NishanSRathaur7ਜਿਸ ਗੱਲ ਦੇ ਸਹੀ ਹੋਣ ਦਾ ਤੁਹਾਨੂੰ ਪੱਕਾ ਯਕੀਨ ਨਹੀਂ, ਉਸ ਨੂੰ ਅੱਗੇ ਹਰਗਿਜ਼ ਨਾ ਭੇਜੋ ..."
(2 ਮਾਰਚ 2018)

 

ਅਜੋਕਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਮਨੁੱਖ ਸੋਸ਼ਲ ਮੀਡੀਆ ਰਾਹੀਂ ਇੱਕ- ਦੂਜੇ ਨਾਲ ਜੁੜਿਆ ਹੋਇਆ ਹੈ। ਖਾਸ ਗੱਲ ਇਹ ਹੈ ਹੁਣ ਨੌਜਵਾਨਾਂ ਦੇ ਨਾਲ-ਨਾਲ ਵਡੇਰੀ ਉਮਰ ਦੇ ਲੋਕ ਵੀ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੇ ਹਨ। ਬਹੁਤ ਸਾਰੇ ਸੇਵਾਮੁਕਤ ਅਫ਼ਸਰ, ਕਰਮਚਾਰੀ ਅਤੇ ਪਿੰਡਾਂ ਵਿਚ ਰਹਿਣ ਵਾਲੇ ਆਮ ਲੋਕ ਵੀ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹਨ। ਇੱਕ ਪਾਸੇ ਜਿੱਥੇ ਸੋਸ਼ਲ ਮੀਡੀਆ ਖ਼ਬਰਾਂ/ਸੁਨੇਹੇ ਅਤੇ ਹਾਲਚਾਲ ਜਾਨਣ/ਪੁੱਛਣ ਦਾ ਬਹੁਤ ਵਧੀਆ ਜ਼ਰੀਆ ਹੈ, ਉੱਥੇ ਦੂਜੇ ਪਾਸੇ ਇਸ ਹਥਿਆਰ ਨਾਲ ਅਫਵਾਹਾਂ ਦਾ ਬਾਜ਼ਾਰ ਵੀ ਅਕਸਰ ਗਰਮ ਕਰ ਦਿੱਤਾ ਜਾਂਦਾ ਹੈ। ਇਹਨਾਂ ਅਫਵਾਹਾਂ ਦੇ ਕਈ ਕਾਰਨ ਉੱਭਰ ਕੇ ਸਾਹਮਣੇ ਆਉਂਦੇ ਹਨ। ਇਹਨਾਂ ਨੂੰ ਸਮਝ ਕੇ ਇਹਨਾਂ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ ਅਤੇ ਆਪਣੇ ਸਮਾਜ ਨੂੰ ਵੀ ਬਚਾਇਆ ਜਾ ਸਕਦਾ ਹੈ।

ਰਾਜਨੀਤਕ ਪਾਰਟੀਆਂ ਦੇ ਆਈ. ਟੀ. ਸੈੱਲ ਅਫਵਾਹਾਂ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਸੀਂ ਦੇਖਦੇ ਹਾਂ ਕਿ ਚੋਣਾਂ ਦੇ ਨੇੜੇ ਰਾਜਨੀਤਕ ਪਾਰਟੀਆਂ ਦੇ ਪੱਖ/ਵਿਰੋਧ ਵਾਲੇ ਕਈ ਤਰ੍ਹਾਂ ਦੇ ਸੰਦੇਸ਼ ਸਾਡੇ ਵੱਟਸਐਪ, ਫੇਸਬੁੱਕ, ਟਵਿਟਰ ਅਤੇ ਹੋਰ ਸੋਸ਼ਲ ਸਾਈਟਾਂ ਉੱਪਰ ਆਉਣੇ ਸ਼ੁਰੂ ਹੋ ਜਾਂਦੇ ਹਨ। ਦੇਖਣ ਵਾਲੀ ਗੱਲ ਇਹ ਹੈ ਕਿ ਚੋਣਾਂ ਤੋਂ ਬਾਅਦ ਉਸ ਰਾਜ ਨਾਲ ਸੰਬੰਧਤ ਕੋਈ ਸੰਦੇਸ਼ ਨਹੀਂ ਆਉਂਦਾ। ਇਸ ਕਾਰਨ ਇਹਨਾਂ ਸੰਦੇਸ਼ਾਂ ਨੂੰ ਫੈਲਾਉਣ/ਪ੍ਰਚਾਰਿਤ ਕਰਨ ਦਾ ਪੂਰਾ ਇਸ਼ਾਰਾ ਰਾਜਨੀਤਕ ਪਾਰਟੀਆਂ ਦੇ ਆਈ. ਟੀ. ਸੈੱਲ ਵੱਲ ਜਾਂਦਾ ਹੈ। ਰਾਜਨੀਤਕ ਪਾਰਟੀਆਂ ਇੱਕ-ਦੂਜੇ ਦੀਆਂ ਝੂਠੀਆਂ ਖ਼ਬਰਾਂ ਮਸਾਲਾ ਲਾ ਕੇ ਆਮ ਲੋਕਾਂ ਸਾਹਮਣੇ ਪੇਸ਼ ਕਰਦੀਆਂ ਹਨ ਤਾਂ ਕਿ ਉਸ ਪਾਰਟੀ/ਆਗੂ ਦਾ ਅਕਸ ਲੋਕਾਂ ਦੀਆਂ ਨਜ਼ਰਾਂ ਵਿਚ ਖ਼ਰਾਬ ਕੀਤਾ ਜਾ ਸਕੇ। ਅਸਲ ਵਿਚ ਇਹ ਆਪਣੇ ਲਾਭ ਨੂੰ ਸਾਹਮਣੇ ਰੱਖ ਕੇ ਵਿਚਾਰਿਆ ਜਾਂਦਾ ਹੈ ਕਿ ਕਿਸ ਪਾਰਟੀ ਨੂੰ ਅਤੇ ਕਿਸ ਆਗੂ ਨੂੰ ਨਿਸ਼ਾਨਾ ਬਣਾਉਣਾ ਹੈ, ਤਾਂ ਕਿ ਲੋਕਾਂ ਨੂੰ ਭਰਮਾਇਆ ਜਾ ਸਕੇ ਅਤੇ ਆਪਣੀ ਪਾਰਟੀ ਦੀ ਜਿੱਤ ਯਕੀਨੀ ਬਣਾਈ ਜਾ ਸਕੇ।

ਉਦਯੋਗਿਕ ਖੇਤਰ ਵਿਚ ਕੰਪਨੀਆਂ ਆਪਣੇ ਮਾਲ ਨੂੰ ਵੱਧ ਵੇਚਣ ਦੇ ਚੱਕਰ ਵਿਚ ਦੂਜੀ ਕੰਪਨੀ ਦੇ ਮਾਲ ਨੂੰ ਖ਼ਰਾਬ ਦੱਸਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੀਆਂ ਹਨ ਤਾਂ ਕਿ ਦੂਜੀ ਕੰਪਨੀ ਦੇ ਮਾਲ ਦੀ ਕਵਾਲਟੀ ਨੂੰ ਖਰਾਬ ਕਰਕੇ ਦੱਸਣ ਨਾਲ ਉਸ ਨੂੰ ਨੁਕਸਾਨ ਹੋ ਜਾਵੇ ਅਤੇ ਆਪਣੀ ਕੰਪਨੀ ਦਾ ਮੁਨਾਫਾ ਹੋ ਸਕੇ। ਕਈ ਵਾਰ ਝੂਠੀਆਂ ਤਸਵੀਰਾਂ ਵੀ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈਆਂ ਜਾਂਦੀਆਂ ਹਨ ਕਿ ਫਲਾਣੀ ਕੰਪਨੀ ਦੀ ਦਵਾਈ ਨਾਲ ਇਸ ਬੰਦੇ ਦਾ ਇਹ ਹਾਲ ਹੋ ਗਿਆ। ਇਹਨਾਂ ਤਸਵੀਰਾਂ/ਖ਼ਬਰਾਂ ਦਾ ਮੰਤਵ ਉਸ ਕੰਪਨੀ ਨੂੰ ਨੁਕਸਾਨ ਪਹੁੰਚਾਉਣਾ ਅਤੇ ਆਪਣੀ ਕੰਪਨੀ ਦਾ ਮੁਨਾਫਾ ਕਰਨਾ ਹੁੰਦਾ ਹੈ, ਇਸ ਤੋਂ ਵੱਧ ਕੁਝ ਨਹੀਂ।

ਅਖੌਤੀ ਬਾਬਿਆਂ ਵੱਲੋਂ ਲੋਕਾਂ ਦਾ ਆਰਥਿਕ ਸ਼ੋਸ਼ਣ ਕਰਨ ਲਈ ਅਕਸਰ ਹੀ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾਂਦਾ ਹੈ। ਆਪਾਂ ਅਕਸਰ ਹੀ ਅਜਿਹੇ ਸੰਦੇਸ਼ ਆਪਣੀ ਸੋਸ਼ਲ ਸਾਈਟ ਜਾਂ ਵੱਟਸਐਪ, ਫੇਸਬੁੱਕ ਤੇ ਦੇਖਦੇ ਹਾਂ ਜਿਨ੍ਹਾਂ ਵਿਚ ਕਿਸੇ ਚਮਤਕਾਰੀ ਬਾਬੇ ਦੀ ਮਹਿਮਾ ਦਾ ਬਖਿਆਨ ਕੀਤਾ ਗਿਆ ਹੁੰਦਾ ਹੈ। ਪਰ ਅਸਲ ਵਿਚ ਇਹ ਵਪਾਰਕ ਦ੍ਰਿਸ਼ਟੀ ਨਾਲ ਫੈਲਾਇਆ ਗਿਆ ਚਿੱਟਾ ਝੂਠ ਹੁੰਦਾ ਹੈ। ਇਹਨਾਂ ਸੰਦੇਸ਼ਾਂ ਦਾ ਮੂਲ ਮਨੋਰਥ ਵੀ ਲੋਕਾਂ ਦੇ ਮਨਾਂ ਵਿਚ ਪ੍ਰਭਾਵ ਛੱਡਣਾ ਹੁੰਦਾ ਹੈ ਤਾਂ ਕਿ ਆਮ ਲੋਕਾਂ ਨੂੰ ਭਰਮਾ ਕੇ ਵੱਧ ਤੋਂ ਵੱਧ ਪੈਸਾ ਕਮਾਇਆ ਜਾ ਸਕੇ।

ਸ਼ਰਾਰਤੀ ਅਨਸਰਾਂ ਵੱਲੋਂ ਜਾਣਬੁਝ ਕੇ ਸ਼ਰਾਰਤ ਵਜੋਂ ਭੇਜਿਆ ਕੋਈ ਸੰਦੇਸ਼ ਵੀ ਕਈ ਵਾਰ ਆਮ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਅਤੇ ਸਮਾਜ ਅੰਦਰ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਅਜਿਹੇ ਲੋਕ ਪਾਖੰਡਵਾਦ ਨੂੰ ਵਧਾਉਣ ਵਾਲੇ ਸੰਦੇਸ਼ ਭੇਜ ਕੇ ਸਮਾਜ ਵਿਚ ਵਹਿਮ-ਭਰਮ ਪੈਦਾ ਕਰਨ ਦਾ ਯਤਨ ਕਰਦੇ ਹਨ ਅਤੇ ਆਮ ਲੋਕ ਅਜਿਹੇ ਸੰਦੇਸ਼ਾਂ ਦੇ ਪਿੱਛੇ ਲੁਕੇ ਸਵਾਰਥ ਨੂੰ ਸਮਝ ਨਹੀਂ ਪਾਉਂਦੇ ਅਤੇ ਬਹੁਤ ਵਾਰ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ।

ਸੋਸ਼ਲ ਮੀਡੀਆ ’ਤੇ ਉੱਡਦੀਆਂ ਇਹਨਾਂ ਅਫਵਾਹਾਂ ਬਾਰੇ ਥੋੜ੍ਹੀ ਜਿਹੇ ਚੰਕੰਨੇ ਹੋ ਕੇ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਸਮਾਜ ਵਿਚ ਰਹਿੰਦੇ ਜਿਹੜੇ ਲੋਕ ਇਹਨਾਂ ਅਫਵਾਹਾਂ ਵਿਚਲੇ ਸੱਚ ਨੂੰ ਸਮਝ ਲੈਂਦੇ ਹਨ ਉਹ ਮਾਨਸਿਕ, ਆਰਥਿਕ ਅਤੇ ਸ਼ਰੀਰਕ ਸ਼ੋਸ਼ਣ ਤੋਂ ਬਚ ਜਾਂਦੇ ਹਨ। ਸੋਸ਼ਲ ਮੀਡੀਆ ’ਤੇ ਉੱਡਦੀਆਂ ਅਫਵਾਹਾਂ ਤੋਂ ਬਚਣ ਲਈ ਆਪਣੇ ਰਾਜ/ਦੇਸ਼ ਦੇ ਰਾਜਨੀਤਕ ਹਾਲਾਤ ਨੂੰ ਜਾਣੋ। ਉਦਾਹਰਣ ਵੱਜੋਂ ਜੇਕਰ ਤੁਹਾਡੇ ਰਾਜ ਵਿਚ ਚੋਣਾਂ ਹੋਣ ਵਾਲੀਆਂ ਹਨ ਤਾਂ ਤੁਹਾਨੂੰ ਰਾਜਨੀਤਕ ਪਾਰਟੀਆਂ/ਆਗੂਆਂ ਨੂੰ ਬਦਨਾਮ/ਵਡਿਆਈ ਕਰਨ ਵਾਲੇ ਸੰਦੇਸ਼ ਜ਼ਰੂਰ ਆਉਣਗੇ। ਇਹਨਾਂ ਨੂੰ ਅੱਗੇ ਹੋਰ ਲੋਕਾਂ ਨੂੰ ਨਾ ਭੇਜੋ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਸੁਚੇਤ ਕਰੋ ਤਾਂ ਕਿ ਉਹ ਵੀ ਬਿਨਾਂ ਕਿਸੇ ਜਾਣਕਾਰੀ ਦੇ ਅਜਿਹੇ ਸੰਦੇਸ਼ ਅੱਗੇ ਨਾ ਫੈਲਾਉਣ।

ਕੋਈ ਵੀ ਸਾਮਾਨ ਖਰੀਦਣ/ਵੇਚਣ ਆਦਿ ਲਈ ਆਪਣੇ ਇਲਾਕੇ ਦੇ ਜਾਣ-ਪਛਾਣ ਵਾਲੇ ਵਪਾਰੀ ਲੋਕਾਂ ਨਾਲ ਗੱਲਬਾਤ ਕਰੋ ਅਤੇ ਚੀਜ਼ ਦੀ ਸਹੀ ਕੀਮਤ ਅਤੇ ਕਵਾਲਟੀ ਦੀ ਜਾਂਚ ਕਰੋ। ਕਿਸੇ ਫਰਜ਼ੀ ਸੰਦੇਸ਼ ਉੱਪਰ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ। ਉਂਝ ਤੁਸੀਂ ਇੰਟਰਨੈੱਟ ਦੇ ਮਾਧਿਅਮ ਦੁਆਰਾ ਵੀ ਉਸ ਵਸਤੂ ਦੀ ਕਵਾਲਟੀ/ਕੀਮਤ ਦਾ ਸਹੀ ਮੁਲਾਂਕਣ ਕਰ ਸਕਦੇ ਹੋ।

ਪਾਖੰਡਵਾਦ ਨੂੰ ਵਧਾਉਣ ਵਾਲੇ ਸੰਦੇਸ਼ ਅਤੇ ਕਿਸੇ ਖ਼ਾਸ ਫਿਰਕੇ ਨੂੰ ਨਿਸ਼ਾਨਾ ਬਣਾਉਣ ਵਾਲੇ ਸੰਦੇਸ਼ਾਂ ਨੂੰ ਫੈਲਾਉਣ ਵਿਚ ਹਿੱਸੇਦਾਰ ਨਾ ਬਣੋ। ਕਈ ਵਾਰ ਕਿਸੇ ਪਾਖੰਡੀ ਬਾਬੇ ਦੀ ਮਹਿਮਾ ਦੇ ਸੰਦੇਸ਼ ਵੀ ਲੋਕਾਂ ਨੂੰ ਭੇਜੇ ਜਾਂਦੇ ਹਨ। ਅਜਿਹੇ ਸੰਦੇਸ਼ਾਂ ਨੂੰ ਤੁਰੰਤ ਡਿਲੀਟ ਕਰ ਦਿਓ। ਕਿਸੇ ਸ਼ਰਾਰਤੀ ਅਨਸਰ ਵੱਲੋਂ ਫੈਲਾਏ ਝੂਠ ਨੂੰ ਅੱਗੇ ਭੇਜਣ ਤੋਂ ਗੁਰੇਜ਼ ਕਰੋ। ਦੂਜਾ ਅਹਿਮ ਨੁਕਤਾ ਇਹ ਹੈ ਕਿ ਜਿਸ ਗੱਲ ਦੇ ਸਹੀ ਹੋਣ ਦਾ ਤੁਹਾਨੂੰ ਪੱਕਾ ਯਕੀਨ ਨਹੀਂ, ਉਸ ਨੂੰ ਅੱਗੇ ਹਰਗਿਜ਼ ਨਾ ਭੇਜੋ। ਇਸ ਤਰ੍ਹਾਂ ਅਸੀਂ ਸੋਸ਼ਲ ਮੀਡੀਆ ਉੱਪਰ ਫੈਲਾਈਆਂ ਜਾਂਦੀ ਝੂਠੀਆਂ ਅਫਵਾਹਾਂ ਤੋਂ ਆਸਾਨੀ ਨਾਲ ਬਚ ਸਕਦੇ ਹਾਂ ਅਤੇ ਆਪਣੇ ਸਮਾਜ ਨੂੰ ਵੀ ਬਚਾ ਸਕਦੇ ਹਾਂ।

*****

(1039)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author