“ਬਜ਼ੁਰਗ ਅੱਗ ਬਬੂਲਾ ਹੋ ਉੱਠਿਆ ਤੇ ਕਹਿਣ ਲੱਗਾ, “ਕਾਕਾ, ਮੈਂ ਤੇਰੇ ਪਿਓ ਦਾ ਨੌਕਰ ਨਹੀਂ ...”
(15 ਮਾਰਚ 2022)
ਮਹਿਮਾਨ: 102.
ਸੰਚਾਰ ਸਾਧਨਾਂ ਵਿੱਚ ਪਰਿਵਰਤਨ ਇੰਨੀ ਤੇਜ਼ੀ ਨਾਲ ਵਾਪਰ ਰਿਹਾ ਹੈ ਕਿ ਦਹਾਕਿਆਂ ਪੁਰਾਣੀਆਂ ਘਟਨਾਵਾਂ ਕਿਸੇ ਹੋਰ ਯੁਗ ਦੀਆਂ ਪ੍ਰਤੀਤ ਹੁੰਦੀਆਂ ਹਨ। ਅੱਜ ਜਦੋਂ ਕੋਈ ਵੀ ਸੂਚਨਾ ਸੋਸ਼ਲ ਮੀਡੀਆ ’ਤੇ ਜੰਗਲ ਦੀ ਅੱਗ ਵਾਂਗ ਫੈਲਦੀ ਹੈ ਤਾਂ ਮੇਰੀਆਂ ਅੱਖਾਂ ਅੱਗੇ 35 ਸਾਲ ਪਹਿਲਾਂ ਸਰਕਾਰੀ ਨੌਕਰੀ ਵਿੱਚ ਆਉਣ ਮੌਕੇ ਸੰਚਾਰ ਸਾਧਨਾਂ ਦੀ ਭਾਰੀ ਘਾਟ ਹੋਣ ਦੀ ਸਥਿਤੀ ਘੁੰਮ ਜਾਂਦੀ ਹੈ। ਦਸੰਬਰ 1986 ਵਿੱਚ ਮੇਰੀ ਨਿਯੁਕਤੀ ਪੰਜਾਬ ਸਰਕਾਰ ਵਿੱਚ ਬਤੌਰ ਸੂਚਨਾ ਤੇ ਲੋਕ ਸੰਪਰਕ ਅਫਸਰ ਵਜੋਂ ਹੋਈ ਸੀ ਅਤੇ ਮੇਰੀ ਤਾਇਨਾਤੀ ਵੀ ਚੰਡੀਗੜ੍ਹ ਸਥਿਤ ਹੈੱਡ ਕੁਆਟਰ ਵਿਖੇ ਹੋ ਗਈ। ਮੈਂ ਅਜੇ ਪੜ੍ਹਾਈ ਪੂਰੀ ਕਰਕੇ ਹੀ ਹਟਿਆ ਸੀ ਕਿ ਉਦੋਂ ਹੀ ਗਜ਼ਟਿਡ ਅਫਸਰ ਦੀ ਨੌਕਰੀ ਮਿਲਣ ਕਰਕੇ ਮੈਂਨੂੰ ਬੇਰੁਜ਼ਗਾਰੀ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਕਰਕੇ ਮੈਂ ਹਮੇਸ਼ਾ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ।
ਸਰਕਾਰੀ ਅਫਸਰ ਵਜੋਂ ਨੌਕਰੀ ਦੌਰਾਨ ਮੈਂ ਆਪਣੀ ਡਿਊਟੀ ਸਿਰਫ ਪ੍ਰੈੱਸ ਨੋਟ ਬਣਾਉਣ ਤਕ ਹੀ ਸਮਝਦਾ ਸੀ। ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ਦਾ ਮੈਂਨੂੰ ਚੰਗਾ ਗਿਆਨ ਸੀ ਜਿਸ ਕਰਕੇ ਮੈਂਨੂੰ ਪ੍ਰੈੱਸ ਨੋਟ ਬਣਾਉਣ ਵਿੱਚ ਕਦੇ ਬਹੁਤੀ ਦਿੱਕਤ ਨਹੀਂ ਹੋਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੱਤਰਕਾਰੀ ਦੀ ਡਿਗਰੀ ਹਾਸਿਲ ਕਰਨ ਮਗਰੋਂ ਮੈਂ ਛੇ ਮਹੀਨੇ ਦੀ ਸਿਖਲਾਈ ‘ਇੰਡੀਅਨ ਐਕਸਪ੍ਰੈੱਸ’ ਦੇ ਸੰਪਾਦਕੀ ਡੈਸਕ ਤੋਂ ਲਈ ਸੀ। ਉਸ ਵੇਲੇ ਦੇ ਸੰਪਾਦਕੀ ਮੰਡਲ ਨੇ ਮੈਂਨੂੰ ਖਬਰ ਏਜੰਸੀਆਂ ਦੀ ਕਾਪੀ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਹੁੰਦੇ ਪ੍ਰੈੱਸ ਨੋਟਾਂ ਦੇ ਸੰਪਾਦਨ ਦੇ ਕਾਰਜ ਵਿੱਚ ਨਿਪੁੰਨਤਾ ਬਖਸ਼ੀ। ਉਸ ਵੇਲੇ ਚੰਡੀਗੜ੍ਹ ਤੋਂ ਸਿਰਫ ਅੰਗਰੇਜ਼ੀ ਦੇ ਦੋ ਪ੍ਰਮੁੱਖ ਅਖਬਾਰ ‘ਦੀ ਟ੍ਰਿਬਿਊਨ’ ਅਤੇ ‘ਇੰਡੀਅਨ ਐਕਪ੍ਰੈਸ’ ਤੋਂ ਇਲਾਵਾ ‘ਪੰਜਾਬੀ ਟ੍ਰਿਬਿਊਨ’, ‘ਦੈਨਿਕ ਟ੍ਰਿਬਿਊਨ’ ਅਤੇ ‘ਜਨਸੱਤਾ’ ਹੀ ਪ੍ਰਕਾਸ਼ਿਤ ਹੁੰਦੇ ਸਨ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਦੂਰਦਰਸ਼ਨ ਦੀ ਤੂਤੀ ਬੋਲਦੀ ਸੀ।
ਨੌਕਰੀ ਤੋਂ ਦੋ ਮਹੀਨਿਆਂ ਮਗਰੋਂ ਹੀ ਮੈਂਨੂੰ ਵਿਭਾਗ ਵਿੱਚ ਪ੍ਰੈੱਸ ਨੋਟ ਬਣਾਉਣ ਤੋਂ ਇਲਾਵਾ ਬਾਕੀ ਜ਼ਿੰਮੇਵਾਰੀਆਂ ਨਿਭਾਉਣ ਦਾ ਵੀ ਅਹਿਸਾਸ ਹੋਇਆ। ਇੱਕ ਦਿਨ ਬਾਅਦ ਦੁਪਹਿਰ ਮੈਂਨੂੰ ਮੇਰੇ ਜਾਇੰਟ ਡਾਇਰੈਕਟਰ (ਪ੍ਰੈੱਸ) ਨੇ ਬੁਲਾ ਕੇ ਇੱਕ ਟੀ.ਵੀ. ਕੈਸੇਟ ਦਿੰਦਿਆਂ ਕਿਹਾ ਕਿ ਇਸ ਨੂੰ ਤੁਰੰਤ ਚੰਡੀਗੜ੍ਹ ਏਅਰਪੋਰਟ ਪਹੁੰਚਾਓ ਤਾਂ ਜੋ ਦਿੱਲੀ ਸਥਿਤ ਆਪਣੇ ਲੋਕ ਸੰਪਰਕ ਦਫਤਰ ਰਾਹੀਂ ਦੂਰਦਰਸ਼ਨ ਤੋਂ ਸ਼ਾਮ ਨੂੰ ਪ੍ਰਸਾਰਿਤ ਹੋਣ ਵਾਲੇ ਨਿਊਜ਼ ਬੁਲੇਟਿਨ ਵਿੱਚ ਇਹ ਖਬਰ ਚਲਾਈ ਜਾ ਸਕੇ। ਇੱਕ ਵਾਰ ਤਾਂ ਮੈਂ ਡੌਰ-ਭੌਰ ਜਿਹਾ ਹੋ ਗਿਆ ਕਿ ਇਹ ਕਿਹੜਾ ਕੰਮ ਹੋਇਆ ਪਰ ਅਧਿਕਾਰੀਆਂ ਦੇ ਕਹੇ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ ਮੈਂ ਏਅਰਪੋਰਟ ਵੱਲ ਨੂੰ ਹੋ ਤੁਰਿਆ। ਮਨ ਵਿੱਚ ਥੋੜ੍ਹੀ ਘਬਰਾਹਟ ਅਤੇ ਬੇਚੈਨੀ ਹੋਣ ਕਾਰਨ ਮੈਂ ਏਅਰਪੋਰਟ ਦੀ ਲਾਬੀ ਵਿੱਚ ਪਹੁੰਚ ਗਿਆ, ਜਿੱਥੇ ਕੁਝ ਮੁਸਾਫਿਰ ਸ਼੍ਰੀਨਗਰ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਦਾ ਇੰਤਜ਼ਾਰ ਕਰ ਰਹੇ ਸਨ। ਕੁਝ ਕੁ ਮੁਸਾਫਰਾਂ ’ਤੇ ਪੰਛੀ ਝਾਤ ਮਾਰਨ ਮਗਰੋਂ ਮੈਂ ਇੱਕ ਬਜ਼ੁਰਗ ਕੋਲ ਜਾ ਕੇ ਆਪਣਾ ਤੁਆਰਫ਼ ਕਰਵਾਉਂਦਿਆਂ ਬੇਨਤੀ ਕੀਤੀ ਕਿ ਇਹ ਕੈਸੇਟ ਤੁਸੀਂ ਦਿੱਲੀ ਪਾਲਮ ਏਅਰਪੋਰਟ ’ਤੇ ਪਹੁੰਚਦੇ ਸਾਰ ਸਾਡੇ ਦਿੱਲੀ ਦਫਤਰ ਦੇ ਸਹਾਇਕ ਲੋਕ ਸੰਪਰਕ ਅਫਸਰ ਨੂੰ ਦੇ ਦੇਣਾ। ਉਸ ਦੀ ਸਹਿਮਤੀ ਤੋਂ ਪਹਿਲਾਂ ਹੀ ਮੈਂ ਉਸ ਦਾ ਧੰਨਵਾਦ ਕਰ ਦਿੱਤਾ। ਮੇਰੀ ਤਰਸਯੋਗ ਹਾਲਤ ਵੇਖਦਿਆਂ ਉਸ ਬਜ਼ੁਰਗ ਨੇ ਬਿਨਾ ਆਨਾਕਾਨੀ ਕੀਤੇ ਕੈਸੇਟ ਆਪਣੇ ਮੋਢੇ ’ਤੇ ਟੰਗੇ ਨੀਲੇ ਰੰਗ ਦੇ ਬੈਗ ਵਿੱਚ ਪਾ ਲਈ। ਉਸ ਨੇ ਆਪਣਾ ਨਾਮ, ਪਤਾ ਅਤੇ ਟੈਲੀਫੋਨ ਨੰਬਰ ਦਿੰਦਿਆਂ ਕਿਹਾ ਕਿ ਆਪਣੇ ਦਿੱਲੀ ਵਾਲੇ ਅਫਸਰ ਨੂੰ ਮੇਰੇ ਨੀਲੇ ਰੰਗ ਦੀ ਪੈਂਟ ਅਤੇ ਕਾਲੇ ਰੰਗ ਦੀ ਜੈਕਟ ਦੀ ਨਿਸ਼ਾਨੀ ਦੱਸ ਦੇਣਾ ਤਾਂ ਕਿ ਉਹ ਮੈਂਨੂੰ ਪਛਾਣ ਕੇ ਕੈਸੇਟ ਲੈ ਜਾਵੇ।
ਮੈਂ ਚਾਈਂ-ਚਾਈਂ ਦਫਤਰ ਪਰਤ ਕੇ ਟੈਲੀਫੋਨ ਰਾਹੀਂ ਦਿੱਲੀ ਵਾਲੇ ਅਫਸਰ ਨੂੰ ਉਸ ਬਜ਼ੁਰਗ ਦਾ ਹੁਲੀਆ ਬਿਆਨ ਕਰ ਕੇ ਕਿਹਾ ਕਿ ਸਮੇਂ ਸਿਰ ਪੁੱਜ ਕੇ ਏਅਰਪੋਰਟ ਤੋਂ ਟੀ.ਵੀ. ਕੈਸੇਟ ਲੈ ਲੈਣਾ। ਲਗਭਗ ਢਾਈ ਘੰਟਿਆਂ ਬਾਅਦ ਉਸ ਦਾ ਫੋਨ ਆਇਆ ਕਿ ਇਸ ਤਰ੍ਹਾਂ ਦਾ ਕੋਈ ਵੀ ਸ਼ਖਸ ਏਅਰਪੋਰਟ ’ਤੇ ਨਹੀਂ ਉੱਤਰਿਆ। ਮੇਰੀ ਪ੍ਰੇਸ਼ਾਨੀ ਹੋਰ ਵਧ ਗਈ ਤੇ ਸੋਚਿਆ ਕਿ ਹੁਣ ਤਾਂ ਮੈਨੂੰ ਨੌਕਰੀ ਤੋਂ ਹੱਥ ਧੋਣੇ ਪੈਣਗੇ। ਮੈਂ ਹੌਸਲਾ ਕਰਕੇ ਬਜ਼ੁਰਗ ਨੂੰ ਫੋਨ ’ਤੇ ਸੰਪਰਕ ਕੀਤਾ ਤਾਂ ਉਹ ਅੱਗੋਂ ਬੜੇ ਗੁੱਸੇ ਨਾਲ ਬੋਲਿਆ, “ਕਾਕਾ, ਤੁਸੀਂ ਚੰਗਾ ਨਹੀਂ ਜੇ ਕੀਤਾ। ਮੈਂ ਦੋ ਘੰਟੇ ਭੁੱਖਾ ਭਾਣਾ ਤੁਹਾਡੇ ਮੁਲਾਜ਼ਮ ਦਾ ਇੰਤਜ਼ਾਰ ਕਰਦਾ ਰਿਹਾ, ਪਰ ਉਹ ਉੱਥੇ ਨਹੀਂ ਪਹੁੰਚਿਆ।”
ਮੈਂ ਫਿਰ ਆਪਣੇ ਅਧਿਕਾਰੀ ਤੋਂ ਪੁੱਛਿਆ ਕਿ ਜਾਪਦਾ ਹੈ ਕਿ ਤੂੰ ਉਸ ਬਜ਼ੁਰਗ ਨੂੰ ਪਛਾਣ ਨਹੀਂ ਸਕਿਆ ਜੋ ਤੈਨੂੰ ਉਡੀਕਣ ਮਗਰੋਂ ਥੱਕ-ਹਾਰ ਕੇ ਘਰ ਚਲਿਆ ਗਿਆ। ਮੈਂ ਦੁਬਾਰਾ ਹਿੰਮਤ ਕਰਦਿਆਂ ਉਸ ਬਜ਼ੁਰਗ ਨੂੰ ਫੋਨ ਕਰ ਕੇ ਦੱਸਿਆ ਕਿ ਸਾਡਾ ਅਧਿਕਾਰੀ ਤੁਹਾਡੇ ਦੱਸੇ ਹੁਲੀਏ ਮੁਤਾਬਿਕ ਤੁਹਾਨੂੰ ਪਛਾਣ ਨਹੀਂ ਸਕਿਆ। ਹੋ ਸਕਦਾ ਹੈ ਕਿਤੇ ਮੇਰੇ ਦੱਸਣ ਵਿੱਚ ਕੋਈ ਫਰਕ ਰਹਿ ਗਿਆ ਹੋਵੇ।
ਉਸ ਸਮੇਂ ਤਕ ਬਜ਼ੁਰਗ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਚੁੱਕਾ ਸੀ ਜਿਸ ਕਰਕੇ ਉਹ ਕਹਿਣ ਲੱਗਾ “ਕਾਕਾ, ਗਲਤੀ ਥੋਡੀ ਨਹੀਂ, ਮੇਰੀ ਹੈ ਕਿਉਂ ਜੋ ਮੈਂ ਫਲਾਈਟ ਤੋਂ ਉੱਤਰਦੇ ਸਾਰ ਦਿੱਲੀ ਦੇ ਮੌਸਮ ਨੂੰ ਦੇਖਦਿਆਂ ਪਾਈ ਹੋਈ ਕਾਲੀ ਜੈਕਟ ਉਤਾਰ ਕੇ ਬੈਗ ਵਿੱਚ ਪਾ ਲਈ ਸੀ ਜਿਸ ਕਾਰਨ ਥੋਡਾ ਬੰਦਾ ਮੈਂਨੂੰ ਪਹਿਚਾਣ ਨਹੀਂ ਸਕਿਆ।”
ਆਪਣੇ ਜਜ਼ਬਾਤਾਂ ’ਤੇ ਕਾਬੂ ਨਾ ਰੱਖਦੇ ਹੋਏ ਅਤੇ ਵਿਭਾਗੀ ਅਨੁਸ਼ਾਸਨੀ ਕਾਰਵਾਈ ਤੋਂ ਡਰਦਿਆਂ ਮੈਥੋਂ ਅੱਭੜਵਾਹੇ ਬਜ਼ੁਰਗ ਦੀ ਸ਼ਾਨ ਦੇ ਉਲਟ ਕਿਹਾ ਗਿਆ, “ਬਾਊ ਜੀ ਇਸੇ ਗੱਲ ਕਰਕੇ ਤਾਂ ਸਾਰਾ ਪਵਾੜਾ ਪਿਆ ਹੈ।”
ਇਹ ਸੁਣਦਿਆਂ ਹੀ ਬਜ਼ੁਰਗ ਅੱਗ ਬਬੂਲਾ ਹੋ ਉੱਠਿਆ ਤੇ ਕਹਿਣ ਲੱਗਾ, “ਕਾਕਾ, ਮੈਂ ਤੇਰੇ ਪਿਓ ਦਾ ਨੌਕਰ ਨਹੀਂ।”
ਮੈਂ ਤੁਰੰਤ ਉਸ ਤੋਂ ਮੁਆਫੀ ਮੰਗੀ ਅਤੇ ਮਲਕ ਦੇਣੀ ਆਖਿਆ ਕਿ ਜੇ ਬੁਰਾ ਨਾ ਮੰਨੋ ਤਾਂ ਮੈਂ ਉਸ ਅਧਿਕਾਰੀ ਨੂੰ ਭੇਜ ਕੇ ਤੁਹਾਡੇ ਘਰੋਂ ਇਹ ਕੈਸੇਟ ਮੰਗਵਾ ਲਵਾਂ ਕਿਉਂ ਜੋ ਇਹ ਮੇਰੀ ਨੌਕਰੀ ਦਾ ਸਵਾਲ ਹੈ। ਉਸ ਨੇ ਤੁਰੰਤ ਮੇਰੀ ਮਨੋਦਸ਼ਾ ਨੂੰ ਭਾਂਪਦਿਆਂ ਆਪਣਾ ਪਤਾ ਦੱਸਿਆ ਤੇ ਕਿਹਾ ਉਸ ਨੂੰ ਜਲਦ ਭੇਜੋ ਤੇ ਕੈਸੇਟ ਲੈ ਜਾਓ।
ਇਸ ਸਾਰੇ ਦੁਖਾਂਤ ਦਾ ਹਸ਼ਰ ਇਹ ਹੋਇਆ ਕਿ ਦੂਰਦਰਸ਼ਨ ਦੇ ਸ਼ਾਮ ਵਾਲੇ ਬੁਲੇਟਨ ਉੱਤੇ ਕਵਰੇਜ ਨਾ ਹੋ ਸਕੀ ਪਰ ਅਗਲੇ ਦਿਨ ਸਵੇਰ ਵਾਲੇ ਬੁਲੇਟਿਨ ਵਿੱਚ ਖਬਰ ਪ੍ਰਸਾਰਿਤ ਹੋਈ ਅਤੇ ਮੈਂਨੂੰ ਸਕੂਨ ਮਿਲਿਆ। ਮੇਰੇ ਅਫਸਰ ਨੇ ਮੇਰੇ ਨਾਲ ਨਰਮਾਈ ਦਾ ਵਤੀਰਾ ਵਰਤਦਿਆਂ ਮੈਂਨੂੰ ਅਗਾਂਹ ਤੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਨ ਲਈ ਤਾੜਨਾ ਕੀਤੀ। ਉਸ ਦਿਨ ਤੋਂ ਮੈਂਨੂੰ ਅਹਿਸਾਸ ਹੋਇਆ ਕਿ ਲੋਕ ਸੰਪਰਕ ਦੀ ਨੌਕਰੀ ਦੌਰਾਨ ਸਿਰਫ ਪ੍ਰੈੱਸ ਨੋਟ ਜਾਂ ਪੱਤਰਕਾਰਾਂ ਦੀ ਆਓ ਭਗਤ ਕਰਨਾ ਨਹੀਂ ਹੁੰਦਾ, ਸਗੋਂ ਇਸ ਤੋਂ ਇਲਾਵਾ ਇਸ ਤਰ੍ਹਾਂ ਦੀਆਂ ਹਰ ਰੋਜ਼ ਨਵੀਆਂ ਚੁਣੌਤੀਆਂ ਨਾਲ ਜੂਝਣਾ ਪੈਂਦਾ ਹੈ।
ਹੁਣ ਜਦੋਂ ਮੇਰੇ ਵਿਭਾਗ ਦੇ ਅਫਸਰ ਫੋਟੋਆਂ ਅਤੇ ਵੀਡੀਓਜ਼ ਸਣੇ ਪ੍ਰੈੱਸ ਨੋਟ ਪੱਤਰਕਾਰਾਂ ਦੇ ਵਟਸਐਪ ਗਰੁੱਪਾਂ ’ਤੇ ਭੇਜਕੇ ਚੰਦ ਮਿੰਟਾਂ ਮਗਰੋਂ ਇਹ ਖਬਰ ਚਲਾਉਣ ਵਾਲੇ ਮੀਡੀਆ ਚੈਨਲਾਂ ਦੇ ਲਿੰਕ ਸਾਂਝੇ ਕਰਦੇ ਹਨ ਤਾਂ ਸੱਚਮੁੱਚ ਹੀ ਆਧੁਨਿਕ ਤਕਨਾਲੌਜੀ ਦੇ ਯੁਗ ਦਾ ਤੀਬਰ ਅਹਿਸਾਸ ਹੁੰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3429)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)