“ਪਿਛਲੇ ਦਿਨੀਂ ਅੱਧੀ ਰਾਤ ਨੂੰ ਮੇਰੇ ਇੱਕ ਦੋਸਤ ਦਾ ਫੋਨ ਆਇਆ। ਉਹ ਕਹਿੰਦਾ, “ਮੇਰੀ ਪਤਨੀ ...”
(10 ਸਤੰਬਰ 2023)
ਅੱਜਕੱਲ੍ਹ ਭੱਜ-ਦੌੜ ਦੀ ਜ਼ਿੰਦਗੀ ਵਿੱਚ ਬਹੁਤ ਘੱਟ ਸੁਭਾਗੇ ਲੋਕ ਹਨ ਜਿਹਨਾਂ ਨੂੰ ਰੱਜ ਕੇ ਨੀਂਦ ਆਉਂਦੀ ਹੈ। ਬਹੁਤ ਸਾਰੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਤੇ ਬੱਸ ਇਹੋ ਕਹਿੰਦੇ ਸੁਣੀਦਾ ਹੈ, “ਜਿਵੇਂ ਪੈਂਦੇ ਹਾਂ, ਉਸੇ ਤਰ੍ਹਾਂ ਹੀ ਉੱਠ ਖੜ੍ਹਦੇ ਹਾਂ। ਸਵੇਰ ਨੂੰ ਮਨ ਹਲਕਾ ਨਹੀਂ ਹੁੰਦਾ। ਸਿਰ ਭਾਰਾ ਹੋਣ ਕਰਕੇ ਮਨ ਉਦਾਸ ਰਹਿੰਦਾ ਹੈ। ਚਿਹਰੇ ’ਤੇ ਰੌਣਕ ਨਹੀਂ ਆਉਂਦੀ। ਸਾਰਾ ਦਿਨ ਉਦਾਸੀ ਵਿੱਚ ਲੰਘਦਾ ਹੈ।”
ਨੀਂਦ ਇੱਕ ਅਜਿਹੀ ਕੁਦਰਤੀ ਪ੍ਰਕਿਰਿਆ ਹੈ ਜੋ ਸਰੀਰ ਦੀ ਉਲਝੀ ਹੋਈ ਤਾਣੀ ਨੂੰ ਮੁੜ ਸੁਰਜੀਤ ਕਰ ਦਿੰਦੀ ਹੈ। ਨੀਂਦ ਥੱਕੇ ਟੁੱਟੇ ਸਰੀਰ ਨੂੰ ਦੁਬਾਰਾ ਸ਼ਕਤੀ ਪ੍ਰਦਾਨ ਕਰਦੀ ਹੈ। ਨੀਂਦ ਇੱਕ ਅਜਿਹਾ ਸ਼ਾਹੀ ਇਸ਼ਨਾਨ ਹੈ ਜਿਸ ਨਾਲ ਮਨੁੱਖ ਦੁਬਾਰਾ ਤਰੋਤਾਜ਼ਾ ਹੋ ਜਾਂਦਾ ਹੈ। ਨੀਂਦ ਜੀਵਨ ਸ਼ਕਤੀ ਵਧਾਉਣ ਅਤੇ ਸਰੀਰ ਦੇ ਟੁੱਟੇ ਸੈਲਾਂ ਦੀ ਮੁਰੰਮਤ ਲਈ ਬਹੁਤ ਜ਼ਰੂਰੀ ਹੈ। ਨੀਂਦ ਮਨੁੱਖ ਲਈ ਭੋਜਨ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਅੱਜਕੱਲ੍ਹ ਉਲਝਣਾਂ ਐਨੀਆਂ ਵਧ ਗਈਆਂ ਹਨ ਕਿ ਦਿਮਾਗ ਦੇ ਨਰਵ ਤੰਤੂ ਹਮੇਸ਼ਾ ਉਤੇਜਿਤ ਰਹਿੰਦੇ ਹਨ। ਗੁੱਸਾ, ਨੈਗੇਟਿਵਟੀ, ਨਸ਼ਾ, ਚਿੰਤਾ, ਭੱਜ-ਦੌੜ, ਫਾਸਟ ਫੂਡ, ਸਮੇਂ ’ਤੇ ਨਾ ਸੌਣਾ ਉਨੀਂਦਰੇ ਦਾ ਵੱਡਾ ਕਾਰਨ ਕਾਰਣ ਹਨ। ਉਨੀਂਦਰੇ ਕਾਰਣ ਭੁੱਖ ਨਾ ਲੱਗਣਾ, ਚਿੜਚਿੜਾਪਣ, ਦਿਲ ਦੇ ਰੋਗ, ਬਲੱਡ ਪ੍ਰੈੱਸ਼ਰ, ਸ਼ੂਗਰ, ਆਦਿ ਬੀਮਾਰੀਆਂ ਜਨਮ ਲੈਂਦੀਆਂ ਹਨ। ਲਗਾਤਾਰ ਉਨੀਂਦਰੇ ਰਹਿਣ ਵਾਲੇ ਲੋਕ ਬਹੁਤ ਵਾਰ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ।
ਸਬਰ ਸੰਤੋਖ ਦੀ ਘਾਟ ਕਾਰਣ ਮਨੁੱਖ ਦੇ ਦਿਮਾਗ ਵਿੱਚ ਮਾੜੇ ਵਿਚਾਰ ਪ੍ਰਵੇਸ਼ ਕਰ ਜਾਂਦੇ ਹਨ। ਕੁਦਰਤ ਨੇ ਹਰ ਇਨਸਾਨ ਨੂੰ ਬਹੁਤ ਕੁਝ ਬਖਸ਼ਿਆ ਹੈ। ਉਸ ਨੂੰ ਸਭ ਕੁਝ ਦਿੱਤਾ ਹੈ। ਧਨ ਦੌਲਤ ਦੇ ਅੰਬਾਰ ਬਖਸ਼ੇ ਹਨ। ਬਹੁਤ ਸਾਰੇ ਲੋਕਾਂ ਕੋਲ ਸਭ ਕੁਝ ਐਨੀ ਮਾਤਰਾ ਵਿੱਚ ਹੁੰਦਾ ਹੈ ਕਿ ਜੇਕਰ ਉਸ ਨੂੰ ਹੀ ਸਾਂਭ ਲੈਣ ਤਾਂ ਕਈ ਪੀੜ੍ਹੀਆਂ ਤਕ ਮੁੱਕਦਾ ਨਹੀਂ। ਪਰ ਉਹ ਆਪਣਾ ਸਭ ਕੁਝ ਸੰਭਾਲਣ ਦੀ ਬਜਾਏ ਦੁਸਰਿਆਂ ਵੱਲ ਦੇਖ ਕੇ ਝੂਰਦੇ ਰਹਿੰਦੇ ਹਨ ਅਤੇ ਆਪਣੀ ਰਾਤਾਂ ਦੀ ਨੀਂਦ ਖਰਾਬ ਕਰ ਬੈਠਦੇ ਹਨ। ਨੀਂਦ ਨਾ ਆਉਣ ਦਾ ਸਬੰਧ ਦਿਮਾਗ ਨਾਲ ਹੈ। ਨੀਂਦ ਨਾ ਆਉਣਾ ਮਨੋਰੋਗ ਹੈ ਜੋ ਕਿ ਨਾੜੀ ਤੰਤਰ ਵਿੱਚ ਭਿਆਨਕ ਵਿਗਾੜ ਪੈਦਾ ਕਰਦਾ ਹੈ, ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਦਵਾਈਆਂ ਖਾਣੀਆਂ ਪੈਂਦੀਆਂ ਹਨ। ਉਹ ਗੋਲੀਆਂ ਦੀ ਮਦਦ ਨਾਲ ਬਣਾਉਟੀ ਜਿਹਾ ਸੌਂਦੇ ਹਨ। ਅਸਲੀ ਨੀਂਦ ਤਾਂ ਅਸਲੀ ਹੀ ਹੁੰਦੀ ਹੈ। ਅਸਲ ਵਿੱਚ ਸਾਰੀ ਖੇਡ ਦਿਮਾਗ ਦੀ ਹੈ। ਦਿਮਾਗ ਨੂੰ ਕਾਬੂ ਵਿੱਚ ਰੱਖਣਾ ਬਹੁਤ ਮੁਸ਼ਕਿਲ ਹੈ। ਇਕਾਗਰਤਾ ਬਣਾਉਣੀ ਬਹੁਤ ਔਖੀ ਹੁੰਦੀ ਹੈ। ਮਨੁੱਖ ਆਪਣੇ ਦਿਮਾਗ ਨੂੰ ਆਪ ਹੀ ਖਰਾਬ ਕਰ ਲੈਂਦਾ ਹੈ। ਉਹ ਸਮੇਂ ਸਿਰ ਸੌਂਦਾ ਨਹੀਂ। ਚੰਗੀ ਨੀਂਦ ਲੈਣ ਲਈ ਨਸ਼ਿਆਂ ਦਾ ਸਹਾਰਾ ਲੈਂਦਾ ਹੈ। ਬਾਹਰ ਦੀਆਂ ਬਣਾਉਟੀ ਚੀਜ਼ਾਂ ਨੂੰ ਦੇਖ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਸੁਪਨੇ ਦੇਖਦਾ ਰਹਿੰਦਾ ਹੈ।
ਅੱਜਕੱਲ੍ਹ ਲੋਕਾਂ ਦਾ ਦਿਮਾਗ ਹਮੇਸ਼ਾ ਹੀ ਨਿਘਾਰੂ ਸੋਚ ਨਾਲ ਭਰਿਆ ਹੋਇਆ ਹੈ। ਇਨਸਾਨ ਦੁਸਰਿਆਂ ਨੂੰ ਖੁਸ਼ ਦੇਖ ਕੇ ਆਪ ਦੁਖੀ ਹੁੰਦਾ ਹੈ। ਦੁਸਰਿਆਂ ਦੇ ਕੰਮਾਂ-ਕਾਰਾਂ ਨੂੰ ਲੈ ਕੇ ਐਵੇਂ ਹੀ ਮਚੀ ਜਾਂਦਾ ਹੈ। ਤਰੱਕੀ ਕਰ ਰਹੇ ਲੋਕਾਂ ਨੂੰ ਸੁਪਨੇ ਵਿੱਚ ਹੀ ਐਕਸੀਡੈਂਟ ਵਿੱਚ ਮਾਰ ਕੇ ਆਪਣੇ ਆਪ ਨੂੰ ਧਰਤੀ ਦਾ ਬਾਦਸ਼ਾਹ ਘੋਸ਼ਿਤ ਕਰਨ ਦੀ ਅਸਫ਼ਲ ਕੋਸ਼ਿਸ਼ ਕਰਕੇ ਖੁਸ਼ ਹੋ ਰਿਹਾ ਹੈ। ਜਿਹੜੇ ਲੋਕ ਦੂਸਰਿਆਂ ਨੂੰ ਸੁਖੀ ਦੇਖ ਕੇ ਖੁਸ਼ ਨਹੀਂ ਹੁੰਦੇ, ਉਹ ਲੋਕ ਆਪਣੀ ਨੀਂਦ ਦਾ ਆਨੰਦ ਨਹੀਂ ਲੈ ਸਕਦੇ।
ਮੈਂ ਸਿਹਤ ਵਿਭਾਗ ਵਿੱਚ ਨੌਕਰੀ ਕਰਦਾ ਹਾਂ, ਜਿਸ ਕਰਕੇ ਨੀਂਦ ਨਾ ਆਉਣ ਦੇ ਮਾਮਲੇ ਅਕਸਰ ਹੀ ਆਲੇ-ਦੁਆਲੇ ਵਾਪਰਦੇ ਦੇਖਦਾ ਹਾਂ। ਪਿਛਲੇ ਦਿਨਾਂ ਦੀ ਗੱਲ ਹੈ ਕਿ ਮੈਨੂੰ ਮੇਰੇ ਇੱਕ ਸਾਥੀ ਮੁਲਾਜ਼ਮ ਦੋਸਤ ਦੀ ਪਤਨੀ ਦਾ ਫੋਨ ਆਇਆ। ਉਹ ਕਹਿਣ ਲੱਗੀ, “ਵੀਰ ਜੀ, ਆਪਣੇ ਭਰਾ ਦਾ ਹਾਲ-ਚਾਲ ਵੀ ਪੁੱਛ ਲਿਆ ਕਰੋ। ਵਿਚਾਰਾ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਐ। ਉਹ ਤਾਂ ਸਾਰੀ ਰਾਤ ਜਾਗਦਾ ਈ ਰਹਿੰਦੈ ...।”
ਅਗਲੇ ਹੀ ਦਿਨ ਮੈਂ ਆਪਣੇ ਦੋਸਤ ਦਾ ਪਤਾ ਲੈਣ ਚਲਾ ਗਿਆ। ਉਸ ਨਾਲ ਗੱਲਬਾਤ ਕੀਤੀ ਤਾਂ ਇਸ ਨਤੀਜੇ ’ਤੇ ਪਹੁੰਚਿਆ ਕਿ ਕੋਈ ਨਾ ਕੋਈ ਟੈਨਸ਼ਨ ਹੈ। ਮੈਂ ਉਸ ਨੂੰ ਕਿਹਾ, “ਭਰਾਵਾ ਮੈਨੂੰ ਵੀ ਦੱਸਦੇ ਕੀ ਸੋਚਦਾ ਰਹਿਨੈ?” ਇੱਕ ਦੋ ਵਾਰੀ ਤਾਂ ਉਸਨੇ ਨਾਂਹ ਨੁੱਕਰ ਜਿਹੀ ਕੀਤੀ ਤੇ ਫੇਰ ਆਪ ਹੀ ਦਿਲ ਦੇ ਭੇਦ ਦੱਸਣ ਲੱਗ ਪਿਆ। ਉਹ ਕਹਿਣ ਲੱਗਾ, “ਮੈਂ ਸਰਕਾਰੀ ਮੁਲਾਜ਼ਮ ਆਂ, ਪਰ ਮੇਰਾ ਲੜਕਾ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੈ। ਪ੍ਰੰਤੂ ਮੇਰਾ ਭਰਾ ਅਨਪੜ੍ਹ ਐ, ਉਸਦੇ ਮੁੰਡੇ ਨੂੰ ਸਰਕਾਰੀ ਨੌਕਰੀ ਮਿਲ ਗਈ। ਮੈਨੂੰ ਸਾਰਾ ਦਿਨ ਫਿਕਰ ਰਹਿੰਦੈ ਕਿ ਮੇਰੇ ਮੁੰਡੇ ਨੂੰ ਸਰਕਾਰੀ ਨੌਕਰੀ ਕਿਉਂ ਨਹੀਂ ਮਿਲੀ? ਇਸ ਕਰਕੇ ਨੀਂਦ ਨੀਂ ਆਉਂਦੀ।”
ਮੈਂ ਉਸ ਨੂੰ ਕਿਹਾ, “ਭਰਾਵਾ ਇਸ ਵਿੱਚ ਦੁਖੀ ਹੋਣ ਵਾਲੀ ਕਿਹੜੀ ਗੱਲ ਹੈ? ਇਹ ਤਾਂ ਖੁਸ਼ੀ ਦਾ ਮਾਮਲਾ ਹੈ ਕਿ ਤੇਰਾ ਭਤੀਜਾ ਨੌਕਰੀ ਲੱਗ ਗਿਆ ਹੈ। ਉਹ ਵੀ ਤਾਂ ਤੁਹਾਡਾ ਹੀ ਐ। ਕੋਈ ਨਾ, ਕਦੇ ਤੇਰਾ ਵੀ ਲੱਗ ਜਾਊਗਾ। ਨਾਲੇ ਤੂੰ ਤਾਂ ਪੜ੍ਹਿਆ-ਲਿਖਿਆ ਸਮਝਦਾਰ ਇਨਸਾਨ ਐ। ਤੂੰ ਕਿਹੜਾ ਅਨਪੜ੍ਹ ਐ?”
ਉਹ ਕਹਿੰਦਾ, “ਸੋਚਦਾ ਤਾਂ ਮੈਂ ਵੀ ਇਹੋ ਹਾਂ ਪਰ ਗੱਲ ਦਿਮਾਗ ਵਿੱਚੋਂ ਨਿਕਲਦੀ ਹੀ ਨਹੀਂ।”
ਕਾਫ਼ੀ ਸਮਝਾਉਣ ਤੋਂ ਬਾਅਦ ਉਸਦਾ ਮਨ ਕੁਝ ਹੌਲਾ ਹੋਇਆ।
ਪਿਛਲੇ ਦਿਨੀਂ ਅੱਧੀ ਰਾਤ ਨੂੰ ਮੇਰੇ ਇੱਕ ਦੋਸਤ ਦਾ ਫੋਨ ਆਇਆ। ਉਹ ਕਹਿੰਦਾ, “ਮੇਰੀ ਪਤਨੀ ਦੀ ਹਾਲਤ ਬਹੁਤ ਮਾੜੀ ਐ। ਸਿਰ ਫਟ ਰਿਹਾ ਹੈ। ਸਾਰੀ ਰਾਤ ਨੀਂਦ ਨਹੀਂ ਆਈ। ਕਿਤੇ ਅਟੈਕ ਹੀ ਨਾ ਹੋ ਜਾਵੇ?”
ਮੈਂ ਉਸੇ ਵੇਲੇ ਦੋਸਤ ਦੇ ਘਰ ਗਿਆ। ਉਸਦੀ ਪਤਨੀ ਨੂੰ ਨੀਂਦ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੀ, “ਵੀਰ ਜੀ, ਸਮੱਸਿਆ ਇਹ ਹੈ ਕਿ ਮੇਰਾ ਮੁੰਡਾ ਤਾਂ ਵੱਡਾ ਐ ਉਹਦਾ ਰਿਸ਼ਤਾ ਤਾਂ ਅਜੇ ਹੋਇਆ ਨਹੀਂ। ਮੇਰੇ ਦਿਉਰ ਦਾ ਮੁੰਡਾ ਦੋ ਸਾਲ ਛੋਟਾ ਐ, ਉਹਦਾ ਸ਼ਗਨ ਵੀ ਹੋ ਗਿਆ। ਉਨ੍ਹਾਂ ਨੇ ਸ਼ਗਨ ਪਾਉਣ ਜਾਣ ਲੱਗਿਆਂ ਸਾਨੂੰ ਬੁਲਾਇਆ ਵੀ ਨਹੀਂ।”
ਮੈਂ ਉਸ ਔਰਤ ਨੂੰ ਸਮਝਾਇਆ, “ਭੈਣ ਜੀ, ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਦਿਉਰ ਦੇ ਲੜਕੇ ਦੀ ਮੰਗਣੀ ਹੋਈ ਐ। ਤੁਹਾਡਾ ਲੜਕਾ ਕਿਹੜਾ ਕੁਆਰਾ ਰਹਿ ਜਾਊਗਾ? ਹਾਂ, ਜਿੱਥੋਂ ਤਕ ਨਾ ਬਲਾਉਣ ਦਾ ਸਬੰਧ ਹੈ ਅਜਕਲ੍ਹ ਹਰ ਕੋਈ ਤਿਲਕਣਬਾਜ਼ੀ ਤੋਂ ਡਰਦਾ ਹੈ ਕਿਉਂਕਿ ਕੁੜੀਆਂ ਦੀ ਗਿਣਤੀ ਘਟ ਗਈ ਐ ਤੇ ਰਿਸ਼ਤੇ ਬਹੁਤ ਔਖੇ ਹੁੰਦੇ ਹਨ।”
ਬਹੁਤ ਸਮਝਾਉਣ ’ਤੇ ਉਹ ਔਰਤ ਕੁਝ ਠੀਕ ਹੋਈ।
ਮਾਨਸਾ ਸ਼ਹਿਰ ਦੇ ਨੇੜੇ ਹੀ ਇੱਕ ਪਿੰਡ ਵਿੱਚ ਰਹਿੰਦੀ ਸਾਡੀ ਰਿਸ਼ਤੇਦਾਰ ਔਰਤ ਨੂੰ ਉਦੋਂ ਤੋਂ ਨੀਂਦ ਨਹੀਂ ਆਉਂਦੀ ਜਦੋਂ ਤੋਂ ਉਸਦੀ ਨੂੰਹ ਕੋਲ ਦੂਜੀ ਕੁੜੀ ਹੋਈ ਐ। ਕੁੜੀ ਨੂੰਹ ਕੋਲ ਹੋਈ ਐ ਤੇ ਨੀਂਦ ਸੱਸ ਨੂੰ ਨਹੀਂ ਆ ਰਹੀ।
ਜਦੋਂ ਸਾਡੇ ਦਿਮਾਗ ਦੀ ਸਕਰੀਨ ’ਤੇ ਵਾਰ ਵਾਰ ਮਾੜੇ ਵਿਚਾਰ ਆਉਂਦੇ ਹਨ ਤਾਂ ਸਾਡੀ ਨੀਂਦ ਖਰਾਬ ਹੋ ਜਾਂਦੀ ਹੈ। ਜਿਸ ਸਮੇਂ ਸਾਨੂੰ ਚੰਗੀ ਅਖ਼ਬਾਰ ਜਾਂ ਕਿਤਾਬ ਪੜ੍ਹਨੀ ਚਾਹੀਦੀ ਹੈ ਜਾਂ ਪਰਿਵਾਰ ਵਿੱਚ ਬੈਠ ਕੇ ਦੁੱਖ ਸੁਖ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ, ਉਸ ਸਮੇਂ ਅਸੀਂ ਰਿਸ਼ਤੇਦਾਰਾਂ ਬਾਰੇ ਮਾੜਾ ਸੋਚਣ ਲੱਗ ਜਾਂਦੇ ਹਾਂ। ਜਦੋਂ ਮਾੜੇ ਵਿਚਾਰ ਮਨ ਵਿੱਚ ਆਉਂਦੇ ਹਨ ਤਾਂ ਸਾਡੀਆਂ ਨਰਵ ਇੰਦਰੀਆਂ ਉਤੇਜਿਤ ਹੋ ਜਾਂਦੀਆਂ ਹਨ। ਸਿਰ ਭਾਰਾ ਹੋਣ ਲੱਗ ਜਾਂਦਾ ਹੈ ਅਤੇ ਅਸੀਂ ਬਿਮਾਰ ਹੋ ਜਾਂਦੇ ਹਾਂ। ਚੰਗੀ ਨੀਂਦ ਲੈਣ ਲਈ ਚੰਗੀ ਸੋਚ, ਚੰਗਾ ਸਾਹਿਤ, ਸਰਬੱਤ ਦਾ ਭਲਾ, ਸਬਰ ਸੰਤੋਖ, ਪ੍ਰਮਾਤਮਾ ਦੀ ਬੰਦਗੀ ਬਹੁਤ ਜ਼ਰੂਰੀ ਹੁੰਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4210)
(ਸਰੋਕਾਰ ਨਾਲ ਸੰਪਰਕ ਲਈ: (