RavinderSSodhi7ਪਾਕਿਸਤਾਨ ਦੀ ਪੰਜਾਬੀ ਕਹਾਣੀ ਪ੍ਰੌੜ੍ਹ ਅਵਸਥਾ ’ਤੇ ਪਹੁੰਚ ਚੁੱਕੀ ਹੈ ਅਤੇ ਕਹਾਣੀਕਾਰਾਂ ਦੀ ਸ਼ੈਲੀ ...
(6 ਅਪਰੈਲ 2021)
(ਸ਼ਬਦ: 1680)


ਪਾਕਿਸਤਾਨ ਵਿੱਚ ਵੀ ਪੰਜਾਬੀ ਭਾਸ਼ਾ ਦਾ ਵਧੀਆ ਸਾਹਿਤ ਰਚਿਆ ਜਾ ਰਿਹਾ ਹੈਕਵਿਤਾ, ਕਹਾਣੀ, ਨਾਵਲ, ਨਾਟਕ ਆਦਿ ਸਭ ਲਿਖਿਆ ਜਾ ਰਿਹਾ ਹੈਸਾਡੇ ਪੰਜਾਬ ਦੀ ਪੰਜਾਬੀ ਨਾਲੋਂ ਪੱਛਮੀ ਪੰਜਾਬ ਦੀ ਪੰਜਾਬੀ ਜ਼ਿਆਦਾ ਠੇਠ ਹੈਉਹਨਾਂ ਦੇ ਮੂੰਹੋਂ ਪੰਜਾਬੀ ਸੁਣ ਕੇ ਵੀ ਮਜ਼ਾ ਆਉਂਦਾ ਹੈ ਅਤੇ ਉਹਨਾਂ ਦੀ ਪੰਜਾਬੀ ਪੜ੍ਹ ਕੇ ਵੀਜੇ ਸਾਡੀ ਪੰਜਾਬੀ ਵਿੱਚ ਹਿੰਦੀ ਅਤੇ ਅੰਗਰੇਜ਼ੀ ਦੇ ਸ਼ਬਦ ਰੜਕਦੇ ਹਨ ਤਾਂ ਉਹਨਾਂ ਦੀ ਪੰਜਾਬੀ ਵਿੱਚ ਉਰਦੂ ਕੁਝ ਭਾਰੀ ਹੁੰਦਾ ਹੈਪਰ ਅਜੋਕੇ ਸਮੇਂ ਵਿੱਚ ਭਾਸ਼ਾਵਾਂ ਵਿੱਚ ਅਜਿਹੇ ਰਲਾ ਤੋਂ ਬਚਣਾ ਮੁਸ਼ਕਿਲ ਹੀ ਹੈ

ਮੇਰੇ ਸਾਹਮਣੇ ਡਾ. ਹਰਬੰਸ ਸਿੰਘ ਧੀਮਾਨ ਦੀ ਲਿਪੀਅੰਤਰ ਅਤੇ ਸੰਪਾਦਕ ਕੀਤੀ ਲਹਿੰਦੇ ਪੰਜਾਬ ਦੇ ਕਹਾਣੀਕਾਰਾਂ ਦੀ ਕਿਤਾਬ ਪਈ ਹੈ ਜੋ ਮੈਂਨੂੰ ਨਿਊ ਵੈਸਟਮਿੰਸਟਰ (ਵੈਨਕੂਵਰ) ਦੀ ਪਬਲਿਕ ਲਾਇਬ੍ਰੇਰੀ ਵਿੱਚੋਂ ਮਿਲੀਮੈਂ ਬੱਚਿਆਂ ਨਾਲ ਲਾਇਬ੍ਰੇਰੀ ਗਿਆਉਹ ਆਪਣੀਆਂ ਕਿਤਾਬਾਂ ਲੱਭ ਰਹੇ ਸੀ ਮੈਂ ਵੀ ਲਾਇਬ੍ਰੇਰੀ ਦਾ ਚੱਕਰ ਲਾਉਣ ਲੱਗਿਆਲਾਇਬ੍ਰੇਰੀ ਬਹੁਤੀ ਵੱਡੀ ਤਾਂ ਨਹੀਂ ਸੀ ਪਰ ਫੇਰ ਵੀ ਪੜ੍ਹਨਯੋਗ ਬਹੁਤ ਕਿਤਾਬਾਂ ਸੀਮੈਂਨੂੰ ਪਤਾ ਸੀ ਕਿ ਕੈਨੇਡਾ ਦੀ ਤਕਰੀਬਨ ਹਰ ਲਾਇਬ੍ਰੇਰੀ ਵਿੱਚ ਹੀ ਪੰਜਾਬੀ ਦੀਆਂ ਕਿਤਾਬਾਂ ਜ਼ਰੂਰ ਹੁੰਦੀਆਂ ਹਨਮੈਂ ਪੰਜਾਬੀ ਕਿਤਾਬਾਂ ਦੀ ਅਲਮਾਰੀ ਕੋਲ ਪਹੁੰਚ ਗਿਆ ਉੱਥੇ ਪਈਆਂ ਕੁਝ ਕਿਤਾਬਾਂ ਮੈਂ ਪੜ੍ਹੀਆਂ ਹੋਈਆਂ ਸਨਕਿਤਾਬਾਂ ਦੇਖਦੇ ਦੇਖਦੇ ਮੇਰੀ ਨਜ਼ਰ ਲਹਿੰਦੇ ਪੰਜਾਬ ਦੀਆਂ ਕਹਾਣੀਆਂ ਵਾਲੀ ਪੁਸਤਕ ’ਤੇ ਗਈਮੈਂ ਕਿਤਾਬ ਦਾ ਤਤਕਰਾ ਪੜ੍ਹਨ ਲੱਗਿਆ ਮੈਂਨੂੰ ਹੈਰਾਨੀ ਹੋਈ ਕਿ ਸੰਪਾਦਕ ਨੇ 224 ਪੰਨਿਆਂ ਦੀ ਪੁਸਤਕ ਵਿੱਚ ਛੇ ਕਹਾਣੀਕਾਰਾਂ ਦੀਆਂ ਛੇ-ਛੇ ਕਹਾਣੀਆਂ ਦਰਜ ਕੀਤੀਆਂ ਹਨਸੋ ਇੱਕ ਕਿਤਾਬ ਪੜ੍ਹ ਕੇ ਹੀ ਛੱਤੀ ਕਹਾਣੀਆਂ ਦਾ ਆਨੰਦ ਮਾਣਿਆ ਜਾ ਸਕਦਾ ਸੀਇਹਨਾਂ ਛੇ ਕਹਾਣੀਕਾਰਾਂ ਵਿੱਚੋਂ ਮੈਂ ਕਿਸੇ ਦੀ ਵੀ ਕੋਈ ਕਹਾਣੀ ਪਹਿਲਾਂ ਨਹੀਂ ਸੀ ਪੜ੍ਹੀ ਹੋਈਸੋ ਮੈਂ ਵੀ ਇਹ ਕਿਤਾਬ ਆਪਣੇ ਪੜ੍ਹਨ ਲਈ ਲੈ ਆਇਆਸੰਪਾਦਕ ਦੀ ਦਰਜ ਇਸ ਟਿੱਪਣੀ ਨੇ ਵੀ ਮੈਂਨੂੰ ਪ੍ਰਭਾਵਿਤ ਕੀਤਾ- “ਇਸ ਸੰਗ੍ਰਹਿ ਵਿੱਚ ਉਹ ਕਹਾਣੀਕਾਰ ਲਏ ਗਏ ਹਨ ਜਿਹੜੇ ਆਪਣੀਆਂ ਕਹਾਣੀਆਂ ਵਿੱਚ ਆਪਣੇ ਹੀ ਛੇ ਰੰਗ ਪੇਸ਼ ਕਰਦੇ ਹਨਜਿਸ ਵਿੱਚੋਂ ਇੱਕ ਨਵੀਂ ਅਤੇ ਇੱਕ ਨਿੱਘਰ ਸੋਚ ਬਣਾਈ ਜਾ ਸਕੇ ਕਿਉਂ ਜੋ ਪੌਣੀ ਸਦੀ ਦੇ ਵਕਫ਼ੇ ਬਾਅਦ ਇੱਕ ਨਵੀਂ ਸੋਚ, ਆਲੋਚਨਾ ਦ੍ਰਿਸ਼ਟੀ ਅਤੇ ਸਭਿਆਚਾਰਕ ਸਾਂਝ ਪੈਦਾ ਕਰਕੇ ਇਸ ਖਿੱਤੇ ਵਿੱਚ ਵੰਡੇ ਦੋ ਧਰਾਤਲਾਂ ਦੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਸਮਝਣ ਅਤੇ ਨਵੇਂ ਪੈਂਡੇ ਉਸਾਰਨ ਵਿੱਚ ਮਦਦ ਮਿਲੇ

ਪ੍ਰਸਤੁਤ ਕਹਾਣੀ ਸੰਗ੍ਰਹਿ ਵਿੱਚ ਪਰਵੀਨ ਮਲਿਕ (ਲੰਮੀਆਂ ਵਾਟਾਂ, ਰੋਟੀ ਮੇਰੀ ਕਾਠ ਦੀ, ਜ਼ਾਤ ਬਰਾਦਰੀ, ਬਾਰਾਂ ਵਰ੍ਹਿਆਂ ਦਾ ਪੰਧ, ਇੱਥੇ ਕਿਵੇਂ ਗੁਜ਼ਾਰਨੇ ਜ਼ਿੰਦਗੀ ਨੂੰ, ਤਾਰੇ ਲਾਹਣੀ); ਜਮੀਲ ਅਹਿਮਦ ਪਾਲ (ਸ਼ਰੀਕੇ ਦੀ ਕਾਰ, ਆਪੋ ਆਪਣੇ ਖੂਹ, ਤਲਾਕ, ਬੱਜਲ, ਮਾਮੇ ਦੀ ਧੀ, ਰਾਇਲਟੀ); ਮਕਸੂਦ ਸਾਹਿਬ (ਸ਼ਹੀਦ, ਸੁੱਚਾ ਤਿੱਲਾ, ਲੂਹ, ਚੂ ਚੂ, ਸਵੈਟਰਾਂ ਵਾਲਾ, ਮੋਰਨੀ); ਫ਼ਰਹਾਦ ਖਾਲਿਦ ਧਾਰੀਵਾਲ (ਖ਼ਾਲੀ ਬੰਦਾ, ਮਾਸ, ਮਿੱਟੀ ਤੇ ਮਾਇਆ, ਘਰ, ਕਥਾ ਕਲਯੁੱਗ ਦੀ, ਵਟਾਂਦਰਾ); ਮਲਿਕ ਮਿਹਰ ਅਲੀ (ਹਿਜਰਤ, ਤਾਂਘ, ਕਬਰਸਤਾਨ ਦੀ ਭੀੜ, ਚਿੱਟਾ ਲਹੂ, ਪੁੱਠੀ ਤਾਰੀ, ਮਿੱਟੀ ਦੇ ਸੰਗਲ); ਕਰਾਮਾਤ ਅਲੀ ਮੁਗ਼ਲ (ਨਬੇੜਾ, ਤੂੰ, ਕਹਾਣੀ ਤੇ ਮੈਂ, ਭਾਰ, ਬੋਟੀ, ਮੁਅਜਜ਼ਾ, ਗੁੰਝਲਾਂ) ਦੀਆਂ ਕਹਾਣੀਆਂ ਸ਼ਾਮਲ ਹਨ

ਇਸ ਸੰਗ੍ਰਹਿ ਦੀਆਂ ਕਹਾਣੀਆਂ ਵਿੱਚ ਕਈ ਰੰਗਾਂ ਦੀਆਂ ਕਹਾਣੀਆਂ ਹਨਸਧਾਰਨ ਕਹਾਣੀਆਂ, ਵਧੀਆ, ਬਹੁਤ ਵਧੀਆ, ਪੜ੍ਹਨ ਤੋਂ ਬਾਅਦ ਯਾਦ ਰਹਿਣ ਵਾਲੀਆਂ, ਪ੍ਰਤੀਕਆਤਮਕ, ਮਨੋਵਿਗਿਆਨਕ, ਐਬਸਰਡ ਸ਼ੈਲੀ ਦੀਆਂ, ਚੇਤਨ ਪ੍ਰਵਾਹ ਵਿਧੀ ਦੀਆਂਇਸ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਦੀ ਪੰਜਾਬੀ ਕਹਾਣੀ ਪ੍ਰੌੜ੍ਹ ਅਵਸਥਾ ’ਤੇ ਪਹੁੰਚ ਚੁੱਕੀ ਹੈ ਅਤੇ ਕਹਾਣੀਕਾਰਾਂ ਦੀ ਸ਼ੈਲੀ ਪ੍ਰਭਾਵਸ਼ਾਲੀ ਹੈਸੰਪਾਦਕ ਨੇ ਵੀ ਕਹਾਣੀਆਂ ਦੀ ਚੋਣ ਵੇਲੇ ਕਹਾਣੀਕਲਾ ਦੇ ਮਾਪਦੰਡਾਂ ਨੂੰ ਸਾਹਮਣੇ ਰੱਖਿਆ ਹੈਇਹਨਾਂ ਕਹਾਣੀਆਂ ਤੋਂ ਇੱਕ ਗੱਲ ਹੋਰ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਤਕਰੀਬਨ ਤਕਰੀਬਨ ਇੱਕੋ ਹਨ ਅਤੇ ਇਹਨਾਂ ਪ੍ਰਤੀ ਉਹਨਾਂ ਦਾ ਨਜ਼ਰੀਆ ਵੀ ਇੱਕੋ ਜਿਹਾ ਹੀ ਹੈਮਸਲਨ ਊਚ-ਨੀਚ (ਜ਼ਾਤ-ਬਰਾਦਰੀ), ਮਰੀਜ਼ ਨੂੰ ਬਚਾਉਣ ਲਈ ਖੂਨ ਵੀ ਆਪਣੇ ਧਰਮ ਦੇ ਆਦਮੀ ਦਾ ਲੈਣ ਦੀ ਜ਼ਿੱਦ (ਗੁੰਝਲਾਂ), ਔਰਤ ਪ੍ਰਤੀ ਰਵੱਈਆ (ਰੋਟੀ ਮੇਰੀ ਕਾਠ ਦੀ, ਵਟਾਂਦਰਾ), ਛੋਟੀ ਕਿਰਸਾਨੀ ਦਾ ਕਰਜ਼ ਹੇਠ ਦੱਬੇ ਹੋਣਾ, ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕਸ਼ੀ ਦੇ ਰਾਹ ਪੈਣ ਦੀ ਸੋਚ/ਡਰ (ਕਥਾ ਇੱਕ ਕਲਯੁੱਗ ਦੀ), ਜ਼ਿਆਦਾ ਦਿਖਾਵਾ ਕਰਨ ਦਾ ਨੁਕਸਾਨ (ਸ਼ਰੀਕੇ ਦੀ ਕਾਰ), ਬੁਢਾਪੇ ਵਿੱਚ ਘਰ ਦੀ ਵਾਗ-ਡੋਰ ਨੂੰਹ ਦੇ ਹੱਥ ਆ ਜਾਣ ਕਰਕੇ ਮਾਪੇ ਆਪਣੀਆਂ ਧੀਆਂ ਨੂੰ ਵੀ ਆਪਣੀ ਮਰਜ਼ੀ ਨਾਲ ਕੁਝ ਦੇ ਨਹੀਂ ਸਕਦੇ (ਘਰ), ਬਿਲਡਰਾਂ ਵੱਲੋਂ ਮਕਾਨ ਬਣਾਉਣ ਵੇਲੇ ਘਟੀਆ ਸਮਾਨ ਦੀ ਵਰਤੋਂ ਕਰਨੀ ਪਰ ਧਾਰਮਿਕ ਸਥਾਨ ਦੀ ਉਸਾਰੀ ਲਈ ਦਿਲ ਖੋਲ੍ਹ ਕੇ ਪੈਸਾ ਲਾਉਣਾ, ਮੀਡੀਆ ਵੱਲੋਂ ਵੀ ਕੁਦਰਤੀ ਆਫਤ ਸਮੇਂ ਅਡੋਲ ਖੜ੍ਹੇ ਅਜਿਹੇ ਸਥਾਨ ਨੂੰ ਕਰਾਮਾਤ ਦੱਸਿਆ ਜਾਣਾ (ਮੁਅਜਜ਼ਾ)ਆਦਿ

ਉਪਰੋਕਤ ਵਿਸ਼ੇ ਤਾਂ ਪੱਛਮੀ ਅਤੇ ਪੂਰਬੀ ਪੰਜਾਬ ਦੇ ਵੱਖ ਹੋਣ ਤੋਂ ਪਹਿਲਾਂ ਵੀ ਮੌਜੂਦ ਸਨ, ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਕੁਝ ਸਮੇਂ ਪਹਿਲਾਂ ਆਇਆ ਇੱਕ ਰੁਝਾਨ ਵੀ ਦੋਵੇਂ ਪਾਸੇ ਇੱਕੋ ਜਿਹਾ ਹੀ ਹੈਉਹ ਹੈ ਪ੍ਰਕਾਸ਼ਕਾਂ ਵੱਲੋਂ ਲੇਖਕਾਂ ਦਾ ਸ਼ੋਸ਼ਣਦੋਵੇਂ ਪੰਜਾਬਾਂ ਦੇ ਪ੍ਰਕਾਸ਼ਕ ਲੇਖਕਾਂ ਨੂੰ ਪੁਸਤਕਾਂ ਦਾ ਮਿਹਨਤਾਨਾ ਦੇਣ ਨਾਲੋਂ ਉਹਨਾਂ ਤੋਂ ਹੀ ਪੈਸੇ ਲੈ ਕੇ ਕਿਤਾਬਾਂ ਛਾਪਦੇ ਹਨਜਮੀਲ ਅਹਿਮਦ ਨੇ ਆਪਣੀ ਕਹਾਣੀ ‘ਰਾਇਲਟੀ’ ਵਿੱਚ ਇਸ ਮੁੱਦੇ ਨੂੰ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ

ਕਈ ਕਹਾਣੀਆਂ ਵਿੱਚ ਅਛੋਹ ਵਿਸ਼ੇ ਪ੍ਰਗਟਾਏ ਗਏ ਹਨ ਅਤੇ ਕੁਝ ਕਹਾਣੀਆਂ ਦੇ ਅੰਤ ਵਿੱਚ ਅਜਿਹਾ ਮੋੜ ਆਉਂਦਾ ਹੈ ਕਿ ਪੜ੍ਹਨ ਵਾਲਾ ਹੈਰਾਨ ਰਹਿ ਜਾਂਦਾ ਹੈਮਸਲਨ ਪਰਵੀਨ ਮਲਿਕ ਦੀ ਕਹਾਣੀ ‘ਬਾਰਾਂ ਵਰ੍ਹਿਆਂ ਦਾ ਪੰਧ’ ਵਿੱਚ ਇੱਕ ਅਜਿਹੀ ਮੁਟਿਆਰ ਦੀ ਕਹਾਣੀ ਦਰਸਾਈ ਗਈ ਹੈ ਜਿਸਦਾ ਰਿਸ਼ਤਾ ਉਸ ਨਾਲੋਂ ਬਾਰਾਂ ਸਾਲ ਛੋਟੇ ਲੜਕੇ ਨਾਲ ਤੈਅ ਹੋ ਜਾਂਦਾ ਹੈਪਰ ਮੁੰਡਾ ਜਵਾਨ ਹੋ ਕੇ ਆਪਣੇ ਤੋਂ ਵੱਡੀ ਕੁੜੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੰਦਾ ਹੈਮੁੰਡੇ, ਕੁੜੀ ਦੀਆਂ ਮਾਵਾਂ ਨੂੰ ਇਹ ਨਹੀਂ ਸਮਝ ਲਗਦੀ ਕਿ ਕੀਤਾ ਕੀ ਜਾਵੇ

ਇਸ ਕਹਾਣੀ ਦਾ ਅੰਤ ਭਾਵੁਕ ਕਰ ਦੇਣ ਵਾਲਾ ਹੈ ਅਤੇ ਪਾਠਕਾਂ ਨੂੰ ਝੰਝੋੜਦਾ ਵੀ ਹੈ“ਆਇਸ਼ਾ ਦੇ ਅੰਦਰ ਧੁਖਦੇ ਧੂੰਏਂ ਵਿੱਚੋਂ ਇਕਦਮ ਭਾਂਬੜ ਨਿਕਲੇ ਤੇ ਉਹ ਸੜਦੀ ਬਲਦੀ ਮਾਂ ਤੇ ਮਾਮੀ ਦੇ ਸਾਹਮਣੇ ਜਾ ਖਲੋਤੀ ਉਹਨੇ ਕਹਿਰਵਾਨ ਅੱਖੀਆਂ ਨਾਲ ਉਹਨਾਂ ਵੱਲ ਵੇਖਿਆ ਤੇ ਬੋਲੀ, “ਇਹ ਤੇ ਮੁੱਕਰ ਗਿਆ ਏਤੁਸੀਂ ਦੱਸੋ, ਮੇਰੇ ਬਾਰਾਂ ਵਰ੍ਹਿਆਂ ਦੇ ਪੰਧ ਦਾ ਹਿਸਾਬ ਕੌਣ ਦੇਵੇਗਾ?”

ਇਸ ਕਹਾਣੀ ਦੀ ਪਾਤਰ ਤਾਂ ਇੰਨੀ ਦਲੇਰ ਹੈ ਕਿ ਉਹ ਆਪਣੀ ਮਾਂ ਤੇ ਮਾਮੀ ਤੋਂ ਅਜਿਹਾ ਪ੍ਰਸ਼ਨ ਪੁੱਛ ਸਕਦੀ ਹੈ ਪਰ ਇਸਦੇ ਉਲਟ ਫ਼ਰਹਾਦ ਖਾਲਿਦ ਧਾਰੀਵਾਲ ਦੀ ਕਹਾਣੀ ਦੀ ਨਾਇਕਾ ਕਹਾਣੀ ਦੇ ਅੰਤ ਵਿੱਚ ਬਹੁਤ ਹੀ ਲਾਚਾਰ ਦਿਖਾਈ ਗਈ ਹੈ ਅਤੇ ਉਸ ਦੀ ਮਾਂ ਹੀ ਉਸ ਨੂੰ ਹਾਲਾਤ ਨਾਲ ਸਮਝੌਤਾ ਕਰਨ ਲਈ ਪ੍ਰੇਰਦੀ ਹੈਕਹਾਣੀ ਦੀ ਨਾਇਕਾ ਅਧਰੰਗ ਦੀ ਸ਼ਿਕਾਰ ਹੋ ਕੇ ਮੰਜੇ ’ਤੇ ਪੈ ਜਾਂਦੀ ਹੈਕੁਝ ਸਮਾਂ ਤਾਂ ਉਸ ਦੀ ਮਾਂ ਲੰਘਾ ਜਾਂਦੀ ਹੈ, ਫੇਰ ਇੱਕ ਨੌਕਰਾਣੀ ਰੱਖਣੀ ਪੈਂਦੀ ਹੈਇਸ ਨਾਲ ਘਰ ਦਾ ਕੰਮ ਤਾਂ ਸੁਖਾਲਾ ਹੋ ਗਿਆ ਪਰ ਉਸਦਾ ਖਾਵੰਦ ਨੌਕਰਾਣੀ ਨਾਲ ਸੰਬੰਧ ਬਣਾ ਲੈਂਦਾ ਹੈਨਾਇਕਾ ਜਦੋਂ ਪਤੀ ਨੂੰ ਪੁੱਛਦੀ ਹੈ ਤਾਂ ਗਾਲ੍ਹਾਂ ਸੁਣਦੀ ਹੈਉਹ ਆਪਣੀ ਮਾਂ ਨੂੰ ਬੁਲਾਉਂਦੀ ਹੈਮਾਂ ਆਪਣੀ ਧੀ ਨੂੰ ਸਮਝਾਉਂਦੀ ਹੈ, “ਭੁੱਖੇ ਬਘਿਆੜ ਨੂੰ ਛੇੜ ਕੇ ਘਰ ਉਜਾੜਨਾ ਈ ਆਪਣਾ? ... ਭਲਾ ਹੋਵੇ ਉਸਦਾ ਜਿੰਨੇ ਘਰ ਦੇ ਚੁੱਲ੍ਹੇ ਨਾਲ ਜੁੱਲਾ ਵੀ ਸੰਭਾਲਿਆ ਹੋਇਆ ਏ” ਨਾਇਕਾ ਨੂੰ ਦਿਲ ਮਾਰ ਕੇ ਹਾਲਾਤ ਨਾਲ ਸਮਝੌਤਾ ਕਰਨਾ ਪੈਂਦਾ ਹੈਪਾਠਕ ਨੂੰ ਇਹ ਸਮਝ ਨਹੀਂ ਪੈਂਦੀ ਕਿ ਉਹ ਅਧਰੰਗ ਦੀ ਮਾਰ ਝੱਲ ਰਹੀ ਔਰਤ ਨਾਲ ਹਮਦਰਦੀ ਜਤਾਵੇ ਜਾਂ ਉਸ ਦੇ ਪਤੀ ਨਾਲ ਜੋ ਪਤਨੀ ਦੀ ਬਿਮਾਰੀ ਕਾਰਨ ਮਾਨਸਿਕ ਦੁੱਖ ਭੋਗ ਰਿਹਾ ਹੈ ਅਤੇ ਕੁਦਰਤੀ ਸਰੀਰਕ ਭੁੱਖ ਤੋਂ ਵੀ ਪ੍ਰੇਸ਼ਾਨ ਹੈ ਅਤੇ ਜਾਂ ਉਸ ਨੌਕਰਾਣੀ ਨਾਲ ਜਿਸ ਨੂੰ ਮਾਲਕ ਦੀ ਹਵਸ ਦਾ ਸ਼ਿਕਾਰ ਹੋਣਾ ਪਿਆ?

ਫ਼ਰਹਾਦ ਖਾਲਿਦ ਦੀ ਹੀ ਇੱਕ ਹੋਰ ਕਹਾਣੀ ‘ਵਟਾਂਦਰਾ’ ਵਿੱਚ ਵੀ ਦੋ ਸੋਹਣੀਆਂ ਮੁਟਿਆਰਾਂ ਨੂੰ ਆਪਣੇ ਭਰਾਵਾਂ ਕਰਕੇ ਦਿਲ ਦੇ ਅਰਮਾਨਾਂ ਨੂੰ ਮਾਰਨਾ ਪੈਂਦਾ ਹੈ ਅਤੇ ਵੱਟੇ ਦੇ ਵਿਆਹ ਲਈ ਆਪਣੇ ਤੋਂ ਊਣੇ ਆਦਮੀਆਂ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋਣਾ ਪੈਂਦਾ ਹੈਤੇਜੋ ਨੂੰ ਇੱਕ ਵਾਰ ਨਹੀਂ, ਦੋ ਵਾਰ ਇਹ ਅੱਕ ਚੱਬਣਾ ਪੈਂਦਾ ਹੈਲੇਖਕ ਨੇ ਤੇਜੋ ਦੇ ਦੁਖਾਂਤ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਹੈਖਾਲਿਦ ਦੀਆਂ ਸਾਰੀਆਂ ਕਹਾਣੀਆਂ ਹੀ ਮਨੁੱਖੀ ਮਨ ਦੀਆਂ ਡੂੰਘੀਆਂ ਰਮਜ਼ਾਂ ਨੂੰ ਸਾਕਾਰ ਕਰਨ ਵਾਲੀਆਂ ਹਨਅਜਿਹਾ ਸਾਹਿਤ ਸਦਾ ਹੀ ਆਪਣੀ ਮਹਿਕ ਖਿਲਾਰਦਾ ਰਹਿੰਦਾ ਹੈ

ਭਾਰਤ-ਪਾਕਿ ਵੰਡ ਨੇ ਦੋਵੇਂ ਪਾਸੇ ਹੀ ਦੁੱਖਾਂ ਦੀ ਹਨੇਰੀ ਝੁਲਾਈਲੋਕਾਂ ਨੂੰ ਭਰੇ-ਭਕੁੰਨੇ ਘਰ ਛੱਡ ਕੇ ਘਰੋਂ ਬੇਘਰ ਹੋਣਾ ਪਿਆਪਰ ਉਹਨਾਂ ਦੇ ਦਿਲ ਵਿੱਚ ਆਪਣੇ ਪੁਰਾਣੇ ਘਰ ਦੀ ਯਾਦ ਰੜਕਦੀ ਰਹੀਜੇ ਕਿਸੇ ਨੂੰ ਆਪਣੇ ਇਲਾਕੇ ਦਾ ਕੋਈ ਬੰਦਾ ਟੱਕਰ ਜਾਣਾ ਤਾਂ ਉਸ ਤੋਂ ਸਾਰੇ ਇਲਾਕੇ ਦਾ ਹਾਲ ਪੁੱਛਣਾਜੇ ਕਿਤੇ ਆਪਣੇ ਘਰ ਦੇ ਨੇੜੇ ਰਹਿਣ ਵਾਲਾ ਮਿਲ ਜਾਣਾ ਤਾਂ ਇਹ ਪੁੱਛਣਾ ਕਿ ਹੁਣ ਉੱਥੇ ਕੌਣ ਰਹਿੰਦਾ ਹੈ, ਕੀ ਘਰ ਉਸੇ ਤਰ੍ਹਾਂ ਹੀ ਹੈ ਜਾਂ ਬਦਲ ਗਿਆ ਹੈ? ਮਕਸੂਦ ਸਾਹਿਬ ਦੀ ਕਹਾਣੀ ‘ਸੁੱਚਾ ਤਿੱਲਾ’ ਵੀ ਇਹੋ ਜਿਹੀ ਕਹਾਣੀ ਹੈਕਹਾਣੀ ਦਾ ਪਾਤਰ ਆਪਣੇ ਸਾਥੀ ਨੂੰ ਆਪਣੀ ਪੁਰਾਣੀ ਕਹਾਣੀ ਸੁਣਾਉਂਦਾ ਹੋਇਆ ਦੱਸਦਾ ਹੈ ਕਿ ਵੰਡ ਤੋਂ ਬਾਅਦ ਉਹਨਾਂ ਨੂੰ ਪਾਕਿਸਤਾਨ ਆਉਣਾ ਪਿਆਉਹਨਾਂ ਦਾ ਜੁੱਤੀਆਂ ਬਣਾਉਣ ਦਾ ਕੰਮ ਸੀਪਾਕਿਸਤਾਨ ਵਿੱਚ ਜੁੱਤੀਆਂ ਦੀ ਕਢਾਈ ਲਈ ਸੁੱਚਾ ਤਿੱਲਾ ਨਹੀਂ ਸੀ ਮਿਲਦਾਕੁਝ ਸਾਥੀਆਂ ਨੇ ਚੋਰੀ-ਛਿਪੇ ਬਾਰਡਰ ਟੱਪ ਕੇ ਅੰਮ੍ਰਿਤਸਰ ਚਲੇ ਜਾਣਾ ਅਤੇ ਸੁੱਚਾ ਤਿੱਲਾ ਲੈ ਆਉਣਾਪਰ ਇੱਕ ਵਾਰ ਉਹ ਪਕੜਿਆ ਗਿਆਜਿਹੜੇ ਜੱਜ ਦੇ ਕੇਸ ਲੱਗਿਆ ਉਹ ਕੁਦਰਤੀ ਪਾਕਿਸਤਾਨ ਦੇ ਉਸ ਮੁਹੱਲ ਵਿੱਚ ਹੀ ਰਹਿੰਦਾ ਸੀ ਜਿਸ ਵਿੱਚ ਇਹ ਦੋਸ਼ੀਜਦੋਂ ਜੱਜ ਨੂੰ ਗੱਲਾਂ ਗੱਲਾਂ ਵਿੱਚ ਇਹ ਪਤਾ ਲੱਗਿਆ ਕਿ ਇਹ ਆਦਮੀ ਉਹਨਾਂ ਦੇ ਘਰ ਵਿੱਚ ਹੀ ਰਹਿੰਦਾ ਹੈ ਤਾਂ ਉਸ ਨੇ ਦੋਸ਼ੀ ਨੂੰ ਛੱਡ ਦਿੱਤਾਇਹੋ ਨਹੀਂ, ਕਈ ਦਿਨ ਆਪਣੇ ਘਰ ਰੱਖਿਆ, ਉਸ ਦੇ ਕਾਗਜ਼-ਪੱਤਰ ਬਣਵਾ ਕੇ ਉਸ ਨੂੰ ਬਾਰਡਰ ਤਕ ਛੱਡ ਕੇ ਆਇਆ ਅਤੇ ਬਹੁਤ ਸਾਰਾ ਸੁੱਚਾ ਤਿੱਲਾ ਵੀ ਲੈ ਕੇ ਦਿੱਤਾਇਹੋ ਨਹੀਂ, ਬਾਅਦ ਵਿੱਚ ਵੀ ਤਿੱਲਾ ਭੇਜਦਾ ਰਿਹਾਇਹ ਕਹਾਣੀ ਪੜ੍ਹ ਕੇ ਉਹਨਾਂ ਅਣਗਿਣਤ ਲੋਕਾਂ ਦੇ ਦਿਲ ਦਾ ਦਰਦ ਪਾਠਕ ਵੀ ਮਹਿਸੂਸ ਕਰਦੇ ਹਨ ਜਿਹਨਾਂ ਨੂੰ ਹਾਲਾਤ ਨੇ ਹਿਜਰਤ ਕਰਨ ਲਈ ਮਜਬੂਰ ਕੀਤਾ ਸੀਜਦੋਂ ਪਾਠਕਾਂ ਦੀ ਅਜਿਹੀ ਭਾਵਨਾਤਮਕ ਸਾਂਝ ਕਿਸੇ ਸਾਹਿਤਕ ਕਿਰਤ ਨਾਲ ਪੈ ਜਾਵੇ ਤਾਂ ਅਜਿਹਾ ਸਾਹਿਤ ਚਿਰ ਜੀਵੀ ਹੋ ਜਾਂਦਾ ਹੈ

ਇਸ ਸੰਗ੍ਰਹਿ ਦੀ ਕਈ ਹੋਰ ਕਹਾਣੀਆਂ ਜਿਵੇਂ: ਮਾਮੇ ਦੀ ਧੀ, ਖ਼ਾਲੀ ਬੰਦਾ, ਚਿੱਟਾ ਲਹੂ, ਬੱਜਲ ਆਦਿ ਵੀ ਚਰਚਾ ਯੋਗ ਕਹਾਣੀਆਂ ਹਨਕਹਾਣੀਆਂ ਵਿੱਚ ਵਰਤੇ ਛੋਟੇ ਛੋਟੇ ਵਾਰਤਾਲਾਪ ਕਹਾਣੀਆਂ ਦੀ ਤੋਰ ਨੂੰ ਤੇਜ਼ ਕਰਦੇ ਹਨਕਿਤੇ ਕਿਤੇ ਵਿਅੰਗ ਵੀ ਵਧੀਆ ਹੈ‘ਮੁਅਜਜ਼ਾ’ ਕਹਾਣੀ ਦਾ ਇਹ ਬਿਆਨ:

ਮਸੀਤ ਦੀ ਇਮਾਰਤ ਉੱਸਰ ਗਈ

ਕਬਰਿਸਤਾਨ ਖ਼ਾਲੀ ਪਿਆ ਏ

ਨਾ ਕੋਈ ਸਕੂਲ ਬਣਿਆ ਏ ਨਾ ਲਾਇਬ੍ਰੇਰੀ ਦੀ ਸੋਚ ਏ

ਪੁਸਤਕ ਦੇ ਮੁੱਢ ਵਿੱਚ ਡਾ. ਧੀਮਾਨ ਨੇ ਪਾਕਿਸਤਾਨ ਦੀ ਪੰਜਾਬੀ ਕਹਾਣੀ ਨਾਲ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ‘ਲਹਿੰਦੇ ਪੰਜਾਬ ਦੀ ਕਹਾਣੀ ਦਾ ਸਫਰ’ ਪੜ੍ਹ ਕੇ ਪਾਠਕਾਂ ਨੂੰ ਸੰਬੰਧਤ ਵਿਸ਼ੇ ’ਤੇ ਕਾਫੀ ਪੁਖਤਾ ਜਾਣਕਾਰੀ ਮਿਲ ਜਾਂਦੀ ਹੈਪੁਸਤਕ ਦੇ ਅੰਤ ਵਿੱਚ ਲੇਖਕਾਂ ਸੰਬੰਧੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਹੈਕਹਾਣੀਆਂ ਵਿੱਚ ਥਾਂ ਪੁਰ ਥਾਂ ਉਰਦੂ ਦੇ ਅਜਿਹੇ ਸ਼ਬਦ ਹਨ ਜਿਹਨਾਂ ਦੇ ਅਰਥ ਸਾਡੇ ਪਾਠਕਾਂ ਨੂੰ ਨਹੀਂ ਪਤਾਅਜਿਹੇ ਸ਼ਬਦਾਂ ਦੇ ਅਰਥ ਫੁੱਟ-ਨੋਟ ਵਿੱਚ ਦੇ ਦਿੱਤੇ ਜਾਂਦੇ ਤਾਂ ਹੋਰ ਵੀ ਵਧੀਆ ਹੁੰਦਾ

ਪੰਜਾਬੀ ਦੇ ਜਿਹੜੇ ਪਾਠਕ ਲਹਿੰਦੇ ਪੰਜਾਬ ਦੀ ਪੰਜਾਬੀ ਕਹਾਣੀ ਦੀ ਜਾਣਕਾਰੀ ਲੈਣਾ ਚਾਹੁੰਦੇ ਹਨ, ਉਹਨਾਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈਡਾ. ਹਰਬੰਸ ਸਿੰਘ ਧੀਮਾਨ ਨੇ ਸ਼ਾਹਮੁਖੀ ਵਿੱਚ ਰਚੇ ਸਾਹਿਤ ਦਾ ਲਿਪੀਅੰਤਰ ਕਰਨ ਵਿੱਚ ਪ੍ਰਸ਼ੰਸਾਯੋਗ ਕੰਮ ਕੀਤਾ ਹੈਗੁਰਮੁਖੀ ਲਿਪੀ ਅਤੇ ਸ਼ਾਹਮੁਖੀ ਲਿਪੀ ਵਿੱਚ ਰਚੇ ਸਾਹਿਤ ਦਾ ਲਿਪੀਅੰਤਰ ਕਰਕੇ ਦੋਵੇਂ ਪੰਜਾਬਾਂ ਦੇ ਪਾਠਕਾਂ ਨੂੰ ਨੇੜੇ ਲਿਆਉਣ ਲਈ ਅਜਿਹੇ ਉੱਦਮ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨਇਹ ਪੁਸਤਕ ਨੈਸ਼ਨਲ ਬੁੱਕ ਸ਼ਾਪ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2693)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)