AmritKShergill7ਇਸ ਸੰਘਰਸ਼ ਦੀ ਜਿਸ ਤਰ੍ਹਾਂ ਦੀ ਅਣਦੇਖੀ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਹੈ, ਇਹ ਗੱਲਾਂ ਲੋਕਤੰਤਰ ਵਿੱਚ ...
(29 ਜੂਨ 2023)


ਅਖਬਾਰਾਂ ਦੀਆਂ ਖ਼ਬਰਾਂ ਦੁੱਖ ਸੁਖ
, ਖੁਸ਼ੀ ਗਮੀ, ਚੈਨ ਅਤੇ ਬੇਚੈਨੀ ਨਾਲ ਭਰੀਆਂ ਹੁੰਦੀਆਂ ਹਨ। ਭਾਈ ਵੀਰ ਸਿੰਘ ਦੇ ਕਹਿਣ ਵਾਂਗਰਾਂ-

ਫਿਰ ਵੀ ਦਰਦ ਨਾ ਘਟੇ ਜਗਤ ਦਾ,
ਚਾਹੇ ਆਪਾ ਵਾਰੋ।
ਪਰ ਪੱਥਰ ਨਹੀਂ ਬਣਿਆ ਜਾਂਦਾ
,
ਦਰਦ ਦੇਖ ਦੁੱਖ ਆਂਦਾ।

ਵਰਤਮਾਨ ਸਮੇਂ ਪਹਿਲਵਾਨ ਕੁੜੀਆਂ ਬਾਰੇ ਖ਼ਬਰਾਂ ਛਪਦੀਆਂ ਰਹੀਆਂ ਹਨ। ਪੜ੍ਹ ਲਈਦੀਆਂ ਨੇ ਤਕਲੀਫ਼ ਵੀ ਹੁੰਦੀ ਹੈਸਾਡੇ ਵਰਗੇ ਆਮ ਜਿਹੇ ਲੋਕ ਸੋਚੀਂ ਪੈ ਜਾਂਦੇ ਨੇ ਕਿ ਇਹ ਕੁੜੀਆਂ ਜਿਹੜੀਆਂ ਦੇਸ਼ ਦਾ ਮਾਣ ਨੇ, ਜਿਹਨਾਂ ਨੇ ਆਪਣੇ ਦੇਸ਼ ਦਾ ਨਾਂ ਚਮਕਾਇਆ, ਉਹਨਾਂ ਦੀ ਗੱਲ ਸੁਣਨ ਨੂੰ ਸਰਕਾਰਾਂ ਐਨੀ ਦੇਰ ਕਿਉਂ ਕਰ ਰਹੀਆਂ ਹਨ। ਮਾੜਾ ਜਿਹਾ ਦਿਮਾਗ ਅੱਗੇ ਤੁਰਿਆ ਤਾਂ ਪਤਾ ਲੱਗਿਆ ਕਿ ਇਹ ਤਾਂ ਲੜਾਈ ਹੀ ਸਰਕਾਰੀ ਬੰਦਿਆਂ ਦੇ ਖਿਲਾਫ਼ ਹੈ, ਫੇਰ ਸੁਣੇਗਾ ਕੌਣ? ਫਿਰ ਖਿਆਲ ਆਉਂਦਾ ਹੈ ... ਤਾਂ ਕੀ ਹੋਇਆ, ਅਸੀਂ ਲੋਕਤੰਤਰ ਵਿੱਚ ਰਹਿੰਦੇ ਹਾਂ, ਸੁਣਨੀ ਤਾਂ ਪਊ ਸਰਕਾਰ ਨੂੰ। ਇਹ ਅਣਦੇਖੀਆਂ ਸਰਕਾਰਾਂ ਨੂੰ ਮਹਿੰਗੀਆਂ ਪੈ ਜਾਂਦੀਆਂ ਨੇ ਖਾਸ ਕਰਕੇ ਉਸ ਵੇਲੇ ਜਦੋਂ ਚੋਣਾਂ ਨੇੜੇ ਹੋਣ। ਪਰ ਸਰਕਾਰਾਂ ਦੇ ਕਈ ਕਾਰਨਾਮਿਆਂ ਤੋਂ ਹਰ ਰੋਜ਼ ਸ਼ੱਕ ਜਿਹਾ ਹੋਣ ਲੱਗ ਪੈਂਦਾ ਹੈ, ਕੀ ਸਾਡਾ ਦੇਸ਼ ਸੱਚੀਂ ਇੱਕ ਲੋਕਤੰਤਰਿਕ ਦੇਸ਼ ਹੈ ਜਾਂ ਫਿਰ ਬਾਹਰੀ ਦਿਖਾਵਾ ਲੋਕਤੰਤਰ ਦਾ, ਅੰਦਰੋਂ ਕੁਝ ਹੋਰ ਹੀ ਹੋਈ ਜਾਂਦਾ ਹੈ ਜੋ ਲੋਕਤੰਤਰ ਦੇਸ਼ਾਂ ਵਿੱਚ ਨਹੀਂ ਹੋਇਆ ਕਰਦਾ।

28 ਮਈ ਨੂੰ ਜੋ ਹੋਇਆ ਉਹ ਤਾਂ ਬਹੁਤ ਹੀ ਨਿੰਦਣਯੋਗ ਹੈ। ਇੱਕ ਪਾਸੇ ਤਾਂ ਨਵੇਂ ਬਣੇ ਸੰਸਦ ਭਵਨ ਦੀ ਇਮਾਰਤ ਦਾ ਉਦਘਾਟਨੀ ਸਮਾਰੋਹ ਸੀ, ਜਿਸ ਵਿੱਚ ਹੋਈ ਪਾਠਪੂਜਾ ਤੋਂ ਧਰਮ ਨਿਰਪੱਖਤਾ ਬਾਰੇ ਮਨ ਵਿੱਚ ਦੁਬਿਧਾ ਜਿਹੀ ਪੈਦਾ ਹੋਣ ਲੱਗੀ ਕਿ ਜੋ ਹੁਣ ਤੱਕ ਪੜ੍ਹਦੇ ਸੁਣਦੇ ਰਹੇ ਹਾਂ ਉਹ ਠੀਕ ਸੀ, ਜਾਂ ਜੋ ਹੋ ਰਿਹਾ ਹੈ, ਉਹ ਠੀਕ ਹੈ। ਦੇਸ਼ ਦੇ ਰਾਸ਼ਟਰਪਤੀ ਜੀ ਦੀ ਗੈਰ ਹਾਜ਼ਰੀ ਸਮਝ ਤੋਂ ਪਰੇ ਦੀ ਗੱਲ ਲੱਗੀ। ਦੂਜੇ ਪਾਸੇ ਇਹਨਾਂ ਦੇਸ਼ ਦੇ ਰਾਖਿਆਂ ਨੇ ਪਹਿਲਵਾਨ ਕੁੜੀਆਂ ਦੀ ਸੜਕਾਂ ਉੱਤੇ ਜੋ ਧੂਹ ਘੜੀਸ ਕੀਤੀ, ਇਹ ਸਭ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਗਈ। ਆਮ ਪੀੜਤਾਂ ਦੀ ਸੁਣਵਾਈ ਕਿੱਥੇ ਹੋਵੇਗੀ, ਜਦੋਂ ਇਹਨਾਂ ਖਾਸ ਕੁੜੀਆਂ ਦੀ ਸੁਣਵਾਈ ਨਹੀਂ ਹੋ ਰਹੀ?

ਨਿੱਕੇ ਹੁੰਦਿਆਂ ਦਾਦੀ ਦੀਆਂ ਬਾਤਾਂ ਵਿੱਚੋਂ ਇੱਕ ਬਾਤ ਦਾ ਧੁੰਦਲਾ ਜਿਹਾ ਹਿੱਸਾ ਯਾਦ ਐ। ਇੱਕ ਪਿੰਡ ਵਿੱਚ ਹਰ ਤੀਜੇ ਚੌਥੇ ਦਿਨ ਕੁਦਰਤ ਦੀ ਕਰੋਪੀ ਨਾਲ ਪਿੰਡ ਵਾਲਿਆਂ ਦਾ ਨੁਕਸਾਨ ਹੋ ਜਾਂਦਾ। ਕਦੇ ਅੱਗ ਲੱਗ ਜਾਂਦੀ, ਕਦੇ ਕੋਈ ਬਿਮਾਰੀ ਆ ਵੜਦੀ, ਕਦੇ ਝੱਖੜ, ਕਦੇ ਹੜ੍ਹ। ਪਿੰਡ ਦੇ ਲੋਕ ਪ੍ਰੇਸ਼ਾਨ ਹੋ ਗਏ। ਪਿੰਡ ਦੇ ਪਤਵੰਤਿਆਂ ਨੇ ਕਿਸੇ ਸਾਧੂ ਮਹਾਤਮਾ ਦੀ ਸਲਾਹ ਲੈ ਕੇ ਪੁੰਨ ਦਾਨ ਕਰਨ ਲਈ ਸਲਾਹਾਂ ਕੀਤੀਆਂ। ਉਹਨਾਂ ਇਕੱਠਿਆਂ ਹੋ ਕੇ ਇੱਕ ਦਰਵੇਸ਼ ਸਾਧੂ ਤੋਂ ਇਸ ਦਾ ਕਾਰਨ ਪੁੱਛਿਆ। ਸਾਧੂ ਨੇ ਅੰਤਰ ਧਿਆਨ ਹੋ ਕੇ ਦੱਸਿਆ, “ਇਸ ਪਿੰਡ ਦੀ ਕਿਸੇ ਧੀ ਦੇ ਅੱਥਰੂ ਅਤੇ ਹਉਕਾ ਧਰਮਰਾਜ ਦਾ ਤਖ਼ਤ ਕੰਬਣ ਲਾ ਦਿੰਦਾ ਹੈ, ਇਸ ਲਈ ਇਹ ਨੁਕਸਾਨ ਹੋ ਰਿਹਾ ਹੈ।”

ਸਾਰੇ ਪਿੰਡ ਵਾਲਿਆਂ ਰਲ ਮਿਲ ਕੇ ਉਹ ਘਰ ਲੱਭਿਆ, ਸਮੱਸਿਆ ਦਾ ਹੱਲ ਕੀਤਾ ਅਤੇ ਅਣਹੋਣੀਆਂ ਹੋਣੋਂ ਹਟ ਗਈਆਂ। ਗੱਲ ਤਾਂ ਸੋਚਣ ਵਾਲੀ ਹੈ। ਜਦੋਂ ਵੀ ਪਹਿਲਵਾਨ ਕੁੜੀਆਂ ਦੀਆਂ ਖ਼ਬਰਾਂ ਜਾਂ ਧੀਆਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਪੜ੍ਹਦੇ ਜਾਂ ਸੁਣਦੇ ਹਾਂ ਤਾਂ ਉਪਰੋਕਤ ਕਹਾਣੀ ਯਾਦ ਆ ਜਾਂਦੀ ਹੈ। ਮਨ ਸੋਚੀਂ ਪੈ ਜਾਂਦਾ ਹੈ ਕਿ ਇੱਕ ਧੀ ਦੇ ਅੱਥਰੂ ਅਤੇ ਹਉਕੇ ਪ੍ਰਲੋਕ ਵਿੱਚ ਬੈਠੇ ਧਰਮਰਾਜ ਦਾ ਤਖ਼ਤ ਕੰਬਣ ਲਾ ਸਕਦੇ ਹਨ, ਇਹਨਾਂ ਕੁੜੀਆਂ ਦੇ ਅੱਥਰੂ ਧਰਤੀ ਉੱਤੇ ਆਪਣੇ ਆਪ ਨੂੰ ਧਰਮਰਾਜ ਕਹਾਉਣ ਵਾਲਿਆਂ ਦੇ ਤਖ਼ਤ ਕਿਉਂ ਨਹੀਂ ਹਿਲਾ ਸਕਦੇ? ਇਹ ਤਾਂ ਹਰ ਰੋਜ਼ ਆਪਣੇ ਨਾਲ ਹੁੰਦੀ ਬੇਇਨਸਾਫ਼ੀ ਦੇਖ ਸੁਣ ਕੇ ਹਉਕੇ ਭਰਦੀਆਂ ਨੇ।

ਕਿਸਾਨੀ ਅੰਦੋਲਨ ਵੇਲੇ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਜੋ ਸੈਲਾਬ ਲਿਆਂਦਾ ਸੀ, ਉਹ ਕਿਸੇ ਤੋਂ ਭੁੱਲਿਆ ਹੋਇਆ ਨਹੀਂ। ਬੇਵਸੀ ਦੇ ਅੱਥਰੂ ਭਾਵੇਂ ਮਰਦ ਦੇ ਹੋਣ ਜਾਂ ਔਰਤ ਦੇ, ਅਸਰ ਦਿਖਾਉਂਦੇ ਹਨ। ਰਾਤੋ ਰਾਤ ਲੋਕਾਂ ਨੇ ਆਪਣੇ ਹੱਥਲੇ ਕੰਮ ਛੱਡ ਕੇ ਚਮਤਕਾਰੀ ਤਰੀਕੇ ਨਾਲ ਪਾਸਾ ਪਲਟ ਦਿੱਤਾ ਸੀ ਅਤੇ ਲੱਖਾਂ ਕਰੋੜਾਂ ਹੱਥ ਦੁਆਵਾਂ ਲਈ ਉੱਠੇ ਸਨ। ਮਈ ਦੇ ਪਹਿਲੇ ਹਫ਼ਤੇ ਅਖਬਾਰਾਂ ਦੀ ਇੱਕ ਤਸਵੀਰ ਵਿੱਚ ਰਾਕੇਸ਼ ਟਿਕੈਤ ਨੇ ਪਹਿਲਵਾਨ ਕੁੜੀਆਂ ਦੇ ਸਿਰ ਤੇ ਹੱਥ ਰੱਖੇ ਹੋਏ ਸਨ। ਮੋਟੀਆਂ ਮੋਟੀਆਂ ਸੁਰਖੀਆਂ ਉੱਤੇ ਨਜ਼ਰ ਮਾਰਨ ਵਾਲਾ ਪਾਠਕ ਵੀ ਅਣਦੇਖਿਆ ਨਹੀਂ ਕਰ ਸਕਿਆ ਇਸ ਤਸਵੀਰ ਨੂੰ। ਇਹਨਾਂ ਬੀਬੀਆਂ ਕੁੜੀਆਂ ਨਾਲ ਹਮਦਰਦੀ ਰੱਖਣ ਵਾਲਿਆਂ ਨੇ ਸ਼ਾਇਦ ਇਹ ਤਸਵੀਰ ਕਈ ਵਾਰ ਦੇਖੀ ਹੋਵੇਗੀ। ਕੁੜੀਆਂ ਦੀਆਂ ਨਜ਼ਰਾਂ ਵਿੱਚ ਰੋਹ, ਤਸੱਲੀ ਅਤੇ ਜ਼ੁਲਮ ਖਿਲਾਫ਼ ਲੜਨ ਦੀ ਸ਼ਕਤੀ ਦੇ ਮਿਲੇ ਜੁਲੇ ਭਾਵ ਸਾਫ਼ ਝਲਕਦੇ ਹਨ। ਦੇਖ ਕੇ ਤਸੱਲੀ ਹੋਈ ਕਿ ਦੇਸ਼ ਦੇ ਵੱਡੇ ਅੰਦੋਲਨ ਨੂੰ ਜਿੱਤਣ ਵਾਲੇ ਇਹਨਾਂ ਦੇ ਹੱਕ ਵਿੱਚ ਖੜ੍ਹੇ ਹੋ ਰਹੇ ਹਨ। ਵਿਰੋਧ ਕਰਨ ਵਾਲੇ ਵਿਰੋਧ ਵਿੱਚ ਵੀ ਬੋਲਦੇ ਹਨ, ਅਫਵਾਹਾਂ ਵੀ ਫੈਲਾਉਂਦੇ ਹਨ, ਇਸ ਸੰਘਰਸ਼ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਹਨ। ਪਰ ਇਹਨਾਂ ਕੂੜ ਗੱਲਾਂ ਦਾ ਜਵਾਬ ਇਹ ਸੰਘਰਸ਼ੀ ਪਹਿਲਵਾਨ ਹਰ ਤਰੀਕੇ ਨਾਲ ਦੇ ਰਹੇ ਹਨ।

ਇਸ ਸੰਘਰਸ਼ ਦੀ ਜਿਸ ਤਰ੍ਹਾਂ ਦੀ ਅਣਦੇਖੀ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਹੈ, ਇਹ ਗੱਲਾਂ ਲੋਕਤੰਤਰ ਵਿੱਚ ਸੋਭਦੀਆਂ ਨਹੀਂ। ਜੋ ਵੀ ਗਲਤ ਹੋਇਆ, ਇਸ ’ਤੇ ਢੁਕਵੀਂ ਕਾਰਵਾਈ ਹੋਣੀ ਜ਼ਰੂਰੀ ਹੈ, ਨਹੀਂ ਤਾਂ ਸਰਕਾਰਾਂ ਪ੍ਰਤੀ ਬੇਭਰੋਸਗੀ ਹੋਰ ਵਧ ਜਾਣੀ ਹੈ। ਦੇਸ਼ ਲਈ ਤਗਮੇ ਜਿੱਤਣ ਵਾਲੇ ਇਹ ਪਹਿਲਵਾਨ ਮੰਤਰੀਆਂ ਤੋਂ ਕਿਤੇ ਉੱਪਰ ਹਨ। ਦੇਰੀ ਨਾਲ ਹੋਈ ਸੁਣਵਾਈ ਤੇ ਇਹੋ ਹੀ ਆਖਿਆ ਜਾਂਦਾ ਹੈ .., ਬੱਕਰੀ ਨੇ ਦੁੱਧ ਤਾਂ ਦਿੱਤਾ ਪਰ ਮੀਂਗਣਾਂ ਘੋਲ਼ ਕੇ।

ਭਾਵੇਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਇਸ ਸੰਘਰਸ਼ ਨੂੰ ਹਮਾਇਤ ਮਿਲ ਰਹੀ ਹੈ ਪਰ ਸਰਕਾਰ ਨੂੰ ਇਸ ਬਾਰੇ ਸੰਜੀਦਗੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇ ਤਾਂ ਕਿ ਦੇਸ਼ ਦੀਆਂ ਉੱਭਰਦੀਆਂ ਖਿਡਾਰਨਾਂ ਇਸ ਪਾਸੇ ਅੱਗੇ ਆਉਣ ਤੋਂ ਆਪਣਾ ਮਨ ਨਾ ਮੋੜ ਲੈਣ। ਦੇਸ਼ ਦੇ ਮੁੱਖੀਆਂ ਵੱਲੋਂ ਪੀੜਤ ਕੁੜੀਆਂ ਦੀ ਅਣਦੇਖੀ ਕਰਨਾ ਅਤੇ ਆਪਣੀ ਤਾਕਤ ਦਾ ਦਿਖਾਵਾ ਕਰਦੇ ਰਹਿਣਾ ਸਹੀ ਨਹੀਂ ਹੈ। ਜਿੰਨੀ ਜਲਦੀ ਹੋ ਸਕੇ ਇਨਸਾਫ਼ ਮਿਲਣਾ ਚਾਹੀਦਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4057)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author