“ਭਾਵੇਂ ਭਾਸ਼ਾ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਇਤਿਹਾਸ ਕਾਫ਼ੀ ਲੰਮਾ ਹੈ ਪਰ ਇਸ ਵਾਰ ਇਹ ਖੇਤਰੀ ਤੇ ...”
(16 ਮਈ 2022)
ਮਹਿਮਾਨ: 332.
ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤਰੀ ਭਾਸ਼ਾਵਾਂ ਦੇ ਮਹੱਤਵ ਨੂੰ ਸਮਝਦਿਆਂ ਅਦਾਲਤਾਂ ਦਾ ਕੰਮ ਕਾਜ ਸਥਾਨਕ ਭਾਸ਼ਾਵਾਂ ਵਿੱਚ ਕਰਨ ʼਤੇ ਜ਼ੋਰ ਦੇ ਰਹੇ ਹਨ, ਦੂਸਰੇ ਪਾਸੇ ਹਿੰਦੀ ਫਿਲਮ ਉਦਯੋਗ ਦੇ ਕੁਝ ਕਲਾਕਾਰਾਂ ਵੱਲੋਂ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਕਹਿੰਦਿਆਂ ਕਲਾ ਖੇਤਰ ਵਿੱਚ ਖੇਤਰੀ ਭਾਸ਼ਾਵਾਂ ਦੇ ਰੁਤਬੇ ਨੂੰ ਘਟਾ ਕੇ ਵੇਖਿਆ ਜਾ ਰਿਹਾ ਹੈ।
ਭਾਰਤ ਦੇ ਸੰਵਿਧਾਨ ਅਨੁਸਾਰ ਭਾਰਤ ਦੀ ਕੋਈ ਰਾਸ਼ਟਰੀ ਭਾਸ਼ਾ ਨਹੀਂ ਹੈ। ਹਿੰਦੀ ਅਤੇ ਅੰਗਰੇਜ਼ੀ ਇਸਦੀਆਂ ਦਫ਼ਤਰੀ ਭਾਸ਼ਾਵਾਂ ਹਨ। ਰਾਜਾਂ ਨੂੰ ਅਧਿਕਾਰ ਹੈ ਕਿ ਉਹ 22 ਭਾਸ਼ਾਵਾਂ ਵਿੱਚੋਂ ਕਿਸੇ ਨੂੰ ਵੀ ਆਪਣੀ ਦਫ਼ਤਰੀ ਭਾਸ਼ਾ ਚੁਣ ਸਕਦੇ ਹਨ। ਇਸ ਆਧਾਰ ʼਤੇ ਕੁਲ ਵਿੱਚੋਂ ਕੁਝ ਰਾਜਾਂ ਨੇ ਆਪਣੀ ਦਫ਼ਤਰੀ ਭਾਸ਼ਾ ਹਿੰਦੀ ਨੂੰ ਚੁਣਿਆ ਹੋਇਆ ਹੈ ਜਦਕਿ ਬਾਕੀ ਨੇ ਆਪਣੀ ਆਪਣੀ ਮਾਂ ਬੋਲੀ ਨੂੰ ਇਹ ਦਰਜਾ ਦਿੱਤਾ ਹੈ।
ਭਾਰਤ ਵਰਗੇ ਵਿਸ਼ਾਲ ਤੇ ਭਿੰਨਤਾਵਾਂ ਨਾਲ ਭਰੇ ਦੇਸ਼ ਵਿੱਚ ਇੱਕ ਰਾਸ਼ਟਰੀ ਭਾਸ਼ਾ ਹੋਣਾ ਮੁਮਕਿਨ ਨਹੀਂ ਹੈ। ਇੱਥੇ ਸੈਂਕੜੇ ਭਾਸ਼ਾਵਾਂ ਲਿਖੀਆਂ, ਪੜ੍ਹੀਆਂ ਤੇ ਬੋਲੀਆਂ ਜਾਂਦੀਆਂ ਹਨ।
ਭਾਰਤੀ ਸੰਵਿਧਾਨ ਦੇ ਆਧਾਰ ʼਤੇ ਜਿਹੜੀ ਗੱਲ ਮੈਂ ਹੁਣੇ ਉੱਪਰ ਕਹਿ ਕੇ ਆਇਆ ਹਾਂ, ਜਦ ਬੀਤੇ ਦਿਨੀਂ ਇਹੀ ਗੱਲ ਦੱਖਣੀ ਫਿਲਮਾਂ ਦੇ ਅਦਾਕਾਰ ਕਿਚਾ ਸੁਦੀਪ ਨੇ ਕਹੀ ਤਾਂ ਹਿੰਦੀ ਫਿਲਮਾਂ ਦੇ ਕਈ ਕਲਾਕਾਰ ਉਸਦੇ ਪਿੱਛੇ ਹੱਥ ਧੋ ਕੇ ਪੈ ਗਏ ਅਤੇ ਸੋਸ਼ਲ ਮੀਡੀਆ ʼਤੇ ਤਿੱਖੀ ਬਹਿਸ ਆਰੰਭ ਹੋ ਗਈ ਕਿ ਕੀ ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ ਜਾਂ ਨਹੀਂ।
ਹਿੰਦੀ ਨੂੰ ਭਾਰਤ ਦੀ ਰਾਸ਼ਟਰੀ ਭਾਸ਼ਾ ਇਸ ਲਈ ਨਹੀਂ ਬਣਾਇਆ ਗਿਆ ਕਿਉਂਕਿ ਭਾਰਤੀ ਲੋਕ ਭਿੰਨ-ਭਿੰਨ ਭਾਸ਼ਾਵਾਂ ਬੋਲਦੇ, ਲਿਖਦੇ ਅਤੇ ਪੜ੍ਹਦੇ ਹਨ। ਦੇਸ਼ ਦੇ ਇੱਕ ਵੱਡੇ ਹਿੱਸੇ ਵਿੱਚ ਹਿੰਦੀ ਬੋਲੀ ਅਤੇ ਸਮਝੀ ਜਾਂਦੀ ਹੈ ਪ੍ਰੰਤੂ ਦੇਸ਼ ਦਾ ਇੱਕ ਵੱਡਾ ਹਿੱਸਾ ਹੈ ਜਿੱਥੇ ਲੋਕ ਹਿੰਦੀ ਨਾ ਬੋਲਦੇ ਹਨ ਨਾ ਸਮਝਦੇ ਹਨ। ਉਨ੍ਹਾਂ ਨੂੰ ਹਿੰਦੀ ਬੋਲਣ ਜਾਂ ਸਿੱਖਣ ਲਈ ਮਜਬੂਰ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੰਵਿਧਾਨ ਅਨੁਸਾਰ 22 ਭਾਸ਼ਾਵਾਂ ਨੂੰ ਇੱਕੋ ਜਿਹਾ ਆਦਰ ਮਾਣ ਮਿਲਿਆ ਹੋਇਆ ਹੈ। ਦੇਸ਼ ਵਾਸੀਆਂ ਨੂੰ ਆਪਣੀ ਮਾਂ ਬੋਲੀ ਬੋਲਣ, ਲਿਖਣ ਅਤੇ ਪੜ੍ਹਨ ਦੀ ਖੁੱਲ੍ਹ ਹੈ।
ਜੇ ਕੋਈ ਆਪਣੀ ਮਾਂ ਬੋਲੀ ਨੂੰ ਮਾਣ ਸਤਿਕਾਰ ਦੇ ਰਿਹਾ ਹੈ ਤਾਂ ਇਸਦਾ ਇਹ ਅਰਥ ਬਿਲਕੁਲ ਨਹੀਂ ਕਿ ਉਹ ਹੋਰਨਾਂ ਭਾਸ਼ਾਵਾਂ ਦਾ ਸਤਿਕਾਰ ਨਹੀਂ ਕਰਦਾ। ਮੈਂ ਦੁਨੀਆਂ ਦੀ ਹਰੇਕ ਬੋਲੀ ਦਾ ਸਤਿਕਾਰ ਕਰਦਾ ਹਾਂ ਪਰ ਜੋ ਦਰਜਾ ਮੇਰੀ ਮਾਂ ਬੋਲੀ ਦਾ ਹੈ, ਉਹ ਹੋਰ ਕਿਸੇ ਦਾ ਨਹੀਂ ਹੋ ਸਕਦਾ। ਇਸ ਪ੍ਰਸੰਗ ਵਿੱਚ ਹਿੰਦੀ ਫਿਲਮ ਕਲਾਕਾਰਾਂ ਦਾ ਪ੍ਰਤੀਕਰਮ ਤੇ ਇਤਰਾਜ਼ ਜਾਇਜ਼ ਨਹੀਂ ਜਾਪਦਾ। ਅਜੇ ਦੇਵਗਨ, ਅਭਿਸ਼ੇਕ ਬਚਨ ਅਤੇ ਰੂਮੀ ਜਾਫਰੀ ਆਦਿ ਕਲਾਕਾਰਾਂ ਨੂੰ ਹਿੰਦੀ ਦੇ ਨਾਲ-ਨਾਲ ਖੇਤਰੀ ਭਾਸ਼ਾਵਾਂ ਦੇ ਮਹੱਤਵ ਤੇ ਯੋਗਦਾਨ ਨੂੰ ਵੀ ਸਮਝਣਾ ਚਾਹੀਦਾ ਹੈ। ਹਿੰਦੀ ਅਤੇ ਖੇਤਰੀ ਭਾਸ਼ਾਵਾਂ ਦਾ ਆਪਸੀ ਅਦਾਨ ਪ੍ਰਦਾਨ ਬਹੁਮੁੱਲਾ ਹੈ। ਫਿਲਮ ਖੇਤਰ ਨੂੰ, ਭਾਸ਼ਾਵਾਂ ਨੂੰ ਇਸੇ ਤਰ੍ਹਾਂ ਵੇਖਣਾ ਸਮਝਣਾ ਚਾਹੀਦਾ ਹੈ।
ਅਦਾਕਾਰ ਫਰਹਾਨ ਅਖ਼ਤਰ ਨੇ ਇਸ ਤੋਂ ਵੀ ਅੱਗੇ ਦੀ ਗੱਲ ਕਹੀ ਹੈ। ਉਸਦਾ ਕਹਿਣਾ ਹੈ, “ਕਲਾ ਦਾ ਕੰਮ ਤਾਂ ਆਪਸੀ ਰੋਕਾਂ ਰੁਕਾਵਟਾਂ ਨੂੰ ਹਟਾਉਣਾ ਹੁੰਦਾ ਹੈ। ਆਪਸ ਵਿੱਚ ਲਕੀਰਾਂ ਖਿੱਚਣਾ ਨਹੀਂ ਹੁੰਦਾ। ਹਿੰਦੀ ਅਤੇ ਖੇਤਰੀ ਭਾਸ਼ਾਵਾਂ ਵਿੱਚ ਜੋ ਵੀ ਫਿਲਮਾਂ ਬਣਦੀਆਂ ਹਨ ਉਨ੍ਹਾਂ ਦਾ ਮਕਸਦ ਮਨੋਰੰਜਨ ਤੇ ਸਮਾਜ ਦੀ ਬਿਹਤਰੀ ਹੁੰਦਾ ਹੈ, ਸਾਨੂੰ ਹਰੇਕ ਫਿਲਮ ਦੀ ਕਾਮਯਾਬੀ ʼਤੇ ਖੁਸ਼ ਹੋਣਾ ਚਾਹੀਦਾ ਹੈ। ਇੰਝ ਕਰਨ ਨਾਲ ਕਲਾਕਾਰਾਂ ਦਾ ਫਿਲਮਾਂ ਪ੍ਰਤੀ ਪਿਆਰ ਜ਼ਿੰਦਾ ਰਹਿੰਦਾ ਹੈ। ਇਸ ਨਾਲ ਹਰੇਕ ਕਲਾਕਾਰ ਅਤੇ ਫਿਲਮ ਉਦਯੋਗ ਨੂੰ ਫਾਇਦਾ ਹੁੰਦਾ ਹੈ। ਇਮਾਨਦਾਰੀ ਨਾਲ ਵੇਖਿਆ ਜਾਵੇ ਤਾਂ ਹੁਣ ਭਾਸ਼ਾ ਦੇਸ਼ ਦੁਨੀਆਂ ਦੀ ਪੱਧਰ ʼਤੇ ਰੁਕਾਵਟ ਨਹੀਂ ਰਹੀ।”
ਇਹ ਵੀ ਸੱਚ ਹੈ ਕਿ ਹਿੰਦੀ ਫਿਲਮਾਂ ਦੇ ਅਦਾਕਾਰ ਆਪਣੇ ਹੀ ਮੁਲਕ ਵਿੱਚ ਜਦ ਕਿਸੇ ਮੰਚ ਤੋਂ ਸੰਬੋਧਨ ਕਰਦੇ ਹਨ ਜਾਂ ਪ੍ਰੈੱਸ ਕਾਨਫਰੰਸ ਕਰਦੇ ਹਨ ਜਾਂ ਮੀਡੀਆ ਨੂੰ ਬਾਈਟ ਦਿੰਦੇ ਹਨ ਤਾਂ ਹਿੰਦੀ ਦੀ ਥਾਂ ਅੰਗਰੇਜ਼ੀ ਵਿੱਚ ਗੱਲ ਕਰਦੇ ਹਨ। ਹਿੰਦੀ ਜਿਸਨੇ ਉਨ੍ਹਾਂ ਨੂੰ ਕਲਾਕਾਰ ਬਣਾਇਆ, ਫਿਲਮਾਂ ਵਿੱਚ ਕੰਮ ਮੁਹਈਆ ਕੀਤਾ, ਦੇਸ਼ ਦੁਨੀਆਂ ਵਿੱਚ ਵੱਡੀ ਪਹਿਚਾਣ ਦਿੱਤੀ, ਬਿਹਤਰੀਨ ਜੀਵਨ ਜਿਊਣ ਦੇ ਮੌਕੇ ਅਤੇ ਸਹੂਲਤਾਂ ਮੁਹਈਆ ਕੀਤੀਆਂ, ਉਸ ਨੂੰ ਵੀ ਅਜਿਹੇ ਮੌਕਿਆਂ ʼਤੇ ਵਿਸਾਰ ਦਿੰਦੇ ਹਨ।
ਪ੍ਰਤੀਕਰਮ ਦੇਣ ਵਾਲੇ ਕਲਾਕਾਰਾਂ ਦਾ ਕਹਿਣਾ ਹੈ ਕਿ ਹਿੰਦੀ ਦੇਸ਼ ਦੀ ਭਾਸ਼ਾ ਹੈ। ਹਿੰਦੀ ਦੇਸ਼ ਦੀ ਭਾਸ਼ਾ ਨਹੀਂ ਹੈ। ਹਿੰਦੀ ਕੁਝ ਰਾਜਾਂ ਦੀ ਭਾਸ਼ਾ ਹੈ। ਬਾਕੀ ਰਾਜਾਂ ਵਿੱਚ ਉਨ੍ਹਾਂ ਦੀ ਮਾਤ ਭਾਸ਼ਾ ਬੋਲੀ, ਲਿਖੀ ਤੇ ਪੜ੍ਹੀ ਜਾਂਦੀ ਹੈ। ਇਹੀ ਉਨ੍ਹਾਂ ਦੀ ਦਫ਼ਤਰੀ ਭਾਸ਼ਾ ਹੈ। ਉਪਰੋਕਤ ਕਿਸਮ ਦੀ ਉਲਾਰ ਅਤੇ ਤੱਥਾਂ, ਅੰਕੜਿਆਂ ਰਹਿਤ ਗੱਲਾਂ ਕਰਨ ਵਾਲਿਆਂ ਨੂੰ ਜਾਂ ਤਾਂ ਭਾਰਤੀ ਭਾਸ਼ਾਵਾਂ ਦੀ ਜ਼ਮੀਨੀ ਹਕੀਕਤ ਦੀ ਸਹੀ ਜਾਣਕਾਰੀ ਨਹੀਂ ਜਾਂ ਉਹ ਜਾਣ ਬੁੱਝ ਕੇ ਘੇਸਲ ਮਾਰ ਜਾਂਦੇ ਹਨ। ਭਾਰਤੀ ਸੰਵਿਧਾਨ ਨੇ ਭਾਰਤੀ ਭਾਸ਼ਾਵਾਂ ਸੰਬੰਧੀ ਕੋਈ ਭਰਮ ਭੁਲੇਖਾ ਰਹਿਣ ਹੀ ਨਹੀਂ ਦਿੱਤਾ।
43 ਫ਼ੀਸਦੀ ਲੋਕ ਹਿੰਦੀ ਬੋਲਦੇ ਹਨ ਜਦਕਿ 57 ਫ਼ੀਸਦੀ ਜਨਸੰਖਿਆ ਆਪੋ ਆਪਣੀ ਮਾਂ ਬੋਲੀ (ਖੇਤਰੀ ਭਾਸ਼ਾ) ਬੋਲਦੀ ਹੈ। ਸੰਵਿਧਾਨ ਲਿਖਣ ਵਾਲਿਆਂ ਨੇ ਇਸੇ ਅਨੁਪਾਤ ਨੂੰ ਅਧਾਰ ਬਣਾ ਕੇ ਕਿਸੇ ਵੀ ਭਾਸ਼ਾ ਨੂੰ ਭਾਰਤ ਦੀ ਰਾਸ਼ਟਰੀ ਭਾਸ਼ਾ ਨਹੀਂ ਬਣਾਇਆ। ਕੁੱਲ 22 ਭਾਸ਼ਾਵਾਂ ਨੂੰ ਰਾਸ਼ਟਰੀ ਭਾਸ਼ਾਵਾਂ ਦਾ ਦਰਜਾ ਦਿੱਤਾ ਹੈ।
ਭਾਵੇਂ ਭਾਸ਼ਾ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਇਤਿਹਾਸ ਕਾਫ਼ੀ ਲੰਮਾ ਹੈ ਪਰ ਇਸ ਵਾਰ ਇਹ ਖੇਤਰੀ ਤੇ ਹਿੰਦੀ ਫਿਲਮ ਕਲਾਕਾਰਾਂ ਦਰਮਿਆਨ ਛਿੜਿਆ ਹੈ। ਬਾਅਦ ਵਿੱਚ ਇਸ ਵਿਵਾਦ ਵਿੱਚ ਹੋਰ ਅਭਿਨੇਤਾ, ਨੇਤਾ ਸ਼ਾਮਲ ਹੁੰਦੇ ਗਏ। ਮੈਂ ਸਮਝਦਾ ਹਾਂ ਭਾਸ਼ਾਵਾਂ ਦੇ ਪ੍ਰਸੰਗ ਵਿੱਚ ਭਾਰਤੀ ਦੀ ਸਥਿਤੀ ਬਿਲਕੁਲ ਸਪਸ਼ਟ ਹੈ। ਵਾਰ ਵਾਰ ਵਿਵਾਦ ਛੇੜਨਾ ਬੇਮਾਅਨਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3569)
(ਸਰੋਕਾਰ ਨਾਲ ਸੰਪਰਕ ਲਈ: