“ਹਰਿਆਣਾ ਸੂਬਾ ਭਾਵੇਂ ਸਿਆਸੀ ਰੂਪ ਵਿੱਚ ਪੰਜਾਬ ਨਾਲੋਂ ਵੱਖ ਹੈ ਪ੍ਰੰਤੂ ਸਾਹਿਤਕ ਰੂਪ ਵਿੱਚ ਦੋਹਾਂ ਦੇ ਸਰੋਕਾਰ ...”
(17 ਅਪਰੈਲ 2024)
ਇਸ ਸਮੇਂ ਪਾਠਕ: 440.
ਵਿਦਵਾਨਾਂ ਦਾ ਕਥਨ ਹੈ ਕਿ ਭੂਗੋਲਕ ਅਤੇ ਸਮਾਜਕ ਬਣਤਰ ਦਾ ਮਨੁੱਖ ਦੇ ਮਨ, ਵਿਚਾਰ ਅਤੇ ਜੀਵਨ ’ਤੇ ਡੂੰਘਾ ਅਸਰ ਪੈਂਦਾ ਹੈ। ਇਹ ਗੱਲ 100 ਫ਼ੀਸਦੀ ਸੱਚ ਅਤੇ ਲਾਜ਼ਮੀ ਹੈ ਕਿ ਭੁਗੋਲਕ ਖ਼ੇਤਰ ਅਤੇ ਸਮਾਜਕ ਬਣਤਰ ਦੇ ਅਨੁਸਾਰ ਮਨੁੱਖ ਦੀ ਬੋਲੀ, ਪਹਿਰਾਵਾ, ਰਹਿਣ-ਸਹਿਣ ਅਤੇ ਸੁਭਾਅ ਹੋਵੇਗਾ। ਮਨੁੱਖੀ ਮਨ ਉੱਪਰ ਪਏ ਇਸ ਪ੍ਰਭਾਵ ’ਤੇ ਧਰਮ ਅਤੇ ਹੋਰ ਨਿੱਕੇ-ਮੋਟੇ ਕਾਰਕ ਲਾਜ਼ਮੀ ਅਸਰ ਪਾਉਂਦੇ ਹਨ ਪ੍ਰੰਤੂ ਉੰਨਾ ਨਹੀਂ ਕਿ ਇਸ ਪ੍ਰਭਾਵ ਨੂੰ ਗੰਭੀਰ ਅਤੇ ਪੁਖ਼ਤਾ ਚਰਚਾ ਦਾ ਵਿਸ਼ਾ ਬਣਾਇਆ ਜਾ ਸਕੇ।
ਪੰਜਾਬੀ ਸਾਹਿਤ ਦਾ ਅਧਿਐਨ ਕਰਦਿਆਂ ਇਹ ਤੱਥ ਪੂਰੀ ਤਰ੍ਹਾਂ ਦਰੁਸਤ ਅਤੇ ਕਾਰਗਰ ਸਾਬਤ ਹੁੰਦਾ ਹੈ ਕਿ ਜਿਹੜੇ ਸਰੋਕਾਰ ਅਤੇ ਸਮੱਸਿਆਵਾਂ ‘ਮੁੱਖਧਾਰਾ’ ਦੇ ਪੰਜਾਬੀ ਸਾਹਿਤ ਵਿੱਚ ਪਈਆਂ ਹਨ, ਉਹੋ ਸਰੋਕਾਰ ਤੇ ਸਮੱਸਿਆਵਾਂ ‘ਹਰਿਆਣੇ ਦੇ ਪੰਜਾਬੀ ਸਾਹਿਤ’ ਅੰਦਰ ਦੇਖਣ-ਪੜ੍ਹਨ ਨੂੰ ਮਿਲਦੀਆਂ ਹਨ ਅਤੇ ਚਰਚਾ ਦੇ ਵਿਸ਼ਾ ਬਣਦੀਆਂ ਹਨ। ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚ ਖਿੱਤੇ ਅਤੇ ਭੂਗੋਲਕ ਮੁਸ਼ਕਲਾਂ, ਸੰਦਰਭਾਂ ਬਾਰੇ ਉੰਨਾ ਜ਼ਿਕਰ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ ਹੈ।
ਹਰਿਆਣੇ ਦੇ ਪੰਜਾਬੀ ਸਾਹਿਤ ਦਾ ਅਧਿਐਨ ਕਰਦਿਆਂ ਕਈ ਵਾਰ ਇੰਝ ਮਹਿਸੂਸ ਹੁੰਦਾ ਹੈ ਕਿ ਇਹ ‘ਪੰਜਾਬ’ ਵਿੱਚ ਰਚੇ ਗਏ ਮੁੱਖਧਾਰਾ ਦੇ ਸਾਹਿਤ ਦਾ ਅਧਿਐਨ ਕੀਤਾ ਜਾ ਰਿਹਾ ਹੈ। ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚ ਲੋਕਲ ਬਿਰਤੀਆਂ, ਤਿਉਹਾਰਾਂ, ਬੋਲੀਆਂ, ਪਹਿਰਾਵੇ, ਮੁਹਾਵਰਿਆਂ, ਅਖਾਣਾਂ ਅਤੇ ਪੇਂਡੂ ਸੱਭਿਆਚਾਰ-ਸੰਸਕ੍ਰਿਤੀ ਦੀ ਅਣਹੋਂਦ (ਗ਼ੈਰ-ਹਾਜ਼ਰੀ) ਗੰਭੀਰ ਚਿੰਤਾ ਦਾ ਵਿਸ਼ਾ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਹਰਿਆਣੇ ਦੇ ਪੰਜਾਬੀ ਭਾਵੇਂ ਸੰਨ 1966 ਵਿੱਚ ‘ਸਿਆਸੀ ਰੂਪ’ ਵਿੱਚ ਪੰਜਾਬ ਨਾਲੋਂ ਵੱਖ ਹੋ ਗਏ ਸਨ ਪ੍ਰੰਤੂ ਉਹਨਾਂ ਦੀਆਂ ਰੁਚੀਆਂ ਅਤੇ ਸੁਭਾਅ ਮੁੱਖਧਾਰਾ ਦੇ ਪੰਜਾਬੀ ਲੇਖਕਾਂ ਵਾਂਗ ਹੀ ਹਨ। ਇਹਨਾਂ ਹਰਿਆਣਵੀ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਵਿੱਚ ਖ਼ੇਤਰੀ ਪ੍ਰਭਾਵ ਅਮੂਮਨ ਦੇਖਣ-ਪੜ੍ਹਨ ਨੂੰ ਨਹੀਂ ਮਿਲਦੇ।
ਇਸਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਹਰਿਆਣਵੀ ਪੰਜਾਬੀਆਂ ਨੇ ਆਪਣੇ-ਆਪ ਨੂੰ ਹਰਿਆਣਵੀ ਸੱਭਿਆਚਾਰ, ਸੰਸਕ੍ਰਿਤੀ ਅਤੇ ਰਹੁ-ਰੀਤਾਂ ਨਾਲ ਭਾਵਾਤਮਕ ਰੂਪ ਵਿੱਚ ਨਹੀਂ ਜੋੜਿਆ। ਸੱਭਿਆਚਾਰਕ ਦੂਰੀ ਕਿਤੇ ਨਾ ਕਿਤੇ ਸਾਹਿਤ ਵਿੱਚ ਦੇਖਣ ਨੂੰ ਲਾਜ਼ਮੀ ਮਿਲਦੀ ਹੈ ਕਿਉਂਕਿ ਸਾਹਿਤ ਦੀ ਰਚਨਾ ਮਨੁੱਖੀ ਮਨ ਵਿੱਚ ਪੈਦਾ ਹੋਏ ਵਿਚਾਰਾਂ, ਤਜਰਬਿਆਂ ਵਿੱਚੋਂ ਉਪਜਦੀ ਹੈ। ਜੇਕਰ ਮਨ ਵਿੱਚ ਇਹਨਾਂ ਤਜਰਬਿਆਂ ਬਾਰੇ ਕੋਈ ਇੱਛਾ ਹੀ ਪੈਦਾ ਨਹੀਂ ਹੋਈ ਤਾਂ ਉਸ ਨੂੰ ਸਾਹਿਤ ਦਾ ਹਿੱਸਾ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ?
ਅਮੂਮਨ ਬਹੁਤੇ ਪੰਜਾਬੀ ਸਾਹਿਤਕਾਰਾਂ ਦੀਆਂ ਰਚਨਾਵਾਂ ਵਿੱਚ ‘ਪਰਵਾਸ ਦਾ ਸੰਕਲਪ’ ਵਿਸ਼ਾਲ ਅਤੇ ਡੂੰਘੇ ਅਰਥਾਂ ਵਿੱਚ ਲਿਆ ਜਾਂਦਾ ਹੈ। ਉਸਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬੀ ਆਪਣੇ-ਆਪ ਨੂੰ ਉਸ (ਬਾਹਰਲੇ) ਮੁਲਕ ਦੇ ਭੁਗੋਲਕ, ਸਮਾਜਕ ਅਤੇ ਸੱਭਿਆਚਾਰਕ ਤਾਣੇ-ਬਾਣੇ ਵਿੱਚ ਬੱਝਿਆ ਜਕੜਿਆ ਹੋਇਆ ਮਹਿਸੂਸ ਕਰਦਾ ਹੈ। ਅਮੈਰਿਕਾ, ਕੈਨੇਡਾ, ਯੂ ਕੇ ਅਤੇ ਯੂਰੋਪ ਦੇ ਹੋਰ ਮੁਲਕਾਂ ਦੇ ਪ੍ਰਭਾਵ (ਸੱਭਿਆਚਾਰਕ, ਸੰਸਕ੍ਰਿਤੀ) ਦੀ ਝਲਕ ‘ਪਰਵਾਸੀ ਪੰਜਾਬੀ ਸਾਹਿਤ’ ਦੇ ਰੂਪ ਵਿੱਚ ਪੜ੍ਹਨ ਨੂੰ ਮਿਲ ਜਾਂਦੀ ਹੈ। ਉੱਥੋਂ ਦੇ ਰਹਿਣ-ਸਹਿਣ, ਪਹਿਰਾਵੇ ਅਤੇ ਮਨੋਬਿਰਤੀਆਂ ਬਾਰੇ ਪਰਵਾਸੀ ਸਾਹਿਤ ਵਿੱਚ ਜ਼ਿਕਰ ਮਿਲਦਾ ਹੈ ਪ੍ਰੰਤੂ ਹਰਿਆਣੇ ਵਿੱਚ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਵਿੱਚੋਂ ਹਰਿਆਣੇ ਦੇ ਸੱਭਿਆਚਾਰ ਬਾਰੇ ਬਹੁਤਾ ਜ਼ਿਕਰ ਨਹੀਂ ਮਿਲਦਾ।
ਹਰਿਆਣਵੀ ਪੰਜਾਬੀਆਂ ਦੀ ਕਲਮ 1947 ਦੀ ਭਾਰਤ-ਪਾਕ ਵੰਡ, 1984 ਦੇ ਦੁਖਾਂਤ ਅਤੇ ਪੰਜਾਬੀ ਸਮਾਜ ਦੇ ਸਾਹਮਣੇ ਆਉਂਦੀਆਂ ਦਰਪੇਸ਼ ਚੁਣੌਤੀਆਂ ਬਾਰੇ ਅਕਸਰ ਚਲਦੀ ਰਹਿੰਦੀ ਹੈ। ਅੱਜ ਵੀ ਹਰਿਆਣਵੀ ਪੰਜਾਬੀ ਲੇਖਕਾਂ ਦੀ ਕਲਮ ਆਪਣੇ ਪੁਰਖਿਆਂ ਦੇ ਪਿਛਕੋੜ ਨੂੰ ਯਾਦ ਕਰਦਿਆਂ ਚਲਦੀ ਹੈ। ਇਹਨਾਂ ਲੇਖਕਾਂ ਨੇ ਆਪਣੇ ਪੁਰਖਿਆਂ ਦੀ ਜੰਮਣ ਭੋਂਇੰ (ਪਾਕਿਸਤਾਨ) ਨੂੰ ਚੇਤੇ ਕਰਦਿਆਂ ਰਚਨਾਵਾਂ ਵੀ ਕੀਤੀਆਂ ਹਨ। ਪ੍ਰੰਤੂ ਇਹਨਾਂ ਰਚਨਾਵਾਂ ਵਿੱਚੋਂ ਲੋਕਲ ਪ੍ਰਭਾਵ (ਹਰਿਆਣਾ) ਮਨਫ਼ੀ ਹੈ।
ਹਰਿਆਣਵੀ ਪੰਜਾਬੀਆਂ ਦੀ ਸਿਰਜਣਾ ਵਿੱਚੋਂ ਇਹ ਪ੍ਰਭਾਵ ਮਨਫ਼ੀ ਹੋਣ ਦੇ ਕੁਝ ਕਾਰਨਾਂ ਦਾ ਸੰਖੇਪ ਰੂਪ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ ਤਾਂ ਕਿ ਅਸਲ ਕਾਰਨਾਂ ਦੀ ਸਹੀ ਪਰਿਪੇਖ ਵਿੱਚ ਪੜਚੋਲ ਕੀਤੀ ਜਾ ਸਕੇ।
ਸਭ ਤੋਂ ਮਹੱਤਵਪੂਰਨ ਅਤੇ ਪੁਖਤਾ ਗੱਲ: ਹਰਿਆਣੇ ਦੀ ‘ਸਿਆਸਤ’ ਵਿੱਚ ਪੰਜਾਬੀਆਂ (ਖ਼ਾਸਕਰ ਸਿੱਖਾਂ) ਦਾ ਸਿਆਸੀ ਪ੍ਰਭਾਵ ਜਾਂ ਦਖਲ ਨਾ ਦੇ ਬਰਾਬਰ ਹੈ। ਦੂਜੇ ਸ਼ਬਦਾਂ ਵਿਚ ਸਿਆਸਤ ਵਿੱਚ ਹਰਿਆਣੇ ਦੇ ਪੰਜਾਬੀ ‘ਫਾਡੀ’ ਕਹੇ ਜਾ ਸਕਦੇ ਹਨ। ਇਸ ਲਈ ਉਹਨਾਂ (ਪੰਜਾਬੀਆਂ) ਦੇ ਮਨਾਂ ਅੰਦਰ ਹਰਿਆਣੇ ਦੇ ਕੇਂਦਰੀ ਭਾਵ ਨੂੰ ਪ੍ਰਫੁਲਿਤ ਨਹੀਂ ਜਾ ਸਕਦਾ। ਸਿਆਸਤ ਵਿੱਚ ਫਾਡੀ ਹੋਣ ਕਰਕੇ ਇਹ ਆਪਣੇ-ਆਪ ਨੂੰ ਦੂਜੇ ਦਰਜ਼ੇ ਦੇ ਸ਼ਹਿਰੀ ਮਹਿਸੂਸ ਕਰਨ ਲੱਗਦੇ ਹਨ। ਉਹਨਾਂ ਦੀ ਸਿਆਸੀ ਇੱਛਾ-ਸ਼ਕਤੀ ਖ਼ਤਮ ਹੋ ਜਾਂਦੀ ਹੈ। ਇਸ ਲਈ ਉਹ ਆਪਣੇ-ਆਪ ਨੂੰ ਵੱਖ ਅਤੇ ਓਪਰਾ ਮਹਿਸੂਸ ਕਰਨ ਲੱਗਦੇ ਹਨ। ਇਸੇ ਕਰਕੇ ਹਰਿਆਣੇ ਦੇ ਪੰਜਾਬੀ ਸਾਹਿਤ ਸਿਰਜਣਾ ਦੇ ਖੇਤਰ ਵਿੱਚੋਂ ਹਰਿਆਣਵੀ ਸੰਸਕ੍ਰਿਤੀ ਦਾ ਮੂਲ ਤੱਤ ਗਾਇਬ ਹੋਇਆ ਮਹਿਸੂਸ ਕੀਤਾ ਜਾ ਸਕਦਾ ਹੈ।
ਦੂਜਾ, ਸਿੱਖਿਆਤੰਤਰ (ਉਹ ਚਾਹੇ ਉੱਚ ਸਿੱਖਿਆ ਤੰਤਰ ਹੋਵੇ ਅਤੇ ਚਾਹੇ ਸਕੂਲ ਪੱਧਰ ਦੀ ਸਿੱਖਿਆ ਪ੍ਰਣਾਲੀ ਹੋਵੇ) ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਹੈ। ਸਿੱਖਿਆਤੰਤਰ ਨੂੰ ਚਲਾਉਣ, ਨੀਤੀਆਂ ਘੜਨ ਅਤੇ ਲਾਗੂ ਕਰਵਾਉਣ ਵਿੱਚ ਹਰਿਆਣੇ ਦੇ ਪੰਜਾਬੀਆਂ ਦਾ ਬਹੁਤਾ ਯੋਗਦਾਨ, ਪ੍ਰਭਾਵ ਨਹੀਂ ਹੈ। ਇਸ ਨਾਲ ਜਿੱਥੇ ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਉੱਤੇ ਵਧੇਰੇ ਤਵੱਜੋ ਦਿੱਤੀ ਜਾਂਦੀ ਹੈ, ਉੱਥੇ ਹੀ ਪੰਜਾਬੀ ਭਾਸ਼ਾ ਅਣਗੌਲੀ ਰਹਿ ਜਾਂਦੀ ਹੈ। ਇਸ ਕਾਰਨ ਵੀ ਪੰਜਾਬੀਆਂ ਵੱਲੋਂ ਆਪਣੀ ਸਾਹਿਤਕ ਸਿਰਜਣਾ ਵਿੱਚ ‘ਹਰਿਆਣਵੀ ਪ੍ਰਭਾਵ’ ਮਨਫ਼ੀ ਹੋਇਆ ਦੇਖਿਆ ਜਾ ਸਕਦਾ ਹੈ।
ਤੀਜਾ, ਬੋਲੀ ਅਤੇ ਧਰਮ ਦਾ ਪ੍ਰਭਾਵ ਵੀ ਕਾਰਗਰ ਅਸਰ ਪਾਉਂਦਾ ਹੈ। ਹਰਿਆਣੇ ਅੰਦਰ ਰਹਿੰਦੇ ਹਿੰਦੂ ਖ਼ਾਸਕਰ ਪੰਜਾਬੀ ਹਿੰਦੂ (ਜਿਹੜੇ 1947 ਦੀ ਭਾਰਤ-ਪਾਕ ਵੰਡ ਵੇਲੇ) ਹਰਿਆਣੇ ਦੇ ਪੱਕੇ ਵਸਨੀਕ ਬਣ ਗਏ ਸਨ ਉਹ ਅਤੇ ਉਹਨਾਂ ਦੇ ਪਰਿਵਾਰ ਪੰਜਾਬੀ ਜ਼ੁਬਾਨ ਨਾਲੋਂ ਟੁੱਟਦੇ ਜਾ ਰਹੇ ਹਨ। ਬਹੁਤਾਤ ਵਿਚ ਹਿੰਦੂ ਪੰਜਾਬੀ ਤਬਕਾ ਪੰਜਾਬੀ ਬੋਲਣ ਤੋਂ ਗੁਰੇਜ਼ ਕਰਨ ਲੱਗਾ ਹੈ। ਇਸ ਕਾਰਨ ਵੀ ਪੰਜਾਬੀ ਸਾਹਿਤ ਵਿੱਚੋਂ ਹਰਿਆਣਵੀ ਪ੍ਰਭਾਵ ਮਨਫ਼ੀ ਹੈ ਕਿਉਂਕਿ ਇਹਨਾਂ ਪੰਜਾਬੀਆਂ ਨੇ ਭਾਵੇਂ ਹਰਿਆਣੇ ਦੇ ਸੱਭਿਆਚਾਰ-ਸੰਸਕ੍ਰਿਤੀ ਦਾ ਪ੍ਰਭਾਵ ਕਬੂਲ ਲਿਆ ਹੈ ਪ੍ਰੰਤੂ ਇਹਨਾਂ ਪੰਜਾਬੀਆਂ ਨੇ ਸਾਹਿਤ ਦੀ ‘ਸਿਰਜਣਾ’ ਤੋਂ ਕਿਨਾਰਾ ਕਰ ਲਿਆ ਹੈ। ਇਹਨਾਂ ਪੰਜਾਬੀਆਂ ਦੇ ਕਬੂਲੇ ਗਏ ਪ੍ਰਭਾਵ ਦਾ ਸਾਹਿਤਕ ਦ੍ਰਿਸ਼ਟੀ ਪੱਖੋਂ ਕੋਈ ਪ੍ਰਭਾਵ ਨਹੀਂ ਪੈ ਰਿਹਾ ਕਿਉਂਕਿ ਇਹਨਾਂ ਵੱਲੋਂ ਸਾਹਿਤਕ ਸਿਰਜਣਾ ਨਾ ਦੇ ਬਰਾਬਰ ਹੈ।
ਚੌਥਾ, ਹਰਿਆਣੇ ਦੇ ਬਹੁਤੇ ਪੰਜਾਬੀ ਭਾਵੇਂ ਜਨਮ ਤੋਂ ਹਰਿਆਣੇ ਦੇ ਬਸ਼ਿੰਦੇ ਹਨ ਪ੍ਰੰਤੂ ਇਹਨਾਂ ਦੇ ਰੀਤੀ-ਰਿਵਾਜ਼ ਅਤੇ ਰਹੁ-ਰੀਤਾਂ (ਸੱਭਿਆਚਾਰ) ਪੰਜਾਬ ਨਾਲ ਮਿਲਦਾ ਹੈ, ਹਰਿਆਣੇ ਨਾਲ ਨਹੀਂ। ਦੂਜੇ ਸ਼ਬਦਾਂ ਵਿੱਚ ਇਸ ਨੂੰ ਸੱਭਿਆਚਾਰਕ ਪ੍ਰਭਾਵ ਕਿਹਾ ਜਾਂਦਾ ਹੈ। ਇਸ ਲਈ ਇਹਨਾਂ ਪੰਜਾਬੀਆਂ ਦਾ ਹਰਿਆਣੇ ਦੇ ਲੋਕਲ ਤਿਉਹਾਰਾਂ, ਰੀਤੀ-ਰਿਵਾਜ਼ਾਂ ਅਤੇ ਰਹੁ-ਰੀਤਾਂ ਨਾਲ ਸੰਬੰਧ ਸਥਾਪਤ ਨਹੀਂ ਹੋ ਪਾਉਂਦਾ। ਨਤੀਜਨ ਹਰਿਆਣੇ ਦੇ ਪੰਜਾਬੀ ਲੇਖਕਾਂ ਦੀ ਕਲਮ ਵਿੱਚ ਇਹਨਾਂ ਦਾ ਜ਼ਿਕਰ ਨਹੀਂ ਹੁੰਦਾ।
ਪੰਜਵਾਂ, ਹਰਿਆਣੇ ਦੇ ਪੰਜਾਬੀ ਲੇਖਕਾਂ ਵਿੱਚੋਂ ਹਰਿਆਣਵੀ ਸੰਸਕ੍ਰਿਤੀ ਦਾ ਪ੍ਰਭਾਵ ਇਸ ਕਰਕੇ ਵੀ ਦੇਖਣ-ਪੜ੍ਹਨ ਨੂੰ ਨਹੀਂ ਮਿਲਦਾ ਕਿਉਂਕਿ ਹਰਿਆਣੇ ਅੰਦਰ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲਦਾ, ਉਹ ਭਾਵੇਂ ‘ਸਿਆਸੀ’ ਪੱਧਰ ਉੱਪਰ ਹੋਵੇ ਅਤੇ ਭਾਵੇਂ ‘ਸਮਾਜਕ’ ਪੱਧਰ ਉੱਪਰ। ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਹਿਤ ਉਸ ਪੱਧਰ ’ਤੇ ਉਪਰਾਲੇ ਨਹੀਂ ਕੀਤੇ ਜਾਂਦੇ ਜਿਸ ਪੱਧਰ ’ਤੇ ‘ਹਰਿਆਣਵੀ’, ‘ਹਿੰਦੀ’ ਜਾਂ ‘ਸੰਸਕ੍ਰਿਤ’ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾਂਦੇ ਹਨ। ਇਸ ਸੋਚ ਅਤੇ ਸਿਆਸੀ ਕਾਰਨਾਂ ਕਰਕੇ ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚੋਂ ‘ਹਰਿਆਣਾ’ ਗਾਇਬ ਹੁੰਦਾ ਨਜ਼ਰ ਆਉਂਦਾ ਹੈ।
ਛੇਵਾਂ, ਹਰਿਆਣੇ ਵਿੱਚ ਸਕੂਲ ਪੱਧਰ, ਉੱਚ ਸਿੱਖਿਆ ਪੱਧਰ ’ਤੇ ਪੰਜਾਬੀਆਂ ਨੂੰ ‘ਹਰਿਆਣਵੀ ਸੰਸਕ੍ਰਿਤੀ’ ਦੀ ਪੜ੍ਹਾਈ ਨਹੀਂ ਕਰਵਾਈ ਜਾਂਦੀ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਮੁੱਚਾ ਸਿਲੇਬਸ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਾਲਾ ਹੀ ਪੜ੍ਹਾਇਆ ਜਾਂਦਾ ਹੈ। ਹਰਿਆਣੇ ਦੇ ਲੇਖਕਾਂ ਨੂੰ ਜਦੋਂ ਹਰਿਆਣੇ ਦੇ ਮੂਲ ਤੱਤ ਬਾਰੇ ਪੜ੍ਹਾਈ ਹੀ ਨਹੀਂ ਕਰਵਾਈ ਜਾਂਦੀ ਫਿਰ ਸਾਹਿਤ ਵਿੱਚ ਜ਼ਿਕਰ ਕਿਸ ਤਰ੍ਹਾਂ ਆਉਣਾ ਹੈ? ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਮੁੱਖਧਾਰਾ ਦੇ ਪੰਜਾਬੀ ਸਾਹਿਤ, ਜਿਸ ਤਰ੍ਹਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਜਾਂਦਾ ਹੈ; ਉਂਝ ਹੀ ਪੜ੍ਹਾਇਆ ਜਾਂਦਾ ਹੈ। ਇਹਨਾਂ ਕਾਲਜਾਂ, ਯੂਨੀਵਰਸਿਟੀਆਂ ਵਿੱਚ ਹਰਿਆਣਵੀ ਲੇਖਕਾਂ ਦੀਆਂ ਪੰਜਾਬੀ ਪੁਸਤਕਾਂ ਉੱਪਰ ਖੋਜ ਕਾਰਜ ਨਾ ਦੇ ਬਰਾਬਰ ਹੁੰਦਾ ਹੈ ਅਤੇ ਸਿਲੇਬਸ ਵਿੱਚ ਕਿਸੇ ਵਿਰਲੇ-ਟਾਵੇਂ ਹਰਿਆਣਵੀ ਪੰਜਾਬੀ ਲੇਖਕ ਦੀ ਪੁਸਤਕ ਨੂੰ ਸ਼ਾਮਲ ਕੀਤਾ ਜਾਂਦਾ ਹੈ। ਫਿਰ ਹਰਿਆਣੇ ਦੇ ਮੂਲ ਤੱਤ ਨੂੰ ਹਰਿਆਣਵੀ ਪੰਜਾਬੀ ਦੇ ਸਾਹਿਤ ਦਾ ਅੰਗ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ?
ਸੱਤਵਾਂ; ਪੰਜਾਬੀ ਭਾਸ਼ਾ ਨੂੰ ਕੇਵਲ ਸਿੱਖਾਂ ਦੀ ਜ਼ੁਬਾਨ ਦਾ ਤਮਗ਼ਾ ਦੇ ਦਿੱਤਾ ਗਿਆ ਹੈ। ਸਮਾਜ ਦੀ ਕਾਣੀ ਵੰਡ ਨੇ ਇਹ ਤਮਗ਼ਾ ਸਿੱਖਾਂ ਦੇ ਗਲ਼ ਵਿੱਚ ਫਿੱਟ ਕਰ ਦਿੱਤਾ ਹੈ ਕਿ ਪੰਜਾਬੀ ਕੇਵਲ ਸਿੱਖਾਂ ਦੇ ਜ਼ੁਬਾਨ ਹੈ। ਪ੍ਰੰਤੂ ਅਜਿਹਾ ਬਿਲਕੁਲ ਵੀ ਨਹੀਂ ਹੈ। ਪੰਜਾਬੀ; ਪੰਜਾਬੀਆਂ ਦੀ ਜ਼ੁਬਾਨ ਹੈ; ਇਕੱਲੇ ਸਿੱਖਾਂ ਦੀ ਨਹੀਂ। ਇਸ ਪ੍ਰਭਾਵ ਕਰਕੇ ਜਦੋਂ ਕੋਈ ਹਰਿਆਣੇ ਦਾ ਜੰਮਪਲ ਹਿੰਦੂ ਲੇਖਕ ਜਾਂ ਲੇਖਿਕਾ ਪੰਜਾਬੀ ਜ਼ੁਬਾਨ ਵਿੱਚ ਕਲਮ ਚਲਾਉਂਦਾ ਹੈ/ਸਾਹਿਤ ਸਿਰਜਣਾ ਕਰਦਾ ਹੈ ਤਾਂ ਹਰਿਆਣੇ ਦਾ ਪੰਜਾਬੀ ਸਮਾਜ ਉਸ ਨੂੰ ਮੂਲੋਂ ਹੀ ਸਵੀਕਾਰ ਨਹੀਂ ਕਰਦਾ। ਅਜਿਹੇ ਪੰਜਾਬੀਆਂ ਦੀ ਤੰਗ ਦਿਲੀ ਕਰਕੇ ਨਵੇਂ ਲੇਖਕ-ਲੇਖਿਕਾ ਕੁਝ ਸਮੇਂ ਮਗਰੋਂ ਪੰਜਾਬੀ ਸਾਹਿਤ ਦਾ ਖੇਤਰ ਛੱਡ ਕੇ ਹਿੰਦੀ/ਸੰਸਕ੍ਰਿਤ/ਹਰਿਆਣਵੀ ਸਾਹਿਤ ਦੇ ਰਾਹ ਉੱਪਰ ਤੁਰ ਪੈਂਦੇ ਹਨ। ਦੂਜਾ ਕਾਰਨ; ਜਿਸ ਤਰ੍ਹਾਂ ਉੱਪਰ ਵੀ ਬਿਆਨ ਕੀਤਾ ਗਿਆ ਹੈ; ਪੰਜਾਬੀ ਸਾਹਿਤ ਨਾਲੋਂ ਹਿੰਦੀ ਅਤੇ ਸੰਸਕ੍ਰਿਤ ਸਾਹਿਤ ਦੀ ਵੁਕੱਤ ਜ਼ਿਆਦਾ ਪੈਣ ਕਰਕੇ ਵੀ ਬਹੁਤੇ ਪੰਜਾਬੀ ਸਾਹਿਤਕਾਰ ਆਪਣੀ ਦਿਸ਼ਾ ਬਦਲ ਲੈਂਦੇ ਹਨ ਤਾਂ ਕਿ ਉਹਨਾਂ ਨੂੰ ਵਧੇਰੇ ਮਾਣ-ਸਤਿਕਾਰ ਪ੍ਰਾਪਤ ਹੋ ਸਕੇ।
ਹਰਿਆਣਵੀ ਪੰਜਾਬੀ ਸਾਹਿਤ ਵਿੱਚ ਜੇਕਰ ਹਰਿਆਣੇ ਦੇ ਮੂਲ/ਕੇਂਦਰੀ ਤੱਤ ਨੂੰ ਸ਼ਾਮਲ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਹਰਿਆਣੇ ਦੀਆਂ ਯੂਨੀਵਰਸਿਟੀਆਂ / ਕਾਲਜਾਂ ਵਿੱਚ ਹਰਿਆਣੇ ਦੇ ਪੰਜਾਬੀ ਲੇਖਕਾਂ ਦੀ ਪੁਸਤਕਾਂ ਨੂੰ ਪੜ੍ਹਾਉਣਾ ਆਰੰਭ ਕਰਨਾ ਚਾਹੀਦਾ ਹੈ। ਹਰਿਆਣੇ ਦੇ ਲੇਖਕਾਂ ਦੀ ਪੁਸਤਕਾਂ ਨੂੰ ਸਿਲੇਬਸ ਵਿੱਚ ਲਗਾ ਕੇ ਸਕੂਲੀ ਬੱਚਿਆਂ ਅਤੇ ਖੋਜ-ਵਿਦਿਆਰਥੀਆਂ ਨੂੰ ਹਰਿਆਣੇ ਦੇ ਮੂਲ ਸੰਦਰਭ ਬਾਰੇ ਪੜ੍ਹਾਇਆ ਜਾਣਾ ਚਾਹੀਦਾ ਹੈ। ਖੋਜ-ਵਿਦਿਆਰਥੀਆਂ ਨੂੰ ਹਰਿਆਣੇ ਦੇ ਕੇਂਦਰੀ ਪ੍ਰਭਾਵ/ਥੀਮ ਬਾਰੇ ਖੋਜ-ਕਾਰਜ ਕਰਨੇ ਚਾਹੀਦੇ ਹਨ। ਹਰਿਆਣਵੀ ਸਮਾਜ ਨਾਲ ਸੰਬੰਧਤ ਰੀਤੀ-ਰਿਵਾਜ਼ਾਂ ਅਤੇ ਰਹੁ-ਰੀਤਾਂ ਬਾਰੇ ਜਾਣਨਾ ਚਾਹੀਦਾ ਹੈ ਅਤੇ ਇਹਨਾਂ ਨੂੰ ਆਧਾਰ ਬਣਾ ਕੇ ਪੰਜਾਬੀ ਸਾਹਿਤ ਦੀ ਸਿਰਜਣਾ ਕਰਨੀ ਚਾਹੀਦੀ ਹੈ।
ਦੂਜੇ ਪਾਸੇ ਬੁੱਧੀਜੀਵੀ ਵਰਗ ਨੂੰ ਸਮਾਜਕ ਅਤੇ ਸਿਆਸੀ ਕੁੜੱਤਣ ਨੂੰ ਘਟਾਉਣ ਲਈ ਹੀਲੇ ਕਰਨੇ ਚਾਹੀਦੇ ਹਨ। ਸਿਆਸੀ ਪੱਖੋਂ ਪੰਜਾਬੀ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਯੋਜਨਾਵਾਂ ਬਣਾਉਣੀਆਂ ਅਤੇ ਲਾਗੂ ਕਰਨੀਆਂ ਚਾਹੀਦੀਆਂ ਹਨ। ਸਮਾਜਕ ਬਣਤਰ ਨੂੰ ਦਰੁਸਤ ਕਰਨ ਹਿਤ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਹਰਿਆਣਵੀ ਸਾਹਿਤ ਵਿੱਚ ਪੰਜਾਬੀ ਅਤੇ ਪੰਜਾਬੀ ਸਾਹਿਤ ਵਿੱਚ ਹਰਿਆਣਵੀ ਨੂੰ ਪੜ੍ਹਿਆ ਜਾ ਸਕੇ/ਸਮਝਿਆ ਜਾ ਸਕੇ।
ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਹਰਿਆਣਾ ਸੂਬਾ ਭਾਵੇਂ ਸਿਆਸੀ ਰੂਪ ਵਿੱਚ ਪੰਜਾਬ ਨਾਲੋਂ ਵੱਖ ਹੈ ਪ੍ਰੰਤੂ ਸਾਹਿਤਕ ਰੂਪ ਵਿੱਚ ਦੋਹਾਂ ਦੇ ਸਰੋਕਾਰ ਇੱਕੋ ਜਿਹੇ ਹਨ। ਹਰਿਆਣਵੀ ਪੰਜਾਬੀ ਸਾਹਿਤ ਦੇ ਮੂਲ ਸਰੋਕਾਰ ਅਤੇ ਸਮੱਸਿਆਵਾਂ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਾਂਗ ਹੀ ਹਨ। ਹਰਿਆਣਵੀ ਪੰਜਾਬੀ ਸਾਹਿਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਜਿੱਥੇ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਾਂਗ ਸਾਹਿਤ ਸਿਰਜਣਾ ਕਰਨ ਉੱਥੇ ਹੀ ਹਰਿਆਣੇ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਲੋਕਲ ਪ੍ਰਭਾਵ/ਮੂਲ ਤੱਤ ਨੂੰ ਕਲਮਬੱਧ ਕਰਨ ਦਾ ਯਤਨ ਵੀ ਕਰਨ ਤਾਂ ਕਿ ਪੰਜਾਬੀ ਸਾਹਿਤ ਦੀ ਅਮੀਰੀ ਨੂੰ ਹੋਰ ਵਧਾਇਆ ਜਾ ਸਕੇ/ਪ੍ਰਫੁੱਲਿਤ ਕੀਤਾ ਜਾ ਸਕੇ। ਪ੍ਰੰਤੂ ਇਹ ਹੁੰਦਾ ਕਦੋਂ ਹੈ? ਇਹ ਅਜੇ ਭਵਿੱਖ ਦੀ ਕੁੱਖ ਵਿੱਚ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4896)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)







































































































