OpinderSLamba7ਭਾਪਾ ਜੀ ਆਪਣੇ ਸੁਭਾਅ ਦੇ ਉਲਟ ਤੈਸ਼ ਵਿੱਚ ਅੱਗੋਂ ਬੋਲੇ, “ਵੰਝ-ਵੰਝ ਕੰਮ ਕਰਨਹੀਂ ਕਿਸੇ ਆਵਣਾ ...
(24 ਮਈ 2022)
ਮਹਿਮਾਨ: 504.

ਮੁਲਕ ਦੀ ਵੰਡ ਮਗਰੋਂ ਮੇਰੇ ਦਾਦਾ ਜੀ, ਜਿਨ੍ਹਾਂ ਨੂੰ ਅਸੀਂ ਸਤਿਕਾਰ ਵਜੋਂ ਭਾਪਾ ਜੀ ਕਹਿ ਕੇ ਬੁਲਾਉਂਦੇ ਸਾਂ, 1947 ਵਿੱਚ ਨਵੰਬਰ ਮਹੀਨੇ ਆਪਣੀ ਜਨਮ ਭੋਇੰ ਰਾਵਲਪਿੰਡੀ ਤੋਂ ਉੱਜੜ ਕੇ ਰੋਪੜ ਆ ਵਸੇਇੱਥੇ ਆ ਕੇ ਉਨ੍ਹਾਂ ਨੇ ਕਰੜੀ ਮਿਹਨਤ ਮੁਸ਼ੱਕਤ ਕੀਤੀ ਤੇ ਆਪਣਾ ਟੱਬਰ ਪਾਲਣ ਲਈ ਬਿਸਕੁਟਾਂ ਦੀ ਦੁਕਾਨ ਖੋਲ੍ਹੀਸਾਡੇ ਦਾਦੀ ਜੀ, ਜਿਨ੍ਹਾਂ ਨੂੰ ਅਸੀਂ ਮੋਹ ਨਾਲ ਭਾਬੀ ਜੀ ਸੱਦਦੇ ਸਾਂ, ਨੇ ਵੀ ਭਾਪਾ ਜੀ ਨਾਲ ਮੋਢੇ ਨਾਲ ਮੋਢਾ ਡਾਹ ਕੇ ਦੁਕਾਨ ਦੇ ਕੰਮ ਵਿੱਚ ਪੂਰਾ ਹੱਥ ਵਟਾਇਆਇੱਥੋਂ ਤਕ ਕਿ ਕਈ ਵਾਰ ਉਹ ਇਕਲਿਆਂ ਹੀ 40-45 ਕਿਲੋ ਮੈਦੇ ਦੇ ਬਿਸਕੁਟ, ਰਸ, ਡਬਲ ਰੋਟੀ ਤੇ ਕੇਕ ਆਦਿ ਤਿਆਰ ਕਰਨ ਲਈ ਖਮੀਰ ਫੈਂਟ ਲੈਂਦੇ ਸਨਸਿਰੇ ਦੇ ਸਿਰੜੀ ਸਨ ਸਾਡੇ ਭਾਪਾ ਜੀ ਜਿਨ੍ਹਾਂ ਨੇ ਸੱਚੀ-ਸੁੱਚੀ ਕਿਰਤ ਨੂੰ ਪ੍ਰਣਾਏ ਅਸੂਲਾਂ ਸਦਕਾ ਦਸਾਂ ਨਹੁੰਆਂ ਦੀ ਕਮਾਈ ਨਾਲ ਹੀ ਆਪਣੀ ਕਬੀਲਦਾਰੀ ਨਜਿੱਠੀ ਇਨ੍ਹਾਂ ਵਿਲੱਖਣ ਗੁਣਾਂ ਕਾਰਨ ਹੀ ਸ਼ਹਿਰ ਦੇ ਲੋਕ ਉਨ੍ਹਾਂ ਨੂੰ ‘ਭਗਤ ਜੀ’ ਕਹਿ ਕੇ ਬੁਲਾਉਂਦੇ ਸਨਉਹ ਹਮੇਸ਼ਾ ਹੀ ਝੂਠੀ ਉਸਤਤ, ਨਿੰਦਾ-ਚੁਗਲੀ ਤੇ ਬੇਈਮਾਨੀ ਦੀ ਕਮਾਈ ਤੋਂ ਕੋਸੋਂ ਦੂਰ ਰਹੇਉਹ ਕਦੀ ਵੀ ਆਪਣੇ ਤੋਂ ਉੱਚੇ ਤੇ ਅਮੀਰ ਬੰਦੇ ਨੂੰ ਵੇਖਕੇ ਨਾ ਝੂਰਦੇ ਤੇ ਹਮੇਸ਼ਾ ਹੀ ਆਪਣੇ ਤੋਂ ਮਾੜੇ ਲਿਤਾੜੇ ਤੇ ਗੁਰਬਤ ਵਿੱਚ ਰਹਿ ਰਹੇ ਲੋਕਾਂ ਤੋਂ ਪ੍ਰੇਰਨਾ ਲੈਂਦਿਆਂ ਅਕਸਰ ਇਹੀ ਕਹਿੰਦੇ, “ਸ਼ੁਕਰ ਐ ਰੱਬਾ ਤੇਰਾ, ਜਿਹਨੇ ਸਾਡੇ ਵਰਗੇ ਨਿਮਾਣਿਆਂ ਤੇ ਨਿਤਾਣਿਆਂ ਨੂੰ ਸਿਰ ਲੁਕੋਣ ਨੂੰ ਛੱਤ, ਤਨ ਢਕਣ ਨੂੰ ਲੀੜੇ ਤੇ ਇੱਜ਼ਤ ਦੀ ਰੋਜ਼ੀ-ਰੋਟੀ ਦਿੱਤੀ ਹੈ, ਨਹੀਂ ਤਾਂ ਦੁਨੀਆਂ ਵਿੱਚ ਬੇਅੰਤ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਜੁੜਦੀ” ਉਨ੍ਹਾਂ ਦਾ ਹਿਰਦਾ ਰੱਬੀ ਮਿਹਰ ਨਾਲ ਇਨ੍ਹਾਂ ਵਰੋਸਾਇਆ ਹੋਇਆ ਸੀ ਕਿ ਉਹ ਸਦਾ ਪਰਵਰਦਿਗਾਰ ਦਾ ਸ਼ੁਕਰਾਨਾ ਕਰਦਿਆਂ ਨਾ ਥੱਕਦੇ ਅਤੇ ਆਖਰੀ ਸਾਹਾਂ ਤਕ ਜਾਪ, ਕਿਰਤ ਅਤੇ ਵੰਡ ਛਕਣ ਦੇ ਅਕੀਦੇ ’ਤੇ ਅਟਲ ਰਹੇਜੇਕਰ ਕਦੀ-ਕਦਾਈਂ ਕੋਈ ਲੋੜਵੰਦ, ਭੁੱਖਾ-ਤਿਹਾਇਆ ਉਨ੍ਹਾਂ ਦੇ ਦਰ ’ਤੇ ਆ ਜਾਂਦਾ ਤਾਂ ਉਹ ਇਹੀ ਆਖਦਿਆਂ ਉਸ ਨੂੰ ਰੋਟੀ-ਟੁੱਕ, ਪੈਸਾ-ਧੇਲਾ ਜਾਂ ਦਵਾਈ-ਬੂਟੀ ਦਿੰਦੇ, “ਅਸੀਂ ਕੌਣ ਹੁੰਦੇ ਹਾਂ ਕਿਸੇ ਨੂੰ ਕੁਝ ਦੇਣ ਵਾਲੇ ਇਹ ਤਾਂ ਰੱਬ ਦੀ ਮਿਹਰ ਹੈ, ਪਤਾ ਨਹੀਂ ਉਹ ਕਿਸ ਦੇ ਭਾਗਾਂ ਨਾਲ ਸਾਨੂੰ ਰਿਜਕ ਦੇ ਰਿਹਾ ਹੈ” ਲੋਕਾਚਾਰੀ ਦੀਆਂ ਚੁਸਤੀਆਂ-ਚਲਾਕੀਆਂ ਤੋਂ ਕੋਹਾਂ ਦੂਰ ਉਹ ਅਕਸਰ ਇਹੀ ਕਹਿੰਦੇ, “ਉਸਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਝੁੱਲਦਾ, ਬੱਸ ਲੋੜਾਂ ਪੂਰੀਆਂ ਹੁੰਦੀਆਂ ਰਹਿਣ, ਖਾਹਿਸ਼ਾਂ ਦਾ ਤਾਂ ਕੋਈ ਅੰਤ ਨਹੀਂ” ਉਨ੍ਹਾਂ ਦੀ ਇਹ ਸਿਦਕਦਿਲੀ ਤੇ ਰੱਬ ਵਿੱਚ ਲਾ-ਮਿਸਾਲ ਭਰੋਸਾ ਹੀ ਸੀ ਕਿ ਉਹ ਅਕਸਰ ਆਖਦੇ, “ਜਦੋਂ ਮੈਂ ਵਤਨੋਂ (ਪਾਕਿਸਤਾਨੋਂ) ਪਰਤਿਆ ਮੇਰੇ ਬੋਝੇ ਵਿੱਚ ਸਿਰਫ 70 ਰੁਪਏ ਸਨ ਜਿਨ੍ਹਾਂ ਨਾਲ ਮੈਂ ਦੁਕਾਨ, ਮਕਾਨ ਅਤੇ ਧੀਆਂ ਦੇ ਵਿਆਹ ਅਤੇ ਮੁੰਡਿਆਂ ਨੂੰ ਪੜ੍ਹਾ ਕੇ ਰੁਜ਼ਗਾਰ ਦੇ ਕਾਬਿਲ ਕੀਤਾ

ਬਿਨਾਂ ਕਿਸੇ ਸ਼ਰਮ-ਝਿਜਕ ਤੋਂ ਭਾਪਾ ਜੀ ਬੇਕਰੀ ’ਤੇ ਬਣੀਆਂ ਵਸਤਾਂ ਤਿੰਨ-ਪਹੀਆ ਰੇਹੜੀ ’ਤੇ ਲੱਦ ਕੇ ਸ਼ਹਿਰ, ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਦੀਆਂ ਦੁਕਾਨਾਂ ’ਤੇ ਸਪਲਾਈ ਕਰਦੇ ਸਨ ਕਿਉਂਜੋ ਉਨ੍ਹਾਂ ਦਾ ਮੰਨਣਾ ਸੀ ਕਿ ਇਨਸਾਨ ਨੂੰ ਨੇਕ ਕਿਰਤ ਕਰਦਿਆਂ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀਪਰ ਭਾਪਾ ਜੀ ਅਕਸਰ ਗੱਲੀਂ-ਬਾਤੀਂ ਮੇਰੇ ਨਾਲ ਜ਼ਿਕਰ ਕਰਦੇ ਸਨ ਕਿ ਤੇਰਾ ਪਿਓ ਤੇ ਚਾਚਾ ਨੌਕਰੀ ਲੱਗਣ ਮਗਰੋਂ ਮੇਰੇ ਰੇਹੜੀ ਧੱਕਣ ’ਤੇ ਇਤਰਾਜ਼ ਜਤਾਉਂਦਿਆਂ ਕਹਿੰਦੇ, “ਭਾਪਾ ਜੀ, ਭੋਰਾ ਸਾਡੀ ਹੈਸੀਅਤ ਦਾ ਤਾਂ ਖਿਆਲ ਕਰੋ, ਹੁਣ ਤੁਸੀਂ ਚੰਗੇ ਲਗਦੇ ਜੇ ਇਸ ਉਮਰੇ ਰੇਹੜੀ ਧਰੂਕਦੇ? ਲੋਕ ਕੀ ਕਹਿਣਗੇ ਸਾਡੇ ਬਾਰੇ?

ਸੁਭਾਅ ਪੱਖੋਂ ਭਾਪਾ ਜੀ ਇੰਨੇ ਸਾਊ, ਮਿੱਠ ਬੋਲੜੇ ਤੇ ਰੱਬੀ ਭਾਣੇ ਵਿੱਚ ਰਹਿਣ ਵਾਲੇ ਇਨਸਾਨ ਸਨ, ਜਿਨ੍ਹਾਂ ਨੇ ਕਦੀ ਵੀ ਦੁਕਾਨ ’ਤੇ ਬੈਠ ਕੇ ਗੱਲੇ ’ਤੇ ਪਹਿਰਾ ਨਹੀਂ ਸੀ ਦਿੱਤਾਉਹ ਕਹਿੰਦੇ ਜੇਕਰ ਕੋਈ ਨੌਕਰ-ਚਾਕਰ ਪੰਜ ਦਸ ਰੁਪਏ ਕੱਢ ਵੀ ਲਏ ਜਾਂ ਰਾਤ ਨੂੰ ਜਾਣ ਲੱਗਿਆਂ ਪਾਈਆ, ਦੋ ਪਾਈਆਂ ਖੰਡ, ਆਟਾ ਜਾਂ ਘਿਓ ਲੈ ਵੀ ਗਿਆ ਤਾਂ ਕੀ ਫਰਕ ਪੈਂਦਾ ਹੈ, ਚੋਰੀ ਤਾਂ ਟਾਟੇ ਵਿਰਲੇ ਵਰਗੇ ਨਹੀਂ ਰੋਕ ਸਕੇਉਹ ਅਕਸਰ ਕਹਿੰਦੇ, “ਆਖਰ ਵੇਲੇ ਬੰਦੇ ਨਾਲ ਕੁਝ ਨਹੀਂ ਜਾਂਦਾ, ਬੰਦਾ ਖਾਲੀ ਹੱਥ ਆਉਂਦਾ ਤੇ ਖਾਲੀ ਹੱਥ ਹੀ ਮੁੜ ਜਾਂਦਾ ਹੈ

ਮੀਂਹ ਹਨੇਰੀ ਹੋਵੇ, ਤਪਦੀ ਗਰਮੀ ਜਾਂ ਕੜਾਕੇ ਦੀ ਠੰਢ, ਭਾਪਾ ਜੀ ਦਾ ਨੇਮ ਸੀ ਕਿ ਉਨ੍ਹਾਂ ਦੁਪਹਿਰੇ ਦੋ ਘੰਟੇ ਰੋਟੀ ਖਾ ਕੇ ਜ਼ਰੂਰ ਸੌਣਾ ਤੇ ਫਿਰ ਸ਼ਾਮ ਨੂੰ ਚਾਹ ਪੀ ਕੇ ਪੰਜ ਵਜੇ ਦੁਕਾਨ ’ਤੇ ਮੁੜ ਚਲੇ ਜਾਣਾਉਹ ਸਾਢੇ ਅੱਠ ਵਜੇ ਘਰ ਆ ਜਾਂਦੇ ਤੇ ਨੌਕਰ 9 ਵਜੇ ਦੁਕਾਨ ਵਧਾ ਕੇ ਭਾਪਾ ਜੀ ਨੂੰ ਕੁੰਜੀਆਂ ਫੜਾ ਜਾਂਦੇ

ਇੰਝ ਹੀ ਦਿਨ ਦੀ ਸ਼ੁਰੂਆਤ ਹੁੰਦੀ ਨੌਕਰ ਹੀ ਸਵੇਰੇ 6 ਵਜੇ ਦੁਕਾਨ ਖੋਲ੍ਹਦਾ ਤੇ ਭਾਪਾ ਜੀ ਆਪਣਾ ਧਰਮ-ਕਰਮ ਦਾ ਕੰਮਕਾਜ ਨਿਬੇੜ 9 ਵਜੇ ਦੁਕਾਨ ’ਤੇ ਅੱਪੜਦੇ ਉਨ੍ਹਾਂ ਨੇ ਵਡੇਰੀ ਉਮਰੇ ਦੁਕਾਨ ਦਾ ਕੰਮਕਾਰ ਛੱਡ ਕੇ ਆਪਣੇ ਸਭ ਤੋਂ ਪੁਰਾਣੇ ਤੇ ਵਫਾਦਾਰ ਨੌਕਰ ਨੂੰ ਹੀ 50 ਫੀਸਦੀ ਦਾ ਭਾਈਵਾਲ ਬਣਾ ਕੇ ਦੁਕਾਨ ਦੀ ਜ਼ਿੰਮੇਵਾਰੀ ਉਹਨੂੰ ਸੌਂਪ ਦਿੱਤੀ ਤੇ ਆਪ ਇਸ 99 ਦੇ ਗੇੜ ਵਿੱਚੋ ਫਾਰਗ ਹੋ ਗਏ

ਉਨ੍ਹਾਂ ਦੀ ਮਸਤਮੌਲਾ ਤਬੀਅਤ ਦਾ ਮੈਂ ਚਸ਼ਮਦੀਦ ਗਵਾਹ ਹਾਂ ਜਦੋਂ 80ਵਿਆਂ ਵਿੱਚ ਭਾਪਾ ਜੀ ਇੱਕ ਦਿਨ ਡਿਓੜੀ ਵਿੱਚ ਵਾਣ ਦੇ ਮੰਜੇ ’ਤੇ ਲੇਟ ਕੇ ਹੱਥ ਵਿੱਚ ਗੁਟਕਾ ਸਾਹਿਬ ਫੜੀ ਰੋਜ਼ਮਰਾ ਵਾਂਗ ਪਾਠ ਕਰ ਰਹੇ ਸਨਉਮਰ ਦੇ ਤਕਾਜ਼ੇ ਸਦਕਾ ਪਾਠ ਕਰਦਿਆਂ ਜਦੋਂ ਉਨ੍ਹਾਂ ਨੂੰ ਨੀਂਦ ਦੇ ਟੂਲੇ ਆਉਣ ਲਗਦੇ ਤਾਂ ਉਹ ਕਦੇ ਅੱਖਾਂ ਮੀਂਚ ਲੈਂਦੇ ਤੇ ਕਦੇ ਖੋਲ੍ਹ ਕੇ ਮੁੜ ਪਾਠ ਕਰਨ ਲਗਦੇਅਚਾਨਕ ਦਾਦੀ ਜੀ ਨੇ ਭਾਪਾ ਜੀ ਨੂੰ ਅਵਾਜ਼ ਮਾਰਦਿਆਂ ਕਿਹਾ, “ਕੈਲਾਸ਼ ਦੇ ਭਾਪਾ, ਉੱਠ, ਪਤਾ ਲਗੈ ਕਿ ਵੀਰਾਂਵਾਲੀ ਦਾ ਘਰਵਾਲਾ ਬਿਸ਼ਨਾ ਅੱਜ ਸਰਗੀ ਵੇਲੇ ਪੂਰਾ ਥੀ ਗਿਆ ਹੈ

ਉਹ ਅੱਗੋਂ ਸਹਿਜ ਸੁਭਾਅ ਬੋਲੇ, “ਵਤ ਫਿਰ ਕੇ ਹੋਇਆ ਹੈ, ਜਿੰਨੇ ਉਸਨੇ ਸਵਾਸ ਸਨ, ਉਹ ਪੂਰੇ ਕਰਕੇ ਟੁਰ ਗਿਆ ਹੈ

ਦਾਦੀ ਜੀ ਨੇ ਦਾਦਾ ਜੀ ਨੂੰ ਸਮਝਾਉਂਦਿਆਂ ਆਖਿਆ, “ਸਾਈਆਂ! ਵਤ ਦੁਨੀਆਦਾਰੀ ਵੀ ਕੋਈ ਸ਼ੈਅ ਏ, ਘੱਟੋ-ਘਟ ਉਸ ਦੀ ਹੀ ਸ਼ਰਮ ਕਰ, ਜੇਕਰ ਸ਼ਮਸ਼ਾਨਘਾਟ ਨਹੀਂ ਵੰਝਣਾਂ ਤਾਂ ਭਲਿਆ ਲੋਕਾਂ ਇੱਥਹੋਂ ਈ ਮੱਜਲ ਵਿੱਚ ਰਲ ਵੰਝਹੋਰ ਦਸਾਂ ਪੰਦਰਾਂ ਮਿੰਟਾਂ ਵਿੱਚ ਇੱਥਹੋਂ ਈ ਤਾਂ ਸਾਰੇ ਲੰਘਸਣ

ਭਾਪਾ ਜੀ ਭੋਲੇ ਭਾਅ ਕਹਿਣ ਲੱਗੇ, “ਹੁਣ ਸੁਣ ਮੈਂਡੀ ਗੱਲ, ਝੱਲੀਏ! ਤੂੰ ਵੰਝਣਾ ਈ ਤੇ ਵੰਝ, ਮੈਂ ਤਾਂ ਹੁਣ ਪਾਠ ਪਿਆ ਕਰੇਨਾ ਜਦ ਪੂਰਾ ਥੀਸੀ ਤਾਂ ਹੀ ਵੰਝਸਾਂ

ਦਾਦੀ ਜੀ ਨੂੰ ਇਹ ਸੁਣ ਕੇ ਗੁੱਸਾ ਆ ਗਿਆ ਤੇ ਅੱਗੋਂ ਬੋਲੇ, “ਛੋੜ ਗਿਆਂ ਦਿਐ, ਜੇ ਕੱਲ੍ਹ ਤੂੰ ਮੋਇਆ ਤਾਂ ਤੈਂਡੇ ਭੋਗੇ ’ਤੇ ਵੀ ਕੋਈ ਨਾ ਆਓਸੀ

ਭਾਪਾ ਜੀ ਆਪਣੇ ਸੁਭਾਅ ਦੇ ਉਲਟ ਤੈਸ਼ ਵਿੱਚ ਅੱਗੋਂ ਬੋਲੇ, “ਵੰਝ-ਵੰਝ ਕੰਮ ਕਰ, ਨਹੀਂ ਕਿਸੇ ਆਵਣਾ ਨਾ ਥੀਏ, ਮੈਂ ਓਦੋਂ ਕੋਈ ਤੱਕਣ ਆਵਣੈ ਕਿ ਮੇਰੇ ਭੋਗੇ ’ਤੇ ਕੌਣ ਆਇਐ ਹਾਈ

ਮੈਂ ਲਾਗੇ ਬੈਠਾ ਇਮਤਿਹਾਨ ਦੀ ਤਿਆਰੀ ਕਰਦਾ ਭਾਪਾ ਜੀ ਦੀ ਗੱਲ ਸੁਣਕੇ ਮੁਸਕਣੀਆਂ ਵਿੱਚ ਹੱਸਦਿਆਂ ਦਿਲੋ-ਦਿਲ ਸੋਚੀ ਜਾ ਰਿਹਾ ਸੀ ਕਿ ਭਾਪਾ ਜੀ ਨੇ ਬਾ-ਕਮਾਲ ਤਰਕ ਦਿੰਦਿਆਂ ਕੋਈ ਗਲਤ ਗੱਲ ਤਾਂ ਨਹੀਂ ਕਹੀਵਾਕਿਆ ਹੀ ਜੋ ਉਨ੍ਹਾਂ ਨੇ ਕਿਹਾ, ਉਹ ਸੋਲਾਂ ਆਨੇ ਸੱਚ ਤੇ ਗੈਬੀ ਗਿਆਨ ਦੇ ਤੁਲ ਸੀ, ਕਿਉਂ ਜੋ ‘ਆਪ ਮੋਏ ਜਗ ਪਰਲੋ।’

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3584)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਡਾ. ਓਪਿੰਦਰ ਸਿੰਘ ਲਾਂਬਾ

ਡਾ. ਓਪਿੰਦਰ ਸਿੰਘ ਲਾਂਬਾ

Additional Director,
Information and Public Relations, Punjab, India.
Phone: (91 - 97800 - 36136)
Email: (
opinder.lamba@gmail.com)

More articles from this author