“ਗਲੀਆਂ ਬਜ਼ਾਰਾਂ ਵਿੱਚ ਲੋਕਾਂ ਦਾ ਮੋਢੇ ਨਾਲ ਮੋਢਾ ਖਹਿੰਦਾ ਹੈ। ਹਰ ਜਗ੍ਹਾ ਦੋਹਰੇ ਮਾਪਦੰਡ ...”
(20 ਅਪਰੈਲ 2021)
ਨਾਰਵੇ ਦੇ ਪ੍ਰਧਾਨ ਮੰਤਰੀ ਨੂੰ ਕੋਵਿਡ ਨਿਯਮ ਤੋੜਨ ʼਤੇ ਇੱਕ ਲੱਖ 75 ਹਜ਼ਾਰ ਰੁਪਏ ਜੁਰਮਾਨਾ ਲੱਗਾ ਹੈ। ਪਿਛਲੇ ਮਹੀਨੇ ਉਨ੍ਹਾਂ ਪਰਿਵਾਰ ਦੇ 13 ਮੈਂਬਰਾਂ ਨਾਲ ਜਨਮ-ਦਿਨ ਪਾਰਟੀ ਕੀਤੀ ਸੀ ਜਦੋਂ ਕਿ ਦੇਸ਼ ਵਿੱਚ 10 ਤੋਂ ਵੱਧ ਲੋਕਾਂ ਦੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ʼਤੇ ਰੋਕ ਸੀ। ਪੁਲਿਸ ਨੇ ਉਨ੍ਹਾਂ ਨੂੰ ਦੋਸ਼ੀ ਪਾਇਆ ਤੇ ਜੁਰਮਾਨਾ ਲਗਾ ਦਿੱਤਾ।
ਇੱਧਰ ਸਾਡੇ ਦੇਸ਼ ਦਾ ਗ੍ਰਹਿ-ਮੰਤਰੀ ਹਜ਼ਾਰਾਂ ਲੋਕਾਂ ਨਾਲ ਰੋਡ-ਸ਼ੋਅ ਕੱਢਦਾ ਹੈ। ਕਿਸੇ ਨੇ ਵੀ ਮਾਸਕ ਨਹੀਂ ਪਹਿਨਿਆ। ਅਖ਼ਬਾਰਾਂ ਵਿੱਚ ਵੱਡੀ ਤਸਵੀਰ ਲਗਦੀ ਹੈ। ਮੀਡੀਆ ਦਾ ਇੱਕ ਹਿੱਸਾ ਇਸ ’ਤੇ ਇਤਰਾਜ਼ ਕਰਦਾ ਹੈ। ਕੋਵਿਡ ਨਿਯਮਾਂ ਦੀ ਉਲੰਘਣਾ ਕਰਾਰ ਦਿੰਦਾ ਹੈ। ਪ੍ਰੰਤੂ ਅਗਲੇ ਦਿਨਾਂ ਵਿੱਚ ਉਸ ਤੋਂ ਦੀ ਵੱਡੇ ਰੋਡ ਸ਼ੋਅ, ਰੈਲੀਆਂ ਹੁੰਦੀਆਂ ਹਨ।
ਉੱਤਰ ਪ੍ਰਦੇਸ਼ ਵਿੱਚ ਤਿੰਨ ਔਰਤਾਂ ਨੂੰ ਕਰੋਨਾ ਵੈਕਸੀਨ ਦੀ ਜਗ੍ਹਾ ਐਂਟੀ ਰੈਬੀਜ਼ (ਕੁੱਤੇ ਦੇ ਕੱਟਣ ʼਤੇ ਲੱਗਣ ਵਾਲਾ ਟੀਕਾ) ਟੀਕਾ ਲਗਾ ਦਿੱਤਾ। ਇਨ੍ਹਾਂ ਵਿੱਚੋਂ 70 ਸਾਲ ਦੀ ਔਰਤ ਦੀ ਤਬੀਅਤ ਵਿਗੜਣ ʼਤੇ ਮਾਮਲੇ ਦਾ ਖੁਲਾਸਾ ਹੋਇਆ। ਇਹ ਤਿੰਨ ਔਰਤਾਂ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਲਈ ਸਿਹਤ ਕੇਂਦਰ ਪਹੁੰਚੀਆਂ ਸਨ। ਸਟਾਫ ਨੇ ਮੈਡੀਕਲ ਸਟੋਰ ਤੋਂ 10-10 ਰੁਪਏ ਦੀ ਸਰਿੰਜ ਮੰਗਵਾਈ ਅਤੇ ਵੈਕਸੀਨ ਲਗਾ ਦਿੱਤੀ। ਘਰ ਪਹੁੰਚਦੇ ਹੀ ਇੱਕ ਔਰਤ ਦੀ ਤਬੀਅਤ ਵਿਗੜ ਗਈ। ਪ੍ਰਾਈਵੇਟ ਹਸਪਤਾਲ ਪਹੁੰਚੇ ਤਾਂ ਅਸਲੀਅਤ ਸਾਹਮਣੇ ਆਈ। ਉਹ ਨਰਸਾਂ ਅੱਜ ਵੀ ਟੀਕੇ ਲਗਾ ਰਹੀਆਂ ਹਨ।
ਕਈ ਰਾਜਾਂ ਵਿੱਚੋਂ ਕਰੋਨਾ ਦੇ ਮਰੀਜ਼ਾਂ ਦੇ ਜਾਅਲੀ ਅੰਕੜਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ। ਪਟਨਾ ਮੈਡੀਕਲ ਕਾਲਜ ਦੇ ਹਸਪਤਾਲ ਵਿੱਚ ਰਿਸ਼ਤੇਦਾਰਾਂ ਨੂੰ ਜੋ ਲਾਸ਼ ਦਿੱਤੀ ਗਈ ਉਹ ਕਿਸੇ ਹੋਰ ਦੀ ਸੀ ਜਦਕਿ ਉਨ੍ਹਾਂ ਦਾ ਮਰੀਜ਼ ਜਿਊਂਦਾ ਸੀ।
45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਸ ਲਈ ਵੈਕਸੀਨ ਨਹੀਂ ਲਗਾਈ ਜਾ ਰਹੀ ਕਿਉਂਕਿ ਵੈਕਸੀਨ ਉਪਲਬਧ ਨਹੀਂ ਹੈ। ਸ਼ਮਸ਼ਾਨ ਘਾਟਾਂ ਵਿੱਚ ਸਸਕਾਰ ਲਈ ਕਤਾਰਾਂ ਲੱਗ ਰਹੀਆਂ ਹਨ। ਇਕੱਠੇ ਸਿਵੇ ਬਲ ਰਹੇ ਹਨ। ਭਾਰਤ ਵਿੱਚ ਬੇਸ਼ੁਮਾਰ ਵੈਕਸੀਨ ਬਣ ਰਹੀ ਹੈ ਪ੍ਰੰਤੂ ਵਿਦੇਸ਼ਾਂ ਨੂੰ ਭੇਜੀ ਜਾ ਰਹੀ ਹੈ। ਹੁਣ ਰੂਸ ਦੀ ਵੈਕਸੀਨ ‘ਸਪੂਤਨਿਕ ਵੀ’ ਨੂੰ ਮਨਜ਼ੂਰੀ ਮਿਲਣ ʼਤੇ 45 ਸਾਲ ਤੋਂ ਘੱਟ ਦੇ ਲੋਕਾਂ ਨੂੰ ਲਗਾਈ ਜਾਵੇਗੀ। ਵਿਕਸਤ ਮੁਲਕਾਂ ਨੇ ਪਹਿਲਾਂ ਆਪਣੇ ਨਾਗਰਿਕਾਂ ਨੂੰ ਲਗਾਈ ਹੈ, ਹੁਣ ਵਿਦੇਸ਼ਾਂ ਵਿੱਚ ਭੇਜਣ ਲੱਗੇ ਹਨ।
ਗੁਜਰਾਤ ਹਾਈਕੋਰਟ ਦੇ ਚੀਫ ਜਸਟਿਸ ਵਿਕਰਮ ਨਾਥ ਦੇ ਬੈਂਚ ਨੇ ਕਿਹਾ ਹੈ ਕਿ ਸਭ ਦਾਅਵੇ ਕਾਗਜ਼ੀ ਹਨ। ਲੋਕ ਖ਼ੁਦ ਨੂੰ ਰੱਬ ਆਸਰੇ ਸਮਝ ਰਹੇ ਹਨ। ਲੰਮੀਆਂ ਕਤਾਰਾਂ ਕਿਉਂ ਲੱਗ ਰਹੀਆਂ ਹਨ? ਨਿੱਜੀ ਹਸਪਤਾਲਾਂ ਵਿੱਚ ਰੇਮਡੇਸਿਵਰ ਕਿਉਂ ਨਹੀਂ ਮਿਲ ਰਹੀ?
ਦੁਨੀਆਂ ਦੇ ਕੁਝ ਦੇਸ਼ਾਂ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਬ੍ਰਾਜ਼ੀਲ ਵਿੱਚ ਕਰੋੜਾਂ ਲੋਕ ਭੁੱਖੇ ਮਰਨ ਲਈ ਮਜਬੂਰ ਹਨ। ਅੱਧੀ ਆਬਾਦੀ ਦਾ ਪੇਟ ਅੱਧ-ਭਰਿਆ ਹੈ। ਕਰੋਨਾ ਕਾਰਨ ਅਜਿਹੀ ਸਥਿਤੀ ਪੈਦਾ ਹੋ ਰਹੀ ਹੈ। ਚੌਲਾਂ ਦੇ ਭਾਅ 70 ਫ਼ੀਸਦੀ ਵਧ ਗਏ ਹਨ। ਗੈਸ 20 ਫ਼ੀਸਦੀ ਮਹਿੰਗੀ ਹੋ ਗਈ ਹੈ। ਜ਼ਰੂਰੀ ਚੀਜ਼ਾਂ ਦੇ ਰੇਟ ਅਸਮਾਨ ਛੋਹ ਰਹੇ ਹਨ। ਕਬਰਸਤਾਨਾਂ ਵਿੱਚ ਲਾਸ਼ਾਂ ਦਫ਼ਨ ਕਰਨ ਲਈ ਜਗ੍ਹਾ ਨਹੀਂ ਬਚੀ ਹੈ।
ਦੁਨੀਆਂ ਦੇ ਅਮੀਰ ਮੁਲਕਾਂ ਵਿੱਚ ਹਰੇਕ ਸਕਿੰਟ ਇੱਕ ਵਿਅਕਤੀ ਨੂੰ ਕਰੋਨਾ ਵੈਕਸੀਨ ਲੱਗ ਰਹੀ ਹੈ। ਜਦਕਿ ਬਹੁਤ ਸਾਰੇ ਗਰੀਬ ਮੁਲਕਾਂ ਵਿੱਚ ਅਜੇ ਤਕ ਵੈਕਸੀਨ ਦੀ ਇੱਕ ਡੋਜ਼ ਵੀ ਨਹੀਂ ਲਗਾਈ ਗਈ। ਅਜਿਹੇ 60 ਮੁਲਕਾਂ ਵਿੱਚ ਸਾਲ (2021) ਦੇ ਅੱਧ ਵਿੱਚ ਵੈਕਸੀਨ ਪਹੁੰਚਣ ਦੀ ਉਮੀਦ ਹੈ।
ਅਪ੍ਰੈਲ 2021 ਦੇ ਅੱਧ ਵਿੱਚ ਇੰਗਲੈਂਡ, ਜਿਸ ਦੀ ਆਬਾਦੀ 6 ਕਰੋੜ 80 ਲੱਖ ਹੈ। ਉੱਥੇ 3 ਕਰੋੜ 25 ਲੱਖ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਇਹੀ ਕਾਰਨ ਹੈ ਕਿ ਉੱਥੇ ਹਾਲਾਤ ਸੁਧਰ ਰਹੇ ਹਨ ਅਤੇ ਸਰਕਾਰ ਨੇ ਲਾਕਡਾਊਨ ਖ਼ਤਮ ਕਰ ਦਿੱਤਾ ਹੈ। ਬਜ਼ੁਰਗ ਵੈਕਸੀਨ ਲਗਵਾਉਣ ਉਪਰੰਤ ਗਰੁੱਪਾਂ ਵਿੱਚ ਗੱਲਾਂਬਾਤਾਂ ਕਰਨ ਲੱਗੇ ਹਨ।
ਸਾਊਦੀ ਅਰਬ ਵਿੱਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਲੋਕ ਕਿਤੇ ਵੀ ਇਕੱਤਰ ਨਹੀਂ ਹੋ ਸਕਦੇ। ਉਲੰਘਣਾ ਕਰਨ ਵਾਲੇ ਨੂੰ ਇੱਕ ਲੱਖ ਰਿਆਲ (ਕਰੀਬ 20 ਲੱਖ ਰੁਪਏ) ਜੁਰਮਾਨਾ ਕੀਤਾ ਜਾਂਦਾ ਹੈ। ਜਿਹੜਾ ਇਕਾਂਤਵਾਸ ਦੇ ਨਿਯਮਾਂ ਤੇ ਹਦਾਇਤਾਂ ਨੂੰ ਤੋੜਦਾ ਹੈ, ਉਸ ਲਈ ਜੁਰਮਾਨਾ ਦੋ ਲੱਖ ਰਿਆਲ ਰੱਖਿਆ ਗਿਆ ਹੈ। ਜੁਰਮਾਨੇ ਨਾਲ ਦੋ ਸਾਲ ਕੈਦ ਦੀ ਵਿਵਸਥਾ ਹੈ। ਜਿਹੜਾ ਜਾਣ ਬੁੱਝ ਕੇ ਕਰੋਨਾ ਵਾਇਰਸ ਫੈਲਾਉਣ ਦਾ ਦੋਸ਼ੀ ਪਾਇਆ ਜਾਵੇਗਾ ਉਸ ਲਈ ਪੰਜ ਸਾਲ ਜੇਲ ਅਤੇ ਪੰਝ ਲੱਖ ਰਿਆਲ ਜੁਰਮਾਨਾ ਮਿਥਿਆ ਗਿਆ ਹੈ। ਜਿਹੜਾ ਵਿਦੇਸ਼ੀ ਉਪਰੋਕਤ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਉਸ ਨੂੰ ਵਾਪਸ ਉਸਦੇ ਦੇਸ਼ ਭੇਜ ਦਿੱਤਾ ਜਾਂਦਾ ਹੈ ਅਤੇ ਸਾਊਦੀ ਅਰਬ ਵਿੱਚ ਪ੍ਰਵੇਸ਼ ʼਤੇ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਜਾਂਦੀ ਹੈ।
ਭਾਰਤ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਕੁੰਭ ਮੇਲਾ ਭਰ ਜੋਬਨ ʼਤੇ ਹੈ। ਚੋਣ-ਰੈਲੀਆਂ ਵਿੱਚ ਗਹਿਮਾ-ਗਹਿਮੀ ਹੈ। ਚੋਣ-ਕਮਿਸ਼ਨ, ਪ੍ਰਸ਼ਾਸਨ, ਸਰਕਾਰਾਂ ਇੰਨੀਆਂ ਲਾਪਰਵਾਹ, ਇੰਨੀਆਂ ਅਸੰਵੇਦਨਸ਼ੀਲ ਹੋ ਸਕਦੀਆਂ ਹਨ, ਸੋਚ ਕੇ ਪ੍ਰੇਸ਼ਾਨੀ ਹੁੰਦੀ ਹੈ। ਜਿਨ੍ਹਾਂ ਨੂੰ ਆਪਣੇ ਲੋਕਾਂ ਦੀ ਚਿੰਤਾ ਹੈ ਉਨ੍ਹਾਂ ਨੇ ਜਿਵੇਂ-ਕਿਵੇਂ ਹਾਲਾਤ ਕਾਬੂ ਕਰ ਲਏ ਹਨ। ਲੋੜ ਗੰਭੀਰਤਾ ਵਿਖਾਉਣ ਦੀ ਹੈ, ਤਰਜੀਹਾਂ ਮਿਥਣ ਦੀ ਹੈ। ਚੋਣਾਂ ਕਰਵਾਉਣੀਆਂ ਹਨ ਜਾਂ ਦੇਸ਼ ਵਾਸੀਆਂ ਨੂੰ ਮਹਾਂਮਾਰੀ ਤੋਂ ਬਚਾਉਣਾ ਹੈ। ਇੰਗਲੈਂਡ, ਅਮਰੀਕਾ, ਇਟਲੀ ਨੇ ਸਥਿਤੀ ਸੰਭਾਲ ਲਈ ਹੈ ਕਿਉਂਕਿ ਉਨ੍ਹਾਂ ਨੂੰ ਦੇਸ਼ ਦੀ, ਦੇਸ਼ ਵਾਸੀਆਂ ਦੀ ਚਿੰਤਾ ਹੈ।
ਚੋਣ ਰੈਲੀਆਂ, ਕੁੰਭ ਮੇਲੇ ਦੀਆਂ ਤਸਵੀਰਾਂ ਦੁਨੀਆਂ ਦੇਖ ਰਹੀ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਧ ਕਰੋਨਾ-ਪੀੜਤ ਮੁਲਕ ਬਣ ਗਿਆ ਹੈ। ਰੋਜ਼ਾਨਾ ਦੋ ਲੱਖ ਤੋਂ ਵੱਧ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਚੋਣ-ਰੈਲੀਆਂ ਤੇ ਮੇਲਿਆਂ ਵਿੱਚ ਲੱਖਾਂ ਲੋਕਾਂ ਦੀ ਭੀੜ ਇਕੱਠੀ ਕਰਕੇ ਅਸੀਂ ਦੁਨੀਆਂ ਨੂੰ ਕੀ ਸੰਦੇਸ਼ ਦੇ ਰਹੇ ਹਾਂ? ਕਿਹੜੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰ ਰਹੇ ਹਾਂ? ਦੇਸ਼ ਭਰ ਵਿੱਚ 25 ਫ਼ੀਸਦੀ ਮਾਮਲਿਆਂ ਵਿੱਚ ਕੋਰੋਨਾ ਜਾਂਚ ਦੀ ਗ਼ਲਤ ਰਿਪੋਰਟ ਕਿਉਂ ਮਿਲ ਰਹੀ ਹੈ? ਟੀਕੇ ਦੀ, ਦਵਾਈਆਂ ਦੀ ਰਾਜਧਾਨੀ ਕਹੇ ਜਾਣ ਵਾਲੇ ਭਾਰਤ ਵਿੱਚ ਟੀਕੇ ਦੀ ਘਾਟ ਕਿਉਂ ਪੈਦਾ ਹੋ ਗਈ? ਚੋਣ-ਰੈਲੀਆਂ, ਧਾਰਮਿਕ ਮੇਲਿਆਂ, ਸਿਆਸੀ ਇਕੱਠਾਂ ਅਤੇ ਆਮ ਆਦਮੀ ਲਈ ਕਰੋਨਾ ਨਿਯਮ ਜੁਦਾ ਜੁਦਾ ਕਿਵੇਂ ਹੋ ਗਏ? ਆਮ ਆਦਮੀ ਨੂੰ ਆਪਣੀ ਕਾਰ ਚਲਾਉਂਦਿਆਂ, ਕਾਰ ਵਿੱਚ ਇਕੱਲੇ ਬੈਠਿਆਂ ਮਾਸਕ ਨਾ ਪਹਿਨਣ ʼਤੇ ਜੁਰਮਾਨਾ ਕੀਤਾ ਜਾ ਰਿਹਾ ਹੈ। ਸਕੂਲ-ਕਾਲਜ ਬੰਦ ਕਰਕੇ ਵਿਦਿਆਰਥੀਆਂ, ਅਧਿਆਪਕਾਂ ਨੂੰ ਘਰ ਬਿਠਾ ਦਿੱਤਾ ਹੈ। ਗਲੀਆਂ ਬਜ਼ਾਰਾਂ ਵਿੱਚ ਲੋਕਾਂ ਦਾ ਮੋਢੇ ਨਾਲ ਮੋਢਾ ਖਹਿੰਦਾ ਹੈ। ਹਰ ਜਗ੍ਹਾ ਦੋਹਰੇ ਮਾਪਦੰਡ। ਸਰਕਾਰਾਂ ਨੂੰ, ਪ੍ਰਸ਼ਾਸਨ ਨੂੰ, ਆਖ਼ਰਕਾਰ ਜਵਾਬ ਦੇਣਾ ਪਵੇਗਾ। ਅਮਰੀਕਾ ਵਿੱਚ ਲੋਕ ਸਵੈ-ਜ਼ਾਬਤਾ ਲਗਾਉਣ ਲੱਗੇ ਹਨ। ਸ਼ਾਦੀਆਂ ਤੇ ਹੋਰ ਸਮਾਗਮਾਂ ਮੌਕੇ ਵੈਕਸੀਨ ਦੀ ਸ਼ਰਤ ਰੱਖੀ ਜਾ ਰਹੀ ਹੈ। ਅਸੀਂ ਅਜਿਹਾ ਕਿਉਂ ਨਹੀਂ ਕਰ ਸਕਦੇ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2721)
(ਸਰੋਕਾਰ ਨਾਲ ਸੰਪਰਕ ਲਈ: