“ਜੋ ਲੋਕ ਸਿਰਫ਼ ਸੁਆਦ ਲਈ ਖਾਂਦੇ ਹਨ, ਉਹ ਜ਼ਿਆਦਾ ਖਾਣ ਕਰਕੇ ਬਲੱਡ ਪ੍ਰੈੱਸ਼ਰ, ਸ਼ੂਗਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ...”
(22 ਨਵੰਬਰ 2023)
ਇਸ ਸਮੇਂ ਪਾਠਕ: 300.
ਮਨੁੱਖ ਨੂੰ ਜਿਉਂਦੇ ਰਹਿਣ ਲਈ ਖ਼ੁਰਾਕ ਦੀ ਲੋੜ ਹੁੰਦੀ ਹੈ। ਭੋਜਨ ਤੋਂ ਬਿਨਾਂ ਮਨੁੱਖ ਦਾ ਵਾਧਾ ਅਤੇ ਵਿਕਾਸ ਨਹੀਂ ਹੋ ਸਕਦਾ। ਸਾਡਾ ਦੇਸ਼ ਇੱਕ ਗਰੀਬ ਦੇਸ਼ ਹੈ ਜਿੱਥੇ ਜ਼ਿਆਦਾਤਰ ਲੋਕ ਭੋਜਨ ਸਿਰਫ਼ ਪੇਟ ਦੀ ਭੁੱਖ ਮਿਟਾਉਣ ਲਈ ਖਾਂਦੇ ਹਨ। ਬਹੁਤ ਸਾਰੇ ਸੁਆਦ ਕਾਰਨ ਖਾਂਦੇ ਹਨ। ਬਹੁਤ ਘੱਟ ਲੋਕ ਹਨ, ਜੋ ਭੋਜਨ ਸਿਹਤ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਪ੍ਰਾਪਤੀ ਲਈ ਖਾਂਦੇ ਹਨ। ਜੋ ਭੋਜਨ ਅਸੀਂ ਖਾਂਦੇ ਹਾਂ, ਉਸ ਤੋਂ ਸਾਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮਿਲਦੇ ਹਨ ਜੋ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਦੇ ਹਨ। ਉਹ ਭੋਜਨ, ਜਿਸ ਤੋਂ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਤੱਤ ਸਹੀ ਮਾਤਰਾ ਵਿੱਚ ਪ੍ਰਾਪਤ ਹੋਣ ਉਸ ਨੂੰ ਸੰਤੁਲਿਤ ਭੋਜਨ ਕਿਹਾ ਜਾਂਦਾ ਹੈ। ਜੋ ਖ਼ੁਰਾਕ ਅਸੀਂ ਖਾਂਦੇ ਹਾਂ, ਉਹ ਸਾਡੇ ਸਰੀਰ ਵਿੱਚ ਊਰਜਾ ਜਾਂ ਗਰਮੀ ਪੈਦਾ ਕਰਦੀ ਹੈ। ਉਸ ਊਰਜਾ ਦੀ ਇੱਕ ਯੂਨਿਟ ਨੂੰ ਤਾਪ ਇਕਾਈ ਜਾਂ ਕੈਲੋਰੀ ਕਿਹਾ ਜਾਂਦਾ ਹੈ। ਆਹਾਰ ਵਿਗਿਆਨੀਆਂ ਵੱਲੋਂ ਭੋਜਨ ਦੀ ਲੋੜ ਨੂੰ ਤਾਪ ਇਕਾਈਆਂ ਦੀ ਮਾਤਰਾ ਰਾਹੀਂ ਮਾਪਿਆਂ ਜਾਂਦਾ ਹੈ।
ਪੌਸ਼ਟਿਕ ਤੱਤ
ਭੋਜਨ ਵਿੱਚ ਤਾਪ ਇਕਾਈਆਂ ਦੀ ਗਿਣਤੀ ਉਸ ਵਿੱਚ ਪਾਏ ਜਾਂਦੇ ਤੱਤਾਂ ਉੱਤੇ ਨਿਰਭਰ ਕਰਦੀ ਹੈ। ਜੋ ਭੋਜਨ ਅਸੀਂ ਖਾਂਦੇ ਹਾਂ ਉਸ ਵਿੱਚ 6 ਪ੍ਰਕਾਰ ਦੇ ਪੌਸ਼ਟਿਕ ਤੱਤ ਹੁੰਦੇ ਹਨ, ਜਿਨ੍ਹਾਂ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਚਿਕਨਾਈ, ਵਿਟਾਮਿਨ, ਖਣਿਜ ਤੇ ਪਾਣੀ ਸ਼ਾਮਲ ਹਨ। ਮਨੁੱਖ ਦਾ ਸਰੀਰ ਇਹਨਾਂ 6 ਤੱਤਾਂ ਤੋਂ ਮਿਲ ਕੇ ਬਣਿਆ ਹੈ। ਮਨੁੱਖੀ ਸਰੀਰ ਵਿੱਚ 63 ਫ਼ੀਸਦੀ ਪਾਣੀ, 17 ਫ਼ੀਸਦੀ ਪ੍ਰੋਟੀਨ, 12 ਫ਼ੀਸਦੀ ਚਿਕਨਾਈ, 7 ਫ਼ੀਸਦੀ ਖਣਿਜ ਪਦਾਰਥ ਅਤੇ 1 ਫ਼ੀਸਦੀ ਕਾਰਬੋਹਾਈਡਰੇਟ ਹੁੰਦੀ ਹੈ।
ਸੰਤੁਲਿਤ ਭੋਜਨ
ਸੰਤੁਲਿਤ ਭੋਜਨ ਵਿੱਚ ਵੱਖ-ਵੱਖ ਤੱਤਾਂ ਦੀ ਮਾਤਰਾ ਉਮਰ, ਕੱਦ, ਕੰਮ, ਭਾਰ, ਲਿੰਗ, ਪੌਣ-ਪਾਣੀ, ਮੌਸਮ, ਬਿਮਾਰੀ, ਗਰਭ-ਅਵਸਥਾ ਉੱਤੇ ਨਿਰਭਰ ਕਰਦੀ ਹੈ। ਜ਼ਿਆਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਘੱਟ ਕੰਮ ਕਰਨ ਵਾਲੇ ਨਾਲੋਂ ਜ਼ਿਆਦਾ ਖ਼ੁਰਾਕ ਦੀ ਲੋੜ ਹੁੰਦੀ ਹੈ। ਗਰਭਵਤੀ ਅਤੇ ਦੁੱਧ ਚੁੰਘਾਉਂਦੀਆਂ ਮਾਵਾਂ ਨੂੰ ਜ਼ਿਆਦਾ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ, ਲੋਹ ਆਦਿ ਤੱਤਾਂ ਦੀ ਲੋੜ ਹੁੰਦੀ ਹੈ। ਇੱਕ ਆਦਮੀ ਜੋ ਦਰਮਿਆਨਾ ਕੰਮ ਕਰਦਾ ਹੈ ਉਸ ਨੂੰ 2800 ਤਾਪ ਇਕਾਈਆਂ ਦੀ ਹਰ ਰੋਜ਼ ਲੋੜ ਪੈਂਦੀ ਹੈ। ਇੱਕ ਔਰਤ ਜੋ ਦਰਮਿਆਨਾ ਕੰਮ ਕਰਦੀ ਹੈ ਉਸ ਨੂੰ 2200 ਕੈਲੋਰੀਆਂ ਦੀ ਲੋੜ ਹੁੰਦੀ ਹੈ।
ਲੋੜੀਂਦੀਆਂ ਤਾਪ ਇਕਾਈਆਂ
ਸਿਹਤ ਨੂੰ ਠੀਕ ਰੱਖਣ ਲਈ ਸਾਨੂੰ ਸਿਰਫ਼ ਕੈਲੋਰੀ ਦੀ ਮਾਤਰਾ ਉੱਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਲੋੜੀਂਦੀਆਂ ਤਾਪ ਇਕਾਈਆਂ ਤਾਂ ਸਾਨੂੰ ਖੰਡ, ਗੁੜ ਜਾਂ ਚਿਕਨਾਈ ਤੋਂ ਹੀ ਪ੍ਰਾਪਤ ਹੋ ਜਾਂਦੀਆਂ ਹਨ। ਇੱਕੋ ਕਿਸਮ ਦੀ ਖ਼ੁਰਾਕ ਖਾਣ ਨਾਲ ਸਿਹਤ ਠੀਕ ਨਹੀਂ ਰਹਿ ਸਕਦੀ, ਜਿਸ ਕਰਕੇ ਸਾਨੂੰ ਲੋੜੀਂਦੀਆਂ ਤਾਪ ਇਕਾਈਆਂ ਸੰਤੁਲਿਤ ਭੋਜਨ ਤੋਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਆਪਣੇ ਸਰੀਰ ਨੂੰ ਠੀਕ ਰੱਖਣ ਲਈ ਹੇਠਾਂ ਦਿੱਤੀਆਂ ਸ਼੍ਰੇਣੀਆਂ ਵਿੱਚੋਂ ਹਰ ਇੱਕ ਸ਼੍ਰੇਣੀ ਦੀ ਇੱਕ ਚੀਜ਼ ਹਰ ਰੋਜ਼ ਖਾਣੀ ਚਾਹੀਦੀ ਹੈ।
* ਅਨਾਜ (ਸਾਬਤ ਜਾਂ ਆਟੇ ਦੇ ਰੂਪ ਵਿੱਚ), ਆਲੂ, ਖੰਡ ਜਾਂ ਗੁੜ੍ਹ।
* ਦੁੱਧ, ਦਹੀਂ, ਲੱਸੀ, ਪਨੀਰ, ਆਂਡਾ, ਮੀਟ ਤੇ ਮੱਛੀ।
* ਦਾਲਾਂ, ਮੂੰਗਫਲੀ, ਗਿਰੀਦਾਰ ਮੇਵੇ ਤੇ ਸੁੱਕੇ ਮਟਰ।
* ਤੇਲ, ਮੱਖਣੀ ਤੇ ਘਿਓ।
* ਹਰੀਆਂ ਪੱਤੇਦਾਰ ਸਬਜ਼ੀਆਂ।
* ਆਮ ਕਿਸਮ ਦੇ ਤਾਜੇ ਫਲ਼।
ਭੋਜਨ ਦੀ ਪੌਸ਼ਟਿਕਤਾ ਬਰਕਰਾਰ ਰੱਖਣ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:
* ਭੋਜਨ ਨੂੰ ਘੱਟ ਤੋਂ ਘੱਟ ਪਾਣੀ ਪਾ ਕੇ ਬਣਾਓ। ਚਾਵਲ ਬਣਾਉਣ ਵੇਲੇ ਵੀ ਚੌਲਾਂ ਦੀ ਪਿੱਛ ਸੁੱਟਣੀ ਨਾ ਪਵੇ।
* ਜਿੱਥੋਂ ਤਕ ਹੋ ਸਕੇ ਸਬਜ਼ੀ ਨੂੰ ਛਿਲਕੇ ਸਮੇਤ ਹੀ ਖਾਣਾ ਚਾਹੀਦਾ ਹੈ।
* ਸਬਜ਼ੀ ਜਾਂ ਦਾਲਾਂ ਬਣਾਉਂਦੇ ਸਮੇਂ ਮਿੱਠੇ ਸੋਢੇ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਵਿਟਾਮਿਨ ਬੀ-ਕੰਮਪਲੈਕਸ ਤੇ ਵਿਟਾਮਿਨ ਸੀ ਨਸ਼ਟ ਹੋ ਜਾਂਦਾ ਹੈ।
* ਦਾਲਾਂ ਨੂੰ ਪੁੰਗਾਰ ਕੇ ਖਾਣਾ ਚਾਹੀਦਾ ਹੈ। ਇਸ ਤਰ੍ਹਾਂ ਨਾਲ ਵੱਧ ਵਿਟਾਮਿਨ ਸੀ ਪ੍ਰਾਪਤ ਹੁੰਦਾ ਹੈ।
* ਚਿੱਟੇ ਆਟੇ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਪੌਸ਼ਟਿਕਤਾ ਘਟ ਜਾਂਦੀ ਹੈ।
* ਲੋਹੇ ਦੇ ਭਾਂਡੇ ਵਿੱਚ ਭੋਜਨ ਪਕਾਉਣ ਨਾਲ ਲੋਹੇ ਦੀ ਮਾਤਰਾ ਵਧ ਜਾਂਦੀ ਹੈ। ਹੋ ਸਕੇ ਤਾਂ ਛੋਲੇ, ਕਰੇਲੇ, ਬੈਂਗਣ ਅਤੇ ਭਿੰਡੀ ਲੋਹੇ ਦੇ ਭਾਂਡੇ ਵਿੱਚ ਬਣਾਓ।
* ਕਈ ਸਬਜ਼ੀਆਂ ਦੇ ਪੱਤੇ ਅਤੇ ਉਹਨਾਂ ਦੇ ਮੁੱਢ ਜਿਵੇਂ ਫੁੱਲ ਗੋਭੀ, ਬੰਦ ਗੋਭੀ, ਗੰਢ ਗੋਭੀ ਖਾਣੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ ਜਦੋਂ ਕਿ ਲੋਕ ਅਕਸਰ ਇਨ੍ਹਾਂ ਨੂੰ ਸੁੱਟ ਦਿੰਦੇ ਹਨ।
ਜੋ ਲੋਕ ਭੋਜਨ ਸਿਰਫ਼ ਪੇਟ ਭਰਨ ਲਈ ਖਾਂਦੇ ਹਨ, ਉਹ ਜ਼ਰੂਰੀ ਤੱਤਾਂ ਅਤੇ ਖਣਿਜ ਪਦਾਰਥਾਂ ਦੀ ਘਾਟ ਕਾਰਣ ਸੋਕੜਾ, ਖੂਨ ਦੀ ਘਾਟ, ਅੰਧਰਾਤਾ, ਓਸਟੋਮਲੇਸ਼ੀਆ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਜੋ ਲੋਕ ਸਿਰਫ਼ ਸੁਆਦ ਲਈ ਖਾਂਦੇ ਹਨ, ਉਹ ਜ਼ਿਆਦਾ ਖਾਣ ਕਰਕੇ ਬਲੱਡ ਪ੍ਰੈੱਸ਼ਰ, ਸ਼ੂਗਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਹ ਲੋਕ ਜੋ ਘਰ ਦੀ ਰੋਟੀ ਛੱਡ ਕੇ ਬਜ਼ਾਰੂ ਖਾਣਾ ਖਾਂਦੇ ਹਨ, ਉਹ ਬਹੁਤਾ ਚਿਰ ਸਿਹਤਮੰਦ ਨਹੀਂ ਰਹਿ ਸਕਦੇ। ਸਾਨੂੰ ਭੋਜਨ ਖਾਂਦੇ ਸਮੇਂ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਸਾਨੂੰ ਅਜਿਹਾ ਭੋਜਨ ਖਾਣਾ ਚਾਹੀਦਾ ਹੈ ਜਿਸ ਨਾਲ ਜ਼ਰੂਰੀ ਤੱਤਾਂ ਦੀ ਪ੍ਰਾਪਤੀ ਹੋ ਜਾਵੇ ਅਤੇ ਅਸੀਂ ਸਿਹਤਮੰਦ ਜੀਵਨ ਜਿਉਂ ਸਕੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4496)
(ਸਰੋਕਾਰ ਨਾਲ ਸੰਪਰਕ ਲਈ: (