AmritKShergill7ਪੜ੍ਹਨ ਵੇਲੇ ਪੜ੍ਹਾਈ ਵਿੱਚ, ਖੇਡਣ ਵੇਲੇ ਖੇਡ ਵਿੱਚ ਅਤੇ ਬਾਕੀ ਕੋਈ ਕਿਰਤ ਕਰਨ ਲੱਗਿਆਂ ਉਸ ਵਿੱਚ ...
(5 ਸਤੰਬਰ 2023)


ਪਿਆਰੇ ਵਿਦਿਆਰਥੀਓ
,

ਬਹੁਤ ਬਹੁਤ ਪਿਆਰ ਅਤੇ ਦੁਆਵਾਂ

ਤੁਸੀਂ ਸਾਰੇ ਜਾਣਦੇ ਹੀ ਹੋ ਕਿ 5 ਸਤੰਬਰ ਹਰ ਸਾਲ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈਇਸ ਦਿਨ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦਾ ਜਨਮ ਦਿਨ ਹੁੰਦਾ ਹੈ ਜੋ ਕਿ ਚਾਲੀ ਸਾਲ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇਉਹ ਅਧਿਆਪਕ ਹੋਣ ਦੇ ਨਾਲ ਨਾਲ ਮਹਾਨ ਦਾਰਸ਼ਨਿਕ ਅਤੇ ਰਾਜਨੇਤਾ ਵੀ ਸਨਦੇਸ਼ ਦੇ ਰਾਸ਼ਟਰਪਤੀ ਵੀ ਰਹੇਇਸ ਦਿਨ ਅਖ਼ਬਾਰ ਮੈਗਜ਼ੀਨ ਅਧਿਆਪਕ ਨਾਲ ਸੰਬੰਧਿਤ ਲੇਖਾਂ ਚਰਚਾਵਾਂ ਨਾਲ ਭਰੇ ਹੁੰਦੇ ਹਨਤੁਸੀਂ ਵੀ ਇਸ ਦਿਨ ਆਪਣੇ ਅਧਿਆਪਕ, ਅਧਿਆਪਕਾਵਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਆਮ ਕਰਕੇ ਉਹਨਾਂ ਨੂੰ ਤੁਸੀਂ ਖੁਦ ਅਧਿਆਪਕ ਬਣ ਕੇ ਦਿਖਾਉਂਦੇ ਹੋਤੁਸੀਂ ਉਹਨਾਂ ਦੀ ਥਾਂ ਖੁਦ ਪੜ੍ਹਾ ਕੇ ਖੁਸ਼ੀ ਮਹਿਸੂਸ ਕਰਦੇ ਹੋਇਸ ਦਿਨ ਅਧਿਆਪਕਾਂ ਸੰਬੰਧੀ ਬੜਾ ਕੁਝ ਛਪਦਾ ਹੈਤੁਸੀਂ ਵੀ ਪੜ੍ਹਦੇ ਸੁਣਦੇ ਹੋਵੋਗੇਕਾਫ਼ੀ ਬੱਚੇ ਆਪਣੇ ਅਧਿਆਪਕਾਂ ਨੂੰ ਆਪਣੇ ਹੱਥੀਂ ਕਾਰਡ ਤਿਆਰ ਕਰਕੇ ਉਹਨਾਂ ਨੂੰ ਬੜੇ ਖੂਬਸੂਰਤ ਢੰਗ ਨਾਲ ਸਜ਼ਾ ਕੇ ਬੜੀ ਹੀ ਸੁਹਣੀ ਲਿਖਾਈ ਵਿੱਚ ਕੁਝ ਲਿਖ ਕੇ ਦਿੰਦੇ ਹਨਤੁਸੀਂ ਉਸ ਦਿਨ ਪੂਰੇ ਖੁਸ਼ ਹੁੰਦੇ ਹੋ ਅਤੇ ਅਧਿਆਪਕ ਵੀ ਖੁਸ਼ ਹੁੰਦੇ ਹਨ ਮੈਨੂੰ ਪਤਾ ਹੈ ਕਿ ਤੁਸੀਂ ਹਰ ਰੋਜ਼ ਐਨੇ ਖੁਸ਼ ਨਹੀਂ ਹੁੰਦੇ ਅਤੇ ਨਾ ਹੀ ਅਧਿਆਪਕ ਐਨੇ ਖੁਸ਼ ਹੁੰਦੇ ਹਨਇੱਕ ਮਿੰਟ ਲਈ ਸਾਰੇ ਪਾਸੇ ਤੋਂ ਧਿਆਨ ਹਟਾ ਕੇ ਸੋਚੋ … … ਇਸ ਖੁਸ਼ੀ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋਤੁਹਾਡੇ ਦਿਮਾਗ਼ ਵਿੱਚ ਵੱਖਰੇ ਵੱਖਰੇ ਖਿਆਲ ਆ ਸਕਦੇ ਹਨਕੋਈ ਸੋਚੇਗਾ, ਅੱਜ ਅਧਿਆਪਕ ਪੜ੍ਹਾਉਣਗੇ ਨਹੀਂਕੋਈ ਸੋਚੇਗਾ, ਅੱਜ ਝਿੜਕਣਗੇ ਨਹੀਂਕੋਈ ਸੋਚੇਗਾ, ਅੱਜ ਕੋਈ ਟੈਸਟ ਨਹੀਂ ਲੈਣਗੇ, ਵਗੈਰਾ ਵਗੈਰਾਪਰ ਮੈਂ ਤੁਹਾਨੂੰ ਅਸਲੀ ਖੁਸ਼ੀ ਦਾ ਕਾਰਨ ਦੱਸਦੀ ਹਾਂ ਜੋ ਕਈ ਵਾਰ ਮੇਰੇ ਦਿਲ ਦਿਮਾਗ਼ ਵਿੱਚ ਆਉਂਦਾ ਹੈਤੁਸੀਂ ਅਤੇ ਤੁਹਾਡੇ ਸਤਿਕਾਰਯੋਗ ਅਧਿਆਪਕ ਵੀ ਇਸ ’ਤੇ ਸਹਿਮਤ ਹੋ ਸਕਦੇ ਹਨ

ਅਧਿਆਪਕ ਦਿਵਸ ’ਤੇ ਤੁਹਾਡਾ ਅਧਿਆਪਕਾਂ ਪ੍ਰਤੀ ਨਜ਼ਰੀਆ ਸਕਾਰਾਤਮਕ ਊਰਜਾ ਨਾਲ ਭਰਿਆ ਹੁੰਦਾ ਹੈਤੁਹਾਡੇ ਦਿਲ ਦਿਮਾਗ ਵਿੱਚ ਇਹ ਖਿਆਲ ਘੁੰਮਦੇ ਹਨ, ਜੋ ਤੁਸੀਂ ਮੀਡੀਆ ’ਤੇ ਦੇਖੇ ਜਾਂ ਪੜ੍ਹੇ ਹੁੰਦੇ ਹਨਅਧਿਆਪਕ ਤੁਹਾਨੂੰ ਮੋਮਬੱਤੀ ਵਾਂਗ ਜਲ਼ ਕੇ ਰੌਸ਼ਨੀ ਵੰਡਦਾ ਮਹਿਸੂਸ ਹੁੰਦਾ ਹੈਅਧਿਆਪਕ ਤੁਹਾਨੂੰ ਰੱਬ ਦੇ ਬਰਾਬਰ ਖੜ੍ਹਾ ਦਿਸਦਾ ਹੈ ਤੇ ਤੁਹਾਨੂੰ ਸਮਝ ਨਹੀਂ ਲਗਦੀ ਕਿ ਪਹਿਲਾਂ ਕੀਹਦੇ ਪੈਰੀਂ ਹੱਥ ਲਾਏ ਜਾਣਅਧਿਆਪਕ ਤੁਹਾਨੂੰ ਮਾਲੀ ਦੀ ਤਰ੍ਹਾਂ ਦਿਸੇਗਾ ਜਿਹੜਾ ਸਹੀ ਪਾਸੇ ਜਾਣ ਲਈ ਤੁਹਾਡਾ ਰਾਹ ਦਿਸੇਰਾ ਬਣਦਾ ਹੈਅਧਿਆਪਕ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਸਹੀ ਸੇਧ ਦੇਣ ਵਾਲੇ ਗੁਰੂ ਦੇ ਰੂਪ ਵਿੱਚ ਨਜ਼ਰ ਆਉਣ ਲੱਗ ਪੈਂਦਾ ਹੈਤੁਸੀਂ ਆਪਣੇ ਚੰਗੇ ਅਧਿਆਪਕਾਂ ਪ੍ਰਤੀ ਸਤਿਕਾਰ ਨਾਲ ਭਰੇ ਹੁੰਦੇ ਹੋ ਇਸਦਾ ਨਤੀਜਾ ਇਹ ਹੁੰਦਾ ਹੈ ਕਿ ਅਧਿਆਪਕ ਵੀ ਤੁਹਾਡਾ ਪਿਆਰ ਸਤਿਕਾਰ ਦੇਖ ਕੇ ਆਪਣੀਆਂ ਸਾਰੀਆਂ ਦੁਆਵਾਂ ਤੁਹਾਡੇ ਤੋਂ ਵਾਰਦੇ ਹਨਬੱਚੇ ਤੁਸੀਂ ਵੀ ਉਹੀ ਹੁੰਦੇ ਹੋ, ਅਧਿਆਪਕ ਅਧਿਆਪਕਾਵਾਂ ਵੀ ਉਹੀ ਅਤੇ ਸਕੂਲ ਕਾਲਜ ਵੀ ਉਹੀ, ਫ਼ਰਕ ਸਿਰਫ਼ ਐਨਾ ਹੁੰਦਾ ਹੈ ਕਿ ਉਸ ਦਿਨ ਮਾਹੌਲ ਹੀ ਇੱਦਾਂ ਦਾ ਬਣਿਆ ਹੁੰਦਾ ਹੈਇਸਦਾ ਮਤਲਬ ਇਹ ਹੋਇਆ ਕਿ ਪੜ੍ਹਿਆ, ਦੇਖਿਆ, ਸੁਣਿਆ ਸਾਡੇ ਦਿਲ ਦਿਮਾਗ਼ ’ਤੇ ਡੂੰਘਾ ਅਸਰ ਪਾਉਂਦਾ ਹੈਅਸੀਂ ਹਰ ਰੋਜ਼ ਚੰਗਾ ਪੜ੍ਹੀਏ, ਚੰਗਾ ਦੇਖੀਏ ਅਤੇ ਚੰਗਾ ਸੁਣੀਏ, ਆਪਣੇ ਅੰਦਰ ਚੰਗੀ ਤਾਕਤ ਨੂੰ ਇਸ ਤਰ੍ਹਾਂ ਭਰੀਏ ਤਾਂ ਜੋ ਕਿਸੇ ਵੀ ਬੁਰਿਆਈ ਨੂੰ ਸਾਡੇ ਅੰਦਰ ਬੈਠਣ ਲਈ ਕੋਈ ਥਾਂ ਹੀ ਨਾ ਲੱਭੇਜੇ ਤੁਸੀਂ ਚਾਹੋ ਤਾਂ ਹਰ ਰੋਜ਼ ਇਸੇ ਤਰ੍ਹਾਂ ਖੁਸ਼ ਰਹਿ ਕੇ ਪੜ੍ਹਾਈ ਕਰ ਸਕਦੇ ਹੋ ਬੱਸ ਥੋੜ੍ਹੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਪਵੇਗਾਇਹ ਗੱਲ ਦਿਲ ਦਿਮਾਗ਼ ਵਿੱਚ ਰੱਖਣੀ ਹੋਵੇਗੀ ਕਿ ਤੁਸੀਂ ਸਕੂਲ ਜਾਂ ਕਾਲਜ ਵਿੱਚ ਆਪਣੀ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜਿਊਣ ਲਈ ਕੁਝ ਚੰਗਾ ਸਿੱਖਣ ਜਾਂਦੇ ਹੋਇਸ ਲਈ ਆਪਣੇ ਦਿਲ ਦਿਮਾਗ਼ ਨੂੰ ਪੁੱਠੇ ਸਿੱਧੇ ਕੰਮਾਂ ਵਿੱਚ ਲਗਾ ਕੇ ਸਮਾਂ ਬਰਬਾਦ ਕਰਨ ਦੀ ਥਾਂ ਪੜ੍ਹਨਾ ਹੋਵੇਗਾਇਸ ਵਿੱਚ ਤੁਸੀਂ ਆਪਣੇ ਦੋਸਤਾਂ ਅਤੇ ਅਧਿਆਪਕਾਂ ਦੀ ਮਦਦ ਲਵੋਗੇਮੈਂ ਤੁਹਾਨੂੰ ਕਿਤਾਬੀ ਕੀੜਾ ਬਣਨ ਲਈ ਨਹੀਂ ਆਖ ਰਹੀਪਰ ਪਹਿਲ ਪੜ੍ਹਾਈ ਨੂੰ ਦੇਣੀ ਹੋਵੇਗੀ

ਇੱਕ ਸਿੱਧੀ ਜਿਹੀ ਗੱਲ ਪੱਲੇ ਬੰਨ੍ਹ ਲੈਣੀ ਕਿ ਜਦੋਂ ਤੁਸੀਂ ਆਪਣੇ ਮਾਪਿਆਂ ਜਾਂ ਅਧਿਆਪਕਾਂ ਨੂੰ ਖੁਸ਼ੀ ਦਿੰਦੇ ਹੋ ਤਾਂ ਤੁਸੀਂ ਖੁਦ ਉਹਨਾਂ ਤੋਂ ਜ਼ਿਆਦਾ ਖੁਸ਼ ਹੁੰਦੇ ਹੋਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਵਧਦੀਆਂ ਹਨਤੁਹਾਡੇ ਇੱਕ ਕੰਮ ਕਰਨ ਨਾਲ ਮਾਪੇ, ਅਧਿਆਪਕ ਅਤੇ ਤੁਸੀਂ ਖੁਦ ਖੁਸ਼ ਰਹਿ ਸਕਦੇ ਹੋ, ਉਹ ਕੰਮ ਹੈ ਪੜ੍ਹਾਈ। ਜੇ ਤੁਸੀਂ ਚੰਗਾ ਪੜ੍ਹਦੇ ਹੋ ਤਾਂ ਸਾਰੇ ਖੁਸ਼ਇਹ ਕੋਈ ਬਹੁਤਾ ਔਖਾ ਕੰਮ ਨਹੀਂਪੜ੍ਹਨ ਵੇਲੇ ਪੜ੍ਹਾਈ ਵਿੱਚ, ਖੇਡਣ ਵੇਲੇ ਖੇਡ ਵਿੱਚ ਅਤੇ ਬਾਕੀ ਕੋਈ ਕਿਰਤ ਕਰਨ ਲੱਗਿਆਂ ਉਸ ਵਿੱਚ ਪੂਰਾ ਧਿਆਨ ਲਗਾਓਪੜ੍ਹਾਈ ਦੇ ਨਾਲ-ਨਾਲ ਆਪਣੇ ਪਿਤਾ-ਪੁਰਖੀ ਕੰਮ ਜ਼ਰੂਰ ਸਿੱਖੋਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾਕਈ ਵਾਰ ਪਿਤਾ-ਪੁਰਖੀ ਕਿੱਤੇ ਹੀ ਇਨਸਾਨ ਨੂੰ ਬੁਲੰਦੀਆਂ ਉੱਤੇ ਪਹੁੰਚਾ ਦਿੰਦੇ ਹਨਸੱਚ ਮੰਨਣਾ, ਜੇ ਤੁਸੀਂ ਆਪਣਾ ਹਰ ਕੰਮ ਕਰਦੇ ਸਮੇਂ ਆਪਣੇ ਦਿਲ ਦਿਮਾਗ਼ ਨੂੰ ਹਾਜ਼ਰ ਰੱਖੋਗੇ ਤਾਂ ਕਿਸੇ ਵੀ ਕੰਮ ਨੂੰ ਭਾਰ ਨਹੀਂ ਸਮਝੋਗੇਆਪਣੇ ਮਾਪਿਆਂ ਦੀਆਂ ਪਾਟੀਆਂ ਬਿਆਈਆਂ ਜ਼ਰੂਰ ਦੇਖ ਲਿਆ ਕਰੋਤੁਹਾਡੇ ਬੇਵੱਸ ਮਾਪੇ, ਜਿਹੜੇ ਮਿਹਨਤ ਮਜ਼ਦੂਰੀ ਕਰਕੇ ਤੁਹਾਨੂੰ ਪੜ੍ਹਾ ਰਹੇ ਹਨ ਸਿਰਫ਼ ਇਸ ਕਰਕੇ ਕਿ ਉਹ ਤੁਹਾਨੂੰ ਆਪਣੇ ਨਾਲੋਂ ਬਿਹਤਰ ਜ਼ਿੰਦਗੀ ਦੇਣਾ ਚਾਹੁੰਦੇ ਹਨਕਦੇ ਉਹਨਾਂ ਦੀਆਂ ਅੱਖਾਂ ਦੇ ਕੋਇਆਂ ਵਿੱਚ ਸੁੱਕੇ ਪਾਣੀ ਵੱਲ ਨਜ਼ਰ ਮਾਰ ਲੈਣਾਜੇ ਤੁਹਾਡੇ ਮਾਪੇ ਨੌਕਰੀ ਕਰਦੇ ਹਨ ਜਾਂ ਕੋਈ ਵਪਾਰ ਕਰਦੇ ਹਨ, ਉਹਨਾਂ ਦੀ ਮਿਹਨਤ ਵੱਲ ਵੀ ਨਜ਼ਰ ਮਾਰ ਲਿਆ ਕਰੋਕਾਮਯਾਬੀਆਂ ਬਿਨਾਂ ਮਿਹਨਤ ਕੀਤਿਆਂ ਨਹੀਂ ਮਿਲਦੀਆਂ ਹੁੰਦੀਆਂ

ਤੁਸੀਂ ਆਪਣੀਆਂ ਕਿਤਾਬਾਂ ਵਿੱਚ ਵੀ ਬਹੁਤ ਗਿਆਨ ਦੀਆਂ ਗੱਲਾਂ ਪੜ੍ਹ ਲੈਂਦੇ ਹੋਪਰ ਬਹੁਤੇ ਪੜ੍ਹ ਕੇ ਛੱਡ ਦਿੰਦੇ ਹਨਜਿਹੜੇ ਆਪਣੇ ਜੀਵਨ ਵਿੱਚ ਉਤਾਰ ਲੈਂਦੇ ਹਨ, ਉਹ ਹਮੇਸ਼ਾ ਕਾਮਯਾਬ ਹੁੰਦੇ ਹਨਇੱਥੇ ਮੈਂ ਇਹ ਦੱਸ ਦਿਆਂ ਕਿ ਕਾਮਯਾਬੀ ਪੁੱਠੇ ਸਿੱਧੇ ਹਥਕੰਡੇ ਵਰਤ ਕੇ ਪੈਸਾ ਕਮਾਉਣ ਨੂੰ ਨਹੀਂ ਆਖਦੇਪੈਸਾ ਤਾਂ ਦੁਨੀਆਂ ਨੂੰ ਬਰਬਾਦ ਕਰਕੇ, ਮਾਵਾਂ ਦੇ ਪੁੱਤਾਂ ਨੂੰ ਤਬਾਹੀ ਦੇ ਰਾਹ ਤੋਰ ਕੇ ਮੌਤ ਦੇ ਮੂੰਹ ਧੱਕਣ ਵਾਲੇ ਵੀ ਬਥੇਰਾ ਕਮਾਈ ਜਾਂਦੇ ਨੇਉਹਨਾਂ ਨੂੰ ਅਸੀਂ ਕਾਮਯਾਬ ਨਹੀਂ ਆਖ ਸਕਦੇਇਸੇ ਤਰ੍ਹਾਂ ਦੇ ਮੌਤ ਵੰਡਣ ਵਾਲੇ ਵਪਾਰੀਆਂ ਨੂੰ ਉਸ ਵੇਲੇ ਪਤਾ ਲੱਗਦਾ ਹੈ ਕਿ ਉਹ ਕਾਮਯਾਬ ਨਹੀਂ ਜਦੋਂ ਉਹਨਾਂ ਦਾ ਕੋਈ ਆਪਣਾ ਉਹਨਾਂ ਦੀ ਵੇਚੀ ਮੌਤ ਨੂੰ ਗਲੇ ਲਗਾਉਂਦਾ ਹੈ ਅਤੇ ਉਹ ਆਪਣਾ ਸਾਰਾ ਕਮਾਇਆ ਪੈਸਾ ਖਰਚ ਵੀ ਉਸ ਨੂੰ ਬਚਾ ਨਹੀਂ ਸਕਦੇਪੜ੍ਹੇ ਲਿਖੇ ਤਾਂ ਇਸ ਤਰ੍ਹਾਂ ਦਾ ਕਾਲਾ ਧੰਦਾ ਕਰਨ ਵਾਲੇ ਵੀ ਹੋਣਗੇ ਪਰ ਉਹਨਾਂ ਆਪਣੀ ਪੜ੍ਹਾਈ ਤੋਂ ਕੁਝ ਸਿੱਖਿਆ ਨਹੀਂ ਹੋਣਾ

ਆਪਾਂ ਨਿੱਕੀਆਂ ਨਿੱਕੀਆਂ ਕਹਾਣੀਆਂ ਬਚਪਨ ਤੋਂ ਹੀ ਪੜ੍ਹਨੀਆਂ ਸ਼ੁਰੂ ਕਰ ਦਿੰਦੇ ਹਾਂਪਰ ਅਖ਼ੀਰ ਤੇ ਦਿੱਤੀ ਸਿੱਖਿਆ ਵਾਲੀ ਸਤਰ ਰਟ ਲੈਂਦੇ ਹਾਂ, ਉਸ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਅਪਣਾਉਂਦੇਅਸੀਂ ਸਾਰਿਆਂ ਨੇ - ਏਕੇ ਵਿੱਚ ਬਰਕਤ ਹੈ - ਕਹਾਣੀ ਪੜ੍ਹੀ ਪਰ ਅਸੀਂ ਕਿੰਨਾ ਕੁ ਇਸ ’ਤੇ ਚੱਲੇ ਹਾਂ, ਇਹ ਤਾਂ ਸਾਡੇ ਦੋ ਦੋ ਤਿੰਨ ਤਿੰਨ ਜੀਆਂ ਵਾਲੇ ਪਰਿਵਾਰਾਂ ਤੋਂ ਪਤਾ ਲੱਗਦਾ ਹੈਪਰ ਜਿੱਥੇ ਵੀ ਏਕਤਾ ਦਿਖਾਈ ਹੈ ਉੱਥੇ ਜਿੱਤ ਨੇ ਕਦਮ ਚੁੰਮੇ ਨੇਕਿਸਾਨੀ ਅੰਦੋਲਨ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸਾਰੇ ਸ਼ਾਮਲ ਸਨ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀਲਾਲਚ ਬੁਰੀ ਬਲਾ ਹੈ, ਸਭ ਨੇ ਪੜ੍ਹਿਆ … … ਲਾਲਚੀ ਕੁੱਤੇ ਦੀ ਕਹਾਣੀਪਰ ਇਹ ਨਹੀਂ ਸੋਚਿਆ ਕਿ ਇਹ ਕਹਾਣੀ ਸਾਡੇ ਮਨੋਰੰਜਨ ਲਈ ਹੀ ਨਹੀਂ ਸਾਨੂੰ ਸੇਧ ਵੀ ਦਿੰਦੀ ਹੈਲਾਲਚੀ ਕੁੱਤੇ ਵਾਲਾ ਹਾਲ ਬਹੁਤਿਆਂ ਦਾ ਹੋਇਆਕਿਤੇ ਕਿਸੇ ਨੇ ਗਹਿਣੇ ਦੁੱਗਣੇ ਕਰਨ ਵਿੱਚ ਆਪਣਾ ਘਰ ਲੁਟਾ ਲਿਆ, ਕਿਤੇ ਕਿਸੇ ਨੇ ਛੇਤੀ ਅਮੀਰ ਹੋਣ ਦੇ ਚੱਕਰ ਵਿੱਚ ਆਪਣਾ ਭੋਰਾ ਭੋਰਾ ਕਰਕੇ ਜੋੜਿਆ ਪੈਸਾ ਜਾਂ ਜ਼ਮੀਨਾਂ ਤਕ ਗਹਿਣੇ ਪਾ ਕੇ ਲੋਟੂ ਕੰਪਨੀਆਂ ਵਿੱਚ ਲਗਾ ਦਿੱਤਾਹੱਥ ਪੱਲੇ ਵਾਲਾ ਤਾਂ ਲੁਟਾ ਹੀ ਲਿਆ, ਕਰਜ਼ਾ ਚੁੱਕ ਕੇ ਵੀ ਲੁਟਾ ਦਿੱਤਾਟੋਕਰੀ ਵਿੱਚ ਰੱਖੇ ਖਰਾਬ ਸੇਬ ਦੀ ਕਹਾਣੀ ਸਿਰਫ਼ ਉਸ ਕਹਾਣੀ ਦੇ ਪਾਤਰ ਰਾਮ ਜਾਂ ਸ਼ਾਮ ਨੂੰ ਸਮਝਾਉਣ ਵਾਸਤੇ ਨਹੀਂ ਸੀ, ਉਹ ਤਾਂ ਸਾਡੇ ਸਾਰਿਆਂ ਵਾਸਤੇ ਸੀਜੇ ਇਹ ਸਬਕ ਅਸੀਂ ਆਪਣੇ ਜੀਵਨ ਵਿੱਚ ਲਾਗੂ ਕੀਤੇ ਹੁੰਦੇ ਤਾਂ ਹੀਰਿਆਂ ਵਰਗੇ ਪੁੱਤਾਂ ਦੀਆਂ ਲਾਸ਼ਾਂ ਰੂੜੀਆਂ ’ਤੇ ਨਾ ਰੁਲਦੀਆਂਬੱਚਿਓ! ਇਹ ਕਹਾਣੀਆਂ ਰਟਣ ਵਾਸਤੇ ਨਹੀਂ, ਆਪਣੀ ਜ਼ਿੰਦਗੀ ਨੂੰ ਸਹੀ ਸੇਧ ਦੇਣ ਲਈ ਹੁੰਦੀਆਂ ਹਨ

ਕਿਹਾ ਜਾ ਰਿਹਾ ਹੈ ਕਿ ਅੱਜ ਦਾ ਸਮਾਂ ਬੜੇ ਖ਼ਤਰਨਾਕ ਮੋੜ ’ਤੇ ਹੈਭਲਕੇ ਪਤਾ ਨਹੀਂ ਕੀ ਕੀ ਦੇਖਣ ਸੁਣਨ ਨੂੰ ਮਿਲੇਗਾਮੇਰੇ ਖਿਆਲ ਵਿੱਚ ਸਮਾਂ ਕਦੇ ਵੀ ਮਾੜਾ ਜਾਂ ਚੰਗਾ ਨਹੀਂ ਹੁੰਦਾਅਸੀਂ ਹੀ ਮਾੜੇ ਚੰਗੇ ਕੰਮ ਕਰਕੇ ਉਸ ਉੱਤੇ ਮਾੜੇ ਚੰਗੇ ਹੋਣ ਦਾ ਲੇਬਲ ਲਾ ਦਿੰਦੇ ਹਾਂਇਸ ਸਮੇਂ ਦੀਆਂ ਡੋਰਾਂ ਤੁਹਾਡੇ ਹੱਥ ਵਿੱਚ ਹਨਤੁਸੀਂ ਬਹੁਤ ਤਾਕਤ ਰੱਖਦੇ ਹੋਜੇ ਦਿਲੋਂ ਪ੍ਰਣ ਕਰ ਲਵੋ ਕਿ ਅਸੀਂ ਕੁਝ ਬੁਰਾ ਨਹੀਂ ਕਰਾਂਗੇ ਅਤੇ ਨਾ ਹੀ ਬੁਰਾ ਕਰਨ ਵਾਲਿਆਂ ਦਾ ਸਾਥ ਦਿਆਂਗੇ ਤਾਂ ਬੁਰਾਈਆਂ ਦੀ ਕੀ ਮਜ਼ਾਲ ਹੈ ਕਿ ਉਹ ਤੁਹਾਡੇ ਸਾਹਮਣੇ ਟਿਕ ਸਕਣਗੀਆਂਕਹਿੰਦੇ ਨੇ ਜਿਹੜਾ ਆਪਣੀ ਮਦਦ ਆਪ ਕਰਦਾ ਹੈ, ਕੁਦਰਤ ਜਾਂ ਰੱਬ ਕੁਝ ਵੀ ਆਖ ਲਵੋ, ਵੀ ਉਸ ਦੀ ਮਦਦ ਕਰਨਗੇਤੁਹਾਡੇ ਅੰਦਰ ਬਹੁਤ ਸਮਰੱਥਾਵਾਂ ਹਨ ਕੁਝ ਵੀ ਚੰਗਾ ਕਰਨ ਲਈ, ਇਹਨਾਂ ਦੀ ਵਰਤੋਂ ਕਰੋਆਪਣਾ ਸਮਾਂ ਅਤੇ ਊਰਜਾ ਫਾਲਤੂ ਦੇ ਕੰਮਾਂ ਵਿੱਚ ਨਾ ਗਵਾਉਚੰਗਾ ਸਾਹਿਤ ਪੜ੍ਹਨ ਦੀ ਆਦਤ ਪਾਉਆਪਣੇ ਅਧਿਆਪਕਾਂ ਦੀ ਮਦਦ ਲਵੋ, ਉਹ ਬਹੁਤ ਵੱਡਾ ਗਿਆਨ ਦਾ ਖਜ਼ਾਨਾ ਹਨਇਸ ਖਜ਼ਾਨੇ ਵਿੱਚੋਂ ਆਪਣੇ ਜੀਵਨ ਨੂੰ ਰੁਸ਼ਨਾਉਣ ਲਈ ਕੁਝ ਗਿਆਨ ਦੇ ਮੋਤੀ ਚੁਣ ਲਵੋ, ਜਿਹੜੇ ਹਮੇਸ਼ਾ ਤੁਹਾਡਾ ਰਾਹ ਰੌਸ਼ਨ ਕਰਨਗੇਆਪਣੇ ਆਲੇ ਦੁਆਲੇ ਨੂੰ ਹਰਾ ਭਰਿਆ ਰੱਖੋ, ਕੁਦਰਤ ਦੀ ਗੋਦ ਦਾ ਨਿੱਘ ਮਾਣੋਆਪਣਾ ਵਰਤਮਾਨ ਸਹੀ ਤਰੀਕੇ ਨਾਲ ਇਸਤੇਮਾਲ ਕਰੋ, ਭਵਿੱਖ ਆਪੇ ਸਹੀ ਹੋਵੇਗਾਢੇਰ ਸਾਰੀਆਂ ਸ਼ੁਭ ਕਾਮਨਾਵਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4198)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author