“ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਨਾਟਕਕਾਰ ਨੇ ਲੱਛੂ ਕਬਾੜੀਏ ਰਾਹੀਂ ਸਾਡੇ ਦੇਸ ਦੇ ਵੱਖ-ਵੱਖ ...”
(5 ਨਵੰਬਰ 2023)
ਸਾਹਿਤ ਦੇ ਸਾਰੇ ਰੂਪਾਂ ਦੀ ਹੀ ਆਪਣੀ-ਆਪਣੀ ਮਹੱਤਤਾ ਹੈ, ਪਰ ਨਾਟ ਸਾਹਿਤ ਇਸ ਲਈ ਵਧੇਰੇ ਮਹੱਤਵਪੂਰਨ ਹੈ ਕਿਉਂਕਿ ਇਹ ਦੋ ਧਰਾਤਲਾਂ ’ਤੇ ਵਿਚਰਦਾ ਹੈ। ਇਹ ਪੜ੍ਹਿਆ ਵੀ ਜਾਂਦਾ ਹੈ ਅਤੇ ਮੰਚ ’ਤੇ ਪੇਸ਼ ਵੀ ਕੀਤਾ ਜਾਂਦਾ ਹੈ। ਮੰਚ ਦੀ ਪੇਸ਼ਕਾਰੀ ਕਰਕੇ ਇਹ ਦਰਸ਼ਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਦਾ ਹੈ। ਇਸੇ ਲਈ ਜਦੋਂ ਦਰਸ਼ਕ ਆਪਣੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਵਾਪਰਦਾ ਦੇਖਦੇ ਹਨ ਤਾਂ ਉਹ ਜ਼ਿੰਦਗੀ ਦੀਆਂ ਸਚਾਈਆਂ ਅਤੇ ਨਾਟਕਕਾਰ ਵੱਲੋਂ ਪੇਸ਼ ਕੀਤੀਆਂ ਘਟਨਾਵਾਂ ਦੀ ਤੁਲਨਾ ਕਰਦੇ ਹਨ। ਜਦੋਂ ਦਰਸ਼ਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਨਾਟਕਾਰ ਨੇ ਜ਼ਿੰਦਗੀ ਦੇ ਆਮ ਵਰਤਾਰਿਆਂ ਨੂੰ ਕਲਾਤਮਕ ਛੋਹਾਂ ਪ੍ਰਦਾਨ ਕਰਕੇ ਪੇਸ਼ ਕੀਤਾ ਹੈ ਤਾਂ ਉਹ ਜਲਦੀ ਹੀ ਮੰਚ ’ਤੇ ਕੀਤੀ ਜਾ ਰਹੀ ਪੇਸ਼ਕਾਰੀ ਨਾਲ ਇੱਕਮਿਕ ਹੋ ਜਾਂਦੇ ਹਨ। ਜਦੋਂ ਮੰਚ ’ਤੇ ਵਿਚਰ ਰਹੇ ਪਾਤਰ ਵਧੀਆ ਅਦਾਕਾਰੀ ਕਰ ਰਹੇ ਹੁੰਦੇ ਹਨ ਤਾਂ ਦਰਸ਼ਕ ਕੁਝ ਸਮੇਂ ਲਈ ਆਪਣੇ ਆਲੇ-ਦੁਆਲੇ ਨਾਲੋਂ ਟੁੱਟ ਕੇ ਮੰਚ ਵੱਲ ਹੀ ਟਿਕਟਿਕੀ ਲਾ ਕੇ ਦੇਖਦੇ ਰਹਿੰਦੇ ਹਨ। ਜੇ ਕਿਤੇ ਅਜਿਹੀ ਪੇਸ਼ਕਾਰੀ ਇੱਕ ਪਾਤਰੀ ਹੋਵੇ ਤਾਂ ਦਰਸ਼ਕ ਮੰਤਰ ਮੁਗਧ ਹੀ ਹੋ ਜਾਂਦੇ ਹਨ।
ਡਾ. ਸਾਹਿਬ ਸਿੰਘ ਪੰਜਾਬੀ ਨਾਟ ਸਾਹਿਤ ਅਤੇ ਮੰਚ ਕਲਾਕਾਰੀ ਦਾ ਅਜਿਹਾ ਸੁਮੇਲ ਹੈ ਜਿਸ ਨੇ ਦੋਹਾਂ ਖੇਤਰਾਂ ਵਿੱਚ ਆਪਣੀ ਗਹਿਰੀ ਛਾਪ ਛੱਡੀ ਹੈ। ਪੰਜਾਬੀ ਰੰਗਮੰਚ ’ਤੇ ਇੱਕ ਪਾਤਰੀ ਨਾਟਕ ਘੱਟ ਗਿਣਤੀ ਵਿੱਚ ਹੀ ਪੇਸ਼ ਹੋਏ ਹਨ। ਅਸਲ ਵਿੱਚ ਕਿਸੇ ਵੀ ਅਦਾਕਾਰ ਲਈ ਇਹ ਚੁਣੌਤੀ ਹੁੰਦੀ ਹੈ ਕਿ ਉਹ ਤੀਹ, ਚਾਲੀ ਮਿੰਟਾਂ ਲਈ ਇਕੱਲਾ ਹੀ ਮੰਚ ’ਤੇ ਅਜਿਹੇ ਪ੍ਰਭਾਵਸ਼ਲੀ ਢੰਗ ਨਾਲ ਅਦਾਕਾਰੀ ਕਰੇ ਕਿ ਦਰਸ਼ਕਾਂ ਲਈ ਰੌਚਿਕਤਾ ਬਣੀ ਰਹੇ। ਪਰ ਜੇ ਇੱਕ ਹੀ ਕਲਾਕਾਰ ਨੂੰ ਲਗਭਗ ਡੇਢ ਘੰਟਾ ਮੰਚ ’ਤੇ ਰਹਿਣਾ ਪਵੇ ਤਾਂ ਨਿਸਚੇ ਹੀ ਇੱਕ ਹੀ ਪਾਤਰ ਲਈ ਇਹ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਉਹ ਨਾਟਕੀ ਟੱਕਰ ਨੂੰ ਮੰਚ ’ਤੇ ਕਿਵੇਂ ਸਾਕਾਰ ਕਰੇ। ਨਾਟਕਕਾਰ ਲਈ ਇਹ ਇੱਕ ਕਿਸਮ ਦਾ ਦੋ-ਧਾਰੀ ਤਲਵਾਰ ਉੱਤੇ ਚੱਲਣ ਵਰਗਾ ਇਮਤਿਹਾਨ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਡਾ. ਸਾਹਿਬ ਸਿੰਘ ਨੇ ਇਹ ਦੋਵੇਂ ਹੀ ਕਾਰਜ ‘ਲੱਛੂ ਕਬਾੜੀਆ’ ਵਿੱਚ ਬੜੀ ਕੁਸ਼ਲਤਾ ਨਾਲ ਨਿਭਾਏ ਹਨ।
ਡਾ. ਸਾਹਿਬ ਸਿੰਘ ਆਪਣੇ ਇਸ ਸ਼ਾਹਕਾਰ ਨਾਟਕ ਦੀਆਂ ਸੈਂਕੜੇ ਹੀ ਪੇਸ਼ਕਾਰੀਆਂ ਦੇਸ਼-ਵਿਦੇਸ਼ ਵਿੱਚ ਸਫਲਤਾ ਪੂਰਵਕ ਪੇਸ਼ ਕਰ ਚੁੱਕਿਆ ਹੈ। 7-8 ਅਕਤੂਬਰ ਨੂੰ ਪੰਜਾਬੀ ਭਵਨ, ਸਰੀ (ਕੈਨੇਡਾ) ਦੇ ਸਲਾਨਾ ਸਮਾਗਮ ਦੇ ਦੂਜੇ ਦਿਨ ਵਿਸ਼ੇਸ਼ ਤੌਰ ’ਤੇ ਇਸ ਇੱਕ ਪਾਤਰੀ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਮੈਂ ਭਾਵੇਂ ਇਹ ਪੇਸ਼ਕਾਰੀ ਨਹੀਂ ਦੇਖ ਸਕਿਆ, ਪਰ ਇਸਦੀ ਰਿਕਾਰਡਿੰਗ ਦੇਖ ਕੇ ਹੀ ਇਸ ਤੋਂ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਿਆ।
ਨਾਟਕ ਦਾ ਪਾਤਰ ਲਛਮਣ ਉਰਫ ਲੱਛੂ ਆਪਣੀ ਕਹਾਣੀ ਸੁਣਾਉਂਦਾ ਹੈ, ਜੋ ਕਬਾੜੀਏ ਦਾ ਕੰਮ ਕਰਦਾ ਹੈ। ਕਬਾੜੀਆ ਆਮ ਲੋਕਾਂ ਦੇ ਘਰਾਂ ਵਿੱਚ ਪਈਆਂ ਬੇਕਾਰ ਦੀਆਂ ਚੀਜ਼ਾਂ ਖਰੀਦ ਕੇ ਉਹਨਾਂ ਨੂੰ ਅੱਗੇ ਵੇਚ ਕੇ ਆਪਣੀ ਕਮਾਈ ਕਰਦਾ ਹੈ। ਅਜਿਹੇ ਕੰਮ ਕਰਨ ਵਾਲਿਆਂ ਦੀ ਜ਼ਿੰਦਗੀ ਦੁਸ਼ਵਾਰੀਆਂ ਭਰੀ ਹੀ ਹੁੰਦੀ ਹੈ। ਉਹਨਾਂ ਦੀ ਪਰਿਵਾਰਕ ਜ਼ਿੰਦਗੀ ਦਾ ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ ਹੈ ਕਿ ਜ਼ਰੂਰੀ ਪਰਿਵਾਰਕ ਕਾਰਜਾਂ ਵਿੱਚ ਉਹਲਾ ਰੱਖਣ ਲਈ ਉਹਨਾਂ ਨੂੰ ਅਧੋਰਾਣੀਆਂ ਚਾਦਰਾਂ ਦਾ ਸਹਾਰਾ ਲੈਣਾ ਪੈਂਦਾ ਹੈ। ਘਰ ਨੂੰ ਬੰਦ ਕਰਨ ਲਈ ਦਰਵਾਜ਼ੇ ਵੀ ਨਹੀਂ ਹੁੰਦੇ। ਇਸੇ ਲਈ ਲੱਛੂ ਕਿਸੇ ਕਲਪਿਤ ਪਾਤਰ ਨੂੰ ਘਰ ਦੇ ਅੰਦਰ ਬੁਲਾਉਣ ਵੇਲੇ ਕਹਿੰਦਾ ਹੈ ਕਿ ਉਸ ਦੇ ਘਰ ਅੰਦਰ ਆਉਣ ਲਈ ਜਿੱਧਰੋਂ ਮਰਜ਼ੀ ਅੰਦਰ ਆ ਜਾਓ ਅਤੇ ਜਿੱਧਰੋ ਮਰਜ਼ੀ ਬਾਹਰ ਚਲੇ ਜਾਓ। ਭਾਵੇਂ ਇਹ ਵਾਕ ਉਹ ਬੜੇ ਸਹਿਜ ਨਾਲ ਬੋਲ ਜਾਂਦਾ ਹੈ, ਪਰ ਇਸ ਪਿੱਛੇ ਉਸ ਦੀ ਲੁਕੀ ਚੀਸ ਉਜਾਗਰ ਜ਼ਰੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਉਹ ਇਹ ਕਹਿੰਦਾ ਹੈ ਕਿ ਉਸ ਦੀ ਮਾਂ ਨੇ ਤਾਂ ਉਸ ਦਾ ਨਾਂ ਲਛਮਣ ਰੱਖਿਆ ਸੀ, ਪਰ ਦੁਨੀਆਂ ਨੇ ਉਸ ਨੂੰ ਲੱਛੂ ਹੀ ਬਣਾ ਦਿੱਤਾ ਤਾਂ ਇੱਥੇ ਸਾਡੇ ਦੇਸ ਦੇ ਗਰੀਬਾਂ ਦੀ ਇਹ ਤਰਾਸਦੀ ਪੇਸ਼ ਕੀਤੀ ਗਈ ਹੈ ਕਿ ਗਰੀਬਾਂ ਨੂੰ ਤਾਂ ਹਰ ਥਾਂ ਦੁਰਕਾਰਿਆ ਹੀ ਜਾਂਦਾ ਹੈ। ਲੱਛੂ ਨੂੰ ਉਹ ਦਿਨ ਵੀ ਯਾਦ ਆਉਂਦੇ ਹਨ ਜਦੋਂ ਉਹ ਆਪ ਪੜ੍ਹਦਾ ਹੁੰਦਾ ਸੀ, ਹਾਕੀ ਦਾ ਵਧੀਆ ਖਿਡਾਰੀ ਸੀ। ਉਸ ਨੂੰ ਆਪਣੇ ਛਿੰਦੇ ਪੁੱਤ ਦੀ ਯਾਦ ਵੀ ਆਉਂਦੀ ਹੈ ਜੋ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਆਪਣੇ ਛਿੰਦੇ ਨੂੰ ਇਸ ਗੱਲ ਤੋਂ ਰੋਕਦਾ ਹੈ ਕਿ ਉਹ ਕਿਸੇ ਵੱਡੇ ਘਰ ਦੀ ਕੁੜੀ ਦੇ ਪਿਆਰ ਦੇ ਚੱਕਰਾਂ ਵਿੱਚ ਨਾ ਪਵੇ। ਉਸ ਨੇ ਦੁਨੀਆ ਦੇਖੀ ਹੋਈ ਸੀ, ਇਸ ਲਈ ਉਸ ਨੂੰ ਪਤਾ ਸੀ ਕਿ ਗਰੀਬੀ ਦਾ ਅਮੀਰੀ ਨਾਲ ਕਦੇ ਵੀ ਮੇਲ ਨਹੀਂ ਹੋ ਸਕਦਾ। ਜਦੋਂ ਘਰ ਵਿੱਚ ਬੰਦ ਪਏ ਕਬਾੜ ਵਿੱਚੋਂ ਉਸ ਨੂੰ ਆਪਣੇ ਪੁੱਤਰ ਦੀ ਕਾਪੀ ਮਿਲਦੀ ਹੈ ਤਾਂ ਉਸ ਵਿੱਚ ਲਿਖੇ ਕੁਝ ਸਫੇ ਹਵਾ ਵਿੱਚ ਉਡਾ ਦਿੰਦਾ ਹੈ ਅਤੇ ਕੁਝ ਸਾਂਭ ਕੇ ਰੱਖ ਲੈਂਦਾ ਹੈ।
ਬਾੜ ਦੀ ਬੋਰੀ ਵਿੱਚੋਂ ਉਸ ਨੂੰ ਮੰਗਣ ਵਾਲਾ ਇੱਕ ਕਟੋਰਾ ਵੀ ਮਿਲਦਾ ਹੈ, ਜਿਸ ਨੂੰ ਉਹ ‘ਬਾਊ’ ਦੀ ਕੁਰਸੀ ਦੇ ਸਪੁਰਦ ਕਰ ਦਿੰਦਾ ਹੈ। ਅਸਲ ਵਿੱਚ ਇਹ ‘ਬਾਊ’ ਦਾ ਕਲਪਿਤ ਪਾਤਰ ਸਾਡੇ ਦੇਸ ਦੇ ਸ਼ਾਤਰ ਰਾਜਸੀ ਨੇਤਾਵਾਂ ਨੂੰ ਰੂਪਮਾਨ ਕਰਦਾ ਹੈ। ਲੱਛੂ ਇਹ ਕਟੋਰਾ ‘ਬਾਊ’ ਦੀ ਕੁਰਸੀ ਕੋਲ ਰੱਖਦੇ ਹੋਏ ਜਦੋਂ ਇਹ ਕਹਿੰਦਾ ਹੈ ਕਿ ਇਹ ਤੇਰੇ ਕੰਮ ਆਵੇਗਾ ਤਾਂ ਇਹ ਡੂੰਘੇ ਅਰਥਾਂ ਦਾ ਲਖਾਇਕ ਹੈ। ਨਾਟਕਕਾਰ ਰਾਜਸੀ ਨੇਤਾਵਾਂ ਦੇ ਵੋਟਾਂ ਦੇ ਸਮੇਂ ਹਰ ਵਰਗ ਦੇ ਲੋਕਾਂ ਸਾਹਮਣੇ ਹੱਥ ਜੋੜ ਅਤੇ ਪੈਰੀਂ ਹੱਥ ਲਾ ਕੇ ਵੋਟ ਮੰਗਣ ਦੀ ਪਰਵਿਰਤੀ ’ਤੇ ਗਹਿਰੀ ਚੋਟ ਕਰਦਾ ਹੈ। ਜਦੋਂ ਨਾਟਕ ਦੇ ਮੁੱਢ ਵਿੱਚ ਲੱਛੂ ‘ਬਾਊ’ ਨੂੰ ਕਹਿੰਦਾ ਹੈ ਕਿ ਬਾਊ, ਲੱਛੂ ਕਬਾੜੀਏ ਦੇ ਘਰ ਚੱਕਰ ਲਾਉਣ ਦੀਆਂ ਫੋਟੋਆਂ ਦਸ-ਪੰਦਰਾਂ ਅਖਬਾਰਾਂ ਵਿੱਚ ਤਾਂ ਲਗਵਾ ਹੀ ਦੇਵੇਗਾ ਤਾਂ ਇਸ ਵਾਕ ਰਾਹੀਂ ਉਹ ਇੱਕ ਵਾਰ ਫੇਰ ਰਾਜਸੀ ਆਗੂਆਂ ਦੀ ਦਿਖਾਵੇ ਦੀ ਰੁਚੀ ਨੂੰ ਭੰਡਦਾ ਹੈ, ਜੋ ਵੋਟਾਂ ਦੇ ਮੌਸਮ ਵਿੱਚ ਗਰੀਬਾਂ ਦੇ ਘਰ ਰਹਿਣ ਅਤੇ ਉਹਨਾਂ ਦੀ ਰੁੱਖੀ-ਸੁੱਕੀ ਖਾ ਕੇ ਅਖਬਾਰਾਂ ਰਾਹੀਂ ਆਪਣੇ ਗਰੀਬ ਹਿਤੈਸ਼ੀ ਹੋਣ ਦਾ ਢੰਢੋਰਾ ਪਿੱਟ ਕੇ ਰਾਜਸੀ ਲਾਹਾ ਲੈਣ ਦੇ ਚੱਕਰਾਂ ਵਿੱਚ ਰਹਿੰਦੇ ਹਨ। ਜਦੋਂ ਉਹ ਕਬਾੜ ਦੀ ਬੋਰੀ ਨੂੰ ਉਲਟਾ ਕੇ ਉਸ ਵਿੱਚ ਭਰੀਆਂ ‘ਅਧੀਏ’ ਅਤੇ ‘ਪਊਏ’ ਦਾ ਢੇਰ ਲਾਉਂਦਾ ਹੈ ਤਾਂ ਦਰਸ਼ਕਾਂ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਇਹਨਾਂ ਬਗਲੇ ਭਗਤਾਂ ਵੱਲੋਂ ਵੋਟਾਂ ਦੀ ਖਰੀਦ ਲਈ ਨਸ਼ੇ ਵੰਡਣ ਦੇ ਰੁਝਾਨ ਨੂੰ ਖਤਮ ਕਰਨ ਦਾ ਵਕਤ ਆ ਗਿਆ ਹੈ। ਕਬਾੜ ਵਿੱਚੋਂ ਨਿਕਲੀ ਆਪਣੀ ਪੁਰਾਣੀ ਪੱਗ ਦੇਖ ਕੇ ਉਹ ਪੱਗ ਨੂੰ ਖੁਸ਼ੀ-ਖੁਸ਼ੀ ਆਪਣੇ ਸਿਰ ’ਤੇ ਸਜਾਉਂਦਾ ਹੋਇਆ ਜਦੋਂ ਇਹ ਕਹਿੰਦਾ ਹੈ ਕਿ ਉਸ ਨੂੰ ਇਹ ਯਕੀਨ ਸੀ ਕਿ ਇੱਕ ਦਿਨ ‘ਉਸ ਦੀ ਪੱਗ ਦਾ ਆਖਰੀ ਲੜ ਜ਼ਰੂਰ ਪੂਰਾ ਆਵੇਗਾ,’ ਤਾਂ ਇਸ ਵਾਕ ਰਾਹੀਂ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਗੁਰਬਤ ਦੇ ਮਾਰੇ ਅਤੇ ਰਾਜਸੀ ਨੇਤਾਵਾਂ ਦੇ ਝੂਠੇ ਲਾਰਿਆਂ ਦੇ ਝੰਬੇ ਅਤੇ ਹਾਸ਼ੀਏ ’ਤੇ ਧੱਕੇ ਲੋਕਾਂ ਵਿੱਚ ਵੀ ਜਾਗਰਤੀ ਪੈਦਾ ਹੋਵੇਗੀ ਅਤੇ ਉਹ ਵੀ ਇੱਜ਼ਤ ਦੀ ਜ਼ਿੰਦਗੀ ਬਸਰ ਕਰ ਸਕਨਗੇ। ਨਾਟਕਕਾਰ ਸਾਹਿਬ ਸਿੰਘ ਆਪਣਾ ਇਹ ਸੁਨੇਹਾ ਦਰਸ਼ਕਾਂ ਤਕ ਪਹੁੰਚਾਉਣ ਵਿੱਚ ਕਾਮਯਾਬ ਹੋਇਆ ਹੈ।
ਸਾਹਿਬ ਸਿੰਘ ਸਿਰਫ ਨਾਟਕਕਾਰ ਦੇ ਤੌਰ ’ਤੇ ਹੀ ਸਫਲ ਨਹੀਂ ਹੋਇਆ ਬਲਕਿ ਕਲਾਕਾਰ ਦੇ ਤੌਰ ’ਤੇ ਵੀ ਨਵੀਆਂ ਉਚਾਈਆਂ ਸਰ ਕਰਦਾ ਹੈ। ਉਸ ਨੇ ਨਾਟਕ ਦੀ ਕਹਾਣੀ ਦੇ ਹਰ ਬਦਲਦੇ ਨਵੇਂ ਮੋੜ ਅਨੁਸਾਰ ਅਦਾਕਾਰੀ ਕੀਤੀ ਹੈ। ਆਪਣੀ ਜੀਵਨ ਸਾਥਣ ਨਾਲ ਗੱਲਾਂ ਕਰਦੇ ਸਮੇਂ ਜਿਸ ਢੰਗ ਨਾਲ ਉਹ ਫੁਲਕਾਰੀ ਵਾਲੀ ਚੁੰਨੀ ਨੂੰ ਥੋੜ੍ਹਾ ਜਿਹਾ ਮੋੜ ਕੇ ਪਿਆਰ ਭਰੀਆਂ ਗੱਲਾਂ ਕਰਦਾ ਹੈ ਤਾਂ ਉਸ ਦਾ ਲਹਿਜ਼ਾ ਕੁਝ ਹੋਰ ਹੁੰਦਾ ਹੈ, ਜਦੋਂ ਪਿਛੋਕੜ ਤੋਂ ਪਿਓ ਦੇ ਖੰਘਣ ਦੀ ਅਵਾਜ਼ ਆਉਂਦੀ ਹੈ ਤਾਂ ਪਹਿਲੀ ਵਾਰ ਉਹ ਅਰਾਮ ਨਾਲ ਪਿਓ ਨੂੰ ਪਾਣੀ ਪੀਣ ਲਈ ਕਹਿੰਦਾ ਹੈ, ਪਰ ਜਦੋਂ ਉਸਦੇ ਪਿਓ ਦੀ ਖੰਘ ਦੀ ਅਵਾਜ਼ ਬੰਦ ਹੀ ਨਹੀਂ ਹੁੰਦੀ ਤਾਂ ਉਹ ਚੀਕਵੀਂ ਅਵਾਜ਼ ਵਿੱਚ ਬੋਲਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਮੌਕੇ ਅਨੁਸਾਰ ਆਪਣੀ ਅਵਾਜ਼ ਦੇ ਉਤਰਾ-ਚੜ੍ਹਾ ਵਿੱਚ ਪਰਵੀਨ ਹੈ। ਪਤਨੀ ਨਾਲ ਪਿਆਰ ਭਰੀਆਂ ਗੱਲਾਂ ਕਰਨ ਸਮੇਂ ਉਸ ਦਾ ਲਹਿਜ਼ਾ ਰੁਮਾਂਟਿਕ ਹੈ, ਪਰ ਜਦੋਂ ਉਸਦੀ ਮਾਰ ਕੁਟਾਈ ਕਰਦਾ ਹੈ ਤਾਂ ਉਸ ਦੇ ਚਿਹਰੇ ’ਤੇ ਗੁੱਸੇ ਦੀ ਝਲਕ ਦਿਖਾਈ ਦਿੰਦੀ ਹੈ ਅਤੇ ਅੱਖਾਂ ਵਿੱਚੋਂ ਅੰਗਿਆਰੇ ਡਿਗਦੇ ਪ੍ਰਤੀਤ ਹੁੰਦੇ ਹਨ। ਆਪਣੇ ਪੁੱਤਰ ਨੂੰ ਯਾਦ ਕਰਨ ਵੇਲੇ ਉਸਦਾ ਕਰੁਣਾਮਈ ਚਿਹਰਾ ਦਰਸ਼ਕਾਂ ਦੀਆਂ ਅੱਖਾਂ ਵਿੱਚ ਵੀ ਸਲਾਭਾ ਲਿਆ ਦਿੰਦਾ ਹੈ।
ਜਿੱਥੇ ਸਾਹਿਬ ਸਿੰਘ ਨੇ ਤਕਰੀਬਨ ਬਹੁਤਾ ਸਮਾਂ ਦਰਸ਼ਕਾਂ ਨੂੰ ਆਪਣੀ ਅਦਾਕਾਰੀ ਨਾਲ ਬੰਨ੍ਹ ਕੇ ਰੱਖਿਆ, ਉੱਥੇ ਨਾਟਕ ਦੇ ਮੁੱਢ ਵਿੱਚ ਜਦੋਂ ਉਹ ‘ਬਾਊ’ ਨੂੰ ਸੰਬੋਧਨ ਕਰਦਾ ਹੋਇਆ ਵਾਰ-ਵਾਰ ‘ਬਾਊ, ਬਾਊ’ ਦੀ ਮੁਹਾਰਨੀ ਬੋਲਦਾ ਹੈ ਤਾਂ ਕੁਝ ਓਪਰਾ ਜਿਹਾ ਲੱਗਦਾ ਹੈ ਅਤੇ ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਸਧਾਰਨ ਪੱਧਰ ਦੀ ਅਦਾਕਾਰੀ ਹੀ ਕਰ ਰਿਹਾ ਹੋਵੇ, ਪਰ ਜਦੋਂ ਇਸ ਤੋਂ ਅਗਲਾ ਹਿੱਸਾ ਸ਼ੁਰੂ ਹੁੰਦਾ ਹੈ ਤਾਂ ਇੱਕ ਨਵਾਂ ਹੀ ਸਾਹਿਬ ਸਿੰਘ ਦਰਸ਼ਕਾਂ ਦੇ ਸਾਹਮਣੇ ਆਉਂਦਾ ਹੈ ਅਤੇ ਮੇਰੇ ਵਰਗੇ ਕੁਝ ਜ਼ਿਆਦਾ ਹੀ ਨਘੋਚੀ ਕਿਸਮ ਦੇ ਦਰਸ਼ਕ ਵੀ ਨਾਟਕ ਦੇ ਪਹਿਲੇ ਦ੍ਰਿਸ਼ ਵਾਲੇ ਲੱਛੂ ਨੂੰ ਭੁੱਲ ਕੇ ਨਵੇਂ ਲੱਛੂ ਦੀ ਅਦਾਕਾਰੀ ਦੇ ਵਹਿਣ ਵਿੱਚ ਵਹਿ ਜਾਂਦੇ ਹਨ। ਜਦੋਂ ਮੰਚ ’ਤੇ ਵਿਚਰ ਰਿਹਾ ਕੋਈ ਵੀ ਕਲਾਕਾਰ, ਦਰਸ਼ਕਾਂ ਨੂੰ ਆਪਣੇ ਨਾਲ ਤੋਰਨ ਦੀ ਸਥਿਤੀ ਵਿੱਚ ਪਹੁੰਚ ਜਾਂਦਾ ਹੈ ਤਾਂ ਇਹ ਅਵਸਥਾ ਨਿਰਸੰਦੇਹ ਕਲਾਕਾਰ ਦੀ ਕਲਾ ਦਾ ਸਿਖਰ ਹੁੰਦੀ ਹੈ।
ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਨਾਟਕਕਾਰ ਨੇ ਲੱਛੂ ਕਬਾੜੀਏ ਰਾਹੀਂ ਸਾਡੇ ਦੇਸ ਦੇ ਵੱਖ-ਵੱਖ ਖੇਤਰਾਂ ਨੂੰ ਪਰਦ੍ਰਸ਼ਿਤ ਕਰ ਰਹੇ ਕਬਾੜ ਨੂੰ ਰੂਪਮਾਨ ਕੀਤਾ ਹੈ। ਪ੍ਰਸਤੁਤ ਨਾਟਕ ਦੀ ਪੇਸ਼ਕਾਰੀ ਨਾਲ ਡਾ. ਸਾਹਿਬ ਸਿੰਘ ਬਤੌਰ ਨਾਟਕਕਾਰ ਅਤੇ ਅਦਾਕਾਰ ਪੂਰਨ ਤੌਰ ’ਤੇ ਸਫਲ ਰਿਹਾ ਹੈ।
ਡਾ. ਸਾਹਿਬ ਸਿੰਘ ਲੰਮਾ ਸਮਾਂ ਪੰਜਾਬੀ ਰੰਗਮੰਚ ਦੇ ਬਾਬਾ ਬੋਹੜ, ਗੁਰਸ਼ਰਨ ਸਿੰਘ ਨਾਲ ਮੰਚ ’ਤੇ ਵਿਚਰਿਆ ਹੈ। ਉਹਨਾਂ ਤੋਂ ਅਦਾਕਾਰੀ, ਨਿਰਦੇਸ਼ਨਾ ਅਤੇ ਰੰਗ ਮੰਚ ਦੇ ਹੋਰ ਪਹਿਲੂਆਂ ਦੀਆਂ ਬਾਰੀਕੀਆਂ ਨੂੰ ਸਿੱਖਿਆ ਹੈ। ਵਰਤਮਾਨ ਸਮੇਂ ਵਿੱਚ ਉਹ ਸਰਦਾਰ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਵੱਲੋਂ ਸਥਾਪਿਤ ਕੀਤੀ ਅਮੀਰ ਰੰਗਮੰਚ ਪ੍ਰੰਪਰਾ ਦੇ ਹੋਣਹਾਰ ਵਾਰਿਸ ਦੇ ਰੂਪ ਵਿੱਚ ਆਪਣੇ ਆਪ ਨੂੰ ਸਥਾਪਤ ਕਰ ਚੁੱਕਿਆ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4452)
(ਸਰੋਕਾਰ ਨਾਲ ਸੰਪਰਕ ਲਈ: (