AmritKShergill7ਕਿਸੇ ਕੌਂਪਣੀ ਆਲ਼ੇ ਭਾਈ ਦਾ ਫੋਨ ਤੀ … … ਕਹਿੰਦਾ ਆਪੇ ਪੈਸੇ ਪਵਾਊਂ ਥੋਡੇ ਫੋਨ ਵਿੱਚ …
(7 ਜੂਨ 2022)
ਮਹਿਮਾਨ: 288.


ਹੈਲੋ

ਹਾਂ ਬਾਈ, ਕੌਣ ਬੋਲਦੈਂ?” ਬੰਤੋ ਨੇ ਪੁੱਛਿਆ

ਮੈਂ ਫਲਾਣੀ ਕੰਪਨੀ ਦੇ ਦਫਤਰ ਵਿੱਚੋਂ ਬੋਲ ਰਿਹਾ ਹਾਂਆਪ ਜੀ ਨੂੰ ਇੱਕ ਸਕੀਮ ਬਾਰੇ ਦੱਸਣਾ ਚਾਹੁੰਦਾ ਹਾਂਮੈਮ! ਇਹ ਸਿਰਫ ਤੁਹਾਡੇ ਲੱਕੀ ਨੰਬਰ ’ਤੇ ਹੀ ਆਈ ਹੈ ਜੀ।”

ਮੈਨੂੰ ਨਹੀਂ ਸਮਝ ਲਗਦੀ ਭਾਈ ਕੀ ਕਹਿ ਰਿਹਾ ਹੈਂ ਤੂੰ ...।” ਬੰਤੋ ਨੂੰ ਗੱਲ ਸਮਝ ਨਹੀਂ ਸੀ ਆ ਰਹੀ

ਪਲੀਜ਼ ਫੋਨ ਨਾ ਕੱਟਿਓ … … ਤੁਹਾਡੇ ਫਾਇਦੇ ਦੀ ਗੱਲ ਹੈ।” ਫੋਨ ਕਰਨ ਵਾਲੇ ਨੇ ਕਿਹਾ

ਸਾਡੇ ਫਾਇਦੇ ਦੀ? … … ਕਿਵੇਂ ਭਾਈ?” ਫਾਇਦੇ ਦੀ ਗੱਲ ਸੁਣ ਕੇ ਬੰਤੋ ਨੇ ਫੋਨ ਨਾ ਕੱਟਿਆ

ਮੇਰੀ ਗੱਲ ਧਿਆਨ ਨਾਲ ਸੁਣਨਾ, ਤੁਸੀਂ ਸਿਰਫ ਫੋਨ ਸੁਣਨਾ ਹੈ, ਜੋ ਤੁਹਾਡੇ ਨੰਬਰ ’ਤੇ ਆਵੇਗਾ ... ... ਤੁਹਾਡੇ ਫੋਨ ਵਿੱਚ ਪੈਸੇ ਅਸੀਂ ਪਵਾ ਦਿਆ ਕਰਾਂਗੇ, ਤੁਸੀਂ ਸਿਰਫ ਗੱਲ ਸੁਣਨੀ ਹੋਇਆ ਕਰੇਗੀ?”

ਅਸੀਂ ਤਾਂ ਭਾਈ ਬਾਹਰਲੇ ਦੇਸ਼ ਵੀ ਗੱਲ ਕਰਨੀ ਹੁੰਦੀ ਹੈ … …” ਬੰਤੋ ਨੇ ਸੋਚਿਆ ਕਿਤੇ ਭਾਈ ਬਾਅਦ ਵਿੱਚ ਇਹ ਨਾ ਕਹਿ ਦੇਵੇ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆਉਸ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਆਵਾਜ਼ ਆਈ, ਜੋ ਵੀ ਤੁਹਾਡਾ ਮੋਬਾਇਲ ਖਰਚਾ ਹੋਵੇਗਾ ਅਸੀਂ ਦਿਆ ਕਰਾਂਗੇ।” ਭਾਈ ਨੇ ਕਾਫ਼ੀ ਗੱਲਾਂ ਬੰਤੋ ਨੂੰ ਸਮਝਾਈਆਂ

ਠੀਕ ਐ ਭਾਈ … …” ਬੰਤੋ ਖੁਸ਼ੀ ਨਾਲ ਹੁੱਬ ਕੇ ਬੋਲੀ

ਸ਼ੁਕਰੀਆ ਜੀ।” ਕਹਿ ਕੇ ਭਾਈ ਨੇ ਫੋਨ ਕੱਟ ਦਿੱਤਾ

ਬੰਤੋ ਸੋਚ ਰਹੀ ਸੀ ਘਰੇ ਬੈਠੇ ਬਿਠਾਏ ਚਲੋ ਉਸ ਨੇ ਮੋਬਾਇਲ ਦਾ ਖਰਚਾ ਤਾਂ ਘੱਟ ਕੀਤਾ

ਕਿਸੇ ਕੌਂਪਣੀ ਆਲ਼ੇ ਭਾਈ ਦਾ ਫੋਨ ਤੀ … … ਕਹਿੰਦਾ ਆਪੇ ਪੈਸੇ ਪਵਾਊਂ ਥੋਡੇ ਫੋਨ ਵਿੱਚ … … ਬੱਸ ਤੁਸੀਂ ਘੜੀ ਦੀ ਘੜੀ ਗੱਲ ਸੁਣਨੀ ਐਂ … … ਜਿੰਨੀ ਵਾਰੀ ਫੋਨ ਆਊਗਾ, ਤੁਸੀਂ ਚੁੱਕਣਾ … … ਬੱਸ ਨਰਮਾਈ ਤੇ ਪਿਆਰ ਨਾਲ ਗੱਲ ਕਰਨੀ ਐਂ” ਬੰਤੋ ਨੂੰਹ ਨੂੰ ਦੱਸਣ ਲੱਗੀ

ਬੇਬੇ, ਕੋਈ ਹੋਰ ਨਾ ਪੰਗਾ ਪਾ ਲਈਂ” ਨੂੰਹ ਬੋਲੀ

ਤੂੰ ਤਾਂ ਬਾਰਾਂ ਪੜ੍ਹ ਕੇ ਵੀ ਅਣਪੜ੍ਹਾਂ ਵਰਗੀ ਹੀ ਰਹੀ” ਬੰਤੋ ਨੇ ਨੂੰਹ ਦੀ ਗੱਲ ’ਤੇ ਮੂੰਹ ਜਿਹਾ ਮਰੋੜ ਕੇ ਆਖਿਆਉਸ ਤੋਂ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀਆਪਣੀ ਸਿਆਣਪ ’ਤੇ ਉਸ ਨੂੰ ਫਖ਼ਰ ਮਹਿਸੂਸ ਹੋ ਰਿਹਾ ਸੀਉਸ ਦਾ ਦਿਲ ਕਰਦਾ ਸੀ ਕਿ ਉਹ ਉੱਡ ਕੇ ਖੇਤ ਚਲੀ ਜਾਵੇ ਤੇ ਆਪਣੇ ਪਤੀ ਨੂੰ ਦੱਸੇ ਕਿ ਹੁਣ ਫੋਨ ਵਿੱਚ ਪੈਸੇ ਪਵਾਉਣ ਦੀ ਲੋੜ ਨਹੀਂ, ਉਸ ਨੇ ਇੰਤਜ਼ਾਮ ਕਰ ਲਿਆ ਹੈ

ਬੰਤੋ ਅਜੇ ਸੋਚ ਰਹੀ ਸੀ ਕਿ ਫੋਨ ਦੀ ਘੰਟੀ ਵੱਜੀ ਉਹ ਇੱਕ ਦਮ ਤ੍ਰਭਕ ਗਈਉਸ ਨੇ ਫਿਰ ਚੰਗੀ ਤਰ੍ਹਾਂ ਕੰਨ ਨੰਗੇ ਕਰਕੇ ਫੋਨ ਕੰਨ ’ਤੇ ਲਾਇਆ ਤੇ ਪਿਆਰ ਨਾਲ ‘ਹੈਲੋਕਿਹਾ

ਆਪ ਕਾ ਨਾਮ ਕਿਆ ਹੈ … …?” ਅੱਗੋਂ ਆਵਾਜ਼ ਆਈ

ਜੀ ਮੇਰਾ ਨਾਮ … …” ਬੰਤੋ ਚੁੱਪ ਕਰ ਕੇ ਸੋਚਣ ਲੱਗੀ … … ਵਿਆਹ ਵੇਲੇ ਉਸ ਦਾ ਨਾਂ ਕੁਲਵੰਤ ਸੀ, ਬੰਤੋ ਤਾਂ ਬਾਅਦ ਵਿੱਚ ਕਹਿਣ ਲੱਗ ਪਏ ਸੀ

ਆਪ ਕੁਛ ਬੋਲ ਕਿਉਂ ਨਹੀਂ ਰਹੇ?”

ਜੀ, ਕੁਲਵੰਤ … …।”

ਵਾਓ! … … ਕਿੰਨਾ ਸੁੰਦਰ, ਕਿੰਨਾ ਪਿਆਰਾ ਨਾਮ ਹੈ ਆਪ ਕਾ” ਬੰਤੋ ਦੀਆਂ ਲੱਤਾਂ ਕੰਬਣ ਲੱਗ ਪਈਆਂ ਇੰਨੇ ਪਿਆਰ ਨਾਲ ਤਾਂ ਕਦੇ ਦੀਪੇ ਦੇ ਬਾਪੂ ਨੇ ਵੀ ਉਸ ਦੇ ਨਾਂ ਦੀ ਤਾਰੀਫ਼ ਨਹੀਂ ਸੀ ਕੀਤੀ

ਕਾਮ ਕਿਆ ਕਰਤੇ ਹੋ?”

ਕੰਮ ਤਾਂ ਭਾਈ ਘਰ ਦਾ ਸਾਰਾ ਹੀ ਕਰਦੀ ਆਂਮੈਂ ਲੋਕਾਂ ਦੀਆਂ ਬੁੜ੍ਹੀਆਂ ਆਂਗੂੰ ਨੂੰਹ ਦੇ ਸਿਰ ’ਤੇ ਨਹੀਂ ਛੱਡਦੀ ਸਾਰਾ ਕੰਮਧਾਰਾਂ ਵੀ ਆਪ ਕੱਢਦੀ ਆਂ, ਗੋਹਾ ਕੂੜਾ ਵੀ ਸਿੱਟ ਦਿੰਨੀ ਆਂ … …” ਕੰਮ ਗਿਣਾਉਂਦਿਆਂ ਬੰਤੋ ਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਅਗਲੇ ਨੇ ਫੋਨ ਕੱਟ ਦਿੱਤਾ

ਬੰਤੋ ਸੋਚਣ ਲੱਗੀ, ਕਿੰਨਾ ਮਿੱਠਾ ਬੋਲਦੇ ਨੇ ਲੋਕਸਾਡੇ ਵਾਲਿਆਂ ਨੂੰ ਤਾਂ ਪਿਆਰ ਨਾਲ ਬੋਲਣਾ ਈ ਨ੍ਹੀਂ ਆਉਂਦਾ। ਉੱਖੜੇ ਕੁਹਾੜੇ ਆਂਗੂੰ ਪੈਂਦੇ ਨੇ ਬੰਤੋ ਨੇ ਫਹੁੜਾ ਚੁੱਕਿਆਮੱਝਾਂ ਦਾ ਗੋਹਾ ਹਟਾਉਣ ਲੱਗੀਘੰਟੀ ਫਿਰ ਵੱਜੀ ਨੂੰਹ ਨੇ ਫ਼ੋਨ ਚੁੱਕਿਆ

ਹੈਲੋ … … ਜੀ ਆਪ ਕਾ ਨਾਮ ਕਿਆ ਹੈ?” ਫੋਨ ਕਰਨ ਵਾਲੇ ਨੇ ਪੁੱਛਿਆ

ਤੂੰ ਨਾਮ ਤੋਂ ਕੀ ਲੈਣਾ ਵੀਰੇ … … ਗੱਲ ਕੀਹਦੇ ਨਾਲ ਕਰਨੀ ਐ, ਉਹ ਦੱਸ?” ਨੂੰਹ ਨੇ ਆਖਿਆ

ਵੀਰਾ ਨਹੀਂ, ਸਿਰਫ ਫਰੈਂਡ … …” ਅੱਗੋਂ ਅਵਾਜ਼ ਆਈ

ਵਹੁਟੀ ਨੇ ਫੋਨ ਕੱਟ ਦਿੱਤਾ ਗੁੱਸੇ ਵਿੱਚ ਬੁੜਬੁੜ ਕਰਦੀ ਰਹੀ … … ਲੱਗਦਾ ਫਰੈਂਡ ਦਾ … … ਲੱਤਾਂ ਤੁੜਵਾਉਣੀਆਂ ਹੋਣੀਆਂ … …।”

ਕੀ ਹੋ ਗਿਆ ਕੁੜੇ ਤੈਨੂੰ?” ਬੰਤੋ ਨੂੰਹ ਨੂੰ ਬੁੜਬੁੜ ਕਰਦਿਆਂ ਦੇਖ ਕੇ ਪੁੱਛਣ ਲੱਗੀ

ਹੋਣਾ ਕੀ ਐ … … ਕਿਸੇ ਦਾ ਫ਼ੋਨ ਆਇਆ ਸੀ, ਮੇਰਾ ਨਾਂ ਪੁੱਛਦਾ ਸੀ ਟੁੱਟ ਪੈਣਾ … …

ਫੇਰ ਤਾਂ ਮੇਰਾ ਫੋਨ ਹੋਊ” ਬੰਤੋ ਨੇ ਕਿਹਾ

ਤੂੰ ਬੇਬੇ ਐਹੋ ਜੇ ਫੋਨ ਸੁਣਦੀ ਐਂ?

ਨਾ ਨਾ, ਮੈਂ ਕਾਹਨੂੰ ਸੁਣਦੀ ਆਂ” ਕਹਿ ਕੇ ਬੰਤੋ ਕੰਮ ਕਰਨ ਜਾ ਲੱਗੀਫੋਨ ਦੀ ਘੰਟੀ ਫਿਰ ਵੱਜੀ ਪੋਤੇ ਨੇ ਫ਼ੋਨ ਚੁੱਕਿਆਉਹ ਕਾਫ਼ੀ ਸਮਾਂ ਗੱਲਾਂ ਕਰਦਾ ਰਿਹਾਬੰਤੋ ਨੇ ਪੁੱਛਿਆ, “ਕੀਹਦਾ ਫੋਨ ਐ?”

ਪਰ ਮੁੰਡੇ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਥੋੜ੍ਹੀ ਦੇਰ ਬਾਅਦ ਫੋਨ ਫੜੀ ਆਪਣੀ ਭੈਣ ਨੂੰ ਹਾਕਾਂ ਮਾਰਨ ਲੱਗ ਪਿਆ ਕੁੜੀ ਨੂੰ ਫੋਨ ਜਾ ਫੜਾਇਆ

ਮਾਂ ਨੇ ਪੁੱਛਿਆ, “ਉਹਦੀ ਸਹੇਲੀ ਦਾ ਫੋਨ ਤੀ ਵੇ?”

ਪਤਾ ਨਹੀਂ, ਸਾਰਿਆਂ ਬਾਰੇ ਪੁੱਛ ਕੇ ਕਹਿੰਦਾ, ਆਪਣੀ ਦੀਦੀ ਨਾਲ ਗੱਲ ਕਰਾ।”

ਮਾਂ ਨੇ ਮੱਥੇ ’ਤੇ ਹੱਥ ਮਾਰਿਆ ਤੇ ਕੁੜੀ ਵੱਲ ਭੱਜੀਕੁੜੀ ਤੋਂ ਫੋਨ ਖੋਹ ਲਿਆਕੁੜੀ ਘਬਰਾਈ ਜਿਹੀ ਆਵਾਜ਼ ਵਿੱਚ ਬੋਲੀ, “ਮੰਮੀ! ਪਤਾ ਨ੍ਹੀਂ ਕੀਹਦਾ ਫੋਨ ਫੜਾ ਗਿਆ ਮੈਨੂੰ।”

ਗਲਤ ਫੋਨ ਆਉਂਦੇ ਨੇ ਪੁੱਤ ਆਪਣੇ ਨੰਬਰ ’ਤੇ ... ... ਤੂੰ ਨਾ ਚੱਕਿਆ ਕਰ।”

ਅੱਧੇ ਕੁ ਘੰਟੇ ਬਾਅਦ ਫੋਨ ਫੇਰ ਨੂੰਹ ਨੇ ਚੁੱਕਿਆਦੂਜੇ ਪਾਸਿਓਂ ਅਵਾਜ਼ ਆਈ, “ਜੀ ਕੁਲਵੰਤ ਜੀ ਸੇ ਬਾਤ ਕਰਵਾਈਏ, ਪਲੀਜ਼” ਨੂੰਹ ਨੇ ਬੰਤੋ ਨੂੰ ਪੁੱਛਿਆ, “ਬੇਬੇ ਆਪਣੇ ਕੁਲਵੰਤ ਕੌਣ ਐ?”

ਬੰਤੋ ਨੇ ਫੋਨ ਫੜ ਕੇ ‘ਹੈਲੋਕਿਹਾ

ਆਪ ਕੁਲਵੰਤ ਜੀ ਬੋਲ ਰਹੇ ਹੋ?”

ਹਾਂ ਜੀ

ਆਪ ਕੋ ਹਿੰਦੀ ਬੋਲੀ ਨਹੀਂ ਆਤੀ?” ਭਾਈ ਨੇ ਕਿਹਾ

ਘੱਟ ਆਤੀ ਹੈ ਜੀ।”

ਚੱਲੋ ਮੈਂ ਪੰਜਾਬੀ ਮੇਂ ਹੀ ਬਾਤ ਕਰੂੰਗਾ … … ਕੁਲਵੰਤ ਜੀ … … ਤੁਹਾਡਾ ਨਾਮ ਬਹੁਤ … … … ਪਿਆਰਾ ਹੈਲੱਗਦਾ ਹੈ ਜਿੰਨਾ ਪਿਆਰਾ ਨਾਮ ਹੈ … … ਇੰਨੇ ਹੀ ਪਿਆਰੇ ਤੁਸੀਂ ਹੋਵੇਗੇ” ਬੰਤੋ ਫਿਰ ਸੋਚਣ ਲੱਗੀ … … ਮਨਾਂ ਤੇਰੀ ਤਾਂ ਕਦੇ ਕਿਸੇ ਨੇ ਕਦਰ ਈ ਨ੍ਹੀਂ ਪਾਈ, ਇੰਨੇ ਪਿਆਰ ਨਾਲ ਸਾਰੀ ਉਮਰ ਊਈਂ ਨੀ ਕਦੇ ਕਿਸੇ ਨੇ ਗੱਲ ਕੀਤੀਐਨੇ ਪਿਆਰ ਨਾਲ ਉਸ ਨੂੰ ਕੋਈ ਬੋਲੇ, ਬੰਤੋ ਨੂੰ ਹਜ਼ਮ ਨਹੀਂ ਸੀ ਹੋ ਰਿਹਾ ਲੱਗਦਾਉਸ ਨੂੰ ਲੱਗਿਆ ਜਿਵੇਂ ਉਸ ਦੇ ਢਿੱਡ ਵਿੱਚ ਵੱਟ ਜਿਹੇ ਪੈਂਦੇ ਹੋਣ

ਹੈਲੋ … … ਹੈਲੋ … … ਕੁਲਵੰਤ ਜੀ ਮੇਰੀ ਗੱਲ ਸੁਣ ਰਹੇ ਓ ਨਾ?

ਹਾਂ ਜੀ, ਹਾਂ ਜੀ” ਬੰਤੋ ਜਿਵੇਂ ਕਿਸੇ ਨੀਂਦ ਵਿੱਚੋਂ ਜਾਗੀ ਹੋਵੇ। ‘ਹਾਏ ਰੱਬਾ … ਕੁਲਵੰਤ ਜੀ’ ਕਹਿ ਕੇ ਬੋਲ ਰਿਹਾ ਹੈ ਭਾਈਕਿੰਨੀ ਮਿੱਠੀ ਬੋਲੀ ਬੰਤੋ ਸੋਚ ਰਹੀ ਸੀ

ਕੁਲਵੰਤ ਜੀ, ਤੁਸੀਂ ਵੀ ਕੁਛ ਕਹੋਮੈਂ ਇਕੱਲਾ ਹੀ ਬੋਲ ਰਿਹਾਂਕੋਈ ਜਵਾਬ ਦਿਓ … … ਕਿਹੜੀ ਕਲਾਸ ਵਿੱਚ ਪੜ੍ਹਦੇ ਓਤੁਹਾਡੀ ਪੜ੍ਹਾਈ ਕਿੰਨੀ ਕੁ ਐ?”

ਪੜ੍ਹਾਈ ਤਾਂ ਮੇਰੇ ਬੇਬੇ ਦੱਸਦੀ ਹੁੰਦੀ ਸੀ, ਮੇਰਾ ਬਾਪੂ ਮੈਨੂੰ ਮੋਢਿਆਂ ’ਤੇ ਬਿਠਾ ਕੇ ਸਕੂਲ ਛੱਡ ਕੇ ਆਉਂਦਾ ਸੀਇੱਕ ਵਾਰੀ ਐਹਾ ਜਾ ਗੋਡੇ ’ਤੇ ਫੋੜਾ ਨਿਕਲਿਆ, ਇੱਕ ਮਹੀਨਾ ਸੂਤ ਨ੍ਹੀਂ ਆਇਆ … … ਮੁੜ ਕੇ ਬਾਪੂ ਨੇ ਸਕੂਲ ਨ੍ਹੀਂ ਜਾਣ ਦਿੱਤਾ … … ਬਾਹਲ਼ੀ ਲਾਡਲੀ ਤੀ ਮੈਂ ਮੇਰੇ ਪਿਉ ਨੂੰ” ਬੰਤੋ ਮਿੱਠਾ ਬੋਲਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀਉਸ ਨੂੰ ਪਤਾ ਵੀ ਨਾ ਲੱਗਾ ਕਿਹੜੇ ਵੇਲੇ ਦੂਜੇ ਪਾਸਿਓਂ ਫ਼ੋਨ ਕੱਟ ਦਿੱਤਾ ਗਿਆ

ਦੋ ਕੁ ਵਾਰ ਹੋਰ ਫੋਨ ਆਇਆ ਬੰਤੋ ਦਾ ਜੀਅ ਕਾਹਲਾ ਪੈਣ ਲੱਗ ਪਿਆਐਨੀਆਂ ਕਿੰਨੀਆਂ ਕੁ ਗੱਲਾਂ ਕਰ ਸਕਦਾ ਕੋਈਸ਼ਾਮ ਤਕ ਬੰਤੋ ਨੇ ਹੀ ਫੋਨ ਚੁੱਕੇ … … ਕੋਈ ਉਮਰ ਪੁੱਛੇ … … ਕੋਈ ਪੜ੍ਹਾਈ ਪੁੱਛੇ … … ਕੋਈ ਨੌਕਰੀ ਬਾਰੇ … … ਕੋਈ ਪਰਿਵਾਰ ਦੇ ਮੈਂਬਰਾਂ ਬਾਰੇ … …ਕੋਈ ਪਸੰਦ ਦੀ ਫਿਲਮ, ਕੋਈ ਗਾਣੇਨੂੰਹ ਨੇ ਚੇਤੇ ਕਰਾਇਆ ਕਿ ਬਾਪੂ ਖੇਤੋਂ ਘਰ ਨਹੀਂ ਆਇਆਬੰਤੋ ਨੇ ਦੇਖਿਆ, ਚਾਰ ਵੱਜਣ ਵਾਲੇ ਸੀ ਤੇ ਡੇਢ ਦੋ ਵਜੇ ਉਸ ਦੇ ਘਰ ਵਾਲਾ ਘਰੇ ਗੇੜਾ ਮਾਰਦਾ ਹੁੰਦਾ ਹੈ ਚਾਹ ਰੋਟੀ ਖਾਣ ਲਈ

ਤੂੰ ਹੁਣ ਦੱਸਦੀ ਐਂ … … ਫੂਨ ਕਰਕੇ ਨ੍ਹੀਂ ਪੁੱਛ ਸਕਦੀ ਸੀ?

ਫੋਨ ਤਾਂ ਸਾਰਾ ਦਿਨ ਵਿਹਲਾ ਨ੍ਹੀਂ ਹੋਇਆ ਅੱਜ” ਨੂੰਹ ਨੇ ਜਵਾਬ ਸੁਣਾਇਆਬੰਤੋ ਨੇ ਫੋਨ ਫੜਾਉਂਦਿਆਂ ਕਿਹਾ, “ਹੁਣ ਲਾ ਕੇ ਪੁੱਛ, ਘਰ ਕਿਉਂ ਨ੍ਹੀਂ ਆਇਆ?”

ਨੂੰਹ ਨੇ ਨੰਬਰ ਮਿਲਾ ਕੇ ਬੰਤੋ ਨੂੰ ਫੜਾ ਦਿੱਤਾ ਬੰਤੋ ਦੇ ਮੂੰਹੋਂ ਹੌਲੀ ਕੁ ਦੇਣੇ ‘ਹੈਲੋਨਿਕਲਿਆ

ਕੌਣ ਬੋਲਦੈ?” ਅੱਗੋਂ ਆਵਾਜ਼ ਆਈ

ਮੈਂ ਕੁਲਵੰਤ … …ਬੰਤੋ ਸਵੇਰ ਦੀ ਮਿੱਠਾ ਬੋਲਦੀ ਬੋਲਦੀ ਭੁੱਲ ਚੁੱਕੀ ਸੀ ਕਿ ਪਰਿਵਾਰ ਵਾਲੇ ਉਸ ਦੀ ਅਸਲੀ ਆਵਾਜ਼ ਹੀ ਪਛਾਣਦੇ ਨੇ

ਕਿਹੜੀ ਕੁਲਵੰਤ?”

ਬੰਤੋ ਬੋਲਦੀ ਆਂ ਮੈਂ” ਉਹ ਉੱਚੀ ਦੇਣੇ ਬੋਲੀ

ਹੈਂਅ … … ਬੋਲ ਤਾਂ … … ਮਰੀ ਜ੍ਹੀ ’ਵਾਜ ਕਿਉਂ ਕੱਢਦੀ ਐਂਪੰਜਾਹ ਫੋਨ ਕਰ ’ਤੇ ਹੋਣਗੇ … … ਚਾਹ ਖੇਤ ਮੰਗਵਾਉਣੀ ਸੀਮੋਟਰਾਂ ਆਲੀ ਲੈਟ ਆਈ ਹੋਈ ਐ।”

ਹੁਣ ਫੇਰ … …?”

ਆ ਰਿਹਾਂ ਹੁਣ ਘਰੇ।”

ਬੰਤੋ ਨੇ ਆਪਣੇ ਆਪ ਨੂੰ ਕਿਹਾ, ‘ਨਪੁੱਤੇ ਦੀਏ ਕਿੱਧਰ ਉਲਝਗੀ ਤੂੰਉਹ ਵਿਚਾਰਾ ਭੁੱਖਣਭਾਣਾ ਖੇਤ ਕੰਮ ਕਰਦੈ ਤੇ ਤੂੰ ਲੋਕਾਂ ਨਾਲ ਗੱਲਾਂ ਕਰਦੀ ਫਿਰਦੀ ਐਂ … … ਜਿਹਨਾਂ ਨਾਲ ਜਾਣ ਨਾ ਪਛਾਣ … … ਘਰ ਦਾ ਭੇਤ ਤਾਂ ਊਈਂ ਨੀਂ ਦੇਈਦਾ ਕਿਸੇ ਨੂੰ ... ... ਤੂੰ ਕਿਊਂ ਬੌਲ਼ ਮੱਧ ਲਿਆ ... … ਨਾਲੇ ਜੇ ਦੀਪੇ ਦੇ ਬਾਪੂ ਨੂੰ ਪਤਾ ਲੱਗ ਗਿਆ, ਉਹ ਗਾਲ੍ਹਾਂ ਦੇਊਦੀਪੇ ਨੂੰ ਪਤਾ ਲੱਗ ਗਿਆ, ਉਹ ਔਖਾ ਹੋਊ’ ਬੰਤੋ ਦਾ ਸਾਰਾ ਜੋਸ਼ ਠੰਢਾ ਪੈ ਗਿਆਮੁੰਡਾ ਕਿਸੇ ਕੰਮ ਸ਼ਹਿਰ ਗਿਆ ਹੋਇਆ ਸੀ। ਘਰ ਆ ਕੇ ਉਹ ਲੜਨ ਵਰਗਾ ਹੋ ਗਿਆ, “ਐਨੇ ਵਾਰੀ ਫੋਨ ਲਾਇਆ, ਬਿਜ਼ੀ ਆਈ ਜਾਂਦਾ ਸੀਕੀਹਦੇ ਨਾਲ ਗੱਲੀਂ ਲੱਗੀਆਂ ਹੋਈਆਂ ਸੀ?”

ਨੂੰਹ ਨੇ ਬੇਬੇ ਵੱਲ ਦੇਖਿਆ ਪਰ ਬੇਬੇ ਨੇ ਕੁਝ ਨਹੀਂ ਦੱਸਿਆ ਤੇ ਨੂੰਹ ਵੀ ਚੁੱਪ ਹੀ ਰਹੀਐਨੇ ਨੂੰ ਬਾਪੂ ਘਰੇ ਆ ਗਿਆਉਹ ਆ ਕੇ ਬੰਤੋ ਦੇ ਗਲ਼ ਪੈ ਗਿਆਬੰਤੋ ਨੂੰ ਸਮਝ ਨਾ ਆਵੇ ਕਿ ਕੀ ਕਹੇ ਅਤੇ ਕੀ ਕਰੇਫੋਨ ਦੀ ਘੰਟੀ ਫੇਰ ਵੱਜਣੀ ਸ਼ੁਰੂ ਹੋ ਗਈਬੰਤੋ ਨੇ ਫੋਨ ਚੁੱਕ ਕੇ ਲਾਲ ਨਿਸ਼ਾਨ ਵਾਲਾ ਬਟਨ ਦਬਾ ਦਿੱਤਾਥੋੜ੍ਹੀ ਦੇਰ ਬਾਅਦ ਫੇਰ ਘੰਟੀ ਵੱਜਣ ਲੱਗ ਪਈਬੰਤੋ ਫੋਨ ਚੁੱਕ ਕੇ ਗਵਾਂਢੀਆਂ ਦੇ ਕਾਲਜ ਪੜ੍ਹਦੇ ਮੁੰਡੇ ਕੋਲ ਲੈ ਕੇ ਚਲੀ ਗਈਮੁੰਡੇ ਨੇ ਬਥੇਰਾ ਮੱਥਾ ਮਾਰਿਆਫੋਨ ਆਉਣੇ ਬੰਦ ਨਾ ਹੋਏਪਰ ਮੁੰਡੇ ਨੇ ਘੰਟੀ ਦੀ ਅਵਾਜ਼ ਘਟਾ ਦਿੱਤੀ

ਜਦੋਂ ਬੰਤੋ ਘਰੇ ਵਾਪਸ ਆਈ ਤਾਂ ਉਸ ਦੇ ਪਤੀ ਨੇ ਆਖਿਆ, “ਕੁਲਵੰਤ ਕੁਰੇ, ਕਿੰਨੇ ਪੈਸੇ ਪਵਾਉਣਗੇ ਤੇਰੇ ਕੌਂਪਨੀ ਵਾਲੇ?” ਬੰਤੋ ਸਮਝ ਗਈ ਕਿ ਇਹਨਾਂ ਨੂੰ ਪਤਾ ਲੱਗ ਗਿਆ

ਬਸ ਐਂ ਸੋਚ ਲਿਆ, ਕਈ ਵਾਰੀ ਪੈਸੇ ਨ੍ਹੀਂ ਹੁੰਦੇ ਘਰੇ ਪਵਾਉਣ ਨੂੰ … … ਆਪੇ ਪਾ ਦਿਆ ਕਰਨਗੇ” ਬੰਤੋ ਨੇ ਨਿੰਮੋਝੂਣੀ ਜਿਹੀ ਹੋ ਕੇ ਆਖਿਆ

ਊਠ ਤੋਂ ਛਾਨਣੀ ਲਾਹਿਆਂ ਭਾਰ ਹੌਲੇ ਨ੍ਹੀਂ ਹੁੰਦੇ ਕੁਲਵੰਤ ਕੁਰੇ।”

ਲਿਆ ਬੇਬੇ … … ਮੈਂ ਠੀਕ ਕਰਾ ਕੇ ਲਿਆਵਾਂ ਮੋਬਾਈਲਾਂ ਵਾਲੇ ਤੋਂ … … ਉਹ ਠੀਕ ਕਰ ਦਿੰਦੇ ਹੁੰਦੇ ਨੇ … … ਮੇਰੇ ਦੋਸਤ ਨੇ ਠੀਕ ਕਰਾਇਆ ਤੀ ਇੱਕ ਵਾਰੀ … … ਉਹਨਾਂ ਦੇ ਘਰੇ ਵੀ ਬਾਹਲ਼ੇ ਫੋਨ ਆਉਂਦੇ ਤੀ” ਬੰਤੋ ਦੇ ਪੋਤੇ ਨੇ ਦੱਸਿਆ

ਬੰਤੋ ਦੇ ਸਾਹ ਵਿੱਚ ਸਾਹ ਆਇਆਉਸ ਨੇ ਫੋਨ ਪੋਤੇ ਨੂੰ ਫੜਾਉਂਦਿਆਂ ਆਖਿਆ, ਜਾ ਮੇਰਾ ਪੁੱਤ … … ਪਰ ਛੇਤੀ ਆ ਜੀਂ।”

ਲਾਲਚ ਵਿੱਚ ਆ ਗਈ ਬੇਬੇ ਤਾਂ … …” ਦੀਪੇ ਨੇ ਮਾਂ ਨੂੰ ਮਖੌਲ ਜਿਹੇ ਨਾਲ ਆਖਿਆ

ਦੋ ਚਾਰ ਸੌ ਦਾ ਤਾਂ ਕਾਹਦਾ ਲਾਲਚ ਹੋਇਆ” ਬੰਤੋ ਨੇ ਕਿਹਾ

ਬੇਬੇ! ਇਹ ਠੱਗ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਅਈਂ ਫਸਾ ਲੈਂਦੇ ਨੇਚੰਗੇ ਭਲੇ ਸਿਆਣਿਆਂ ਬਿਆਣਿਆਂ ਨੂੰ ਬੁੱਧੂ ਬਣਾ ਕੇ ਖ਼ਾਤਿਆਂ ਵਿੱਚੋਂ ਪੈਸੇ ਕੱਢ ਲੈਂਦੇ ਨੇ।”

ਲਾਲਚ ਤਾਂ ਥੋੜ੍ਹਾ ਜਿੰਨਾ ਵੀ ਬੁਰਾ ਹੁੰਦਾ ਹੈਪਤਾ ਨ੍ਹੀਂ ਕਿੱਥੇ ਫਸਾ ਦੇ ਬੰਦੇ ਨੂੰਚਲੋ ਚੰਗਾ ਹੋਇਆ ਕੁਲਵੰਤ ਕੁਰ ਨੂੰ ਛੇਤੀ ਹੀ ਪਤਾ ਲੱਗ ਗਿਆ।” ਬੰਤੇ ਦੇ ਪਤੀ ਨੇ ਆਖਿਆ।

ਅੱਗੇ ਤੋਂ ਨੀਂ ਇਹੀ ਜੀ ਗਲਤੀ ਕਰਦੀ” ਬੰਤੋ ਨੇ ਕੰਨਾਂ ਨੂੰ ਫੜ ਕੇ ਖਿੱਚਦਿਆਂ ਆਖਿਆ, “ਇੱਕ … … ਦੋ … … ਤਿੰਨ।”
*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3612)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author