AmritKShergill7ਪਤਾ ਨਹੀਂ ਹੁਣ ਪੜ੍ਹਨ ਦਾ ਕੀ ਝੱਲ ਚੜ੍ਹਿਐ, ਐਸ ਉਮਰੇ ...
(5 ਜੂਨ 2020)

 

ਜਸਵੰਤ ਸਿੰਘ ਦੇ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਦਾ ਘਰ ਵਿੱਚ ਪਹਿਲਾ ਹੀ ਦਿਨ ਸੀਉਹ ਬੜੀ ਬੇਚੈਨੀ ਮਹਿਸੂਸ ਕਰ ਰਹੇ ਸਨਆਪਣੇ ਆਪ ਨੂੰ ਹੀ ਸਵਾਲ ਪੁੱਛਦੇ, ‘ਕੀ ਮੈਂ ਹੁਣ ਘਰ ਵਿਹਲਾ ਬੈਠਿਆ ਕਰਾਂਗਾ? ਅਜੇ ਚੰਗਾ ਭਲਾ ਤਾਂ ਹਾਂ, ਕੀ ਹੋਇਆ ਹੈ ਮੈਂਨੂੰ? ਰਿਟਾਇਰ ਹੋਣਾ ਕੋਈ ਬਿਮਾਰੀ ਨਹੀਂ, ਇਹ ਤਾਂ ਆਜ਼ਾਦੀ ਹੈ ਹੁਣ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਦਾ ਮੌਕਾ ਮਿਲਿਆ ਸਗੋਂ’ ਇਹ ਸੋਚ ਕੇ ਉਨ੍ਹਾਂ ਦੇ ਮਨ ਨੂੰ ਖੁਸ਼ੀ ਹੋਈ ਅਤੇ ਆਪਣੇ ਤਰੀਕੇ ਨਾਲ ਕੰਮ ਕਰਨ ਦਾ ਫੈਸਲਾ ਕੀਤਾ

ਉਹ ਜਾਣਦੇ ਸਨ ਕਿਸ ਉਮਰ ਵਿੱਚ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ, ਉਨ੍ਹਾਂ ਆਪਣੇ ਕੋਲ ਪਈਆਂ ਕੁਝ ਕਿਤਾਬਾਂ ਲਈਆਂ, ਤੇ ਬੱਸ ਅੱਡੇ ਉੱਤੇ ਜਾ ਕੇ ਕਿਤਾਬਾਂ ਵੰਡਣ ਦਾ ਯਤਨ ਕੀਤਾਕੰਮ ਜਿੰਨਾ ਸੌਖਾ ਲੱਗਦਾ ਸੀ, ਉੰਨਾ ਸੌਖਾ ਨਹੀਂ ਸੀਉਹ ਸੋਚ ਰਹੇ ਸਨ ਕਿ ਕੋਸ਼ਿਸ਼ ਕੀਤਿਆਂ ਸਭ ਕੁਝ ਹੋ ਸਕਦਾ ਹੈ ਉਨ੍ਹਾਂ ਨੇ ਦਸ ਕੁ ਜਣਿਆਂ ਨੂੰ ਕਿਤਾਬਾਂ ਦੇ ਦਿੱਤੀਆਂ ਅਤੇ ਉਨ੍ਹਾਂ ਨੂੰ ਪੜ੍ਹਨ ਲਈ ਪ੍ਰੇਰਿਆਦੂਜੇ ਤੀਜੇ ਦਿਨ ਜਾ ਕੇ ਪੁੱਛਦੇ ਕਿ ਕਿਤਾਬ ਪੜ੍ਹੀ ਜਾਂ ਨਹੀਂ? ਚਾਰ ਪੰਜ ਦਿਨ ਤਾਂ ਕਿਸੇ ਪਾਸਿਓਂ ਕੋਈ ਹੁੰਗਾਰਾ ਨਹੀਂ ਮਿਲਿਆਪਰ ਪ੍ਰੋਫੈਸਰ ਸਾਹਿਬ ਦੇ ਵਾਰ ਵਾਰ ਕਹਿਣ ’ਤੇ ਕੁਝ ਕੁ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ

ਬੰਤਾ ਸਿੰਘ ਡਰਾਈਵਰ ਨੂੰ ਵੀ ਪ੍ਰੋਫੈਸਰ ਸਾਹਿਬ ਨੇ ਇੱਕ ਕਿਤਾਬ ਪੜ੍ਹਨ ਲਈ ਦਿੱਤੀ ਸੀ ਜਦੋਂ ਬੰਤਾ ਸਿੰਘ ਕਿਤਾਬ ਪੜ੍ਹਨ ਬਾਰੇ ਸੋਚਦਾ ਤਾਂ ਨਾਲ ਹੀ ਉਹਦੇ ਮਨ ਵਿੱਚ ਇੱਕ ਵਿਚਾਰ ਪੈਦਾ ਹੁੰਦਾ ਕਿ ਹੁਣ ਕੋਈ ਉਮਰ ਐ ਪੜ੍ਹਨ ਦੀ? ਪਰ ਬੰਤਾ ਸਿੰਘ ਨੂੰ ਪ੍ਰੋਫੈਸਰ ਸਾਹਿਬ ਦੀ ਸ਼ਖਸੀਅਤ ਨੇ ਬਹੁਤ ਪ੍ਰਭਾਵਿਤ ਕੀਤਾਇਸ ਲਈ ਉਸ ਨੇ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ ਜਦੋਂ ਪੜ੍ਹਨੀ ਸ਼ੁਰੂ ਕੀਤੀ ਤਾਂ ਛੱਡਣ ਦਾ ਜੀਅ ਨਾ ਕਰੇਕਿੰਨੀਆਂ ਚੰਗੀਆਂ ਗੱਲਾਂ ਬੜੀ ਸੌਖੀ ਭਾਸ਼ਾ ਵਿੱਚ ਲਿਖੀਆਂ ਸਨਹੁਣ ਤਕ ਉਹ ਤਾਂ ਇਹੀ ਸਮਝਦਾ ਰਿਹਾ ਸੀ ਕਿ ਉਸ ਨੂੰ ਕਿਤਾਬ ਦੀ ਸਮਝ ਨਹੀਂ ਆਵੇਗੀਕਿੰਨੀਆਂ ਆਮ ਗੱਲਾਂ ਜੇ ਚੰਗੇ ਤਰੀਕੇ ਨਾਲ ਕਰੀਏ ਤਾਂ ਜੀਵਨ ਬਦਲ ਸਕਦੀਆਂ ਹਨਉਹ ਸੋਚ ਰਿਹਾ ਸੀ ਕਿ ਜੇ ਸਭ ਕੁਝ ਪਹਿਲਾਂ ਪੜ੍ਹ ਲਿਆ ਹੁੰਦਾ ਤਾਂ ਜੀਵਨ ਹੀ ਬਦਲ ਜਾਣਾ ਸੀਕਿਤਾਬ ਪੜ੍ਹਦਿਆਂ ਪੜ੍ਹਦਿਆਂ ਉਸ ਨੂੰ ਨੀਂਦ ਦੇ ਝੂਟੇ ਆਉਣ ਲੱਗੇ

ਬੰਤਾ ਸਿੰਘ ਨੂੰ ਕਾਫ਼ੀ ਸ਼ੋਰ-ਸ਼ਰਾਬਾ ਸੁਣਾਈ ਦੇਣ ਲੱਗਾਕਦੇ ਜਾਪਦਾ ਬਹੁਤ ਨੇੜੇ ਹੈ, ਕਦੇ ਬਹੁਤ ਦੂਰਨਹੀਂ ... ਨਹੀਂ ... ਇਹ ਤਾਂ ਉਸ ਦੇ ਅੰਦਰੋਂ ਸੁਣਾਈ ਦੇ ਰਿਹਾ ਸੀਭਾਂਤ ਭਾਂਤ ਦੀਆਂ ਮੂਰਤਾਂ ਬਣ ਰਹੀਆਂ ਸਨ, ਪਰ ਸਪਸ਼ਟ ਕੋਈ ਵੀ ਨਹੀਂ ਸੀਉਸ ਨੇ ਗਹੁ ਨਾਲ ਦੇਖਣ ਦੀ ਕੋਸ਼ਿਸ਼ ਕੀਤੀਇੱਕ ਮੂਰਤ ਸਪਸ਼ਟ ਹੋਣ ਲੱਗੀ, ਪਰ ਯਤਨ ਕਰਨ ’ਤੇ ਵੀ ਪਛਾਣ ਨਾ ਸਕਿਆ

“ਤੂੰ ਕੌਣ ਏਂ? ... ਆਹ ਰੌਲਾ ਕੀਹਨੇ ਪਾ ਰੱਖਿਐ?” ਬੰਤਾ ਸਿੰਘ ਨੇ ਪੁੱਛਿਆ

“ਅਸੀਂ ਤੁਹਾਡੇ ਧੀਆਂ ਪੁੱਤਰ ...।” ਆਵਾਜ਼ ਆਈ ਪਰ ਆਕਾਰ ਸਪਸ਼ਟ ਨਾ ਹੋਇਆ

“ਧੱਕੇ ਨਾਲ ਈ ਧੀਆਂ ਪੁੱਤਰ ਬਣਦੇ ਓ, ਜਾਓ ਸੌਣ ਦਿਓ।” ਬੰਤਾ ਸਿੰਘ ਬੁੜਬੜਾਇਆ

“ਜੇ ਤੁਸੀਂ ਧੀਆਂ ਪੁੱਤਰਾਂ ਨੂੰ ਚੰਗੇ ਬਣਾਉਗੇ, ਤਾਂ ਹੀ ਚੈਨ ਦੀ ਨੀਂਦ ਸੌਂ ਸਕੋਗੇ।” ਆਵਾਜ਼ ਬੜੀ ਪਿਆਰੀ ਸੀ

“ਮੈਂਨੂੰ ਨੀਂ ਸਮਝ ਆਉਂਦੀ ਥੋਡੀ ਕੋਈ ਵੀ ਗੱਲ।” ਉਹ ਖਿਝ ਕੇ ਬੋਲਿਆ

“ਚਲੋ ਠੀਕ ਐ, ਗੁੱਸੇ ਨਾ ਹੋਵੋ, ਮੈਂ ਦੱਸਦੀ ਆਂਮੈਂ ਤੁਹਾਡੀ ਸੋਚ - ਜਿਸ ਨੂੰ ਜਦੋਂ ਵੀ ਤੁਸੀਂ ਆਪਣੇ ਮਨ, ਬਚਨ ਅਤੇ ਕਰਮ ਰਾਹੀਂ ਪ੍ਰਗਟ ਕਰਦੇ ਓ, ਮੈਂਨੂੰ ਅਤੇ ਆਪਣੇ ਆਪ ਨੂੰ ਦੁਨੀਆਂ ਕੋਲੋਂ ਚੰਗਾ ਜਾਂ ਬੁਰਾ ਕਹਾਉਂਦੇ ਓਆਹ, ਜਿਹੜੇ ਸ਼ੋਰ ਮਚਾ ਰਹੇ ਨੇ, ਇਹ ਤੁਹਾਡੇ ਵਿਚਾਰ ਨੇ ... ਕੋਈ ਆਉਂਦਾ ਹੈ, ਕੋਈ ਜਾਂਦਾ ਹੈਪੱਕੇ ਤੌਰ ਉੱਤੇ ਨਹੀਂ ਟਿਕਦੇਇਸ ਲਈ ਅੰਦਰ ਘੜਮੱਸ ਪਿਆ ਰਹਿੰਦਾ ਹੈਪਰ ਹਾਂ ... ਜੇ ਤੁਸੀਂ ਨੇਕੀ, ਇਮਾਨਦਾਰੀ ਅਤੇ ਸਚਾਈ ਨੂੰ ਆਪਣੇ ਅੰਦਰ ਵਸਾ ਲਵੋਗੇ ਤਾਂ ਚੰਗੇ ਲੋਕ ਤੁਹਾਡੀ ਵੀ ਤਾਰੀਫ਼ ਕਰਨਗੇ ਅਤੇ ਸਾਡੀ ਵੀ।” ਬੰਤਾ ਸਿੰਘ ਨੂੰ ਆਵਾਜ਼ ਬੜੀ ਪਿਆਰੀ ਲੱਗ ਰਹੀ ਸੀ, ਇਸ ਲਈ ਉਹ ਚੁੱਪ-ਚਾਪ ਸੁਣ ਰਿਹਾ ਸੀਪਰ ਇਸਦੇ ਨਾਲ ਹੀ ਉਸ ਨੂੰ ਇੱਕ ਹੋਰ ਆਵਾਜ਼ ਸੁਣਾਈ ਦਿੱਤੀ

“ਹੱਥ ਵਿੱਚ ਕਿਤਾਬ ਉਂਜ ਸੁੱਤੇ ਪਏ ਨੇ, ਪਤਾ ਨਹੀਂ ਹੁਣ ਪੜ੍ਹਨ ਦਾ ਕੀ ਝੱਲ ਚੜ੍ਹਿਐ, ਐਸ ਉਮਰੇ।” ਇਹ ਤਾਂ ਬੰਤਾ ਸਿੰਘ ਦੀ ਪਤਨੀ ਦੀ ਆਵਾਜ਼ ਸੀਬੰਤਾ ਸਿੰਘ ਦੇ ਹੱਥੋਂ ਕਿਤਾਬ ਫੜ ਕੇ ਉਸ ਨੇ ਇੱਕ ਪਾਸੇ ਰੱਖ ਦਿੱਤੀ

ਬੰਤਾ ਸਿੰਘ ਉੱਠ ਕੇ ਬੈਠ ਗਿਆਉਹ ਹੈਰਾਨ ਪ੍ਰੇਸ਼ਾਨ ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਨੇ ਸੁਪਨਾ ਦੇਖਿਆ ਹੈ ਜਾਂ ਫਿਰ ਕਿਤਾਬ ਵਿੱਚ ਪੜ੍ਹਿਆ ਹੈ ਸਾਰਾ ਕੁਝਸ਼ਾਇਦ ਰਲਵਾਂ ਮਿਲਵਾਂ ਸੀਕਿਤਾਬ ਪੜ੍ਹਦਿਆਂ ਅੱਖ ਲੱਗ ਗਈ ਹੋਵੇਗੀ

“ਅੱਧੀ ਰਾਤ ਨੂੰ ਚਾਹ ਕਰਵਾ ਲੀ, ਐਂ ਪੜ੍ਹਨ ਲੱਗੇ ਨੇ ਜਿਵੇਂ ਪੇਪਰ ਦੇਣੇ ਹੁੰਦੇ ਨੇ, ਐਹਾ ਜਾ ਕੀ ਐ ਏਹਦੇ ਵਿੱਚ?” ਬੰਤਾ ਸਿੰਘ ਦੀ ਪਤਨੀ ਬੁੜਬੁੜ ਕਰ ਰਹੀ ਸੀ

“ਓਏ ... ਕਿਸੇ ਨੇ ਦਿੱਤੀ ਸੀ ਪੜ੍ਹਨ ਨੂੰਮੈਂ ਤਾਂ ਲੈਂਦਾ ਨੀਂ ਸੀ ਧੱਕੇ ਨਾਲ ਦੇ ’ਤੀ ...ਪਰ ਕਿਤਾਬ ਹੈ ਬੜੀ ਵਧੀਆਤੂੰ ਵੀ ਪੜ੍ਹ ਕੇ ਦੇਖ, ਆਹ ਜਿਹੜਾ ਬਲੱਡ ਵਧਾਈ ਰੱਖਦੀ ਐਂ, ਸਭ ਠੀਕ ਹੋ ਜੂ।” ਆਖ ਕੇ ਬੰਤਾ ਸਿੰਘ ਕੰਮ ’ਤੇ ਜਾਣ ਲਈ ਤਿਆਰ ਹੋਣ ਲੱਗਾ ਅਤੇ ਉਸ ਦੀ ਪਤਨੀ ਬੁੜਬੁੜ ਕਰਦੀ ਰਸੋਈ ਵਿੱਚ ਚਲੀ ਗਈ

ਬੰਤਾ ਸਿੰਘ ਨੇ ਸਮੇਂ ਸਿਰ ਬੱਸ ਅੱਡੇ ’ਤੇ ਜਾ ਲਾਈਉਸ ਨੂੰ ਡਰਾਇਵਰੀ ਕਰਦਿਆਂ ਬਾਰਾਂ ਤੇਰਾਂ ਸਾਲ ਹੋ ਗਏ ਸਨ, ਪਰ ਅੱਜ ਵਾਂਗ ਉਸ ਨੂੰ ਕਦੇ ਵੀ ਮਹਿਸੂਸ ਨਹੀਂ ਸੀ ਹੋਇਆਬੱਸ ਖਚਾਖੱਚ ਭਰੀ ਪਈ ਸੀ ਫਿਰ ਵੀ ਪੜ੍ਹਨ ਵਾਲੇ ਮੁੰਡੇ ਕੁੜੀਆਂ ਬੱਸ ਵਿੱਚ ਧੁਸ ਦੇ ਕੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨਸਮੇਂ ਅਨੁਸਾਰ ਉਸ ਨੇ ਬੱਸ ਤੋਰ ਲਈਇੱਕ ਕਾਲਜੀਏਟ ਮੁੰਡੇ ਨੇ ਬੁਰੀ ਭਾਵਨਾ ਨਾਲ ਬੱਸ ਦੇ ਡੰਡੇ ਦਾ ਸਹਾਰਾ ਲਈ ਖੜ੍ਹੀ ਕੁੜੀ ਦੇ ਹੱਥ ਉੱਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀਉਸ ਦਾ ਧਿਆਨ ਹੱਥ ਵਿੱਚ ਫੜੀ ਕਿਤਾਬ ਵੱਲ ਗਿਆਉਸ ਨੂੰ ਲੱਗਿਆ ਜਿਵੇਂ ਉਹ ਆਪਣੇ ਆਪ ਨੂੰ ਹੀ ਗਾਲ਼ ਕੱਢਣ ਲੱਗਾ ਹੋਵੇਉਸ ਨੇ ਆਪਣਾ ਹੱਥ ਰੋਕ ਲਿਆਸੀਟ ’ਤੇ ਬੈਠੇ ਇੱਕ ਤੀਹ ਪੈਂਤੀ ਸਾਲ ਦੇ ਚੰਗੇ ਸੂਟ ਬੂਟ ਵਾਲੇ ਬੰਦੇ ਨੇ ਆਪਣੀਆਂ ਕੱਛਾਂ ਵਿੱਚ ਹੱਥ ਦਿੱਤੇ ਅਤੇ ਨਾਲ ਬੈਠੀ ਔਰਤ ਦੀ ਵੱਖੀ ਵੱਲ ਉਂਗਲ ਸਿੱਧੀ ਕੀਤੀਪਰ ਉਸ ਨੇ ਇੱਕ ਦਮ ਮੁੱਠੀਆਂ ਬੰਦ ਕਰ ਲਈਆਂ ਅਤੇ ਆਪਣਾ ਸਿਰ ਝਟਕਿਆ ਜਿਵੇਂ ਦਿਮਾਗ ਵਿੱਚ ਆਏ ਬੁਰੇ ਵਿਚਾਰਾਂ ਨੂੰ ਸੁੱਟਣਾ ਚਾਹੁੰਦਾ ਹੋਵੇ

ਬੰਤਾ ਸਿੰਘ ਨੇ ਅੱਜ ਕੋਈ ਵੀ ਘਟੀਆ ਗਾਣਿਆਂ ਵਾਲੀ ਕੈਸੇਟ ਨਾ ਚਲਾਈਕੰਡਕਟਰ ਨੇ ਉਸ ਨੂੰ ਕਈ ਵਾਰ ਇਸ਼ਾਰਾ ਵੀ ਕੀਤਾ ਗਾਣੇ ਲਾਉਣ ਲਈ ਪਰ ਉਸ ਨੇ ਧਿਆਨ ਨਾ ਦਿੱਤਾਅਖੀਰ ਟਿਕਟਾਂ ਕੱਟ ਕੇ ਵਿਹਲਾ ਹੋਇਆ ਕੰਡਕਟਰ ਆ ਕੇ ਇੰਜਣ ’ਤੇ ਬੈਠ ਗਿਆਉਸ ਨੇ ਬੰਤਾ ਸਿੰਘ ਨੂੰ ਕੁਝ ਕਿਹਾਬੰਤਾ ਸਿੰਘ ਨੇ ਇੱਕ ਕੈਸੇਟ ਚਲਾ ਦਿੱਤੀ, ਜਿਹੜੀ ਕਈ ਮਹੀਨਿਆਂ ਤੋਂ ਬੱਸ ਵਿੱਚ ਪਈ ਹੋਈ ਸੀ ਪਰ ਸੁਣੀ ਕਦੇ ਵੀ ਨਹੀਂ ਸੀਇਸ ਵਿੱਚ ਯੋਧਿਆਂ ਦੀਆਂ ਵਾਰਾਂ ਸਨ ਜਿਨ੍ਹਾਂ ਨੇ ਧੀਆਂ ਭੈਣਾਂ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਦੀ ਵੀ ਪ੍ਰਵਾਹ ਨਹੀਂ ਸੀ ਕੀਤੀਇੱਕ ਵਾਰੀ ਤਾਂ ਕੰਡਕਟਰ ਨੇ ਬੁੱਲ੍ਹ ਜਿਹੇ ਵੱਟ ਕੇ ਆਪਣਾ ਸਿਰ ਸੱਜੇ ਖੱਬੇ ਹਿਲਾਇਆ ਜਿਵੇਂ ਉਸ ਨੂੰ ਬੰਤਾ ਸਿੰਘ ਦੇ ਦਿਮਾਗ ’ਤੇ ਸ਼ੱਕ ਹੋ ਰਿਹਾ ਹੋਵੇ ਕਿ ਸਹੀ ਹੈ ਜਾਂ ਨਹੀਂਪਰ ਜਦੋਂ ਉਸ ਨੇ ਦੋ-ਚਾਰ ਗੱਲਾਂ ਸੁਣੀਆਂ ਤਾਂ ਉਸ ਦਾ ਸਿਰ ਨੀਵਾਂ ਹੋ ਗਿਆ ਕਿਉਂਕਿ ਇਨ੍ਹਾਂ ਮਹਾਨ ਸੂਰਬੀਰਾਂ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ

ਬੰਤਾ ਸਿੰਘ ਨੇ ਅੱਗੇ ਲੱਗੇ ਸ਼ੀਸ਼ੇ ਵਿੱਚ ਦੀ ਕਈ ਵਾਰੀ ਸਵਾਰੀਆਂ ’ਤੇ ਨਿਗਾਹ ਮਾਰੀ ਅੱਜ ਕੋਈ ਵੀ ਮਨਚਲਾ ਸ਼ਰਾਰਤ ਕਰਦਾ ਨਾ ਦਿਸਿਆਉਹ ਸੋਚ ਰਿਹਾ ਸੀ ਕਿਤਾਬ ਵਿੱਚ ਲਿਖੀ ਹਰ ਗੱਲ ਸੱਚ ਹੈ ਕਿ ਅਸੀਂ ਖੁਦ ਹੀ ਗੰਦੇ ਵਿਚਾਰਾਂ ਨੂੰ ਫੈਲਾਅ ਕੇ ਸਮਾਜ ਨੂੰ ਗੰਦਾ ਕਰਦੇ ਹਾਂਕਿਤਾਬ ਵਿੱਚ ਲਿਖਿਆ ਸੀ ਕਿ ਹਰੇਕ ਵਿਅਕਤੀ ਦੇ ਅੰਦਰ ਚੰਗਿਆਈ ਅਤੇ ਬੁਰਿਆਈ, ਦੋਵੇਂ ਹੁੰਦੀਆਂ ਹਨਜਿਹੋ ਜਿਹਾ ਮਾਹੌਲ ਸਿਰਜਿਆ ਜਾਵੇਗਾ ਉਹੀ ਕੁਝ ਅੰਦਰੋਂ ਬਾਹਰ ਨਿਕਲ ਆਵੇਗਾਜਿਵੇਂ ਹੁਣ ਦੇ ਬਹੁਤੇ ਗਾਇਕਾਂ ਦੇ ਬੇਤੁਕੇ ਗੀਤਾਂ ਨੂੰ ਸੁਣ ਕੇ ਚੜ੍ਹਦੀ ਉਮਰ ਦੇ ਬੱਚੇ ਸ਼ਰਾਬ ਪੀਣ ਅਤੇ ਹਥਿਆਰ ਚੁੱਕਣ ਨੂੰ ਆਪਣੀ ਟੌਹਰ ਸਮਝਦੇ ਹਨਹਾਂ, ਥੋੜ੍ਹੇ ਦਿਨਾਂ ਦੀ ਤਾਂ ਗੱਲ ਹੈ ਉਹ ਇੱਕ ਵਿਆਹ ਵਿੱਚ ਗਿਆ ਸੀਉੱਥੇ ਚਲਦੇ ਗੀਤਾਂ ਨੂੰ ਸੁਣ ਕੇ ਫੁਕਰਪੁਣੇ ਵਿੱਚ ਆ ਕੇ ਚਲਾਈ ਗੋਲੀ ਇੱਕ ਬਰਾਤੀ ਦੇ ਮੋਢੇ ਵਿੱਚ ਵੱਜੀ ਤੇ ਸਾਰਿਆਂ ਨੂੰ ਭਾਜੜਾਂ ਪੈ ਗਈਆਂ ਸਨਸੁਣਿਆ ਹੈ ਕਈ ਥਾਂਈਂ ਤਾਂ ਵਿਆਹਾਂ ਵਿੱਚ ਚੱਲੀਆਂ ਗੋਲੀਆਂ ਨਾਲ ਮੌਤਾਂ ਵੀ ਹੋਈਆਂ ਹਨਇਹੀ ਗੱਲਾਂ ਸੋਚਦਿਆਂ ਉਸ ਨੇ ਬੱਸ ਟਿਕਾਣੇ ਪਹੁੰਚਾ ਕੇ ਰੋਕ ਦਿੱਤੀਬੰਤਾ ਸਿੰਘ ਮੋਢੇ ਉੱਤੇ ਪਰਨਾ ਰੱਖ ਹੇਠਾਂ ਉੱਤਰਿਆ

“ਕਿਉਂ ਬਈ ਕਿਤਾਬ ਪੜ੍ਹੀ ਸੀ?” ਕਿਸੇ ਨੇ ਪਿੱਛੋਂ ਦੀ ਬੰਤਾ ਸਿੰਘ ਦੇ ਮੋਢੇ ’ਤੇ ਹੱਥ ਰੱਖ ਕੇ ਪੁੱਛਿਆਉਸ ਨੇ ਪਿੱਛੇ ਮੁੜ ਕੇ ਦੇਖਿਆ ਇਹ ਤਾਂ ਪ੍ਰੋਫੈਸਰ ਸਾਹਿਬ ਸਨ

“ਹਾਂ ਜੀ ਥੋੜ੍ਹੀ ਜਿਹੀ ਰਹਿੰਦੀ ਐ ...।”

ਬੰਤਾ ਸਿੰਘ ਹੋਰ ਵੀ ਕੁਝ ਕਹਿਣਾ ਚਾਹੁੰਦਾ ਸੀ, ਪਰ ਪ੍ਰੋਫੈਸਰ ਸਾਹਿਬ ਦੇ ਦੁਆਲੇ ਦਸ ਕੁ ਜਣਿਆਂ ਦੀ ਇੱਕ ਜਮਾਤ ਬਣ ਗਈਉਨ੍ਹਾਂ ਵਿੱਚ ਕਾਲਜੀਏਟ ਮੁੰਡਾ ਅਤੇ ਸੂਟ-ਬੂਟ ਵਾਲਾ ਬੰਦਾ ਵੀ ਸ਼ਾਮਲ ਸਨਉਨ੍ਹਾਂ ਵਿੱਚੋਂ ਕੁਝ ਨੇ ਕਿਤਾਬਾਂ ਦੀ ਕੀਮਤ ਦੇਣੀ ਚਾਹੀ, ਪਰ ਪ੍ਰੋਫੈਸਰ ਸਾਹਿਬ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਕਿਸੇ ਹੋਰ ਨੂੰ ਪੜ੍ਹਨ ਲਈ ਦੇ ਦਿਓ

“ਚੰਗੀਆਂ ਕਿਤਾਬਾਂ ਪੜ੍ਹਨ ਨਾਲ ਬੰਦੇ ਦੇ ਅੰਦਰ ਛੁਪੀ ਚੰਗਿਆਈ ਬਾਹਰ ਆ ਜਾਂਦੀ ਹੈ।” ਪ੍ਰੋਫੈਸਰ ਸਾਹਿਬ ਕਹਿ ਰਹੇ ਸਨ

ਬੰਤਾ ਸਿੰਘ ਨੂੰ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਬਹੁਤ ਚੰਗੀਆਂ ਲੱਗ ਰਹੀਆਂ ਸਨਉਸ ਦਾ ਜੀਅ ਕਰਦਾ ਸੀ ਕਿ ਉਹ ਵੀ ਪ੍ਰੋਫੈਸਰ ਹੁੰਦਾ, ਪਰ ਹੁਣ ਤਾਂ ਕੁਝ ਨਹੀਂ ਸੀ ਬਣ ਸਕਦਾਉਸ ਨੂੰ ਯਾਦ ਸੀ ਨੌਵੀਂ ਜਮਾਤ ਵਿੱਚ ਪੜ੍ਹਦਿਆਂ ਮਾਸਟਰ ਜੀ ਨੇ ਉਸ ਨੂੰ ਬਾਪੂ ਦਾ ਅੰਗੂਠਾ ਰਿਪੋਰਟ ਕਾਰਡ ’ਤੇ ਲਗਵਾ ਕੇ ਲਿਆਉਣ ਲਈ ਕਿਹਾ ਸੀਉਹ ਅੰਗਰੇਜ਼ੀ ਅਤੇ ਹਿਸਾਬ ਵਿੱਚੋਂ ਫੇਲ ਸੀ, ਇਸ ਕਰਕੇ ਬਾਪੂ ਤੋਂ ਡਰਦਿਆਂ ਉਸ ਨੇ ਆਪਣੇ ਹੀ ਪੈਰ ਦੇ ਅੰਗੂਠੇ ਨੂੰ ਸਿਆਹੀ ਲਾ ਕੇ ਲਾ ਲਿਆਮਾਸਟਰ ਜੀ ਪਛਾਣ ਗਏ ਸਨਉਨ੍ਹਾਂ ਨੇ ਕੁੱਟ-ਕੁੱਟ ਕੇ ਜ਼ੋਰ ਲਾ ਲਿਆ, ਪਰ ਉਸ ਨੇ ਸੱਚ ਨਹੀਂ ਸੀ ਦੱਸਿਆਸ਼ਾਇਦ ਉਸ ਸਮੇਂ ਸੱਚ ਬੋਲਣ ਦੀ ਹਿੰਮਤ ਨਹੀਂ ਸੀਉਹ ਮੁੜ ਸਕੂਲ ਨਹੀਂ ਗਿਆ ਅਤੇ ਪ੍ਰਾਈਵੇਟ ਮਸਾਂ ਰੋ ਧੋ ਕੇ ਦਸਵੀਂ ਪਾਸ ਕੀਤੀ

“ਬੰਤਾ ਸਿੰਘ, ਕੀ ਸੋਚ ਰਹੇ ਓ?”

“ਜੀ ਤੁਸੀਂ ਕਿੰਨਾ ਚੰਗਾ ਕੰਮ ਕਰ ਰਹੇ ਓਂ, ਦੇਵਤਿਆਂ ਵਰਗਾ।” ਉਸ ਨੇ ਬੜੀ ਮਾਸੂਮੀਅਤ ਨਾਲ ਕਿਹਾਉਸ ਦੇ ਮੂੰਹੋਂ ਕੀ ਬੋਲਿਆ ਗਿਆ, ਉਸ ਨੂੰ ਪਤਾ ਹੀ ਨਾ ਲੱਗਾ

“ਮੈਂ ਹੀ ਨਹੀਂ ਬਲਕਿ ਤੁਸੀਂ ਵੀ ਬਹੁਤ ਕੁਝ ਕਰ ਸਕਦੇ ਹੋ, ਮੇਰੇ ਤੋਂ ਵੀ ਵੱਧਤੁਹਾਡੀ ਬੱਸ ਵਿੱਚ ਜਿਹੜੀਆਂ ਸਵਾਰੀਆਂ ਚੜ੍ਹਦੀਆਂ ਨੇ ਉਨ੍ਹਾਂ ਦਾ ਖਿਆਲ ਰੱਖ ਕੇ, ਉਨ੍ਹਾਂ ਨੂੰ ਗੰਦ ਮੰਦ ਨਾ ਸੁਣਾਓ, ਨਾ ਫਿਲਮਾਂ ਰਾਹੀਂ ਗੰਦ ਮੰਦ ਦਿਖਾਓ।”

ਬੰਤਾ ਸਿੰਘ ਨੇ ਕੈਸੇਟ ਵਾਲੀ ਗੱਲ ਸੁਣਾਈ ਕਿ ਕਿਸ ਤਰ੍ਹਾਂ ਸਾਰੀਆਂ ਸਵਾਰੀਆਂ ’ਤੇ ਯੋਧਿਆਂ ਦੀਆਂ ਵਾਰਾਂ ਦਾ ਅਸਰ ਹੋਇਆ ਸੀਗੱਲ ਸੁਣ ਕੇ ਪ੍ਰੋਫੈਸਰ ਸਾਹਿਬ ਨੂੰ ਆਪਣੀ ਕੋਸ਼ਿਸ਼ ਕਾਮਯਾਬ ਹੁੰਦੀ ਲੱਗੀ ਅਤੇ ਉਨ੍ਹਾਂ ਨੂੰ ਧੁਰ ਅੰਦਰ ਤਕ ਸਕੂਨ ਮਿਲਿਆ

“ਬੰਤਾ ਸਿੰਘ ਤੇਰੇ ਅੰਦਰ ਚੰਗਿਆਈ ਐ, ਇਸ ਕਰਕੇ ਐਨੀ ਛੇਤੀ ਅਸਰ ਹੋਇਆ ਹੈ ਤੇਰੀ ਸੋਚ ’ਤੇ।” ਬੰਤਾ ਸਿੰਘ ਨੂੰ ਸੁਣ ਕੇ ਚੰਗਾ ਵੀ ਲੱਗਿਆ ਅਤੇ ਸ਼ਰਮ ਵੀ ਆਈਕੰਡਕਟਰ ਨੇ ’ਵਾਜ ਮਾਰੀ ਬੱਸ ਦੇ ਤੁਰਨ ਦਾ ਸਮਾਂ ਹੋ ਚੁੱਕਾ ਸੀਬੰਤਾ ਸਿੰਘ ਨੇ ਪ੍ਰੋਫੈਸਰ ਸਾਹਿਬ ਤੋਂ ਹੱਥ ਜੋੜ ਕੇ ਵਿਦਾ ਲਈ

ਪ੍ਰੋਫੈਸਰ ਸਾਹਿਬ ਬੰਤਾ ਸਿੰਘ ਨੂੰ ਜਾਂਦਿਆਂ ਵੇਖ ਰਹੇ ਸਨਉਨ੍ਹਾਂ ਦੀਆਂ ਅੱਖਾਂ ਵਿੱਚ ਅੱਲੋਕਾਰ ਚਮਕ ਸੀ ਅਜਿਹੀ ਚਮਕ ਜਿਹੜੀ ਸਾਰੀ ਦੁਨੀਆਂ ਨੂੰ ਰੁਸ਼ਨਾ ਸਕਦੀ ਹੈ ਗਿਆਨ ਦਾ ਚਾਨਣ ਵੰਡ ਕੇਅਜਿਹਾ ਚਾਨਣ ਜਿਹੜਾ ਇਨਸਾਨ ਦੀਆਂ ਅੱਖਾਂ ਅਤੇ ਕੰਨਾਂ ਰਾਹੀਂ ਉਸ ਦੀ ਅੰਦਰਲੀ ਰੌਸ਼ਨੀ ਨਾਲ ਇਕਮਿਕ ਹੋ ਜਾਂਦਾ ਹੈ ਅਤੇ ਇਨਸਾਨ ਦੀ ਅੰਦਰਲੀ ਤੇ ਬਾਹਰਲੀ ਦੁਨੀਆਂ ਨੂੰ ਰੌਸ਼ਨ ਕਰਕੇ ਉਸ ਨੂੰ ਹਨੇਰਿਆਂ ਵਿੱਚ ਭਟਕਣ ਦੇ ਸਰਾਪ ਤੋਂ ਮੁਕਤ ਕਰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2179) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਸ਼ੇਰਗਿੱਲ

ਅੰਮ੍ਰਿਤ ਕੌਰ ਸ਼ੇਰਗਿੱਲ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)