“ਇਸ ਤੋਂ ਬਾਅਦ ਕਿਸ਼ਤਾਂ ’ਤੇ ਚੀਜ਼ਾਂ ਖਰੀਦਣ ਦਾ ਦੌਰ ਸ਼ੁਰੂ ਹੋਇਆ। ਲੋਕ ਆਪਣੀ ਕੰਮ ਵਾਲੀ ਤਨਖਾਹ ਮਿਲਣ ਤੋਂ ...”
(16 ਜੁਲਾਈ 2023)
ਜਦੋਂ ਮੈਂ ਅਜੇ 7-8 ਸਾਲ ਦਾ ਹੀ ਸੀ ਤਾਂ ਪੰਜਾਬ ਵਿੱਚ ਸਿਆਣੀਆਂ ਮਾਤਾਵਾਂ ਦੇ ਮੂੰਹੋਂ ਅਕਸਰ ਸੁਣਦਾ ਕਿ ਦੁੱਧ ਤੇ ਪੁੱਤ ਕਰਮਾਂ ਨਾਲ ਹੀ ਮਿਲਦੇ ਹਨ। ਉਸ ਸਮੇਂ ਜ਼ਿਆਦਾ ਲੋਕ ਅਨਪੜ੍ਹ ਹੁੰਦੇ ਸਨ ਪਰ ਸਖਤ ਮਿਹਨਤੀ ਸਨ। ਵੱਡੀ ਗਿਣਤੀ ਲੋਕ ਕਰਮਾਂ ’ਤੇ ਹੀ ਯਕੀਨ ਰੱਖਦੇ ਸਨ। ਉਨ੍ਹਾਂ ਸਮਿਆਂ ਵਿੱਚ ਪੈਸਾ ਬਹੁਤ ਘੱਟ ਹੁੰਦਾ ਸੀ। ਪੈਸੇ ਵਾਸਤੇ ਲੋਕਾਂ ਵਿੱਚ ਬੇਲੋੜੀ ਦੌੜ ਵੀ ਨਹੀਂ ਸੀ। ਲੋਕ ਕਾਹਲੀ ਵਿੱਚ ਵੀ ਨਹੀਂ ਹੁੰਦੇ ਸਨ। ਜ਼ਿਆਦਾ ਲੋਕ ਖੇਤੀਬਾੜੀ ’ਤੇ ਨਿਰਭਰ ਸਨ। ਲੋਕ ਫਸਲਾਂ ਨੂੰ ਵੇਚਣ ਦੀ ਬਜਾਏ ਇੱਕ ਦੂਜੇ ਨਾਲ ਲੋੜ ਅਨੁਸਾਰ ਵਟਾ ਲੈਂਦੇ ਸਨ।
ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਕੰਮ ਵੱਟੇ ਦਾਣੇ ਹੀ ਲੈਂਦੇ ਹੁੰਦੇ ਸੀ ਜਾਂ ਉਨ੍ਹਾਂ ਨੂੰ ਰੋਟੀ ਪਾਣੀ ਖਵਾ ਦਿੱਤਾ ਜਾਂਦਾ ਸੀ। ਬਹੁਤ ਵਾਰ ਤਾਂ ਰਿਸ਼ਤੇਦਾਰੀ ਵਿੱਚੋਂ ਕੋਈ ਨਾ ਕੋਈ ਖੇਤੀਬਾੜੀ ਦੇ ਕੰਮ ਵਿੱਚ ਮਦਦ ਕਰਵਾਉਣ ਲਈ ਆਬਤ ’ਤੇ ਆ ਜਾਂਦਾ ਸੀ। ਆਬਤ ਦਾ ਭਾਵ ਕਿ ਆਏ ਹੋਏ ਮਹਿਮਾਨ ਦੀ ਕੰਮ ਵੱਟੇ ਸੇਵਾ ਕਰ ਦਿੱਤੀ ਜਾਂਦੀ ਸੀ।
ਜਦੋਂ ਕਿਸੇ ਨੂੰ ਪੁੱਛ ਲੈਣਾ ਕਿ ਕੀ ਤੁਸੀਂ ਦੁੱਧ ਵੇਚਣਾ ਚਾਹੁੰਦੇ ਹੋ? ਬਹੁਤ ਵਾਰ ਜਵਾਬ ਮਿਲਣਾ ਕਿ ਦੁੱਧ ਪੁੱਤ ਵੇਚੀਦੇ ਨਹੀਂ ਹੁੰਦੇ। ਹੁਣ ਵਾਲੀ ਪੀੜ੍ਹੀ ਵਾਸਤੇ ਇਹ ਹੈਰਾਨ ਕਰਨ ਵਾਲੀ ਗੱਲ ਹੋਵੇਗੀ ਪਰ ਸੱਚ ਇਹੀ ਸੀ। ਇਸੇ ਤਰ੍ਹਾਂ ਜਦੋਂ ਕਿਸੇ ਨੂੰ ਪੁੱਛ ਲੈਣਾ ਕਿ ਕੀ ਤੂੰ ਜ਼ਮੀਨ ਵੇਚਣੀ ਹੈ? ਇਸਦਾ ਜਵਾਬ ਮਿਲਣਾ ਕਿ ਮਾਂ ਵੇਚੀਦੀ ਨਹੀਂ ਹੁੰਦੀ। ਉਸ ਵੇਲੇ ਕਿਸਾਨ ਜ਼ਮੀਨ ਨੂੰ ਮਾਂ ਦੇ ਬਰਾਬਰ ਸਮਝਦਾ ਹੁੰਦਾ ਸੀ ਕਿਉਂਕਿ ਜ਼ਮੀਨ ਹੀ ਪਰਿਵਾਰਾਂ ਦਾ ਢਿੱਡ ਭਰਦੀ ਸੀ। ਸਮਾਂ ਬਦਲਿਆ, ਪੰਜਾਬੀਆਂ ਦੀ ਸੋਚ ਬਦਲੀ, ਜੋ ਹੁਣ ਪਿੱਛੇ ਮੁੜਨ ਦਾ ਨਾਮ ਹੀ ਨਹੀਂ ਲੈ ਰਹੀ। ਕਾਰਪੋਰੇਟ ਘਰਾਣੇ ਆਏ ਜਿਨ੍ਹਾਂ ਵੱਡੇ ਕਾਰੋਬਾਰ ਵਿਕਸਿਤ ਕੀਤੇ ਅਤੇ ਲੋਕਾਂ ਨੂੰ ਵੱਧ ਤਨਖਾਹਾਂ ’ਤੇ ਨੌਕਰੀਆਂ ਦਿੱਤੀਆਂ।
ਪੈਸੇ ਦੀ ਦੌੜ ਵਿੱਚ ਦੁੱਧ, ਪੁੱਤ ਅਤੇ ਜ਼ਮੀਨਾਂ ਦੇ ਸੌਦੇ ਹੋਣ ਲੱਗੇ। ਪੁੱਤਾਂ ਧੀਆਂ ਦੇ ਸੌਦੇ ਵਿਦੇਸ਼ ਜਾਣ ਲਈ ਹੋਣ ਲੱਗੇ। ਕਾਰਪੋਰੇਟ ਘਰਾਣਿਆਂ ਜਾਂ ਸਰਮਾਏਦਾਰਾਂ ਵੱਲੋਂ ਵੱਧ ਪੈਸੇ ’ਤੇ ਨੌਕਰੀਆਂ ਦੇਣੀਆਂ ਵਧੀਆ ਜ਼ਰੂਰ ਲੱਗਦੀਆਂ ਹਨ ਪਰ ਇਸ ਵਧੀ ਹੋਈ ਆਮਦਨ ਦੇ ਨਾਲ ਨਾਲ ਬਹੁਤ ਨਵੇਂ ਖਰਚੇ ਪੈਦਾ ਹੋ ਗਏ। ਉਦਾਹਰਣ ਦੇ ਤੌਰ ’ਤੇ ਮਹਿੰਗੇ ਟੀਵੀ (ਟੈਲੀਵੀਜ਼ਨ), ਵੀ ਸੀ ਆਰ, ਫਰਨੀਚਰ, ਸਕੂਟਰ, ਮੋਟਰ ਸਾਇਕਲ, ਕਾਰਾਂ, ਟਰੈਕਟਰ, ਟਰਾਲੀਆਂ, ਕੰਬਾਈਨਾਂ, ਫੋਨ, ਬਹੁਤ ਤਰ੍ਹਾਂ ਦੀਆਂ ਮਠਿਆਈਆਂ, ਡਰਿੰਕਾਂ, ਮਹਿੰਗੇ ਸਲੂਨ, ਬਿਊਟੀ ਪਾਰਲਰ, ਕੰਪਿਊਟਰ ਅਤੇ ਹੋਰ ਖਾਣ ਵਾਲੇ ਫਾਸਟ ਫੂਡ ਹੋਂਦ ਵਿੱਚ ਆਏ। ਸੰਨ 1985 ਤਕ ਵਿਰਲੇ ਪੰਜਾਬੀਆਂ ਨੂੰ ਹੀ ਕੌਫੀ ਦਾ ਪਤਾ ਸੀ। ਅੱਜ ਵੱਡੀ ਗਿਣਤੀ ਕੌਫੀ ਦੀ ਆਦੀ ਹੋ ਗਈ ਹੈ। ਭਾਵੇਂ ਕਿ ਮਸ਼ੀਨਰੀ ਨੇ ਇਨਸਾਨ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਪਰ ਮਸ਼ੀਨਰੀ ਦੇ ਆਉਣ ਨਾਲ ਵੱਡੀ ਗਿਣਤੀ ਇਨਸਾਨ ਵਿਹਲੜ ਬਣ ਗਏ। ਕੰਮ ਘੱਟ ਕਰਨ ਜਾਂ ਨਾ ਕਰਨ ਨਾਲ ਲੋਕ ਬਿਮਾਰੀਆਂ ਦੇ ਸ਼ਿਕਾਰ ਹੋਏ। ਜਿੱਥੇ ਇਹ ਸਭ ਕੁਝ ਬਹੁਤ ਜ਼ਿਆਦਾ ਮਹਿੰਗਾ ਸੀ ਉੱਥੇ ਹੀ ਇਹ ਸਿਹਤ ਲਈ ਖਤਰਨਾਕ ਸੀ।
ਇਸ ਸਭ ਦੇ ਨਾਲ ਨਾਲ ਪੰਜਾਬੀਆਂ ਨੂੰ ਨਵੇਂ ਫੈਸ਼ਨ ਦੀ ਆਦਤ ਪਈ ਜੋ ਹਰ ਇੱਕ ਦੋ ਦਿਨ ਬਾਦ ਬਦਲਣ ਲੱਗਾ। ਟੈਲੀਵੀਜ਼ਨ ਦੀ ਵੱਧ ਵਰਤੋਂ ਨਾਲ ਘਰੇਲੂ ਔਰਤਾਂ ਨਾਟਕ ਅਤੇ ਫਿਲਮਾਂ ਦੇਖ ਕੇ ਵੱਧ ਸਮਾਂ ਖਰਾਬ ਕਰਨ ਦੇ ਨਾਲ ਨਾਲ ਖੁਦ ਨੂੰ ਵੀ ਹੀਰੋਇਨਾਂ ਵਰਗਾ ਹੋਣ ਦੇ ਸੁਪਨੇ ਲੈਣ ਲੱਗੀਆਂ। ਨਤੀਜਾ ਇਹ ਹੋਇਆ ਕਿ ਔਰਤਾਂ ਦਾ ਫੈਸ਼ਨ ਬਹੁਤ ਤੇਜ਼ੀ ਨਾਲ ਵਧਿਆ ਜਿਸ ਨਾਲ ਇਨਸਾਨਾਂ ਦੀ ਵਧੀ ਹੋਈ ਆਮਦਨ ਬਹੁਤ ਤੇਜ਼ੀ ਨਾਲ ਖਤਮ ਹੋਈ।
ਬਚਪਨ ਵਿੱਚ ਇੱਕ ਹੋਰ ਗੱਲ ਸੁਣਨ ਨੂੰ ਮਿਲਦੀ ਸੀ ਕਿ ਸ਼ਾਹੂਕਾਰ ਦਾ ਕਰਜ਼ਾ ਬਹੁਤ ਮਾੜਾ ਹੁੰਦਾ ਹੈ। ਲੋਕ ਸਿਆਣਿਆਂ ਦੀ ਇਸ ਨਸੀਹਤ ਦੇ ਬਾਵਯੂਦ ਇਸ ਤੋਂ ਉਲਟ ਚੱਲ ਪਏ। ਆਪਣੇ ਵਧੇ ਹੋਏ ਖਰਚੇ ਪੂਰੇ ਕਰਨ ਲਈ ਲੋਕਾਂ ਨੇ ਕਰਜ਼ੇ ਲੈਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਦ ਕਿਸ਼ਤਾਂ ’ਤੇ ਚੀਜ਼ਾਂ ਖਰੀਦਣ ਦਾ ਦੌਰ ਸ਼ੁਰੂ ਹੋਇਆ।ਲੋਕ ਆਪਣੀ ਕੰਮ ਵਾਲੀ ਤਨਖਾਹ ਮਿਲਣ ਤੋਂ ਪਹਿਲਾਂ ਹੀ ਕਿਸ਼ਤਾਂ ਦੇ ਰੂਪ ਵਿੱਚ ਖਤਮ ਕਰਨ ਲੱਗੇ। ਕਰੈਡਿਟ ਕਾਰਡਾਂ ਨੂੰ ਵਰਤਣ ਦਾ ਰਿਵਾਜ਼ ਹੋਇਆ ਤਾਂ ਲੋਕਾਂ ਕਰੈਡਿਟ ਕਾਰਡ ਦਾ ਬਿਆਜ ਬਹੁਤ ਜ਼ਿਆਦਾ ਭਰਿਆ। ਕਈ ਕਰੈਡਿਟ ਕਾਰਡ ਕੰਪਨੀਆਂ 20% ਦੇ ਲਾਗੇ ਬਿਆਜ ਲੈਂਦੀਆਂ ਹਨ।
ਪੰਜਾਬ ਵਿੱਚ ਹਰ ਇੱਕ ਨੂੰ ਨੌਕਰੀ ਮਿਲਣੀ ਔਖੀ ਹੈ। ਇਸ ਕਰਕੇ ਲੋਕਾਂ ਨੇ ਵਿਦੇਸ਼ਾਂ ਵੱਲ ਜਾਣਾ ਸ਼ੁਰੂ ਕੀਤਾ। ਕਈਆਂ ਨੇ ਜ਼ਮੀਨਾਂ ਵੇਚ ਕੇ ਅਤੇ ਕਈਆਂ ਜ਼ਮੀਨਾਂ ਗਹਿਣੇ ਰੱਖ ਕੇ ਵਿਦੇਸ਼ਾਂ ਵਿੱਚ ਜਾਣਾ ਸ਼ੁਰੂ ਕੀਤਾ। ਵਿਦੇਸ਼ਾਂ ਨੂੰ ਜਾਣ ਦਾ ਸਫ਼ਰ ਕੁਝ ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ ਅੱਜ ਲੱਖਾਂ ਰੁਪਏ ਤਕ ਪਹੁੰਚ ਚੁੱਕਾ ਹੈ। ਇਸ ਕਿੱਤੇ ਵਿੱਚੋਂ ਟਰੈਵਲ ਏਜੇਂਟਾਂ ਨੇ ਖੂਬ ਕਮਾਈ ਕੀਤੀ। ਇਸ ਵਿੱਚੋਂ ਕੁਝ ਨੇ ਇਮਾਨਦਾਰੀ ਨਾਲ ਕਮਾਈ ਕੀਤੀ ਪਰ ਵੱਡੀ ਗਿਣਤੀ ਨੇ ਧੋਖੇ ਨਾਲ ਕਮਾਈ ਕੀਤੀ।
ਇਸੇ ਸਮੇਂ ਦੌਰਾਨ ਪੰਜਾਬੀਆਂ ਨੇ ਵਿਦੇਸ਼ਾਂ ਨੂੰ ਜਾਣ ਖਾਤਰ ਆਪਣੇ ਕੁੜੀਆਂ ਅਤੇ ਮੁੰਡਿਆਂ ਦਾ ਵਿਆਹ ਦੇ ਰੂਪ ਵਿੱਚ ਵਪਾਰ ਸ਼ੁਰੂ ਕੀਤਾ। ਭਾਵ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਵੇਚਿਆ। ਇਹ ਰਿਸ਼ਤੇ ਇੱਕ ਦੂਜੇ ਦੀ ਪਸੰਦ ਨਾਲ ਹੋਣ ਦੀ ਬਜਾਏ ਆਪਣੀ ਆਰਥਿਕ ਲੋੜ ਪੂਰੀ ਕਰਨ ਅਤੇ ਵਿਦੇਸ਼ਾਂ ਨੂੰ ਜਾਣ ਖਾਤਰ ਹੋਏ, ਜਿਸ ਕਾਰਣ ਇੱਕ ਧਿਰ ਵਿਦੇਸ਼ ਜਾ ਕੇ ਦੂਜੀ ਧਿਰ ਨਾਲ ਧੋਖਾ ਕਰ ਗਈ। ਇਹੋ ਜਿਹੇ ਮਾਮਲੇ ਅਕਸਰ ਅਖਬਾਰਾਂ ਵਿੱਚ, ਸੋਸ਼ਲ ਮੀਡੀਆ ਵਿੱਚ ਅਤੇ ਪੰਜਾਬੀਆਂ ਦੀਆਂ ਮਹਿਫ਼ਿਲਾਂ ਵਿੱਚ ਦੇਖਣ ਅਤੇ ਸੁਣਨ ਨੂੰ ਮਿਲਦੇ ਹਨ। ਵੱਡੀ ਗਿਣਤੀ ਪੰਜਾਬੀ ਬੇਸ਼ਕ ਰੱਬ ਨੂੰ ਬਹੁਤ ਜ਼ਿਆਦਾ ਮੰਨਦੇ ਹਨ ਪਰ ਨਕਲੀ ਵਿਆਹ ਵੀ ਧਾਰਮਿਕ ਅਸਥਾਨਾਂ ਵਿੱਚ ਹੀ ਕੀਤੇ ਗਏ। ਭਾਵ ਰੱਬ ਦੀ ਹਜ਼ੂਰੀ ਵਿੱਚ ਵੀ ਲੂਣ ਹੀ ਗੁੰਨ੍ਹਿਆ ਗਿਆ।
ਵਿਦੇਸ਼ੀ ਸਰਕਾਰਾਂ ਵੀ ਇਸ ਲੁੱਟ ਵਿੱਚ ਸ਼ਾਮਲ ਹੋਈਆਂ। ਉਨ੍ਹਾਂ ਵੱਡੀ ਗਿਣਤੀ ਪੰਜਾਬ ਤੋਂ ਅਤੇ ਦੂਜੇ ਪਛੜੇ ਮੁਲਕਾਂ ਤੋਂ ਬੱਚਿਆਂ ਨੂੰ ਪੜ੍ਹਨ ਲਈ ਆਪੋ ਆਪਣੇ ਮੁਲਕਾਂ ਵਿੱਚ ਸੱਦਿਆ। ਇਸ ਆਈ ਹੋਈ ਪੀੜ੍ਹੀ ਨੇ ਆਪਣੇ ਪਰਿਵਾਰਾਂ ਦੇ ਲੱਖਾਂ ਰੁਪਏ ਵੀ ਖਤਮ ਕੀਤੇ ਅਤੇ ਕਈਆਂ ਨੇ ਵਿਦੇਸ਼ ਖਾਤਰ ਜ਼ਮੀਨਾਂ ਵੀ ਗਹਿਣੇ ਰੱਖ ਦਿੱਤੀਆਂ ਜਾਂ ਵਿਕਾ ਦਿੱਤੀਆਂ। ਜਿਹੜੇ ਵਿਦੇਸ਼ੀ ਮੁਲਕ ਦੂਜੀ ਸੰਸਾਰ ਜੰਗ ਵਿੱਚ ਸ਼ਾਮਲ ਸੀ ਉਨ੍ਹਾਂ ਵਿੱਚ ਨੌਜਵਾਨ ਉਮਰ ਦੇ ਬੱਚਿਆਂ ਦੀ ਘਾਟ ਸੀ। ਭਾਰਤ ਵਿੱਚ ਨੌਜਵਾਨਾਂ ਦੀ ਘਾਟ ਨਹੀਂ ਸੀ। ਇਸ ਕਰਕੇ ਇਹ ਘਾਟ ਭਾਰਤ ਵਿੱਚੋਂ ਪੂਰੀ ਹੋਣ ਲੱਗੀ। ਇਨ੍ਹਾਂ ਵਿਦੇਸ਼ਾਂ ਵਿੱਚ ਜਾਣ ਵਾਲਿਆਂ ਵਿੱਚੋਂ ਕੁਝ ਉੱਥੇ ਪੱਕੇ ਹੋ ਗਏ ਅਤੇ ਸੋਹਣਾ ਪੈਸਾ ਬਣਾ ਪਿੰਡ ਕੋਠੀਆਂ ਵੀ ਬਣਾ ਲਈਆਂ ਪਰ ਵੱਡੀ ਗਿਣਤੀ ਦੀ ਖੂਹ ਦੀ ਮਿੱਟੀ ਖੂਹ ਹੀ ਲਗਦੀ ਰਹੀ। ਜਿਹੜੇ ਪੰਜਾਬੀ ਆਪਣੀ ਆਰਥਿਕਤਾ ਮਜ਼ਬੂਤ ਕਰ ਗਏ, ਉਨ੍ਹਾਂ ਵਿੱਚੋਂ ਬਹੁਤਿਆਂ ਦੀ ਔਲਾਦ ਪੰਜਾਬ ਜਾਣਾ ਨਹੀਂ ਚਾਹੁੰਦੀ। ਇਸ ਕਰਕੇ ਉਨ੍ਹਾਂ ਦੀ ਦੂਜੀ ਪੀੜ੍ਹੀ ਨੂੰ ਪੰਜਾਬ ਵਿਚਲੀ ਜ਼ਮੀਨ ਜਾਂ ਘਰ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਰਹੀ। ਉਨ੍ਹਾਂ ਵਿੱਚੋਂ ਬਹੁਤੇ ਬੱਚਿਆਂ ਨੂੰ ਤਾਂ ਮਾਪੇ ਪੰਜਾਬੀ ਬੋਲੀ ਨਾਲ ਵੀ ਜੋੜ ਨਹੀਂ ਸਕੇ। ਪੰਜਾਬੀ ਭਾਸ਼ਾ ਨਾਲੋਂ ਟੁੱਟਿਆ ਬੱਚਾ ਪੰਜਾਬ ਨਾਲ ਜੁੜਨਾ ਬਹੁਤ ਮੁਸ਼ਕਲ ਹੁੰਦਾ ਹੈ। ਪੰਜਾਬ ਵਿੱਚ ਕੁਝ ਮਾਪੇ ਆਪਣੇ ਵਿਦੇਸ਼ਾਂ ਵਿੱਚ ਗਏ ਬੱਚਿਆਂ ਨੂੰ ਮਿਲਣ ਨੂੰ ਤਰਸ ਰਹੇ ਹਨ। ਵਿਦੇਸ਼ ਗਏ ਪੁੱਤ ਧੀਆਂ ਆਪਣੇ ਖਰੀਦੇ ਹੋਏ ਘਰਾਂ ਦੀਆਂ ਕਿਸ਼ਤਾਂ ਵੀ ਪੂਰੀਆਂ ਨਹੀਂ ਕਰ ਪਾ ਰਹੇ।
ਇਸ ਕਰਕੇ ਕਹਿ ਸਕਦੇ ਹਾਂ ਕਿ ਜਦੋਂ ਤੋਂ ਪੰਜਾਬੀਆਂ ਨੇ ਕਰਮਾਂ ਨਾਲ ਮਿਲੀਆਂ ਚੀਜ਼ਾਂ ਦਾ ਵਪਾਰ ਸ਼ੁਰੂ ਕੀਤਾ ਹੈ ਉਹ ਉਨ੍ਹਾਂ ਨੂੰ ਰਾਸ ਨਹੀਂ ਆਈਆਂ ਹਨ ਅਤੇ ਪੰਜਾਬ ਤੇ ਪੰਜਾਬੀ ਕਰਜ਼ੇ ਵਿੱਚ ਦਿਨੋਂ ਦਿਨ ਦੱਬੀ ਜਾ ਰਹੇ ਹਨ। ਇਹ ਹਰ ਪੰਜਾਬੀ ਵਾਸਤੇ ਸੋਚਣ ਦਾ ਵਿਸ਼ਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4091)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)