KewalSMansa8ਬਈ ਸਾਇਕਲ ਤਾਂ ਤੁਹਾਡਾ ਲੱਭ ਜਾਊਗਾ ਪਰ ਤੁਹਾਨੂੰ ਮਿਹਨਤ ਕਰਨੀ ਪਊਗੀ। ਚੋਰ ਦਸ-ਪੰਦਰਾਂ ਮਿੰਟ ਪਹਿਲਾਂ ਹੀ ਮੈਥੋਂ ...
(17 ਜਨਵਰੀ 2024)
ਇਸ ਸਮੇਂ ਪਾਠਕ: 125.


ਚੋਰ ਤਾਂ ਚੋਰ ਹੀ ਹੁੰਦਾ ਹੈ
, ਭਾਵੇਂ ਉਹ ਛੋਟੀ ਚੋਰੀ ਕਰਦਾ ਹੋਵੇ ਜਾਂ ਵੱਡੀ, ਦਿਨ ਦਿਹਾੜੇ ਚੋਰੀ ਕਰਦਾ ਹੋਵੇ ਜਾਂ ਰਾਤਾਂ ਦੇ ਹਨੇਰੇ ਵਿੱਚਚੋਰੀ ਕਰਨਾ ਉਸਦੀ ਆਦਤ ਹੋਵੇ ਜਾਂ ਮਜਬੂਰੀਉਹ ਸਮਾਨ ਚੋਰੀ ਕਰਦਾ ਹੋਵੇ ਜਾਂ ਨਕਦੀਬਾਹਰੋਂ ਚੋਰੀ ਕਰਦਾ ਹੋਵੇ ਜਾਂ ਘਰਾਂ ਦੇ ਅੰਦਰੋਂਉਹ ਵਿਅਕਤੀ ਜੋ ਦੂਸਰਿਆਂ ਦੀਆਂ ਨਜ਼ਰਾਂ ਨੂੰ ਧੋਖਾ ਦੇ ਕੇ ਕੋਈ ਵੀ ਠੱਗੀ ਮਾਰਦਾ ਹੈ, ਉਹ ਚੋਰ ਹੀ ਤਾਂ ਹੁੰਦਾ ਹੈਕੀ ਚੋਰ ਕਦੇ ਭਲਾਮਾਣਸ ਜਾਂ ਇਮਾਨਦਾਰ ਹੋ ਸਕਦਾ ਹੈ? ਕੀ ਚੋਰ ਵੀ ਸਾਫ ਨੀਅਤ ਵਾਲਾ ਹੋ ਸਕਦਾ ਹੈ? ਪਿਛਲੇ ਦਿਨਾਂ ਦੀ ਗੱਲ ਹੈ, ਮੈਂ ਆਪਣੇ ਦਫਤਰ ਵਿੱਚ ਜ਼ਰੂਰੀ ਕੰਮ ਵਿੱਚ ਰੁੱਝਿਆ ਹੋਇਆ ਸਾਂਅਚਾਨਕ ਮੇਰੇ ਦੋਸਤ ਦਾ ਫੋਨ ਆਇਆ ਤੇ ਕਹਿਣ ਲੱਗਾ, “ਭਰਾਵਾ ਜਿੱਥੇ ਵੀ ਹੈਂ, ਜਲਦੀ ਬੱਸ ਅੱਡੇ ’ਤੇ ਆਜਾਮੇਰਾ ਸਾਇਕਲ ਚੋਰੀ ਹੋ ਗਿਆ ਹੈਮੈਂ ਅੱਡੇ ਦੇ ਕੋਲ ਇੱਕ ਨਾਈ ਦੀ ਦੁਕਾਨ ’ਤੇ ਵਾਲ ਕਟਵਾ ਰਿਹਾ ਸੀਸਾਇਕਲ ਬਾਹਰ ਖੜ੍ਹਾ ਕਰ ਦਿੱਤਾ, ਕਾਹਲੀ ਵਿੱਚ ਜਿੰਦਰਾ ਲਾਉਣਾ ਭੁੱਲ ਗਿਆਜਦੋਂ ਵਾਲ ਕਟਵਾ ਕੇ ਬਾਹਰ ਆਇਆ ਤਾਂ ਸਾਇਕਲ ਗਾਇਬ ਸੀਤੂੰ ਜਲਦੀ ਆਆਪਾਂ ਦੋਵੇਂ ਮਿਲਕੇ ਕੋਈ ਹੋਰ ਹੀਲਾ-ਵਸੀਲਾ ਕਰਾਂਗੇਹੋਰ ਨਹੀਂ ਤਾਂ ਥਾਣੇ ਰਪਟ ਹੀ ਲਿਖਵਾ ਦੇਵਾਂਗੇ।”

ਮੇਰਾ ਮਿੱਤਰ ਇੱਕੋ ਸਾਹ ਕਿੰਨਾ ਕੁਝ ਕਹਿ ਗਿਆਮੈਂ ਮੋਟਰਸਾਈਕਲ ਚੁੱਕਿਆ ਤੇ ਤੁਰੰਤ ਬੱਸ ਅੱਡੇ ’ਤੇ ਪਹੁੰਚ ਗਿਆਮੇਰਾ ਦੋਸਤ ਬਹੁਤ ਨਿਰਾਸ਼ ਸੀਮੈਂ ਉਸ ਨੂੰ ਹੌਸਲਾ ਦਿੱਤਾ ਤੇ ਅਸੀਂ ਇੱਕ ਵਾਰ ਫਿਰ ਇੱਧਰ-ਉੱਧਰ ਤਸੱਲੀ ਕਰਨ ਲੱਗੇਬੱਸ ਸਟੈਂਡ ਤੋਂ ਪੁੱਛ ਪੜਤਾਲ ਕਰਦੇ ਹੋਏ ਅਸੀਂ ਅਖੀਰ ਇੱਕ ਪਾਨ ਵਾਲੀ ਦੁਕਾਨ ’ਤੇ ਪਹੁੰਚ ਗਏਉਹ ਦੁਕਾਨਦਾਰ ਸਾਨੂੰ ਪਹਿਲਾਂ ਤੋਂ ਹੀ ਜਾਣਦਾ ਸੀਉਹ ਸਾਡੇ ਮੁਰਝਾਏ ਹੋਏ ਚਿਹਰੇ ਦੇਖ ਕੇ ਕਹਿਣ ਲੱਗਾ, “ਬੜੇ ਉਦਾਸ ਕਿਉਂ ਲਗਦੇ ਹੋ?

ਅਸੀਂ ਉਸ ਨੂੰ ਸਾਰੀ ਕਹਾਣੀ ਦੱਸੀ ਤਾਂ ਉਹ ਕਹਿਣ ਲੱਗਾ, “ਬਈ ਸਾਇਕਲ ਤਾਂ ਤੁਹਾਡਾ ਲੱਭ ਜਾਊਗਾ ਪਰ ਤੁਹਾਨੂੰ ਮਿਹਨਤ ਕਰਨੀ ਪਊਗੀਚੋਰ ਦਸ-ਪੰਦਰਾਂ ਮਿੰਟ ਪਹਿਲਾਂ ਹੀ ਮੈਥੋਂ ਜਰਦੇ ਦੀ ਪੁੜੀ ਲੈ ਕੇ ਗਿਆ ਹੈਉਸਦਾ ਨਾਂ ਕਾਲ਼ਾ (ਕਾਲਪਨਿਕ ਨਾਂ) ਹੈ ਅਤੇ ਉਹ ਨੇੜੇ ਹੀ ਪੰਜ-ਸੱਤ ਕਿਲੋਮੀਟਰ ਦੂਰ ਪਿੰਡ ਚਕੇਰੀਆਂ ਰਹਿੰਦੈਉਹ ਇਹੋ ਕੰਮ ਕਰਦਾ ਹੈਤੁਸੀਂ ਛੇਤੀ ਜਾਓ, ਉਸਦਾ ਪਿੱਛਾ ਕਰੋ।”

ਦੁਕਾਨਦਾਰ ਦਾ ਕਹਿਣਾ ਮੰਨ ਕੇ ਅਸੀਂ ਮੋਟਰਸਾਈਕਲ ਪਿੰਡ ਦੇ ਰਾਹ ਪਾ ਲਿਆਪਿੰਡ ਦੀ ਸੱਥ ਵਿੱਚ ਤਾਸ਼ ਖੇਡਦੇ ਬਜ਼ੁਰਗਾਂ ਤੋਂ ਉਸ ਬੰਦੇ ਦਾ ਘਰ ਪੁੱਛਿਆ ਤਾਂ ਅੱਗੋਂ ਉਹ ਹੱਸਣ ਲੱਗ ਪਏ ਤੇ ਇੱਕ ਜਣਾ ਪੱਤੇ ’ਤੇ ਪਤਾ ਸੁੱਟ ਕੇ ਕਹਿਣ ਲੱਗਾ, “ਆਹ ਮਾਂਜਤਾ।”

ਦੂਜਾ ਕਹਿੰਦਾ, “ਬਈ ਔਹ ਸਾਹਮਣੇ ਇੱਕ ਗਲੀ ਛੱਡਕੇ ਅਗਲੀ ਗੁਰਦੁਆਰੇ ਵਾਲੀ ਗਲੀ ਪੈ ਜਿਓ ਗਲੀ ਦੇ ਅਖੀਰ ’ਤੇ ਜਿਹੜਾ ਘਰ ਦਰਵਾਜੇ ਤੋਂ ਬਿਨਾਂ ਹੋਊ, ਸਮਝ ਲਿਓ ਉਸੇ ਦਾ ਹੈ।”

ਅਸੀਂ ਮੋਟਰਸਾਈਕਲ ਗੁਰਦੁਆਰੇ ਵਾਲੀ ਗਲੀ ਪਾ ਲਿਆ ਤੇ ਬਿਲਕੁਲ ਹੌਲੀ ਕਰਕੇ ਉਸਦੇ ਘਰ ਕੋਲ ਦੀ ਲੰਘੇਜਦੋਂ ਅਸੀਂ ਘਰ ਦੇ ਅੰਦਰ ਨਜ਼ਰ ਮਾਰੀ ਤਾਂ ਉਹ ਵਿਹੜੇ ਵਿੱਚ ਸਾਇਕਲ ਨੂੰ ਸ਼ੈਪੂ ਤੇ ਤੇਲ ਨਾਲ ਐਂ ਚਮਕਾ ਰਿਹਾ ਸੀ ਜਿਵੇਂ ਮੱਝ ਮੰਡੀ ’ਤੇ ਲੈ ਕੇ ਜਾਣ ਲੱਗੇ ਚਮਕਾਉਂਦੇ ਨੇਮੇਰੇ ਦੋਸਤ ਨੇ ਕੈਰੀਅਰ ਤੋਂ ਆਪਣਾ ਸਾਇਕਲ ਪਛਾਣ ਲਿਆਅਸੀਂ ਮੋਟਰਸਾਈਕਲ ਥੋੜ੍ਹੀ ਦੂਰ ਖੜ੍ਹਾ ਕਰ ਦਿੱਤਾ ਤੇ ਇੱਕ ਵਾਰ ਫਿਰ ਪੂਰੀ ਤਸੱਲੀ ਕਰਨ ਲਈ ਉਸਦੇ ਘਰ ਅੱਗੋਂ ਲੰਘੇਜਦੋਂ ਸਾਨੂੰ ਪੂਰੀ ਤਸੱਲੀ ਹੋ ਗਈ ਤਾਂ ਅਸੀਂ ਉਸਦੇ ਘਰ ਦੇ ਅੰਦਰ ਚਲੇ ਗਏਉਹ ਸਾਨੂੰ ਦੇਖ ਕੇ ਸਮਝ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ, “ਜਨਾਬ, ਸਾਇਕਲ ਲੈਣ ਆਏ ਓ? ਜੇ ਤੁਹਾਡਾ ਐ ਤਾਂ ਲੈ ਜਾਓ।”

ਥੋੜ੍ਹੀ ਸਖਤੀ ਵਰਤਦਿਆਂ ਮੇਰੇ ਦੋਸਤ ਨੇ ਕਿਹਾ, “ਕੰਜਰਾ! ਤੂੰ ਚੋਰੀ ਕਿਉਂ ਕੀਤਾ ਹੈ?

ਉਸਨੇ ਹੱਥ ਜੋੜ ਕੇ ਜਵਾਬ ਦਿੱਤਾ, “ਮੇਰੇ ਘਰ ਦੀ ਹਾਲਤ ਦੇਖੋ, ਨਾ ਬਾਹਰ ਦਰਵਾਜ਼ਾ ਐ ਨਾ ਉੱਪਰ ਛੱਤ ਐਮੈਂ ਭੁੱਕੀ ਖਾਣ ਦਾ ਆਦੀ ਆਂ, ਬੱਸ ਮੇਰੀ ਮਜਬੂਰੀ ਐ।”

ਅਸੀਂ ਥੋੜ੍ਹਾ ਨਰਮ ਪੈ ਗਏ ਅਤੇ ਸਾਇਕਲ ਲੈ ਕੇ ਜਾਣ ਲਈ ਸੋਚਣ ਲੱਗੇ ਤਾਂ ਉਹ ਕਹਿੰਦਾ, “ਜਨਾਬ, ਮੈਂ ਤੁਹਾਡੇ ਘਰ ਤਕ ਛੱਡ ਆਉਂਦਾ ਹਾਂਉਸਨੇ ਝਟਪਟ ਸਾਇਕਲ ਤੋਂ ਲਾਹੀ ਟੱਲੀ ਅਤੇ ਟੋਕਰੀ ਦੁਬਾਰਾ ਫਿੱਟ ਕਰ ਦਿੱਤੀਆਂ ਅਤੇ ਸਾਇਕਲ ਲੈ ਕੇ ਸਾਡੇ ਅੱਗੇ-ਅੱਗੇ ਚੱਲ ਪਿਆ ਅਤੇ ਅਸੀਂ ਮੋਟਰਸਾਈਕਲ ਉਸਦੇ ਪਿੱਛੇ ਲਾ ਲਿਆ

ਸ਼ਹਿਰ ਪਹੁੰਚ ਕੇ ਉਹ ਕਹਿਣ ਲੱਗਾ, “ਹੁਣ ਤੁਸੀਂ ਮੈਨੂੰ ਵਧੀਆ ਜਿਹੀ ਕੰਡੇ ਵਾਲੀ ਚਾਹ ਪਿਆ ਦਿਉ।”

ਅਸੀਂ ਚਾਹ ਪੀਣ ਲਈ ਇੱਕ ਦੁਕਾਨ ’ਤੇ ਬੈਠ ਗਏ ਕਾਲ਼ਾ ਆਪਣੀ ਰਾਮ ਕਹਾਣੀ ਫਿਰ ਛੇੜ ਕੇ ਬੈਠ ਗਿਆ, “ਜਨਾਬ! ਮੈਂ ਚੋਰੀ ਜ਼ਰੂਰ ਕਰਦਾ ਹਾਂ ਪਰ ਮੇਰੇ ਅਸੂਲ ਬਹੁਤ ਸਖ਼ਤ ਨੇਪਹਿਲੀ ਗੱਲ ਤਾਂ ਮੈਂ ਆਪਣੇ ਪਿੰਡ ਵਿੱਚ ਕਦੇ ਚੋਰੀ ਨੀ ਕਰਦਾਦੂਜੀ ਗੱਲ, ਮੈਂ ਰਾਤ ਨੂੰ ਕਦੇ ਚੋਰੀ ਨੀ ਕਰਦਾ ਤੇ ਦਿਨ ਦਿਹਾੜੇ ਕੁਝ ਛੱਡਦਾ ਨੀਂਜੇ ਚੋਰੀ ਫੜੀ ਜਾਵੇ ਤਾਂ ਮੁੱਕਰਦਾ ਨਹੀਂਮੇਰੀ ਇਮਾਨਦਾਰੀ ਕਾਰਨ ਮੈਨੂੰ ਥਾਣੇ ਆਲੇ ਵੀ ਬੱਸ ਇੱਕ-ਦੋ ਘੰਟੇ ਰੱਖ ਕੇ ਛੱਡ ਦਿੰਦੇ ਨੇ ਭਾਵੇਂ ਮੈਂ ਚੋਰ ਆਂ ਪਰ ਮੇਰੀ ਨੀਅਤ ਬਹੁਤ ਸਾਫ ਐ।” ਉਹ ਜਾਂਦਾ ਹੋਇਆ ਹੱਥ ਜੋੜ ਕੇ ਕਹਿੰਦਾ, “ਜਨਾਬ! ਹੁਣ ਤੁਸੀਂ ਮੈਨੂੰ ਪੰਜਾਹ ਰੁਪਏ ਦੇ ਦਿਓਦਸ ਰੁਪਏ ਬੱਸ ਦਾ ਕਿਰਾਇਆ ਅਤੇ ਚਾਲੀ ਰੁਪਏ ਭੁੱਕੀ ਲਈ ਅਤੇ ਯਾਦ ਰੱਖਿਓ ਅੱਗੇ ਤੋਂ ਜਿੰਦਾ ਲਾਉਣਾ ਨਾ ਭੁਲਿਓ।”

ਅਸੀਂ ਉਸ ਨੂੰ ਪੰਜਾਹ ਰੁਪਏ ਦੇ ਦਿੱਤੇ ਤੇ ਉਹ ਚੱਲਦਾ ਬਣਿਆਅਸੀਂ ਕਈ ਦਿਨ ਉਸ ਦੀਆਂ ਗੱਲਾਂ ਕਰਦੇ ਰਹੇ ਬਈ ਬੜਾ ਕਮਾਲ ਦਾ ਚੋਰ ਸੀਚੋਰੀ ਕਰਨ ਤੋਂ ਬਾਅਦ ਵੀ ਦਿਨ-ਦਿਹਾੜੇ ਸ਼ਰੇਆਮ ਵਿਹੜੇ ਵਿੱਚ ਸਾਇਕਲ ਧੋ ਰਿਹਾ ਸੀਚੋਰੀ ਕਰਕੇ ਇੱਕ ਵਾਰ ਵੀ ਮੁੱਕਰਿਆ ਨਹੀਂਚੋਰੀ ਕਰਨ ਤੋਂ ਬਾਅਦ ਵੀ ਸਾਡੇ ਕੋਲੋਂ ਚਾਹ ਤੇ ਭੁੱਕੀ ਦੇ ਪੈਸੇ ਲੈ ਗਿਆਯਾਰ ਬੜਾ ਭਲਾਮਾਣਸ ਚੋਰ ਸੀਜਾਂਦਾ ਹੋਇਆ ਸਾਨੂੰ ਸਾਡੀ ਗਲਤੀ ਦਾ ਅਹਿਸਾਸ ਵੀ ਕਰਵਾ ਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4639)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕੇਵਲ ਸਿੰਘ ਮਾਨਸਾ

ਕੇਵਲ ਸਿੰਘ ਮਾਨਸਾ

(Retired Health Supervisor)
Phone: (91 - 98725 - 15652)
Email: (upsmansa@gmail.com)