AmritKShergill7ਬੂਹੇ ਅੱਗੇ ਮੋਟਰਸਾਈਕਲ ਖੜ੍ਹਾ ਦੇਖ ਕੇ ਦਿਆਲ ਕੌਰ ਵੀ ਆ ਗਈ। ਪਾਲੀ ਦੇ ਬਾਪੂ ਨੇ ...
(3 ਫਰਵਰੀ 2022)


“ਭਜਨੋ
, … ਮੈਂਨੂੰ ਇੱਕ ਗੱਲ ਦੱਸ, ਮੁੰਡਾ ਤੇਰਾ ਫੌਜੀ, ਧੀ ਤੇਰੀ ਆਪਣੇ ਘਰੇ ਵਸਦੀ ਰਸਦੀ, … ਤਿੰਨ ਜਣੇ ਓ ਤੁਸੀਂ, ਫੇਰ ਆਹ ਮੈਸ੍ਹਾਂ ਨੂੰ ਵੇਚੋ ਪਰੇ …।” ਦਿਆਲ ਕੌਰ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ, ਭਜਨ ਕੌਰ ਮੱਝਾਂ ਲਈ ਬੱਠਲ਼ ਵਿੱਚ ਪਾਈ ਖਲ਼ ਵਿੱਚ ਪਾਣੀ ਪਾਉਂਦਿਆਂ ਬੋਲੀ, “ਨਾ … ਨਾ … ਅੰਮਾ ਜੀ, ਸਾਡਾ ਨ੍ਹੀਂ ਸਰਦਾ ਘਰ ਦੇ ਦੁੱਧ ਬਿਨਾਂ। ਮੁੱਲ ਦੇ ਕਿਹੜੇ ਦੁੱਧ ਹੁੰਦੇ ਨੇ … ਪਾਣੀ ਤਾਂ ਇੱਕ ਪਾਸੇ ਰਿਹਾ, ਹੋਰ ਪਤਾ ਨ੍ਹੀਂ ਕੀ ਖੇਹ ਸੁਆਹ ਪਾਉਂਦੇ ਨੇ ਵਿੱਚ?”

“ਹਾਂ, ਇਹ ਤਾਂ ਤੇਰੀ ਗੱਲ ਠੀਕ ਐ।” ਦਿਆਲ ਕੌਰ ਨੇ ਸਹਿਮਤੀ ਪ੍ਰਗਟ ਕੀਤੀ।

“ਨਾਲੇ ਜਦੋਂ ਤੇਜ ਛੁੱਟੀ ਆਉਂਦੈ ਤਾਂ ਖੋਆ, ਪੰਜੀਰੀ ਬਣਾ ਦਿੰਨੀ ਆਂ, ਘਰੇ ਖਾਣ ਨੂੰ ਵੀ ਤੇ ਨਾਲ ਵੀ ਲੈ ਜਾਂਦਾ ਐ।”

“ਉੱਥੇ ਕਿਹੜਾ ਖਾਂਦਾ ਹੋਊ ਵਿਚਾਰਾ, ਨਾਲ ਦੇ ਈ ਛਕ ਜਾਂਦੇ ਹੋਣਗੇ।” ਦਿਆਲ ਕੌਰ ਨੇ ਮੂੰਹ ਜਿਹਾ ਮਰੋੜ ਕੇ ਆਖਿਆ।

“ਹਾਏ! ਹਾਏ!! ਅੰਮਾਂ ਜੀ ਕੀ ਗੱਲ ਕਰ ’ਤੀ ਤੁਸੀਂ। ਉਹ ਵੀ ਤਾਂ ਮੇਰੇ ਤੇਜ ਵਰਗੇ ਈ ਨੇ। ਤੇਜ਼ ਨੂੰ ਤਾਂ ਮੈਂ ਘਰੇ ਈ ਬਥੇਰਾ ਖਵਾ ਦਿੰਨੀ ਆਂ, ਜੇ ਸੱਚ ਪੁੱਛੇ ਤਾਂ ਮੈਂ ਤਾਂ ਭੇਜਦੀ ਉਹਦੇ ਸਾਥੀਆਂ ਵਾਸਤੇ ਆਂ। ਅੰਦਰ ਠੰਢ ਜ੍ਹੀ ਪੈ ਜਾਂਦੀ ਐ, ਜਦੋਂ ਤੇਜ ਫੋਨ ਕਰਕੇ ਦੱਸਦਾ ਹੁੰਦਾ ਐ … ਬਈ ਕਿਵੇਂ ਸਾਰੇ ਦੋਸਤ ਚਾਅ ਨਾਲ ਖਾਂਦੇ ਨੇ।” ਭਜਨ ਕੌਰ ਨੇ ਖੁਸ਼ੀ ਵਿੱਚ ਖੀਵੀ ਹੁੰਦਿਆਂ ਕਿਹਾ।

ਐਨੇ ਨੂੰ ਭਜਨ ਕੌਰ ਦੀ ਨੂੰਹ, ਪਾਲੀ ਚਾਹ ਬਣਾ ਕੇ ਲੈ ਆਈ। ਚਾਹ ਰੱਖ ਕੇ ਦਿਆਲ ਕੌਰ ਦੇ ਪੈਰੀਂ ਹੱਥ ਲਾਏ। ਦਿਆਲ ਕੌਰ ਨੇ ਮੋਢੇ ’ਤੇ ਹੱਥ ਰੱਖ ਦਿੱਤਾ।

“ਤੂੰ ਚਾਹ ਬਣਾਉਣ ਨੂੰ ਕਿਹੜੇ ਵੇਲੇ ਕਹਿ ’ਤਾ ਕੁੜੇ?” ਦਿਆਲ ਕੌਰ ਨੇ ਧੀਮੀ ਜਿਹੀ ਆਵਾਜ਼ ਵਿੱਚ ਪੁੱਛਿਆ।

“ਕਹਿਣ ਦੀ ਕੀ ਗੱਲ ਐ ਭਲਾ, ਉਹਨੂੰ ਪਤੈ … ਬਈ ਬੁੜ੍ਹੀਆਂ ਚਾਹ ਨਾਲ ਈ ਚੱਲਦੀਆਂ ਨੇ।” ਕਹਿ ਕੇ ਭਜਨ ਕੌਰ ਹੱਸ ਪਈ। ਉਹ ਕਿੰਨੀ ਦੇਰ ਗੱਲਾਂ ਕਰਦੀਆਂ ਰਹੀਆਂ। ਦਿਆਲ ਕੌਰ ਸਾਰੇ ਪਿੰਡ ਦੀ ਖ਼ਬਰ ਰੱਖਦੀ ਸੀ। ਭਜਨ ਕੌਰ ਕੰਮ ਵੀ ਕਰ ਰਹੀ ਸੀ ਤੇ ਦਿਆਲ ਕੌਰ ਨਾਲ ਗੱਲਾਂ ਵੀ।

ਸੂਰਜ ਆਪਣੀ ਲਾਲੀ ਬਿਖੇਰਦਾ ਲਹਿੰਦੇ ਵੱਲ ਨੂੰ ਉੱਤਰਦਾ ਵੱਡਾ ਵੱਡਾ ਦਿਸਣ ਲੱਗ ਪਿਆ ਸੀ। ਪੰਛੀਆਂ ਦੀ ਵੀ ਆਪਣੇ ਘਰਾਂ ਨੂੰ ਵਾਪਸੀ ਹੋ ਰਹੀ ਸੀ। ਕਈ ਰੁੱਖਾਂ ਅਤੇ ਵੇਲ ਬੂਟਿਆਂ ਨੇ ਵੀ ਆਪਣੇ ਪੱਤਿਆਂ ਨੂੰ ਇਕੱਠਿਆਂ ਕਰਨਾ ਸ਼ੁਰੂ ਕਰ ਦਿੱਤਾ ਸੀ।

“ਬੀ ਜੀ ਮੈਂ ਧਾਰ ਕੱਢ ਲਿਆਵਾਂ … ਫੇਰ ਕਵੇਲਾ ਹੋ ਜੂ।” ਪਾਲੀ ਨੇ ਆਪਣੀ ਸੱਸ ਨੂੰ ਕਿਹਾ।

“ਬਹੂ ’ਕੱਲੀ ਜਾਊਗੀ ਕੁੜੇ?” ਦਿਆਲ ਕੌਰ ਨੇ ਪੁੱਛਿਆ।

“ਆਹ ਪਿੱਪਲ਼ ਲੰਘ ਕੇ ਬਾਹਰਲਾ ਘਰ ਐ, ਕਿਹੜਾ ਬਹੁਤੀ ਦੂਰ ਜਾਣਾ ਐਂ। ਉੱਥੇ ਇਹਦਾ ਬਾਪੂ ਹੈਗਾ ਈ ਐ।”

“ਕੱਲ੍ਹ ਨਾਈਆਂ ਦੀ ਕੁੜੀ ਨੂੰ ਪਿੱਪਲ਼ ਹੇਠਾਂ ਦੀ ਲੰਘਦੀ ਨੂੰ ਦੌਰਾ ਪੈ ਗਿਆ। ਥੌਲ਼੍ਹੇ ਕਰਾ ਕੇ ਮਸਾਂ ਠੀਕ ਹੋਈ। ਕਹਿੰਦੇ ਨੇ ਇਸ ਪਿੱਪਲ਼ ’ਤੇ ਜਿਹੜਾ ਪ੍ਰੇਤ ਰਹਿੰਦੈ, ਉਹਦੀ ਝਪਟ ’ਚ ਆਗੀ।” ਦਿਆਲ ਕੌਰ ਨੇ ਦੱਸਿਆ।

“ਵਹਿਮ ਨੇ ਅੰਮਾ ਜੀ ਸਾਰੇ, ਧੱਖ ਜਿੰਨੀ ਤਾਂ ਕੁੜੀ ਐ, ਕੋਈ ਕਮਜ਼ੋਰੀ ਹੋਊ ਸਰੀਰ ਵਿੱਚ।” ਭਜਨ ਕੌਰ ਨੇ ਉੱਤਰ ਦਿੱਤਾ

ਦਿਆਲ ਕੌਰ ਨੇ ਇਸ ਪੁਰਾਣੇ ਵੱਡੇ ਪਿੱਪਲ਼ ਨਾਲ ਸਬੰਧਤ ਹੋਰ ਵੀ ਕਈ ਗੱਲਾਂ ਸੁਣਾਈਆਂ। ਪਾਲੀ ਨੇ ਬਾਲਟੀ ਧੋਂਦਿਆਂ ਦਿਆਲ ਕੌਰ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ ਅਤੇ ਧਾਰ ਕੱਢਣ ਚਲੀ ਗਈ। ਅੱਜ ਉਹਨੂੰ ਪਿੱਪਲ਼ ਦਾ ਰੁੱਖ ਬਦਲਿਆ ਬਦਲਿਆ ਲੱਗਿਆ। ਜਿਵੇਂ ਕਿਸੇ ਮਾੜੀ ਰੂਹ ਦੀ ਮਾਰ ਵਿੱਚ ਆਇਆ ਹੋਵੇ। ਪੱਤਿਆਂ ਵਿੱਚੋਂ ਲੰਘਦੀ ਹਵਾ ਦੀ ਡਰਾਉਣੀ ਜਿਹੀ ਆਵਾਜ਼ ਉਸ ਅੰਦਰ ਘਬਰਾਹਟ ਪੈਦਾ ਕਰ ਰਹੀ ਸੀ। ਧਾਰ ਕੱਢ ਕੇ ਮੁੜੀ ਤਾਂ ਮੂੰਹ ਹਨੇਰਾ ਹੋ ਚੁੱਕਾ ਸੀ। ਉਸ ਨੂੰ ਲੱਗਿਆ ਜਿਵੇਂ ਉਸ ਦੇ ਪਿੱਛੇ ਪੈਰਾਂ ਦੀ ਬਿੜਕ ਜਿਹੀ ਹੋਵੇ, ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਨਹੀਂ ਪਈ। ਡਰ ਨਾਲ ਹੌਲ ਜਿਹੇ ਪੈਣ ਲੱਗੇ। ਦਿਆਲੋ ਦੀਆਂ ਗੱਲਾਂ ਉਸ ਦੇ ਮਨੋਂ ਨਹੀਂ ਸਨ ਉੱਤਰ ਰਹੀਆਂ। ਉਸ ਨੇ ਰਾਤ ਨੂੰ ਆਪਣੀ ਸੱਸ ਨਾਲ ਗੱਲ ਛੇੜੀ। ਪਰ ਉਸ ਨੇ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿੱਤਾ। ਇੱਕ ਦਿਨ ਪਾਲੀ ਦਿਨ ਛਿਪਣ ਤੋਂ ਪਹਿਲਾਂ ਹੀ ਧਾਰ ਕੱਢ ਲਿਆਈ। ਮੱਝ ਨੇ ਦੁੱਧ ਥੋੜ੍ਹਾ ਦਿੱਤਾ, ਨਾਲੇ ਵਾਰ ਵਾਰ ਪੈਰ ਚੁੱਕਦੀ ਰਹੀ। ਦੁੱਧ ਸੰਭਾਲਣ ਦਾ ਕੰਮ ਭਜਨ ਕੌਰ ਆਪ ਕਰਦੀ ਸੀ।

“ਪਾਲੀ ਐਨੇ ਸਾਝਰੇ ਨਾ ਧਾਰ ਕੱਢਿਆ ਕਰ। ਰਾਤਾਂ ਵੱਡੀਆਂ ਨੇ, ਡੰਗਰ ਔਖ ਮੰਨ ਜਾਂਦਾ ਹੈ। ਦੇਖ ਅੱਜ ਦੁੱਧ ਕਿੰਨਾ ਘੱਟ ਐ?” ਭਜਨ ਕੋਰ ਨੇ ਦੁੱਧ ਪੁਣ ਕੇ ਪਤੀਲੇ ਵਿੱਚ ਪਾਉਂਦਿਆਂ ਕਿਹਾ।

ਜਿਉਂ ਜਿਉਂ ਸ਼ਾਮ ਹੁੰਦੀ, ਪਾਲੀ ਨੂੰ ਡੋਬ ਪੈਣ ਲੱਗ ਪੈਂਦੇ। ਬਾਹਰਲੇ ਘਰ ਜਾਣ ਦਾ ਇੱਕ ਮਿੰਟ ਦਾ ਰਸਤਾ ਉਸ ਨੂੰ ਭਵਸਾਗਰ ਪਾਰ ਕਰਨ ਤੋਂ ਵੀ ਔਖਾ ਲੱਗਦਾ। ਇੱਕ ਦਿਨ ਦੁਪਹਿਰ ਵੇਲੇ ਪਿੱਪਲ ਹੇਠ ਲੋਕਾਂ ਦੀ ਭੀੜ ਲੱਗੀ ਹੋਈ ਸੀ। ਗਵਾਂਢੀਆਂ ਦੀ ਨੂੰਹ ਡਿਗ ਗਈ।

“ਪਤਾ ਈ ਨ੍ਹੀਂ ਲੱਗਿਆ ਮੈਂ ਕਿਵੇਂ ਡਿਗ ਪੀ। ਬੱਸ ਐਂ ਲੱਗਿਆ ਇੱਕ ਵਾਰੀ ਜਿਵੇਂ ਕਿਸੇ ਨੇ ਪਿੱਛੋਂ ਧੱਕਾ ਮਾਰਿਆ ਹੁੰਦਾ ਐ।” ਉਹ ਕਹਿ ਰਹੀ ਸੀ।

“ਧੱਕੇ ਤਾਂ ਵੱਜਣਗੇ ਈ, ਜਦੋਂ ਪੋਡਰ ਸੁਰਖੀਆਂ ਲਾ ਕੇ ਇੱਥੋਂ ਦੀ ਲੰਘੋਗੀਆਂ।” ਦਿਆਲ ਕੌਰ ਨੇ ਸੋਟੀ ਸੰਭਾਲਦਿਆਂ ਕਿਹਾ।

ਹੁਣ ਤਾਂ ਪਾਲੀ ਜਦੋਂ ਬਾਹਰਲੇ ਘਰ ਜਾਂਦੀ ਉਸ ਨੂੰ ਕੰਬਣੀ ਜਿਹੀ ਛਿੜ ਪੈਂਦੀ। ਉਸ ਦਾ ਜੀਅ ਕਰਦਾ ਉਹ ਕਹਿ ਦੇਵੇ ਕਿ ਉਸ ਕੋਲੋਂ ਧਾਰ ਨਹੀਂ ਕੱਢੀ ਜਾਂਦੀ। ਪਰ ਉਸ ਨੂੰ ਕੋਈ ਬਹਾਨਾ ਨਾ ਲੱਭਦਾ। ਕੰਮ ਤੋਂ ਜੀਅ ਚੁਰਾਉਣਾ ਤਾਂ ਉਸ ਨੇ ਸਿੱਖਿਆ ਹੀ ਨਹੀਂ ਸੀ। ਬਾਹਰਲੇ ਘਰ ਜਾਂਦਿਆਂ ਨਿੱਕਾ ਜਿੰਨਾ ਖੜਾਕ ਵੀ ਉਸ ਦੀ ਜਾਨ ਕੱਢ ਕੇ ਰੱਖ ਦਿੰਦਾ। ਸਹਿਮ ਕਾਰਨ ਉਸ ਦੀ ਸਿਹਤ ’ਤੇ ਵੀ ਅਸਰ ਪੈ ਰਿਹਾ ਸੀ। ਉਸ ਦਾ ਚਿਹਰਾ ਵੀ ਪੀਲਾ ਪੈਣ ਲੱਗਾ। ਇਸੇ ਤਰ੍ਹਾਂ ਮਹੀਨਾ, ਡੇਢ ਮਹੀਨਾ ਲੰਘ ਗਿਆ। ਇੱਕ ਦਿਨ ਭਜਨ ਕੌਰ ਦੀ ਧੀ ਪ੍ਰੀਤ ਤੇ ਜਵਾਈ ਉਹਨਾਂ ਨੂੰ ਮਿਲਣ ਆਏ।

“ਭਾਬੀ ਤੈਨੂੰ ਕੀ ਹੋ ਗਿਆ? ਤੂੰ ਬਿਮਾਰ ਐਂ? … ਸਾਨੂੰ ਕਿਉਂ ਨਹੀਂ ਦੱਸਿਆ?” ਪ੍ਰੀਤ ਨੇ ਪਾਲੀ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿੰਨੇ ਸਾਰੇ ਸਵਾਲ ਕਰ ਦਿੱਤੇ।

ਭਜਨ ਕੌਰ ਆਪਣੇ ਧੀ ਜਵਾਈ ਨੂੰ ਬੜੇ ਚਾਅ ਨਾਲ ਮਿਲੀ ਅਤੇ ਬੈਠਕ ਵਿੱਚ ਬਿਠਾ ਦਿੱਤਾ। ਪਾਲੀ ਪਾਣੀ ਲੈ ਆਈ। ਪ੍ਰੀਤ ਪਾਣੀ ਦਾ ਗਲਾਸ ਫੜ ਕੇ ਭਾਬੀ ਦੇ ਨਾਲ ਹੀ ਰਸੋਈ ਵਿੱਚ ਚਲੀ ਗਈ। ਉਸ ਨੇ ਫਿਰ ਪਾਲੀ ਨੂੰ ਉਸ ਦੀ ਸਿਹਤ ਬਾਰੇ ਪੁੱਛਿਆ।

“ਮੈਂ ਬਿਲਕੁਲ ਠੀਕ ਆਂ।” ਪਾਲੀ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਦੁੱਧ ਗੈਸ ’ਤੇ ਰੱਖ ਦਿੱਤਾ।

ਭਜਨ ਕੌਰ ਵੀ ਜਵਾਈ ਤੋਂ ਉਸ ਦੇ ਮਾਪਿਆਂ ਦਾ ਹਾਲ-ਚਾਲ ਪੁੱਛ ਕੇ ਬਾਹਰ ਆ ਗਈ।

“ਮਾਂ! ਕੀ ਹੋ ਗਿਆ ਭਾਬੀ ਨੂੰ?” ਪ੍ਰੀਤ ਨੇ ਭਜਨ ਕੌਰ ਨੂੰ ਪੁੱਛਿਆ।

“ਕੀ ਦੱਸਾਂ, ਦਿਆਲੋ ਬੁੜ੍ਹੀ ਆ ਬੈਠਦੀ ਐ, ਮੈਂਨੂੰ ਤਾਂ ਲਗਦਾ ਹੈ ਉਹਦੀ ਨਜਰ ਲੱਗ’ਗੀ। ਨਾ ਤਾਂ ਸਿਆਣੀ ਬਿਆਣੀ ਨੂੰ ਕਿਹਾ ਜਾਵੇ, ਬਈ ਆਪਣੇ ਘਰੇ ਵਗ ਜਾ ...।” ਅੱਗੇ ਤਾਂ ਕਦੇ ਭਜਨ ਕੌਰ ਨੇ ਧਿਆਨ ਨਹੀਂ ਸੀ ਦਿੱਤਾ ਪਰ ਧੀ ਦੇ ਕਹਿਣ ’ਤੇ ਉਸ ਨੂੰ ਵੀ ਪਾਲੀ ਲਿੱਸੀ ਜਿਹੀ ਲੱਗਣ ਲੱਗ ਪਈ।

“ਨਜਰਾਂ ਨੁਜਰਾਂ ਕਾਹਨੂੰ ਲੱਗਦੀਆਂ ਨੇ, ਆਪਣੇ ਮਾਪਿਆਂ ਨੂੰ ਓਦਰੀ ਹੋਊ।” ਇੰਨੇ ਨੂੰ ਪਾਲੀ ਵੀ ਖਾਣ-ਪੀਣ ਦਾ ਸਾਮਾਨ ਲੈ ਕੇ ਆ ਗਈ। ਪ੍ਰੀਤ ਨੇ ਪਾਲੀ ਨੂੰ ਸੁਣਾ ਕੇ ਕਿਹਾ, “ਮੈਂਨੂੰ ਤਾਂ ਲਗਦਾ ਹੈ ਭਾਬੀ ਤੇਜ ਵੀਰੇ ਨੂੰ ਓਦਰੀ ਪਈ ਐ …।” ਪ੍ਰੀਤ ਨੇ ਮੁਸਕਰਾ ਕੇ ਨਣਦ ਵੱਲ ਮਿੱਠੀ ਜਿਹੀ ਘੂਰੀ ਵੱਟੀ।

“ਆ ਜੋ ਅੰਦਰ, ਬਾਹਰ ਤਾਂ ਮੱਖੀਆਂ ਭਿਣ ਭਿਣ ਕਰਦੀਆਂ ਫਿਰਦੀਆਂ ਨੇ।” ਪਾਲੀ ਨੇ ਬੈਠਕ ਵੱਲ ਜਾਂਦਿਆਂ ਕਿਹਾ।

“ਨਾਲੇ ਵੀਰ ਜੀ ’ਕੱਲੇ ਬੈਠੇ ਨੇ।” ਪਾਲੀ ਨੇ ਪ੍ਰੀਤ ਵੱਲ ਮਸ਼ਕਰੀ ਭਰੀ ਮੁਸਕਾਨ ਸੁੱਟਦਿਆਂ ਕਿਹਾ। ਇਸ ਤੋਂ ਪਹਿਲਾਂ ਕਿ ਪ੍ਰੀਤ ਕੁਝ ਬੋਲਦੀ, ਬਾਪੂ ਜੀ ਨੇ ਖੰਘੂਰਾ ਮਾਰਿਆ। ਪ੍ਰੀਤ ਤੇ ਉਸ ਦਾ ਪਤੀ ਬੜੇ ਅਦਬ ਨਾਲ ਬਾਪੂ ਜੀ ਨੂੰ ਮਿਲੇ।

ਪਾਲੀ ਦੇ ਚਿਹਰੇ ’ਤੇ ਅੱਜ ਥੋੜ੍ਹੀ ਰੌਣਕ ਸੀ। ਕੰਮ ਤਾਂ ਭਾਵੇਂ ਬਹੁਤ ਜ਼ਿਆਦਾ ਸੀ ਪਰ ਉਸ ਦੀ ਨਣਦ ਉਸ ਦੇ ਨਾਲ ਨਾਲ ਰਹੀ। ਅੱਜ ਉਸ ਨੂੰ ਬਾਹਰਲੇ ਘਰ ਜਾਂਦੀ ਨੂੰ ਵੀ ਬਹੁਤਾ ਡਰ ਨਾ ਲੱਗਿਆ ਕਿਉਂਕਿ ਪ੍ਰੀਤ ਉਸ ਦੇ ਨਾਲ ਸੀ। ਕੰਮ ਧੰਦੇ ਨਿਪਟਾਉਂਦਿਆਂ ਬਹੁਤ ਰਾਤ ਹੋ ਚੁੱਕੀ ਸੀ। ਭਜਨ ਕੋਰ ਵੀ ਥੱਕ ਚੁੱਕੀ ਸੀ। ਪ੍ਰੀਤ ਅਤੇ ਪਾਲੀ ਨਿੱਕੀਆਂ ਨਿੱਕੀਆਂ ਗੱਲਾਂ ਕਰ ਕੇ ਹੱਸ ਰਹੀਆਂ ਸਨ। ਪਾਲੀ ਨੂੰ ਯਾਦ ਆਇਆ ਕਿ ਦੁੱਧ ਵਾਲਾ ਡੋਲੂ ਤਾਂ ਬਾਹਰ ਵਿਹੜੇ ਵਿੱਚ ਹੀ ਰਹਿ ਗਿਆ। ਜਦੋਂ ਉਹ ਡੋਲੂ ਕਿੱਲੀ ਤੋਂ ਲਾਹ ਕੇ ਮੁੜੀ ਤਾਂ ਇੱਕ ਦਮ ਉਸ ਦੀ ਨਿਗਾਹ ਪਿੱਪਲ਼ ਦੇ ਰੁੱਖ ਵੱਲ ਗਈ। ਉਸ ਦਾ ਤ੍ਰਾਹ ਨਿਕਲ ਗਿਆ। ਇੱਕ ਕਾਲਾ ਜਿਹਾ ਹੱਥਾਂ ਪੈਰਾਂ ਵਾਲਾ ਵੱਡਾ ਸਾਰਾ ਆਕਾਰ ਉਸ ਨੇ ਦੇਖਿਆ। ਉਹ ਭੱਜ ਕੇ ਅੰਦਰ ਜਾ ਵੜੀ। ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪ੍ਰੀਤ ਦੇ ਪੁੱਛਣ ’ਤੇ ਵੀ ਉਸ ਨੇ ਕੁਝ ਨਾ ਦੱਸਿਆ। ਥੋੜ੍ਹੀ ਦੇਰ ਬਾਅਦ ਪ੍ਰੀਤ ਨੂੰ ਵੀ ਨੀਂਦ ਨੇ ਆ ਦਬੋਚਿਆ। ਪਾਲੀ ਨੇ ਲਾਈਟ ਬੰਦ ਕਰ ਦਿੱਤੀ। ਪਰ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਕੁਝ ਸਮੇਂ ਬਾਅਦ ਪਾਲੀ ਦੀ ਚੀਕ ਨੇ ਪ੍ਰੀਤ ਤੇ ਭਜਨੋ ਨੂੰ ਜਗਾ ਦਿੱਤਾ। ਪ੍ਰੀਤ ਨੇ ਪਾਲੀ ਨੂੰ ਝੰਜੋੜਿਆ। ਉਹ ਬੜਬੜਾ ਰਹੀ ਸੀ “ਪਿੱਪਲ … ਪ੍ਰੇਤ … ਮੇਰੇ … ਪਿੱਛੇ।” ਪਾਲੀ ਪ੍ਰੀਤ ਦੇ ਨਾਲ ਚਿੰਬੜ ਰਹੀ ਸੀ ਜਿਵੇਂ ਕੋਈ ਸਹਿਮਿਆ ਬੱਚਾ ਆਪਣੀ ਮਾਂ ਦੀ ਬੁੱਕਲ਼ ਵਿੱਚ ਲੁਕਦਾ ਹੈ। ਪ੍ਰੀਤ ਨੇ ਪਾਲੀ ਨੂੰ ਆਪਣੇ ਨਾਲ ਘੁੱਟਦਿਆਂ ਉਸ ਨੂੰ ਜਗਾਇਆ।

ਭਜਨ ਕੋਰ ਨੇ ਪਾਲੀ ਦੇ ਮੱਥੇ ਉੱਤੇ ਹੱਥ ਫੇਰਿਆ ਮਿੱਠੀ ਮਿੱਠੀ ਠੰਢ ਹੋਣ ਦੇ ਬਾਵਜੂਦ ਵੀ ਮੱਥਾ ਪਸੀਨੇ ਨਾਲ ਭਿੱਜਿਆ ਹੋਇਆ ਸੀ। ਪਾਲੀ ਦੀ ਬੜਬੜਾਹਟ ਸੁਣ ਕੇ ਭਜਨ ਕੌਰ ਦੀ ਤਾਂ ਜਿਵੇਂ ਜਾਨ ਹੀ ਨਿੱਕਲ ਗਈ ਹੋਵੇ। ਪਾਲੀ ਉੱਠ ਕੇ ਬੈਠ ਗਈ। ਪੁੱਛਣ ’ਤੇ ਉਸ ਨੇ ਇਹੀ ਕਿਹਾ ਕਿ ਉਸ ਨੂੰ ਡਰਾਉਣਾ ਸੁਪਨਾ ਆਇਆ ਸੀ। ਰਾਤ ਦੇ ਦੋ ਵੱਜੇ ਸਨ।

ਭਜਨ ਕੌਰ ਸੋਚ ਰਹੀ ਸੀ ਕਿ ਉਹ ਤਾਂ ਲੋਕਾਂ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੀ ਕਿ ਭੂਤ ਪ੍ਰੇਤ ਵੀ ਹੁੰਦੇ ਨੇ। ਉਹ ਦਿਆਲੋ ਬੁੜ੍ਹੀ ਬਾਰੇ ਸੋਚ ਰਹੀ ਸੀ … ਕੀ ਪਤੈ ਉਸ ਦੀਆਂ ਗੱਲਾਂ ਸੱਚੀਆਂ ਹੋਣ … ਹੁਣ ਉਹ ਕੀ ਕਰੇਗੀ? ਕਿੱਥੇ ਲਈ ਫਿਰੇਗੀ ਨੂੰਹ ਨੂੰ? ਉਹ ਇਹਨਾਂ ਸੋਚਾਂ ਵਿੱਚ ਡੁੱਬਦੀ ਗਈ। ਕਦੇ ਪੁੱਤ ਬਾਰੇ ਸੋਚਦੀ, ਕਦੇ ਪਤੀ ਬਾਰੇ, ਜਿਹੜੇ ਓਪਰੀਆਂ ਰੂਹਾਂ ਵਿੱਚ ਭੋਰਾ ਯਕੀਨ ਨਹੀਂ ਸਨ ਰੱਖਦੇ, ਸਗੋਂ ਇਨ੍ਹਾਂ ਗੱਲਾਂ ਦਾ ਮਖੌਲ ਉਡਾਉਂਦੇ। ਚਾਰ ਕੁ ਵਜੇ ਗੁਰਦੁਆਰਾ ਸਾਹਿਬ ਵਾਲੇ ਭਾਈ ਨੇ ਅੰਮ੍ਰਿਤ ਵੇਲੇ ਦਾ ਲਾਹਾ ਲੈਣ ਲਈ ਹੋਕਾ ਦਿੱਤਾ। ਭਜਨ ਕੌਰ ‘ਵਾਹਿਗੁਰੂ ਵਾਹਿਗੁਰੂ’ ਕਰਦੀ ਉੱਠ ਗਈ ਪ੍ਰੀਤ ਤੇ ਪਾਲੀ ਸੁੱਤੀਆਂ ਹੋਈਆਂ ਸਨ। ਭਜਨ ਕੌਰ ਬਿਨਾਂ ਖੜਕਾ ਕੀਤਿਆਂ ਬਾਹਰ ਆਈ। ਚਾਹ ਰੱਖ ਕੇ ਕੰਮ ਧੰਦੇ ਜਾ ਲੱਗੀ। ਥੋੜ੍ਹੀ ਦੇਰ ਬਾਅਦ ਪ੍ਰੀਤ ਵੀ ਉੱਠ ਕੇ ਬਾਹਰ ਆ ਗਈ। ਉਸ ਨੇ ਮਾਂ ਨੂੰ ਦੱਸਿਆ ਕਿ ਪਾਲੀ ਰਾਤ ਬਾਹਰੋਂ ਦੁੱਧ ਵਾਲਾ ਡੋਲੂ ਚੁੱਕਣ ਗਈ ਡਰੀ ਹੋਈ ਲਗਦੀ ਸੀ, ਪਰ ਪੁੱਛਣ ’ਤੇ ਉਸ ਨੇ ਕੁਝ ਵੀ ਨਹੀਂ ਸੀ ਦੱਸਿਆ।

ਭਜਨ ਕੌਰ ਆਪ ਹੀ ਸਾਰੇ ਕੰਮ ਨਿਪਟਾਉਣ ਲੱਗੀ। ਉਸ ਨੇ ਪਾਲੀ ਨੂੰ ਜਗਾਉਣਾ ਠੀਕ ਨਾ ਸਮਝਿਆ। ਉਹ ਬਾਲਟੀ ਚੁੱਕ ਕੇ ਖੁਦ ਹੀ ਧਾਰ ਕੱਢਣ ਚਲੀ ਗਈ। ਪਰ ਮੱਝ ਨੇ ਉਸ ਨੂੰ ਹੱਥ ਵੀ ਨਾ ਲਾਉਣ ਦਿੱਤਾ, ਛਾਲ ਮਾਰ ਕੇ ਔਹ ਗਈ।

“ਕਿੰਨੀ ਵਾਰੀ ਕਿਹੈ ਬਈ ਦੋ ਚਾਰ ਦਿਨਾਂ ਬਾਅਦ ਆਪ ਵੀ ਧਾਰ ਕੱਢ ਲਿਆ ਕਰ, ਪਰ ਤੈਨੂੰ ਤਾਂ ਹੁਣ ਸੁਖ ਪੈ ਗਿਆ।” ਭਜਨ ਕੌਰ ਦਾ ਪਤੀ ਮੱਝ ਅੱਗੋਂ ਪੱਠਿਆਂ ਵਿੱਚ ਹੱਥ ਫੇਰਦਿਆਂ ਬੁੜਬੁੜ ਕਰ ਰਿਹਾ ਸੀ।

ਭਜਨ ਕੌਰ ਕੁਝ ਨਾ ਬੋਲੀਬਾਲਟੀ ਉੱਥੇ ਛੱਡ ਕੇ ਘਰੇ ਆ ਗਈ। ਪਾਲੀ ਤਾਂ ਅਜੇ ਵੀ ਨਹੀਂ ਸੀ ਉੱਠੀ। ਉਸ ਨੇ ਪਾਲੀ ਨੂੰ ਉਠਾਉਣ ਲਈ ਉਸ ਦੀ ਬਾਂਹ ਤੇ ਹੱਥ ਲਾਇਆ। ਉਸ ਨੂੰ ਬਾਂਹ ਗਰਮ ਲੱਗੀ, ਉਸ ਨੇ ਮੱਥੇ ਨੂੰ ਹੱਥ ਲਾਇਆ, ਪਾਲੀ ਨੂੰ ਬੁਖ਼ਾਰ ਸੀ। ਪਾਲੀ ਜਾਗ ਪਈ, ਪਰ ਉਸ ਕੋਲੋਂ ਉੱਠਿਆ ਨਹੀਂ ਸੀ ਜਾ ਰਿਹਾ। ਪ੍ਰੀਤ ਨੇ ਪਾਲੀ ਨੂੰ ਉੱਠਣ ਤੋਂ ਮਨ੍ਹਾ ਕੀਤਾ ਅਤੇ ਆਪਣੇ ਪਰਸ ਵਿੱਚੋਂ ਕੱਢ ਕੇ ਬੁਖ਼ਾਰ ਉਤਾਰਨ ਲਈ ਗੋਲ਼ੀ ਦੇਣ ਲੱਗੀ ਤਾਂ ਭਜਨ ਕੌਰ ਨੇ ਰੋਕਦਿਆਂ ਕਿਹਾ, ਕਹਿੰਦੇ ਨੇ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਨਹੀਂ ਲੈਣੀ ਚਾਹੀਦੀ।”

ਥੋੜ੍ਹੀ ਦੇਰ ਤਾਂ ਪ੍ਰੀਤ ਪਾਲੀ ਦੇ ਕੋਲ ਹੀ ਬੈਠੀ ਰਹੀ। ਫਿਰ ਉਸ ਨੇ ਪਾਲੀ ਦੀ ਚੁੰਨੀ ਲਈ ਤੇ ਬੁੱਕਲ਼ ਮਾਰ ਕੇ ਥੋੜ੍ਹਾ ਮੂੰਹ ਲੁਕੋਇਆ, ਧਾਰ ਕੱਢਣ ਚਲੀ ਗਈ। ਇੱਕ ਦੋ ਵਾਰ ਮੱਝ ਨੇ ਪੈਰ ਚੁੱਕਿਆ ਪਰ ਫਿਰ ਖੜ੍ਹ ਗਈ।

ਪਿੰਡ ਵਿੱਚੋਂ ਡਾਕਟਰ ਬੁਲਾਇਆ ਉਸ ਨੇ ਕਿਹਾ, ਮੌਸਮੀ ਬੁਖ਼ਾਰ ਹੈ। ਪਰ ਸ਼ਾਮ ਤਕ ਬੁਖ਼ਾਰ ਨਾ ਉੱਤਰਿਆ। ਪ੍ਰੀਤ ਦਾ ਪਤੀ ਪਾਲੀ ਦੀ ਹਾਲਤ ਦੇਖ ਕੇ ਪ੍ਰੀਤ ਨੂੰ ਦੋ ਕੁ ਦਿਨਾਂ ਲਈ ਛੱਡ ਕੇ ਚਲਿਆ ਗਿਆ। ਦਿਨ ਵਿੱਚ ਦਿਆਲ ਕੌਰ ਕਈ ਗੇੜੇ ਮਾਰ ਗਈ। ਭਜਨ ਕੌਰ ਨੇ ਉਸ ਨੂੰ ਪਾਲੀ ਦੇ ਡਰਨ ਬਾਰੇ ਦੱਸਿਆ। ਪਿੱਪਲ਼ ਨਾਲ ਜੁੜੀਆਂ ਉਸ ਨੇ ਚਾਰ ਕਹਾਣੀਆਂ ਹੋਰ ਸੁਣਾ ਦਿੱਤੀਆਂ।

“ਮੈਂ ਤਾਂ ਕਿੰਨੇ ਦਿਨਾਂ ਦੀ ਦੇਖਦੀ ਆਂ ਤੇਰੀ ਨੂੰਹ ਨੂੰ, ਗੁੱਸਾ ਨਾ ਕਰੀਂ ਭਜਨੋ, ਇਹ ਝਪਟ ਵਿੱਚ ਆਈ ਹੋਈ ਐ। ਕਿਸੇ ਚੰਗੇ ਸਿਆਣੇ ਤੋਂ ਇਲਾਜ ਕਰਵਾ ਦੇ, ਨਹੀਂ ਤਾਂ ਪਛਤਾਉਂਦੀ ਰਹੇਂਗੀ ਪਿੱਛੋਂ।” ਦਿਆਲ ਕੌਰ ਦੀਆਂ ਗੱਲਾਂ ਸੁਣ ਕੇ ਭਜਨ ਕੌਰ ਹੋਰ ਵੀ ਡਰ ਗਈ।

ਭਜਨ ਕੌਰ ਨੇ ਆਪਣੇ ਪਤੀ ਨੂੰ ਸਾਰਾ ਕੁਝ ਦੱਸ ਦਿੱਤਾ। ਪਹਿਲਾਂ ਤਾਂ ਉਹ ਭਜਨੋ ਨੂੰ ਭੱਜ ਕੇ ਪੈ ਗਿਆ, ਫਿਰ ਨੂੰਹ ਦੀ ਹਾਲਤ ਦੇਖ ਕੇ ਉਹ ਵੀ ਘਬਰਾ ਗਿਆ। ਪ੍ਰੀਤ ਪਾਲੀ ਦੇ ਕੋਲ ਹੀ ਰਹੀ। ਪਾਲੀ ਨੇ ਪ੍ਰੀਤ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ, ਕਿਵੇਂ ਉਸ ਦੇ ਪਿੱਛੇ ਪੈਰਾਂ ਦੀ ਬਿੜਕ ਆਉਂਦੀ ਅਤੇ ਉਸ ਨੂੰ ਪਿੱਪਲ਼ ਕੋਲੋਂ ਲੰਘਦਿਆਂ ਡਰ ਲੱਗਦਾ। ਰਾਤ ਨੂੰ ਪਿੱਪਲ਼ ’ਤੇ ਕਾਲ਼ਾ ਪ੍ਰਛਾਵਾਂ ਦੇਖਿਆ। ਪ੍ਰੀਤ ਨੇ ਆਪਣੇ ਮਾਂ ਪਿਉ ਨੂੰ ਦੱਸਿਆਬੁਖ਼ਾਰ ਤਾਂ ਦੂਜੇ ਦਿਨ ਠੀਕ ਹੋ ਗਿਆ ਪਰ ਕਮਜ਼ੋਰੀ ਕਰ ਕੇ ਉੱਠਿਆ ਨਹੀਂ ਸੀ ਜਾ ਰਿਹਾ ਪਾਲੀ ਕੋਲੋਂ। ਅਖੀਰ ਤੇ ਪਾਲੀ ਦੇ ਮਾਂ ਪਿਉ ਨੂੰ ਉਸ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਗਈ।

ਦੂਜੇ ਦਿਨ ਸਵੇਰੇ ਹੀ ਪਾਲੀ ਦਾ ਬਾਪੂ ਆ ਗਿਆ। ਉਹ ਦਸ ਕੁ ਜਮਾਤਾਂ ਪੜ੍ਹਿਆ ਹੋਣ ਕਰਕੇ ਅਤੇ ਪੜ੍ਹੇ ਲਿਖੇ ਸਿਆਣੇ ਬੰਦਿਆਂ ਦੀ ਸੁਹਬਤ ਵਿੱਚ ਰਹਿਣ ਕਰਕੇ ਵਹਿਮਾਂ ਭਰਮਾਂ ਤੋਂ ਦੂਰ ਅਤੇ ਦਲੀਲ ਦੇ ਕੇ ਆਪਣੀ ਗੱਲ ਮੰਨਵਾਉਣ ਵਾਲਾ ਬੰਦਾ ਸੀ। ਬੂਹੇ ਅੱਗੇ ਮੋਟਰਸਾਈਕਲ ਖੜ੍ਹਾ ਦੇਖ ਕੇ ਦਿਆਲ ਕੌਰ ਵੀ ਆ ਗਈ। ਪਾਲੀ ਦੇ ਬਾਪੂ ਨੇ ਸਭ ਦੀਆਂ ਗੱਲਾਂ ਸੁਣੀਆਂ। ਪਰ ਉਸ ਦੀ ਦਲੀਲ ਦਾ ਕੋਈ ਅਸਰ ਨਾ ਹੋਇਆ। ਦਿਆਲ ਕੌਰ ਉਸ ਦੀ ਹਰ ਗੱਲ ਕਾਟ ਕਰਦੀ। ਪਾਲੀ ਦੇ ਬਾਪੂ ਨੇ ਬਜ਼ੁਰਗ ਔਰਤ ਨਾਲ ਬਹਿਸ ਕਰਨੀ ਠੀਕ ਨਾ ਸਮਝੀ। ਉਸ ਨੇ ਪਿੱਪਲ ਹੇਠੋਂ ਇੱਕ ਪੱਥਰ ਜ਼ਰੂਰ ਉਖਾੜ ਦਿੱਤਾ ਸੀ ਕਿਉਂਕਿ ਉਸ ਨਾਲ ਕਈ ਲੋਕਾਂ ਨੇ ਠੋਕਰ ਖਾਧੀ ਸੀ।

“ਮੈਂ ਦੁਪਹਿਰ ਤੋਂ ਬਾਅਦ ਦਵਾਈ ਲੈ ਕੇ ਆਊਂਗਾ ਪਾਲੀ ਵਾਸਤੇ।” ਪਾਲੀ ਦੇ ਬਾਪੂ ਨੇ ਕਿਹਾ।

“ਦਵਾਈ ਤਾਂ ਕਿੰਨੇ ਦਿਨਾਂ ਦੀ ਖਾ ਈ ਰਹੀ ਐ। ਦਵਾਈ ਨ੍ਹੀਂ ਕੰਮ ਕਰਦੀ ਭਾਈ ਹੁਣ।” ਦਿਆਲ ਕੌਰ ਨੇ ਜਾਂਦੇ ਹੋਏ ਨੂੰ ਆਪਣਾ ਸੁਝਾਅ ਦਿੱਤਾ।

ਪਾਲੀ ਦਾ ਬਾਪੂ ਦੋ ਘੰਟਿਆਂ ਬਾਅਦ ਹੀ ਵਾਪਸ ਆ ਗਿਆ। ਉਸ ਨੇ ਪ੍ਰੀਤ ਨੂੰ ਇੱਕ ਤਬੀਤ ਫੜਾਇਆ ਅਤੇ ਭਜਨ ਕੌਰ ਨੇ ਕੰਬਦੇ ਹੱਥਾਂ ਨਾਲ ਜੱਕੋ ਤੱਕੀ ਵਿੱਚ ਪਾਲੀ ਦੇ ਡੌਲ਼ੇ ਨਾਲ ਬੰਨ੍ਹ ਦਿੱਤਾ।

“ਮੈਂ ਤਾਂ ਇਹਨਾਂ ਗੱਲਾਂ ਨੂੰ ਮੰਨਦਾ ਨ੍ਹੀਂ ਸੀ, ਪਰ ਬੱਚਿਆਂ ਦੀ ਤਕਲੀਫ਼ ਮਾਪਿਆਂ ਤੋਂ ਬੜਾ ਕੁਝ ਕਰਵਾ ਦਿੰਦੀ ਐ। ਪੁੱਤ ਪਾਲੀ! ਇਹਨੂੰ ਜੂਠਾ ਹੱਥ ਨ੍ਹੀਂ ਲਾਉਣਾ। ਬਹੁਤ ਸ਼ਕਤੀ ਐ ਇਹਦੇ ਵਿੱਚ। ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ।” ਥੋੜ੍ਹੀ ਦੇਰ ਗੱਲਾਂਬਾਤਾਂ ਕਰਕੇ ਉਸ ਨੇ ਧੀ ਦੇ ਸਿਰ ’ਤੇ ਹੱਥ ਰੱਖਿਆ, ਸਾਰਿਆਂ ਨੂੰ ਹੱਥ ਜੋੜੇ ਅਤੇ ਜਾਣ ਦੀ ਇਜਾਜ਼ਤ ਮੰਗੀ।

ਦੋ ਕੁ ਦਿਨਾਂ ਵਿੱਚ ਹੀ ਪਾਲੀ ਠੀਕ ਹੋਣ ਲੱਗੀ। ਇੱਕ ਦੋ ਦਿਨ ਪ੍ਰੀਤ ਨੇ ਧਾਰ ਕੱਢੀਪਾਲੀ ਠੀਕ ਹੋਈ ਤਾਂ ਪ੍ਰੀਤ ਸਹੁਰੇ ਚਲੀ ਗਈ। ਹੁਣ ਭਜਨ ਕੌਰ ਅਤੇ ਪਾਲੀ ਦੋਵੇਂ ਇਕੱਠੀਆਂ ਹੀ ਬਾਹਰਲੇ ਘਰ ਜਾਂਦੀਆਂ। ਪੰਜ ਸੱਤ ਦਿਨ ਤਾਂ ਇਸ ਤਰ੍ਹਾਂ ਹੁੰਦਾ ਰਿਹਾ। ਇੱਕ ਦਿਨ ਭਜਨ ਕੌਰ ਨੂੰ ਪਤਾ ਨਹੀਂ ਕੀ ਕੰਮ ਆ ਪਿਆ, ਪਾਲੀ ਨੂੰ ਇਕੱਲਿਆਂ ਹੀ ਜਾਣਾ ਪਿਆ। ਜਦੋਂ ਉਹ ਵਾਪਸ ਆ ਰਹੀ ਸੀ ਤਾਂ ਉਸ ਨੂੰ ਪਿੱਛੇ ਪੈਰਾਂ ਦੀ ਬਿੜਕ ਮਹਿਸੂਸ ਹੋਈ ਉਹ ਅੰਦਰੋਂ ਕੰਬ ਗਈ ਦੂਜੇ ਹੀ ਪਲ ਉਸ ਨੇ ਬਾਂਹ ਨਾਲ ਬੰਨ੍ਹੇ ਤਬੀਤ ਨੂੰ ਹੱਥ ਪਾਇਆ। ਬਿੜਕ ਉਸ ਨੂੰ ਉਹ ਦੇ ਬਿਲਕੁਲ ਨੇੜੇ ਲੱਗੀ। ਉਸ ਨੇ ਪਿੱਛੇ ਨੂੰ ਦੇਖਿਆ, ਇੱਕ ਬਿੱਲੀ ਉਸ ਦੇ ਪਿੱਛੇ ਪਿੱਛੇ ਆ ਰਹੀ ਸੀ, ਸ਼ਾਇਦ ਦੁੱਧ ਵਾਲੀ ਬਾਲਟੀ ਕਰ ਕੇ। ਪਾਲੀ ਨੇ ਆਪਣੇ ਅੰਦਰ ਨਵੀਂ ਸ਼ਕਤੀ ਮਹਿਸੂਸ ਕੀਤੀਉਹ ਕਈ ਵਾਰੀ ਡੌਲੇ ’ਤੇ ਹੱਥ ਰੱਖ ਕੇ ਪਿੱਪਲ਼ ਵੱਲ ਦੇਖਦੀ ਜਿਵੇਂ ਉਹ ਪ੍ਰੇਤ ਨੂੰ ਭਸਮ ਕਰਨ ਦੀ ਸ਼ਕਤੀ ਰੱਖਦੀ ਹੋਵੇ।

ਪਾਲੀ ਹੁਣ ਡਰਦੀ ਨਹੀਂ ਸੀ। ਜੇ ਕਦੇ ਉਸ ਨੂੰ ਡਰ ਲੱਗਦਾ ਵੀ ਤਾਂ ਉਸ ਨੂੰ ਆਪਣੇ ਬਾਪੂ ਦੀਆਂ ਗੱਲਾਂ ਯਾਦ ਆਉਂਦੀਆਂ, ਇਹਦੇ ਵਿੱਚ ਬਹੁਤ ਸ਼ਕਤੀ ਐ, ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ।”

ਇਸੇ ਤਰ੍ਹਾਂ ਡੇਢ ਕੁ ਮਹੀਨਾ ਲੰਘ ਗਿਆ। ਕਈ ਵਾਰ ਪਾਲੀ ਸੋਚਦੀ, ਉਸ ਦੀ ਤਕਲੀਫ਼ ਨੇ ਬਾਪੂ ਨੂੰ ਕਿਹੜੇ ਰਾਹ ਤੋਰ ਦਿੱਤਾ? ਜਿਸ ਪਾਸੇ ਜਾਣ ਤੋਂ ਉਹ ਦੂਜਿਆਂ ਨੂੰ ਰੋਕਦੇ ਸਨ, ਅੱਜ ਆਪ ਸਿਆਣਿਆਂ ਦੇ ਦਰਾਂ ’ਤੇ ਸਿਰ ਝੁਕਾਉਂਦੇ ਨੇ। ਇੱਕ ਵਾਰੀ ਉਸ ਨੇ ਆਪਣੇ ਬਾਪੂ ਨੂੰ ਕਿਹਾ ਵੀ ਕਿ ਉਸ ਕਰਕੇ ਉਨ੍ਹਾਂ ਨੂੰ ਆਪਣੇ ਅਸੂਲ ਛੱਡਣੇ ਪਏ

“ਔਲਾਦ ਪਿੱਛੇ ਬੜਾ ਕੁਝ ਕਰਨਾ ਪੈਂਦਾ ਹੈ।” ਕਹਿ ਕੇ ਪ੍ਰੀਤ ਦੇ ਪਿਓ ਨੇ ਗੱਲ ਟਾਲ਼ ਦਿੱਤੀ।

ਕੋਈ ਮਹੀਨੇ, ਡੇਢ ਮਹੀਨੇ ਪਿੱਛੋਂ ਪਾਲੀ ਦਾ ਪਿਉ ਪਤਾ ਲੈਣ ਆਇਆ। ਧੀ ਨੂੰ ਦੇਖ ਕੇ ਬੜਾ ਖੁਸ਼ ਹੋਇਆ। ਸਬੱਬ ਨਾਲ ਉਸ ਦਿਨ ਭਜਨ ਕੌਰ ਦੀ ਧੀ ਪ੍ਰੀਤ ਅਤੇ ਜਵਾਈ ਵੀ ਮਿਲਣ ਆ ਗਏ। ਸਾਰੇ ਜਣੇ ਬੜੇ ਖੁਸ਼ ਸਨ ਕਿ ਪਾਲੀ ਹੁਣ ਬਿਲਕੁਲ ਠੀਕ ਹੈ।

“ਪਾਲੀ ਪੁੱਤ! ਆਹ ਤਬੀਤ ਜੂਠਾ ਹੋ ਗਿਆ ਤੇਰਾ। ਪੂਰਨਮਾਸ਼ੀ ਨੂੰ ਗ੍ਰਹਿਣ ਲੱਗਿਆ ਸੀ ਚੰਦ ਨੂੰ। ਆਹ ਖੋਲ੍ਹ ਕੇ ਦੇ ਦਿਓ। ਬਦਲਣਾ ਪਊ।”

“ਅਸੀਂ ਤਾਂ ਕਦੇ ਵੀ ਆਹ ਧਾਗਿਆਂ ਸੂਤਿਆਂ ਵਿੱਚ ਯਕੀਨ ਨਹੀਂ ਕਰਿਆ। ਪਰ ਹੁਣ … ।” ਭਜਨ ਕੌਰ ਦੇ ਪਤੀ ਨੇ ਉਦਾਸ ਜਿਹੀ ਅਵਾਜ਼ ਵਿੱਚ ਕਿਹਾ।

“ਕਿਹੜੇ ਸਿਆਣੇ ਤੋਂ ਲਿਆਂਦੈ ਤਬੀਤ ਭਾਈ? ਜੇ ਦੱਸ ਦੇਮੇਂ, ਕਿਸੇ ਹੋਰ ਦਾ ਭਲਾ ਹੋ ਜੂ।” ਦਿਆਲ ਕੌਰ ਨੇ ਪੁੱਛਿਆ।

“ਆਹ ਥੋਡੇ ਨਾਲ ਲੱਗਦੇ ਸ਼ਹਿਰ ਵਿੱਚ ਐ ਮਾਤਾ ਜੀ।”

ਪਾਲੀ ਨੇ ਤਬੀਤ ਖੋਲ੍ਹ ਕੇ ਆਪਣੇ ਬਾਪੂ ਨੂੰ ਫੜਾ ਤਾਂ ਦਿੱਤਾ ਪਰ ਉਸ ਦਾ ਦਿਲ ਨਹੀਂ ਸੀ ਕਰ ਰਿਹਾ ਕਿਉਂਕਿ ਇਸ ਤਬੀਤ ਕਰਕੇ ਤਾਂ ਪ੍ਰੇਤ ਤੋਂ ਖਹਿੜਾ ਛੁੱਟਿਆ ਸੀ ਤੇ ਉਸ ਵਿੱਚ ਨਵੀਂ ਤਾਕਤ ਆਈ ਸੀ।

“ਹੁਣ ਤਬੀਤ ਦੀ ਜ਼ਰੂਰਤ ਵੀ ਨਹੀਂ, ਬੱਸ ਇਸ ’ਤੇ ਲਿਖੇ ਮੰਤਰ ਦਾ ਧਿਆਨ ਕਰ ਲੈਣਾ, ਬੁਰੀਆਂ ਰੂਹਾਂ ਦੂਰ ਰਹਿਣਗੀਆਂ।” ਪਾਲੀ ਦੇ ਬਾਪੂ ਨੇ ਵੱਡੇ ਸਾਰੇ ਚੌਰਸ ਤਬੀਤ ਵਿੱਚੋਂ ਮੰਤਰ ਵਾਲਾ ਕਾਗਜ਼ ਦਾ ਟੁਕੜਾ ਕੱਢਦਿਆਂ ਕਿਹਾ।

ਸਾਰੇ ਜਣੇ ਉਸ ਲਿਖੇ ਮੰਤਰ ਨੂੰ ਦੇਖਣਾ ਚਾਹੁੰਦੇ ਸਨ। ਪਾਲੀ ਦੇ ਬਾਪੂ ਨੇ ਕਾਗਜ਼ ਦੀਆਂ ਕਈ ਤਹਿਆਂ ਖੋਲ੍ਹੀਆਂ। ਸਾਰੇ ਦੇਖ ਕੇ ਹੈਰਾਨ ਰਹਿ ਗਏ ਕਾਗਜ਼ ਤਾਂ ਦੋਵਾਂ ਪਾਸਿਆਂ ਤੋਂ ਸਾਫ਼ ਸੀ। ਕੁਝ ਵੀ ਨਹੀਂ ਸੀ ਲਿਖਿਆ ਹੋਇਆ। ਸਾਰੇ ਪਾਸੇ ਚੁੱਪ ਸੀ। ਪਾਲੀ ਆਪਣੇ ਬਾਪੂ ਦੀ ਹੁਸ਼ਿਆਰੀ ਸਮਝ ਗਈ।

“ਪਰ ਬਾਪੂ ਕਾਲ਼ਾ ਪ੍ਰਛਾਵਾਂ … ?ਉਸ ਨੇ ਸਵਾਲੀਆ ਨਜ਼ਰਾਂ ਨਾਲ ਬਾਪੂ ਵੱਲ ਤੱਕਿਆ।

ਆਪਣੇ ਕੁੜਤੇ ਦੇ ਖੀਸੇ ਵਿੱਚ ਹੱਥ ਪਾ ਕੇ ਪਾਲੀ ਦੇ ਬਾਪੂ ਨੇ ਵਰਤੀਆਂ ਸਰਿੰਜਾਂ ਅਤੇ ਗੋਲੀਆਂ ਦੇ ਖਾਲੀ ਪੱਤੇ, ਅੱਧ ਸੜੇ ਕਾਗਜ਼ ਦਿਖ ਦਿੱਤੇ, ਜਿਹੜੇ ਉਸ ਨੂੰ ਪਿੱਪਲ ਦੇ ਮੁੱਢ ਕੋਲੋਂ ਮਿਲੇ ਸਨ।

“ਨਸ਼ੇ …? ਭਜਨ ਕੌਰ ਦੇ ਪਤੀ ਨੇ ਹੈਰਾਨੀ ਨਾਲ ਪੁੱਛਿਆ।

“ਜੀ ਹਾਂ, ਭਾਈ ਸਾਬ੍ਹ। ਇਹ ਪ੍ਰੇਤ ਐ, ਜਿਹੜਾ ਲੋਕਾਂ ਦੇ ਘਰ ਬਰਬਾਦ ਕਰ ਰਿਹਾ ਐ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3329)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author