KewalSMansa8ਜਦੋਂ ਵਾਪਸ ਘਰ ਪਹੁੰਚੇ ਤਾਂ ਉਸਦੀ ਪਤਨੀ ਨੇ ਪੁੱਛਿਆਜੀਰਾਸ਼ਨ ਲੈ ਆਏ? ਫੌਜੀ ਸਾਹਿਬ ਕਹਿਣ ਲੱਗੇ, ...”
(10 ਫਰਵਰੀ 2024)
ਇਸ ਸਮੇਂ ਪਾਠਕ: 360.


ਜਦੋਂ ਮੈਂ ਪਿਛਲੇ ਸਾਲ ਛੁੱਟੀ ਆਇਆ ਸੀ, ਉਦੋਂ ਵੀ ਉਸਨੇ ਫੋਨ ਕੀਤਾ ਸੀ। ਉਦੋਂ ਮੈਂ ਜਾ ਨਾ ਸਕਿਆ। ਹੁਣ ਜਦੋਂ ਸਾਲ ਬਾਅਦ ਦੁਬਾਰਾ ਛੁੱਟੀ ਆਇਆ ਤਾਂ ਫਿਰ ਉਸਨੇ ਮੈਨੂੰ ਆਪਣੇ ਪਿੰਡ ਆਉਣ ਲਈ ਫੋਨ ਕੀਤਾ। ਇਹ ਫੋਨ ਮੇਰੇ ਇੱਕ ਫੌਜੀ ਦੋਸਤ ਦਾ ਸੀ, ਜਿਹੜਾ ਬਠਿੰਡੇ ਜਿਲ੍ਹੇ ਦੇ ਪਿੰਡ ਘੁੰਮਣ ਕਲਾਂ ਦਾ ਰਹਿਣ ਵਾਲਾ ਹੈ। ਸੰਨ
1995 ਵਿੱਚ ਉਹ ਮੇਰੇ ਨਾਲ ਗਾਂਧੀ ਹਾਇਰ ਸੈਕੰਡਰੀ ਸਕੂਲ ਮਾਨਸਾ ਵਿਖੇ ਪੜ੍ਹਦਾ ਸੀ। ਉਂਝ ਸੁਭਾਅ ਭਾਵੇਂ ਉਸਦਾ ਬੜਾ ਸਾਊ ਸੀ ਪਰ ਦਿਮਾਗ ਪੱਖੋਂ ਥੋੜ੍ਹਾ ਕੁ ਪੁੱਠਾ ਅਤੇ ਭੁਲੱਕੜ ਸੀ। ਬਹੁਤ ਵਾਰੀ ਉਹ ਪਿੰਡੋਂ ਬੱਸ ਚੜ੍ਹਦਾ ਅਤੇ ਛੁੱਟੀ ਵਾਲੇ ਦਿਨ ਹੀ ਸਕੂਲ ਆ ਜਾਂਦਾ ਸੀ। ਇੱਕ ਦਿਨ ਉਹ ਮੈਨੂੰ ਕਹਿਣ ਲੱਗਾ, ਬਈ ਦੋਸਤ, ਕੱਲ੍ਹ ਮੈਂ ਭੁੱਲ ਕੇ ਛੁੱਟੀ ਵਾਲੇ ਦਿਨ ਹੀ ਸਕੂਲ ਆ ਗਿਆ ਸੀ।”

ਮੈਂ ਹੱਸ ਕੇ ਜਵਾਬ ਦਿੱਤਾ, ਯਾਰ ਤੂੰ ਪੜ੍ਹਾਈ ਤੋਂ ਕੀ ਲੈਣਾ? ਤੇਰਾ ਕੱਦ ਕਾਠ ਚੰਗਾ ਐ, ਤੂੰ ਫੌਜ ਵਿੱਚ ਭਰਤੀ ਹੋ ਜਾ।”

ਸੱਚਮੁੱਚ ਹੀ ਉਹ ਦਸਵੀਂ ਕਲਾਸ ਵਿੱਚ ਪੜ੍ਹਦਾ ਫੌਜ ਵਿੱਚ ਭਰਤੀ ਹੋ ਗਿਆ।

ਅੱਜ ਜਿਉਂ ਹੀ ਉਸਦਾ ਫੋਨ ਆਇਆ, ਮੈਂ ਤੁਰੰਤ ਗੱਡੀ ਲੈ ਪਰਿਵਾਰ ਸਮੇਤ ਉਸਦੇ ਪਿੰਡ ਪਹੁੰਚ ਗਿਆ। ਉਸਦੇ ਘਰ ਵਿੱਚ ਬੜਾ ਅਨੁਸ਼ਾਸਨ ਸੀ। ਘਰ ਵਿੱਚ ਹਰ ਵਸਤ ਥਾਂ ਸਿਰ ਰੱਖੀ ਹੋਈ ਸੀ। ਆਲੇ-ਦੁਆਲੇ ਦੀ ਸਫ਼ਾਈ ਦੇਖ ਕੇ ਮੈਨੂੰ ਮਹਿਸੂਸ ਹੋਇਆ, ਜਿਵੇਂ ਫੌਜ ਵਿੱਚ ਜਾ ਕੇ ਉਸਨੇ ਦਿਮਾਗ ਪੱਖੋਂ ਬਹੁਤ ਵਿਕਾਸ ਕਰ ਲਿਆ ਹੋਵੇ।

ਉਸਦੀ ਪਤਨੀ ਨੇ ਚਾਹ ਪੀਣ ਲਈ ਆਵਾਜ਼ ਮਾਰੀ। ਅਸੀਂ ਸਾਰੇ ਚਾਹ ਪੀਣ ਲੱਗ ਪਏ। ਇੰਨੇ ਨੂੰ ਉਹ ਵੱਡਾ ਸਾਰਾ ਟਾਈਮਪੀਸ ਚੁੱਕ ਕੇ ਲੈ ਆਇਆ ਅਤੇ ਮੈਨੂੰ ਦਿਖਾਉਂਦਿਆਂ ਕਹਿਣ ਲੱਗਾ, ਬਈ ਦੋਸਤ, ਜਦੋਂ ਮੈਂ ਪਿਛਲੇ ਸਾਲ ਛੁੱਟੀ ਆਇਆ ਸੀ ਤਾਂ ਇਹ ਟਾਈਮਪੀਸ ਗੁਰਦਵਾਰੇ ਦਾਨ ਦੇ ਕੇ ਗਿਆ ਸੀ। ਮੈਂ ਇਸ ਨੂੰ ਕੰਧ ’ਤੇ ਆਪ ਫਿੱਟ ਕਰਵਾਇਆ ਸੀ ਤਾਂ ਕਿ ਗ੍ਰੰਥੀ ਸਿੰਘ ਸਮੇਂ ਸਿਰ ਉੱਠ ਕੇ ਪਾਠ ਪੜ੍ਹ ਸਕੇ। ਇਸ ਵਾਰ ਜਦੋਂ ਮੈਂ ਗੁਰੂਘਰ ਗਿਆ ਤਾਂ ਇਹ ਬੰਦ ਪਿਆ ਸੀ। ਮੈਂ ਇਸ ਨੂੰ ਠੀਕ ਕਰਵਾਉਣ ਲਈ ਲਾਹ ਕੇ ਲੈ ਆਇਆਂ।”

ਮੈਂ ਕਿਹਾ,ਫੌਜੀ ਸਾਹਿਬ, ਠੀਕ ਨੂੰ ਇਹਨੂੰ ਕੀ ਹੋਣੈ? ਬੱਸ ਸੈੱਲ ਬਦਲ ਕੇ ਦੇਖ ਲੈਣਾ ਸੀ।”

ਉਸਨੇ ਜਵਾਬ ਦਿੱਤਾ, ਬਈ ਦੋਸਤ, ਸੈੱਲ ਤਾਂ ਮੈਂ ਕਈ ਵਾਰ ਨਵਾਂ ਪਾ ਕੇ ਦੇਖ ਲਿਆ, ਲੱਗਦੈ ਇਹਦੀ ਮਸ਼ੀਨ ਖਰਾਬ ਐ। ਆਪਾਂ ਗੱਡੀ ਲੈ ਕੇ ਬਠਿੰਡੇ ਚੱਲਦੇ ਹਾਂ। ਨਾਲੇ ਇਸ ਨੂੰ ਠੀਕ ਕਰਵਾ ਲਵਾਂਗੇ, ਨਾਲੇ ਮਿਲਟਰੀ ਕੰਟੀਨ ਵਿੱਚੋਂ ਘਰ ਦਾ ਰਾਸ਼ਨ ਲੈ ਆਵਾਂਗੇ।”

ਅਸੀਂ ਗੱਡੀ ਲੈ ਕੇ ਬਠਿੰਡੇ ਵੱਲ ਚਾਲੇ ਪਾ ਦਿੱਤੇ। ਭੀੜ ਭੜੱਕੇ ਵਿੱਚੋਂ ਲੰਘਦੇ ਹੋਏ ਅਸੀਂ ਬੱਸ ਸਟੈਂਡ ਕੋਲ ਇੱਕ ਮਕੈਨਿਕ ਕੋਲ ਚਲੇ ਗਏ। ਫੌਜੀ ਸਾਹਿਬ ਨੇ ਟਾਈਮਪੀਸ ਮਕੈਨਿਕ ਨੂੰ ਫੜਾਇਆ ਅਤੇ ਠੀਕ ਕਰਨ ਲਈ ਕਿਹਾ। ਮਕੈਨਿਕ ਨੇ ਟਾਈਮਪੀਸ ਖੋਲ੍ਹਿਆ, ਸੈੱਲ ਦਾ ਪਾਸਾ ਬਦਲਿਆ ਅਤੇ ਵਾਪਸ ਸਾਨੂੰ ਫੜਾਉਂਦਿਆਂ ਕਿਹਾ,ਲਓ ਜੀ, ਹੋ ਗਿਆ ਠੀਕ। ਪੰਜਾਹ ਰੁਪਏ ਦੇ ਦਿਓ।”

ਫੌਜੀ ਸਾਹਿਬ ਕਹਿਣ ਲੱਗੇ, ਬਾਈ ਜੀ, ਕੀ ਨੁਕਸ ਸੀ?

ਮਕੈਨਿਕ ਅੱਗੋਂ ਬੋਲਿਆ, ਨੁਕਸ ਕੀ ਹੋਣਾ ਸੀ, ਸੈੱਲ ਤਾਂ ਪੁੱਠਾ ਪਾ ਰੱਖਿਆ ਸੀ।”

ਫੌਜੀ ਸਾਹਿਬ ਹੈਰਾਨ ਹੋ ਕੇ ਕਹਿਣ ਲੱਗੇ, ਸੈੱਲ ਸਿੱਧਾ ਕਰਵਾਉਣ ਦੇ ਪੰਜਾਹ ਰੁਪਏ?”

ਮਕੈਨਿਕ ਨੇ ਜਵਾਬ ਦਿੱਤਾ, ਸੈੱਲ ਸਿੱਧਾ ਕਰਵਾਉਣ ਦੇ ਤਾਂ ਸਿਰਫ਼ ਦਸ ਰੁਪਏ ਹੀ ਲੱਗਦੇ ਨੇ, ਬਾਕੀ ਦਿਮਾਗ ਘਸਾਉਣ ਦੇ ...।”

ਅਸੀਂ ਟਾਈਮਪੀਸ ਫੜਿਆ ਅਤੇ ਗੱਡੀ ਲੈ ਕੇ ਮਿਲਟਰੀ ਕੰਟੀਨ ਵੱਲ ਰਾਸ਼ਨ ਲੈਣ ਲਈ ਚੱਲ ਪਏ। ਜਦ ਕੰਟੀਨ ਅੰਦਰ ਗਏ ਤਾਂ ਗੇਟ ਤੇ ਖੜ੍ਹੇ ਸੁਰੱਖਿਆ ਗਾਰਡ ਨੇ ਫੌਜੀ ਸਾਹਿਬ ਨੂੰ ਆਈ ਕਾਰਡ ਦਿਖਾਉਣ ਲਈ ਕਿਹਾ। ਫੌਜੀ ਸਾਹਿਬ ਨੇ ਸਾਰੀਆਂ ਜੇਬਾਂ ਵਿੱਚ ਹੱਥ ਮਾਰਿਆ ਤੇ ਮੱਥੇ ਉੱਤੇ ਹੱਥ ਮਾਰ ਕੇ ਕਹਿਣ ਲੱਗੇ, ਉਹ ਹੋ! ਕਾਰਡ ਤਾਂ ਘਰ ਹੀ ਰਹਿ ਗਿਆ।”

ਅਸੀਂ ਬਿਨਾਂ ਰਾਸ਼ਨ ਲਏ ਹੀ ਵਾਪਸ ਪਿੰਡ ਵੱਲ ਚਲ ਪਏ। ਸਾਰੇ ਰਸਤੇ ਮੇਰਾ ਹਾਸਾ ਬੰਦ ਨਾ ਹੋਇਆ। ਮੈਂ ਫੌਜੀ ਸਾਹਿਬ ਨੂੰ ਕਿਹਾ,ਛੁੱਟੀ ਵਾਲੇ ਦਿਨ ਸਕੂਲ ਆਉਣ ਵਾਲਿਆਂ ਦਾ ਇਹੋ ਹੀ ਹਾਲ ਹੁੰਦਾ ਐ।”

ਜਦੋਂ ਵਾਪਸ ਘਰ ਪਹੁੰਚੇ ਤਾਂ ਉਸਦੀ ਪਤਨੀ ਨੇ ਪੁੱਛਿਆ, ਜੀ, ਰਾਸ਼ਨ ਲੈ ਆਏ?

ਫੌਜੀ ਸਾਹਿਬ ਕਹਿਣ ਲੱਗੇ, ਕਿਹੜਾ ਰਾਸ਼ਨ, ਸਾਰਾ ਟਾਈਮ ਤਾਂ ਟਾਈਮਪੀਸ ਠੀਕ ਕਰਵਾਉਣ ’ਤੇ ਲੱਗ ਗਿਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4713)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕੇਵਲ ਸਿੰਘ ਮਾਨਸਾ

ਕੇਵਲ ਸਿੰਘ ਮਾਨਸਾ

(Retired Health Supervisor)
Phone: (91 - 98725 - 15652)
Email: (upsmansa@gmail.com)