OpinderSLamba7ਕਮਲਾ ਹੋ ਗਿਐਂ ਤੂੰਜੇ ਇਨ੍ਹਾਂ ਪਤੰਦਰਾਂ ਨੂੰ ਪਤਾ ਲੱਗ ਗਿਆ ਕਿ ਮੇਰੀ ਰਿਟਾਇਰਮੈਂਟ ਅਗਲੇ ਮਹੀਨੇ ਹੈਇਨ੍ਹਾਂ ਨੇ ਤਾਂ ...
(25 ਫਰਵਰੀ 2022)
ਇਸ ਸਮੇਂ ਮਹਿਮਾਨ: 51.


ਰਿਟਾਇਰਮੈਂਟ ਹਰੇਕ ਮੁਲਾਜ਼ਮ ਦੀ ਜ਼ਿੰਦਗੀ ਦਾ ਇੱਕ ਅਹਿਮ ਪੜਾਅ ਹੁੰਦਾ ਹੈ
ਬਹੁਤਿਆਂ ਲਈ ਤਾਂ ਇਹ ਮੌਕਾ ਸੁਖਮਈ ਤੇ ਖੇੜਿਆਂ ਭਰਿਆ ਹੋ ਨਿੱਬੜਦਾ ਹੈ ਅਤੇ ਕੁਝ ਕੁ ਲਈ ਦੁਖਦਾਈ ਤੇ ਨਾ ਭੁੱਲਣਯੋਗ ਦਾਸਤਾਨ ਦਾ ਸਬੱਬ ਬਣ ਕੇ ਰਹਿ ਜਾਂਦਾ ਹੈਮੈਂ ਖੁਦ ਵੀ ਆਪਣੀ ਨੌਕਰੀ ਦੇ ਲੰਮੇ ਪੈਂਡੇ ਦੌਰਾਨ ਇਸ ਸੇਵਾ ਨਿਵਰਤੀ ਦੇ ਅੰਤਲੇ ਮਰਹਲੇ ’ਤੇ ਪੁੱਜ ਚੁੱਕਾ ਹਾਂ ਅਤੇ ਆਸਵੰਦ ਹਾਂ ਕਿ ਇਹ ਭਾਗਾਂ ਭਰੀ ਘੜੀ ਵੀ ਸੁੱਖੀ ਸਾਂਦੀ ਲੰਘ ਜਾਵੇਅਜੋਕੇ ਹਾਲਾਤ ਵਿੱਚ ਬੇਦਾਗ ਰਿਟਾਇਰ ਹੋ ਜਾਣਾ ਵੀ ਇੱਕ ਬਹੁਤ ਵੱਡੀ ਚੁਣੌਤੀ ਹੈ

ਮੈਂਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੇ ਦਾਦਾ ਜੀ ਅਕਸਰ ਮੇਰੇ ਬਾਪੂ ਜੀ, ਜੋ ਸਿੰਚਾਈ ਵਿਭਾਗ ਵਿੱਚ ਨੌਕਰੀ ਕਰਦੇ ਸਨ, ਨੂੰ ਇਹੀ ਕਹਿੰਦੇ, “ਕਾਕਾ! ਵੇਖੀਂ ਕਿਤੇ ਮੇਰੀ ਚਿੱਟੀ ਪੱਗ ਨੂੰ ਬੁੱਢੇ ਵੇਲੇ ਦਾਗ ਨਾ ਲਵਾਈਂਮੇਰੇ ਪੱਲੇ ਤਾਂ ਇੱਜ਼ਤ ਤੋਂ ਛੁੱਟ ਕੁਝ ਵੀ ਨਹੀਂ ਤੇ ਇਹੀ ਮੇਰਾ ਸਭ ਤੋਂ ਵੱਡਾ ਸਰਮਾਇਆ ਹੈਉਨ੍ਹਾਂ ਵੱਲੋਂ ਦਿੱਤੀ ਇਸ ਨਸੀਹਤ ਦੇ ਬੋਲ ਅੱਜ ਵੀ ਮੇਰੇ ਕੰਨਾਂ ਵਿੱਚ ਉਵੇਂ ਹੀ ਗੂੰਜਦੇ ਹਨ ਜਿਵੇਂ ਉਹ ਮੇਰੇ ਕੋਲ ਬੈਠੇ ਪਰਿਵਾਰ ਦੀ ਆਬਰੂ ਦਾ ਵਾਸਤਾ ਪਾ ਕੇ ਇਹੀ ਕਹਿ ਰਹੇ ਹੋਣ, “ਪੁੱਤ! ਵੇਖੀਂ ਕਿਤੇ ਆਪਣੇ ਪਿਓ-ਦਾਦੇ ਦੀ ਇੱਜ਼ਤ ਨੂੰ ਵੱਟਾ ਨਾ ਲਾਈਂ।”

ਹੁਣ ਆਪਣੀ ਨੌਕਰੀ ਦੇ ਅੰਤਲੇ ਪੜਾਅ ਵਿੱਚ ਪੁੱਜ ਕੇ ਮੈਂਨੂੰ ਇਹ ਕਹਿਣ ਵਿੱਚ ਭੋਰਾ ਵੀ ਝਿਜਕ ਨਹੀਂ ਕਿ ਕੋਈ ਵੀ ਅਧਿਕਾਰੀ ਭਾਵੇਂ ਉਹ ਆਈ.ਏ.ਐੱਸ. ਜਾਂ ਪੀ.ਸੀ.ਐੱਸ. ਵਰਗੇ ਸਰਵਉੱਚ ਅਹੁਦੇ ’ਤੇ ਹੀ ਕਿਉਂ ਨਾ ਹੋਵੇ ਜਾਂ ਫਿਰ ਹੋਰਨਾਂ ਵਰਗਾਂ ਦੇ ਕਰਮਚਾਰੀ ਆਪਣੇ ਸਾਥੀ ਦੀ ਰਿਟਾਇਰਮੈਂਟ ਦੇ ਕੁਝ ਸਮਾਂ ਰਹਿਣ ’ਤੇ ਉਸ ਨੂੰ ਬਣਦਾ ਮਾਣ-ਸਤਿਕਾਰ ਦੇਣਾ ਛੱਡ ਜਾਂਦੇ ਹਨਕਈਆਂ ਨੂੰ ਤਾਂ ਮੈਂ ਇੱਥੋਂ ਤਕ ਕਹਿੰਦੇ ਵੀ ਸੁਣਿਆ ਹੈ, “ਬਾਈ! ਇਹ ਤਾਂ ਹੁਣ ਚੱਲਿਆ ਕਾਰਤੂਸ ਐਇਹਨੇ ਸਾਡਾ ਕੀ ਵਿਗਾੜ ਲੈਣਾ ਹੈ।”

ਕੁਝ ਕੁ ਗੁਸਤਾਖ ਕਰਮਚਾਰੀ ਤਾਂ ਆਪਣੇ ਅਫਸਰਾਂ ਬਾਰੇ ਇਹ ਵੀ ਕਹਿਣ ਵਿੱਚ ਸੰਕੋਚ ਨਹੀਂ ਕਰਦੇ ਕਿ ਪਰਵਾਹ ਨਾ ਕਰੋ ਇਹਦੀ, ਇਹਨੇ ਕਿਹੜਾ ਹੁਣ ਸਾਡੀ ਰਿਪੋਰਟ ਲਿਖਣੀ ਐਅਜਿਹਾ ਵਰਤਾਰਾ ਅਪਮਾਨਜਨਕ ਤਾਂ ਹੈ ਹੀ ਪਰ ਹੈ ਇਹ ਸੋਲਾਂ ਆਨੇ ਸੱਚਸ਼ਾਇਦ ਅਜਿਹੇ ਲੋਕ ਭੁੱਲੀ ਬੈਠੇ ਨੇ ਕਿ ਆਖਰ ਉਨ੍ਹਾਂ ਨੇ ਵੀ ਇੱਕ ਨਾ ਇੱਕ ਦਿਨ ਸੇਵਾਮੁਕਤ ਤਾਂ ਹੋਣਾ ਹੀ ਹੈਪਰ, ਹਉਮੈਂ ਵਿੱਚ ਗ੍ਰਸਤ ਇਹ ਲੋਕ ਆਪਣੇ ਸਾਥੀ ਨੂੰ ਨੌਕਰੀ ਦੇ ਆਖਰੀ ਦੌਰ ਵਿੱਚ ਬਣਦਾ ਸਨਮਾਨ ਨਾ ਦੇ ਕੇ ਉਸ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੀ ਨਹੀਂ ਕਰਦੇ ਸਗੋਂ ਆਪਣੇ ਕਿਰਦਾਰ ਦੇ ਹੌਲੇਪਨ ਦਾ ਵੀ ਮੁਜ਼ਾਹਰਾ ਕਰਦੇ ਹਨ, ਜੋ ਸਰਾਸਰ ਨਿੰਦਣਯੋਗ ਹੈਇਸ ਸੰਦਰਭ ਵਿੱਚ ਮੈਂਨੂੰ ਭਗਤ ਕਬੀਰ ਜੀ ਦੀ ਬਾਣੀ ਵਿੱਚ ਅੰਕਿਤ ਸ਼ਲੋਕ ‘ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਈ॥ ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ॥’ ਤੋਂ ਇਹ ਸਿੱਖਿਆ ਲੈਣੀ ਬਣਦੀ ਹੈ ਕਿ ਜੋ ਹਾਲਾਤ ਅੱਜ ਤੇਰੇ ਸਾਥੀ ਦੇ ਹਨ, ਉਨ੍ਹਾਂ ਵਿੱਚੋਂ ਭਲਕੇ ਤੂੰ ਵੀ ਲੰਘਣਾ ਹੈਬਹੁਤੇ ਮੁਲਾਜ਼ਮਾਂ ਦੇ ਇਸ ਵਰਤਾਰੇ ਤੋਂ ਅਕਸਰ ਇਹ ਝਲਕਦਾ ਹੈ ਜਿਵੇਂ ਉਨ੍ਹਾਂ ਨੇ ਤਾਂ ਕਦੀ ਰਿਟਾਇਰ ਹੋਣਾ ਹੀ ਨਹੀਂਆਪੋ-ਆਪਣੇ ਮਨਾਂ ਵਿੱਚ ਇਹੋ ਭੁਲੇਖਾ ਪਾਲ਼ੀ ਕਿ ਉਹਨਾਂ ਨੇ ਤਾਂ ਹਮੇਸ਼ਾ ਹੀ ਨੌਕਰੀ ਵਿੱਚ ਬਣੇ ਰਹਿਣਾ ਹੈ ਤੇ ਇਹ ਭਲੇ ਪੁਰਸ਼ ਆਪਣਾ ਸਾਰਾ ਕਾਰਜਕਾਲ ਸੇਵਾਮੁਕਤੀ ਦੀ ਅਟੱਲ ਸਚਾਈ ਤੋਂ ਮੁਨਕਰ ਹੁੰਦਿਆਂ ਇਸ ਭਾਣੇ ਨੂੰ ਮੰਨਣ ਲਈ ਮਾਨਸਿਕ ਤੌਰ ’ਤੇ ਤਿਆਰ ਹੀ ਨਹੀਂ ਹੁੰਦੇਕੁਦਰਤੀ, ਜਿਸ ਕਰਕੇ ਉਨ੍ਹਾਂ ਨੂੰ ਆਪਣੀ ਰਿਟਾਇਰਮੈਂਟ ਆਨੰਦਮਈ ਨਹੀਂ ਸਗੋਂ ਜ਼ਿੰਦਗੀ ਦੀ ਸ਼ਾਮ ਵਿੱਚ ਬੋਝਲ ਜਾਪਦੀ ਹੈਲੋੜ ਹੈ ਅੱਜ ਸਾਨੂੰ ਇਹ ਸਮਝਣ ਦੀ ਕਿ ਜਿਸ ਇਨਸਾਨ ਨੇ ਨੌਕਰੀ ਦਾ ਆਗਾਜ਼ ਕੀਤਾ ਹੈ ਉਸ ਨੇ ਸੇਵਾਮੁਕਤੀ ਦੇ ਅੰਤਲੇ ਪੜਾਅ ’ਤੇ ਵੀ ਲਾਜ਼ਮੀ ਅੱਪੜਨਾ ਹੀ ਹੈਫਿਰ ਕਿਉਂ ਨਾ ਖਿੜੇ ਮੱਥੇ ਇਸ ਸੁਲੱਖਣੀ ਘੜੀ ਨੂੰ ਸਵੀਕਾਰ ਕੀਤਾ ਜਾਵੇ?

ਸੰਯੋਗਵੱਸ, ਮੇਰੇ ਇੱਕ ਮਿੱਤਰ ਦੀ ਰਿਟਾਇਰਮੈਂਟ ਮੇਰੇ ਤੋਂ 7-8 ਮਹੀਨੇ ਪਹਿਲਾਂ ਸੀ ਤੇ ਅਸੀਂ ਦੋਵੇਂ ਕਿਸੇ ਖੁਸ਼ੀ ਦੇ ਸਮਾਗਮ ’ਤੇ ਇਕੱਠੇ ਗਏ ਜਿੱਥੇ ਸਾਡੇ ਕੁਝ ਹੋਰ ਯਾਰ-ਬੇਲੀ ਵੀ ਪਹਿਲਾਂ ਤੋਂ ਹੀ ਮੌਜੂਦ ਸਨਉਨ੍ਹਾਂ ਵਿੱਚੋਂ ਇੱਕ ਨੇ ਮੈਂਨੂੰ ਮੇਰੀ ਰਿਟਾਇਰਮੈਂਟ ਬਾਰੇ ਪੁੱਛਿਆ ਤਾਂ ਮੈਂ ਸੁਤੇ ਸਿੱਧ ਕਿਹਾ, “ਬਾਈ! ਆਪਾਂ ਤਾਂ ਇਸੇ ਸਾਲ ਅਖੀਰ ਵਿੱਚ ਰਿਟਾਇਰ ਹੋ ਜਾਣਾ ਹੈ।” ਫਿਰ ਉਨ੍ਹਾਂ ਮੇਰੇ ਨਾਲ ਗਏ ਦੋਸਤ ਨੂੰ ਪੁੱਛਿਆ, “ਸੁਣਾ ਬਈ! ਤੈਂ ਕਦੋਂ ਰਿਟਾਇਰ ਹੋਣਾ ਹੈ?” ਉਹ ਅੱਗੋਂ ਜੱਕੋ-ਤੱਕੀ ਵਿੱਚ ਬੋਲਿਆ, “ਪਿਐ ਅਜੇ ਸਾਲ ਸਵਾ-ਸਾਲਰੱਬ ਮਿਹਰ ਕਰੇ ਇੱਕ-ਅੱਧ ਹੋਰ ਤਰੱਕੀ ਲੈ ਕੇ ਈ ਘਰਾਂ ਨੂੰ ਜਾਵਾਂਗੇ।”

ਮੈਂਨੂੰ ਪਤਾ ਸੀ ਕਿ ਉਹ ਇਸੇ ਸਾਲ ਮਾਰਚ ਵਿੱਚ ਸੇਵਾ ਮੁਕਤ ਹੋ ਰਿਹਾ ਹੈਇੱਕ ਪਾਸੇ ਜਿਹੇ ਲਿਜਾ ਕੇ ਮੈਂ ਉਸ ਨੂੰ ਪੁੱਛਿਆ, “ਮਿੱਤਰਾ! ਤੂੰ ਕਿਉਂ ਝੂਠ ਬੋਲਿਆ ਆਪਣੀ ਰਿਟਾਇਰਮੈਂਟ ਬਾਰੇ?” ਉਹ ਮੇਰੀ ਗੱਲ ਨੂੰ ਵਿੱਚੋਂ ਕੱਟਦਿਆਂ ਬੋਲਿਆ, “ਕਮਲਾ ਹੋ ਗਿਐਂ ਤੂੰ, ਜੇ ਇਨ੍ਹਾਂ ਪਤੰਦਰਾਂ ਨੂੰ ਪਤਾ ਲੱਗ ਗਿਆ ਕਿ ਮੇਰੀ ਰਿਟਾਇਰਮੈਂਟ ਅਗਲੇ ਮਹੀਨੇ ਹੈ, ਇਨ੍ਹਾਂ ਨੇ ਤਾਂ ਭਲਕੇ ਤੋਂ ਈ ਸਤਿ ਸ੍ਰੀ ਅਕਾਲ ਬੁਲਾਉਣੀ ਛੱਡ ਦੇਣੀ ਐ।” ਮੈਂਨੂੰ ਉਹਦੀ ਇਹ ਗੱਲ ਸੁਣ ਕੇ ਇਹ ਅਹਿਸਾਸ ਹੋਇਆ ਕਿ ਵਾਕਿਆ ਹੀ ਲੋਕ ਆਪਣੀ ਅਸਲ ਰਿਟਾਇਰਮੈਂਟ ਕਿਉਂ ਲੁਕਾਉਂਦੇ ਫਿਰਦੇ ਨੇ!

ਹਰੇਕ ਮੁਲਾਜ਼ਮ ਨੂੰ ਆਪਣੇ ਸੇਵਾਕਾਲ ਦੌਰਾਨ ਆਪਣੇ ਉੱਚ ਅਧਿਕਾਰੀਆਂ ਨੂੰ ਬਣਦਾ ਸਤਿਕਾਰ ਦੇਣ ਦੇ ਨਾਲ-ਨਾਲ ਆਪਣੇ ਸਹਿ ਕਰਮੀਆਂ ਤੇ ਮਤਾਹਿਤਾਂ ਨਾਲ ਵੀ ਮਰਯਾਦਾ ਵਿੱਚ ਰਹਿੰਦੇ ਹੋਏ ਨਿਮਰਤਾ ਨਾਲ ਵਿਚਰਨਾ ਚਾਹੀਦਾ ਹੈਜੇਕਰ ਹਰ ਮਨੁੱਖ ਆਪਣੇ ਵਤੀਰੇ ਵਿੱਚ ਇਹੋ ਜਿਹੀ ਸਾਰਥਕ ਤਬਦੀਲੀ ਲੈ ਆਵੇ ਤਾਂ ਸ਼ਾਇਦ ਹੀ ਕੋਈ ਕਿਸੇ ਰਿਟਾਇਰ ਹੋਣ ਵਾਲੇ ਕਰਮਚਾਰੀ ਦਾ ਮਿੱਥ ਕੇ ਤ੍ਰਿਸਕਾਰ ਕਰੇਮੇਰਾ ਮੰਨਣਾ ਹੈ ਕਿ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਆਪਣੀ ਸੇਵਾ ਮੁਕਤੀ ਤੋਂ ਬਾਅਦ ਬਣਦਾ ਮਾਣ-ਸਤਿਕਾਰ ਲੈਣਾ ਲੋਚਦਾ ਹੈ ਤਾਂ ਉਸ ਨੂੰ ਮਹਿਜ਼ ਇੱਕ ਵਿਖਾਵੇ ਦੇ ਤੌਰ ’ਤੇ ਹੀ ਨਹੀਂ ਸਗੋਂ ਇੱਕ ਨਮੂਨੇ ਵਜੋਂ ਆਪਣੇ ਵਰਤਾਰੇ ਵਿੱਚ ਸਕਾਰਾਤਮਕ ਰਵੱਈਆ ਇਖਤਿਆਰ ਕਰਨਾ ਪਵੇਗਾਉਸ ਵਿੱਚ ਇਮਾਨਦਾਰੀ, ਨੈਤਿਕਤਾ, ਕੰਮ ਪ੍ਰਤੀ ਸਮਰਪਣ, ਦਿਆਨਤਦਾਰੀ, ਸਿਦਕਦਿਲੀ ਤੇ ਨਿਪੁੰਨਤਾ ਆਦਿ ਗੁਣਾਂ ਤੋਂ ਇਲਾਵਾ ਸਮੁੱਚੀ ਟੀਮ ਦੇ ਤੌਰ ’ਤੇ ਕੰਮ ਕਰਨ ਦੀ ਸਮਰੱਥਾ ਹੋਣੀ ਵੀ ਲਾਜ਼ਮੀ ਹੈਇਨ੍ਹਾਂ ਮਾਨਵੀ ਗੁਣਾਂ ਕਰਕੇ ਅਜਿਹੇ ਰੋਲ ਮਾਡਲ ਬਣੇ ਕਰਮਚਾਰੀ ਅਹੁਦਿਆਂ ਤੋਂ ਨਿਰਲੇਪ ਹੋਇਆਂ ਸਭਨਾਂ ਦੇ ਹਰਮਨ ਪਿਆਰੇ ਹੋ ਨਿੱਬੜਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਸਤਿਕਾਰ ਤੇ ਦੁਲਾਰ ਮਿਲਣਾ ਸੁਭਾਵਿਕ ਹੀ ਹੈ

ਫਿਤਰਤਨ ਕੁਝ ਕੁ ਲੋਕ ਆਪਣੀ ਨਕਾਰਾਤਮਕ ਸੋਚ ਕਰਕੇ ਕਿਸੇ ਵੀ ਇਨਸਾਨ ਵੱਲੋਂ ਕੀਤੇ ਚੰਗੇ ਕਾਰਜਾਂ ਦੀ ਸ਼ਲਾਘਾ ਕਰਨੀ ਤਾਂ ਦੂਰ ਦੀ ਗੱਲ ਸਗੋਂ ਹਰ ਵੇਲੇ ਉਸ ਦੇ ਨੁਕਸ ਲੱਭਣ ਤੇ ਨੁਕਤਾਚੀਨੀ ਕਰਨ ਵਿੱਚ ਹੀ ਮਸਰੂਫ ਰਹਿੰਦੇ ਹਨਅਜਿਹੇ ਲੋਕਾਂ ਵੱਲੋਂ ਨਿਰੰਤਰ ਕੀਤੀ ਜਾਂਦੀ ਬਦਖੋਹੀ ਕਾਰਨ ਇੱਕ ਚਿਰੋਕਣਾ ਵਾਕਿਆ ਅੱਜ ਵੀ ਮੇਰੇ ਚੇਤਿਆਂ ਵਿੱਚ ਤਰੋ-ਤਾਜ਼ਾ ਹੈ ਜਦੋਂ ਸਾਡੇ ਵਿਭਾਗ ਦੇ ਇੱਕ ਅਧਿਕਾਰੀ ਦੀ ਵਿਦਾਇਗੀ ਪਾਰਟੀ ਸਮੇਂ ਉਸ ਵੇਲੇ ਦੇ ਮੌਜੂਦ ਅਧਿਕਾਰੀਆਂ ਨੇ ਉਸ ਦੀ ਸ਼ਾਨ ਵਿੱਚ ਸੋਹਲੇ ਗਾਉਂਦਿਆਂ ਕੋਈ ਕਸਰ ਨਾ ਛੱਡੀਫੁੱਲਾਂ ਦੇ ਸਿਹਰਿਆਂ ਨਾਲ ਲੱਦਿਆ ਅਧਿਕਾਰੀ ਮਸਾਂ ਅਜੇ ਆਪਣੇ ਘਰ ਹੀ ਪੁੱਜਾ ਹੋਣਾ ਹੈ ਕਿ ਸਮਾਗਮ ਮਗਰੋਂ ਸਾਡਾ ਇੱਕ ਸਹਿਕਰਮੀ ਬੋਲਿਆ, “ਸ਼ੁਕਰ ਐ ਰੱਬ ਦਾ, ਖਹਿੜਾ ਛੁੱਟਿਆ ਇਸ ਮਾੜੇ ਅਫਸਰ ਤੋਂ।” ਰੱਬ ਦਾ ਭਾਣਾ ਕਿ ਕੁਝ ਕੁ ਦਿਨਾਂ ਮਗਰੋਂ ਜਦੋਂ ਉਹੀ ਅਧਿਕਾਰੀ ਮੁੜ ਮਹਿਕਮੇ ਵਿੱਚ ਠੇਕੇ ’ਤੇ ਵਾਪਸ ਪਰਤ ਆਇਆ ਤਾਂ ਉਹੀ ਸੱਜਣ, ਜਿਹੜਾ ਉਸ ਦੀ ਰਿਟਾਇਰਮੈਂਟ ’ਤੇ ਲੁੱਡੀਆਂ ਪਾ ਰਿਹਾ ਸੀ ਅੱਜ ਉਹਦੇ ਬਾਰ ਮੂਹਰੇ ਫੁੱਲਾਂ ਦਾ ਗੁਲਦਸਤਾ ਲਈ ਖੜ੍ਹਾ ਆਖ ਰਿਹਾ ਸੀ, “ਸਰ ਜੀ! ਰੱਬ ਨੇ ਤਾਂ ਸਾਡੀ ਸੁਣ ਲਈ, ਤੁਹਾਡੇ ਜਿਹੇ ਪੁਰਖਲੂਸ ਤੇ ਨਿਰਮਲ ਚਿੱਤ ਅਫਸਰਾਂ ਦੀ ਛਤਰ-ਛਾਇਆ ਵਿੱਚ ਸਾਨੂੰ ਇੱਕ-ਦੋ ਸਾਲ ਹੋਰ ਕੰਮ ਕਰਨ ਦਾ ਮੌਕਾ ਮਿਲ ਗਿਆ ਹੈ।” ਸਦਕੇ ਜਾਈਏ ਇਨ੍ਹਾਂ ਚਾਪਲੂਸਾਂ ਦੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3387)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਓਪਿੰਦਰ ਸਿੰਘ ਲਾਂਬਾ

ਡਾ. ਓਪਿੰਦਰ ਸਿੰਘ ਲਾਂਬਾ

Additional Director,
Information and Public Relations, Punjab, India.
Phone: (91 - 97800 - 36136)
Email: (
opinder.lamba@gmail.com)

More articles from this author