“ਪਾਂਧਾ ਨਾ ਪੁੱਛ, ਆਪਾਂ ਸਵੇਰੇ ਈ ਤੇਰੇ ਵੀਜ਼ੇ ਲਈ ਅਰਜ਼ੀ ਲਾ ਦਿੰਦੇ ਆਂ। ਬੱਸ, ਜੀਤੀ ਤੋਂ ...”
(6 ਮਾਰਚ 2022)
ਇਸ ਸਮੇਂ ਮਹਿਮਾਨ: 115.
ਪਿਛਲੇ ਦਿਨੀਂ ਮੇਰਾ ਬਚਪਨ ਦਾ ਲੰਗੋਟੀਆ ਮਿੱਤਰ ਫੁੱਮਣ ਸਿੰਘ, ਜੋ ਮੇਰੇ ਨਾਲ ਦਸਵੀਂ ਤਕ ਪੜ੍ਹਿਆ ਸੀ, ਆਪਣੇ ਬੇਟੇ ਨੂੰ ਆਈਲੈਟਸ ਕਰਾਉਣ ਲਈ ਮੇਰੇ ਕੋਲ ਲੈ ਕੇ ਮੋਹਾਲੀ ਆਇਆ। ਮੈਂ ਉਸ ਨੂੰ ਸਬੱਬੀਂ ਪੁੱਛਿਆ, “ਫੁੱਮਣਾ, ਜੇ ਮੈਂ ਗਲਤ ਨਹੀਂ ਤਾਂ ਤੇਰਾ ਮੁੰਡਾ ਇੰਜਨੀਅਰਿੰਗ ਨਹੀਂ ਸੀ ਕਰਦਾ ਹੁੰਦਾ?”
ਫੁੱਮਣ ਕਹਿਣ ਲੱਗਾ, “ਮੇਰੀ ਤਾਂ ਕਿਸਮਤ ਈ ਮਾੜੀ ਆ, ਬੜਾ ਔਖਾ ਦਾਖ਼ਲਾ ਦਿਵਾਇਆ ਸੀ ਇਹਨੂੰ ਇੰਜਨੀਅਰਿੰਗ ਵਿੱਚ ਲੋਕਾਂ ਦੇ ਤਰਲੇ-ਮਿੰਨਤਾਂ ਕਰਕੇ, ਪਰ ਪਤੰਦਰ ਨੇ ਹੁਣ ਪੜ੍ਹਾਈ ਵਿਚਾਲੇ ਛੱਡ ਕੇ ਕੈਨੇਡਾ ਜਾਣ ਦੀ ਜ਼ਿੱਦ ਫੜੀ ਹੋਈ ਐ। ਬਥੇਰਾ ਸਮਝਾਇਐ ਇਹਨੂੰ ਇਹਦੇ ਵੱਡੇ ਫੁੱਫੜ ਨੇ ਜੋ ਬਿਜਲੀ ਬੋਰਡ ਵਿੱਚ ਐਕਸੀਅਨ ਲੱਗੈ। ਆਪਾਂ ਤਾਂ ਹਮਾਤੜ ਹੀ ਆਂ ਬਾਈ, ਕੋਈ ਬਾਹਲੀ ਸਮਝ-ਸੁਮਝ ਹੈ ਨਹੀਂ ਅੱਜ ਦੀਆਂ ਪੜ੍ਹਾਈਆਂ ਦੀ। ਪਿੰਡ ਵਿੱਚ ਆਪਣੇ ਹਿੱਸੇ ਆਈ ਮਾੜੀ-ਮੋਟੀ ਜ਼ਮੀਨ ’ਤੇ ਗੁਜ਼ਾਰੇ ਜੋਗੀ ਖੇਤੀਬਾੜੀ ਕਰੀ ਜਾਨੇ ਆਂ। ਵਾਹਿਗੁਰੂ ਦਾ ਸ਼ੁਕਰ ਆ, ਪਿਛਲੇ ਸਾਲ ਚੰਗਾ ਸਾਕ ਤੇ ਘਰ-ਬਾਰ ਮਿਲਦਿਆਂ ਈ ਕੁੜੀ ਦਾ ਵਿਆਹ ਕਰ ਦਿੱਤਾ ਸੀ। ਜਵਾਈ ਆਪਣਾ ਸ਼ਹਿਰ ਲਾਗੇ ਮਾਸਟਰ ਹੈ ਤੇ ਕੁੜੀ ਵੀ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਾਉਂਦੀ ਹੈ। ਬੱਸ ਹੁਣ ਤਾਂ ਮੈਂਨੂੰ ਇਹਦਾ ਈ ਫਿਕਰ ਖਾਈ ਜਾਂਦਾ ਹੈ, ਕੁਝ ਬਣ ਜਾਏ ਇਹਦਾ। ਪਿੰਡ ਰਹਿਣੈ ਇਹਦੀ ਮਰਜ਼ੀ, ਆਪਣਾ ਮਕਾਨ, ਗੁਜ਼ਾਰੇ ਜੋਗੀ ਜ਼ਮੀਨ ਤੇ ਮਿਹਨਤ-ਮੁਸ਼ੱਕਤ ਕਰ ਕੇ ਜੋੜੇ ਚਾਰ ਪੈਸੇ ਵੀ ਨੇ, ਲਾ ਦਿਆਂਗੇ ਇਹਦੇ ’ਤੇ। ਜੇ ਇਹਨੇ ਕਨੇਡੇ ਜਾਣਾ ਹੈ, ਜਾਵੇ। ਜੋ ਕੁਝ ਸਾਡੈ ਉਹ ਜਿਉਂਦਿਆਂ ਵੀ ਇਹਦੈ ਤੇ ਮੋਇਆਂ ਵੀ ਇਹਨੇ ਹੀ ਸਾਂਭਣੈ।”
ਫੁੱਮਣ ਦੀਆਂ ਗੱਲਾਂ ਸੁਣ ਕੇ ਮੈਂਨੂੰ ਇੰਝ ਜਾਪਿਆ ਕਿ ਉਹ ਪੁੱਤਰ ਮੋਹ ਵਿੱਚ ਬੇਵੱਸ ਹੋਇਆ ਚਿਰਾਂ ਤੋਂ ਸਾਂਭੀ ਬੈਠਾ ਗੁਬਾਰ ਮੇਰੇ ਮੂਹਰੇ ਕੱਢ ਰਿਹਾ ਹੋਵੇ। ਹੌਸਲਾ ਦਿੰਦਿਆਂ ਮੈਂ ਉਹਨੂੰ ਕਿਹਾ, “ਹਿੰਮਤ ਰੱਖ ਫੁੱਮਣ ਸਿਆਂ, ਦਿਨ ਬਦਲਦਿਆਂ ਦੇਰ ਨਹੀਂ ਲਗਦੀ। ਉਹਦੇ ਘਰੇ ਦੇਰ ਐ, ਅੰਧੇਰ ਨਹੀਂ। ਬਾਈ ਤੂੰ ਤਾਂ ਸੱਚਾ-ਸੁੱਚਾ ਦਰਵੇਸ਼ ਇਨਸਾਨ ਐਂ। ਮਾਲਕ ਤੇਰੇ ਨਾਲ ਕਿਉਂ ਮਾੜੀ ਕਰੂ। ਰੱਬ ਦੇ ਰੰਗ ਤਾਂ ਉਹੀ ਜਾਣਦੈ।”
ਗੱਲਾਂ ਮਾਰਦਿਆਂ ਸਮੇਂ ਦਾ ਪਤਾ ਹੀ ਨਾ ਲੱਗਾ ਤੇ ਮੈਂ ਘਰਵਾਲੀ ਨੂੰ ਰੋਟੀ ਮੇਜ਼ ’ਤੇ ਲਾਉਣ ਲਈ ਆਖਿਆ। ਮੈਂ, ਫੁੱਮਣ ਤੇ ਉਹਦਾ ਮੁੰਡਾ ਦਲਜੀਤ ਜਿਸ ਨੂੰ ਅਸੀਂ ਮੋਹ ਨਾਲ ਜੀਤੀ ਸੱਦਦੇ ਸਾਂ, ਰੋਟੀ ਖਾਣ ਲਈ ਬਹਿ ਗਏ। ਮੈਂ ਜੀਤੀ ਨੂੰ ਸਮਝਾਇਆ, “ਪੁੱਤ ਜੇ ਮੇਰੀ ਮੰਨੇ, ਤੂੰ ਆਪਣੀ ਸਿਵਲ ਇੰਜਨੀਅਰਿੰਗ ਦੀ ਡਿਗਰੀ ਪੂਰੀ ਕਰ ਲੈ, ਕਿਉਂ ਜੋ ਸਿਵਲ ਦੀਆਂ ਅਸਾਮੀਆਂ ਬਥੇਰੀਆਂ ਹੋਣ ਕਰਕੇ ਤੇਰਾ ਵੀ ਸਰਕਾਰੀ ਨੌਕਰੀ ਦਾ ਦਾਅ ਲੱਗ ਸਕਦਾ ਹੈ।” ਪਰ ਜੀਤੀ ਮੇਰੀ ਗੱਲ ’ਤੇ ਬਿਨਾਂ ਕੰਨ ਧਰਦਿਆਂ ਕੋਈ ਹੂੰ-ਹਾਂ ਨਾ ਕੀਤੀ ਤੇ ਇਹੀ ਕਹੀ ਜਾਵੇ, “ਅੰਕਲ! ਮੈਂ ਕੈਨੇਡਾ ਜਾਣ ਦਾ ਪੱਕਾ ਮਨ ਬਣਾ ਲਿਐ। ਹੁਣ ਤਾਂ ਉੱਥੇ ਈ ਜਾ ਕੇ ਪੜ੍ਹਾਈ ਕਰਾਂਗਾ।”
ਮੈਂ ਹਾਸੇ ਵਿੱਚ ਉਹਦੇ ਪਿਓ ਨੂੰ ਕਿਹਾ, “ਫੁੰਮਣਾ, ਹੁਣ ਤਾਂ ਇਹ ਆਪਣੀ ਮਾਂ ਦਾ ਫੁੰਮਣ ਇੱਥੇ ਨਹੀਂ ਟਿਕਣ ਆਲਾ, ਜਾਣ ਦੇ ਇਹਨੂੰ, ਭੋਰਾ ਨਾ ਰੋਕੀਂ, ਖਬਰੇ ਇਹਦੀ ਕਿਸਮਤ ਵਿੱਚ ਕੀ ਲਿਖਿਐ।”
ਮੈਂਨੂੰ ਵਿਚਾਲੇ ਟੋਕਦਿਆਂ ਜੀਤੀ ਬੋਲਿਆ, “ਅੰਕਲ ਜੀ, ਤੁਸੀਂ ਤਾਂ ਵੱਡੇ ਸਰਕਾਰੀ ਅਫਸਰ ਹੋ, ਜੇਕਰ ਮੈਂ ਤੁਹਾਡੀ ਗੱਲ ਮੰਨ ਵੀ ਲਵਾਂ, ਇਹ ਕੀ ਗਰੰਟੀ ਆ ਕਿ ਮੈਂਨੂੰ ਇੱਥੇ ਨੌਕਰੀ ਮਿਲ ਹੀ ਜਾਊ? ਫਿਰ ਜੀਤੀ ਬਾ-ਕਮਾਲ ਤਰਕ ਦਿੰਦਿਆਂ ਕਹਿਣ ਲੱਗਾ, “ਮੇਰੇ ਕਾਲਜ ਦੇ ਕਈ ਸੀਨੀਅਰ ਸਾਥੀ ਠੇਕੇਦਾਰਾਂ ਕੋਲ ਹੁਣ ਤਕ ਸੱਤ-ਅੱਠ ਹਜ਼ਾਰ ਰੁਪਏ ਮਹੀਨੇ ’ਤੇ ਲੱਗੇ ਹੋਏ ਨੇ। ਉਨ੍ਹਾਂ ਨੂੰ ਤਾਂ ਬਾਰ-ਐਤਵਾਰ ਅਤੇ ਦਿਨ-ਤਿਉਹਾਰ ਦੀ ਵੀ ਕੋਈ ਛੁੱਟੀ ਨਹੀਂ ਹੁੰਦੀ। ਕੋਹਲੂ ਦੇ ਬੈਲ ਵਾਂਗ ਦਿਨ-ਰਾਤ ਕੰਮ ਵਿੱਚ ਲੱਗੇ ਹੋਏ ਨੇ ਪਾਪੀ ਪੇਟ ਖਾਤਰ। ਉਨ੍ਹਾਂ ਨੂੰ ਤਾਂ 5-7 ਸਾਲ ਦਾ ਤਜਰਬਾ ਹੋਣ ’ਤੇ ਵੀ ਹੁਣ ਤਕ ਸਰਕਾਰੀ ਨੌਕਰੀ ਨਹੀਂ ਮਿਲੀ। ਦੱਸੋ, ਮੈਂਨੂੰ ਕੀਹਨੇ ਨੌਕਰੀ ਦੇ ਦੇਣੀ ਐ? ਆਪਣੇ ਕੋਲ ਤਾਂ ਨਾ ਹੀ ਕੋਈ ਤਜਰਬਾ ਤੇ ਨਾ ਹੀ ਕੋਈ ਸਿਫਾਰਿਸ਼ ਜਾਂ ਰਿਸ਼ਵਤ ਦੇਣ ਜੋਗੇ ਪੈਸੇ।”
ਮੈਂ ਜੀਤੀ ਨੂੰ ਢਾਰਸ ਦਿੰਦਿਆਂ ਕਿਹਾ, “ਕਾਕਾ, ਤੂੰ ਕੋਸ਼ਿਸ਼ ਕਰ ਕੇ ਤਾਂ ਵੇਖ, ਹੁਣ ਤਾਂ ਨਿਰੋਲ ਮੈਰਿਟ ’ਤੇ ਹੀ ਨੌਕਰੀ ਮਿਲਦੀ ਹੈ, ਲੋਕ ਤਾਂ ਐਵੇਂ ਈ ਸਰਕਾਰਾਂ ਦੀ ਬਦਖੋਈ ਕਰੀ ਜਾਂਦੇ ਨੇ।”
ਰਾਤ ਦਾ ਸਮਾਂ ਖਾਸਾ ਹੋ ਚੁੱਕਾ ਸੀ ਤੇ ਅਸੀਂ ਆਪੋ-ਆਪਣੇ ਕਮਰਿਆਂ ਵਿੱਚ ਅਰਾਮ ਕਰਨ ਲਈ ਚਲੇ ਗਏ। ਸਵੇਰੇ ਨਾਸ਼ਤੇ ਮਗਰੋਂ ਮੈਂ, ਫੁੱਮਣ ਤੇ ਜੀਤੀ ਮੋਹਾਲੀ ਦੇ ਇੱਕ ਆਈਲੈਟਸ ਸੈਂਟਰ ’ਤੇ ਜਾ ਕੇ ਕੋਚਿੰਗ ਲਈ 30 ਹਜ਼ਾਰ ਰੁਪਏ ਜਮ੍ਹਾਂ ਕਰਾ ਕੇ ਵਾਪਸ ਪਰਤ ਆਏ। ਮੇਰੇ ਬਥੇਰਾ ਕਹਿਣ ’ਤੇ ਕਿ ਮਹੀਨੇ ਦੀ ਤਾਂ ਸਾਰੀ ਗੱਲ ਹੈ ਜੀਤੀ ਮੇਰੇ ਕੋਲ ਹੀ ਰਹਿ ਕੇ ਆਈਲੈਟਸ ਦੀ ਤਿਆਰੀ ਕਰ ਲਏਗਾ ਪਰ ਖੁਦਾਰ ਸੁਭਾਅ ਦਾ ਮਾਲਕ ਹੋਣ ਕਰਕੇ ਫੁੱਮਣ ਨਾ ਮੰਨਿਆ ਤੇ ਉਸ ਨੇ ਜੀਤੀ ਨੂੰ ਸੈਂਟਰ ਦੇ ਨੇੜੇ ਹੀ 20 ਹਜ਼ਾਰ ਮਹੀਨੇ ’ਤੇ ਪੀ.ਜੀ. ਲੈ ਦਿੱਤਾ। ਜੀਤੀ ਨੇ ਆਪਣੀ ਧੁਨ ਦਾ ਪੱਕਾ ਹੋਣ ਕਰਕੇ ਤੇ ਕਰੜੀ ਮਿਹਨਤ ਸਦਕਾ ਸਾਢੇ ਸੱਤ ਬੈਂਡ ਲੈ ਲਏ ਜਿਸ ਨਾਲ ਹੁਣ ਉਸ ਦੀ ਕੈਨੇਡਾ ਜਾਣ ਦੀ ਨੀਂਹ ਬੱਝ ਗਈ ਸੀ। ਅਗਲੇ ਹਫ਼ਤੇ ਫੁੱਮਣ ਨੇ ਇੰਮੀਗਰੇਸ਼ਨ ਏਜੰਟ ਕੋਲ ਬਣਦੀ ਰਾਸ਼ੀ ਜਮ੍ਹਾਂ ਕਰਵਾ ਕੇ ਵੀਜ਼ੇ ਲਈ ਪੜ੍ਹਾਈ ਦੇ ਆਧਾਰ ’ਤੇ ਕੈਨੇਡਾ ਜਾਣ ਲਈ ਫਾਈਲ ਵੀ ਲਾ ਦਿੱਤੀ। ਮਹੀਨੇ ਵਿੱਚ ਵੀਜ਼ਾ ਆ ਗਿਆ ਤੇ ਜੀਤੀ ਆਪਣੇ ਪਿਓ ਦਾ 15 ਲੱਖ ਰੁਪਇਆ ਲੁਆ ਕੇ ਪੜ੍ਹਾਈ ਕਰਨ ਲਈ ਕੈਨੇਡਾ ਤੁਰ ਗਿਆ।
ਉੱਥੇ ਵੀ ਉਹਨੇ ਸਿਵਲ ਇੰਜੀਨਿਅਰਿੰਗ ਦਾ ਹੀ ਡਿਪਲੋਮਾ ਕੀਤਾ ਤੇ ਨਾਲ ਹੀ ਪਿਜ਼ਾ ਡਿਲਿਵਰੀ ਦਾ ਕੰਮ ਕਰਕੇ ਆਪਣੇ ਰਹਿਣ-ਸਹਿਣ ਦਾ ਖਰਚਾ ਕੱਢਦਾ ਰਿਹਾ। ਕਦੇ-ਕਦਾਈਂ ਫੁੱਮਣ ਆਪਣੀ ਘਰਵਾਲੀ ਨੂੰ ਪੀ.ਜੀ.ਆਈ. ਵਿੱਚ ਇਲਾਜ ਲਈ ਲਿਆਉਂਦਾ ਤਾਂ ਮੈਂਨੂੰ ਮਿਲ ਕੇ ਆਪਣਾ ਦਿਲ ਹੌਲਾ ਕਰ ਜਾਂਦਾ। ਇੱਕ ਦਿਨ ਉਹ ਮੈਂਨੂੰ ਉਚੇਚਾ ਮਿਲਣ ਆਇਆ ਤੇ ਕਹਿਣ ਲੱਗਾ, “ਬੱਸ ਜੀਤੀ ਦੀ ਅਗਲੇ ਮਹੀਨੇ ਕਨਵੋਕੇਸ਼ਨ ਐ। ਉਹਨੂੰ ਡਿਗਰੀ ਮਿਲ ਜਾਣੀ ਐ। ਮੈਂ ਸੋਚਦਾਂ ਪੈਸਾ ਤਾਂ ਹੱਥਾਂ ਦੀ ਮੈਲ ਐ। ਮਸਾਂ ਡੇਢ ਕੁ ਲੱਖ ਦੀ ਆਉਣ-ਜਾਣ ਦੀ ਟਿਕਟ ਦੀ ਹੀ ਗੱਲ ਐ, ਪਾਸਪੋਰਟ ਤੇ ਮੇਰਾ ਬਣਿਆ ਈ ਐ, ਜੇ ਵੀਜ਼ਾ ਲੱਗਜੇ ਤਾਂ ਮੈਂ ਗੇੜਾ ਕੱਢ ਆਵਾਂ। ਬਾਪ ਦੀ ਹਾਜ਼ਰੀ ਨਾਲ ਬੱਚੇ ਦੀ ਹੌਸਲਾ ਅਫਜ਼ਾਈ ਹੋ ਜਾਂਦੀ ਐ। ਕੀ ਖਿਆਲ ਐ ਤੇਰਾ?”
ਮੈਂ ਕਿਹਾ, “ਪਾਂਧਾ ਨਾ ਪੁੱਛ, ਆਪਾਂ ਸਵੇਰੇ ਈ ਤੇਰੇ ਵੀਜ਼ੇ ਲਈ ਅਰਜ਼ੀ ਲਾ ਦਿੰਦੇ ਆਂ। ਬੱਸ, ਜੀਤੀ ਤੋਂ ਯੂਨੀਵਰਸਿਟੀ ਵੱਲੋਂ ਕਨਵੋਕੇਸ਼ਨ ਦਾ ਸੱਦਾ ਪੱਤਰ ਈਮੇਲ ’ਤੇ ਮੰਗਵਾ ਲੈ।”
ਕੈਨੇਡਾ ਤੇ ਇੱਥੋਂ ਦਾ ਰਾਤ-ਦਿਨ ਦਾ ਫਰਕ ਹੋਣ ਕਰਕੇ ਜੀਤੀ ਨੇ ਸਾਨੂੰ ਤੜਕਸਾਰ ਈ-ਮੇਲ ’ਤੇ ਆਪਣੇ ਪਿਤਾ ਜੀ ਦੇ ਨਾਂ ਪੱਤਰ ਭੇਜ ਦਿੱਤਾ, ਜਿਸ ਨੂੰ ਲੈ ਕੇ ਅਸੀਂ ਸਵੇਰੇ ਕੈਨੇਡਾ ਦੇ ਇੰਮੀਗਰੇਸ਼ਨ ਆਫਿਸ ਪੁੱਜ ਕੇ ਫਾਈਲ ਜਮ੍ਹਾਂ ਕਰਾ ਦਿੱਤੀ। ਉਨ੍ਹਾਂ ਨੇ ਸਾਨੂੰ ਵੀਜ਼ੇ ਲਈ 15 ਦਿਨ ਦਾ ਸਮਾਂ ਦਿੱਤਾ। ਮੈਂ ਦਿਲੋ-ਦਿਲ ਸੋਚੀ ਜਾ ਰਿਹਾ ਸੀ ਕਿ ਘੱਟ ਪੜ੍ਹਾਈ ਕਰਨ ਦੇ ਬਾਵਜੂਦ ਕਿੰਨਾ ਸਿਆਣਾ ਤੇ ਸੂਝਵਾਨ ਹੈ ਮੇਰਾ ਜਿਗਰੀ ਮਿੱਤਰ ਫੁੱਮਣ, ਜਿਸ ਨੇ ਘੱਟ ਵਸੀਲੇ ਹੁੰਦਿਆਂ ਵੀ ਆਪਣੇ ਪੁੱਤ ਦੀ ਕਨਵੋਕੇਸ਼ਨ ’ਤੇ ਜਾਣ ਦਾ ਫੌਰੀ ਤੇ ਆਜ਼ਾਦ ਫੈਸਲਾ ਲਿਆ। ਦੂਜੇ ਪਾਸੇ ਮੈਂ ਆਪਣੇ ਆਪ ਨੂੰ ਕੋਸ ਰਿਹਾ ਸੀ ਕਿ 99 ਦੇ ਗੇੜ ਵਿੱਚ ਆਪਣੀ ਨੌਕਰੀ ਦੇ ਵਾਧੂ ਕੰਮਕਾਜ ਦਾ ਬੇਲੋੜਾ ਬਹਾਨਾ ਲਾ ਕੇ ਆਪਣੇ ਪੁੱਤਰ ਦੀ ਸਾਲ 2016 ਵਿੱਚ ਕੈਨੇਡਾ ਵਿਖੇ ਆਟੋ-ਮੋਬਾਇਲ ਇੰਜਨੀਅਰਿੰਗ ਦੀ ਮਾਸਟਰ ਡਿਗਰੀ ਲਈ ਯੂਨੀਵਰਸਿਟੀ ਵੱਲੋਂ ਕਰਵਾਈ ਕਨਵੋਕੇਸ਼ਨ ਵਿੱਚ ਸ਼ਾਮਿਲ ਹੋਣ ਤੋਂ ਖੁੰਝ ਗਿਆ ਸਾਂ। ਮੈਂ ਤਾਂ ਆਪਣੇ ਯਾਰਾਂ ਮਿੱਤਰਾਂ ਤੇ ਸਨੇਹੀਆਂ ਵੱਲੋਂ ਲੱਖ ਸਮਝਾਉਣ ਦੇ ਬਾਵਜੂਦ ਵੀ ਇਸ ਮੌਕੇ ’ਤੇ ਜਾਣ ਤੋਂ ਟਾਲ਼ਾ ਵੱਟ ਗਿਆ ਸੀ ਜਿਸਦਾ ਉਲ੍ਹਾਮਾ ਮੇਰਾ ਪੁੱਤਰ ਹੁਣ ਵੀ ਗੱਲਾਂ-ਗੱਲਾਂ ਵਿੱਚ ਦੇ ਦਿੰਦਾ ਹੈ। ਪਛਤਾਵੇ ਦੀ ਇਸ ਤੜਪ ਨੂੰ ਮੈਂ ਹੁਣ ਤਕ ਮਾਨਸਿਕ ਤੌਰ ’ਤੇ ਹੰਢਾ ਰਿਹਾ ਹਾਂ, ਪਰ ਉਹ ਖੁੰਝਿਆ ਵੇਲਾ ਹੁਣ ਮੁੜ ਕਦੀ ਹੱਥ ਨਹੀਂ ਆਉਣਾ।
ਸਿਆਣੇ ਕਹਿੰਦੇ ਨੇ ‘ਜਿੱਥੇ ਚਾਹ, ਉੱਥੇ ਰਾਹ’। ਫੁੱਮਣ ਸਿੰਘ ਦਾ ਕੈਨੇਡਾ ਲਈ ਵੀਜ਼ਾ 10 ਦਿਨਾਂ ਵਿੱਚ ਹੀ ਲੱਗ ਕੇ ਆ ਗਿਆ ਤੇ ਉਹ ਆਪਣੇ ਜਿਗਰ ਦੇ ਟੁਕੜੇ ਜੀਤੀ ਦੀ ਕਨਵੋਕੇਸ਼ਨ ਲਈ ਕੈਨੇਡਾ ਚਾਈਂ-ਚਾਈਂ ਚਲਾ ਗਿਆ।
ਮੇਰੀ ਸਲਾਮ ਐ ਫੁੱਮਣ ਸਿਉਂ ਤੈਨੂੰ, ਤੇਰੀ ਅਗਾਊਂ ਸੋਚ ’ਤੇ। ਤੂੰ ਵਾਕਿਆ ਹੀ ਪੜ੍ਹਿਆ ਨਹੀਂ ਗੁੜ੍ਹਿਆ ਹੋਇਆ ਹੈਂ ਜੋ ਮੈਥੋਂ ਸਲਾਹ ਲੈ ਕੇ ਮੈਂਨੂੰ ਹੀ ਜ਼ਿੰਦਗੀ ਦਾ ਅਭੁੱਲ ਸਬਕ ਦੇ ਗਿਆ ਹੈਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3408)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































