OpinderSLamba7ਅੱਜ ਲੇਟ ਕਿਵੇਂ ਹੋ ਗਈ, ਭੋਲੀ? ਮੈਂ ਤਾਂ ਤੈਨੂੰ ਕੱਲ੍ਹ ਜਾਣ ਲੱਗਿਆਂ ਹੀ ਆਖਿਆ ਸੀ ਕਿ ...
(10 ਅਪਰੈਲ 2022)

 

ਘਰਵਾਲੀ ਚੰਡੀ ’ਤੇ ਸਵਾਰ ਹੋਈ ਬੜੇ ਗੁੱਸੇ ਵਿੱਚ ਬੋਲੀ, “ਹੁਣ ਛੱਡ ਵੀ ਦਿਓ ਅਖ਼ਬਾਰਾਂ ਦਾ ਖਹਿੜਾ, ਮਗਰੋਂ ਪੜ੍ਹ ਲਿਓ ਇਨ੍ਹਾਂ ਨੂੰ, ਕਿਤੋਂ ਮੰਗ ਕੇ ਤਾਂ ਨਹੀਂ ਲਿਆਂਦੀਆਂ। ਵਿਹਲੜ ਨਾ ਹੋਣ ਕਿਤੇ ਦੇ। ਐਵੇਂ ਸੱਜੇ-ਖੱਬੇ ਮੋਬਾਈਲ ’ਤੇ ਗੱਪਾਂ ਮਾਰੀ ਜਾਨੇ ਓਂ, ਹੋਰ ਕੁਝ ਨਹੀਂ ਤਾਂ ਘੱਟੋ-ਘੱਟ ਆਪਣੇ ਰਜਾਈ-ਕੰਬਲ ਹੀ ਠੱਪ ਲਓ।”

ਮੈਂ ਘਰਵਾਲੀ ਨੂੰ ਸ਼ਾਂਤ ਕਰਨ ਲਈ ਕਿਹਾ, “ਭਾਗਵਾਨੇ! ਦੱਸ ਕਾਹਤੋਂ ਗੁੱਸਾ ਕਰੀ ਜਾਨੀ ਏਂ, ਅੱਜ ਤਾਂ ਐਤਵਾਰ ਐ। ਨਾ ਮੈਂ ਦਫ਼ਤਰ ਜਾਣੈ, ਨਾ ਤੂੰ! ਤਾਂ ਫਿਰ ਰੌਲਾ ਕਾਹਨੂੰ ਪਾਇਐ?”

“ਤਵੇਂ ਅਸਮਾਨ ’ਤੇ ਚੜੀ ਉਹ ਮੂਹਰਿਓਂ ਬੋਲੀ, “ਥੋਡੀਆਂ ਤਾਂ ਰੋਜ਼ ਹੀ ਛੁੱਟੀਆਂ ਨੇ! ਜੂਨ ਤਾਂ ਸਾਡੀ ਔਰਤਾਂ ਦੀ ਹੀ ਮਾੜੀ ਐ। ਪਹਿਲਾਂ ਘਰ ਦਾ ਚੌਂਕਾ ਚੁੱਲ੍ਹਾ ਕਰੋ ਤੇ ਫਿਰ ਦਫ਼ਤਰ ਜਾ ਕੇ ਮਗਜ਼ਖਪੀ। ਜੇ ਕਿਤੇ ਰੱਬ ਸੁਣਦਾ ਹੋਵੇ ਤਾਂ ਮੈਂ ਉਹਨੂੰ ਇਹੀ ਤਾਕੀਦ ਕਰਾਂਗੀ ਕਿ ਉਹ ਅਗਲੇ ਜਨਮ ਤੁਹਾਨੂੰ ਤੀਵੀਂ ਹੀ ਬਣਾਵੇ ਤਾਂ ਜੋ ਸਾਡੀਆਂ ਦੁਸ਼ਵਾਰੀਆਂ ਦਾ ਤੁਹਾਨੂੰ ਸਹੀ ਮਾਅਨਿਆਂ ’ਚ ਅਹਿਸਾਸ ਹੋ ਸਕੇ। ਏਸ ਜਨਮ ’ਚ ਤਾਂ ਕਾਇਨਾਤ ਦੇ ਸਿਰਜਣਹਾਰੇ ਨੇ ਸਾਡੇ ਨਾਲ ਭੋਰਾ ਵੀ ਚੰਗੀ ਨਹੀਂ ਕੀਤੀ। ਇੱਥੋਂ ਤੱਕ ਕਿ ਮਰਨ ਦੀ ਵੀ ਵਿਹਲ ਨਹੀਂ। ਸਾਨੂੰ ਨਾ ਘਰੇ ਚੈਨ ਆ ਤੇ ਨਾ ਬਾਹਰ। ਜੇ ਅੱਜ ਔਰਤ ਸਮਾਜ ਦੇ ਹਰ ਖਿੱਤੇ ਵਿੱਚ ਮਰਦ ਦੇ ਮੋਢੇ ਨਾਲ ਮੋਢਾ ਡਾਹ ਕੇ ਕੰਮ ਕਰ ਰਹੀ ਹੈ ਤਾਂ ਤੁਹਾਡੇ ਵਰਗਿਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀ ਕੰਮਕਾਜੀ ਪਤਨੀ ਨਾਲ ਘਰ ਦੇ ਕੰਮ ਵਿੱਚ ਪੂਰਾ ਹੱਥ ਵਟਾਉਣ।”

ਆਪਣੀ ਮੈਡਮ ਨੂੰ ਸ਼ਾਂਤ ਰਹਿਣ ਦਾ ਵਾਸਤਾ ਪਾਉਂਦਿਆਂ ਮੈਂ ਕਿਹਾ, “ਦੱਸ ਕੀ ਗੱਲ ਐ? ਜੇ ਕਹੇ ਤਾਂ ਬਾਹਰੋਂ ਭੱਜ ਕੇ ਅੰਬਰਸਰੀ ਗਰਮਾ-ਗਰਮ ਕੁਲਚੇ ਛੋਲੇ ਲੈ ਆਵਾਂ?”

ਉਹ ਅੱਗੋਂ ਮੇਰੀ ਗੱਲ ਵਿਚਾਲੇ ਕਟਦਿਆਂ ਆਖਣ ਲੱਗੀ, “ਗੱਲ ਬਾਹਰੋਂ ਨਾਸ਼ਤੇ ਦੀ ਨਹੀਂ।” ਉਹ ਖਿੱਝ ਕੇ ਅੱਗੋਂ ਬੋਲੀ, “ਸਿਆਪਾ ਤਾਂ ਆਪਣੀ ਭੋਲੀ ਦੇ ਨਾ ਆਉਣ ਦਾ ਹੈ। ਉਹ ਅੱਜ ਬਿਨਾਂ ਦੱਸੇ ਛੁੱਟੀ ਮਾਰ ਗਈ। ਬਥੇਰਾ ਕਿਹਾ ਸੀ ਉਹਨੂੰ ਕਿ ਛੁੱਟੀ ਨਾ ਕਰੀਂ, ਪਰ ਇਹ ਕਾਹਨੂੰ ਕਿਸੇ ਦੀ ਸੁਣਦੀਐਂ। ਭਾਵੇਂ ਜਿੰਨਾ ਮਰਜ਼ੀ ਕਰ ਲਓ ਇਹਨਾਂ ਦਾ, ਪਰ ਇਹ ਕਿਸੇ ਦੀਆਂ ਨਹੀਂ ਸਗੀਆਂ। ਮੰਨੋ ਨਾ ਮੰਨੋ, ਇਹਨਾਂ ਨੇ ਤਾਂ ਤੁਹਾਨੂੰ ਲੋੜ ਪੈਣ ’ਤੇ ਠਿੱਬੀ ਲਾ ਹੀ ਜਾਣੀ ਐਂ।”

ਆਪਣੀ ਘਰਵਾਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਮੈਂ ਕਿਹਾ, “ਹੋ ਸਕਦੈ ਕਿਸੇ ਮਜ਼ਬੂਰੀ ਵੱਸ ਨਾ ਆ ਸਕੀ ਹੋਵੇ ਉਹ? ਕੋਈ ਬਿਮਾਰ ਠਮਾਰ ਹੋ ਗਿਆ ਹੋਣੈ ਉਹਦੇ ਘਰੇ। ਕੀ ਪਤਾ ਲੱਗਦੈ ਅੱਜਕਲ ਕਰੋਨੇ ’ਚ।”

ਪਤਨੀ ਨੂੰ ਇੰਝ ਲੱਗਾ ਜਿਵੇਂ ਮੈਂ ਭੋਲੀ ਦੀ ਬੇਲੋੜੀ ਵਕਾਲਤ ਕਰ ਰਿਹਾ ਹੋਵਾਂ। ਉਹ ਅੱਗੋਂ ਬੋਲੀ, “ਸਾਹਮਣੇ ਪਿਆ ਜੇ ਝਾੜੂ ਤੇ ਪੋਚਾ। ਚੁੱਕੋ ਬਾਲਟੀ ਤੇ ਕਰੋ ਘਰ ਦੀ ਸਾਫ-ਸਫਾਈ।”

ਵਿਚਾਲੇ ਟੋਕਦਿਆਂ ਮੈਂ ਉਸ ਨੂੰ ਕਿਹਾ, “ਭਲੀਏ ਲੋਕੇ! ਜਾਣ ਦੇ ਗੁੱਸੇ ਨੂੰ ... ਸਾਨੂੰ ਵੀ ਤਾਂ ਸਰਕਾਰ ਸਾਰੇ ਸ਼ਨਿੱਚਰਵਾਰ ਤੇ ਐਤਵਾਰ ਤੋਂ ਇਲਾਵਾ ਸਾਲ ’ਚ 10-12 ਛੁੱਟੀਆਂ ਦਿੰਦੀ ਹੀ ਹੈ ਦੁੱਖ ਸੁੱਖ ਲਈ। ਕੀ ਇਹਨਾਂ ਗ਼ਰੀਬਾਂ ਨੂੰ ਕੋਈ ਹੱਕ ਨਹੀਂ ਕਿ ਉਹ ਆਪਣੀ ਮਰਜ਼ੀ ਨਾਲ ਮਹੀਨੇ ’ਚ ਘੱਟੋ-ਘੱਟ ਇਕ-ਅੱਧ ਛੁੱਟੀ ਵੀ ਕਰ ਸਕਣ। ਵੈਸੇ ਤਾਂ ਅਸੀਂ ਸਮਾਜ ’ਚ ਔਰਤ ਦੀ ਬਰਾਬਰੀ, ਸਸ਼ਕਤੀਕਰਨ ਅਤੇ ਉਨ੍ਹਾਂ ਦੇ ਬੁਨਿਆਦੀ ਹੱਕਾਂ ਲਈ ਅਕਸਰ ਹਾਅ ਦਾ ਨਾਅਰਾ ਮਾਰਦੇ ਹਾਂ ਪਰ ਜਦੋਂ ਕਿਤੇ ਸਾਨੂੰ ਕਦੇ-ਕਦਾਈਂ ਅਜਿਹੇ ਹਾਲਾਤ ਦਾ ਹਕੀਕੀ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਇਨਾਂ ਗ਼ਰੀਬ-ਗੁਰਬਿਆਂ ਦੇ ਹਕੂਕਾਂ ਪ੍ਰਤੀ ਭੋਰਾ ਵੀ ਸੰਵੇਦਨਸ਼ੀਲਤਾ ਨਹੀਂ ਵਿਖਾਉਂਦੇ ਜੋ ਮਨੁੱਖੀ ਕਦਰਾਂ ਕੀਮਤਾਂ ਦੇ ਬਿਲਕੁਲ ਉਲਟ ਹੈ।”

ਇਹ ਸਭ ਕੁਝ ਸੁਣਨ ਮਗਰੋਂ ਉਹਦਾ ਸਬਰ ਦਾ ਪਿਆਲਾ ਭਰ ਗਿਆ ਤੇ ਅੱਗੋਂ ਬੋਲੀ, “ਜਾਣ ਦਿਓ ਏਸ ਲੱਛੇਦਾਰ ਭਾਸ਼ਨ ਨੂੰ, ਅਜਿਹੀਆਂ ਗੱਲਾਂ ਤਾਂ ਸੈਮੀਨਾਰਾਂ, ਗੋਸ਼ਟੀਆਂ ਤੇ ਸਮਾਗਮਾਂ ’ਚ ਹੀ ਸ਼ੋਭਦੀਆਂ ਨੇ।”

ਅਜੇ ਉਹਨੇ ਆਪਦੀ ਗੱਲ ਨੂੰ ਵਿਰਾਮ ਨਹੀਂ ਸੀ ਦਿੱਤਾ ਕਿ ਅਚਾਨਕ ਘੰਟੀ ਵੱਜੀ ਤੇ ਮੈਂ ਨੱਸ ਕੇ ਬੂਹਾ ਖੋਲਿਆ ਤਾਂ ਅੱਗੋਂ ਭੋਲੀ ਨੇ ਮੈਨੂੰ ਸਤ ਸ੍ਰੀ ਅਕਾਲ ਬੁਲਾਉਂਦਿਆਂ ਪੁੱਛਿਆ, “ਬੀਬੀ ਜੀ ਕਿੱਥੇ ਨੇ?”

ਮੈਂ ਕਿਹਾ, “ਰਸੋਈ ’ਚ ਨਾਸ਼ਤਾ ਬਣਾ ਰਹੇ ਨੇ।”

ਭੋਲੀ ਨੂੰ ਵਿੰਹਦਿਆਂ ਸਾਰ ਘਰਵਾਲੀ ਦੇ ਚਿਹਰੇ ’ਤੇ ਗਵਾਚੀ ਰੌਣਕ ਮੁੜ ਪਰਤ ਆਈ ਤੇ ਉਹਨੇ ਉਸ ਨੂੰ ਕਿਹਾ, “ਅੱਜ ਲੇਟ ਕਿਵੇਂ ਹੋ ਗਈ, ਭੋਲੀ? ਮੈਂ ਤਾਂ ਤੈਨੂੰ ਕੱਲ੍ਹ ਜਾਣ ਲੱਗਿਆਂ ਹੀ ਆਖਿਆ ਸੀ ਕਿ ਟਾਈਮ ਸਿਰ ਆਵੀਂ, ਸਫਾਈ ਮਗਰੋਂ ਗਰਮ ਕੱਪੜਿਆਂ ਨੂੰ ਧੁੱਪ ਵੀ ਲਵਾਉਣੀ ਐਂ।”

ਭੋਲੀ ਕਹਿਣ ਲੱਗੀ, “ਨਿੱਕਾ ਢਿੱਲਾ ਹੋ ਗਿਆ ਸੀ, ਓਹਨੂੰ ਦਵਾਈ ਦਵਾ ਕੇ ਘਰਵਾਲੇ ਦੀ ਦਿਹਾੜੀ ਛੁਡਾ ਕੇ ਉਸ ਕੋਲ ਛੱਡ ਕੇ ਆਈ ਹਾਂ, ਮੈਂ ਸੋਚਿਆ ਤੁਹਾਨੂੰ ਮਸੇ ਹਫਤੇ ’ਚ ਇਕ ਛੁੱਟੀ ਹੁੰਦੀ ਹੈ ਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।”

ਬਰਾਂਡੇ ਵਿੱਚ ਬੈਠਾ ਅਖ਼ਬਾਰ ਪੜ੍ਹਦਾ ਮੈਂ ਇਹੀ ਸੋਚ ਰਿਹਾ ਸਾਂ ਕਿ ਅਸੀਂ ਬਿਨਾਂ ਸੋਚੇ-ਸਮਝੇ ਕਿਸੇ ਬਾਰੇ ਕਿਵੇਂ ਆਪਣੀ ਰਾਏ ਬਣਾ ਲੈਂਦੇ ਹਾਂ ਜੋ ਕਿ ਬਹੁਤ ਹੀ ਮਾੜਾ ਵਰਤਾਰਾ ਹੈਦੁਆ ਦੀ ਗੁਫਤਗੂ ਮਗਰੋਂ ਘਰਵਾਲੀ ਨੇ ਭੋਲੀ ਨੂੰ ਬੜੇ ਪਿਆਰ ਭਰੇ ਲਹਿਜੇ ਵਿੱਚ ਕਿਹਾ, “ਕੰਮ ਮਗਰੋਂ ਕਰੀਂ, ਠੰਢ ’ਚ ਸਾਈਕਲ ਚਲਾ ਕੇ ਆਈ ਐਂ। ਬੈਠ, ਪਹਿਲਾਂ ਗਰਮਾ-ਗਰਮ ਨਾਸ਼ਤਾ ਕਰ ਲੈ।”

ਪਰ ਭੋਲੀ ਪਹਿਲੋਂ ਹੀ ਕੰਮ ਤੋਂ ਲੇਟ ਹੋਣ ਕਾਰਨ ਸਿੱਧਾ ਬਹੁਕਰ ਚੁੱਕ ਕੇ ਸਫ਼ਾਈ ਕਰਨ ਲੱਗ ਪਈ। ਘਰਵਾਲੀ ਨੇ ਧਿੰਗੋਜ਼ੋਰੀ ਉਹਦੇ ਹੱਥੋਂ ਝਾੜੂ ਖੋਹ ਕੇ ਪਹਿਲਾਂ ਨਾਸ਼ਤਾ ਕਰਨ ਲਈ ਆਖਿਆ। ਰਸੋਈ ਵਿੱਚ ਸੱਦ ਕੇ ਮੱਖਣੀ ਨਾਲ ਪਰੌਂਠੇ ਤੇ ਗਰਮਾ-ਗਰਮ ਚਾਹ ਦਾ ਕੱਪ ਫੜਾਉਂਦਿਆਂ ਉਸ ਨੇ ਭੋਲੀ ਨੂੰ ਕਿਹਾ, “ਚੌਂਕੀ ’ਤੇ ਬਹਿ ਕੇ ਪਹਿਲਾਂ ਅਰਾਮ ਨਾਲ ਨਾਸ਼ਤਾ ਕਰ। ਤੂੰ ਤੇ ਘਰੋਂ ਵੀ ਭੁੱਖੀ ਭਾਣੀ ਆਈ ਹੋਵੇਂਗੀ।”

ਓਧਰ ਮੈਂ ਬਰਾਂਡੇ ਵਿੱਚ ਅਖ਼ਬਾਰ ਪੜ੍ਹਦਿਆਂ ਮੁਸਕੜੀਏਂ ਹੱਸੀ ਜਾ ਰਿਹਾ ਸੀ ਕਿ ਬੰਦਾ ਕਿੰਨਾ ਖ਼ੁਦਗਰਜ਼ ਹੈ। ਅੱਧਾ ਘੰਟਾ ਪਹਿਲਾਂ ਪਤਨੀ ਦਾ ਭੋਲੀ ਪ੍ਰਤੀ ਕੀ ਵਤੀਰਾ ਸੀ ਤੇ ਹੁਣ ਕੀ? ਇਨਸਾਨ ਨੂੰ ਇਕ-ਦੂਜੇ ’ਤੇ ਵਿਸਵਾਸ਼ ਰੱਖਣ ਤੋਂ ਇਲਾਵਾ ਹਮਦਰਦੀ, ਨਿੱਘ ਤੇ ਆਪਸਦਾਰੀ ਰੱਖਦੇ ਹੋਏ ਰਿਸ਼ਤੇ ਨਿਭਾਉਣ ਦੀ ਜਾਚ ਆਉਣੀ ਚਾਹੀਦੀ ਹੈ। ਇਹ ਤਾਂ ਹੀ ਮੁਮਕਿਨ ਹੈ ਜੇਕਰ ਅਸੀਂ ਪਰਵਰਦਿਗਾਰ ਦੀ ਸਿਰਜੀ ਇਸ ਦੁਨੀਆ ਦੇ ਹਰੇਕ ਮਨੁੱਖ ਨਾਲ ਜਾਤ-ਪਾਤ, ਨਸਲ ਜਾਂ ਧਰਮ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਖੁਦਗਰਜ਼ੀ ਰਹਿਤ ਪਿਆਰ, ਮੋਹ ਤੇ ਸਤਿਕਾਰ ਦੀਆਂ ਤੰਦਾਂ ਨੂੰ ਪੂਰੀ ਸਿਦਕਦਿਲੀ ਨਾਲ ਪਕੇਰਿਆਂ ਕਰਨ ਦਾ ਦਿਲੋਂ ਯਤਨ ਕਰੀਏ। ਸਾਡੇ ਸਮਾਜ ਵਿੱਚ ਵਿਚਰ ਰਹੀਆਂ ਅਜਿਹੀਆਂ ਲਾਚਾਰ ਤੇ ਮਜਬੂਰ ‘ਭੋਲੀ’ ਵਰਗੀਆਂ ਗ਼ੁਰਬਤ ਨਾਲ ਜੂਝ ਰਹੀਆਂ ਰੂਹਾਂ ਨੂੰ ਆਪਣੇ ਪਰਿਵਾਰ ਦਾ ਇਕ ਅਨਿੱਖੜਵਾਂ ਹਿੱਸਾ ਮੰਨਦਿਆਂ ਉਨ੍ਹਾਂ ਦੇ ਦੁੱਖ-ਸੁਖ ਵਿੱਚ ਹਮੇਸ਼ਾ ਸ਼ਰੀਕ ਹੋਣ ਦਾ ਸੰਕਲਪ ਲਈਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3492)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਓਪਿੰਦਰ ਸਿੰਘ ਲਾਂਬਾ

ਡਾ. ਓਪਿੰਦਰ ਸਿੰਘ ਲਾਂਬਾ

Additional Director,
Information and Public Relations, Punjab, India.
Phone: (91 - 97800 - 36136)
Email: (
opinder.lamba@gmail.com)

More articles from this author