NishanSRathaur7ਇਹ ਬਹੁਤ ਅਫ਼ਸੋਸਜਨਕ ਵਰਤਾਰਾ ਹੈ ਕਿ ਸਾਡੇ ਲੋਕ ਸੰਜੀਦਾ ਨਹੀਂ ਹੁੰਦੇ ...
(24 ਮਾਰਚ 2020)

 

ਇਸ ਸਮੇਂ ਕੋਰੋਨਾ ਵਾਇਰਸ ਦਾ ਕਹਿਰ ਸਮੁੱਚੀ ਦੁਨੀਆ ਉੱਤੇ ਛਾਇਆ ਹੋਇਆ ਹੈ। ਇਟਲੀ, ਚੀਨ, ਜਰਮਨੀ, ਇੰਗਲੈਂਡ, ਅਮੈਰਿਕਾ ਸਮੇਤ ਦੁਨੀਆ ਦੇ ਸਮੁੱਚੇ ਦੇਸ਼ਾਂ ਵਿੱਚ ਜੰਗੀ ਪੱਧਰ ਉੱਤੇ ਪਾਬੰਦੀਆਂ ਅਤੇ ਰਾਹਤ ਕਾਰਜ ਚੱਲ ਰਹੇ ਹਨ। ਲੋਕਾਂ ਨੂੰ ਬਚਾਉਣ ਦੇ ਉੱਪਰਾਲੇ ਜੰਗੀ ਪੱਧਰ ਉੱਪਰ ਚੱਲ ਰਹੇ ਹਨ। ਸਰਕਾਰਾਂ ਨੇ ਆਮ ਲੋਕਾਂ ਕੋਲੋਂ ਸਹਿਯੋਗ ਦੀ ਅਪੀਲ ਕੀਤੀ ਹੈ ਤਾਂ ਕਿ ਇਸ ਮੁਸ਼ਕਿਲ ਘੜੀ ਵਿੱਚ ਕੋਰੋਨਾ ਵਾਇਰਸ ਨੂੰ ਹਰਾਇਆ ਜਾ ਸਕੇ ਅਤੇ ਮਨੁੱਖੀ ਜ਼ਿੰਦਗੀ ਦੀ ਜੰਗ ਜਿੱਤੀ ਜਾ ਸਕੇ।

ਇਸੇ ਕੜੀ ਦੇ ਤਹਿਤ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੇਸ਼ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਵੀ ਆਪਣੇ-ਆਪਣੇ ਪੱਧਰ ਉੱਪਰ ਪ੍ਰਬੰਧ ਕਰਨ ਵਿੱਚ ਰੁੱਝੀਆਂ ਹੋਈਆਂ ਹਨ। ਪਰ ਅਫ਼ਸੋਸ! ਆਮ ਲੋਕ ਇਸ ਭਿਆਨਕ ਬਿਮਾਰੀ ਨੂੰ ਮਖੌਲ ਵਜੋਂ ਲੈ ਰਹੇ ਹਨ, ਹਾਸੇ-ਠੱਠੇ ਵਜੋਂ ਲੈ ਰਹੇ ਹਨ। ਸੋਸ਼ਲ-ਮੀਡੀਆ ਉੱਪਰ ਤਰ੍ਹਾਂ-ਤਰ੍ਹਾਂ ਦੇ ਲਤੀਫ਼ੇ ਬਣਾਏ ਜਾ ਰਹੇ ਹਨ। ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਹਰ ਮਨੁੱਖ ਇਹ ਸੋਚਦਾ ਹੈ ਕਿ ਉਸ ਨੂੰ ਇਹ ਬਿਮਾਰੀ ਨਹੀਂ ਹੋ ਸਕਦੀ। ਪਰ ਅਜਿਹਾ ਨਹੀਂ ਹੈ, ਕੋਈ ਵੀ ਬੰਦਾ ਇਸ ਬਿਮਾਰੀ ਦੀ ਲਪੇਟ ਵਿੱਚ ਆ ਸਕਦਾ ਹੈ।

ਸੋਸ਼ਲ-ਮੀਡੀਆ ਤੱਕ ਹਾਸਾ-ਠੱਠਾ ਕੁਝ ਹੱਦ ਤੱਕ ਪ੍ਰਵਾਨ ਕੀਤਾ ਜਾ ਸਕਦਾ ਹੈ। ਪਰ ਆਮ ਜ਼ਿੰਦਗੀ ਵਿੱਚ ਇਸ ਬਿਮਾਰੀ ਨੂੰ ਹਲਕੇ ਵਿੱਚ ਲੈਣਾ ਭਿਆਨਕ ਭੁੱਲ ਸਾਬਿਤ ਹੋ ਸਕਦੀ ਹੈ। ਲੋਕ ਇਸ ਕਦਰ ਲਾਹਪ੍ਰਵਾਹ ਹਨ ਕਿ ਪਹਿਲਾਂ ਤੋਂ ਨਿਰਧਾਰਤ ਵਿਆਹ-ਸ਼ਾਦੀਆਂ ਨੂੰ ਅੱਗੇ ਪਾਉਣ ਲਈ ਤਿਆਰ ਨਹੀਂ ਹਨ। ਸੜਕਾਂ ਉੱਪਰ ਫਜ਼ੂਲ ਘੁੰਮਦੇ ਬਹੁਤ ਸਾਰੇ ਪੜ੍ਹੇ-ਲਿਖੇ ਲੋਕ ਵੇਖੇ ਜਾ ਸਕਦੇ ਹਨ। ਬਾਜ਼ਾਰਾਂ ਵਿੱਚ ਭੀੜ ਹੈ। ਲੋਕ ਘੁੰਮਣ ਲਈ ਬਾਹਰ ਨਿਕਲਣਾ ਚਾਹੁੰਦੇ ਹਨ। ਪਰ ਇੱਥੇ ਇਹ ਗੱਲ ਚੇਤੇ ਰੱਖਣੀ ਲਾਜ਼ਮੀ ਹੈ ਕਿ ਸਰਕਾਰਾਂ ਉਸ ਵਕਤ ਤੱਕ ਕਾਮਯਾਬ ਨਹੀਂ ਹੋ ਸਕਦੀਆਂ ਜਿਸ ਵੇਲੇ ਤੱਕ ਆਮ ਲੋਕ ਸਹਿਯੋਗ ਨਾ ਕਰਨ। ਇਸ ਵਕਤ ਹਰ ਪਾਬੰਦੀ ਦਾ ਮੂਲ ਮਕਸਦ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਮਾਰਚ ਸ਼ਾਮ 5 ਵਜੇ ਭਾਰਤ ਵਾਸੀਆਂ ਨੂੰ ਉਹਨਾਂ ਡਾਕਟਰਾਂ, ਨਰਸਾਂ, ਸੁਰੱਖਿਆ-ਕਰਮੀਆਂ ਅਤੇ ਮੀਡੀਆ-ਕਰਮੀਆਂ ਦੀ ਹੌਸਲਾ-ਅਫ਼ਜਾਈ ਲਈ ਆਪਣੇ ਘਰਾਂ ਦੇ ਬਾਹਰ, ਬਾਲਕੋਨੀ, ਛੱਤਾਂ ਉੱਪਰ ਚੜ੍ਹ ਕੇ ਤਾੜੀਆਂ ਮਾਰਨ ਲਈ ਕਿਹਾ ਸੀ। ਇਸਦਾ ਮੂਲ ਭਾਵ ਮਨੋਵਿਗਿਆਨਕ ਤੌਰ ਉੱਪਰ ਜੋਸ਼ ਭਰਨਾ ਸੀ, ਹੌਸਲਾ ਦੇਣਾ ਸੀ। ਦੂਜੀ ਗੱਲ, ਸਾਰਾ ਦਿਨ ਘਰਾਂ ਵਿੱਚ ਬੰਦ ਲੋਕ, ਬੱਚੇ, ਬਜ਼ੁਰਗ ਅਤੇ ਔਰਤਾਂ; ਇਹਨਾਂ ਕਾਰਜਾਂ (ਤਾੜੀ) ਮਾਰਨ ਕਰਕੇ ਖ਼ੁਦ ਵੀ ਚੰਗਾ ਮਹਿਸੂਸ ਕਰਨ; ਇਸ ਲਈ ਅਜਿਹਾ ਕਰਨ ਲਈ ਕਿਹਾ ਗਿਆ ਸੀ। ਪਰ ਲੋਕਾਂ ਨੇ ਜਲੂਸ ਦੀ ਸ਼ਕਲ ਵਿੱਚ, ਇਕੱਠ ਦੀ ਸ਼ਕਲ ਵਿੱਚ ਗਲੀਆਂ, ਕਾਲੋਨੀਆਂ ਵਿੱਚ ਘੁੰਮ ਕੇ ਆਪਣੀ ਅਕਲ ਦਾ ਜਨਾਜ਼ਾ ਕੱਢ ਦਿੱਤਾ ਹੈ। ਲੋਕ ਘਰਾਂ ਤੋਂ ਬਾਹਰ ਆਪਣੇ ਮੋਟਰ-ਸਾਈਕਲ, ਸਕੂਟਰਾਂ, ਕਾਰਾਂ ਨੂੰ ਲੈ ਕੇ ਸੜਕਾਂ ਉੱਪਰ ਆ ਗਏ। ਨੱਚਣ ਲੱਗੇ, ਭੰਗੜੇ ਪਾਉਣ ਲੱਗੇ ਜਿਵੇਂ ਕਿ ਇਸ ਬਿਮਾਰੀ ਨੂੰ ਕਾਬੂ ਕਰ ਲਿਆ ਗਿਆ ਹੋਵੇ। ਪਰ ਅਜਿਹਾ ਕੁਝ ਵੀ ਨਹੀਂ ਹੈ।

ਇਹ ਬਹੁਤ ਅਫ਼ਸੋਸਜਨਕ ਵਰਤਾਰਾ ਹੈ ਕਿ ਸਾਡੇ ਲੋਕ ਸੰਜੀਦਾ ਨਹੀਂ ਹੁੰਦੇ। ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਲੋਕਾਂ ਵੱਲੋਂ ਗੰਭੀਰਤਾ ਨਾਲ ਨਾ ਲੈਣ ਦੇ ਸਿੱਟੇ ਵਜੋਂ ਸਰਕਾਰਾਂ ਨੂੰ ਧਾਰਾ 144 ਲਗਾ ਕੇ ਬੰਦ ਕਰਨਾ ਪਿਆ ਹੈ। ਪਹਿਲਾਂ ਇਹ ਬੰਦ ਲੋਕਾਂ ਦੇ ਸਹਿਯੋਗ ਨਾਲ ਕਰਨ ਦਾ ਯਤਨ ਕੀਤਾ ਗਿਆ ਸੀ ਕਿ ਲੋਕ ਆਪਣੇ-ਆਪ ’ਤੇ ਪਾਬੰਦੀ ਲਗਾਉਣ ਅਤੇ ਆਪਣੇ ਘਰਾਂ ਵਿੱਚ ਰਹਿਣ। ਜਦੋਂ ਇਹ ਯਤਨ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਇਆ ਤਾਂ ਬਹੁਤੇ ਸੂਬਿਆਂ ਵਿੱਚ ਧਾਰਾ 144 ਲਗਾ ਕੇ ਕਾਨੂੰਨੀ ਰੂਪ ਵਿੱਚ ਬੰਦ ਕਰਨਾ ਪਿਆ ਹੈ। ਇਹ ਆਮ ਲੋਕਾਂ ਦੀ ਗੈਰ ਜ਼ਿੰਮੇਵਾਰੀ ਦੀ ਪਰਵ੍ਰਿਤੀ ਨੂੰ ਪ੍ਰਗਟਾਉਂਦਾ ਹੈ। ਲੋਕਾਂ ਨੂੰ ਭਵਿੱਖ ਦੇ ਭਿਆਨਕ ਹੋਣ ਦਾ ਰਤਾ ਭਰ ਵੀ ਇਲਮ ਨਹੀਂ ਹੈ। ਲੋਕਾਂ ਨੂੰ ਇਸ ਬਿਮਾਰੀ ਦੀ ਭਿਆਨਕਤਾ ਨੂੰ ਸਮਝਣਾ ਚਾਹੀਦਾ ਹੈ। ਦੁਨੀਆ ਦੇ ਵੱਡੇ-ਵੱਡੇ ਮੁਲਕ ਇਸ ਬਿਮਾਰੀ ਦੀ ਲਪੇਟ ਵਿੱਚ ਆਪਣੇ-ਆਪ ਨੂੰ ਅਸਹਿਜ ਮਹਿਸੂਸ ਕਰ ਰਹੇ ਹਨ, ਮਜਬੂਰ ਮਹਿਸੂਸ ਕਰ ਰਹੇ ਹਨ। ਭਾਰਤ ਵਿੱਚ ਸਿਹਤ ਸਹੂਲਤਾਂ ਦੀ ਸਥਿਤੀ ਬਹੁਤ ਜ਼ਿਆਦਾ ਵਧੀਆ ਨਹੀਂ ਹੈ।

ਮਹਾਮਾਰੀ ਦੇ ਫੈਲਣ ਮਗਰੋਂ ਵੱਡੇ ਪੱਧਰ ਉੱਪਰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਕੋਰੋਨਾ ਵਾਇਰਸ ਦੀ ਮਨੁੱਖੀ ਕੜੀ ਨੂੰ ਤੋੜਨਾ ਲਾਜ਼ਮੀ ਹੈ। ਇਸ ਕੜੀ ਨੂੰ ਤੋੜਣ ਲਈ ਇੱਕੋ ਹੀ ਹੱਲ ਹੈ ਕਿ ਲੋਕ ਆਪਣੇ ਘਰਾਂ ਵਿੱਚ ਰਹਿਣ, ਇੱਕ-ਦੂਜੇ ਦੇ ਸੰਪਰਕ ਵਿੱਚ ਨਾ ਆਉਣ। ਨਸ਼ੇ ਤੋਂ ਗੁਰੇਜ਼ ਕਰਨ ਅਤੇ ਸਰਕਾਰਾਂ ਦਾ ਸਹਿਯੋਗ ਕਰਨ ਤਾਂ ਕਿ ਮਨੁੱਖੀ ਜਾਨਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2018)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author