤੀ, ਪਾਕਿਸਤਾਨੀ ਅਤੇ ਪਰਵਾਸੀ ਪੰਜਾਬੀ ਕਹਾਣੀ ਦੇ ਮਹਾਂਦ੍ਰਿਸ਼ ਉੱਤੇ ਝਾਤ ਮਾਰੀਏ ਤਾਂ ਜਿਹੜੇ ਕੁਝ ਉਲੇਖਯੋਗ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ ਉਹ ਇਸ ਪ੍ਰਕਾਰ ਹਨ: ਸੰਸਕ੍ਰਿਤੀ (ਬਲਦੇਵ ਸਿੰਘ ਢੀਂਡਸਾ), ਪ੍ਰਿਜ਼ਮ (ਹਰਪ੍ਰੀਤ ਸੇਖਾ), ਸਾਈਨ ਵੈਲਯੂ ਦਾ ਜਲੌਅ (ਬਲਬੀਰ ਪਰਵਾਨਾ), ਕੁੰਭੀ ਨਰਕ (ਭਗਵੰਤ ਰਸੂਲਪੁਰੀ), ਸੰਸਾਰ (ਲਾਲ ਸਿੰਘ) ਕਹਾਣਤ ਕਹਾਣੀ (ਅਲੀ ਅਨਵਰ ਅਹਿਮਦ)।

ਗਿਣਨਾਤਮਕ ਯੋਗਦਾਨ ਦੇ ਪੱਖੋਂ ਵੇਖੀਏ ਤਾਂ ਪੰਜਾਬੀ ਵਿਚ ਹਰ ਹਫ਼ਤੇ ਔਸਤਨ ਇਕ ਕਹਾਣੀ-ਸੰਗ੍ਰਹਿ ਪ੍ਰਕਾਸ਼ਤ ਹੁੰਦਾ ਹੈ। ਇਸ ਵੱਡੇ ਭੰਡਾਰ ਵਿੱਚੋਂ ਕੁਝ ਹੋਰ ਜ਼ਿਕਰਯੋਗ ਕਹਾਣੀ-ਸੰਗ੍ਰਿਹਾਂ ਦਾ ਵੇਰਵਾ ਇਸ ਪ੍ਰਕਾਰ ਹੈ: ਠਰੀ ਅੱਗ ਦਾ ਸੇਕ (ਜਸਪਾਲ ਮਾਨਖੇੜਾ), ਉਮਰ ਕੈਦ (ਸਿਮਰਜੀਤ ਕੌਰ ਬਰਾੜ ਸਿੰਮੀ), ਬਲੌਰੀ (ਦਲਜੀਤ ਕੌਰ ਦਾਊਂ), ਬੇਨਾਮ ਖ਼ਤ (ਬੀਰਪਾਲ ਸਿੰਘ ਅਲਬੇਲਾ), ਯਾਦਾਂ ਵਿਚਲੇ ਨਖ਼ਲਿਸਤਾਨ (ਗੁਰਮੀਤ ਕੌਰ ਸੰਧਾ), ਲੋਹੇ ਦੀ ਮਿੱਟੀ ਦੇ ਲੋਕ (ਸੁਰਜੀਤ ਕੌਰ ਬਸਰਾ), ਤਿੰਨ ਤੀਏ ਸੱਤ (ਗੋਵਰਧਨ ਗੱਬੀ), ਇਕ ਵਾਛੜ ਪਿਆਰ ਦੀ (ਸੁਰਿੰਦਰ ਕੌਰ ਛਾਬੜਾ), ਬੰਦ ਦਰਵਾਜ਼ਾ (ਚਰਨਜੀਤ ਸਿੰਘ ਪੰਨੂੰ), ਕੋਈ ਤਾਂ ਹੈ (ਰਘਬੀਰ ਸਿੰਘ ਮਾਨ), ਇਕ ਸੌ ਉਨੰਜਾ ਮਾਡਲ ਟਾਊਨ (ਰਮੇਸ਼ ਸੇਠੀ ਬਾਦਲ), ਲਾਲ ਘੋੜੀ; ਰੈੱਡ ਕਰਾਸ; ਚਿੱਟਾ ਪਿੰਡ (ਗੁਰਮੇਲ ਬੌਡੇ), ਜਿਲਦ ਵਿਹੂਣੇ ਪੰਨੇ (ਮਨਦੀਪ ਸਿੰਘ ਡਡਿਆਣਾ), ਕਾਲੇ ਹਿਰਨ ਦੀ ਵਾਪਸੀ (ਰਣਜੀਤ ਸਿੰਘ), ਅੰਦਾਜ਼ ਆਪੋ ਆਪਣਾ (ਕੇ. ਜਗਜੀਤ ਸਿੰਘ), ਧਰਤੀ ਦੇ ਰੱਬ; ਝੁਕਿਆ ਹੋਇਆ ਸਿਰ (ਗੁਰਮੀਤ ਸਿੰਘ ਸਿੰਗਲ), ਪਰਦੇਸਣ (ਜਗਤਾਰ ਸਿੰਘ), ਪਗਡੰਡੀਆਂ (ਹੀਰਾ ਸਿੰਘ ਤੂਤ), ਤ੍ਰਿਹਾਈ ਤਾਂਘ (ਹਰਸਿਮਰਨ ਕੌਰ), ਸਾਇਰਨ (ਯਾਦਵਿੰਦਰ ਸਿੱਧੂ), ਜ਼ਿੰਦਗੀ ਇਕ ਸੁਪਨਾ (ਰਾਜਦੇਵ ਕੌਰ ਸਿੱਧੂ), ਅਭੁੱਲ ਯਾਦ; ਸੁਣੀਆਂ ਤੇ ਸੰਭਾਲੀਆਂ (ਕੁਲਦੀਪ ਬਾਸੀ), ਤੇਰੇ ਜਾਣ ਤੋਂ ਬਾਅਦ (ਰਘਬੀਰ ਸਿੰਘ ਮਹਿਮੀ), ਰੂਹ ਦਾ ਰੱਜ (ਪਰਮਜੀਤ ਕੌਰ ਸਰਹਿੰਦ), ਇੱਜ਼ਤ ਬਚਾਣੀ ਮਹਿੰਗੀ ਪਈ (ਸਵਿੰਦਰ ਸਿੰਘ ਉੱਪਲ), ਕਾਲੀਆਂ ਰਾਤਾਂ ਦਾ ਚਾਨਣ (ਕਰਨੈਲ ਸਿੰਘ ਵਜ਼ੀਰਾਬਾਦ), ਪ੍ਰੇਰਣਾ (ਹਰਚੰਦ ਸਿੰਘ ਵੜਿੰਗ), ਅਫ਼ਸਾਨਾ-ਏ-ਜ਼ਿੰਦਗੀ (ਭੁਪਿੰਦਰ ਕੌਰ ਵਾਲੀਆ), ਘੁੱਗੀ ਦੀ ਵਾਪਸੀ (ਬਿਕਰਮਜੀਤ ਨੂਰ), ਸਰਦਲਾਂ ਦੇ ਆਰ-ਪਾਰ (ਇੰਦਰਜੀਤ ਸਿੱਧੂ), ਨਿੱਕੀ ਕਹਾਣੀ (ਮਲਿਕ ਅਲੀ ਸ਼ਾਹ ਸਵਾਰ), ਪੁਰੇ ਦੀ ਹਵਾ (ਨੈਣ ਸੁਖ), ਗੌਰ ਦੇ ਉਲ੍ਹਾਮੇ, ਲੋਹਾਵਰ ਤੇ ਹੋਰ ਕਹਾਣੀਆਂ (ਏਜਾਜ਼), ਲਹਿੰਦੇ ਪੰਜਾਬ ਦੀਆਂ ਚੋਣਵੀਆਂ ਕਹਾਣੀਆਂ (ਸੰਪਾ. ਤੇ ਲਿਪੀਅੰਤਰ: ਹਰਬੰਸ ਸਿੰਘ ਧੀਮਾਨ) ਆਦਿ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਕਹਾਣੀ-ਸੰਗ੍ਰਹਿ ਵੀ ਹਨ ਜਿਨ੍ਹਾਂ ਦੇ ਛਪਣ ਸਾਲ ਦੀ ਪੁਸ਼ਟੀ ਨਹੀਂ ਹੋ ਸਕੀ, ਜਿਵੇਂ ਗਰਮ ਹਵਾਵਾਂ (ਸੋਹਣ ਸਿੰਘ ਸੂੰਨੀ), ਕੁਰਲਾਹਟ (ਮੀਤ ਖਟੜਾ), ਮੇਮ ਬਹੂ; ਡਾਕੂ ਦੀ ਧੀ (ਕ੍ਰਿਸ਼ਨ ਸਿੰਘ) ਆਦਿ। ਮਿੰਨੀ ਕਹਾਣੀ ਦੇ ਬਹੁਤ ਸਾਰੇ ਸੰਗ੍ਰਹਿ ਇਸ ਸੂਚੀ ਵਿਚ ਸ਼ਾਮਿਲ ਨਹੀਂ ਕੀਤੇ ਗਏ।

Kahani2017C2ਇਨ੍ਹਾਂ ਕਹਾਣੀ-ਸੰਗ੍ਰਿਹਾਂ ਤੋਂ ਇਲਾਵਾ ਪੰਜਾਬੀ ਦੇ ਰਿਸਾਲਿਆਂ, ਅਖ਼ਬਾਰਾਂ ਅਤੇ ਇੰਟਰਨੈੱਟ ਦੇ ਵਿਭਿੰਨ ਸਰੋਤਾਂ ਰਾਹੀਂ ਪੰਜਾਬੀ ਦੀਆਂ ਜ਼ਿਕਰਯੋਗ ਡੇਢ ਕੁ ਸੌ ਦੇ ਲੱਗਭਗ ਕਹਾਣੀਆਂ (ਇਨ੍ਹਾਂ ਵਿਚ ਮਿੰਨੀ ਕਹਾਣੀਆਂ ਸ਼ਾਮਿਲ ਨਹੀਂ) ਪ੍ਰਕਾਸ਼ਿਤ ਹੋਈਆਂ ਹਨ। ਚੰਗੀ ਕਹਾਣੀ ਦੇ ਪਾਠਕਾਂ ਦੀ ਸੇਧ ਲਈ ਇਨ੍ਹਾਂ ਵਿੱਚੋਂ ਦਸ ਕੁ ਸਰਵੋਤਮ ਕਹਾਣੀਆਂ ਸਬੰਧੀ ਸੰਖੇਪ ਵਿਚ ਚਰਚਾ ਕਰਨੀ ਲਾਹੇਵੰਦ ਹੋਵੇਗੀ।

ਚੌਥੇ ਪੜਾਅ ਦੀ ਪੰਜਾਬੀ ਕਹਾਣੀ ਦੇ ਸਿਰਮੌਰ ਕਹੇ ਜਾ ਸਕਦੇ ਸ਼ੈਲੀਕਾਰ ਲੇਖਕ ਸੁਖਜੀਤ ਦੀ ਕਹਾਣੀ ‘ਸਿੰਗਲ ਮਾਲਟ ਏਨੀ ਸੁਰਖ਼ ਨਹੀਂ ਹੁੰਦੀ’ (ਹੁਣ, ਜਨਵਰੀ-ਅਗਸਤ) ਜੰਮੂ-ਕਸ਼ਮੀਰ ਦੇ ਸੰਦਰਭ ਵਿਚ, ਅੱਤਵਾਦੀ ਸਰਗਰਮੀਆਂ ਦੇ ਪਿਛੋਕੜ ਵਿਚ ਕੰਮ ਕਰਦੀ ਰਾਜਸੀ ਵਿਆਕਰਨ ਦਾ ਬਿਰਤਾਂਤ ਪੇਸ਼ ਕਰਦੀ ਹੈ। ਇਸ ਦਾ ਉੱਤਮ-ਪੁਰਖੀ ਬਿਰਤਾਂਤਕਾਰ ਕਾਹਲੋਂ, ਜੋ ਕਸ਼ਮੀਰ ਦੀ ਕਿਸੇ ਯੂਨੀਵਰਸਿਟੀ ਵਿਚ ਉਰਦੂ ਪੜ੍ਹਾਉਣ ਵਾਲਾ ਸਰਦਾਰ ਪ੍ਰੋਫੈਸਰ ਹੈ, ਸੰਗਠਨ ਦਾ ਹਮਾਇਤੀ ਹੈ ਅਤੇ ਸਰਹੱਦੋਂ ਪਾਰ ਅੱਤਵਾਦੀ ਭੇਜਣ ਲਈ ਕਸ਼ਮੀਰੀ ਪੰਡਿਤਾਂ ਦੇ ਮੁੰਡਿਆਂ ਨੂੰ ਸਿਖਲਾਈ ਦੇਣ ਵਿਚ ਮਦਦ ਕਰਦਾ ਹੈ। ਉਸ ਨੂੰ ਆਪਣੇ ਅਜਿਹੇ ‘ਰਾਸ਼ਟਰਵਾਦੀ` ਕਾਰਜ ਦੀ ਅਸਲੀਅਤ ਉਸ ਵੇਲੇ ਨਜ਼ਰ ਆਉਂਦੀ ਹੈ ਜਦੋਂ ਉਸ ਦਾ ਆਪਣਾ ਪਰਿਵਾਰ ਅੱਤਵਾਦੀਆਂ ਵੱਲੋਂ ਅਗਵਾ ਕਰ ਲਿਆ ਜਾਂਦਾ ਹੈ। ਕਹਾਣੀ ਦੀ ਸ਼ਕਤੀ ਨਿਵੇਕਲੇ, ਵਿਸ਼ਵ-ਵਿਆਪੀ ਅਤੇ ਭਖਵੇਂ ਮੁੱਦੇ ਨੂੰ ਵਿਸ਼ਾ ਬਣਾਉਣ ਵਿਚ ਤਾਂ ਹੈ ਹੀ ਪਰ ਇਸ ਤੋਂ ਵੀ ਵੱਧ ਸਥਿਤੀ-ਵਿਸ਼ੇਸ਼ ਅਨੁਸਾਰ ਚਰਿਤਰ ਉਸਾਰੀ, ਉਤਸੁਕਤਾ ਪੈਦਾ ਕਰਨ ਅਤੇ ਪ੍ਰਤੀਕਮਈ ਤੇ ਪ੍ਰਕਾਰਜੀ ਗਲਪੀ-ਭਾਸ਼ਾ ਸਿਰਜਣ ਦੀ ਯੋਗਤਾ ਵਿਚ ਵੀ ਹੈ।

ਜਤਿੰਦਰ ਹਾਂਸ ਦੀ ਕਹਾਣੀ ‘ਲਵ-ਜਿਹਾਦ` (ਰਾਗ, ਸਤੰਬਰ-ਦਸੰਬਰ) ਫੇਸਬੁੱਕ ਦੇ ਲਾਈਕਵਾਦੀ ਦੌਰ ਵਿਚ ਸੱਚੇ ਪਿਆਰ ਦੀ ਜੁਸਤਜੂ ਨੂੰ ਵਿਰੋਧਾਭਾਸੀ ਢੰਗ ਨਾਲ ਪੇਸ਼ ਕਰਦੀ ਹੈ। ਕਹਾਣੀ ਦੀ ਉਤਮ-ਪੁਰਖੀ ਨਾਰੀ ਬਿਰਤਾਂਤਕਾਰ ਆਪਣੇ ਘਰ ਦੀਆਂ ਘੁਟਣ ਭਰੀਆਂ ਪਰਿਸਥਿਤੀਆਂ ਤੋਂ ਨਿਜ਼ਾਤ ਪਾਉਣ ਲਈ ਫੇਸਬੁੱਕ ਦੇ ਇਕ ‘ਫਰੈਂਡਨਾਲ ਘਰੋਂ ਭੱਜ ਕੇ ਵਿਆਹ ਕਰਾਉਂਦੀ ਹੈ। ਫਿਰ ਜਦ ਦਸ ਸਾਲ ਬੱਚਾ ਨਹੀਂ ਹੁੰਦਾ ਤਾਂ ਸਮਾਜਿਕ ਦਬਾਅ ਤੋਂ ਬਚਣ ਲਈ ਫੇਸਬੁੱਕ ਦੇ ਹੀ ਇਕ ਹੋਰ ਫਰੈਂਡ ਕਮਲ ਰਾਹੀਂ ਬੱਚਾ ਪੈਦਾ ਕਰਨ ਦੀ ਸਕੀਮ ਬਣਾਉਂਦੀ ਹੈ, ਪਰ ਇਸ ਨੂੰ ਉਹ ਆਪਣੇ ਦੂਜੇ ਪਿਆਰ ਦਾ ਨਾਂ ਦਿੰਦੀ ਹੈ। ਅੰਤ ਕਮਲ ਨੂੰ ਘਰ ਬੁਲਾ ਕੇ ਫਿਰ ਇਸ ਲਈ ਬੇਰੰਗ ਮੋੜ ਦਿੰਦੀ ਹੈ ਕਿਉਂਕਿ ਉਸ ਨੂੰ ਕਮਲ ਸੱਚਾ ਪਿਆਰ ਕਰਨ ਵਾਲੇ ਦੀ ਥਾਂ ਕਾਮ ਦਾ ਭੁੱਖਾ ਜਾਪਦਾ ਹੈ। ਕਹਾਣੀ ਹਕੀਕੀ ਦੁਨੀਆਂ ਦੀ ਥਾਂ ਤੇ ਮਸਨੂਈ ਸੱਚ ਦੀ ਫੈਂਟਸੀ ਵਿੱਚ ਵਿਚਰਦੀ ਨੌਜਵਾਨ ਪੀੜ੍ਹੀ ਦੀ ਜੀਵਣ-ਦ੍ਰਿਸ਼ਟੀ ਸਬੰਧੀ ਬਹੁਤ ਮਾਅਨੇਖੇਜ਼ ਸੰਕੇਤ ਕਰਦੀ ਹੈ। ਇਸ ਦੇ ਨਾਲ ਹੀ ਹਾਂਸ ਦੀ ਤਿੱਖੀ, ਸੱਜਰੀ ਅਤੇ ਰਮਜ਼ਾਂ ਭਰੀ ਤਲਿਸਮੀ ਸ਼ੈਲੀ ਵੀ ਕਹਾਣੀ ਨੂੰ ਅਹਿਮ ਬਣਾਉਂਦੀ ਹੈ।

Kahani2017A2ਹਰਪ੍ਰੀਤ ਸੇਖਾ ਦੀ ਕਹਾਣੀ ‘ਹਾਊਸ-ਵਾਈਫ਼` (ਸਿਰਜਣਾ, ਅਕਤੂਬਰ-ਦਸੰਬਰ) ਪੱਛਮੀ ਦੇਸ਼ਾਂ ਦੇ ਪਰਵਾਸ ਦੇ ਪ੍ਰਸੰਗ ਵਿਚ ਪੰਜਾਬੀ ਮਰਦ ਦੀ ਉਸਰਦੀ-ਢਹਿੰਦੀ ਪੁਰਖ-ਤੰਤਰੀ ਦ੍ਰਿਸ਼ਟੀ ਦੇ ਪਰਿਵਾਰਕ ਜੀਵਨ ਉੱਤੇ ਪੈਣ ਵਾਲੇ ਡੂੰਘੇ ਪ੍ਰਭਾਵਾਂ ਦਾ ਬਿਰਤਾਂਤ ਸਿਰਜਦੀ ਹੈ। ਉੱਤਮ-ਪੁਰਖੀ ਨਾਰੀ ਬਿਰਤਾਂਤਕਾਰ ਨੀਨੂੰ ਸਰਕਾਰੀ ਹਸਪਤਾਲ ਵਿਚ ਨਰਸ ਹੈ ਅਤੇ ਉਸ ਦਾ ਪਤੀ ਮਨਮੀਤ, ਨਵੀਆਂ ਪ੍ਰਸਥਿਤੀਆਂ-ਵੱਸ, ਘਰ ਇਕ ਚੰਗੀ ਗ੍ਰਹਿਣੀ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਖੁਸ਼ੀ ਨਾਲ ਨਿਭਾਉਂਦਾ ਹੈ। ਕਿਸੇ ਪੂਰਬਵਾਦੀ ਦ੍ਰਿਸ਼ਟੀ ਵਾਲੇ ਪੰਜਾਬੀ ਸੈਲਾਨੀ ਮਿੱਤਰ ਵੱਲੋਂ ਕੀਤੀ ਚੋਭਮਈ ਟਿੱਪਣੀ ਕਿ “ਤੇਰਾ ਤਾਂ ਕਨੇਡਾ ਆ ਕੇ ਸੈਕਸ ਚੇਂਜ ਹੋ ਗਿਆ ਲਗਦਾ”, ਮਨਮੀਤ ਦੀ ਮਰਦਾਵੀਂ ਹਊਂ ਨੂੰ ਸੱਟ ਮਾਰ ਦਿੰਦੀ ਹੈ ਅਤੇ ਉਸ ਦੀ ਸਹਿਜ ਜੀਵਣ-ਗਤੀ ਥਿੜ੍ਹਕ ਜਾਂਦੀ ਹੈ। ਮੁਸ਼ਕਲ ਨਾਲ ਉਹ ਪੱਛਮੀ ਜੀਵਣ-ਦ੍ਰਿਸ਼ਟੀ ਦੇ ਤਰਕ ਰਾਹੀਂ ਮੁੜ ਸਹਿਜ ਅਵਸਥਾ ਵਿੱਚ ਆਉਂਦਾ ਹੈ। ਪਿੱਛਲਝਾਤ ਵਾਲੇ ਸਹਿਜ ਅਤੇ ਸਰਲ ਬਿਰਤਾਂਤ ਰਾਹੀਂ ਜਟਿਲ ਜੀਵਣ-ਯਥਾਰਥ ਦੀ ਪ੍ਰਮਾਣਿਕ ਪੇਸ਼ਕਾਰੀ ਇਸ ਕਹਾਣੀ ਨੂੰ ਵਿਸ਼ੇਸ਼ ਬਣਾਉਂਦੀ ਹੈ।

ਬਲਬੀਰ ਪਰਵਾਨਾ ਦੀ ਕਹਾਣੀ ‘ਸ਼ਾਪਿੰਗ’ (ਸਿਰਜਣਾ, ਅਪ੍ਰੈਲ-ਜੂਨ) ਉਪਭੋਗੀ ਚੇਤਨਾ ਦੀ ਗ੍ਰਿਫ਼ਤ ਵਿਚ ਫਸੇ ਸ਼ਹਿਰੀ ਮੱਧਵਰਗੀ ਪਤੀ-ਪਤਨੀ ਦੇ ਰਿਸ਼ਤੇ ਦੀ ਪਲ ਪਲ ਬਦਲਦੀ ਸਮੀਕਰਨ ਦਾ ਬਿਰਤਾਂਤ ਪੇਸ਼ ਕਰਦੀ ਹੈ। ਅੰਨਯ-ਪੁਰਖੀ ਬਿਰਤਾਂਤਕਾਰ, ਇਕ ਪ੍ਰਾਈਵੇਟ ਸਕੂਲ ਦੀ ਅਧਿਆਪਕ ਰੁਪਾਲੀ ਅਤੇ ਉਸ ਦੇ ਪ੍ਰਾਪਰਟੀ ਡੀਲਰ ਪਤੀ ਸਤੀਸ਼ ਨੂੰ ਹਰ ਤਰ੍ਹਾਂ ਦੀਆਂ ਪਦਾਰਥਕ ਖੁਸ਼ੀਆਂ ਮਾਣ ਰਹੇ ਵਿਖਾਉਂਦਾ ਹੈ। ਲਗਾਤਾਰ ਦੋ ਬੱਚਿਆਂ ਦੀ ਆਮਦ ਨਾਲ ਜਦੋਂ ਉਪਭੋਗੀ ਜੀਵਨ-ਜਾਚ ਵਿਚ ਕੁਝ ਖੜੋਤ ਆਉਂਦੀ ਜਾਪਦੀ ਹੈ ਤਾਂ ਸਤੀਸ਼ ਵਕਤੀ ਤੌਰ ’ਤੇ ਵਿਆਹ-ਬਾਹਰੇ ਸਬੰਧਾਂ ਵੱਲ ਰੁਚਿਤ ਹੋ ਜਾਂਦਾ ਹੈ ਅਤੇ ਰੁਪਾਲੀ ਨੀਰਸਤਾ ਤੋੜਨ ਲਈ ਵੱਖ ਹੋਣ ਬਾਰੇ ਤਿਲਮਿਲਾਉਣ ਲਗਦੀ ਹੈ। ਅੰਤ ‘ਮੈਰਿਜ ਐਨਵਰਸਰੀ` ਸਮੇਂ ਪਤੀ ਵੱਲੋਂ ਕਰਵਾਈ ਗਈ ਗਹਿਣਿਆਂ ਦੀ ‘ਸ਼ਾਪਿੰਗ` ਨਾਲ ਰੁਪਾਲੀ ਫਿਰ ਸਭ ਕੁਝ ਭੁੱਲ ਕੇ ਗ੍ਰਹਿਸਤੀ ਜ਼ਿੰਦਗੀ ਨਾਲ ਪਰਚ ਗਈ ਲਗਦੀ ਹੈ। ਕਹਾਣੀ ਦੀ ਖ਼ੂਬੀ ਜਿੱਥੇ ਨਵੇਂ ਜੀਵਨ-ਯਥਾਰਥ ਨੂੰ ਪ੍ਰਮਾਣਿਕ ਢੰਗ ਨਾਲ ਫੜ ਸਕਣ ਵਿਚ ਹੈ, ਉੱਥੇ ਉਸ ਦੇ ਅਨੁਕੂਲ ਨਵੀਂ ਜੀਵੰਤ ਗਲਪੀ-ਭਾਸ਼ਾ ਦੇ ਸਿਰਜਣ ਵਿਚ ਵੀ ਹੈ।

Kahani2017D2ਦੀਪ ਦਵਿੰਦਰ ਦੀ ਕਹਾਣੀ ‘ਪਰਿਕਰਮਾ` (ਹੁਣ, ਸਤੰਬਰ-ਦਸੰਬਰ) ਘਰ ਦੇ ਮੁਖੀ ਦੀ ਮੌਤ ਤੋਂ ਬਾਅਦ ਇਕ ਦਲਿਤ ਪਰਿਵਾਰ ਦੀ ਉੱਖੜੀ ਜੀਵਨ-ਚਾਲ ਦਾ ਬਿਰਤਾਂਤ ਪੇਸ਼ ਕਰਦੀ ਹੈ। ਉੱਤਮ-ਪੁਰਖੀ ਅੱਲ੍ਹੜ ਉਮਰ ਦਾ ਬਿਰਤਾਂਤਕਾਰ ਆਪਣੀ ਮਾਂ ਦੇ ਅਚਾਨਕ ਨਵਾਂ ਘਰ ਵਸਾ ਲੈਣ ਦੇ ਫੈਸਲੇ ਨਾਲ ਦੁਖੀ ਹੋ ਕੇ, ਉਸ ਦੀ ਫੋਟੋ ਉੱਤੇ ਹਾਰ ਪਾਉਂਦਿਆਂ, ਮਨੋ-ਮਨੀ ਉਸ ਨੂੰ ਮ੍ਰਿਤਕ ਚਿਤਵ ਲੈਂਦਾ ਹੈ। ਫਿਰ ਜਦੋਂ ਮਾਂ ਦੇ ਆਰਥਿਕ, ਸਮਾਜਿਕ, ਭਾਵਨਾਤਮਕ ਸੰਘਰਸ਼ ਅਤੇ ਵਿਗੋਚਿਆਂ ਨੂੰ ਧਿਆਨ ਵਿਚ ਲਿਆਉਂਦਾ ਹੈ ਤਾਂ ਉਸ ਦਾ ਮਨ ਤਰਲ ਹੋ ਕੇ ਬਦਲ ਜਾਂਦਾ ਹੈ ਅਤੇ ਉਹ ਮਾਂ ਦੀ ਫੋਟੋ ਤੋਂ ਹਾਰ ਉਤਾਰ ਦਿੰਦਾ ਹੈ। ਕਹਾਣੀ ਦੀ ਸਮਰੱਥਾ ਪਾਤਰਾਂ ਦੇ ਕਾਰਜ ਨੂੰ ਪੂਰੀ ਨਿੱਗਰ ਅਤੇ ਜੀਵਨ-ਮੂਲਕ ਗਲਪੀ-ਭਾਸ਼ਾ ਨਾਲ ਸਾਕਾਰ ਕਰਨ ਵਿਚ ਹੈ।

ਨਵਚੇਤਨ ਦੀ ਕਹਾਣੀ ‘ਰਹਿਣ ਕਿਥਾਉਂ ਨਾਹਿ’ (ਹੁਣ, ਸਤੰਬਰ-ਦਸੰਬਰ) ਇਕ ‘ਡਿਪੋਰਟਹੋਏ ਪਰਵਾਸੀ ਪੰਜਾਬੀ ਨੌਜਵਾਨ ਦੀ ਘਰ-ਵਾਪਸੀ ਨਾਲ ਖ਼ੂਨ ਦੇ ਰਿਸ਼ਤਿਆਂ ਦੀ ਬਦਲੀ ਵਿਆਕਰਨ ਦਾ ਬਿਰਤਾਂਤ ਪੇਸ਼ ਕਰਦੀ ਹੈ। ਉੱਤਮ-ਪੁਰਖੀ ਬਿਰਤਾਂਤਕਾਰ ਦੇ ਚਾਚੇ ਦਾ ਪੁੱਤ-ਭਰਾ ਮਿੰਦਰ ਜੋ ਪੌਂਡਾਂ ਕਾਰਣ ਸਾਰੇ ਪਰਿਵਾਰ ਦਾ ਦੁਲਾਰਾ ਸੀ, ਘਰ-ਵਾਪਸੀ ਤੋਂ ਬਾਅਦ ਸਾਰਿਆਂ ਲਈ ਕੋਈ ਅਜਨਬੀ ਅਤੇ ਬਿਗਾਨਾ ਬਣ ਕੇ ਰਹਿ ਜਾਂਦਾ ਹੈ। ਮੋਹ-ਭੰਗ ਦੀ ਅਵਸਥਾ ਵਿਚ ਉਹ ਖੇਤ ਉਜਾੜ ਪਏ ਮਕਾਨ ਵਿਚ ਦਿਨ-ਕਟੀ ਕਰਦਾ ਹੈ। ਪਰਵਾਸ ਦੇ ਸੰਦਰਭ ਵਿਚ ਰਿਸ਼ਤਿਆਂ ਦੇ ਅਰਥ-ਸ਼ਾਸਤਰ ਨੂੰ ਡੂੰਘਾਈ ਵਿਚ ਸਮਝਣ ਵਾਲੀ ਰਚਨਾ-ਦ੍ਰਿਸ਼ਟੀ ਤਾਂ ਪ੍ਰਭਾਵਿਤ ਕਰਦੀ ਹੀ ਹੈ, ਨਾਲ ਹੀ ਮਿੰਦਰ ਦੀ ਯਥਾਰਥਕ ਚਰਿੱਤਰ-ਉਸਾਰੀ ਅਤੇ ਸਰੋਦੀ ਗਲਪੀ-ਭਾਸ਼ਾ ਵੀ ਕਹਾਣੀ ਦਾ ਹਾਸਿਲ ਬਣਦੇ ਹਨ।

ਮਨਮੋਹਨ ਬਾਵਾ ਦੀ ‘ਸ਼ੀਸ਼ੇ ਦੇ ਦਰਵਾਜ਼ੇ ਕੋਲ ਖੜ੍ਹਾ ਆਦਮੀ’ (ਕਹਾਣੀ-ਪੰਜਾਬ, ਅਪ੍ਰੈਲ-ਜੂਨ), ਬਲਜਿੰਦਰ ਨਸਰਾਲੀ ਦੀ ‘ਜੇ ਉਹ ਹੁੰਦੀ’ (ਸਿਰਜਣਾ, ਜਨਵਰੀ-ਮਾਰਚ), ਤ੍ਰਿਪਤਾ ਕੇ. ਸਿੰਘ ਦੀ ‘ਕਵਿਤਾ, ਕਵੀ ਤੇ ਮੈਂ’ (ਰਾਗ, ਮਈ-ਅਗਸਤ) ਅਤੇ ਪਵਿੱਤਰ ਕੌਰ ਮਾਟੀ ਦੀ ‘ਅੱਧੇ-ਅਧੂਰੇ’ (ਕਹਾਣੀ ਧਾਰਾ, ਜੁਲਾਈ-ਸਤੰਬਰ) ‘ਪਤੀ, ਪਤਨੀ ਔਰ ਵੋਹ’ ਦੀ ਤਰਜ਼ ’ਤੇ ਔਰਤ-ਮਰਦ ਦੇ ਰਿਸ਼ਤੇ ਦੇ ਵਿਭਿੰਨ ਪਾਸਾਰ ਪੇਸ਼ ਕਰਦੀਆਂ ਕਹਾਣੀਆਂ ਹਨ। ਰੌਚਿਕ ਅਤੇ ਨਿਵੇਕਲੀ ਗੱਲ ਇਹ ਹੈ ਕਿ ਕਿਸੇ ਸੰਪੂਰਨਤਾ ਦੀ ਤਲਾਸ਼ ਵਿਚ ਮਰਦ ਪਾਤਰ ਵਿਆਹ-ਬਾਹਰੇ ਦੋਸਤਾਨਾ ਸਬੰਧਾਂ (ਕਾਮ-ਭੁੱਖ ਤੋਂ ਮੁਕਤ) ਦੀ ਕਾਮਨਾ ਤਾਂ ਕਰਦੇ ਹਨ ਪਰ ਨਾਲ਼ੋ ਨਾਲ਼ ਆਪਣੇ ਪਰਿਵਾਰ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਵੀ ਮੱਧਮ ਨਹੀਂ ਪੈਣ ਦੇਣਾ ਚਾਹੁੰਦੇ। ਇਨ੍ਹਾਂ ਕਹਾਣੀਆਂ ਦੀ ਖ਼ੂਬੀ ਮਨੁੱਖੀ ਅਵਚੇਤਨ ਦੀਆਂ ਬਹੁਤ ਡੂੰਘੀਆਂ ਤੈਹਾਂ ਨੂੰ ਉਜਾਗਰ ਕਰਨ ਵਿਚ ਹੈ। ਸਹਿਜ ਅਤੇ ਸਰਲ ਬਿਰਤਾਂਤ, ਮਨੋਵਿਗਿਆਨਕ ਛੋਹਾਂ ਅਤੇ ਕਹਾਣੀ-ਰਸ ਵੀ ਇਨ੍ਹਾਂ ਨਵੇਂ ਲਹਿਜ਼ੇ ਦੀਆਂ ਪਿਆਰ ਕਹਾਣੀਆਂ ਨੂੰ ਪਾਠਕਮੁਖੀ ਬਣਾਉਂਦਾ ਹੈ।

ਭਗਵੰਤ ਰਸੂਲਪੁਰੀ ਦੀ ਕਹਾਣੀ ‘ਕਬਰਗਾਹ’ (ਹੁਣ, ਸਤੰਬਰ-ਦਸੰਬਰ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਹੇਠਲੇ ਮੱਧਵਰਗੀ ਕਿਸਾਨ ਅਤੇ ਦਲਿਤ ਵਰਗ ਦੇ ਕੰਗਾਲੀਕਰਣ ਅਤੇ ਅੰਤ ਖੁਦਕੁਸ਼ੀਆਂ ਦੇ ਰਾਹ ਪੈਣ ਦਾ ਵੱਡੇ ਕੈਨਵਸ ਵਾਲਾ ਬਿਰਤਾਂਤ ਸਿਰਜਦੀ ਹੈ। ਕਹਾਣੀ ਦੀ ਵਧੇਰੇ ਸਮਰੱਥਾ ਇਸ ਦੇ ਥੀਮਗਤ ਪਾਸਾਰਾਂ ਕਰਕੇ ਹੈ, ਭਾਵੇਂ ਕਿ ਵਰਨਣਮੂਲਕ ਅਤੇ ਸੂਤਰਧਾਰੀ ਲਹਿਜ਼ਾ ਇਸ ਦੀ ਕਲਾਤਮਕ ਬਿਰਤਾਂਤਕਾਰੀ ਨੂੰ ਠੇਸ ਪਹੁੰਚਾਉਣ ਵਾਲਾ ਸਿੱਧ ਹੁੰਦਾ ਹੈ।

ਏਜਾਜ਼ ਦੀ ਕਹਾਣੀ ‘ਪੁਰਾਣ’ (ਲਕੀਰ, ਮਾਰਚ-ਅਪ੍ਰੈਲ) ਪਾਕਿਸਤਾਨ ਦੀ ਇਕ ਨੌਕਰੀਪੇਸ਼ਾ ਮੱਧਵਰਗੀ ਔਰਤ ਦੀ ਆਪਣੇ ਤਨ-ਮਨ ਬਾਰੇ ਸੁਤੰਤਰ ਫੈਸਲੇ ਲੈਣ ਦੀ ਅਧਵਾਟੇ ਟੁੱਟੀ ਖਾਹਸ਼ ਦਾ ਦੁਖਾਂਤ ਪੇਸ਼ ਕਰਦੀ ਹੈ। ਉੱਤਮ-ਪੁਰਖੀ ਕੰਵਾਰੀ ਬਿਰਤਾਂਤਕਾਰ ਆਪਣੇ ਦੋਸਤ ਦਲਬੀਰ ਨਾਲ ਸੰਪਰਕ ਰਾਹੀਂ ਗਰਭਵਤੀ ਹੋ ਜਾਂਦੀ ਹੈ। ਉਹ ਖੁਸ਼ੀ ਅਤੇ ਮਾਣ ਨਾਲ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ ਪਰ ਦਲਬੀਰ ਬੱਚੇ ਨੂੰ ਆਪਣਾ ਬਾਪ ਵਜੋਂ ਨਾਂ ਦੇਣ ਤੋਂ ਇਨਕਾਰੀ ਹੋ ਜਾਂਦਾ ਹੈ। ਫਿਊਡਲ ਸਮਾਜ ਵਿਚ ਬਿਨ ਬਾਪ ਤੋਂ ਬੱਚੇ ਦੀ ਹੋਣੀ ਬਾਰੇ ਚਿਤਵ ਕੇ ਉਹ ਖੁਦਕੁਸ਼ੀ ਕਰ ਲੈਂਦੀ ਹੈ। ਕਹਾਣੀ ਦੀ ਸ਼ਕਤੀ ਜਿੱਥੇ ਇਸ ਦੀ ਆਧੁਨਿਕ ਸੰਵੇਦਨਾ ਵਾਲੀ ਨਾਰੀਮੁਖੀ ਰਚਨਾ-ਦ੍ਰਿਸ਼ਟੀ ਵਿਚ ਹੈ, ਉੱਥੇ ਇਸ ਦੀ ਸੰਕੇਤਕ ਅਤੇ ਪ੍ਰਗੀਤਕ ਗਲਪੀ-ਭਾਸ਼ਾ ਦੇ ਢੁੱਕਵੇਂ ਪ੍ਰਯੋਗ ਵਿਚ ਵੀ ਹੈ।

ਇਨ੍ਹਾਂ ਦੇ ਨਾਲ਼ ਨਾਲ਼ ਕੁਝ ਹੋਰ ਪੜ੍ਹਨਯੋਗ ਕਹਾਣੀਆਂ ਹਨ, ਜਿਵੇਂ ਝਨ੍ਹਾਂ ਦੀਆਂ ਛੱਲਾਂ (ਅਜਮੇਰ ਸਿੱਧੂ, ਸ਼ਬਦ, ਜਨਵਰੀ-ਮਾਰਚ), ਵਿਦਾਅ (ਜਿੰਦਰ, ਸਿਰਜਣਾ, ਜੁਲਾਈ-ਸਤੰਬਰ), ਹੀਰ ਕਾਮਰੇਡ ਵਿਨੋਦ (ਬਿੰਦਰ ਬਸਰਾ, ਲਕੀਰ, ਮਾਰਚ-ਅਪ੍ਰੈਲ), ਰੇਤ ਦੇ ਇਗਲੂ (ਬਲੀਜੀਤ, ਲਕੀਰ, ਮਾਰਚ-ਅਪ੍ਰੈਲ), ਗਹਿਰ (ਸਰਵਣ ਮਿਨਹਾਸ, ਵਾਹਗਾ, ਅੰਕ 5), ਇਕ ਹੋਰ ਸੁੱਚਾ ਸਿੰਘ (ਹਰਪ੍ਰੀਤ ਸੇਖਾ, ਸਿਰਜਣਾ, ਜਨਵਰੀ-ਮਾਰਚ), ਅੰਨ ਬ੍ਰਹਮ ਹੈ (ਜਤਿੰਦਰ ਹਾਂਸ, ਸਿਰਜਣਾ, ਜੁਲਾਈ-ਸਤੰਬਰ), ਕੁੰਭੀ ਨਰਕ (ਭਗਵੰਤ ਰਸੂਲਪੁਰੀ, ਸਿਰਜਣਾ, ਅਕਤੂਬਰ-ਦਸੰਬਰ), ਮੋਢੇ ਦਾ ਭਾਰ (ਪ੍ਰੇਮ ਪ੍ਰਕਾਸ਼, ਹੁਣ, ਜਨਵਰੀ-ਅਗਸਤ), ਖੜ-ਸੁੱਕ ਰੁੱਖ (ਗੁਰਦਿਆਲ ਦਲਾਲ, ਹੁਣ, ਜਨਵਰੀ-ਅਗਸਤ), ਕੀ ਜਾਣਾ ਮੈਂ ਕੌਣ (ਮੇਜਰ ਮਾਂਗਟ, ਰਾਗ, ਅੰਕ 1), ਸਵੈ-ਸ਼ਿਕਨ (ਕੁਲਜੀਤ ਮਾਨ, ਰਾਗ, ਜੁਲਾਈ-ਸਤੰਬਰ), ਦੀਵਾ ਬਲੇ ਉਜਾੜੀਂ (ਖ਼ਾਲਿਦ ਹੁਸੈਨ, ਸਾਹਿਤਕ ਏਕਮ, ਅਕਤੂਬਰ-ਦਸੰਬਰ), ਅੱਗੇ ਸਾਖੀ ਹੋਰ ਚੱਲੀ (ਲਾਲ ਸਿੰਘ, ਸਿਰਜਣਾ, ਅਪ੍ਰੈਲ-ਜੂਨ), ਅਨਾਰਕਲੀ (ਸੁਰਿੰਦਰ ਨੀਰ, ਜਨਵਰੀ-ਮਾਰਚ), ਮਲਟੀਪਰਪਜਿਜ਼ (ਬਲਦੇਵ ਸਿੰਘ, ਪੰਜਾਬੀ ਟ੍ਰਿਬਿਊਨ) ਆਦਿ।

ਇਸ ਸਾਲ ਦੀ ਕਹਾਣੀ ਨੂੰ ਪੜ੍ਹਦਿਆਂ ਕੁਝ ਉੱਭਰਵੀਆਂ ਗੱਲਾਂ, ਜੋ ਨੁਕਤਿਆਂ ਦੇ ਰੂਪ ਵਿਚ ਸਾਹਮਣੇ ਆਈਆਂ, ਇਸ ਪ੍ਰਕਾਰ ਹਨ:

ਬਹੁਤੀ ਕਹਾਣੀ ਰਿਸ਼ਤਿਆਂ ਦੇ ਬਦਲਦੇ ਸਮੀਕਰਨਾਂ ਬਾਰੇ ਲਿਖੀ ਜਾ ਰਹੀ ਹੈ। ਰਾਜਸੀ ਚੇਤਨਾ ਵਾਲੀ ਕਲਾਤਮਕ ਕਹਾਣੀ, ਜਿਸ ਵੰਨਗੀ ਲਈ ਕਦੇ ਵਰਿਆਮ ਸਿੰਘ ਸੰਧੂ ਨੇ ਨਾਮਣਾ ਖੱਟਿਆ ਸੀ, ਦੀ ਮੂਲੋਂ ਹੀ ਘਾਟ ਜਾਪਦੀ ਹੈ।

ਨਾਰੀ ਕਹਾਣੀਕਾਰਾਂ ਦੇ ਘੱਟ-ਗਿਣਤੀ ਕਾਫ਼ਲੇ ਵਿਚ ਨੀਲਮ ਸੈਣੀ, ਜਸਵੀਰ ਕੌਰ, ਸਿੰਮੀਪ੍ਰੀਤ ਕੌਰ, ਕੁਲਬੀਰ ਕੌਰ ਆਦਿ ਨਵੇਂ ਸਮਰੱਥ ਨਾਂ ਸ਼ਾਮਿਲ ਹੋਣੇ ਰਾਹਤ ਵਾਲੀ ਗੱਲ ਹੈ।

ਇਸ ਸਾਲ ਕਹਾਣੀਕਾਰਾਂ ਦਾ ਇਕ ਪੂਰ ਗੁਜ਼ਰ ਗਿਆ। ਦਰਸ਼ਨ ਸਿੰਘ, ਅਮਰਜੀਤ ਅਕਸ, ਅਮਰ ਗਿਰੀ, ਸ਼ਿਵਚਰਨ ਗਿੱਲ, ਇਕਬਾਲ ਸਿੰਘ ਰਾਮੂੰਵਾਲੀਆ, ਕੈਲਾਸ਼ਪੁਰੀ, ਗੁਰਚਰਨ ਸਿੰਘ ਜ਼ੀਰਾ, ਅਫ਼ਜ਼ਲ ਅਹਿਸਨ ਰੰਧਾਵਾ, ਬੰਤ ਸਿੰਘ ਚੱਠਾ ਨੂੰ ਭਾਵ-ਭਿੰਨੀ ਸ਼ਰਧਾਂਜਲੀ।

ਜਿਹੜੇ ਕੁਝ ਨਵੇਂ ਹੋਣਹਾਰ ਕਹਾਣੀਕਾਰਾਂ ਦੀ ਆਮਦ ਨੇ ਆਸ ਦੀ ਨਵੀਂ ਕਿਰਨ ਜਗਾਈ ਹੈ, ਉਨ੍ਹਾਂ ਵਿਚ ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਬੁਲੇਟ, ਏਜਾਜ਼ (ਪਾਕਿਸਤਾਨੀ), ਨਵਚੇਤਨ (ਪਰਵਾਸੀ), ਗੁਰਪ੍ਰੀਤ ਸਹਿਜੀ, ਸੰਦੀਪ ਚੀਮਾ, ਸਿਮਰਜੀਤ ਸਿੰਘ, ਵਿਪਨ ਆਦਿ ਸ਼ਾਮਿਲ ਹਨ।

ਸੁਹਿਰਦ ਢੰਗ ਨਾਲ ਕਹਾਣੀਆਂ ਦੀ ਚੋਣ ਕਰਕੇ ਜ਼ਿੰਮੇਵਾਰੀ ਨਾਲ ਮੌਲਿਕ ਅਤੇ ਕਲਾਤਮਕ ਕਹਾਣੀਆਂ ਪ੍ਰਕਾਸ਼ਿਤ ਕਰਨ ਵਾਲੇ ਪੰਜਾਬੀ ਰਿਸਾਲਿਆਂ ਵਿਚ ਇਕ ਹੋਰ ਨਾਂ ‘ਰਾਗ` (ਸੰਪਾਦਕ, ਅਜਮੇਰ ਸਿੱਧੂ) ਜੁੜ ਗਿਆ ਹੈ।

ਕੁਝ ਪੰਜਾਬੀ ਰਿਸਾਲਿਆਂ ਨੇ ਕਹਾਣੀ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਕੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ। ਲਕੀਰ (ਮਾਰਚ-ਅਪ੍ਰੈਲ), ਕਹਾਣੀ ਧਾਰਾ (ਜੁਲਾਈ-ਸਤੰਬਰ), ਕਲਾਕਾਰ ਸਾਹਿਤਕ (ਜੁਲਾਈ-ਸਤੰਬਰ) ਇਸ ਪੱਖੋਂ ਪ੍ਰਸ਼ੰਸਾ ਦੇ ਹੱਕਦਾਰ ਹਨ।

ਪੰਜਾਬੀ ਅਕਾਦਮੀ, ਦਿੱਲੀ ਦੁਆਰਾ ‘ਪੰਜਾਬੀ ਕਹਾਣੀ ਦਾ ਇਤਿਹਾਸ` ਨਾਂ ਦੀ ਪੁਸਤਕ ਨੂੰ ਪਿਛਲੇ ਗਿਆਰਾਂ ਸਾਲ ਦੇ ਨਵੇਂ ਡਾਟੇ (ਕਹਾਣੀਕਾਰਾਂ ਬਾਰੇ ਪ੍ਰਮਾਣਿਕ ਬਹੁ-ਪੱਖੀ ਜਾਣਕਾਰੀ) ਸਮੇਤ ਇਸ ਵਰ੍ਹੇ ਮੁੜ ਛਾਪਿਆ ਗਿਆ ਹੈ।

ਪਾਕਿਸਤਾਨੀ ਪੰਜਾਬੀ ਕਹਾਣੀ ਦੀ ਤਾਜ਼ਾ-ਤਰੀਨ ਸਮੱਗਰੀ ਤੱਕ ਪਹੁੰਚਣਾ ਬਹੁਤ ਮੁਸ਼ਕਲ ਕਾਰਜ ਹੈ। ਇਸ ਲਈ ਮੇਰੇ ਕੋਲ ਇਕੋ ਇਕ ਭਰੋਸੇਮੰਦ ਸਰੋਤ ਪਾਕਿਸਤਾਨੀ ਨੌਜਵਾਨ ਪੰਜਾਬੀ ਕਹਾਣੀਕਾਰ ਅਤੇ ਕਹਾਣੀ-ਆਲੋਚਕ ਡਾ. ਕਰਾਮਤ ਅਲੀ ਮੁਗਲ ਹੈ ਜਿਸ ਨੇ ਇਸ ਵਰ੍ਹੇ ਵੀ ਲਾਹੇਵੰਦੀਆਂ ਜਾਣਕਾਰੀਆਂ ਨਾਲ ਇਸ ਲਿਖਤ ਵਿਚ ਆਪਣਾ ਯੋਗਦਾਨ ਪਾਇਆ।

ਪਾਕਿਸਤਾਨੀ ਪੰਜਾਬੀ ਕਹਾਣੀ ਦੇ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਲਿਪੀਅੰਤਰ ਦਾ ਮਸਲਾ ਵੀ ਬਹੁਤ ਵੱਡਾ ਹੈ। ਇਸ ਕੰਮ ਲਈ ਕਿਸੇ ਅਦਾਰੇ ਦੀ ਅਣਹੋਂਦ ਵਿਚ ਜਿਹੜੇ ਕੁਝ ਇਕ ਵਿਅਕਤੀ ਇਹ ਅਹਿਮ ਕਾਰਜ ਤਨ-ਦੇਹੀ ਨਾਲ ਕਰ ਰਹੇ ਹਨ ਉਨ੍ਹਾਂ ਵਿਚ ਡਾ. ਹਰਬੰਸ ਸਿੰਘ ਧੀਮਾਨ ਦਾ ਨਾਂ ਵਿਸ਼ੇਸ਼ ਹੈ। ਉਸ ਨੇ ਇਸ ਸਾਲ ਸਮਕਾਲੀ ਪਾਕਿਸਤਾਨੀ ਪੰਜਾਬੀ ਕਹਾਣੀ ਦੇ ਸਮਰੱਥ ਛੇ ਕਹਾਣੀਕਾਰਾਂ ਦੀਆਂ ਛੇ-ਛੇ ਕਹਾਣੀਆਂ ਦਾ ਲਿੱਪੀਅੰਤਰ ਕੀਤਾ ਹੈ, ਜੋ ‘ਲਹਿੰਦੇ ਪੰਜਾਬ ਦੀਆਂ ਚੋਣਵੀਆਂ ਪੰਜਾਬੀ ਕਹਾਣੀਆਂਦੇ ਨਾਂ ਹੇਠ ਗੁਰਮੁਖੀ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਪੁਸਤਕ ਵੀ ਇਸ ਵਰ੍ਹੇ ਦਾ ਹਾਸਿਲ ਹੈ।

ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਕਹਾਣੀ ਦੇ ਖੇਤਰ ਵਿਚ ਗਿਣਤੀ ਦੇ ਪੱਖ ਤੋਂ ਜਿੰਨੀ ਗਹਿਮਾ-ਗਹਿਮੀ ਵੇਖਣ ਨੂੰ ਮਿਲ ਰਹੀ ਹੈ ਓਨੀ ਗੁਣਵੱਤਾ ਦੇ ਪੱਖੋਂ ਨਜ਼ਰ ਨਹੀਂ ਆਉਂਦੀ, ਜਿਸ ਕਰਕੇ ਚੰਗੀ ਕਹਾਣੀ ਦੇ ਤਲਬਗਾਰ ਪਾਠਕ ਨੂੰ ਇਕ ਖੜੋਤ ਜਿਹੀ ਦਾ ਅਹਿਸਾਸ ਹੋਣ ਲਗਦਾ ਹੈ। ਮਿਸਾਲ ਵਜੋਂ ਜਿਵੇਂ ਜਰਨੈਲ ਸਿੰਘ ਤੋਂ ਬਾਅਦ ਹਰਪ੍ਰੀਤ ਸੇਖਾ ਨੇ ਅਨੁਭਵਮੁਖੀ ਪ੍ਰੌਢ ਬਿਰਤਾਂਤਕਾਰੀ ਨਾਲ ਪਰਵਾਸੀ ਪੰਜਾਬੀ ਕਹਾਣੀ ਨੂੰ ਹੋਰ ਪ੍ਰਮਾਣਿਕ ਬਣਾ ਕੇ ਨਵਾਂ ਹੁਲਾਰਾ ਦਿੱਤਾ ਹੈ, ਉਵੇਂ ਪਾਕਿਸਤਾਨੀ ਪੰਜਾਬੀ ਕਹਾਣੀ ਵਿਚ ਮੁਹੰਮਦ ਮਨਸ਼ਾ ਯਾਦ ਅਤੇ ਆਗ਼ਾ ਅਲੀ ਮੁਦੱਸਰ ਤੋਂ ਬਾਅਦ ਕੋਈ ਬਹੁਤ ਸਮਰੱਥ ਨਾਂ ਇਸ ਸਾਲ ਵੀ ਵੇਖਣ ਨੂੰ ਨਹੀਂ ਮਿਲਿਆ। ਖਾਸਕਰ ਰੂਪਾਕਾਰਕ ਬੰਧੇਜ਼ ਜਾਂ ਪੁਖ਼ਤਾ ਬਿਰਤਾਂਤਕਾਰੀ ਦੇ ਪੱਖੋਂ ਤਾਂ ਪਾਕਿਸਤਾਨੀ ਪੰਜਾਬੀ ਕਹਾਣੀ ਦੀ ਹਾਲਤ ਕਾਫੀ ਤਰਸਯੋਗ ਜਿਹੀ ਨਜ਼ਰ ਆਈ ਹੈ। ਭਾਰਤੀ ਪੰਜਾਬੀ ਕਹਾਣੀ ਵਿਚ ਵੀ ਅਨੁਭਵ ਦੀਆਂ ਸੀਮਿਤ ਵਲਗਣਾਂ ਨੂੰ ਉਲੰਘਣ ਵਾਲੀਆਂ ਸੁਖਜੀਤ, ਜਤਿੰਦਰ ਹਾਂਸ, ਮਨਮੋਹਨ ਬਾਵਾ ਆਦਿ ਦੀਆਂ ਕੁਝ ਇਕ ਕਹਾਣੀਆਂ ਤੋਂ ਬਿਨਾਂ ਬਾਕੀ ਵਧੇਰੇ ਕਹਾਣੀਆਂ ਨੂੰ ਪੜ੍ਹਦਿਆਂ ਦੁਹਰਾਈ ਵਰਗਾ ਅਹਿਸਾਸ ਨਿਰੰਤਰ ਹੁੰਦਾ ਰਿਹਾ ਹੈ। ਇਸ ਲਈ ਪੰਜਾਬੀ ਪਾਠਕ ਦਾ ਵਿਸ਼ਵਾਸ ਬਣਾਈ ਰੱਖਣ ਲਈ ਜਿੱਥੇ ਪੰਜਾਬੀ ਕਹਾਣੀਕਾਰ ਨੂੰ ਨਵੇਂ ਅਨੁਭਵ ਖੇਤਰਾਂ ਅਤੇ ਪ੍ਰੌਢ ਬਿਰਤਾਂਤਕਾਰੀ ਦੇ ਪੱਖੋਂ ਹੋਰ ਸੁਚੇਤ ਹੋਣਾ ਪਵੇਗਾ ਉੱਥੇ ਰਿਸਾਲਿਆਂ ਦੇ ਸੰਪਾਦਕਾਂ ਨੂੰ ਵੀ ਆਪਣੀ ਚੋਣ ਅਤੇ ਪੇਸ਼ਕਾਰੀ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਪਵੇਗੀ। ਅਜਿਹਾ ਕਰਕੇ ਹੀ ਪੰਜਾਬੀ ਕਹਾਣੀ-ਰੂਪਾਕਾਰ ਦੇ ਖੁੰਢੇ ਹੋ ਰਹੇ ਹਥਿਆਰ ਨੂੰ ਮੁੜ ਸਾਣ ਉੱਤੇ ਲਾਇਆ ਜਾ ਸਕਦਾ ਹੈ। ਅਜਿਹਾ ਤਾਂ ਹੀ ਸੰਭਵ ਹੋ ਸਕੇਗਾ ਜੇ ਪੰਜਾਬੀ ਕਹਾਣੀਕਾਰ ਭਾਸ਼ਣੀ-ਸੁਰ ਦੀ ਥਾਂ ਨਵੇਂ ਵਸਤੂ-ਯਥਾਰਥ ਦੇ ਨਾਲ ਵਰ ਮੇਚਣ ਵਾਲੀ ਗਲਪੀ-ਭਾਸ਼ਾ ਦੀ ਸਿਰਜਣ ਸ਼ਕਤੀ ਉੱਤੇ ਭਰੋਸਾ ਕਰਨਾ ਸਿੱਖੇਗਾ ਅਤੇ ਸ਼ਬਦ ਦੀਆਂ ਨਵੀਆਂ ਸੰਭਾਵਨਾਵਾਂ ਜਗਾਉਣ ਨੂੰ ਆਪਣਾ ਮੂਲ ਮੰਤਰ ਬਣਾਵੇਗਾ। ਇਸ ਆਸ ਅਤੇ ਵਿਸ਼ਵਾਸ ਨਾਲ ਪੰਜਾਬੀ ਕਹਾਣੀ ਦੇ ਸੁਨਹਿਰੀ ਭਵਿੱਖ ਦੀ ਕਲਪਨਾ ਕਰਦਾ ਹਾਂ।

******

(964)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)