OpinderSLamba7ਬਾਹਲਾ ਈ ਲਾਲਚੀ ਤੇ ਬੇ-ਲਿਹਾਜ਼ਾ ਇਨਸਾਨ ਐ, ਜਿਹਨੂੰ ਭੌਰਾ ਵੀ ਸੰਗ-ਸ਼ਰਮ ਨਹੀਂ। ਇੱਥੋਂ ਤਕ ਕਿ ...
(24 ਮਾਰਚ 2022)

 

ਅੱਜਕਲ ਦੇ ਡਿਜੀਟਲ ਯੁਗ ਵਿੱਚ ਪੈਸੇ ਦਾ ਲੈਣ-ਦੇਣ ਬਹੁਤ ਸੁਖਾਲਾ ਹੋ ਗਿਆ ਹੈਪਹਿਲੋਂ ਜੇਕਰ ਕੋਈ ਵਿਅਕਤੀ ਘਰੇ ਬਟੂਆ ਭੁੱਲ ਆਉਂਦਾ ਤਾਂ ਉਹਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ, ਪਰ ਹੁਣ ਅਜਿਹਾ ਨਹੀਂ ਰਿਹਾਏ.ਟੀ.ਐੱਮ. ਮਸ਼ੀਨਾਂ ਤੇ ਹੁਣ ਕਾਰਡ ਰਾਹੀਂ ਹੀ ਨਹੀਂ ਸਗੋਂ ਆਪਣੇ ਅੰਗੂਠੇ ਨਾਲ ਵੀ ਤੁਸੀਂ ਪੈਸੇ ਕਢਵਾ ਸਕਦੇ ਹੋਇਸ ਤੋਂ ਇਲਾਵਾ ਡਿਜੀਟਲ ਪੇਮੈਂਟ ਸਿਸਟਮ ਰਾਹੀਂ ਬੰਦਾ ਕਿਸੇ ਵੀ ਵੇਲੇ, ਕਿਸੇ ਵੀ ਥਾਂ ’ਤੇ ਆਪਣੇ ਮੋਬਾਇਲ ਤੋਂ ਹੀ ਕੀਤੀ ਖਰੀਦੋ ਫਰੋਖਤ ਲਈ ਭੁਗਤਾਨ ਕਰ ਸਕਦਾ ਹੈਅੱਜ ਤੋਂ ਕੋਈ ਵੀਹ-ਪੰਝੀ ਸਾਲ ਪਹਿਲਾਂ ਕੇਵਲ ਬੈਂਕਾਂ ਜਾਂ ਰਵਾਇਤੀ ਡਾਕਖਾਨੇ ਤੋਂ ਇਲਾਵਾ ਹੋਰ ਕੋਈ ਪੈਸੇ ਜਮ੍ਹਾਂ ਕਰਾਉਣ ਜਾਂ ਕਢਾਉਣ ਦਾ ਸਾਧਨ ਨਹੀਂ ਸੀ ਹੁੰਦਾਇਹ ਸਾਰਾ ਵਰਤਾਰਾ ਮੈਂਨੂੰ ਅੱਜ ਤੋਂ ਲਗਭਗ 40 ਸਾਲ ਪੁਰਾਣੀ ਇੱਕ ਘਟਨਾ ਦੀ ਯਾਦ ਦਵਾਉਂਦਾ ਹੈ ਜਦੋਂ ਮੇਰੇ ਬਾਬਾ ਜੀ ਨੇ ਮੈਂਨੂੰ ਆਪਣੇ ਖਾਤੇ ਵਿੱਚੋਂ 500 ਰੁਪਏ ਕਢਵਾਉਣ ਲਈ ਫਾਰਮ ਉੱਤੇ ਇੱਕ ਮੂਹਰੇ ਤੇ ਦੋ ਪਿੱਛੇ ਦਸਤਖ਼ਤ ਕਰਕੇ ਮੈਂਨੂੰ ਡਾਕਖਾਨੇ ਘੱਲਿਆਮੈਂ ਉਦੋਂ ਬੀ.ਏ. ਵਿੱਚ ਦਾਖਲਾ ਲਿਆ ਹੀ ਸੀ

ਬਾਬਾ ਜੀ ਦੇ ਹੁਕਮ ’ਤੇ ਫੁੱਲ ਚੜ੍ਹਾਉਂਦਿਆਂ ਮੈਂ ਅਗਲੀ ਸਵੇਰੇ ਕਾਲਜ ਜਾਣ ਤੋਂ ਪਹਿਲਾਂ ਡਾਕਖਾਨੇ ਪੁੱਜ ਕੇ ਉਨ੍ਹਾਂ ਦੀ ਪਾਸਬੁੱਕ ਤੇ ਪੈਸੇ ਕਢਵਾਉਣ ਵਾਲਾ ਫਾਰਮ ਬਾਊ ਦੇ ਹੱਥ ਫੜਾਏ ਤੇ ਉਹ ਅੱਗੋਂ ਬੋਲਿਆ, “ਕਾਕਾ! ਖਾਤਾ ਤੇਰੈ?”

ਮੈਂ ਕਿਹਾ, “ਜੀ ਨਹੀਂ, ਇਹ ਮੇਰੇ ਬਾਬਾ ਜੀ ਦਾ ਐਉਹਨਾਂ ਮੈਂਨੂੰ 500 ਰੁਪਏ ਕਢਵਾ ਕੇ ਲਿਆਉਣ ਲਈ ਭੇਜਿਐਸਿਹਤ ਠੀਕ ਨਾ ਹੋਣ ਕਾਰਨ ਉਹ ਆਪ ਨਹੀਂ ਆ ਸਕਦੇ ਇੱਥੇ

ਬਾਊ ਕਹਿਣ ਲੱਗਾ, “ਕਾਕਾ! ਫੇਰ ਤਾਂ ਤੈਨੂੰ ਅਸੂਲਨ ਪੈਸੇ ਨਹੀਂ ਦਿੱਤੇ ਜਾ ਸਕਦੇ” ਬਾਊ ਨੇ ਦੀਵਾਰ ਵੱਲ ਇਸ਼ਾਰਾ ਕਰਦਿਆਂ ਕਿਹਾ, “ਔਹ ਪੜ੍ਹ ਕੀ ਲਿਖਿਐ?”

ਹਿੰਦੀ ਵਿੱਚ ਕੰਧ ਉੱਤੇ ਲਿਖਿਆ ਸੀ, “ਕੇਵਲ ਖਾਤਾ ਧਾਰਕ ਹੀ ਖੁਦ ਆਪਣੇ ਖਾਤੇ ਸੇ ਪੈਸੇ ਨਿਕਲਵਾ ਸਕਤਾ ਹੈ” ਇਹ ਪੜ੍ਹਨ ਮਗਰੋਂ ਮੈਂ ਬਾਊ ਨੂੰ ਤਰਲਾ ਪਾਉਂਦਿਆਂ ਆਖਿਆ, “ਬਾਊ ਜੀ! ਇਹ ਪੈਸੇ ਬਾਬਾ ਜੀ ਦੇ ਇਲਾਜ ਲਈ ਲਾਜ਼ਮੀ ਚਾਹੀਦੇ ਨੇਕਿਰਪਾ ਕਰਕੇ ਫੌਰੀ ਦੇਣ ਦੀ ਖੇਚਲ ਕਰੋਇਹ ਸੁਣ ਕੇ ਉਹ ਮੈਂਨੂੰ ਕਹਿਣ ਲੱਗਾ, “ਕਾਕਾ! ਜੇਕਰ ਪੈਸੇ ਚਾਹੀਦੇ ਨੇ ਤਾਂ ਇੱਕ ਕੰਮ ਕਰ, ਕੋਈ ਅਜਿਹਾ ਬੰਦਾ ਲਿਆ ਜਿਹੜਾ ਤੈਨੂੰ ਵੀ ਜਾਣਦਾ ਹੋਵੇ ਤੇ ਮੈਂਨੂੰ ਵੀ, ਫਿਰ ਮੈਂ ਤੇਰੀ ਕੋਈ ਮਾੜੀ ਮੋਟੀ ਮਦਦ ਕਰ ਸਕਦਾਂ

ਬਾਊ ਦੀ ਇਹ ਗੱਲ ਸੁਣ ਕੇ ਮੈਂਨੂੰ ਉਹਦੀ ਨੀਅਤ ਖੋਟੀ ਜਾਪੀ ਕਿ ਉਹ ਪੈਸੇ ਨਾ ਦੇਣ ਦੀ ਆੜ ਵਿੱਚ ਮੈਂਨੂੰ ਮੂਰਖ ਬਣਾ ਰਿਹਾ ਹੈਉਹਦੀ ਤੇ ਮੇਰੀ ਉਮਰ ’ਚ ਘੱਟੋ-ਘੱਟ ਇੱਕ ਪੀੜ੍ਹੀ ਦਾ ਪਾੜਾ ਹੋਣ ਕਾਰਨ ਮੈਂ ਆਪਣੀ ਸਿਆਣਪ ਜਾਂ ਕਿਸੇ ਕਿਸਮ ਦੇ ਤਰਕ ਨਾਲ ਵੀ ਉਹਦੀ ਸਹਿਮਤੀ ਹਾਸਲ ਕਰਨ ਵਿੱਚ ਅਸਮਰਥ ਰਿਹਾ ਹੌਸਲਾ ਕਰਦਿਆਂ ਮੈਂ ਉਹਨੂੰ ਕਿਹਾ, “ਬਾਊ ਜੀ! ਤੁਸੀਂ ਤਾਂ ਸਿਆਣੇ-ਬਿਆਣੇ ਓ, ਦੱਸੋ ਭਲਾ! ਮੈਂ ਆਪਣਾ ਤਾਂ ਕੋਈ ਜਾਣਕਾਰ ਤੁਹਾਡੇ ਮੂਹਰੇ ਲਿਆ ਕੇ ਖੜ੍ਹਾ ਕਰ ਸਕਦਾਂ ਪਰ ਜਿਹੜਾ ਤੁਹਾਨੂੰ ਸਿਆਣਦਾ ਹੋਵੇ, ਉਹਦਾ ਮੈਂਨੂੰ ਕੀ ਪਤਾ

ਔਖਾ ਭਾਰਾ ਹੋਇਆ ਉਹ ਅੱਗੋਂ ਬੋਲਿਆ, “ਪੈਸੇ ਲੈਣੇ ਐ ਤਾਂ ਇਹ ਸਭ ਕਰਨਾ ਹੀ ਪਊਨਹੀਂ ਤਾਂ ਆਪਣੇ ਬਜ਼ੁਰਗ ਨੂੰ ਰਿਕਸ਼ੇ ਵਿੱਚ ਬਹਾ ਕੇ ਲੈ ਆ

ਨਿੰਮੋਝੂਣਾ ਜਿਹਾ ਹੋਇਆ ਮੈਂ ਡਾਕਖਾਨੇ ਦੇ ਬਾਹਰ ਸੱਜੇ-ਖੱਬੇ ਬਜ਼ਾਰ ਵਿੱਚ ਇਸ ਆਸ ਵਿੱਚ ਗੇੜੇ ਕੱਢਣ ਲੱਗਾ ਕਿ ਸ਼ਾਇਦ ਕੋਈ ਅਜਿਹਾ ਮਿੱਤਰ ਜਾਂ ਜਾਣਕਾਰ ਮਿਲ ਜਾਵੇ, ਜਿਸਦੀ ਡਾਕਖਾਨੇ ਵਾਲੇ ਬਾਊ ਨਾਲ ਲਿਹਾਜ਼ ਹੋਵੇਇੰਨੇ ਵਿੱਚ ਮੇਰਾ ਇੱਕ ਮਿੱਤਰ ਮਿਲ ਗਿਆ ਜਿਹਨੇ ਮੈਂਨੂੰ ਪੁੱਛਿਆ, “ਬਾਈ! ਕੀ ਗੱਲ ਐ, ਪਰੇਸ਼ਾਨ ਜਿਹਾ ਜਾਪਦੈਂ?”

ਮੈਂ ਸਾਰੀ ਵਿਥਿਆ ਉਹਨੂੰ ਆਖ ਸੁਣਾਈ ਤੇ ਇਸ ਸਮੱਸਿਆ ਦਾ ਕੋਈ ਹੱਲ ਕੱਢਣ ਦਾ ਵਾਸਤਾ ਪਾਇਆਉਹ ਮੈਂਨੂੰ ਆਪਣੇ ਪਿਤਾ ਜੀ ਕੋਲ ਬੀਜਾਂ ਦੀ ਹੱਟੀ ’ਤੇ ਲੈ ਗਿਆਉਸ ਨੇ ਪਹਿਲੋਂ ਮੈਨੂੰ ਚਾਹ ਪਿਲਾਈ ਤੇ ਫਿਰ ਆਪਣੇ ਪਿਤਾ ਜੀ ਨੂੰ ਸਾਰੀ ਰਾਮ ਕਹਾਣੀ ਦੱਸੀਬੜੇ ਮਿੱਠ ਬੋਲੜੇ ਤੇ ਮਿਲਾਪੜੇ ਸਨ ਉਹਦੇ ਪਿਤਾ ਜੀਉਹ ਕਹਿਣ ਲੱਗੇ, “ਕਾਕਾ! ਮੈਂ ਜਾਣਦਾਂ ਇਸ ਬਾਊ ਨੂੰ, ਮੇਲਾ ਰਾਮ ਏ ਨਾਂ ਇਹਦਾ, ਕਈ ਸ਼ਿਕਾਇਤਾਂ ਹੋ ਚੁੱਕੀਐਂ ਇਹਦੀਆਂ, ਪੋਸਟ ਮਾਸਟਰ ਦੇ ਕੰਨ ’ਤੇ ਵੀ ਜੂੰ ਨਹੀਂ ਸਰਕਦੀ, ਫਿਤਰਤਨ, ਬਾਹਲਾ ਈ ਲਾਲਚੀ ਤੇ ਬੇ-ਲਿਹਾਜ਼ਾ ਇਨਸਾਨ ਐ, ਜਿਹਨੂੰ ਭੋਰਾ ਵੀ ਸੰਗ-ਸ਼ਰਮ ਨਹੀਂਇੱਥੋਂ ਤਕ ਕਿ ਇਹ ਮੰਡੀ ਵਿੱਚ ਦਿਹਾੜੀ ਕਰਨ ਵਾਲੇ ਗਰੀਬਾਂ ਦਾ ਵੀ ਉੱਕਾ ਲਿਹਾਜ਼ ਨਹੀਂ ਕਰਦਾ ਇੰਨਾ ਮਾੜਾ ਸ਼ਖਸ ਐ ਕਿ ਕੰਮ ਗਏ ਹਰੇਕ ਬੰਦੇ ਨੂੰ ਉਲਝਾ ਕੇ ਉਸ ਤੋਂ ਪੈਸੇ ਫੁੰਡਣ ਦੀ ਤਾਕ ’ਚ ਰਹਿੰਦੈਖੈਰ ਛੱਡ ਕਾਕਾ, ਤੈਨੂੰ ਜਿੰਨੇ ਪੈਸੇ ਚਾਹੀਦੇ ਨੇ, ਤੂੰ ਮੈਥੋਂ ਲੈ ਜਾਭਗਤ ਜੀ ਦੀ ਦਵਾਈ-ਬੂਟੀ ਕਰਵਾ ਕੇ ਮਗਰੋਂ ਆਰਾਮ ਨਾਲ ਮੋੜ ਦਿਆ ਜੇਬੇਟਾ, ਉਧਾਰ ਦੀ ਕਿਤੇ ਮਾਂ ਮੋਈ ਐ?”

ਨੇਕ, ਨਿਰਮਲ ਚਿੱਤ ਤੇ ਰੱਬ ਦੇ ਭਾਣੇ ਵਿੱਚ ਰਹਿਣ ਕਰਕੇ ਮੇਰੇ ਬਾਬਾ ਜੀ ਨੂੰ ਸ਼ਹਿਰ ਦੇ ਲੋਕ ਮੁੱਢ ਤੋਂ ਸਤਿਕਾਰ ਨਾਲ ‘ਭਗਤ ਜੀ’ ਕਹਿ ਕੇ ਸੱਦਦੇ ਸਨ ਮੈਂਨੂੰ ਇਹ ਭਲੀ-ਭਾਂਤ ਪਤਾ ਸੀ ਕਿ ਜੇਕਰ ਮੈਂ ਇਹਨਾਂ ਕੋਲੋਂ ਉਧਾਰੇ ਪੈਸੇ ਲੈ ਗਿਆ ਤਾਂ ਬਾਬਾ ਜੀ ਮੇਰੇ ਨਾਲ ਖਫ਼ਾ ਹੋਣਗੇ ਕਿਉਂ ਜੋ ਉਹ ਆਪਣੇ ਪਿੰਡੇ ’ਤੇ ਸੰਤਾਲੀ ਦੀ ਵੰਡ ਦਾ ਸੰਤਾਪ ਭੋਗਦਿਆਂ ਆਪਣੇ ਪੈਰਾਂ ’ਤੇ ਖੁਦ-ਬ-ਖੁਦ ਖੜ੍ਹੇ ਹੋਏ ਸਨਉਹ ਇਸ ਕਦਰ ਖ਼ੁਦਾਰ ਅਤੇ ਆਪਣੇ ਅਸੂਲਾਂ ਦੇ ਪੱਕੇ ਸਨ ਕਿ ਉਨ੍ਹਾਂ ਨੇ ਤਾਂ ਕਦੀ ਮੇਰੇ ਬਾਪੂ ਤੇ ਚਾਚਾ ਜੀ ਤੋਂ ਵੀ ਧੇਲਾ ਨਹੀਂ ਸੀ ਫੜਿਆਮੇਰੇ ਮਿੱਤਰ ਦੇ ਪਿਤਾ ਜੀ ਕਹਿਣ ਲੱਗੇ, “ਕਾਕਾ! ਜੇ ਤੂੰ ਮੈਥੋਂ ਪੈਸੇ ਨਹੀਂ ਲੈਣੇ ਤਾਂ ਫਿਰ ਇੱਕੋ-ਇੱਕ ਹੱਲ ਹੈ ਕਿ ਤੂੰ ਵੀਹਾਂ ਦਾ ਨੋਟ ਉਹਦੇ ਹੱਥ ਫੜਾ ਤੇ ਆਪਣਾ ਕੰਮ ਕਢਾਮੈਂ ਜਾਣਦਾਂ ਇਸਦੀ ਜ਼ਿਹਨੀਅਤ ਨੂੰ, ਇਹ ਤਾਂ ਨਿਰਾ ਪੈਸੇ ਦਾ ਪੀਰ ਐ

ਮੈਂ ਮੁੜ ਡਾਕਖਾਨੇ ਪੁੱਜ ਕੇ ਬਾਊ ਨੂੰ ਦੱਸਿਆ ਕਿ ਮੈਂਨੂੰ ਕੋਈ ਵੀ ਅਜਿਹਾ ਬੰਦਾ ਨਹੀਂ ਟੱਕਰਿਆ ਜੋ ਤੁਹਾਨੂੰ ਵੀ ਜਾਣਦਾ ਹੋਵੇ ਤੇ ਮੈਨੂੰ ਵੀਬਾਊ ਦੀ ਤਸੱਲੀ ਲਈ ਮੈਂ ਉਸ ਨੂੰ ਕਿਹਾ, “ਇਕ-ਦੋ ਬੰਦੇ ਜੋ ਮੰਡੀ ਵਿੱਚ ਚਿਰਾਂ ਤੋਂ ਕਾਰੋਬਾਰ ਕਰਦੇ ਨੇ ਤੇ ਮੇਰੀ ਵੀ ਉਨ੍ਹਾਂ ਨਾਲ ਚਿਰੋਕਣੀ ਸਾਂਝ ਹੈ ਜੇ ਕਹੋ ਤਾਂ ਉਨ੍ਹਾਂ ਨੂੰ ਸੱਦ ਲਿਆਉਂਦਾਂ

ਕੋਈ ਡਾਹ ਨਾ ਦਿੰਦਿਆਂ ਬਾਊ ਬਾਰ-ਬਾਰ ਇਹੀ ਆਖੀ ਜਾ ਰਿਹਾ ਸੀ, “ਕਾਕਾ! ਤੇਰੇ ਦਿਮਾਗ ’ਚ ਕੋਈ ਫਰਕ ਐ, ਹੋ ਸਕਦਾ ਹੈ ਉਹ ਸਾਰੇ ਤੈਨੂੰ ਤਾਂ ਜਾਣਦੇ ਹੋਣ ਪਰ ਮੈਂਨੂੰ ਤਾਂ ਨਹੀਂ ਸਿਆਣਦੇਫਿਰ ਦੱਸ ਕਿਵੇਂ ਦੇ ਦਿਆਂ ਪੈਸੇ ਤੈਨੂੰ?

ਹੁਣ ਮੇਰੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਸੀ ਤੇ ਮੈਂ ਬਾਹਰ ਜਾ ਕੇ ਬਾਬਾ ਜੀ ਵੱਲੋਂ ਕਰਵਾਏ ਦਸਤਖ਼ਤਾਂ ਵਾਲੇ ਫਾਰਮ ਵਿੱਚ ਵੀਹਾਂ ਦਾ ਨੋਟ ਲਪੇਟ ਕੇ ਜਾਲੀ ਥਾਣੀ ਹਿਚਕਚਾਉਂਦਿਆਂ ਬਾਊ ਦੇ ਹੱਥ ਫੜਾਇਆਫਾਰਮ ਦੇ ਵਿੱਚ ਵੀਹਾਂ ਦਾ ਨੋਟ ਦੇਖ ਕੇ ਬਾਊ ਦਾ ਚਿਹਰਾ ਖਿੜ ਉੱਠਿਆ ਤੇ ਉਹ ਆਪਣੀ ਮੋਟੇ ਸ਼ੀਸ਼ਿਆਂ ਵਾਲੀ ਐਨਕ ਨੱਕ ਤੋਂ ਥੱਲੇ ਖਿਸਕਾਉਂਦਿਆਂ ਬੋਲਿਆ, “ਕਾਕਾ! ਹੁਣ ਕੀਤੀ ਆ ਸਿਆਣੀ ਗੱਲ ਤੂੰ, ਐਵੇਂ ਸਵੇਰ ਦਾ ਸੱਜੇ-ਖੱਬੇ ਟੱਕਰਾਂ ਮਾਰੀ ਜਾਂਦਾ ਸੀ ਤੇ ਨਾਲੇ ਮੇਰਾ ਟੈਮ ਬਰਬਾਦ ਕੀਤਾ ਈਬੰਦਾ ਤਾਂ ਤੂੰ ਆਪਣੇ ਬੋਝੇ ਵਿੱਚ ਸਵੇਰ ਦਾ ਪਾਈ ਫਿਰਦੈਂ ਜਿਹੜਾ ਤੈਨੂੰ ਵੀ ਸਿਹਾਣਦੈ ਤੇ ਮੈਂਨੂੰ ਵੀ …” ਬਾਊ ਨੇ ਫੁਰਤੀ ਨਾਲ ਫਾਰਮ ’ਤੇ ਮੋਹਰ ਲਾਈ ਤੇ ਕੋਲ ਪਈ ਸੰਦੂਕੜੀ ਵਿੱਚੋਂ 100-100 ਦੇ ਪੰਜ ਨੋਟ ਗਿਣ ਕੇ ਮੇਰੇ ਹੱਥ ਫੜਾਉਂਦਿਆਂ ਬੋਲਿਆ, “ਜਾ ਵਗ ਜਾ, ਮੌਜ ਕਰ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3452)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਓਪਿੰਦਰ ਸਿੰਘ ਲਾਂਬਾ

ਡਾ. ਓਪਿੰਦਰ ਸਿੰਘ ਲਾਂਬਾ

Additional Director,
Information and Public Relations, Punjab, India.
Phone: (91 - 97800 - 36136)
Email: (
opinder.lamba@gmail.com)

More articles from this author