OpinderSLamba7ਸਿਪਾਹੀ ਅਚਾਨਕ ਨੱਸ ਕੇ ਮੇਰੇ ਕੋਲ ਆਇਆ ਤੇ ਆਖਣ ਲੱਗਾ, “ਚਾਚਾਕਿੱਧਰ ਮੂੰਹ ਚੱਕਿਐ! ਤੈਨੂੰ ਨਹੀਂ ਪਤਾ ...”
(3 ਅਪਰੈਲ 2022)

 

ਹਰ ਸਾਲ ਵਾਂਗ ਲੰਘੀ 26 ਜਨਵਰੀ ’ਤੇ ਮੁੱਖ ਮੰਤਰੀ ਦੇ ਸਮਾਗਮ ’ਤੇ ਮੇਰੀ ਡਿਊਟੀ ਪਟਿਆਲੇ ਸੀ। ਮੁੱਖ ਮੰਤਰੀ ਨਾਲ ਤਾਇਨਾਤ ਮੀਡੀਆ ਟੀਮ ਵੱਲੋਂ ਆਪਣੇ ਪ੍ਰੋਗਰਾਮ ਮੁਤਾਬਕ ਇੱਕ ਦਿਨ ਪਹਿਲਾਂ ਹੀ ਪੁੱਜ ਕੇ ਰਾਤ ਦੀ ਠਹਿਰ ਉੱਥੇ ਹੀ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਕਿਸਮ ਦੀ ਉਕਾਈ ਨਾ ਹੋਵੇ। ਰਵਾਇਤ ਅਨੁਸਾਰ ਹਰ ਸਾਲ ਤਿਰੰਗਾ 26 ਜਨਵਰੀ ‘ਗਣਤੰਤਰ ਦਿਵਸ’ ਵਾਲੇ ਦਿਨ ਸਵੇਰੇ 9:55 ਮਿੰਟ ’ਤੇ ਚੜ੍ਹਾਇਆ ਜਾਂਦਾ ਹੈ ਅਤੇ ਇਸੇ ਤਰ੍ਹਾਂ 15 ਅਗਸਤ ਨੂੰ ‘ਆਜ਼ਾਦੀ ਦਿਵਸ’ ਮੌਕੇ ਸਵੇਰੇ ਠੀਕ 8:55 ਲਹਿਰਾਇਆ ਜਾਂਦਾ ਹੈ।

ਮੇਰੇ ਸਮੇਤ ਮੀਡੀਆ ਦਸਤਾ ਸਵੇਰੇ ਠੀਕ 8 ਵਜੇ ਨਿਸ਼ਚਿਤ ਸਥਾਨ ਪੋਲੋ ਗਰਾਊਂਡ ’ਤੇ ਪੁੱਜ ਗਿਆ। ਕੁਝ ਦਿਨ ਪਹਿਲਾਂ ਹੀ ਮੇਰੇ ਪੈਰ ਵਿੱਚ ਮੋਚ ਆਉਣ ਕਾਰਨ ਮੈਂਨੂੰ ਪੈਦਲ ਚੱਲਣ ਵਿੱਚ ਕਾਫੀ ਤਕਲੀਫ ਮਹਿਸੂਸ ਹੋ ਰਹੀ ਸੀ ਤੇ ਮੈਂ ਆਪਣੇ ਸਾਥੀ ਦੇ ਮੋਢੇ ਦਾ ਸਹਾਰਾ ਲੈਂਦਿਆਂ ਆਪਣੀ ਮੰਜ਼ਿਲ ਵੱਲ ਲੰਗੜਾ ਕੇ ਚੱਲਦਾ ਹੋਇਆ ਵਧ ਰਿਹਾ ਸਾਂ। ਸਥਾਨਕ ਲੋਕ ਸੰਪਰਕ ਅਫਸਰ ਦੀ ਮਦਦ ਨਾਲ ਅਸੀਂ ਪ੍ਰੈੱਸ ਗੈਲਰੀ ਵੱਲ ਤੁਰੇ ਜਾ ਰਹੇ ਸਾਂ ਕਿ ਇਸੇ ਦੌਰਾਨ ਇੱਕ ਡਿਊਟੀ ’ਤੇ ਤਾਇਨਾਤ ਸਿਪਾਹੀ ਅਚਾਨਕ ਨੱਸ ਕੇ ਮੇਰੇ ਕੋਲ ਆਇਆ ਤੇ ਆਖਣ ਲੱਗਾ, “ਚਾਚਾ, ਕਿੱਧਰ ਮੂੰਹ ਚੱਕਿਐ! ਤੈਨੂੰ ਨਹੀਂ ਪਤਾ ਕਿ ਸੁਤੰਤਰ ਸੰਗਰਾਮੀਆਂ ਤੇ ਉਨ੍ਹਾਂ ਦੇ ਵਾਰਿਸਾਂ ਦੇ ਮਾਣ-ਸਨਮਾਨ ਲਈ ਉਨ੍ਹਾਂ ਦੇ ਬੈਠਣ ਦਾ ਇੰਤਜ਼ਾਮ ਖੱਬੇ ਪਾਸੇ ਸਟੇਜ ਲਾਗੇ ਕੀਤਾ ਹੋਇਆ ਹੈ।” ਮੈਂ ਇਹ ਸਭ ਸੁਣ ਕੇ ਡੌਰਭੌਰ ਹੋ ਗਿਆ ਤੇ ਮਲਕੜੇ ਆਪਣੀ ਜੇਬ ਵਿੱਚੋਂ ਬਟੂਆ ਕੱਢ ਕੇ ਉਸ ਨੂੰ ਸ਼ਨਾਖਤੀ ਕਾਰਡ ਦਿਖਾਇਆ। ਪਰ ਉਸ ਦੀ ਫਿਰ ਵੀ ਤਸੱਲੀ ਨਾ ਹੋਈ। ਆਖ਼ਰ ਮੈਂ ਮੁੱਖ ਮੰਤਰੀ ਦਫਤਰ ਦੇ ਸਕਿਉਰਿਟੀ ਅਮਲੇ ਦੇ ਇੱਕ ਕਰਮਚਾਰੀ, ਜੋ ਮੈਂਨੂੰ ਸਿਆਣਦਾ ਸੀ, ਨੂੰ ਸੈਨਤ ਮਾਰਦਿਆਂ ਆਪਣੇ ਵੱਲ ਸੱਦਿਆ, ਜਿਸ ਨੇ ਉਸ ਸਿਪਾਹੀ ਨੂੰ ਸਮਝਾਇਆ ਕਿ ਇਹ ਸਾਡੇ ਸਾਹਬ ਨੇ ਜਿਨ੍ਹਾਂ ਦੀ ਡਿਊਟੀ ਮੁੱਖ ਮੰਤਰੀ ਸਾਹਿਬ ਨਾਲ ਹੈ। ਉਹ ਸਿਪਾਹੀ ਹੱਥ ਜੋੜੀ ਮੈਂਨੂੰ ਕਹਿਣ ਲੱਗਾ, “ਸਾਹਬ ਮੈਂਨੂੰ ਮੁਆਫ ਕਰ ਦਿਓ, ਮੈਂਨੂੰ ਭੁਲੇਖਾ ਲੱਗਾ ਹੈ।” ਮੈਂ ਉਸ ਦੀ ਗਲਤੀ ਨੂੰ ਅਣਗੌਲਿਆਂ ਕਰਦਿਆਂ ਉਸ ਨੂੰ ਅਗਾਂਹ ਤੋਂ ਸੁਚੇਤ ਅਤੇ ਆਪਣੇ ਵਰਤਾਰੇ ਵਿੱਚ ਹਲੀਮੀ ਲਿਆਉਣ ਲਈ ਤਾਕੀਦ ਕੀਤੀ।

ਅਜੇ ਕੁਝ ਕਦਮ ਔਖੇ-ਸੌਖੇ ਹੀ ਤੁਰਿਆ ਹੋਵਾਂਗਾ ਕਿ ਪੈਰ ਵਿੱਚ ਪੀੜ ਹੋਰ ਵਧ ਗਈ ਤੇ ਚੱਲਣਾ ਵੀ ਮੁਹਾਲ ਹੋ ਗਿਆ। ਮੇਰਾ ਕੱਦ ਮਧਰਾ ਹੋਣ ਕਰਕੇ ਮੈਂ ਆਪਣੇ ਸਾਥੀ ਦੇ ਲੱਕ ਨੂੰ ਜੱਫਾ ਪਾ ਲਿਆ। ਉੱਧਰੋਂ ਇੱਕ ਹੋਰ ਕਰਮਚਾਰੀ ਭੱਜਦਾ ਮੇਰੇ ਵੱਲ ਆਇਆ ਤੇ ਮੇਰੇ ਸਾਥੀ ਨੂੰ ਰੋਕ ਕੇ ਕਹਿਣ ਲੱਗਾ, “ਬਾਈ, ਬਾਬੇ ਨੂੰ ਦੂਜੀ ਸਾਈਡ ਲੈ ਜਾ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਹੈ। ਮੈਂਨੂੰ ਭੋਰਾ ਵੀ ਸਮਝ ਨਾ ਪਈ ਕਿ ਉਹ ਕੀ ਕਹਿ ਰਿਹਾ ਹੈ। ਮੈਂ ਥੋੜ੍ਹੇ ਰੋਅਬ ਨਾਲ ਪੁੱਛਿਆ, “ਤੂੰ ਕੌਣ ਹੈ?” ਉਹਨੇ ਪੂਰੀ ਮੜਕ ਨਾਲ ਆਪਣਾ ਤੁਆਰਫ ਕਰਾਉਂਦਿਆਂ ਆਖਿਆ, “ਬਾਬਾ ਤੈਂ ਕੀ ਲੈਣਾ ਹੈ?

ਮੈਂ ਉਸ ਨੂੰ ਕਿਹਾ, “ਕਾਕਾ ਤੂੰ ਮੈਥੋਂ ਉਮਰ ਵਿੱਚ ਖਾਸਾ ਛੋਟਾ ਹੈਂ ਅਤੇ ਘੱਟੋ-ਘੱਟ ਮੇਰੀ ਉਮਰ ਦੀ ਹੀ ਭੋਰਾ ਸ਼ਰਮ ਕਰ। ਪਰ ਉਹ ਸਰਕਾਰੀ ਨੌਕਰੀ ਦੀ ਹਉਮੈਂ ਵਿੱਚ ਹੋਰ ਬਦਸਲੂਕੀ ਕਰਦਿਆਂ ਅੱਗੋਂ ਕਹਿਣ ਲੱਗਾ, “ਬਾਬਾ, ਮੈਂ ਕੁਝ ਗਲਤ ਤਾਂ ਨਹੀਂ ਕਿਹਾ। ਮੈਂ ਤਾਂ ਸਿਰਫ ਇੰਨਾ ਕਿਹੈ ਕਿ ਇੱਧਰ ਨਹੀਂ, ਉੱਧਰ ਜਾ ਕੇ ਬੈਠੋ। ਕਿਉਂਕਿ ਅਪੰਗ ਤੇ ਬੇਸਹਾਰਾ ਵਿਅਕਤੀਆਂ ਨੂੰ ਟ੍ਰਾਈਸਾਈਕਲ ਉੱਥੇ ਹੀ ਵੰਡੇ ਜਾਣੇ ਹਨ।”

ਇਹ ਸੁਣ ਕੇ ਮੇਰਾ ਪਾਰਾ ਹੋਰ ਚੜ੍ਹ ਗਿਆ ਤੇ ਮੈਂ ਚੁੱਪ ਚਪੀਤੇ ਆਪਣਾ ਗੁੱਸਾ ਪੀ ਗਿਆ ਤੇ ਸਹਿਜੇ ਪ੍ਰੈੱਸ ਗੈਲਰੀ ਵੱਲ ਹੋ ਤੁਰਿਆ। ਇਸੇ ਦੌਰਾਨ ਇੱਕ ਚੰਡੀਗੜੋਂ ਪੁੱਜਿਆ ਉੱਚ ਅਧਿਕਾਰੀ ਰਾਹ ਵਿੱਚ ਮਿਲੇ ਤੇ ਉਨ੍ਹਾਂ ਮੈਥੋਂ ਸਬੱਬੀਂ ਪੁੱਛਿਆ, “ਇੱਥੇ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਪੁੱਜਣ ਵਿੱਚ ਕੋਈ ਤਕਲੀਫ ਤਾਂ ਨਹੀਂ ਹੋਈ?”

ਮੈਂ ਅਜੇ ਕੁਝ ਪਲ ਪਹਿਲਾਂ ਹੀ ਇਹ ਦੋ ਸੱਜਰੀਆਂ ਘਟਨਾਵਾਂ ਜੋ ਮੇਰੇ ਨਾਲ ਵਾਪਰੀਆਂ ਸਨ, ਦੀ ਮਾਨਸਿਕ ਪੀੜ ਹੰਢਾ ਰਿਹਾ ਸਾਂ। ਓਪਰਾ ਜਿਹਾ ਹਾਸਾ ਹੱਸਦਿਆਂ ਮੈਂ ਕਿਹਾ, “ਜਨਾਬ ਚੜ੍ਹਦੀ ਕਲਾ ਆ।”

ਇਹ ਸੁਣ ਕੇ ਉਹ ਮੈਂਨੂੰ ਆਪਣੇ ਨਾਲ ਮੇਨ ਸਟੇਜ ’ਤੇ ਲੈ ਗਏ, ਜਿੱਥੇ ਮੈਂ ਬੈਠਾ ਚਲਦੇ ਸਮਾਗਮ ਦੌਰਾਨ ਇਹੀ ਸੋਚੀ ਗਿਆ ਕਿ ਲੋਕ ਚਿਹਰੇ ਤੋਂ ਹੀ ਇਨਸਾਨ ਦੀ ਸ਼ਖਸੀਅਤ ਦਾ ਅੰਦਾਜ਼ਾ ਲਾ ਲੈਂਦੇ ਹਨ, ਜੋ ਕਿ ਇੱਕ ਬਹੁਤ ਵੱਡੀ ਭੁੱਲ ਹੈ।

ਮੈਂ ਇਹ ਸੋਚਣ ’ਤੇ ਮਜਬੂਰ ਹੋ ਗਿਆ ਕਿ ਕਈ ਵਾਰ ਸਰਕਾਰੀ ਡਿਊਟੀ ਨਿਭਾ ਰਿਹਾ ਮੁਲਾਜ਼ਮ ਇਨਸਾਨੀਅਤ ਤੋਂ ਕਿੰਨਾ ਬੇਮੁੱਖ ਹੋ ਜਾਂਦਾ ਹੈ। ਗਣਤੰਤਰ ਦਿਵਸ ਵਾਲੇ ਦਿਨ ਮਹੱਤਵ ਪੂਰਨ ਥਾਂ ’ਤੇ ਡਿਊਟੀ ਨਿਭਾ ਰਹੇ ਦੋਵੇਂ ਕਰਮਚਾਰੀਆਂ ਨੇ ਇਨਸਾਨ ਪ੍ਰਤੀ ਦਸਤਾਰ, ਗੁਫਤਾਰ ਤੇ ਰਫਤਾਰ ਬਾਰੇ ਆਪਣੀ ਹੀ ਪਰਿਭਾਸ਼ਾ ਘੜੀ ਹੋਈ ਸੀ ਜਿਸ ਕਰਕੇ ਉਨ੍ਹਾਂ ਨੇ ਉਸ ਵੇਲੇ ਮੇਰੇ ਚਿਹਰੇ-ਮੋਹਰੇ ਤੇ ਵਿਗੜੀ ਹਾਲਤ ਦਾ ਆਪਣੀ ਸਮਝ ਮੁਤਾਬਕ ਅਰਥ ਕੱਢਦਿਆਂ ਮੇਰੀ ਹੋਂਦ ਦਾ ਅੰਦਾਜ਼ਾ ਲਾ ਲਿਆ। ਅਕਸਰ ਦੁਨਿਆਵੀ ਲੋਕ ਮਨੁੱਖ ਦੀ ਬਾਹਰੀ ਦਿੱਖ ਤੋਂ ਹੀ ਉਸ ਦੇ ਕਿਰਦਾਰ ਚਿਤਰਣ ਦੀ ਭੁੱਲ ਕਰ ਬੈਠਦੇ ਹਨ। ਪਰ ਸਚਾਈ ਇਹ ਹੈ ਕਿ ਸਿਰਫ ਕਿਆਸ ਲਾਉਣ ਨਾਲ ਹੀ ਕਾਦਰ-ਕਰੀਮ ਵੱਲੋਂ ਬਖ਼ਸ਼ੀ ਸੂਰਤ ਤੇ ਸੀਰਤ ਵਿੱਚੋਂ ਮੂਰਤ ਨਹੀਂ ਘੜੀ ਜਾ ਸਕਦੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3476)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਓਪਿੰਦਰ ਸਿੰਘ ਲਾਂਬਾ

ਡਾ. ਓਪਿੰਦਰ ਸਿੰਘ ਲਾਂਬਾ

Additional Director,
Information and Public Relations, Punjab, India.
Phone: (91 - 97800 - 36136)
Email: (
opinder.lamba@gmail.com)

More articles from this author