RavinderSSodhi7ਇਸ ਤੋਂ ਇਲਾਵਾ ਇਹ ਕੇਂਦਰ ਲਗਾਤਾਰ ਸਾਹਿਤਕ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ, ਜਿਵੇਂ ...
(21 ਅਕਤੂਬਰ 2021)

 

‘ਪਰਵਾਸ’ ਸ਼ਬਦ ਆਪਣੇ ਆਪ ਵਿਚ ਡੂੰਘੇ ਅਰਥ ਸਮੋਈ ਬੈਠਾ ਹੈ। ਇਸ ਦੇ ਸਤਹੀ ਭਾਵ ਭਾਵੇਂ ਆਪਣੇ ‘ਜੱਦੀ’ ਸਥਾਨ ਨੂੰ ਛੱਡ ਕੇ ਕਿਤੇ ‘ਪਰਾਈ’ ਥਾਂ ’ਤੇ ਜਾ ਕੇ ਵਾਸ ਕਰਨ ਦੇ ਹਨ, ਪਰ ਇਸ ਪਿੱਛੇ ਲੁਕੀ ਹੋਈ ਪੀੜ ਨੂੰ ਪਹਿਚਾਨਣਾ ਬਹੁਤ ਮੁਸ਼ਕਲ ਹੈ। ਇਹ ਕੇਵਲ ਸਥਾਨ ਬਦਲੀ ਨਾ ਹੋ ਕੇ ਆਪਣੇ ਪਰਿਵਾਰ, ਸਭਿਆਚਾਰ, ਆਲੇ-ਦੁਆਲੇ ਤੋਂ ਟੁੱਟਣ ਦੀ ਪੀੜ ਜਰਨਾ ਵੀ ਹੈ। ਨਵੇਂ ਧਰਾਤਲ, ਓਪਰੇ ਮਾਹੌਲ, ਅਣਜਾਣ ਲੋਕਾਂ ਵਿਚ ਵਿਚਰਨਾ ਆਪਣੇ-ਆਪ ਵਿਚ ਵੱਡਾ ਦੁਖਾਂਤ ਹੈ। ਇਹ ਦੁਖਾਂਤ ਹੋਰ ਵੀ ਪੀੜਦਾਇਕ ਹੁੰਦਾ ਹੈ ਜਦੋਂ ਸਥਾਨਕ ਲੋਕਾਂ ਦੀਆਂ ਨਫ਼ਰਤ ਭਰੀਆਂ ਨਿਗ੍ਹਾ ਦਾ ਸਾਹਮਣਾ ਕਰਨ ਦੇ ਨਾਲ-ਨਾਲ ਨਸਲੀ ਵਿਤਕਰੇ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਖੈਰ, ਇਹ ਸਾਡੇ ਚਰਚਾ ਅਧੀਨ ਵਿਸ਼ੇ ਤੋਂ ਬਾਹਰਲੀ ਗੱਲ ਹੈ।

ਪੰਜਾਬੀ ਖੁੱਲ੍ਹੇ ਸੁਭਾ ਅਤੇ ਨਵੀਆਂ ਮੁਸ਼ਕਲਾਂ ਨਾਲ ਹੱਸ ਕੇ ਟਾਕਰਾ ਕਰਨ ਲਈ ਪ੍ਰਸਿੱਧ ਹਨਇਸੇ ਲਈ ਉਹਨਾਂ ਨੇ ਪਰਵਾਸ ਵਰਗੇ ਦੁਖਦ ਵਰਤਾਰੇ ਦਾ ਸਾਹਮਣਾ ਹੀ ਨਹੀਂ ਕੀਤਾ ਸਗੋਂ ਨਵੀਆਂ ਧਰਤੀਆਂ ’ਤੇ ਜਾ ਕੇ ਆਪਣੀ ਪੈਂਠ ਵੀ ਬਣਾਈ। ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਹੀ ਪੰਜਾਬੀਆਂ ਨੇ ਬਰਤਾਨੀਆ ਵੱਲ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਸੀ। ਉੱਥੇ ਜਾ ਕੇ ਹੱਢ ਭੰਨਵੀਂ ਮਿਹਨਤ ਕਰਕੇ ਪੰਜਾਬ ਰਹਿੰਦੇ ਆਪਣੇ ਪਰਿਵਾਰਾਂ ਦੀ ਗਰੀਬੀ ਹੀ ਦੂਰ ਨਹੀਂ ਕੀਤੀ ਸਗੋਂ ਗੋਰਿਆਂ ਦੇ ਬਰਾਬਰ ਦੇ ਮਹਿਲਾਂ ਵਰਗੇ ਘਰ ਵੀ ਖੜ੍ਹੇ ਕਰ ਲਏ। ਰੋਜ਼ੀ-ਰੋਟੀ ਦੇ ਫਿਕਰ ਤੋਂ ਦੂਰ ਹੋ ਕੇ ਉਹਨਾਂ ਵਿਚ ‘ਹੀਰ ਦੀਆਂ ਕਲੀਆਂ’ ਲਾਉਣ ਦੀ ਬਿਰਤੀ ਨੇ ਮੁੜ ਅੰਗੜਾਈ ਹੀ ਨਹੀਂ ਲਈ ਬਲਕਿ ਦਿਲ ਦੇ ਵਲਵਲਿਆਂ ਨੂੰ ਆਪਣੀ ਮਾਂ ਬੋਲੀ ਵਿਚ ਪ੍ਰਗਟਾਉਣ ਦਾ ਹੇਜ ਵੀ ਜਾਗਿਆ ਅਤੇ ਇਸੇ ਹੇਜ ਨੇ ‘ਪਰਵਾਸੀ ਸਾਹਿਤਕ’ ਵਿਧਾ ਨੂੰ ਜਨਮ ਦਿੱਤਾ।

ਪੰਜਾਬੀਆਂ ਦੇ ਪਰਵਾਸ ਦੇ ਮੁਢਲੇ ਦੌਰ ਵਿਚ ਅਣਪੜ੍ਹ ਜਾਂ ਬਹੁਤ ਘੱਟ ਪੜ੍ਹੇ-ਲਿਖੇ ਲੋਕ ਸੀ। ਲੇਖਕ ਬਿਰਤੀ ਵਾਲਾ ਤਾਂ ਆਟੇ ਵਿਚ ਲੂਣ ਸਮਾਨ ਹੀ ਸੀ। ਪਰ ਹਾਲਾਤ ਅਨਪੜ੍ਹਾਂ ਵਿਚ ਵੀ ਲੇਖਣੀ ਦੀ ਰੁਚੀ ਪੈਦਾ ਕਰ ਦਿੰਦੇ ਹਨ। ਸੋ ਨਵੇਂ ਹਾਲਾਤ ਨੇ ਕਈ ਪਰਵਾਸੀਆਂ ਨੂੰ ਲੇਖਕ ਬਣਾ ਦਿੱਤਾ। ਹਰ ਲੇਖਕ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਉਸ ਨੇ ਆਪਣੇ ਵਿਚਾਰਾਂ ਨੂੰ ਜੋ ਸ਼ਬਦੀ ਜਾਮਾ ਦਿੱਤਾ ਹੈ, ਉਹ ਦੂਸਰੇ ਵੀ ਪੜ੍ਹਨ। ਇਸ ਲਈ ਜਾਂ ਤਾਂ ਉਹ ਆਪਣੇ ਕੁਝ ਮਿੱਤਰਾਂ ਨੂੰ ਆਪਣੇ ਸਰੋਤੇ ਬਣਾਉਂਦਾ ਹੈ ਜਾਂ ਆਪਣੇ ਵਰਗੀਆਂ ਰੁਚੀਆਂ ਰੱਖਣ ਵਾਲਿਆਂ ਦੀ ਸਭਾ ਵਿਚ ਆਪਣੀਆਂ ਰਚਨਾਵਾਂ ਸਾਂਝੀਆਂ ਕਰਦਾ ਹੈ ਅਤੇ ਅਖਬਾਰਾਂ ਜਾਂ ਪੁਸਤਕਾਂ ਦਾ ਸਹਾਰਾ ਲੈਂਦਾ ਹੈ। ਅਖਬਾਰੀ ਸਾਹਿਤ ਦੀ ਉਮਰ ਬਹੁਤੀ ਲੰਬੀ ਨਹੀਂ ਹੁੰਦੀ, ਇਸ ਲਈ ਪੁਸਤਕ ਰੂਪ ਵਿਚ ਛਪਣ ਦੀ ਇੱਛਾ ਜ਼ਿਆਦਾ ਪ੍ਰਬਲ ਹੁੰਦੀ ਹੈ। ਪਰ ਪੰਜਾਬੀ ਭਾਸ਼ਾ ਦਾ ਇਹ ਦੁਖਾਂਤ ਹੈ ਕਿ ਪੰਜਾਬੀਆਂ ਵਿਚ ਆਪਣੀ ਮਾਤ ਭਾਸ਼ਾ ਦੀਆਂ ਪੁਸਤਕਾਂ ਪ੍ਰਤੀ ਪਿਆਰ ਬਹੁਤ ਘੱਟ ਹੈ। ਪੰਜਾਬੀ ਪ੍ਰਕਾਸ਼ਕ ਪੱਲਿਉਂ ਪੈਸੇ ਲਾ ਕੇ ਕਿਤਾਬਾਂ ਛਾਪਣ ਤੋਂ ਕੰਨੀ ਕਤਰਾਉਂਦੇ ਹਨ। ਸ਼ੂਰੂ-ਸ਼ੁਰੂ ਵਿਚ ਪਰਵਾਸੀ ਲੇਖਕਾਂ ਦੀਆਂ ਰਚਨਾਵਾਂ ਆਮ ਤੌਰ ’ਤੇ ਸਾਹਿਤਕ ਮਿਆਰ ਤੋਂ ਊਣੀਆਂ ਹੁੰਦੀਆਂ ਸੀ, ਇਸ ਕਰਕੇ ਵੀ ਪ੍ਰਕਾਸ਼ਕ ਅਜਿਹੇ ਲੇਖਕਾਂ ਦੀਆਂ ਪੁਸਤਕਾਂ ਤੋਂ ਦੂਰ ਹੀ ਰਹਿੰਦੇ ਸਨਪਰ ਉਸ ਸਮੇਂ ਵੀ ਕਈ ਪ੍ਰਵਾਸੀ ਲੇਖਕਾਂ ਨੇ ਮਿਆਰੀ ਸਾਹਿਤਕ ਕਿਰਤਾਂ ਦੀ ਰਚਨਾ ਕੀਤੀ। ਉਹਨਾਂ ਵਿੱਚੋਂ ਕੁਝ ਪ੍ਰਮੁੱਖ ਨਾਂ ਹਨ- ਸ੍ਰੀਮਤੀ ਕੈਲਾਸ਼ ਪੁਰੀ (ਜਿੰਨ੍ਹਾਂ ਨੇ ਪਹਿਲੀ ਵਾਰ ਪੰਜਾਬੀ ਭਾਸ਼ਾ ਵਿਚ ਔਰਤਾਂ ਦੀਆਂ ਕਾਮ-ਸਮੱਸਿਆਵਾਂ ਸੰਬੰਧੀ ਖੁੱਲ੍ਹ ਕੇ ਲਿਖਿਆ), ਅਵਤਾਰ ਜੰਡਿਆਲਵੀ, ਅਮਰਜੀਤ ਚੰਦਨ, ਹਰਜੀਤ ਅਟਵਾਲ, ਦਰਸ਼ਨ ਧੀਰ, ਸੁਰਜੀਤ ਸਿੰਘ ਕਾਲੜਾ, ਕਹਾਣੀਕਾਰ ਵਿਰਦੀ ਅਤੇ ਕੁਝ ਹੋਰ, ਜਿਨ੍ਹਾਂ ਨੇ ਉੱਚ ਪਾਏ ਦੇ ਸਾਹਿਤ ਦੀ ਰਚਨਾ ਕੀਤੀ। ਜਿੱਥੋਂ ਤੱਕ ਮੈਨੂੰ ਯਾਦ ਹੈ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੌਰਾਨ ਕੁਝ ਪਰਵਾਸੀ ਲੇਖਕਾਂ ਨੇ ਪ੍ਰਕਾਸ਼ਕਾਂ ਨੂੰ ਆਪ ਪੈਸੇ ਦੇ ਕੇ ਆਪਣੀਆਂ ਕਿਤਾਬਾਂ ਛਪਵਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੌਰ ਵਿਚ ਬਹੁਤਾ ਪਰਵਾਸ ਬਰਤਾਨੀਆ ਵਿਚ ਹੀ ਹੁੰਦਾ ਸੀ, ਇਸ ਲਈ ਉੱਥੋਂ ਦੇ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਸਾਹਮਣੇ ਆਉਣ ਲੱਗੀਆਂ ਅਤੇ ਅਜਿਹੇ ਲੇਖਕਾਂ ਨੂੰ ‘ਪੌਂਡਾਂ ਵਾਲੇ ਲੇਖਕ’ ਕਿਹਾ ਜਾਂਦਾ ਸੀ।

20 ਵੀ ਸਦੀ ਦੇ ਅੱਠਵੇਂ ਦਹਾਕੇ ਦੇ ਮੁੱਢ ਵਿਚ ਹੀ ਜਾਂ ਉਸ ਤੋਂ ਇਕ-ਦੋ ਸਾਲ ਪਹਿਲਾਂ ਡਾ. ਐੱਸ.ਪੀ. ਸਿੰਘ (ਜੋ ਉਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਪੋਫ਼ੈਸਰ ਸਨ) ਦੀ ਪਹਿਲ ਕਦਮੀ ’ਤੇ ਬਰਤਾਨੀਆ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੇ ਵੱਖੋ-ਵੱਖ ਰੂਪਾਂ ’ਤੇ ਐੱਮ ਫ਼ਿਲ ਪੱਧਰ ਦੇ ਵਿਦਿਆਰਥੀਆਂ ਤੋਂ ਸ਼ੋਧ ਪ੍ਰਬੰਧ ਲਿਖਾਉਣ ਦਾ ਸਿਲਸਲਾ ਸ਼ੁਰੂ ਹੋਇਆ। ਮੈਨੂੰ ਇਸ ਦਾ ਜਾਤੀ ਤਜ਼ਰਬਾ ਹੈ ਕਿਉਂਕਿ ਜਦੋਂ ਮੈਂ 1980 ਵਿਚ ਐੱਮ.ਫ਼ਿਲ ਵਿਚ ਦਾਖਲਾ ਲਿਆ ਤਾਂ ਮੈਨੂੰ ‘ਬਰਤਾਨਵੀ ਪੰਜਾਬੀ ਕਹਾਣੀ’ ਦੇ ਵਿਸ਼ੇ ’ਤੇ ਸ਼ੋਧ ਪ੍ਰਬੰਧ ਲਿਖਣ ਦਾ ਵਿਸ਼ਾ ਮਿਲਿਆ ਸੀ ਅਤੇ ਮੇਰੇ ਤੋਂ ਪਹਿਲਾ ਇਕ ਵਿਦਿਆਰਥੀ ‘ਬਰਤਾਨਵੀ ਪੰਜਾਬੀ ਨਾਵਲ’ ਦੇ ਵਿਸ਼ੇ ’ਤੇ ਆਪਣਾ ਸ਼ੋਧ ਪ੍ਰਬੰਧ ਲਿਖ ਰਿਹਾ ਸੀ। 1981 ਵਿਚ ਵੀ ਇਕ ਵਿਦਿਆਰਥੀ ਨੂੰ ‘ਬਰਤਾਨਵੀ ਪੰਜਾਬੀ ਕਵਿਤਾ’ ਦਾ ਵਿਸ਼ਾ ਮਿਲਿਆ ਸੀ। ਉਸ ਤੋਂ ਬਾਅਦ ਡਾ. ਐੱਸ.ਪੀ ਸਿੰਘ ਦੇ ਉੱਦਮ ਸਦਕਾ ਇਕ ਖੋਜਾਰਥੀ ਨੇ ਬਰਤਾਨਵੀ ਪੰਜਾਬੀ ਸਾਹਿਤ ਸੰਬੰਧੀ ਵਿਸ਼ੇ ’ਤੇ ਪੀ.ਐਚ.ਡੀ ਕੀਤੀ ਸੀ।

ਜਦੋਂ ਬਰਤਾਨੀਆ ਨੇ ਇੰਮੀਗਰੇਸ਼ਨ ਸੰਬੰਧੀ ਕਾਨੂੰਨ ਕੁਝ ਸਖਤ ਕਰ ਦਿੱਤੇ ਤਾਂ ਪੰਜਾਬੀਆਂ ਨੇ ਅਮਰੀਕਾ ਅਤੇ ਕੁਝ ਹੋਰ ਮੁਲਕਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ। ਪਰ ਇਹਨਾਂ ਮੁਲਕਾਂ ਵਿਚ ਨਿਰੋਲ ਮਜ਼ਦੂਰੀ ਕਰਨ ਵਾਲਿਆਂ ਦੀ ਜ਼ਰੂਰਤ ਨਹੀਂ ਸੀ। ਇਸ ਕਰਕੇ ਪੜ੍ਹੇ-ਲਿਖੇ ਅਤੇ ਤਕਨੀਕੀ ਮਾਹਿਰ ਵਿਚ ਵੀ ਬਾਹਰਲੇ ਮੁਲਕਾਂ ਵੱਲ ਜਾਣ ਦਾ ਰੁਝਾਨ ਵਧਿਆ। ਕਈ ਸਾਹਿਤਕ ਮੱਸ ਰੱਖਣ ਵਾਲੇ ਵੀ ਵਿਦੇਸ਼ਾਂ ਵੱਲ ਉਡਾਰੀਆਂ ਮਾਰਨ ਲੱਗੇ। ਜਦ ਤੋਂ ਕੈਨੇਡਾ ਨੇ ਆਪਣੇ ਮੁਲਕ ਦੇ ਦਰਵਾਜ਼ੇ ਦੂਜੇ ਦੇਸ਼ਾਂ ਦੇ ਹੁਨਰਮੰਦ ਅਤੇ ਗ਼ੈਰ ਹੁਨਰਮੰਦਾਂ ਲਈ ਖੋਲ੍ਹੇ ਹਨ ਤਾਂ ਪੰਜਾਬੀਆਂ ਦੀਆਂ ਮੌਜਾਂ ਹੀ ਲੱਗ ਗਈਆਂ। ਕਦੇ ਬਰਤਾਨੀਆ ਪਰਵਾਸੀ ਪੰਜਾਬੀ ਸਾਹਿਤਕਾਰਾਂ ਦਾ ਕੇਂਦਰ ਹੁੰਦਾ ਸੀ, ਪਰ ਹੁਣ ਇਹ ਮਾਣ ਕੈਨੇਡਾ ਦੀ ਝੋਲੀ ਆ ਪਿਆ ਹੈ। ਕੈਨੇਡਾ ਦੇ ਨਾਲ-ਨਾਲ ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਜਪਾਨ, ਤਕਰੀਬਨ ਹਰ ਦੇਸ਼ ਵਿਚ ਹੀ ਪੰਜਾਬੀ ਸਾਹਿਤਕਾਰ ਮਿਲ ਜਾਂਦੇ ਹਨ। ਇਹਨਾਂ ਸਾਹਿਤਕਾਰਾਂ ਦੁਆਰਾ ਰਚਿਤ ਪੰਜਾਬੀ ਸਾਹਿਤ, ਮੁੱਖ ਧਾਰਾ, ਭਾਵ ਪੰਜਾਬ, ਦਿੱਲੀ, ਹਰਿਆਣਾ ਅਤੇ ਭਾਰਤ ਦੇ ਹੋਰ ਸੂਬਿਆਂ ਵਿਚ ਵਸੇ ਪੰਜਾਬੀ ਸਾਹਿਤਕਾਰਾਂ ਦੇ ਸਾਹਿਤ ਨਾਲ ਮੋਢੇ ਨਾਲ ਮੋਢਾ ਮੇਚ ਕੇ ਚੱਲਣ ਵਾਲਾ ਹੈ ਅਤੇ ਕਈ ਵਾਰੀ ਉਹਨਾਂ ਨਾਲੋਂ ਵੀ ਦੋ ਗਿੱਠ ਉੱਚਾ। ਇਹ ਗੱਲ ਸਾਹਿਤ ਦੀ ਕਿਸੇ ਇਕ ਵਿਧਾ ਦੀ ਨਹੀਂ ਸਗੋਂ ਕਵਿਤਾ, ਕਹਾਣੀ, ਨਾਟਕ, ਕਾਵਿ-ਨਾਟਕ, ਆਲੋਚਨਾ, ਗੁਰਬਾਣੀ ਅਧਿਐਨ, ਰੰਗ-ਮੰਚ, ਕਵਿਸ਼ਰੀ ਆਦਿ ਸਾਰੇ ਖੇਤਰਾਂ ’ਤੇ ਢੁੱਕਦੀ ਹੈ। ਪੱਤਰਕਾਰੀ ਦੇ ਖੇਤਰ ਵਿਚ ਵੀ ਭਰਪੂਰ ਵਾਧਾ ਹੋਇਆ ਹੈ। ਇਸ ਗੱਲ ਦਾ ਪੰਜਾਬੀ ਸਾਹਿਤ ਪ੍ਰਤੀ ਰੁਚੀ ਰੱਖਣ ਵਾਲਿਆਂ ਨੂੰ ਉਦੋਂ ਪਤਾ ਲੱਗਿਆ ਜਦੋਂ ਮਾਰਚ 2020 ਵਿਚ ਕਰੋਨਾ ਮਹਾਂਮਾਰੀ ਦੇ ਫੈਲਾਅ ਕਾਰਨ ਸਾਰੀ ਦੁਨੀਆਂ ਵਿਚ ਹੀ ਲਾਕਡਾਉਨ ਸ਼ੁਰੂ ਹੋਣ ਕਰਕੇ ਸਾਹਿਤਕ ਵੈਬੀਨਾਰਾਂ ਦਾ ਚਲਣ ਪ੍ਰਚਲਤ ਹੋਇਆ ਅਤੇ ਦੂਰ-ਦੁਰਾਡੇ ਬੈਠੇ ਸਾਹਿਤਕਾਰਾਂ, ਰੰਗ ਕਰਮੀਆਂ ਨੇ ‘ਜ਼ੂਮ ਕਲਾਊਡ’ ਤਕਨੀਕ ਰਾਹੀਂ ਆਪਣੇ-ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕਰਨੇ ਸ਼ੁਰੂ ਕੀਤੇ।

ਇਸ ਤੋਂ ਪਹਿਲਾਂ ਹੀ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਸਾਹਿਤਕਾਰਾਂ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਦੇਖਦੇ ਹੋਏ ਡਾ. ਐਸ.ਪੀ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਦਮ ਸਦਕਾ 2011 ਵਿਚ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵਿਖੇ ਪਰਵਾਸੀ ਪੰਜਾਬੀ ਸਾਹਿਤ ਅਧਿਐਨ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ। ਕਿਸੇ ਸੰਸਥਾ ਲਈ ਦਸ ਸਾਲ ਦਾ ਸਮਾਂ ਕੋਈ ਜ਼ਿਆਦਾ ਨਹੀਂ ਹੁੰਦਾ। ਪਿਛਲੇ ਇਕ ਦਹਾਕੇ ਦੌਰਾਨ ਇਸ ਕੇਂਦਰ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਬਹੁਤ ਹੀ ਸਲਾਹੁਣਯੋਗ ਹਨ। ਕੇਂਦਰ ਵੱਲੋਂ ਵੱਖ-ਵੱਖ ਵਿਦਵਾਨਾਂ ਨਾਲ ਰੂ-ਬ-ਰੂ ਕਰਵਾਏ ਗਏ ਹਨ, ਪਰਵਾਸੀ ਸਾਹਿਤ ਸੰਬੰਧੀ ਉੱਚ ਪਾਏ ਦੀਆਂ ਆਲੋਚਨਾਤਮਕ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ, ਵਿਸ਼ਵ ਪੱਧਰ ਦੀਆਂ ਕਾਨਫਰੰਸਾਂ ਦਾ ਆਯੋਜਨ ਕੀਤਾ, ਤਿਮਾਹੀ ਸਾਹਿਤਕ ਮੈਗਜ਼ੀਨ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਕੋਵਿਡ ਮਹਾਂਮਾਰੀ ਦੌਰਾਨ ਆਨ ਲਾਈਨ ਕਵੀ ਸੰਮੇਲਨ ਕਰਵਾਏ ਗਏ ਹਨ। ਕੇਂਦਰ ਦੇ ਆਯੋਜਕਾਂ ਨੂੰ ਪਤਾ ਹੈ ਕਿ ਮੌਜੂਦਾ ਸਮੇਂ ਵਿਚ ਪਰਵਾਸੀ ਪੰਜਾਬੀ ਸਾਹਿਤ ਦਾ ਮੁੱਖ ਧੁਰਾ ਕੈਨੇਡਾ ਬਣ ਚੁੱਕਿਆ ਹੈ ਅਤੇ ਇਸ ਮੁਲਕ ਦੇ ਬੀ ਸੀ ਪ੍ਰਾਂਤ ਦਾ ਸ਼ਹਿਰ ਸਰੀ, ਮਿੰਨੀ ਪੰਜਾਬ ਵਜੋਂ ਪ੍ਰਸਿੱਧ ਹੈ। ਸਰੀ ਦੀ ਮੰਨੀ ਪ੍ਰਮੰਨੀ ਸਖ਼ਸ਼ੀਅਤ ਸੁੱਖੀ ਬਾਠ ਵੱਲੋਂ ਪੰਜਾਬੀ ਲੇਖਕਾਂ ਅਤੇ ਕਲਾਕਾਰਾਂ ਨੂੰ ਇਕ ਮੰਚ ਪ੍ਰਦਾਨ ਕਰਨ ਲਈ ‘ਪੰਜਾਬੀ ਭਵਨ’ ਦੀ ਉਸਾਰੀ ਹੀ ਨਹੀਂ ਕੀਤੀ ਗਈ ਬਲਕਿ ਉਹ ਪੰਜਾਬੀਅਤ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਉਹਨਾਂ ਨਾਲ ਵੀ ਮਿਲ ਕੇ ਚੱਲਣ ਦਾ ਇਕਰਾਰ ਕੀਤਾ, ਤਾਂ ਜੋ ਇਹ ਦੋਵੇਂ ਸੰਸਥਾਵਾਂ ਆਪਸੀ ਸਹਿਯੋਗ ਅਤੇ ਮਿਲਵਰਤਣ ਨਾਲ ਸਾਂਝ, ਮਕਸਦ ਵਿਚ ਕਾਮਯਾਬ ਹੋਣ।

ਰੂ-ਬ-ਰੂ ਪ੍ਰੋਗਰਾਮ:

ਇਸ ਪ੍ਰੋਗਰਾਮ ਅਧੀਨ ਹੁਣ ਤੱਕ ਸੁੱਖੀ ਬਾਠ, ਨਕਸ਼ਦੀਪ ਪੰਜਕੋਹਾ, ਜਸਤੇਜ ਸਿੱਧੂ, ਪਰਵੇਜ ਸੰਧੂ ਆਦਿ ਨਾਲ ਰੂ-ਬ-ਰੂ ਕਰਵਾਏ ਗਏ।

ਪੁਸਤਕ ਪ੍ਰਕਾਸ਼ਨ:

ਪਰਵਾਸੀ ਪੰਜਾਬੀ ਸਾਹਿਤ ਅਧਿਐਨ ਕੇਂਦਰ ਦੀ ਇਹ ਵਿਸ਼ੇਸ਼ ਪ੍ਰਾਪਤੀ ਕਹੀ ਜਾ ਸਕਦੀ ਹੈ ਕਿ ਉਹਨਾਂ ਵੱਲੋਂ ਦਸ ਸਾਲਾਂ ਦੇ ਦੌਰਾਨ ਸੱਤ ਉੱਚ ਕੋਟੀ ਦੀਆਂ ਪਰਵਾਸੀ ਸਾਹਿਤ ਸੰਬੰਧੀ ਆਲੋਚਨਾਤਮਕ ਪੁਸਤਕਾਂ ਲਿਖਵਾ ਕੇ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਹ ਪੁਸਤਕਾਂ ਹਨ: ਯੁੱਗ ਬੋਧ- ਪਰਵਾਸੀ ਪੰਜਾਬੀ ਸਾਹਿਤ (ਸਰਬਜੀਤ ਸਿੰਘ), ਪਰਵਾਸੀ ਪੰਜਾਬੀ ਸਾਹਿਤ: ਅਜੋਕੇ ਸੰਦਰਭ ਵਿਚ (ਹਰਪ੍ਰੀਤ ਸਿੰਘ ਦੂਆ), ਪਰਵਾਸੀ ਪੰਜਾਬੀ ਗਲਪ ਸਾਹਿਤ- ਬਦਲਦੇ ਪਰਿਪੇਖ (ਡਾ.ਗੁਰਪ੍ਰੀਤ ਸਿੰਘ, ਡਾ. ਤੇਜਿੰਦਰ ਕੌਰ), ਪਰਵਾਸੀ ਪੰਜਾਬੀ ਸਾਹਿਤ: ਸਿਧਾਂਤਕ ਪਰਿਪੇਖ (ਡਾ. ਭੁਪਿੰਦਰ, ਡਾ. ਮੁਨੀਸ਼ ਕੁਮਾਰ), ਪਰਵਾਸੀ ਪੰਜਾਬੀ ਸਾਹਿਤ: ਵਿਭਿੰਨ ਸਰੋਕਾਰ - ਕਾਵਿ-ਨਾਟਕ ਦੇ ਵਿਸ਼ੇਸ਼ ਸੰਦਰਭ ਵਿਚ (ਪ੍ਰੋ. ਸ਼ਰਨਜੀਤ ਕੌਰ ਅਤੇ ਪ੍ਰੋ. ਹਰਪ੍ਰੀਤ ਸਿੰਘ ਦੂਆ), Immigrant Literature By The Writers of Punjabi Origin(Dr. Sushminderjeet Kaur and Dr. Hargunjot Kaur) ਅਤੇ ਹਿੰਦੀ ਵਿਚ ਪਰਵਾਸੀ ਪੰਜਾਬੀ ਸਾਹਿਤ-ਏਕ ਨਜ਼ਰ ( ਪ੍ਰੋ. ਰਾਜਿੰਦਰ ਕੌਰ, ਡਾ. ਦਲੀਪ ਸਿੰਘ)।

ਇਹਨਾਂ ਆਲੋਚਨਾਤਮਕ ਪੁਸਤਕਾਂ ਦੀ ਸਭ ਤੋਂ ਪ੍ਰਮੁੱਖ ਗੱਲ ਇਹ ਹੈ ਕਿ ਇਸ ਆਲੋਚਨਾਤਮਕ ਕਾਰਜ ਲਈ ਪੰਜਾਬੀ ਦੇ ਕੁਝ ਕੁ ਸਿਰਕੱਢ ਆਲੋਚਕਾਂ ਦੇ ਆਪਣੇ ਸਥਾਪਿਤ ਕੀਤੇ ਮਿਆਰਾਂ ਨੂੰ ਹੀ ਦੁਹਰਾਉਣ ਲਈ ਇਹ ਕਾਰਜ ਉਹਨਾ ਨੂੰ ਸੌਂਪਣ ਨਾਲੋਂ, ਨਵੇਂ ਉੱਭਰ ਰਹੇ ਪੰਜਾਬੀ ਆਲੋਚਕਾਂ ਦੇ ਸਪੁਰਦ ਕੀਤੇ ਗਏ। ਇਸ ਦਾ ਫ਼ਾਇਦਾ ਇਹ ਹੋਇਆ ਕਿ ਇਕ ਤਾਂ ਪੰਜਾਬੀ ਆਲੋਚਨਾ ਪੁਰਾਣੇ ਮਾਪਦੰਡ ਦੀ ਕੈਦ ਵਿੱਚੋਂ ਅਜਾਦ ਹੋਈ ਅਤੇ ਦੂਜਾ ਨਵੇਂ ਆਲੋਚਕਾਂ ਨੇ ਪੰਜਾਬੀ ਆਲੋਚਨਾਂ ਦਾ ਪਿੜ ਮੋਕਲਾ ਕੀਤਾ। ਇਸ ਦਾ ਪ੍ਰਮਾਣ ਇਹਨਾਂ ਪੁਸਤਕਾਂ ਵਿਚ ਪ੍ਰਕਾਸ਼ਿਤ ਕੁਝ ਆਲੋਚਨਾਤਮਕ ਲੇਖਾਂ ਦੇ ਸਿਰਲੇਖਾਂ ਤੋਂ ਹੀ ਪਤਾ ਲੱਗ ਜਾਂਦਾ ਹੈ:

ਪਰਵਾਸੀ ਪੰਜਾਬੀ ਸਾਹਿਤ ਆਲੋਚਨਾ- ਪੁਨਰ ਸੰਵਾਦ (ਪ੍ਰੋ. ਹਰਭਜਨ ਸਿੰਘ ਭਾਟੀਆ), ਪਰਵਾਸੀ ਪੰਜਾਬੀ ਸਾਹਿਤ ਵਿਚ ਪੇਸ਼ ਔਰਤ ਦੀ ਮਨੋਦਸ਼ਾ (ਡਾ. ਹਰਬਿੰਦਰ ਕੌਰ), ਪਰਵਾਸੀ ਪੰਜਾਬੀ ਸਾਹਿਤ ਵਿਚ ਜ਼ਿਕਰਯੋਗ ਮੁੱਦੇ ਤੇ ਮਸਲੇ (ਪ੍ਰੋ. ਅਮਨਦੀਪ ਕੌਰ), ਪਰਵਾਸੀ ਪੰਜਾਬੀ ਨਾਵਲ ਵਿਚ ਪੀੜ੍ਹੀ-ਦਰ-ਪੀੜ੍ਹੀ ਰਿਸ਼ਤਿਆਂ ਦਾ ਯਥਾਰਥ (ਡਾ. ਰਵਿੰਦਰ ਕੌਰ), ਪਰਵਾਸੀ ਪੰਜਾਬੀ ਗਲਪ ਤੇ ਨਸਲੀ ਵਿਤਕਰਾ (ਡਾ. ਹਰਚੰਦ ਸਿੰਘ ਬੇਦੀ), ਬਰੇਨ ਡਰੇਨ ਅਤੇ ਪੰਜਾਬੀ ਮੀਡੀਆ (ਡਾ. ਨਰਿੰਦਰ ਪਾਲ ਸਿੰਘ), ਪਰਵਾਸੀ ਰੰਗਮੰਚ ਦੀ ਪਛਾਣ- ਕੈਨੇਡਾ ਦੇ ਸੰਦਰਭ ਵਿਚ (ਪ੍ਰੋ . ਬਲਜਿੰਦਰ ਕੌਰ), ਪਰਵਾਸੀ ਪੰਜਾਬੀ ਕਾਵਿ: ਔਰਤ ਦਾ ਪ੍ਰਦੇਸ਼ ਪ੍ਰਤੀ ਨਜ਼ਰੀਆ/ਦ੍ਰਿਸ਼ਟੀਕੋਣ (ਪ੍ਰੋ.ਸ਼ਰਨਜੀਤ ਕੌਰ) ਆਦਿ ਤੋਂ ਸਹਿਜੇ ਹੀ ਪਤਾ ਲੱਗਦਾ ਹੈ ਕਿ ਆਲੋਚਕਾਂ ਨੇ ਪਰਵਾਸੀ ਸਾਹਿਤ ਦੇ ਵਿਸਤਰਿਤ ਵਰਤਾਇਆਂ ’ਤੇ ਚਰਚਾ ਕੀਤੀ ਹੈ। ਕੁਝ ਆਲੋਚਕਾਂ ਨੇ ਪਰਵਾਸੀ ਲੇਖਕਾਂ ਦੀਆਂ ਕੁਝ ਚਰਚਿਤ ਪੁਸਤਕਾਂ ਸੰਬਧੀ ਵੀ ਵਿਸਥਾਰ ਵਿਚ ਲਿਖਿਆ ਹੈ। ਅੰਗ੍ਰੇਜ਼ੀ ਭਾਸ਼ਾ ਦੀ ਕਿਤਾਬ ਵਿਚ ਵੀ ਬਹੁਤ ਹੀ ਵਧੀਆ ਵਿਸ਼ਿਆਂ .ਤੇ ਚਰਚਾ ਕੀਤੀ ਗਈ ਹੈ, ਜਿਵੇਂ: The Immigrant's Buds: A Study of Dietary Habits of Punjabi Immigrants (Jaspreet Kaur), A Marginalized Identity Struggling For Survival: A Refugee it an Ambassador (Rupinder Kaur Bhullar), Question of Immigrant's Authenticity in the Works of Punjab Origin Female Writers (Suchitra) etc.

‘ਪਰਵਾਸ’ ਮੈਗਜ਼ੀਨ:

ਪਰਵਾਸੀ ਪੰਜਾਬੀ ਸਾਹਿਤ ਅਧਿਐਨ ਕੇਂਦਰ ਵੱਲੋਂ ਤਿਮਾਹੀ ਮੈਗਜ਼ੀਨ ‘ਪਰਵਾਸ’ ਜੁਲਾਈ 2019 ਵਿਚ ਸ਼ੁਰੂ ਕੀਤਾ ਗਿਆ ਅਤੇ ਹੁਣ ਤੱਕ ਇਸਦੇ 12 ਅੰਕ ਪ੍ਰਕਾਸਿਤ ਹੋ ਚੁੱਕੇ ਹਨ। ਇਹਨਾ ਵਿੱਚੋਂ ਕੁਝ ਵਿਸ਼ੇਸ਼ ਅੰਕ ਵੀ ਹਨ: ਗੁਰੂ ਨਾਨਕ ਵਿਸ਼ੇਸ਼ ਅੰਕ, ਕਰੋਨਾ ਵਿਸ਼ੇਸ਼ ਅੰਕ, ਕਿਸਾਨੀ ਸੰਘਰਸ਼ ਵਿਸ਼ੇਸ਼ ਅੰਕ, ਕਿਸਾਨੀ ਸੰਘਰਸ਼ ਕਾਵਿ ਵਿਸ਼ੇਸ਼ ਅੰਕ। ਇਸ ਮੈਗਜ਼ੀਨ ਦੀ ਰੂਪ-ਰੇਖਾ ਬੜੇ ਸੁਚੱਜੇ ਢੰਗ ਨਾਲ ਉਲੀਕੀ ਗਈ ਹੈ। ਪਰਵਾਸੀ ਸਾਹਿਤਕਾਰਾਂ ਦੀਆਂ ਰਚਨਾਵਾਂ ਦੇ ਨਾਲ ਨਾਲ ਪੁਸਤਕ ਚਰਚਾ ਵੀ ਹੁੰਦੀ ਹੈ। ਇਹ ਮੈਗਜ਼ੀਨ ਪੰਜਾਬੀ ਦੇ ਮੋਹਰੀ ਮੈਗਜ਼ੀਨਾਂ ਵਿਚ ਸ਼ੁਮਾਰ ਹੁੰਦਾ ਹੈ।

ਇਸ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰਾਂ ਵੱਲੋਂ ਐਕਸਟੈਂਸ਼ਨ ਲੈਕਚਰਾਂ ਦਾ ਆਯੋਜਨ ਵੀ ਕਰਵਾਇਆ ਜਾਂਦਾ ਹੈ। ਇਸ ਲੜੀ ਵਿਚ ਮਿੱਤਰ ਸੈਨ ਮੀਤ, ਡਾ. ਸੁਰਜੀਤ ਸਿੰਘ ਭੱਟੀ, ਡਾ. ਹਰਿਭਜਨ ਸਿੰਘ ਭਾਟੀਆ, ਡਾ. ਗੁਰਇਕਬਾਲ ਸਿੰਘ ਦੀਆਂ ਸੇਵਾਵਾਂ ਲਈਆਂ ਗਈਆਂ।

ਅੰਤਰਰਾਸ਼ਟਰੀ ਕਾਨਫਰੰਸਾਂ ਦਾ ਆਯੋਜਨ:

ਇਸ ਕੇਂਦਰ ਵੱਲੋਂ ਵਿਸ਼ਵ ਭਰ ਵਿਚ ਸਰਗਰਮ ਪੰਜਾਬੀ ਸਾਹਿਤਕਾਰਾਂ ਨੂੰ ਨੇੜੇ ਲਿਆਉਣ ਲਈ ਅਤੇ ਉਹਨਾਂ ਦੁਆਰਾ ਰਚਿਤ ਸਾਹਿਤ ਨੂੰ ਨਵੀਂ ਸੇਧ ਦੇਣ ਲਈ ਅੰਤਰ-ਰਾਸ਼ਟਰੀ ਪੱਧਰ ਦੇ ਸੈਮੀਨਾਰ ਅਤੇ ਕਾਨਫਰੰਸਾਂ ਦਾ ਆਯੋਜਨ ਕੀਤਾ ਜਾਂਦਾ ਹੈ।

18-19 ਫਰਵਰੀ 2014 ਨੂੰ ਪਰਵਾਸੀ ਪੰਜਾਬੀ ਸਾਹਿਤ-ਅਜੋਕੇ ਸੰਦਰਭ ਵਿਸ਼ੇ ’ਤੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਅਧੀਨ ਤਿੰਨ ਅਕਾਦਮਿਕ ਸੈਸ਼ਨ ਕਰਵਾਏ ਗਏ। ਇਸ ਸੈਮੀਨਾਰ ਦੀ ਪ੍ਰਧਾਨਗੀ ਸਾਬਕਾ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਜੇ.ਐਸ. ਪੁਆਰ ਨੇ ਕੀਤੀ ਅਤੇ ਕੁੰਜੀਵਤ ਭਾਸ਼ਨ ਡਾ. ਹਰਚੰਦ ਸਿੰਘ ਬੇਦੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਦਿੱਤਾ ਗਿਆ।

ਇਸ ਕੇਂਦਰ ਵੱਲੋਂ 16-17 ਜਨਵਰੀ 2018 ਵਿਚ ਪਹਿਲੀ ਅੰਤਰਰਾਸ਼ਟਰੀ ਸਾਲਾਨਾ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜ ਅਕਾਦਮਿਕ ਸੈਸ਼ਨ ਕਰਵਾਏ ਗਏ। ਇਸ ਕਾਨਫਰੰਸ ਵਿੱਚ ਕਈ ਮੁਲਕਾਂ ਦੇ ਪੰਜਾਬੀ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ।

ਦੂਜੀ ਅੰਤਰਰਾਸ਼ਟਰੀ ਸਾਲਾਨਾ ਕਾਨਫਰੰਸ 21-22 ਜਨਵਰੀ 2019 ਨੂੰ ਕਰਵਾਈ ਗਈ। ਇਹ ਕਾਨਫਰੰਸ ਪੰਜਾਬ ਭਵਨ ਸਰੀ (ਕੈਨੇਡਾ), ਸ਼ਾਸ਼ਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ ਦਿੱਲੀ, ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਸਟਰੇਲੀਆ, ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਪ੍ਰਾਈਮ ਏਸ਼ੀਆ ਮੀਡੀਆ, ਕੈਨੇਡਾ ਦੇ ਸਹਿਯੋਗ ਨਾਲ ਪਰਵਾਸੀ ਪੰਜਾਬੀ ਸਾਹਿਤ: ਗਲੋਬਲੀ ਪਰਿਪੇਖ ਵਿਸ਼ੇ ’ਤੇ ਕਰਵਾਈ ਗਈ। ਇਸ ਕਾਨਫਰੰਸ ਵਿੱਚ ਚਾਰ ਅਕਾਦਮਿਕ ਸ਼ੈਸ਼ਨ ਕਰਵਾਏ ਗਏ। ਵੱਖ-ਵੱਖ ਮੁਲਕਾਂ ਦੇ ਪੰਜਾਬੀ ਸਾਹਿਤਕਾਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।

ਤੀਸਰੀ ਅੰਤਰਰਾਸ਼ਟਰੀ ਸਾਲਾਨਾ ਕਾਨਫਰੰਸ 23-24 ਜਨਵਰੀ 2020 ਨੂੰ ਕਰਵਾਈ ਗਈ। ਇਸ ਕਾਨਫਰੰਸ ਦਾ ਮੁੱਖ ਵਿਸ਼ਾ ਸੀ- ਪਰਵਾਸੀ ਪੰਜਾਬੀ ਸਾਹਿਤ: ਅਜੋਕੇ ਪਰਿਪੇਖ ਵਿੱਚ। ਇਸ ਕਾਨਫਰੰਸ ਵਿੱਚ ਵੀ ਚਾਰ ਅਕਾਦਮਿਕ ਸੈਸ਼ਨ ਕਰਵਾਏ ਗਏ।

ਇਸ ਤੋਂ ਇਲਾਵਾ ਇਹ ਕੇਂਦਰ ਲਗਾਤਾਰ ਸਾਹਿਤਕ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ, ਜਿਵੇਂ: ਮਾਤ ਭਾਸ਼ਾ ਦਿਵਸ (ਵਿਸ਼ਵ ਪੰਜਾਬੀ ਲੋਕ ਵਿਰਾਸਤ ਦੇ ਸਹਿਯੋਗ ਨਾਲ), ਸੰਤ ਸਿੰਘ ਸੇਖੋਂ ਅਤੇ ਭਾਈ ਵੀਰ ਸਿੰਘ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਦੋ ਸਮਾਗਮ, ਗਿਆਨੀ ਲਾਲ ਸਿੰਘ ਇੰਟਰ ਕਾਲਜ ਕਾਵਿ ਉਚਾਰਣ ਮੁਕਾਬਲਾ, ਕਰੋਨਾ ਸੰਕਟ: ਸੰਵਾਦ ਕੇ ਕਵੀ ਦਰਬਾਰ (ਅੰਤਰਰਾਸ਼ਟਰੀ), ਪੰਜ ਰੋਜ਼ਾ ਕਵੀ ਦਰਬਾਰ ਸਿਰਜਣ ਪ੍ਰਕਿਰਿਆ ਤੇ ਕਵੀ ਦਰਬਾਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ ਦਰਬਾਰ, ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ ਤੇ ਸਿਖਿਆਵਾਂ ਅੰਤਰਰਾਸ਼ਟਰੀ ਵੈਬੀਨਾਰ ਆਦਿ। ਇਸ ਕੇਂਦਰ ਵੱਲੋਂ ਇਕ ਹੋਰ ਸਲਾਹੁਣਯੋਗ ਕਾਰਜ ਕੀਤਾ ਹੈ ਕੇ ਵੱਖ-ਵੱਖ ਦੁਨਿਆਵੀ ਖ਼ਿੱਤਿਆਂ (Continents) ਦੇ ਕਵੀ ਦਰਬਾਰ ਕਰਵਾਏ ਹਨ, ਜਿਸ ਸਦਕਾ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ ਆਪਣੀ ਹੋਂਦ ਨੂੰ ਗਲੋਬਲੀ ਪੱਧਰ ’ਤੇ ਸਥਾਪਿਤ ਕਰ ਲਿਆ ਹੈ। ਡਾ. ਐੱਸ.ਪੀ. ਸਿੰਘ ਦਾ ਵਿਚਾਰ ਹੈ ਕਿ ਜੇਕਰ ਪਰਵਾਸੀ ਪੰਜਾਬੀ ਸਾਹਿਤ ਨੂੰ ਸਮਝਣਾ ਹੈ ਤਾਂ ਉਸ ਨੂੰ ਵੱਖ ਵੱਖ ਭੂਗੋਲਿਕ ਖੰਡਾਂ ਵਿਚ ਰੱਖ ਕੇ ਵਿਚਾਰਨਾ ਪਵੇਗਾ ਕਿਉਂਕਿ ਹਰ ਖਿੱਤੇ ਦੀਆਂ ਆਪਣੀਆਂ ਭੂਗੋਲਿਕ, ਸਮਾਜਿਕ, ਸੱਭਿਆਚਾਰਕ ਬਣਤਰਾਂ ਹਨ। ਡਾ. ਲਖਵਿੰਦਰ ਸਿੰਘ ਜੌਹਲ ਅਨੁਸਾਰ ਪਰਵਾਸ ਅਤੇ ਪੰਜਾਬੀ ਸਾਹਿਤ ਵਿਚ ਵਿਸ਼ਵ ਪੱਧਰ ’ਤੇ ਬਦਲਾਅ ਹੋ ਰਹੇ ਹਨ ਤੇ ਪਰਵਾਸੀ ਪੰਜਾਬੀ ਸਾਹਿਤ ਨੂੰ ਵੀ ਇਹਨਾਂ ਬਦਲੀਆਂ ਹੋਈਆਂ ਪ੍ਰਸਥਿਤੀਆਂ ਅਨੁਸਾਰ ਹੀ ਸਮਝਣਾ ਪਵੇਗਾ।

ਇਹ ਕੇਂਦਰ ਦੁਨੀਆਂ ਦੇ ਹੋਰ ਮੁਲਕਾਂ ਵਿਚ ਸਰਗਰਮ ਪੰਜਾਬੀ ਸਾਹਿਤਕ ਸੰਸਥਾਵਾਂ ਨਾਲ ਮਿਲ ਕੇ ਸਾਂਝੇ ਪ੍ਰੋਗਰਾਮ ਉਲੀਕ ਰਿਹਾ ਹੈ। ਜੁਲਾਈ-ਅਗਸਤ 2021 ਵਿਚ ਪੰਜਾਬੀ ਕਲਮਾਂ ਦਾ ਕਾਫਲਾ ਟਰਾਂਟੋ ਸਾਹਿਤ ਦੇ ਸਹਿਯੋਗ ਨਾਲ ਦੋ ਕੈਨੇਡੀਅਨ ਅਮਰੀਕਨ ਕਵੀ ਦਰਬਾਰਾਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਇਹਨਾਂ ਦੋਹਾਂ ਮੁਲਕਾਂ ਵਿਚ ਰਹਿੰਦੇ ਸਥਾਪਿਤ ਅਤੇ ਨਵੇਂ ਕਵੀਆਂ ਨੇ ਸ਼ਿਰਕਤ ਕੀਤੀ। ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਨਾਲ ਮਿਲਵਰਤਣ ਕਰਕੇ ਮਹਿੰਦਰ ਪਾਲ ਸਿੰਘ (ਬਰਤਾਨੀਆ) ਦੇ ਨਾਵਲ ‘ਸੋਫੀਆ’ ਅਤੇ ਪ੍ਰਕਾਸ਼ ਮੋਹਲ (ਬਰਤਾਨੀਆ) ਦੇ ਨਾਵਲ ‘ਚਹੁੰ ਪੈਰਾਂ ਦਾ ਸਫਰ’ ’ਤੇ ਚਰਚਾ ਕੀਤੀ ਗਈ।

ਇਸਦੇ ਸੰਸਥਾਪਕ ਡਾ. ਐਸ.ਪੀ. ਸਿੰਘ ਕੋਲ ਅਧਿਆਪਨ ਅਤੇ ਬਤੌਰ ਵਾਈਸ ਚਾਂਸਲਰ ਲੰਬਾ ਪਰਸ਼ਾਸਕੀ ਤਜਜਰਬਾ ਹੈ। ਉਹਨਾਂ ਦੀ ਜਾਣ ਪਹਿਚਾਣ ਦਾ ਘੇਰਾ ਵਿਸ਼ਾਲ ਹੈ ਉਹਨਾ ਨੇ ਆਪਣੇ ਨਾਲ ਸੁਹਿਰਦ ਸਾਹਿਤਕਾਰਾਂ ਦੀ ਟੀਮ ਨੂੰ ਜੋੜਿਆ ਹੈ, ਜੋ ਨਿਰਸਵਾਰਥ ਸਾਹਿਤ ਪ੍ਰਤੀ ਆਪਣੀਆਂ ਜ਼ਿੰਮੇਦਾਰੀਆਂ ਨਿਭਾ ਰਹੇ ਹਨ। ਇਸ ਸਮੇਂ ਸ੍ਰੀ ਸੁੱਖੀ ਬਾਠ (ਕੈਨੇਡਾ), ਪ੍ਰੋ. ਸਰਬਜੀਤ ਸਿੰਘ (ਕੈਨੇਡਾ), ਸਰਬਜੀਤ ਸਿੰਘ ਸੋਹੀ (ਆਸਟਰੇਲੀਆ), ਕੁਲਵਿੰਦਰ ਸਿੰਘ (ਅਮਰੀਕਾ), ਮੋਹਨ ਗਿੱਲ (ਕੈਨੇਡਾ), ਨਕਸ਼ਦੀਪ ਪੰਜਕੋਹਾ (ਅਮਰੀਕਾ) ਅਤੇ ਬਲਵਿੰਦਰ ਸਿੰਘ ਚਾਹਲ (ਯੂ ਕੇ) ਅਤੇ ਭਾਰਤ ਤੋਂ ਪ੍ਰੋ. ਗੁਰਭਜਨ ਗਿੱਲ, ਪ੍ਰੋ. ਮਨਜੀਤ ਸਿੰਘ ਛਾਬੜਾ, ਡਾ. ਅੰਮ੍ਰਿਤਪਾਲ ਕੌਰ, ਡਾ. ਲਖਵਿੰਦਰ ਜੌਹਲ ਅਤੇ ਮੁਨੀਸ਼ ਕੁਮਾਰ ਵਰਗੇ ਸੁਚੱਜੇ ਅਤੇ ਪੰਜਾਬੀ ਸਾਹਿਤ, ਸੱਭਿਆਚਾਰ ਲਈ ਹੱਸ ਕੇ ਆਪਣਾ ਯੋਗਦਾਨ ਪਾਉਣ ਵਾਲੇ ਸੁਹਿਰਦ ਪਰਵਾਸੀ ਪੰਜਾਬੀ ਸਾਹਿਤ ਅਧਿਐਨ ਕੇਂਦਰ ਨਾਲ ਜੁੜੇ ਹੋਏ ਹਨ। ਵਿਦੇਸ਼ਾਂ ਵਿਚ ਸਰਗਰਮ ਕੁਝ ਸਾਹਿਤਕ ਸੰਸਥਾਵਾਂ- ਪੰਜਾਬੀ ਭਵਨ ਕੈਨੇਡਾ, ਸਾਹਿਤ ਸੁਰ ਸੰਗਮ ਸਭਾ ਇਟਲੀ, ਇੰਡੋਜ਼ ਪੰਜਾਬੀ ਸਾਹਿਤ ਸਭਾ ਅਕਾਡਮੀ ਆਸਟਰੇਲੀਆ ਵੀ ਇਸ ਕੇਂਦਰ ਨਾਲ ਜੁੜੀਆਂ ਹੋਈਆਂ ਹਨ। ਇਸੇ ਲਈ ਸਿਰਮੌਰ ਪੰਜਾਬੀ ਸਾਹਿਤਕਾਰ ਡਾ. ਸੁਰਜੀਤ ਪਾਤਰ (ਪਦਮ ਸ਼੍ਰੀ) ਨੇ ਕੈਨੇਡੀਅਨ ਅਮਰੀਕਨ ਪੰਜਾਬੀ ਕਵੀ ਦਰਬਾਰ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ”ਪਰਵਾਸੀ ਪੰਜਾਬੀ ਸਾਹਿਤ ਅਧਿਐਨ ਕੇਂਦਰ, ਪੰਜਾਬੀ ਵਿਸ਼ਵ ਸਾਹਿਤ ਦਾ ਧੁਰਾ ਬਣ ਗਿਆ ਹੈ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3094)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author