RavinderSSodhi7ਜੇ ਪੁਸਤਕ ਦੇ ਮੁੱਖ ਬੰਦ ਦਾ ਅਧਿਐਨ ਇਕਾਗਰ ਚਿੱਤ ਹੋ ਕੇ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ...
(15 ਅਪਰੈਲ 2022)

 

AtinderSandhuBook1ਮਹਾਂਕਾਵਿ ਦੀ ਰਚਨਾ ਲਈ ਮਹਾਂ ਨਾਇਕ ਹੀ ਜ਼ਰੂਰੀ ਨਹੀਂ ਹੁੰਦਾ ਸਗੋਂ ਉਸ ਨਾਇਕ ਦੇ ਮਹਾਂ ਕਾਰਜ, ਉਦੇਸ਼ ਵੀ ਮਹਾਨ ਹੋਣੇ ਲਾਜ਼ਮੀ ਹੁੰਦੇ ਹਨਪ੍ਰੋਫੈਸਰ ਮੋਹਨ ਸਿੰਘ ਦੇ ‘ਨਨਕਾਇਨ’ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਨਾਇਕ ਦੇ ਰੂਪ ਵਿੱਚ ਚਿਤ੍ਰਿਤ ਕੀਤਾ ਗਿਆ ਹੈ ਅਤੇ ਉਹਨਾਂ ਸਿੱਖਿਆਵਾਂ ਨੂੰ ਆਮ ਲੋਕਾਂ ਤਕ ਪਹੁੰਚਾਉਣਾ ਮਹਾਂ ਕਾਰਜ ਸੀਸ਼ਿਵ ਬਟਾਲਵੀ ਦੀ ‘ਲੂਣਾ’ ਵਿੱਚ ਲੂਣਾ ਦਾ ਪਾਤਰ, ਪੰਜਾਬੀ ਸਮਾਜ ਵਿੱਚ ਭਾਵੇਂ ਨਾਂਹ-ਪੱਖੀ ਸਮਝਿਆ ਜਾਂਦਾ ਸੀ, ਪਰ ਸ਼ਿਵ ਨੇ ਉਸ ਨੂੰ ਇੱਕ ਅਜਿਹੀ ਨੌਜਵਾਨ ਇਸਤਰੀ ਦੇ ਰੂਪ ਵਿੱਚ ਪੇਸ਼ ਕੀਤਾ ਜਿਸਦਾ ਵਿਆਹ ਇੱਕ ਬੁੱਢੇ ਰਾਜੇ ਨਾਲ ਹੋ ਜਾਂਦਾ ਹੈ, ਜੋ ਲੂਣਾ ਦੀ ਜਵਾਨੀ ਦੇ ਮੇਚ ਦਾ ਨਹੀਂਲੂਣਾ ਦੇ ਇਸ ਪੱਖ ਦੀ ਪੇਸ਼ਕਾਰੀ ਨੇ ਸ਼ਿਵ ਦੀ ਲੂਣਾ ਨੂੰ ਇੱਕ ਮਹਾਂ ਨਾਇਕ ਦਾ ਰੁਤਬਾ ਪ੍ਰਦਾਨ ਕਰ ਦਿੱਤਾ ਅਤੇ ਉਸ ਦੇ ਅੰਦਰੂਨੀ ਭਾਵਾਂ ਦਾ ਪ੍ਰਗਟਾ, ਔਰਤ ਜਾਤ ਦੇ ਲੁਕਵੇਂ ਅਹਿਸਾਸਾਂ ਨੂੰ ਪ੍ਰਗਟਾਉਣਾ, ਇੱਕ ਮਹਾਂ ਕਾਰਜ ਹੋ ਨਿੱਬੜਿਆ

ਦੁਨੀਆਂ ਦੇ ਹਰ ਖਿੱਤੇ ਦੇ ਇਨਸਾਨ ਦੀਆਂ ਤਿੰਨ ਬੁਨਿਆਦੀ ਲੋੜਾਂ ‘ਰੋਟੀ, ਕੱਪੜਾ ਅਤੇ ਮਕਾਨ’ ਹੁੰਦੀਆਂ ਹਨਇਹਨਾਂ ਤੋਂ ਬਿਨਾਂ ਕਿਸੇ ਦਾ ਗੁਜ਼ਾਰਾ ਨਹੀਂਜੇ ਦੇਖਿਆ ਜਾਵੇ ਤਾਂ ਪਸ਼ੂ-ਪੰਛੀਆਂ ਅਤੇ ਜਨੌਰਾਂ ਲਈ ਵੀ ਪੇਟ ਦੀ ਭੁੱਖ ਮਿਟਾਉਣਾ ਅਤੇ ਠੰਢ, ਗਰਮੀ, ਬਰਸਾਤ ਆਦਿ ਤੋਂ ਬਚਾ ਲਈ ਕਿਸੇ ਟਿਕਾਣੇ ਦੀ ਲੋੜ ਵੀ ਬੁਨਿਆਦੀ ਹੀ ਹੁੰਦੀ ਹੈਇਹਨਾਂ ਮੁੱਖ ਲੋੜਾਂ ਸੰਬੰਧੀ ਦੁਨੀਆਂ ਭਰ ਦੇ ਸਾਹਿਤਕਾਰਾਂ ਨੇ ਬਹੁਤ ਕੁਝ ਲਿਖਿਆ ਹੈਪਰ ਮੇਰੀ ਨਜ਼ਰ ਵਿੱਚ ਅਜਿਹੀ ਕੋਈ ਰਚਨਾ ਨਹੀਂ ਆਈ ਜਿਸ ਵਿੱਚ ਇਹਨਾਂ ਮੁਢਲੀਆਂ ਲੋੜਾਂ ਜਾਂ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਨਾਇਕ ਬਣਾ ਕੇ ਪੇਸ਼ ਕੀਤਾ ਗਿਆ ਹੋਵੇਪੰਜਾਬੀ ਕਾਵਿ ਜਗਤ ਵਿੱਚ ਆਪਣਾ ਵਿਸ਼ੇਸ਼ ਸਥਾਨ ਸਥਾਪਿਤ ਕਰ ਚੁੱਕੀ ਅਰਤਿੰਦਰ ਸੰਧੂ ਦਾ ਕਾਵਿ ਸੰਗ੍ਰਹਿ ‘ਘਰ ਘਰ ਤੇ ਘਰ’ ਪੜ੍ਹਨ ਉਪਰੰਤ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਇਸ ਕਵਿੱਤਰੀ ਨੇ ਇੱਕ ਨਵੀਂ ਪਹਿਲ ਕੀਤੀ ਹੈ ਮੈਨੂੰ ਨਹੀਂ ਪਤਾ ਕਿ ਅਜਿਹੀ ਪਹਿਲ ਕਦਮੀ ਉਸ ਤੋਂ ਅਚੇਤ ਰੂਪ ਵਿੱਚ ਹੀ ਹੋਈ ਹੈ ਜਾਂ ਸੁਚੇਤ ਰੂਪ ਵਿੱਚ, ਉਸ ਦੇ ਕਾਵਿਕ ਵਲਵਲਿਆਂ ਨੇ ‘ਘਰ’ ਦੇ ਕਈ ਪਹਿਲੂਆਂ ਨੂੰ ਪੇਸ਼ ਕੀਤਾ ਹੈਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਕਿ ‘ਮਕਾਨ’ ਭਾਵੇਂ ਮਰਦ ਜਾਂ ਔਰਤ ਵਿੱਚੋਂ ਕਿਸੇ ਇੱਕ ਜਾਂ ਦੋਹਾਂ ਦੀ ਕਮਾਈ ਨਾਲ ਹੀ ਤਾਮੀਰ ਹੋਵੇ, ਪਰ ‘ਮਕਾਨ’ ਨੂੰ ‘ਘਰ’ ਬਣਾਉਣ ਵਿੱਚ ਜ਼ਿਆਦਾ ਯੋਗਦਾਨ ਔਰਤ ਦਾ ਹੀ ਹੁੰਦਾ ਹੈਇਸੇ ਲਈ ਹੀ ਸ਼ਾਇਦ ਨਿਰੋਲ ਘਰ ਨੂੰ ਅਧਾਰ ਬਣਾ ਕੇ ਅਰਤਿੰਦਰ ਸੰਧੂ ਨੇ ਆਪਣੀ ਕਾਵਿ ਕੁਸ਼ਲਤਾ ਨਾਲ ਇੱਕ ਵੱਖਰੀ ਤਰ੍ਹਾਂ ਦਾ ਕਾਵਿ-ਲੋਕ ਸਿਰਜਿਆ ਹੈ

ਇਸ ਤੋਂ ਪਹਿਲਾਂ ਕਿ ਪ੍ਰਸਤੁਤ ਪੁਸਤਕ ਦੇ ਭਾਵਨਾਤਮਕ ਵਿਚਾਰਾਂ ਦਾ ਮੁਲਾਂਕਣ ਕੀਤਾ ਜਾਵੇ, ਇਸ ਪੁਸਤਕ ਦੇ ਸ਼ਿਲਪੀ ਪੱਖ ਸੰਬੰਧੀ ਕੁਝ ਗੱਲਾਂ ਕਰਨੀਆਂ ਬਣਦੀਆਂ ਹਨਅਰਤਿੰਦਰ ਨੇ ਪਹਿਲੇ ਭਾਗ ਦਾ ਕੋਈ ਸਿਰਲੇਖ ਨਹੀਂ ਦਿੱਤਾ, ਪਰ ਕਿਉਂ ਜੋ ਇਹ ਹਿੱਸਾ ਇੱਕੋ ਵਿਸ਼ੇ ਨੂੰ ਲੈ ਕੇ ਚੱਲਦਾ ਹੈ, ਇਸ ਲਈ ਕਵਿਤ੍ਰੀ ਨੇ ਇਸ ਨੂੰ (ੳ) ਤੋਂ (ਠ) ਕ੍ਰਮ ਦਿੱਤੇ ਹਨ ਭਾਵ 17 ਭਾਗਾਂ ਵਿੱਚ ਵੰਡਿਆ ਹੈਦੂਸਰੇ ਹਿੱਸੇ ਨੂੰ ‘ਘਰ ਤੋਂ ਪਹਿਲਾਂ’ ਦਾ ਸਿਰਲੇਖ ਦੇ ਕੇ ਤਿੰਨ ਕਵਿਤਾਵਾਂ ਦਰਜ ਕੀਤੀਆਂ ਹਨਤੀਜੇ ਹਿੱਸੇ ‘ਤੰਦਾ ਘਰ ਦੀਆਂ’ ਨੂੰ (ੳ) ਤੋਂ (ਕ), ਛੇ ਕਵਿਤਾਵਾਂ ਹਨ, ਚੌਥੇ ਹਿੱਸੇ ‘ਘਰ ਤੇ ਉਦਾਸੀ’ ਸਿਰਲੇਖ ਅਧੀਨ ਨੌਂ ਕਵਿਤਾਵਾਂ ਹਨ, ਪੰਜਵੇ ਭਾਗ ‘ਕਦੇ ਕਦਾਈਂ’ ਵਿੱਚ ਚਾਰ, ਛੇਵੇਂ ਹਿੱਸੇ ‘ਘਰ’ ਵਿੱਚ ਤੇਰਾਂ, ਸੱਤਵੇਂ ਅਤੇ ਅੱਠਵੇਂ ਭਾਗ, ਘਰ ਦਾ ਸੌਦਾ ਅਤੇ ਸ਼ੁਕਰੀਆ ਵਿੱਚ ਇੱਕ ਇੱਕ ਕਵਿਤਾ ਸ਼ਾਮਲ ਹੈਅਰਤਿੰਦਰ ਸੰਧੂ ਨੇ ਇੱਕੋ ਵਿਸ਼ੇ ‘ਘਰ’ ਦੀ ਪ੍ਰਕਰਮਾ ਕਰਦੇ ਹੋਏ ਆਪਣੇ ਕਾਵਿਕ ਵਿਚਾਰਾਂ ਨੂੰ ਸੋਚੀ ਸਮਝੀ ਵਿਉਂਤ ਦੇ ਅਨੁਸਾਰ ਇੱਕ ਬੱਝਵੀਂ ਸ਼ੈਲੀ ਵਿੱਚ ਪੇਸ਼ ਕੀਤਾ ਹੈ, ਇਸੇ ਲਈ ਮੈਂ ਇਸ ਨੂੰ ‘ਸ਼ਿਲਪੀ ਪੱਖ’ ਕਿਹਾ ਹੈ‘ਘਰ ਘਰ ਤੇ ਘਰ’ ਦੀ ਅਜਿਹੀ ਵਿਉਂਤ ਤੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ‘ਘਰ’ ਨੂੰ ਕੇਂਦਰੀ ਬਿੰਦੂ ਮੰਨ ਕੇ ਉਸ ਦੁਆਲੇ ਸਿਰਜੇ ਕਾਵਿ ਸੰਸਾਰ ਵਿੱਚ ‘ਘਰ’ ਇੱਕ ਨਾਇਕ ਦੇ ਤੌਰ ’ਤੇ ਉੱਭਰਦਾ ਹੈਹੁਣ ਦੇਖਣਾ ਇਹ ਹੈ ਕਿ ਕੋਮਲ ਭਾਵੀ ਅਰਤਿੰਦਰ ਨੇ ਇਸ ‘ਨਾਇਕ’ ਦੀ ਗਾਥਾ ਕਿਵੇਂ ਬਿਆਨ ਕੀਤੀ ਹੈ

ਜੇ ਪੁਸਤਕ ਦੇ ਮੁੱਖ ਬੰਦ ਦਾ ਅਧਿਐਨ ਇਕਾਗਰ ਚਿੱਤ ਹੋ ਕੇ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਸੇਵਾ ਮੁਕਤ ਆਈ ਏ ਐੱਸ, ਜਨਾਬ ਪ੍ਰਿਤਪਾਲ ਸਿੰਘ ਬੇਤਾਬ ਨੇ ਇਸ ਪੁਸਤਕ ਦਾ ਤੱਤ ਸਾਰ ਪੇਸ਼ ਕਰ ਦਿੱਤਾ ਹੈਉਹਨਾਂ ਅਨੁਸਾਰ “ਅਰਤਿੰਦਰ ਨੇ ਅਗਲੀਆਂ ਨਜ਼ਮਾਂ ਵਿੱਚ ਬ੍ਰਹਿਮੰਡ ਦੀ ਉਤਪਤੀ ਤੋਂ ਲੈ ਕੇ ਅੱਜ ਦੇ ਮਾਨਵ ਦੇ ਪ੍ਰੰਪਰਿਕ ਘਰ ਦੀ ਉਤਪਤੀ ਅਤੇ ਉਸ ਦੇ ਵਿਕਾਸ ਦੇ ਵੱਖ-ਵੱਖ ਪੜਾਵਾਂ ਨੂੰ ਬੜੇ ਖੂਬਸੂਰਤ ਕਾਵਿ-ਰੂਪ ਵਿੱਚ ਬਿਆਨ ਕੀਤਾ ਹੈ

ਕਵਿੱਤਰੀ ਦਾ ਆਪਣਾ ਵਿਚਾਰ ਹੈ ਕਿ, “ਮਨੁੱਖ ਆਪਣੇ ਵੱਲੋਂ ਇਸ ਧਰਤੀ ’ਤੇ ਆਪਣੀ ਉਤਪਤੀ ਦੇ ਪਲਾਂ ਤੋਂ ਹੀ ਕਿਸੇ ਨਾ ਕਿਸੇ ਰੂਪ ਵਿੱਚ ਘਰ ਨਾਲ ਜੁੜਿਆ ਰਿਹਾ ਹੈ” ਉਹ ਘਰ ਨੂੰ ਇੱਕ ‘ਧੁਰਾ’ ਮੰਨਦੀ ਹੈਇਸ ਅਨੂਠੇ ਕਾਵਿ ਸੰਗ੍ਰਹਿ ਦੀਆਂ ਪਹਿਲੀਆਂ ਕੁਝ ਸਤਰਾਂ ਹੀ ਵਿਸ਼ੇਸ਼ ਧਿਆਨ ਖਿੱਚ ਦੀਆਂ ਹਨ- “ਜਦ ਵੀ ਸੋਚਦੀ ਹਾਂ/ਇਸ ਖੰਡ ਅਖੰਡ ਬ੍ਰਹਿਮੰਡ ਵਿੱਚ/ਕਿੱਥੋਂ ਆਇਆ ਘਰ ...?” ਅੱਗੇ ਜਾ ਕੇ ਉਹ ਆਪ ਹੀ ਇਸਦਾ ਜਵਾਬ ਦਿੰਦੀ ਹੈ, “ਅਸਲ ਵਿੱਚ ਤਾਂ --- /ਉਗਮ ਪਈ ਹੋਵੇਗੀ ਪਰਿਭਾਸ਼ਾ ਘਰ ਦੀ/ਬ੍ਰਹਿਮੰਡ ਦੀ ਉਤਪਤੀ ਦੇ ਨਾਲ ਹੀ” ਉਸ ਦਾ ਇਹ ਵੀ ਮੰਨਣਾ ਹੈ ਕਿ ‘ਘਰ’ ਦਾ ਸੰਕਲਪ ‘ਆਕਾਸ਼, ਪਿੰਡ, ਤਾਰਿਆਂ ਅੰਦਰ ਪੈਦਾ ਹੋਇਆ ਹੋਵੇਗਾ’ ਅਸਲ ਵਿੱਚ ਕਵਿੱਤਰੀ ਇਹ ਕਹਿਣਾ ਚਾਹੁੰਦੀ ਹੈ ਕਿ ਘਰ ਮਨ ਦੀ ਆਵਾਰਗੀ, ਲਾਵਾਰਿਸਤਾ ਨੂੰ ਠੱਲ੍ਹ ਪਾਉਂਦਾ ਹੈ, ਇੱਕ ਸੂਤਰ ਵਿੱਚ ਪਰੋਂਦਾ ਹੈ, ਜੀਵਾਂ ਅੰਦਰ ਅਹਿਸਾਸ ਪੈਦਾ ਕਰਦਾ ਹੈਮਨ ਵਿੱਚ ਇਹ ਉਗਮਦੇ ਵਲਵਲੇ ਇੱਕ ਥਾਂ ਨਿੱਠ ਕੇ ਰਹਿਣ ਦੀ ਪ੍ਰੇਰਨਾ ਦਿੰਦੇ ਹਨ ਅਤੇ ਘਰ ਰਿਸ਼ਤਿਆਂ ਨਾਲ ਬਣੇ ਰਹਿਣ ਦੀ ਸੋਚ ਵੀ ਬਖਸ਼ਦਾ ਹੈਅਸਲ ਵਿੱਚ ਪਹਿਲੀ ਕਵਿਤਾ ਸਧਾਰਨ ਪੱਧਰ ਦੀ ਕਵਿਤਾ ਨਾ ਹੋ ਕੇ ਕੋਈ ਫਲਸਫਾ ਪੇਸ਼ ਕਰ ਰਹੀ ਹੈਉਸ ਫਲਸਫੇ ਨੂੰ ਸਮਝ ਕੇ ਹੀ ਇਸ ਕਾਵਿ ਸੰਗ੍ਰਹਿ ਦਾ ਆਨੰਦ ਮਾਣਿਆ ਜਾ ਸਕਦਾ ਹੈਪਹਿਲੇ ਭਾਗ ਦੀਆਂ 17 ਕਵਿਤਾਵਾਂ ਵਿਚਾਰਾਂ ਅਤੇ ਕਾਵਿ ਕਲਾ ਦੇ ਪੱਖੋਂ ਪਾਠਕਾਂ ਦਾ ਵਿਸ਼ੇਸ਼ ਧਿਆਨ ਖਿੱਚਦੀਆਂ ਹਨਮਸਲਨ: ਖੁਦ ਨਾਲ ਜੀਂਦਿਆਂ/ਖੁਦ ਲਈ ਵੀ ਜੀਂਦਿਆਂ/ਕੁਨਬੇ ਨਾਲ ਜੁੜੇ ਰਹਿਣਾ/ਬਣ ਗਿਆ ਹੋਵੇਗਾ/ਧਰਤੀ ਉੱਤੇ, ਘਰ ਵਿਚ/ਜੀਣ ਦਾ ਮੂਲ ਮੰਤਰ; ਘਰ ਦਾ ਬ੍ਰਹਿਮੰਡ ਤੋਂ/ਧਰਤੀ ’ਤੇ ਉੱਤਰ ਆਉਣਾ/ਤੇ ਸਾਰੇ ਜੀਵਾਂ ਪਰ ਜੀਵਾਂ ਅੰਦਰ/ਠਹਿਰ ਜਾਣਾ; ਘਰ ਦੇ ਰੇਸ਼ਮੀ ਡੋਰ ਨਾਲ ਬੱਝਣਾ; ਇੱਕ ਛਿਣ ਦਾ ਆਵੇਸ਼ ਨਹੀਂ ਸੀ/ਧਰਤੀ ਦਾ ਘਰ ਬਣ ਜਾਣਾ; ਉਸ ਵਿਚਲਾ ਮਾਂ ਰੂਪ/ਜ਼ਿੰਦਗੀ ਨੂੰ ਜਨ ਮਣ ਖਿਡਾਉਣਾ; ਘੋਗੇ ਦੇ ਖੋਲਾਂ, ਪਰਿੰਦਿਆਂ ਦੇ ਆਹਲਣਿਆਂ/ਖੁੱਡਾਂ ਘੁਰਨਿਆਂ ਵਿੱਚੋਂ ਲੰਘਦਾ ਘਰ/ਛਾ ਗਿਆ ਮਨੁੱਖ ਦੇ ਮਹਿਲ ਮਾੜੀਆਂ/ਹੋਂਦ ਦਾ ਪਸਾਰਾ ਬਣ ਕੇ; ਘਰ ਨਾਲ ਜੁੜਿਆ, ਜ਼ਿੰਦਗੀ ਦੇ ਵਿਕਾਸ ਦਾ ਪ੍ਰਮਾਣ; ਕਿ, ਕਿਸੇ ਇਕੱਲੇ ਦਾ ਨਹੀਂ ਹੁੰਦਾ/ਧਰਤੀ ਉੱਤੇ ਬਣਿਆ ਕੋਈ ਵੀ ਘਰ (ਕਮਾਲ ਦੀ ਗੱਲ ਹੈ ਕਿ ਘਰ ਦੀ ਗੱਲ ਕਰਦਿਆਂ ਅਰਤਿੰਦਰ ਨੇ ਕੀੜੀਆਂ, ਮੱਛਰ, ਸਿਉਂਕ ਆਦਿ ਨੂੰ ਵੀ ਨਹੀਂ ਵਿਸਾਰਿਆ); ਘਰ ਪਾਠਸ਼ਾਲਾ/ਗੁਰੂਕੁਲ ਹੁੰਦਾ ਹੈ ਆਦਿਕਈ ਥਾਂਵਾਂ ’ਤੇ ਵਿਗਿਆਨਿਕ ਭਾਸ਼ਾ, ਜਿਵੇਂ ਕਿ ਬਲੈਕ ਹੋਲ, ਅਕਾਸ਼ ਗੰਗਾ, ਗ੍ਰਹਿਆਂ, ਆਕਰਸ਼ਣ ਬਿੰਦੂਆਂ, ਗੈਸੀ ਫਲਾਅ ਆਦਿ ਦੀ ਵਰਤੋਂ ਕੀਤੀ ਗਈ ਹੈਅਰਤਿੰਦਰ ਦਾ ਮੰਨਣਾ ਹੈ ਕਿ ਘਰ ਦਾ ਸੰਕਲਪ ਵੀ ਬ੍ਰਹਿਮੰਡ ਜਿੰਨਾ ਹੀ ਅਥਾਹ, ਵਿਸ਼ਾਲ ਹੈ, ਜਿਸਦੀ ਵਿਸ਼ਾਲਤਾ ਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ‘ਰੇਸ਼ਮੀ ਡੋਰ ਨਾਲ ਬੱਝਣ’ ਦੀ ਗੱਲ ਕਰਕੇ ਉਸ ਨੇ ਅਸਲ ਵਿੱਚ ਇਹ ਦੱਸਿਆ ਹੈ ਕਿ ਇਸ ‘ਡੋਰੀ’ ਦੇ ਸੰਕਲਪ ਨੂੰ ਮਹਿਸੂਸ ਹੀ ਕੀਤਾ ਜਾ ਸਕਦਾ ਹੈ, ਇਸਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ

'ਘਰ ਤੋਂ ਪਹਿਲਾਂ’ ਦੀਆਂ ਤਿੰਨ ਕਵਿਤਾਵਾਂ ਵਿੱਚ ਧਰਤੀ ਦੀ ਟੁੱਟ ਭੱਜ ਦਾ ਜ਼ਿਕਰ ਕੀਤਾ ਹੈ। ‘ਤੰਦਾਂ ਘਰ ਦੀਆਂ’ ਵਿੱਚ ਵੀ ਦੱਸਿਆ ਗਿਆ ਹੈ ਕਿ ‘ਘਰ ਦੇ ਕਈ ਪੱਖ’ ਹੁੰਦੇ ਹਨ, ਪਤਝੜਾਂ ਦੇ ਬੂਹੇ ’ਤੇ ਬਹਾਰਾਂ ਦੀ ਤਖ਼ਤੀ ਲੱਗੀ ਹੁੰਦੀ ਹੈ, ਕਈ ਵਾਰ ਘਰ ਕਿਸੇ ਬਰਮੂਡਾ ਤਿਕੋਣ ਦਾ ਰੂਪ ਵੀ ਧਾਰ ਲੈਂਦੇ ਹਨ, ਚਾਰ ਡੰਡੇ ’ਤੇ ਇੱਕ ਟੋਟਾ ਤਰਪਾਲ ਵੀ ਘਰ ਦਾ ਪੂਰਕ ਬਣ ਜਾਂਦੇ ਹਨ, ਜਦ ਕਿ ਸੰਗਮਰਮਰੀ ਮਹਿਲ ਵੀ ਘਰ ਦੇ ਅਹਿਸਾਸ ਤੋਂ ਬਾਹਰ ਰਹਿ ਜਾਂਦੇ ਹਨ, ਘਰ ਰਹਿੰਦੇ ਹੋਏ ਹਾਰਾਂ ਵਰਗੀਆਂ ਜਿੱਤਾਂ ਤੇ ਜਿੱਤਾਂ ਵਰਗੀਆਂ ਹਾਰਾਂ ਵੀ ਦੇਖਣੀਆਂ ਪੈਂਦੀਆਂ ਹਨ, ਖਾਲੀ ਘਰ ਤਰੇੜੇ ਵੀ ਜਾਂਦੇ ਹਨ ਆਦਿਅਸਲ ਵਿੱਚ ਇਸ ਹਿੱਸੇ ਵਿੱਚ ਘਰ ਦੇ ਦੋਵੇਂ ਪੱਖਾਂ ਨੂੰ ਪੇਸ਼ ਕੀਤਾ ਗਿਆ ਹੈਅਜਿਹੀ ਪੇਸ਼ਕਾਰੀ ਯਥਾਰਥਿਕ ਹੋਣ ਦੇ ਨਾਲ ਨਾਲ ਕਾਵਿਕ ਗੁਣਾਂ ਨਾਲ ਭਰਪੂਰ ਵੀ ਹੈ

‘ਘਰ ਤੇ ਉਦਾਸੀ’ ਦੀਆਂ ਨੌਂ ਕਵਿਤਾਵਾਂ ਵਿੱਚ ਘਰ ਦੇ ਉਦਾਸ ਪਲਾਂ ਦੀ ਦਾਸਤਾਂ ਪੇਸ਼ ਕੀਤੀ ਗਈ ਹੈਅਸਲ ਵਿੱਚ ਵਰਤਮਾਨ ਸਮੇਂ ਦੀ ਜ਼ਿੰਦਗੀ ਵਿੱਚ ਜਦੋਂ ਬੱਚੇ ਵੱਡੇ ਹੋ ਕੇ ਆਪਣੀ ਵੱਖਰੀ ਦੁਨੀਆਂ ਵਸਾ ਲੈਂਦੇ ਹਨ ਤਾਂ ਇਕੱਲੇ ਰਹਿੰਦੇ ਮਾਪਿਆਂ ਲਈ ਉਦਾਸੀ ਦੇ ਹੀ ਦਿਨ ਹੁੰਦੇ ਹਨਅਜਿਹੇ ਸਮੇਂ ਪੱਕੇ ਬਣਾਏ ਘਰਾਂ ਵਿੱਚ ਇਕੱਲਤਾ ਭਰੀ ਜ਼ਿੰਦਗੀ ਜਿਉਂਦੇ ਹੋਏ ਪਿੰਡ ਦੇ ਕੱਚੇ ਪਰ ਰੌਣਕ ਵਾਲੇ ਘਰ ਦੀ ਯਾਦ ਆਉਂਦੀ ਹੈਉਹ ਘੱਟ ਪੜ੍ਹੀ ਮਾਂ ਵੀ ਯਾਦ ਆਉਂਦੀ ਹੈ ਜਿਸ ਨੇ ਆਪਣੇ ਬੱਚਿਆਂ ਨੂੰ ਬਹੁਤਾ ਪੜ੍ਹਾਇਆ ਨਹੀਂ ਸੀ ਪਰ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਉਹ ਪਰਿਵਾਰ ਇਕੱਠਾ ਰਹਿ ਰਿਹਾ ਸੀ ਅਤੇ ਇਸਦੇ ਉਲਟ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾ ਕੇ ਵਿਦੇਸ਼ ਭੇਜਣ ਵਾਲੀ ਮਾਂ ਬੁਢਾਪੇ ਸਮੇਂ ਇਕੱਲੀ ਰਹਿ ਗਈ, ਜਿਸ ਕੋਲ ਸੂਈ ਵਿੱਚ ਧਾਗਾ ਪਾਉਣ ਵਾਲਾ ਵੀ ਕੋਈ ਨਹੀਂਇਹ ਕਵਿਤਾਵਾਂ ਪਾਠਕਾਂ ਨੂੰ ਵੀ ਭਾਵੁਕ ਕਰ ਜਾਂਦੀਆਂ ਹਨਜ਼ਿੰਦਗੀ ਵਿੱਚ ਕਦੇ ਅਜਿਹਾ ਸਮਾਂ ਵੀ ਆਉਂਦਾ ਹੈ ਜੋ ਬੜੇ ਚਾਵਾਂ ਨਾਲ ਬਣਾਏ ਘਰ ਦੀਆਂ ਚਾਬੀਆਂ ਕਿਸੇ ਹੋਰ ਦੇ ਹਵਾਲੇ ਕਰਨੀਆਂ ਪੈਂਦੀਆਂ ਹਨ ਭਾਵ ਘਰ ਵੇਚਣਾ ਪੈ ਜਾਂਦਾ ਹੈਅਜਿਹੇ ਸਮੇਂ ਘਰ ਦੀਆਂ ਆਪ ਖਰੀਦੀਆਂ ਚੀਜ਼ਾਂ ਦਾ ਮੋਹ ਬਹੁਤ ਸਤਾਉਂਦਾ ਹੈ, ਅਣ ਵਰਤੀਆਂ ਚੀਜ਼ਾਂ ਵੱਲ ਵੀ ਭਰੇ ਮਨ ਨਾਲ ਦੇਖਿਆ ਜਾਂਦਾ ਹੈਪੁਸਤਕ ਦੀ ਆਖਰੀ ਕਵਿਤਾ ‘ਸ਼ੁਕਰੀਆ’ ਵਿੱਚ ਅਰਤਿੰਦਰ ਸੰਧੂ ਘਰ ਦੀ ਸ਼ੁਕਰਗੁਜ਼ਾਰ ਇਸ ਲਈ ਹੁੰਦੀ ਹੈ ਕਿ ਇਨਸਾਨ ‘ਭਟਕਣ, ਹਰ ਹਾਰ, ਹਰੇਕ ਜ਼ਖ਼ਮ ਲੈ ਕੇ’ ਘਰ ਵੱਲ ਹੀ ਵਾਪਸ ਮੁੜਦਾ ਹੈ, ਘਰ ਹੀ ਉਸ ਨੂੰ ‘ਆਸਰਾ’ ਦਿੰਦਾ ਹੈਉਸ ਅਨੁਸਾਰ ਲਾਟ ਉੱਪਰ ਵੱਲ ਨੂੰ ਉੱਠਦੀ ਹੈ, ਪਰ ਰਾਖ ਬਣ ਕੇ ਧਰਤੀ ਵਿੱਚ ਹੀ ਮਿਲ ਜਾਂਦੀ ਹੈ ਪਾਣੀ ਭਾਫ ਬਣ ਕੇ ਅੰਬਰ ਵੱਲ ਉੱਡਦਾ ਹੈ, ਬੱਦਲਾਂ ਦਾ ਰੂਪ ਇਖਤਿਆਰ ਕਰਦਾ ਹੈ ਅਤੇ ਅਖੀਰ ਵਿੱਚ ਮੀਂਹ ਦੇ ਰੂਪ ਵਿੱਚ ਫੇਰ ਧਰਤੀ ਵਿੱਚ ਹੀ ਸਮਾ ਜਾਂਦਾ ਹੈ

ਲੇਖਿਕਾ ਭਾਵੇਂ ਘਰ ਦੇ ਕਿਸੇ ਵੀ ਸੰਕਲਪ ਦੀ ਗੱਲ ਕਰ ਰਹੀ ਹੋਵੇ, ਉਸ ਨੇ ਉਪ-ਭਾਵੁਕਤਾ ਨੂੰ ਨੇੜੇ ਨਹੀਂ ਆਉਣ ਦਿੱਤਾ, ਬੜੇ ਸਹਿਜ ਨਾਲ ਵਿਸ਼ੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦਾ ਕਾਵਿਕ ਚਿਤਰਣ ਕੀਤਾ ਹੈਉਸ ਦੀਆਂ ਕਾਵਿਕ ਉਡਾਰੀਆਂ ਉਸ ਦੇ ਕਾਵਿਕ ਵਲਵਲਿਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੀਆਂ ਹਨਉਹ ‘ਸੋਚ ਦੇ ਗਲਿਆਰਿਆਂ ਵਿੱਚ ਭਟਕਦਿਆਂ’, ਆਪਣੇ ਅੰਦਰੂਨੀ ‘ਖਾਨੇ’ ਫਲੋਰਦੀ ਹੈ, ਉਸ ਅਨੁਸਾਰ ਘਰ ਭਾਵੇਂ ‘ਬੇਜਾਨ’ ਹੁੰਦਾ ਹੈ, ਪਰ ‘ਜੀਵ ਦੇ ਅੰਦਰ ਵੱਸ ਕੇ ਜ਼ਿੰਦਗੀ ਦੀ ਜਿੰਦ ਜਾਨ ਬਣ ਜਾਂਦਾ ਹੈ’, ‘ਘਰ ਮਨੁੱਖ ਨੂੰ ਜ਼ਿੰਮੇਵਾਰ ਹੋਣ ਦਾ ਅਹਿਸਾਸ ਦਿੰਦਾ ਹੈ’, ਘਰ ਕਈ ਬਾਰ ਰਿਸ਼ਤਿਆਂ ਦਾ ‘ਜੁਗਾੜ’ ਵੀ ਬਣ ਜਾਂਦਾ ਹੈ

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਰਤਿੰਦਰ ਸੰਧੂ ਨੇ ‘ਘਰ’ ਨੂੰ ਇੱਕ ਨਾਇਕ ਦੇ ਤੌਰ ’ਤੇ ਪੇਸ਼ ਕਰਨ ਦੇ ਨਾਲ-ਨਾਲ ‘ਘਰ’ ਦੇ ਕਾਰਜ ਨੂੰ ਵੀ ਮਹਾਨਤਾ ਬਖਸ਼ੀ ਹੈਇਹ ਠੀਕ ਹੈ ਕਿ ਸੰਸਕ੍ਰਿਤ ਸਾਹਿਤ ਅਨੁਸਾਰ ਮਹਾਂਕਾਵਿ ਦੀ ਕਸਵੱਟੀ ਤੇ ‘ਘਰ ਘਰ ਤੇ ਘਰ’ ਨੂੰ ਮਹਾਂਕਾਵਿ ਨਹੀਂ ਮੰਨਿਆ ਜਾ ਸਕਦਾਦੇਖਿਆ ਜਾਵੇ ਤਾਂ ਵਿਸ਼ਵ ਪੱਧਰ ’ਤੇ ਹੀ ਅਜੋਕੇ ਸਾਹਿਤ ਰੂਪ ਨਵੇਂ ਰੂਪ ਇਖਤਿਆਰ ਹੀ ਨਹੀਂ ਕਰ ਰਹੇ ਸਗੋਂ ਨਵੇਂ ਸਾਹਿਤਕ ਰੂਪ ਵੀ ਸਾਹਮਣੇ ਆ ਰਹੇ ਹਨ। ‘ਘਰ ਘਰ ਤੇ ਘਰ’ ਨਿਸ਼ਚਿਤ ਰੂਪ ਵਿੱਚ ਆਧੁਨਿਕ ਸਮੇਂ ਦਾ ਮਹਾਂ ਕਾਵਿ ਹੈਨਿਰਸੰਦੇਹ ਇਹ ਪੁਸਤਕ ਬੌਧਿਕ ਕਿਸਮ ਦਾ ਸਾਹਿਤ ਪੜ੍ਹਨ ਵਾਲੇ ਪਾਠਕਾਂ ਦੀ ਸੋਹਜ ਦੀ ਤ੍ਰਿਪਤੀ ਕਰਨ ਵਾਲੀ ਹੈ, ਪੜ੍ਹ ਕੇ ਭੁੱਲ ਜਾਣ ਵਾਲੀ ਨਹੀਂ ਸਗੋਂ ਲੰਮੇ ਸਮੇਂ ਤਕ ਯਾਦ ਰੱਖਣ ਵਾਲੀ ਹੈਅਰਤਿੰਦਰ ਸੰਧੂ ਨੇ ਅਜਿਹੀ ਕਾਵਿ ਰਚਨਾ ਰਾਹੀਂ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਮੁਕਾਮ ਹਾਸਲ ਕਰ ਲਿਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3506)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author